ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਪੈਰੋਕਾਰਾਂ ਲਈ ਕੇਵਲ ਇਕ ਪਵਿੱਤਰ ਧਰਮ-ਗ੍ਰੰਥ (Scripture) ਹੀ ਨਹੀਂ, ਸਗੋਂ ਸ਼ਬਦ-ਗੁਰੂ ਦੇ ਰੂਪ ਵਿਚ ਜਾਗਦੀ ਜੋਤਿ, ਜ਼ਾਹਿਰਾ-ਜ਼ਹੂਰ, ਸਰਬ-ਕਲਾ ਭਰਪੂਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਦਸਾਂ ਪਾਤਸ਼ਾਹੀਆਂ ਦੀ ‘ਪ੍ਰਗਟ ਗੁਰਾਂ ਕੀ ਦੇਹ’ (Living Guru), ਸਾਖਿਆਤ ਸਤਿਗੁਰੂ ਹਨ। ਇਹ ਸਿੱਖ ਜੀਵਨ-ਜਾਚ (Way of Living) ਨੂੰ ਸਦੀਵੀ ਤੇ ਨਿਰੰਤਰ ਪ੍ਰੇਰਨਾ ਦੇਣ ਵਾਲੇ ਧਾਰਮਿਕ ਤੇ ਸਦਾਚਾਰਕ ਆਦਰਸ਼ਾਂ ਦੇ ਮੂਲ-ਸ੍ਰੋਤ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਕਲਿਤ ਬਾਣੀ ਨੂੰ ਸਿੱਖ ਧਰਮ ਦਰਸ਼ਨ ਦੀ ਆਧਾਰਸ਼ਿਲਾ ਅਤੇ ਗੁਰਮਤਿ ਦਾ ਪ੍ਰਮਾਣੀਕ ਸੋਮਾ ਪ੍ਰਵਾਨ ਕੀਤਾ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਜਿਹੀ ਨਵੀਂ ਦਾਰਸ਼ਨਿਕ ਪੱਧਤੀ ਦੀ ਸਿਰਜਣਾ ਕੀਤੀ ਜਿਹੜੀ ਪਹਿਲਾਂ ਪ੍ਰਚੱਲਤ ਸਾਮੀ ਤੇ ਭਾਰਤੀ ਵਿਚਾਰਧਾਰਾ ਤੋਂ ਨਿਵੇਕਲੀ ਹੈ। ਗੁਰਮਤਿ ਦਰਸ਼ਨ ਦੀ ਵਿਲੱਖਣਤਾ ਇਹੀ ਹੈ ਕਿ ਇਹ ਫੋਕਾ ਦਰਸ਼ਨ ਨਹੀਂ ਹੈ ਸਗੋਂ ਇਸ ਦਾ ਅਮਲ ਕਰਨ ਨਾਲ ਅਟੁੱਟ ਸੰਬੰਧ ਹੈ। ਨਿਰਸੰਦੇਹ, ਸਿੱਖ ਧਰਮ ਰਹਿਣੀ ਜਾਂ ਜੀਵਨ ਜੁਗਤੀ ਜਾਂ ਜੀਵਨ-ਜਾਚ ਹੈ। ਡਾ. ਤਾਰਨ ਸਿੰਘ ਹੋਰਾਂ ਦੀ ਇਹ ਰਾਇ ਵੀ ਠੀਕ ਜਾਪਦੀ ਹੈ ਕਿ “ਹਰ ਰਹਿਣੀ ਤੇ ਜੀਵਨ-ਜੁਗਤੀ ਦਾ ਆਧਾਰ ਉਸ ਰਹਿਣੀ ਦੀ ਬੁਨਿਆਦ ਵਿਚ ਕੰਮ ਕਰ ਰਹੇ ਸਿਧਾਂਤ, ਵਿਸ਼ਵਾਸ ਤੇ ਸੰਕਲਪ ਹੁੰਦੇ ਹਨ।”1 ਇਸ ਸੰਦਰਭ ਵਿਚ ਸਿਰਦਾਰ ਕਪੂਰ ਸਿੰਘ ਲਿਖਦੇ ਹਨ ਕਿ “ਸਿੱਖ ਧਰਮ ਦੇ ਆਪਣੇ ਸਿਧਾਂਤ ਹਨ। ਪਰਮ ਹਕੀਕਤ, ਮਨੁੱਖ ਦੇ ਸਰੂਪ ਅਤੇ ਇਨ੍ਹਾਂ ਦੋਹਾਂ ਦੇ ਅੰਤਰ-ਸੰਬੰਧਾਂ ਬਾਰੇ ਆਪਣਾ ਵਿਲੱਖਣ ਦ੍ਰਿਸ਼ਟੀਕੋਣ ਹੈ।” 2 ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ, ਸ੍ਰਿਸ਼ਟੀ ਅਤੇ ਜੀਵ-ਆਤਮਾ ਦਾ ਅੰਤਰ-ਸੰਬੰਧ ਉਜਾਗਰ ਹੋਇਆ ਹੈ ਜਿਸ ਦੇ ਫਲਸਰੂਪ ਸਿੱਖ ਜੀਵਨ-ਜੁਗਤੀ ਪ੍ਰਭਾਵਿਤ ਹੋਈ ਹੈ।
ਸਿੱਖ ਜੀਵਨ-ਜਾਚ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਾਰਸ਼ਨਿਕ ਸਿਧਾਂਤਾਂ ਦਾ ਪ੍ਰਭਾਵ ਸਪਸ਼ਟ ਝਲਕਦਾ ਹੈ ਕਿਉਂਕਿ ਇਹ ਸਿਧਾਂਤ ਹੀ ਇਸ ਦਾ ਆਧਾਰ ਹਨ। ਉਦਾਹਰਣ ਦੇ ਤੌਰ ’ਤੇ ਗੁਰਬਾਣੀ ਦਾ ਸਿਧਾਂਤ ਹੈ: ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ (ਪੰਨਾ 611) ਅਰਥਾਤ ਅਕਾਲ ਪੁਰਖ ਇੱਕ ਹੈ ਤੇ ਸਾਰੇ ਜੀਵ ਇੱਕ ਅਕਾਲ ਪੁਰਖ ਦੀ ਸੰਤਾਨ ਹਨ। ਇਸ ਸਾਰੀ ਮਨੁੱਖਤਾ ਦੀ ਸਮਾਨਤਾ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਗੁਰੂ ਸਾਹਿਬਾਨ ਦੁਆਰਾ ਸੰਗਤ ਤੇ ਪੰਗਤ ਵਰਗੀਆਂ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਤੇ ਅਮਲੀ ਰੂਪ ਵਿਚ ਜਾਤ- ਪਾਤ, ਊਚ-ਨੀਚ ਆਦਿ ਦੇ ਭੇਦ–ਭਾਵ ਨੂੰ ਦੂਰ ਕਰਨ ਦੇ ਯਤਨ ਕੀਤੇ ਗਏ ਹਨ।
ਡਾ. ਰਤਨ ਸਿੰਘ (ਜੱਗੀ) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਦਾਰਸ਼ਨਿਕ ਪਹਿਲੂ ਤੋਂ ਵਿਵੇਚਨ ਕਰਦਿਆਂ ਲਿਖਿਆ ਹੈ ਕਿ “ਗੁਰੂ ਜੀ ਦਰਸ਼ਨ ਦੇ ਚੱਕਰਾਂ ਵਿਚ ਨਹੀਂ ਪਏ। ਪ੍ਰਭੂ-ਭਗਤੀ ਦੇ ਆਵੇਸ਼ ਵਿਚ ਉਨ੍ਹਾਂ ਦੀ ਆਤਮਾ ਵਿੱਚੋਂ ਸ੍ਵਰ ਨਿਕਲੀ, ਉਹੀ ਉਨ੍ਹਾਂ ਦੇ ਜੀਵਨ-ਦਰਸ਼ਨ ਦਾ ਸਾਰ-ਤੱਤ ਬਣ ਗਈ। ਉਨ੍ਹਾਂ ਦੀ ਬਾਣੀ ਵਿਚ ਦਰਸ਼ਨ ਦਾ ਕਿਤੇ ਵੀ ਸ਼ਾਸਤਰੀ ਚਿਤਰਨ ਨਹੀਂ ਹੋਇਆ। ਰਹੱਸ ਅਨੁਭੂਤੀ ਨੂੰ ਪ੍ਰਗਟ ਕਰਦਿਆਂ ਕਿਤੇ-ਕਿਤੇ ਜੋ ਦਾਰਸ਼ਨਿਕ ਸੰਕੇਤ ਮਿਲ ਜਾਂਦੇ ਹਨ, ਉਨ੍ਹਾਂ ਉਕਤੀਆਂ ਨੂੰ ਹੀ ਸੰਯੋਜਿਤ ਕਰਕੇ ਉਨ੍ਹਾਂ ਦੀ ਅਧਿਆਤਮਿਕ ਵਿਚਾਰਧਾਰਾ ਦਾ ਕੁਝ ਗਿਆਨ ਪ੍ਰਾਪਤ ਹੋ ਸਕਦਾ ਹੈ।” 3 ਅਸੀਂ ਵੀ ਇਸ ਲੇਖ ਵਿਚ ਗੁਰਬਾਣੀ ਦੇ ਸੰਕੇਤਾਂ ਦੀ ਸੇਧ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਾਰਸ਼ਨਿਕ ਪੱਖ ਨਾਲ ਸੰਬੰਧਿਤ ਸੰਕਲਪਾਂ- ਅਕਾਲ ਪੁਰਖ, ਸ੍ਰਿਸ਼ਟੀ ਅਤੇ ਜੀਵ ਆਤਮਾ, ਬਾਰੇ ਸੰਖੇਪ ਵਿਚਾਰ ਕਰਾਂਗੇ। ਵਿਦਵਾਨਾਂ ਅਨੁਸਾਰ ਇਹ ਤਿੰਨੇ ਸੰਕਲਪ ਧਰਮ-ਦਰਸ਼ਨ ਦੀ ਤੱਤ-ਮੀਮਾਂਸਕ (Metaphysical) ਸ਼ਾਖ (ਵਿਸ਼ੇਸ਼ ਕਰਕੇ ਹੋਂਦ ਸਿਧਾਂਤ) ਨਾਲ ਸੰਬੰਧਿਤ ਹਨ ।
ਅਕਾਲ ਪੁਰਖ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਧਰਮ ਚਿੰਤਨ ਨਾਲ ਸੰਬੰਧਿਤ ਪਹਿਲਾ ਸੰਕਲਪ ਅਕਾਲ ਪੁਰਖ ਹੈ। ਧਰਮ ਸ਼ਾਸਤਰੀਆਂ ਦੀ ਰਾਇ ਹੈ ਕਿ ਆਦਿ ਕਾਲ ਤੋਂ ਹੀ ਮਨੁੱਖ ਨੇ ਆਪਣੀ ਉਪਾਸ਼ਨਾ ਲਈ ਕਿਸੇ ਨਾ ਕਿਸੇ ਰੂਪ ਵਿਚ ਪਰਮ ਸੱਤਾ ਦੀ ਕਲਪਨਾ ਕਰਨੀ ਅਰੰਭ ਕਰ ਦਿੱਤੀ ਸੀ। ਕੁਝ ਇਕ ਧਰਮਾਂ ਜਿਵੇਂ ਬੁੱਧ ਅਤੇ ਜੈਨ ਆਦਿ ਨੂੰ ਛੱਡ ਕੇ ਵਿਸ਼ਵ ਦੇ ਤਕਰੀਬਨ ਸਾਰੇ ਧਰਮਾਂ ਅਤੇ ਦਰਸ਼ਨਾਂ ਦਾ ਮੁੱਖ ਵਿਸ਼ਾ ਪਰਮ-ਸਤਿ ਦੇ ਸਰੂਪ ਨੂੰ ਜਾਣਨ ਦੀ ਜਗਿਆਸਾ ਅਤੇ ਉਸ ਤਕ ਪਹੁੰਚਣ ਦੀ ਇੱਛਾ ਰਹੀ ਹੈ ਤੇ ਇਸ ਦੀ ਹੋਂਦ ਵਿਚ ਨਿਸ਼ਚਾ ਆਸਤਕ ਧਰਮਾਂ ਦੇ ਸਮੁੱਚੇ ਦਾਰਸ਼ਨਿਕ ਢਾਂਚੇ ਤੇ ਅਮਲੀ ਜੀਵਨ ਦਾ ਆਧਾਰ ਹੈ। ਸਿੱਖ ਧਰਮ ਵਿਚ ਇਸ ਪਰਮ-ਹਕੀਕਤ ਨੂੰ ‘ਅਕਾਲ ਪੁਰਖ’ ਦੇ ਨਾਂ ਨਾਲ ਜਾਣਿਆ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਂਦਰੀ ਸਿਧਾਂਤ ‘ਅਕਾਲ ਪੁਰਖ’ ਹੈ ਜਿਸ ਦੇ ਦੁਆਲੇ ਸੰਪੂਰਨ ਸਿੱਖ ਫ਼ਿਲਾਸਫ਼ੀ ਕੇਂਦਰਿਤ ਹੈ। ਇਕ ਅਕਾਲ ਪੁਰਖ ਵਿਚ ਦ੍ਰਿੜ੍ਹ ਨਿਸ਼ਚਾ ਸਿੱਖ ਧਰਮ ਦਰਸ਼ਨ ਦਾ ਆਧਾਰ ਹੈ ਜਿਸ ਉੱਤੇ ਸਮੁੱਚੇ ਸਿੱਖ ਆਚਾਰ-ਵਿਹਾਰ, ਸਿੱਖ ਰਹਿਤ ਮਰਯਾਦਾ, ਸਿੱਖ ਇਤਿਹਾਸ, ਸਿੱਖ ਸਭਿਆਚਾਰ ਆਦਿ ਦੀ ਉਸਾਰੀ ਹੋਈ ਹੈ। ਇਸ ਤੱਥ ਦੀ ਪ੍ਰੋੜ੍ਹਤਾ ਦਾ ਪ੍ਰਮਾਣ ਮੂਲ-ਮੰਤਰ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿਚ, ਜਪੁਜੀ ਸਾਹਿਬ ਤੋਂ ਪਹਿਲਾਂ, ਅੰਕਿਤ ਕੀਤਾ ਹੋਇਆ ਹੈ। ਸਮੁੱਚੀ ਬਾਣੀ ਮੂਲ ਮੰਤਰ ਤੋਂ ਸ਼ੁਰੂ ਹੁੰਦੀ ਹੈ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਸਰੂਪ ਦਾ ਨਿਰੂਪਣ ਕੀਤਾ ਹੈ। ਇਸ ਦਾ ਮੂਲ ਪਾਠ ਹੈ:
ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
ਮੂਲ-ਮੰਤਰ ਦੇ ਅਰਥ ਹਨ: “ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰ੍ਹੇ ਹੈ, (ਭਾਵ ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।” 4
ਪਰਮਸਤਿ- ਪਰਮਾਤਮਾ ਦਾ ਜੋ ਸਰਬ-ਸਾਂਝਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਚਿਤਰਿਆ ਗਿਆ ਹੈ, ਉਹ ਅਦੁੱਤੀ ਹੈ ਅਤੇ ਧਾਰਮਿਕ ਵਿਚਾਰਧਾਰਾ ਦੇ ਇਤਿਹਾਸ ਵਿਚ ਨਿਵੇਕਲਾ ਤੇ ਸਰਬੋਤਮ ਹੈ। ਮੂਲ-ਮੰਤਰ ਵਿਚ ਪਰਮ-ਹਸਤੀ ਦੇ ਸਰੂਪ ਦਾ ਪ੍ਰਕਾਸ਼ਨ ਹੋਇਆ ਹੈ ਜੋ ਸਰਬਉੱਚ ਇਕਾਈ ਹੈ ਅਤੇ ਨਿਰਾਕਾਰ ਹੁੰਦਿਆਂ ਹੋਇਆਂ ਵੀ ਸ੍ਵੈ-ਸੰਪੂਰਨ ਹੈ। ਅਕਾਲ ਪੁਰਖ ਅਜਿਹੀ ਅਦ੍ਰਿਸ਼ਟ ਸੱਤਾ ਹੈ ਜਿਸ ਨੂੰ ਮਨੁੱਖੀ ਭੌਤਿਕ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ ਇਸ ਕਰਕੇ ਬਿਨਾਂ ਦੇਖੇ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਤੇ ਨਾ ਹੀ ਮਨੁੱਖ ਵਿਚ ਸਰਬ- ਉੱਚ ਹਕੀਕਤ ਨੂੰ ਜਾਣਨ ਦੀ ਸਮਰੱਥਾ ਹੈ। ਗੁਰਵਾਕ ਹੈ:
ਅਦਿਸਟੁ ਦਿਸੈ ਤਾ ਕਹਿਆ ਜਾਇ॥
ਬਿਨ ਦੇਖੇ ਕਹਣਾ ਬਿਰਥਾ ਜਾਇ॥ (ਪੰਨਾ 222)
ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦੀ ਸਤਿਯਤਾ ਦਾ ਯਥਾਰਥ ਗਿਆਨ ਉਹੀ ਪ੍ਰਾਪਤ ਕਰ ਸਕਦਾ ਹੈ ਜੋ ਉਸ ਜਿਤਨਾ ਮਹਾਨ ਤੇ ਉੱਚਾ ਹੁੰਦਾ ਹੈ:
ਏਵਡ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥ (ਪੰਨਾ 5)
ਗੁਰਬਾਣੀ ਵਿਚ ਅਕਾਲ ਪੁਰਖ ਨੂੰ ਅਵਿਅਕਤ ਮੰਨਿਆ ਗਿਆ ਹੈ:
ਅਮੁਲੋ ਅਮੁਲੁ ਆਖਿਆ ਨ ਜਾਇ॥ (ਪੰਨਾ 5)
ਤਾ ਕੀਆ ਗਲਾ ਕਥੀਆ ਨਾ ਜਾਹਿ॥
ਜੇ ਕੋ ਕਹੈ ਪਿਛੈ ਪਛੁਤਾਇ॥ (ਪੰਨਾ 8)
ਵਾਸਤਵਿਕਤਾ ਇਹ ਹੈ ਕਿ ਪਰਮਸਤਿ ਅਕਾਲ ਪੁਰਖ ਦਾ ਸਰੂਪ ਮਨੁੱਖ ਦੇ ਬੌਧਿਕ ਗਿਆਨ ਦਾ ਵਿਸ਼ਾ ਹੈ ਹੀ ਨਹੀਂ। ਉਸ ਦਾ ਬੋਧ ਤਾਂ ਇਕ ਤਰ੍ਹਾਂ ਦੀ ਵਿਸਮਾਦੀ ਦਸ਼ਾ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ‘ਸਿਧ ਗੋਸਟਿ’ ਬਾਣੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਦੇ ਪ੍ਰਸ਼ਨ ‘ਆਦਿ ਕਉ ਕਵਨ ਬਿਚਾਰ ਕਥੀਅਲੇ’ ਦੇ ਉੱਤਰ ਵਿਚ ਆਖਦੇ ਹਨ: ‘ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ’ (940) ਅਰਥਾਤ ਵਿਸ਼ਵ ਦੀ ਆਦਿ ਸੱਤਾ ਬਾਰੇ ਅਸੀਂ ਵਿਸਮਾਦ ਕਹਿਣ ਤੋਂ ਬਿਨਾਂ ਕੁਝ ਵੀ ਨਹੀਂ ਆਖ ਸਕਦੇ ਜੋ ਕਿਸੇ ਅਨੰਤ ਅਪਾਰ ਸ਼ਕਤੀ ਦੇ ਸਾਹਮਣੇ ਉਪਜਣ ਵਾਲੀ ਅਨੰਦਮਈ ਅਸਚਰਜਤਾ ਦਾ ਪ੍ਰਤੀਕ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਦੇ ਅਵਿਅਕਤ ਸਰੂਪ ਦਾ ਦੋ ਤਰ੍ਹਾਂ ਨਾਲ ਚਿਤਰਨ ਹੋਇਆ ਹੈ- ਨਿਰਗੁਣ ਤੇ ਸਰਗੁਣ। ਸਿੱਖ ਧਰਮ ਦਰਸ਼ਨ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਇਕ ਪਰਮਸਤਿ ਦੀਆਂ ਦੋ ਅਵਸਥਾਵਾਂ (ਨਿਰਗੁਣ ਤੇ ਸਰਗੁਣ) ਪ੍ਰਵਾਨ ਕੀਤੀਆਂ ਗਈਆਂ ਹਨ। ਸਰਗੁਣ ਨਿਰਗੁਣ ਦਾ ਹੀ ਵਿਅਕਤ ਸਰੂਪ ਹੈ ਤੇ ਅੰਤ ਸਰਗੁਣ ਨਿਰਗੁਣ ਵਿਚ ਹੀ ਸਮਾ ਜਾਵੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕੀਸ਼ਵਰਵਾਦੀ ਸਿਧਾਂਤ (Monotheism) ਦੀ ਸਥਾਪਨਾ ਹੋਈ ਹੈ। ਸੰਪ੍ਰਦਾਈ ਵਿਦਵਾਨਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾ ਤੇ ਲਿਖਤੀ ਚਿੰਨ੍ਹ ‘ਏਕਾ’ ‘1’ ਹੈ ਤੇ ਇਹ ਏਕਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਲਖਾਇਕ ਹੈ ਤੇ ਇਸੇ ਏਕੇ ਦਾ ਭਾਵ ਹੀ ਸਾਰੀ ਗੁਰਬਾਣੀ ਵਿਚ ਪਸਰਿਆ ਹੋਇਆ ਹੈ। 5 ਗੁਰੂ ਜੀ ਨੇ ਮੂਲ ਮੰਤਰ ਦੇ ਅਰੰਭ ਵਿਚ ਓਅੰਕਾਰ ਤੋਂ ਪਹਿਲਾਂ ‘1’ ਹਿੰਦਸਾ ਵਰਤ ਕੇ ਪਰਮ ਹਸਤੀ ਦਾ ਸਰੂਪ ਨਿਸ਼ਚਿਤ ਕਰ ਦਿੱਤਾ ਹੈ ਕਿਉਂਕਿ ਉਪਨਿਸ਼ਦਕ ਪਰੰਪਰਾ ਦੇ ਇਸ ਸ਼ਬਦ ਨੂੰ ਬ੍ਰਹਮ ਲਈ ਵਰਤਣ ਨਾਲ ਕਈ ਪ੍ਰਕਾਰ ਦੀਆਂ ਭ੍ਰਾਂਤੀਪੂਰਨ ਧਾਰਨਾਵਾਂ ਦੀ ਉਤਪਤੀ ਹੋ ਸਕਦੀ ਸੀ। 6 ‘ੴ ’ਦਾ ਦਾਰਸ਼ਨਿਕ ਪਹਿਲੂ ਤੋਂ ਵਿਸ਼ਲੇਸ਼ਣ ਕਰਦਿਆਂ ਡਾ. ਵਜ਼ੀਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ‘ਹਿੰਦਸੇ ਅਤੇ ਸ਼ਬਦ (ੴ ) ਦੇ ਇਸ ਜੋੜ ਵਿਚ ਗੁਰੂ ਸਾਹਿਬਾਨ ਦਾ ਫ਼ਲਸਫ਼ਾ ਵਿਕਸਿਤ ਰੂਪ ਧਾਰਨ ਕਰਦਾ ਹੈ। ਇਸ ਮੌਕੇ ਓਅੰਕਾਰ ਵਿਚ ਅਤਿ ਡੂੰਘੇ ਵਿਚਾਰ ਤੇ ਸਿਧਾਂਤ ਛੁਪੇ ਪਏ ਹਨ। ‘ਏਕ’ ‘ਹੈ’ ਦਾ ਭਾਵ ਪ੍ਰਗਟਾਉਂਦਾ ਹੈ। ਫਰਜ਼ ਕਰੋ ਇੱਥੇ ਸਿਫਰ ਹੁੰਦੀ, ਜਿਸ ਦਾ ਭਾਵ ਕੁਝ ਨਹੀਂ ਹੈ ਤਾਂ ਨਾਂਹ-ਵਾਚਕ ਸਿਧਾਂਤ ਜਨਮ ਲੈਂਦਾ, ਸਭ ਸੁੰਨ-ਮਸੁੰਨ ਹੁੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ੁਰਮਾ ਰਹੇ ਹਨ: ਹਸਤੀ ਹੈ ਅਤੇ ਇਹ ਹਸਤੀ ਦੋ, ਤਿੰਨ ਜਾਂ ਵਧੀਕ ਨਹੀਂ , ਕੇਵਲ ਇੱਕ ਹੈ. ਗੁਰੂ ਜੀ ਨੇ ਓਅੰਕਾਰ ( ਜੋ ਅਨੇਕਤਾ ਦਾ ਪ੍ਰਤੀਕ ਹੈ) ਦੀ ਅਨੇਕਵਾਦੀ ਅਸਲੀਅਤ ਨੂੰ ਏਕਾ ਲਗਾ ਕੇ ਏਕਤਾ ਦਾ ਸੰਕਲਪ ਨਿਰਣੈ ਕੀਤਾ ਹੈ।”7
ਮੂਲਮੰਤਰ ਤੋਂ ਇਲਾਵਾ ਗੁਰਬਾਣੀ ਵਿਚ ਅਨੇਕਾਂ ਵਾਰੀ ਪਰਮਾਤਮਾ ਦੇ ‘ਇਕ’ ਹੋਣ ਦੀ ਪੁਸ਼ਟੀ ਹੋਈ ਹੈ:
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥ (ਪੰਨਾ 1291)
ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ॥ (ਪੰਨਾ 433)
ਸਾਹਿਬ ਮੇਰਾ ਏਕੁ ਹੈ ਅਵਰੁ ਨਹੀ ਭਾਈ॥ (ਪੰਨਾ 420)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਦਾ ਵਾਚਕ ਸ਼ਬਦ ‘ਸਤਿਨਾਮੁ’ ਹੈ ਜਿਸ ਦਾ ਭਾਵ ਸਰਬ-ਵਿਆਪੀ ਸੱਤਯਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਤੇਰਾ ਸਚੁ ਨਾਮੁ ਪਰਮੇਸਰਾ’ (ਪੰਨਾ 1168) ਤੁਕ ਦੁਆਰਾ ਅਕਾਲ ਪੁਰਖ ਦਾ ਨਾਮ ਸੱਚਾ ਹੋਣ ਦੀ ਪ੍ਰੋੜ੍ਹਤਾ ਕੀਤੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅਨੁਸਾਰ ਪਰਮਾਤਮਾ ਦੀ ਹੋਂਦ ਨੂੰ ਜਿਤਲਾਉਣ ਵਾਲਾ ਅਤਿਅੰਤ ਪੁਰਾਤਨ ਨਾਮ ‘ਸਤਿਨਾਮੁ’ ਹੀ ਹੈ ਤੇ ਜੀਭ ਦੁਆਰਾ ਕਥਨ ਕੀਤੇ ਜਾਣ ਵਾਲੇ ਬਾਕੀ ਸਾਰੇ ਨਾਮ ਬਨਾਵਟੀ ਹਨ:
ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿ ਨਾਮੁ ਤੇਰਾ ਪਰਾ ਪੂਰਬਲਾ॥ (ਪੰਨਾ 1083)
ਸਿੱਖ ਵਿਦਵਾਨਾਂ ਨੇ ‘ਸਤਿ’ ਸ਼ਬਦ ਦੇ ਵੱਖ-ਵੱਖ ਅਰਥ ਕੀਤੇ ਹਨ। ‘ਅਸੁ’ ਧਾਤੂ ਤੋਂ ਵਿਉਤਪਨ ਹੋਣ ਕਰਕੇ ‘ਸਤਿ’ ਦਾ ਸ਼ਾਬਦਿਕ ਅਰਥ ਸਦਾ ਵਿਦਮਾਨ ਰਹਿਣ ਵਾਲਾ ਹੈ। 8 ਭਾਈ ਕਾਨ੍ਹ ਸਿੰਘ ਅਨੁਸਾਰ ਇਸ ਦਾ ਅਰਥ “ਤਿੰਨ ਕਾਲ ਵਿਚ ਇਕ-ਰਸ ਹੋਣ ਵਾਲਾ ਪ੍ਰਸਿੱਧ ਪਾਰਬ੍ਰਹਮ ਹੈ।” 9 ਪ੍ਰਿੰ: ਤੇਜਾ ਸਿੰਘ ਇਸ ਦਾ ਅਰਥ “ਅਕਾਲ ਪੁਰਖ ਦਾ ਨਾਮ ਸਤਿ ਹੈ ਉਹ ਅਸਲੀਅਤ ਜਾਂ ਸੱਚਾਈ ਹੈ ਜੋ ਘਟਦੀ, ਵਧਦੀ ਜਾਂ ਬਦਲਦੀ ਨਹੀਂ” 10 ਅਤੇ ਸ. ਸੋਹਣ ਸਿੰਘ ਵਾਸਤਵਿਕ ਜਾਂ ਯਥਾਰਥ (The Real) ਅਤੇ ਨਾਮ ਦੀ ਸਪਿਰਟ ਕਰਦੇ ਹਨ।11 ਡਾ. ਵਜ਼ੀਰ ਸਿੰਘ ਦੇ ਸ਼ਬਦਾਂ ਵਿਚ ‘ਸਤਿ’ ਇਕ ਸਦੀਵੀ ਹਸਤੀ ਦਾ ਪ੍ਰਤੀਕ ਹੈ।12
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਦੀ ਨਿਰੋਲ ਏਕਤਾ ਤੇ ਸਦੀਵਤਾ ਭਾਵ ਸੱਤਯਤਾ ਨੂੰ ਦ੍ਰਿੜ੍ਹ ਕਰਵਾਉਣ ਤੋਂ ਬਾਅਦ ਉਸ ਦਾ ਸਭ ਤੋਂ ਪਹਿਲਾ ਗੁਣ ‘ਕਰਤਾ’ ਭਾਵ ਸ੍ਰਿਸ਼ਟੀ ਦਾ ਸਿਰਜਣਹਾਰ ਹੋਣਾ ਦੱਸਿਆ ਹੈ। ‘ਕਰਤਾ’ ਸ਼ਬਦ ਸੰਸਕ੍ਰਿਤ ਦੇ ‘ਕਰਤ੍ਰੀ’ ਤੋਂ ਹੈ ਜਿਸ ਦਾ ਭਾਵ ਹੈ ਕਰਨੇ ਵਾਲਾ, ਸਾਜਣੇ ਵਾਲਾ। 13 ਗੁਰਬਾਣੀ ਅਨੁਸਾਰ ਅਕਾਲ ਪੁਰਖ ਨੇ ਆਪਣੀ ਕਰਤਾਰੀ ਸ਼ਕਤੀ ਦੁਆਰਾ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ:
ਤੂ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟ ਉਪਾਤੀ॥
ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ॥ (ਪੰਨਾ 138)
ਉਸ ਤੋਂ ਬਿਨਾਂ ਹੋਰ ਕੋਈ ਕਰਣ-ਕਾਰਣ ਨਹੀਂ ਹੈ। ਕੇਵਲ ਅਕਾਲ ਪੁਰਖ ਸਾਰੀ ਕੁਦਰਤਿ ਦਾ ‘ਕਾਦਿਰ ਕਰਤਾ’ ਹੈ। ਕਰਤਾ ਨਾਲ ‘ਪੁਰਖ’ ਦਾ ਜੁੜਿਆ ਹੋਣਾ ਅਕਾਲ ਪੁਰਖ ਦੇ ਵਿਅਕਤੀਗਤ ਸਰੂਪ ਦਾ ਲਖਾਇਕ ਹੈ ਅਰਥਾਤ ਉਸ ਵਿਚ ਪੁਰਖੀ ਗੁਣ ਹਨ। ਸ. ਸੋਹਣ ਸਿੰਘ ਅਨੁਸਾਰ ‘ਪੁਰਖ’ ਤੋਂ ਇੱਥੇ ਭਾਵ ਉਹ ਪਰਮ-ਹਸਤੀ ਹੈ ਜਿਸ ਦਾ ਸੁਭਾਅ ‘ਚਿਤ’(Consciousness) ਅਤੇ ‘ਆਨੰਦ’ (Bliss) ਹੈ। 14 ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਜਾਪਦਾ ਹੈ ਕਿ ਕਰਤਾ ਦੇ ਨਾਲ ਆਇਆ ਪੁਰਖ ਸਾਂਖ ਸ਼ਾਸਤਰ ਦੇ ‘ਪੁਰਸ਼’ ਦਾ ਸਮਾਨਾਰਥਕ ਨਹੀਂ ਜਿਸ ਦਾ ਪ੍ਰਯੋਗ ਪ੍ਰਕਿਰਤੀ ਦੇ ਪ੍ਰਸੰਗ ਵਿਚ ਕੀਤਾ ਗਿਆ ਹੈ ਅਤੇ ਇਹ ਪੁਰਖ ਅਨੇਕ ਮੰਨੇ ਗਏ ਹਨ। ਗੁਰਮਤਿ ਦਰਸ਼ਨ ਵਿਚ ‘ਪੁਰਖ’ ਇਕ-ਈਸ਼ਵਰਵਾਦੀ ਸੰਕਲਪ ਹੈ ਜਿਸ ਵਿਚ ਅਨੇਕਤਾ ਦਾ ਸਥਾਨ ਹੈ ਹੀ ਨਹੀਂ। ਅਕਾਲ ਪੁਰਖ ਇੱਕੋ ਸਮੇਂ ਆਪਣੀ ਰਚਨਾ ਵਿਚ ਵਿਆਪਕ ਹੈ ਅਤੇ ਉਸ ਤੋਂ ਉਚੇਰਾ ਅਗੋਚਰ ਵੀ ਹੈ। ਪਰਮ ਹਸਤੀ ਅੰਦਰ ਤੇ ਬਾਹਰ, ਗੁਪਤ ਤੇ ਪ੍ਰਗਟ, ਸੂਖਮ ਤੇ ਅਸਥੂਲ, ਏਕ ਤੇ ਅਨੇਕ ਸਭ ਕੁਝ ਆਪ ਹੀ ਆਪ ਹੈ। ਡਾ. ਨਿਰਭੈ ਸਿੰਘ ਦੀ ਰਾਇ ਹੈ ਕਿ ‘ਇਕ’ ਸਥੂਲ ਗਤੀਸ਼ੀਲ ਏਕਾਤਮਕਤਾ ਹੈ ਜਿਹੜੀ ਆਪਣੇ ਆਪ ਨੂੰ ਇਕਾਈਆਂ ਦੀ ਅਨੇਕਤਾ ਵਿਚ ਰੂਪਮਾਨ ਕਰਦੀ ਹੈ। 15 ਡਾ. ਗੁਰਨਾਮ ਕੌਰ ਦੇ ਸ਼ਬਦਾਂ ਵਿਚ “ਗੁਰਮਤਿ ਵਿਚ ਅਕਾਲ ਪੁਰਖ ਦਾ ਜੋ ਨਿਰਗੁਣ ਤੇ ਸਰਗੁਣ ਸਰੂਪ ਚਿਤਰਿਆ ਹੈ ਉਹ ਨਿਰੋਲ ਗੁਰਮਤਿ ਦਾ ਆਪਣਾ ਹੈ। ੴ ਦਾ ਅਪ੍ਰਗਟ ਤੋਂ ਪ੍ਰਗਟ ਰੂਪ (manifesta-tion) ਵਿਚ ਆਉਣਾ ਉਸ ਦਾ ਨਿਰਗੁਣ ਤੋਂ ਸਰਗੁਣ ਸਰੂਪ ਵਿਚ ਆਉਣਾ ਹੈ।…ਉਹ ਆਪ ਹੀ ਸੁੰਨ ਸਮਾਧੀ ਵਿੱਚੋਂ ਗੁਪਤ ਤੋਂ ਪ੍ਰਗਟ ਹੋਇਆ ਅਤੇ ਉਸ ਨੇ ਸ੍ਰਿਸ਼ਟੀ ਰਚਨਾ ਦਾ ਅਰੰਭ ਕੀਤਾ।” 16
ਸਿੱਖ ਧਰਮ ਚਿੰਤਨ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਇਸ ਦਾ ਤੱਤ-ਮੀਮਾਂਸਕ ਢਾਂਚਾ ਨਿਰੰਕਾਰ ਤੇ ਆਕਾਰ, ਨਿਰਗੁਣ ਤੇ ਸਰਗੁਣ, ਏਕ ਤੇ ਅਨੇਕ ਦੇ ਵਿਰੋਧੀ ਜਾਪਦੇ ਸੰਕਲਪਾਂ ਨੂੰ ਮਿਲਾ ਦਿੰਦਾ ਹੈ। ‘ਇੱਕ’ ਦਾ ਸੂਖਮ ਤੱਤ ਹੀ ਦ੍ਰਿਸ਼ਟਮਾਨ ਸੰਸਾਰ ਦੀਆਂ ਅਸਥੂਲ ਚੀਜ਼ਾਂ ਵਿਚ ਪ੍ਰਤੀਬਿੰਬਤ ਹੁੰਦਾ ਹੈ। ਪਰਮਾਤਮਾ ਦੀ ਏਕਤਾ ਦਾ ਭਾਵ ਗੁਰਬਾਣੀ ਵਿਚ ਉਸ ਦੇ ਜੋਤਿ ਸਰੂਪ ਦੁਆਰਾ ਦਰਸਾਇਆ ਗਿਆ ਹੈ। ਅਕਾਲ ਪੁਰਖ ਜੋਤਿ ਰੂਪ ਹੋ ਕੇ ਆਪਣੀ ਰਚਨਾ ਵਿਚ ਪ੍ਰਕਾਸ਼ਮਾਨ ਹੋ ਰਿਹਾ ਹੈ:
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ 13 )
ਇਹ ਸਰਬ-ਵਿਆਪਕ ਜੋਤਿ ਜੀਵ ਦੇ ਅੰਦਰ ਵੀ ਸੁਭਾਇਮਾਨ ਹੈ।
ਭਗਤ ਕਬੀਰ ਜੀ ਨੇ ਸਪਸ਼ਟ ਸ਼ਬਦਾਂ ਵਿਚ ਸਮਝਾਇਆ ਹੈ ਕਿ ਸਭ ਬੰਦੇ ਕੁਦਰਤ ਦੇ ਹਨ ਤੇ ਸਭ ਦਾ ਕਾਦਰ ਪ੍ਰਭੂ ਹੈ। ਸਾਰੇ ਇਕ ਨੂਰ ਤੋਂ ਪੈਦਾ ਹੋਏ ਹਨ ਤੇ ਸਭ ਦੀ ਮਿੱਟੀ ਇੱਕ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉੇਨ ਭਲੇ ਕੋ ਮੰਦੇ॥ (ਪੰਨਾ 1349)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੂਹ ਮਾਨਵ-ਜਾਤੀ ਦੇ ਅੰਦਰ ਨਿਵਾਸ ਕਰ ਰਹੀ ਇਕ ਜੋਤਿ ਦੇ ਪ੍ਰਕਾਸ਼ ਉੱਪਰ ਬਲ ਦੇ ਕੇ ਮਨੁੱਖਤਾ ਨੂੰ ਰੂਹਾਨੀ ਜਾਗ੍ਰਿਤੀ ਅਤੇ ਨੈਤਿਕ ਚੇਤਨਾ ਦਾ ਮਾਰਗ ਸੁਝਾਇਆ ਗਿਆ ਹੈ।
ਮੂਲ ਮੰਤਰ ਵਿਚ ਅਕਾਲ ਪੁਰਖ ਦੀ ਵਡਿਆਈ ਦਾ ਵਿਸ਼ੇਸ਼ ਗੁਣ ‘ਨਿਰਭਉ’ ਹੈ। ਡਰ ਹੁੰਦਾ ਹੈ ਆਪਣੇ ਤੋਂ ਵੱਡੇ ਜਾਂ ਬਰਾਬਰ ਦੇ ਦਾ। ਗੁਰਬਾਣੀ ਵਿਚ‘ਤਿਸ ਤੇ ਊਪਰਿ ਨਾਹੀ ਕੋਇ’ (ਪੰਨਾ 842) ਅਤੇ ‘ਤੁਧੁ ਜੇਵਡੁ ਅਵਰੁ ਨਾ ਕੋਈ’ (ਪੰਨਾ 348) ਤੁਕਾਂ ਦਰਸਾਉਂਦੀਆਂ ਹਨ ਕਿ ਨਾ ਤੇ ਉਸ ਤੋਂ ਉਚੇਰਾ ਕੋਈ ਹੈ ਤੇ ਨਾ ਹੀ ਬਰਾਬਰ ਦਾ, ਇਸ ਲਈ ਉਹ ‘ਨਿਰਭਉ’ ਹੈ ਕਿਉਂਕਿ ਅਕਾਲ ਪੁਰਖ ਸਭ ਤੋਂ ਵੱਡਾ ਹੈ ਅਤੇ ਸਾਰੇ ਉਸ ਦੁਆਰਾ ਸਾਜੇ ਗਏ ਹਨ ਇਸ ਲਈ ਉਹ ‘ਨਿਰਵੈਰ’ ਵੀ ਹੈ।
ਅਕਾਲ ਪੁਰਖ ਅਜਿਹੀ ਹਸਤੀ, ਹੋਂਦ ਜਾਂ ਸਰੂਪ ਹੈ ਜੋ ਕਾਲ ਵਿਚ ਨਹੀਂ ਆਉਂਦਾ। ‘ਜੋ ਉਪਜੇ ਸੋ ਕਾਲਿ ਸੰਘਾਰਿਆ’ ਅਨੁਸਾਰ ਕਾਲ ਉਸੇ ਨੂੰ ਗ੍ਰਸਦਾ ਹੈ ਜਿਸ ਦਾ ਜਨਮ ਹੋਵੇ ਪਰ ਉਸ ਦੀ ਨਾ ਮਾਤਾ ਹੈ ਤੇ ਨਾ ਹੀ ਪਿਤਾ ਇਸ ਲਈ ‘ਅਕਾਲ ਮੂਰਤਿ’ ਅਤੇ ‘ਅਜੂਨੀ’ ਹੈ। ਅਜੂਨੀ ਹੋਣ ਕਰਕੇ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ ਹੈ ਭਾਵ ਉਸ ਦੀ ਹੋਂਦ ‘ਸੈਭੰ’ ਅਰਥਾਤ ਆਪਣੇ ਆਪ ਤੋਂ ਹੋਈ ਹੈ। ਗੁਰਵਾਕ ਹਨ:
ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥ (ਪੰਨਾ 2)
ਗੁਰਬਾਣੀ ਅਨੁਸਾਰ ਅਕਾਲ ਪੁਰਖ ਨੇ ਖੁਦ ਹੀ ਆਪਣੇ ਆਪ ਦੀ ਸਿਰਜਣਾ ਕੀਤੀ ਹੈ:
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਓ॥ (ਪੰਨਾ 463)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਦੇ ਸਰੂਪ ਨੂੰ ਉਜਾਗਰ ਕਰਨ ਵਾਲੇ ਹੋਰ ਅਨੇਕਾਂ ਨਾਮ ਆਏ ਹਨ ਜਿਵੇਂ ਨਿਰੰਜਨ, ਪਰਮੇਸਰੁ, ਸਰਬ ਵਿਆਪਕ, ਅੰਤਰਯਾਮੀ, ਸਰਬ ਸਕਤੀਮਾਨ, ਗਹਿਰ ਗੰਭੀਰ, ਦਾਤਾ, ਪ੍ਰਤਿਪਾਲਕ, ਬਖਸਣਹਾਰ, ਸੁਆਮੀ, ਪਾਤਿਸਾਹ, ਸੁਲਤਾਨ, ਕੰਤੁ, ਪਿਰ, ਬਿਧਾਤਾ, ਖਸਮ, ਕਰੀਮ, ਕਬੀਰ, ਅਲਾਹ ਆਦਿ। ਇਨ੍ਹਾਂ ਤੋਂ ਇਲਾਵਾ ਠਾਕੁਰ, ਮਾਧੋ, ਗੋਪਾਲ, ਮੁਰਾਰੀ, ਮਧੁਸੂਦਨ, ਰਾਮ ਆਦਿ ਸ਼ਬਦ ਵੀ ਅਕਾਲ ਪੁਰਖ ਲਈ ਵਰਤੇ ਗਏ ਹਨ। ਇਹ ਨਾਮ ਅਵਤਾਰਵਾਦ ਦਾ ਭੁਲੇਖਾ ਪਾ ਸਕਦੇ ਹਨ ਕਿਉਂਕਿ ਇਨ੍ਹਾਂ ਸ਼ਬਦਾਂ ਦਾ ਸੰਬੰਧ ਉਸ ਧਾਰਮਿਕ ਪ੍ਰਣਾਲੀ ਨਾਲ ਹੈ ਜੋ ਵਿਸ਼ਵਾਸ ਕਰਦੇ ਹਨ ਕਿ ਧਰਮ ਦੀ ਸਥਾਪਨਾ ਲਈ ਭਗਵਾਨ ਧਰਤੀ ’ਤੇ ਅਵਤਾਰ ਲੈਂਦਾ ਹੈ। ਇਸ ਭ੍ਰਾਂਤੀ ਤੋਂ ਬਚਣ ਲਈ ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਜਾਪਦਾ ਹੈ ਕਿ ਗੁਰਬਾਣੀ ਵਿਚ ਅਵਤਾਰਵਾਦ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਗਿਆ ਹੈ।
ਸ੍ਰਿਸ਼ਟੀ: ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਚਿੰਤਨ ਨਾਲ ਸੰਬੰਧਿਤ ਦੂਜਾ ਤੱਤ ਮੀਮਾਂਸਕ ਸੰਕਲਪ ਸ੍ਰਿਸ਼ਟੀ ਹੈ। ਸ੍ਰਿਸ਼ਟੀ ਸ਼ਬਦ ਸੰਸਕ੍ਰਿਤ ਮੂਲਕ ਸ਼ਬਦ ‘ਸ੍ਰਿਸ਼ਟ’ ਦਾ ਪੰਜਾਬੀ ਰੂਪ ਹੈ।17 ਇਹ ਸ੍ਰਿਸ਼ਟੀ ਗੁੰਝਲਦਾਰ ਬੁਝਾਰਤ ਹੈ। ਇਸ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਹਨ ਕਿ ਸ੍ਰਿਸ਼ਟੀ ਦੀ ਰਚਨਾ ਤੋਂ ਪੂਰਵ–ਅਵਸਥਾ ਕੀ ਸੀ? ਸ੍ਰਿਸ਼ਟੀ ਕਦੋਂ, ਕਿਉਂ ਤੇ ਕਿਵੇਂ ਹੋਂਦ ਵਿਚ ਆਈ? ਸ੍ਰਿਸ਼ਟੀ ਦਾ ਸਰੂਪ ਕੀ ਹੈ? ਇਸ ਦਾ ਸਿਰਜਣਹਾਰ ਨਾਲ ਕਿਸ ਤਰ੍ਹਾਂ ਦਾ ਸੰਬੰਧ ਹੈ? ਆਦਿ। ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਧਾਰਮਿਕ ਆਗੂਆਂ, ਤੱਤ-ਵੇਤਿਆਂ, ਦਾਰਸ਼ਨਿਕਾਂ ਤੇ ਵਿਚਾਰਵਾਨਾਂ ਦੁਆਰਾ ਸਮੇਂ-ਸਮੇਂ ਦਿੱਤੇ ਜਾਂਦੇ ਰਹੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਸ੍ਰਿਸ਼ਟੀ ਦਾ ਰਚਣਹਾਰ, ਸ੍ਰਿਸ਼ਟਾ ਜਾਂ ਕਰਤਾ ਅਕਾਲ ਪੁਰਖ ਆਪ ਹੈ। ‘ਸਿਧ ਗੋਸਟਿ’ ਵਿਚ ਸਿੱਧਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ੍ਰਿਸ਼ਟੀ ਰਚਨਾ ਤੋਂ ਪੂਰਵ-ਅਵਸਥਾ ਬਾਰੇ ਪ੍ਰਸ਼ਨ ਕੀਤਾ ਤਾਂ ਆਪ ਨੇ ਉੱਤਰ ਦਿੰਦਿਆਂ ਕਿਹਾ:
ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ॥ (ਪੰਨਾ 940)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰਿਸ਼ਟੀ ਰਚਨਾ ਤੋਂ ਪੂਰਬਲੀ ਅਵਸਥਾ ਦਾ ਵਿਸਥਾਰ ਸਹਿਤ ਵਰਣਨ ਮਿਲਦਾ ਹੈ ਜਦੋਂ ਧਰਤੀ, ਅਕਾਸ਼, ਚੰਦ, ਸੂਰਜ, ਦਿਨ, ਰਾਤ, ਹਵਾ, ਨਦੀਆਂ, ਸਮੁੰਦਰ, ਵੇਦ, ਸ਼ਾਸਤਰ, ਪੁਰਾਣ, ਕਤੇਬਾਂ, ਤੀਰਥ ਅਸਥਾਨ, ਜਾਤੀਆਂ, ਖਾਣੀਆਂ, ਬਾਣੀਆਂ, ਬ੍ਰਹਮਾ, ਵਿਸ਼ਨੂੰ, ਸ਼ਿਵ, ਇਸਤਰੀ, ਪੁਰਖ, ਆਦਿ ਕੁਝ ਵੀ ਨਹੀਂ ਸੀ। ਅਨੰਤ ਯੁੱਗਾਂ ਤਕ ਘੁੱਪ ਹਨੇਰਾ ਸੀ ਅਤੇ ਨਿਰੰਕਾਰ ਨਿਰਵਿਕਲਪ ਸੁੰਨ-ਸਮਾਧੀ ਵਿਚ ਅਸਥਿਤ ਸੀ:
ਕੇਤੜਿਆ ਜੁਗ ਧੁੰਧੂਕਾਰੈ॥
ਤਾੜੀ ਲਾਈ ਸਿਰਜਣਹਾਰੈ॥ (ਪੰਨਾ 1023)
ਕੇਤੜਿਆ ਦਿਨ ਸੁੰਨਿ ਸਮਾਇਆ॥ (ਪੰਨਾ 1081)
ਸਧਾਰਨ ਤੌਰ ’ਤੇ ਵਿਚਾਰਿਆਂ ਇਸ ਅਵਸਥਾ ਦਾ ਭਾਵ ‘ਕੁਝ ਵੀ ਨਹੀਂ’ ਦੀ ਹਾਲਤ ਜਾਪਦਾ ਹੈ ਪਰ ਗੁਰਮਤਿ ਦਰਸ਼ਨ ਦੀ ਤੱਤ-ਮੀਮਾਂਸਕ ਦ੍ਰਿਸ਼ਟੀ ਤੋਂ ‘ਸੁੰਨ’ ਦਾ ਅਰਥ ਅਣਹੋਂਦ ਨਹੀਂ ਮੰਨਿਆ ਗਿਆ। ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੀ ਅਵਸਥਾ ਵਿਚ ਅਕਾਲ ਪੁਰਖ ਨਿਰਗੁਣ (ਅਫੁਰ) ਸਰੂਪ ਵਿਚ ਵਰਤ ਰਿਹਾ ਸੀ। ਜਦੋਂ ਉਸ ਦੀ ਇੱਛਾ ਹੋਈ ਉਸ ਨੇ ਆਪਣੇ ਆਪ ਨੂੰ ਸਰਗੁਣ (ਫੁਰ) ਸਰੂਪ ਵਿਚ ਪ੍ਰਗਟ ਕਰ ਦਿੱਤਾ। ਗੁਰਬਾਣੀ ਅਨੁਸਾਰ ਇਸ ਸੁੰਨ ਤੋਂ ਹੀ ਅਨੇਕ ਭਾਂਤੀ ਸ੍ਰਿਸ਼ਟੀ ਦੀ ਰਚਨਾ ਹੋਈ ਮੰਨੀ ਗਈ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਇਸ ਸੁੰਨ ਵਿੱਚੋਂ ਉਪਜੀ ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ ਦਾ ਰਹੱਸ ਕੇਵਲ ਕਰਤਾ ਹੀ ਜਾਣਦਾ ਹੈ ਜਿਸ ਨੇ ਇਸ ਨੂੰ ਸਾਜਿਆ ਹੈ:
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਪੰਨਾ 4)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰਿਸ਼ਟੀ ਕਿਉਂ ਤੇ ਕਿਵੇਂ ਰਚੀ ਗਈ ਪ੍ਰਸ਼ਨ ਦੇ ਸਬੰਧ ਵਿਚ ਕਰਤਾ ਪੁਰਖ ਦੀ ਇੱਛਾ-ਸ਼ਕਤੀ ਦਾ ਸਿਧਾਂਤ ਦ੍ਰਿਸ਼ਟੀਗੋਚਰ ਹੁੰਦਾ ਹੈ। ਅਕਾਲ ਪੁਰਖ ਨੂੰ ਜਦੋਂ ਸ੍ਰਿਸ਼ਟੀ ਰਚਣ ਦੀ ਇੱਛਾ ਹੋਈ ਤਾਂ ਉਸ ਨੇ ਆਪਣੀ ਲੀਲ੍ਹਾ ਵੇਖਣ ਲਈ ਪੰਜਾਂ ਤੱਤਾਂ ਦਾ ਵਿਸਥਾਰ ਕਰ ਦਿੱਤਾ:
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ (ਪੰਨਾ 1036)
ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ॥ (ਪੰਨਾ 433)
ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਸ੍ਰਿਸ਼ਟੀ ਰਚਨਾ ਦਾ ਮਾਧਿਅਮ ਅਕਾਲ ਪੁਰਖ ਦਾ ‘ਹੁਕਮ’ ਹੈ ਜਿਸ ਦੇ ਪ੍ਰਭਾਵ ਦੇ ਅੰਤਰਗਤ ਸਾਰੀ ਸ੍ਰਿਸ਼ਟੀ ਹੈ:
ਏਕੋ ਹੁਕਮੁ ਵਰਤੈ ਸਭ ਲੋਈ॥
ਏਕਸੁ ਤੇ ਸਭ ਓਪਤਿ ਹੋਈ॥ (ਪੰਨਾ 223)
ਗੁਰਮਤਿ ਦਰਸ਼ਨ ਦੇ ਸੰਦਰਭ ਵਿਚ ਡਾ: ਨਿਰਭੈ ਸਿੰਘ ਨੇ ਸਾਰੇ ਦ੍ਰਿਸ਼ਟਮਾਨ ਪਸਾਰੇ ਦੇ ਮੂਲ ਕਾਰਨ ਨੂੰ ਦੈਵੀ ਡਾਈਨੈਮਿਕ ਸਿਧਾਂਤ ਦਾ ਨਾਂ ਦਿੱਤਾ ਹੈ18 ਜੋ ਸ੍ਰਿਸ਼ਟੀ ਰਚਨਾ ਤੋਂ ਪੂਰਵ-ਅਵਸਥਾ ਵਿਚ ਵੀ ਵਿਆਪਕ ਸੀ। ਜਪੁਜੀ ਸਾਹਿਬ ਵਿਚ ਸਾਮੀ ਧਰਮ ਪਰੰਪਰਾ ਵਿਚ ਸ੍ਰਿਸ਼ਟੀ ਰਚਨਾ ਸੰਬੰਧੀ ਵਿਚਾਰ ‘ਕੁਨ’ (ਹੋ ਜਾ) ਨੂੰ ‘ਕੀਤਾ ਪਸਾਓ ਏਕੋ ਕਵਾਓ’ ਸ਼ਬਦਾਂ ਦੁਆਰਾ ਪ੍ਰਸਤੁਤ ਕੀਤਾ ਹੈ। ਸ. ਸ਼ੇਰ ਸਿੰਘ ਦਾ ਵਿਚਾਰ ਹੈ ਕਿ “ਗੁਰਮਤਿ ਦੇ ਸ੍ਰਿਸ਼ਟੀ ਰਚਨਾ ਦੇ ਸੰਕਲਪ ਵਿਚ ਤਰਕਸ਼ੀਲਤਾ ਹੈ ਇਸ ਲਈ ‘ਕੀਤਾ ਪਸਾਓ’ ਦਾ ਭਾਵ ਇਹ ਨਹੀਂ ਹੈ ਕਿ ਸ੍ਰਿਸ਼ਟੀ ਅਚਨਚੇਤ ਹੀ ਅਣਹੋਂਦ ਤੋਂ ਹੋਂਦ ਵਿਚ ਆ ਗਈ। ਪਸਾਓ ਦਾ ਧਾਤੂ ਹੈ: ਪਸਰਨਾ, ਫੈਲਣਾ, ਵਧਣਾ ਫੁਲਣਾ। ਇਸ ਦਾ ਭਾਵ ਐਵੋਲਿਊਸ਼ਨ ਤੋਂ ਹੈ।”18 ਗੁਰਬਾਣੀ ਵਿਚ ਆਇਆ ਹੈ- ਰਚਨਾ ਰਾਚਿ ਰਹੇ ਨਿਰੰਕਾਰੀ (ਪੰਨਾ 1107) ਭਾਵ ਸ੍ਰਿਸ਼ਟੀ ਰਚਨਾ ਦਾ ਕਾਰਜ ਅਕਾਲ ਪੁਰਖ ਦੁਆਰਾ ਨਿਰੰਤਰ ਜਾਰੀ ਹੈ।
ਗੁਰਮਤਿ ਅਨੁਸਾਰ ਅਕਾਲ ਪੁਰਖ ਜਿੱਥੇ ਸ੍ਰਿਸ਼ਟੀ ਦਾ ਇੱਕੋ ਇੱਕ ਸਿਰਜਣਹਾਰ ਹੈ, ਉੱਥੇ ਉਹ ਇਸ ਦਾ ਸਮੁੱਚਾ ਸੰਚਾਲਨ ਵੀ ਆਪਣੇ ਦੈਵੀ ਵਿਧਾਨ ਦੁਆਰਾ ਵਿਵਸਥਿਤ ਰੂਪ ਵਿਚ ਕਰ ਰਿਹਾ ਹੈ ਅਤੇ ਜਦੋਂ ਉਸ ਨੂੰ ਭਾਉਂਦਾ ਹੈ ਇਸ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ। ਗੁਰਵਾਕ ਹਨ:
ਆਪਿ ਉਪਾਏ ਮੇਦਨੀ ਆਪੇ ਕਰਦਾ ਸਾਰ॥ (ਪੰਨਾ 1288)
ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ॥ (ਪੰਨਾ 433)
ਇਸ ਤਰ੍ਹਾਂ ਸ੍ਰਿਸ਼ਟੀ ਦੀ ਸਿਰਜਣਾ, ਸੰਚਾਲਨ ਤੇ ਅੰਤ ਕਰਨ ਦੀ ਸੰਪੂਰਨ ਪ੍ਰਕਿਰਿਆ ਅਕਾਲ ਪੁਰਖ ਦੇ ਹੁਕਮ ਅਧੀਨ ਚੱਲ ਰਹੀ ਹੈ। ਸਿੱਖ ਚਿੰਤਨ ਦੇ ਤੱਤ-ਮੀਮਾਂਸਕ ਪਹਿਲੂ ਤੋਂ ਵਿਚਾਰਿਆਂ ਇਹ ਸ੍ਰਿਸ਼ਟੀ ਇਕਾਈਆਂ ਤੇ ਅੰਤਰ- ਸੰਬੰਧਾਂ ਦੀ ਵਿਵਸਥਾ ਹੈ। “ਸਿੱਖ ਧਰਮ ‘ਇਕ ਧਾਤ’ ਭਾਵ ਤੱਤ ਦੀ ਸੰਪੂਰਨ, ਇਕ-ਸੁਰ ਨਿਰੰਤਰਤਾ ਦੇ ਸੰਕਲਪ ਨੂੰ ਪ੍ਰਵਾਨ ਕਰਦਾ ਹੈ ਅਤੇ ਅੰਤਰ-ਸੰਬੰਧ ਰਚਨਾਤਮਿਕ ਦੈਵੀ ਸਿਧਾਂਤ ਦੇ ਅੰਤਰਗਤ ਮੰਨੇ ਗਏ ਹਨ।”19
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰਿਸ਼ਟੀ ਦੇ ਸਰੂਪ ਦਾ ਨਿਰਣਾ ਕਰਦਿਆਂ ਇਸ ਨੂੰ ਸਤਿ ਅਤੇ ਅਸਤਿ ਦੋਵੇਂ ਆਖਿਆ ਗਿਆ ਹੈ। ਸ੍ਰਿਸ਼ਟੀ ਅਤੇ ਅਕਾਲ ਪੁਰਖ ਵਿਚ ਏਕਾਤਮਕ ਸੰਬੰਧ ਦੇ ਪੱਖ ਤੋਂ ਰਚਨਾ ਸਤਿ ਜਾਪਦੀ ਹੈ ਪਰ ਜੇ ਸ੍ਰਿਸ਼ਟੀ ਨੂੰ ਸ੍ਰਿਸ਼ਟੀ ਦੇ ਤੌਰ ’ਤੇ ਵੇਖਿਆ ਜਾਵੇ ਤਾਂ ਅਸਤਿ ਭਾਸਦੀ ਹੈ। ਇਸ ਜਗਤ ਦਾ ਮੂਲਾਧਾਰ ਤੱਤ ਪਰਮਾਤਮਾ ਕਿਉਂਕਿ ਸੱਚਾ ਹੈ ਅਤੇ ਚੇਤਨ ਰੂਪ ਹੋ ਕੇ ਆਪਣੀ ਰਚਨਾ ਵਿਚ ਸਮਾਇਆ ਹੋਇਆ ਹੈ। ਗੁਰਬਾਣੀ ਅਨੁਸਾਰ ਸ੍ਰਿਸ਼ਟੀ ਵਿਚ ਪਰਮਾਤਮਾ ਦਾ ਵਾਸਾ ਹੈ ਅਤੇ ਸੱਚੇ ਦੁਆਰਾ ਰਚੇ ਗਏ ਖੰਡ, ਬ੍ਰਹਿਮੰਡ, ਲੋਕ, ਆਕਾਰ, ਕੁਦਰਤਿ ਆਦਿ ਸਭ ਸੱਚੇ ਹਨ। ਗੁਰ ਫ਼ੁਰਮਾਣ ਹੈ:
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ (ਪੰਨਾ 463)
ਸਚੇ ਤੇਰੇ ਖੰਡ ਸਚੇ ਬ੍ਰਹਿਮੰਡ॥
ਸਚੇ ਤੇਰੇ ਲੋਅ ਸਚੇ ਆਕਾਰ॥ (ਪੰਨਾ 463)
ਸ੍ਰਿਸ਼ਟੀ ਰਚਨਾ ਉਸੇ ਦਾ ਹੀ ਦ੍ਰਿਸ਼ਟਮਾਨ ਰੂਪ ਹੈ ਇਸ ਲਈ ਇਹ ਸੱਤਿ ਹੈ ਪਰ ਸ੍ਰਿਸ਼ਟੀ ਦੀ ਸਤਿਅਤਾ ਵਿਹਾਰਿਕ (relevant) ਹੈ ਅਕਾਲ ਪੁਰਖ ਵਾਂਗ ਪਰਮਾਰਥਿਕ ਨਹੀਂ। ਪਰਮਾਰਥਿਕ ਸਤਿ ਤਾਂ ਕੇਵਲ ਅਕਾਲ ਪੁਰਖ ਹੈ ਜੋ ਅਬਿਨਾਸ਼ੀ, ਅਚੱਲ, ਅਪਰਿਵਰਤਨਸ਼ੀਲ ਅਤੇ ਸਦਾ ਸਥਿਰ ਹੈ। ਪਰ ਗੁਰਮਤਿ ਦਰਸ਼ਨ ਅਨੁਸਾਰ ਮਨੁੱਖ ਲਈ ਸ੍ਰਿਸ਼ਟੀ ਦੀ ਹੋਂਦ ਜ਼ਰੂਰੀ ਹੈ। ਇਸ ਨੂੰ ਸੰਬੰਧਿਤ ਅਰਥਾਂ ਵਿਚ ਸਤਿ ਸਮਝ ਕੇ ਇਸ ਵਿਚ ਜੀਵਨ ਬਤੀਤ ਕਰਨਾ ਹੈ। ਸ੍ਰਿਸ਼ਟੀ ਦੇ ਸਿਰਜਣਹਾਰ ਨਾਲ ਸੰਬੰਧ ਦੇ ਵਿਸ਼ੇ ਵਿਚ ਗੁਰਬਾਣੀ ਵਿਚ ਸਪਸ਼ਟ ਉਲੇਖ ਹੈ ਕਿ ਸ੍ਰਿਸ਼ਟੀ ਰਚਨਾ ਦਾ ਪ੍ਰਯੋਜਨ ਗੁਰਮੁਖ ਪੈਦਾ ਕਰਨਾ ਹੈ।‘ਗੁਰਮੁਖਿ ਧਰਤੀ ਸਾਚੇ ਸਾਜੀ’ ਭਾਵ ਗੁਰਮੁਖ ਪੈਦਾ ਕਰਨ ਲਈ ਅਕਾਲ ਪੁਰਖ ਨੇ ਧਰਤੀ ਸਾਜੀ ਹੈ। ਇਸ ਵਿਚ ਜੀਵ ਆਤਮਾ ਨੇ ਜਨਮ-ਮਰਨ ਦੀ ਪ੍ਰਕਿਰਿਆ ਦੁਆਰਾ ਵਿਕਾਸ ਕਰਕੇ ‘ਸਚਿਆਰ’ ਬਣਨਾ ਹੈ। ਇਕ ਹੋਰ ਥਾਂ ਤੋਂ ਇਸ ਤੱਥ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਸ੍ਰਿਸ਼ਟੀ ਸਾਜਣ ਦਾ ਮੰਤਵ ਮਨੁੱਖੀ ਆਤਮਾ ਦਾ ਵਿਕਾਸ ਕਰਕੇ ਪਰਮ ਮਨੁੱਖ (ਸੰਤ) ਦੀ ਪਦਵੀ ਤਕ ਪੁੱਜਣਾ ਹੈ:
ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ॥ (ਪੰਨਾ 224)
ਗੁਰਬਾਣੀ ਨੂੰ ਤੱਤ-ਮੀਮਾਂਸਕ ਦ੍ਰਿਸ਼ਟੀ ਤੋਂ ਵਿਚਾਰਿਆਂ ਅਕਾਲ ਪੁਰਖ, ਸ੍ਰਿਸ਼ਟੀ ਅਤੇ ਜੀਵ ਆਤਮਾ ਦਾ ਅੰਤਰ-ਸੰਬੰਧ ਉਜਾਗਰ ਹੁੰਦਾ ਹੈ।
ਜੀਵ ਆਤਮਾ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਧਰਮ ਨਾਲ ਸੰਬੰਧਿਤ ਤੀਜਾ ਤੱਤ-ਮੀਮਾਂਸਕ ਸੰਕਲਪ ਜੀਵ ਆਤਮਾ ਹੈ। ਇਸ ਦਾ ਸੰਯੁਕਤ ਰੂਪ ‘ਜੀਵਾਤਮਾ’ ਹੈ ਜਿਸ ਦੇ ਅਰਥ ਮਹਾਨ ਕੋਸ਼ ਵਿਚ ਦੇਹ ਨੂੰ ਚੇਤਨ-ਸੱਤਾ ਦੇਣ ਵਾਲਾ ਆਤਮਾ, ਰੂਹ21 ਆਦਿ ਦਿੱਤੇ ਹਨ ਜੋ ਕਾਲ ਦੇ ਪ੍ਰਭਾਵ ਤੋਂ ਮੁਕਤ ਹੈ। ਗੁਰਬਾਣੀ ਵਿਚ ਜੀਵ- ਆਤਮਾ ਦੇ ਅਰਥ-ਬੋਧਕ ਸ਼ਬਦ- ‘ਆਤਮਾ’, ‘ਜੀਉ’, ‘ਹੰਸ’, ‘ਆਪਾ’, ‘ਪ੍ਰਾਣ’, ਆਦਿ ਆਏ ਹਨ।
ਗੁਰਮਤਿ ਫ਼ਿਲਾਸਫ਼ੀ ਅਨੁਸਾਰ ਜੀਵ-ਆਤਮਾ ਪਰਮਾਤਮਾ ਦੀ ਅੰਸ਼ ਹੈ ਜੋ ਮਨੁੱਖੀ ਸਰੀਰ ਵਿਚ ਸਥਿਤ ਚੇਤੰਨ ਆਪਾ ਹੈ ਜਿਸ ਤੋਂ ਮੈਂ, ਮੇਰੀ ਦਾ ਬੋਧ ਹੁੰਦਾ ਹੈ। ਜੀਵ ਆਤਮਾ ਉਸ ਜੋਤਿ ਸਰੂਪ ਪਰਮਾਤਮਾ ਦੀ ਅੰਸ਼ ਹੈ ਜਿਸ ਦੇ ਪ੍ਰਕਾਸ਼ ਨਾਲ ਜੜ੍ਹ ਅਤੇ ਚੇਤਨ ਪ੍ਰਕਾਸ਼ਿਤ ਹੋ ਰਿਹਾ ਹੈ।ਇਸ ਨੂੰ ਜੀਵ ਦਾ ਅਸਲੀ ਆਪਾ (self or I-element) ਆਖਿਆ ਗਿਆ ਹੈ ਜਿਸ ਦੇ ਮਨੁੱਖੀ ਸਰੀਰ ਵਿਚ ਪ੍ਰਵੇਸ਼ ਕਰਨ ਨਾਲ ਹੀ ਜੀਵਨ-ਰੌਂਅ ਚੱਲਦੀ ਹੈ। ਗੁਰਵਾਕ ਹੈ:
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥ (ਪੰਨਾ 921)
ਹਉਮੈ ਤੇ ਅਗਿਆਨ ਕਾਰਨ ਜੀਵ-ਆਤਮਾ ਆਪਣੇ ਆਪ ਨੂੰ ਪਰਮਸਤਿ ਅਕਾਲ ਪੁਰਖ ਨਾਲੋਂ ਭਿੰਨ ਪ੍ਰਤੀਤ ਕਰਦੀ ਹੈ। ਡਾ. ਜਗਬੀਰ ਸਿੰਘ ਅਨੁਸਾਰ ‘ਹਉਮੈ ਨੂੰ ਆਤਮਾ ਦੇ ਸ਼ੁੱਧ ਰੂਪ ਦਾ ਵਿਕਾਰੀ ਰੂਪ ਵੀ ਮੰਨਿਆ ਜਾ ਸਕਦਾ ਹੈ ਜਿਸ ਦੇ ਪ੍ਰਭਾਵ ਕਾਰਨ ਮਨੁੱਖ ਆਪਣੇ ਆਪ ਨੂੰ ਪਰਮ-ਸੱਤਾ ਨਾਲੋਂ ਅੱਡਰਾ ਸਮਝਣ ਦੇ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ ਹੈ ਜੋ ਵੇਦਾਂਤਕ ਸ਼ਬਦਾਵਲੀ ਵਿਚ ਜੀਵ ਦੀ ਅਗਿਆਨ ਅਵਸਥਾ ਦਾ ਪਰਿਚਾਇਕ ਹੈ।”20 ਸ. ਸ਼ੇਰ ਸਿੰਘ ਦੇ ਸ਼ਬਦਾਂ ਵਿਚ “ਇਸ ਮਾਇਆ ਅਵਿੱਦਿਆ ਦੇ ਅਸਰ ਹੇਠ ਜੀਵਾਤਮਾ ਪਰਮਾਤਮਾ ਤੋਂ ਭਿੰਨ ਰਹਿੰਦੀ ਹੈ ਤੇ ਭਿੰਨ ਪ੍ਰਤੀਤ ਭੀ ਕਰਦੀ ਹੈ। ਮਾਇਆ ਇਕ ਪਦਾਰਥਕ ਉਪਾਧੀ ਹੈ ਤੇ ਅਵਿੱਦਿਆ ਇਕ ਮਾਨਸਿਕ ਉਪਾਧੀ, ਪਰ ਦੋਵੇਂ ਹੀ ਹਉਮੈ, ਜੋ ਮੂਲ ਉਪਾਧੀ ਹੈ, ਦੀ ਉਪਜ ਹਨ।” 21 ਗੁਰਬਾਣੀ ਵਿਚ ਨਿਸ਼ਚਾ ਕਰਵਾਇਆ ਗਿਆ ਹੈ ਕਿ ਹਉਮੈ ਦਾ ਤਿਆਗ ਕਰਨ ਅਤੇ ਦੁਬਿਧਾ ਦੂਰ ਕਰਨ ਨਾਲ ਆਤਮਾ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰ ਲੈਂਦੀ ਹੈ:
ਹਉ ਹਉ ਮੈ ਮੈ ਵਿਚਹੁ ਖੋਵੈ॥
ਦੂਜਾ ਮੇਟੈ ਏਕੋ ਹੋਵੈ॥ (ਪੰਨਾ 943)
ਆਤਮਾ ਪਰਾਤਮਾ ਏਕੋ ਕਰੈ॥
ਅੰਤਰ ਕੀ ਦੁਬਿਧਾ ਅੰਤਰਿ ਮਰੈ॥ (ਪੰਨਾ 661)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜੀਵ ਨੂੰ ‘ਕਵਨ ਕਾਜ ਸਿਰਜੇ ਜਗ ਭੀਤਰਿ…॥’ (ਪੰਨਾ 970) ਪ੍ਰਸ਼ਨ ਦੁਆਰਾ ਉਸ ਦੇ ਸੰਸਾਰ ਵਿਚ ਆਉਣ ਦੇ ਮਨੋਰਥ ਪ੍ਰਤੀ ਚੇਤੰਨ ਕੀਤਾ ਗਿਆ ਹੈ ਅਤੇ ਮਨੁੱਖੀ ਮਨ ਨੂੰ ਸੰਬੋਧਨ ਕਰਦਿਆਂ ਉਸ ਨੂੰ ਆਪਣੇ ਮੂਲ ਬਾਰੇ ਜਾਣਨ ਦੀ ਪ੍ਰੇਰਨਾ ਦਿੱਤੀ ਗਈ ਹੈ:
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਪੰਨਾ 441)
ਪਰਮਾਤਮਾ ਜੋਤਿ ਰੂਪ ਵਿਚ ਮਨੁੱਖ ਦੇ ਹਿਰਦੇ ਅੰਦਰ ਨਿਵਾਸ ਕਰਦਾ ਹੇੈ। ਜੀਵ ਨੇ ਗੁਰੂ ਦੀ ਸਿੱਖਿਆ ਦੁਆਰਾ ਇਸ ਅੰਤਰ-ਆਤਮੇ ਵੱਸਦੀ ਪਰਮਾਤਮਾ ਦੀ ਜੋਤਿ ਨੂੰ ਪਛਾਣ ਕੇ ਉਸ ਦੇ ਕਣ-ਕਣ ਵਿਚ ਵੱਸਦੇ ਹੋਣ ਦਾ ਅਨੁਭਵ ਕਰਨਾ ਹੈ ਅਤੇ ਉਸ ਨਾਲ ਅਭੇਦ ਹੋਣਾ ਹੈ। ਇਸ ਸਰੀਰ ਰੂਪੀ ਮੰਦਿਰ ਵਿਚ ਹੀ ਪਰਮਾਤਮਾ ਦਾ ਵਾਸਾ ਹੈ:
ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥ (ਪੰਨਾ 1256)
ਮਨੁੱਖੀ ਜੀਵਨ ਦਾ ਉਦੇਸ਼ ‘ਜੋਤਿ ਸਰੂਪ’ ਮੂਲ-ਤੱਤ ਨੂੰ ਪਛਾਣ ਕੇ, ਇਸ ਸਰੀਰ ਵਿਚ ਰਹਿੰਦੇ ਹੋਏ ਹੀ, ਪਰਮਾਤਮਾ ਨਾਲ ਇਕਮਿਕਤਾ ਪ੍ਰਾਪਤ ਕਰਨੀ ਹੈ। ਗੁਰਬਾਣੀ ਵਿਚ ਮਨੁੱਖੀ ਸਰੀਰ ਦਾ ਮਹੱਤਵ ਵੀ ਉਜਾਗਰ ਹੋਇਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੂਲ-ਪਛਾਣ ਜਾਂ ਆਤਮ-ਪਛਾਣ ਦੇ ਆਦਰਸ਼ ਬਾਰੇ ਦੱਸ ਕੇ ਇਹ ਵੀ ਦ੍ਰਿੜ੍ਹ ਕਰਵਾਇਆ ਹੈ ਕਿ ਇਸ ਦੀ ਪੂਰਤੀ ਲਈ ਵਰਤਮਾਨ ਮਨੁੱਖਾ-ਜੀਵਨ ਹੀ ਸਾਰਥਿਕ ਮੌਕਾ ਹੈ:
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਅਵਰਿ ਕਾਜ ਤੇਰੈ ਕਿਤੈ ਨ ਕਾਮ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ (ਪੰਨਾ 12)
ਗੁਰਬਾਣੀ ਦੇ ਉਪਰੋਕਤ ਕਥਨ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਤਿਸੰਗਤ ਵਿਚ ਜਾ ਕੇ ਨਾਮ ਜਪਣ ਨੂੰ ਜੀਵਨ ਦੇ ਉਦੇਸ਼ ਦੀ ਪੂਰਤੀ ਲਈ ਸਰਬੋਤਮ ਸਾਧਨ ਪ੍ਰਵਾਨ ਕੀਤਾ ਗਿਆ ਹੈ। ਗੁਰਬਾਣੀ ਦੇ ਕਥਨ- ‘ਆਪਿ ਜਪੈ ਅਵਰਹ ਨਾਮੁ ਜਪਾਵੈ॥’ (ਪੰਨਾ 1206) ਅਨੁਸਾਰ ਗੁਰਸਿੱਖ ਨੇ ਆਪ ਨਾਮ ਜਪਣਾ ਹੈ ਤੇ ਹੋਰਾਂ ਨੂੰ ਵੀ ਜਪਾਉਣਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ ਕਿ ਅਜਿਹੇ ਮਨੁੱਖ ਆਪ ਵੀ ਮੁਕਤੀ ਦਾ ਦਰ ਪ੍ਰਾਪਤ ਕਰਦੇ ਹਨ ਅਤੇ ਆਪਣੇ ਪਰਵਾਰ ਦਾ ਵੀ ਨਿਸਤਾਰਾ ਕਰ ਲੈਂਦੇ ਹਨ। ਇਤਨਾ ਹੀ ਨਹੀਂ ਅਜਿਹੇ ਜੀਵਨ ਮੁਕਤਿ ਆਪ ਤਰ ਗਏ ਹਨ ਤੇ ਉਨ੍ਹਾਂ ਨੇ ਅਨੇਕਾਂ ਹੋਰ ਜੀਵਾਂ ਨੂੰ ਵੀ ਤਾਰ ਦਿੱਤਾ ਹੈ। ਗੁਰਵਾਕ ਹਨ:
ਮੰਨੈ ਪਾਵਹਿ ਮੋਖੁ ਦੁਆਰੁ॥
ਮੰਨੈ ਪਰਵਾਰੇ ਸਾਧਾਰੁ॥
ਮੰਨੈ ਤਰੈ ਤਾਰੈ ਗੁਰੁ ਸਿਖ॥ (ਪੰਨਾ 3)
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ (ਪੰਨਾ 8)
ਗੁਰਬਾਣੀ ਦੇ ਆਧਾਰ ’ਤੇ ਇਹ ਸਪਸ਼ਟ ਹੋਇਆ ਹੈ ਕਿ ਇਸ ਸਰਬਉੱਚ ਅਵਸਥਾ, ਜਿਸ ਨੂੰ ਦਾਰਸ਼ਨਿਕਾਂ ਨੇ ਜੀਵਨ ਮੁਕਤੀ ਕਿਹਾ ਹੈ, ’ਤੇ ਪਹੁੰਚਿਆ ਮਨੁੱਖ ਪਹਾੜਾਂ ਦੀਆਂ ਕੰਦਰਾਂ, ਗੁਫ਼ਾਵਾਂ ਤੇ ਜੰਗਲਾਂ-ਬੀਆਬਾਨਾਂ ਵਿਚ ਜਾ ਕੇ ਸਮਾਧੀ ਸਥਿਤ ਨਹੀਂ ਹੁੰਦਾ ਸਗੋਂ ਸੱਚ ਦੀ ਪ੍ਰਾਪਤੀ ਉਸ ਅੰਦਰ ਪਰਉਪਕਾਰ ਲਈ ਉਮਾਹ ਪੈਦਾ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜੀਵਨ ਮੁਕਤੀ ਦਾ ਸੰਕਲਪ ਵੀ ਭਾਰਤੀ ਤੇ ਸਾਮੀ ਧਰਮਾਂ ਨਾਲੋਂ ਨਿਵੇਕਲਾ ਹੈ ਕਿਉਂਕਿ ਇਹ ਅਵਸਥਾ ਮੌਤ ਤੋਂ ਬਾਅਦ ਦੀ ਨਹੀਂ ਹੈ ਤੇ ਨਾ ਹੀ ਨਿੱਜੀ ਪ੍ਰਾਪਤੀ ਹੈ ਸਗੋਂ ਇਸੇ ਜੀਵਨ ਵਿਚ ਤੇ ਸਮੂਹਿਕ ਹੈ।
ਲੇਖਕ ਬਾਰੇ
ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/December 1, 2007
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/April 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/May 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/June 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/July 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/September 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/October 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/February 1, 2009