editor@sikharchives.org
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੂਲਕ ਸੰਕਲਪ ਸ਼ਬਦ, ਨਾਮ, ਸਤ-ਚਿਤ, ਅਨੰਦ ਅਤੇ ਮੁਕਤੀ

ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ ਇਸ ਬ੍ਰਹਿਮੰਡ ਦੇ ਬਣਨ ਤੋਂ ਪਹਿਲਾਂ ਸਾਰੇ ਪੁਲਾੜ ਵਿਚ ਧੂੰਧੁਕਾਰ ਸੀ, ਕੋਈ ਚੰਦ, ਤਾਰਾ, ਗ੍ਰਹਿ, ਸੂਰਜ ਆਦਿ ਨਹੀਂ ਸੀ, ਕੇਵਲ ਇਕ ਪਰਮਾਤਮਾ ਹੀ ਸਾਰੇ ਪੁਲਾੜ ਵਿਚ ਨਿਰਗੁਣ ਸਰੂਪ ਵਿਚ ਵਿਚਰ ਰਿਹਾ ਸੀ। ਇਸ ਦਾ ਭਾਵ ਇਹ ਹੈ ਕਿ ਕੋਈ ਮਾਦਾ ਨਹੀਂ ਸੀ ਅਤੇ ਕੋਈ ਭੌਤਿਕ ਵਸਤੂ ਨਹੀਂ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ਼ਬਦ

ਸਿੱਖ ਧਰਮ ਦਾ ਸਭ ਤੋਂ ਬੁਨਿਆਦੀ ਸੰਕਲਪ ‘ਸ਼ਬਦ’ ਦਾ ਹੈ। ਇਸ ਸੰਕਲਪ ਦਾ ਸੰਬੰਧ ਪਰਮਾਤਮਾ, ਬ੍ਰਹਿਮੰਡ, ਮਨੁੱਖ ਅਤੇ ਇਸ ਦੇ ਜੀਵਨ ਸਭ ਨਾਲ ਹੈ। ਬਾਕੀ ਸਭ ਸੰਕਲਪਾਂ ਦਾ ਠੀਕ ਭਾਵ-ਅਰਥ ਇਸ ਰਾਹੀਂ ਨਿਕਲਦਾ ਹੈ। ਸਭ ਸੰਕਲਪਾਂ ਨੂੰ ਸਮਝਣ ਲਈ ‘ਸ਼ਬਦ’ ਦੀ ਸਮਝ ਜ਼ਰੂਰੀ ਹੈ।

ਅੱਜ ਦੀ ਸਾਇੰਸ ਇਸ ਬ੍ਰਹਿਮੰਡ ਦੇ ਮੁੱਢ ਬਾਰੇ ਆਪਣਾ ਵਿਕਾਸ ਦਾ ਸਿਧਾਂਤ ਪੇਸ਼ ਕਰਦੀ ਹੈ। ਇਸ ਅਨੁਸਾਰ ਇਹ ਬ੍ਰਹਿਮੰਡ ਅਤੇ ਇਸ ਵਿਚ ਪਾਈ ਜਾਂਦੀ ਜ਼ਿੰਦਗੀ ਇਕ ਦਰਜੇਵਾਰ ਵਿਕਾਸ ਦਾ ਸਿੱਟਾ ਹੈ। ਇਹ ਬ੍ਰਹਿਮੰਡ ਕਿਸੇ ਨੇ ਵਿਸ਼ੇਸ਼ ਸਮੇਂ ਨਹੀਂ ਸਾਜਿਆ, ਭਾਵ ਇਹ ਕਿਸੇ ਦੀ ਰਚਨਾ ਨਹੀਂ। ਭੌਤਿਕਵਾਦੀ ਇਸ ਸਿਧਾਂਤ ਦੇ ਕਾਇਲ ਹਨ। ਉਹ ਕਹਿੰਦੇ ਹਨ ਕਿ ਪਹਿਲਾਂ ਸਭ ਜਗ੍ਹਾ ਖਾਲੀ ਪਈ ਹੋਈ ਸੀ, ਨ ਚੰਦ ਸੀ, ਨ ਸੂਰਜ, ਨ ਗ੍ਰਹਿ, ਨ ਉਪਗ੍ਰਹਿ, ਨ ਤਾਰੇ ਤੇ ਨ ਗਲੈਕਸੀ ਹਰ ਪਾਸੇ ਅੰਨ੍ਹੇਰ ਘੁੱਪ ਸੀ। ਸਾਰੇ ਪੁਲਾੜ ਵਿਚ ਕੇਵਲ ਇਕ ਪ੍ਰਕਾਰ ਦੀ ਕੋਈ ਗੈਸ ਜਿਹੀ ਸੀ ਜਿਸ ਨੂੰ ਨੈਬੂਲਾ (Nebula) ਕਹਿੰਦੇ ਸਨ। ਇਸ ਨੈਬੂਲਾ ਤੋਂ ਸਾਰੇ ਗ੍ਰਹਿ ਆਦਿ ਬਣੇ। ਇਹ ਸਾਰਾ ਬ੍ਰਹਿਮੰਡ ਕਿਸ ਤਰ੍ਹਾਂ ਹੋਂਦ ਵਿਚ ਆਇਆ, ਇਕ ਲੰਮੀ ਪ੍ਰਕਿਰਿਆ ਹੈ। ਉਹ ਕਹਿੰਦੇ ਹਨ ਕਿ ਪਹਿਲਾਂ ਇਸ ਨੈਬੂਲਾ ਵਿਚ ਚੱਕਰ ਪੈਦਾ ਹੋਏ ਅਤੇ ਤੇਜ਼ ਰਫ਼ਤਾਰ ਦੀ ਹਿਲਜੁਲ ਹੋਈ। ਇਨ੍ਹਾਂ ਚੱਕਰਾਂ ਨਾਲ ਗਰਮੀ ਪੈਦਾ ਹੋਈ ਜਿਸ ਨਾਲ ਅਨੇਕਾਂ ਸੂਰਜ ਬਣੇ; ਫਿਰ ਠੰਡੇ ਹੋਣ ਨਾਲ ਤਾਰੇ ਬਣੇ। ਕੋਈ ਤਾਰਾ ਸੂਰਜ ਦੇ ਨਜ਼ਦੀਕ ਆਇਆ ਤਾਂ ਸੂਰਜ ਵਿਚ ਜੁਆਰ ਭਾਟਾ ਪੈਦਾ ਹੋਇਆ। ਤਾਰਾ ਪਿੱਛੇ ਹਟਣ ਨਾਲ ਠੰਡ ਪੈਦਾ ਹੋਈ। ਗ੍ਰਹਿ ਸੂਰਜ ਨਾਲੋਂ ਟੁੱਟ ਕੇ ਭੌਣ ਲੱਗ ਪਏ। ਇਸੇ ਤਰ੍ਹਾਂ ਗ੍ਰਹਿਆਂ ਤੋਂ ਅੱਗੇ ਉਪਗ੍ਰਹਿ ਬਣੇ। ਇਸ ਸਿਧਾਂਤ ਨੂੰ ਟਾਈਡਲ ਸਿਧਾਂਤ (Tidal Theory) ਕਿਹਾ ਜਾਂਦਾ ਹੈ। ਇਹ ਸਭ ਕੁਝ ਕਈ ਕਰੋੜਾਂ ਵਰ੍ਹਿਆਂ ਵਿਚ ਹੋਇਆ।

ਸਾਇੰਸਦਾਨ ਅੱਗੇ ਇਹ ਕਹਿੰਦੇ ਹਨ ਕਿ ਕਿਸੇ ਗ੍ਰਹਿ ਉੱਤੇ ਪਾਇਆ ਜਾਂਦਾ ਮਾਦਾ ਅੱਗੇ ਹੋਰ ਵਿਕਾਸ ਕਰਦਾ ਹੈ ਅਤੇ ਇਸ ਵਿੱਚੋਂ ਅੱਗੇ ਬਨਸਪਤੀ ਤੇ ਜੀਵ ਪੈਦਾ ਹੋ ਜਾਂਦੇ ਹਨ। ਬਾਕੀ ਗ੍ਰਹਿਆਂ ਦਾ ਤਾਂ ਅਜੇ ਪਤਾ ਨਹੀਂ ਲੱਗ ਸਕਿਆ। ਪਰ ਇਸ ਧਰਤੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਵਿਚ ਪਹਿਲਾਂ ਮਾਦਾ ਹੀ ਮਾਦਾ ਸੀ। ਹਵਾ, ਪਾਣੀ ਆਦਿ ਸਭ ਮਾਦੇ ਦਾ ਹੀ ਹਿੱਸਾ ਹਨ। ਵਿਕਾਸ ਕਰਕੇ ਪਹਿਲਾਂ ਆਰਗੈਨਿਕ ਮਾਦਾ ਪੈਦਾ ਹੋਇਆ। ਇਹ ਵਿਕਾਸ ਅੱਗੇ ਹੋਰ ਹੁੰਦਾ ਚਲਾ ਗਿਆ। ਪਹਿਲਾਂ ਇਸ ਤੋਂ ਸਿਰਫ਼ ਮਾਦਾ ਜੀਵ ਬਣੇ ਜਿਵੇਂ ਅਮੀਬਾ। ਫਿਰ ਇਨ੍ਹਾਂ ਦੇ ਵਿਭਾਜਣ ਅਤੇ ਵਿਕਾਸ ਰਾਹੀਂ ਜਟਿਲ ਜੀਵ ਬਣੇ। ਵਿਕਾਸ ਕਰਦੇ-ਕਰਦੇ ਕਰੋੜਾਂ ਵਰ੍ਹਿਆਂ ਵਿਚ ਅੱਗੇ ਕਈ ਜਿਣਸਾਂ ਤੇ ਜਾਤੀਆਂ ਪੈਦਾ ਹੋ ਗਈਆਂ ਜਿਵੇਂ ਕਿ ਕੀੜੇ- ਮਕੌੜੇ, ਕਿਰਲੀ, ਸੱਪ, ਮਛਲੀਆਂ, ਪਰਿੰਦੇ, ਚੌਪਾਏ ਆਦਿ। ਮਨੁੱਖ ਸਭ ਨਾਲੋਂ ਵਧੇਰੇ ਵਿਕਸਿਤ ਜਾਤੀ ਹੈ। ਬਾਂਦਰ ਇਸ ਤੋਂ ਇਕ ਕਦਮ ਪਿੱਛੇ ਹੈ।

ਇਸ ਵਿਕਾਸ ਦਾ ਸਬੂਤ ਉਹ ਮਾਦੇ ਦੀ ਬਣਤਰ ਤੋਂ ਦਿੰਦੇ ਹਨ। ਇਹ ਮਾਦਾ ਪਹਿਲਾਂ ਕੁਝ ਤੱਤਾਂ ਦਾ ਬਣਿਆ ਹੋਇਆ ਹੈ ਜਿਨ੍ਹਾਂ ਦੀ ਗਿਣਤੀ ਇਸ ਵੇਲੇ 108 ਦੇ ਕਰੀਬ ਲੱਭੀ ਗਈ ਹੈ। ਸ਼ਾਇਦ ਇਸ ਵਿਚ ਕੁਝ ਹੋਰ ਵਾਧਾ ਹੋ ਜਾਏ। ਹਰ ਤੱਤ ਅੱਗੇ ਮਹੀਨ ਐਟਮਾਂ ਦਾ ਬਣਿਆ ਹੋਇਆ ਹੈ। ਹਰ ਐਟਮ ਅੱਗੇ ਪ੍ਰੋਟਾਨਜ਼ ਅਤੇ ਇਲੈਕਟ੍ਰਾਨਜ਼ ਦਾ ਬਣਿਆ ਹੋਇਆ ਹੈ ਜਿਨ੍ਹਾਂ ਦੀਆਂ ਵਾਈਬਰੇਸ਼ਨ (Vibra- tions) ਵਿਭਿੰਨ ਹੁੰਦੀਆਂ ਹਨ। ਇਸ ਤਰ੍ਹਾਂ ਇਹ ਪਤਾ ਲੱਗਦਾ ਹੈ ਕਿ ਹਰ ਐਟਮ ਵਿਚ ਬਿਜਲੀ ਹੈ ਜੋ ਇਕ ਪ੍ਰਕਾਰ ਦੀ ਊਰਜਾ ਹੈ। ਸੋ ਇਹ ਸ਼ੀਰਾ ਬ੍ਰਹਿਮੰਡ ਦੀ ਊਰਜਾ ਦਾ ਬਣਿਆ ਹੋਇਆ ਹੈ। ਇਹ ਊਰਜਾ ਕਈ ਪ੍ਰਕਾਰ ਦੀ ਹੋ ਸਕਦੀ ਹੈ। ਜਿਵੇਂ ਕਿ ਰੌਸ਼ਨੀ, ਹਰਾਰਤ (Heat), ਆਵਾਜ਼ ਅਤੇ ਵਿਭਿੰਨ ਰਿਸ਼ਮਾਂ (Rays) ਆਦਿ। ਇਹ ਊਰਜਾ ਆਪਣੀ ਸ਼ਕਲ ਬਦਲਦੀ ਰਹਿੰਦੀ ਹੈ। ਇਹ ਰੌਸ਼ਨੀ ਬਣ ਸਕਦੀ ਹੈ, ਹਰਾਰਤ ਬਣ ਸਕਦੀ ਹੈ, ਆਵਾਜ਼ ਬਣ ਸਕਦੀ ਹੈ। ਸਿਨੇਮੇ ਦੀਆਂ ਟਾਕੀਜ਼ ਅਤੇ ਟੈਲੀਵੀਜ਼ਨ ਇਸੇ ਅਸੂਲ ’ਤੇ ਬਣੇ ਹਨ। ਇਸੇ ਤਰ੍ਹਾਂ ਸਾਇੰਸਦਾਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਸਾਰਾ ਬ੍ਰਹਿਮੰਡ ਹੀ ਇਕ ਊਰਜਾ ਦਾ ਬਣਿਆ ਹੋਇਆ ਹੈ। ਇਹ ਊਰਜਾ ਹੀ ਸਾਰੇ ਬ੍ਰਹਿਮੰਡ ਦਾ ਪਹਿਲਾ ਕਾਰਨ ਹੈ। ਇਹ ਊਰਜਾ ਕਿੱਥੋਂ ਪੈਦਾ ਹੋਈ, ਇਸ ਦਾ ਇਸ ਵਿਕਾਸ ਦੇ ਸਿਧਾਂਤ ਪਾਸ ਕੋਈ ਜੁਆਬ ਨਹੀਂ।

ਸਭ ਧਰਮ ਇਸ ਸਿਧਾਂਤ ਵਿਚ ਯਕੀਨ ਰੱਖਦੇ ਹਨ ਕਿ ਇਹ ਬ੍ਰਹਿਮੰਡ ਸਮੇਤ ਇਸ ਵਿਚ ਪਾਈ ਜਾਂਦੀ ਜ਼ਿੰਦਗੀ ਦੇ ਇਕ ਸਿਰਜੀ ਹੋਈ ਵਸਤ ਹੈ ਅਤੇ ਇਸ ਦੀ ਸਿਰਜਣਾ ਕਰਨ ਵਾਲੀ ਸ਼ਕਤੀ ਉਹ ਅਕਾਲ ਪੁਰਖ ਆਪ ਹੈ। ਉਹ ਆਪ ਹੀ ਪਹਿਲਾ ਕਾਰਨ ਹੈ। ਸਿੱਖ ਧਰਮ ਵੀ ਇਸ ਸਿਧਾਂਤ ਦੀ ਪ੍ਰੋੜ੍ਹਤਾ ਕਰਦਾ ਹੈ। ਇਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ ਇਸ ਬ੍ਰਹਿਮੰਡ ਦੇ ਬਣਨ ਤੋਂ ਪਹਿਲਾਂ ਸਾਰੇ ਪੁਲਾੜ ਵਿਚ ਧੂੰਧੁਕਾਰ ਸੀ, ਕੋਈ ਚੰਦ, ਤਾਰਾ, ਗ੍ਰਹਿ, ਸੂਰਜ ਆਦਿ ਨਹੀਂ ਸੀ, ਕੇਵਲ ਇਕ ਪਰਮਾਤਮਾ ਹੀ ਸਾਰੇ ਪੁਲਾੜ ਵਿਚ ਨਿਰਗੁਣ ਸਰੂਪ ਵਿਚ ਵਿਚਰ ਰਿਹਾ ਸੀ। ਇਸ ਦਾ ਭਾਵ ਇਹ ਹੈ ਕਿ ਕੋਈ ਮਾਦਾ ਨਹੀਂ ਸੀ ਅਤੇ ਕੋਈ ਭੌਤਿਕ ਵਸਤੂ ਨਹੀਂ ਸੀ। ਅਸੀਮਿਤ ਸਮੇਂ ਤੋਂ ਇਹ ਹਾਲਤ ਸੀ। ਪਰਮਾਤਮਾ ਅਫੁਰ ਅਵਸਥਾ ਵਿਚ ਸੀ, ਕੋਈ ਚੇਤੰਨਤਾ ਨਹੀਂ ਸੀ। ਪਰ ਇਹ ਬਿਲਕੁਲ ਅਣਹੋਂਦ ਦਾ ਸਮਾਂ ਨਹੀਂ ਸੀ। ਇਸ ਬਾਰੇ ਅਕਾਲ ਪੁਰਖ ਦੀ ਹੋਂਦ ਸੀ ਉਹ ਹਾਜ਼ਰ ਸੀ ਪਰ ਨਿਰਗੁਣ ਸਰੂਪ ਵਿਚ ਸੀ। ਇਸ ਅਵਸਥਾ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥1॥
ਖਾਣੀ ਨ ਬਾਣੀ ਪਉਣ ਨ ਪਾਣੀ॥
ਓਪਤਿ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ॥ (ਪੰਨਾ ੧੦੩੫)

ਸੁੰਨ-ਸਮਾਧੀ ਦੀ ਅਫ਼ੁਰ ਅਵਸਥਾ ਵਿਚ ਬਿਰਾਜ ਰਹੇ ਰੱਬ ਨੂੰ ਇਕ ਫ਼ੁਰਨਾ ਹੋਇਆ ਕਿ ਉਹ ਏਕ ਤੋਂ ਅਨੇਕ ਹੋਵੇ। ਇਹ ਫੁਰਨਾ ਹੋਣ ਸਾਰ ਇਕ ਗੜੂੰਜ ਜਿਹੀ ਪੈਦਾ ਹੋਈ ਅਤੇ ਪ੍ਰਕਾਸ਼ ਹੋਇਆ। ਇਹ ਆਵਾਜ਼ ਤੇ ਰੌਸ਼ਨੀ ਦਾ ਮੇਲ ਸੀ। ਇਸ ਆਵਾਜ਼ ਨੂੰ ‘ਅਨਹਦ ਸ਼ਬਦ’ ਕਹਿਆ ਜਾਂਦਾ ਹੈ ਕਿਉਂਕਿ ਇਸ ਵਿਚ ਕੋਈ ਟਕਰਾਉਣ ਵਾਲੀਆਂ ਭੌਤਿਕ ਵਸਤਾਂ ਨਹੀਂ ਸਨ ਜਿਨ੍ਹਾਂ ਨਾਲ ਇਸ ਵੇਲੇ ਕੋਈ ਆਵਾਜ਼ ਪੈਦਾ ਹੁੰਦੀ ਹੈ। ਇਸ ਅਨਹਦ ਸ਼ਬਦ ਨੂੰ (Primordial Sound) ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥ (ਪੰਨਾ ੩)

ਜ਼ਿੰਦਗੀ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਪੰਨਾ ੧੯)

ਸੋ ਇਹ ਰੱਬੀ ਤੇ ਮੁੱਢਲੀ ਆਵਾਜ਼ ਸਾਰੀ ਸ੍ਰਿਸ਼ਟੀ ਤੇ ਜੀਆਂ ਦਾ ਆਧਾਰ ਹੈ ਅਤੇ ਇਸ ਦੇ ਆਸਰੇ ਹੀ ਸਭ ਗ੍ਰਹਿ, ਤਾਰੇ, ਉਪਗ੍ਰਹਿ, ਸੂਰਜ ਆਦਿ ਖੜੋਤੇ ਜਾਂ ਚੱਲ ਰਹੇ ਹਨ। ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ:

ਉਤਪਤਿ ਪਰਲਉ ਸਬਦੇ ਹੋਵੈ॥
ਸਬਦੇ ਹੀ ਫਿਰਿ ਓਪਤਿ ਹੋਵੈ॥ (ਪੰਨਾ ੧੧੭)

ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:

ਕਈ ਬਾਰ ਪਸਰਿਓ ਪਾਸਾਰ॥
ਸਦਾ ਸਦਾ ਇਕੁ ਏਕੰਕਾਰ॥ (ਪੰਨਾ ੨੭੬)

ਸੋ ਸਿੱਖ ਸਿਧਾਂਤ ਇਹ ਹੈ ਕਿ ਜਦੋਂ ਬ੍ਰਹਿਮੰਡ ਨਹੀਂ ਹੁੰਦਾ ਤਦੋਂ ਅਕਾਲ ਪੁਰਖ ਆਪ ਅਫੁਰ ਅਵਸਥਾ ਵਿਚ ਹੁੰਦਾ ਹੈ। ਆਪ ਹੀ ਅਕਾਲ ਪੁਰਖ ਇਸ ਬ੍ਰਹਿਮੰਡ ਨੂੰ ਸਿਰਜਦਾ ਹੈ ਅਤੇ ਫਿਰ ਆਪ ਹੀ ਵਲ੍ਹੇਟ ਲੈਂਦਾ ਹੈ ਅਤੇ ਫਿਰ ਅਫੁਰ ਅਵਸਥਾ ਵਿਚ ਚਲਾ ਜਾਂਦਾ ਹੈ। ਅਜਿਹਾ ਕਈ ਵਾਰ ਹੋਇਆ ਹੈ ਅਤੇ ਹੋਵੇਗਾ, ਪਰ ਇਹ ਸਮੇਂ ਇਤਨੇ ਲੰਮੇ ਹਨ ਜੋ ਮਨੁੱਖ ਦੀ ਸਮਝ ਵਿਚ ਨਹੀਂ ਆ ਸਕਦੇ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਪੰਨਾ ੪)

ਅਕਾਲ ਪੁਰਖ ਪਰਮਾਤਮਾ ਆਪ ਹੀ ਪਹਿਲਾਂ ਨਿਰਗੁਣ ਸਰੂਪ ਵਿਚ ਬੈਠਾ ਸੀ। ਸ਼ਬਦ ਰਾਹੀਂ ਆਪ ਹੀ ਏਕ ਤੋਂ ਅਨੇਕ ਹੋਇਆ, ਆਪ ਹੀ ਨਿਰਗੁਣ ਤੋਂ ਸਰਗੁਣ ਬਣਿਆ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਆਪੇ ਸਬਦੁ ਆਪੇ ਨੀਸਾਨੁ॥
ਆਪੇ ਸੁਰਤਾ ਆਪੇ ਜਾਨੁ॥ (ਪੰਨਾ ੭੯੫)

ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ:

ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾਹੀ॥ (ਪੰਨਾ ੧੬੨)

ਸ੍ਰੀ ਗੁਰੂ ਨਾਨਕ ਦੇਵ ਜੀ ਸ਼ਬਦ ਨੂੰ ਬ੍ਰਹਿਮੰਡ ਦਾ ਸਾਰ ਮੰਨਦੇ ਹਨ। ਇਸ ਆਵਾਜ਼ ਨੂੰ ਉਨ੍ਹਾਂ ਓਅੰਕਾਰ ਦਾ ਨਾਮ ਦਿੱਤਾ। ਉਹ ਫ਼ਰਮਾਉਂਦੇ ਹਨ:

ਓਅੰਕਾਰਿ ਬ੍ਰਹਮਾ ਉਤਪਤਿ॥
ਓਅੰਕਾਰੁ ਕੀਆ ਜਿਨਿ ਚਿਤਿ॥
ਓਅੰਕਾਰਿ ਸੈਲ ਜੁਗ ਭਏ॥
ਓਅੰਕਾਰਿ ਬੇਦ ਨਿਰਮਏ॥
ਓਅੰਕਾਰਿ ਸਬਦਿ ਉਧਰੇ॥
ਓਅੰਕਾਰਿ ਗੁਰਮੁਖਿ ਤਰੇ॥
ਓਨਮ ਅਖਰ ਸੁਣਹੁ ਬੀਚਾਰੁ॥
ਓਨਮ ਅਖਰੁ ਤ੍ਰਿਭਵਣ ਸਾਰੁ॥ (ਪੰਨਾ ੯੨੯)

ਦਾਰਸ਼ਨਿਕ ਖੋਜ ਨੇ ਇਸ ਭੌਤਿਕ ਬ੍ਰਹਿਮੰਡ ਦਾ ਸਾਰ ‘ਸ਼ਬਦ’ ਦੱਸਿਆ ਹੈ। ਇਸ ਵਿਚ ਅਕਾਸ਼ ਤੇ ਪ੍ਰਾਣ ਵੀ ਸ਼ਾਮਲ ਹਨ। ਇਸ ਸਾਰੇ ਬ੍ਰਹਿਮੰਡ ਨੂੰ ਆਵਾਜ਼ ਵਿਚ ਵਟਾਇਆ ਜਾ ਸਕਦਾ ਹੈ ਜਿਸ ਦੇ ਦੋ ਰੂਪ ਹੋ ਸਕਦੇ ਹਨ, ਇਕ ਵਿਦਮਾਨ ਅਤੇ ਦੂਸਰਾ ਅ-ਵਿਦਮਾਨ। ਇਹ ਆਦਿ ਅਨਾਦੀ ਆਵਾਜ਼ ਸ਼ਬਦ ਹੈ ਜੋ ਇਸ ਬ੍ਰਹਿਮੰਡ ਦਾ ਮੁੱਢ ਹੈ। ਪੁਰਾਣੇ ਰਿਸ਼ੀਆਂ ਨੇ ਇਸ ਨੂੰ ‘ਨਾਦ ਬ੍ਰਹਮ’, ‘ਸ਼ਬਦ ਬ੍ਰਹਮ’ ਜਾਂ ਸ਼ਬਦ ਰੂਪ ਬ੍ਰਹਮ ਆਖਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਆਵਾਜ਼ ਦਾ ਨਾਮ ਓਅੰਕਾਰ (ੴ) ਰਖਿਆ ਹੈ। ਇਹ ਪਰਮੇਸ਼ਵਰ ਦਾ ਲਖਾਇਕ ਅੱਖਰ ਹੈ। ਇਹ ਅੱਖਰ ਵਾਹਿਗੁਰੂ ਦੇ ਸਮੁੱਚੇ ਸਰੂਪ ਦਾ ਸੰਕੇਤ ਹੈ ਜਿਸ ਵਿਚ ਉਸ ਦੀ ਨਿਰਗੁਣਤਾ ਤੇ ਸਰਗੁਣਤਾ ਅਭੇਦ ਰੂਪ ਵਿਚ ਵਿਦਮਾਨ ਹੈ ‘ਓ’ ਸਰਗੁਣਤਾ ਭਾਵ ਸਰਬ-ਵਿਆਪਕਤਾ ਦਾ ਚਿੰਨ੍ਹ ਹੈ ਅਤੇ ‘~’ ਨਿਰਗੁਣਤਾ ਤੇ ਅਗੰਮਤਾ ਦਾ ਚਿੰਨ੍ਹ ਹੈ।

ਸਿਰਜਣਾ ਦਾ ਸਿਧਾਂਤ ਵਿਕਾਸ ਦੇ ਸਿਧਾਂਤ ਨਾਲੋਂ ਵਧੀਆ ਹੈ। ਵਿਕਾਸ ਦੇ ਸਿਧਾਂਤ ਅਨੁਸਾਰ ਸਾਰੇ ਬ੍ਰਹਿਮੰਡ ਦਾ ਸਾਰ ਇਕ ਊਰਜਾ ਹੈ ਜਿਸ ਦੇ ਕਈ ਰੂਪ ਹੋ ਸਕਦੇ ਹਨ ਜਿਵੇਂ ਕਿ ਰੌਸ਼ਨੀ, ਹਰਾਰਤ, ਆਵਾਜ਼, ਰਿਸ਼ਮਾਂ, ਬਿਜਲੀ ਆਦਿ। ਇਹ ਸਭ ਇਕ ਦੂਸਰੇ ਵਿਚ ਬਦਲੀਆਂ ਜਾ ਸਕਦੀਆਂ ਹਨ।

ਸਿੱਖ ਧਰਮ ਅਨੁਸਾਰ ਅਨਾਦੀ ਆਵਾਜ਼ ਸ਼ਬਦ (Primordial Sound) ਸਾਰੇ ਬ੍ਰਹਿਮੰਡ ਦਾ ਸਾਰ ਹੈ ਜੋ ਇਕ ਪ੍ਰਕਾਰ ਦੀ ਊਰਜਾ ਹੈ। ਫ਼ਰਕ ਕੇਵਲ ਇਤਨਾ ਹੈ ਕਿ ਸਿੱਖ ਧਰਮ ਨੇ ਇਸ ਨੂੰ ਪਹਿਲੀ ਥਾਂ ਦਿੱਤੀ ਹੈ, ਬਾਕੀ ਸਭ ਊਰਜਾਵਾਂ ਤੇ ਵਸਤਾਂ ਇਸ ਤੋਂ ਬਣੀਆਂ ਹਨ। ਵਿਗਿਆਨਕ ਤੌਰ ’ਤੇ ਅਜਿਹਾ ਹੋ ਸਕਦਾ ਹੈ। ਇਸ ਲਈ ਸਿਰਜਣਾ ਦਾ ਸਿਧਾਂਤ ਵਿਗਿਆਨਕ ਹੈ। ਇਹ ਨਿਰਾ ਨਿਸ਼ਚਾ ਨਹੀਂ ਹੈ।

ਵਿਕਾਸ ਦੇ ਸਿਧਾਂਤ ਵਿਚ ਵੱਡਾ ਨੁਕਸ ਇਹ ਹੈ ਕਿ ਇਹ, ਇਹ ਨਹੀਂ ਦੱਸਦਾ ਕਿ ਇਸ ਮੁੱਢਲੀ ਊਰਜਾ ਨੂੰ ਪੈਦਾ ਕਰਨ ਵਾਲਾ ਕੌਣ ਹੈ, ਭਾਵੇਂ ਉਸ ਦੀ ਕੋਈ ਵੀ ਸ਼ਕਲ ਹੈ। ਇਹ ਮੁੱਢਲੇ (First Cause) ਬਾਰੇ ਚੁੱਪ ਹੈ। ਸਿੱਖ ਧਰਮ ਇਸ ਮੁੱਢਲੇ ਕਾਰਨ ਨੂੰ ਮੰਨਦਾ ਹੈ ਤੇ ਇਸ ਨੂੰ ਪਰਮਾਤਮਾ ਦਾ ਨਾਮ ਦਿੰਦਾ ਹੈ। ਇਸ ਲਈ ਸਿਰਜਣਾ ਦਾ ਸਿਧਾਂਤ ਵਿਕਾਸ ਦੇ ਸਿਧਾਂਤ ਨਾਲੋਂ ਵਧੀਆ ਹੈ, ਵਿਗਿਆਨਕ ਹੈ ਅਤੇ ਉਸ ਨਾਲੋਂ ਅੱਗੇ ਚਲਾ ਜਾਂਦਾ ਹੈ।

ਸਿੱਖ ਧਰਮ ਦੀ ਕਾਸਮਾਲੋਜੀ (Cosmology) ਨੂੰ Involution-cum- Evolution ਦਾ ਸਿਧਾਂਤ ਕਹਿਆ ਜਾ ਸਕਦਾ ਹੈ। ਇਸ ਅਨੁਸਾਰ ਪਹਿਲੋਂ Involution ਦਾ ਅਮਲ ਹੁੰਦਾ ਹੈ, ਜਦੋਂ ਪਰਮਾਤਮਾ ਏਕ ਤੋਂ ਅਨੇਕ ਹੁੰਦਾ ਹੈ ਅਤੇ ਨਿਰਗੁਣ ਤੋਂ ਸਰਗੁਣ ਹੁੰਦਾ ਹੈ। ਇਸ ਦੇ ਬਾਅਦ ਵਿਕਾਸ ਅਰੰਭ ਹੁੰਦਾ ਹੈ ਜਦੋਂ ਜ਼ਿੰਦਗੀ ਵਧ ਕੇ ਸੰਪੂਰਨਤਾ ਵੱਲ ਉੱਨਤੀ ਕਰਦੀ ਹੈ ਅਤੇ ਹਰ ਜਾਤੀ ਅਗਾਂਹ ਨੂੰ ਵਧਦੀ ਹੈ ਅਤੇ ਉਸ ਮੁੱਢ ਨਾਲ ਇਕਮਿਕ ਹੋਣ ਦੀ ਰੁਚੀ ਰੱਖਦੀ ਹੈ। ਇਸ ਤਰ੍ਹਾਂ ਇਹ ਜੀਵਨ ਫਿਰ ਅਨੇਕਤਾ ਤੋਂ ਏਕਤਾ ਵੱਲ ਚੱਲਦਾ ਹੈ। ਇਸ ਵਿਚ ਮਨੁੱਖ ਸਭ ਤੋਂ ਅੱਗੇ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫ਼ਰਮਾਉਂਦੇ ਹਨ:

ਜਬ ਉਦਕਰਖ ਕਰਾ ਕਰਤਾਰਾ॥
ਪ੍ਰਜਾ ਧਰਤ ਤਬ ਦੇਹ ਅਪਾਰਾ॥
ਜਬ ਆਕਰਖ ਕਰਤ ਹੋ ਕਬਹੂੰ॥
ਤੁਮ ਮੈ ਮਿਲਤ ਦੇਹ ਧਰ ਸਭਹੂੰ॥ (ਚੌਪਈ)

ਸਿੱਖ ਧਰਮ ਪਹਿਲੇ ਕਾਰਨ (First Cause) ਦੱਸਣ ਕਰਕੇ ਵਿਕਾਸ ਸਿਧਾਂਤ ਨਾਲੋਂ ਅੱਗੇ ਹੈ।

ਸੋ ਸ਼ਬਦ ਸਰਗੁਣ ਸਰੂਪ ਪਰਮਾਤਮਾ ਹੈ, ਇਹ ਉਸ ਦਾ ਜ਼ਹੂਰ ਹੈ, ਉਸ ਦਾ ਹੁਕਮ ਹੈ, ਇਹ ਬ੍ਰਹਿਮੰਡ ਦਾ ਸਾਰ ਹੈ ਅਤੇ ਇਹ ਮਨੁੱਖ ਦੇ ਹਿਰਦੇ ਵਿਚ ਅਨਾਦੀ ਆਵਾਜ਼ ਤੇ ਜੋਤ ਦੇ ਰੂਪ ਵਿਚ ਵੱਸਦਾ ਹੈ ਜੋ ਮਨੁੱਖ ਦੀ ਅਗਵਾਈ ਕਰਦਾ ਹੈ। ਇਸ ਤਰ੍ਹਾਂ ਇਹ ਪਰਮਾਤਮਾ ਹੀ ਮਨੁੱਖ ਦੀ ਅਗਵਾਈ ਕਰਦਾ ਹੈ। ਇਸ ਤਰ੍ਹਾਂ ਇਹ ਪਰਮਾਤਮਾ ਹੀ ਮਨੁੱਖ ਦਾ ਗੁਰੂ ਹੈ। ਦੂਸਰੇ ਪਾਸੇ ਇਹ ਅਗੰਮੀ ਤੇ ਅਨਾਦੀ ਆਵਾਜ਼ ਨੂੰ ਸੁਣਨ ਵਾਲੀ ਮਨੁੱਖ ਦੀ ਸੁਰਤ ਹੈ ਜੋ ਇਸ ਗੁਰੂ ਦਾ ਚੇਲਾ ਹੈ। ਜਦੋਂ ਜੋਗੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ, “ਤੁਹਾਡਾ ਗੁਰੂ ਕੌਣ ਹੈ?” ਤਾਂ ਉਨ੍ਹਾਂ ਫ਼ੁਰਮਾਇਆ:

ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਪੰਨਾ ੯੪੩)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫ਼ਰਮਾਉਂਦੇ ਹਨ:

ਆਦਿ ਅੰਤ ਏਕੈ ਅਵਤਾਰਾ।
ਸੋਈ ਗੁਰੂ ਸਮਝਿਓ ਹਮਾਰਾ। (ਚੌਪਈ)

ਸੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸ਼ਬਦ’ ਨੂੰ ਆਪਣਾ ਗੁਰੂ ਸਮਝਿਆ।

ਸਿੱਖ ਧਰਮ ਵਿਚ ਗੁਰਬਾਣੀ ਨੂੰ ‘ਸ਼ਬਦ’ ਕਿਹਾ ਗਿਆ ਹੈ। ਸ਼ਬਦ ਕੀ ਹੈ; ਇਸ ਦਾ ਕੀ ਭਾਵ ਹੈ, ਜੋ ਕਿਸੇ ਮਹਾਂਪੁਰਖ ਵੱਲੋਂ ਉਚਾਰਨ ਕੀਤਾ ਗਿਆ ਹੋਵੇ, ਬਾਣੀ ਅਖਵਾਉਂਦਾ ਹੈ। ਅਜਿਹੇ ਮਹਾਂਪੁਰਖ ਦੀ ਖ਼ੂਬੀ ਇਹ ਹੁੰਦੀ ਹੈ ਕਿ ਉਹ ਬ੍ਰਹਮ ਨਾਲ ਇਕਮਿਕ ਹੋਇਆ ਹੁੰਦਾ ਹੈ। ਉਸ ਦੀ ਆਤਮਾ ਬ੍ਰਹਮ ਨਾਲ ਮਿਲੀ ਹੋਈ ਹੁੰਦੀ ਉਹ ਰੱਬ ਨੂੰ ਹਮੇਸ਼ਾਂ ਆਪਣੇ ਮਨ ਵਿਚ ਰੱਖਦਾ ਹੈ। ਉਹ ਹਮੇਸ਼ਾਂ ਰੱਬ ਦੇ ਪਿਆਰ ਵਿਚ ਰੰਗਿਆ ਹੁੰਦਾ ਹੈ। ਉਸ ਨੂੰ ਪਰਾਭੌਤਿਕ ਦਾ ਗਿਆਨ ਕਿਤਾਬਾਂ ਪੜ੍ਹ ਕੇ ਨਹੀਂ ਹੋਇਆ ਹੁੰਦਾ ਬਲਕਿ ਅਨੁਭਵ (Intuition) ਰਾਹੀਂ ਹੋਇਆ ਹੁੰਦਾ ਹੈ। ਉਸ ਨੂੰ ਅਨਾਦੀ ਤੇ ਅਗੰਮੀ ਸ਼ਬਦ ਹਰ ਵੇਲੇ ਸੁਣਾਈ ਦੇ ਰਿਹਾ ਹੁੰਦਾ ਹੈ ਜੋ ਆਦਿ-ਜੁਗਾਦਿ ਤੋਂ ਸਾਰੇ ਬ੍ਰਹਿਮੰਡ ਵਿਚ ਗੂੰਜ ਰਿਹਾ ਹੈ, ਪਰ ਸੁਣਦਾ ਉਨ੍ਹਾਂ ਨੂੰ ਹੈ ਜੋ ਆਪਣੇ ਇੰਦਰਿਆਂ ’ਤੇ ਪੂਰਾ ਕਾਬੂ ਪਾ ਚੁਕੇ ਹੁੰਦੇ ਹਨ, ਆਪਣੀ ਹਉਮੈ ਨੂੰ ਖ਼ਤਮ ਕਰ ਕੇ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਅਭੇਦ ਕਰ ਚੁਕੇ ਹੁੰਦੇ ਹਨ। ਇਸ ਅਨੁਭਵ ਰਾਹੀਂ ਪ੍ਰਾਪਤ ਕੀਤਾ ਹੋਇਆ ਪਰਾਭੌਤਿਕ ਦਾ ਗਿਆਨ ਜੋ ਉਹ ਮਹਾਂਪੁਰਖ ਬਿਆਨ ਕਰਦਾ ਹੈ, ਬਾਣੀ ਅਖਵਾਉਂਦਾ ਹੈ। ਇਹ ਜੋ ਬਾਣੀ ਪਰਮਾਤਮਾ ਅਤੇ ਸ਼ਬਦ ਬਾਰੇ ਹੁੰਦੀ ਹੈ। ਇਸ ਲਈ ਇਸ ਨੂੰ ‘ਧੁਰ ਕੀ ਬਾਣੀ’ ਕਹਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਸਭ ਬਾਣੀ ਇਸ ਪ੍ਰਕਾਰ ਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਸੁੰਨਹੁ ਖਾਣੀ ਸੁੰਨਹੁ ਬਾਣੀ॥
ਸੁੰਨਹੁ ਉਪਜੀ ਸੁੰਨਿ ਸਮਾਣੀ॥ (ਪੰਨਾ ੧੦੩੭)

ਸਾਰੇ ਸੰਸਾਰ ਦਾ ਅਨਹਦ ਸ਼ਬਦ ਇੱਕ ਹੈ, ਸਤਿ ਇੱਕ ਹੈ, ਇਸ ਲਈ ਬਾਣੀ ਇੱਕ ਹੈ। ਸਾਰੇ ਸੰਸਾਰ ਦਾ ਰੱਬ ਇੱਕ ਹੈ ਅਤੇ ਇਸ ਲਈ ਗੁਰੂ ਇੱਕ ਹੈ। ਇਹ ਇੱਕੋ ਵਸਤ ਦੇ ਤਿੰਨ ਨਾਮ ਹਨ। ਬਾਣੀ ਅਤੇ ਸ਼ਬਦ ਪਰਮਾਤਮਾ ਦੇ ਸੂਖ਼ਮ ਰੂਪ ਹਨ।

ਸਿੱਖ ਧਰਮ ਵਿਚ ਗੁਰਬਾਣੀ ਨੂੰ ਗੁਰੂ ਦਾ ਰੁਤਬਾ ਦਿੱਤਾ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ-ਜੋਤਿ ਸਮਾਉਣ ਲੱਗਿਆਂ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ੀ:

ਆਗਿਆ ਭਈ ਅਕਾਲ ਕੀ, ਤਭੀ ਚਲਾਇਓ ਪੰਥ।
ਸਭ ਸਿਖਨ ਕਉ ਹੁਕਮ ਹੈ, ਗੁਰੂ ਮਾਨੀਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨੀਐ, ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭ ਕਉ ਮਿਲਬੋ ਚਹੈ, ਖੋਜ ਸ਼ਬਦ ਮਹਿ ਲੇਹ। (ਪੰਥ ਪ੍ਰਕਾਸ਼)

ਇਸ ਦਾ ਭਾਵ ਇਹ ਹੈ ਕਿ ਸਿੱਖਾਂ ਨੇ ਰੌਸ਼ਨੀ ਤੇ ਅਗਵਾਈ ਹਮੇਸ਼ਾਂ ‘ਸ਼ਬਦ’ ਤੋਂ ਲੈਣੀ ਹੈ, ਸਮਾਜਿਕ ਤੇ ਰਾਜਸੀ ਕੰਮਾਂ ਵਿਚ ਹਮੇਸ਼ਾਂ ਰੱਬ ਨੂੰ ਯਾਦ ਰੱਖਣਾ ਹੈ ਅਤੇ ਇਨਸਾਫ਼ ਤੋਂ ਕੰਮ ਲੈਣਾ ਹੈ। ‘ਸ਼ਬਦ’ ਰਾਜ ਅਤੇ ਸਮਾਜ ਦਾ ਆਧਾਰ ਹੈ:

ਰਾਜੇ ਚੁਲੀ ਨਿਆਵ ਕੀ…॥ (ਪੰਨਾ ੧੨੪੦)

ਇਸ ਗੁਰੂ ਲਈ ਸਿੱਖਾਂ ਨੇ ਬੜੀਆਂ ਭਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਸਾਡਾ ਗੁਰੂ ‘ਸ਼ਬਦ’ ਹੈ, ਬਾਣੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਸਿੱਖਾਂ ਨੂੰ ਇਸ ਤੋਂ ਹਮੇਸ਼ਾਂ ਚੰਗੇ ਕੰਮ ਕਰਨ ਲਈ ਪ੍ਰੇਰਨਾ ਮਿਲਦੀ ਹੈ। ਇਹ ਸਾਡੇ ਜੀਵਨ ਦਾ ਕੇਂਦਰ ਤੇ ਧੁਰਾ ਹੈ। ਸਿੱਖ ਇਤਿਹਾਸ ‘ਸ਼ਬਦ’ ਦੇ ਗਿਰਦ ਭੌਂਦਾ ਹੈ। ਅਠਾਰ੍ਹਵੀਂ ਸਦੀ ਵਿਚ ਮੁਗ਼ਲ ਹਾਕਮਾਂ ਨੇ ਸਾਡੇ ਗੁਰਦੁਆਰਾ ਸਾਹਿਬਾਨ ਮਸਮਾਰ ਕਰਨ ਦਾ ਪੂਰਾ ਯਤਨ ਕੀਤਾ, ਪਰ ਸਿੱਖ ਆਪਣਾ ਖੂਨ ਡੋਲ੍ਹ ਕੇ ਇਨ੍ਹਾਂ ਦੀ ਰੱਖਿਆ ਕਰਦੇ ਰਹੇ। ਬਰਤਾਨਵੀ ਸਰਕਾਰ ਨੇ ਗੁਰਦੁਆਰਾ ਸਾਹਿਬਾਨ ਸਾਡੇ ਪਾਸੋਂ ਖੋਹਣੇ ਚਾਹੇ, ਪਰ ਗੋਲੀਆਂ ਖਾ ਕੇ ਅਸੀਂ ‘ਸ਼ਬਦ’ ਨਾਲ ਸੰਬੰਧ ਰੱਖਿਆ।

‘ਸ਼ਬਦ’ ਸਾਡਾ ਸਾਂਝਾ ਬੰਧਨ ਹੈ। ਇਹ ਸਾਡੇ ਸਦਾਚਾਰ, ਸਮਾਜ ਤੇ ਰਾਜ ਦਾ ਆਧਾਰ ਹੈ। ਇਹ ਸਾਡੇ ਜੀਵਨ ਦਾ ਸੋਮਾ ਹੈ ਅਤੇ ਇਤਿਹਾਸ ਦੇ ਬਣਾਉਣ ਵਾਲਾ ਹੈ। ਇਹ ਸਾਡੀ ਜਿੰਦ ਹੈ, ਜਾਨ ਹੈ। ਇਹ ਸਿੱਖ ਨਾਲੋਂ ਵਿਛੋੜਿਆ ਨਹੀਂ ਜਾ ਸਕਦਾ। ਅਸੀਂ ਹਮੇਸ਼ਾਂ ਇਸ ਅੱਗੇ ਸਿਰ ਝੁਕਾਉਂਦੇ ਹਾਂ। ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ:

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (ਪੰਨਾ ੬੪੬)

ਨਾਮ

‘ਸ਼ਬਦ’ ਇਕ ਅਨਾਦੀ ਤੇ ਅਗੰਮੀ ਆਵਾਜ਼ ਹੈ ਜਿਸ ਰਾਹੀਂ ਇਹ ਬ੍ਰਹਿਮੰਡ ਹੋਂਦ ਵਿਚ ਆਇਆ। ਇਸ ਨੂੰ ਕੁਝ ਉੱਚ ਹਸਤੀਆਂ ਸੁਣ ਲੈਂਦੀਆਂ ਹਨ। ਇਸ ਨੂੰ ਸੁਣਨ ਦੇ ਬਾਅਦ ਇਹ ਲੋੜ ਮਹਿਸੂਸ ਕੀਤੀ ਜਾਂਦੀ ਹੈ ਕਿ ਇਸ ਆਵਾਜ਼ ਦਾ ਵਰਣਨ ਕੀਤਾ ਜਾਏ ਕਿ ਇਹ ਕੈਸੀ ਹੈ ਤੇ ਇਸ ਦੇ ਕੀ ਗੁਣ ਹਨ ਤਾਂ ਜੋ ਇਹ ਸਭ ਨੂੰ ਦੱਸੇ ਜਾ ਸਕਣ। ਇਸ ਲਈ ਇਸ ਆਵਾਜ਼ ਦਾ ਅੱਗੇ ਜੀਭ ਰਾਹੀਂ ਕੋਈ ਉਚਾਰਨ ਕਰਨਾ ਪੈਂਦਾ ਹੈ ਤਾਂ ਜੋ ਇਹ ਆਵਾਜ਼ ਆਮ ਆਦਮੀ ਤਕ ਪਹੁੰਚਾਈ ਜਾ ਸਕੇ। ਸੋ ਜੀਭ ਨਾਲ ਇਸ ਮੁੱਢਲੀ, ਅਗੰਮੀ ਤੇ ਨਾਦੀ ਆਵਾਜ਼ ਦੇ ਗੁਣਾਂ ਦਾ ਉਚਾਰਨ ਕਰਨਾ ‘ਨਾਮ’ ਹੈ। ਸੋ ਜਿਸ ਤਰ੍ਹਾਂ ਇਹ ਜੀਭ ਇਕ ਅਨਹਦ ਸ਼ਬਦ ਦੀ ਤਰਜਮਾਨੀ ਕਰਦੀ ਹੈ, ਉਸ ਨੂੰ ‘ਨਾਮ’ ਕਹਿੰਦੇ ਹਨ। ਸੋ ਨਾਮ ਦਾ ਭਾਵ ਹੈ ਰੱਬ ਦੇ ਗੁਣਾਂ ਦਾ ਜੀਭ ਰਾਹੀਂ ਬਿਆਨ ਕਰਨਾ।

ਭਾਰਤੀ ਰਿਸ਼ੀਆਂ ਤੇ ਮਹਾਂਪੁਰਖਾਂ ਨੇ ਇਹ ਯਤਨ ਕੀਤਾ ਕਿ ਇਸ ਅਨਹਦ ਸ਼ਬਦ ਦਾ ਕੋਈ ਨਾਮ ਰੱਖਿਆ ਜਾਏ। ਬਹੁਤ ਸਾਰੇ ਲੋਕਾਂ ਨੇ ਇਸ ਆਵਾਜ਼ ਨੂੰ ਕਿਸੇ ਦੇਵਤੇ ਦੀ ਸ਼ਕਲ ਵਿਚ ਸਾਕਾਰ ਕੀਤਾ। ਕਿਸੇ ਨੇ ਇਕ ਦੇਵਤੇ ਦੀ ਸ਼ਕਲ ਵਿਚ ਅਤੇ ਕਿਸੇ ਨੇ ਕਿਸੇ ਹੋਰ ਦੇਵਤੇ ਦੀ ਸ਼ਕਲ ਵਿਚ ਸਾਕਾਰ ਕੀਤਾ। ਕਿਸੇ ਨੇ ਕਿਸੇ ਗੁਣ ਨੂੰ ਸਾਕਾਰ ਕੀਤਾ ਤੇ ਕਿਸੇ ਨੇ ਕਿਸੇ ਗੁਣ ਨੂੰ। ਇਸ ਤਕ ਰੱਬ ਦੇ ਬੜੇ ਨਾਮ ਬਣ ਗਏ ਜਿਵੇਂ ਕਿ ਈਸ਼੍ਵਰ, ਅੱਲਾ, ਰਾਮ, ਨਾਰਾਇਣ, ਭਗਵਾਨ, ਹਰੀ ਆਦਿ। ਭਾਰਤੀ ਰਿਸ਼ੀਆਂ ਨੇ ਰੱਬ ਨੂੰ ਸਰਗੁਣ ਰੂਪ ਵਿਚ ਬਿਆਨ ਕਰਨ ਲਈ ‘ਓਮ’ ਦਾ ਪਦ ਵਰਤਿਆ। ਇਹ ਰੱਬ ਦਾ ਇਕ ਅਜਿਹਾ ਨਾਮ ਹੈ ਜੋ ਉਸ ਦੇ ਜ਼ਰੂਰੀ ਗੁਣਾਂ ਦੀ ਪ੍ਰਤੀਨਿਧਤਾ ਕਰਦਾ ਹੈ ਜਿਵੇਂ ਕਿ ਰੱਬ ਦਾ ਸਰਬਵਿਆਪਕ ਹੋਣਾ ਅਤੇ ਅਗੰਮ ਅਤੇ ਅਗੋਚਰ ਹੋਣਾ। ਇਹ ਸ਼ਬਦ ‘ਓਮ’ ਸੰਸਕ੍ਰਿਤ ਦਾ ਸ਼ਬਦ ਹੈ। ਇਸ ਨੂੰ ਤਿੰਨ ਅੱਖਰਾਂ- ਓ, ਅ, ਮ- ਤੋਂ ਬਣਿਆ ਦੱਸਿਆ ਗਿਆ ਹੈ। ‘ਓ’ ਪਹਿਲੀ ਆਵਾਜ਼ ਹੈ ਜੋ ਮਨੁੱਖੀ ਜੀਵ ਕੱਢ ਸਕਦੀ ਹੈ। ‘ਅ’ ਉਹ ਆਵਾਜ਼ ਹੈ ਜੋ ਸਾਹ ਨੂੰ ਸਾਰੀ ਜ਼ਬਾਨ ’ਤੇ ਫੇਰ ਕੇ ਕੱਢੀ ਜਾਂਦੀ ਹੈ। ‘ਮ’ ਦੀ ਆਵਾਜ਼ ਬੁੱਲ੍ਹ ਮੀਟਣ ਨਾਲ ਪੈਦਾ ਹੁੰਦੀ ਹੈ। ਇਨ੍ਹਾਂ ਤਿੰਨਾਂ ਆਵਾਜ਼ਾਂ ਦਾ ਮੇਲ ‘ਓਮ’ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੀ ਪ੍ਰਚੱਲਤ ਜ਼ਬਾਨ ਵਿਚ ਇਸ ਦਾ ਨਾਮ ਓਅੰਕਾਰ (ਓ) ਰੱਖਿਆ ਜਿਸ ਦਾ ਭਾਵ ਹੈ ਸਰਬ-ਵਿਆਪਕ ਤੇ ਅਗੰਮ ਤੇ ਅਗਾਧ ਪਰਮਾਤਮਾ। ਸੋ ‘ਓਅੰਕਾਰ’ ਦਾ ਪਦ ਅਤੇ ਸ਼ਬਦ ਤੇ ਨਾਮ ਰੱਬ ਦੇ ਪ੍ਰਗਟ ਰੂਪ ਹਨ।

ਜਿਤਨੇ ਪਦ ਵੀ ਰੱਬ ਲਈ ਵਰਤੇ ਗਏ ਹਨ, ਉਹ ਰੱਬ ਦੇ ਖਾਸ-ਖਾਸ ਗੁਣ ਵਿਸ਼ੇਸ਼ਤਾ ਦੱਸਦੇ ਹਨ, ਸਾਰਿਆਂ ਦੀ ਨਹੀਂ। ਇਨ੍ਹਾਂ ਨਾਵਾਂ ਦਾ ਨਿਰਭਰ ਦੇਸ਼ ਦੀ ਭਾਸ਼ਾ ਉੱਤੇ ਹੁੰਦਾ ਹੈ ਜੋ ਬਿਆਨ ਕਰਨ ਵਾਲਾ ਵਰਤਦਾ ਹੈ। ਇਸ ਤਰ੍ਹਾਂ ਰੱਬ ਦੇ ਪ੍ਰਚੱਲਤ ਨਾਮ ਰੱਬ ਦੇ ਗੁਣਾਂ ਬਾਰੇ ਵਿਭਿੰਨ ਖਿਆਲ ਬਣ ਜਾਂਦੇ ਹਨ ਅਤੇ ਰੱਬ ਦਾ ਅਸਲੀ ਨਾਮ ਦੱਸਣਾ ਔਖਾ ਹੋ ਜਾਂਦਾ ਹੈ। ਮਿਸਾਲ ਵਜੋਂ ਵੇਦਾਂਤ ਵਿਚ ‘ਈਸ਼੍ਵਰ’ ਰੱਬ ਦਾ ਕੇਵਲ ਸਰਗੁਣ ਸਰੂਪ ਹੈ। ਇਸ ਲਈ ‘ਈਸ਼੍ਵਰ’ ਦਾ ਸ਼ਬਦ ਉਸ ਦੇ ਮੁੱਖ ਸੰਕਲਪ ਨੂੰ ਪੂਰਾ ਨਹੀਂ ਦਰਸਾਉਂਦਾ। ਜਿਸ ਅਨੁਸਾਰ ਰੱਬ ਆਪ ਹੀ ਨਿਰਗੁਣ ਹੈ ਅਤੇ ਆਪ ਹੀ ਸਰਗੁਣ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਸ਼ਬਦ ਦੇ ਸਾਰ ਦਾ ਨਾਉਂ ਹੀ ‘ਨਾਮ’ ਰੱਖ ਦਿੱਤਾ ਹੈ। ਸੋ ‘ਸ਼ਬਦ’ ਤੇ ‘ਨਾਮ’ ਸਮਾਨਾਰਥਕ ਹਨ। ਇਸ ਲਈ ਰੱਬ ਦੀ ਸਰਗੁਣਤਾ ਸ਼ਬਦ ਤੇ ਨਾਮ ਇੱਕੋ ਮੰਡਲ ਦੀਆਂ ਵਸਤਾਂ ਹਨ:

ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ॥ (ਪੰਨਾ ੧੦੩੮)

ਹਿਰਦੈ ਸਾਚੁ ਵਸੈ ਹਰਿ ਨਾਇ॥
ਕਾਲੁ ਨ ਜੋਹਿ ਸਕੈ ਗੁਣ ਗਾਇ॥
ਨਾਨਕ ਗੁਰਮੁਖਿ ਸਬਦਿ ਸਮਾਇ॥ (ਪੰਨਾ ੨੨੭)

ਨਾਮ ਲੈਣ ਦਾ ਭਾਵ ਹੈ ਨਾਮ ਦੀ ਸੋਝੀ ਪ੍ਰਾਪਤ ਕਰਨਾ। ਉਹ ਕਿਹੜਾ ਪਦ ਜਾਂ ਵਾਕ ਹੈ ਜਿਸ ਨਾਲ ਅਨਹਦ ਸ਼ਬਦ ਜਾਂ ਰੱਬ ਨੂੰ ਬਿਆਨਿਆ ਜਾਏ ਅਤੇ ਉਸ ਦੀ ਮਹਿਮਾ ਕੀਤੀ ਜਾਏ। ਸੱਚਾ ਗੁਰੂ ਆਪਣੇ ਸਿੱਖ ਨੂੰ ਰੱਬ ਦੀ ਪ੍ਰਸ਼ੰਸਾ ਵਿਚ ਕੋਈ ਸ਼ਬਦ ਦੱਸਦਾ ਹੈ ਜਿਸ ਨੂੰ ਧਿਆਨ ਵਿਚ ਰੱਖਣ ਨਾਲ ਹਰ ਵੇਲੇ ਰੱਬ ਯਾਦ ਰਹਿੰਦਾ ਹੈ। ਇਹ ਪਦ ਬੇਅੰਤ ਹੋ ਸਕਦੇ ਹਨ, ਜਿਵੇਂ ਕਿ ‘ਵਾਹਿਗੁਰੂ’, ‘ਸਤਿ ਨਾਮੁ’, ‘ਓਅੰਕਾਰ’ ਆਦਿ। ਇਨ੍ਹਾਂ ਸ਼ਬਦਾਂ ਦਾ ਭਾਵ-ਅਰਥ ਸਮਝ ਕੇ ਰੱਬ ਨੂੰ ਹਰ ਵੇਲੇ ਧਿਆਨ ਵਿਚ ਰੱਖੀਦਾ ਹੈ:

ਪੂਰੇ ਗੁਰ ਤੇ ਨਾਮੁ ਪਾਇਆ ਜਾਇ॥
ਸਚੈ ਸਬਦਿ ਸਚਿ ਸਮਾਇ॥ (ਪੰਨਾ ੫੬੦)

ਨਾਮ ਦੇਣ ਦਾ ਭਾਵ ਇਹ ਹੈ ਕਿ ਗੁਰੂ ਆਪਣੇ ਸਿੱਖ ਨੂੰ ਕੁਝ ਪਦ ਦੱਸਦੇ ਹਨ, ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਰੱਬ ਦੀ ਪ੍ਰਸ਼ੰਸਾ ਕਰਨੀ ਹੈ:

ਤਿਨਾ੍ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ॥
ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ॥ (ਪੰਨਾ ੭੨੯)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਡੇ ਲਈ ਇਹ ਪਦ ਨੀਯਤ ਕਰ ਦਿੱਤੇ ਹਨ ਜਿਵੇਂ ਕਿ ‘੧ ਓਅੰਕਾਰ’, ‘ਸਤਿਨਾਮੁ’, ਵਾਹਿਗੁਰੂ! ਓਅੰਕਾਰ ਦਾ ਭਾਵ ਹੈ ਸਰਬਵਿਆਪਕ ਅਤੇ ਅਗੰਮ ਪਰਮਾਤਮਾ। ਸਤਿ ਨਾਮੁ ਦਾ ਭਾਵ ਹੈ ਉਹ ਪਰਮਾਤਮਾ ਜੋ ਸਾਰੇ ਬ੍ਰਹਿਮੰਡ ਦਾ ਸਾਰ ਹੈ ਅਤੇ ਅਨਾਦੀ ਹੈ। ਵਾਹਿਗੁਰੂ ਦਾ ਭਾਵ ਹੈ ਉਹ ਸ਼ਬਦ ਜੋ ਪਰਮਾਤਮਾ ਦਾ ਸਰਗੁਣ ਸਰੂਪ ਹੈ ਅਤੇ ਉਹ ਸਰਗੁਣ ਰੂਪ ਜਿਸ ਨੂੰ ਵੇਖ ਕੇ ਮਨੁੱਖ ਵਿਸਮਾਦ ਵਿਚ ਆ ਜਾਂਦਾ ਹੈ। ਇਨ੍ਹਾਂ ਸਭ ਦੇ ਭਾਵ-ਅਰਥ ਹੋਰ ਅੱਗੇ ਬਹੁਤ ਹਨ ਪਰ ਇਹ ਸਾਰ ਰੂਪ ਵਿਚ ਦਿੱਤੇ ਗਏ ਹਨ।

ਸਿੱਖ ਧਰਮ ਵਿਚ ਨਾਮ ਜਪਣ ਦਾ ਭਾਵ ਹਰ ਵੇਲੇ ਪਰਮਾਤਮਾ ਦਾ ਚੇਤੰਨ ਰਹਿਣਾ ਅਤੇ ਉਸ ਨੂੰ ਧਿਆਨ ਵਿਚ ਰੱਖਣਾ ਹੈ, ਉਸ ਨੂੰ ਹਾਜ਼ਰ-ਨਾਜ਼ਰ ਸਮਝਣਾ ਹੈ, ਉਸ ਨੂੰ ਸਰਬਵਿਆਪਕ, ਅਗਮ, ਅਗੋਚਰ, ਸਰਬਸ਼ਕਤੀਮਾਨ, ਕਾਦਰ, ਕਰੀਮ, ਰਹੀਮ-ਪਿਆਰ ਤੇ ਨਦਰ ਸਮਝਣਾ ਹੈ ਅਤੇ ਉਸ ਦੀ ਰਜ਼ਾ ਵਿਚ ਚੱਲਣਾ ਹੈ। ਨਾਮ ਜਪਣ ਦਾ ਭਾਵ ਇਹ ਨਹੀਂ ਕਿ ਦੁਨੀਆਂ ਦਾ ਕਾਰ-ਵਿਹਾਰ ਛੱਡ ਕੇ, ਕਿਸੇ ਨੁੱਕਰੇ ਬੈਠ ਕੇ ਨਾਮ ਦਾ ਰਟਣ ਕੀਤਾ ਜਾਏ ਅਤੇ ਸਰੀਰ ਨੂੰ ਤਸੀਹੇ ਦਿੱਤੇ ਜਾਣ।

ਨਾਮ-ਸਿਮਰਨ ਦਾ ਮਨੁੱਖ ਦੇ ਅਰਧ-ਚੇਤ ਮਨ ਉੱਤੇ ਡੂੰਘਾ ਅਸਰ ਪੈਂਦਾ ਹੈ। ਮਨੁੱਖ ਸੁਆਰਥਹੀਣ ਬਣ ਜਾਂਦਾ ਹੈ। ਸ਼ਬਦ ਦਾ ਭਾਵ ਆਤਮਾ ਵਿਚ ਵੱਸ ਜਾਂਦਾ ਹੈ। ਇਸ ਤਰ੍ਹਾਂ ਨਾਮ ਜਪਣ ਵਾਲੇ ਦੀ ਆਤਮਾ ਸਤਿ ਨਾਲ ਇਕਮਿਕ ਹੋ ਜਾਂਦੀ ਹੈ:

ਨਾਮੇ ਰਾਤੇ ਹਉਮੈ ਜਾਇ॥
ਨਾਮਿ ਰਤੇ ਸਚਿ ਰਹੇ ਸਮਾਇ॥
ਨਾਮਿ ਰਤੇ ਜੋਗ ਜੁਗਤਿ ਬੀਚਾਰੁ॥
ਨਾਮਿ ਰਤੇ ਪਾਵਹਿ ਮੋਖ ਦੁਆਰੁ॥ (ਪੰਨਾ ੯੪੧)

ਨਾਮ ਜਪਣ ਦਾ ਅਸਲੀ ਭਾਵ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਕੀਤੀ ਗੋਸ਼ਟੀ ਤੋਂ ਸਮਝ ਆਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਹਠ-ਜੋਗ ਦੇ ਸਖ਼ਤ ਵਿਰੋਧੀ ਸਨ। ਹਠ ਜੋਗ ਘਰ-ਬਾਰ ਛੱਡਣ ਦਾ ਤੇ ਮੰਗ ਕੇ ਖਾਣ ਦਾ ਸਮਰਥਨ ਕਰਦਾ ਸੀ। ਇਹ ਮਨੁੱਖੀ ਖਾਹਿਸ਼ਾਂ ਨੂੰ ਬਿਲਕੁਲ ਮਾਰ ਦੇਣ ਦੇ ਹੱਕ ਵਿਚ ਸੀ। ਉਨ੍ਹਾਂ ਦਾ ਮਨੋਰਥ ਡੂੰਘੀ ਤਪੱਸਿਆ ਨਾਲ ਸੁੰਨ ਅਵਸਥਾ ਵਿਚ ਜਾਣ ਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਿਆਲ ਵਿਚ ਇਹ ਸਾਰੇ ਤਰੀਕੇ ਮਨੁੱਖ ਨੂੰ ਮੁਕਤੀ ਵੱਲ ਨਹੀਂ ਲੈ ਜਾਂਦੇ। ਜੋਗੀ ਦਾ ਮਨੋਰਥ ਸੰਜੋਗ ਨਹੀਂ ਬਲਕਿ ਵਿਜੋਗ ਹੈ। ਉਹ ਪ੍ਰਕਿਰਤੀ ਤੇ ਪੁਰਸ਼ ਨੂੰ ਵੱਖਰਾ ਕਰ ਕੇ ਰਿਧੀਆਂ-ਸਿਧੀਆਂ ਪ੍ਰਾਪਤ ਕਰਨਾ ਚਾਹੁੰਦਾ ਹੈ ਜਿਸ ਨਾਲ ਹਉਮੈ ਵਧਦੀ ਹੈ ਜੋ ਮਨੁੱਖ ਨੂੰ ਰੱਬ ਪਾਸੋਂ ਦੂਰ ਲੈ ਜਾਂਦੀ ਹੈ। ਕੋਈ ਸਧਾਰਨ ਜੀਵਨ ਬਤੀਤ ਕਰਨ ਵਾਲਾ ਮਨੁੱਖ ਹਠ ਜੋਗ ਦੇ ਤਰੀਕੇ ਨਹੀਂ ਅਪਣਾ ਸਕਦਾ। ਨਾਮ ਜਪਣ ਨਾਲ ਹਉਮੈ ਘਟਦੀ ਹੈ, ਮਨੁੱਖ ਰੱਬ ਦੇ ਹੁਕਮ ਅਨੁਸਾਰ ਚੱਲਦਾ ਹੈ ਅਤੇ ਉਸ ਦੇ ਨਜ਼ਦੀਕ ਹੁੰਦਾ ਚਲਾ ਜਾਂਦਾ ਹੈ। ਸੋ ਜੋਗ ਮੁਕਤੀ ਦਾ ਸਾਧਨ ਨਹੀਂ। ਨਾਮ ਜਪਣਾ ਹੀ ਮੁਕਤੀ ਦਾ ਅਸਲੀ ਸਾਧਨ ਹੈ:

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ॥
ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ॥
ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ॥
ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ॥
ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ॥
ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ॥ (ਪੰਨਾ ੯੪੬)

ਸਤ-ਚਿਤ-ਅਨੰਦ

ਇਹ ਦ੍ਰਿਸ਼ਟਮਾਨ ਬ੍ਰਹਿਮੰਡ ਅਸਲੀਅਤ ਨਹੀਂ। ਇਸ ਦੇ ਪਿੱਛੇ ਕੋਈ ਅਦ੍ਰਿਸ਼ਟ ਹੈ ਜੋ ਇਸ ਬ੍ਰਹਿਮੰਡ ਦਾ ਸਾਰ ਹੈ ਪਰ ਦਿੱਸਦਾ ਨਹੀਂ। ਸਾਰਾ ਬ੍ਰਹਿਮੰਡ ਉਸ ਦਾ ਬਣਿਆ ਹੋਇਆ ਹੈ, ਇਸ ਨੂੰ ਬ੍ਰਹਮ ਕਹਿੰਦੇ ਹਨ। ਇਸੇ ਹੀ ਤਰ੍ਹਾਂ ਇਸ ਮਨੁੱਖ ਦਾ ਸਾਰ ਆਤਮਾ ਹੈ। ਇਹ ਆਤਮਾ ਤੇ ਬ੍ਰਹਮ ਇਕ ਹਨ। ਇਹ ਬ੍ਰਹਮ- ਆਤਮ ਬ੍ਰਹਿਮੰਡ ਦਾ ਸਾਰ ਹੈ। ਇਹੋ ਪਰਮ-ਆਤਮਾ ਹੈ। ਇਹੋ ਰੱਬ ਹੈ, ਇਸ ਲਈ ਰੱਬ ਸਤਿ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ॥ (ਪੰਨਾ ੫੯੮)

ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ॥ (ਪੰਨਾ ੧੧੫੩)

ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:

ਸਤਿ ਸਤਿ ਸਤਿ ਪ੍ਰਭੁ ਸੁਆਮੀ॥
ਗੁਰ ਪਰਸਾਦਿ ਕਿਨੈ ਵਖਿਆਨੀ॥ (ਪੰਨਾ ੨੭੯)

ਜੀਵ (ਮਨੁੱਖ) ਚੇਤੰਨਤਾ ਰੱਖਦਾ ਹੈ। ਇਸ ਨੂੰ ਆਪਣੇ ਆਲੇ-ਦੁਆਲੇ ਦਾ ਗਿਆਨ ਹੁੰਦਾ ਹੈ ਜੋ ਪੱਥਰਾਂ ਨੂੰ ਨਹੀਂ ਹੁੰਦਾ। ਇਹ ਤਦ ਹੁੰਦਾ ਹੈ ਕਿ ਇਸ ਵਿਚ ਜ਼ਿੰਦਗੀ ਅਤੇ ਇਹ ਜ਼ਿੰਦਗੀ ਇਸ ਵਿਚ ਤਾਂ ਆਉਂਦੀ ਹੈ ਜਦੋਂ ਇਸ ਵਿਚ ਆਤਮਾ ਪ੍ਰਵੇਸ਼ ਕਰਦੀ ਹੈ। ਆਤਮਾ ਤੇ ਚੇਤੰਨਤਾ ਇਕੱਠੀਆਂ ਆਉਂਦੀਆਂ ਹਨ। ਇਹੋ ਜੀਵ ਦੀ ਨਿਸ਼ਾਨੀ ਹੈ। ਆਤਮਾ ਪਰਮ-ਆਤਮਾ ਦਾ ਅੰਗ ਹੈ। ਤਾਂ ਫਿਰ ਇਹ ਚੇਤੰਨਤਾ ਭੀ ਉਸ ਰੱਬ ਦਾ ਅੰਗ ਹੈ। ਸੋ ਜਿੱਥੇ ਰੱਬ ਪਰਮ-ਆਤਮਾ ਹੈ, ਓਥੇ ਰੱਬ ਪਰਮ-ਚਿੱਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਓਅੰਕਾਰਿ ਬ੍ਰਹਮਾ ਉਤਪਤਿ॥
ਓਅੰਕਾਰੁ ਕੀਆ ਜਿਨਿ ਚਿਤਿ॥ (ਪੰਨਾ 929)

ਉਪਨਿਸ਼ਦਾਂ ਅੰਦਰ ਰਿਸ਼ੀ ਭ੍ਰਿਗੂ ਅਤੇ ਉਸ ਦੇ ਪਿਤਾ ਵਰਨ ਵਿਚਕਾਰ ਹੋਇਆ ਵਾਰਤਾਲਾਪ ਇਸ ਤਰ੍ਹਾਂ ਦੱਸਿਆ ਹੈ-

ਭ੍ਰਿਗੂ : ਬ੍ਰਹਮ ਦੀ ਕੀ ਵਿਸ਼ੇਸ਼ਤਾ ਹੈ? ਉਸ ਦੇ ਕੀ ਗੁਣ ਹਨ?
 
ਵਰਨ : ਬ੍ਰਹਮ ਉਹ ਹੈ ਜਿਸ ਵਿੱਚੋਂ ਸਾਰੇ ਬ੍ਰਹਿਮੰਡ ਦੀਆਂ ਵਸਤਾਂ ਪੈਦਾ ਹੁੰਦੀਆਂ ਹਨ, ਜਿਸ ਦੇ ਸਹਾਰੇ ਉਹ ਜੀਉਂਦੀਆਂ ਹਨ ਅਤੇ ਜਿਸ ਵਿਚ ਮਰਨ ਦੇ ਬਾਅਦ ਉਹ ਸਮਾ ਜਾਂਦੀਆਂ ਹਨ।

ਸਤਿ ਦੀ ਖੋਜ ਕਰਦਿਆਂ ਭ੍ਰਿਗੂ ਨੇ ਬ੍ਰਹਮ ਬਾਰੇ ਇਹ ਚੀਜ਼ਾਂ ਲੱਭੀਆਂ:-

(ੳ) ਖੁਰਾਕ, ਅੰਨ, ਭਾਵ ਮਾਦਾ – ਇਹ ਭੌਤਿਕ ਹੋਂਦ ਲਈ ਜ਼ਰੂਰੀ ਹੈ। ਪਰ ਇਹ ਮਾਦਾ ਤਾਂ ਬਾਹਰਲਾ ਖੋਲ ਹੈ ਜਿਸ ਦੇ ਅੰਦਰ ਪ੍ਰਾਣ ਭਾਵ ਜ਼ਿੰਦਗੀ ਹੈ।

(ਅ) ਮਨ – ਇਹ ਪ੍ਰਾਣਾਂ ਜਾਂ ਜ਼ਿੰਦਗੀ ਦਾ ਆਧਾਰ ਹੈ ਪਰ ਇਹ ਵੀ ਅੱਗੇ ਉਪਜ ਜਾਂ ਗੁਣਨਫਲ ਹੈ ਅਤੇ ਬ੍ਰਹਮ ਜਾਂ ਮੂਲ ਨਹੀਂ।

(ੲ) ਬੌਧਿਕ ਚੇਤੰਨਤਾ – ਫਿਰ ਉਹ ਸੋਚਦਾ ਹੈ ਕਿ ਸ਼ਾਇਦ ਬੌਧਿਕ ਚੇਤੰਨਤਾ ਅੰਤਮ ਸਤਿ ਹੋਵੇ ਪਰ ਇਹ ਵੀ ਉਸ ਨੇ ਅਧੂਰਾ ਤੇ ਅਪੂਰਨ ਸਮਝਿਆ।

(ਸ) ਅਨੰਦ – ਅਖੀਰ ਉਹ ਇਸ ਅੰਤਮ ਸਤਿ ਉੱਤੇ ਪੁੱਜਾ ਕਿ ਬ੍ਰਹਮ ਅਨੰਦ ਹੈ। ਉਹ ਆਪ ਪਰਮ ਚੇਤੰਨਤਾ ਅਤੇ ਚੇਤੰਨ ਰੂਪ ਵਿਚ ਆਪ ਅਨੰਦ ਮਾਣ ਰਿਹਾ ਹੈ। ਤੈਤੀਰੀਆ ਉਪਨਿਸ਼ਦ ਵਿਚ ਲਿਖਿਆ ਹੈ।

“ਬ੍ਰਹਮ ਆਪ ਅਨੰਦ ਸਰੂਪ ਹੈ ਅਤੇ ਇਹ ਛੋਟੀਆਂ-ਛੋਟੀਆਂ ਖੁਸ਼ੀਆਂ ਜੋ ਮਨੁੱਖ ਆਪਣੇ ਜੀਵਨ ਵਿਚ ਮਾਣਦਾ ਹੈ, ਰੱਬ ਦੇ ਉਸ ਅਸੀਮਿਤ ਤੇ ਮਹਾਨ ਅਨੰਦ ਦਾ ਇਕ ਮਾਮੂਲੀ ਜਿਹਾ ਅੰਸ਼ ਹਨ।”

ਇਸ ਬ੍ਰਹਿਮੰਡ ਵਿਚ ਪਾਈ ਜਾਂਦੀ ਖੁਸ਼ੀ ਜਾਂ ਅਨੰਦ ਦੀ ਇਕਾਈ ਇਕ ਅਜਿਹਾ ਮਨੁੱਖ ਹੈ ਜੋ ਚੰਗਾ ਆਚਾਰ ਤੇ ਚੰਗੀ ਸੁਚੱਜਤਾ ਰੱਖਦਾ ਹੋਵੇ, ਚੰਗਾ ਵਿਦਵਾਨ ਹੋਵੇ, ਚੰਗਾ ਉਪਜਾਊ ਸੂਝ ਰੱਖਦਾ ਹੋਵੇ, ਆਸ਼ਾਵਾਦੀ ਹੋਵੇ, ਇਰਾਦੇ ਦਾ ਪੱਕਾ ਹੋਵੇ ਅਤੇ ਚੰਗੀ ਸਿਹਤ ਤੇ ਲੋੜੀਂਦੀ ਦੌਲਤ ਰੱਖਦਾ ਹੋਵੇ। ਮਨੁੱਖੀ ਅਤੇ ਦੈਵੀ ਖੁਸ਼ੀ ਇਸ ਇਕਾਈ ਦਾ ਕੋਈ ਗੁਣਨਫਲ ਹੁੰਦੀ ਹੈ। ਫਰਿਸ਼ਤੇ, ਦੇਵਤੇ ਤੇ ਉਚੇਰੇ ਦੇਵ ਸਮੇਤ ਪਰਜਾ ਪਤੀ, ਖੁਸ਼ੀ, ਇਸ ਇਕਾਈ ਦੇ ਕਿਸੇ ਗੁਣਨਫਲ ਦੇ ਬਰਾਬਰ ਮਾਣਦੇ ਹਨ। ਇਕ ਯੁਵਕ ਤੋਂ ਲੈ ਕੇ, ਪਰਜਾ ਪਤੀ ਤਕ, ਹਰ ਇਕ ਦੇ ਸਮਾਨੰਤਰ ਉਸ ਮਨੁੱਖ ਦੀ ਖੁਸ਼ੀ ਹੈ ਜੋ ਬ੍ਰਹਮ (ਪਰਮਾਤਮਾ) ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਆਪਣੀਆਂ ਇੰਦ੍ਰਿਆਵੀ ਖਾਹਿਸ਼ਾਂ ਦਾ ਗ਼ੁਲਾਮ ਨਹੀਂ ਰਹਿੰਦਾ। ਰੂਹਾਨੀ ਪ੍ਰਾਪਤੀ ਮਨੁੱਖ ਨੂੰ ਅਸੀਮਿਤ ਖੁਸ਼ੀ ਦਿੰਦੀ ਹੈ ਕਿਉਂਕਿ ਉਹ ਮਨੁੱਖ ਨੂੰ ਰੱਬ (ਬ੍ਰਹਮ) ਨਾਲ ਇਕਮਿਕ ਕਰ ਦਿੰਦੀ ਹੈ ਜਿਹੜਾ ਕਿ ਆਪ ਸਾਰੇ ਅਨੰਦ ਦਾ ਇਕ ਅਥਾਹ ਸਾਗਰ ਹੈ ਅਤੇ ਬਾਕੀ ਸਾਰੇ ਮਨੁੱਖ ਜਾਂ ਦੇਵ ਉਸ ਦੇ ਮਾਮੂਲੀ ਕਿਣਕੇ ਹਨ। ਇਹੀ ਮਨੁੱਖ ਦਾ ਸਭ ਤੋਂ ਵੱਡਾ ਕਮਾਲ ਹੈ। ਅਜਿਹਾ ਆਦਮੀ ਮਨੁੱਖਾਂ ਵਿਚ ਇਕ ਸਭ ਤੋਂ ਵੱਡਾ ਦੇਵ ਹੈ। ਬ੍ਰਹਮ ਦਾ ਗਿਆਨ ਰੱਖਣ ਵਾਲੇ ਦਾ ਇਹ ਅਨਾਦੀ ਤੇਜ-ਪ੍ਰਤਾਪ ਹੈ। ਮਨੁੱਖ ਲਈ ਇਹ ਖੁਸ਼ੀ ਅਨੰਦ ਦੀ ਟੀਸੀ ਹੈ।

ਸਿੱਖ ਧਰਮ  ਅੰਦਰ  ਸਤ-ਚਿਤ-ਅਨੰਦ :

ਸਿੱਖ ਧਰਮ ਪਾਰਬ੍ਰਹਮ ਦੇ ਇਹ ਤਿੰਨੇ ਰੂਪ ਮੰਨਦਾ ਹੈ: ਰੱਬ ਸਤਿ ਹੈ, ਚਿਤ ਹੈ ਅਤੇ ਅਨੰਦ ਹੈ।

(ੳ) ਪਾਰਬ੍ਰਹਮ ਸਤਿ ਹੈ – ਇਹ ਸਾਰੇ ਬ੍ਰਹਿਮੰਡ ਦਾ ਸਾਰ ਹੈ। ਮੂਲਮੰਤਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

(ਅ) ਪਾਰਬ੍ਰਹਮ ਚਿਤ ਸਰੂਪ ਹੈ – ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਓਅੰਕਾਰਿ ਬ੍ਰਹਮਾ ਉਤਪਤਿ॥
ਓਅੰਕਾਰੁ ਕੀਆ ਜਿਨਿ ਚਿਤਿ॥
ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥ (ਪੰਨਾ ੯੨੯)

ਸ਼ਬਦ ਤੋਂ ਹੀ ਬ੍ਰਹਿਮੰਡ ਦੀ ਉਤਪਤੀ ਹੋਈ। ਓਅੰਕਾਰ ਤੋਂ ਹੀ ਚੇਤੰਨਤਾ ਪੈਦਾ ਹੋਈ। ਓਅੰਕਾਰ ਤੋਂ ਹੀ ਦੇਸ਼ ਤੇ ਕਾਲ ਰਚੇ ਗਏ। ਓਅੰਕਾਰ ਤੋਂ ਹੀ ਗਿਆਨ ਪੈਦਾ ਹੋਇਆ। ਸੋ ਪਰਮਾਤਮਾ ਪਰਮਸਤਿ ਹੈ ਅਤੇ ਪਰਮ-ਚਿਤ ਭੀ ਹੈ।

(ੲ) ਬ੍ਰਹਮ ਆਪ ਅਨੰਦ ਸਰੂਪ ਹੈ – ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਆਨੰਦ ਰੂਪੁ ਅਨੂਪੁ ਸਰੂਪਾ ਗੁਰਿ ਪੂਰੈ ਦੇਖਾਇਆ॥  (ਪੰਨਾ ੧੦੪੧)

ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ॥ (ਪੰਨਾ ੧੦੪੨)

ਸੋ ਪਰਮਾਤਮਾ ਸਤ-ਚਿਤ-ਅਨੰਦ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ

ਸਤਿ ਸੁਹਾਣੁ ਸਦਾ ਮਨਿ ਚਾਉ॥ (ਪੰਨਾ ੪)

ਇਸ ਪ੍ਰਥਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ‘ਜਾਪੁ ਸਾਹਿਬ’ ਅੰਦਰ ਫ਼ਰਮਾਉਂਦੇ ਹਨ:

ਸਦਾ ਸਚਦਾਨੰਦ ਸਰਬੰ ਪ੍ਰਣਾਸੀ॥

ਹੇ ਵਾਹਿਗੁਰੂ! ਤੂੰ ਸਦਾ ਸੱਚਮੁਚ ਮੌਜੂਦ ਹੈਂ; ਤੂੰ ਚੇਤੰਨ ਹੈਂ (ਸਭ ਕੁਝ ਜਾਣਨ ਵਾਲਾ ਹੈਂ) ਤੂੰ ਅਨੰਦ ਜਾਂ ਖੁਸ਼ੀ ਦਾ ਘਰ ਹੈਂ।

ਮੁਕਤੀ

ਇਹ ਮਨੁੱਖ ਆਤਮਾ ਅਤੇ ਸਰੀਰ ਦਾ ਮੇਲ ਹੈ। ਇਹ ਭੌਤਿਕ ਸਰੀਰ ਇੰਦ੍ਰਿਆਵਾਂ ਤੇ ਤ੍ਰਿਸ਼ਨਾਵਾਂ ਦਾ ਬਣਿਆ ਹੋਇਆ ਹੈ। ਇਹ ਤ੍ਰਿਸ਼ਨਾਵਾਂ ਬੜੀਆਂ ਪ੍ਰਬਲ ਹਨ। ਇਨ੍ਹਾਂ ਦੀ ਪੂਰਨ ਸੰਤੁਸ਼ਟੀ ਕਦੀ ਨਹੀਂ ਹੁੰਦੀ ਜਿਸ ਕਾਰਨ ਮਨੁੱਖ ਹਮੇਸ਼ਾਂ ਦੁਖੀ ਰਹਿੰਦਾ ਹੈ। ਸੋ ਇਹ ਮਨੁੱਖ ਇਨ੍ਹਾਂ ਤ੍ਰਿਸ਼ਨਾਵਾਂ ਦਾ ਗ਼ੁਲਾਮ ਭੀ ਹੈ ਅਤੇ ਇਸੇ ਕਾਰਨ ਦੁਖੀ ਭੀ ਹੈ। ਕਿਹਾ ਜਾਂਦਾ ਹੈ ਕਿ ਮਨੁੱਖ ਪਾਸ ਬੁੱਧੀ ਹੈ ਅਤੇ ਇਹ ਤਰਕ-ਯੁਕਤ ਹੈ। ਅਸਲੀਅਤ ਇਹ ਹੈ ਕਿ ਸਧਾਰਨ ਇਨਸਾਨ ਆਪਣੀਆਂ ਭੌਤਿਕ ਤ੍ਰਿਸ਼ਨਾਵਾਂ ਅਤੇ ਜਜ਼ਬਿਆਂ ਦੇ ਆਸਰੇ ਬਹੁਤਾ ਤੁਰਦਾ ਹੈ ਅਤੇ ਤਰਕ ਦੇ ਆਸਰੇ ਘੱਟ। ਇਸ ਨੂੰ ਜਰਮਨ ਫ਼ਿਲਾਸਫ਼ਰ ਸ਼ਾਪਨਹਰ ‘Will to live’ ਦਾ ਨਾਂ ਦੇਂਦਾ ਹੈ। ਸੋ ਮਨੁੱਖ ਹਰ ਵੇਲੇ ਆਪਣੀਆਂ ਤ੍ਰਿਸ਼ਨਾਵਾਂ ਦਾ ਗ਼ੁਲਾਮ ਰਹਿੰਦਾ ਹੈ। ਮੁਕਤੀ ਸ਼ਬਦ ਦਾ ਭਾਵ ਇੰਦ੍ਰਿਆਵੀ ਖਾਹਿਸ਼ਾਂ ਉੱਤੇ ਕਾਬੂ ਪਾ ਕੇ ਇਸ ਦੁਖੀ ਜੀਵਨ ਤੋਂ ਛੁਟਕਾਰਾ ਪਾਉਣਾ ਜਾਂ ਮੁਕਤ ਹੋਣਾ ਹੈ। ਇਹ ਓਦੋਂ ਹੁੰਦਾ ਹੈ ਜਦੋਂ ਮਨੁੱਖ ਦਾ ਦੂਸਰਾ ਅੰਗ, ਆਤਮਾ, ਸਰੀਰ ’ਤੇ ਕਾਬੂ ਪਾ ਕੇ ਆਪਣੇ ਆਪ ਨੂੰ ਵਸੀਕਾਰ ਕਰ ਲੈਂਦਾ ਹੈ ਅਤੇ ਮਨ ਨੂੰ ਆਪਣੇ ਕੰਟਰੋਲ ਵਿਚ ਲੈ ਆਉਂਦਾ ਹੈ। ਇਹ ਆਤਮਾ ਪਰਮਾਤਮਾ ਦਾ ਅੰਗ ਹੈ। ਸੋ ਇਸ ਤਰ੍ਹਾਂ ਸਰੀਰ ਤੇ ਮਨ ਨੂੰ ਆਤਮਾ ਦੇ ਵਸੀਕਾਰ ਵਿਚ ਕਰਨ ਨਾਲ ਮਨੁੱਖ ਰੱਬ ਨਾਲ ਇਕਸੁਰ ਹੋ ਜਾਂਦਾ ਹੈ। ਇਸ ਨੂੰ ਹੀ ਮੁਕਤੀ ਜਾਂ Liberation ਕਹਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਮੂੜੇ ਰਾਮੁ ਜਪਹੁ ਗੁਣ ਸਾਰਿ॥
ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ॥
ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ॥
ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ॥ (ਪੰਨਾ ੧੯)

ਇਸ ਮੁਕਤੀ ਦੀ ਦੂਸਰੀ ਸਟੇਜ ਇਸ ਜ਼ਿੰਦਗੀ ਦੇ ਬਾਅਦ ਆਉਂਦੀ ਹੈ। ਜੇ ਮਨੁੱਖ ਆਪਣੀਆਂ ਤ੍ਰਿਸ਼ਨਾਵਾਂ ਦੇ ਅਧੀਨ ਅਤੇ ਇਸ ਦਾ ਗ਼ੁਲਾਮ ਬਣਿਆ ਰਹੇ ਤਾਂ ਉਹ ਜੰਮਣ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ਅਤੇ ਇਸ ਵਿੱਚੋਂ ਨਿਕਲ ਨਹੀਂ ਸਕਦਾ। ਇਸ ਚੱਕਰ ਵਿੱਚੋਂ ਤਦ ਹੀ ਨਿਕਲ ਸਕਦਾ ਹੈ ਜੇ ਉਹ ਜੰਮਣ- ਮਰਨ ਤੋਂ ਰਹਿਤ ਹੋ ਜਾਵੇ। ਮਨੁੱਖ ਇਸ ਦੁਨੀਆਂ ਵਿਚ ਉਦੋਂ ਆਉਂਦਾ ਹੈ ਜਦੋਂ ਆਤਮਾ ਇਸ ਸਰੀਰ ਵਿਚ ਆ ਕੇ ਇਸ ਨੂੰ ਜ਼ਿੰਦਗੀ ਦਿੰਦੀ ਹੈ। ਇਹ ਆਤਮਾ ਪਰਮਾਤਮਾ ਦਾ ਅੰਗ ਹੈ। ਮਨੁੱਖ ਇਸ ਜੀਵਨ ਦੇ ਚੱਕਰ ਨੂੰ ਉਦੋਂ ਕੱਟਦਾ ਹੈ ਜਦੋਂ ਇਹ ਆਤਮਾ ਵਾਪਸ ਪਰਮਾਤਮਾ ਵਿਚ ਜਾ ਰਲ਼ੇ। ਇਹ ਉਦੋਂ ਹੀ ਹੁੰਦਾ ਹੈ ਜਦੋਂ ਮਨੁੱਖ ਭੌਤਿਕ ਪੱਧਰ ਤੋਂ ਉੱਠ ਕੇ ਆਤਮਿਕ ਪੱਧਰ ’ਤੇ ਚਲਾ ਜਾਵੇ ਅਤੇ ਪਰਮਾਤਮਾ ਵਿਚ ਲੀਨ ਹੋ ਜਾਵੇ। ਇਹ ਸਟੇਜ ਨਾਮ ਜਪਣ ਨਾਲ ਅਤੇ ਪਰਮਾਤਮਾ ਦੀ ਬਖਸ਼ਿਸ਼ ਨਾਲ ਆਉਂਦੀ ਹੈ।

ਸੋ ਸਿੱਖ ਦਾ ਜੀਵਨ-ਆਦਰਸ਼ ਮੁਕਤੀ ਪ੍ਰਾਪਤ ਕਰਨਾ ਹੈ ਜੋ ਇਸ ਜੀਵਨ ਵਿਚ ਵੀ ਪ੍ਰਾਪਤ ਹੋ ਸਕਦੀ ਹੈ ਅਤੇ ਅਗਲੇ ਜੀਵਨ ਵਿਚ ਮਰਨ ਦੇ ਬਾਅਦ ਵੀ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ॥ (ਪੰਨਾ ੧੦੦੯)

ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:

ਪ੍ਰਭ ਕੀ ਆਗਿਆ ਆਤਮ ਹਿਤਾਵੈ॥
ਜੀਵਨ ਮੁਕਤਿ ਸੋਊ ਕਹਾਵੈ॥
ਤੈਸਾ ਹਰਖੁ ਤੈਸਾ ਉਸੁ ਸੋਗੁ॥
ਸਦਾ ਅਨੰਦੁ ਤਹ ਨਹੀ ਬਿਓਗੁ॥ (ਪੰਨਾ ੨੭੫)

ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ॥
ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ॥  (ਪੰਨਾ ੧੦੦੯)

ਪਹਿਲੀ ਸਟੇਜ ਦੀ ਮੁਕਤੀ ਦੂਸਰੀ ਸਟੇਜ ਦੀ ਮੁਕਤੀ ਦੀ ਪ੍ਰਾਪਤੀ ਵਿਚ ਸਹਾਇਤਾ ਕਰਦੀ ਹੈ-

ਵੇਦਾਂਤ ਅਨੁਸਾਰ ਮੁਕਤੀ ਸੱਤ ਦੀ ਪ੍ਰਾਪਤੀ ਸੱਤ ਨੂੰ ਪਛਾਣਨਾ ਹੈ, ਇਹੋ ਮੁਕਤੀ ਹੈ। ਮਨੁੱਖ ਦਾ ਅੰਤਮ ਆਦਰਸ਼ ਉਹ ਕੁਝ ਬਣਨਾ ਹੈ ਜੋ ਉਸ ਦਾ ਅਸਲੀ ਤੱਤ ਹੈ। ਮਨੁੱਖ ਦਾ ਅਸਲੀ ਆਪਾ ਉਸ ਦੇ ਭੌਤਿਕ ਸਰੀਰ ਨਾਲੋਂ ਵੱਖਰਾ ਹੈ। ਸਰੀਰ ਨੂੰ ਅਸਲੀ ਆਪਾ ਸਮਝ ਲੈਣਾ ਅਵਿੱਦਿਆ ਹੈ। ਅਸਲੀ ਗਿਆਨ ਅਸਲੀ ਆਪੇ ਭੌਤਿਕ ਸਰੀਰ ਨਾਲੋਂ ਨਿਖੇੜਨ ਵਿਚ ਹੈ। ਇਹ ਨਿਖੇੜਾ ਹੋਂਦ ਦੀ ਦੁਨੀਆਂ ਵਿਚ ਨਹੀਂ ਸਗੋਂ ਵਿਚਾਰ ਦੀ ਦੁਨੀਆਂ ਵਿਚ ਕਰਨਾ ਹੈ। ਅਗਿਆਨਤਾ ਨੂੰ ਗਿਆਨ ਨਾਲ ਕੱਟਣਾ ਹੈ। ਇਹ ਪ੍ਰਬੁੱਧਤਾ ਦੀ ਸਟੇਜ ਹੈ। ਸੋ ਵਿਅਕਤਿਤ੍ਵਤਾ ਅਤੇ ਪ੍ਰਬੁੱਧਤਾ ਇਕੱਠੀਆਂ ਹੋ ਸਕਦੀਆਂ ਹਨ। ਵਿੱਦਿਆ ਦੀ ਪ੍ਰਾਪਤੀ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਇਸ ਦੁਨੀਆਂ ਵਿਚ ਦੁੱਖਾਂ ਦਾ ਕਾਰਨ ਅਵਿੱਦਿਆ ਹੈ। ਇਹ ਗਲਤੀ ਠੀਕ ਹੋ ਜਾਣ ਨਾਲ ਦੁੱਖਾਂ ਤੋਂ ਨਿਸਤਾਰਾ ਪ੍ਰਾਪਤ ਹੋ ਜਾਂਦਾ ਹੈ। ਮੁਕਤੀ ਗ਼ਲਤ ਦ੍ਰਿਸ਼ਟੀ ਦਾ ਅਲੋਪ ਹੋਣਾ ਹੈ।

ਇਹ ਮੁਕਤੀ ਜਾਂ ਨਿਸਤਾਰਾ ਬ੍ਰਹਮ ਨਾਲ ਇਕਮਿਕ ਹੋਣਾ ਹੈ। ਸੋ ਮੁਕਤੀ ਦੀ ਅਵਸਥਾ ਨੂੰ ਗਿਆਨ ਦਿਆਂ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਗਿਆਨ ਦਾ ਸੰਬੰਧ ਦੇਸ਼ ਅਤੇ ਕਾਲ, ਕਾਰਜ ਅਤੇ ਕਾਰਨ, ਵਿਅਕਤੀ ਅਤੇ ਵਸਤਾਂ, ਕਿਰਿਆਵਾਂ ਅਤੇ ਦੁੱਖਾਂ ਦੇ ਨਿਖੇੜੇ ਨਾਲ ਹੈ। ਇਹ ਕਿਹਾ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਨਿਬੇੜਾ ਮੁਕਤੀ ਜਾਂ ਸੁਤੰਤਰਤਾ ਦੀ ਅਵਸਥਾ ’ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਇਹ ਨਹੀਂ ਕਿਹਾ ਜਾ ਸਕਦਾ ਕਿ ਮੁਕਤ-ਲੋਕ ਭੂਗੋਲਿਕ ਖੇਤਰ ਸਵਰਗ ਜਾਂ ਬੈਕੁੰਠ ਵਿਚ ਰਹਿੰਦੇ ਹਨ। ਨਾ ਹੀ ਇਹ ਕਿਹਾ ਜਾ ਸਕਦਾ ਹੈ ਕਿ ਮੁਕਤ-ਲੋਕ ਅਸੀਮਿਤ ਸਮੇਂ ਤਕ ਰਹਿੰਦੇ ਹਨ। ਅਸੀਂ ਮੁਕਤੀ ਦੀ ਅਵਸਥਾ ਨੂੰ ਨਿਰੰਤਰ ਕਿਰਿਆ ਨਹੀਂ ਕਹਿ ਸਕਦੇ। ਇਹ ਸਭ ਤੋਂ ਉੱਚਾ ਅਨੁਭਵ ਹੈ ਜਦੋਂ ਸਾਡੀ ਭੌਤਿਕ ਕਿਰਿਆ ਤ੍ਰੈ-ਗੁਣ ਅਤੀਤ ਹੋ ਜਾਂਦੀ ਹੈ ਅਤੇ ਸਵੈ-ਚੇਤੰਨਤਾ ਖ਼ਤਮ ਹੋ ਜਾਂਾਦੀ ਹੈ, ਆਤਮਾ ਸੰਸਾਰ ਚੱਕਰ ਤੋਂ ਉਤਾਂਹ ਨਿਕਲ ਜਾਂਦੀ ਹੈ।

ਮੁਕਤੀ ਦੀ ਅਵਸਥਾ ਦਾ ਠੀਕ ਵਰਣਨ ਇਹ ਹੈ ਕਿ ਇਹ ਉਹ ਅਵਸਥਾ ਹੁੰਦੀ ਹੈ ਜਿਸ ਵਿਚ ਨਾ ਦਿਨ ਹੁੰਦਾ ਹੈ ਨਾ ਰਾਤ, ਸਮਾਂ ਖੜ੍ਹੋ ਜਾਂਦਾ ਹੈ ਅਤੇ ਚੰਦ, ਸੂਰਜ ਤੇ ਤਾਰੇ ਅਕਾਸ਼ ਵਿੱਚੋਂ ਅਲੋਪ ਹੋ ਜਾਂਦੇ ਹਨ। ਮੁਕਤ ਆਤਮਾ ਕਿਸੇ ਹੋਰ ਨੂੰ ਨਹੀਂ ਵੇਖਦੀ ਪਰ ਆਪਣੇ ਆਪ ਨੂੰ ਸਭ ਵਿਚ ਵੇਖਦੀ ਹੈ।

ਵੈਸ਼ਨਵ ਮੱਤ ਅਨੁਸਾਰ ਮੁਕਤੀ ਜੰਮਣ-ਮਰਨ ਤੋਂ ਰਹਿਤ ਹੋਣਾ ਹੈ। ਮੁਕਤ ਮਨੁੱਖ ਮਰਨ ਤੋਂ ਬਾਅਦ ਅਨੰਦ ਭਰਪੂਰ ਬੈਕੁੰਠ ਵਿਚ ਜਾਂਦਾ ਹੈ। ਉਥੇ ਸਮਾਂ ਅਨਾਦੀ ਹੁੰਦਾ ਹੈ ਅਤੇ ਮੁਕਤ। ਕਰਮਾਂ ਦੇ ਬੰਧਨਾਂ ਤੋਂ ਛੁੱਟ ਜਾਂਦਾ ਹੈ। ਉਹ ਅਕਾਸ਼ ਵਿਚ ਜਾ ਕੇ ਦੇਵ ਰੂਪ ਬਣ ਜਾਂਦਾ ਹੈ ਪਰ ਬਗ਼ੈਰ ਕਿਸੇ ਬ੍ਰਹਿਮੰਡੀ ਹਕੂਮਤ ਦੇ ਮੁਕਤ ਆਤਮਾ ਪਾਰਬ੍ਰਹਮ ਦਾ ਸਿੱਧਾ ਦਰਸ਼ਨ ਕਰਦੀ ਹੈ ਅਤੇ ਉਸ ਨਾਲ ਇਕਮਿਕ ਹੋ ਕੇ ਅਨਾਦੀ ਅਨੰਦ ਮਾਣਦੀ ਹੈ। ਇਸ ਸੰਜੋਗ ਨਾਲ ਬ੍ਰਹਮ ਨਾਲੋਂ ਵਖਰੇਵੇਂ ਦੀ ਭਾਵਨਾ ਅਲੋਪ ਹੋ ਜਾਂਦੀ ਹੈ। ਇਸ ਦਾ ਸਾਧਨ ਸਰਗੁਣ ਰੱਬ ਦੀ ਪੂਜਾ ਕਰਨਾ ਹੈ। ਮਹਾਤਮਾ ਬੁੱਧ ਅਨੁਸਾਰ ਮੁਕਤੀ ਇਹ ਖੁਸ਼ੀ ਦੀ ਉਹ ਅਵਸਥਾ ਹੈ ਜੋ ਭੌਤਿਕ ਖਾਹਿਸ਼ਾਂ ਨੂੰ ਖ਼ਤਮ ਕਰ ਕੇ ਪ੍ਰਾਪਤ ਹੋ ਸਕਦੀ ਹੈ। ਇਹ ਜੰਮਣ-ਮਰਨ ਤੋਂ ਛੁਟਕਾਰਾ ਪਾਉਣ ਵਿਚ ਹੈ ਅਤੇ ਵਿਅਕਤੀਗਤ ਚੇਤੰਨਤਾ ਨੂੰ ਮਾਰ ਦੇਣਾ ਹੈ। ਬੇਸ਼ੱਕ ਮੁਕਤੀ ਦਾ ਸਿੱਖ ਸੰਕਲਪ ਬਹੁਤ ਹੱਦ ਤਕ ਹਿੰਦੂ ਸੰਕਲਪ ਨਾਲ ਮਿਲਦਾ-ਜੁਲਦਾ ਹੈ ਪਰ ਇਨ੍ਹਾਂ ਦੋਹਾਂ ਵਿਚਕਾਰ ਅੰਤਰ ਹੈ। ਹਿੰਦੂ ਅਤੇ ਬੁੱਧ ਧਰਮ ਦੋਹਾਂ ਦੇ ਸੰਕਲਪ ਵਿਅਕਤਿਤ੍ਵ ਦੇ ਨਾਸ਼ਕ ਹਨ। ਇਹ ਵਿਅਕਤੀ ਪਾਸੋਂ ਅਜਿਹੀਆਂ ਕਿਰਿਆਵਾਂ ਅਤੇ ਅਨੁਸ਼ਾਸਨ ਦੀ ਮੰਗ ਕਰਦੇ ਹਨ ਜਿਨ੍ਹਾਂ ਦਾ ਮਨੁੱਖ ਦੀ ਸ਼ਖ਼ਸੀਅਤ ਉੱਤੇ ਹਾਨੀਕਾਰਕ ਅਸਰ ਪੈਂਦਾ ਹੈ। ਇਹ ਸ਼ਖ਼ਸੀਅਤ ਨੂੰ ਕੋਈ ਮਹੱਤਤਾ ਨਹੀਂ ਦਿੰਦੇ।

ਸਿੱਖ ਧਰਮ ਇਸ ਦੁਨੀਆਂ ਵਿਚ ਜੀਵਨ ਬਾਰੇ ਅਜਿਹਾ ਖ਼ਿਆਲ ਨਹੀਂ ਰੱਖਦਾ। ਸਿੱਖ ਧਰਮ ਇੰਦਰਿਆਂ ਨੂੰ ਵਸੀਕਰਨ ਕਰਨਾ ਮੰਗਦਾ ਹੈ, ਇਨ੍ਹਾਂ ਨੂੰ ਖ਼ਤਮ ਕਰਨਾ ਨਹੀਂ ਮੰਗਦਾ। ਸਿੱਖ ਧਰਮ ਇਸ ਦੁਨੀਆਂ ਦਾ ਅਰੰਭ ਹਉਂ ਤੋਂ ਮੰਨਦਾ ਹੈ। ਇਹ ਸੰਸਾਰ ਹੀ ਹਉਂ ਦੇ ਆਸਰੇ ਖੜੋਤਾ ਹੈ। ਜਿੱਥੇ ਹਉਂ ਬੀਮਾਰੀ ਹੈ ਉਥੇ ਇਹ ਜੀਵਨ-ਪ੍ਰੇਰਨਾ ਵੀ ਹੈ। ਇਸ ਲਈ ਇਹ ਇਨਸਾਨ ਇਕ ਨਿੱਗਰ ਸਮਾਜ ਦੀ ਇਕਾਈ ਬਣਦਾ ਹੈ :

ਹਉ ਵਿਚਿ ਆਇਆ ਹਉ ਵਿਚਿ ਗਇਆ॥
ਹਉ ਵਿਚਿ ਜੰਮਿਆ ਹਉ ਵਿਚਿ ਮੁਆ॥
ਹਉ ਵਿਚਿ ਦਿਤਾ ਹਉ ਵਿਚਿ ਲਇਆ॥
ਹਉ ਵਿਚਿ ਖਟਿਆ ਹਉ ਵਿਚਿ ਗਇਆ॥
ਹਉ ਵਿਚਿ ਸਚਿਆਰੁ ਕੂੜਿਆਰੁ॥
ਹਉ ਵਿਚਿ ਪਾਪ ਪੁੰਨ ਵੀਚਾਰੁ॥
ਹਉ ਵਿਚਿ ਨਰਕਿ ਸੁਰਗਿ ਅਵਤਾਰੁ॥ …….

ਹਉ ਵਿਚਿ ਮਾਇਆ ਹਉ ਵਿਚਿ ਛਾਇਆ॥
ਹਉਮੈ ਕਰਿ ਕਰਿ ਜੰਤ ਉਪਾਇਆ॥ (ਪੰਨਾ 466)

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਪੰਨਾ 522)


ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਮਨੁੱਖੀ ਜੀਵਨ ਨੂੰ ਇਕ ਸੰਤੁਲਿਤ ਜੀਵਨ ਬਣਾਉਂਦੀ ਹੈ। ਇਹ ਇੰਦ੍ਰਿਆਵੀ ਜੀਵਨ, ਪਿਆਰ, ਤਰਕ ਅਤੇ ਆਤਮਿਕ ਖੁਸ਼ੀ ਦਾ ਸਹੀ ਮੇਲ ਕਰਦੀ ਹੈ। ਇਹ ਇੰਦਰੇ ਭੌਤਿਕ ਜੀਵਨ ਨੂੰ ਚਲਾਉਣ ਦੀ ਸ਼ਕਤੀ ਰੱਖਦੇ ਹਨ। ਆਤਮਾ ਦਾ ਵਾਸਾ ਹੀ ਸਰੀਰ ਵਿਚ ਤਦ ਰਹਿ ਸਕਦਾ ਹੈ ਜੇ ਇਹ ਸਰੀਰ ਅਰੋਗ ਹੋ ਕੇ ਚੱਲਦਾ ਰਹੇ। ਆਤਮਾ ਤਦ ਹੀ ਚਮਕ ਸਕਦੀ ਹੈ ਜੇਕਰ ਸਰੀਰ ਸਾਫ਼ ਤੇ ਸੁਥਰਾ ਹੋਵੇ। ਸੋ ਇਨ੍ਹਾਂ ਇੰਦਰਿਆਂ ਨੂੰ ਵਰਤਣਾ ਜ਼ਰੂਰੀ ਹੈ ਪਰ ਇਨ੍ਹਾਂ ਦੀ ਵਰਤੋਂ ਨੂੰ ਉਸ ਹੱਦ ਤਕ ਨਹੀਂ ਜਾਣ ਦੇਣਾ ਜਿੱਥੇ ਉਹ ਵਿਕਾਰ ਬਣ ਜਾਣ। ਇਸੇ ਤਰ੍ਹਾਂ ਜੀਵਨ ਵਿਚ ਤਰਕ ਅਤੇ ਜਜ਼ਬੇ ਦੀ ਸਹੀ ਲੋੜ ਹੈ। ਸੋ ਸਿੱਖੀ ਦਾ ਮੁਕਤੀ ਦਾ ਸੰਕਲਪ ਵਿਅਕਤਿਤ੍ਵ ਨੂੰ ਖ਼ਤਮ ਕਰਨਾ ਨਹੀਂ ਇਸ ਨੂੰ ਵਿਕਾਸ ਦੇਣਾ ਹੈ, ਜੀਵਨ ਨੂੰ ਸੰਤੁਲਿਤ ਬਣਾਉਣਾ ਹੈ, ਹਰ ਪੱਖ ਤੋਂ ਵਾਜ਼ਬ ਜ਼ੋਰ ਦੇਣਾ ਹੈ, ਆਤਮਾ ਨੂੰ ਇਸ ਜੀਵਨ ਵਿਚ ਪੂਰਨ ਜੀਵਨ ਬਤੀਤ ਕਰਦਿਆਂ ਉਸ ਆਤਮਾ ਨਾਲ ਇਕ-ਸੁਰ ਕਰਨਾ ਹੈ ਅਤੇ ਇਸ ਦੁਨੀਆਂ ਨੂੰ ਛੱਡ ਕੇ ਪਰਮ-ਆਤਮਾ ਵਿਚ ਲੀਨ ਹੋਣ ਦਾ ਆਦਰਸ਼ ਰੱਖਣਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)