editor@sikharchives.org

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ-ਗੱਦੀ ਦਿਵਸ

ਸਿੱਖ ਧਰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ-ਗੱਦੀ ਦਿਵਸ, ਜਿਸ ਨੂੰ ਤਾਜਪੋਸ਼ੀ ਦਿਵਸ ਵੀ ਆਖਿਆ ਜਾਂਦਾ ਹੈ, ਦਾ ਮਹੱਤਵਪੂਰਨ ਸਥਾਨ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਧਰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ1 ਦੇ ਗੁਰਤਾ-ਗੱਦੀ ਦਿਵਸ, ਜਿਸ ਨੂੰ ਤਾਜਪੋਸ਼ੀ ਦਿਵਸ ਵੀ ਆਖਿਆ ਜਾਂਦਾ ਹੈ, ਦਾ ਮਹੱਤਵਪੂਰਨ ਸਥਾਨ ਹੈ। ਇਹ ਇਤਿਹਾਸਕ ਦਿਹਾੜਾ ਹਰ ਸਾਲ ਕੱਤਕ (ਅਕਤੂਬਰ/ਨਵੰਬਰ) ਦੇ ਮਹੀਨੇ ਸਿੱਖ-ਸੰਗਤਾਂ ਵੱਲੋਂ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸਮੁੱਚੀ ਸਿੱਖ ਕੌਮ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ-ਗੱਦੀ ਦੀ ਤੀਸਰੀ ਸ਼ਤਾਬਦੀ, ਅਕਤੁਬਰ 2008 ਈਸਵੀ ਵਿਚ, ਵਿਸ਼ਵ ਪੱਧਰ ’ਤੇ ਧੂਮ–ਧਾਮ ਨਾਲ ਮਨਾਈ ਗਈ ਹੈ। ਸਿੱਖ ਪਰੰਪਰਾ ਅਨੁਸਾਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ (ਗੁਰਤਾ-ਗੱਦੀ ਤੋਂ ਪਹਿਲਾਂ) ‘ਸ੍ਰੀ ਗ੍ਰੰਥ ਸਾਹਿਬ’ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਗੁਰਤਾ-ਗੱਦੀ ਦੇਣ ਉਪਰੰਤ ਇਸ ਪਵਿੱਤਰ ਗ੍ਰੰਥ ਦਾ ਨਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੋਇਆ ਹੈ। ਇਸ ਲੇਖ ਵਿਚ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (‘ਸ੍ਰੀ ਗ੍ਰੰਥ ਸਾਹਿਬ’) ਦੀ ਗੁਰਤਾ-ਗੱਦੀ ਅਤੇ ਇਸ ਦੀ ਧਾਰਮਿਕ ਤੇ ਇਤਿਹਾਸਿਕ ਮਹਾਨਤਾ ਨੂੰ (ਇਤਿਹਾਸਕਾਰਾਂ ਦੇ ਹਵਾਲਿਆਂ ਅਤੇ ਵਿਦਵਾਨਾਂ ਦੇ ਕਥਨਾਂ ਦੇ ਆਧਾਰ ’ਤੇ) ਵਿਚਾਰਨਾ ਹੈ। ਪਰ ਵਿਸ਼ਾ ਅਰੰਭ ਕਰਨ ਤੋਂ ਪਹਿਲਾਂ ‘ਸ੍ਰੀ ਗ੍ਰੰਥ ਸਾਹਿਬ’ ਦੀ ਸੰਪਾਦਨਾ, ਇਸ ਦਾ ਪਹਿਲਾ ਪ੍ਰਕਾਸ਼ ਅਤੇ ‘ਸ੍ਰੀ ਗ੍ਰੰਥ ਸਾਹਿਬ’ ਦੀ ਸੰਪੂਰਨਤਾ ਬਾਰੇ ਸੰਖੇਪ ਵਿਚ ਵਿਚਾਰ ਕਰਦੇ ਹਾਂ।

ਸ੍ਰੀ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਪਹਿਲਾ ਪ੍ਰਕਾਸ਼:

ਬਾਣੀ ਸੰਗ੍ਰਹਿ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਸਰ ਸਾਹਿਬ ਜੀ ਵਿਖੇ ਬੈਠ ਕੇ (ਆਪਣੀ ਦੇਖ-ਰੇਖ ਵਿਚ) ਭਾਈ ਗੁਰਦਾਸ ਜੀ ਤੋਂ ਬੀੜ ਲਿਖਵਾਈ ਜੋ ਇਤਿਹਾਸਕ ਤੱਥਾਂ ਅਨੁਸਾਰ 1604 ਈਸਵੀ (ਸੰਮਤ 1661) ਵਿਚ ਸੰਪੂਰਨ ਹੋਈ।2 ਇਸੇ ਸਾਲ ਭਾਦਰੋਂ ਸੁਦੀ ਏਕਮ 1 ਸਤੰਬਰ 1604 ਈ: ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼3 ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੀਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਖਾਰਬਿੰਦ ਤੋਂ ਸਤਿਕਾਰ ਯੋਗ ਬਾਬਾ ਬੁੱਢਾ ਜੀ ਨੂੰ ‘ਗ੍ਰੰਥ ਸਾਹਿਬ’ ਦਾ ਪ੍ਰਕਾਸ਼ ਕਰਨ ਅਤੇ ਪਵਿੱਤਰ ਹੁਕਮ ਲੈਣ ਦੀ ਆਗਿਆ ਕੀਤੀ। ਸਤਿਗੁਰੂ ਜੀ ਆਪ ਕੋਲ ਸੁਸ਼ੋਭਿਤ ਸਨ। ਇਸ ਸੰਦਰਭ ਵਿਚ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ:

ਮੰਜੀ ਸਹਤ ਗ੍ਰਿੰਥ ਤਹਿˆ ਥਾਪਿ।
ਬੈਠੇ ਨਿਕਟ ਗੁਰੂ ਤਬ ਆਪਿ॥31॥

ਵਾਰ ਭੋਗ ਕੋ ਸੁਨਿ ਮਨ ਲਾਈ।
ਸ੍ਰੀ ਅਰਜਨ ਪੁਨ ਗਿਰਾ ਅਲਾਈ।
ਬੁੱਢਾ ਸਾਹਿਬ ਖੋਲਹੁ ਗ੍ਰਿੰਥ।
ਲੇਹੁ ਅਵਾਜ਼ ਸੁਨਹਿ ਸਭਿ ਪੰਥ॥32॥…
ਅਦਬ ਸੰਗ ਤਬਿ ਗ੍ਰਿੰਥ ਸੁ ਖੋਲਾ।
ਲੇ ਅਵਾਜ਼ ਬੁੱਢਾ ਮੁਖ ਬੋਲਾ॥33॥

ਇਸ ਪਾਵਨ ਮੌਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਕਾਸ਼ ਕੀਤੀ ਪਵਿੱਤਰ ਬੀੜ ਨੂੰ ‘ਪੋਥੀ ਪਰਮੇਸ਼ਰ ਕਾ ਥਾਨੁ’ ਆਖ ਕੇ ਸਨਮਾਨਿਆ ਅਤੇ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਥਾਪਿਆ। ਫਿਰ ਆਪ ਜੀ ਨੇ ਅੰਮ੍ਰਿਤ ਵੇਲੇ ਤੇ ਸ਼ਾਮ ਸਮੇਂ ਸੇਵਾ ਦੀ ਰੋਜ਼ਾਨਾ ਮਰਿਆਦਾ ਸੰਬੰਧੀ ਇਉਂ ਹੁਕਮ ਦਿੱਤਾ:

ਪਠਹਿˆ ਸੋਹਿਲਾ ਕਿਰਤਕ ਗਾਇ॥43॥
ਬਹੁਰੋ ਲੇ ਜਾਵਹੁ ਅਸਵਾਰਾ।
ਜਿਸੀ ਕੋਠਰੀ ਰਹਨਿ ਹਮਾਰਾ।…
ਵਾਰ ਭੋਗ ਤੇ ਖੋਲਿ ਪਢੀਜੈ।
ਇਸੀ ਪ੍ਰਕਾਰ ਕਾਰ ਨਿੱਤ ਕੀਜਹਿ।…

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ-ਗੁਰੂ ਦੇ ਸਤਿਕਾਰ ਵਜੋਂ ‘ਗ੍ਰੰਥ ਸਾਹਿਬ’ ਦਾ ਉੱਚੇ ਸਥਾਨ ’ਤੇ ਪ੍ਰਕਾਸ਼ ਕੀਤਾ ਤੇ ਆਪ ਜੀ ਸੁਖਆਸਣ ਵਾਲੀ ਕੋਠੜੀ ਵਿਚ ਨੀਵੇਂ ਸਥਾਨ ’ਤੇ ਭੁੰਞੇ ਹੀ ਬਿਰਾਜਦੇ ਰਹੇ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਾਣੀ ਦੀ ਬੀੜ ਤਿਆਰ ਕਰਵਾ ਕੇ ਉਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਜਾਣ ਦੀ ਖਬਰ ਸੰਗਤਾਂ ਤਕ ਪਹੁੰਚੀ ਤਾਂ ਦੂਰ-ਦੁਰਾਡੀਆਂ ਥਾਵਾਂ ਤੋਂ ਸਿੱਖ-ਸੰਗਤਾਂ ਦਰਸ਼ਨਾਂ ਨੂੰ ਆਉਣ ਲੱਗ ਪਈਆਂ।

‘ਸ੍ਰੀ ਗ੍ਰੰਥ ਸਾਹਿਬ’ ਦੀ ਸੰਪੂਰਨਤਾ: ਸਾਰੇ ਇਤਿਹਾਸਕਾਰ ਇਸ ਵਿਚਾਰ ਨਾਲ ਸਹਿਮਤ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਤਿਆਰ ਕਰਵਾਈ ਗਈ ਬੀੜ ‘ਸ੍ਰੀ ਗ੍ਰੰਥ ਸਾਹਿਬ’ ਕਰਤਾਰਪੁਰ ਦੇ ਸੋਢੀਆਂ ਦੇ ਕਬਜ਼ੇ ਵਿਚ ਸੀ ਅਤੇ ਉਨ੍ਹਾਂ ਨੇ ਉਸ ਬੀੜ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਜੰਗਾਂ–ਯੁੱਧਾਂ ਤੋਂ ਵਿਹਲੇ ਹੋ ਕੇ ਤਲਵੰਡੀ ਪਹੁੰਚਦਿਆਂ ਹੀ ਦਸ਼ਮੇਸ਼ ਗੁਰੂ ਨੇ ਸ੍ਰੀ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਨੂੰ ਉਚਾਰਨ ਤੇ ਲਿਖਵਾਉਣ ਦਾ ਕਾਰਜ ਦਮਦਮਾ ਸਾਹਿਬ ਵਿਖੇ ਅਰੰਭ ਕਰ ਦਿੱਤਾ। ਗੁਰੂ ਜੀ ਨੇ ਅੰਤਰ-ਧਿਆਨ ਹੋ ਕੇ ਆਪਣੇ ਆਤਮਿਕ ਬਲ ਨਾਲ ‘ਸ੍ਰੀ ਗ੍ਰੰਥ ਸਾਹਿਬ’ ਆਪਣੇ ਮੁਖਾਰਬਿੰਦ ਤੋਂ ਉਚਾਰ ਕੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ। ਆਪ ਜੀ ਨੇ ‘ਸ੍ਰੀ ਗ੍ਰੰਥ ਸਾਹਿਬ’ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਇਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸ਼ਬਦ ਰਾਗਾਂ ਅਨੁਸਾਰ ਅੰਕਿਤ ਕਰ ਦਿੱਤੇ ਅਤੇ 57 ਸਲੋਕ ‘ਸਲੋਕ ਮਹਲਾ 9’ ਸਿਰਲੇਖ ਅਧੀਨ ਦਰਜ ਕੀਤੇ। ਜੈਜਾਵੰਤੀ ਰਾਗ ਨੂੰ 31 ਵੇਂ ਰਾਗ ਦੇ ਤੌਰ ’ਤੇ ਸ਼ਾਮਲ ਕਰ ਕੇ ਇਸ ਵਿਚ ਨੌਵੇਂ ਸਤਿਗੁਰੂ ਦੇ ਰਚਿਤ ਚਾਰ ਸ਼ਬਦ ਦਰਜ ਕਰ ਕੇ ‘ਸ੍ਰੀ ਗ੍ਰੰਥ ਸਾਹਿਬ’ ਨੂੰ ਸੰਪੂਰਨਤਾ ਬਖਸ਼ੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੰਮਤ 1763, ਦਿਨ ਐਤਵਾਰ, 8 ਭਾਦਰੋਂ ਨੂੰ ਬੀੜ ਲਿਖਣ ਦਾ ਕਾਰਜ ਸੰਪੂਰਨ ਹੋਣ ਦੀ ਸੂਚਨਾ ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਇਸ ਪ੍ਰਕਾਰ ਦਿੰਦੇ ਹਨ:

ਇਨ੍ਹਾਂ ਦਿਨਾਂ ਦੇ ਵਿਚ ਸਤਿਗੁਰਾਂ ਨੇ ਆਦਿ ਗ੍ਰੰਥ ਬੀੜ ਰਚਾਈ ਵਾਹ ਵਾਹ।
ਬਾਣੀ ਉਚਾਰਦੇ ਆਪ ਅਗਮ ਤੋਂ ਸਨ ਕੀਤੀ ਮਣੀ ਸਿੰਘ ਹਥੀਂ ਲਿਖਾਈ ਵਾਹ ਵਾਹ।
ਸਤਾਰਾਂ ਸੌ ਤ੍ਰੇਹਠ ਦਿਨ ਐਤਵਾਰ ਦਾ ਸੀ ਆਠ ਭਾਦਰੋਂ ਬੀੜ ਮੁਕਾਈ ਵਾਹ ਵਾਹ।
ਪਹਿਲੀ ਬੀੜ ਨਾਲੋਂ ਕਰਤਾਰ ਸਿੰਘਾ ਵਿਲੱਖਣਤਾ ਦਿਖਲਾਈ ਵਾਹ ਵਾਹ।5

ਭਾਈ ਕਾਨ੍ਹ ਸਿੰਘ ਨਾਭਾ ਦੀ ਖੋਜ ਦੱਸਦੀ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਬੀੜਾਂ (ਜਿਲਦਾਂ) ਦੇਖੀਆਂ ਜਾਂਦੀਆਂ ਹਨ। ਪਹਿਲੀ ਬੀੜ ਭਾਈ ਗੁਰਦਾਸ ਜੀ ਦੀ ਲਿਖੀ ਹੈ ਜਿਸ ਵਿਚ 30 ਰਾਗ ਹਨ ਤੇ ਸਾਰੇ ਪੱਤਰੇ 975 ਹਨ, ਸ੍ਰੀ ਗੁਰੂ ਅਰਜਨ ਸਾਹਿਬ ਦੀ ਕਲਮ ਤੋਂ ਜਪੁ ਦੇ ਆਦਿ ਦਾ ਮੂਲ ਮੰਤ੍ਰ ਹੈ ਅਤੇ ਪੰਨਾ 541 ਪੁਰ ਗੁਰੂ ਹਰਿਗੋਬਿੰਦ ਸਾਹਿਬ ਦੇ ਦਸਤਖ਼ਤ ਹਨ। ਦੂਜੀ ਬੀੜ ਭਾਈ ਬੰਨੋ ਜੀ ਦੀ ਹੈ, ਜੋ ਮਾਂਗਟ ਨਿਵਾਸੀ ਸਿੱਖ ਭਾਈ ਬੰਨੋ ਨੇ ਲਾਹੌਰ ਜਾਂਦਿਆਂ ਤੇ ਆਉਂਦਿਆਂ ਉਤਾਰਾ ਕਰ ਕੇ ਲਿਖੀ ਕਹੀ ਜਾਂਦੀ ਹੈ। ਇਸ ਵਿਚ ਕੁਝ ਵਾਧੂ ਸ਼ਬਦ ਦਰਜ ਹਨ ਤੇ ਇਸ ਦੇ 467 ਪੱਤਰੇ ਹਨ, ਇਹ ਬੀੜ ਮਾਂਗਟ ਵਿੱਚ ਭਾਈ ਬੰਨੋ ਜੀ ਦੀ ਔਲਾਦ ਪਾਸ ਹੈ। ਤੀਜੀ ਬੀੜ ਦਮਦਮਾ ਸਾਹਿਬ ਵਾਲੀ ਬੀੜ ਹੈ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਕੰਠ ਤੋਂ ਬਾਣੀ ਉਚਾਰਨ ਕਰ ਕੇ ਸੰਮਤ 1762-63 ਬਿਕ੍ਰਮੀ ਵਿਚ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਤੇ ਉਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਕਰਵਾਈ। ਇਸ ਵਿਚ ਜੈਜਾਵੰਤੀ ਸਮੇਤ 31 ਰਾਗ ਹਨ।’6 ਇਸ ਵਕਤ ਛਾਪੇ ਦੀਆਂ ਜੋ ਬੀੜਾਂ ਹਨ, ਉਹ ਦਮਦਮਾ ਸਾਹਿਬ ਵਿਚ ਸੰਪੂਰਨ ਹੋਈ ਬੀੜ ਦਾ ਉਤਾਰਾ ਹੀ ਹਨ। ਇਹ ਕਿੰਤੂ ਰਹਿਤ ਸਚਾਈ ਹੈ ਕਿ ਦਮਦਮਾ ਸਾਹਿਬ ਵਿਚ ਸੰਪੂਰਨ ਹੋਈ ਬੀੜ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਰੂਪ ਵਿਚ ਪ੍ਰਵਾਨਗੀ ਮਿਲੀ ਹੈ।

‘ਸ੍ਰੀ ਗ੍ਰੰਥ ਸਾਹਿਬ’ (ਸ਼ਬਦ-ਗੁਰੂ) ਨੂੰ ਗੁਰਤਾ-ਗੱਦੀ:

ਇਤਿਹਾਸਕਾਰਾਂ ਅਨੁਸਾਰ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ 6 ਅਕਤੂਬਰ, 1708 ਈਸਵੀ (5 ਕੱਤਕ ਸੰਮਤ 1765)7 ਨੂੰ (ਇਲਾਹੀ ਬਾਣੀ ਦੇ ਸੰਗ੍ਰਹਿ) ‘ਗ੍ਰੰਥ ਸਾਹਿਬ ਜੀ’ ਦੇ ਹਜ਼ੂਰ ਮੱਥਾ ਟੇਕਦੇ ਹੋਏ ਇਸ ਨੂੰ ਜੁਗੋ ਜੁਗ ਅਟੱਲ ਗੁਰਤਾ-ਗੱਦੀ ਬਖਸ਼ ਕੇ ਸਾਖਸ਼ਾਤ-ਸਰੂਪ ਗੁਰੂ ਮੰਨਣ ਦਾ ਹੁਕਮ ਦਿੱਤਾ। ਇਸ ਤਰ੍ਹਾਂ ਦਸਮੇਸ਼ ਪਿਤਾ ਨੇ ਸਰੀਰਕ ਰੂਪ ਵਿਚ ਗੁਰਗੱਦੀ ਦੀ ਪਰੰਪਰਾ ਖਤਮ ਕਰ ਦਿੱਤੀ ਤੇ ਪੰਥ ਨੂੰ ਸਥਾਈ ਸ਼ਬਦ-ਗੁਰੂ ਦੇ ਤਾਬਿਆ ਕਰਕੇ ਪਹਿਲੇ ਗੁਰੂ ਸਾਹਿਬਾਨ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ‘ਸ਼ਬਦ-ਗੁਰੂ’ ਦੇ ਸਿਧਾਂਤ ’ਤੇ ਮੋਹਰ ਲਗਾ ਦਿੱਤੀ।

ਇਤਿਹਾਸਿਕ ਗਵਾਹੀਆਂ:

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਦੀ ਪਾਵਨ ਘਟਨਾ ਦਾ ਮਹੱਤਵਪੂਰਨ ਪ੍ਰਮਾਣ ਭੱਟ ਨਰਬਦ ਸਿੰਘ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਂਦੇੜ ਵਿਚ ਮੌਜੂਦ ਸਨ, ਨੇ ਇਸ ਤਰ੍ਹਾਂ ਦਿੱਤਾ ਹੈ:

“ਗੁਰੂ ਗੋਬਿੰਦ ਸਿੰਘ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਪੋਤਾ ਗੁਰੂ ਹਰਿਗੋਬਿੰਦ ਜੀ ਕਾ, ਪੜਪੋਤਾ ਗੁਰੂ ਅਰਜਨ ਜੀ ਕਾ, ਬੰਸ ਗੁਰੂ ਰਾਮਦਾਸ ਜੀ ਦੀ, ਸੂਰਜਬੰਸੀ ਗੋਸਲ ਗੋਤਰਾ ਸੋਢੀ ਖਤ੍ਰੀ ਬਾਸੀ ਆਨੰਦਪੁਰ ਪਰਗਨਾ ਕਾਹਲੂਰ ਮੁਕਾਮ ਨਾਂਦੇੜ ਤਟ ਗੋਦਾਵਰੀ ਦੇਸ ਦਖਨ ਸੰਮਤ ਸਤਰਾਂ ਸੈ ਪੈਂਸਠ ਕਾਰਤਿਕ ਮਾਸ ਕੀ ਚੌਥ ਸ਼ੁਕਲਾ ਪਖੇ ਬੁਧਵਾਰ ਕੇ ਦਿਹੁੰ ਭਾਈ ਦਇਆ ਸਿੰਘ ਸੇ ਬਚਨ ਹੋਇਆ ਸ੍ਰੀ ਗ੍ਰੰਥ ਸਾਹਿਬ ਲੈ ਆਓ। ਬਚਨ ਪਾਏ ਦਇਆ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਆਏ। ਗੁਰੂ ਜੀ ਨੇ ਪੰਚ ਪੈਸੇ ਨਾਰੀਅਲ ਅਗੇ ਭੇਟਾ ਰਖਾ ਮਥਾ ਟੇਕਾ ਸਰਬੱਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰੀ ਜਗਹ ਸ੍ਰੀ ਗ੍ਰੰਥ ਜੀ ਕੋ ਜਾਨਨਾ ਜੋ ਸਿੱਖ ਮਾਨੇਗਾ ਤਿਸ ਕੀ ਘਾਲ ਥਾਂਏ ਪਏਗੀ ਗੁਰੂ ਤਿਸਕੀ ਬਾਹੁੜੀ ਕਰੇਗਾ ਸਤ ਕਰ ਮਾਨਨਾ।”(ਭੱਟ ਵਹੀ ਤਲੌਂਡਾ)

ਕਵੀ ਸੈਨਾਪਤਿ ਦੇ ਗ੍ਰੰਥ, (ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾ ਜਾਣ ਦੇ ਸਿਰਫ਼ ਤਿੰਨ ਸਾਲ ਭਾਵ 1768 ਬਿਕ੍ਰਮੀ (1711 ਈ.) ਨੂੰ ਲਿਖਿਆ ਗਿਆ, ਤੋਂ ਵੀ ਇਸ ਤੱਥ ਦੀ ਗਵਾਹੀ ਮਿਲਦੀ ਹੈ। ਜਦੋਂ ਗੁਰੂ ਜੀ ਨੂੰ ਸਿੱਖਾਂ ਨੇ ਪੁੱਛਿਆ ਕਿ ਉਹ ਉਨ੍ਹਾਂ ਨੂੰ ਕਿਸ ਦੇ ਹਵਾਲੇ ਕਰ ਚੱਲੇ ਹਨ ਤਾਂ ਗੁਰੂ ਜੀ ਨੇ ਉੱਤਰ ਦਿੱਤਾ:

ਏਕ ਦਿਵਸ ਕਾਰਨ ਤੇ ਆਗੇ।
ਮਿਲਿ ਕੇ ਸਿੰਘ ਪੂਛਨੇ ਲਾਗੇ।
ਕਵਲ ਰੂਪ ਆਪਨ ਪ੍ਰਭ ਕੀਨੋ।
ਤਿਨ ਕੈ ਜੁਆਬ ਭਾਤਿ ਇਹ ਦੀਨੋ॥
ਤਾਹ ਸਮੇ ਗੁਰ ਬੈਨ ਸੁਨਾਯੋ।
ਖ਼ਾਲਸ ਆਪਨੋ ਰੂਪ ਬਤਾਯੋ।
ਖ਼ਾਲਸ ਹੀ ਸੋ ਹੈ ਮਮ ਕਾਮਾ।
ਬਖਸ਼ ਕੀਉ ਖਾਲਸ ਕੋ ਜਾਮਾ।..
ਖ਼ਾਲਸ ਖ਼ਾਸ ਕਹਾਵੈ ਸੋਈ ਜਾ ਕੈ ਹਿਰਦੈ ਭਰਮ ਨ ਹੋਈ।
ਭਰਮ ਭੇਖ ਤੇ ਰਹੈ ਨਿਆਰਾ ਸੋ ਖ਼ਾਲਸ ਸਤਿਗੁਰੂ ਹਮਾਰਾ।
ਸਤਿਗੁਰੂ ਹਮਾਰਾ ਅਪਰ ਅਪਾਰਾ ਸ਼ਬਦਿ ਬਿਚਾਰਾ ਅਜਰ ਜ਼ਰੰ।
ਹਿਰਦੇ ਧਰਿ ਧਿਆਨੀ ਉਚਰੀ ਬਾਨੀ ਪਦ ਨਿਰਬਾਨੀ ਅਪਰ ਪਰੰ। (‘ਸ੍ਰੀ ਗੁਰ ਸੋਭਾ’)

ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਜਦੋਂ ਸਿੱਖਾਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਉਹ ਹੁਣ ਉਨ੍ਹਾਂ ਦੇ ਦਰਸ਼ਨ ਕਿਵੇਂ ਕਰਿਆ ਕਰਨਗੇ ਤਾਂ ਗੁਰੂ ਜੀ ਨੇ ਉੱਤਰ ਦਿੱਤਾ:

ਤੀਨ ਰੂਪ ਹੈ ਮੋਹਿ ਕੇ ਸੁਣਹੁ ਨੰਦ ਚਿਤ ਲਾਇ,
ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੈ ਤੋਹਿ ਸਮਝਾਇ।
ਏਕ ਰੂਪ ਤਿਹ ਗੁਣ ਤੇ ਪਰੇ, ਨੇਤ ਨੇਤ ਜਿਹ ਨਿਗਮ ਉਚਰੇ।
ਘਟਿ ਘਟਿ ਬਿਆਪਕ ਅੰਤਰਜਾਮੀ, ਪੂਰ ਰਹਿਓ ਜਿਉਂ ਜਲ ਘਟ ਭਾਨੀ।…
ਦੂਸਰ ਰੂਪ ਗ੍ਰੰਥ ਜੀ ਜਾਨ।
ਉਨਕੇ ਅੰਗ ਮੇਰੋ ਕਰ ਮਾਨ।
ਜੋ ਸਿਖ ਗੁਰ-ਦਰਸ਼ਨ ਕੀ ਚਾਹਿ।
ਦਰਸ਼ਨ ਕਰੇ ਗ੍ਰੰਥ ਜੀ ਆਹਿ।…
ਮੇਰਾ ਰੂਪ ਗ੍ਰੰਥ ਜੀ ਜਾਣ।
ਇਸ ਮੇਂ ਭੇਦ ਨਹੀਂ ਕੁਛ ਮਾਨ।
ਤੀਸਰ ਰੂਪ ਸਿਖ ਹੈਂ ਮੋਰ।
ਗੁਰਬਾਣੀ ਰੱਤ ਜਿਹ ਨਿਸ ਭੋਰ।
ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰੇ,
ਗੁਰ ਕਾ ਦਰਸ ਨਿਤ ਉਠ ਕਰੇ। (ਰਹਿਤਨਾਮਾ ਭਾਈ ਨੰਦ ਲਾਲ)

ਭਾਈ ਕੇਸਰ ਸਿੰਘ ਛਿੱਬਰ ਨੇ ਇਸ ਇਤਿਹਾਸਿਕ ਘਟਨਾ ਨੂੰ ਇਨ੍ਹਾਂ ਸ਼ਬਦਾਂ ਵਿਚ ਕਾਨੀਬੰਦ ਕੀਤਾ ਹੈ:

ਦੁਇ ਜਾਮ ਰਾਤਿ ਗਈ ਤਾਂ ਕੁਸਾ ਵਿਛਵਾਈ।
ਸਿਖਾਂ ਹਥਿ ਜੋੜ ਕਰਿ ਬਿਨਤੀ ਪਛਾਈ।
ਗਰੀਬ ਨਿਵਾਜ ਸਿਖ ਸੰਗਤਿ ਹੈ ਤੇਰੀ ਇਸਦਾ ਕੀ ਹਬਾਲੁ।
ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ।
ਗੁਰੂ ਹੈ ਖਾਲਸਾ ਖਾਲਸਾ ਹੈ ਗੁਰੂ।
ਗੱਦੀ ਸ੍ਰੀ ਸਾਹਿਬ ਦੇਵੀ ਮਾਤਾ ਦੀ ਪਾਏ ਭਜਨ ਕੀਤਾ ਸ਼ੁਰੂ।
ਆਪਸ ਵਿਚਿ ਕਰਨਾ ਪਿਆਰੁ ਪੰਥ ਦੇ ਵਾਧੇ ਨੂੰ ਲੋਚਨਾ।
ਆਗਿਆ ਗ੍ਰੰਥ ਸਾਹਿਬ ਦੀ ਕਰਨੀ ਸ਼ਬਦ ਦੀ ਖੋਜਨਾ। (ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ)

ਭਾਈ ਕੋਇਰ ਸਿੰਘ ‘ਗੁਰਬਿਲਾਸ ਪਾਤਸ਼ਾਹੀ ਦਸਵੀਂ’ ਵਿਚ ਇਸ ਪ੍ਰਥਾਇ ਲਿਖਦੇ ਹਨ:

ਤਬ ਪੁਨਿ ਆਪ ਉਠੇ ਸਭ ਸੰਗਾ।
ਪੈਸੇ ਪਾਂਚ ਨਲੀਏਰ ਸੁ ਅੰਗਾ।
ਲੈ ਕੇ ਤਾਹਿ ਅਰਪ ਕੀ ਬੰਦਨ।
ਪ੍ਰਦੱਖਨਾ ਕਰਤੇ ਮਨ ਰੰਗਨ।
ਕਹਾ, “ਜੋਇ ਬਚ ਕੀਨਾ ਚਾਹੇ।
ਪਾਠ ਕਰੈ ਗੁਰ ਕੋ ਸੁਖ ਪਾਏ।
ਯਾ ਸਮ ਔਰ ਕੋਈ ਗੁਰ ਨਾਹੀ।
ਬਿਨਾ ਕਾਨ ਸਭ ਬਾਕ ਭਨਾਹੀ॥ (ਸਫ਼ਾ 284)

ਗਿਆਨੀ ਗਿਆਨ ਸਿੰਘ ਨੇ‘ਪੰਥ ਪ੍ਰਕਾਸ਼’ ਵਿਚ ਇਸ ਪਵਿੱਤਰ ਘਟਨਾ ਦਾ ਬਿਆਨ ਕੀਤਾ ਹੈ:

ਅਬ ਹਮ ਸੋ ਗੁਰੁ ਥਾਪਹੈਂ ਜੋ ਸੁੱਧ ਉਦਾਰੀ।
ਅਜਰ ਅਮਰ ਆਖੰਡ ਰਹਿ ਸਦ ਪਰਉਪਕਾਰੀ।
ਭੇਦ ਪੱਖ ਬਿਨ ਸਰਬ ਕੋ ਬਾਂਛਿਤ ਫਲ ਦੈਹੈ।
ਇਮ ਕਹਿ ਗੁਰੂ ਗ੍ਰੰਥ ਕਾ ਪਰਕਾਸ਼ ਕਰੈਹੈ।
ਪੈਸੇ ਪਾਂਚ ਨਰੇਲ ਲੈ ਤਿਸ ਅਗਰ ਟਿਕਾਯੋ।
ਕਰ ਪ੍ਰਕਰਮਾਂ ਗੁਰੂ ਜੀ ਨਿਜ ਮਾਥ ਝੁਕਾਯੋ।
ਗੁਰੂ ਗ੍ਰੰਥ ਕੋ ਗੁਰੁ ਥਾਪਿਓ ਕੁਣਕਾ ਬਟਵਾਯੋ।
ਸ੍ਰੀ ਮੁਖ ਤੈ ਸਭ ਸਿਖਨ ਕੋ ਇਮ ਹੁਕਮ ਸੁਨਾਯੋ। (ਪੰਥ ਪ੍ਰਕਾਸ਼, ਸਫ਼ਾ 353)

ਹੋਰ ਰਹਿਤਨਾਮਿਆਂ ਤੇ ਲਿਖਾਰੀਆਂ ਦੀਆਂ ਰਚਨਾਵਾਂ ਵਿਚੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਗੁਰੂ ਜਾਣਨ ਦੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਹਨ:

ਗ੍ਰੰਥ ਪੰਥ ਗੁਰ ਮਾਨੀਏ ਤਾਰੈ ਸਕਲ ਜਹਾਨ। (ਰਹਿਤਨਾਮਾ ਭਾਈ ਦਯਾ ਸਿੰਘ)

ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਆਗਿਆ ਗ੍ਰੰਥ ਕੀ। (ਰਹਿਤਨਾਮਾ ਭਾਈ ਚਉਪਾ ਸਿੰਘ)

ਗੁਰੂ ਗ੍ਰੰਥ ਮੋਂ ਭੇਦ ਨ ਕਾਈ, ਗ੍ਰੰਥ ਹੋਇ ਤੋਂ ਨਿਕਟ ਧਰਾਈ। (ਰਹਿਤਨਾਮਾ ਭਾਈ ਦੇਸਾ ਸਿੰਘ)

ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ)

ਜਿਹ ਦੇਖਨਾ ਸ੍ਰੀ ਗ੍ਰੰਥ ਦਰਸਾਇ।
ਬਾਤ ਕਰਨ ਗੁਰ ਸੋ ਚਹੈ ਪੜ੍ਹ ਗ੍ਰੰਥ ਮਨ ਲਾਇ। (ਗੁਰਬਿਲਾਸ ਪਾ. 6, ਸਫ਼ਾ 12)

ਵਿਦਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਮਿਲਣਾ ਇਕ ਇਤਿਹਾਸਕ ਮਹੱਤਵ ਵਾਲਾ ਵਰਤਾਰਾ ਮੰਨਦਿਆਂ ਹੋਇਆਂ ਇਸ ਦਾ ਵਰਣਨ ਆਪਣੇ-ਆਪਣੇ ਢੰਗ ਨਾਲ ਕੀਤਾ ਹੈ। ਪੱਛਮੀ ਵਿਦਵਾਨ ਮਿਸਟਰ ਮੈਕਾਲਿਫ, ਜਿਸ ਨੇ ਕਈ ਸਾਲ ਲਾ ਕੇ ਸਿੱਖ ਧਰਮ ਦਾ ਮੁਤਾਲਿਆ ਕੀਤਾ, ਨੇ ਆਪਣੀ ਪੁਸਤਕ ‘ਸਿੱਖ ਰਿਲੀਜਨ’ ਵਿਚ ਲਿਖਿਆ ਹੈ ਕਿ ਦਸਮ ਗੁਰਦੇਵ ਜੀ ਨੇ ਇਸ਼ਨਾਨ ਕੀਤਾ, ਆਪਣੇ ਬਸਤਰ ਬਦਲੇ, ਜਪੁਜੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਅਰਦਾਸ ਕੀਤੀ… ਕਮਰਕੱਸਾ ਕੀਤਾ, ਆਪਣੇ ਸ਼ਸਤਰ ਧਾਰਨ ਕੀਤੇ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ… ਪੰਜ ਪੈਸੇ ਤੇ ਨਾਰੀਅਲ ਮੱਥਾ ਟੇਕਿਆ ਅਤੇ ਪੂਰਨ ਗੰਭੀਰਤਾ ਸਹਿਤ ਆਪਣੇ ਉੱਤਰਅਧਿਕਾਰੀ ਨੂੰ ਸਿਰ ਝੁਕਾਇਆ। ਪਰਿਕਰਮਾ ਕਰ ਕੇ ‘ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕੀ ਫ਼ਤਹ’ ਉਚਾਰਿਆ ਤੇ ਕਿਹਾ, ਪਿਆਰੇ ਖ਼ਾਲਸਾ ਜੀ! ਜਿਹੜਾ ਮੈਨੂੰ ਦੇਖਣਾ ਚਾਹੇ ਗੁਰੂ ਗ੍ਰੰਥ ਜੀ ਦੇ ਦਰਸ਼ਨ ਕਰ ਲਵੇ। ਗੁਰੂ ਗ੍ਰੰਥ ਸਾਹਿਬ ਦੇ ਹੁਕਮ ਨੂੰ ਮੰਨਿਆ ਜਾਵੇ। ਇਹ ਪ੍ਰਤੱਖ ਗੁਰੂ ਹੈ। ਜਿਹੜਾ ਮੈਨੂੰ ਮਿਲਣਾ ਚਾਹੇ ਇਸ ਦੀ ਬਾਣੀ ਦੀ ਖੋਜ ਕਰੇ(ਅਰਥਾਤ ਬਾਣੀ ਦਾ ਪਾਠ ਕਰੇ, ਜਾਪ ਕਰੇ)। ਪ੍ਰਸਿੱਧ ਢਾਡੀ ਗਿਆਨੀ ਸੋਹਨ ਸਿੰਘ ਸੀਤਲ ‘ਮਨੁੱਖਤਾ ਦੇ ਗੁਰੂ : ਗੁਰੂ ਗੋਬਿੰਦ ਸਿੰਘ ਜੀ’ ਵਿਚ ਲਿਖਦੇ ਹਨ, “ਖਾਲਸਾ ਜੀ! ਗੁਰਦੇਵ ਨੇ ਸਿੱਖਾਂ ਨੂੰ ਸੰਬੋਧਨ ਕਰ ਕੇ ਕਿਹਾ, ‘ਚਿੰਤਾ ਕਰਨ ਦੀ ਲੋੜ ਨਹੀਂ। ਭਾਣਾ ਮੰਨਣ ਵਿਚ ਹੀ ਭਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਅਸੀਂ ਅੰਤਮ ਰਸਮ ਅਦਾ ਕਰਨੀ ਚਾਹੁੰਦੇ ਹਾਂ।’ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਹਜ਼ੂਰ ਨੇ ਘੁੱਟ ਕੇ ਫੱਟ ਬੰਨ੍ਹ ਲਿਆ। ਮਹਾਰਾਜ ਦੀਵਾਨ ਵਿਚ ਆਏ। ਹਜ਼ੂਰ ਨੇ ਪੰਜ ਪੈਸੇ ਧਰ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਤੇ ਸਾਰੀ ਸੰਗਤ ਨੂੰ ਸੰਬੋਧਨ ਕਰ ਕੇ ਐਲਾਨ ਕੀਤਾ, ‘ਖਾਲਸਾ ਜੀ! ਅਸੀਂ ਸਹੀ ਅਰਥਾਂ ਵਿਚ ਗੁਰਗੱਦੀ ਦਾ ਫੈਸਲਾ ਉਸ ਦਿਨ ਹੀ ਕਰ ਦਿੱਤਾ ਸੀ ਜਦ ਵੈਸਾਖੀ ਵਾਲੇ ਦਿਨ ਪੰਜ ਪਿਆਰੇ ਚੁਣੇ ਸਨ। ਫਿਰ ਚਮਕੌਰ ਛੱਡਣ ਤੋਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਹੋਣ ਦਾ ਐਲਾਨ ਕੀਤਾ ਸੀ। ਅੱਜ ਵੀ ਪੂਰੀ ਕਰ ਦਿੱਤੀ ਹੈ। ਸਾਡੇ ਪਿੱਛੋਂ ਦੇਹਧਾਰੀ ਗੁਰੂ ਨਹੀਂ ਹੋਵੇਗਾ। ਦਸਾਂ ਗੁਰੂਆਂ ਦਾ ਸਰੂਪ ‘ਗੁਰੂ ਗ੍ਰੰਥ ਸਾਹਿਬ’ ਹੀ ਪੰਥ ਦਾ ਸਦੀਵੀ ਗੁਰੂ ਹੋਵੇਗਾ। ਸਾਡੇ ਵੱਲੋਂ ਸਰਬੱਤ ਸਾਧ ਸੰਗਤ ਨੂੰ ਫ਼ਤਹ ਪ੍ਰਵਾਨ ਹੋਵੇ: ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥”8 ਇਸ ਸੰਦਰਭ ਵਿਚ ਪ੍ਰਿੰ. ਸਤਿਬੀਰ ਸਿੰਘ ਨੇ ਲਿਖਿਆ ਹੈ ਕਿ “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ “ਸਿੱਖਾਂ ਦਾ ਸਵਾਲ ਸੀ ‘ਸਾਨੂੰ ਕਿਸ ਦੇ ਲੜ ਲਗਾ ਚੱਲੇ ਹੋ।’ ਮਹਾਰਾਜ ਦਾ ਉੱਤਰ ਸੀ: ‘ਪੰਥ ਨੂੰ ਗ੍ਰੰਥ ਦੇ ਲੜ ਲਾ ਚਲਿਆ ਹਾਂ।’ ਸਿੱਖਾਂ ਦੀ ਫਿਰ ਪੁੱਛ ਸੀ: ਮਹਾਰਾਜ! ਤੁਹਾਡੀ ਆਤਮਾ ਕਿੱਥੇ ਤੇ ਸਰੀਰ ਕਿੱਥੇ ਚਲਾ ਹੈ।’ ਤਾਂ ਮਹਾਰਾਜ ਫ਼ਰਮਾਇਆ: ‘ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ। ਓਟ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਭਾਈ ਕੇਸਰ ਸਿੰਘ ਛਿੱਬਰ ਦੇ ਸ਼ਬਦਾਂ ਵਿਚ:

ਗ਼ਰੀਬ ਨਿਵਾਜ ਸਿੱਖ ਸੰਗਤਿ ਹੈ ਤੇਰੀ ਤਿਸ ਦਾ ਕੀ ਹਵਾਲ।
ਬਚਨ ਕੀਤਾ ਗਰੰਥ ਹੈ ਗੁਰੂ ਲੜ ਪਕੜੋ ਅਕਾਲ।
ਆਪਸ ਵਿਚ ਕਰਨਾ ਪਿਆਰ ਪੰਥ ਦੇ ਵਾਧੇ ਨੂੰ ਲੋਚਨਾ।
ਆਗਿਆ ਗਰੰਥ ਸਾਹਿਬ ਦੀ ਕਰਨੀ, ਸ਼ਬਦ ਦੀ ਖੋਜਨਾ।”9

ਗੁਰੂ ਜੀ ਨੇ ਅਕਾਲ ਪੁਰਖ ਵੱਲੋਂ ਆਏ ਇਲਾਹੀ ਹੁਕਮ ਨੂੰ ਹੇਠ ਲਿਖੇ ਭਾਵ ਦੇ ਸ਼ਬਦਾਂ ਵਿਚ ਸਿੱਖਾਂ ਨੂੰ ਸੁਣਾਇਆ, ਜਿਸ ਨੂੰ ਸਮੂਹ ਸੰਗਤ ਵੱਲੋਂ ਖੜ੍ਹੇ ਹੋ ਕੇ ਅਰਦਾਸ ਉਪਰੰਤ ਉੱਚੀ ਅਵਾਜ਼ ਵਿਚ ਪੜ੍ਹਿਆ ਜਾਂਦਾ ਹੈ:

ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ।
ਸਬ ਸਿੱਖਨ ਕੋ ਹੁਕਮ ਹੈ, ਗੁਰੂ ਮਾਨੀਓ ਗ੍ਰੰਥ।
ਗੁਰੂ ਗ੍ਰੰਥ ਕੋ ਮਾਨੀਓ, ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੇ, ਖੋਜ ਸਬਦ ਮੈਂ ਲੇਹ। (ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ਸਫ਼ਾ 353)

ਇਸ ਅਨੁਸਾਰ ਗੁਰੂ ਜੀ ਨੇ ਸਿੱਖਾਂ ਨੂੰ ਆਪਣੇ ਪਿੱਛੋਂ ‘ਗੁਰੂ ਮਾਨੀਓ ਗ੍ਰੰਥ’ ਤੇ ‘ਖੋਜ ਸਬਦ ਮੈਂ ਲੇਹੁ’ ਦਾ ਹੁਕਮ ਦਿੱਤਾ ਹੈ। ਡਾ. ਤਾਰਨ ਸਿੰਘ ਆਪਣੇ ਲੇਖ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ’ ਬਾਰੇ ਵਿਚਾਰ ਕਰਦੇ ਹੋਏ ਲਿਖਦੇ ਹਨ, “ਸੰਸਾਰ ਵਿਚ ਗ੍ਰੰਥ ਤੇ ਅਸੰਖਾਂ ਹੀ ਹਨ, ਧਰਮ-ਗ੍ਰੰਥ ਵੀ ਬਹੁਤ ਸਾਰੇ ਹਨ, ਪਰ ਗੁਰੂ ਗ੍ਰੰਥ ਕੇਵਲ ਇੱਕੋ ਹੈ ਅਤੇ ਉਹ ਸਿੱਖਾਂ ਦਾ ਧਰਮ-ਗ੍ਰੰਥ ਹੈ। ਇਸ ਗੱਲ ਦਾ ਵਿਚਾਰਨਾ ਖਰਾ ਕਠਿਨ ਹੈ ਕਿ ਕਦੋਂ ਤੇ ਕਿਵੇਂ ਕੋਈ ਗ੍ਰੰਥ ਗੁਰੂ ਬਣ ਜਾਂਦਾ ਹੈ। ਇਹ ਕਠਿਨਾਈ ਹੋਰ ਵੀ ਵਧ ਜਾਂਦੀ ਹੈ ਜਦੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ 1469 ਤੋਂ 1708 ਤੀਕ ਸਿੱਖ ਧਰਮ ਦਾ ਗੁਰੂ ਸਾਖਿਆਤ ਮਨੁੱਖੀ ਰੂਪ ਵਿਚ ਵੀ ਵਿਦਮਾਨ ਰਿਹਾ ਭਾਵੇਂ ਬਾਣੀ-ਗੁਰੂ ਦਾ ਸਿਧਾਂਤ ਵੀ ਪ੍ਰਗਟ ਹੋ ਗਿਆ ਸੀ।”10 ਉਹ ਅੱਗੇ ਵਿਦਵਾਨਾਂ ਦੇ ਹਵਾਲਿਆਂ ਨਾਲ ਸਪਸ਼ਟ ਕਰਦੇ ਹਨ: ਸਿੱਖ ਧਰਮ ਦਾ ਸੰਨ 1469 ਤੋਂ 1708 ਤਕ ਦਾ ਜੋ ਇਤਿਹਾਸ ਹੈ, ਉਸ ਵਿਚ ਕਈ ਮੋੜ ਆਉਂਦੇ ਰਹੇ ਅਤੇ ਭਿੰਨ-ਭਿੰਨ ਇਤਿਹਾਸਕਾਰਾਂ ਨੇ ਉਨ੍ਹਾਂ ਮੋੜਾਂ ਨੂੰ ਜਿਵੇਂ ਨਜਿੱਠਿਆ ਉਸ ਦੇ ਆਧਾਰ ’ਤੇ ਸਮੁੱਚੇ ਸਿੱਖ ਇਤਿਹਾਸ ਨੂੰ ਤਿੰਨ ਵਿਸ਼ੇਸ਼ ਤਰ੍ਹਾਂ ਬਿਆਨ ਕੀਤਾ ਹੈ। ਸ੍ਰੀ ਬੈਨਰਜੀ ਨੇ ਸਿੱਖ ਇਤਿਹਾਸ ਦੀ ਪ੍ਰਗਤੀ ਨੂੰ ਵਿਕਾਸ (Evolution of the Khalsa) ਮੰਨਿਆ ਹੈ। ਸਰ ਗੋਕਲ ਚੰਦ ਨਾਰੰਗ ਨੇ ਇਸ ਪ੍ਰਗਤੀ ਨੂੰ ਪਰਿਵਰਤਨ (Transformation) ਮੰਨਿਆ ਹੈ। ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਇਸ ਨੂੰ ਜ਼ਿੰਮੇਦਾਰੀ ਦੀ ਚੇਤਨਤਾ (Growth of Responsibility) ਕਿਹਾ ਹੈ। ਸਿੱਖ ਇਤਿਹਾਸ ਵਿੱਚੋਂ ਭਾਵੇਂ ਇਹ ਤਿੰਨੇ ਸਰੂਪ ਮਿਲਦੇ ਹਨ, ਪਰ ਅਸਲ ਗੱਲ ਜ਼ਿੰਮੇਦਾਰੀ ਦੀ ਚੇਤਨਤਾ ਹੀ ਹੈ, ਤੇ ਕੋਈ ਗ੍ਰੰਥ ਉਦੋਂ ਹੀ ਕਿਸੇ ਪੰਥ ਲਈ ਗੁਰੂ ਬਣਦਾ ਹੈ, ਜਦੋਂ ਪੰਥ ਵਿਚ ਜ਼ਿੰਮੇਦਾਰੀ ਦੀ ਚੇਤਨਤਾ ਪੂਰੇ ਰੂਪ ਵਿਚ ਆ ਜਾਂਦੀ ਹੈ। ਜਿਵੇਂ ਜਦੋਂ ਕਿਸੇ ਸਮਾਜ ਵਿਚ ਜ਼ਿੰਮੇਦਾਰੀ ਪੂਰੀ ਆ ਜਾਂਦੀ ਹੈ, ਤਦ ਕੋਈ ਲਿਖਤੀ ਵਿਧਾਨ (Constitution) ਜਾਂ ਕਾਨੂੰਨ (Law) ਉਸ ਨੂੰ ਅਗਵਾਈ ਦੇਣ ਲਈ ਸਮਰੱਥ ਹੋ ਜਾਂਦਾ ਹੈ। ਜਿੱਥੇ ਜ਼ਿੰਮੇਦਾਰੀ ਦੀ ਚੇਤਨਤਾ ਨਹੀਂ ਹੈ, ਉਥੇ ਵਿਧਾਨ ਤੇ ਕਾਨੂੰਨ ਦੇ ਹੁੰਦਿਆਂ ਵੀ, ਪੁਲੀਸ, ਕਚਹਿਰੀ ਤੇ ਸਾਰਾ ਪ੍ਰਬੰਧ ਸਮਾਜ ਲਈ ਸੁਖਾਵਾਂ ਜੀਵਨ ਉਪਲਬਧ ਨਹੀਂ ਕਰਾ ਸਕਦੇ। ਗ੍ਰੰਥ ਸਾਹਿਬ ਉਦੋਂ ਗੁਰੂ ਬਣ ਗਏ, ਜਦੋਂ ਸਿੱਖ ਪੰਥ ਜਾਂ ਸਮਾਜ ਵਿਚ ਜ਼ਿੰਮੇਦਾਰੀ ਦੀ ਚੇਤਨਤਾ ਪੂਰਨ ਰੂਪ ਵਿਚ ਪ੍ਰਫੁੱਲਤ ਹੋਈ, ਭਾਵ ਜਦੋਂ ਸਿੱਖ ਸਮਾਜ ਦੀ ਆਤਮਾ ‘ਸਿੰਘ’ ਪਦਵੀ ਨੂੰ ਪ੍ਰਾਪਤ ਹੋ ਗਈ। ‘ਸਿੰਘ’ ਪਦਵੀ ਕਿਸੇ ਉੱਚੀ ਤੋਂ ਉੱਚੀ ਆਤਮਿਕ, ਮਾਨਸਿਕ ਤੇ ਬੌਧਿਕ ਪੱਧਰ ਦੀ ਲਖਾਇਕ ਹੈ। ਇਹ ਇਸ ਸਮਾਜ ਦੀ ਆਤਮਾ ਦੀ ਉਹ ਦਸ਼ਾ ਹੈ ਜਦੋਂ ਸਮੁੱਚੇ ਸਮਾਜ ਵਿਚ ਸੱਚ ਦੀ ਸਥਾਪਨਾ ਲਈ ਜ਼ਿੰਮੇਦਾਰੀ ਦੀ ਚੇਤਨਤਾ ਆ ਗਈ ਹੈ ਜਦੋਂ ਸ੍ਵਤੰਤਰਤਾ ਤੇ ਸਮਾਜਿਕ ਜੀਵਨ ਸਮਾਨ ਹੋ ਗਏ ਹਨ ਤੇ ਜਦੋਂ ਸੱਚ ਤੇ ਸ੍ਵਤੰਤਰਤਾ ਲਈ ਲੋੜੀਂਦੀ ਦ੍ਰਿੜ੍ਹਤਾ ਅਤੇ ਸਾਹਸ ਸਮਾਜਿਕ ਜੀਵਨ ਦਾ ਅੰਗ ਬਣ ਗਏ ਹਨ। ਜਦੋਂ ਕੋਈ ਸਮਾਜ ‘ਸਿੰਘ’ ਪਦਵੀ ’ਤੇ ਪਹੁੰਚਦਾ ਹੈ ਤਦ ਉਥੇ ਪਾਖੰਡ, ਝੂਠ ਤੇ ਅਨਿਆਂ ਨਹੀਂ ਰਹਿ ਸਕਦੇ। ਜਦੋਂ ਸਿੱਖ ਸਮਾਜ ਦੀ ਆਤਮਾ ‘ਸਿੰਘ’ ਪਦਵੀ ’ਤੇ ਪਹੁੰਚੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਤੋਂ ਇਕ ਪ੍ਰਣ ਲੈ ਕੇ ਉਸ ਨੂੰ ਇਕ ਅਧਿਆਤਮਿਕ ਵਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਦੇ ਦਿੱਤਾ ਅਤੇ ਸ਼ਖ਼ਸੀ ਗੁਰਤਾ ਦਾ ਪ੍ਰਵਾਹ ਸਮਾਪਤ ਕਰ ਦਿੱਤਾ।11 ਅਰਥਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਈ ਗੁਰੂ ਸਥਾਪਤ ਕੀਤਾ।

‘ਸ਼ਬਦ’ ਨੂੰ ਗੁਰਤਾ-ਗੱਦੀ ਦੇਣ ਦੀ ਸੰਸਥਾ ਦਾ ਅਰੰਭ:

ਜੇ ਸਿਧਾਂਤਿਕ ਤੇ ਇਤਿਹਾਸਿਕ ਪੱਖ ਤੋਂ ਵਿਚਾਰੀਏ ਤਾਂ ਪਤਾ ਲੱਗਦਾ ਹੈ ਕਿ ਇਕ ਸੰਸਥਾ ਦੇ ਰੂਪ ਵਿਚ ‘ਸ਼ਬਦ’ ਨੂੰ ਗੁਰਤਾ-ਗੱਦੀ ਦੇਣ ਦੀ ਸੰਸਥਾ ਦਾ ਅਰੰਭ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਇਆ ਹੈ ਕਿਉਂਕਿ ਸ਼ਬਦ ਨੂੰ ਗੁਰਤਾ ਸਥਾਪਤ ਕਰਨ ਦਾ ਸੰਕੇਤ ਉਨ੍ਹਾਂ ਨੇ ਹੀ ਦੇ ਦਿੱਤਾ ਸੀ। ਇਸ ਦੀ ਪੁਸ਼ਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਿਧ ਗੋਸਟਿ ਬਾਣੀ ਵਿੱਚੋਂ ਹੋ ਜਾਂਦੀ ਹੈ। ਜਦੋਂ ਗੁਰੂ ਜੀ ਦੇ ਸਿੱਧਾਂ ਨਾਲ ਬਚਨ-ਬਿਲਾਸ ਹੋਏ ਤਾਂ ਸਿੱਧਾਂ ਨੇ ਗੁਰੂ ਜੀ ਨੂੰ ਪੁੱਛਿਆ:

‘ਕਵਣ ਮੂਲੁ ਕਵਣ ਮਤਿ ਵੇਲਾ॥
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥’

ਤਾਂ ਗੁਰੂ ਜੀ ਦਾ ਸਿੱਧਾਂ ਨੂੰ ਉੱਤਰ ਸੀ:

‘ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥’

ਇਸ ਦਾ ਭਾਵ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨੂੰ ਗੁਰੂ ਅਤੇ ਸੁਰਤਿ (ਧਿਆਨ) ਨੂੰ ਚੇਲਾ ਕਿਹਾ ਹੈ। ਇਸ ਪ੍ਰਥਾਇ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ:

‘ਸਬਦੁ ਗੁਰੂ ਗੁਰੁ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ।’

ਸਿੱਖ ਇਤਿਹਾਸ ਗਵਾਹ ਹੈ ਕਿ ਸਿੱਧਾਂ ਨੇ ਵੀ ਅੰਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ-ਸ਼ਬਦ ਦੇ ਸਿਧਾਂਤ ਨੂੰ ਪ੍ਰਵਾਨ ਕੀਤਾ। ਉਨ੍ਹਾਂ ਨੇ ਮੰਨਿਆ ਕਿ ਅਸਲ ਵਿਚ ਸ਼ਬਦ ਹੀ ਗੁਰੂ ਹੈ ਜਿਸ ਦੀ ਰਾਹੀਂ ਪਰਮਾਤਮਾ ਦੇ ਗੁਣ ਵਿਚਾਰੇ ਜਾ ਸਕਦੇ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦੀ ਮਹਤੱਤਾ ਨੂੰ ਸਦੀਵ ਕਾਲ ਲਈ ਬਣਾਈ ਰੱਖਣ ਦੇ ਉਦੇਸ਼ ਨਾਲ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਆਪਣੀ ਉਚਾਰਨ ਕੀਤੀ ਸ਼ਬਦ ਰੂਪ ‘ਧੁਰ ਕੀ ਬਾਣੀ’ ਤੇ (ਉਦਾਸੀਆਂ ਸਮੇਂ ਇਕੱਤਰ ਕੀਤੀ) ਭਗਤਾਂ ਦੀ ਪਵਿੱਤਰ ਬਾਣੀ ਨੂੰ ਗੁਰਗੱਦੀ ਦੇ ਵਾਰਸ, ਦੂਸਰੇ ਗੁਰੂ, ਸ੍ਰੀ ਗੁਰੂ ਅੰਗਦ ਦੇਵ ਜੀ, ਦੇ ਹਵਾਲੇ ਕਰ ਦਿੱਤਾ। ਇਸ ਦੀ ਗਵਾਹੀ ਪੁਰਾਤਨ ਜਨਮ ਸਾਖੀ ਵਿੱਚੋਂ ਮਿਲਦੀ ਹੈ:

ਤਿਤੁ ਮਹਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗਿ ਮਿਲੀ।’

ਅਗਲੇ ਅੱਠ ਗੁਰੂ ਸਾਹਿਬਾਨ (ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਤਕ) ਨੇ ਵੀ ਸ਼ਬਦ-ਗੁਰੂ ਦੇ ਸਿਧਾਂਤ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਤੇ ਸ਼ਬਦ-ਗੁਰੂ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਦੇਹ ਨੂੰ ਕਦੇ ਵੀ ਸ਼ਬਦ ਤੋਂ ਉੱਤਮ ਨਹੀਂ ਮੰਨਿਆ। ਇਸ ਦਾ ਜ਼ਿਕਰ ਸਿੱਖ ਵਿਦਵਾਨਾਂ ਦੀਆਂ ਰਚਨਾਵਾਂ ਵਿਚ ਆਉਂਦਾ ਹੈ: ‘ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਕੀ’ ਅਨੁਸਾਰ:

“ਤੇ ਸਬਦਿ ਦੀ ਮੁਹਰ ਗੁਰੂ ਅੰਗਦ ਜੀ ਚਲਾਈ॥ਗੁਰੂ ਅੰਗਦ ਜੀ ਸਬਦਿ ਦੀ ਜੋਤ ਜਗਾਈ॥… ਏਹ ਗਿਆਨ ਅਮਰਦਾਸ ਜੀ ਨੂੰ ਪਰਪਕ ਹੋਇਆ… ਤਾ ਉਨਾ ਦੇ ਅਗੇ (ਗੁਰੂ ਅੰਗਦ ਜੀ) ਪੰਜ ਪੈਸੇ ਤੇ ਨਲੀਏਰ ਤੇ ਮਿਸਰੀ ਦੀ ਰੋੜੀ ਰਖਿ ਕੇ ਮਥਾ ਟੇਕਿਆ ਤਾਂ ਗੁਰੂ ਅੰਗਦ ਜੀ ਕਹਿਆ ਅਧਿਕਾਰੀ ਦੀ ਵਸਤ ਗਿਆਨ ਹੈ… ਸਤਿਗੁਰੂ (ਅਮਰਦਾਸ ਤੇ) ਸਤਿਗੁਰ ਜੀ ਰਾਮਦਾਸ (ਵੀ)… ਸਬਦਿ ਦੀ ਜੋਤ ਜਗਾਈ॥… (ਫਿਰ) ਗੁਰੂ ਅਰਜਨ ਜੀ ਨੂੰ ਗੁਰਿਆਈ ਬਖਸੀ॥… ਗੁਰੂ ਅਰਜਨ ਜੀ ਬਚਨ ਕੀਤਾ॥… ਮੈ ਆਪਣੀ ਜੋਤਿ ਤਿਸ (ਗੁਰੂ ਹਰਿਗੋਬਿੰਦ ਜੀ) ਵਿਚ ਧਰੀ ਹੈ॥ ਗਿਆਨ ਦੀ ਭੀ ਸਕਤਿ ਇਸ ਨੂੰ ਦਿਤੀ ਹੈ॥…” ‘ਸਾਖੀ ਰਹਿਤ ਕੀ’ ਵਿਚ ਲਿਖਿਆ ਹੈ: “ਸ਼ਬਦ-ਗੁਰੂ ਮੰਨਣ ਦੀ ਇੱਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਸਾਹਮਣੇ ਇਉਂ ਜ਼ਾਹਿਰ ਕੀਤੀ : ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਬੋਲਿਆ ਏਹੁ ਕਹਿਆ- ‘ਗੁਰਮੁਖਿ ਮੇਰਾ ਸਿੱਖ ਹੋਵੇਗਾ ਸੋ ਸ਼ਬਦ ਥੀਂ ਸਿਵਾਇ ਹੋਰ ਥਾਇ ਪ੍ਰਤੀਤ ਨਾ ਕਰਨੀ॥12 “ਸਿੱਖ ਧਰਮ ਵਿਚ ਸਿਧਾਂਤਕ ਪੱਖ ਤੋਂ ਸ਼ਬਦ ਨੂੰ ਗੁਰੂ ਮੰਨਿਆ ਗਿਆ ਹੈ। ਵਿਅਕਤੀਗਤ ਗੁਰੂਆਂ ਦੀਆਂ ਭਾਰਤ ਵਿਚ ਚੱਲ ਰਹੀਆਂ ਪਰੰਪਰਾਵਾਂ ਨੂੰ ਮਾਨਤਾ ਨਹੀਂ ਦਿੱਤੀ ਗਈ। ਬੇਸ਼ੱਕ ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਦੇਹਧਾਰੀ ਗੁਰੂ ਦੀ ਸੰਸਥਾ ਨੂੰ ਤੋੜਨ ਵਿਚ 200-250 ਸਾਲਾਂ ਦਾ ਸਮਾਂ ਜ਼ਰੂਰ ਲੱਗਾ, ਪਰ ਅਖ਼ੀਰ ਪੱਕੇ ਤੌਰ ’ਤੇ ਬਾਣੀ (ਸ਼ਬਦ) ਨੂੰ ਗੁਰੂ ਸਥਾਪਤ ਕੀਤਾ ਗਿਆ।”13 ਸ਼ਬਦ ਨੂੰ ਗੁਰੂ ਦੀ ਪਦਵੀ ਦੇ ਕੇ ਗੁਰੂ ਸਾਹਿਬਾਨ ਨੇ ਵਿਸ਼ਵ ਧਰਮ-ਪਰੰਪਰਾ ਵਿਚ ਨਵਾਂ ਮੋੜ ਲਿਆਂਦਾ ਜਿਸ ਕਾਰਨ ਸਿੱਖ ਧਰਮ ਵਿਲੱਖਣ ਧਰਮ ਬਣ ਗਿਆ। ‘ਸ਼ਬਦ ਗੁਰੂ’ ਦੇ ਸਿਧਾਂਤ ਨੂੰ ਦ੍ਰਿੜ੍ਹ ਕਰਨ ਲਈ ‘ਸਤਿਗੁਰੁ ਜਾਗਤਾ ਹੈ ਦੇਉ॥’ ਦੇ ਕਥਨ ਨੂੰ ਸਮਝਣਾ ਜਰੂਰੀ ਹੈ।14

ਗੁਰੂ ਸਾਹਿਬਾਨ 1469 ਈ. ਤੋਂ 1708 ਈ. ਤਕ 10 ਸਰੀਰਕ ਜਾਮਿਆਂ ਵਿਚ ਵਿਚਰੇ ਹਨ ਪਰ ਦਸਾਂ ਗੁਰੂ ਸਾਹਿਬਾਨ ਨੇ ਸ਼ਬਦ-ਗੁਰੂ ਦਾ ਗੁਰੂ ਰੂਪ ਵਿਚ ਮਹੱਤਵ ਦਰਸਾਇਆ ਹੈ। 1708 ਈ. ਵਿਚ ਤਾਂ ਦਸਮ ਪਿਤਾ ਜੀ ਨੇ ਪ੍ਰਤੱਖ ਰੂਪ ਵਿਚ ਸ਼ਬਦ ਨੂੰ ਗੁਰਤਾਗੱਦੀ ਸੌਂਪ ਕੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ। ਇਸ ਤਰ੍ਹਾਂ ਗੁਰੂ-ਜੋਤਿ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਸ਼ਬਦ ਰੂਪ ਅੰਦਰ ਮਨੁੱਖੀ ਸਰੀਰਾਂ ਵਿਚ ਰਮਦੀ ਰਹੀ ਸੀ ਸ਼ਬਦ ਜਾਂ ਬਾਣੀ ਰੂਪ ਵਿਚ ਹੀ ਗੁਰੂ ਗ੍ਰੰਥ ਸਾਹਿਬ ਵਿਚ ਸਮਾ ਗਈ। ਇਸ ਦਾ ਭਾਵ ਇਹ ਹੈ ਕਿ ਅਦ੍ਰਿਸ਼ਟ ਗੁਰੂ ਜੋਤਿ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਵਿਚ ਪ੍ਰਵੇਸ਼ ਕਰ ਗਈ ਤੇ ਇਸੇ ਤਰ੍ਹਾਂ ਅਗਲੇ ਅੱਠ ਮਨੁੱਖੀ ਸਰੀਰਾਂ ਵਿਚ ਪ੍ਰਵੇਸ਼ ਕਰਦੀ ਰਹੀ।

ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਸਮੇਂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕਦੇ ਹੋਏ ਸ਼ਬਦ-ਗੁਰੂ (ਗੁਰਬਾਣੀ) ਨੂੰ ਜੁਗੋ ਜੁਗ ਗੁਰਿਆਈ ਦੇ ਕੇ ਆਪਣੇ ਪਿੱਛੋਂ ਸਾਖਿਆਤ ਸਰੂਪ ਗੁਰੂ ਮੰਨਣ ਦਾ ਆਦੇਸ਼ ਦਿੱਤਾ। ਗੁਰਬਾਣੀ ਦੇ ਗੁਰੂ ਰੂਪ ਹੋਣ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੇਠ ਲਿਖੀਆਂ ਤੁਕਾਂ ਵਿੱਚੋਂ ਸਪਸ਼ਟ ਮਿਲਦੀ ਹੈ:

ਗੁਰਬਾਣੀ ਇਸੁ ਜਗ ਮਹਿ ਚਾਨਣੁ॥ (ਪੰਨਾ 67)
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ (ਪੰਨਾ 515)

ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ॥ (ਪੰਨਾ 1066)

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ॥
ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ॥ (ਪੰਨਾ 754)

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ (ਪੰਨਾ 304)

ਨਿਰਸੰਦੇਹ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਇਲਾਹੀ ਬਾਣੀ ਹੈ ਕਿਸੇ ਲੇਖਕ ਦੀ ਰਚਨਾ ਨਹੀਂ।‘ਦਿਲਾ ਕਾ ਮਾਲਕੁ ਕਰੇ ਹਾਕੁ’ ਗੁਰ-ਬਚਨ ਅਨੁਸਾਰ ਜਦੋਂ ਪ੍ਰਭੂ ਪਰਮੇਸ਼ਰ ਦੇ ਜਨ ਪ੍ਰਭੂ ਨਾਲ ਇਕ-ਮਿਕ ਹੁੰਦੇ ਹਨ ਤਾਂ ਪ੍ਰਭੂ ਉਨ੍ਹਾਂ ਦੇ ਅੰਦਰੋਂ ਹੀ ਆਵਾਜ਼ ਦੇਂਦਾ ਹੈ। ਗੁਰਬਾਣੀ ਵਿਚ ਪਾਰਬ੍ਰਹਮ ਆਪ ਪ੍ਰਵਿਰਤ ਹਨ ਕਿਉਂਕਿ ਆਤਮਾ ਦੀ ਪਰਮ–ਆਤਮਾ ਨਾਲ ਸੰਜੋਗ ਦੀ ਅਵਸਥਾ ਵਿਚ ਸ਼ਬਦ ਭਾਵ ਬਾਣੀ ਦਾ ਪ੍ਰਕਾਸ਼ ਹੋਇਆ ਹੈ। ਇਹ ਬਾਣੀ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਅਤੇ ਹੋਰ ਮਹਾਂ ਪੁਰਸ਼ਾਂ ਦੇ ਅਨੁਭਵ ਪ੍ਰਕਾਸ਼ ਰਾਹੀਂ ਅਕਾਲ ਪੁਰਖ ਵੱਲੋਂ ਪ੍ਰਗਟ ਹੋਈ ਰੱਬੀ ਬਾਣੀ ਹੈ ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਾਰਤ ਦੇ ਮੱਧਕਾਲੀਨ ਭਗਤਾਂ ਤੇ ਸੰਤਾਂ ਦਾ ਅਧਿਆਤਮਿਕ ਅਨੁਭਵ ਸ਼ਬਦ ਰੂਪ ਵਿਚ ਸੁਰੱਖਿਅਤ ਹੈ। ਦੂਜੇ ਸ਼ਬਦਾਂ ਵਿਚ “ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਰੂਪ ਭੰਡਾਰ ਹੈ ਉਸ ਅਨੁਭਵੀ ਗਿਆਨ ਦਾ, ਜੋ ਪਾਰਬ੍ਰਹਮ ਪ੍ਰਮੇਸ਼੍ਵਰ ਨਾਲ ਇਕ-ਸੁਰ ਹੋਏ ਮਹਾਂ ਪੁਰਖਾਂ ਨੂੰ ਸਮੇਂ-ਸਮੇਂ ਪਾਰਬ੍ਰਹਮ ਬਾਰੇ ਹੋਇਆ ਅਰਥਾਤ ਇਹ ਇਕਸੁਰਤਾ ਅੰਦਰ ਪਾਰਬ੍ਰਹਮ ਵੱਲੋਂ ਆਵੇਸ਼ ਹੋਇਆ ਅਨੁਭਵੀ ਗਿਆਨ ਹੈ।” ਇਸ ਪਰਥਾਇ ਗੁਰੂ ਸਾਹਿਬਾਨ ਦੇ ਹੇਠ ਲਿਖੇ ਫ਼ੁਰਮਾਨ ਇਸ ਤੱਥ ਦੀ ਪੁਸ਼ਟੀ ਕਰਦੇ ਹਨ:

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਇ॥ (ਪੰਨਾ 308)

ਧੁਰ ਕੀ ਬਾਣੀ ਆਈ॥
ਤਿਨਿ ਸਗਲੀ ਚਿੰਤ ਮਿਟਾਈ॥ (ਪੰਨਾ 628)

ਬੋਲੇ ਸਾਹਿਬ ਕੈ ਭਾਣੈ॥
ਦਾਸੁ ਬਾਣੀ ਬ੍ਰਹਮੁ ਵਖਾਣੈ॥ (ਪੰਨਾ 629)

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ (ਪੰਨਾ 722)

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ (ਪੰਨਾ 763)

ਬਾਣੀ ਮੰਤ੍ਰ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਨ ਕਉ॥ (ਪੰਨਾ 1208)

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਮਨੁੱਖਤਾ ਦੀ ਰਹਿਨੁਮਾਈ ਲਈ ‘ਸਤਿਗੁਰ ਕੀ ਬਾਣੀ’, ‘ਧੁਰ ਕੀ ਬਾਣੀ’ ਤੇ ‘ਖਸਮ ਕੀ ਬਾਣੀ’ ਦਾ ਸੰਪਾਦਨ ‘ਆਦਿ ਗ੍ਰੰਥ ਸਾਹਿਬ’ ਦੇ ਰੂਪ ਵਿਚ ਕੀਤਾ ਤੇ ਦਸਮੇਸ਼ ਪਿਤਾ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰਤਾ-ਗੱਦੀ ਸੌਂਪ ਕੇ ਖਾਲਸੇ ਨੂੰ ‘ਗੁਰੂ ਮਾਨਿਓ ਗ੍ਰੰਥ’ ਦਾ ਹੁਕਮ ਦਿੱਤਾ। ਇੱਥੇ ਪਾਠਕਾਂ ਨਾਲ ਇਹ ਵਿਚਾਰ ਸਾਂਝਾ ਕਰਨਾ ਜ਼ਰੂਰੀ ਹੈ ਕਿ “ਹੁਣ ਤਾਂ ਇਸ ਜਾਗਤ ਜੋਤਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਭਾਰਤ ਦੀ ਸਰਬ-ਉੱਚ ਦੁਨਿਆਵੀ ਅਦਾਲਤ ਸੁਪਰੀਮ ਕੋਰਟ ਨੇ ਵੀ ‘ਨਿਆਂਇਕ ਸ਼ਖ਼ਸੀਅਤ’ ਪ੍ਰਵਾਨ ਕਰਦਿਆਂ ਇਸ ਦੀ ਪਾਵਨਤਾ, ਸੰਪੂਰਨਤਾ ਤੇ ਗੁਰਤਾ ਨੂੰ ਸਥਾਪਿਤ ਕਰ ਦਿੱਤਾ ਹੈ। ‘ਬਾਣੀ ਗੁਰੂ ਗੁਰੂ ਹੈ ਬਾਣੀ’ ਦੀ ਭਾਵਨਾ ਦੇ ਅੰਤਰਗਤ ਕਾਨੂੰਨੀ-ਭਾਸ਼ਾ ਦੀ ਪਰਿਭਾਸ਼ਾ ਅਨੁਸਾਰ ਨਿਆਂਇਕ ਸ਼ਖ਼ਸੀਅਤ ਉਹ ਹੁੰਦੀ ਹੈ ਜਿਸ ਵਿਚ ਵਿਅਕਤੀ ਪੰਜ-ਭੂਤਕ ਸਰੀਰ ਪੱਖੋਂ ਤਾਂ ਹਾਜ਼ਰ ਨਹੀਂ ਹੁੰਦਾ ਪਰ ਉਸ ਦੀ ਸ਼ਖ਼ਸੀਅਤ ਨੂੰ ਹਾਜ਼ਰ-ਨਾਜ਼ਰ ਮੰਨ ਲਿਆ ਜਾਂਦਾ ਹੈ। 2 ਅਪ੍ਰੈਲ, 2002 ਨੂੰ ਸੁਪਰੀਮ ਕੋਰਟ ਦੇ ਜੱਜ ਸ੍ਰੀ ਏ.ਪੀ. ਮਿਸ਼ਰਾ ਅਤੇ ਸ੍ਰੀ ਐਮ.ਆਰ.ਰਾਓ ਨੇ 86 ਵਿਅਕਤੀਆਂ ਵੱਲੋਂ ਕੀਤੇ ਗਏ ਇਕ ਕੇਸ ਦਾ ਫੈਸਲਾ ਦਿੰਦਿਆਂ ਆਖਿਆ ਸੀ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਸਿੱਖਾਂ ਦੇ ਪੂਜਨੀਕ ਹਾਜ਼ਰ-ਨਾਜ਼ਰ ਗੁਰੂ ਹਨ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਵੇ ਉਹ ਅਸਥਾਨ ਪੂਜਨੀਕ ਤੇ ਪਾਵਨ ਬਣ ਜਾਂਦਾ ਹੈ। ਇਸ ਪਾਵਨਤਾ ਦੇ ਆਧਾਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਆਂਇਕ ਸ਼ਖ਼ਸੀਅਤ ਵਜੋਂ ਕਾਨੂੰਨੀ ਮਾਨਤਾ ਦੇਣ ਦੇ ਸਾਰੇ ਗੁਣ ਮੌਜੂਦ ਹਨ। ਪ੍ਰੋ. ਕਸ਼ਮੀਰ ਸਿੰਘ ਨੇ ਆਪਣੇ ਲੇਖ, ‘SRI GURU GRANTH SAHIB – A JURISTIC PERSON’, ਵਿਚ ਭਾਰਤ ਦੀ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਵਿਸਥਾਰ ਸਹਿਤ ਲਿਖਿਆ ਹੈ।15

ਗੁਰਤਾ-ਗੱਦੀ ਦਿਵਸ ਦੀ ਇਤਿਹਾਸਕ ਤੇ ਧਾਰਮਿਕ ਮਹਾਨਤਾ:

ਇਸ ਦਿਨ ਦੀ ਇਤਿਹਾਸਕ ਤੇ ਧਾਰਮਿਕ ਮਹਾਨਤਾ ਇਹ ਹੈ ਕਿ ਇਸ ਦਿਨ ਪਵਿੱਤਰ ‘ਗ੍ਰੰਥ ਸਾਹਿਬ’, ਜਿਸ ਦੀ ਸੰਪਾਦਨਾਂ ਦਾ ਮਹਾਨ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤਾ ਗਿਆ ਸੀ, ਨੂੰ ਸ਼ਬਦ-ਗੁਰੂ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਸ਼ਬਦ-ਗੁਰੂ ਦੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਕੇਵਲ ਇਕ ਪਵਿੱਤਰ ਧਰਮ-ਗ੍ਰੰਥ (Scripture) ਹੀ ਨਹੀਂ ਹਨ, ਸਗੋਂ ਸ੍ਰੀ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਦਸਾਂ ਪਾਤਸ਼ਾਹੀਆਂ ਦੀ ‘ਪ੍ਰਗਟ ਗੁਰਾਂ ਕੀ ਦੇਹ’ (Living Guru) ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਅਤੇ ਸੁਯੋਗ ਰਹਿਨੁਮਾਈ ਸਦੀਵ ਕਾਲ ਤਕ ਕਾਇਮ ਰਹਿਣ ਵਾਲੀ (eternal) ਹੈ। ਅੱਜ ਜਦੋਂ ਕਿ ਵਿਸ਼ਵ ਅਧਿਆਤਮਿਕ ਤੇ ਸਦਾਚਾਰਕ ਅਧੋਗਤੀ ਦਾ ਸ਼ਿਕਾਰ ਹੋ ਚੁੱਕਾ ਹੈ, ਮਾਨਸਿਕ ਸ਼ਾਂਤੀ ਤੇ ਬਿਬੇਕ ਨਹੀਂ ਰਿਹਾ, ਕਹਿਣੀ ਤੇ ਕਰਨੀ ਵਿਚ ਸੁਮੇਲ ਨਹੀਂ ਹੈ ਅਤੇ ਲੋਕ ਕਰਮ-ਕਾਂਡਾਂ, ਵਹਿਮਾਂ-ਭਰਮਾਂ ਦੇ ਸ਼ਿਕਾਰ ਹੋ ਚੁੱਕੇ ਹਨ ਤਾਂ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਜਾਗਤ-ਜੋਤਿ ਰਹਿਨੁਮਾ ਹਨ। “ਸਾਡੇ ਲਈ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹਾਂ-ਸਿਰ ਪਾਤਸ਼ਾਹ ਹਨ। ਇਨ੍ਹਾਂ ਦੇ ਅਦਬ-ਸਤਿਕਾਰ ਲਈ ਜਿੰਨ੍ਹਾ ਕੁਝ ਵੀ ਇਕ ਸਿੱਖ ਪਾਸੋਂ ਹੋ ਸਕੇ, ਕਰਨਾ ਚਾਹੀਦਾ ਹੈ। ਗੁਰੂ ਦੀ ਸਿੱਖਿਆ, ਗੁਰਬਾਣੀ ਦਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ-ਸਤਿਕਾਰ ਗੁਰਮਤਿ ਮਰਯਾਦਾ ਅਨੁਸਾਰ ਕਰਨਾ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ-ਸਤਿਕਾਰ ਅਸੀਂ ਇਸ ਕਰਕੇ ਕਰਨਾ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰਬਾਣੀ ਦੇ ਰੂਪ ‘ਚ ਸਤਿਗੁਰੂ ਸਾਹਿਬਾਨ ਜੀ ਦੇ ਅਨਮੋਲ ਬਚਨ ਤੇ ਅਕਾਲੀ ਬਾਣੀ ‘ਬਾਣੀਆ ਸਿਰਿ ਬਾਣੀ’ ਦਰਜ ਹੈ ਅਤੇ ਦਸਮ ਪਾਤਸ਼ਾਹ ਜੀ ਨੇ ਇਸ ਗ੍ਰੰਥ ਨੂੰ ‘ਜੁਗੋ-ਜੁਗ ਅਟੱਲ ਗੁਰੂ’ ਦੀ ਪਦਵੀ ਬਖਸ਼ੀ ਹੈ।”16 ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਸ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੈ।“ ਇੱਥੇ ਸਪਸ਼ਟ ਕਰਨਾ ਜ਼ਰੂਰੀ ਹੈ ਕਿ ‘ਪ੍ਰਕਾਸ਼’ ਦਾ ਅਰਥ ਜਨਮ ਨਹੀਂ, ਧਰਮ ਗਿਆਨ ਦਾ ਪ੍ਰਗਟਾਅ ਹੈ। ਜਦੋਂ ‘ਬਾਣੀ-ਗੁਰੂ’ ਦੇ ਸਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਜਾਂ ਗੁਰਦਆਰੇ ਵਿਚ ਪ੍ਰਕਾਸ਼ ਕੀਤਾ ਜਾਂਦਾ ਹੈ ਤਾਂ ਉਸ ਦਾ ਭਾਵ ਵੀ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ‘ਗਿਆਨ ਪ੍ਰਕਾਸ਼’ ਸ਼ਾਖਿਆਤ ਕਰ ਦਿੱਤਾ ਗਿਆ ਹੈ ਤੇ ਸ਼ਰਧਾਲੂ ਜਾਂ ਸੰਗਤ ਪਾਠ ਦਰਸ਼ਨ ਤੇ ਦੀਦਾਰੇ ਕਰਕੇ, ਆਪਣੇ ਆਤਮ ਬੋਧ ਨੂੰ ਜਗਾ ਕੇ ਪਰਮਗਤੀ ਨੂੰ ਪ੍ਰਾਪਤ ਕਰ ਲਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਵੱਡਾ ਆਦਰਸ਼ ਪਰਮਗਤੀ ਨੂੰ ਪ੍ਰਾਪਤ ਕਰਨਾ ਹੀ ਹੈ।”17 ਅਸੀਂ ਅਰਦਾਸ ਵਿਚ ਵੀ ਹਰ ਰੋਜ਼ ਪੜ੍ਹਦੇ ਹਾਂ: ‘ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!’

ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਧਰਮਾਂ ਦੇ ਧਾਰਮਿਕ ਗ੍ਰੰਥਾਂ ਵਿੱਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਪਦਵੀ ਦੇ ਤੌਰ ’ਤੇ ਮਾਨਤਾ ਪ੍ਰਾਪਤ ਹੈ। ਇਹ ਸਿੱਖ ਜੀਵਨ-ਜਾਚ (Way of Living) ਨੂੰ ਸਦੀਵੀ ਤੇ ਨਿਰੰਤਰ ਪ੍ਰੇਰਨਾ ਦੇਣ ਵਾਲੇ ਧਾਰਮਿਕ ਤੇ ਸਦਾਚਾਰਕ ਆਦਰਸ਼ਾਂ ਦੇ ਮੂਲ-ਸ੍ਰੋਤ ਹਨ। ਇਸ ਵਿਚ ਸੰਕਲਿਤ ਬਾਣੀ ਨੂੰ ਸਿੱਖ ਧਰਮ ਦਰਸ਼ਨ ਦੀ ਆਧਾਰ-ਸ਼ਿਲਾ ਅਤੇ ਗੁਰਮਤਿ ਦਾ ਪ੍ਰਮਾਣੀਕ ਸੋਮਾ ਪ੍ਰਵਾਨ ਕੀਤਾ ਗਿਆ ਹੈ। ਵਾਸਤਵ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧਿਆਤਮਿਕ ਗਿਆਨ ਦਾ ਅਜਿਹਾ ਚਾਨਣ-ਮੁਨਾਰਾ (light-house) ਹਨ, ਜਿਨ੍ਹਾਂ ਦਾ ਪ੍ਰਕਾਸ਼ ਜੁਗਾਂ-ਜੁਗਾਂਤਰਾਂ ਦੇ ਅਗਿਆਨਤਾ ਰੂਪੀ ਹਨੇਰੇ ਨੂੰ ਚੀਰਦਾ ਹੋਇਆ ਅਧੁਨਿਕ ਸਾਇੰਸ ਦੇ ਯੁੱਗ ਵਿਚ ਸਮੁੱਚੀ ਮਨੁੱਖਤਾ ਨੂੰ, ਯੋਗ ਅਗਵਾਈ ਦੇ ਕੇ, ਇਕ ਲੜੀ ਵਿਚ ਪਰੋਣ ਦੇ ਸਮਰੱਥ ਹੈ। ਇਹ ਕਿੰਤੂ ਰਹਿਤ ਸਚਾਈ ਹੈ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਇੱਕ ਮਾਤਰ ਹੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਸਮੀ ਸਤਿਕਾਰ ਕਰਨ ਦੇ ਨਾਲ-ਨਾਲ ਇਸ ਵਿਚ ਅੰਕਿਤ ਰੱਬੀ ਬਾਣੀ ਨੂੰ ਇਕਾਗਰਚਿਤ ਹੋ ਕੇ ਪੜ੍ਹਨਾ, ਸੁਣਨਾ ਤੇ ਵਿਚਾਰਨਾ ਚਾਹੀਦਾ ਹੈ। ਗੁਰਬਾਣੀ ਵਿੱਚੋਂ ਹੀ ਸਹੀ ਅਗਵਾਈ ਮਿਲਣੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜ਼ਾਹਰਾ-ਜ਼ਹੂਰ ਗੁਰੂ ਹਨ ਇਸ ਲਈ ਹੋਰਨਾਂ ਦੇਹਧਾਰੀ ਗੁਰੂਆਂ ਪਿੱਛੇ ਤੁਰੇ ਫਿਰਨਾ ਜਾਂ ਕਿਸੇ ਕਬਰ, ਮੜ੍ਹੀ, ਸਮਾਧ, ਆਦਿ ’ਤੇ ਮੱਥਾ ਟੇਕਣਾ, ਆਪਣੇ ਸਤਿਗੁਰੂ ਤੋਂ ਬੇਮੁੱਖ ਹੋਣਾ ਹੈ। ਸਾਨੂੰ ਭੇਖੀ-ਪਾਖੰਡੀ ਬਾਬਿਆਂ ਤੇ ਅਖੌਤੀ ਦੇਹਧਾਰੀ ਗੁਰੂਆਂ ਪਿੱਛੇ ਲੱਗ ਕੇ ਆਪਣਾ ਅਮੋਲਕ ਜੀਵਨ ਗਵਾਉਣਾ ਨਹੀਂ ਚਾਹੀਦਾ। ਪਿਛਲੇ ਕੁਝ ਸਮੇਂ ਦੌਰਾਨ ਅਜਿਹੇ ਅਖੌਤੀ ਸਾਧਾਂ (ਜਿਨ੍ਹਾਂ ਵਿਚ ਭਨਿਆਰੇ ਵਾਲਾ, ਨੂਰਮਹਿਲੀਆ ਤੇ ਸਿਰਸੇ ਵਾਲਾ, ਆਦਿ ਸ਼ਾਮਲ ਹੈ) ਦੀਆਂ ਸ਼ਰਮਨਾਕ ਕਰਤੂਤਾਂ ਦਾ ਭਾਂਡਾ ਭੱਜ ਗਿਆ ਹੈ ਤੇ ਉਨ੍ਹਾਂ ਦਾ ਪਾਖੰਡ ਉੱਘੜ ਕੇ ਸਾਰਿਆਂ ਦੇ ਸਾਹਮਣੇ ਆ ਗਿਆ ਹੈ। ਫਿਰ ਵੀ ਮੂਰਖ, ਲਾਈਲੱਗ ਤੇ ਭੁੱਲੜ ਲੋਕ ਡੇਰਿਆਂ ਵਿਚ ਧੱਕੇ ਖਾ ਰਹੇ ਹਨ। ਗੁਰੂ ਦੇ ਸਿੱਖ ਕਹਾਉਣ ਵਾਲਿਓ ਆਓ! ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ-ਗੱਦੀ ਦਿਵਸ ਮਨਾਉਂਦਿਆਂ ਹੋਇਆਂ ਆਪਣੇ ਸਤਿਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸੱਚੇ ਦਿਲੋਂ ਪ੍ਰਣ ਕਰੀਏ:

ਅਸੀਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੀ ਸਿਰ ਝੁਕਾਵਾਂਗੇ। ਕਿਸੇ ਹਾਲਤ ਵਿਚ ਵੀ ਪਾਖੰਡੀ ਸਾਧਾਂ-ਸਾਧਣੀਆਂ ਤੇ ਪਾਖੰਡੀ ਗੁਰੂਆਂ ਦੇ ਝਾਂਸੇ ਵਿਚ ਨਹੀਂ ਆਵਾਂਗੇ। ਦੇਹਧਾਰੀ ਗੁਰੂ ਕਹਾਉਣ ਵਾਲੇ ਅਖੌਤੀ ਬਾਬਿਆਂ ਦੇ ਡੇਰਿਆਂ ’ਤੇ ਮੱਥੇ ਨਹੀਂ ਰਗੜਾਂਗੇ ਤੇ ਨਾ ਹੀ ਉਨ੍ਹਾਂ ਨੂੰ ਗੁਰੂ ਬਰਾਬਰ ਦਰਜਾ ਦੇਵਾਂਗੇ। ਹਮੇਸ਼ਾਂ ਗੁਰਬਾਣੀ ਦਾ ਹੀ ਓਟ-ਆਸਰਾ ਲਵਾਂਗੇ। ਗੁਰਮਤਿ ਦੀ ਰਹਿਣੀ ਅਨੁਸਾਰ ਜੀਵਨ ਬਿਤਾਉਣ ਲਈ ਗੁਰਮਤਿ ਸਿਧਾਂਤਾਂ ਨੂੰ ਅਮਲੀ ਤੌਰ ’ਤੇ ਅਪਣਾਵਾਂਗੇ। ਇਹ ਸਿਧਾਂਤ ਹਨ:‘ਜ਼ਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ-ਤੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼, ਸ਼ਰਾਧ, ਪਿੱਤਰ, ਪਿੰਡ ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ, ਆਦਿ ਦੇ ਵਰਤ, ਤਿਲਕ, ਜੰਞੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ, ਆਦਿ ਭਰਮ-ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ।’18 ਵਾਹਿਗੁਰੂ ਜੀ ਕਿਰਪਾ ਕਰਨ, ਅਸੀਂ ਸਤਿਗੁਰੂ ਦੇ ਸੱਚੇ ਸਿੱਖ ਬਣ ਜਾਈਏ!

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)