editor@sikharchives.org

ਸ੍ਰੀ ਗੁਰੂ ਅੰਗਦ ਦੇਵ ਜੀ – ਸ਼ਬਦ ਸੂਰ, ਬਲਵੰਤ

ਸ੍ਰੀ ਗੁਰੂ ਅੰਗਦ ਦੇਵ ਜੀ ‘ਨਿਰਭਉ’ ਸਨ। ਸ਼ਬਦ ਸੂਰ ਤੇ ਬਲਵੰਤ ਸਨ ਜਿਸ ਲਈ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਸੂਰਮਗਤੀ ਅਤੇ ਸ਼ੇਰ-ਗਰਜਣਾ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਅਧਿਆਤਮਿਕ ਮੰਡਲ ਦੇ ਡਲ੍ਹਕਦੇ ਤੇ ਦਮਕਦੇ ਮਹਾਂ ਸੂਰਜ ਸ੍ਰੀ ਗੁਰੂ ਅੰਗਦ ਦੇਵ ਜੀ ’ਤੇ ਉਸ ਅਕਾਲ ਪੁਰਖ ਨੇ ਆਪਣੀ ਨਿਰੰਜਨੀ ਛੱਤ ਝੁਲਾ ਕੇ ਹੀ ਇਸ ਜਗਤ ਵਿਚ ਭੇਜਿਆ ਸੀ। ਉਸ ਧੰਨ ਨਿਰੰਕਾਰ ਨੇ ਗੁਰ ਪਰਮੇਸ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੱਥ ਭਾਈ ਲਹਿਣਾ ਜੀ ’ਤੇ ਰੱਖਿਆ ਤਾਂ ਸਾਰੇ ਹੀ ਧੰਨ-ਧੰਨ ਹੋ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਰ ਦਾ ਹੱਥ ਟਿਕਣ ਦੀ ਦੇਰ ਸੀ ਕਿ ਅੰਮ੍ਰਿਤ ਦੀ ਛਹਿਬਰ ਦਾ ਮੀਂਹ ਵਰ੍ਹ ਪਿਆ ਜਿਸ ਦੀ ਬਰਕਤ ਨਾਲ ਸਾਰੇ ਮਨੁੱਖ ਭਿੱਜ ਗਏ। ਭਾਈ ਲਹਿਣਾ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਕੇ ਸਾਰੇ ਜਗਤ ਨੂੰ ਜਿੱਤ ਲਿਆ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨੀਂ ਲੱਗ ਕੇ ਭਾਈ ਲਹਿਣਾ ਜੀ ਦੀ ਸੋਭਾ ਸਾਰੇ ਜਗਤ ਵਿਚ ਫੈਲ ਗਈ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦ੍ਰਿਸ਼ਟੀ ਅੰਮ੍ਰਿਤ ਵਰਸਾਉਣ ਵਾਲੀ ਤੇ ਜਗਤ ਨੂੰ ਮੁਕਤੀ ਦੇਣ ਵਾਲੀ ਸੀ। ਗੁਰੂ ਜੀ ਅਪਾਰ ਨਾਮ ਨੂੰ ਹਿਰਦੇ ਵਿਚ ਵਸਾਉਣ ਵਾਲੇ ਤੇ ਕਮਲ ਫੁੱਲ ਵਾਂਗ ਨਿਰਲੇਪ, ਕਲਪ ਰੁੱਖ, ਮੁਕਤੀ ਰੂਪ ਜਗਤ ਗੁਰੂ, ਪੂਰਨ ਗੁਰੂ ਦੇ ਵਰੋਸਾਏ, ਨਿਮਰਤਾ ਦਾ ਸੰਜੋਅ ਪਹਿਨਣ ਵਾਲੇ, ਗੁਰ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਦੀ ਉੱਚੀ ਅਵਸਥਾ ਨੂੰ ਜਾਣਨ ਵਾਲੇ, ਪਾਪ ਸਾੜ ਕੇ ਸੁਆਹ ਕਰਨ ਵਾਲੇ, ਅਗਿਆਨ ਦਾ ਨਾਸ ਕਰਨ ਵਾਲੇ, ਸ਼ਬਦ ਦੇ ਸੂਰਮੇ ਤੇ ਬਲਵਾਨ ਯੋਧੇ, ਅੰਮ੍ਰਿਤ ਦੇ ਸੁੰਦਰ ਚਸ਼ਮੇ ਦੇ ਵਚਨਾਂ-ਭਰਪੂਰ ਗੁਰੂ, ਸ਼ਿਰੋਮਣੀ ਗੁਰੂ, ਰਾਜ ਯੋਗੀ, ਅੰਮ੍ਰਿਤ ਭਰੀ ਬਾਣੀ ਕੇ ਬੋਹਿਥ, ਗੁਰੂ ਨਾਨਕ ਰੂਪ, ਅਕਾਲ ਪੁਰਖ ਦੀ ਸੱਤਾ ਦੇ ਪ੍ਰਕਾਸ਼, ਆਤਮਿਕ ਅਡੋਲਤਾ ਦੀ ਸਮਾਧੀ ਦੇ ਧਾਰਕ, ਉਦਾਰਚਿਤ ਤੇ ਗ਼ਰੀਬੀ ਦੂਰ ਕਰਤਾ, ਸਰਬ-ਰੋਗ ਨਾਸ਼ਕ ਦਵਾਈ ਦਾ ਆਨੰਦ, ਗੁਰੂ ਰੰਗ ਵਿਚ ਰੱਤੇ, ਪ੍ਰਭੂ ਦਾ ਨਾਮ ਉਚਾਰਨ ਵਾਲੇ, ਆਤਮਿਕ ਜੀਵਨ ਦੇਣ ਵਾਲੀ ਦ੍ਰਿਸ਼ਟੀ ਦੇ ਮਾਲਕ ਅਤੇ ਦਰਸ਼ਨ ਦੇ ਕੇ ਜਨਮ-ਮਰਨ ਦਾ ਦੁੱਖ ਕੱਟਣ ਵਾਲੇ ਸ਼ਬਦ ਸੂਰ ਬਲਵੰਤ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਿੱਖ ਜਗਤ ਦੇ ਦੂਜੇ ਪਾਤਸ਼ਾਹ ਬਣੇ।

ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਦੇ ਅੰਕ 111 ’ਤੇ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਨਿਮਨ-ਲਿਖਤ ਅਨੁਸਾਰ ਲਿਖਦੇ ਹਨ: “ਅੰਗਦ ਸਤਿਗੁਰੂ : ਸਿੱਖ ਕੌਮ ਦੇ ਦੂਜੇ ਪਾਤਿਸ਼ਾਹ ਜਿਨ੍ਹਾਂ ਦਾ ਜਨਮ ਐਤਵਾਰ, ਵੈਸਾਖ ਵਦੀ 1 (5 ਵੈਸਾਖ) 1561 (31 ਮਾਰਚ 1504) ਫੇਰੂ ਮੱਲ ਖੱਤਰੀ ਦੇ ਘਰ ਮਾਤਾ ਦਇਆ (ਦਯਾ) ਕੌਰ ਦੇ ਉਦਰ ਤੋਂ ਮੱਤੇ ਦੀ ਸਰਾਏ (ਜ਼ਿਲ੍ਹਾ ਫਿਰੋਜ਼ਪੁਰ) ਵਿਚ ਹੋਇਆ। ਇਨ੍ਹਾਂ ਦਾ ਪਹਿਲਾ ਨਾਉਂ ਲਹਿਣਾ ਸੀ। ਸੰਮਤ 1576 ਵਿਚ ਦੇਵੀ ਚੰਦ ਖੱਤਰੀ ਦੀ ਸਪੁੱਤਰੀ ਖੀਵੀ ਜੀ ਨਾਲ ਸੰਘਰ ਪਿੰਡ, ਜਿਸ ਦਾ ਹੁਣ ਖਡੂਰ ਸਾਹਿਬ ਪਾਸ ਥੇਹ ਹੈ, ਵਿਆਹ ਹੋਇਆ, ਜਿਸ ਤੋਂ ਦੋ ਸਪੁੱਤਰ ਦਾਸੂ ਜੀ ਅਤੇ ਦਾਤੂ ਜੀ ਅਤੇ ਦੋ ਸਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਜਨਮੇ। ਸੰਮਤ 1589 ਵਿਚ ਕਰਤਾਰਪੁਰ ਸਤਿਗੁਰੂ ਨਾਨਕ ਦੇਵ ਜੀ ਨੂੰ ਮਿਲੇ। ਦਰਸ਼ਨ ਕਰਦੇ ਹੀ ਮਨ ਸ਼ਾਂਤ ਹੋਇਆ। ਗੁਰੂ-ਉਪਦੇਸ਼ ਸੁਣ ਕੇ ਸਤਿਗੁਰ ਦੇ ਅਨਿੰਨ ਸਿੱਖ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਦੀ ਸੇਵਾ ਅਤੇ ਭਗਤੀ ਤੋਂ ਅਜਿਹੇ ਰੀਝੇ ਕਿ ਅੰਗਦ ਨਾਉਂ ਰੱਖ ਕੇ 5 ਅੱਸੂ ਸੰਮਤ 1596 ਤੋਂ ਗੁਰਤਾ ਦਾ ਕੰਮ ਆਰੰਭਿਆ ਅਤੇ ਪਰਮ ਗੁਰੂ ਦੇ ਸਿਧਾਂਤ ਦਾ ਪ੍ਰਚਾਰ ਬਹੁਤ ਉਤਮ ਰੀਤੀ ਨਾਲ ਕੀਤਾ। ਗੁਰਮੁਖੀ ਅੱਖਰਾਂ ਵਿਚ ਵਿੱਦਿਆ ਦਾ ਪ੍ਰਚਾਰ, ਜਾਤ-ਪਾਤ ਦੇ ਲਿਹਾਜ਼ ਬਿਨਾਂ ਆਰੰਭਿਆ। ਆਪ 3 ਵੈਸਾਖ (ਚੇਤ ਸੁਦੀ ਚਾਰ) ਸੰਮਤ 1609 (29 ਮਾਰਚ ਸੰਨ 1552) ਨੂੰ ਖਡੂਰ ਸਾਹਿਬ ਵਿਚ ਜੋਤੀ-ਜੋਤਿ ਸਮਾਏ।

ਪੁੰਨ ਆਤਮਾ, ਸੁਸ਼ੀਲ ਤੇ ਸੁੱਚ ਧਰਮੀ ਬਾਬਾ ਫੇਰੂ ਮੱਲ ਜੀ ਦੇ ਘਰ ਅਤੇ ਮਾਤਾ ਰਾਮੋ ਦੀ ਕੁੱਖੋਂ ਮੱਤੇ ਦੀ ਸਰਾਂ ਭਾਈ ਲਹਿਣਾ ਜੀ ਦਾ ਜਨਮ ਅੰਮ੍ਰਿਤ ਵੇਲੇ ਹੋਇਆ। ਬਾਬਾ ਫੇਰੂ ਮੱਲ ਜੀ ਦੇ ਲਾਡਲੇ ਲਾਲ ਸਨ। ਭੱਟਾਂ ਨੇ ਭਾਈ ਲਹਿਣਾ ਜੀ ਨੂੰ ਫੇਰੂ ਦਾ ਸ਼ੇਰ, ਫਿਰਨਸ਼ੀਹ, ਫੇਰੂ ਦਾ ਘਰ ਵਸਾਉਣ ਵਾਲਾ, ਫੇਰੂਆਣਿ, ਫੇਰੂਤਤਯ ਤੇ ਫੇਰੂਨੰਦਨ ਕਹਿ ਕੇ ਅਤੇ ਲਿਖ ਕੇ ਆਪ ਜੀ ਦੀ ਵਡਿਆਈ ਕੀਤੀ ਹੈ। ਭਾਈ ਲਹਿਣਾ ਜੀ ਦਾ ਬਚਪਨ ਬੜੇ ਚਾਵਾਂ-ਮਲ੍ਹਾਰਾਂ ਨਾਲ ਤੇ ਉੱਤਮ ਪਾਲਨ-ਪੋਸ਼ਣ ਨਾਲ ਬੀਤਿਆ। ਫਾਰਸੀ ਆਦਿ ਪੜ੍ਹਾਈ ਦਾ ਵੀ ਯੋਗ ਪ੍ਰਬੰਧ ਕੀਤਾ ਗਿਆ। ਧਰਮ-ਕਰਮ ਵਿਚ ਲਹਿਣਾ ਜੀ ਅੱਗੇ ਰਹਿੰਦੇ। ਬਾਲ ਲਹਿਣਾ ਜੀ ਦਾ ਸੁਭਾਅ ਆਉਂਦੇ-ਜਾਂਦੇ ਦੁਖੀ ਸਾਧੂ ਨੂੰ ਨਾਲ ਲੈ ਕੇ ਘਰ ਆਉਣਾ ਤੇ ਰੀਝ ਨਾਲ ਸੇਵਾ ਕਰਨੀ ਸੀ। ਸ਼ਾਇਦ ਇਸੇ ਕਰਕੇ ਪਿਤਾ ਦਾ ਵਪਾਰ ਬਹੁਤ ਵਧ ਗਿਆ। ਪਿਤਾ ਦੀ ਇਮਾਨਦਾਰੀ ਤੇ ਮਿਹਨਤ ਕਰਕੇ ਵੀ ਧਨ ਦੀ ਬਖਸ਼ਿਸ਼ ਵਧ ਗਈ, ਵਪਾਰ ਵਧ ਗਿਆ। ਹਰ ਕੋਈ ਹੈਰਾਨ ਹੋ ਗਿਆ। ਪਰ ਧਨ ਪਾ ਕੇ ਗਰੂਰ ਨਾ ਆਇਆ। ਸਗੋਂ ਹੋਰ ਨਿਮਰਤਾ ਆਈ ਅਤੇ ਆਏ-ਗਏ ਅਭਿਆਗਤ ਦੀ ਸੇਵਾ ਹੋਰ ਹੋਣ ਲੱਗੀ। ‘ਗੁਰ ਪੰਥ ਪ੍ਰਕਾਸ਼’ ਦੇ ਪੰਨਾ 558 ਅਨੁਸਾਰ ‘ਦਾਨ ਪੁੰਨ ਸੰਤਨ ਕੀ ਸੇਵਾ। ਕਰੈ ਅਧਿਕ ਪਾਯੋ ਜਸ ਮੇਵਾ।’

ਉਹ ਸ਼ਾਹ ਵੀ ਸਨ ਤੇ ਭਗਤ ਵੀ। ਭਾਈ ਲਹਿਣਾ ਜੀ ਸੇਵਾ ਕਰਦੇ ਥੱਕਦੇ ਨਹੀਂ ਸਨ। ਜੋ ਵੀ ਬਾਲਕ ਨੂੰ ਸੇਵਾ ਕਰਦਿਆਂ ਵੇਖਦਾ ਖਿੱਚਿਆ-ਖਿੱਚਿਆ ਮਹਿਸੂਸ ਕਰਦਾ। ਆਪਣੇ ਹਾਣੀਆਂ ਨਾਲ ਵੀ ਖੇਡਦੇ ਤਾਂ ਉਨ੍ਹਾਂ ਨੂੰ ਕੁਚਾਲਾਂ ਤੋਂ ਵਰਜਦੇ। ਅਸਲ ਵਿਚ ਭਾਈ ਲਹਿਣਾ ਜੀ ਦੀ ਬੜੀ ਉੱਚੀ ਆਤਮਾ ਸੀ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਨੀ ਸਮਰੱਥਾ ਦਿਖਾਈ ਕਿ ਪਹਿਲਾਂ ਉਨ੍ਹਾਂ ਦਾ ਮਨ ਜਿੱਤਿਆ ਤੇ ਫਿਰ ਖੜਕਾ ਕੇ ਪਰਖਿਆ। ਭਾਈ ਬਲਵੰਡ ਜੀ ਦੇ ਸ਼ਬਦਾਂ ਵਿਚ:

ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ॥ (ਪੰਨਾ 967)

ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਸੰਘਰ ਤੋਂ ਖਡੂਰ ਆ ਕੇ ਆਪ ਨੇ ਹੱਟੀ ਪਾ ਲਈ ਤੇ ਸ਼ਾਹੂਕਾਰਾ ਕਰਨ ਲੱਗੇ। ਦਿਨਾਂ ਵਿਚ ਪ੍ਰਤਾਪ ਫੈਲ ਗਿਆ ਤੇ ਆਪ ਆਗੂ ਕਰਕੇ ਸਤਿਕਾਰੇ ਜਾਣ ਲੱਗੇ। ਜੇ ਕੋਈ ਕਿਧਰੇ ਲੈਣ/ਦੇਣ ਦਾ ਝਗੜਾ ਹੋ ਜਾਂਦਾ ਤਾਂ ਆਪ ਹੀ ਨਿਬੇੜਦੇ। ਗਿਆਨੀ ਗਿਆਨ ਸਿੰਘ ਜੀ ਦੀ ਲਿਖਤ ਹੈ:

ਜੋ ਪਰੇ ਝਗਰਾ ਸਾਕਤੋ ਮੇਂ, ਯਹੀ ਸੋਇ ਨਿਬੇਰ ਹੈ।

ਭਾਵੇਂ ਹਰੀਕੇ ਪੱਤਨ ਵਾਲਾ ਸੰਗ ਤਾਂ ਸਾਰਾ ਟੁੱਟ ਗਿਆ ਸੀ ਪਰ ਆਪ ਜੀ ਨੇ ਇਥੇ ਭੀ ਸੰਗ ਬਣਾ ਲਿਆ ਤੇ ਸੰਗ ਦੇ ਸਰਦਾਰ ਬਣ ਗਏ। ਕਈ ਵਾਰ ਉਚੇਚਾ ਲਾਲ ਚੋਲਾ ਪਾ ਕੇ, ਹੱਥ ਖੂੰਡੀ, ਮੋਢੇ ’ਤੇ ਪਰਨਾ ਰੱਖ ਸੰਗ ਵਿਚ ਸਾਰੀ-ਸਾਰੀ ਰਾਤ ਭਜਨ ਗਾਉਂਦੇ ਰਹਿੰਦੇ। ਸੁਭਾਅ ਐਸਾ ਬਣ ਗਿਆ ਕਿ ਜਿੱਥੇ ਵੀ ਕਿਸੇ ਮਹਾਂਪੁਰਸ਼ ਦਾ ਆਉਣਾ ਸੁਣਦੇ, ਉਥੇ ਪੁੱਜਦੇ। ਬੰਸਾਵਲੀਨਾਮੇ ਵਿਚ ਅੰਕਿਤ ਹੈ:

ਜਹਿ ਸੰਤ ਦਰਸੇ, ਪਾਉਂ ਪਰਸੇ ਕਰੇ ਸਰਮੇ ਸੇਵ ਹੈ।

ਜੁਆਲਾਮੁਖੀ ਜਾਂਦਿਆਂ ਜਦੋਂ ਸਾਧ-ਸੰਤਾਂ ਨਾਲ ਚਰਚਾ ਚੱਲੀ ਤਾਂ ਅਸਲ ਪਾਰਖੂ ਜੇ ਕੋਈ ਹੈ ਤਾਂ ਉਹ ਕੇਵਲ : ਨਾਨਕ ਤਪਾ ਖਤ੍ਰੀ ਇਕ ਹੋਇਆ ਹੈ ਕੋਈ, ਜੋ ਬਡੀ ਬਰਕਤ ਵਾਲਾ ਹੈ ਹੋਇਆ।

ਇਥੋਂ ਹੀ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੀਦਾਰ ਦੀ ਖਿੱਚ ਪੈਣੀ ਸ਼ੁਰੂ ਹੋ ਗਈ। ਮਨ ਬਿਹਬਲ ਹੋ ਉੱਠਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਜ਼ਰੂਰ ਕਰਨੇ ਹਨ। ਭਾਈ ਜੋਧੇ ਜੀ ਤੋਂ ਗੁਰ-ਸ਼ਬਦ ਸੁਣਨ ਨਾਲ ਮਨ ਹੋਰ ਵੀ ਪੱਕਾ ਹੋ ਗਿਆ ਕਿ ਜਦੋਂ ਸੰਗ ਜਾਵੇਗਾ ਉਦੋਂ ਜ਼ਰੂਰ ਦਰਸ਼ਨ ਕਰਾਂਗੇ। ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਲਈ ਰੁਕੇ ਤੇ ਕਿਹਾ “ਤੁਸੀਂ ਰੁਕੋ, ਮੈਂ ਘੋੜੀ ’ਤੇ ਜਾ ਦਰਸ਼ਨ ਕਰ ਹੁਣੇ ਆਇਆ।” ‘ਮਹਿਮਾ ਪ੍ਰਕਾਸ਼ ਵਾਰਤਕ’ ਦੇ ਲਿਖੇ ਮੁਤਾਬਕ: ‘ਤਬ ਲੱਖੀ ਜੰਗਲ ਸੇ ਦੁਰਗਾ ਕਾ ਸੰਗ ਆਇਆ, ਤਿਸ ਕੇ ਸਾਥ ਗੁਰੂ ਅੰਗਦ ਦੇਵ ਜੀ ਤਦ ਨਾਮ ਲਹਿਣਾ ਥਾ। ਸੁਰਤ ਦਰਸ਼ਨ ਦੀ ਲੱਗੀ ਹੋਈ ਸੀ, ਸੰਗ ਛੋੜ ਕੇ ਨਿਆਰੇ ਦਰਸ਼ਨ ਨੂੰ ਉਠ ਚਲੇ। ਗੁਰੂ ਨਾਨਕ ਕਰਤਾਰਪੁਰ ਵਿਖੇ ਘਰ ਵਿਰਾਜੇ ਹੋਏ ਸਨ ਪਰ ਜਦ ਉਧਰੋਂ ਭਾਈ ਲਹਿਣਾ ਜੀ ਦਰਸ਼ਨਾਂ ਨੂੰ ਘੋੜੀ ’ਤੇ ਚੱਲੇ ਤਾਂ ਇਧਰੋਂ ਅੰਤਰਜਾਮੀ ਗੁਰੂ ਨੇ ਬਚਨ ਕੀਤਾ, ‘ਮੇਰੇ ਰਾਜ ਦਾ ਧਨੀ ਆਇਆ ਹੈ, ਲੈ ਆਵਾਂ।’ ਜਦੋਂ ਦਰਸ ਪਰਸੇ ਤੇ ਗੁਰੂ ਬਾਬੇ ਨੇ ਸਿਰ ਮਸਤਕ ’ਤੇ ਹੱਥ ਰੱਖ ਕੇ ਨਾਂ ਪੁੱਛਿਆ ਤੇ ਅੱਗੋਂ ਉੱਤਰ ਮਿਲਿਆ, ‘ਲਹਿਣਾ’ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ:

ਲਹਿਣੇ ਤੇ ਲਹਿਣਾ।
ਸੁਨ ਪੁਰਖਾ ਹਮ ਨੇ ਹੈ ਦੇਣਾ।

ਬਸ ਫਿਰ ਕੀ ਸੀ ਗੁਰੂ ਜੀ ਦੇ ਹੀ ਹੋ ਗਏ ਤੇ ਸੰਗ ਨੂੰ ਮੂੰਹ ਝਾਖਰੇ ਹੀ ਆਖ ਦਿੱਤਾ: ਜਦ ਮੰਜ਼ਿਲ ਮਿਲ ਜਾਏ ਤਾਂ ਰਾਹੀ ਫਿਰ ਭਟਕਦੇ ਨਹੀਂ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਕਰਤਾਰਪੁਰ ਵਿਖੇ ਹੀ ਆ ਗਏ।

ਸ੍ਰੀ ਗੁਰੂ ਅੰਗਦ ਦੇਵ ਜੀ ਬਣਨ ਵੇਲੇ ਤਕ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਹ ਉੱਚ ਮਿਹਰਾਮਤ ਪ੍ਰਾਪਤ ਹੋ ਚੁੱਕੀ ਸੀ ਜਿਸ ਬਾਰੇ ਮੁਨਸ਼ੀ ਸੁਜਾਨ ਰਾਇ ਭੰਡਾਰੀ ਨੇ ਆਪਣੀ ਪੁਸਤਕ ‘ਖੁਲਾਸਤੁਤ ਤਵਾਰੀਖ’ ਦੇ ਅਰੰਭ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਹ ਲਿਖਿਆ ਹੈ ਕਿ ਬਾਬਾ ਨਾਨਕ ਸਤਿ ਮਾਰਗ ਦੇ ਪਾਂਧੀਆਂ ਦੇ ਮੋਹਰੀ, ਪਾਕਦਿਲੀ ਦੀ ਜਾਗਦੀ ਜੋਤਿ, ਰੱਬੀ ਨੂਰ ਦੇ ਚਮਤਕਾਰਾਂ ਦੇ ਚਾਨਣ ਮੁਨਾਰ ਅਤੇ ਅਪਾਰ ਗੁੱਝੇ ਭੇਤਾਂ ਦੇ ਪ੍ਰਤੱਖ ਪ੍ਰਮਾਣ ਹਨ। ਬਸ ਸ੍ਰੀ ਗੁਰੂ ਨਾਨਕ ਦੇਵ ਜੀ ਅੰਗਾਂ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਇਸ ਤਰ੍ਹਾਂ ਪੈਦਾ ਹੋਏ ਜਿਵੇਂ ਅੰਮ੍ਰਿਤ ਬ੍ਰਿਖ ਤੋਂ ਅੰਮ੍ਰਿਤ ਦਾ ਫਲ ਹੁੰਦਾ ਹੈ ਜਾਂ ਜਿਵੇਂ ਜੋਤਿ ਤੋਂ ਜੋਤ ਜਗਦੀ ਹੈ ਤੇ ਦੀਵਾ ਬਲ ਪੈਂਦਾ ਹੈ।

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਖ਼ਸੀਅਤ ਨੂੰ ‘ਕੁਦਰਤੀ ਨੂਰ’ ਆਖਿਆ ਜਾਵੇ ਤਾਂ ਸ਼ਾਇਦ ਨਿਆਂ ਹੋ ਸਕੇ। ਅਸਾਂ ਗੁਰੂ ਜੀ ਦੇ ਸ਼ਬਦ ਬਾਰੇ ਗੱਲ ਕਰਨੀ ਹੈ। ਉਨ੍ਹਾਂ ਦੀ ਆਪਣੀ ਬਾਣੀ ਜੋ ਕੇਵਲ ਸਲੋਕਾਂ ਵਿਚ ਹੈ, ਨੂੰ ਪੜ੍ਹ ਕੇ ਇਹ ਅਨੁਮਾਨ ਹੁੰਦਾ ਹੈ ਕਿ ਉਹ ਬਹੁਤ ਘੱਟ ਬੋਲਦੇ ਸਨ। ਪ੍ਰਿੰਸੀਪਲ ਸਤਿਬੀਰ ਸਿੰਘ ਹੁਰਾਂ ਅਨੁਸਾਰ ਗੱਲ ਠੋਕਵੀਂ, ਢੁਕਵੀਂ ਤੇ ਨੁਕਤੇ ਦੀ ਕਰਦੇ ਸਨ। ਸਲੋਕ ਵਿਚ ਸਮੁੱਚੇ ਖ਼ਿਆਲ ਨੂੰ ਸੀਮਤ ਕਰ ਕੇ ਹੀ ਲਿਖਿਆ ਜਾਂਦਾ ਹੈ। ਸਲੋਕ ਕਿਸੇ ਪੀੜਾ, ਵਿਛੋੜੇ, ਬਿਰਹੋਂ, ਵੇਦਨਾ ਜਾਂ ਹੂਕ ਨੂੰ ਪ੍ਰਗਟਾਉਣ ਦਾ ਆਲਾ ਹੀ ਹੁੰਦੇ ਹਨ। ਸਲੋਕ ਪ੍ਰੇਮ ਖਿੱਚ ਜੋ ਪਈ ਹੁੰਦੀ ਹੈ ਉਸ ਨੂੰ ਜ਼ਾਹਰ ਕਰਦਾ ਹੈ ‘ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ’ ਅੰਤਰੀਵ ਪ੍ਰੇਮ ਤੇ ਵਿਸ਼ਵਾਸ ਅੰਤਾਂ ਦਾ ਹੈ।

ਸ੍ਰੀ ਗੁਰੂ ਅੰਗਦ ਦੇਵ ਜੀ ਦੇ 63 ਸਲੋਕਾਂ ਵਿਚ ਪ੍ਰੇਮ ਦੀਆਂ ਤਰਬਾਂ, ਬਿਰਹਾ ਦੀ ਤੜਪ, ਮਨ ਨੂੰ ਕਾਬੂ ਕਰਨ ਦੇ ਢੰਗ, ਮਨੁੱਖਤਾ ਦੀ ਏਕਤਾ ਤੇ ਬਰਾਬਰੀ, ਅਮੀਰ ਕੌਣ ਹੈ ਤੇ ਅਮੀਰੀ ਕਿਸ ਵਿਚ ਹੈ, ਪ੍ਰਭੂ-ਭਾਲ ਕਿੱਥੇ ਕਰਨੀ ਹੈ ਅਤੇ ਉਹ ਕਿਸ ਥਾਂ ਬੈਠਾ ਹੈ, ਸ਼ਖਸੀਅਤ ਸੰਵਾਰਨ ਦੇ ਰਾਹ, ਗੁਰਮੁਖ ਤੇ ਮਨਮੁਖ ਦੇ ਸਦਾ ਹੋ ਰਹੇ ਘੋਲ ਵਿਚ ਸਦਾ ਗੁਰਮੁੱਖ ਦੀ ਜਿੱਤ, ਜਗਤ ਅਸਲੀਅਤ, ਸੇਵਕ ਕੌਣ ਸੱਚੇ ਹਨ, ਮਨੁੱਖ ਦੀ ਮਰਜ਼ੀ ਸੀਮਤ ਹੈ, ਪਦਾਰਥਾਂ ਪਿੱਛੇ ਨੱਸਣ ਵਾਲਾ ਪੁਰਸ਼ ਧੱਕੇ ਹੀ ਖਾਂਦਾ ਹੈ, ਪਰਮਾਤਮਾ ਪ੍ਰਸੰਨ ਕਿਵੇਂ ਹੁੰਦਾ ਹੈ, ਕਿਰਤ ਕੋਈ ਭੀ ਮਾੜੀ ਨਹੀਂ, ਅਰਦਾਸ ਕਿਵੇਂ ਕਰਨੀ ਹੈ, ਚੰਗੇ ਮੰਦੇ ਦੀ ਪਰਖ ਲਈ ਕਸਵੱਟੀ ਕੀ ਹੈ, ਮਨੁੱਖ ਡਿੱਗਦਾ ਕਿਵੇਂ ਹੈ ਤੇ ਡਿੱਗਦਾ ਪੁਰਸ਼ ਹੋਰਨਾਂ ਨੂੰ ਗਿਰਾਉਣ ਲਈ ਹਥਿਆਰ ਕੀ ਵਰਤਦਾ ਹੈ, ਦੇ ਨਜ਼ਾਰੇ ਤੇ ਵਰਣਨ ਸਹਿਜੇ ਹੀ ਮਿਲ ਜਾਂਦਾ ਹੈ। ਗੁਰੂ ਜੀ ਦਾ ਸ਼ਬਦ ਬਹੁਤ ਸਰਲ ਤੇ ਮੂੰਹ ਚੜ੍ਹਨ ਵਾਲਾ ਹੈ। ਹਰ ਤੁਕ ਵਿਚ ਮੁਕੰਮਲ ਅਖਾਣ ਹੈ। ਅਰਥ ਭਾਲਣ ਦੀ ਲੋੜ ਹੀ ਨਹੀਂ ਰਹਿੰਦੀ। ਗੁੱਝੀ ਤੋਂ ਗੁੱਝੀ ਗੱਲ ਸਹਿਜੇ ਹੀ ਕਹਿ ਜਾਂਦੇ ਹਨ।

ਸ੍ਰੀ ਗੁਰੂ ਅੰਗਦ ਦੇਵ ਜੀ ‘ਨਿਰਭਉ’ ਸਨ। ਸ਼ਬਦ ਸੂਰ ਤੇ ਬਲਵੰਤ ਸਨ ਜਿਸ ਲਈ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਸੂਰਮਗਤੀ ਅਤੇ ਸ਼ੇਰ-ਗਰਜਣਾ ਸੀ। ਗੁਰੂ ਜੀ ਨੂੰ ਦੇ ਗੁਰਗੱਦੀ ਸੰਭਾਲਦੇ ਹੀ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਧੀਰਜ ਦੀ ਹੱਦ ਕੱਸ ਕੇ ਹਰ ਮੁਸ਼ਕਿਲ ’ਤੇ ਕਾਬੂ ਪਾ ਲਿਆ। ਸਮੇਂ ਦੇ ਹੁਕਮਰਾਨਾਂ ਤੇ ਸ਼ਾਹਾਂ ਵੀ ਰੁਅਬ ਵਿਖਾਇਆ, ਇਲਾਕੇ ਦੇ ਡਰ ਵਿਖਾਵੇ ਦਿੱਤੇ ਪਰ ਸ੍ਰੀ ਗੁਰੂ ਅੰਗਦ ਦੇਵ ਜੀ ਅਝੱਕ ਰਹੇ। ਸ੍ਰੀ ਗੁਰੂ ਰਾਮਦਾਸ ਜੀ ਨੇ ਗਉੜੀ ਦੀ ਵਾਰ ਦੇ ਸਲੋਕ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਡਟ ਖਲੋਣ ਵਾਲੇ ਸੁਭਾਅ ਨੂੰ ਬਹੁਤ ਹੀ ਪਿਆਰੇ ਢੰਗ ਨਾਲ ਦਰਸਾਇਆ ਹੈ। ਉਹ ਫ਼ਰਮਾਉਂਦੇ ਹਨ ਕਿ ਜਿਸ ਨੂੰ ਆਪੂੰ ਗੁਰੂ ਸਾਹਿਬ ਆਪਣੀ ਹਯਾਤੀ ਵਿਚ ਹੀ ਟਿਕਾ ਜਾਣ ਉਸ ਦੀ ਵਡਿਆਈ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਸਾਰਾ ਸੰਸਾਰ ਆਪਣੇ ਆਪ ਹੀ ਨਮਸਕਾਰ ਕਰਨ ਲੱਗ ਪੈਂਦਾ ਹੈ। ਜਿਨ੍ਹਾਂ ਮਨੁੱਖਾਂ ਦਾ ਕੰਮ ਕੇਵਲ ਊਝਾਂ ਲਗਾਉਣੀਆਂ, ਉਪੱਦਰ ਖੜ੍ਹੇ ਕਰਨੇ ਤੇ ਵੰਡੀਆਂ ਪਾਉਣਾ ਸੀ, ਉਨ੍ਹਾਂ ਨੂੰ ਗੁਰੂ ਜੀ ਨੇ ਫਿਟਕਾਰ ਪਾ ਕੇ ਬਿਠਾ ਦਿੱਤਾ ਅਤੇ ਗੁਰੂ ਅੰਗਦ ਦੇਵ ਜੀ ਨੇ ਕੂੜੇ ਸਾਬਤ ਕਰ ਦਿੱਤਾ ਕਿ ਇਨ੍ਹਾਂ ਕੰਗਾਲ ਬਿਰਤੀ ਵਾਲੇ ਲੋਕਾਂ ਦੇ ਹੱਥ-ਵੱਸ ਕੁਝ ਨਹੀਂ। ਲੋਕਾਂ ਨੇ ਸਭ ਲੋਕਾਂ ਦੀ ਅਸਲੀਅਤ ਜਾਣ ਲਈ ਹੈ:

ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ॥ (ਪੰਨਾ 307)

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਿੱਖੀ ਬੂਟੇ ਦੀ ਹਿਫਾਜ਼ਤ ਕਰਨੀ ਤੇ ਸਿੰਚਣਾ ਕੋਈ ਸਹਿਜ ਕੰਮ ਨਹੀਂ ਸੀ। ਬੜੇ ਨਿਰਭਉ ਚਿੱਤ ਵਾਲੇ ਮਹਾਂਪੁਰਸ਼ ਦੀ ਲੋੜ ਸੀ। ਸਾਰੇ ਇਤਿਹਾਸਕਾਰ ਸਹਿਮਤ ਹਨ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਨੂੰ ਸੰਭਾਲਣਾ ਸਿੱਖ ਇਤਿਹਾਸ ਵਿਚ ਅਤਿ ਗਹਿਰੀ ਮਹੱਤਤਾ ਰੱਖਦਾ ਹੈ। ਮਿ. ਟਰੰਪ ਨੇ ਤਾਂ ਇਥੋਂ ਤੀਕ ਲਿਖਿਆ ਹੈ ਕਿ ਸਭ ਕੁਝ ਖਿੱਲਰ-ਪੁੱਲਰ, ਉੱਡ-ਪੁੱਡ ਜਾਂਦਾ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਥਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਨਾ ਬਿਠਾਲਦੇ। ਮਿ: ਗ੍ਰੀਨਲੀਜ਼ ਲਿਖਦਾ ਹੈ ਕਿ ਗੁਰੂ ਜੀ ਪੁੰਜ ਸਨ ਪੂਰਨ ਪਵਿੱਤਰਤਾ ਤੇ ਅਨਿੰਨ ਭਗਤੀ ਦੇ। ਪ੍ਰੋ. ਪੂਰਨ ਸਿੰਘ ਲਿਖਦੇ ਹਨ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਇਕ ਰੂਪ ਹੋ ਗਏ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ। ਉਹ ਹੀ ਸੁਗੰਧੀ, ਉਹ ਹੀ ਨੂਰੀ ਝਲਕ, ਉਹ ਹੀ ਮਿੱਠੇ ਬਚਨ ਤੇ ਉਹ ਹੀ ਪਿਆਰਾ ਚਿਹਰਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨਿਰਭਉ ਤੇ ਸਹਿਜ ਵਾਲੀ ਸ਼ਖ਼ਸੀਅਤ ਦਾ ਰੂਪ ਨਿਹਾਰਦੇ ਹੋਏ ਭੱਟ ਲਿਖਦੇ ਹਨ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਨਿਮਰਤਾ ਦੀ ਸੰਜੋਅ ਪਹਿਨ ਰੱਖੀ ਸੀ। ਇਸੇ ਲਈ ਕਿਸੇ ਦਾ ਕੋਈ ਵੀ ਕੀਤਾ ਵਾਰ ਕਾਰਗਾਰ ਸਾਬਤ ਨਾ ਹੋ ਸਕਿਆ।

ਬਾਣੀ ਇਕੱਤਰ ਕਰਨਾ ਇਕ ਸੂਰਮਗਤੀ ਵਾਲਾ ਕਾਰਜ ਬਿਖਮ ਗਾਖੜੀ ਕਾਰ ਸੀ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਹੋਰ ਭਗਤਾਂ ਦੀ ਬਾਣੀ ਜੋ ਗੁਰੂ ਜੀ ਪਾਸ ਸੀ ਜਾਂ ਹੋਰ ਕਿਤੇ ਵੀ ਸੀ ਇਕੱਤਰ ਕਰ ਕੇ ਸਿੱਖੀ ਦੇ ਬੂਟੇ ਨੂੰ ਜੀਵਨ ਰੋਂ ਬਖਸ਼ਣ ਦਾ ਪੱਕਾ ਇੰਤਜ਼ਾਮ ਕਰ ਦਿੱਤਾ। ਇਹ ਬਾਣੀ ਇਕੱਤਰ ਕਰਨਾ ਸੂਰਜ ਦੀਆਂ ਕਿਰਨਾਂ ਨੂੰ ਇੱਕੋ ਥਾਂ ਇਕੱਠਿਆਂ ਕਰਨਾ ਹੀ ਸੀ। ਜਨ ਸਾਧਾਰਨ ਦੇ ਹਿਰਦਿਆਂ ਵਿਚ ਸਹਿਜ ਸੁਭਾਇ ਅੰਮ੍ਰਿਤ ਸਿੰਚਿਆ ਜਾਣ ਲੱਗਾ।
“ਸਹਜ ਭਾਇ ਸੰਚਿਓ ਕਿਰਣਿ, ਅੰਮ੍ਰਿਤ ਕਲ ਬਾਣੀ॥”

ਮਾਇਆ ਦਾ ਜ਼ੋਰ ਕਦੇ ਨਹੀਂ ਪਿਆ ਆਪ ਜੀ ਦੀ ਸ਼ਖ਼ਸੀਅਤ ’ਤੇ। ਮਾਇਆ ਉਨ੍ਹਾਂ ਦੇ ਨੇੜੇ ਆ ਹੀ ਨਹੀਂ ਸਕੀ, ਉਹ ਆਪ ਸੁਤੰਤਰ ਸਨ ਤੇ ਸਭ ਨੂੰ ਸੁਤੰਤਰ ਕਰ ਗਏ:

ਸਦਾ ਅਕਲ ਲਿਵ ਰਹੈ, ਕਰਨ ਸਿਉ ਇਛਾ ਚਾਰਹ॥ (ਪੰਨਾ 1392)

ਗੁਰੂ ਜੀ ਕਲਯੁਗੀ ਪ੍ਰਭਾਵ ਤੋਂ ਤਾਂ ਨਿਰਭਉ ਹੈ ਹੀ ਸਨ, ਸੰਸਾਰ ਦੇ ਰਾਜੇ ਮਹਾਰਾਜਿਆਂ ਦੇ ਡਰ ਤੋਂ ਵੀ ਕੋਰੇ ਸਨ। ਹੋਰ ਤਾਂ ਹੋਰ ਇਕ ਵਾਰ ਹਮਾਯੂੰ ਆਗਰੇ ਤੋਂ ਭੱਜ ਕੇ 1540 ਵਿਚ ਜੁਲਾਈ ਮਹੀਨੇ ਲਾਹੌਰ ਜਾ ਰਿਹਾ ਸੀ ਤਾਂ ਅਹਿਲਕਾਰਾਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ’ਤੇ ਆਮਿਲ ਫਕੀਰ ਗੁਰੂ ਅੰਗਦ ਦੇਵ ਜੀ ਬਿਆਸ ਕਿਨਾਰੇ ਵੱਡੀ ਸੜਕ ਲਾਗੇ ਖਡੂਰ ਸਾਹਿਬ ਡੇਰਾ ਰੱਖਦੇ ਹਨ। ਹਮਾਯੂੰ ਨੇ ਸੋਚਿਆ ਕਿ ਢਹਿੰਦੇ ਮਨ ਨੂੰ ਸਹਾਰਾ ਮਿਲ ਜਾਏ। ਮਿਲੇ ਮਕਸੂਦ ਚਲੋ ਇਹ ਸ਼ਾਹਿਦ। ਵਿਚਾਰ ਕੇ ਗੁਰੂ-ਦਰਸ਼ਨਾਂ ਨੂੰ ਖਡੂਰ ਸਾਹਿਬ ਪੁੱਜਾ। ਅੱਗੋਂ ਗੁਰੂ ਜੀ ਬੱਚਿਆਂ ਨੂੰ ਖਿਡਾਉਣ ਤੇ ਪੜ੍ਹਾਉਣ ਵਿਚ ਇੰਨੇ ਰੁੱਝੇ ਹੋਏ ਸਨ ਤੇ ਗੁਰੂ-ਹੁਕਮ ਸੀ ਕਿ ਜਦੋਂ ਉਹ ਬੱਚਿਆਂ ਨਾਲ ਹੋਣ ਤਾਂ ਕਿਸੇ ਨੂੰ ਭੀ ਮਿਲਣ ਦੀ ਆਗਿਆ ਨਹੀਂ। ਦੋ ਘੜੀਆਂ ਤਕਰੀਬਨ ਬੇਪਰਵਾਹ ਗੁਰੂ ਜੀ ਨੇ ਧਿਆਨ ਨਾ ਦਿੱਤਾ ਤੇ ਹਮਾਯੂੰ ਖੜ੍ਹਾ ਰਿਹਾ। ਰਾਜ- ਮਦ ਵਿਚ ਹਾਰ ਕੇ ਭੱਜਣ ਦੇ ਬਾਵਜੂਦ ਉਸ ਨੂੰ ਗੁੱਸਾ ਆਇਆ ਤੇ ਗੁਰੂ ਜੀ ’ਤੇ ਤਲਵਾਰ ਕੱਢ ਲਈ। ਗੁਰੂ ਜੀ ਨੇ ਕਿਹਾ:

ਸ਼ੇਰ ਸ਼ਾਹ ਸੋ ਕਛੂ ਨਾ ਕੀਨਾ।
ਈਹਾ ਤਲਵਾਰ ਮੂਠ ਗਹਿ ਲੀਨਾ।

ਤੂੰ ਸ਼ੇਰ ਸ਼ਾਹ ਸੂਰੀ ਤੋਂ ਡਰ ਕੇ ਭੱਜਿਆ ਹੈਂ ਤੇ ਅਸਾਡੇ ’ਤੇ ਤਲਵਾਰ ਉਠਾ ਰਿਹਾ ਹੈਂ। ‘ਮਹਿਮਾ ਪ੍ਰਕਾਸ਼ ਵਾਰਤਕ’ ਦੇ ਸ਼ਬਦਾਂ ਵਿਚ ਕਿਹਾ ਸੀ:

‘ਭਾਈ ਮੁਗਲਾ : ਤਲਵਾਰ ਸ਼ੇਰ ਸ਼ਾਹ ਪਰ ਕੱਢਣੀ ਸੀ ਕਿ ਅਸਾਂ ਉੱਪਰ?’ ਇਹ ਸੁਣ ਕੇ ਹਮਾਯੂੰ ਸ਼ਰਮਿੰਦਾ ਹੋਇਆ ਤੇ ਮੁਆਫ਼ੀ ਮੰਗੀ ਕਿ ਗੁਰੂ ਜੀ, ਮੈਂ ਤੇਰੇ ਦਰ ਤੋਂ ਅਸੀਸ ਲੈਣ ਆਇਆ ਪਰੰਤੂ ਅਵੱਗਿਆ ਹੋ ਗਈ।

ਸ਼ਬਦ ਸੂਰ ਗੁਰ ਸ਼ਖ਼ਸੀਅਤ ਦਾ ਬਾਣੀ ਦੀ ਸੰਭਾਲ ਨਾਲ ਗੁਰਮੁਖੀ ਅੱਖਰਾਂ ਦਾ ਸੁਧਾਰ, ਪ੍ਰਚਾਰ ਤੇ ਪ੍ਰਸਾਰ ਕਰਨਾ ਵੱਡਾ ਵਿਲੱਖਣ ਯੋਗਦਾਨ ਹੈ। ਨਵੀਨ ਲਿਪੀ ਦਾ ਨਾਂ ਹੀ ਉਨ੍ਹਾਂ ਨੂੰ ਗੁਰੂ ਵੱਲ ਖਿੱਚ ਲੈਂਦਾ ਸੀ। ਇਨ੍ਹਾਂ ਅੱਖਰਾਂ ਨੇ ਹੀ ਸਿੱਖਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਨਾਲੋਂ ਨਿਆਰੇ ਕਰ ਵਿਖਾਇਆ। ਗੁਰਮੁਖੀ ਪ੍ਰਚਾਰ ਦੇ ਸਦਕਾ ਬ੍ਰਾਹਮਣਾਂ ਦਾ ਅਹੰਕਾਰ ਤੇ ਏਕਾਧਿਕਾਰ ਟੁੱਟਾ। ਹੁਣ ਬ੍ਰਹਮ ਦਾ ਗਿਆਨ ਹਰ ਇਕ ਤਕ ਪੁੱਜ ਸਕਦਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਅਸੂਲਾਂ ਨੂੰ ਆਂਚ ਨਾ ਆਉਣ ਦਿੱਤੀ। ਇਸ ਲਿੱਪੀ ਨੇ ਹੀ ਸਿੱਖਾਂ ਨੂੰ ਆਪਣੇ-ਆਪ ਵਿਚ ਇਕ ਸੁਤੰਤਰ ਅੱਡ ਕੌਮ ਬਣਾ ਦਿੱਤਾ। ਸਮਾਜਿਕ ਤੌਰ ’ਤੇ ਸੂਰਬੀਰਤਾ ਵਾਲਾ ਕਾਰਨਾਮਾ ਲੰਗਰ, ਪੰਗਤ, ਸੰਗਤ ਤੋਂ ਬਿਨਾਂ ਸਿੱਖ ਸ਼ਹਿਰਾਂ ਦੀ ਉਸਾਰੀ ਸੀ। ਕਰਤਾਰਪੁਰ ਸਾਹਿਬ ਪਿੱਛੋਂ ਖਡੂਰ ਸਾਹਿਬ ਤੇ ਫਿਰ ਗੋਇੰਦਵਾਲ ਵਸਾਉਣਾ ਅਤੇ ਅੰਮ੍ਰਿਤਸਰ ਵਸਾਉਣ ਦਾ ਹੁਕਮ ਹਕੂਮਤ ਦੇ ਰੁਅਬ ਨੂੰ ਵੰਗਾਰ ਹੀ ਸਨ। ਗੁਰੂ ਜੀ ਨੇ ਅਖੌਤੀ ਨੀਵੀਆਂ ਜਾਤਾਂ ਨੂੰ ਪੂਰਬ ਵੱਲ ਵਸਾਇਆ ਜੋ ਕਿ ਇਨ੍ਹਾਂ ਨੂੰ ਵੱਡਾ ਸਤਿਕਾਰ ਸੀ। ਸਿੱਖ ਸ਼ਹਿਰ ਬਿਲਕੁਲ ਹੀ ਵੱਖਰੇ ਲੱਗਦੇ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਨਿੱਗਰ ਸੰਚਿਤ ਕਰਤਾ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪ੍ਰੋਹਿਤਵਾਦ ਅਤੇ ‘ਬ੍ਰਾਹਮਣਵਾਦ’ ’ਤੇ ਕਰੜੀ ਸੱਟ ਮਾਰੀ। ਸਿੱਖ ਬਾਣੀ ਸੁਰ ਨਾਲ ਪੜ੍ਹਨ ਨੂੰ ਹੀ ਭਗਤੀ ਜਾਣਦੇ ਹਨ। ਗੱਲ ਕੀ ਸ੍ਰੀ ਗੁਰੂ ਅੰਗਦ ਦੇਵ ਜੀ ਆਪਣੇ ਸਮੇਂ ਦੇ ਬਾਣੀਕਾਰ, ਲੋਕ ਸੇਵਕ, ਗੁਰੂ ਪ੍ਰੇਮੀ, ਲੋਕ ਇਨਕਲਾਬੀ, ਨਿਰਭਉ ਸ਼ਖ਼ਸੀਅਤ ‘ਸਿੱਖ’ ਰੂਪ ਵਿਚ ਸਿਰਜਣ ਵਾਲੇ ਸ਼ਬਦ ਸੂਰ ਬਲਵੰਤ ਸਨ ਜਿਨ੍ਹਾਂ ਸਿੱਖ ਇਨਕਲਾਬ ਨੂੰ ਜੀਅ ਦਾਨ ਦੇ ਕੇ ਸਮੁੱਚੀ ਲੋਕਾਈ ਦਾ ਰਾਹ ਰੁਸ਼ਨਾਇਆ।

ਸਹਾਇਕ ਪੁਸਤਕ :

-ਪ੍ਰਿੰ. ਸਤਿਬੀਰ ਸਿੰਘ,ਕੁਦਰਤੀ ਨੂਰ-ਜੀਵਨੀ  ਸ੍ਰੀ  ਗੁਰੂ  ਅੰਗਦ  ਦੇਵੇਵ ਜੀ, ਪ੍ਰਕਾਸ਼ਕ:ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ, ਜਲੰਧਰ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

# 549, ਅਮਰਦੀਪ ਕਾਲੋਨੀ, ਰਾਜਪੁਰਾ (ਪਟਿਆਲਾ)

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)