ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦ ਵਾਸੀਆਂ ਦੀ ਮੁਰਦਾ ਹੋ ਚੁਕੀ ਜ਼ਮੀਰ ਨੂੰ ਹਲੂਣਾ ਦੇ ਕੇ ਜਗਾਇਆ ਜੋ ਉਸ ਵਕਤ ਤਕ ਗ਼ੁਲਾਮ ਬਣ ਕੇ, ਸਿਰ ਨੀਵਾਂ ਕਰਕੇ ਨਿੰਮੋਝੂਣੇ ਹੋ ਕੇ ਜੀਵਨ-ਜੀਊਣ ਦੇ ਆਦੀ ਹੋ ਚੁਕੇ ਸਨ। ਉਨ੍ਹਾਂ ਨੇ ਉਨ੍ਹਾਂ ਦੇ ਅੰਦਰ ਇਹ ਸ੍ਵੈਮਾਣ ਜਗਾਇਆ ਕਿ ਉਨ੍ਹਾਂ ਨੂੰ ਆਪਣੀ ਹੀ ਧਰਤੀ ਉੱਤੇ ਸਮਾਜਿਕ, ਰਾਜਨੀਤਿਕ, ਸਭਿਆਚਾਰਕ ਅਤੇ ਧਾਰਮਿਕ ਆਜ਼ਾਦੀ ਨਾਲ ਜੀਊਣ ਦਾ ਪੂਰਾ-ਪੂਰਾ ਹੱਕ ਹੈ। ਦੱਸਿਆ ਕਿ ਇਸ ਤਰ੍ਹਾਂ ਦਾ ਜੀਵਨ-ਜਿਊਣ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਉਸ ਉੱਚੇ ਕਿਰਦਾਰ ਉਸ ਉੱਚੀ-ਸੁੱਚੀ ਨਿਰਮਲ ਪਵਿੱਤਰ ਸੋਚਣੀ ਨੂੰ ਅਪਣਾਉਣਾ ਪਏਗਾ, ਜਿਸ ਸਚੁ ਆਚਾਰ ਦੀ ਜੁਗਤਿ ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਹੈ। ਇਸ ਸਚੁ ਦੀ ਰਾਖੀ ਲਈ ਆਪਣੇ ਅੰਦਰ ਦੀ ਤਾਕਤ ਆਪਣੇ ਆਤਮ ਬਲ ਨੂੰ ਵੰਗਾਰਨਾ ਪਏਗਾ। ਮਾਨਸਿਕ ਤਾਕਤਾਂ ਦੇ ਨਾਲ-ਨਾਲ ਸਰੀਰਕ ਬਲ ਨੂੰ ਚੁਣੌਤੀ ਬਣਾਉਣਾ ਪਏਗਾ ਕਿਉਂਕਿ ‘ਕੋਊ ਕਿਸੀ ਕੋ ਰਾਜ ਨ ਦੇਹੈਂ ਜੋ ਲੈ ਹੈਂ ਸੋ ਬਲਿ ਸਿਉ ਲੈ ਹੈ’। ਇਸ ਬਲ ਦੀ ਅਜ਼ਮਾਇਸ਼ ਰਣਭੂਮੀ ਵਿਚ ਨਿੱਤਰ ਕੇ ਹੀ ਹੋਵੇਗੀ। ਹੱਥ ਵਿਚ ਸ਼ਸਤਰ ਪਕੜ ਕੇ ਮੈਦਾਨ-ਏ- ਜੰਗ ਵਿਚ ਵੀ ਉਤਰਨਾ ਹੋਏਗਾ। ਆਪਣੇ ਭੁਜ ਬਲ ਦੀ ਅਜ਼ਮਾਇਸ਼ ਕਰਨੀ ਹੋਏਗੀ ਤੇ ਇਸ ਤਰ੍ਹਾਂ ਗੁਰੂ ਦਸਮੇਸ਼ ਜੀ ਨੇ ਨਿਰਮਲ ਪੰਥ ਨੂੰ ਯੁੱਧ ਚਿੰਤਕ ਨਾਲ ਜੋੜਦੇ ‘ਮੁਖ ਤੇ ਹਰਿ ਚਿੱਤ ਮੈ ਜੁਧ ਵਿਚਾਰੈ’ ਦਾ ਦਰਸ਼ਨ ਦਿੱਤਾ।
ਗੁਰੂ ਦਸਮੇਸ਼ ਜੀ ਨੇ ਆਪਣਾ ਜੀਵਨ ਉਦੇਸ਼ ਹੀ ਦੱਸਿਆ ਸੀ ‘ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ’ ਦੁਸ਼ਟਾਂ ਨੂੰ ਪਛਾੜਨਾ ਹੈ ਜ਼ੁਲਮ ਦੀ ਜੜ੍ਹ ਪੁੱਟਣੀ ਹੈ ਤਾਂ ਜੋ ‘ਸਾਧ ਸਮੂਹ ਪ੍ਰਸੰਨ ਫਿਰੈਂ’। ਸਾਧ-ਸੰਤ ਮਹਾਂਪੁਰਸ਼, ਭਲੇ ਪੁਰਸ਼, ਜੋ ਸਚੁ ਅਚਾਰ ਦੇ ਪ੍ਰਤੀਕ ਹਨ, ਸੱਚ ਦੇ ਧਾਰਣੀ ਹਨ, ਸਮਾਜ ਵਿਚ ਨਿਰਭੈ ਹੋ ਕੇ ਵਿਚਰਨ, ਪ੍ਰਫੁੱਲਤ ਹੋਣ, ਖਿੜਨ, ਵਧਣ-ਫੁਲਣ, ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਬਖਸ਼ਿਆ ਨਿਰਮਲ ਪੰਥ ਖਾਲਸ ਧਰਮ ਚਿੰਤਨ, ਚੜ੍ਹਦੀਆਂ ਕਲਾਂ ਵਿਚ ਵਿਚਰੇ। ਇਹ ਸੋਚਣੀ, ਜੀਵਨ ਦਾ ਸਹਿਜ ਤੇ ਅਭਿੰਨ ਅੰਗ ਬਣੇ ਤਾਂ ਜੋ, ਇਕ ਸਿਹਤਮੰਦ ਉਸਾਰੂ ਅਗਾਂਹਵਧੂ, ਤੇਰ-ਮੇਰ ਦੇ ਦ੍ਵੰਦਾਂ ਤੋਂ ਮੁਕਤ, ਜਾਤ-ਪਾਤ, ਊਚ-ਨੀਚ ਦੇ ਸੰਕੀਰਣ ਦਾਇਰੇ ਤੋਂ ਮੁਕਤ, ਕਰਮਕਾਂਡ ਅਤੇ ਪਾਖੰਡਾਂ ਦੀ ਜੂਹ ਤੋਂ ਨਿਵੇਕਲਾ, ਖੁੱਲ੍ਹੇ-ਡੁੱਲ੍ਹੇ ਸੁਖਾਵੇਂ ਵਾਤਾਵਰਣ ਦਾ ਸਿਰਜਕ ਆਦਰਸ਼ ਸਮਾਜ ਹੋਂਦ ਵਿਚ ਆਏ।
ਇਸੇ ਉਦੇਸ਼ ਦੇ ਤਹਿਤ, ਗੁਰੂ ਸਾਹਿਬ ਜੀ ਨੇ ਦਸਾਂ ਜਾਮਿਆਂ ਤਕ ਸੰਚਤ ਤੇਜ਼-ਪ੍ਰਤਾਪ ਨੂੰ ਪੰਜ ਪਿਆਰਿਆਂ ਵਿਚ ਰਚਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਕ ਨਵਾਂ-ਨਰੋਆ ਵਿਲੱਖਣ ਨਿਆਰਾ ਸੰਕਲਪ ਬਖ਼ਸ਼ਿਆ।
ਤਹ ਸਹਜੇ ਰਚਿਓ ਖਾਲਸਾ ਧਰ ਤੇਜ ਕਰਾਰਾ।
ਇਸ ਤੇਜ-ਪ੍ਰਤਾਪ ਦੀ ਬਖ਼ਸ਼ਿਸ਼ ਕਿਸੇ ਵੀ ਲੋੜਵੰਦ ਪ੍ਰਾਣੀ ’ਤੇ ਹੋ ਸਕਦੀ ਹੈ। ਹਿੰਦੂ, ਮੁਸਲਮਾਨ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼ ਜੋ ਵੀ ਧਰਮ ਯੁੱਧ ਵਿਚ ਪ੍ਰਵੇਸ਼ ਕਰਨਾ ਚਾਹੁੰਦਾ ਹੈ ਇਸ ਜਮਾਤ ਵਿਚ ਦਾਖਲ ਹੋ ਸਕਦਾ ਹੈ। ਕਿਸੇ ਵੀ ਕੌਮ ਦਾ ਕਿਸੇ ਵੀ ਦੇਸ਼, ਵਰਗ, ਸੰਪ੍ਰਦਾਇ, ਰੰਗ-ਨਸਲ, ਜ਼ਾਤ, ਕੁਨਬੇ, ਗਿਰੋਹ ਦਾ ਕੋਈ ਵੀ ਪ੍ਰਾਣੀ ਇਸ ਤੇਜ਼-ਪ੍ਰਤਾਪ ਦੀ ਬਖਸ਼ਿਸ਼ ਦਾ ਪਾਤਰ ਬਣ ਸਕਦਾ ਹੈ, ਧਰਮ ਯੁੱਧ ਵਿਚ ਜੂਝ ਸਕਦਾ ਹੈ ਕਿਉਂਕਿ ਦਸਮੇਸ਼ ਜੀ ਤਾਂ ਜਿਸ ਤਰ੍ਹਾਂ ਕਿ ਆਰੀਆ ਸਮਾਜੀ ਲੇਖਕ ਦੌਲਤ ਰਾਇ ਆਪਣੀ ਪੁਸਤਕ ‘ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ’ ਦੇ ਪੰਨਾ ਨੰ: 98 ’ਤੇ ਲਿਖਦਾ ਹੈ “ਗੁਰੂ ਗੋਬਿੰਦ ਸਿੰਘ ਇਨਸਾਨੋਂ ਕੋ ਸੱਚਾਈ ਤੇ ਪਵਿੱਤਰਤਾ ਮੁਹੱਬਤ ਔਰ ਅਦਲ ਸਿਖਾਨੇ, ਔਰ ਏਕ ਸੱਚਾ ਮਜ਼ਹਬ ਜਿੰਦਾ ਕਰਨੇ ਔਰ ਇਸਕਾ ਪਰਚਾਰ ਕਰਨੇ ਕੇ ਲੀਏ ਆਇਆ ਥਾ”।
ਉਹ ਤਾਂ ਇਥੋਂ ਤਕ ਆਖਦਾ ਹੈ “ਗੁਰੂ ਗੋਬਿੰਦ ਸਿੰਘ ਮਜ਼ਹਬਿ ਇਸਲਾਮ ਕਾ ਨਾ ਦੁਸ਼ਮਨ ਥਾ ਨਾ ਇਸ ਕੇ ਬਰ ਖਿਲਾਫ਼ ਦੁਸ਼ਮਨੀ ਮੇਂ ਉਸ ਕੋ ਕੁਛ ਫਾਇਦਾ ਕੀ ਉਮੀਦ ਥੀ। ਵੋਹ ਉਨ ਮੁਸਲਮਾਨੋਂ ਕਾ ਦੁਸਮਨ ਥਾਂ ਜੋ ਮਜ਼ਹਬ ਕੇ ਲਿਬਾਸ ਮੇਂ ਜ਼ੁਲਮ ਔਰ ਜੋਰ-ਓ-ਸਿਤਮ ਕੇ ਆਦੀ ਥੇ, ਜੋ ਖੁਦ ਇਸਲਾਮ ਕੇ ਨੰਗ ਥੇ। ਵੋਹ ਉਨ ਵਹਸ਼ੀਓ ਔਰ ਜ਼ਾਲਮੋਂ ਔਰ ਸਫਾਕੋ ਕਾ ਦੁਸ਼ਮਨ ਥਾ, ਜੋ ਇਸਲਾਮ ਕੀ ਤਾਲੀਮ ਕੇ ਸਾਏ ਮੇਂ ਹਰ ਕਿਸਮ ਕੀ ਖੁਨਰੋਜੀ ਔਰ ਹਰ ਮਜ਼ਹਬ ਕੀ ਤੌਹੀਨ ਹਰ ਇਨਸਾਨ ਕੀ ਹਲਾਕਤ ਕੇ ਕਾਰਿ ਸਵਾਬ ਸਮਝਤੇ ਥੇ”। (ਪੰਨਾ 72)
ਉਸ ਦੇ ਕਥਨ ਮੁਤਾਬਕ, ਸਾਹਿਬੇ-ਆਲਮ ਵਰਗਾ ਦੀਨ ਮਜ਼ਹਬ ਦਾ ਸੁਧਾਰਕ ਕੋਈ ਦੂਜਾ ਅੱਜ ਤਕ ਧਰਮਾਂ ਦੇ ਇਤਿਹਾਸ ਵਿਚ ਹੋਇਆ ਹੀ ਨਹੀਂ। ਜੇਕਰ ਪੱਖਪਾਤ ਦੀ ਪੱਟੀ ਅੱਖਾਂ ਤੋਂ ਲਾਹ ਕੇ ਵੇਖੀਏ ਤਾਂ “ਅਗਰ ਚਸ਼ਮਿ ਬੀਨਾ ਤਅੱਸਬ ਸੇ ਕੋਰ ਨ ਹੋ ਔਰ ਦੀਦਹਏ ਬਸਰ ਤਰਫਦਾਰੀ ਸੇ ਨਾਬੀਨਾ ਨ ਹੋ ਤੋ ਗੁਰੂ ਗੋਬਿੰਦ ਸਿੰਘ ਤਮਾਮ ਹਾਦੀਆਨਿ ਦੀਨ ਔਰ ਮੂਜ਼ਦਾਨ ਮਜ਼ਹਬ ਕਾ ਸਰਤਾਜ ਮਾਲੂਮ ਹੋਤਾ ਹੈ। ਉਸਕਾ ਰੁਤਬਾ ਮੈਦਾਨਿ ਹਦਾਇਤ ਮੇ ਹਰ ਜ਼ਮਾਨੇ ਕੇ ਹਾਦੀਆਨਿ ਦੀਨ ਸੇ ਬੁਲੰਦ ਔਰ ਬਾਲਤਰ ਹੈ।” (ਪੰਨਾ 99) ਅੱਗੋਂ ਲਿਖਦਾ ਹੈ “ਇਸ ਅਜਨਬੀ ਨੇ ਹਿੰਦੂ ਧਰਮ ਕੀ ਕਿਸ਼ਤੀ ਕੋ ਨ ਸਿਰਫ ਤੂਫਾਨ ਸੇ ਨਿਕਾਲਾ ਹੀ ਬਲਕਿ ਕਿਨਾਰੇ ਲਾ ਖੜਾ ਕੀਆ। ਜਿਸ ਦਰਖਤ ਕੋ ਗੁਰੂ ਨਾਨਕ ਦੇਵ ਜੀ ਨੇ ਅਪਨੇ ਖੂਨ ਕਾ ਪਾਨੀ ਔਰ ਹੱਡੀਓਂ ਕਾ ਖਾਦ ਦੇ ਕਰ ਜ਼ਮੀਨ ਸੇ ਉਠਾਇਆ ਥਾ, ਜਿਸ ਕੋ ਗੁਰੂ ਤੇਗ ਬਹਾਦਰ ਜੀ ਨੇ ਅਪਨੇ ਲਹੂ ਸੇ ਸੀਂਚਾ ਥਾ, ਜ਼ਰਾ ਬਣਾਇਆ ਥਾ ਉਸ ਕੋ ਗੁਰੂ ਗੋਬਿੰਦ ਸਿੰਘ ਜੀ ਨੇ ਅਪਨੇ ਚਾਰ ਬੇਟੋ ਔਰ ਪਾਂਚ ਪਿਆਰੋਂ ਔਰ ਹਜ਼ਾਰੋਂ ਅਕੀਦਤਮੰਦ ਸਿੰਘੋਂ ਕੇ ਖੂਨ ਕੇ ਲਬਾਲਬ ਹੁਨਰੋਂ ਸੇ ਐਸਾ ਬਲਵਾਨ ਚੜਾਇਆ ਆਖਰ ਵੋਹ ਫਲ ਲਾਇਆ। ਵੋਹ ਫਲ ਕਿਆ ਥੇ? ਕੌਮੀਅਤ ਅਖਵਤ ਵਾਹਦਤ ਔਰ ਮੁਹਬੱਤ ਯਾਨੀ ਐਸਾ ਫਲ, ਜਿਸ ਕਾ ਪੋਸਤ ਵਾਹਦਿਤ ਇਲਾਹੀ, ਜਿਸਕੇ ਰੇਸ਼ੇ ਮੁਹੱਬਤ, ਜਿਸਕੇ ਪਰਦੇ ਹੁਬੁਲਵਤਨੀ, ਜਿਸਕੀ ਗਿਟਕ ਅਖਵਤ ਔਰ ਜਿਸਕਾ ਸੀਰੀ ਰਸ ਕੌਮੀਅਤ ਥੀ”।
ਇਸੇ ਲਈ ਗੁਰੂ ਦਾ ਸੱਚਾ ਸਿੱਖ ਖਾਲਸਾ ਪੰਥ ਕੌਮ ਦਾ ਸਦੈਵ ਭਲਾ ਲੋਚਦਾ ਹੈ, ਉਹ ਸਰਬੱਤ ਦੇ ਭਲੇ ਦੀ ਲੋਚ ਕਰਦਾ ਹੈ। ਕੌਮ ਦੀ ਰਾਖੀ ਲਈ ‘ਪੁਰਜਾ ਪੁਰਜਾ ਕੱਟ ਮਰਨ’ ਲਈ ਤੱਤਪਰ ਰਹਿੰਦਾ ਹੈ। ਕੁਲ ਮਨੁੱਖਤਾ ਦੇ ਹਿੱਤਾਂ ਲਈ ‘ਮਰਣ ਮੁਣਸਾ ਸੂਰਿਆ ਹਕ ਹੈ” ਦੀ ਦੁਹਾਈ ਦਿੰਦਾ ਹੈ।
ਇਸ ਹਾਲ ਨੂੰ ਉਸ ਵਕਤ ਦੇ ਗੁਰੂ ਸਾਹਿਬ ਦੇ ਮੁਰੀਦਾਂ ਨੇ ਵੀ ਮਹਿਸੂਸ ਕੀਤਾ ਸੀ, ਮੰਨਿਆ ਅਤੇ ਸਮਝਿਆ ਸੀ। ਇਸੇ ਲਈ ਵਕਤ ਦੇ ਪੀਰ-ਫਕੀਰ ਅਤੇ ਆਮ ਮੁਸਲਿਮ ਵੀ ਗੁਰੂ ਤੋਂ ਜਾਨਾਂ ਨਿਛਾਵਰ ਕਰਨ ਨੂੰ ਤੱਤਪਰ ਸਨ। ਕੇਵਲ ਹਿੰਦੂ ਹੀ ਨਹੀਂ ਪੀਰ ਬੁੱਧ ਸ਼ਾਹ ਵਰਗੇ ਪਹੁੰਚੇ ਹੋਏ ਮੁਸਲਮਾਨ ਫਕੀਰ ਭੰਗਾਣੀ ਅਤੇ ਹੋਰ ਜੰਗਾਂ ਵਿਚ ਗੁਰੂ ਵੱਲੋਂ ਹੋ ਕੇ ਆਪਣੇ ਸੂਰਮੇ ਪੁੱਤਰਾਂ ਸਮੇਤ ਲੜਦੇ ਹੋਏ ਸ਼ਹਾਦਤਾਂ ਪਾ ਗਏ। ਆਪਣੀ ਜਾਨ ਅਤੇ ਕੁੱਲ ਸਰਬੰਸ ਨੂੰ ਖ਼ਤਰੇ ਵਿਚ ਪਾ ਕੇ ਵੀ ਪੀਰ ਬੁੱਧੂ ਸ਼ਾਹ ਨੇ ਅਖੀਰਲੇ ਸੁਆਸਾਂ ਤਕ ਦਸਮੇਸ਼ ਜੀ ਨਾਲ ਆਪਣੀ ਸੱਚੀ ਮੁਹੱਬਤ ਅਤੇ ਸ਼ਰਧਾ ਦਾ ਨਿਰਬਾਹ ਕੀਤਾ। ਨਬੀ ਖ਼ਾਂ ਅਤੇ ਗਨੀ ਖ਼ਾਂ ਦਾ ਸਿੱਖ ਪੰਥ ਸਦੈਵ ਰਿਣੀ ਹੈ। ਕਿਸ ਤਰ੍ਹਾਂ ਉਸ ਮਾਹੌਲ ਵਿਚ ਜਦੋਂ ਕਿ ਮੁਗ਼ਲ ਸੈਨਾ ਹਜ਼ਾਰਾਂ ਦੀ ਗਿਣਤੀ ਵਿਚ ਦਸਤੇ ਬਣਾ ਕੇ ਗੁਰੂ ਦੇਵ ਜੀ ਨੂੰ ਲੱਭਦੇ ਫਿਰਦੇ ਰਹੇ ਹੋਣ, ਜ਼ੁਲਮਾਂ ਦਾ ਭਿਆਨਕ ਤੂਫਾਨ ਵਗ ਰਿਹਾ ਹੋਵੇ, ਖੌਫ਼ ਦਾ ਖੁੱਲ੍ਹਾ ਸਾਮਰਾਜ ਹੋਵੇ ਤੇ ਉਸ ਹਨੇਰਗਰਦੀ ਵਿਚ ਗੁਰਦੇਵ ਪਿਤਾ ਜੀ ਨੂੰ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਉੱਚ ਦਾ ਪੀਰ ਬਣਾ ਕੇ ਸੁਰੱਖਿਅਤ ਸਥਾਨ ’ਤੇ ਪਹੁੰਚਾ ਦੇਣਾ ਕੋਈ ਛੋਟੀ ਗੱਲ ਨਹੀਂ ਹੈ। ਉਸ ਕਾਜ਼ੀ ਪੀਰ ਮੁਹੰਮਦ ਦੇ ਵੀ ਰਿਣੀ ਹਾਂ ਜੋ ਗੁਰਦੇਵ ਜੀ ਨੂੰ ਬਾਲਪਨ ਵਿਚ ਫ਼ਾਰਸੀ ਪੜ੍ਹਾਉਂਦਾ ਸੀ, ਗੁਰਦੇਵ ਜੀ ਦਾ ਮੁਰੀਦ ਸੀ। ਉੱਚ ਦਾ ਪੀਰ ਬਣੇ, ਪਾਲਕੀ ਵਿਚ ਬੈਠੇ ਗੁਰਦੇਵ ਜੀ ਦੀ ‘ਉੱਚ ਦਾ ਪੀਰ’ ਵਜੋਂ ਹੀ ਸ਼ਨਾਖਤ ਕਰਕੇ ਫੌਜੀ ਦਸਤੇ ਦੀ ਤਸੱਲੀ ਕਰਾ ਕੇ ਉਸ ਫੌਜੀ ਦਸਤੇ ਨੂੰ ਪਿਛਾਂਹ ਧਰਿਆ ਤੇ ਗੁਰਦੇਵ ਜੀ ਸਹੀ-ਸਲਾਮਤ ਅੱਗੇ ਟੁਰ ਪਏ। ਰਾਇਕੋਟ ਦੇ ਮੁਸਲਮਾਨ ਚੌਧਰੀ ਰਾਇ ਕੱਲ੍ਹਾ ਨੇ ਵੀ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ। ਗੁਰਦੇਵ ਜੀ ਨੂੰ ਸੰਕਟ ਦੀਆਂ ਘੜੀਆਂ ਵਿਚ ਆਪਣੇ ਪਾਸ ਰੱਖਿਆ। ਇਸ ਨੇ ਹੀ ਆਪਣੇ ਨੌਕਰ ਨੂਰੇ ਮਾਹੀ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਮਾਚਾਰ ਲਿਆਉਣ ਲਈ ਸਰਹਿੰਦ ਭੇਜਿਆ। ਉਸ ਨੇ ਹੀ ਆ ਕੇ ਸਾਕਾ ਸਰਹਿੰਦ ਸੁਣਾਇਆ। ਇਸੇ ਸੰਦਰਭ ਵਿਚ ਖਾਲਸਾ ਪੰਥ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੂੰ ਵੀ ਭੁਲਾ ਨਹੀਂ ਸਕਦਾ ਜੋ ਬੇਸ਼ੱਕ ਨਿੱਕੀਆਂ ਜਿੰਦਾਂ ਨੂੰ ਬਚਾ ਤਾਂ ਨਾ ਸਕਿਆ ਪਰ ਨਿੱਕੇ ਅਬੋਧ ਮਾਸੂਮ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਪ੍ਰਤੀ ਦਿੱਤੀ ਗਈ ਜ਼ਿੰਦਾ ਦੀਵਾਨ ਵਿਚ ਚਿਣੇ ਜਾ ਕੇ ਕਤਲ ਕਰ ਦੇਣ ਦੀ ਸਜ਼ਾ ਦਾ ਵਿਰੋਧ ਤਾਂ ਕੀਤਾ ਹੀ। ਉਸ ਨੇ ਵਜ਼ੀਰ ਖਾਨ ਨੂੰ ਚੁਣੌਤੀ ਤਾਂ ਦਿੱਤੀ ਹੀ ਕਿ ਦੀਨ ਇਸਲਾਮ ਦੀ ਕਿਸ ਸ਼ਰ੍ਹਾ ਤਹਿਤ ਉਹ ਮਾਸੂਮ ਬੱਚਿਆਂ ਨੂੰ ਕਤਲ ਕਰ ਰਿਹਾ ਹੈ। ਕੋਈ ਵੀ ਕਾਨੂੰਨ, ਕੋਈ ਵੀ ਮਜ਼ਹਬ ਮਾਸੂਮ ਬੱਚਿਆਂ ਨੂੰ ਕਤਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਹ ਕਿੱਥੋਂ ਦਾ ਇਨਸਾਫ ਹੈ ਕਿ ਪਿਤਾ ਦੀ ਦੁਸ਼ਮਣੀ ਦਾ ਬਦਲਾ ਮਾਸੂਮ ਜਿੰਦਾਂ ਦੇ ਕਤਲ ਨਾਲ ਲੀਤਾ ਜਾਏ। ਭਾਵੇਂ ਦੀਵਾਨ ਸੁੱਚਾ ਨੰਦ ਦੇ ਮਸ਼ਵਰੇ ’ਤੇ ਅਬੋਧ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਮੁਸਲਿਮ ਨਵਾਬ ਨੇ ਤਾਂ ਵਜ਼ੀਰ ਖਾਨ ਨੂੰ ਚੁਣੌਤੀ ਦਿੱਤੀ ਹੀ। ਦੀਵਾਨ ਸੁੱਚਾ ਨੰਦ ਨੇ ਤਾਂ ਆਖਿਆ ਕਿ ਸੱਪ ਦੇ ਬੱਚਿਆਂ ਨੇ ਅੱਗੋਂ ਜਾ ਕੇ ਸੱਪ ਹੀ ਬਣਨਾ ਹੈ। ਮੁਗ਼ਲਾਂ ਨੂੰ ਡੱਸਣਾ ਹੈ ਇਸ ਕਰਕੇ ਇਨ੍ਹਾਂ ਸਪੋਲੀਆਂ ਦਾ ਸਿਰ ਹੁਣੇ ਹੀ ਕੁਚਲ ਦੇਣਾ ਠੀਕ ਹੈ। ਇਹ ਹੈ ਨਾਸ਼ੁਕਰੀ ਦੀ ਅੰਤਲੀ ਹੱਦ। ਪੰਥ ਇਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਮਾਲਵੇ ਵਿਚ ਲੱਖੀ ਜੰਗਲ ਦੇ ਇਲਾਕੇ ਮੁਸਲਮਾਨਾਂ ਦੀ ਹੀ ਵੱਸੋਂ ਵੱਧ ਸੀ। ਇਥੋਂ ਦੇ ਹਿੰਦੂ ਵਸਨੀਕ ਅੰਮ੍ਰਿਤਪਾਨ ਕਰ ਸਿੰਘ ਸਜੇ ਅਤੇ ਕਈ ਮੁਸਲਮਾਨ ਵੀ ਗੁਰੂ ਸਾਹਿਬ ਦੇ ਮੁਰੀਦ ਬਣੇ। ਇਥੇ ਹੀ ਸੱਜਣ ਇਬਰਾਹੀਮ ਨਾਮ ਦਾ ਸਿਰਕੱਢ ਮੁਸਲਮਾਨ ਫਕੀਰ ਅੰਮ੍ਰਿਤਪਾਨ ਕਰ ਭਾਈ ਅਜਮੇਰ ਸਿੰਘ ਬਣਿਆ ਤੇ ਕਾਫੀ ਸਮਾਂ ਗੁਰੂ ਜੀ ਦੇ ਨਾਲ ਰਿਹਾ। ਮੁਸਲਮਾਨਾਂ ਤੋਂ ਸਿੰਘ ਸਜੇ ਕਈ ਸੂਰਮੇ ਬਹਾਦਰ ਮੁਕਤਸਰ ਦੀ ਜੰਗ ਵਿਚ ਵੀ ਗੁਰੂ ਜੀ ਦੇ ਨਾਲ ਹੋ ਕੇ ਲੜੇ। ਇਥੋਂ ਤਕ ਕਿ ਔਰੰਗਜ਼ੇਬ ਦਾ ਵੱਡਾ ਪੁੱਤਰ ਮੁਅੱਜ਼ਮ ਗੁਰੂ ਜੀ ਦਾ ਪਰਮ ਸ਼ਰਧਾਲੂ ਸੀ। ਸਿੱਖ ਪੰਥ ਦੇ ਮਹਾਨ ਰਤਨ ਭਾਈ ਨੰਦ ਲਾਲ ਜੀ ਵੀ ਇਸ ਦੇ ਮਿੱਤਰ ਸਨ, ਕਾਫੀ ਚਿਰ ਇਸ ਦੇ ਮੀਰ ਮੁਨਸ਼ੀ ਵੀ ਰਹੇ। ਇਹ ਭਾਈ ਸਾਹਿਬ ਜੀ ਦਾ ਚੰਗਾ ਸਤਿਕਾਰ ਕਰਦਾ ਸੀ, ਭਾਈ ਸਾਹਿਬ ਦੀ ਸ਼ਾਇਰੀ ਦਾ ਪ੍ਰੇਮੀ ਸੀ। ਇਹ ਆਪ ਚੰਗਾ ਸ਼ਾਇਰ ਸੀ, ਸਾਹਿਤ ਪ੍ਰੇਮੀ ਸੀ। ਔਰੰਗਜ਼ੇਬ ਦੀ ਮ੍ਰਿਤੂ ਤੋਂ ਬਾਅਦ ਰਾਜ-ਗੱਦੀ ਦਾ ਵਿਵਾਦ ਖੜ੍ਹਾ ਹੋਇਆ ਤਾਂ ਇਸ ਦੇ ਛੋਟੇ ਭਰਾ ਆਜ਼ਮ ਨੇ ਬਗ਼ਾਵਤ ਕੀਤੀ। ਮੁਅੱਜ਼ਮ ਨੇ ਗੁਰੂ ਸਾਹਿਬ ਤੋਂ ਮੱਦਦ ਮੰਗੀ ਤਾਂ ਗੁਰੂ ਸਾਹਿਬ ਦੇ ਪਾਸ ਭਾਵੇਂ ਉਸ ਸਮੇਂ ਥੋੜ੍ਹੀ ਹੀ ਸੈਨਾ ਸੀ ਤਾਂ ਵੀ ਗੁਰੂ ਜੀ ਨੇ ਆਪਣੇ ਬਹਾਦਰ ਸੂਰਮਿਆਂ ਦਾ ਇਕ ਦਸਤਾ ਇਸ ਦੀ ਮੱਦਦ ਲਈ ਭੇਜਿਆ ਤੇ ਜੂਨ 18, 1707 ਈ. ਜੈਤੋ ਦੇ ਮੁਕਾਮ ’ਤੇ ਸਿੰਘਾਂ ਦੀ ਮੱਦਦ ਨਾਲ ਆਜ਼ਮ ਮਾਰਿਆ ਗਿਆ ਤੇ ਮੁਅੱਜ਼ਮ ਦੀ ਜਿੱਤ ਹੋਈ ਤੇ ਉਹ ਬਹਾਦਰ ਸ਼ਾਹ ਦੇ ਨਾਮ ਨਾਲ ਬਾਦਸ਼ਾਹ ਬਣਿਆ। ਮਗਰੋਂ ਉਸ ਦੇ ਸੰਬੰਧ ਗੁਰੂ ਜੀ ਨਾਲ ਬਹੁਤ ਚੰਗੇ ਰਹੇ।
ਇਸ ਤਰ੍ਹਾਂ ਇਕ ਨਹੀਂ ਸਿੱਖ ਇਤਿਹਾਸ ਵਿਚ ਅਨੇਕਾਂ ਐਸੀਆਂ ਸ਼ਖ਼ਸੀਅਤਾਂ ਉੱਕਰੀਆਂ ਪਈਆਂ ਹਨ ਜਿਨ੍ਹਾਂ ਨੇ ਦਿਲੋਂ ਜਾਨ ਨਾਲ ਗੁਰੂ ਜੀ ’ਤੇ ਸ਼ਰਧਾ ਲੁਟਾਈ ਹੈ। ਪਰਵਾਰਾਂ ਸਮੇਤ ਜਾਨਾਂ ਕੁਰਬਾਨ ਕੀਤੀਆਂ ਹਨ। ਕਈ ਪੀਰ-ਫਕੀਰ ਆਪਣੀ ਅਧਿਆਤਮਕ ਜਗਿਆਸਾ ਦੀ ਸ਼ਾਂਤੀ ਕਰ ਗੁਰੂ ਜੀ ਦੇ ਮੁਰੀਦ ਬਣੇ ਹਨ। ਕਿਉਂਕਿ ਉਹ ਇਹ ਸਮਝ ਚੁਕੇ ਸਨ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰ ਸਾਂਝਾ ਦਰ ਹੈ, ਖਾਲਸੇ ਦਾ ਜਨਮ ਮਜ਼ਲੂਮਾਂ ਦੀ ਰਾਖੀ ਲਈ ਹੋਇਆ ਹੈ। ਇਸੇ ਲਈ, ਗੁਰੂ ਸਾਹਿਬ ਨੇ ਦੱਖਣ ਤੋਂ ਜਦੋਂ ਮਾਧੋ ਦਾਸ ਬੈਰਾਗੀ ਨੂੰ ਬੰਦਾ ਸਿੰਘ ਸਜਾ ਕੇ, ਆਪਣੇ ਪੰਜ ਤੀਰ ਬਖਸ਼ ਕੇ, ਥਾਪੜਾ ਦੇ ਕੇ ਪੰਜਾਬ ਵੱਲ ਨੂੰ ਤੋਰਿਆ ਤਾਂ ਉਸ ਨੂੰ ਵੀ ਇਹੀ ਸਿੱਖਿਆ ਦਿੱਤੀ ਤੇ ਹਿਦਾਇਤ ਕੀਤੀ, ਤੁਸਾਡਾ ਮੁੱਖ ਕਰਮ ਧਰਮ ਦੀ ਪ੍ਰਸਾਰਨਾ ਹੈ, ਦੁਸ਼ਟਾਂ ਨੂੰ ਸੰਘਾਰਨਾ ਹੈ, ਮਜ਼ਲੂਮ ਦੀ ਰਾਖੀ ਕਰਨਾ ਹੈ ਅਤੇ ਜ਼ਾਲਮਾਂ ਨੂੰ ਤੈਹ ਤੇਗ ਕਰਨਾ ਹੈ। ਖਾਲਸੇ ਦਾ ਇਹੀ ਕਰਮ ਹੈ।
ਇਸ ਕਰਕੇ ਖਾਲਸੇ ਦਾ ਕਿਸੇ ਨਾਲ ਜ਼ਾਤੀ ਵੈਰ-ਵਿਰੋਧ ਨਹੀਂ ਹੈ, ਉਸ ਲਈ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਹੁਕਮ ਹੈ ‘ਨਾ ਕੋ ਬੈਰੀ ਨਾਹਿ ਬਿਗਾਨਾ’ ਜੀਵਨ ਦਾ ਨਿਸ਼ਾਨਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਦੇ ਰੂਪ ਵਿਚ ਐਸੀ ਜਮਾਤ, ਐਸੀ ਬਾਦਸ਼ਾਹਤ ਕਾਇਮ ਕੀਤੀ ਹੈ ਜੋ ਨਿਆਸਰਿਆਂ ਦਾ ਆਸਰਾ ਹੈ, ਨਿਤਾਣਿਆਂ ਦਾ ਤਾਣ ਬਣ ਕੇ ਦੱਬੇ-ਕੁਚਲੇ, ਨਿਤਾਣੇ ਦਲਿਤਾਂ ਨੂੰ ਸਮਾਜ ਵਿਚ ਫਖ਼ਰ ਨਾਲ ਸਿਰ ਉੱਚਾ ਕਰਕੇ ਜਿਊਣ ਦੀ ਰਾਹ ਦੱਸਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਦੀ ਕਾਇਨਾਤ ਵਿਚ ਉਹ ਤਮਾਮ ਲੋਕਾਈ ਆ ਜੁੜਦੀ ਹੈ ਜੋ ਸ੍ਵੈਮਾਣ ਦਾ ਜੀਵਨ-ਜੀਊਣ ਦੇ ਇੱਛੁਕ ਹਨ। ਉਸ ਸਮੇਂ ਵੀ ਇਸ ਕਾਫਲੇ ਵਿਚ ਵਹੀਰਾਂ ਘੱਤ ਕੇ ਉਹ ਲੋਕਾਈ ਜੁੜਦੀ-ਗਈ ਜਿਸ ਦੇ ਮਨਾਂ ਵਿਚ ਹਕੂਮਤ ਦਾ ਖੌਫ਼ ਕਾਫੂਰ ਹੋ ਚੁਕਿਆ ਸੀ। ਉਹ ਮਰਜੀਵੜੇ ਆ ਜੁੜੇ, ਜਿਨ੍ਹਾਂ ਨੂੰ ਮੌਤ ਦਾ ਭੈ ਨਹੀਂ ਸੀ, ਜੀਵਨ ਦਾ ਮੋਹ ਨਹੀਂ ਸੀ, ਮੌਤ ਇਕ ਸੁਖਦਾਈ ਅਹਿਸਾਸ ਸੀ। ਇਹ ਇਕ ਅਨੋਖੀ ਕਰਾਮਾਤ ਸੀ, ਨਿਰਾਲਾ ਕ੍ਰਿਸ਼ਮਾ ਸੀ ਕਿ ਸਦੀਆਂ ਤੋਂ ਲਿਤਾੜੀ ਨਿੰਮੋਝੂਣੀ ਹੋਈ ਕੌਮ ਸੂਰਮਤਾਈ ਅਤੇ ਬੀਰਤਾ ਦੇ ਉਹ ਕਰਤੱਬ ਦਿਖਾ ਰਹੀ ਹੈ ਕਿ ਜਿਸ ਨੂੰ ਦੇਖ ਕੇ ਦੁਨੀਆਂ ਹੈਰਤਮੰਦ ਹੋ ਰਹੀ ਹੈ। ਗੁਰੂ ਕੇ ਬਾਗ ਦੇ ਮੋਰਚੇ ਸਮੇਂ ਇਨ੍ਹਾਂ ਕ੍ਰਿਸ਼ਮਿਆਂ ਤੋਂ ਹੈਰਤਅੰਗੇਜ਼ ਸੀ.ਐਫ.ਐਂਡਰੀਊਜ਼ ਨੇ ਲਿਖਿਆ ਸੀ ਕਿ ਦੇਸ਼ ਦੇ ਅੰਦਰ ਨਵੀਂ ਤਰ੍ਹਾਂ ਦੀ ਸੂਰਮਗਤੀ ਦਾ ਪ੍ਰਵੇਸ਼ ਹੋਇਆ ਹੈ। ਇਹ ਆਪਣੇ ਤਨ ਤੇ ਤਸੀਹੇ ਸਹਿਣ ਦੀ ਸੂਰਮਗਤੀ ਹੈ। ਦੁਨੀਆਂ ਨੂੰ ਇਸ ਇਖ਼ਲਾਕੀ ਲੜਾਈ ਲੜਨ ਦੀ ਨਵੀਂ ਜਾਚ ਸਿਖਾਈ ਗਈ ਹੈ, ਜਿਨ੍ਹਾਂ ਨੇ ਖਾਲਸੇ ਨੂੰ ਇਕ ਨਵਾਂ ਯੁੱਧ-ਚਿੰਤਨ ਬਖ਼ਸ਼ਿਆ “ਜਬ ਆਵ ਕੀ ਅਉਧ ਨਿਦਾਨ ਬਨੈ, ਅਤਿ ਹੀ ਰਨ ਮਹਿ ਤਬ ਜੂਝ ਮਰੋਂ”।
ਲੇਖਕ ਬਾਰੇ
# 1801-ਸੀ, ਮਿਸ਼ਨ ਕੰਪਾਊਂਡ, ਨਿਕਟ ਸੇਂਟ ਮੇਰੀਜ਼ ਅਕਾਡਮੀ, ਸਹਾਰਨਪੁਰ
- ਡਾ. ਜਗਜੀਤ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%97%e0%a8%9c%e0%a9%80%e0%a8%a4-%e0%a8%95%e0%a9%8c%e0%a8%b0/August 1, 2007
- ਡਾ. ਜਗਜੀਤ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%97%e0%a8%9c%e0%a9%80%e0%a8%a4-%e0%a8%95%e0%a9%8c%e0%a8%b0/September 1, 2008