ਵਿਭਿੰਨਤਾ ਅਤੇ ਵਿਭਾਜਨ ਕੁਦਰਤ ਦਾ ਇਕ ਪ੍ਰਮੁੱਖ ਨਿਯਮ ਹੈ। ਰਜ, ਤਮ ਅਤੇ ਸਤ ਕੁਦਰਤ ਦੇ ਤਿੰਨ ਗੁਣ ਹਨ, ਜਿਨ੍ਹਾਂ ਦੁਆਰਾ ਇੱਕੋ ਪਰਮ-ਸੱਤਾ ਅਨੇਕਾਂ ਰੂਪਾਂ ਵਿਚ ਪ੍ਰਗਟ ਹੋਈ ਹੈ। ਕਿਉਂਕਿ ਜੀਵ ਉਸ ਪਾਰਬ੍ਰਹਮ ਦਾ ਹੀ ਇਕ ਵਿਸ਼ੇਸ਼ ਰੂਪ ਹੈ ਅਤੇ ਉਹ ਪਾਰਬ੍ਰਹਮ ਨਿਸ਼ਚਿਤ ਤੌਰ ’ਤੇ ਇਕ ਹੈ, ਇਸ ਕਾਰਨ ਪਾਰਬ੍ਰਹਮ ਨਾਲ ਇਕਮਿਕ ਹੋਣ ਵਾਸਤੇ ਇਹ ਜ਼ਰੂਰੀ ਹੈ ਕਿ ਜੀਵ ਉਸ ਮੂਲ ਸਥਿਤੀ ਨੂੰ ਪ੍ਰਾਪਤ ਕਰੇ, ਜਿਸ ਤੋਂ ਨਾਨਾ ਰੂਪਾਂ ਵਾਲੀ ਕੁਦਰਤ ਦਾ ਉਦਗਮ ਹੋਇਆ ਹੈ। ਇਸ ਸਥਿਤੀ ਉੱਤੇ ਅਧਿਆਤਮਕ ਚੇਤਨਾ ਹੈ, ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਵੇਸ਼ ਨਹੀਂ ਭਾਵ ਇਹ ਮਾਇਆ ਦੇ ਤਿੰਨ ਗੁਣਾਂ ਤੋਂ ਉੱਪਰ ਦੀ ਸਥਿਤੀ ਹੈ, ਜਿਸ ਨੂੰ ਧਾਰਮਿਕ ਭਾਸ਼ਾ ਵਿਚ ਚੌਥੀ ਸਥਿਤੀ ਜਾਂ ‘ਤੁਰੀਆ ਪਦ’ ਕਿਹਾ ਗਿਆ ਹੈ। ਸਿਰੀ ਰਾਗ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ- ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ॥ ਇਹ ਚੌਥਾ ਪਦ ਵਾਸਤਵ ਵਿਚ ਉਹ ਸਥਿਤੀ ਹੈ, ਜਿੱਥੇ ਦ੍ਵੈਤ ਮੂਲੋਂ ਨਸ਼ਟ ਹੋ ਜਾਂਦੀ ਹੈ। ਜੀਵ ਅਤੇ ਉਸ ਦਾ ਪਰਮੇਸ਼ਰ ਇਕ ਹੋਂਦ ਹੋ ਜਾਂਦੇ ਹਨ ਅਤੇ ‘ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ’ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਅਸਲ ਵਿਚ ਇਹ ਕਹਿਣ ਨੂੰ ਚੌਥਾ ਪਦ ਹੈ, ਵਾਸਤਵ ਵਿਚ ਇਹ ਇਕਤਵ ਪਹਿਲਾ ਪਦ ਹੈ, ਜਿੱਥੋਂ ਰਚਨਾ ਦਾ ਮੁੱਢ ਬੱਝਦਾ ਹੈ, ਜਾਂ ਤ੍ਰਿਗੁਣੀ ਮਾਇਆ ਦਾ ਆਗਮਨ ਹੁੰਦਾ ਹੈ। ਇਸ ਪਰਮ ਸਮਾਧੀ ਨੂੰ ਪਾਉਣ ਵਾਸਤੇ ਮਨੁੱਖ ਤਦੋਂ ਤੋਂ ਯਤਨਸ਼ੀਲ ਹੈ, ਜਦੋਂ ਤੋਂ ਇਸ ਧਰਤੀ ਉੱਤੇ ਉਸ ਦਾ ਆਗਮਨ ਹੋਇਆ ਹੈ। ਗੁਰਬਾਣੀ ਦਾ ਵਿਚਾਰ ਹੈ ਕਿ ਜਿਸ ਪਾਰਬ੍ਰਹਮ ਨੇ ਜੀਵ ਨੂੰ ਵਿਛੋੜਿਆ ਹੈ, ਆਪਣੇ ਨਾਲ ਜੋੜਨ ਵਾਸਤੇ ਪ੍ਰਾਣੀਆਂ ਦੀ ਅਗਵਾਈ ਵੀ ਉਹ ਆਪ ਕਰਦਾ ਹੈ। ਉਸ ਨੇ ਆਪ ਆਪਣੇ ਦੈਵੀ ਕੌਤਕਾਂ ਦੇ ਅਵਤ੍ਰਣ ਰਾਹੀਂ ਧਰਮਾਂ ਨੂੰ ਪ੍ਰਤੀਪਾਦਤ ਕੀਤਾ ਅਤੇ ਚਿੰਤਨ ਦੇ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਬਦਲੇ ਹੋਏ ਵਾਤਾਵਰਨ ਦੀ ਜ਼ਰੂਰਤ ਮੁਤਾਬਕ ਉਸ ਨੇ ਅਧਿਆਤਮਕ ਵਿਚਾਰਧਾਰਾ ਦੇ ਨਿਰੰਤਰ ਵਿਕਾਸ ਨੂੰ ਪ੍ਰਵਾਹਿਤ ਕੀਤਾ, ਯਥਾ- ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ॥ ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ॥ ਧਰਮ ਤਾਂ ਇੱਕੋ ਹੈ, ਉਸ ਦੇ ਅਨੇਕਾਂ ਪ੍ਰਗਟਾਵੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਦੇ ਅਵਤ੍ਰਣ ਨਾਲ ਆਦਿ ਕਾਲਿ ਤੋਂ ਪ੍ਰਵਾਹਿਤ ਅਤੇ ਨਿਰੰਤਰ ਵਿਕਾਸ ਵੱਲ ਵਧ ਰਹੇ ਧਰਮ ਦੀ ਸੰਪੂਰਨਤਾ ਹੋ ਗਈ, ਕਿਉਂਕਿ ਉਹ ਉਸ ਵਿਕਸਿਤ ਸਮੇਂ ਵਿਚ ਅਵਤ੍ਰਿਤ ਹੋਏ ਸਨ, ਜਦੋਂ ਮਨੁੱਖਤਾ ਨੇ ਸੰਕੁਚਿਤ ਰਾਸ਼ਟਰਵਾਦੀ ਸੋਚਾਂ ਤੋਂ ਉੱਪਰ ਉੱਠ ਕੇ ਅੰਤਰ-ਰਾਸ਼ਟਰੀ ਸਰੋਕਾਰਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਲੋਕ ਦੇਸ਼ਾਂ ਦੀਆਂ ਹੱਦਬੰਦੀਆਂ ਤੋਂ ਪਰ੍ਹੇ ਦੂਰ ਤਕ ਵੇਖਣ ਦੇ ਇੱਛੁਕ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਕਤ ਵਿਚ ਹੋਇਆ ਮੁਹਸਿਨ ਫਾਨੀ ਪਹਿਲਾ ਅਜਿਹਾ ਲੇਖਕ ਸੀ, ਜਿਸ ਨੇ ਵਿਸ਼ਵ ਦੇ ਵੱਖ-ਵਖ ਧਰਮਾਂ ਦੀ ਸਮੀਖਿਆ ਕਰਨ ਦਾ ਯਤਨ ਕੀਤਾ ਸੀ। ਉਸ ਦੀ ਪੁਸਤਕ ‘ਦਬਿਸਤਾਨ-ਏ-ਮਜਾਹਿਬ’ ਇਸ ਗੱਲ ਦੀ ਸੂਚਕ ਹੈ ਕਿ ਉਸ ਸਮੇਂ ਤਕ ਅੰਤਰ-ਰਾਸ਼ਟਰੀਅਤਾਵਾਦ ਦੇ ਵਿਚਾਰ ਦੀ ਆਮਦ ਦੇ ਚਿੰਨ੍ਹ ਪ੍ਰਗਟ ਹੋ ਚੁੱਕੇ ਸਨ। ਅਜਿਹੇ ਸਮੇਂ ਵਿਚ ਸਿੱਖ ਧਰਮ ਦਾ ਉਦਗਮ ਦਾ ਭਾਵ ਸੀ, ਸਾਰੀ ਮਨੁੱਖਤਾ ਲਈ ਸਰਬ-ਸਾਂਝੇ ਧਰਮ ਦਾ ਧਰਤੀ ਉੱਤੇ ਅਵਤ੍ਰਣ। ਇਸ ਕਾਰਨ ਉਹ ਸੰਕੀਰਣ ਦ੍ਰਿਸ਼ਟੀਆਂ ਜੋ ਪੁਰਾਣੇ ਧਰਮਾਂ ਵਿਚ ਹੋਣੀਆਂ ਲਾਜ਼ਮੀ ਸਨ, ਉਨ੍ਹਾਂ ਦਾ ਸਿੱਖ ਮੱਤ ਵਿਚ ਅਭਾਵ ਹੋਣਾ ਅਤੇ ਸਾਰੀ ਮਾਨਵਤਾ ਨੂੰ ਇਕ ਸੂਤਰ ਵਿਚ ਪਰੋਣ ਵਾਲੇ ਵਿਚਾਰਾਂ ਦਾ ਆਗਮਨ ਹੋਣਾ ਇਕ ਸੁਭਾਵਿਕ ਗੱਲ ਸੀ। ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਧਰਤੀ ਦੇ ਕਿਸੇ ਇਕ ਖਿੱਤੇ ਨਾਲ ਨਹੀਂ ਜੁੜੇ, ਸਗੋਂ ਦੂਰ ਦੇਸ਼ਾਂ ਵਿਚ ਗਏ ਅਤੇ ਹਰ ਦੇਸ਼, ਜਾਤਿ, ਧਰਮ, ਨਸਲ ਅਤੇ ਲਿੰਗ ਦੇ ਵਿਅਕਤੀ ਨੇ ਉਨ੍ਹਾਂ ਦੇ ਧਰਮ ਨੂੰ ਆਦਰ ਦੀ ਦ੍ਰਿਸ਼ਟੀ ਨਾਲ ਵੇਖਿਆ।
ਜਦੋਂ ਅਸੀਂ ਅੰਤਰ-ਰਾਸ਼ਟਰੀ ਸਰੋਕਾਰਾਂ ਦੀ ਗੱਲ ਕਰਦੇ ਹਾਂ, ਤਾਂ ਭਰਾਤਰੀਭਾਵ, ਵਿਸ਼ਵ-ਭਾਈਚਾਰਾ, ਸੁਤੰਤਰਤਾ, ਸਮਾਨਤਾ, ਵਿਸ਼ਵ-ਸ਼ਾਂਤੀ ਇਸ ਦੇ ਜ਼ਰੂਰੀ ਲੱਛਣ ਮੰਨੇ ਗਏ ਹਨ। ਇਨ੍ਹਾਂ ਵਿੱਚੋਂ ਕਿਸੇ ਇਕ ਦਾ ਤਿਆਗ ਕਰ ਕੇ ਕਿਸੇ ਵਿਚਾਰਧਾਰਾ ਨੂੰ ਵਿਸ਼ਵ-ਵਿਆਪੀ ਵਿਚਾਰਧਾਰਾ ਨਹੀਂ ਕਿਹਾ ਜਾ ਸਕਦਾ। ਵਿਸ਼ਵ- ਵਿਆਪੀ ਵਿਚਾਰਧਾਰਾ ਉਹੋ ਹੋ ਸਕਦੀ ਹੈ, ਜੋ ਧਰਮ ਆਧਾਰਿਤ ਭੇਦ-ਭਾਵ, ਸੰਕੀਰਣ ਰਾਸ਼ਟਰਵਾਦੀ ਸੋਚ, ਰੰਗ-ਭੇਦ, ਨਸਲ-ਭੇਦ, ਲਿੰਗ-ਭੇਦ, ਆਰਥਿਕ ਅਸੰਤੁਲਨ, ਰਾਜਨੀਤਿਕ ਆਧਾਰ ’ਤੇ ਕੀਤੇ ਜਾਂਦੇ ਭੇਦ-ਭਾਵ ਦਾ ਨਾ ਸਿਰਫ ਨਿਖੇਧ ਕਰਦੀ ਹੋਵੇ, ਸਗੋਂ ਸਮੂਹ ਧਰਮਾਂ, ਸਾਰੇ ਰਾਸ਼ਟਰਾਂ, ਹਰ ਰੰਗ ਅਤੇ ਨਸਲ ਦੇ ਇਸਤਰੀ-ਪੁਰਖਾਂ, ਵਿਭਿੰਨ ਸੰਸਕ੍ਰਿਤੀਆਂ, ਖਾਣ-ਪੀਣ, ਪਹਿਨਣ ਦੇ ਨਿਆਰੇ ਢੰਗਾਂ ਨੂੰ ਪ੍ਰਵਾਨ ਕਰ ਕੇ ਆਰਥਿਕ ਸਮਾਨਤਾ ਅਤੇ ਰਾਜਨੀਤਿਕ ਸੁਤੰਤਰਤਾ ਪ੍ਰਤੀ ਸਮਰਪਿਤ ਸਮਰੱਥ ਕੌਮ ਦਾ ਨਿਰਮਾਣ ਕਰ ਸਕੇ। ਇਸ ਪਰਚੇ ਵਿਚ ਅਸੀਂ ਇਸੇ ਆਧਾਰ ਉੱਤੇ ਪਰਖ ਕਰਨੀ ਹੈ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਵਿਸ਼ਵ-ਵਿਆਪੀ ਸੋਚ ਦੀ ਪ੍ਰਤੀਨਿਧਤਾ ਕਰਦੀ ਹੈ ਜਾਂ ਕਿਸੇ ਖ਼ਾਸ ਖਿੱਤੇ ਦੇ ਲੋਕਾਂ ਦੀ ਪ੍ਰਤੀਨਿਧ ਬਾਣੀ ਹੈ। ਸਿੱਖ ਧਰਮ ਉੱਤੇ ਆਉਣ ਤੋਂ ਪਹਿਲਾਂ ਅਸੀਂ ਕੁਝ ਵੱਡੇ ਧਰਮਾਂ ਦਾ ਬਹੁਤ ਸੀਮਿਤ ਸਰਵੇਖਣ ਕਰਾਂਗੇ ਕਿ ਕੀ ਉਹ ਉਨ੍ਹਾਂ ਦੀ ਸੋਚ ਵਿਸ਼ਵ-ਵਿਆਪੀ ਸੀ ਜਾਂ ਨਹੀਂ?
ਯਹੂਦੀਆਂ ਦੀਆਂ ਧਰਮ ਪੋਥੀਆਂ ਵਿੱਚੋਂ ‘ਜਬੂਰਾਂ ਦੀ ਪੋਥੀ’ ਵਿਚ ਮਾਨਵਤਾ ਨੂੰ ਸਦੀਪਕ (ਪ੍ਰਕਾਸ਼ਮਈ) ਜੀਵਨ ਜੀਣ ਦਾ ਰਹੱਸ ਸਮਝਾਉਂਦਿਆਂ ‘ਯਹੋਵਾਹ’ ਆਖਦਾ ਹੈ –
“ਵੇਖੋ ਕਿੰਨਾ ਚੰਗਾ ਤੇ ਸੁਹਣਾ ਹੈ, ਭਈ ਭਰਾ ਮਿਲ-ਜੁਲ ਕੇ ਵੱਸਣ!”
‘ਕਹਾਵਤਾਂ’ ਨਾਮ ਦੀ ਪੋਥੀ ਵਿਚ ਕਿਹਾ ਹੈ – “ਜਦ ਤੇਰਾ ਵੈਰੀ ਡਿੱਗੇ ਤਾਂ ਤੂੰ ਪ੍ਰਸੰਨ ਨਾ ਹੋਵੀਂ, ਅਤੇ ਜਾਂ ਉਹ ਠੋਕਰ ਖਾਵੇ ਤਾਂ ਤੇਰਾ ਮਨ ਖੁਸ਼ ਨਾ ਹੋਵੇ. ।”
ਇਹ ਵਿਚਾਰ ਨਿਸ਼ਚਿਤ ਤੌਰ ’ਤੇ ‘ਮਾਨਵਤਾਵਾਦੀ’ ਰੁਚੀਆਂ ਨਾਲ ਭਰਪੂਰ ਹਨ, ਪਰ ਯਹੂਦੀ ਧਰਮ ਦੇ ਲੋਕ ਆਪਣੀ ਕੌਮ ਨੂੰ ਵਿਸ਼ੇਸ਼ ਦਰਜਾ ਦਿੰਦੇ ਹਨ ਅਤੇ ਗ਼ੈਰ-ਧਰਮੀ ਲੋਕਾਂ ਨੂੰ ਯਹੂਦੀ ਧਰਮ ਵਿਚ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਦਿੰਦੇ, ਇਸ ਕਰਕੇ ਯਹੂਦੀ ਧਰਮ ਪੂਰੀ ਮਨੁੱਖਤਾ ਦੀ ਰਹਿਨੁਮਾਈ ਨਹੀਂ ਕਰ ਸਕਦਾ। ਹਜ਼ਰਤ ਈਸਾ ਕਿਹਾ ਕਰਦੇ ਸਨ ਕਿ ਉਹ ਇਸਰਾਈਲ ਦੀਆਂ ਗੁਆਚੀਆਂ ਭੇਡਾਂ ਨੂੰ ਸੰਭਾਲਣ ਵਾਸਤੇ ਆਏ ਹਨ। ਇਸ ਤੋਂ ਭਾਵ ਹੋਇਆ ਕਿ ਉਹ ਸਾਰੀ ਮਨੁੱਖਤਾ ਦੇ ਆਗੂ ਅਖਵਾਉਣ ਦੇ ਆਪ ਹੀ ਇੱਛੁਕ ਨਹੀਂ ਸਨ। ਪਵਿੱਤਰ ਕੁਰਾਨ ਦੀ ਦੂਜੀ ਸੂਰਤ ਵਿਚ ਆਇਆ ਹੈ “ਵਿਸ਼ਵਾਸ ਰੱਖੋ ਕਿ ਅਰਬੀ ਨਬੀ ਨੂੰ ਮੰਨਣ ਵਾਲੇ ਹੋਣ ਜਾਂ ਯਹੂਦੀ, ਈਸਾਈ ਹੋਣ ਜਾਂ ਸਾਬੀ, ਜੋ ਭੀ ਅੱਲਾਹ ਅਤੇ ਅੰਤਿਮ ਦਿਨ ’ਤੇ ਈਮਾਨ ਲਿਆਵੇਗਾ ਅਤੇ ਸਤਿ ਕਰਮ ਕਰੇਗਾ ਉਸ ਦਾ ਪ੍ਰਤੀਦਾਨ ਉਸ ਦੇ ਪ੍ਰਭੂ ਦੇ ਕੋਲ ਹੈ ਅਤੇ ਉਸ ਦੇ ਲਈ ਕਿਸੇ ਸ਼ੋਕ ਅਤੇ ਭੈਅ ਦਾ ਮੌਕਾ ਨਹੀਂ।” ਮਾਨਵੀ ਬਰਾਬਰੀ ਦੇ ਸਬੰਧ ਵਿਚ ਹਦੀਸ ਤਿਰਮਿਜ਼ੀ ਦਾ ਕਥਨ ਹੈ, “ਪੈਗ਼ੰਬਰ ਸਾਹਿਬ ਨੇ ਕਿਹਾ, ਮੈਂ ਗਵਾਹੀ ਦਿੰਦਾ ਹਾਂ ਕਿ ਸਭ ਮਨੁੱਖ ਭਰਾ-ਭਰਾ ਹਨ।” ਪਰ ਅਜਿਹੇ ਕਥਨ ਬਹੁਤ ਸੀਮਿਤ ਹਨ। ਮੋਮਿਨ ਅਤੇ ਕਾਫ਼ਿਰ ਦਾ ਇਕ ਅਜਿਹਾ ਪਾੜਾ ਹੈ, ਜੋ ਭਰਿਆ ਨਹੀਂ ਜਾ ਸਕਦਾ। ਜੇ ਮੋਮਿਨ ਧਾਰਮਿਕ ਵਿਅਕਤੀ ਅਤੇ ਕਾਫ਼ਿਰ ਮਨਮੁਖ ਨੂੰ ਕਿਹਾ ਜਾਂਦਾ ਤਾਂ ਗੱਲ ਹੋਰ ਸੀ, ਪਰ ਕੁਰਾਨ ਵਿਚ ਕਾਫ਼ਿਰ ਦਾ ਮਤਲਬ ਅਧਰਮੀ ਨਹੀਂ, ਬਲਕਿ ਗ਼ੈਰ-ਮੁਸਲਮਾਨ ਹੈ। ਇਸਲਾਮ ਨੇ ਆਪਣੇ ਸੰਗਠਨ ਦੇ ਅੰਦਰਲੀ ਬਰਾਬਰੀ ਦੀ ਸਥਾਪਤੀ ਲਈ ਤਾਂ ਸ਼ਲਾਘਾਯੋਗ ਯਤਨ ਕੀਤੇ ਹਨ, ਪਰ ਉਸ ਵਿਚ ਮਾਨਵਵਾਦੀ ਸੋਚ ਦੇ ਪ੍ਰਭਾਵਸ਼ਾਲੀ ਨਿਸ਼ਾਨ ਨਹੀਂ ਮਿਲਦੇ। ਹਿੰਦੂ ਧਰਮ ਵਿਚ ਸਰਵਾਤਮਵਾਦ ਦਾ ਜ਼ੋਰ ਰਿਹਾ ਹੈ। ‘ਈਸ਼ਾਵਾਸਯ’ ਉਪਨਿਸ਼ਦ ਕਹਿੰਦਾ ਹੈ:
ਵਸਤੁ ਸਰਵਾਣਿ ਭੂਤਾਨਯਾਤਮਯੇਵਾਨੁਪਸ਼ਯਤਿ।
ਸਰਵਭੂਤੇਸ਼ ਚਾਤਮਾਨੰ ਤਤੋ ਨ ਵਿਜੁਗੁਪਸਤੇ। (ਮੰਤ੍ਰ 6)
(ਭਾਵ ਇਸ ਤਰ੍ਹਾਂ, ਜੋ ਵਿਅਕਤੀ ਅੰਤਰਾਤਮਾ ਦੁਆਰਾ ਸਭ ਪ੍ਰਾਣੀਆਂ ਨੂੰ ਆਤਮਾ ਵਿਚ ਦੇਖਦਾ ਹੈ ਅਤੇ ਆਤਮਾ ਨੂੰ ਸਭ ਪ੍ਰਾਣੀਆਂ ਵਿਚ ਦੇਖਦਾ ਹੈ, ਉਹ ਫਿਰ ਕਿਸੇ ਨੂੰ ਘਿਰਣਾ ਨਹੀਂ ਕਰ ਸਕਦਾ)। ਫਿਰ ਵੀ ਦੇਵ ਅਤੇ ਅਦੇਵ ਦਾ ਵਿਚਾਰ, ਵਰਨ-ਵਿਵਸਥਾ ਦਾ ਸਮਰਥਨ, ਇਸਤਰੀ ਪ੍ਰਤੀ ਸੰਕੀਰਣ ਸੋਚ ਆਦਿ ਦੇ ਹੁੰਦਿਆਂ ਅਤੇ ਕਿਸੇ ਇਕ ਨਿਸ਼ਚਿਤ ਵਿਚਾਰਧਾਰਾ ਦੇ ਅਭਾਵ ਵਿਚ ਵੈਦਿਕ ਮੱਤ ਨੂੰ ਵਿਸ਼ਵ-ਵਿਆਪੀ ਸੋਚ ਦਾ ਪ੍ਰਤੀਨਿਧ ਕਹਿਣਾ ਮੁਸ਼ਕਿਲ ਹੈ। ਬੁੱਧ ਧਰਮ ਅਤੇ ਜੈਨ ਧਰਮ ਦੀਆਂ ਤਿਆਗਵਾਦੀ ਰੁਚੀਆਂ ਅਤੇ ਇਸਤਰੀ ਪ੍ਰਤੀ ਨਜ਼ਰੀਆ ਉਨ੍ਹਾਂ ਨੂੰ ਮਾਨਵਤਾ ਦੇ ਧਰਮ ਸਦਵਾਉਣ ਤੋਂ ਵੰਚਿਤ ਕਰਦਾ ਹੈ, ਕਿਉਂਕਿ ਤਿਆਗਵਾਦੀ ਵਿਚਾਰ ਵਿਕਾਸ ਦੇ ਰਸਤੇ ਦੀ ਰੁਕਾਵਟ ਤਾਂ ਹੈ ਹੀ, ਕੁਦਰਤ ਦੇ ਉਲਟ ਚੱਲਣ ਦਾ ਵੀ ਯਤਨ ਹੈ, ਜੋ ਸੰਭਵ ਨਹੀਂ ਹੋ ਸਕਦਾ। ਇਸਤਰੀ ਅੱਧੀ ਮਨੁੱਖਤਾ ਹੈ। ਇਸਤਰੀ ਅਤੇ ਪੁਰਖ ਦੋਨਾਂ ਦਾ ਆਪਣਾ-ਆਪਣਾ ਮਹੱਤਵ ਹੈ। ਇਸਤਰੀ ਲਈ ਮੁਕਤੀ ਦੇ ਦਰਵਾਜ਼ੇ ਬੰਦ ਕਰਨੇ ਜਾਂ ਉਸ ਨੂੰ ਭਿਕਸ਼ੂ ਸੰਘ ਵਿਚ ਤੁੱਛ ਦਰਜਾ ਦੇਣਾ ਵਿਸ਼ਵ-ਵਿਆਪੀ ਸੋਚ ਨਹੀਂ ਕਹੀ ਜਾ ਸਕਦੀ। ਮਨੁੱਖ ਜਾਤੀ ਦੇ ਕਿਸੇ ਵੀ ਵਰਗ ਨੂੰ ਨਜ਼ਰ-ਅੰਦਾਜ਼ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਤਿਆਗਣਯੋਗ ਹੈ।
ਪੂਰੀ ਮਾਨਵਤਾ ਦੀ ਅਗਵਾਈ ਕਰਨ ਵਾਲੇ ਕਿਸੇ ਵਿਸ਼ਵ-ਵਿਆਪੀ ਧਰਮ ਦੀ ਅਣਹੋਂਦ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਅਜਿਹੇ ਮਾਨਵੀ ਧਰਮ ਦਾ ਆਗਮਨ ਹੋਇਆ, ਜਿਸ ਦਾ ਪ੍ਰਥਮ ਨਾਅਰਾ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਧਾਰਮਿਕ ਭੇਦ-ਭਾਵ ਨੂੰ ਮੂਲੋਂ ਨਕਾਰਦਾ ਸੀ। ਇਸੇ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਦੇ ਵਿਚਾਰ ਦਾ ਅੰਤਿਮ ਫਲ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਵਾਕ ਵਿਚ ਪ੍ਰਗਟ ਹੋਇਆ। ਸਿੱਖ ਵਿਚਾਰਧਾਰਾ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਨਮ ਸਾਖੀਆਂ ਵਿਚ ਉਲਿਖਿਤ ਹੋਇਆ ਹੈ ਕਿ ਜਦੋਂ ਸ਼ੇਖ ਆਦ੍ਰਮਾਨ ਨੂੰ ਉਬਾਰੇ ਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਿਚੈ ਦਿੱਤਾ, ਤਾਂ ਆਦ੍ਰਮਾਨ ਨੇ ਗੁਰੂ ਜੀ ਦੇ ਧਰਮ ਬਾਰੇ ਪੁੱਛਿਆ। ਉਬਾਰੇ ਖਾਂ ਨੇ ਕਿਹਾ, “ਉਹ ਹਿੰਦੂ ਅਰ ਮੁਸਲਮਾਨ ਦੋਨੋਂ ਸੇ ਫਾਰਕ (ਫ਼ਾਰਗ) ਹੈ।” ਜਦੋਂ ਸ਼ੇਖ ਸਾਹਿਬ ਨੇ ਗੁਰੂ ਸਾਹਿਬ ਨਾਲ ਭੇਟ ਕੀਤੀ ਤਾਂ ਉਸ ਨੇ ਫਿਰ ਪੁੱਛਿਆ, “ਕਹੁ ਤਪਾ ਜੀ, ਤੂੰ ਹਿੰਦੂ ਹੈਂ ਜਾਂ ਮੁਸਲਮਾਨ” ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ:
“ਨਾ ਹਮ ਹਿੰਦੂ ਨ ਮੁਸਲਮਾਨ।
ਨ ਬੇਦ ਪੜਿਆ ਨ ਕੁਰਾਨ।…
ਮਜਬ ਹਮਾਰਾ ਸਚਾ ਨਾਉ।
ਜਿਨਿ ਏਕ ਤੇ ਕੀਏ ਅਨੇਕ ਉਪਾਉ।” (ਜਨਮ ਸਾਖੀ ਭਾਈ ਬਾਲਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਨਵਤਾਵਾਦੀ ਦ੍ਰਿਸ਼ਟੀਕੋਣ ਦੇ ਦੋ ਮਹੱਤਵਪੂਰਨ ਪਹਿਲੂ ਹਨ। ਪਹਿਲਾ, ਸਰਬ-ਸਾਂਝਾ ਉਪਦੇਸ਼ ਅਤੇ ਦੂਜਾ, ਸਰਬ-ਸਾਂਝਾ ਸਰੂਪ। ਸਰਬ-ਸਾਂਝੇ ਉਪਦੇਸ਼ ਦੇ ਅੰਸ਼ ਇਕ ਸੀਮਿਤ ਦਾਇਰੇ ਅੰਦਰ ਤਾਂ ਹੋਰ ਧਰਮ-ਗ੍ਰੰਥਾਂ ਵਿਚ ਵੀ ਮੌਜੂਦ ਹਨ ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਪੱਖੋਂ ਵਿਸ਼ਿਸ਼ਟ ਸਥਾਨ ਰੱਖਦੇ ਹਨ, ਕਿਉਂਕਿ ਇਸ ਅੰਦਰ ਸਾਂਝੀਵਾਲਤਾ ਅੰਸ਼ ਰੂਪ ਵਿਚ ਵਰਣਿਤ ਨਹੀਂ ਹੋਈ, ਬਲਕਿ ਸਮੱਗਰ ਰੂਪ ਵਿਚ ਆਈ ਹੈ। ਇਸ ਅੰਦਰ ਵਰਣਿਤ ਸਤਿ, ਸੰਤੋਖ ਅਤੇ ਅੰਮ੍ਰਿਤ ਨਾਮ ਕਿਸੇ ਵਿਸ਼ੇਸ਼ ਧਰਮ ਨਾਲ ਸੰਬੰਧਿਤ ਨਹੀਂ, ਬਲਕਿ ਇਹ ਸਾਰੀ ਮਾਨਵਤਾ ਦਾ ਧਰਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੀ ਵਿਸ਼ੇਸ਼ਤਾ ਹੈ, ਇਸ ਦਾ ਸਰਬ-ਸਾਂਝਾ ਸਰੂਪ। ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਤੋਂ ਅੰਤ ਤਕ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਸ ਕਰਕੇ ਇਹ ਹਰ ਪੱਖੋਂ ਮਾਨਵਤਾ ਦਾ ਗ੍ਰੰਥ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕ ਪਰਿਪੂਰਨ ਗੁਣ-ਸੰਪੰਨ ਵਿਅਕਤੀ ਬਣਨਾ ਹੀ ਕੇਂਦਰੀ ਨੁਕਤਾ ਹੈ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰ ਰੂਪ ‘ਜਪੁ’ ਬਾਣੀ ਦੀ ਬੁਨਿਆਦੀ ਸਮੱਸਿਆ ਝੂਠ-ਰਹਿਤ ‘ਸਚਿਆਰ’ ਮਨੁੱਖ ਦਾ ਪ੍ਰਤਿਪਾਦਨ ਹੈ ਅਤੇ ਸਚਿਆਰਤਾ ਦਾ ਅੰਤਿਮ ਫਲ ਸੱਚਖੰਡ ਕੋਈ ਪਰਲੋਕ ਨਹੀਂ, ਬਲਕਿ ‘ਸਚਿਆਰ’ ਤਾਂ ਮਨੁੱਖ ਦੀ ਉਹ ਅਧਿਆਤਮਿਕ ਅਵਸਥਾ ਹੈ, ਜਿੱਥੇ ਉਸ ਦਾ ਚਿੰਤਨ ਸੰਕੀਰਣਤਾ-ਮੁਕਤ ਹੋ ਕੇ ਪੂਰੇ ਬ੍ਰਹਿਮੰਡ ਨਾਲ, ਧਰਤੀ ਦੇ ਨੌਂ-ਖੰਡਾਂ ਨਾਲ, ਅਨੇਕ ਲੋਕਾਂ ਦੇ ਸਰਬ ਆਕਾਰਾਂ ਨਾਲ ਅਤੇ ਆਕਾਰਾਂ ਦੇ ਸਿਰਜਕ ਨਿਰੰਕਾਰ ਨਾਲ ਇਕਮਿਕ ਹੋ ਜਾਂਦਾ ਹੈ। ਇਸ ਸਚਿਆਰਤਾ ਦੀ ਪ੍ਰਾਪਤੀ ਲਈ ਦੂਰ-ਦ੍ਰਿਸ਼ਟੀ ਨਾਲ ਸਾਰੇ ਵਿਸ਼ਵ ਨੂੰ ਇਕ ਧਰਮਸਾਲ ਮੰਨਣਾ ਪੈਂਦਾ ਹੈ। ਉਸ ’ਤੇ ਸਥਾਪਤ ਸਭ ਅਨੇਕਾਂ ਪ੍ਰਕਾਰਾਂ ਦੇ ਵਿਭਿੰਨ ਨਾਵਾਂ ਵਾਲੇ ਸਰਬ ਜੀਆਂ ਨੂੰ ਇੱਕੋ ਵਿਧਾਨ ਵਿਚ ਇਕ ਸਮਾਨ-ਦ੍ਰਿਸ਼ਟੀ ਨਾਲ ਵੇਖਣਾ ਪੈਂਦਾ ਹੈ। ਸਚਿਆਰ ਸਮਾਜ ਦੇ ਨਿਰਮਾਣ ਵਾਸਤੇ ਗਿਆਨ ਦੇ ਸਮੁਚਿਤ ਵਿਕਾਸ ਦੀ ਪਰਮ-ਅਵੱਸ਼ਕਤਾ ਹੈ। ਬੁੱਧੀ ਹੈਰਾਨ ਹੋ ਜਾਂਦੀ ਹੈ ਕਿ ‘ਗਿਆਨ ਖੰਡ’ ਵਿਚ ਅਧਿਆਤਮਿਕ ਗਿਆਨ ਦਾ ਕੋਈ ਜ਼ਿਕਰ ਨਹੀਂ ਸਗੋਂ ਸੰਸਾਰਿਕ ਅਤੇ ਪਦਾਰਥਕ ਗਿਆਨ ਦਾ ਸੰਤੁਲਨ ਅਤੇ ਸਰਬਪੱਖੀ ਗਿਆਨ ਹੀ ਸਚਿਆਰਤਾ ਦਾ ਆਧਾਰ ਥਾਪਿਆ ਹੈ। ਗੁਰੂ ਜੀ ਦਾ ‘ਉਪਰਿ ਸਚੁ ਆਚਾਰੁ’ ਦੀ ਮਨੌਤ ਵਾਲਾ ਸੱਚ ਦਾ ਸਾਧਕ ਹੀ ਆਦਰਸ਼ਕ ਮਨੁੱਖ ਹੈ, ਜਿਸ ਦਾ ਕਿਸੇ ਕੌਮੀਅਤ ਜਾਂ ਕਿਸੇ ਦੇਸ਼-ਧਰਮ ਨਾਲ ਕੋਈ ਸੰਬੰਧ ਨਹੀਂ। ਇਸਤਰੀ ਹੋਵੇ ਜਾਂ ਪੁਰਖ ਸ਼ੁਭ-ਅਮਲ ਦਾ ਧਾਰਨੀ ਹੀ ‘ਸਚਿਆਰ’ ਮਨੁੱਖ ਹੈ।
ਗੁਰਬਾਣੀ ਵਿਚ ਪੂਰੇ ਜਗਤ ਨੂੰ ਇਕ ਵਿਸ਼ਾਲ ਫੁਲਵਾੜੀ ਕਿਹਾ ਗਿਆ ਹੈ। ਸਾਰੇ ਜੀਵ ਫੁੱਲ ਹਨ। ਇਸ ਦਾ ਮਾਲੀ ਪਰਮੇਸ਼ਰ ਆਪ ਹੈ ਅਤੇ ਉਹੋ ਸਭ ਦੀ ਸੰਭਾਲ ਕਰਦਾ ਹੈ। ਸਭ ਅੰਦਰ ਉਸੇ ਦੀ ਸੁਗੰਧੀ ਕੰਮ ਕਰਦੀ ਹੈ, ਜਿਸ ਤੋਂ ਕੋਈ ਵੀ ਖਾਲੀ ਨਹੀਂ :
ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ॥
ਸਦਾ ਸਮਾਲੇ ਕੋ ਨਾਹੀ ਖਾਲੀ॥
ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ॥ (ਪੰਨਾ 118)
ਗੁਰਬਾਣੀ ਦਾ ਦਾਇਰਾ ਧਰਤੀ ਦੇ ਕਿਸੇ ਇਕ ਖਿੱਤੇ ਤਕ ਸੀਮਿਤ ਨਹੀਂ, ਨਾ ਹੀ ਕਿਸੇ ਇਕ ਨਸਲ ਤਕ, ਨਾ ਕਿਸੇ ਇਕ ਜਾਤੀ ਤਕ। ਇਸ ਦੀ ਵਿਸ਼ਾਲਤਾ ਦੇ ਘੇਰੇ ਵਿਚ ਸਾਰੀ ਕੁਦਰਤ ਹੈ। ਉਸ ਕੁਦਰਤ ਵਿਚ ਅਣਗਿਣਤ ਜੀਵ-ਜੰਤੂ ਹਨ, ਉਨ੍ਹਾਂ ਦੇ ਕਈ ਪ੍ਰਕਾਰ ਦੇ ਰੂਪ-ਰੰਗ ਹਨ, ਕਈ ਜਾਤਾਂ ਹਨ, ਕਈ ਸ਼੍ਰੇਣੀਆਂ ਹਨ। ਸਭ ਦਾ ਦਾਤਾਰ ਉਹ ਆਪ ਹੈ। ਉਸ ਦੀ ਕਿਰਪਾ ਦੇ ਪਾਤਰ ਕੁਝ ਹੀ ਲੋਕ ਨਹੀਂ, ਬਲਕਿ ਵਿਸ਼ਾਲ ਜੀਵ-ਸਮੁਦਾਇ ਉਸੇ ਦੀ ਬਖ਼ਸ਼ਿਸ਼ ਦੇ ਆਸਰੇ ਹੈ:
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ॥
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ॥
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ॥ (ਪੰਨਾ 18)
ਜਿਸ ਕਰਤਾਰ ਨੇ ਕੁਦਰਤ ਨੂੰ ਸਾਜਿਆ ਹੈ, ਉਸੇ ਨੇ ਅਨੇਕਾਂ ਰੂਪਾਂ ਵਿਚ ਅਤੇ ਬਹੁਤ ਸਾਰੀਆਂ ਨਸਲਾਂ ਵਿਚ ਇਸ ਨੂੰ ਸੁੰਦਰ ਸਰੂਪ ਦੇਣ ਵਾਸਤੇ ਵਿਭਾਜਿਤ ਕੀਤਾ ਹੈ:
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ (ਪੰਨਾ 6)
ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਨਾ ਕੇਵਲ ਪਰਮੇਸ਼ਰ ਨੇ ਨਾਨਾ ਰੂਪਾਂ ਵਾਲੀ ਖ਼ੂਬਸੂਰਤ ਕੁਦਰਤ ਸਿਰਜੀ ਹੈ, ਬਲਕਿ ਇਹ ਬੇਅੰਤ ਰੂਪ ਅਤੇ ਬੇਅੰਤ ਨਾਮ ਉਸੇ ਦੇ ਹਨ। ਇੰਞ ਸਾਰਾ ਵਿਸ਼ਵ ਇੱਕੋ ਰੂਪ ਹੋ ਜਾਂਦਾ ਹੈ। ਸਮਸਤ ਭੇਦ-ਭਾਵ ਸਮਾਪਤ ਹੋ ਜਾਂਦੇ ਹਨ। ਸਭ ਕੁਝ ਕਰਤਾਰ ਆਪ ਹੋ ਜਾਂਦਾ ਹੈ:
ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ॥ (ਪੰਨਾ 358)
ਗੁਰਬਾਣੀ ਦਾ ਸਰੋਕਾਰ ਸਮੁੱਚੇ ਮਾਨਵੀ ਜੀਵਨ ਨਾਲ ਹੈ। ਮਾਨਵ-ਜਾਤਿ ਵਿੱਚੋਂ ਜੋ ਵੀ ਗੁਰੂ ਦੇ ਚਾਨਣ ਦੀ ਅਗਵਾਈ ਵਿਚ ਚੱਲਦਾ ਹੈ, ਉਹ ਗੁਰਮੁਖ ਹੈ :
ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ॥
ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ॥ (ਪੰਨਾ 751)
‘ਓਅੰਕਾਰ’ ਬਾਣੀ ਵਿਚ ਉਸ ਪੰਡਿਤ ਨੂੰ ਵੀ ਗੁਰਮੁਖ ਆਖਿਆ ਗਿਆ ਹੈ, ਜੋ ਸਿਖਿਆਰਥੀਆਂ ਨੂੰ ਠੀਕ ਸਿੱਖਿਆ ਦੇਣ ਦੇ ਧਰਮ ਦਾ ਪਾਲਣ ਕਰਦਾ ਹੈ:
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ॥ (ਪੰਨਾ 938)
ਗੁਰੂ ਜੀ ਦਾ ਮਾਨਵੀ ਏਕਤਾ ਵਿਚ ਇਤਨਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਉਹ ਕਹਿੰਦੇ ਹਨ ਕਿ ਧਰਤੀ ਅਤੇ ਆਕਾਸ਼ ਵਿਚ ਕੋਈ ਵੀ ਵਸਤੂ ਦੂਜੀ ਨਹੀਂ, ਸਭ ਕੁਝ ਇੱਕ ਹੈ। ਇਸਤਰੀ ਅਤੇ ਪੁਰਖ ਦੇ ਭੇਦ ਨਿਰਾਧਾਰ ਹਨ। ਸਾਰਿਆਂ ਵਿਚ ਇੱਕ ਦਾ ਨਿਵਾਸ ਹੈ। ਦੂਜਾ ਕੌਣ ਹੈ, ਦੂਜਾ ਕਿਸ ਨੂੰ ਆਖਾਂ? ਦ੍ਵੈਤ-ਭਾਵ ਤਾਂ ਖੋਟੀ ਮੱਤ ਦੀ ਉਪਜ ਹੈ। ਪ੍ਰਿਥਵੀ ਉੱਪਰ ਹੀ ਕੀ ਸੂਰਜ ਅਤੇ ਚੰਦ੍ਰਮਾ ਤਕ ਉਸ ਸਦਾ ਨਵੀਨ ਪਾਰਬ੍ਰਹਮ ਦਾ ਹੀ ਪ੍ਰਕਾਸ਼ ਹੈ। ਪਰਮਾਤਮਾ ਸਾਰੇ ਹੀ ਰੂਪਾਂ ਵਿਚ ਅਤੇ ਸਾਰੇ ਰੰਗਾਂ (ਦੇ ਲੋਕਾਂ) ਵਿਚ ਨਿਵਾਸ ਕਰਦਾ ਹੈ। ਇੱਕੋ ਹੋਂਦ ਵਿਚ ਵੰਡੀਆਂ ਪਾਉਣ ਵਾਲਾ ਵਿਅਕਤੀ ਆਤਮਾ ਦੇ ਅਹਿਸਾਸ ਤੋਂ ਵਿਰਵਾ ਹੈ :
ਦੂਜਾ ਕਉਣੁ ਕਹਾ ਨਹੀ ਕੋਈ॥
ਸਭ ਮਹਿ ਏਕੁ ਨਿਰੰਜਨੁ ਸੋਈ॥1॥ ਰਹਾਉ॥
ਦੂਜੀ ਦੁਰਮਤਿ ਆਖੈ ਦੋਇ॥
ਆਵੈ ਜਾਇ ਮਰਿ ਦੂਜਾ ਹੋਇ॥2॥
ਧਰਣਿ ਗਗਨ ਨਹ ਦੇਖਉ ਦੋਇ॥
ਨਾਰੀ ਪੁਰਖ ਸਬਾਈ ਲੋਇ॥3॥
ਰਵਿ ਸਸਿ ਦੇਖਉ ਦੀਪਕ ਉਜਿਆਲਾ॥
ਸਰਬ ਨਿਰੰਤਰਿ ਪ੍ਰੀਤਮੁ ਬਾਲਾ॥4॥
ਕਰਿ ਕਿਰਪਾ ਮੇਰਾ ਚਿਤੁ ਲਾਇਆ॥
ਸਤਿਗੁਰਿ ਮੋ ਕਉ ਏਕੁ ਬੁਝਾਇਆ॥5॥
ਏਕੁ ਨਿਰੰਜਨੁ ਗੁਰਮੁਖਿ ਜਾਤਾ॥
ਦੂਜਾ ਮਾਰਿ ਸਬਦਿ ਪਛਾਤਾ॥6॥
ਏਕੋ ਹੁਕਮੁ ਵਰਤੈ ਸਭ ਲੋਈ॥
ਏਕਸੁ ਤੇ ਸਭ ਓਪਤਿ ਹੋਈ॥7॥
ਰਾਹ ਦੋਵੈ ਖਸਮੁ ਏਕੋ ਜਾਣੁ॥
ਗੁਰ ਕੈ ਸਬਦਿ ਹੁਕਮੁ ਪਛਾਣੁ॥8॥
ਸਗਲ ਰੂਪ ਵਰਨ ਮਨ ਮਾਹੀ॥
ਕਹੁ ਨਾਨਕ ਏਕੋ ਸਾਲਾਹੀ॥9॥ (ਪੰਨਾ 223)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਵਿਲੱਖਣਤਾ ਹੈ ਕਿ ਇਸ ਵਿਚ ਨਾ ਸਿਰਫ਼ ਸਰਬ-ਸਾਂਝਾ ਉਪਦੇਸ਼ ਹੀ ਦਿੱਤਾ ਗਿਆ, ਬਲਕਿ ਸਾਂਝੀਵਾਲਤਾ ਨੂੰ ਸਥੂਲ ਰੂਪ ਦੇਂਦਿਆਂ ਵੱਖ-ਵੱਖ ਧਰਮਾਂ ਦਾ ਨਾਮ ਲੈ ਕੇ ਉਨ੍ਹਾਂ ਦੇ ਮੰਨਣ ਵਾਲਿਆਂ ਨੂੰ ਆਪਣੇ ਧਰਮ ਦੇ ਸਾਰ ਨਾਲ ਸਾਂਝ ਪਰਿਪੱਕ ਕਰਨ ਦਾ ਉਪਦੇਸ਼ ਦਿੱਤਾ ਗਿਆ। ਇਸ ਵਿਚ ਜਿੱਥੇ ਹਿੰਦੂ ਧਰਮ ਦੇ ਚਾਰ ਵਰਨਾਂ ਨੂੰ ਸਰਬ-ਸਾਂਝਾ ਉਪਦੇਸ਼ ਦੇਣ ਦੀ ਗੱਲ ਕੀਤੀ ਗਈ ਹੈ, ਉਥੇ ‘ਹਿੰਦੂ ਤੁਰਕ ਦੋਊ ਸਮਝਾਵਉ’ ਦੀ ਉੱਚਤਮ ਪਰਿਪਾਟੀ ਦੀ ਸਥਾਪਨਾ ਵੀ ਕੀਤੀ ਗਈ। ਮੁਸਲਮਾਨ ਨੂੰ ਸੁੰਨਤ, ਰੋਜ਼ੇ, ਕਾਅਬੇ, ਕਲਮੇ, ਨਿਵਾਜ, ਤਸਬੀ ਆਦਿ ਦੇ ਵਾਸਤਵਿਕ ਅਰਥ ਸਮਝਾਉਂਦਿਆਂ ਬਾਣੀ ਕਹਿੰਦੀ ਹੈ:
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥ (ਪੰਨਾ 140)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੁਸਲਮਾਨ ਨੂੰ ਵਜ਼ੂ ਕਰ ਕੇ ਨਿਮਾਜ਼ ਕਰਨ ਤਕ ਦਾ ਉਪਦੇਸ਼ ਦਿੱਤਾ ਗਿਆ ਹੈ:
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥ (ਪੰਨਾ 1381)
ਇਸੇ ਤਰ੍ਹਾਂ ਯੋਗ ਦੇ ਵਾਸਤਵਿਕ ਉਦੇਸ਼ ਤੋਂ ਪੱਥ-ਭ੍ਰਸ਼ਟ ਹੋਏ ਯੋਗੀਆਂ ਨੂੰ ਯੋਗ ਦੇ ਸਹੀ ਅਰਥ ਸਮਝਾਏ ਹਨ। ‘ਜਪੁ’ ਤੋਂ ਲੈ ਕੇ ਸਾਰੀ ਗੁਰਬਾਣੀ ਵਿਚ ਯੋਗ ਮੱਤ ਦੇ ਬਾਹਰੀ ਭੇਖ ਦੇ ਅੰਤ੍ਰੀਵ ਅਰਥਾਂ ਨੂੰ ਪ੍ਰਤੀਪਾਦਿਤ ਹੀ ਨਹੀਂ ਕੀਤਾ ਗਿਆ,ਬਲਕਿ ਅਤਿ-ਪ੍ਰਭਾਵਸ਼ਾਲੀ ਢੰਗ ਨਾਲ ਅੰਦਰ ਝਾਤੀ ਮਾਰਨ ਅਤੇ ਦੈਵੀ-ਗੁਣਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਆ ਗਿਆ ਹੈ। ਇਹ ਪ੍ਰੇਰਨਾਮਈ ਬਚਨ ਕਿਸੇ ਪੰਥ ਨੂੰ ਛੋਟਾ ਵਿਖਾਉਣ ਵਾਲੇ ਨਹੀਂ, ਬਲਕਿ ਧਰਮ ਦੇ ਰਸਤੇ ਤੋਂ ਦੂਰ ਜਾ ਚੁੱਕੇ ਲੋਕਾਂ ਪ੍ਰਤੀ ਸਹਾਨੁਭੂਤੀ ਅਤੇ ਪਿਆਰ ਵਿਖਾਉਂਦਿਆਂ ਉਚਾਰਨ ਕੀਤੇ ਗਏ ਹਨ। ਰਾਮਕਲੀ ਯੋਗੀਆਂ ਦਾ ਪਿਆਰਾ ਰਾਗ ਹੈ ਤਾਂ ਕਿ ਗੁਰਬਾਣੀ ਦੀ ਇਸ ਪ੍ਰੇਰਨਾ ਵਿੱਚੋਂ ਆਲੋਚਨਾ ਦੀ ਗੰਧ ਨਾ ਆਵੇ ਅਤੇ ਸੁਣਨ ਵਾਲੇ ਲਈ ਇਹ ਬਚਨ ਅੰਮ੍ਰਿਤ-ਰਸ ਨਾਲ ਭਰਪੂਰ ਹੋਣ ਇਸ ਕਾਰਨ ਰਾਮਕਲੀ ਦੇ ਸ਼ਬਦਾਂ ਵਿਚ ਯੋਗ ਮੱਤ ਦਾ ਵਿਸ਼ੇਸ਼ ਉਲੇਖ ਹੈ। ‘ਸਿਧੁ ਗੋਸਟਿ’ ਬਾਣੀ ਇਸੇ ਰਾਗ ਵਿਚ ਹੈ। ਗੁਰਬਾਣੀ ਇਸ ਰਾਗ ਵਿਚ ਯੋਗੀ ਨੂੰ ਉਪਦੇਸ਼ ਦੇਂਦੀ ਹੈ:
ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ॥
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ॥1॥
ਐਸਾ ਜੋਗੁ ਕਮਾਵਹੁ ਜੋਗੀ॥
ਜਪ ਤਪ ਸੰਜਮੁ ਗੁਰਮੁਖਿ ਭੋਗੀ॥ (ਪੰਨਾ 970)
ਉਸ ਸਮੇਂ ਦੇ ਹਿੰਦੂ ਦੀ ਧਾਰਮਿਕ ਸਥਿਤੀ ਬਹੁਤ ਤਰਸਯੋਗ ਸੀ। ਉਸ ਨੂੰ ਪੁਜਾਰੀਵਾਦੀ ਕਰਮਕਾਂਡ ਤਿਆਗ ਕੇ ਪਰਮੇਸ਼ਰ ਦੇ ਪਵਿੱਤਰ ਨਾਮ ਨਾਲ ਜੁੜਨ ਵਾਸਤੇ ਵਾਰ-ਵਾਰ ਪ੍ਰੇਰਿਆ ਹੈ। ਪੂਜਾ, ਵਰਤ, ਤਿਲਕ, ਜਨੇਊ, ਦਾਨ-ਪੁੰਨ, ਜਪ-ਤਪ, ਤੀਰਥ-ਯਾਤਰਾਵਾਂ, ਕਸ਼ਟਕਾਰੀ ਸਾਧਨਾ ਤਿਆਗ ਕੇ ਨਾਮ-ਮਾਰਗ ਉੱਤੇ ਲਿਆਉਣ ਲਈ ਗੁਰਬਾਣੀ ਵਿਚ ਅਨੇਕਾਂ ਸ਼ਬਦ ਆਏ ਹਨ, ਉਦਾਹਰਣਾਰਥ:
ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ॥
ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ॥1॥
ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ॥
ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ॥1॥ ਰਹਾਉ॥
ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ॥
ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ॥2॥
ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ॥
ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ॥3॥ (ਪੰਨਾ 674)
ਵਿਸ਼ਵ ਵਿਚ ਧਰਮ ਦੇ ਨਾਮ ਉੱਤੇ ਬੇਹਿਸਾਬ ਮਨੁੱਖਾਂ ਦਾ ਕਤਲ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਜ਼੍ਹਬਾਂ ਦੇ ਆਪਸੀ ਵਿਵਾਦਾਂ ਦੀ ਸਖ਼ਤ ਨਿਖੇਧੀ ਕਰਦਿਆਂ ਸਦਭਾਵਨਾ ਸਹਿਤ ਰਹਿਣ ਦੀ ਪ੍ਰੇਰਨਾ ਦਿੱਤੀ ਗਈ ਹੈ। ਇਕ ਗੱਲ ਧਿਆਨ ਦੇਣ ਵਾਲੀ ਹੈ ਕਿ ਉਸ ਵਕਤ ਹਿੰਦੁਸਤਾਨ ਵਿਚ ਹਿੰਦੂ ਅਤੇ ਮੁਸਲਮਾਨ ਦੋ ਹੀ ਪ੍ਰਮੁੱਖ ਧਰਮ ਸਨ। ਜਦੋਂ ਵੀ ਇਨ੍ਹਾਂ ਦੋ ਧਰਮਾਂ ਦਾ ਵਰਣਨ ਆਉਂਦਾ ਹੈ,ਤਾਂ ਉਸ ਤੋਂ ਭਾਵ ਸਮੂਹ ਧਰਮ ਲੈਣਾ ਚਾਹੀਦਾ ਹੈ। ਹਿੰਦੂ ਮੁਸਲਮਾਨਾਂ ਦੀ ਆਪਸੀ ਨਫ਼ਰਤ ਨੂੰ ਖ਼ਤਮ ਕਰਨ ਵਾਸਤੇ ਗੁਰਬਾਣੀ ਵਿਚ ਆਖਿਆ ਗਿਆ ਹੈ “ਹੇ ਭਰਾਓ! ਜ਼ਰਾ ਸੋਚੋ ਹਿੰਦੂ ਅਤੇ ਮੁਸਲਮਾਨ ਕਿੱਥੋਂ ਆਏ ਹਨ? ਕਿਸ ਨੇ ਇਹ ਨਿਆਰੇ-ਨਿਆਰੇ ਪੰਥ ਚਲਾਏ ਹਨ? ਹੇ ਝਗੜਾ ਕਰਨ ਵਾਲਿਓ! ਸੁਰਗ ਅਤੇ ਨਰਕ ਕੌਣ ਪ੍ਰਾਪਤ ਕਰਦਾ ਹੈ?” ਭਾਵ ਇਨ੍ਹਾਂ ਦੀ ਪ੍ਰਾਪਤੀ ਵਿਤਕਰੇ ਵਾਲੀ ਨਹੀਂ, ਇਹ ਤਾਂ ਸ਼ੁਭ-ਅਸ਼ੁਭ ਅਮਲ ਕਾਰਨ ਪ੍ਰਾਪਤ ਹੁੰਦੇ ਹਨ:
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥
ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ॥ (ਪੰਨਾ 477)
ਹਿੰਦੂ ਅਤੇ ਮੁਸਲਮਾਨ ਵਿਚ ਇੱਕੋ ਰੱਬ ਵੱਸਦਾ ਹੈ। ਜੇ ਵਿਚਾਰ ਕਰ ਕੇ ਵੇਖੋਗੇ, ਤਾਂ ਇਹ ਸਮਝ ਆਵੇਗੀ ਕਿ ਉਹ ਸਾਰੇ ਹਿਰਦਿਆਂ ਵਿਚ ਲੁਕਿਆ ਹੋਇਆ ਹੈ :
ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ॥
ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ॥ (ਪੰਨਾ 483)
ਹਿੰਦੂ ਅਤੇ ਮੁਸਲਮਾਨ ਦਾ ਰੱਬ ਇੱਕੋ ਹੈ। ਇਸ ਸਥਿਤੀ ਨੂੰ ਕੋਈ ਮੁੱਲਾਂ ਜਾਂ ਪੀਰ ਬਦਲ ਨਹੀਂ ਸਕਦਾ:
ਹਿੰਦੂ ਤੁਰਕ ਕਾ ਸਾਹਿਬੁ ਏਕ॥
ਕਹ ਕਰੈ ਮੁਲਾਂ ਕਹ ਕਰੈ ਸੇਖ॥ (ਪੰਨਾ 1158)
ਇੱਕੋ ਪਾਰਬ੍ਰਹਮ ਦੇ ਅਨੇਕਾਂ ਪ੍ਰਗਟਾਵੇ ਹਨ। ਜੋਗੀ ਗੁਰੂ ਗੋਰਖ ਨੂੰ ਜਪਦੇ ਹਨ। ਹਿੰਦੂ ਸ੍ਰੀ ਰਾਮ ਜੀ ਦਾ ਨਾਮ ਉਚਾਰਦੇ ਹਨ। ਮੁਸਲਮਾਨ ਇਕ ਖ਼ੁਦਾ ਦੇ ਉਪਾਸ਼ਕ ਹਨ। ਤਤਵ-ਗਿਆਨੀਆਂ ਵਾਸਤੇ ਸਭ ਨਾਵਾਂ ਵਿਚ ਇੱਕੋ ਪਰਮ-ਸੱਤਾ ਦਾ ਪ੍ਰਕਾਸ਼ ਹੈ:
ਜੋਗੀ ਗੋਰਖੁ ਗੋਰਖੁ ਕਰੈ॥
ਹਿੰਦੂ ਰਾਮ ਨਾਮੁ ਉਚਰੈ॥
ਮੁਸਲਮਾਨ ਕਾ ਏਕੁ ਖੁਦਾਇ॥
ਕਬੀਰ ਕਾ ਸੁਆਮੀ ਰਹਿਆ ਸਮਾਇ॥ (ਪੰਨਾ 1160)
ਵਿਸ਼ਵ-ਵਿਆਪੀ ਧਰਮ ਉਹੋ ਹੋ ਸਕਦਾ ਹੈ, ਜੋ ਵਿਭਿੰਨ ਸੰਸਕ੍ਰਿਤੀਆਂ, ਵਿਭਿੰਨ ਰੀਤੀ-ਰਿਵਾਜ਼ਾਂ, ਖਾਣ-ਪੀਣ-ਪਹਿਨਣ ਦੇ ਨਿਆਰੇ ਢੰਗਾਂ ਨੂੰ ਸਮਾਨ ਦ੍ਰਿਸ਼ਟੀ ਨਾਲ ਵੇਖਦਾ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਖ਼ਾਸ ਭੇਖ ਵੱਲ ਝੁਕਾਅ ਨਹੀਂ ਰੱਖਦਾ, ਨਾ ਹੀ ਕਿਸੇ ਵੱਲ ਦ੍ਵੈਸ਼-ਭਾਵ। ਇਥੇ ਇਕ ਵਿਆਪਕ ਨਿਯਮ ਹੈ ਕਿ ਖਾਣ-ਪੀਣ ਦੀਆਂ ਚੀਜ਼ਾਂ ਸਰੀਰ ਅਤੇ ਮਨ ਵਾਸਤੇ ਸਿਹਤਮੰਦ ਹੋਣ। ਬਸਤਰ ਅਜਿਹੇ ਪਹਿਨੇ ਜਾਣ ਜਿਨ੍ਹਾਂ ਵਿਚ ਤਨ ਸੁਖੱਲਾ ਰਹੇ ਅਤੇ ਲੋਕਾਂ ਦੇ ਮਨ ਉੱਤੇ ਬੁਰਾ ਪ੍ਰਭਾਵ ਨਾ ਪਵੇ:
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ॥
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ॥
ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ॥1॥
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥1॥ ਰਹਾਉ॥
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ॥
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ॥
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ॥2॥ ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ 16)
ਕਿਸੇ ਵਿਅਕਤੀ ਦੇ ਮਰ ਜਾਣ ਪਿੱਛੋਂ ਵੱਖ-ਵੱਖ ਰੀਤੀਆਂ ਨਾਲ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਹਿੰਦੂ ਸਾੜ ਦਿੰਦੇ ਹਨ। ਮੁਸਲਮਾਨ ਅਤੇ ਈਸਾਈ ਕਬਰ ਵਿਚ ਦਫਨ ਕਰਦੇ ਹਨ। ਕਈ ਪਾਣੀ ਵਿਚ ਰੋੜ੍ਹ ਦਿੰਦੇ ਹਨ। ਪਾਰਸੀ ਹੱਸਣ (Tower of Silence) ਵਿਚ ਰੱਖ ਦਿੰਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਸਭ ਆਪਣੇ-ਆਪਣੇ ਢੰਗਾਂ ਨਾਲ ਰੀਤਾਂ ਨਿਭਾ ਰਹੇ ਹਨ, ਜਿਸ ਨਾਲ ਉਸ ਪ੍ਰਾਣੀ ਦੀ ਸਥਿਤੀ ਉੱਪਰ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਉਹ ਕਿੱਥੇ ਲੀਨ ਹੋਇਆ ਹੈ, ਕਿਸੇ ਨੂੰ ਪਤਾ ਨਹੀਂ। ਗੁਰੂ ਜੀ ਕਿਸੇ ਇਕ ਸੰਸਕਾਰ ਵਿਧੀ ਨੂੰ ਉੱਤਮ ਕਹਿ ਕੇ ਦੂਜਿਆਂ ਨੂੰ ਛੁਟਿਆਉਂਦੇ ਨਹੀਂ। ਉਨ੍ਹਾਂ ਦੀ ਨਜ਼ਰ ਵਿਚ ਇਹ ਕੋਈ ਬੁਨਿਆਦੀ ਸਮੱਸਿਆ ਹੀ ਨਹੀਂ। ਅਸਲ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਉਹ ਕਿੱਥੋਂ ਆਇਆ ਸੀ, ਕਿੱਥੇ ਚਲਾ ਗਿਆ:
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ (ਪੰਨਾ 648)
ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜੀਵਨ ਜੀਣ ਦੀਆਂ ਵਿਭਿੰਨ ਸ਼ੈਲੀਆਂ ਨੂੰ ਇਕ-ਸਮਾਨ ਸਵੀਕਾਰ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾਵਾਦੀ ਵਿਚਾਰਧਾਰਾ ਵਿਚ ਸਮਾਜਿਕ, ਧਾਰਮਿਕ, ਸੰਸਕ੍ਰਿਤਿਕ, ਰੰਗ- ਭੇਦ, ਨਸਲ-ਭੇਦ, ਆਰਥਿਕ ਅਤੇ ਰਾਸ਼ਟਰੀਅਤਾ ਆਧਾਰਿਤ ਦਰਜੇਬੰਦੀਆਂ ਲਈ ਕੋਈ ਸਥਾਨ ਨਹੀਂ ਹੈ। ਇਥੇ ਕੋਈ ਵਿਅਕਤੀ ਪਹਿਲੇ, ਦੂਜੇ ਜਾਂ ਤੀਜੇ ਦਰਜੇ ਦਾ ਨਹੀਂ, ਸਗੋਂ ਇਸ ਬਾਣੀ ਵਿਚ ਇਕ ਅਜਿਹੇ ਗੁਰਮੁਖੀ ਸਮਾਜ ਦੀ ਪਰਿਕਲਪਨਾ ਹੈ, ਜਿਸ ਵਿਚ ਸਾਰੇ ਆਪਣੇ-ਆਪ ਨੂੰ ਸ਼ਰਨਾਗਤ ਅਤੇ ਪਰਮੇਸ਼ਰ ਦੇ ਸੇਵਕ ਜਾਣ ਕੇ ਛੋਟਾ ਸਦਵਾਉਣ ਵਿਚ ਮਾਣ ਮਹਿਸੂਸ ਕਰਦੇ ਹਨ, ਕੋਈ ਵੀ ਵੱਡਾ ਬਣਨ ਦਾ ਯਤਨ ਨਹੀਂ ਕਰਦਾ। ਇਨ੍ਹਾਂ ਨਿਮਰ-ਪੁਰਖਾਂ ਦੇ ਸ੍ਰੇਸ਼ਟ ਸਮਾਜ ਵਿਚ ਦੁੱਖ, ਵਿਛੋੜੇ ਅਤੇ ਹੋਰ ਬਿਮਾਰੀਆਂ ਦਾ ਪੂਰਨ ਅਭਾਵ ਹੋ ਜਾਂਦਾ ਹੈ:
ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥
ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ॥ (ਪੰਨਾ 504)
ਗਲੋਬਲ ਵਿਲੇਜ ਦੇ ਜਿਸ ਸੰਕਲਪ ਨੂੰ ਉੱਤਰ-ਆਧੁਨਿਕ ਕਾਲ (Post-Modernism) ਦੀ ਉਪਜ ਦੱਸਿਆ ਜਾ ਰਿਹਾ ਹੈ, ਇਸ ਦਾ ਪੂਰਨ-ਵਿਕਸਿਤ ਰੂਪ ਕਈ ਸਦੀਆਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅੰਗ ਬਣ ਚੁੱਕਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੂਰੇ ਵਿਸ਼ਵ ਨੂੰ ਇਕ ਸ਼ਹਿਰ ਅਤੇ ਧਰਤੀ ਉੱਪਰ ਵੱਸਦੇ ਹਰ ਇਨਸਾਨ ਨੂੰ ਇਸ ਸ਼ਹਿਰ ਵਿਚ ਨਿਵਾਸ ਕਰਨ ਵਾਲਾ ਸ਼ਹਿਰੀ ਕਿਹਾ ਗਿਆ ਹੈ। ਇਨ੍ਹਾਂ ਸਾਰੇ ਹਮ-ਸ਼ਹਿਰੀਆਂ ਵਿਚ ਖ਼ੂਬ ਮਿੱਤਰਤਾ ਹੈ। ਇਹੋ ਜਿਹਾ ਇਕ ਵਿਸ਼ਾਲ ਵਤਨ ਜਿਸ ਵਿਚ ਲੋਕ ਬੇਰੋਕ-ਟੋਕ ਜਿੱਧਰ ਚਾਹੁਣ ਜਾ ਸਕਣ। ਸਾਰਿਆਂ ਦੀ ਸਾਂਝੀ ਨਿਆਂਸ਼ੀਲ ਸਰਕਾਰ ਦੀ ਅਜਿਹੀ ਸੁਥਰੀ ਰਾਜਨੀਤਿਕ ਵਿਵਸਥਾ ਹੋਵੇ, ਜਿਸ ਨੂੰ ਬਦਲਣ ਦੀ ਕਦੇ ਜ਼ਰੂਰਤ ਹੀ ਨਾ ਪਵੇ। ਸਾਰੀ ਧਨ-ਸੰਪਤੀ ਸਭ ਦੀ ਸਾਂਝੀ ਹੋਵੇ। ਵਿਅਕਤੀਗਤ ਕਬਜ਼ੇ ਨਾ ਹੋਣ, ਜਿਸ ਕਾਰਨ ਕਿਸੇ ਟੈਕਸ ਜਾਂ ਜ਼ੁਰਮਾਨੇ ਭਰਨ ਦੀ ਚਿੰਤਾ ਵੀ ਨਾ ਹੋਵੇ। ਨਾ ਕੋਈ ਲਾਲਚਵੱਸ ਪਾਪ ਕਰੇ ਅਤੇ ਨਾ ਹੀ ਕਿਸੇ ਨੂੰ ਕਿਸੇ ਦਾ ਡਰ ਹੋਵੇ। ਸਾਰੇ ਇਕ ਦੂਜੇ ਨੂੰ ਭਰਾਵਾਂ ਵਾਂਗ ਜਾਣ ਕੇ ਕਿਸੇ ਦੂਜੇ ਵਿਰੁੱਧ ਅਪਰਾਧ ਨਾ ਕਰਨ। ਉਥੇ ਸਦਾ ਵਿਕਾਸ ਅਤੇ ਸਭ ਦੀ ਭਲਾਈ ਦੇ ਕੰਮ ਹੁੰਦੇ ਹੋਣ। ਕਿਸੇ ਸ਼ਹਿਰੀ ਦਾ ਦੂਜਾ ਜਾਂ ਤੀਜਾ ਦਰਜਾ ਬਿਲਕੁਲ ਨਾ ਹੋਵੇ। ਇਕ ਅਦੁੱਤੀ ਬਰਾਬਰੀ ਦਾ ਇਤਿਹਾਸ ਸਾਰਿਆਂ ਦੇ ਹਿਰਦਿਆਂ ਵਿਚ ਵੱਸਦਾ ਹੋਵੇ। ਇਹੋ ਜਿਹੇ ਘੁੱਗ ਵੱਸਦੇ ਵਿਸ਼ਵ ਰੂਪ ਸ਼ਹਿਰ ਦੀ ਹਰ ਪਾਸੇ ਪ੍ਰਸਿੱਧੀ ਹੋਵੇਗੀ। ਵਿਅਕਤੀਗਤ ਪ੍ਰਸਿੱਧੀਆਂ ਦਾ ਪੂਰਨ ਅਭਾਵ ਅਤੇ ਸਭ ਦੀ ਮਹਿਮਾ ਦੇ ਸੁਖਦਾਈ ਵਾਤਾਵਰਨ ਦਾ ਅਸੀਮ ਪ੍ਰਸਾਰ ਨਜ਼ਰ ਆਵੇਗਾ। ਇਹੋ ਜਿਹੇ ਸਮਤਾ-ਭਾਵ ਵਾਲੇ ਮਾਨਵੀ ਸਮਾਜ ਵਿਚ ਦੁੱਖਾਂ-ਅੰਦੇਸ਼ਿਆਂ ਦੀ ਆਮਦ ਲਈ ਗੁੰਜਾਇਸ਼ ਹੀ ਨਹੀਂ ਹੋਵੇਗੀ। ਇਥੇ ਨਿਰਧਨ ਅਤੇ ਧਨਵਾਨ ਦੇ ਵਿਤਕਰਿਆਂ ਨੂੰ ਕੋਈ ਜਗ੍ਹਾ ਨਹੀਂ ਮਿਲ ਸਕੇਗੀ, ਸਗੋਂ ਸਾਰੇ ਹੀ ਧਨਵਾਨ ਹੋਣਗੇ। ਇਨ੍ਹਾਂ ਅਤਿ ਉਤਮ ਮਾਨਵਤਾਵਾਦੀ ਵਿਚਾਰਾਂ ਨੂੰ ਗੁਰਬਾਣੀ ਵਿਚ ਇਸ ਤਰ੍ਹਾਂ ਪ੍ਰਗਟ ਕੀਤਾ ਗਿਆ ਹੈ:
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥1॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥1॥ ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥2॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥ (ਪੰਨਾ 345)
ਇਸ ਮੁਕਤ (ਖਲਾਸ) ਸਮਾਜ ਦਾ ਜੋ ਮਾਡਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ, ਉਸ ਦੀ ਹੋਰ ਕਿਤੇ ਵੀ ਮਿਸਾਲ ਮਿਲਣੀ ਮੁਸ਼ਕਿਲ ਹੈ। ਇਹੋ ਜਿਹੀ ਮਾਨਵਤਾਵਾਦੀ ਵਿਚਾਰਧਾਰਾ ਦੁਰਲੱਭ ਹੈ। ਗੁਰੂ-ਕਾਲ ਵਿਚ ਅਜਿਹੇ ਵਿਵਹਾਰ ਦਾ ਪ੍ਰਗਟਾਵਾ ਹੋਇਆ ਸੀ ਜਿਸ ਨੇ ਸਮਸਤ ਭੇਦ-ਭਾਵ ਨੂੰ ਇਸ ਤਰ੍ਹਾਂ ਨਸ਼ਟ ਕੀਤਾ ਸੀ ਕਿ ਯੁੱਧ ਵਿਚ ਵੀ ਦੁਸ਼ਮਣ ਨੂੰ ਆਪਣੇ ਵਰਗਾ ਇਨਸਾਨ ਸਮਝ ਕੇ ਉਸ ਦੀ ਟਹਿਲ-ਸੇਵਾ ਦੀਆਂ ਇਤਿਹਾਸਕ ਮਿਸਾਲਾਂ ਨੇ ਜਨਮ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਵੀ ਸਮਝਾਇਆ ਗਿਆ ਹੈ ਕਿ ਧਰਤੀ ਉਹ ਦੇਗ ਹੈ, ਜਿਸ ਦੇ ਗਰਭ ਵਿਚ ਪਏ ਬੇਅੰਤ ਪਦਾਰਥ ਸਾਰੀ ਇਨਸਾਨੀਅਤ ਦੇ ਸਾਂਝੇ ਹਨ ਅਤੇ ਸੁਖਦ ਕਲਿਆਣਕਾਰੀ ਵਾਤਾਵਰਨ ਬਣਾਉਣ ਵਾਸਤੇ ਇਨ੍ਹਾਂ ਸਰਬ-ਸਾਂਝੇ ਸੰਸਾਧਨਾਂ ਦੀ ਵਰਤੋਂ ਸਾਂਝੇ ਤੌਰ ਉੱਤੇ ਹੋਣੀ ਚਾਹੀਦੀ ਹੈ:
ਖਾਵਹਿ ਖਰਚਹਿ ਰਲਿ ਮਿਲਿ ਭਾਈ॥
ਤੋਟਿ ਨ ਆਵੈ ਵਧਦੋ ਜਾਈ॥ (ਪੰਨਾ 186)
ਸੰਸਾਰ ਵਿਚ ਕਿਤੇ ਅਮੀਰੀ ਹੈ ਅਤੇ ਕਿਤੇ ਗ਼ਰੀਬੀ। ਗੁਰਬਾਣੀ ਇਸ ਨਾ-ਬਰਾਬਰੀ ਦਾ ਨਿਖੇਧ ਕਰਦੀ ਹੈ ਅਤੇ ਇਹ ਸੰਦੇਸ਼ ਦਿੰਦੀ ਹੈ ਕਿ ਸਾਰੇ ਇਨਸਾਨ ਭਰਾ-ਭਰਾ ਹਨ। ਇਸ ਕਰਕੇ ਅਮੀਰੀ ਅਤੇ ਗ਼ਰੀਬੀ ਦਾ ਜੋ ਅੰਤਰ ਹੈ, ਉਸ ਨੂੰ ਸਮਾਪਤ ਕਰਨ ਦੀ ਲੋੜ ਹੈ:
ਨਿਰਧਨੁ ਸਰਧਨੁ ਦੋਨਉ ਭਾਈ॥
ਪ੍ਰਭ ਕੀ ਕਲਾ ਨ ਮੇਟੀ ਜਾਈ॥ (ਪੰਨਾ 1159)
ਇਸ ਅੰਤਰ ਨੂੰ ਦੂਰ ਕਰਨ ਵਾਸਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ‘ਘਾਲਿ ਖਾਇ ਕਿਛੁ ਹਥਹੁ ਦੇਇ’ ਭਾਵ ‘ਕਿਰਤ ਕਰੋ’ ਅਤੇ ‘ਵੰਡ ਕੇ ਛਕੋ’ ਦਾ ਕ੍ਰਾਂਤੀਕਾਰੀ ਵਿਧਾਨ ਵਿਸ਼ਵ ਨੂੰ ਦਿੱਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਸ ਮਾਨਵੀ ਬਰਾਬਰੀ ਦੀ ਗੱਲ ਹੈ, ਉਸ ਵਿਚ ਕਿਸੇ ਪੱਖੋਂ ਵੀ ਅਧੂਰਾਪਨ ਨਹੀਂ ਹੈ। ਜਿਸ ਮੁਕਤ-ਸਮਾਜ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਲਪਨਾ ਕੀਤੀ ਗਈ ਹੈ, ਉਸ ਵਿਚ ਇਸਤਰੀ ਅਤੇ ਪੁਰਖ ਦੀ ਬਰਾਬਰੀ ਦਾ ਹੀ ਨਹੀਂ, ਬਲਕਿ ਇਸ ਤੋਂ ਵੀ ਕਈ ਕਦਮ ਅੱਗੇ ਜਾ ਕੇ ਅਭੇਦਤਾ ਦਾ ਵਿਚਾਰ ਦਿੱਤਾ ਗਿਆ ਹੈ। ਵਿਸਤਾਰ ਦੇ ਡਰੋਂ ਇਹ ਗੁਰਬਾਣੀ ਵਿਚ ਮੌਜੂਦ ਇਸਤਰੀ-ਪੁਰਖ ਦੇ ਸਮਤਾ ਭਾਵ ਸੰਬੰਧੀ ਬਹੁ-ਪ੍ਰਚੱਲਤ ਪ੍ਰਮਾਣਾਂ ਦੀ ਵਰਤੋਂ ਦੀਆਂ ਉਦਾਹਰਣਾਂ ਨਹੀਂ ਦਿੱਤੀਆਂ ਜਾ ਸਕਦੀਆਂ। ਇਸਤਰੀ ਅਤੇ ਪੁਰਖ ਦੀ ਅਦ੍ਵੈਤ ਸੰਬੰਧੀ ਰਾਮਕਲੀ ਰਾਗ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਮਾਣ ਦੇਣਾ ਕਾਫ਼ੀ ਹੈ, ਜਿਸ ਵਿਚ ਗੁਰੂ ਜੀ ਕਹਿੰਦੇ ਹਨ ਕਿ ਇਸਤਰੀ ਅਤੇ ਪੁਰਸ਼ ਨੂੰ ਵੱਖ-ਵੱਖ ਕੀਤਾ ਹੀ ਨਹੀਂ ਜਾ ਸਕਦਾ, ਕਿਉਂਕਿ ਪੁਰਸ਼ ਵਿਚ ਇਸਤਰੀ ਹੈ ਅਤੇ ਇਸਤਰੀ ਵਿਚ ਪੁਰਸ਼:
ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ॥ (ਪੰਨਾ 879)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮੁੱਚੀ ਮਨੁੱਖਤਾ ਨੂੰ ਵਿਸ਼ਵ-ਸ਼ਾਂਤੀ ਦਾ ਕਲਿਆਣਕਾਰੀ ਸੁਨੇਹਾ ਦਿੰਦੀ ਹੈ। ਹਿੰਸਾ ਆਦਿ ਨੂੰ ਅਗਨੀ ਦੀ ਨਦੀ ਕਿਹਾ ਹੈ, ਜਿਸ ਵਿਚ ਪਿਆ ਸੰਸਾਰ ਜਲ ਰਿਹਾ ਹੈ। ਇਸ ਸੁੰਦਰ (ਸੁਬਹਾਨ) ਦੁਨੀਆਂ ਵਿਚ ਅਸ਼ਾਂਤੀ ਦੇ ਵਾਤਾਵਰਨ ਕਾਰਨ ਸਾਰੇ ਹੀ ਸੜ ਰਹੇ ਹਨ, ਨਸ਼ਟ ਹੋ ਰਹੇ ਹਨ। ਇਸ ਅਸ਼ਾਂਤੀ ਦਾ ਮੂਲ ਕਾਰਨ ਜੀਵਨ ਵਿਚ ਝੂਠ ਦਾ ਪ੍ਰਵੇਸ਼ ਹੈ:
ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ॥ (ਪੰਨਾ 147)
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ॥
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ॥
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ॥
ਕੁਫਰ ਗੋਅ ਕੁਫਰਾਣੈ ਪਇਆ ਦਝਸੀ॥
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ॥
ਸਿਝੈ ਦਰਿ ਦੀਵਾਨਿ ਆਪੁ ਗਵਾਈਐ॥ (ਪੰਨਾ 142)
ਸੰਸਾਰਿਕ ਪ੍ਰਭੁਤਾ ਦੀ ਲਾਲਸਾ ਵਿਚ ਰਾਜ ਦੀਆਂ ਹੱਦਾਂ ਦੇ ਵਿਸਤਾਰ ਹਿੱਤ ਸਵਾਰਥੀ ਰਾਜ-ਮੁਖੀ ਦੂਰ ਦੇਸ਼ਾਂ ਉੱਤੇ ਜਾ ਹਮਲਾ ਕਰਦੇ ਹਨ। ਸ਼ਾਸਕਾਂ ਦੇ ਇਸ ਭੇੜ ਵਿਚ ਨਿਰਦੋਸ਼ ਪਰਜਾ ਉਨ੍ਹਾਂ ਦੇ ਜਮ-ਰੂਪ ਸਿਪਾਹੀਆਂ ਦੇ ਘੋਰ ਅਤਿਆਚਾਰਾਂ ਦਾ ਸ਼ਿਕਾਰ ਹੁੰਦੀ ਹੈ। ਇਹ ਹਥਿਆਰਾਂ ਨਾਲ ਲੈਸ ਮਾਸੂਮ ਲੋਕਾਂ ਦਾ ਸ਼ਿਕਾਰ ਕਰ ਕੇ, ਉਨ੍ਹਾਂ ਦੇ ਘਰਾਂ ਅਤੇ ਮਾਨ-ਸਨਮਾਨ ਨੂੰ ਲੁੱਟ ਕੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਨ। ਮਨੁੱਖਤਾ ਦੇ ਕਤਲੇਆਮ ਨਾਲ ਦਰਦਨਾਕ ਵਾਤਾਵਰਨ ਬਣਦਾ ਹੈ। ਰਤਨਾਂ ਵਰਗੀਆਂ ਅਨਮੋਲ ਜਿੰਦੜੀਆਂ ਪਲਾਂ ਵਿਚ ਨਸ਼ਟ ਹੋ ਜਾਂਦੀਆਂ ਹਨ। ਮਜ਼ਲੂਮ ਇਸਤਰੀ ਦਾ ਅਪਮਾਨ ਹੁੰਦਾ ਹੈ, ਬੱਚੇ ਅਨਾਥ ਅਤੇ ਇਸਤਰੀਆਂ ਵਿਧਵਾ ਹੋ ਜਾਂਦੀਆਂ ਹਨ। ਬਹੁਤ ਸਾਰੇ ਲੋਕ ਜ਼ਖਮੀ ਹੋ ਜਾਂਦੇ ਹਨ ਅਤੇ ਬਹੁਤ ਸਾਰਿਆਂ ਦੀਆਂ ਲਾਸ਼ਾਂ ਸ਼ਮਸ਼ਾਨ ਵਿਚ ਪੁੱਜਦੀਆਂ ਹਨ। ਇਸ ਅੱਤਿਆਚਾਰ ਅਤੇ ਅੰਨ੍ਹੀ ਹਿੰਸਾ ਵਿਰੁੱਧ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਣੇ ਪਰਮੇਸ਼ਰ ਨਾਲ ਵੀ ਗ਼ਿਲਾ ਕਰਨ ਤੋਂ ਸੰਕੋਚ ਨਹੀਂ ਕਰਦੀ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥1॥
ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥1॥ ਰਹਾਉ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ (ਪੰਨਾ 360)
ਇਕਨਾ੍ ਪੇਰਣ ਸਿਰ ਖੁਰ ਪਾਟੇ ਇਕਨਾ੍ ਵਾਸੁ ਮਸਾਣੀ॥
ਜਿਨ੍ ਕੇ ਬੰਕੇ ਘਰੀ ਨ ਆਇਆ ਤਿਨ੍ ਕਿਉ ਰੈਣਿ ਵਿਹਾਣੀ॥ (ਪੰਨਾ 418)
ਧਰਮ ਦੇ ਨਾਮ ਉੱਤੇ ਕੀਤੀ ਹਿੰਸਾ ਨੂੰ ਕੋਈ ਧਰਮ ਦੀ ਸੇਵਾ ਸਮਝ ਬੈਠੇ, ਤਾਂ ਉਹ ਮਨਮੁਖ ਨਿਸ਼ਚਿਤ ਤੌਰ ’ਤੇ ਅਧਾਰਮਿਕ ਰੁਚੀਆਂ ਵਾਲਾ ਹੈ। ਉਸ ਦਾ ਅਧਿਆਤਮਿਕ ਆਚਰਨ ਨਿਰਾ ਵਿਖਾਵਾ ਹੈ। ਧਾਰਮਿਕ ਉਹੋ ਵਿਅਕਤੀ ਹੈ ਅਤੇ ਪਰਮੇਸ਼ਰ ਦੀ ਪ੍ਰਾਪਤੀ ਉਸੇ ਨੂੰ ਹੋ ਸਕਦੀ ਹੈ, ਜੋ ਹਿੰਸਾ ਅਤੇ ਲਾਲਚ ਆਦਿ ਬਿਮਾਰੀਆਂ ਤੋਂ ਜੀਵਨ ਨੂੰ ਨਿਰਲੇਪ ਰੱਖੇ:
ਜਿਸੁ ਮਨੁ ਮਾਨੈ ਅਭਿਮਾਨੁ ਨ ਤਾ ਕਉ ਹਿੰਸਾ ਲੋਭੁ ਵਿਸਾਰੇ॥
ਸਹਜਿ ਰਵੈ ਵਰੁ ਕਾਮਣਿ ਪਿਰ ਕੀ ਗੁਰਮੁਖਿ ਰੰਗਿ ਸਵਾਰੇ॥ (ਪੰਨਾ 1198)
ਸੰਸਾਰ ਵਿਚ ਪਰਮੇਸ਼ਰ ਨੇ ਸਾਨੂੰ ਆਪਣੇ ਕਰਮਾਂ ਨੂੰ ਸੁਧਾਰਨ ਵਾਸਤੇ ਮਨੁੱਖ ਬਣਾ ਕੇ ਭੇਜਿਆ ਹੈ। ਇਥੇ ਆ ਕੇ ਕਿਸੇ ਨੂੰ ਭਲਾ-ਬੁਰਾ ਕਹਿ ਕੇ ਝਗੜੇ ਖੜ੍ਹੇ ਕਰਨੇ ਉਚਿਤ ਨਹੀਂ, ਕਿਉਂਕਿ ਇਹ ਝਗੜਾ ਤਾਂ ਰੱਬ ਪ੍ਰਤੀ ਮੰਨਿਆ ਜਾਵੇਗਾ ਅਤੇ ਇਹ ਆਪਣੀ ਹੀ ਬਰਬਾਦੀ ਦਾ ਰਸਤਾ ਹੋਵੇਗਾ, ਕਿਉਂਕਿ ਮਨੁੱਖਤਾ ਪ੍ਰਤੀ ਅਪਰਾਧ ਵਾਸਤਵ ਵਿਚ ਆਪਣੇ ਪ੍ਰਤੀ ਅਪਰਾਧ ਹੈ:
ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ॥
ਮੰਦਾ ਕਿਸੈ ਨ ਆਖਿ ਝਗੜਾ ਪਾਵਣਾ॥
ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ॥
ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ॥ (ਪੰਨਾ 566)
ਇਸ ਕਰਕੇ ਅਧਿਆਤਮਿਕ ਰਾਹ ਉੱਤੇ ਅੱਗੇ ਵਧਣ ਵਾਸਤੇ ਨਾ ਤਾਂ ਕਿਸੇ ਨੂੰ ਇਕ ਬੁਰਾ ਬੋਲ ਬੋਲਣਾ ਉਚਿਤ ਹੈ ਅਤੇ ਨਾ ਹੀ ਕਿਸੇ ਹੋਰ ਮਨੁੱਖ ਦਾ ਦਿਲ ਦੁਖਾਉਣਾ, ਕਿਉਂਕਿ ਸਾਰੇ ਜੀਵਾਂ ਦੇ ਹਿਰਦਿਆਂ ਵਿਚ ਪਰਮੇਸ਼ਰ ਆਪ ਵੱਸਿਆ ਹੋਇਆ ਹੈ:
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥129॥
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥130॥ (ਪੰਨਾ 1384)
ਸੰਸਾਰ ਵਿਚ ਵਿਵਾਦ ਖੜ੍ਹੇ ਕਰਨ ਦਾ ਕੀ ਲਾਭ ਜਦੋਂ ਕਿ ਇਥੇ ਸਦੀਵੀ ਤਾਂ ਰਹਿਣਾ ਨਹੀਂ? ਸਾਰੀਆਂ ਸਮੱਸਿਆਵਾਂ ਦਾ ਹੱਲ ਇਹ ਹੈ ਕਿ ਆਪਣੇ ਵਿਚਾਰ ਦੱਸੇ ਜਾਣ ਅਤੇ ਦੂਜਿਆਂ ਦੇ ਸੁਣੇ ਜਾਣ:
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥
ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ॥ (ਪੰਨਾ 661)
ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਕਿਸਮ ਦੇ ਮੱਤਭੇਦ ਦੂਰ ਕਰ ਕੇ, ਇਕ ਦੂਜੇ ਦਾ ਦਿਲੋਂ ਭਲਾ ਮੰਗਦਿਆਂ ਸਾਰੀ ਮਾਨਵਤਾ ਨੂੰ ਇੱਕਜੁਟ ਹੋਣ ਦਾ ਸੰਦੇਸ਼ ਦੇਂਦਾ ਹੈ। ਮੇਲ ਵੀ ਦਿਲਾਂ ਦਾ ਹੋਵੇ! ਦਿਲੋਂ ਪਿਆਰ ਹੋਵੇਗਾ ਤਾਂ ਝਗੜੇ ਪੈਦਾ ਨਹੀਂ ਹੋਣਗੇ:
ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ॥
ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ॥ (ਪੰਨਾ 582)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਾਨਵੀ ਏਕਤਾ ਦਾ ਇਕ ਅਨਮੋਲ ਸੂਤਰ ਇਸ ਤਰ੍ਹਾਂ ਦੱਸਿਆ ਗਿਆ ਹੈ:
ਹਮ ਨਹੀ ਚੰਗੇ ਬੁਰਾ ਨਹੀ ਕੋਇ॥
ਪ੍ਰਣਵਤਿ ਨਾਨਕੁ ਤਾਰੇ ਸੋਇ॥ (ਪੰਨਾ 728)
ਪੂਰੇ ਵਿਸ਼ਵ ਦੀ ਖੁਸ਼ਹਾਲੀ ਅਤੇ ਸਮ੍ਰਿਧੀ ਵਾਸਤੇ ਗੁਣਾਂ ਦਾ ਆਦਾਨ-ਪ੍ਰਦਾਨ ਜ਼ਰੂਰੀ ਹੈ। ਅਸਲ ਵਿਚ ਸਾਂਝੀਵਾਲਤਾ ਦਾ ਸੂਤਰ ਹੀ ਮਾਨਵੀ ਕਦਰਾਂ-ਕੀਮਤਾਂ ਪ੍ਰਤੀ ਜਾਗਰੂਕਤਾ ਹੈ। ਗੁਣਾਂ ਦੀ ਮਹਿਕ ਨਾਲ ਹੀ ਸੰਸਾਰ ਦਾ ਵਾਤਾਵਰਨ ਨਿਰਮਲ ਹੋ ਸਕਦਾ ਹੈ। ਗੁਣਾਂ ਦੀ ਸਾਂਝ ਨੂੰ ਮਾਨਵੀ ਵਿਕਾਸ ਦਾ ਮੂਲ ਮੰਨਣ ਨਾਲ ਜਗਤ ਵਿਚ ਨਿੰਦਾ-ਚੁਗਲੀ ਦਾ ਅਭਾਵ ਹੋਵੇਗਾ ਅਤੇ ਪ੍ਰਸ਼ੰਸਾ ਦਾ ਸੁਖਦ ਵਾਤਾਵਰਨ ਨਿਰਮਿਤ ਹੋ ਸਕੇਗਾ, ਜਿੱਥੇ ਲੋਕ ਆਪਣੀ ਮਹਿਮਾ ਨਹੀਂ ਸਗੋਂ ਦੂਜਿਆਂ ਦੀ ਵਡਿਆਈ ਕਰਦੇ ਦਿੱਸਣਗੇ। ਗੁਰਵਾਕ ਹੈ:
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥
ਜੇ ਗੁਣ ਹੋਵਨਿ੍ ਸਾਜਨਾ ਮਿਲਿ ਸਾਝ ਕਰੀਜੈ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ॥
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ (ਪੰਨਾ 765)
ਗੁਰਬਾਣੀ ਇਕ ਅਜਿਹਾ ਵਿਸ਼ਵ-ਵਿਆਪੀ ਵਾਤਾਵਰਨ ਸਿਰਜਿਤ ਕਰਨਾ ਚਾਹੁੰਦੀ ਹੈ, ਜਿੱਥੇ ‘ਸਰਬ ਜੀਆ ਮਿਹਰੰਮਤਿ’ ਦੇ ਆਦਰਸ਼ ਦੀ ਪ੍ਰਾਪਤੀ ਹੀ ਪਰਮ-ਉਦੇਸ਼ ਹੋਵੇ, ਜਿੱਥੇ ਆਪਸੀ ਵੈਰ-ਭਾਵ ਦਾ ਪੂਰਨ ਨਾਸ਼, ਦੁਸ਼ਮਣੀਆਂ ਦਾ ਅੰਤ, ਦੂਰੀਆਂ ਦਾ ਅਭਾਵ ਹੋ ਜਾਵੇ, ਸਾਰੇ ਸਾਡੇ ਮਿੱਤਰ ਹੋ ਜਾਣ ਅਤੇ ਅਸੀਂ ਸਾਰਿਆਂ ਦੇ ਮਿੱਤਰ ਬਣ ਜਾਈਏ! ਗੱਲ ਕੀ, ਸਾਰਾ ਕੁਝ ਬ੍ਰਹਮ ਰੂਪ ਪ੍ਰਤੀਤ ਹੋਣ ਲੱਗ ਪਵੇ:
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥2॥
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ (ਪੰਨਾ 671)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਕਹਿੰਦੇ ਹਨ ਕਿ ਮੇਰੇ ਅੰਦਰੋਂ ਦੂਸਰਿਆਂ ਪ੍ਰਤੀ ਈਰਖਾ ਗੁਰੂ ਦੀ ਮਿਹਰ ਸਦਕਾ ਖ਼ਤਮ ਹੋ ਗਈ ਹੈ। ਮੇਰਾ ਨਾ ਕੋਈ ਵੈਰੀ ਹੈ, ਨਾ ਹੀ ਮੇਰੇ ਵਾਸਤੇ ਕੋਈ ਪਰਾਇਆ ਹੈ। ਮੇਰੀ ਸਭ ਨਾਲ ਸਾਂਝ ਬਣ ਗਈ ਹੈ। ਸਾਰਿਆਂ ਵਿਚ ਇੱਕੋ ਪਾਰਬ੍ਰਹਮ ਵੱਸਿਆ ਹੋਇਆ ਹੈ ਅਤੇ ਉਸ ਦੀ ਬਣਾਈ ਸਮੁੱਚੀ ਰਚਨਾ ਵਿੱਚੋਂ ਕੁਝ ਮਾੜਾ ਹੋ ਹੀ ਨਹੀਂ ਸਕਦਾ। ਕਰਤਾਰ ਦੀ ਜੋਤਿ ਨੂੰ ਸਭ ਵਿਚ ਵਿਆਪਤ ਵੇਖ ਕੇ ਹੀ ਮੇਰਾ ਮਨ-ਚਿਤ ਆਨੰਦਿਤ ਹੈ:
ਬਿਸਰਿ ਗਈ ਸਭ ਤਾਤਿ ਪਰਾਈ॥
ਜਬ ਤੇ ਸਾਧਸੰਗਤਿ ਮੋਹਿ ਪਾਈ॥1॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥1॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ॥2॥
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ॥3॥ (ਪੰਨਾ 1299)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਹੈ ਕਿ ਗੁਰੂ ਦੀ ਸੇਵਾ ਵਿਚ ਲੱਗੇ ਵਿਅਕਤੀ ਲਈ ਨਾ ਕੋਈ ਵੈਰੀ ਹੁੰਦਾ ਹੈ, ਨਾ ਈਰਖਾ ਕਰਨ ਵਾਲਾ ਅਤੇ ਨਾ ਉਹ ਕਿਸੇ ਭੈੜਾ ਸਮਝਦਾ ਹੈ, ਕਿਉਂਕਿ ਉਸ ਨੂੰ ਇਹ ਗਿਆਨ ਹੋ ਗਿਆ ਹੈ ਕਿ ਉਸ ਵਾਂਗ ਹੀ ਸਾਰੇ ਇਨਸਾਨ ਪਰਮੇਸ਼ਰ ਦੇ ਬੰਦੇ ਹਨ:
ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ॥
ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ॥ (ਪੰਨਾ 400)
ਗੁਰਮੁਖ ਮਨੁੱਖ ਸਾਰੇ ਵਿਅਕਤੀਆਂ ਵਿੱਚੋਂ ਇੱਕੋ ਚੇਤਨਤਾ ਦੀ ਵਿਆਪਕਤਾ ਨੂੰ ਮਹਿਸੂਸ ਕਰਦਾ ਹੈ ਅਤੇ ਚੇਤਨਤਾ ਤੋਂ ਖਾਲੀ ਉਸ ਨੂੰ ਕੋਈ ਨਜ਼ਰ ਨਹੀਂ ਆਉਂਦਾ ਭਾਵ ਉਹ ਹੋਰਾਂ ਨੂੰ ਵੀ ਆਪਣੇ ਵਰਗੇ ਹੱਡ-ਮਾਸ ਦੇ ਜੀਵਿਤ ਵਿਅਕਤੀ ਮੰਨ ਕੇ ਉਨ੍ਹਾਂ ਦੇ ਜੀਵਨ ਦੇ ਅਧਿਕਾਰ ਨੂੰ ਸਨਮਾਨ ਦੀ ਨਜ਼ਰ ਨਾਲ ਵੇਖਦਾ ਹੈ। ਉਹ ਜਾਣਦਾ ਹੈ ਕਿ ਜਿਹੋ-ਜਿਹਾ ਕਿਸੇ ਪ੍ਰਾਣੀ ਨੂੰ ਗਿਆਨ ਹੁੰਦਾ ਹੈ, ਉਹ ਉਹੋ-ਜਿਹਾ ਕਰਮ ਕਰਦਾ ਹੈ, ਪਰ ਆਉਣਾ-ਜਾਣਾ ਅਤੇ ਆਪਣੇ ਕਰਮਾਂ ਦਾ ਲੇਖਾ ਦੇਣਾ ਇਸ ਵਿਚ ਕੋਈ ਮੂਲ ਅੰਤਰ ਨਹੀਂ ਹੁੰਦਾ ਭਾਵ ਉਹ ਸੁਚੇਤ ਹੈ ਕਿ ਜਦੋਂ ਹਰ ਵਿਅਕਤੀ ਆਪਣੇ ਕਰਮਾਂ ਲਈ ਉਤਰਦਾਈ ਹੈ, ਤਾਂ ਉਹ ਕਿਸੇ ਨੂੰ ਮਾੜੀ ਦ੍ਰਿਸ਼ਟੀ ਨਾਲ ਕਿਉਂ ਵੇਖੇ:
ਏਕਾ ਸੁਰਤਿ ਜੇਤੇ ਹੈ ਜੀਅ॥
ਸੁਰਤਿ ਵਿਹੂਣਾ ਕੋਇ ਨ ਕੀਅ॥
ਜੇਹੀ ਸੁਰਤਿ ਤੇਹਾ ਤਿਨ ਰਾਹੁ॥
ਲੇਖਾ ਇਕੋ ਆਵਹੁ ਜਾਹੁ॥ (ਪੰਨਾ 25)
ਵੈਰ-ਵਿਰੋਧ, ਈਰਖਾ-ਦ੍ਵੈਸ਼ ਕਾਰਨ ਪੂਰੇ ਵਿਸ਼ਵ ਵਿਚ ਧੜੇਬੰਦੀਆਂ ਹਨ, ਜੋ ਮਾਨਵਤਾਵਾਦੀ ਉਦੇਸ਼ਾਂ ਦੀ ਪੂਰਤੀ ਦੇ ਰਾਹ ਦੀ ਵੱਡੀ ਰੁਕਾਵਟ ਹਨ। ਧੜੇਬੰਦੀਆਂ ਤੋਂ ਪੱਖ-ਪਾਤ ਜਨਮ ਲੈਂਦਾ ਹੈ, ਜੋ ਮਾਨਵੀ ਏਕਤਾ ਅਤੇ ਬਰਾਬਰੀ ਦੇ ਸਿਧਾਂਤ ਦੇ ਵਿਰੁੱਧ ਹੈ। ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਤੋਂ ਇਲਾਵਾ ਕਿਸੇ ਧੜੇਬੰਦੀ ਨਾਲ ਸਾਡਾ ਕੋਈ ਲਗਾਉ ਨਹੀਂ ਹੈ:
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ॥ (ਪੰਨਾ 366)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਰਮੇਸ਼ਰ ਦਾ ਇਕ ਸਰਬ-ਸਾਂਝਾ ਸਰੂਪ ਹੈ। ਉਹ ਬੇਅੰਤ ਨਾਵਾਂ ਵਾਲਾ ਹੈ। ਇਥੇ ਸਾਰੇ ਧਰਮਾਂ ਦੇ ਪਰਮ-ਸੱਤਾ ਲਈ ਵਰਤੇ ਨਾਵਾਂ ਨੂੰ ਇੱਕੋ ਜਿਹੇ ਆਦਰ-ਭਾਵ ਨਾਲ ਵੇਖਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਉਸ ਸਰਬ-ਸਾਂਝੇ ਅਕਾਲ ਪੁਰਖ ਦੇ ਸਾਰੇ ਨਾਵਾਂ ਤੋਂ ਬਲਿਹਾਰ ਜਾਂਦੀ ਕਹਿੰਦੀ ਹੈ – ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ। ‘ਜਪੁ’ ਬਾਣੀ ਵਿਚ ਕੇਵਲ ਉਸ ਪ੍ਰਭੂ ਦੇ ਸਿਮਰਨ ਦੀ ਮੰਗ ਕੀਤੀ ਗਈ ਹੈ, ਜਿਸ ਵਿਚ ਸਾਰੀ ਇਨਸਾਨੀਅਤ ਨੂੰ ਜੋੜਨ ਦੀ ਸਮਰੱਥਾ ਹੋਵੇ। ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ’ ਵਿਚ ਇਸੇ ਭਾਵ ਨੂੰ ਪ੍ਰਗਟਾਇਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸਲ ਨਿਸ਼ਾਨਾ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੇ ਪਰਮ ਵਿਚਾਰ ਨੂੰ ਇਨਸਾਨੀਅਤ ਦੇ ਹਿਰਦੇ ਵਿਚ ਸੰਚਾਰਿਤ ਕਰਨਾ ਹੈ। ਉਹ ਸਾਰੇ ਇਨਸਾਨਾਂ ਦਾ ਸਾਂਝਾ ਪਿਤਾ ਹੈ, ਜੋ ਬਿਨਾਂ ਕਿਸੇ ਭੇਦ-ਭਾਵ ਦੇ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ। ਉਹ ਮਾਨਵੀ ਸਾਂਝੀਵਾਲਤਾ ਦਾ ਮੂਲ ਆਧਾਰ ਹੈ ਅਤੇ ਕੋਈ ਜੀਵ ਉਸ ਤੋਂ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਉਸ ਨੇ ਪ੍ਰਿਥਵੀ ਉੱਪਰ ਸਭ ਦੀ ਵਰਤੋਂ ਲਈ ਅਮੁੱਕ ਪਦਾਰਥ ਉਪਜਾਏ ਹਨ। ਪਰ ਸਮੱਸਿਆਵਾਂ ਸਾਡੀ ਅਸੀਮ ਖਾਹਿਸ਼ ਕਾਰਨ ਹਨ। ਆਦਰਸ਼ਕ ਇਨਸਾਨ ਉਹ ਹੈ, ਜੋ ਸਦਾ ਸੰਤੁਸ਼ਟ ਰਹਿੰਦਾ ਹੈ:
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥
ਨਉ ਨਿਧਿ ਤੇਰੈ ਅਖੁਟ ਭੰਡਾਰਾ॥
ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ॥2॥
ਸਭੁ ਕੋ ਆਸੈ ਤੇਰੀ ਬੈਠਾ॥
ਘਟ ਘਟ ਅੰਤਰਿ ਤੂੰਹੈ ਵੁਠਾ॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)
ਵਿਭਿੰਨ ਧਾਰਮਿਕ ਮਾਰਗਾਂ ਉੱਤੇ ਚੱਲ ਰਹੇ ਸਮੂਹ ਮਨੁੱਖਾਂ ਦੇ ਦੁੱਖ ਦੂਰ ਕਰ ਕੇ ਪਰਮੇਸ਼ਰ ਦੀਆਂ ਬਖ਼ਸ਼ਿਸ਼ਾਂ ਦੀ ਵਰਖਾ ਮੰਗਣ ਵਾਲੀ ਸਰਬ-ਸਾਂਝੀ ਵਿਸ਼ਵ-ਵਿਆਪੀ ਅਰਦਾਸ ਦਾ ਸਰਵੋਤਮ ਨਮੂਨਾ ਇਸੇ ਮਹਾਨ ਸਤਿਕਾਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ। ਇਸ ਵਿਚ ਬੇਮਿਸਾਲ ਅਰਦਾਸ ਅੰਕਿਤ ਹੈ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ॥
ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ॥ (ਪੰਨਾ 853)
ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ॥ (ਪੰਨਾ 652)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੀ ਧਰਤੀ ਲਈ ਪਰਮੇਸ਼ਰ ਦੀ ਅਪਾਰ ਬਖ਼ਸ਼ਿਸ਼, ਖਾਣ-ਪੀਣ ਦੀਆਂ ਬੇਅੰਤ ਵਸਤਾਂ, ਦੁੱਖਾਂ ਦਾ ਨਾਸ਼, ਬਿਪਤਾਵਾਂ ਦਾ ਅਭਾਵ ਅਤੇ ਵਿਸ਼ਵ-ਸ਼ਾਂਤੀ ਦੀ ਪ੍ਰਾਪਤੀ ਲਈ ਭਾਵਨਾ ਭਰਪੂਰ ਅਰਜ਼ੋਈ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਦੀ ਤ੍ਰਿਪਤੀ ਤਾਂ ਹੁੰਦੀ ਹੈ, ਜੇ ਕਿਰਪਾ ਦੇ ਬੱਦਲ ਸਾਰੇ ਸੰਸਾਰ ਉੱਪਰ ਵਰਖਾ ਕਰਨ, ਜੇ ਸਾਰੇ ਜਗਤ ਵਿਚ ਸ਼ਾਂਤੀ ਅਵਤ੍ਰਿਤ ਹੋਵੇ, ਜੇ ਹਰ ਸਰੀਰ ਹਰ ਮਨ ਆਨੰਦਿਤ ਹੋ ਜਾਵੇ, ਜੇ ਭੁੱਖਮਰੀ ਦਾ ਅੰਤ ਕਰਨ ਵਾਸਤੇ ਸਾਰੇ ਜਗਤ ਵਾਸਤੇ ਰਿਜ਼ਕ ਦੇ ਅੰਬਾਰ ਲੱਗ ਜਾਣ:
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ॥
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ॥
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ॥
ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ॥
ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ॥1॥
ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ॥
ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ॥
ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ॥
ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ॥
ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ॥ (ਪੰਨਾ 1251)
ਇਥੇ ਇਹ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਕਿ ਇਹ ਕੋਈ ਨਿਰਾ ਫ਼ਲਸਫ਼ਾ ਨਹੀਂ ਹੈ, ਸਗੋਂ ਅੰਤ੍ਰੀਵ ਮਨ ਤੋਂ ਆਪ-ਮੁਹਾਰੇ ਨਿਕਲੀ ਮਾਨਵਤਾਵਾਦੀ ਸਰਬ-ਸ੍ਰੇਸ਼ਟ ਅਰਦਾਸ ਹੈ, ਜਿਸ ਦੀ ਮਿਸਾਲ ਨਾ ਕਿਸੇ ਧਰਮ ਗ੍ਰੰਥ ਵਿਚ ਉਪਲਬਧ ਹੈ, ਨਾ ਕਿਸੇ ਸਾਹਿਤਿਕ ਗ੍ਰੰਥ ਵਿਚ ਮਿਲਦੀ ਹੈ। ਮਨੁੱਖਤਾ ਨੇ ਆਪਣੇ ਆਪ ਨੂੰ ਛੋਟੇ-ਛੋਟੇ ਖਿੱਤਿਆਂ ਵਿਚ ਵੰਡਿਆ ਹੋਇਆ ਹੈ, ਜਿਨ੍ਹਾਂ ਨੂੰ ਦੇਸ਼ ਦਾ ਨਾਮ ਦਿੱਤਾ ਜਾਂਦਾ ਹੈ। ਫਿਰ ਹਰ ਕੋਈ ਆਪਣੇ ਦੇਸ਼ ਨੂੰ ਚੰਗਾ ਅਤੇ ਵਿਸ਼ੇਸ਼ ਕਰਕੇ ਗਵਾਂਢੀ ਨੂੰ ਬੁਰਾ ਕਹਿੰਦਾ ਨਹੀਂ ਥੱਕਦਾ। ਇਹ ਸੌੜੀ ਸੋਚ ਕਲਹ-ਮੂਲ ਰਾਸ਼ਟਰਵਾਦ ਦਾ ਅਹੰਕਾਰ ਤਾਂ ਜਗਾ ਸਕਦੀ ਹੈ, ਪਰ ਇਹ ਤੰਗਦਿਲੀ ਅੰਤਰ-ਰਾਸ਼ਟਰੀਅਤਾ ਨੂੰ ਉਤਸ਼ਾਹਿਤ ਨਹੀਂ ਕਰ ਸਕਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦ੍ਰਿਸ਼ਟੀ ਸਾਰੇ ਵਿਸ਼ਵ ਪ੍ਰਤੀ ਇਕ ਸਮਾਨ ਭਾਵ ਰੱਖਦੀ ਹੈ ਅਤੇ ਸਭ ਸਥਾਨਾਂ (ਭਾਵ ਦੇਸ਼ਾਂ) ਨੂੰ ਇੱਕੋ ਜਿਹਾ ਮਹੱਤਵ ਦੇ ਕੇ ਅੰਤਰ-ਰਾਸ਼ਟਰੀ ਭਾਵਨਾਵਾਂ ਦੀ ਅਗਵਾਈ ਕਰਦੀ ਹੈ:
ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ॥
ਖੁਲ੍ੜੇ ਕਪਾਟ ਨਾਨਕ ਸਤਿਗੁਰ ਭੇਟਤੇ॥ (ਪੰਨਾ 80)
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ॥
ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ॥ (ਪੰਨਾ 84)
ਗੁਰਬਾਣੀ ਵਿਚ ਇਹ ਵਿਚਾਰ ਪੁਰਜ਼ੋਰ ਢੰਗ ਨਾਲ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਪਰਮੇਸ਼ਰ ਦਾ ਨਿਵਾਸ ਹਰ ਸਰੀਰ ਵਿਚ ਹੈ। ਉਸ ਦੀ ਜੋਤਿ ਸਭ ਵਿਚ ਪ੍ਰਕਾਸ਼ਮਾਨ ਹੈ ਅਤੇ ਜੋਤਿ ਹੋ ਹੀ ਉਹੋ ਸਕਦੀ ਹੈ, ਜੋ ਸਭ ਦੇ ਹਿਰਦੇ ਵਿਚ ਪ੍ਰਕਾਸ਼ ਕਰਨ ਦੇ ਸਮਰੱਥ ਹੋਵੇ। ਸਾਧਾਰਨ ਬਾਤਚੀਤ ਵਿਚ ਅਸੀਂ ਸਭ ਵਿਚ ਇੱਕੋ ਆਤਮਾ ਦੇ ਨਿਵਾਸ ਦੀ ਗੱਲ ਕਰ ਕੇ ਏਕਤਾ ਨੂੰ ਉਤਸ਼ਾਹ ਦੇਂਦੇ ਹਾਂ। ਪਰ ਸਿੱਖ ਧਰਮ ਵਿਚ ਇਨਸਾਨੀ ਬਰਾਬਰੀ ਦਾ ਆਧਾਰ ਕੇਵਲ ਅਦ੍ਰਿਸ਼ਟ ਆਤਮਾ ਜਾਂ ਜੋਤਿ ਹੀ ਨਹੀਂ ਸਵੀਕਾਰ ਕੀਤੀ ਗਈ, ਬਲਕਿ ਗੁਰੂ ਜੀ ਸਥੂਲ ਪ੍ਰਮਾਣ ਦੇ ਕੇ ਕਹਿੰਦੇ ਹਨ ਕਿ ਸਾਰੇ ਮਨੁੱਖਾਂ ਦੀ ਸਿਰਜਣਾ ਵਿਚ ਵਰਤੇ ਗਏ ਪੰਜ ਤੱਤ ਵੀ ਇੱਕੋ ਹਨ ਅਤੇ ਇੱਕੋ ਜਿਹੇ ਨੱਕ, ਕੰਨ, ਮੂੰਹ ਆਦਿ ਹਨ। ਉੱਚੇ ਅਤੇ ਨੀਵੇਂ, ਇਸਤਰੀ ਅਤੇ ਪੁਰਸ਼ ਵਿਚ ਇਸ ਤਰ੍ਹਾਂ ਰੱਬੀ ਜੋਤਿ ਦਾ ਪ੍ਰਵੇਸ਼ ਹੈ ਕਿ ਕਿਸੇ ਨੂੰ ਉਸ ਤੋਂ ਵੱਖ ਕਰ ਕੇ ਵੇਖਿਆ ਹੀ ਨਹੀਂ ਜਾ ਸਕਦਾ। ਕੁਝ ਮਹੱਤਵਪੂਰਨ ਪ੍ਰਮਾਣ ਹਨ:
ਜਹ ਜਹ ਦੇਖਾ ਤਹ ਤਹ ਸੁਆਮੀ॥
ਤੂ ਘਟਿ ਘਟਿ ਰਵਿਆ ਅੰਤਰਜਾਮੀ॥ (ਪੰਨਾ 96)
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ॥
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ॥ (ਪੰਨਾ 96)
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ 663)
ਧਰਣਿ ਗਗਨ ਨਹ ਦੇਖਉ ਦੋਇ॥
ਨਾਰੀ ਪੁਰਖ ਸਬਾਈ ਲੋਇ ॥ (ਪੰਨਾ 223)
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥ (ਪੰਨਾ 617)
ਮਾਨਵਤਾਵਾਦੀ ਸਰੋਕਾਰਾਂ ਦੀ ਸਫ਼ਲਤਾ ਵਾਸਤੇ ਉਚਿਤ ਰਾਜਨੀਤਿਕ ਵਿਵਸਥਾ ਜ਼ਰੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਜਨੀਤਿਕ ਵਿਵਸਥਾ ਦੀਆਂ ਖ਼ਾਮੀਆਂ ਅਤੇ ਰਾਜ-ਸੱਤਾ ਦੇ ਮਾਨਵਤਾਵਾਦੀ ਉਦੇਸ਼ਾਂ ਦੀ ਸਮੁਚਿਤ ਵਿਆਖਿਆ ਉਪਲਬਧ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਰਾਜ-ਪ੍ਰਬੰਧ ਦਾ ਸਮਰਥਕ ਹੈ, ਜਿਸ ਵਿਚ ਅਮਨ ਅਤੇ ਸਥਿਰਤਾ ਦਾ ਵਾਤਾਵਰਨ ਹੋਵੇ। ਰਾਜਤੰਤਰ ਦਾ ਕੰਮ ਲੜਾਈਆਂ-ਭਿੜਾਈਆਂ ਨਹੀਂ ਹੈ:
ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ॥ (ਪੰਨਾ 590)
ਨਾ ਹੀ ਰਾਜ-ਸੱਤਾ ਦਾ ਕੰਮ ਕੇਵਲ ਲੋਕਾਂ ਤੋਂ ਟੈਕਸ ਉਗਰਾਹ ਕੇ ਸਰਕਾਰੀ ਖ਼ਜ਼ਾਨੇ ਭਰਨੇ ਅਤੇ ਸ਼ਾਸਕਾਂ ਦੀ ਐਸ਼ੋ-ਇਸ਼ਰਤ ਦਾ ਪ੍ਰਬੰਧ ਕਰਨਾ ਹੈ:
ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ॥ (ਪੰਨਾ 654)
ਉਹ ਸ਼ਾਸਕ ਜ਼ਰੂਰ ਮਾਰੇ ਜਾਣਗੇ, ਜੋ ਕੇਵਲ ਆਪਣੇ ਸੁਖਾਂ ਦੇ ਪ੍ਰਬੰਧ ਵਿਚ ਲੱਗੇ ਰਹਿਣਗੇ:
ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ॥ (ਪੰਨਾ 731)
ਰਾਜ-ਸੱਤਾ ਦਾ ਕਰਤੱਵ ਪਰਜਾ ਦਾ ਕਲਿਆਣ ਹੈ। ਉਹ ਰਾਜੇ ਜਿਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ‘ਰਤੁ ਪੀਣੇ ਰਾਜੇ’ ਕਹਿੰਦੇ ਹਨ ਗੁਰਬਾਣੀ ਵਿਚ ਹਿੰਸਕ ਜਾਨਵਰ ਦੱਸੇ ਗਏ ਹਨ, ਜਿਨ੍ਹਾਂ ਦਾ ਸਾਰਾ ਰਾਜਤੰਤਰ ਪਰਜਾ ਦੀ ਲੁੱਟ-ਖਸੁੱਟ ਉੱਤੇ ਹੀ ਲੱਗਾ ਰਹਿੰਦਾ ਹੈ:
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ੍ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ੍ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288)
ਜਿੱਥੇ ਰਾਜ-ਸੱਤਾ ਪਰਜਾ ਵਿਚ ਏਕਤਾ ਨਾ ਸਥਾਪਤ ਕਰ ਸਕੇ, ਜਿੱਥੇ ਇਕ ਪਾਸੇ ਪਰਜਾ ਵਿਚ ਆਪਸੀ ਮੱਤਭੇਦ ਹੋਣ ਅਤੇ ਦੂਜੇ ਪਾਸੇ ਰਾਜ-ਸੱਤਾ ਅਤੇ ਪਰਜਾ ਵਿਚ ਪਾੜਾ ਹੋਵੇ, ਉਥੇ ਰਾਜਨੀਤਿਕ ਵਿਵਸਥਾ ਸਥਾਈ ਨਹੀਂ ਹੋ ਸਕਦੀ, ਅਸਥਿਰਤਾ ਦਾ ਵਿਨਾਸ਼ਕਾਰੀ ਵਾਤਾਵਰਨ ਬਣ ਜਾਂਦਾ ਹੈ। ਏਕਤਾ ਦੀਆਂ ਜੜ੍ਹਾਂ ਮਜ਼ਬੂਤ ਕੀਤੇ ਬਿਨਾਂ ਰਾਜ ਆਪਣੇ ਲਕਸ਼ ਵਿਚ ਨਾਕਾਮ ਹੈ:
ਰਈਅਤਿ ਰਾਜੇ ਦੁਰਮਤਿ ਦੋਈ॥
ਬਿਨੁ ਸਤਿਗੁਰ ਸੇਵੇ ਏਕੁ ਨ ਹੋਈ॥
ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ॥ (ਪੰਨਾ 1057)
ਇਸ ਕਰਕੇ ਰਾਜ-ਸਿੰਘਾਸਣ ਉੱਤੇ ਉਹੋ ਵਿਅਕਤੀ ਸੁਸ਼ੋਭਿਤ ਹੋਣ ਦਾ ਹੱਕਦਾਰ ਹੈ, ਜਿਸ ਵਿਚ ਸ਼ਾਸਨ ਦੀ ਜ਼ਿੰਮੇਵਾਰੀ ਸੰਭਾਲਣ ਦੀਆਂ ਯੋਗਤਾਵਾਂ ਹੋਣ। ਜੋ ਸੱਚ ਦਾ ਅਨੁਸਰਣ ਕਰਦਾ ਹੋਵੇ ਅਤੇ ਭੇਦਭਾਵ (ਦੂਜੈ ਭਾਇ) ਤੋਂ ਉੱਪਰ ਉੱਠ ਕੇ ਸਭ ਨਾਲ ਨਿਆਂ ਕਰਨ ਦੇ ਆਪਣੇ ਮੂਲ ਕਰਤੱਵ ਦੀ ਪੂਰਤੀ ਦ੍ਰਿੜ੍ਹਤਾ ਨਾਲ ਕਰ ਸਕੇ:
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥
ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ॥ (ਪੰਨਾ 1088)
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥ (ਪੰਨਾ 1240)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਭਾਸ਼ਾਵਾਂ ਦੀ ਵਰਤੋਂ ਕਰ ਕੇ ਅਤੇ ‘ਕੇਤੀਆ ਬਾਣੀ’ ਦਾ ਸੰਦੇਸ਼ ਦੇ ਕੇ ਭਾਸ਼ਾ ਪ੍ਰਤੀ ਤੰਗ ਨਜ਼ਰੀਆ ਵੀ ਦੂਰ ਕੀਤਾ ਗਿਆ ਹੈ। ਇਸ ਵਿਚ ਮਾਨਵੀ ਭਾਸ਼ਾ ਦੇ ਵਿਤਕਰੇ ਦਾ ਤਾਂ ਪ੍ਰਵੇਸ਼ ਸੰਭਵ ਹੀ ਨਹੀਂ ਸੀ, ਸਗੋਂ ਜਾਨਵਰਾਂ ਅਤੇ ਪੰਛੀਆਂ ਦੀ ਬੋਲੀ ਨੂੰ ਵੀ, ਬਲਕਿ ਜੜ੍ਹ ਵਸਤੂਆਂ ਦੀ ਬੋਲੀ ਨੂੰ ਵੀ ਇਲਾਹੀ ਸੱਦ ਦਾ ਦਰਜਾ ਵਿਸ਼ਾਲ ਹਿਰਦੇ ਨਾਲ ਦਿੱਤਾ ਗਿਆ ਹੈ:
ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ॥2॥
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ॥3॥ (ਪੰਨਾ 1265)
ਇਥੇ ਪਹੁੰਚ ਕੇ ਸਮੁੱਚੀ ਮਾਨਵਤਾ ਕੀ ਸਾਰੀ ਕੁਦਰਤ ਦਾ ਬੋਲ-ਅਬੋਲ ਇਕ ਹੋ ਜਾਂਦਾ ਹੈ। ਸਾਰੀਆਂ ਬੋਲੀਆਂ ਇਕ ਮਹਾਂ-ਨਾਦ ਵਿਚ ਇੰਞ ਲੀਨ ਹੋ ਜਾਂਦੀਆਂ ਹਨ, ਜਿਵੇਂ ਅੱਗ ਦੇ ਸ਼ੋਅਲੇ ਅੱਗ ਵਿਚ, ਜਾਂ ਪਾਣੀ ਦੀਆਂ ਲਹਿਰਾਂ ਪਾਣੀ ਵਿਚ, ਜਾਂ ਧੂੜ ਦੇ ਕਿਣਕੇ ਧੂੜ ਵਿਚ, ਜਾਂ ਸੂਰਜ ਦੀਆਂ ਕਿਰਨਾਂ ਸੂਰਜ ਵਿਚ। ਸਮਸਤ ਬੋਲੀਆਂ ਇਕ ਪਰਮ ਬੋਲੀ ਦੇ ਵਿਭਿੰਨ ਪ੍ਰਗਟਾਵੇ ਹੀ ਨਜ਼ਰ ਆਉਂਦੀਆਂ ਹਨ। ਭਾਸ਼ਾ ਸੰਬੰਧੀ ਸਮੂਹ ਦ੍ਵੈਤਵਾਦੀ ਵਿਚਾਰ ਮੂਲੋਂ ਮਿਟ ਜਾਂਦੇ ਹਨ। ਸਾਰੇ ਬ੍ਰਹਿਮੰਡ ਵਿਚ ਗੂੰਜਦੇ ਅਨੇਕਾਂ ਨਾਦ ਇੱਕ ਹੀ ਭਾਸ਼ਾ ਦਾ ਰੂਪ ਧਾਰਨ ਕਰ ਜਾਂਦੇ ਹਨ।
ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੰਦੇਸ਼ ਵਿਸ਼ਵ-ਵਿਆਪੀ ਤਾਂ ਹੈ ਹੀ ਇਸ ਦੇ ਨਾਲ-ਨਾਲ ਇਸ ਵਿਚ ਵੀ ਕੋਈ ਅਤਕਥਨੀ ਨਹੀਂ ਕਿ ਪੂਰੇ ਵਿਸ਼ਵ ਨੂੰ ਇੱਕ ਹੀ ਸੂਤਰ ਵਿਚ ਪ੍ਰੋਣ ਵਾਸਤੇ ਹੋਰ ਕੋਈ ਵਿਚਾਰਧਾਰਾ ਇਸ ਦੇ ਬਰਾਬਰ ਨਜ਼ਰ ਨਹੀਂ ਆਉਂਦੀ। ਇਸ ਕਰਕੇ ਮਾਨਵਤਾਵਾਦੀ ਦੇ ਪਰਮ- ਮਨੋਰਥਾਂ ਨੂੰ ਇਹ ਮਨੁੱਖਤਾ ਜਦੋਂ ਪ੍ਰਾਪਤ ਕਰਨ ਦੀ ਚਾਹਵਾਨ ਹੋਵੇਗੀ, ਤਾਂ ਨਿਸ਼ਚਿਤ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉਚੇਰੀ ਸੇਧ ਮਿਲੇਗੀ। ਤਦੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਹੀ ਪਰਮ-ਕਲਿਆਣਕਾਰੀ ਨਜ਼ਰ ਆਵੇਗੀ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ