ਸਿੱਖ ਧਰਮ ਦੇ ਇਤਿਹਾਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਹ ਸ਼ਹਾਦਤ ਸਿਰਫ ਗੁਰੂ ਅਰਜਨ ਦੇਵ ਜੀ ਤਕ ਹੀ ਸੀਮਿਤ ਨਹੀਂ ਸੀ ਸਗੋਂ ਸਮੁੱਚੇ ਸਿੱਖ ਧਰਮ ਦੇ ਵਿਰੁੱਧ ਸੋਚਿਆ-ਸਮਝਿਆ ਹਮਲਾ ਸੀ। ਇਸ ਸ਼ਹਾਦਤ ਦੇ ਕਾਰਨਾਂ ਨੂੰ ਸਮਝਣ ਲਈ ਸਿੱਖ ਧਰਮ ਦੇ ਸਿਧਾਂਤਾਂ ਦੀ ਵਿਲੱਖਣਤਾ ਅਤੇ ਉਸ ਸਮੇਂ ਦੀਆਂ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਆਰਥਕ ਪ੍ਰਸਥਿਤੀਆਂ ‘ਤੇ ਝਾਤੀ ਮਾਰਨੀ ਜ਼ਰੂਰੀ ਹੋਵੇਗੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਧਰਮ ਦਾ ਜੋ ਨਵਾਂ ਮਾਰਗ ਸੰਸਾਰ ਨੂੰ ਵਿਖਾਇਆ ਇਹ ਮਾਰਗ ਆਰਥਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਪੱਖ ਤੋਂ ਬਹੁਤ ਕ੍ਰਾਂਤੀਕਾਰੀ ਸੀ। ਗੁਰੂ ਜੀ ਦੇ ਸਮੇਂ ਇਨ੍ਹਾਂ ਸਾਰੇ ਖੇਤਰਾਂ ਵਿਚ ਬਹੁਤ ਗਿਰਾਵਟ ਆ ਚੁਕੀ ਸੀ। ਸਮਾਜ ਵਿਚ ਅਨਪੜ੍ਹਤਾ ਅਤੇ ਅਗਿਆਨਤਾ ਸਿਖਰ ‘ਤੇ ਸੀ। ਲੋਕਾਈ ਨੂੰ ਕੋਈ ਸੱਚ ਦਾ ਮਾਰਗ ਦਿਖਾਉਣ ਵਾਲਾ ਨਹੀਂ ਸੀ। ਆਸਾ ਦੀ ਵਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਰਣਨ ਕੀਤਾ ਹੈ:
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ (ਪੰਨਾ 468-69)
ਧਰਮ ਦੇ ਖੇਤਰ ਵਿਚ ਚਾਰੇ ਪਾਸੇ ਝੂਠ ਪੱਸਰਿਆ ਹੋਇਆ ਸੀ। ਧਾਰਮਿਕ ਵਿਅਕਤੀ ਕਪਟੀ ਤੇ ਪਾਖੰਡੀ ਸਨ। ਉਹ ਲੋਕਾਂ ਦਾ ਭਲਾ ਕਰਨ ਦੀ ਥਾਂ ਉਨ੍ਹਾਂ ਦੀ ਲੁੱਟ-ਖਸੁੱਟ ਕਰਨ ਵਿਚ ਲੱਗੇ ਹੋਏ ਸਨ। ਇਸ ਪੱਖ ਤੋਂ ਹਿੰਦੂ ਮੁਸਲਮਾਨ ਦੋਵਾਂ ਧਰਮਾਂ ਦੇ ਵਿਅਕਤੀ ਘੱਟ ਨਹੀਂ ਸਨ। ਬ੍ਰਾਹਮਣ, ਕਾਜ਼ੀ ਤੇ ਜੋਗੀ ਸਭ ਪਰਜਾ ਦਾ ਸ਼ੋਸ਼ਣ ਕਰ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ:
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥ (ਪੰਨਾ 662)
ਬਾਬੇ ਕਿਆਂ ਅਤੇ ਬਾਬਰ ਕਿਆਂ ਦਾ ਵਿਰੋਧ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਅਰੰਭ ਹੋ ਗਿਆ ਸੀ। ਇਸ ਦੇ ਪ੍ਰਤੱਖ ਪ੍ਰਮਾਣ ਬਾਬਰ ਬਾਣੀ ਵਾਲੇ ਸ਼ਬਦ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਬਾਬਰ ਦੇ ਹਮਲੇ ਦਾ ਅਤੇ ਲੋਕਾਂ ਉੱਤੇ ਅਤਿਆਚਾਰ ਕਰਨ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਹੈ। ਬਾਬਰ ਨੂੰ ਜਮ ਦਾ ਰੂਪ ਦੱਸਿਆ ਹੈ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ (ਪੰਨਾ 360)
ਸਾਧਾਰਨ ਤੌਰ ‘ਤੇ ਵੀ ਸ਼ਾਸਕ ਵਰਗ ਦਾ ਪਰਜਾ ਪ੍ਰਤੀ ਵਰਤਾਉ ਨਿਖੇਧਾਤਮਕ ਸੀ। ਰਾਜੇ ਤੋਂ ਲੈ ਕੇ ਨਿੱਕੇ ਤੋਂ ਥੱਲੇ ਤਕ ਸਭ ਅਹਿਲਕਾਰ ਅਤੇ ਅਧਿਕਾਰੀ ਪਰਜਾ ਦਾ ਖ਼ੂਨ ਪੀਣ ‘ਤੇ ਲੱਗੇ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਲੋਕਾਂ ਦੇ ਕਿਰਦਾਰ ਦੀ ਨੀਚਤਾ ਨੂੰ ਬਿਆਨ ਕਰਨ ਵਿਚ ਨਾ ਤਾਂ ਕੋਈ ਕਸਰ ਛੱਡੀ ਹੈ ਤੇ ਨਾ ਕੋਈ ਲੁਕਾਅ ਰੱਖਿਆ ਹੈ। ਇਨ੍ਹਾਂ ਨੂੰ ਸਪੱਸ਼ਟ ਨਕਾਰਿਆ ਹੈ:
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ੍ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288)
ਇਹ ਸ਼ਬਦ ਸਿਰਫ ਉਦਾਹਰਨ ਵਜੋਂ ਦਿੱਤੇ ਗਏ ਹਨ। ਉਂਞ ਗੁਰਬਾਣੀ ਵਿਚ ਥਾਂ-ਥਾਂ ਵੇਲੇ ਦੀ ਸਥਿਤੀ ਬਾਰੇ ਵਿਚਾਰ ਪ੍ਰਗਟ ਕੀਤੇ ਗਏ ਹਨ। ਬ੍ਰਾਹਮਣਾਂ, ਕਾਜ਼ੀਆਂ ਅਤੇ ਭੇਖੀ ਲੋਕਾਂ ਦੇ ਦੰਭ ਨੂੰ ਉਘਾੜਿਆ ਗਿਆ ਹੈ। ਰਾਜਿਆਂ ਦੇ ਜ਼ੁਲਮਾਂ ਪ੍ਰਤੀ ਲੋਕਾਂ ਵਿਚ ਚੇਤਨਾ ਪੈਦਾ ਕੀਤੀ ਗਈ ਹੈ। ਆਸਾ ਦੀ ਵਾਰ ਵਿਚ ਇਨ੍ਹਾਂ ਸਾਰੇ ਪੱਖਾਂ ਦਾ ਵਿਸਥਾਰ ਸਹਿਤ ਵਿਸ਼ਲੇਸ਼ਣ ਕੀਤਾ ਗਿਆ ਹੈ। ਹਿੰਦੂ, ਇਸਲਾਮ, ਜੈਨ ਧਰਮ, ਯੋਗ ਮੱਤ ਆਦਿ ਦੇ ਸਮਾਜ-ਵਿਰੋਧੀ ਬੁਨਿਆਦੀ ਨਿਯਮਾਂ ਅਤੇ ਰਹੁ-ਰੀਤਾਂ ਦਾ ਖੰਡਨ ਕੀਤਾ ਗਿਆ ਹੈ:
ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ॥
ਕੇਤੀਆ ਕੰਨ੍ ਕਹਾਣੀਆ ਕੇਤੇ ਬੇਦ ਬੀਚਾਰ॥
ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ॥ (ਪੰਨਾ 464)
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਆਿਰ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥2॥ (ਪੰਨਾ 466)
ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿਚ ਨਿਰਭੈ ਹੋ ਕੇ ‘ਸਚ ਕੀ ਬਾਣੀ’ ਸੁਣਾਈ ਸੀ ਅਤੇ ਆਖਿਆ ਸੀ :
ਸਚੁ ਸੁਣਾਇਸੀ ਸਚ ਕੀ ਬੇਲਾ॥ (ਪੰਨਾ 723)
ਉਸ ਵੇਲੇ ਕੂੜ ਪ੍ਰਧਾਨ ਸੀ। ਗੁਰੂ ਜੀ ਨੂੰ ਇਹ ਪਤਾ ਸੀ ਕਿ ਕੂੜ ਦੀਆਂ ਸ਼ਕਤੀਆਂ ‘ਸਚ ਕੀ ਬਾਣੀ’ ਨੂੰ ਬਰਦਾਸ਼ਤ ਨਹੀਂ ਕਰ ਸਕਣਗੀਆਂ। ਇਸ ਸੱਚ ਧਰਮ ਨੂੰ ਸਥਾਪਤ ਕਰਨ ਲਈ ਸੰਘਰਸ਼ ਕਰਨਾ ਹੋਵੇਗਾ। ਕੂੜ ਸੱਚ ਨੂੰ ਮਿਟਾਉਣ ਲਈ ਹਰ ਸੰਭਵ ਯਤਨ ਕਰੇਗਾ। ਸਿੱਖ ਧਰਮ ਵਿਚ ਸ਼ਹੀਦੀਆਂ ਦਾ ਬੀਜ ਸਿੱਖ ਫ਼ਲਸਫ਼ੇ ਵਿਚ ਹੀ ਮੌਜੂਦ ਸੀ। ਇਹ ਇੰਨਾ ਮੁਕੰਮਲ, ਵਿਸ਼ਾਲ ਤੇ ਡੂੰਘਾ ਇਨਕਲਾਬ ਸੀ ਕਿ ਇਸ ਲਈ ਕੁਰਬਾਨੀਆਂ ਅਵੱਸ਼ ਦੇਣੀਆਂ ਪੈਣੀਆਂ ਸਨ। ਇਹ ਮਾਰਗ ਇੰਨਾ ਕਠਿਨ ਸੀ ਕਿ ਸਿਰ ਦਿੱਤੇ ਬਿਨਾਂ ਸਫਲਤਾ ਨਹੀਂ ਮਿਲ ਸਕਦੀ ਸੀ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਮਾਰਗ ‘ਤੇ ਚੱਲਣ ਲਈ ਸਿਰ ਦੇਣ ਦੀ ਸ਼ਰਤ ਰੱਖੀ ਸੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥20॥ (ਪੰਨਾ 1412)
ਸ੍ਰੀ ਗੁਰੂ ਰਾਮਦਾਸ ਜੀ ਨੇ ਵੀ ਇਸ ਮਾਰਗ ਦੀ ਪੁਸ਼ਟੀ ਕੀਤੀ ਹੈ:
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ॥ (ਪੰਨਾ 757)
ਸਿੱਖ ਧਰਮ ਦਾ ਮੂਲ ਆਧਾਰ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਸੀ। ਇਸ ਵਿਚ ਸੇਵਾ ਤੇ ਸਿਮਰਨ ਦੀ ਮਹੱਤਤਾ ਮੰਨੀ ਗਈ ਸੀ। ਮਨੁੱਖਾਂ ਦੀ ਬਰਾਬਰੀ ਤੇ ਰੱਬ ਦੀ ਏਕਤਾ, ਜੀਉਂਦੇ-ਜੀਅ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਕੇ ਜੀਣ ਦਾ ਸੰਕਲਪ ਪੇਸ਼ ਕੀਤਾ ਗਿਆ ਸੀ। ਮਨੁੱਖ ਦੇ ਸਾਹਮਣੇ ਨਿਰਭਉ ਤੇ ਨਿਰਵੈਰ ਹੋ ਕੇ ਵਿਚਰਨ ਦਾ ਆਦਰਸ਼ ਰੱਖਿਆ ਗਿਆ ਸੀ। ਉਸ ਨੂੰ ਅਣਖ ਨਾਲ ਤੇ ਗੌਰਵ ਨਾਲ ਜੀਣ ਦੀ ਜਾਚ ਸਿਖਾਈ ਗਈ ਸੀ:
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ 142)
ਗੁਰੂ ਜੀ ਨੇ ਇਕ ਨਵੇਂ ਧਰਮ ਦੀ ਬੁਨਿਆਦ ਰੱਖੀ ਸੀ। ਇਸ ਦਾ ਦ੍ਰਿਸ਼ਟੀਕੋਣ ਵਿਗਿਆਨਕ ਸੀ ਅਤੇ ਇਹ ਮਨੁੱਖਤਾ ਦੀ ਸਾਂਝੀਵਾਲਤਾ ਵਿਚ ਵਿਸ਼ਵਾਸ ਰੱਖਦਾ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਜਾਤ-ਪਾਤ ਦੇ ਭੇਦ ਨੂੰ ਨਹੀਂ ਮੰਨਦਾ ਸੀ। ਇਹ ਮਨੁੱਖਤਾ ਉੱਤੇ ਕਿਸੇ ਵੀ ਪ੍ਰਕਾਰ ਦੇ ਜ਼ੁਲਮ ਦਾ ਵਿਰੋਧੀ ਸੀ। ਇਹ ਸਰਬੱਤ ਦਾ ਭਲਾ ਮੰਗਦਾ ਸੀ। ਇਸ ਦੇ ਅਸੂਲ ਉਚੇਰੇ ਤੇ ਚੰਗੇਰੇ ਸਨ। ਇਹ ਧਰਮ ਨਿਆਰਾ ਸੀ, ਜਿਵੇਂ:
ਵਰਤ ਨ ਰਹਉ ਨ ਮਹ ਰਮਦਾਨਾ॥
ਤਿਸੁ ਸੇਵੀ ਜੋ ਰਖੈ ਨਿਦਾਨਾ॥1॥
ਏਕੁ ਗੁਸਾਈ ਅਲਹੁ ਮੇਰਾ॥
ਹਿੰਦੂ ਤੁਰਕ ਦੁਹਾਂ ਨੇਬੇਰਾ॥1॥ਰਹਾਉ॥
ਹਜ ਕਾਬੈ ਜਾਉ ਨ ਤੀਰਥ ਪੂਜਾ॥
ਏਕੋ ਸੇਵੀ ਅਵਰੁ ਨ ਦੂਜਾ॥2॥
ਪੂਜਾ ਕਰਉ ਨ ਨਿਵਾਜ ਗੁਜਾਰਉ॥
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥3॥
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥4॥ (ਪੰਨਾ 1136)
ਸਿੱਖ ਧਰਮ ਦੇ ਸੁਨਿਹਰੀ ਅਸੂਲਾਂ ਨੂੰ ਵੇਖ ਕੇ ਲੋਕੀ ਧੜਾ-ਧੜ ਸਿੱਖ ਧਰਮ ਨੂੰ ਅਪਣਾਉਣ ਲੱਗੇ। ਗੁਰੂ ਸਾਹਿਬਾਨ ਦੀ ਬਾਣੀ ਘਰ-ਘਰ ਪੜ੍ਹੀ ਜਾਣ ਲੱਗੀ। ਲੋਕਾਂ ਦੇ ਮਨਾਂ ਉੱਤੋਂ ਕਾਜ਼ੀਆਂ, ਬ੍ਰਾਹਮਣਾਂ, ਜੋਗੀਆਂ ਦਾ ਭਰਮ ਉਤਰਨ ਲੱਗਾ। ਗੁਰਬਾਣੀ ਦੇ ਸੁਣਨ ਨਾਲ ਉਨ੍ਹਾਂ ਦੇ ਮਨਾਂ ਵਿਚ ਪ੍ਰਕਾਸ਼ ਹੋਣ ਲੱਗਾ।
ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤਕ ਸਿੱਖ ਧਰਮ ਦਾ ਕਾਫੀ ਪ੍ਰਚਾਰ ਹੋ ਗਿਆ ਸੀ। ਹਿੰਦੂ ਮੁਸਲਮਾਨਾਂ ਨੂੰ ਇਸ ਧਰਮ ਦੇ ਨਿਯਮਾਂ ਦੀ ਜਾਣਕਾਰੀ ਹੋ ਚੁਕੀ ਸੀ। ਕੱਟੜ ਹਿੰਦੂ ਤੇ ਮੁਸਲਮਾਨ ਇਸ ਲਹਿਰ ਤੋਂ ਅੰਦਰੋਂ ਅੰਦਰ ਕੁਝ ਔਖੇ ਸਨ। ਪਰ ਸਿੱਖ ਧਰਮ ਨੂੰ ਅਜੇ ਸੰਤਾਂ ਮਹਾਤਮਾਂ ਦਾ ਇਕ ਫਿਰਕਾ ਹੀ ਸਮਝਿਆ ਜਾਂਦਾ ਸੀ। ਇਸ ਲਈ ਰਾਜ-ਸ਼ਕਤੀ ਵੱਲੋਂ ਇਸ ਦਾ ਬਹੁਤਾ ਵਿਰੋਧ ਨਹੀਂ ਸੀ ਕੀਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਆਪਣੇ ਵੱਖਰੇ ਤੇ ਪੂਰੇ ਜਲੌ ਵਿਚ ਉਭਰ ਕੇ ਸਾਹਮਣੇ ਆਇਆ। 1588 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ। ਇਸ ਦੇ ਮੁਕੰਮਲ ਹੋਣ ਨਾਲ ਸਿੱਖ ਧਰਮ ਦਾ ਇਕ ਕੇਂਦਰੀ ਅਸਥਾਨ ਬਣ ਚੁੱਕਾ ਸੀ। ਇਥੇ ਸਭ ਨੂੰ ਆਉਣ-ਜਾਣ ਦੀ ਖੁਲ੍ਹ ਸੀ। ਇਥੇ ਵੱਡੀ ਗਿਣਤੀ ਵਿਚ ਹਿੰਦੂ ਮੁਸਲਮਾਨ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੇ। ਗੁਰੂ ਜੀ ਨੇ 1604 ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰ ਦਿੱਤਾ। ਇਸ ਦਾ ਪ੍ਰਕਾਸ਼ ਵੀ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਚ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਸੱਚ ਧਰਮ ਨਾਲ ਜੁੜੇ ਹਿੰਦੁਸਤਾਨ ਦੇ ਹੋਰ ਸੰਤਾਂ ਮਹਾਤਮਾਂ ਤੇ ਫਕੀਰਾਂ ਦੀ ਬਾਣੀ ਸ਼ਾਮਲ ਕੀਤੀ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੀ ਕਿਸਮ ਦਾ ਇਕ ਵਿਲੱਖਣ ਤੇ ਵੱਡਾ ਕਾਰਜ ਸੀ। ਗੁਰੂ ਜੀ ਦੇ ਇਨ੍ਹਾਂ ਦੋਵਾਂ ਮਹਾਨ ਕਾਰਜਾਂ ਨਾਲ ਸਿੱਖ ਧਰਮ ਹੁਣ ਅਹਿਲ-ਏ-ਮੁਕਾਮ ‘ਤੇ ਸੀ। ਇਹ ਇਕ ਨਵੇਂ-ਨਵੇਲੇ ਧਰਮ ਦੇ ਰੂਪ ਵਿਚ ਪ੍ਰਗਟ ਹੋ ਗਿਆ ਸੀ। ਗੁਰਬਾਣੀ ਦਾ ਸਿਧਾਂਤ ਹੁਣ ਲਿਖਤੀ ਰੂਪ ਵਿਚ ਲੋਕਾਂ ਦੇ ਸਾਹਮਣੇ ਪ੍ਰਤੱਖ ਸੀ।
ਸਿੱਖ ਧਰਮ ਦੇ ਪ੍ਰਚਾਰ ਨਾਲ ਬ੍ਰਾਹਮਣਾਂ, ਕਾਜ਼ੀਆਂ ਤੇ ਰਾਜਨੀਤਕ ਹਸਤੀਆਂ ਦਾ ਸਾਰਾ ਪਾਜ ਹੀ ਉਘੜ ਗਿਆ ਸੀ। ਲੋਕਾਂ ਦੇ ਮਨਾਂ ਵਿੱਚੋਂ ਉਨ੍ਹਾਂ ਦਾ ਸਤਿਕਾਰ ਅਤੇ ਉਚਤਾ ਦੀ ਭਾਵਨਾ ਘਟ ਰਹੀ ਸੀ। ਇਸ ਕਰਕੇ ਇਹ ਸਾਰੇ ਵਰਗ ਸਿੱਖ ਧਰਮ ਦੇ ਵਿਕਾਸ ਤੋਂ ਤਿਲਮਿਲਾ ਉੱਠੇ ਸਨ। ਇਨ੍ਹਾਂ ਦੀ ਵੈਰ ਭਾਵਨਾ ਕਰਕੇ ਸ਼ਾਂਤੀ ਦੇ ਪੁੰਜ ਅਤੇ ਸਰਬੱਤ ਦਾ ਭਲਾ ਚਾਹੁਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਦੇਣੀ ਪਈ। 1606 ਈ. ਵਿਚ ਜਹਾਂਗੀਰ ਨੇ ਉਨ੍ਹਾਂ ਨੂੰ ਲਾਹੌਰ ਬੁਲਾਇਆ। ਉਨ੍ਹਾਂ ਨੂੰ 2 ਲੱਖ ਰੁਪਇਆ ਜ਼ੁਰਮਾਨਾ ਭਰਨ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਸ਼ਾਮਲ ਕਰਨ ਲਈ ਆਖਿਆ ਗਿਆ। ਪਰ ਉਨ੍ਹਾਂ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਮੌਤ ਦਾ ਭੈ ਨਹੀਂ ਸੀ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਦੇਣੀ ਠੀਕ ਸਮਝੀ ਪਰ ਉਹ ਸੱਚ ਦੇ ਮਾਰਗ ਤੋਂ ਪਿੱਛੇ ਨਹੀਂ ਹਟੇ।
ਸਿੱਖ ਧਰਮ ਦੇ ਪਿਛੋਕੜ ਤੇ ਸੰਦਰਭ ਨੂੰ ਮੁੱਖ ਰੱਖਦਿਆਂ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਨ੍ਹਾਂ ਦੀ ਸ਼ਹੀਦੀ ਦਾ ਕਾਰਨ ਸਿਰਫ ਚੰਦੂ ਹੀ ਸੀ। ਇਸ ਵਿਚ ਇਸਲਾਮੀ ਰਾਜ-ਸ਼ਕਤੀ ਦੀ ਸਹਿਮਤੀ ਸੀ। ਚੰਦੂ ਨੇ ਬਲਦੀ ‘ਤੇ ਤੇਲ ਪਾਇਆ ਸੀ। ਅੱਗੇ ਜਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿਚ ਇਸੇ ਤਰ੍ਹਾਂ ਦੀ ਭੂਮਿਕਾ ਸੁੱਚਾ ਨੰਦ ਨੇ ਵੀ ਨਿਭਾਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਖੁਦ ਜਹਾਂਗੀਰ ਨੇ ਜਾਰੀ ਕੀਤਾ ਸੀ। ‘ਤੁਜ਼ਕਿ ਜਹਾਂਗੀਰੀ’ ਵਿਚ ਦਿੱਤਾ ਹਵਾਲਾ ਜਹਾਂਗੀਰ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ। ਇਸ ਵਿਚ ਦਰਜ ਹੈ “ਉਸ ਨੂੰ ਲੋਕ ਗੁਰੂ ਆਖਦੇ ਸਨ। ਹਰ ਪਾਸਿਓਂ ਮੂਰਖ ਅਤੇ ਮੂਰਖਾਂ ਦੇ ਪੁਜਾਰੀ ਉਸ ਵੱਲ ਧਾਹ ਕੇ ਆਉਂਦੇ ਸਨ ਅਤੇ ਉਸ ਉੱਤੇ ਪੂਰਾ ਈਮਾਨ ਲਿਆਉਂਦੇ ਸਨ। ਤਿੰਨ-ਚਾਰ ਪੁਸ਼ਤਾਂ ਤੋਂ ਉਨ੍ਹਾਂ ਨੇ ਇਸ ਦੁਕਾਨ ਨੂੰ ਗਰਮ ਕਰ ਰੱਖਿਆ ਸੀ। ਮੁਦਤਾਂ ਤੋਂ ਮੇਰੇ ਮਨ ਵਿਚ ਇਹ ਖਿਆਲ ਆਉਂਦਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਲਿਆਂਦਾ ਜਾਵੇ।”
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਖ਼ਸੀਅਤ ਅਤਿ ਸ਼ਾਂਤਮਈ ਸੀ। ਉਨ੍ਹਾਂ ਦੀ ਬਾਣੀ ਵਿਚ ਸੁਖ ਸ਼ਾਂਤੀ ਦੇ ਭਾਵ ਪ੍ਰਧਾਨ ਹਨ। ਸੁਖਮਨੀ ਸਾਹਿਬ ਦੀ ਬਾਣੀ ਮਨੁੱਖਤਾ ਵਿਚ ਸੁਖ ਦੀ ਵਰਖਾ ਕਰਦੀ ਹੈ। ਇਸ ਦੇ ਬਾਵਜੂਦ ਗੁਰੂ ਜੀ ਨੂੰ ਯਾਸਾ ਦੇ ਅਧੀਨ ਤਸੀਹੇ ਦੇ ਕੇ ਮੌਤ ਦੀ ਸਜ਼ਾ ਦਾ ਹੁਕਮ ਕੀਤਾ ਗਿਆ ਸੀ। ਸਪੱਸ਼ਟ ਹੈ ਕਿ ਇਸ ਦਾ ਉਦੇਸ਼ ਸਿੱਖ ਧਰਮ ਦੇ ਵਿਕਾਸ ਨੂੰ ਰੋਕਣਾ ਅਤੇ ਗੁਰੂ ਸਾਹਿਬਾਨ ਤੋਂ ਲੋਕਾਂ ਦੇ ਵਿਸ਼ਵਾਸ ਨੂੰ ਖ਼ਤਮ ਕਰਨਾ ਸੀ। ਇਸ ਹੁਕਮ ਪਿੱਛੇ ਇਸਲਾਮ ਦੇ ਅਖੌਤੀ ਧਾਰਮਿਕ ਲੋਕਾਂ ਦੀ ਸੰਮਤੀ ਵੀ ਨਾਲ ਸੀ। ਇਸ ਵਿਚ ਕਾਜ਼ੀਆਂ ਮੁੱਲਾਂ ਤੋਂ ਇਲਾਵਾ ਸ਼ੇਖ ਅਹਿਮਦ ਨਕਸ਼ਬੰਦੀ ਸਰਹੰਦੀ ਵਰਗੀਆਂ ਧਾਰਮਕ ਹਸਤੀਆਂ ਦਾ ਵੀ ਹੱਥ ਹੋਣ ਦੇ ਸਬੂਤ ਵੀ ਮਿਲਦੇ ਹਨ।
ਗੁਰੂ ਜੀ ਨੂੰ ਅਤਿ ਕਸ਼ਟਦਾਇਕ ਤਸੀਹੇ ਦਿੱਤੇ ਗਏ। ਸਾਂਈਂ ਮੀਆਂ ਮੀਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੇ ਗਏ ਤਸੀਹਿਆਂ ਨੂੰ ਦੇਖ ਕੇ ਬਹੁਤ ਦੁਖੀ ਹੋਏ। ਉਨ੍ਹਾਂ ਨੇ ਗੁਰੂ ਜੀ ਤੋਂ ਦਿੱਲੀ ਸਰਕਾਰ ਅੱਗੇ ਰੋਸ ਪ੍ਰਗਟ ਕਰਨ ਦੀ ਮੰਗ ਕੀਤੀ। ਪਰ ਗੁਰੂ ਜੀ ਤੱਤੀ ਤਵੀ ‘ਤੇ ਬੈਠ ਕੇ ਵੀ ਸ਼ਾਂਤਚਿਤ ਅਤੇ ਅਡੋਲ ਸਨ। ਉਨ੍ਹਾਂ ਨੇ ਸਾਂਈਂ ਮੀਆਂ ਮੀਰ ਜੀ ਨੂੰ ਕਿਹਾ ਕਿ ਇਹ ਸਭ ਕੁਝ ਰੱਬ ਦੇ ਭਾਣੇ ਵਿਚ ਹੈ। ਭਾਣੇ ਵਿਚ ਰਹਿਣ ਵਿਚ ਹੀ ਪਰਮਾਤਮਾ ਦੀ ਖੁਸ਼ੀ ਹੈ। ਉਨ੍ਹਾਂ ਨੇ ਸੰਸਾਰ ਨੂੰ ਭਾਣੇ ਵਿਚ ਰਹਿਣ ਦਾ ਸੰਦੇਸ਼ ਦਿੱਤਾ ਅਤੇ ਪ੍ਰਤੱਖ ਰੂਪ ਵਿਚ ਭਾਣਾ ਮੰਨ ਕੇ ਗੁਰਮੁਖ ਦੇ ਆਦਰਸ਼ ਨੂੰ ਸਾਕਾਰ ਕੀਤਾ:
ਗੁਰਮੁਖਿ ਤੇਰਾ ਭਾਣਾ ਭਾਵੈ॥
ਸਹਜੇ ਹੀ ਸੁਖੁ ਸਚੁ ਕਮਾਵੈ॥ (ਪੰਨਾ 1063)
ਤੇਰਾ ਕੀਆ ਮੀਠਾ ਲਾਗੈ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ (ਪੰਨਾ 394)
ਗੁਰੂ ਜੀ ਦੀ ਸ਼ਹੀਦੀ ਇਕ ਆਦਰਸ਼ਕ ਅਤੇ ਮਹਾਨ ਸ਼ਹੀਦੀ ਸੀ। ਉਨ੍ਹਾਂ ਨੇ ਮਨੁੱਖਤਾ ਦੀ ਭਲਾਈ ਹਿਤ ਸ਼ਹੀਦੀ ਦਿੱਤੀ। ਉਨ੍ਹਾਂ ਨੇ ਰੱਬ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਿਆ ਤੇ ਧੀਰਜ ਰੱਖਦਿਆਂ ਤੇ ਸ਼ਾਂਤ ਰਹਿੰਦਿਆਂ ਅਸਹਿ ਤੇ ਅਕਹਿ ਕਸ਼ਟ ਸਹਾਰੇ। ਭਾਰਤੀ ਪਰੰਪਰਾ ਵਿਚ ਇਹ ਪਹਿਲੀ ਸ਼ਹਾਦਤ ਸੀ ਜੋ ਕਿਸੇ ਮਹਾਂਪੁਰਖ ਨੇ ਧਰਮ ਦੀ ਖਾਤਰ ਦਿੱਤੀ ਸੀ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂਦੇ ਸਿਰਤਾਜ ਆਖਿਆ ਜਾਂਦਾ ਹੈ।
ਸਾਡਾ ਵੀ ਇਹ ਫਰਜ਼ ਹੈ ਕਿ ਅਸੀਂ ਗੁਰੂ-ਚਰਨਾਂ ਵਿਚ ਆਪਣਾ ਤਨ, ਮਨ, ਧਨ ਅਰਪਨ ਕਰ ਕੇ ਸਿੱਖ-ਸਿਧਾਂਤਾਂ ਦਾ ਪ੍ਰਚਾਰ ਕਰੀਏ ਤੇ ਗੁਰਬਾਣੀ ਦਾ ਚਾਨਣ ਜੱਗ ਵਿਚ ਫੈਲਾਈਏ।
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008