editor@sikharchives.org

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪ੍ਰਮੁੱਖ ਕਾਰਨ ਤੇ ਪ੍ਰਭਾਵ

ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਲਾਸਾਨੀ ਸ਼ਹੀਦ ਹਨ ਜਿਨ੍ਹਾਂ ਨੇ ਸ਼ਾਂਤਮਈ ਰਹਿੰਦਿਆਂ ਹੋਇਆਂ ਧਰਮ, ਸੱਚ ਤੇ ਮਨੁੱਖਤਾ ਦੀ ਭਲਾਈ ਹਿਤ ਮਹਾਨ ਕੁਰਬਾਨੀ ਦਿੱਤੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ (ਪੰਨਾ 1365)

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ‘ਅਦੁੱਤੀ ਸ਼ਹਾਦਤ’ ਹੈ ਜੋ ਕਿਸੇ ਮਹਾਨ ਆਦਰਸ਼ ਲਈ ਦਿੱਤੀ ਗਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਲਾਸਾਨੀ ਸ਼ਹੀਦ ਹਨ ਜਿਨ੍ਹਾਂ ਨੇ ਸ਼ਾਂਤਮਈ ਰਹਿੰਦਿਆਂ ਹੋਇਆਂ ਧਰਮ, ਸੱਚ ਤੇ ਮਨੁੱਖਤਾ ਦੀ ਭਲਾਈ ਹਿਤ ਮਹਾਨ ਕੁਰਬਾਨੀ ਦਿੱਤੀ। ਪੰਚਮ ਪਾਤਸ਼ਾਹ ਨੇ “ਆਪਣੀ ਸ਼ਹਾਦਤ ਦੇ ਕੇ ‘ਗੁਰ ਸੰਗਤ’ ਅਤੇ ‘ਬਾਣੀ’ ਦੇ ਆਸਰੇ ਖੜ੍ਹੇ ਸਿੱਖੀ ਮਹਿਲ ਨੂੰ ਮਜ਼ਬੂਤ ਕੀਤਾ ਤੇ ਦੁਨੀਆਂ ਨੂੰ ਜਿੱਥੇ ਜੀਵਨ ਜਿਊਣ ਦੀ ਜਾਚ ਦੱਸੀ ਉੁੱਥੇ ਮਰਨ ਦਾ ਵਲ਼ ਵੀ ਸਿਖਾਇਆ।”1 ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਐਸੀ ਮਰਨੀ’ ਸੰਬੰਧੀ ਸੁਝਾਏ ਗੁੱਝੇ ਭਾਵ ਨੂੰ ਆਪਣੀ ਸ਼ਹੀਦੀ ਦੁਆਰਾ ਸਾਕਾਰ ਕਰ ਕੇ ਵਿਖਾ ਦਿੱਤਾ। ਭਗਤ ਕਬੀਰ ਜੀ ਫ਼ੁਰਮਾਉਂਦੇ ਹਨ:

ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥ (ਪੰਨਾ 555)

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦੇ ਕੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਵਾਕ “ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ” (ਪੰਨਾ 757) ਨੂੰ ਅਮਲੀ ਰੂਪ ਦਿੱਤਾ ਅਤੇ ਆਪਣੀ ਬਾਣੀ ਵਿਚ ਦਰਸਾਏ ਹੇਠ ਲਿਖੇ ਮਹਾਨ ਆਦਰਸ਼ ਨੂੰ ਵੀ ਸੰਪੂਰਨ ਕੀਤਾ:

ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ॥
ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ॥
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ॥
ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ॥
ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆਹੂ ਕਉ ਦਉਰਿਓ॥
ਆਗਿਆ ਮਹਿ ਭੂਖ ਸੋਈ ਕਰਿ ਸੂਖਾ ਸੋਗ ਹਰਖ ਨਹੀ ਜਾਨਿਓ॥
ਜੋ ਜੋ ਹੁਕਮੁ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ॥
ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ॥
ਧੰਨੁ ਸੇਵਕੁ ਸਫਲੁ ਓਹੁ ਆਇਆ ਜਿਨਿ ਨਾਨਕ ਖਸਮੁ ਪਛਾਤਾ॥ (ਪੰਨਾ 1000)

ਸ਼ਾਂਤੀ ਦੇ ਪੁੰਜ, ਪੰਜਵੇਂ ਪਾਤਸ਼ਾਹ ਤਪਦੀ ਲੋਹ ਤੇ ਉਬਲਦੀ ਦੇਗ ਵਿਚ ਬੈਠ ਕੇ ਵੀ ਉਚਾਰ ਰਹੇ ਸਨ:

ਤੇਰਾ ਕੀਆ ਮੀਠਾ ਲਾਗੈ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ (ਪੰਨਾ 394)

ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ॥
ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ॥ (ਪੰਨਾ 726)

ਸਿੱਖੀ-ਆਦਰਸ਼ ਦੀ ਸੰਪੂਰਨਤਾ ਲਈ ਅਕਹਿ ਕਸ਼ਟਾਂ ਨੂੰ ਸਹਾਰਦੇ ਸਮੇਂ ਜੋ ਉੱਚੀ ਅਵਸਥਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਹੀ, ਉਸ ਦਾ ਵਰਣਨ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿਚ ਇਉਂ ਕੀਤਾ ਹੈ:

ਰਹਿਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ।
ਦਰਸਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ।
ਸਬਦ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰੁ ਨ ਆਣੀ।
ਚਰਣ ਕਵਲ ਮਿਲਿ ਭਵਰ ਜਿਉ ਸੁਖ ਸੰਪਟ ਵਿਚਿ ਰੈਣਿ ਵਿਹਾਣੀ।
ਗੁਰੁ ਉਪਦੇਸੁ ਨ ਵਿਸਰੈ ਬਾਬੀਹੇ ਜਿਉ ਆਖ ਵਖਾਣੀ।
ਗੁਰਮੁਖਿ ਸੁਖ ਫਲੁ ਪਿਰਮ ਰਸੁ ਸਹਜ ਸਮਾਧਿ ਸਾਧਸੰਗਿ ਜਾਣੀ।
ਗੁਰ ਅਰਜਨ ਵਿਟਹੁ ਕੁਰਬਾਣੀ॥ (ਵਾਰ 24:23)

ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਸੱਚੇ ਆਦਰਸ਼ ਲਈ ਆਪਣੀ ਜਾਨ ਕੁਰਬਾਨ ਕਰ ਦੇਣੀ ਸ਼ਹਾਦਤ ਹੈ ਅਤੇ ਸ਼ਹੀਦ ਉਸ ਨੂੰ ਕਹਿੰਦੇ ਹਨ ਜੋ ਕਿਸੇ ਗੱਲ ਦੇ ਸੱਚੇ ਹੋਣ ਦੀ ਗਵਾਹੀ ਦਿੰਦਾ ਹੈ। ਸਾਧਾਰਨ ਬੁੱਧੀ ਵਾਲੇ ਆਦਮੀ ਸਰੀਰ ਤੋਂ ਪਰ੍ਹੇ ਕੁਝ ਨਹੀਂ ਵੇਖ ਸਕਦੇ, ਇਸ ਲਈ ਸ਼ਹੀਦ ਦੀ ਮੌਤ ਹੋਣ ਤੋਂ ਬਾਅਦ ਸਮਝਦੇ ਹਨ ਕਿ ਸ਼ਹੀਦ ਸਦਾ ਦੀ ਨੀਂਦੇ ਸੌਂ ਗਿਆ ਹੈ। ਜ਼ਾਲਮ ਵੀ ਇਹ ਸਮਝਦਾ ਹੈ ਕਿ ਕਿਸੇ ਆਦਮੀ ਨੂੰ ਮਰਵਾ ਦੇਣ ਨਾਲ ਉਸ ਦਾ ਆਦਰਸ਼ ਖਤਮ ਕਰ ਦਿੱਤਾ ਹੈ ਪਰ ਉਹ ਨਹੀਂ ਜਾਣਦਾ ‘ਸਦਾ ਕੌਮ ਦੇ ਰਹਿਣ ਸ਼ਹੀਦ ਜਿੰਦਾ’ ਭਾਵ ਸ਼ਹੀਦ ਅਮਰ ਹੁੰਦੇ ਹਨ।

ਕਿਸੇ ਸ਼ਾਇਰ ਨੇ ਕਿੰਨੇ ਸੁੰਦਰ ਸ਼ਬਦਾਂ ਵਿਚ ਕਿਹਾ ਹੈ:

ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ।
ਹਯਾਤ ਤੋ ਹਯਾਤ ਯਹਾਂ ਮੌਤ ਭੀ ਹਯਾਤ ਹੈ।

ਸ਼ਹੀਦਾਂ ਦੇ ਖੂਨ ਨਾਲ ਮੁਰਦਾ ਕੌਮਾਂ ਦੇ ਜੀਵਨ ਵਿਚ ਵੀ ਦੁਬਾਰਾ ਖੇੜਾ ਆ ਜਾਂਦਾ ਹੈ। ਜਿਸ ਤਰ੍ਹਾਂ ਖੂਨ ਦਾ ਦੌਰਾ ਸਰੀਰ ਨੂੰ ਜਿਊਂਦਾ ਰੱਖਣ ਵਿਚ ਸਹਾਈ ਹੁੰਦਾ ਹੈ ਉਸੇ ਤਰ੍ਹਾਂ, ਉੱਚੇ ਆਦਰਸ਼ ਲਈ ਡੁੱਲ੍ਹਿਆ ਖੂਨ ਕੌਮਾਂ ਨੂੰ ਸਦਾ ਜਿਊਂਦਿਆਂ ਰੱਖਦਾ ਹੈ:

ਜਾਂ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ।
ਰੰਬੀਆਂ ਨਾਲ ਖੋਪਰ ਲਹਿੰਦੇ ਜਾਂ, ਤਕਦੀਰ ਬਦਲਦੀ ਕੌਮਾਂ ਦੀ।
ਕੋਈ ਦੇਗਾਂ ਦੇ ਵਿਚ ਉਬਲੇ ਜਾਂ, ਸ਼ਾਂਤੀ ਦੇ ਸੋਮੇ ਵਗ ਪੈਂਦੇ।
ਜਾਂ ਚਰਬੀ ਢਲੇ ਸ਼ਹੀਦਾਂ ਦੀ, ਆਸਾਂ ਦੇ ਦੀਵੇ ਜਗ ਪੈਂਦੇ।
ਜਾਂ ਟੁੱਟਦੇ ਤਾਰੇ ਅੱਖੀਆਂ ਦੇ, ਰੂਹਾਂ ਵਿਚ ਚਾਨਣ ਹੋ ਜਾਵੇ।
ਉਸਰੇ ਜਾਂ ਕੰਧ ਮਸੂਮਾਂ ਦੀ, ਢੱਠੀ ਹੋਈ ਕੌਮ ਖਲੋ ਜਾਵੇ। (ਕੁੰਦਨ ਕਵੀ)

ਲੋਕਾਂ ਦੀਆਂ ਨਜ਼ਰਾਂ ਵਿਚ ਸ਼ਹੀਦ ਸਦਾ ਦੀ ਨੀਂਦ ਸੌਂ ਗਿਆ ਪਰ ਉਸ ਦੀ ਇਸ ਖ਼ਾਮੋਸ਼ ਮਸਤੀ ਵਿਚ ਵਿਘਨ ਪਾਉਣ ਦਾ ਹੌਸਲਾ ਤਾਂ ਲੋਹੇ ਦੇ ਨਿਰਜੀਵ ਇੰਜਣਾਂ ਨੂੰ ਵੀ ਨਹੀਂ ਪੈਂਦਾ। ਉਹ ਵੀ ਇਸ ਮਿੱਠੀ ਨੀਂਦ ਸੁੱਤੇ ਸ਼ਹੀਦ ਦੇ ਚਰਨਾਂ ’ਤੇ ਝੁਕ ਜਾਂਦੇ ਹਨ ਤੇ ਅੱਗੇ ਤੁਰਨ ਤੋਂ ਇਨਕਾਰ ਕਰ ਦਿੰਦੇ ਹਨ:

ਵਾਹ ਮਿੱਠੀਏ ਨੀਂਦੇ ਸਵਰਗ ਦੀਏ, ਸਭ ਤੇਰੇ ਅੱਗੇ ਝੁਕ ਜਾਂਦੇ।
ਲਹੂ ਵੇਖ ਕੇ ਤੇਰੇ ਆਸ਼ਕ ਦਾ, ਗੱਡੀਆਂ ਦੇ ਇੰਜਣ ਰੁਕ ਜਾਂਦੇ।
ਕੌਮਾਂ ’ਤੇ ਜੀਵਨ ਆ ਜਾਵੇ, ਤੇ ਮੁਰਝਾਇਆ ਜੀਵਨ ਖਿੜ ਜਾਵੇ।
ਅਰਸ਼ਾਂ ’ਤੇ ਜੈ ਜੈਕਾਰ ਹੋਵੇ, ਫਰਸ਼ਾਂ ’ਤੇ ਕੰਬਣੀ ਛਿੜ ਜਾਵੇ। (ਕੁੰਦਨ ਕਵੀ)

ਸ਼ਹੀਦ ਦੀ ਮੌਤ ਦੇ ਦੋ ਪਹਿਲੂ

ਸ਼ਹੀਦ ਦੀ ਮੌਤ ਦੇ ਦੋ ਪਹਿਲੂ ਹੁੰਦੇ ਹਨ : 1. ਸ਼ਹੀਦ ਦੀ ਮੌਤ ਜ਼ਾਲਮ ਦਾ ਮਨ ਠੰਡਾ ਕਰ ਦਿੰਦੀ ਹੈ ਤੇ ਉਹ ਜ਼ੁਲਮ ਕਰਨ ਤੋਂ ਬਾਜ਼ ਆ ਜਾਂਦਾ ਹੈ। 2. ਜੇ ਉਹ ਜ਼ੁਲਮ ਕਰਨ ਤੋਂ ਬਾਜ਼ ਨਾ ਆਵੇ ਤੇ ਉਸ ਦੀ ਛਾਤੀ ਵਿਚ ਦਿਲ ਦੀ ਥਾਂ ਪੱਥਰ ਦਾ ਟੁਕੜਾ ਹੋਵੇ ਤਾਂ ਸ਼ਹੀਦ ਦਾ ਲਹੂ ਉਸ ਅਨਿਆਂ ਅਤੇ ਧੱਕੇ ਦੇ ਵਿਰੁੱਧ ਖੜ੍ਹਾ ਕਰ ਦਿੰਦਾ ਹੈ ਤੇ ਇਉਂ ਭਾਰੀ ਇਨਕਲਾਬੀ ਚੇਤਨਾ ਨੂੰ ਪ੍ਰਚੰਡ ਕਰਨ ਤੇ ਉਸਾਰੂ ਤਬਦੀਲੀਆਂ ਲਿਆਉਣ ਦਾ ਆਧਾਰ ਬਣਦਾ ਹੈ। ਮੁਰਦਾ ਹੋ ਚੁਕੀਆਂ ਕੌਮਾਂ ਵੀ ਸ਼ਹੀਦ ਦੀ ਕੁਰਬਾਨੀ ਵੇਖ ਕੇ ਦੁਸ਼ਮਣ ਨਾਲ ਟੱਕਰ ਲੈਣ ਲਈ ਤਿਆਰ ਹੋ ਜਾਂਦੀਆਂ ਹਨ ਤੇ ਰਣ-ਤੱਤੇ ਵਿਚ ਜੂਝਣ ਲਈ ਸਮਰੱਥ ਬਣ ਜਾਂਦੀਆਂ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਭੀ ਇਸੇ ਯੂਨੀਵਰਸਲ ਨਿਯਮ ਦੇ ਅਧੀਨ ਹੋਈ, ਭਾਵੇਂ ਚਲਾਕ ਹਾਕਮਾਂ ਨੇ ਆਪ ਦੀ ਸ਼ਹਾਦਤ ਘਟਾਉਣ ਲਈ ਉਸ ਨੂੰ ਇਕ ਮਾਮੂਲੀ ਹਾਕਮ ਚੰਦੂ ਦੇ ਮੱਥੇ ਮੜ੍ਹਨ ਦਾ ਯਤਨ ਕੀਤਾ ਤੇ ਉਸ ਦੇ ਅਸਲ ਕਾਰਨਾਂ ’ਤੇ ਪੜਦਾ ਪਾਈ ਰੱਖਣ ਦੇ ਯਤਨ ਕੀਤੇ ਪਰ ਅਸਲੀ ਭੇਦ ਬਹੁਤ ਦੇਰ ਤਕ ਲੁਕਾਇਆ ਨਾ ਜਾ ਸਕਿਆ।2
ਪੰਚਮ ਪਾਤਸ਼ਾਹ ਦੀ ਸ਼ਹਾਦਤ ਆਦਰਸ਼ਕ ਹੈ। ਭਾਰਤੀ ਪਰੰਪਰਾ ਵਿਚ ਇਹ ਪਹਿਲੀ ਸ਼ਹਾਦਤ ਸੀ ਜੋ ਕਿਸੇ ਮਹਾਂਪੁਰਖ ਨੇ ਧਰਮ ਦੀ ਖ਼ਾਤਰ ਦਿੱਤੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ‘ਸ਼ਹੀਦਾਂ ਦੇ ਸਿਰਤਾਜ’ ਕਿਹਾ ਜਾਂਦਾ ਹੈ। ਇਸ ਸੰਦਰਭ ਵਿਚ ਕੁਝ ਵਿਦਵਾਨਾਂ ਦੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਦੀ ਹਾਂ: “ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਪਾਵਨ ਸ਼ਹੀਦ ਹਨ, ਜਿਨ੍ਹਾਂ ਨੇ ਸ਼ਾਂਤਮਈ ਰਹਿ ਕੇ, ਬਹੁਤ ਕਸ਼ਟ ਸਹਾਰ ਕੇ ਸ਼ਾਨਦਾਰ ਕੁਰਬਾਨੀ ਕੀਤੀ ਹੈ। ਸਿੱਖੀ ਆਦਰਸ਼ ਨੂੰ ਬਚਾਉਣ ਲਈ ਆਪ ਨੇ ਅਦੁੱਤੀ ਸ਼ਹੀਦੀ ਪਾਈ ਹੈ।”3  “ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਕੌਮ ਦੀ ਪਹਿਲੀ ਤੇ ਸਿਰਤਾਜ ਸ਼ਹਾਦਤ ਹੈ। ਪਹਿਲੀ ਇਸ ਕਰਕੇ, ਕਿਉਂਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਹੋਰ ਸ਼ਹਾਦਤ ਨਹੀਂ ਹੋਈ, ਤੇ ਸਿਰਤਾਜ ਇਸ ਕਰਕੇ, ਕਿਉਂਕਿ ਇਸ ਸ਼ਹਾਦਤ ਨੇ ਪੰਜਾਬ-ਭਾਰਤ ਦੀ ਰੰਗ-ਭੂਮੀ ਤੋਂ ਜਿਹੜੀ ਅਮੀਰ ਤੇ ਅਮਰ ਸ਼ਹੀਦ-ਪ੍ਰੰਪਰਾ ਦਾ ਪ੍ਰਾਰੰਭ ਕੀਤਾ ਹੈ, ਉਸ ਦੀ ਸਿਰਤਾਜਗੀ ਗੁਰੂ ਅਰਜਨ ਪਾਤਸ਼ਾਹ ਨੇ ਕੀਤੀ ਹੈ…ਸਿੱਖ ਕੌਮ ਦੀ ਸਾਰੀ ਉਸਾਰੀ ਭਾਵੇਂ ‘ਆਦਰਸ਼ ਦੀ ਸ਼ਕਤੀ’ ਉਤੇ ਹੋਈ ਹੈ, ਪਰ ਨੀਂਹਾਂ ਵਿਚ ਜਿਹੜੀ ‘ਸ਼ਹਾਦਤ- ਸ਼ਿਲਾ’ ਰੱਖੀ ਗਈ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ‘ਸ਼ਹਾਦਤ’ ਉਸ ‘ਸ਼ਹਾਦਤ-ਸ਼ਿਲਾ’ ਦਾ ਪਹਿਲਾ ਦਿੱਬ ਚਮਤਕਾਰ ਹੈ।”

“ਸਾਡੇ ਦੇਸ਼ ਪੰਜਾਬ ਦੀ ਧਰਤੀ ’ਤੇ ਬੇਸ਼ੁਮਾਰ ਕੁਰਬਾਨੀਆਂ ਤੇ ਸ਼ਹੀਦੀਆਂ ਹੋਈਆਂ। ਕੌਮ ਦੀਆਂ ਨੀਂਹਾਂ ਪੱਕੀਆਂ ਕਰਨ ਲਈ, ਜ਼ੰਜੀਰਾਂ ਵਿਚ ਜਕੜੇ ਦੇਸ਼ ਦੀ ਖ਼ਾਤਰ, ਦੁਖੀਆਂ, ਮਜ਼ਲੂਮਾਂ ਦੇ ਹੰਝੂਆਂ ਨੂੰ ਠੰਡਾ ਕਰਨ ਲਈ, ਆਰਿਆਂ ਦੇ ਦੰਦਿਆਂ ਨੂੰ ਮੋੜਨ, ਰੰਬੀਆਂ ਨੂੰ ਖੁੰਢੇ ਕਰਨ ਅਤੇ ਫਾਂਸੀ ਦੇ ਤਖ਼ਤਿਆਂ ਨੂੰ ਚਕਨਾਚੂਰ ਕਰਨ ਲਈ ਪਾਤਰਾਂ ਨੇ ਆਪਣੇ-ਆਪਣੇ ਪਾਰਟਾਂ ਨੂੰ ਸਮੇਂ ਸਿਰ ਅਦਾ ਕੀਤਾ। ਆਖਰ ਜੇ ਗਹੁ ਨਾਲ ਸੋਚਿਆ ਜਾਏ ਕਿ ਇਸ ਦਾ ਬਾਨੀ ਹੈ ਕੌਣ, ਜਿਸ ਨੇ ਪਰਵਾਨੇ ਨੂੰ ਸ਼ਮ੍ਹਾਂ ਤੋਂ ਕੁਰਬਾਨ ਹੋਣ ਦੀ ਜਾਚ ਦੱਸੀ, ਜਿਸ ਨੇ ਫਾਂਸੀ ਦੇ ਤਖ਼ਤੇ ਉੱਤੇ ਖੁਸ਼ੀ ਦੇ ਗੀਤ ਗਾਉਂਦੇ ਹੋਏ ਝੂਲਣਾ ਸਿਖਾਇਆ, ਤਾਂ ਉਹ ਸਨ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਸ੍ਰੀ ਗੁਰੂ ਅਰਜਨ ਦੇਵ ਜੀ। ਸ਼ਹੀਦ ਸਭ ਕੌਮਾਂ ਵਿਚ ਹੁੰਦੇ ਆਏ ਹਨ ਤੇ ਕੋਈ ਕੌਮ ਵੀ ਆਪਣੇ ਆਦਰਸ਼ ਵਿਚ ਸ਼ਹੀਦੀ ਕਰਤੱਵਾਂ ਦਾ ਦਿਖਾਵਾ ਕੀਤੇ ਬਿਨਾਂ ਵਧ-ਫੁਲ ਨਹੀਂ ਸਕਦੀ।”4

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪ੍ਰਮੁੱਖ ਕਾਰਨ ਨੂੰ ਜਾਣਨਾ ਸਾਡੇ ਲੇਖ ਦਾ ਵਿਸ਼ਾ ਹੈ ਪਰ ਇਤਿਹਾਸਕਾਰਾਂ ਨੇ ਸ਼ਹਾਦਤ ਸੰਬੰਧੀ ਜਿਨ੍ਹਾਂ ਹੋਰ ਕਾਰਨਾਂ ਦਾ ਜ਼ਿਕਰ ਕੀਤਾ ਹੈ, ਪਹਿਲਾਂ ਉਨ੍ਹਾਂ ਸੰਬੰਧੀ ਸੰਖੇਪ ਵਿਚਾਰ ਕਰਦੇ ਹਾਂ:

1. ਸਿੱਖ ਜਥੇਬੰਦੀ ਦੀ ਵਧਦੀ ਹੋਈ ਸ਼ਕਤੀ, ਜਿਸ ਤੋਂ ਮੁਗ਼ਲ ਹਕੂਮਤ ਨੂੰ ਇਕ ਖ਼ਤਰਾ ਲੱਗ ਰਿਹਾ ਸੀ, ਨੂੰ ਇਕ ਕਾਰਨ ਮੰਨਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਕ ਸਿੱਖ ਧਰਮ ਦਾ ਬਹੁਤ ਵਿਕਾਸ ਹੋ ਚੁਕਾ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਨਿਰਮਾਣ ਤੋਂ ਬਾਅਦ ਤਰਨਤਾਰਨ, ਕਰਤਾਰਪੁਰ, ਹਰਿਗੋਬਿੰਦਪੁਰ ਆਦਿ ਨਗਰਾਂ ਦੀ ਉਸਾਰੀ, ਮਸੰਦ ਪ੍ਰਥਾ ਦੀ ਸਥਾਪਨਾ ਦੁਆਰਾ ਸਿੱਖ ਧਰਮ ਦਾ ਦੂਰ-ਦੁਰਾਡੇ ਦੇ ਪ੍ਰਦੇਸਾਂ ਵਿਚ ਪ੍ਰਚਾਰ, ਅਰਬ ਦੇਸ਼ਾਂ ਨਾਲ ਘੋੜਿਆਂ ਦੇ ਵਪਾਰ ਰਾਹੀਂ ਆਰਥਕ ਖੁਸ਼ਹਾਲੀ, ਸਿੱਖਾਂ ਦੇ ਵੱਖਰੇ ਪਵਿੱਤਰ ਧਾਰਮਿਕ ਗ੍ਰੰਥ ਦੀ ਸੰਪਾਦਨਾ ਆਦਿ ਕਾਰਜਾਂ ਨਾਲ ਸਿੱਖ ਲਹਿਰ ਨੇ ਇਕ ਸੰਗਠਿਤ ਰੂਪ ਧਾਰਨਾ ਸ਼ੁਰੂ ਕਰ ਦਿੱਤਾ ਸੀ।

ਗੁਰੂ ਜੀ ਦੇ ਸਮਕਾਲੀ ਮੁਸਲਮਾਨ ਇਤਿਹਾਸਕਾਰ, ਮੁਹਸਿਨ ਫ਼ਾਨੀ ਦੇ ਬਿਆਨ ਅਨੁਸਾਰ,

“ਹਰ ਇਕ ਗੁਰੂ ਸਾਹਿਬ ਦੀ ਗੁਰਿਆਈ ਸਮੇਂ ਸਿੱਖਾਂ ਦੀ ਗਿਣਤੀ ਵਧਦੀ ਹੀ ਰਹੀ ਹੈ ਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਾਂ ਇਹ ਬਹੁਤ ਵਧ ਗਈ ਸੀ। ਉਹ ਅਕਸਰ ਸ਼ਹਿਰਾਂ ਵਿਚ ਰਹਿ ਰਹੇ ਸਨ ਅਤੇ ਕੋਈ ਵੀ ਅਜਿਹਾ ਸ਼ਹਿਰ ਨਹੀਂ ਸੀ, ਜਿਸ ਵਿਚ ਕੁਝ ਨਾ ਕੁਝ ਸਿੱਖ ਵੱਸ ਨਹੀਂ ਰਹੇ ਸਨ।” (ਦਬਿਸਤਾਨੇ ਮਜ਼ਾਹਿਬ, ਪੰਨਾ 233)5

ਸ਼੍ਰੀ ਗੋਕਲ ਚੰਦ ਨਾਰੰਗ ਲਿਖਦਾ ਹੈ:

“ਇਕ ਕਿਸਮ ਦੀ ਰਿਆਸਤ ਗੁਰੂ ਜੀ ਦੇ ਵੇਲੇ ਤੋਂ ਬਣਨੀ ਸ਼ੁਰੂ ਹੋ ਗਈ ਸੀ।” ਸ਼੍ਰੀ ਬੈਨਰਜੀ ਵੀ ਇਹੋ ਗੱਲ ਕਹਿੰਦਾ ਹੈ: “1604 ਨੂੰ ਸਿੱਖਾਂ ਨੇ ਇਕ ਮਜ਼ਬੂਤ ਜਥੇਬੰਦੀ ਬਣਾ ਲਈ ਸੀ। ਸੰਗਤਾਂ ਅਤੇ ਮਸੰਦਾਂ ਨਾਲ ਗੁੰਦੀ ਜਥੇਬੰਦੀ ਨੇ ਸਿੱਖਾਂ ਨੂੰ ਇਕੱਠਿਆਂ ਕਰ ਦਿੱਤਾ।”

ਮਿ. ਮੈਲਕਮ ਦੀ ਲਿਖੀ ਹੋਈ ਗੱਲ ਵੀ ਵਰਣਨ ਯੋਗ ਹੈ। ਉਹ ਲਿਖਦਾ ਹੈ:

“ਗੁਰੂ ਅਰਜਨ ਜੀ ਪਹਿਲੇ ਗੁਰੂ ਸਨ, ਜਿਨ੍ਹਾਂ ਨੇ ਅਸੂਲਾਂ ਨੂੰ ਖਾਸ ਮਰਯਾਦਾ ਵਿਚ ਬੰਨ੍ਹਿਆ। ਇਸੇ ਦਾ ਸਦਕਾ ਸਿੱਖ ਇਕ ਦੂਜੇ ਦੇ ਨੇੜੇ ਹੋਏ ਤੇ ਉਨ੍ਹਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ। ਇਨ੍ਹਾਂ ਕਾਮਯਾਬੀਆਂ ਨੇ ਹੀ ਗੁਰੂ ਜੀ ਦਾ ਅੰਤ ਕੀਤਾ। ਮੁਗ਼ਲ ਹਕੂਮਤ ਨੇ ਸਿੱਖੀ ਦੇ ਪਸਾਰ ਨੂੰ ਦੇਖ ਕੇ ਜੋਸ਼ ਖਾਧਾ ਤੇ ਗੁਰੂ ਜੀ ਨੂੰ ਆਪਣੀ ਕੁਰਬਾਨੀ ਦੇਣੀ ਪਈ।”6 ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦਰਬਾਰ ਸ਼ਾਹੀ ਸ਼ਾਨੋ-ਸ਼ੌਕਤ ਵਾਲਾ ਦ੍ਰਿਸ਼ ਪੇਸ਼ ਕਰਦਾ ਸੀ। ਘੋੜਿਆਂ ਦੀ ਆਮਦ, ਵਿਸ਼ਾਲ ਇਮਾਰਤਾਂ ਦਾ ਨਿਰਮਾਣ ਅਤੇ ਸਿੱਖਾਂ ਵੱਲੋਂ ਕੀਮਤੀ ਭੇਟਾਵਾਂ ਤੇ ਮਾਇਆ ਤੋਂ ਕਿਸੇ ਵੱਡੇ ਮਹਾਰਾਜੇ ਦਾ ਦਰਬਾਰ ਲੱਗਦਾ ਸੀ। ਇੱਥੋਂ ਤਕ ਕਿ ਸਿੱਖ ਸ਼ਰਧਾਲੂਆਂ ਨੇ ਗੁਰੂ ਸਾਹਿਬ ਨੂੰ ‘ਸੱਚਾ ਪਾਤਸ਼ਾਹ’ ਕਹਿਣਾ ਸ਼ੁਰੂ ਕਰ ਦਿੱਤਾ ਸੀ ਜੋ ਕਿ ਉਸ ਸਮੇਂ ਦੇ ਬਾਦਸ਼ਾਹ ਲਈ ਬਰਦਾਸ਼ਤ ਕਰਨਾ ਮੁਸ਼ਕਿਲ ਸੀ। “ਗੁਰੂ-ਘਰ ਦੇ ਪ੍ਰੇਮੀਆਂ, ਸੇਵਕਾਂ ਤੇ ਸ਼ਰਧਾਵਾਨ ਸਿਦਕਵਾਨਾਂ ਦੀ ਵਧ ਰਹੀ ਬੇ-ਬਹਾ ਗਿਣਤੀ ਅਤੇ ਗੁਰੂ ਸਾਹਿਬ ਪ੍ਰਤੀ ਸੇਵਕਾਂ ਵੱਲੋਂ ਅੰਤਾਂ ਦੀ ਨਿਸ਼ਟਤਾ ਸਰਕਾਰ ਦੀ ਸਿਰਦਰਦੀ ਦਾ ਕਾਰਨ ਬਣਦੀ-ਬਣਦੀ ਜ਼ਾਤੀ ਰੰਜ਼ਿਸ਼ ਦਾ ਰੂਪ ਧਾਰਨ ਕਰ ਗਈ। ਸਰਕਾਰ ਨੇ ਗੁਰੂ-ਪੰਥ ਦੀ ਚੜ੍ਹਦੀ ਕਲਾ ਨੂੰ ਰਾਜਸੀ, ਧਾਰਮਿਕ ਅਤੇ ਪ੍ਰਬੰਧਕੀ ਕਾਰਜਾਂ ਵਿਚ ਇਕ ਅੜਿੱਕਾ ਸਮਝ ਲਿਆ।”7

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੇਠ ਲਿਖੇ ਫ਼ੁਰਮਾਨ, ਜਿਸ ਤੋਂ ਸਿੱਖ-ਸਿਧਾਂਤਾਂ ਦਾ ਨਿਆਰਾਪਣ ਸਪਸ਼ਟ ਝਲਕਦਾ ਹੈ, ਨੂੰ ਤੁਅੱਸਬੀ ਮੁਸਲਮਾਨਾਂ ਤੇ ਹਿੰਦੂਆਂ ਦੋਹਾਂ ਨੇ ਆਪਣੀ ਹੋਂਦ ਲਈ ਇਕ ਭਾਰੀ ਚੈਲੰਜ ਸਮਝਿਆ:

ਵਰਤ ਨ ਰਹਉ ਨ ਮਹ ਰਮਦਾਨਾ॥
ਤਿਸੁ ਸੇਵੀ ਜੋ ਰਖੈ ਨਿਦਾਨਾ॥
ਏਕੁ ਗੁਸਾਈ ਅਲਹੁ ਮੇਰਾ॥
ਹਿੰਦੂ ਤੁਰਕ ਦੁਹਾਂ ਨੇਬੇਰਾ॥
ਹਜ ਕਾਬੈ ਜਾਉ ਨ ਤੀਰਥ ਪੂਜਾ॥
ਏਕੋ ਸੇਵੀ ਅਵਰੁ ਨ ਦੂਜਾ॥
ਪੂਜਾ ਕਰਉ ਨ ਨਿਵਾਜ ਗੁਜਾਰਉ॥
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥ (ਪੰਨਾ 1136)

2. ਵੱਡੇ ਭਰਾ ਪ੍ਰਿਥੀ ਚੰਦ ਦੀ ਈਰਖਾ ਨੂੰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਮੰਨਿਆ ਜਾਂਦਾ ਹੈ। ਪ੍ਰਿਥੀ ਚੰਦ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ ਪਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਯੋਗ ਜਾਣ ਕੇ ਗੁਰਗੱਦੀ ਸੌਂਪ ਦਿੱਤੀ। ਭਾਈ ਕੇਸਰ ਸਿੰਘ ਛਿੱਬਰ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਸਮਾਉਣ ਉਪਰੰਤ, ਬਾਬਾ ਸਿਰੀ ਚੰਦ ਜੀ (ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ) ਵੱਲੋਂ ਦੋ ਪੱਗਾਂ (ਇਕ ਮਰਨੇ ਅਤੇ ਦੂਜੀ ਗੁਰਿਆਈ ਦੀ) ਭਿਜਵਾਉਣ ਦਾ ਜ਼ਿਕਰ ਕੀਤਾ ਹੈ:

ਸਿਰੀ ਚੰਦ ਸਾਹਿਬ ਜੀ ਪੱਗ ਭਿਜਵਾਈ।
ਇਕ ਪ੍ਰਿਥੀਏ ਨੂੰ, ਇਕ ਅਰਜਨ ਨੂੰ ਆਈ।
ਮਰਨੇ ਦੀ ਪੱਗ ਪ੍ਰਿਥੀਏ ਬੱਧੀ।
ਗੁਰਿਆਈ ਦੀ ਪੱਗ ਗੁਰੂ ਅਰਜਨ ਬੱਧੀ। (ਬੰਸਾਵਲੀਨਾਮਾ, ਪੰਨਾ 41)

ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਪੱਗ ਬੰਨ੍ਹੀ ਜਾਣ ਦੇ ਕਾਰਨ ਪ੍ਰਿਥੀ ਚੰਦ ਦੇ ਹਿਰਦੇ ਅੰਦਰ ਈਰਖਾ ਤੇ ਦਵੈਖ ਦਾ ਭਾਂਬੜ ਬਲਣ ਲੱਗਾ। ਸਿੱਖ ਸੰਗਤਾਂ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਤਿਕਾਰ ਹੁੰਦਾ ਵੇਖ ਕੇ ਉਹ ਸਹਿਣ ਨਾ ਕਰ ਸਕਿਆ ਤੇ ਉਸ ਨੇ ਖੁੱਲ੍ਹੇ ਤੌਰ ’ਤੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਗੁਰੂ-ਦੋਖੀਆਂ ਤੇ ਸਰਕਾਰੀ ਕਰਮਚਾਰੀਆਂ ਨਾਲ ਮਿਲ ਕੇ ਆਪਣੇ ਛੋਟੇ ਭਰਾ ਨੂੰ ਗੁਰਗੱਦੀ ਤੋਂ ਹਟਾ ਕੇ ਉਸ ਉੱਤੇ ਆਪਣਾ ਹੱਕ ਜਮਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲੱਗਾ। ਉਸ ਨੇ ਮੁਗ਼ਲ ਅਧਿਕਾਰੀਆਂ, ਮਸੰਦਾਂ, ਗੁਰੂ-ਦੋਖੀਆਂ ਤੇ ਸਰਕਾਰੀ ਅਹਿਲਕਾਰਾਂ ਨਾਲ ਗੰਢ-ਤੁਪ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੋਂ ਹਟਾਉਣ ਅਤੇ ਉਸ ਉੱਤੇ ਆਪਣਾ ਹੱਕ ਜਮਾਉਣ ਲਈ ਗੁਰੂ ਜੀ ਵਿਰੁੱਧ ਨਿੱਤ ਨਵੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਉਹ ਇੱਥੋਂ ਤਕ ਡਿੱਗ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਖ਼ਤਮ ਕਰ ਕੇ ਗੁਰਗੱਦੀ ਹਾਸਲ ਕਰਨ ਦੀ ਭਰਾ-ਮਾਰੂ ਨੀਤੀ ’ਤੇ ਉਤਰ ਆਇਆ।

ਪ੍ਰਿਥੀ ਚੰਦ ਨੇ ਸੁਲਹੀ ਖਾਂ ਨੂੰ ਲਾਲਚ ਦੇ ਕੇ ਉਸ ਤੋਂ ਗੁਰੂ ਸਾਹਿਬ ’ਤੇ ਚੜ੍ਹਾਈ ਕਰਵਾ ਦਿੱਤੀ ਪਰ ਉਹ ਅੰਮ੍ਰਿਤਸਰ ਦਾਖ਼ਲ ਹੋਣ ਤੋਂ ਪਹਿਲਾਂ ਹੀ (ਆਪਣੇ ਘੋੜੇ ਸਮੇਤ ਭਖਦੇ ਆਵੇ ਦੀ ਅੱਗ ਵਿਚ) ਸੜ ਕੇ ਮਰ ਗਿਆ ਸੀ। ਗੁਰੂ ਜੀ ਨੇ ਇਸ ਘਟਨਾ ਦਾ ਜ਼ਿਕਰ ਗੁਰਬਾਣੀ ਵਿਚ ਕੀਤਾ ਹੈ ਕਿ ਪਰਮਾਤਮਾ ਦੇ ਦਰ ’ਤੇ ਉਨ੍ਹਾਂ ਨੇ ਅਰਜ਼ੋਈ ਕੀਤੀ ਜਿਸ ਨੂੰ ਸੁਣ ਕੇ ਉਸ ਨੇ ਸੇਵਕ ਨੂੰ ਸੁਲਹੀ ਤੋਂ ਬਚਾਇਆ ਹੈ:

ਸੁਲਹੀ ਤੇ ਨਾਰਾਇਣ ਰਾਖੁ॥
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥…
ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ॥ (ਪੰਨਾ 825)

3. ਲਾਹੌਰ ਦੇ ਦੀਵਾਨ ਚੰਦੂ ਦੀ ਰੰਜਸ਼ ਨੂੰ ਵੀ ਗੁਰੂ ਜੀ ਦੀ ਸ਼ਹੀਦੀ ਦਾ ਕਾਰਨ ਦੱਸਿਆ ਜਾਂਦਾ ਹੈ। ਰੰਜਸ਼ ਦਾ ਕਾਰਨ ਕੀ ਸੀ? ਕਿਹਾ ਜਾਂਦਾ ਹੈ ਕਿ ਪੁਰੋਹਿਤ ਨੇ ਚੰਦੂ ਨੂੰ ਉਸ ਦੀ ਲੜਕੀ ਦਾ ਰਿਸ਼ਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸ੍ਰੀ ਹਰਿਗੋਬਿੰਦ ਜੀ ਨਾਲ ਕਰਨ ਦੀ ਸਲਾਹ ਦਿੱਤੀ ਪਰ ਚੰਦੂ ਨੂੰ ਇਹ ਮਨਜ਼ੂਰ ਨਹੀਂ ਸੀ। ਉਸ ਨੇ ਕਿਹਾ ਕਿ ਉਹ ਕਦੇ ਵੀ ਚੁਬਾਰੇ ਦੀ ਇੱਟ ਨੂੰ ਮੋਰੀ ਨੂੰ ਨਹੀਂ ਲੱਗਣ ਦੇਵੇਗਾ। ਘਰਵਾਲੀ ਦੇ ਮਜਬੂਰ ਕਰਨ ’ਤੇ ਉਸ ਨੇ ਰਿਸ਼ਤਾ ਕਰਨਾ ਮੰਨ ਲਿਆ ਤੇ ਸ਼ਗਨ ਭੇਜ ਦਿੱਤਾ। ਜਦੋਂ ਗੁਰੂ-ਘਰ ਲਈ ਵਰਤੇ ਅਪਮਾਨਜਨਕ ਸ਼ਬਦਾਂ ਦਾ ਪਤਾ ਗੁਰੂ ਜੀ ਨੂੰ ਲੱਗਾ ਤਾਂ ਉਨ੍ਹਾਂ ਨੇ ਉਸ ਦੀ ਲੜਕੀ ਦਾ ਰਿਸ਼ਤਾ ਸੰਗਤਾਂ ਦੇ ਕਹਿਣ ’ਤੇ ਠੁਕਰਾ ਦਿੱਤਾ ਤੇ ਸ਼ਗਨ ਵਾਪਸ ਕਰ ਦਿੱਤਾ। ਇਸ ਵਿਚ ਚੰਦੂ ਸ਼ਾਹ ਨੇ ਆਪਣੀ ਤੌਹੀਨ ਸਮਝੀ ਤੇ ਗੁਰੂ ਜੀ ਤੋਂ ਬਦਲਾ ਲੈਣ ਲਈ ਗੁਰੂ-ਘਰ ਦੇ ਵਿਰੁੱਧ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।

4. ਨਕਸ਼ਬੰਦੀਆਂ ਦਾ ਵਿਰੋਧ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇਕ ਕਾਰਨ ਮੰਨਿਆ ਗਿਆ ਹੈ। ਨਕਸ਼ਬੰਦੀ ਕੱਟੜ ਮੁਸਲਮਾਨਾਂ ਦੁਆਰਾ ਅਰੰਭ ਕੀਤੀ ਗਈ ਇਕ ਲਹਿਰ ਸੀ ਜਿਸ ਦਾ ਮੁਖੀ ਸ਼ੇਖ਼ ਅਹਿਮਦ ਸਰਹਿੰਦੀ ਸੀ। ਇਸ ਲਹਿਰ ਨੇ ਪੰਜਾਬ ਵਿੱਚ ਸਿੱਖ ਧਰਮ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਮੁਗਲ ਬਾਦਸ਼ਾਹ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਇਸਲਾਮ ਧਰਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਸਹਿਨ ਨਹੀਂ ਕਰ ਸਕਦੇ ਸਨ। ਸ਼ੇਖ਼ ਅਹਿਮਦ ਸਰਹਿੰਦੀ ਦਾ ਮੁਗ਼ਲ ਦਰਬਾਰ ਵਿਚ ਕਾਫ਼ੀ ਅਸਰ-ਰਸੂਖ ਸੀ ਇਸ ਲਈ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਲਿਆ। ਸ਼ੇਖ ਅਹਿਮਦ ਸਰਹਿੰਦੀ ਦਾ ਦੂਜੇ ਧਰਮਾਂ ਪ੍ਰਤੀ ਘਿਰਣਾ ਦਾ ਫ਼ਲਸਫ਼ਾ ਉਸ ਦੀਆਂ ਚਿੱਠੀਆਂ ਤੋਂ ਪ੍ਰਗਟ ਹੋਇਆ ਹੈ। ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਖੁਸ਼ੀ ਸ਼ੇਖ ਅਹਿਮਦ ਸਰਹਿੰਦੀ ਨੂੰ ਹੋਈ, ਜੋ ਚਿੱਠੀ ਰਾਹੀਂ ਆਪਣੇ ਮੁਖੀ ਚੇਲੇ ਸ਼ੇਖ ਫਰੀਦ ਬੁਖਾਰੀ (ਮੁਰਤਜ਼ਾ ਖਾਂ) ਨੂੰ ਪ੍ਰਗਟ ਕੀਤੀ। ਇਹ ਖ਼ਤ ਨੰਬਰ 193 ‘ਮਕਤੂਬਾਤਿ ਇਮਾਮਿ-ਰੁਬਾਨੀ’ ਵਿਚ ਦਰਜ ਹੈ:

“ਗੋਇੰਦਵਾਲ ਦੇ ਭ੍ਰਿਸ਼ਟ ਕਾਫ਼ਰ (ਗੁਰੂ ਅਰਜਨ ਸਾਹਿਬ) ਦੀ ਸ਼ਹਾਦਤ ਸਾਡੀ ਇਕ ਵੱਡੀ ਪ੍ਰਾਪਤੀ ਅਤੇ ਜਿੱਤ ਹੈ।… ਭਾਵੇਂ ਉਸ ਨੂੰ ਕਿਸ ਤਰ੍ਹਾਂ ਮਾਰਿਆ ਗਿਆ, ਕਿਸੇ ਕਾਰਨ ਅਤੇ ਕਿਸੇ ਬਹਾਨੇ ਨਾਲ ਖ਼ਤਮ ਕੀਤਾ ਗਿਆ. ਸਮੂਹ ਮੁਸਲਮਾਨਾਂ ਲਈ ਬੜੇ ਫ਼ਾਇਦੇ ਅਤੇ ਵਾਧੇ ਦੀ ਘਟਨਾ ਹੈ। ਇਸ ਕਾਫ਼ਰ ਦੀ ਸ਼ਹਾਦਤ ਤੋਂ ਪਹਿਲਾਂ ਮੈਨੂੰ ਇਕ ਸੁਪਨਾ ਵੀ ਆਇਆ ਸੀ ਕਿ ਬਾਦਸ਼ਾਹ ਜਹਾਂਗੀਰ ਨੇ ਕੁਫ਼ਰ ਦਾ ਸਿਰ ਕੁਚਲ ਦਿੱਤਾ ਹੈ। ਇਸ ਵਿਚ ਸ਼ੱਕ ਨਹੀਂ ਸੀ ਕਿ ਇਹ ਕਾਫ਼ਰ ਧਰਮਹੀਣੇ ਲੋਕਾਂ ਦਾ ਸਿਰਮੌਰ ਤੇ ਕਾਫ਼ਰਾਂ ਦਾ ਇਕ ਵੱਡਾ ਮੁਖੀ ਹੈ।”8

5. ਰਾਜਕੁਮਾਰ ਖੁਸਰੋ ਨੂੰ ਸਹਾਇਤਾ ਦੇਣ ਨੂੰ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਫੌਰੀ ਕਾਰਨ ਮੰਨਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਖੁਸਰੋ ਜਦੋਂ ਤਰਨਤਾਰਨ ਆਇਆ ਤਾਂ ਗੁਰੂ-ਘਰ ਦੀ ਰਵਾਇਤ ਅਨੁਸਾਰ ਉਸ ਨੂੰ ਆਦਰ ਨਾਲ ਬਿਠਾਇਆ ਤੇ ਲੰਗਰ ਛਕਾਇਆ। ਜਦੋਂ ਇਸ ਗੱਲ ਦਾ ਪਤਾ ਜਹਾਂਗੀਰ ਨੂੰ ਲੱਗਾ ਤਾਂ ਉਹ ਬਰਦਾਸ਼ਤ ਨਾ ਕਰ ਸਕਿਆ। ਇਸ ਦਾ ਕਾਰਨ ਇਹ ਸੀ ਕਿ ਖੁਸਰੋ ਨੇ ਆਪਣੇ ਪਿਤਾ ਦੇ ਵਿਰੁੱਧ ਰਾਜ-ਗੱਦੀ ਪ੍ਰਾਪਤ ਕਰਨ ਲਈ ਬਗ਼ਾਵਤ ਕਰ ਦਿੱਤੀ ਸੀ ਜਦੋਂ ਸ਼ਾਹੀ ਫੌਜਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜ ਕੇ ਪੰਜਾਬ ਆ ਗਿਆ ਸੀ। ਜਹਾਂਗੀਰ ਨੇ ਗੁਰੂ ਜੀ ਦੇ ਵਿਰੁੱਧ ਕਾਰਵਾਈ ਕਰਨ ਦਾ ਬਹਾਨਾ ਬਣਾ ਲਿਆ। ‘ਦਬਿਸਤਾਨ-ਇ-ਮੁਜ਼ਾਹਿਬ’ ਦਾ ਕਰਤਾ ਲਿਖਦਾ ਹੈ, “… ਜਦ ਜੱਨਤ ਵਾਸੀ ਨੂਰਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ ਨੇ ਸ਼ਾਹਜ਼ਾਦਾ ਖੁਸਰੋ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ, ਕਿਉਂਕਿ ਉਨ੍ਹਾਂ ਨੇ ਸ਼ਾਹਜ਼ਾਦਾ ਖੁਸਰੋ ਦੇ ਹੱਕ ਵਿਚ, ਜਿਸ ਨੇ ਕਿ ਆਪਣੇ ਬਾਪ ਦੇ ਵਿਰੁੱਧ ਬਗ਼ਾਵਤ ਕੀਤੀ ਹੋਈ ਸੀ, ਦੁਆ ਕੀਤੀ ਸੀ ਤੇ ਬਹੁਤ ਵੱਡੀ ਰਕਮ ਜੁਰਮਾਨਾ ਮੰਗਿਆ, ਜੋ ਕਿ ਗੁਰੂ ਸਾਹਿਬ ਨਾ ਦੇ ਸਕੇ।…ਇਹ ਗੱਲ ਹਿਜਰੀ ਸੰਨ ਇਕ ਹਜ਼ਾਰ ਪੰਦਰ੍ਹਾਂ (1015 ਹਿਜਰੀ) ਵਿਚ ਹੋਈ ਹੈ।”9

ਮੁਹਸਿਨ ਫਾਨੀ ਨੂੰ ਅੰਦਰਲੇ ਕਾਰਨਾਂ ਦਾ ਪਤਾ ਨਹੀਂ ਸੀ ਇਸ ਲਈ ਬਾਹਰ ਦਿੱਸਦੇ ਦੋ ਕਾਰਨ ਕਿ ਗੁਰੂ ਜੀ ਨੇ ਬਗ਼ਾਵਤ ਵਿਚ ਹਿੱਸਾ ਪਾਇਆ ਹੈ ਤੇ ਜੁਰਮਾਨਾ ਨਹੀਂ ਤਾਰਿਆ (ਜਾਪਦਾ ਹੈ ਕਿ ਜਨਤਾ ਵਿਚ ਇਹ ਗੱਲ ਫੈਲਾਈ ਗਈ ਸੀ) ਲਿਖੇ ਹਨ। ਇਸੇ ਗਵਾਹੀ ਨੂੰ ਲੈ ਕੇ ਸਰ ਜਾਦੂ ਨਾਥ ਸਰਕਾਰ ਨੇ ਸਿੱਟੇ ਕੱਢਦੇ ਹੋਏ ਲਿਖਿਆ ਹੈ:

“Guru Arjan merely suffered the customary pun- ishment of a political offender.”

ਸ਼੍ਰੀ ਇੰਦੂ ਭੂਸ਼ਣ ਬੈਨਰਜੀ ਨੇ ਸਰਕਾਰ ਦੇ ਸਿੱਟੇ ਨੂੰ ‘perversity of judgement’ ਦੱਸਦਿਆਂ ਲਿਖਿਆ ਹੈ:

“ਮੇਰੀ ਨਜ਼ਰ ਵਿਚ, ਗੁਰੂ ਅਰਜਨ ਨੂੰ ਮਾਮਲਾ ਤਾਰਨ ਦੀ ਸਮਰੱਥਾ ਜਾਂ ਜਾਣ-ਬੁੱਝ ਕੇ ਨਾ ਤਾਰਨ ਕਰਕੇ ਸ਼ਹੀਦ ਕੀਤੇ ਜਾਣ ਨੂੰ ਉਸ ਵੇਲੇ ਦੇ ਰਿਵਾਜ ਅਨੁਸਾਰ ਠੀਕ ਸਮਝਣਾ ਅਤੇ ਹੋਰ ਸਾਰੇ ਕਾਰਨਾਂ ਵੱਲ ਧਿਆਨ ਨਾ ਦੇਣਾ ਜੋ ਸ਼ਹਾਦਤ ਕਰਾਉਣ ਵਿਚ ਸਹਾਇਕ ਹੋਏ, ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਨ ਸਮਾਨ ਹੈ ਜੋ ਕਿਸੇ ਵੀ ਇਤਿਹਾਸਕਾਰ ਨੂੰ ਮਾਫ ਨਹੀਂ ਕੀਤਾ ਜਾ ਸਕਦਾ।”10

ਗੁਰੂ ਜੀ ਵੱਲੋਂ ਸ਼ਾਹਜ਼ਾਦਾ ਖੁਸਰੋ ਨੂੰ ਮੱਥੇ ਟਿੱਕਾ ਲਗਾਉਣ ਤੇ ਜੁਰਮਾਨਾ ਭਰਨ ਦੀ ਗੱਲ ਨਿਰਮੂਲ ਹੈ। ਇਹ ਗੱਲ ਉਨ੍ਹਾਂ ਚੁਗਲਖੋਰਾਂ ਤੇ ਦੋਖੀਆਂ ਵੱਲੋਂ ਫੈਲਾਈ ਜਾਪਦੀ ਹੈ ਜਿਹੜੇ ਗੁਰੂ ਸਾਹਿਬ ਦੀ ਵਧਦੀ ਮਹਿਮਾ ਤੋਂ ਖੁਸ਼ ਨਹੀਂ ਸਨ ਅਤੇ ਜਦੋਂ ਵੀ ਢੁਕਵਾਂ ਸਮਾਂ ਮਿਲਦਾ ਜਹਾਂਗੀਰ ਦੇ ਗੁਰੂ ਸਾਹਿਬ ਦੇ ਖਿਲਾਫ਼ ਕੰਨ ਭਰਦੇ ਰਹਿੰਦੇ ਸਨ। ਜੇ ਖੁਸਰੋ ਨੂੰ ਟਿੱਕਾ ਲਾਉਣ ਜਾਂ ਜੁਰਮਾਨਾ ਭਰਨ ਵਿਚ ਕੋਈ ਸਚਾਈ ਹੁੰਦੀ ਤਾਂ ਇਸ ਦਾ ਜ਼ਿਕਰ ਬਾਦਸ਼ਾਹ ਦੀ ਆਪਣੀ ਸਵੈ-ਜੀਵਨੀ ‘ਤੁਜ਼ਕਿ-ਜਹਾਂਗੀਰੀ’ ਵਿਚ ਜ਼ਰੂਰ ਹੁੰਦਾ।

6. ਪ੍ਰਮੁੱਖ ਕਾਰਨ : ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਜਹਾਂਗੀਰ ਦੀ ਧਾਰਮਿਕ ਕੱਟੜਤਾ ਸੀ। ਮੁਗ਼ਲ ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਦਿੱਲੀ ਦੇ ਤਖ਼ਤ ’ਤੇ ਬੈਠਿਆ ਜਿਸ ਦੇ ਸਲਾਹਕਾਰ ਕੱਟੜਪੰਥੀ ਧਾਰਮਿਕ ਆਗੂ ਸਨ। ਉਹ ਆਪ ਵੀ ਪੱਕਾ ਮਜ਼ਹਬੀ ਤੁਅੱਸਬ ਨਾਲ ਭਰਿਆ ਕੱਟੜ ਸੁੰਨੀ ਮੁਸਲਮਾਨ ਸੀ ਜੋ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਪ੍ਰਫੁਲਿਤ ਹੁੰਦਾ ਨਹੀਂ ਸੀ ਵੇਖ ਸਕਦਾ। ਇਸ ਗੱਲ ਦਾ ਪ੍ਰਮਾਣ ਉਸ ਦੀ ਸ੍ਵੈ-ਜੀਵਨੀ ‘ਤੁਜ਼ਕਿ- ਜਹਾਂਗੀਰੀ’ ਵਿਚ ਲਿਖੇ ਇਹ ਸ਼ਬਦ ਹਨ ਜੋ ਸਿੱਖ ਲਹਿਰ ਨੂੰ ਦੁਕਾਨ-ਏ-ਬਾਤਲ (ਕੂੜ ਦਾ ਵਪਾਰ) ਕਹਿ ਕੇ ਦਬਾਉਣ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਤੋਂ ਕੇਵਲ ਵੀਹ ਦਿਨ ਬਾਅਦ 19 ਜੂਨ 1606 ਈ. ਨੂੰ ਆਪ ਲਿਖੇ ਸਨ:

“ਗੋਇੰਦਵਾਲ ਵਿਚ, ਜੋ ਦਰਿਆ ਬਿਆਸ ਦੇ ਕੰਢੇ ਸਥਿਤ ਹੈ, (ਗੁਰੂ) ਅਰਜਨ ਨਾਂ ਦਾ ਇਕ ਹਿੰਦੂ ਪੀਰਾਂ-ਸ਼ੇਖਾਂ ਦੇ ਭੇਸ ਵਿਚ ਰਹਿ ਰਿਹਾ ਸੀ। ਉਸ ਨੇ ਬਹੁਤ ਸਾਰੇ ਸਿੱਧੇ-ਸਾਦੇ ਹਿੰਦੂਆਂ, ਸਗੋਂ ਮੂਰਖ ਅਤੇ ਨੀਚ ਮੁਸਲਮਾਨਾਂ ਨੂੰ ਵੀ ਆਪਣੇ ਧਰਮ- ਕਰਮ ਦਾ ਸ਼ਰਧਾਲੂ ਬਣਾ ਕੇ, ਆਪਣੀ ਪੀਰੀ ਤੇ ਪਦਵੀ ਦਾ ਢੋਲ ਉੱਚੀ ਆਵਾਜ਼ ਨਾਲ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਆਖਦੇ ਸਨ ਅਤੇ ਕਈ ਪਾਸਿਆਂ ਤੇ ਦਿਸ਼ਾਵਾਂ ਦੇ ਭੋਲੇ-ਭਾਲੇ ਤੇ ਪਾਖੰਡ-ਪੂਜ ਲੋਕ ਉਸ ਵੱਲ ਰੁਚਿਤ ਸਨ ਅਤੇ ਉਸ ਦੀ ਜਾਤ ਵਿਚ ਸੰਪੂਰਨ ਨਿਸਚਾ ਰੱਖਦੇ ਸਨ। ਉਸ ਨੇ ਤਿੰਨ-ਚਾਰ ਪੀੜ੍ਹੀਆਂ ਤੋਂ ਇਹ ਦੁਕਾਨ (ਭਾਵ ਸਿੱਖ ਲਹਿਰ) ਚਲਾਈ ਹੋਈ ਸੀ। ਮੇਰੇ ਦਿਲ ਵਿਚ ਇਹ ਖਿਆਲ ਚੋਖੇ ਚਿਰ ਤੋਂ ਆ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ (ਭਾਵ ਸਿੱਖ ਧਰਮ) ਨੂੰ ਬੰਦ ਕਰ ਦਿੱਤਾ ਜਾਏ ਜਾਂ ਉਸ (ਗੁਰੂ ਅਰਜਨ ਦੇਵ ਜੀ) ਨੂੰ ਇਸਲਾਮ ਦੇ ਧਰਮ- ਮੰਡਲ ਵਿਚ ਦਾਖਲ ਕਰ ਲਿਆ ਜਾਏ।… ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਦਾਖ਼ਲ ਕਰ ਲਿਆ ਜਾਏ। ਉਸ ਦਾ ਘਰ-ਘਾਟ ਤੇ ਬੱਚੇ ਮੈਂ ਮੁਰਤਜ਼ਾ ਖ਼ਾਨ ਦੇ ਹਵਾਲੇ ਕੀਤੇ ਅਤੇ ਉਸ ਦਾ ਮਾਲ-ਅਸਬਾਬ, ਜ਼ਬਤ ਕਰ ਕੇ ਮੈਂ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ (ਵਿਧਾਨ) ਅਤੇ ਯਾਸਾ ਦੀ ਰਾਜ-ਡੰਡਾਵਲੀ ਅਨੁਸਾਰ, ਮਾਰ-ਮੁਕਾ ਦਿੱਤਾ ਜਾਏ।” (ਤੁਜ਼ਕਿ-ਜਹਾਂਗੀਰੀ, 1606 ਈ., ਪੰਨਾ 35)11

ਇਕ ਸਮਕਾਲੀ ਵਿਦੇਸ਼ੀ ਮਿਸ਼ਨਰੀ, ਫ਼ਾਦਰ ਫ਼ਰਦੀਨੰਦ ਗੁਇਰੈਰੋ ਦੀ 25 ਸਤੰਬਰ, 1606 ਨੂੰ ਲਾਹੌਰ ਤੋਂ ਆਪਣੇ ਦੇਸ ਵੱਲ ਲਿਖ ਭੇਜੀ ਅਤੇ ਸੰਨ 1609 ਵਿਚ ਲਿਜ਼ਬਨ (ਪੁਰਤਗਾਲ) ਵਿਖੇ ਪ੍ਰਕਾਸ਼ਤ ਹੋਈ ਇਕ ਚਿੱਠੀ ਅਨੁਸਾਰ, “ਜਦੋਂ ਬਾਦਸ਼ਾਹ ਜਹਾਂਗੀਰ ਨੇ ਸ਼ਹਿਜ਼ਾਦਾ ਖੁਸਰੋ ਨੂੰ ਫੜ ਲਿਆ ਸੀ ਤਾਂ ਉਸ ਨੇ ਗੁਰੂ (ਅਰਜਨ ਦੇਵ) ਨੂੰ ਬੁਲਵਾ ਕੇ, ਇਕ ਅਮੀਰ ਮੂਰਤੀਪੂਜ ਦੇ ਹਵਾਲੇ ਕਰ ਦਿੱਤਾ ਸੀ। ਉਹ ਉਨ੍ਹਾਂ ਨੂੰ ਨਿੱਤ-ਨਵੇਂ ਕਸ਼ਟ ਦਿੰਦਾ ਰਿਹਾ ਸੀ। ਇਸ ਤਰ੍ਹਾਂ, ਸਿੱਖਾਂ ਦੇ ਉਹ ਨੇਕ ਪੋਪ (ਗੁਰੂ ਅਰਜਨ ਦੇਵ) ਦੁੱਖ, ਤਸੀਹੇ ਤੇ ਨਿਰਾਦਰੀਆਂ ਸਹਾਰਦੇ ਹੋਏ ਸੁਰਗਵਾਸ ਹੋ ਗਏ ਸਨ।” (ਐਨੂਅਲ ਰੀਲੇਸ਼ਨਜ਼, 1609 ਈ., ਜਿਲਦ 2, ਪੰਨਾ 366)12

ਸਿੱਖ ਧਰਮ ਦੇ ਪਿਛੋਕੜ ਦੀ ਰੋਸ਼ਨੀ ਵਿਚ ਅਤੇ ਸਮਕਾਲੀ ਤੇ ਭਰੋਸੇਯੋਗ ਇਤਿਹਾਸਿਕ ਗਵਾਹੀਆਂ (ਬਾਦਸ਼ਾਹ ਜਹਾਂਗੀਰ ਦੀ ਸਵੈ-ਜੀਵਨੀ, ਸ਼ੇਖ ਅਹਿਮਦ ਸਰਹਿੰਦੀ ਦੀ ਚਿੱਠੀ, ਵਿਦੇਸ਼ੀ ਮਿਸ਼ਨਰੀ ਫ਼ਰਦੀਨੰਦ ਦੀ ਪ੍ਰਕਾਸ਼ਤ ਚਿੱਠੀ, ਆਦਿ) ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਪ੍ਰਿਥੀ ਚੰਦ ਦੀ ਈਰਖਾ, ਚੰਦੂ ਦੀ ਰੰਜਸ਼, ਖ਼ੁਸਰੋ ਦਾ ਗੋਇੰਦਵਾਲ ਆਉਣਾ ਆਦਿ ਨਹੀਂ ਸਨ ਸਗੋਂ ਸ਼ਹਾਦਤ ਦੀ ਪੂਰੀ ਜ਼ਿੰਮੇਵਾਰੀ ਜਹਾਂਗੀਰ ਦੇ ਸਿਰ ’ਤੇ ਹੈ ਕਿਉਂਕਿ ਇਸ ਦਾ ਅਸਲ ਕਾਰਨ ਉਸ ਦੀ ਤੁਅੱਸਬ ਦੀ ਨੀਤੀ ਹੈ। ਸਿੱਖ ਇਤਿਹਾਸ ਦੀ ਇਹ ਪਹਿਲੀ ਅਤੇ ਅਦੁੱਤੀ ਸ਼ਹੀਦੀ ਸਮੇਂ ਦੇ ਮੁਗ਼ਲ ਬਾਦਸ਼ਾਹ, ਜਹਾਂਗੀਰ ਦੇ ਉਪਰੋਕਤ ਲਿਖਤੀ ਬਿਆਨ ਮੁਤਾਬਕ, ਉਸ ਦੇ ਆਪਣੇ ਹੁਕਮ ਅਧੀਨ ਅਤੇ ਉਸ ਦੀ ਤੁਅੱਸਬ ਵਾਲੀ ਨੀਤੀ ਅਨੁਸਾਰ ਹੀ ਹੋਈ ਸੀ।13

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

ਜਹਾਂਗੀਰ ਨੇ ਗੁੱਸੇ ਵਿਚ ਆ ਕੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਕੇ ਲਿਆਉਣ ਤੇ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰ ਕੇ 24 ਮਈ, 1606 ਈ. ਨੂੰ ਲਾਹੌਰ ਲਿਆਂਦਾ ਗਿਆ। ਸਿੱਖ ਇਤਿਹਾਸ ਅਨੁਸਾਰ ਆਪ ਜੀ ਨੂੰ ਤੱਤੀ ਲੋਹ ’ਤੇ ਬਿਠਾਇਆ ਗਿਆ ਤੇ ਸੀਸ ’ਤੇ ਵੀ ਤੱਤੀ ਰੇਤ ਪਾਈ ਗਈ। ਆਪ ਤੱਤੀ ਤਵੀ ’ਤੇ ਸਮਾਧੀ ਲਾ ਕੇ ਇਸ ਲਈ ਬੈਠੇ ਸਨ ਕਿ ਜ਼ੁਲਮ ਦੀ ਤਪ ਰਹੀ ਭੱਠੀ ਨੂੰ ਸ਼ਾਂਤ ਕੀਤਾ ਜਾਵੇ। ਫਿਰ ਉਬਲਦੀ ਦੇਗ ਵਿਚ ਬਿਠਾਇਆ ਗਿਆ ਜਿਸ ਕਾਰਨ ਸਰੀਰ ’ਤੇ ਛਾਲੇ ਪੈ ਗਏ। ਫਿਰ ਸਰੀਰ ਨੂੰ ਹੋਰ ਤਸੀਹੇ ਦੇਣ ਲਈ ਰਾਵੀ ਦਰਿਆ ਵਿਚ ਡੁਬੋ ਦਿੱਤਾ ਗਿਆ। ਗੁਰੂ ਜੀ ਨੇ ਜੇਠ ਸੁਦੀ ਚੌਥ, ਸੰਮਤ 1663 ਬਿ. 1 ਹਾੜ, ਸੰਮਤ ਨਾਨਕਸ਼ਾਹੀ 137 (30 ਮਈ, 1606 ਈ.) ਨੂੰ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਸ਼ਹਾਦਤ ਦੇ ਦਿੱਤੀ।14

ਦਰਿਆ ਵਿਚ ਰੋੜ੍ਹੇ ਜਾਣ ਦੀ ਗਵਾਹੀ ਭਾਈ ਰਤਨ ਸਿੰਘ ਭੰਗੂ ਨੇ ‘ਕੇ ਗੁਰੂ ਅਰਜਨ ਦਰੀਆਇ ਨ ਬੋੜਯੋ’ ਸ਼ਬਦਾਂ ਵਿਚ ਭਰੀ ਹੈ। ਭਾਈ ਕੇਸਰ ਸਿੰਘ ਛਿੱਬਰ ਵੀ ਇਸ ਬਾਰੇ ਲਿਖਦਾ ਹੈ:

ਸੋ ਬਧੇ ਹੋਏ ਹੀ ਦਿਤੇ ਨਦੀ ਰੁੜਾਏ।
ਸੰਮਤ ਸੋਲਾਂ ਸੌ ਤ੍ਰੇਹਠ, ਜੇਠ ਮਹੀਨੇ, ਚੰਨੋ ਚਾਨਣੀ ਚਉਥ, ਜਲ ਵਹਾਏ ਲੀਨੇ।

ਗੁਰੂ ਸਾਹਿਬ ਨੂੰ ਦਿੱਤੇ ਗਏ ਤਸੀਹੇ ਦੇਖ ਕੇ ‘ਉਮਦਤ-ਤਵਾਰੀਖ’ ਦਾ ਲੇਖਕ ਲਿਖਦਾ ਹੈ ਕਿ ਸ਼ਹਾਦਤ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ:

ਕਲਮ ਤਹਰੀਰੇ ਆਂ ਖ਼ੂੰ ਫ਼ਿਸ਼ਾ ਵ ਦੀਦਹ ਗਿਰਿਆਂ ਵ ਦਿਲ ਬਿਰਿਯਾਂ, ਵ ਜਾਨ ਹੈਰਾਂ ਮੇ ਬਾਸ਼ਦ।15

ਇਤਿਹਾਸ ਗਵਾਹ ਹੈ ਕਿ ਉਨ੍ਹਾਂ ਨੇ ਰੱਬ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਿਆ ਤੇ ਸ਼ਾਂਤ ਰਹਿੰਦਿਆਂ ਅਸਹਿ ਤੇ ਅਕਹਿ ਕਸ਼ਟ ਖਿੜੇ-ਮੱਥੇ ਸਹਾਰੇ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪ੍ਰਭਾਵ

ਇਹ ਪ੍ਰਮਾਣਿਤ ਸੱਚ ਹੈ ਕਿ ਸ਼ਹੀਦ ਦੀ ਮੌਤ ਕਦੀ ਅੰਞਾਈਂ ਨਹੀਂ ਜਾਂਦੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਮਨੁੱਖਤਾ ਦੇ ਇਤਿਹਾਸ ਅਤੇ ਵਿਸ਼ੇਸ਼ ਤੌਰ ’ਤੇ ਭਾਰਤ, ਪੰਜਾਬ ਤੇ ਸਿੱਖ ਇਤਿਹਾਸ ਦੀ ਤਵਾਰੀਖ ਉੱਤੇ ਨਾ ਮਿਟਣ ਵਾਲਾ ਪ੍ਰਭਾਵ ਪਾਇਆ ਹੈ। ਸਿੱਖ ਇਤਿਹਾਸ ’ਤੇ ਪਏ ਅਨੇਕਾਂ ਪ੍ਰਭਾਵਾਂ ਵਿੱਚੋਂ ਹੇਠ ਲਿਖੇ ਮੁੱਖ ਹਨ:

1. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ:

ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਨਵੀਂ ਨੀਤੀ ਅਪਣਾ ਲਈ ਜਿਸ ਦੇ ਅਧੀਨ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਇਸ ਦਾ ਵਰਣਨ ਢਾਡੀ ਅਬਦੁਲਾ ਨੇ ਇਸ ਤਰ੍ਹਾਂ ਕੀਤਾ ਹੈ:

ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।

ਇਸ ਅਨੁਸਾਰ ਗੁਰੂ ਜੀ ਧਾਰਮਿਕ ਆਗੂ ਦੇ ਨਾਲ ਰਾਜਨੀਤਿਕ ਆਗੂ ਵੀ ਬਣ ਗਏ ਕਿਉਂਕਿ ਮੀਰੀ ਦੀ ਤਲਵਾਰ ਰਾਜਨੀਤੀ ਦੀ ਅਤੇ ਪੀਰੀ ਦੀ ਤਲਵਾਰ ਧਾਰਮਿਕਤਾ ਦੀ ਪ੍ਰਤੀਕ ਸੀ। ਰਾਜਨੀਤਿਕ ਮੁਖੀ ਦੇ ਤੌਰ ’ਤੇ ਆਪ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ ਜਿੱਥੇ ਬੈਠ ਕੇ ਆਪ ਰਾਜਨੀਤਿਕ ਵਿਚਾਰਾਂ ਕਰਦੇ ਸਨ। ਇਸੇ ਸਥਾਨ ’ਤੇ ਸਿੱਖਾਂ ਵਿਚ ਬੀਰ-ਰਸ ਪੈਦਾ ਕਰਨ ਲਈ ਢਾਡੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਤੇ ਹੋਰ ਵੀਰ-ਗਾਥਾਵਾਂ ਗਵਾਉਣ ਦੀ ਪ੍ਰੰਪਰਾ ਅਰੰਭ ਕੀਤੀ ਗਈ। ਇਸ ਤਰ੍ਹਾਂ ਸਿੱਖਾਂ ਵਿਚ ਚੜ੍ਹਦੀ ਕਲਾ ਦਾ ਜਜ਼ਬਾ ਪੈਦਾ ਹੋ ਗਿਆ।

2. ਕੁਰਬਾਨੀ ਦੇ ਜਜ਼ਬੇ ਨਾਲ ਭਰਪੂਰ ਕੌਮ ਦਾ ਨਿਰਮਾਣ:

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਕੌਮ ਵਿਚ ਜ਼ੁਲਮ ਦਾ ਟਾਕਰਾ ਕਰਨ, ਕਸ਼ਟਾਂ ਨੂੰ ਖਿੜੇ-ਮੱਥੇ ਸਹਾਰਨ ਤੇ ਧਰਮ ਲਈ ਕੁਰਬਾਨ ਹੋਣ ਦਾ ਜਜ਼ਬਾ ਭਰ ਦਿੱਤਾ ਤੇ ਆਤਮ-ਭਰੋਸੇ ਨੇ ਉਨ੍ਹਾਂ ਦੇ ਅੰਦਰ ਨਵੀਂ ਰੂਹ ਦਾ ਸੰਚਾਰ ਕਰ ਦਿੱਤਾ। ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਸਮੇਂ ਦੀ ਲੋੜ ਅਨੁਸਾਰ ਕੇਵਲ ਭਗਤੀ ਹੀ ਕਾਫੀ ਨਹੀਂ ਸਗੋਂ ਭਗਤੀ ਨਾਲ ਸ਼ਕਤੀ ਵੀ ਜ਼ਰੂਰੀ ਹੈ। ਉਹ ਸੰਤ ਤੇ ਸਿਪਾਹੀ ਬਣ ਗਏ। ਸਿੱਖਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾਣ ਲੱਗੀ। ਉਨ੍ਹਾਂ ਨੇ ਘੋੜ-ਸਵਾਰੀ ਤੇ ਹਥਿਆਰ ਚਲਾਉਣ ਦੀ ਕਲਾ ਵਿਚ ਪ੍ਰਬੀਨਤਾ ਹਾਸਲ ਕਰ ਲਈ। ਅਤਿਆਚਾਰੀ ਮੁਗ਼ਲ ਹਕੂਮਤ ਦੇ ਖਾਤਮੇ ਲਈ ਛੇਵੇਂ ਗੁਰੂ ਜੀ ਦੀ ਅਗਵਾਈ ਵਿਚ ਉਹ ਇਕ ਹੋ ਕੇ ਲੜਨ ਲਈ ਤਿਆਰ-ਬਰ-ਤਿਆਰ ਹੋ ਗਏ। ਜ਼ਾਲਮ ਹਕੂਮਤ ਦਾ ਖ਼ਾਤਮਾ ਕਰਨ ਲਈ ਸਿੱਖ ਕੌਮ ਹਥਿਆਰਬੰਦ ਹੋ ਗਈ। ਸਾਹਸੀ ਤੇ ਬਹਾਦਰ ਸਿੱਖ ਫ਼ੌਜ ਦੀ ਨੀਂਹ ਰੱਖੀ ਗਈ ਜਿਸ ਨੇ ਜੰਗ ਦੇ ਮੈਦਾਨ ਵਿਚ ਮੁਗ਼ਲ ਹਕੂਮਤ ਦੇ ਛੱਕੇ ਛੁਡਾ ਦਿੱਤੇ। (ਸ਼ਾਹ ਜਹਾਂ ਦੇ ਸਮੇਂ ਹੀ ਛੇਵੇਂ ਗੁਰੂ ਜੀ ਨੂੰ ਮੁਗ਼ਲਾਂ ਨਾਲ ਚਾਰ ਲੜਾਈਆਂ ਵਿਚ ਉਲਝਣਾ ਪਿਆ ਸੀ।)

3. ਸਿੱਖੀ ਮਹਿਲ ਦੀ ਉਸਾਰੀ:

ਗੁਰੂ ਜੀ ਦੀ ਸ਼ਹੀਦੀ ਨੇ ਸਿੱਖੀ ਮਹਿਲ ਦੀਆਂ ਨੀਂਹਾਂ ਇੰਨੀਆਂ ਮਜ਼ਬੂਤ ਕਰ ਦਿੱਤੀਆਂ ਕਿ ਉਨ੍ਹਾਂ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਹੋਰ ਅਨੇਕਾਂ ਸਿੰਘਾਂ-ਸਿੰਘਣੀਆਂ ਨੇ ਆਪਣੀਆਂ ਸ਼ਹੀਦੀਆਂ ਰਾਹੀਂ ਅਜਿਹਾ ਮਹਿਲ ਉਸਾਰ ਦਿੱਤਾ, ਜਿਸ ਨੂੰ ਸਿੱਖ ਕੌਮ ਅਤੇ ਖ਼ਾਲਸਾ ਪੰਥ ਦਾ ਨਾਂ ਦਿੱਤਾ ਗਿਆ। ਪ੍ਰਿੰ. ਸਤਿਬੀਰ ਸਿੰਘ ਨੇ ਠੀਕ ਲਿਖਿਆ ਹੈ ਕਿ “ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਕੁਰਬਾਨੀ ਦੇ ਕੇ ਸਿੱਖਾਂ ਲਈ ਪੂਰਨੇ ਪਾਏ ਤਾਂ ਕਿ ਆਉਣ ਵਾਲੀਆਂ ਨਸਲਾਂ ਉਨ੍ਹਾਂ ਪੂਰਨਿਆਂ ਉੱਤੇ ਚੱਲ ਸਕਣ:

ਅਜਰ ਜਰਨ ਕੀ ਔਧ ਜਨਾਈ।
ਇਤੇ ਕਸ਼ਟ ਤੇ ਨਹੀਂ ਦਿਖਾਈ।

‘ਜੇ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਨਾ ਦਿੰਦੇ ਤਾਂ ਸ਼ਾਇਦ ਉਸ ਉਤਸ਼ਾਹ ਨਾਲ ਸਿੱਖ ਸ਼ਹਾਦਤਾਂ ਪੇਸ਼ ਨਾ ਕਰਦੇ, ਜਿਸ ਨਾਲ ਉਨ੍ਹਾਂ ਸ਼ਹਾਦਤਾਂ ਦਿੱਤੀਆਂ। ਜੇ ਸਿੱਖ ਆਚਰਨ ਨੇ ਦੁਨੀਆਂ ਦੇ ਲੋਕਾਂ ਨੂੰ ਪ੍ਰਭਾਵਤ ਕੀਤਾ ਤਾਂ ਇਸ ਦਾ ਵੱਡਾ ਕਾਰਨ ਗੁਰੂ ਜੀ ਦੀ ਸ਼ਹਾਦਤ ਸੀ ਜਿਸ ਨੇ ਅਜਿਹੀ ਨੀਂਹ ਰੱਖੀ ਕਿ ਜਿਸ ਉੱਤੇ ਉਸਰਿਆ ਮਹੱਲ ਸੁੰਦਰ ਬਣਿਆ।’16

ਪੰਚਮ ਪਾਤਸ਼ਾਹ ਦੀ ਸ਼ਹੀਦੀ ਦੇ ਪ੍ਰਭਾਵ ਨੂੰ ਦਰਸਾਉਂਦੀਆਂ ਇਹ ਕਾਵਿ- ਸਤਰਾਂ ਪੜ੍ਹਨ ਯੋਗ ਹਨ:

ਮੈਂ ਚਰਬੀ ਪਾ ਕੇ ਆਪੇ ਦੀ, ਇਹ ਪੰਥਕ ਜੋਤ ਜਗਾਣੀ ਏਂ।
ਸਿਰ ਤੱਤੀ ਰੇਤ ਪਵਾ ਕੇ ਮੈਂ, ਵਿਚ ਦੁਨੀਆਂ ਠੰਢ ਵਰਤਾਣੀ ਏਂ।
ਮੈਂ ਪੀ ਕੇ ਜਾਮ ਸ਼ਹੀਦੀ ਦਾ, ਇਕ ਮਸਤੀ ਨਵੀਂ ਚੜ੍ਹਾਣੀ ਏਂ।
ਮੈਂ ਖਾ ਉਬਾਲੇ ਦੇਗਾਂ ਵਿਚ, ਫਿਰ ਦੇਗ-ਤੇਗ ਵਰਤਾਣੀ ਏਂ।
ਮੈਂ ਜ਼ੁਲਮ ਦੇ ਅੱਗੇ ਝੁਕਣਾ ਨਹੀਂ, ਪਰ ਜ਼ੁਲਮ ਦੀ ਅਲਖ ਮੁਕਾਣੀ ਏਂ।
ਮੈਂ ਸਦਕੇ ਹੋ ਕੇ ਸੰਗਤ ਤੋਂ, ਸੰਗਤ ਦੀ ਰੱਖ ਵਿਖਾਣੀ ਏਂ।
ਦੋ-ਧਾਰੇ ਖੰਡੇ ਖੜਕਣਗੇ, ਕੀ ਆਪਾਂ ਇੱਟ ਖੜਕਾਣੀ ਏਂ!
ਮੂਧੇ-ਮੂੰਹ ਡਿੱਗੂ ਤਾਕਤ ਇਹ, ਇਕ ਐਸੀ ਘੜੀ ਵੀ ਆਣੀ ਏਂ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕਈ ਇਤਿਹਾਸਕਾਰਾਂ ਨੇ ਸਿੱਖ ਇਤਿਹਾਸ ਵਿਚ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਮੰਨਿਆ ਹੈ। ਮੁਹੰਮਦ ਲਤੀਫ਼ ਨੇ ਇਸ ਸ਼ਹਾਦਤ ਨੂੰ ਸਿੱਖ ਇਤਿਹਾਸ ਵਿਚ ਮੋੜ (turning point) ਸਮਝ ਲਿਆ ਹੈ। “ਪਰ ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆਂ ਇਹ ਸਪਸ਼ਟ ਹੋਵੇਗਾ ਕਿ ਮੋੜ ਵਰਗੀ ਕੋਈ ਚੀਜ਼ ਇਤਿਹਾਸ ਵਿਚ ਨਹੀਂ ਆਈ। ਸਿਰਫ ਛੁਪੀਆਂ ਹੋਈਆਂ ਤਾਕਤਾਂ ਨੂੰ ਆਉਣ ਵਾਲੇ ਗੁਰੂਆਂ ਨੇ ਪ੍ਰਗਟ ਕਰ ਦਿੱਤਾ।…ਗੁਰੂ ਹਰਿਗੋਬਿੰਦ ਜੀ ਵੱਡਿਆਂ ਦੇ ਪਾਏ ਹੋਏ ਪੂਰਨਿਆਂ ਉੱਤੇ ਹੀ ਟੁਰਦੇ ਰਹੇ।”17 ਲਾਹੌਰ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਨੇ ਬੇਟੇ (ਗੁਰੂ) ਹਰਿਗੋਬਿੰਦ ਜੀ ਨੂੰ ਆਖਰੀ ਹੁਕਮ ਦਿੱਤਾ, “ਆਪਣੇ ਤਖ਼ਤ ’ਤੇ ਖ਼ੁਦ ਮੁਖ਼ਤਿਆਰ ਹੋ ਕੇ ਬੈਠੋ ਅਤੇ ਆਪਣੀ ਯੋਗਤਾ ਅਨੁਸਾਰ ਫ਼ੌਜ ਰੱਖੋ।”18 ਆਪਣੇ ਗੁਰੂ-ਪਿਤਾ ਦੇ ਹੁਕਮ ਦੀ ਤਾਮੀਲ ਕਰਦਿਆਂ ਹੋਇਆਂ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਨਵੀਂ ਨੀਤੀ ਅਪਣਾਈ ਤੇ ਸਿੱਖ ਫ਼ੌਜ ਦਾ ਸੰਗਠਨ ਕੀਤਾ।

ਹਵਾਲੇ ਅਤੇ ਪਦ-ਟਿਪਣੀਆਂ:

1. ਪ੍ਰਿੰ. ਸਤਿਬੀਰ ਸਿੰਘ, ਸਾਡਾ ਇਤਿਹਾਸ, ਨਿਊ ਬੁੱਕ ਕੰਪਨੀ, ਜਲੰਧਰ, 1991, ਪੰਨਾ 230.
2. ਗਿਆਨੀ ਪ੍ਰਤਾਪ ਸਿੰਘ, ਗੁਰਮਤਿ ਫ਼ਿਲਾਸਫ਼ੀ, ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੰਪਨੀ, ਅੰਮ੍ਰਿਤਸਰ, 1963, ਪੰਨਾ 286-87.
3. ਪ੍ਰੋ. ਜੋਗਿੰਦਰ ਸਿੰਘ, ਗੁਰਮਤਿ ਤੇ ਗੁਰਦਰਸ਼ਨ, ਪ੍ਰੀਤ ਪ੍ਰਕਾਸ਼ਨ, ਨਵੀਂ ਦਿੱਲੀ, 1970, ਪੰਨਾ 155.
4. ਸ. ਮਨਪ੍ਰੀਤ ਸਿੰਘ ਸਾਗਰ, ਸ਼ਹੀਦਾਂ ਦੇ ਸਿਰਤਾਜ : ਸ੍ਰੀ ਗੁਰੂ ਅਰਜਨ ਦੇਵ ਜੀ, ਗੁਰਮਤਿ ਪ੍ਰਕਾਸ਼, ਜੂਨ 2004.
5. ਡਾ. ਹਰਨਾਮ ਸਿੰਘ ਸ਼ਾਨ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਤੇ ਦੋਸ਼ੀ, ਗੁਰਮਤਿ ਪ੍ਰਕਾਸ਼, ਜੂਨ 2004.
6. ਵੇਖੋ ਹਵਾਲੇ, ਸਾਡਾ ਇਤਿਹਾਸ, ਪੰਨੇ 236-37.
7. ਡਾ. ਦਰਸ਼ਨ ਸਿੰਘ, ਪੰਜਵੇਂ ਪਾਤਸ਼ਾਹ ਦੀ ਵਿਲੱਖਣ ਸ਼ਹੀਦੀ, ਗੁਰਮਤਿ ਪ੍ਰਕਾਸ਼, ਜੂਨ 2006.
8. ਵੇਖੋ ਹਵਾਲਾ: ਡਾ. ਜਸਬੀਰ ਸਿੰਘ, ਗੁਰੂ ਅਰਜਨ ਸਾਹਿਬ-ਦਰ ਹੱਕ ਵ ਹੱਕ ਦਰ ਜ਼ਾਤਸ਼, ਗੁਰਮਤਿ ਪ੍ਰਕਾਸ਼, ਜੂਨ 2006.
9. ਵੇਖੋ ਹਵਾਲਾ, ਡਾ. ਗੰਡਾ ਸਿੰਘ, ਕੁਝ ਕੁ ਪੁਰਾਤਨ ਸਿੱਖ ਇਤਿਹਾਸਕ ਪਤ੍ਰ੍ਰੇ, ‘ਫੁਲਵਾੜੀ’ ਲਾਹੌਰ, ਮਾਰਚ 1931, ਪੰਨਾ 9.
10. ਵੇਖੋ ਹਵਾਲੇ, ਸਾਡਾ ਇਤਿਹਾਸ, ਪੰਨਾ 244.
11. ਡਾ. ਜਸਬੀਰ ਸਿੰਘ, ਗੁਰਮਤਿ ਪ੍ਰਕਾਸ਼, ਜੂਨ 2006.
12. ਵੇਖੋ ਹਵਾਲਾ- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਤੇ ਅਸਲ ਦੋਸ਼ੀ, ਗੁਰਮਤਿ ਪ੍ਰਕਾਸ਼, ਜੂਨ 2004.
13. ਉਹੀ।
14. ਪ੍ਰੋ: ਕਰਤਾਰ ਸਿੰਘ, ਸਿੱਖ ਇਤਿਹਾਸ, ਭਾਗ ਪਹਿਲਾ, ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ, 1981, ਪੰਨਾ 184,
15. ਵੇਖੋ ਹਵਾਲੇ: ਸਾਡਾ ਇਤਿਹਾਸ, ਪੰਨਾ 247.
16. ਉਹੀ, ਪੰਨਾ 250.
17. ਸਾਡਾ ਇਤਿਹਾਸ, ਪੰਨਾ 247
18. C.H. Loehlin, The Sikhs and Their Scripture, pp. 31-32; S. Teja Singh, Ganda Singh, A Short History of the Sikhs, Vol. I, p. 30. .
ਵੇਖੋ ਹਵਾਲੇ-ਗੁਰੂ ਅਰਜਨ ਸਾਹਿਬ-ਦਰ ਹੱਕ ਵ ਹੱਕ ਦਰ ਜ਼ਾਤਸ਼, ਗੁਰਮਤਿ ਪ੍ਰਕਾਸ਼, ਜੂਨ 2006.

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)