ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੇ ਸਮੇਂ ਦੇਸ਼-ਵਿਦੇਸ਼ ਵਿਚ ਥਾਂ-ਥਾਂ ਜਾ ਕੇ ਲੋਕਾਂ ਨੂੰ ਪਿਆਰ ਅਤੇ ਅਮਨ ਦਾ ਸੁਨੇਹਾ ਦਿੱਤਾ ਸੀ। ਆਪ ਜੀ ਨੇ ਫੋਕੇ ਕਰਮਕਾਂਡਾਂ, ਰੀਤੀ-ਰਿਵਾਜਾਂ ਅਤੇ ਸਮਾਜ ਵਿਚ ਪਈਆਂ ਹੋਈਆਂ ਜਾਤ- ਪਾਤ ਦੀਆਂ ਵੰਡੀਆਂ ਦੀ ਕਰੜੀ ਆਲੋਚਨਾ ਕੀਤੀ ਸੀ। ਆਪ ਜੀ ਨੇ ਫ਼ਰਮਾਇਆ ਸੀ ਕਿ ਅਸੀਂ ਸਾਰੇ ਇਕ ਰੱਬ ਦੀ ਸੰਤਾਨ ਹਾਂ। ਸਾਰੇ ਇਨਸਾਨ ਬਰਾਬਰ ਹਨ। ਕੋਈ ਵੀ ਮਨੁੱਖ ਜਾਤ, ਜਨਮ ਜਾਂ ਰੰਗ ਕਰਕੇ ਨੀਵਾਂ ਜਾਂ ਸ੍ਰੇਸ਼ਟ ਨਹੀਂ ਹੋ ਸਕਦਾ। ਇਨਸਾਨ ਦੀ ਵਡਿਆਈ ਤਾਂ ਉਸ ਦੇ ਸ਼ੁਭ ਗੁਣਾਂ ਅਤੇ ਚੰਗੇ ਕਰਮਾਂ ਉੱਤੇ ਨਿਰਭਰ ਕਰਦੀ ਹੈ। ਆਪ ਜੀ ਨੇ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਉੱਤੇ ਜ਼ੋਰ ਦਿੱਤਾ। ਆਪ 1539 ਈਸਵੀ ਵਿਚ ਭਾਈ ਲਹਿਣਾ ਜੀ ਅਰਥਾਤ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕਰ ਕੇ ਕਰਤਾਰਪੁਰ (ਅਜੋਕੇ ਪਾਕਿਸਤਾਨ) ਵਿਖੇ ਜੋਤੀ ਜੋਤਿ ਸਮਾ ਗਏ। ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 45ਵੀਂ ਪਉੜੀ ਵਿਚ ਲਿਖਦੇ ਹਨ:
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰ ਛਤ੍ਰੁ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ।
ਲਖਿ ਨ ਕੋਈ ਸਕਈ ਆਚਰਜੇ ਆਚਰਜੁ ਦਿਖਾਇਆ।
ਕਾਇਆ ਪਲਟਿ ਸਰੂਪੁ ਬਣਾਇਆ॥
ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿੱਤੇ ਜਾਣ ਦੀ ਅਦੁੱਤੀ ਘਟਨਾ ਨੂੰ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ:
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ॥
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥
ਸਹਿ ਟਿਕਾ ਦਿਤੋਸੁ ਜੀਵਦੈ॥ (ਪੰਨਾ 966)
ਸ੍ਰੀ ਗੁਰੂ ਅੰਗਦ ਦੇਵ ਜੀ ਨੇ 1539 ਤੋਂ ਲੈ ਕੇ 1552 ਤਕ ਸਿੱਖ ਧਰਮ ਅਤੇ ਸਿੱਖ ਭਾਈਚਾਰੇ ਦੀ ਅਗਵਾਈ ਕੀਤੀ। ਆਪ ਜੀ ਦਾ ਗੁਰੂ-ਕਾਲ ਦਾ ਸਮਾਂ ਸਿੱਖ ਇਤਿਹਾਸ ਲਈ ਵੱਡੀਆਂ ਪ੍ਰਾਪਤੀਆਂ ਦਾ ਸਮਾਂ ਹੈ, ਜਿਸ ਦੀ ਅਮਰ ਛਾਪ ਅੱਜ ਵੀ ਵੇਖੀ ਅਤੇ ਮਹਿਸੂਸ ਕੀਤੀ ਜਾ ਸਕਦੀ ਹੈ। ਆਪ ਜੀ ਨੇ ਨਾ ਸਿਰਫ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਿਚਾਰਧਾਰਾ ਨੂੰ ਹੀ ਪ੍ਰਚਾਰਨ ਦਾ ਯਤਨ ਕੀਤਾ ਸਗੋਂ ਉਨ੍ਹਾਂ ਸਿੱਖ ਸੰਸਥਾਵਾਂ ਅਤੇ ਪਰੰਪਰਾਵਾਂ ਨੂੰ ਵੀ ਮਜ਼ਬੂਤ ਕੀਤਾ, ਜਿਨ੍ਹਾਂ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਰੱਖ ਕੇ ਗਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਨੂੰ ਸੰਭਾਲਿਆ। ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ। ਸੰਗਤ, ਪੰਗਤ ਅਤੇ ਕੀਰਤਨ ਦੀ ਮਰਯਾਦਾ ਨੂੰ ਮਜ਼ਬੂਤ ਕੀਤਾ ਅਤੇ ਸਿੱਖਾਂ ਨੂੰ ਇਕ ਸੁਤੰਤਰ ਹੋਂਦ ਪ੍ਰਦਾਨ ਕੀਤੀ ਜਿਸ ਕਾਰਨ ਇਹ ਧਰਮ ਆਪਣੇ ਪੱਕੇ ਪੈਰਾਂ ’ਤੇ ਖੜਾ ਹੋ ਗਿਆ।
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 5 ਵੈਸਾਖ ਸੰਮਤ 1561 ਬਿਕ੍ਰਮੀ ਨੂੰ ਮਾਤਾ ਦਇਆ ਕੌਰ ਅਤੇ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ ਮੱਤੇ ਦੀ ਸਰਾਂ (ਜ਼ਿਲ੍ਹਾ ਫਿਰੋਜ਼ਪੁਰ) ਵਿਖੇ ਹੋਇਆ ਸੀ। ਇਨ੍ਹਾਂ ਦੇ ਵਡੇਰੇ ਪਿੰਡ ਮੰਗੋਵਾਲ, ਜ਼ਿਲ੍ਹਾ ਗੁਜਰਾਤ (ਅਜੋਕੇ ਪਾਕਿਸਤਾਨ) ਦੇ ਰਹਿਣ ਵਾਲੇ ਸਨ। ਬਾਬਾ ਫੇਰੂ ਮੱਲ ਜੀ ਦੁਕਾਨਦਾਰੀ ਦਾ ਕੰਮ ਕਰਦੇ ਸਨ। ਆਪ ਪਿੰਡ ਦੇ ਚੌਧਰੀ ਤਖ਼ਤਮੱਲ ਅਤੇ ਫਿਰੋਜ਼ਪੁਰ ਦੇ ਸਥਾਨਕ ਪਠਾਣ ਹਾਕਮ ਦਾ ਹਿਸਾਬ-ਕਿਤਾਬ ਵੀ ਸੰਭਾਲਦੇ ਸਨ ਪਰ 1519 ਮਗਰੋਂ ਜਦੋਂ ਬਾਬਰ ਨੇ ਹਿੰਦੁਸਤਾਨ ’ਤੇ ਹਮਲੇ ਕਰਨੇ ਸ਼ੁਰੂ ਕੀਤੇ ਤਾਂ ਇਨ੍ਹਾਂ ਦਾ ਪਿੰਡ, ਮੱਤੇ ਦੀ ਸਰਾਂ (ਮਗਰੋਂ ਸਰਾਏ ਨਾਗਾ) ਉਜਾੜ ਦਿੱਤਾ ਗਿਆ। ਬਾਬਾ ਫੇਰੂ ਮੱਲ ਜੀ ਆਪਣੇ ਪਰਵਾਰ ਨੂੰ ਨਾਲ ਲੈ ਕੇ ਪਹਿਲਾਂ ਹਰੀਕੇ ਪੱਤਣ, ਫਿਰ ਪਿੰਡ ਸੰਘਰ ਤੇ ਫਿਰ ਖਡੂਰ ਆ ਕੇ ਵੱਸ ਗਏ।
ਇਕ ਦਿਨ ਭਾਈ ਲਹਿਣਾ ਜੀ ਨੇ ਪਿੰਡ ਦੇ ਇਕ ਗੁਰਸਿੱਖ ਭਾਈ ਜੋਧਾ ਜੀ ਕੋਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਤਾਂ ਮਨ ਵਿਚ ਉਨ੍ਹਾਂ ਨੂੰ ਮਿਲਣ ਦੀ ਤਾਂਘ ਪੈਦਾ ਹੋਈ। ਸੰਨ 1532 ਈ. ਵਿਚ ਜਦੋਂ ਭਾਈ ਲਹਿਣਾ ਜੀ ਦੇਵੀ-ਭਗਤਾਂ ਦੇ ਜਥੇ ਨਾਲ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਤਾਂ ਕਰਤਾਰਪੁਰ ਦੇ ਸਥਾਨ ’ਤੇ ਉਨ੍ਹਾਂ ਦੀ ਮੁਲਾਕਾਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਈ। ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਵਿਚਾਰਧਾਰਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਆਪ ਜੀ ਨੇ ਜਥੇ ਦੇ ਨਾਲ ਅੱਗੇ ਜਾਣ ਦਾ ਵਿਚਾਰ ਹੀ ਛੱਡ ਦਿੱਤਾ। ਆਪ ਜੀ ਨੇ ਆਪਣੇ ਸਾਥੀਆਂ ਨੂੰ ਕਹਿ ਦਿੱਤਾ ਕਿ ਹੁਣ ਉਨ੍ਹਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ, ਉਨ੍ਹਾਂ ਨੂੰ ਜਿਸ ਸੱਚੇ ਗੁਰੂ ਦੀ ਤਲਾਸ਼ ਸੀ, ਉਹ ਮਿਲ ਗਿਆ ਹੈ। ਬੰਸਾਵਲੀਨਾਮਾ ਦਾ ਕਰਤਾ ਭਾਈ ਕੇਸਰ ਸਿੰਘ ਛਿੱਬਰ ਲਿਖਦਾ ਹੈ:
ਮਨੁ ਪ੍ਰਸੰਨੁ ਪੇਖਤ ਹੀ ਹੂਆ।
ਮਿਟਿ ਗਿਆ ਭ੍ਰਮ ਤਮ ਕਾ ਕੂਆ।
ਪ੍ਰਾਤੇ ਸਾਥੁ ਭਇਆ ਤਯਾਰੁ।
ਇਹ ਆਏ ਦਰਸਨ ਕਉ ‘ਗੁਰ ਨਾਨਕ’ ਦੇ ਦੁਆਰਿ।
ਸਾਥੀ ਕਹਿਣ : ‘ਚਲ ਦੇਵੀ ਦੁਆਰੇ’।
ਇਨ ਕਹਿਆ : ‘ਕਾਰਜ ਰਾਸ ਹੂਏ ਹਮਾਰੇ॥’
ਭਾਈ ਲਹਿਣਾ ਜੀ ਸੱਤ ਸਾਲ (ਸੰਨ 1532-1539) ਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿਚ ਰਹੇ। ਆਪ ਜੀ ਨੇ ਪੂਰਨ ਸਮਰਪਣ ਅਤੇ ਨਿਸ਼ਕਾਮ ਭਾਵਨਾ ਨਾਲ ਜਗਤ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸੰਗਤਾਂ ਦੀ ਅਜਿਹੀ ਸੇਵਾ ਕੀਤੀ ਕਿ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੋ ਗਏ। ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤਿ ਭਾਈ ਲਹਿਣਾ ਜੀ ਵਿਚ ਟਿਕਾ ਕੇ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਆਪਣੀ ਥਾਂ ’ਤੇ ਸਥਾਪਿਤ ਕਰ ਦਿੱਤਾ। ਭਾਈ ਗੁਰਦਾਸ ਜੀ ਲਿਖਦੇ ਹਨ:
ਗੁਰੁ ਅੰਗਦੁ ਗੁਰੁ ਅੰਗੁ ਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ।
ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ॥ (ਵਾਰ 24;8)
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਚੋਣ ਸਿੱਖ ਧਰਮ ਦੇ ਵਿਕਾਸ ਅਤੇ ਇਤਿਹਾਸ ਵਿਚ ਇਕ ਮਹੱਤਵਪੂਰਨ ਕਦਮ ਸਾਬਤ ਹੋਈ। ਗੁਰੂ ਨਾਨਕ ਸਹਿਬ ਨੇ ਗੁਰੂ ਪਦਵੀ ਨੂੰ ਸਰੀਰਕ ਗੁਰਤਾ ਨਾਲੋਂ ਤੋੜ ਕੇ ਜੋਤਿ ਨਾਲ ਜੋੜ ਦਿੱਤਾ ਤੇ ਇਹੀ ਜੋਤਿ ਦਸਵੇਂ ਜਾਮੇ ਤੋਂ ਬਾਅਦ ਸ਼ਬਦ-ਗੁਰੂ-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਪ੍ਰਗਟ ਹੋਈ। ਇਕ ਅਜੋਕਾ ਇਤਿਹਾਸਕਾਰ ਡਾ. ਏ.ਸੀ. ਬੈਨਰਜੀ, ਗੁਰੂ ਨਾਨਕ ਦੇਵ ਜੀ ਦੇ ਇਸ ਕਦਮ ਦੀ ਸ਼ਲਾਘਾ ਕਰਦਾ ਹੋਇਆ ਲਿਖਦਾ ਹੈ : By nominating Angad as his successor, (Guru Nanak) established a precedent and initi-ated a tradition which moulded the Sikhs into an integrated community under uninterrupted spiritual leadership as noth- ing else have done.
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਸਾਹਿਬ ਦੀ ਥਾਂ ਖਡੂਰ ਸਾਹਿਬ ਨੂੰ ਸਿੱਖੀ-ਪ੍ਰਚਾਰ ਦਾ ਕੇਂਦਰ ਸਥਾਪਿਤ ਕੀਤਾ। ਇਹ ਨਗਰ ਦਰਿਆ ਬਿਆਸਾ ਤੋਂ ਪੰਜ ਕਿਲੋਮੀਟਰ ਦੂਰ ਹੈ। ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਰਾਮਕਲੀ ਕੀ ਵਾਰ ਵਿਚ ਇਸ ਗੱਲ ਦਾ ਜ਼ਿਕਰ ਕਰਦੇ ਫ਼ੁਰਮਾਉਂਦੇ ਹਨ:
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥
ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ॥ (ਪੰਨਾ 967)
ਖਡੂਰ ਸਾਹਿਬ ਰਹਿੰਦਿਆਂ ਆਪ ਨਿਤਾਪ੍ਰਤੀ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਦਾ ਉਪਦੇਸ਼ ਦਿੰਦੇ, ਸ਼ਬਦ ਦੀ ਵਿਆਖਿਆ ਕਰਦੇ ਅਤੇ ਅਮਲੀ ਜੀਵਨ ਵਿਚ ਚੰਗੇ ਅਤੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੰਦੇ। ਖਡੂਰ ਸਾਹਿਬ ਵਿਖੇ ਆਈਆਂ ਸੰਗਤਾਂ ਦੀ ਦੇਖ-ਭਾਲ ਅਤੇ ਉਨ੍ਹਾਂ ਦੇ ਸੁਖ-ਆਰਾਮ ਦਾ ਧਿਆਨ ਉਨ੍ਹਾਂ ਦੀ ਧਰਮ ਸੁਪਤਨੀ (ਮਾਤਾ) ਖੀਵੀ ਜੀ ਰੱਖਦੇ। ਮਾਤਾ ਜੀ ਬੜੇ ਨਿੱਘੇ ਅਤੇ ਮਿੱਠੇ ਸੁਭਾਅ ਦੇ ਸਨ। ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਆਪ ਜੀ ਦੀ ਤੁਲਨਾ ਬਹੁਤੇ ਪੱਤਰਾਂ ਵਾਲੇ ਛਾਂ ਦਾਰ ਰੁੱਖ ਨਾਲ ਕੀਤੀ ਹੈ, ਜਿਸ ਥੱਲੇ ਬੈਠ ਕੇ ਹਰ ਇਕ ਨੂੰ ਸੁਖ ਅਤੇ ਆਰਾਮ ਮਿਲਦਾ ਹੈ। ਮਾਤਾ ਖੀਵੀ ਜੀ ਦੁਆਰਾ ਚਲਾਏ ਜਾ ਰਹੇ ਲੰਗਰ ਦੀ ਵੀ ਉਨ੍ਹਾਂ ਨੇ ਬੜੀ ਪ੍ਰਸੰਸਾ ਕੀਤੀ ਹੈ। ਗੁਰੂ-ਘਰ ਦੇ ਇਹ ਰਬਾਬੀ ਫ਼ੁਰਮਾਉਂਦੇ ਹਨ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ॥ (ਪੰਨਾ 967)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜਾਤੀ ਨੂੰ ਸਮਾਜ ਵਿਚ ਸਨਮਾਨਜਨਕ ਸਥਾਨ ਦੇਣ ਦੀ ਗੱਲ ਕੀਤੀ ਸੀ। ਮਾਤਾ ਖੀਵੀ ਜੀ ਨੇ ਆਪਣੀ ਸੇਵਾ ਅਤੇ ਕਿਰਦਾਰ ਰਾਹੀਂ ਸਿੱਖ ਸਮਾਜ ਵਿਚ ਇਸ ਸਤਿਕਾਰਤ ਸਥਾਨ ਦੀ ਪਹਿਲੀ ਉਦਾਹਰਣ ਪੇਸ਼ ਕੀਤੀ। ਸਿੱਖ ਧਰਮ ਦੇ ਵਿਕਾਸ ਦੇ ਮੁੱਢਲੇ ਦੌਰ ਵਿਚ ਆਪ ਜੀ ਦਾ ਵੱਡਾ ਯੋਗਦਾਨ ਹੈ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ, ਬਾਬਾ ਦਾਸੂ ਜੀ ਅਤੇ ਬਾਬਾ ਦਾਤੂ ਜੀ ਅਤੇ ਦੋ ਸਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਸਨ। ਮਾਤਾ ਖੀਵੀ ਜੀ ਅਤੇ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਖਸੀਅਤ ਅਤੇ ਸਿੱਖਿਆ ਦਾ ਗਹਿਰਾ ਪ੍ਰਭਾਵ ਬੱਚੀਆਂ ਦੇ ਜੀਵਨ ’ਤੇ ਪ੍ਰਤੱਖ ਸੀ। ਇਹ ਬੀਬੀ ਅਮਰੋ ਜੀ ਹੀ ਸਨ ਜਿਨ੍ਹਾਂ ਦੇ ਕੋਲੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸੁਣ ਕੇ (ਗੁਰੂ) ਅਮਰਦਾਸ ਜੀ ਗੁਰੂ- ਘਰ ਨਾਲ ਜੁੜੇ ਸਨ ਤੇ ਫਿਰ ਆਪਣੀ ਸੇਵਾ, ਸਿਦਕ ਅਤੇ ਬੰਦਗੀ ਕਾਰਨ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੋ ਗਏ ਸਨ:
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥ (ਪੰਨਾ 968)
ਖਡੂਰ ਸਾਹਿਬ ਵਿਚ ਰਹਿੰਦਿਆਂ ਸਿੱਖੀ ਪ੍ਰਚਾਰ ਨੂੰ ਮੁੱਖ ਰੱਖ ਕੇ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸੁਲਤਾਨਪੁਰ ਤਕ ਕਈ ਪਿੰਡਾਂ ਦਾ ਦੌਰਾ ਕੀਤਾ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਆਪ ਕੁਝ ਸਮਾਂ ਮਾਲਵੇ ਵਿਚ ਵੀ ਵਿਚਰਦੇ ਰਹੇ। ਆਪ ਜੀ ਲੋਕਾਂ ਨੂੰ ਉਪਦੇਸ਼ ਦਿੰਦੇ ਸਨ ਕਿ ਪਰਮਾਤਮਾ ਘਟਿ ਘਟਿ ਵਿਚ ਰਮਿਆ ਹੋਇਆ ਹੈ:
ਆਪਿ ਉਪਾਏ ਨਾਨਕਾ ਆਪੇ ਰਖੈ ਵੇਕ॥
ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ॥ (ਪੰਨਾ 1238)
ਉਸ ਅਕਾਲ ਪੁਰਖ ਦੀ ਮਿਹਰ ਦਾ ਪਾਤਰ ਬਣਨ ਲਈ ਆਤਮ-ਸਮਰਪਣ ਅਤੇ ਸੇਵਾ ਵਰਗੇ ਗੁਣਾਂ ਦਾ ਹੋਣਾ ਜ਼ਰੂਰੀ ਹੈ। ਆਪ ਜੀ ਦਾ ਫ਼ਰਮਾਨ ਹੈ:
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ॥
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ॥
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ॥
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ॥ (ਪੰਨਾ 474)
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮਾਤ-ਭਾਸ਼ਾ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬੜਾ ਕੰਮ ਕੀਤਾ। ਬੱਚਿਆਂ ਲਈ ਗੁਰਮੁਖੀ ਅੱਖਰਾਂ ਵਿਚ ਬਾਲ-ਬੋਧ ਤਿਆਰ ਕਰਵਾਏ ਅਤੇ ਖਡੂਰ ਸਾਹਿਬ ਵਿਖੇ ਪੰਜਾਬੀ ਦੀ ਪਹਿਲੀ ਪਾਠਸ਼ਾਲਾ ਸਥਾਪਿਤ ਕੀਤੀ। ਆਪ ਦਿਨ ਦਾ ਬਹੁਤਾ ਸਮਾਂ ਬੱਚਿਆਂ ਨਾਲ ਬਿਤਾਇਆ ਕਰਦੇ ਸਨ। ਆਪ ਜੀ ਨੇ ਪ੍ਰਭੂ-ਭਗਤੀ ਅਤੇ ਸਿਮਰਨ ਦੇ ਨਾਲ-ਨਾਲ ਸਰੀਰਕ ਤੌਰ ’ਤੇ ਨਰੋਆ ਅਤੇ ਰਿਸ਼ਟ-ਪੁਸ਼ਟ ਰਹਿਣ ਲਈ ਮੱਲ ਅਖਾੜੇ ਦੀ ਵੀ ਸਥਾਪਨਾ ਕੀਤੀ। ਸਮਾਂ ਪਾ ਕੇ ਸਿੱਖ ਚੰਗੇ, ਸ਼ਾਹ ਸਵਾਰ, ਸ਼ਸਤਰਧਾਰੀ ਅਤੇ ਨਿਰਭੈ ਯੋਧੇ ਬਣ ਗਏ।
ਸ੍ਰੀ ਗੁਰੂ ਅੰਗਦ ਦੇਵ ਜੀ ਪਹਿਰ ਰਾਤ ਰਹਿੰਦੀ ਉਠਦੇ। ਦਰਿਆ ਬਿਆਸਾ ਦੇ ਠੰਡੇ ਤੇ ਨਿਰਮਲ ਜਲ ਨਾਲ ਇਸ਼ਨਾਨ ਕਰਦੇ ਤੇ ਫਿਰ ਪ੍ਰਭੂ-ਸਿਮਰਨ ਵਿਚ ਜੁੜ ਜਾਂਦੇ। ਇਸ ਮਗਰੋਂ ਆਪ ਸੰਗਤ ਵਿਚ ਆ ਕੇ ਆਸਾ ਕੀ ਵਾਰ ਦਾ ਕੀਰਤਨ ਸ੍ਰਵਨ ਕਰਦੇ ਤੇ ਆਈ ਹੋਈ ਸੰਗਤ ਨੂੰ ਗੁਰਸਿੱਖੀ ਦਾ ਉਪਦੇਸ਼ ਦਿੰਦੇ। ਦੀਵਾਨ ਦੀ ਸਮਾਪਤੀ ਮਗਰੋਂ ਆਪ ਸਰੀਰਕ ਤੇ ਮਾਨਸਕ ਤੌਰ ’ਤੇ ਰੋਗੀਆਂ ਦੀ ਦੇਖ-ਭਾਲ ਕਰਦੇ।
ਬੇਸ਼ਕ ਗੁਰੂ ਕੇ ਲੰਗਰ ਵਿਚ ਹਰ ਪ੍ਰਕਾਰ ਦੇ ਪਦਾਰਥ ਤਿਆਰ ਕੀਤੇ ਤੇ ਪੰਗਤ ਵਿਚ ਵਰਤਾਏ ਜਾਂਦੇ ਸਨ, ਪਰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਆਪਣਾ ਭੋਜਨ ਅਤੇ ਪਹਿਰਾਵਾ ਬਹੁਤ ਸਾਦਾ ਹੋਇਆ ਕਰਦਾ ਸੀ। ਆਪ ਜੀ ਨੇ ਸੰਗਤ ਵੱਲੋਂ ਆਈ ਚੜ੍ਹਤ ਨੂੰ ਕਦੇ ਵੀ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਹੀਂ ਸੀ ਵਰਤਿਆ। ਸਗੋਂ ਆਪ ਜੀ ਆਪਣੇ ਘਰ ਦਾ ਖਰਚ ਮੁੰਞ ਦੀਆਂ ਰੱਸੀਆਂ ਵੱਟ ਕੇ ਅਤੇ ਹੱਥੀਂ ਕਿਰਤ ਕਰ ਕੇ ਚਲਾਇਆ ਕਰਦੇ ਸਨ। ਬੰਸਾਵਲੀਨਾਮਾ ਵਿਚ ਭਾਈ ਕੇਸਰ ਸਿੰਘ ਛਿੱਬਰ ਲਿਖਦਾ ਹੈ:
ਵਾਣੁ ਵਟਿ ਕਰਨ ਗੁਜਰਾਨ।
ਬਿਨਾ ਕਿਰਤ ਆਪਣੀ ਧਾਨ ਬਿਗਾਨਾ ਨਾ ਖਾਣੁ।
ਇਸੇ ਸਬੰਧ ਵਿਚ ਡਾ. ਹਰੀ ਰਾਮ ਗੁਪਤਾ ਲਿਖਦੇ ਹਨ, ‘Guru Angad did not live on the offerings of the Sikhs. He earned his liv- ing by twisting coarse grass (munj) into strings used for making a cot.’ ਆਪ ਜੀ ਸੰਗਤ ਦੇ ਪੈਸੇ ਨੂੰ ਗੁਰੂ-ਘਰ ਦੀ ਅਮਾਨਤ ਸਮਝਦੇ ਸਨ ਤੇ ਉਸ ਪੈਸੇ ਨੂੰ ਲੰਗਰ ਅਤੇ ਸਿੱਖੀ ਦੇ ਪ੍ਰਚਾਰ ਦੇ ਵਾਧੇ ਲਈ ਹੀ ਵਰਤਦੇ ਸਨ। ਸੰਨ 1540 ਈ. ਵਿਚ ਮੁਗ਼ਲ ਬਾਦਸ਼ਾਹ ਹਮਾਯੂੰ ਸ਼ੇਰਸ਼ਾਹ ਸੂਰੀ ਕੋਲੋਂ ਚੌਸਾ ਅਤੇ ਕਨੌਜ ਦੀਆਂ ਲੜਾਈਆਂ ਵਿਚ ਹਾਰ ਜਾਣ ਮਗਰੋਂ ਲਾਹੌਰ ਜਾਂਦਾ ਹੋਇਆ ਖਡੂਰ ਸਾਹਿਬ ਰੁਕਿਆ। ਉਹ ਦਿੱਲੀ ਅਤੇ ਆਗਰੇ ਦਾ ਤਖ਼ਤ ਮੁੜ ਹਾਸਲ ਕਰਨ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਕੋਲੋਂ ਅਸ਼ੀਰਵਾਦ ਲੈਣ ਆਇਆ ਸੀ। ਗੁਰੂ ਜੀ ਉਸ ਸਮੇਂ ਬੱਚਿਆਂ ਨੂੰ ਪੜ੍ਹਾਉਣ ਵਿਚ ਰੁੱਝੇ ਹੋਏ ਸਨ। ਆਪ ਜੀ ਨੇ ਬਾਦਸ਼ਾਹ ਵੱਲ ਕੋਈ ਧਿਆਨ ਨਾ ਦਿੱਤਾ। ਹਮਾਯੂੰ ਨੇ ਗੁਰੂ ਜੀ ਨੂੰ ਸਜ਼ਾ ਦੇਣ ਲਈ ਮਿਆਨ ’ਚੋਂ ਤਲਵਾਰ ਕੱਢ ਲਈ। ਗੁਰੂ ਜੀ ਨੇ ਭਗੌੜੇ ਬਾਦਸ਼ਾਹ ਵੱਲ ਵੇਖਿਆ ਤੇ ਮੁਸਕਰਾ ਪਏ। ਉਨ੍ਹਾਂ ਬੜੇ ਨਿਡਰ ਸ੍ਵਰ ਵਿਚ ਕਿਹਾ, ‘ਤੇਰੀ ਇਹ ਤਲਵਾਰ ਸ਼ੇਰਸ਼ਾਹ ਸਾਹਮਣੇ ਕਿੱਥੇ ਸੀ, ਜਿਸ ਕੋਲੋਂ ਭਾਂਜ ਖਾ ਕੇ ਤੂੰ ਇਧਰ ਭੱਜ ਆਇਆ ਹੈਂ, ਤੇ ਹੁਣ ਆਪਣੀ ਤਲਵਾਰ ਦਾ ਜ਼ੋਰ ਫਕੀਰਾਂ ਨੂੰ ਵਿਖਾਉਣਾ ਚਾਹੁੰਦਾ ਹੈਂ?’ ਗੁਰੂ ਜੀ ਦੀ ਬੇਬਾਕ ਤੌਰ ’ਤੇ ਕਹੀ ਗੱਲ ਸੁਣ ਕੇ ਹਮਾਯੂੰ ਸ਼ਰਮਿੰਦਾ ਹੋ ਗਿਆ ਤੇ ਚਰਨਾਂ ’ਤੇ ਡਿੱਗ ਪਿਆ।
ਗੁਰੂ ਜੀ ਦਾ ਹਿਰਦਾ ਬੜਾ ਕੋਮਲ ਅਤੇ ਪਿਆਰ ਭਾਵਨਾ ਨਾਲ ਭਰਪੂਰ ਸੀ। ਆਪ ਬੜੀ ਬਲਵਾਨ ਅਤੇ ਵਸ਼ਿਸ਼ਟ ਪ੍ਰਤਿਭਾ ਦੇ ਮਾਲਕ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਆਉਣ ਅਤੇ ਉਨ੍ਹਾਂ ਦੀ ਵਿਚਾਰਧਾਰਾ ਵਿਚ ਰੰਗੇ ਜਾਣ ਮਗਰੋਂ ਆਪ ਜੀ ਦੀ ਪ੍ਰਤਿਭਾ ਪੂਰਨ ਖਿੜਾਉ ਵਿਚ ਆਪਣੀ ਸਿਖਰ ’ਤੇ ਪਹੁੰਚ ਗਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਪ੍ਰਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚੋਂ ਪ੍ਰਤੱਖ ਵੇਖਿਆ ਜਾ ਸਕਦਾ ਹੈ। ਆਪ ਜੀ ਦੀ ਬਾਣੀ ਦਾਰਸ਼ਨਿਕ ਅਤੇ ਸਿਧਾਂਤਕ ਰੂਪ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹੀ ਪ੍ਰਗਟਾਉ ਹੈ। ਆਪ ਜੀ ਦੀ ਬਾਣੀ ਵਿਚ ਗੁਰੂ-ਪ੍ਰੇਮ, ਗੁਰੂ-ਭਗਤੀ, ਪ੍ਰਭੂ-ਮਿਲਾਪ, ਪ੍ਰਭੂ-ਪ੍ਰਾਪਤੀ ਦੇ ਸਾਧਨ, ਆਤਮ-ਸਮਰਪਣ ਅਤੇ ਸ੍ਵੈ-ਪੜਤਾਲ ਵਰਗੇ ਵਿਸ਼ੇ ਪ੍ਰਧਾਨ ਹਨ। ਆਪ ਜੀ ਦੀ ਸਾਰੀ ਰਚਨਾ ਸਰਲ, ਸਪੱਸ਼ਟ ਅਤੇ ਸੁੰਦਰ ਪੰਜਾਬੀ ਵਿਚ ਲਿਖੀ ਹੋਈ ਹੈ। ਕਿਤੇ- ਕਿਤੇ ਆਪ ਜੀ ਦੀ ਬਾਣੀ ਵਿਚ ਸਮੇਂ, ਸਮਾਜ ਅਤੇ ਰਾਜਸੀ ਹਾਲਾਤ ਦੇ ਸੰਕੇਤ ਵੀ ਦਰਜ ਹਨ:
ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ॥
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ॥
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ॥ (ਪੰਨਾ 1288)
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਕਈ ਸਲੋਕਾਂ ਰਾਹੀਂ, ਪੰਜਾਬ ਦੀ ਲੋਕਧਾਰਾ ਦੇ ਪਿਛੋਕੜ ਅਤੇ ਪ੍ਰਚਲਤ ਅਖਾਣਾਂ ਤੇ ਮੁਹਾਵਰਿਆਂ ਰਾਹੀਂ ਜੀਵਨ ਦੀਆਂ ਅਟੱਲ ਸਚਾਈਆਂ ਨੂੰ ਰੂਪਮਾਨ ਕੀਤਾ ਹੈ:
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ॥
ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ॥
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ॥
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ॥ (ਪੰਨਾ 147)
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਪ੍ਰਮੁੱਖ ਸਿੱਖਾਂ ਵਿੱਚੋਂ ਬਾਬਾ ਬੁੱਢਾ ਜੀ, ਭਾਈ ਸੱਤਾ ਜੀ, ਭਾਈ ਬਲਵੰਡ ਜੀ, ਭਾਈ ਮਰਦਾਨਾ ਜੀ ਦਾ ਸਪੁੱਤਰ ਭਾਈ ਸ਼ਾਹਜ਼ਾਦਾ ਜੀ, ਭਾਈ ਸਾਦੂ ਜੀ, ਭਾਈ ਬਾਦੂ ਜੀ, ਭਾਈ ਜੀਵਾ ਜੀ, ਭਾਈ ਗੁੱਜਰ ਜੀ, ਭਾਈ ਧਿੰਙ ਜੀ, ਭਾਈ ਪਾਰੋ ਜੁਲਕਾ ਜੀ, ਭਾਈ ਮੱਲੂ ਸ਼ਾਹ ਜੀ, ਭਾਈ ਕਿਦਾਰੀ ਜੀ, ਭਾਈ ਦੀਪਾ ਜੀ, ਭਾਈ ਨਰੈਣ ਦਾਸ ਜੀ, ਭਾਈ ਬੂਲਾ ਜੀ, ਭਾਈ ਲਾਲੂ ਜੀ, ਭਾਈ ਦੁਰਗਾ ਜੀਵੰਦਾ ਜੀ, ਭਾਈ ਜੱਗਾ ਧਰਣੀ ਜੀ, ਭਾਈ ਖਾਨੂ ਜੀ, ਭਾਈ ਮਾਹੀਆ ਜੀ, ਭਾਈ ਗੋਵਿੰਦ ਜੀ ਅਤੇ ਭਾਈ ਜੋਧ ਜੀ ਦਾ ਨਾਮ ਬੜੇ ਆਦਰ ਨਾਲ ਲਿਆ ਜਾ ਸਕਦਾ ਹੈ ਜਿਨ੍ਹਾਂ ਸਿੱਖੀ ਦੇ ਪ੍ਰਚਾਰ ਅਤੇ ਵਾਧੇ ਲਈ ਗੁਰੂ-ਘਰ ਦੀ ਬਹੁਤ ਸੇਵਾ ਕੀਤੀ।
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਅਤੇ ਲਿਪੀਬੱਧ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੱਲ ਪਹਿਲਾ ਵੱਡਾ ਕਦਮ ਚੁੱਕਿਆ, ਜਿਸ ਰਾਹੀਂ ਇਹ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਹੱਥੋਂ ਲੰਘਦੀ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਪਹੁੰਚੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ 1604 ਈਸਵੀ ਵਿਚ ਤਿਆਰ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਸਿੱਖ ਧਰਮ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ।
ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾ ਕੇ ਪੰਜਾਬੀ ਵਾਰਤਕ ਅਤੇ ਇਤਿਹਾਸ ਰਚਨਾ ਦਾ ਵੀ ਮੁੱਢ ਬੰਨ੍ਹ ਦਿੱਤਾ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਸੁਨੇਹਾ ਸਾਰੀ ਮਾਨਵ-ਜਾਤੀ ਵਾਸਤੇ ਇੱਕੋ ਜਿਹਾ ਅਤੇ ਕਲਿਆਣਕਾਰੀ ਹੈ। ਰੱਬ ਦੀ ਬੰਦਗੀ ਅਤੇ ਪ੍ਰਭੂ-ਪ੍ਰੇਮ ਦੇ ਸਾਹਮਣੇ, ਦੁਨੀਆਂ ਦੇ ਪਦਾਰਥ ਅਤੇ ਵਡਿਆਈਆਂ ਦਾ ਕੋਈ ਮੁੱਲ ਨਹੀਂ। ਆਪ ਜੀ ਫ਼ੁਰਮਾਉਂਦੇ ਹਨ:
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ॥
ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ॥ (ਪੰਨਾ 1290)
ਆਪ ਜੀ ਨੂੰ ਰੱਬ ਦੇ ਪਿਤਾ-ਪਾਲਕ ਵਾਲੇ ਸੁਭਾਅ ’ਤੇ ਪੂਰਨ ਵਿਸ਼ਵਾਸ ਸੀ। ਇਨਸਾਨ ਤਾਂ ਐਵੇਂ ਪਦਾਰਥਾਂ ਦੀ ਅੰਨ੍ਹੀ ਦੌੜ ਵਿਚ ਭੱਜੀ ਫਿਰਦਾ ਹੈ। ਗੁਰੂ ਜੀ ਤਾਂ ਫ਼ੁਰਮਾਨ ਕਰਦੇ ਹਨ:
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥ (ਪੰਨਾ 955)
ਜਿਨ੍ਹਾਂ ਨੇ ਆਪਣੇ ਮਨ ਵਿਚ ਪ੍ਰਭੂ ਨੂੰ ਵਸਾਇਆ ਹੈ ਅਤੇ ਸੱਚੇ ਮਨ ਨਾਲ ਉਸ ਦੀ ਸੇਵਾ ਵਿਚ ਲੱਗ ਗਏ ਹਨ, ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਤੇ ਫ਼ਿਕਰ ਦੂਰ ਹੋ ਜਾਂਦੇ ਹਨ। ਉਨ੍ਹਾਂ ਦੇ ਘਰ ਸਦਾ ਹੀ ਬਸੰਤ ਵਰਗਾ ਖੇੜਾ ਤੇ ਖੁਸ਼ੀ ਬਣੀ ਰਹਿੰਦੀ ਹੈ:
ਨਾਨਕ ਤਿਨਾ ਬਸੰਤੁ ਹੈ ਜਿਨ੍ ਘਰਿ ਵਸਿਆ ਕੰਤੁ॥
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ॥ (ਪੰਨਾ 791)
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤੇਰ੍ਹਾਂ ਸਾਲ ਤਕ ਗੁਰਿਆਈ ਦੀ ਜ਼ਿੰਮੇਵਾਰੀ ਨੂੰ ਬੜੀ ਸੰਜੀਦਗੀ ਅਤੇ ਸਫ਼ਲਤਾ ਨਾਲ ਨਿਭਾਇਆ। ਆਪ ਜੀ ਦਾ ਸਮਾਂ ਸਿੱਖ ਧਰਮ ਦੇ ਵਿਕਾਸ ਵਿਚ ਇਕ ਮਹੱਤਵਪੂਰਨ ਕੜੀ ਹੈ। 3 ਵੈਸਾਖ ਸੰਮਤ 1609 ਬਿਕ੍ਰਮੀ ਨੂੰ ਆਪ ਜੋਤੀ ਜੋਤਿ ਸਮਾ ਗਏ।
ਲੇਖਕ ਬਾਰੇ
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/September 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/October 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/March 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/