editor@sikharchives.org
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਚੇ-ਸੁੱਚੇ ਨਿਰਮਲ ਸੰਦੇਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਮੁੱਖ ਆਧਾਰ ‘ਸਚੁ’ (ਪਰਮਾਤਮਾ) ਨਾਲ ਅਭੇਦ ਹੋਣਾ ਹੈ ਜਿਸ ਲਈ ਇਕ ਮਾਤਰ ਸਾਧਨ ਹੈ ‘ਨਾਮ’।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਜੋ ਮਨੁੱਖੀ ਜੀਵਨ ਦਾ ਪੱਥ-ਦਰਸ਼ਨ ਕਰਦੀ ਹੈ, ਸਰਬ-ਸਾਂਝੀ ਅਤੇ ਸਰਬ-ਵਿਆਪੀ ਹੈ। ਇਸ ਵਿਚਲਾ ਸੰਦੇਸ਼ ਸਮੁੱਚੀ ਮਾਨਵਤਾ ਲਈ ਹੈ ਜੋ ਕਿਸੇ ਖਾਸ ਖਿੱਤੇ, ਦੇਸ਼ ਜਾਂ ਮਹਾਂਦੀਪ ਤਕ ਸੀਮਤ ਨਹੀਂ। ਇਸ ਵਿਚ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਵੱਖ-ਵੱਖ ਵਰਗਾਂ ਅਤੇ ਖਿੱਤਿਆਂ ਦੇ ਸੰਤਾਂ, ਭਗਤਾਂ, ਸੂਫੀਆਂ, ਮਹਾਂਪੁਰਸ਼ਾਂ ਦੀ ਬਾਣੀ ਨੂੰ ਬਰਾਬਰ ਦਾ ਸਥਾਨ ਅਤੇ ਸਤਿਕਾਰ ਪ੍ਰਾਪਤ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਸਾਰ ਨੂੰ ਇਹ ਇਕ ਅਦੁੱਤੀ ਦੇਣ ਹੈ।

ਵੱਖ-ਵੱਖ ਬੋਲੀਆਂ ਅਤੇ ਮੁਲਕਾਂ ਵਿਚ ਅੱਜ ਤਕ ਜਿੰਨੇ ਵੀ ਧਾਰਮਿਕ ਗ੍ਰੰਥ ਰਚੇ ਗਏ ਹਨ ਉਨ੍ਹਾਂ ਸਭਨਾਂ ਵਿੱਚੋਂ ਗੁਰੂ-ਪਦਵੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪ੍ਰਾਪਤ ਹੈ। ਗਰਮੀ ਹੋਵੇ ਜਾਂ ਸਰਦੀ, ਮੀਂਹ ਹੋਵੇ ਜਾਂ ਝੱਖੜ, ਗ਼ਮੀ ਹੋਵੇ ਜਾਂ ਖੁਸ਼ੀ, ਜਿੱਥੇ-ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਹੈ, ਉਸ ਦਾ ਨਿਤਾਪ੍ਰਤੀ ਅੰਮ੍ਰਿਤ ਵੇਲੇ ਪ੍ਰਕਾਸ਼ ਜ਼ਰੂਰ ਕੀਤਾ ਜਾਂਦਾ ਹੈ ਅਤੇ ਰਾਤ ਪੈਣ ’ਤੇ ਸੁਖ-ਆਸਣ ਅਰਥਾਤ ਦੋਨੋਂ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਵਾਕ ਲਏ ਜਾਂਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਮੁੱਖ ਆਧਾਰ ‘ਸਚੁ’ (ਪਰਮਾਤਮਾ)  ਨਾਲ ਅਭੇਦ ਹੋਣਾ ਹੈ ਜਿਸ ਲਈ ਇਕ ਮਾਤਰ ਸਾਧਨ ਹੈ ‘ਨਾਮ’। ਨਾਮ ਦੁਆਰਾ ਹੀ ਪ੍ਰਭੂ-ਦਰ ’ਤੇ ਪ੍ਰਵਾਨ ਚੜ੍ਹੀਦਾ ਹੈ ਜੋ ਮਨੁੱਖੀ ਜੀਵਨ ਦਾ ਅੰਤਮ ਪੜਾਅ ਹੈ। ਨਾਮ ਹੀ ਪ੍ਰਾਣੀ ਦੀ ਅਸਲ ਰਾਸ-ਪੂੰਜੀ ਹੈ। ਜੇਕਰ ਪੱਲੇ ਨਾਮ ਨਹੀਂ ਹੈ ਤਾਂ ਸਭ ਕੁਝ ਬੇਕਾਰ ਹੈ, ਸਭ ਕਰਮ ਬੇਅਰਥ ਹਨ। ਰਾਗ ਭੈਰਉ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:

ਨਾਮ ਬਿਨਾ ਬਿਰਥੇ ਸਭਿ ਕਾਜ॥ (ਪੰਨਾ 1140)

ਇਕ ਸਿਹਤਮੰਦ ਸਮਾਜ ਦੀ ਉਸਾਰੀ ਲਈ ਗੁਰਬਾਣੀ ਮਨੁੱਖ ਨੂੰ ਸੁਕ੍ਰਿਤ ਭਾਵ ਕਿਰਤ ਕਰਨ ਅਤੇ ਵੰਡ ਛਕਣ ਲਈ ਪ੍ਰੇਰਦੀ ਹੈ। ਕਿਰਤ ਤੋਂ ਭਾਵ ਹੈ ਸੁੱਚੀ ਅਥਵਾ ਨੇਕ ਕਮਾਈ ਅਤੇ ਇਸ ਕੀਤੀ ਹੋਈ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਯਥਾ-ਸ਼ਕਤੀ ਲੋੜਵੰਦਾਂ ਅਤੇ ਬੇਆਸਰਿਆਂ ਦੀ ਸਹਾਇਤਾ ਕਰਨੀ ਹੈ ਜੋ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ। ਗੁਰਵਾਕ ਹਨ:

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥(ਪੰਨਾ 1245)

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ (ਪੰਨਾ 472)

ਇਕ ਸਵੱਛ ਅਤੇ ਸਾਫ਼-ਸੁਥਰੇ ਸਮਾਜ ਦੀ ਸਥਾਪਨਾ ਕਰਨ ਵਿਚ ਕਿਰਤ ਦਾ ਬਹੁਤ ਵੱਡਾ ਮਹੱਤਵ ਹੈ। ਇਸ ਨਾਲ ਰਿਸ਼ਵਤਖੋਰੀ ਤੇ ਗ਼ਲਤ ਢੰਗ ਨਾਲ ਧਨ- ਦੌਲਤ ਇਕੱਠੀ ਕਰਨ ਵਰਗੇ ਕੋਹੜ ਤੋਂ ਸਮਾਜ ਨੂੰ ਛੁਟਕਾਰਾ ਮਿਲਦਾ ਹੈ।

ਵੰਡ ਛਕਣ ਅਰਥਾਤ ਦਸਵੰਧ ਜਿਸ ਤੋਂ ਭਾਵ ਹੈ ਕਿ ਗੁਰਸਿੱਖ ਨੇ ਕਮਾਈ ਵਿੱਚੋਂ 10ਵਾਂ ਹਿੱਸਾ ਗੁਰੂ ਦੇ ਨਾਮ ’ਤੇ ਧਾਰਮਿਕ ਜਾਂ ਲੋਕ-ਭਲਾਈ ਦੇ ਕਾਰਜਾਂ ਲਈ ਦੇਣਾ ਜਾਂ ਖਰਚ ਕਰਨਾ ਹੈ। ਜੇਕਰ ਹਰ ਵਿਅਕਤੀ ਇਸ ਮਾਰਗ ’ਤੇ ਚੱਲਣ ਦਾ ਉੱਦਮ ਕਰੇ ਤਾਂ ਇਕ ਦਿਨ ਸੰਸਾਰ ’ਚੋਂ ਗ਼ਰੀਬੀ ਅਤੇ ਭੁੱਖਮਰੀ ਜਿਹੀ ਲਾਹਨਤ ਦਾ ਅੰਤ ਹੋ ਸਕਦਾ ਹੈ।

ਗੁਰਬਾਣੀ ਇਕ ਅਜਿਹੇ ਸਮਾਜ ਦੀ ਸਿਰਜਨਾ ਲਈ ਸੇਧ ਬਖ਼ਸ਼ਿਸ਼ ਕਰਦੀ ਹੈ ਜਿਸ ਦੇ ਨਾਗਰਿਕ ਨਿਰਭਉ ਅਤੇ ਨਿਰਵੈਰ ਹੋਣ ਅਤੇ ਉਹ ਕਿਸੇ ਨੂੰ ਭੈ ਨਾ ਦੇਣ ਅਤੇ ਨਾ ਹੀ ਕਿਸੇ ਦਾ ਭੈ ਸਵੀਕਾਰਨ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’; ਉਹ ਸਚਿਆਰ ਦੇ ਧਾਰਨੀ ਹੋਣ ‘ਸਚ ਸਭਨਾ ਹੋਇ ਦਾਰੂ ਪਾਪ ਕਢੈ ਧੋਇ’; ਉਹ ਆਪਣਾ ਹੱਕ ਮੰਗਣ ਪਰ ‘ਹਕੁ ਪਰਾਇਆ ਨਾਨਕਾ ਉਸੁ ਸੂਅਰੁ ਉਸੁ ਗਾਇ’; ਦੇ ਅਨੁਸਾਰ ਚੱਲਦਿਆਂ ਕਿਸੇ ਦਾ ਹੱਕ ਨਾ ਖਾਣ; ਉਹ ਬਾਹਰੋਂ ਭੇਖਧਾਰੀ ਅਤੇ ਸੁੱਚੇ ਹੀ ਨਾ ਹੋਣ ਸਗੋਂ ‘ਸੂਚੇ ਸੇਈ ਨਾਨਕ ਜਿਨ ਮਨਿ ਵਸਿਆ ਸੋਇ’ ਵਾਲੇ ਸਿਧਾਂਤ ’ਤੇ ਚੱਲਣ। ਜਾਤ-ਪਾਤ, ਊਚ-ਨੀਚ, ਰੰਗ-ਰੂਪ, ਨਸਲ, ਲਿੰਗ ਆਦਿ ਦੇ ਭੇਦ-ਭਾਵ ਆਪਸੀ ਪ੍ਰੇਮ-ਪਿਆਰ ਦੀਆਂ ਜੜ੍ਹਾਂ ਨੂੰ ਖੋਖਲੀਆਂ ਕਰਦੇ ਹਨ ਜਿਸ ਕਾਰਨ ਸੰਸਾਰ ਵਿਚ ਆਦਿ ਤੋਂ ਹੀ ਲੜਾਈ-ਝਗੜੇ ਅਤੇ ਦੰਗੇ-ਫਸਾਦ ਹੁੰਦੇ ਆਏ ਹਨ। ਇਸ ਆਪਸੀ ਨਫ਼ਰਤ ਨਾਲ ਉਨ੍ਹਾਂ ਬੇਕਸੂਰ ਅਤੇ ਮਾਸੂਮ ਜਿੰਦੜੀਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜੋ ਇਸ ਦੀ ਭੇਟ ਚੜ੍ਹ ਗਏ ਹਨ। ਇਸ ਸਬੰਧੀ ਗੁਰਬਾਣੀ ਦਾ ਉਪਦੇਸ਼ ਜਾਂ ਲਕਸ਼ ਬੜਾ ਸਪੱਸ਼ਟ ਹੈ:

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ (ਪੰਨਾ 349)

ਵਾਸਤਵ ਵਿਚ ਪ੍ਰਾਣੀ ਦੀ ਉਹੀ ਜਾਤ ਹੈ ਜਿਸ ਤਰ੍ਹਾਂ ਦੇ ਉਹ ਕਰਮ ਕਰਦਾ ਹੈ:

ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥ (ਪੰਨਾ 1330)

ਹਿਟਲਰ ਤੇ ਉਸ ਦੀ ਜੁੰਡਲੀ ਸਾਥੀਆਂ ਵੱਲੋਂ ਯਹੂਦੀ ਨਸਲ ਦਾ ਸਰਬਨਾਸ਼ ਕਰਨ ਲਈ 1939 ਤੋਂ ਲੈ ਕੇ 1945 ਤਕ ਲੱਗਭਗ 80 ਲੱਖ ਯਹੂਦੀਆਂ ਨੂੰ ਮਾਰਿਆ ਗਿਆ। ਬਹੁਤਿਆਂ ਨੂੰ ਛੋਟੇ ਅਤੇ ਵੱਡੇ ਘੱਲੂਘਾਰਿਆਂ ਵਾਂਗ ਕੈਂਪਾਂ ਵਿਚ ਇਕੱਠਿਆਂ ਕਰ ਕੇ ਮਾਰਿਆ ਗਿਆ। ਇਕ ਅਨੁਮਾਨ ਅਨੁਸਾਰ ਯੂਰਪ ਵਿਚ ਰਹਿੰਦੇ 70% ਯਹੂਦੀਆਂ ਨੂੰ ਇਸ ਤਰ੍ਹਾਂ ਮਾਰਿਆ ਗਿਆ। ਮਨੁੱਖੀ ਇਤਿਹਾਸ ਵਿਚ ਇਹ ਘੋਰ ਦਰਿੰਦਗੀ ਹੈ।

ਇਸੇ ਪ੍ਰਕਾਰ ਦੱਖਣੀ ਅਫਰੀਕਾ ਵਿਚਲੀਆਂ ਘਟਨਾਵਾਂ ਨੂੰ ਵਾਪਰਿਆਂ ਹਾਲੇ ਕੋਈ ਬਹੁਤੇ ਵਰ੍ਹੇ ਨਹੀਂ ਬੀਤੇ। ਭਾਰਤ ਵਿਚ ਨਿੱਤ ਆਏ ਦਿਨ ਜਾਤੀ ਭੇਦ-ਭਾਵ ਤੇ ਮਜ਼੍ਹਬ ਦੇ ਨਾਂ ’ਤੇ ਦੰਗੇ ਫਸਾਦ ਹੁੰਦੇ ਹਨ। 1984 ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬੇਕਸੂਰ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ ਅਤੇ ਬੀਬੀਆਂ ਦੀ ਪਤ ਲੁੱਟੀ ਗਈ। ਸਿੱਖ ਇਤਿਹਾਸ ਅਜਿਹੀਆਂ ਦਾਸਤਾਨਾਂ ਨਾਲ ਭਰਿਆ ਪਿਆ ਹੈ। ਸੰਸਾਰ ਵਿਚ ਹੋਏ ਅਜਿਹੇ ਸਾਕਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।

ਗੁਰਬਾਣੀ ਵਿਚ ਜ਼ੋਰ, ਜਬਰ, ਜ਼ੁਲਮ, ਅਨਿਆਂ ਆਦਿ ਦੀ ਭਰਪੂਰ ਨਿੰਦਾ ਕੀਤੀ ਗਈ ਹੈ। ਜਦੋਂ ਬਾਬਰ ਦੀਆਂ ਫੌਜਾਂ ਨੇ ਸੈਦਪੁਰ (ਏਮਨਾਬਾਦ ਹੁਣ ਪਾਕਿਸਤਾਨ) ’ਤੇ ਹਮਲਾ ਕੀਤਾ ਅਤੇ ਉੱਥੋਂ ਦੇ ਨਿਹੱਥੇ ਲੋਕਾਂ ’ਤੇ ਜੋ ਜ਼ੁਲਮ ਢਾਹੇ, ਇਸ ਲੂੰ-ਕੰਡੇ ਖੜ੍ਹੇ ਕਰਨ ਵਾਲੇ ਦ੍ਰਿਸ਼ ਦਾ ਅੱਖੀਂ ਡਿੱਠਾ ਹਾਲ ਜਗਤ-ਗੁਰੂ ਬਾਬੇ ਨੇ ਆਪਣੀ ਰੱਬੀ ਬਾਣੀ ’ਚ ਬਿਆਨ ਕੀਤਾ। ਮਾਨਵਤਾ ਦੇ ਹੱਕਾਂ ’ਤੇ ਪਹਿਰਾ ਦੇਣ ਵਾਲੇ ਅਤੇ ‘ਭੀ ਤੇਰੀ ਕੀਮਤਿ ਨਾ ਨ ਪਵੈ ਹਉ ਕੇਵਡੁ ਆਖਾ ਨਾਉ’ ਦਾ ਅਰਸ਼ੀ ਨਾਦ ਗੁੰਜਾਉਣ ਵਾਲੇ ਬਾਬੇ ਤੋਂ ਇਹ ਆਖੇ ਬਿਨਾਂ ਰਿਹਾ ਨਾ ਗਿਆ:

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ (ਪੰਨਾ 360)

ਸੈਦਪੁਰ ਦੇ ਲੋਕਾਂ ਤੇ ਫੌਜ ਵੱਲੋਂ ਜੋ ਜ਼ੁਲਮ ਢਾਹੇ ਗਏ ਉਸ ਦਾ ਵੇਰਵਾ ਗੁਰੂ ਜੀ ਨੇ ਤਿੰਨ ਸ਼ਬਦਾਂ ( ਦੋ ਸ਼ਬਦ ਰਾਗ ਆਸਾ ਵਿਚ ਅਤੇ ਇਕ ਸ਼ਬਦ ਰਾਗ ਤਿਲੰਗੁ) ਵਿਚ ਦਿੱਤਾ ਹੈ ਜਿਨ੍ਹਾਂ ਵਿੱਚੋਂ ਕੁਝ ਤੁਕਾਂ ਇਸ ਪ੍ਰਕਾਰ ਹਨ:

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ (ਪੰਨਾ 722)

ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥1॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ (ਪੰਨਾ 360)

ਭਾਵ ਜੇਕਰ ਤਕੜਾ ਤਕੜੇ ਨੂੰ ਮਾਰ ਪਛਾੜੇ ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਹੁੰਦੀ, ਦੁੱਖ ਨਹੀਂ ਹੁੰਦਾ। ਪਰੰਤੂ ਜਦੋਂ ਤਕੜਾ ਸ਼ੇਰ ਲਿੱਸੀਆਂ ਗਾਈਆਂ ਦੇ ਵੱਗ ’ਤੇ ਟੁੱਟ ਪਏ ਉਸ ਦੀ ਫਿਰ ਪੁੱਛ ਤਾਂ ਮਾਲਕ ਪਾਸੋਂ ਹੀ ਹੁੰਦੀ ਹੈ।

ਇਸੇ ਤਰ੍ਹਾਂ ਗੁਰਬਾਣੀ ਵਿਚ ਨਿਰਦਈ ਅਤੇ ਜ਼ਾਲਮ ਰਾਜੇ ਅਤੇ ਉਨ੍ਹਾਂ ਦੇ ਅਹਿਲਕਾਰਾਂ ਦੀ ਬੜੇ ਕਰੜੇ ਸ਼ਬਦਾਂ ਵਿਚ ਆਲੋਚਨਾ ਕੀਤੀ ਗਈ ਹੈ ਜੋ ਆਪਣੀ ਪਰਜਾ ਨੂੰ ਸੁਖ ਤੇ ਅਰਾਮ ਦੇਣ ਦੀ ਥਾਂ ਦੁੱਖ ਅਤੇ ਤਕਲੀਫਾਂ ਦਿੰਦੇ ਹਨ:

ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ੍ ਬੈਠੇ ਸੁਤੇ॥ (ਪੰਨਾ 1288)

ਭਾਵ ਰਾਜਿਆਂ ਦਾ ਵਤੀਰਾ ਆਪਣੀ ਪਰਜਾ ਪ੍ਰਤੀ ਸ਼ੇਰਾਂ (ਸੀਹ) ਵਾਲਾ ਹੈ ਅਤੇ ਉਨ੍ਹਾਂ ਦੇ ਅਹਿਲਕਾਰਾਂ (ਮੁਕੱਦਮ) ਦਾ ਕੁੱਤਿਆਂ ਵਾਲਾ ਜੋ ਵੇਲੇ-ਕੁਵੇਲੇ ਸੁੱਤਿਆਂ ਨੂੰ ਜਗਾ ਕੇ ਉਨ੍ਹਾਂ ਦਾ ਅਮਨ-ਚੈਨ ਭੰਗ ਕਰਦੇ ਹਨ।

ਜੋ ਦੂਜਿਆਂ ਨਾਲ ਧੱਕਾ ਕਰਦੇ ਹਨ ਅਤੇ ਉਨ੍ਹਾਂ ਦੇ ਹੱਕਾਂ ਨੂੰ ਮਾਰਦੇ ਹਨ, ਜੋ ਦੂਜਿਆਂ ਦਾ ਖੂਨ ਚੂਸਦੇ ਹਨ, ਗੁਰਬਾਣੀ ਵਿਚ ਉਨ੍ਹਾਂ ਪ੍ਰਤੀ ਰੱਤ-ਪੀਣੇ ਵਰਗੇ ਸ਼ਬਦ ਵਰਤੇ ਗਏ ਹਨ:

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥ (ਪੰਨਾ 140)

ਆਦਿ ਕਾਲ ਤੋਂ ਹੀ ਇਸਤਰੀ ਨੂੰ ਸਮਾਜ ਵਿਚ ਆਦਮੀ ਦੇ ਬਰਾਬਰ ਮਾਣ ਤੇ ਸਤਿਕਾਰ ਪ੍ਰਾਪਤ ਨਹੀਂ। ਇਸਤਰੀ ਨੂੰ ਮਨਪ੍ਰਚਾਵੇ ਦਾ ਸਾਧਨ ਹੀ ਸਮਝਿਆ ਜਾਂਦਾ ਰਿਹਾ ਹੈ ਅਤੇ ਆਦਮੀ ਦੀ ਨਿੱਜੀ ਮਲਕੀਅਤ। ਪਰੰਤੂ ਸੰਸਾਰ ਦੇ ਇਤਿਹਾਸ ਵਿਚ ਪਹਿਲੀ ਵਾਰੀ ਇਸਤਰੀ ਨੂੰ ਇਹ ਗੁਰਬਾਣੀ ਵਿਚ ਉਚਿਤ ਸਤਿਕਾਰ ਦਿੱਤਾ ਗਿਆ ਹੈ। ਗੁਰਬਾਣੀ ਅਨੁਸਾਰ ਇਸਤਰੀ ਸਦਕਾ ਹੀ ਦੂਜਿਆਂ ਨਾਲ ਰਿਸ਼ਤੇ ਬਣਦੇ ਹਨ ਅਤੇ ਸੰਸਾਰ ਦੀ ਉਤਪਤੀ ਹੁੰਦੀ ਹੈ। ਇੱਥੋਂ ਤਕ ਕਿ ਇਸਤਰੀ ਰਾਜੇ-ਮਹਾਰਾਜਿਆਂ ਦੀ ਵੀ ਜਨਨੀ ਹੈ ਭਾਵ ਰਾਜੇ-ਮਹਾਰਾਜੇ ਵੀ ਇਸਤਰੀ ਦੇ ਪੇਟ ਤੋਂ ਹੀ ਜਨਮ ਲੈਂਦੇ ਹਨ ਤਾਂ ਫਿਰ ਇਸਤਰੀ ਨੂੰ ਮੰਦਾ ਜਾਂ ਦੂਜਿਆਂ ਨਾਲੋਂ ਘਟੀਆ ਕਿਵੇਂ ਆਖਿਆ ਜਾ ਸਕਦਾ ਹੈ?

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ (ਪੰਨਾ 473)

ਗੁਰਬਾਣੀ ਵਿਚ ਵੈਰ-ਵਿਰੋਧ ਨੂੰ ਕੋਈ ਸਥਾਨ ਪ੍ਰਾਪਤ ਨਹੀਂ। ਇਹ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਜੋ ਕਿਸੇ ਦਾ ਬੁਰਾ ਨਹੀਂ ਚਿਤਵਦਾ, ਕਿਸੇ ਨਾਲ ਵੈਰ-ਵਿਰੋਧ ਨਹੀਂ ਕਰਦਾ, ਉਸ ਨੂੰ ਦੁੱਖ, ਕਲੇਸ਼ ਨਹੀਂ ਪੋਂਹਦੇ:

ਪਰ ਕਾ ਬੁਰਾ ਨ ਰਾਖਹੁ ਚੀਤ॥
ਤੁਮ ਕਉ ਦੁਖੁ ਨਹੀ ਭਾਈ ਮੀਤ॥ (ਪੰਨਾ 386)

ਗੁਰਬਾਣੀ ਇਸ ਗੱਲ ਦੀ ਵੀ ਹਾਮੀ ਭਰਦੀ ਹੈ ਕਿ ਜੇਕਰ ਨਿਰਵੈਰ ਹੋ ਕੇ, ਵਲ-ਫਰੇਬ ਛੱਡ ਕੇ, ਸੱਚ ਦੀ ਕਮਾਈ ਕਰੀਏ ਤਾਂ ਜੀਵਨ ਵਿਚ ਕਿਸੇ ਪ੍ਰਕਾਰ ਦੀ ਤੋਟ ਨਹੀਂ ਰਹਿੰਦੀ ਅਤੇ ਪਰਮਾਤਮਾ ਦੇ ਦਰ ’ਤੇ ਪ੍ਰਵਾਨ ਹੋ ਜਾਈਦਾ ਹੈ:

ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ॥
ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ॥ (ਪੰਨਾ 1220)

ਇਸ ਸੰਦੇਸ਼- ਇਥੇ ਕੋਈ ਵੈਰੀ ਜਾਂ ਬਿਗਾਨਾ ਨਹੀਂ ਸਭ ਆਪਣੇ ਹੀ ਸੰਗੀ ਸਾਥੀ ਹਨ- ਤੋਂ ਈਰਖਾ ਤੇ ਦੂਈ-ਦਵੈਤ ਵਿਚ ਸੜ ਰਹੀ ਲੋਕਾਈ ਨੂੰ ਸੇਧ ਲੈਣੀ ਚਾਹੀਦੀ ਹੈ:

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥(ਪੰਨਾ 1299)

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (ਪੰਨਾ 671)

ਵੈਰ-ਵਿਰੋਧ ਦੀ ਤਾਂ ਗੱਲ ਹੀ ਛੱਡੋ, ਗੁਰਬਾਣੀ ਤਾਂ ਕਿਸੇ ਨੂੰ ਫਿੱਕਾ ਜਾਂ ਖਰ੍ਹਵਾ ਬੋਲ ਬੋਲਣ ਤੋਂ ਵੀ ਹੋੜਦੀ ਹੈ ਕਿਉਂਕਿ ਸਭਨਾਂ ਅੰਦਰ ਇਕ ਸੱਚੇ ਪ੍ਰਭੂ ਦਾ ਵਾਸਾ ਹੈ:

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥ (ਪੰਨਾ 1384)

ਭਾਵ ਜੇਕਰ ਪਿਆਰੇ ਪ੍ਰਭੂ ਨੂੰ ਮਿਲਣ ਦੀ ਸਿੱਕ ਹੈ, ਤਾਂਘ ਹੈ ਤਾਂ ਕਿਸੇ ਦਾ ਦਿਲ ਨਾ ਦੁਖਾਉ।

ਗੁਰਬਾਣੀ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ ਅਤੇ ਪ੍ਰਭੂ ਅੱਗੇ ਅਰਜੋਈ ਕੀਤੀ ਗਈ ਹੈ ਕਿ ਹੇ ਪ੍ਰਭੂ! ਮਿਹਰ ਕਰੋ, ਵਿਕਾਰਾਂ ਵਿਚ ਸੜ ਰਹੇ ਸੰਸਾਰ ਨੂੰ ਬਚਾ ਲਓ! ਜਿਸ ਤਰੀਕੇ ਨਾਲ ਵੀ ਬਚਾਇਆ ਜਾ ਸਕਦਾ ਹੈ, ਬਚਾ ਲਓ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)

ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਗੁਰਬਾਣੀ ਵਿਚਲੇ ਇਕ ਹੋਰ ਮਹੱਤਵਪੂਰਨ ਸੰਦੇਸ਼ ਨੂੰ ਗ੍ਰਹਿਣ ਕਰਨ ਦੀ ਲੋੜ ਹੈ ਤੇ ਉਹ ਹੈ ‘ਸੰਤੋਖ’ ਜਿਸ ਤੋਂ ਬਿਨਾਂ ਮਨੁੱਖ ਨੂੰ ਕਦੀ ਰੱਜ ਨਹੀਂ ਆਉਂਦਾ:

ਬਿਨਾ ਸੰਤੋਖ ਨਹੀ ਕੋਊ ਰਾਜੈ॥ (ਪੰਨਾ 279)

ਅੱਜ ਮਨੁੱਖ ਭਾਵੇਂ ਉੱਨਤੀ ਦੇ ਪੱਖ ਤੋਂ ਸਿਖਰਾਂ ’ਤੇ ਪਹੁੰਚ ਗਿਆ ਹੈ ਪਰੰਤੂ ਇਸ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਅੱਜ ਦੀ ਦੌੜ-ਭੱਜ ਵਾਲੀ ਦੁਨੀਆਂ ਵਿਚ ਸਬਰ, ਸੰਤੋਖ, ਸ਼ਾਂਤੀ ਜਿਹੇ ਗੁਣ ਤਾਂ ਮਾਨੋ ਖੰਭ ਲਾ ਕੇ ਉੱਡਦੇ ਜਾ ਰਹੇ ਹਨ। ਜਿੱਥੇ ‘ਸਤਿਜੁਗਿ ਰਥ ਸੰਤੋਖ ਕਾ ਧਰਮ ਅਗੇ ਰਥਵਾਹੁ’ ਸੀ ਅੱਜ ‘ਕਲਜੁਗਿ ਰਥੁ ਅਗਨਿ ਕਾ ਕੂੜ ਅਗੈ ਰਥਵਾਹ’ ਹੈ।

ਸਭ ਕੁਝ ਹੁੰਦੇ ਹੋਏ ਵੀ ਮਾਇਆ-ਵੇੜਾ ਮਨੁੱਖ ਹਰ ਵੇਲੇ ਅਤ੍ਰਿਪਤ ਰਹਿੰਦਾ ਹੈ, ਉਸ ਦੇ ਮਨ ਅੰਦਰ ਸੰਤੋਖ ਨਹੀਂ ਉਪਜਦਾ:

ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ॥
ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ॥ (ਪੰਨਾ 708)

ਭਾਵ ਮੋਤੀਆਂ ਦੀ ਮਾਲਾ, ਸੋਨਾ (ਕਨਿਕ) ਲਾਲ, ਹੀਰੇ, ਮਨ ਨੂੰ ਖੁਸ਼ ਕਰਨ ਵਾਲੀ ਮਾਇਆ, ਇਹ ਸਭ ਮਨੋਰੰਜਨ ਦੀਆਂ ਚੀਜ਼ਾਂ ਹੁੰਦਿਆਂ ਹੋਇਆਂ ਵੀ, ਮਨੁੱਖ ਸਾਰੀ ਉਮਰ ‘ਹਾਏ ਹਾਏ’ ਕਰਦਾ ਲੰਘਾ ਦਿੰਦਾ ਹੈ, ਇਸ ਨੂੰ ਕਦੇ ਸਬਰ-ਸੰਤੋਖ ਨਹੀਂ ਆਉਂਦਾ।

ਦੂਜੇ ਬੰਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਵਾਲੇ ਪ੍ਰਾਣੀ ਬੜੇ ਸੰਤੋਖੀ ਹੁੰਦੇ ਹਨ, ਉਹ ਕਦੀ ਮਾੜਾ ਨਹੀਂ ਕਰਦੇ, ਭਲੇ ਕੰਮ ਕਰਦੇ ਹੋਏ ਧਾਰਮਿਕ ਜੀਵਨ ਬਤੀਤ ਕਰਦੇ ਹਨ, ਦੁਨਿਆਵੀ ਧੰਦਿਆਂ ਵਿਚ ਖਚਿਤ ਨਹੀਂ ਹੁੰਦੇ, ਚਸਕਿਆਂ ਲਈ ਨਹੀਂ ਸਗੋਂ ਜੀਵਨ-ਨਿਰਵਾਹ ਲਈ ਲੋੜ ਅਨੁਸਾਰ ਹੀ ਖਾਂਦੇ ਹਨ:

ਸੇਵ ਕੀਤੀ ਸੰਤੋਖੀਈਂ ਜਿਨੀ੍ ਸਚੋ ਸਚੁ ਧਿਆਇਆ॥
ਓਨੀ੍ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥
ਓਨੀ੍ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥ (ਪੰਨਾ 466-67)

ਇੰਞ ਗੁਰਬਾਣੀ ਸਾਂਝੀਵਾਲਤਾ, ਪਰਸਪਰ ਪ੍ਰੇਮ-ਪਿਆਰ, ਵਿਸ਼ਵ-ਭਾਈਚਾਰਾ, ਧਾਰਮਿਕ ਸਹਿਨਸ਼ੀਲਤਾ, ਪਰਉਪਕਾਰ, ਸੇਵਾ, ਵੰਡ ਛਕਣ, ਕਿਰਤ ਕਰਨ, ਨਿਰਭੈਤਾ, ਨਿਰਵੈਰਤਾ ਦੇ ਉੱਚੇ-ਸੁੱਚੇ ਨਿਰਮਲ ਸੰਦੇਸ਼ ਦਿੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਮਲ ਬਾਣੀ ਵਿਕਾਰਾਂ ਨੂੰ ਤਿਆਗਣ ਅਤੇ ਸੰਤੋਖੀ ਜੀਵਨ ਬਤੀਤ ਕਰਦੇ ਹੋਏ ਸੱਚ ਦੇ ਮਾਰਗ ’ਤੇ ਚੱਲਣ ਲਈ ਮਨੁੱਖੀ ਭਾਈਚਾਰੇ ਨੂੰ ਪ੍ਰੇਰਦੀ ਹੈ:

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਪੰਨਾ 136)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Sadhu Singh Gobindpuri

# 217-ਆਰ, ਮਾਡਲ ਟਾਊਨ, ਜਲੰਧਰ-144003

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)