ਪਰਿਵਰਤਨਸ਼ੀਲਤਾ ਸਮਾਜ ਦਾ ਇਕ ਜ਼ਰੂਰੀ ਤੱਤ ਹੈ। ਆਦਿ ਕਾਲ ਤੋਂ ਸਾਰੇ ਸਮਾਜਾਂ ਵਿਚ ਕੁਝ ਨਾ ਕੁਝ ਪਰਿਵਰਤਨ ਹੁੰਦੇ ਰਹੇ ਹਨ ਪਰ ਸਮਾਜਿਕ ਪਰਿਵਰਤਨ ਅਤੇ ਉਸ ਦੇ ਅਧਿਐਨ ਵਿਚ ਜਿਤਨੀ ਰੁਚੀ ਵਰਤਮਾਨ ਸਮੇਂ ਵਿਚ ਦਿਖਾਈ ਦਿੰਦੀ ਹੈ ਉਨੀ ਪਹਿਲਾਂ ਕਦੇ ਨਹੀਂ ਦਿਖਾਈ ਦਿੱਤੀ। ਅਨੇਕਾਂ ਲੋਕ ਪੱਛਮੀਕਰਨ ਨੂੰ ਹੀ ਆਧੁਨਿਕੀਕਰਨ ਮੰਨਦੇ ਹੋਏ ਦੋਨਾਂ ਨੂੰ ਇਕ ਹੀ ਪ੍ਰਕ੍ਰਿਆ ਦੇ ਨਾਮ ਮੰਨ ਲੈਂਦੇ ਹਨ। ਪਰ ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਮਾਨਤਾ ਉਚਿਤ ਨਹੀਂ। ਇਹ ਵੀ ਜ਼ਰੂਰੀ ਨਹੀਂ ਕਿ ਆਧੁਨਿਕੀਕਰਨ ਦੇ ਅੰਤਰਗਤ ਆਉਣ ਵਾਲੇ ਪਰਿਵਰਤਨ ਪੱਛਮੀ ਸੰਸਕ੍ਰਿਤੀ ਦੇ ਪ੍ਰਭਾਵ ਤੋਂ ਹੀ ਪੈਦਾ ਹੋਏ ਹੋਣ। ਪੱਛਮੀ ਕੌਮਾਂ ਤਾਂ ਖੁਦ ਇਕ ਦੂਸਰੇ ਨਾਲ ਈਰਖਾ ਕਰਦੀਆਂ ਹੋਈਆਂ ਇਕ ਦੂਸਰੇ ਦੀ ਸੰਸਕ੍ਰਿਤੀ ਅਪਣਾਉਣੀ ਹੱਤਕ ਮੰਨਦੀਆਂ ਹਨ। ਪਰ ਅਸੀਂ ਪੱਛਮੀਕਰਨ ਜਾਂ ਕਥਿਤ ਆਧੁਨਿਕੀਕਰਨ ਦੀ ਹੋੜ ਵਿਚ ਆਪਣੀਆਂ ਕਦਰਾਂ-ਕੀਮਤਾਂ, ਆਪਣੀ ਸੰਸਕ੍ਰਿਤੀ ਅਤੇ ਆਪਣੇ ਗੌਰਵਸ਼ਾਲੀ ਵਿਰਸੇ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ। ਪੱਛਮੀ ਦੇਸ਼ਾਂ ਤੋਂ ਆਏ ਲੋਕ ਕਈ ਵਾਰ ਇਹ ਵੇਖ ਕੇ ਹੈਰਾਨ ਹੁੰਦੇ ਹਨ ਕਿ ਅਸੀਂ ਉਨ੍ਹਾਂ ਦੇਸ਼ਾਂ ਦੀ ਇਸ਼ਤਿਹਾਰਬਾਜ਼ੀ ਤੋਂ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਕਈ ਵਾਰ ਉਨ੍ਹਾਂ ਤੋਂ ਸਿੱਖੀਆਂ ਆਦਤਾਂ ਵਿਚ ਉਨ੍ਹਾਂ ਤੋਂ ਵੀ ਅੱਗੇ ਲੰਘ ਜਾਂਦੇ ਹਾਂ, ਜਿਵੇਂ ਸ਼ਰਾਬ, ਸਿਗਰਟ, ਚਾਹ ਆਦਿ ਦੀ ਆਦਤ। ਨਿਰਸੰਦੇਹ ਆਧੁਨਿਕੀਕਰਨ ਦੇ ਇਸ ਦੌਰ ਵਿਚ ਸਾਨੂੰ ਪੱਛਮੀ ਸਭਿਅਤਾ ਵਿੱਚੋਂ ਕੇਵਲ ਚੰਗੇ ਤੱਤਾਂ ਨੂੰ ਹੀ ਅਪਣਾਉਣਾ ਚਾਹੀਦਾ ਹੈ। ਪਰ ਜਿਸ ਗੱਲ ਵੱਲ ਖ਼ਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਉਹ ਇਹ ਹੈ ਕਿ ਚੰਗਾ ਕੀ ਹੈ? ਅਤੇ ਕੀ ਸਾਡੇ ਆਪਣੇ ਵਿਰਸੇ ਵਿੱਚੋਂ ਵੀ ਕੁਝ ਚੰਗਾ ਭਾਲਿਆ ਜਾ ਸਕਦਾ ਹੈ?
ਆਪਣੇ ਵਿਰਸੇ ਵਿੱਚੋਂ ਕੁੱਝ ਚੰਗੇ ਨੂੰ ਯਾਦ ਦੁਆਉਣ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ‘ਸੁਚੱਜੀ ਨਾਰ’ ਦੇ ਸੰਕਲਪ ਨੂੰ ਆਪ ਦੇ ਸਾਹਮਣੇ ਪੇਸ਼ ਕਰਨਾ ਚਾਹਾਂਗੀ, ਜਿਸ ਨੂੰ ਇਕ ਵਾਰ ਫਿਰ ਧਿਆਨ ਹਿਤ ਲਿਆਉਣ ਦੀ ਹੀ ਨਹੀਂ, ਉਸ ਦੇ ਗੁਣਾਂ ਨੂੰ ਅਪਣਾਉਣ ਦੀ ਵੀ ਲੋੜ ਹੈ ਤਾਂ ਜੋ ਸਮਾਜ ਵਿਚ ਆ ਰਹੀ ਗਿਰਾਵਟ ਨੂੰ ਰੋਕਿਆ ਜਾ ਸਕੇ ਅਤੇ ਉਸ ਤਰ੍ਹਾਂ ਦਾ ਨਰੋਆ ਸਮਾਜ ਹੋਂਦ ਵਿਚ ਲਿਆਂਦਾ ਜਾ ਸਕੇ ਜਿਸ ਦੀ ਕਲਪਨਾ ਸਾਡੇ ਗੁਰਾਂ ਨੇ ਕੀਤੀ ਸੀ ਜਾਂ ਜੋ ਸਾਡੇ ਵਾਤਾਵਰਨ ਅਤੇ ਹਾਲਾਤ ਨੂੰ ਵਧੇਰੇ ਢੁੱਕਦਾ ਹੈ।
ਸਾਡੀਆਂ ਬੱਚੀਆਂ, ਭੈਣਾਂ ਦੇ ਮਨਾਂ ਵਿਚ ਇਹ ਪ੍ਰਸ਼ਨ ਉੱਠ ਸਕਦਾ ਹੈ ਕਿ ਗੁਰਬਾਣੀ ਵਿਚ ਨਰੋਏ ਸਮਾਜ ਦੀ ਸਿਰਜਨਾ ਲਈ ਨਾਰ ਨੂੰ ਵੀ ਸਚਿਆਰ ਬਣਨ ਦਾ ਉਪਦੇਸ਼ ਕਿਉਂ ਹੈ? ਇਸ ਦਾ ਉੱਤਰ ਇਹ ਹੈ ਕਿ ਬੱਚੇ ਦੀ ਪਹਿਲੀ ਪਾਠਸ਼ਾਲਾ ਉਸ ਦਾ ਘਰ ਹੁੰਦਾ ਹੈ ਅਤੇ ਪਹਿਲੀ ਅਧਿਆਪਕਾ ਉਸ ਦੀ ਮਾਂ। ਬੱਚਾ ਜ਼ਿੰਦਗੀ ਦੇ ਮੁੱਢ ਵਿਚ ਕਦਰਾਂ-ਕੀਮਤਾਂ ਘਰੋਂ ਹੀ ਸਿੱਖਦਾ ਹੈ ਅਤੇ ਇਸ ਉਮਰ ਵਿਚ ਜੋ ਆਦਰਸ਼ ਬੱਚੇ ਦੇ ਮਨ ਵਿਚ ਘਰ ਕਰ ਜਾਂਦੇ ਹਨ ਫਿਰ ਉਨ੍ਹਾਂ ਨੂੰ ਬਦਲਣਾ ਨਾਮੁਮਕਿਨ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੋ ਜਾਂਦਾ ਹੈ। ਇਸ ਲਈ ਜਿਸ ਤਰ੍ਹਾਂ ਦਾ ਬੱਚਾ ਬਣ ਜਾਂਦਾ ਹੈ, ਉਸ ਨੂੰ ਉਹੋ ਜਿਹਾ ਬਣਾਉਣ ਵਿਚ ਬਹੁਤਾ ਯੋਗਦਾਨ ਮਾਂ ਦਾ ਹੀ ਹੁੰਦਾ ਹੈ। ਜੇ ਮਾਂ ਚੰਗੀ, ਸੁਘੜ, ਸਿਆਣੀ ਹੋਵੇਗੀ ਤਾਂ ਚੰਗੇ ਬੱਚੇ, ਚੰਗਾ ਪਰਵਾਰ ਅਤੇ ਚੰਗਾ ਸਮਾਜ ਹੋਂਦ ਵਿਚ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।
ਇਸਤਰੀ ਦੀ ਚੰਗਿਆਈ ਦੀ ਅਹਿਮੀਅਤ ਇਸ ਲਈ ਵੀ ਹੈ ਕਿਉਂਕਿ ਕਿਸੇ ਵੀ ਸਮਾਜ ਦੀ ਉੱਨਤੀ ਇਸਤਰੀ ਅਤੇ ਮਰਦ ਦੋਹਾਂ ’ਤੇ ਨਿਰਭਰ ਕਰਦੀ ਹੈ। ਉਹ ਦੋਵੇਂ ਸਮਾਜ ਰੂਪੀ ਗੱਡੀ ਦੇ ਦੋ ਸਮਾਨ ਪਹੀਏ ਹਨ। ਗੱਡੀ ਨੂੰ ਵੀ ਚੰਗੀ ਤਰ੍ਹਾਂ ਚਲਾਉਣ ਲਈ ਇਹ ਜ਼ਰੂਰੀ ਹੈ ਕਿ ਦੋਵੇਂ ਨਾਲੋ-ਨਾਲ ਚੱਲਣ। ਜੇ ਗੱਡੀ ਦਾ ਇਕ ਪਹੀਆ ਅੱਗੇ ਨਿਕਲ ਜਾਵੇ ਅਤੇ ਦੂਜਾ ਪਿੱਛੇ ਰਹਿ ਜਾਵੇ ਤਾਂ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਅੱਗੇ ਸਫ਼ਲਤਾ ਪੂਰਵਕ ਨਹੀਂ ਚੱਲ ਸਕਦੀ। ਇਸੇ ਤਰ੍ਹਾਂ ਦੇ ਸਮਾਜ ਦੇ ਢਾਂਚੇ ਵਿਚ ਸੰਤੁਲਨ ਬਣਾਏ ਰੱਖਣ ਲਈ ਅਤੇ ਸਮਾਜ ਨੂੰ ਉੱਨਤੀ ਦੇ ਰਾਹ ’ਤੇ ਲਿਜਾਣ ਲਈ ਇਸਤਰੀ ਪੁਰਸ਼ ਦੀ ਸਮਾਨਤਾ ਨੂੰ ਸਵੀਕਾਰ ਕਰਨਾ ਅਤੇ ਉਨ੍ਹਾਂ ਨੂੰ ਬਰਾਬਰੀ ਦੀ ਮਹੱਤਤਾ ਦੇਣੀ ਵੀ ਲਾਜ਼ਮੀ ਹੈ। ਇਸੇ ਸੰਦਰਭ ਵਿਚ ਗੁਰਬਾਣੀ ਵਿਚ ਇਸਤਰੀ ਨੂੰ, ਸਮਾਜਿਕ, ਧਾਰਮਿਕ ਅਤੇ ਅਧਿਆਤਮਿਕ ਖੇਤਰ ਵਿਚ ਪੁਰਸ਼ ਦੇ ਬਰਾਬਰ ਦਾ ਦਰਜ਼ਾ ਦਿੱਤਾ ਗਿਆ। ਇਹ ਗੱਲ ਮੈਂ 500 ਵਰ੍ਹੇ ਤੋਂ ਵੀ ਪੁਰਾਣੀ ਦੱਸ ਰਹੀ ਹਾਂ ਜਦੋਂ ਕਿ ਪੱਛਮੀ ਦੇਸ਼ਾਂ ਵਿਚ ਔਰਤ ਨੂੰ ਬਰਾਬਰਤਾ ਦੇ ਹੱਕ ਜਿਵੇਂ ਕਿ ਵੋਟ ਪਾਉਣ ਦੇ ਹੱਕ, ਕਲੱਬਾਂ ਦੀ ਮੈਂਬਰਸ਼ਿਪ ਲੈਣ ਵਰਗੇ ਆਮ ਹੱਕ ਲੈਣ ਲਈ ਵੀ ਵੀਹਵੀਂ ਸਦੀ ਤਕ ਸੰਘਰਸ਼ ਕਰਨਾ ਪਿਆ ਸੀ। ਗੁਰੂ ਸਾਹਿਬਾਨ ਨੇ ਔਰਤ ਅਤੇ ਮਰਦ ਨੂੰ ਇੱਕੋ ਪਰਮਾਤਮਾ ਦੀ ਰਚਨਾ ਮੰਨਦੇ ਹੋਏ ਕਿਹਾ ਕਿ ਜਦੋਂ ਪਰਮਾਤਮਾ ਦੀ ਨਜ਼ਰ ਵਿਚ ਦੋਵੇਂ ਇੱਕੋ ਜਿਹੇ ਹਨ ਤਾਂ ਫਿਰ ਸਮਾਜ ਅੰਦਰ ਉਨ੍ਹਾਂ ਨਾਲ ਵਖਰੇਵਾਂ ਕਿਉਂ ਕੀਤਾ ਜਾਵੇ? ਆਪਣੀ ਪਾਵਨ ਬਾਣੀ ਆਸਾ ਕੀ ਵਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਔਰਤ ਦੀ ਮਹੱਤਤਾ ਬਾਰੇ ਬਿਆਨ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਪ੍ਰਾਣੀ ਇਸਤਰੀ ਤੋਂ ਜਨਮ ਲੈਂਦਾ ਹੈ, ਇਸਤਰੀ ਦੇ ਪੇਟ ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਨਾਲ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਰਿਸ਼ਤੇਦਾਰੀਆਂ ਬਣਦੀਆਂ ਹਨ, ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਸਿਲਸਿਲਾ ਚੱਲਦਾ ਹੈ ਅਤੇ ਜੇ ਇਕ ਇਸਤਰੀ ਮਰ ਜਾਵੇ ਤਾਂ ਮਰਦ ਵਿਆਹ ਲਈ ਹੋਰ ਇਸਤਰੀ ਦੀ ਭਾਲ ਕਰਦਾ ਹੈ। ਰਾਜਿਆਂ ਮਹਾਰਾਜਿਆਂ ਦੀ ਵੀ ਜਨਮਦਾਤੀ ਇਸਤਰੀ ਹੀ ਹੁੰਦੀ ਹੈ ਤਾਂ ਫਿਰ ਉਸ ਨੂੰ ਮੰਦਾ ਆਖਣਾ ਉਚਿਤ ਨਹੀਂ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ (ਪੰਨਾ 473)
ਗੁਰੂ ਸਾਹਿਬਾਨ ਨੇ ਪ੍ਰਭੂ-ਪ੍ਰਾਪਤੀ ਲਈ ਸੰਨਿਆਸ ਦੇ ਮਾਰਗ ਦਾ ਸਮਰਥਨ ਕਰਨ ਵਾਲਿਆਂ ਵੱਲੋਂ ਗ੍ਰਿਹਸਥ ਜੀਵਨ ਦੇ ਤਿਆਗ ਦੀ ਪੁਰਜ਼ੋਰ ਨਿਖੇਧੀ ਕੀਤੀ ਅਤੇ ਜੋਗੀਆਂ ਆਦਿ ਦੀ ਇਸ ਲਈ ਨਿੰਦਾ ਕੀਤੀ ਕਿ ਆਪਣਾ ਘਰ-ਬਾਰ ਤਿਆਗ ਕੇ ਫਿਰ ਹੋਰਨਾਂ ਦੇ ਘਰੋਂ ਰੋਟੀ ਮੰਗ ਕੇ ਖਾਣੀ ਹੈ ਅਤੇ ਦੂਜਿਆਂ ਦੀਆਂ ਇਸਤਰੀਆਂ ਨੂੰ ਬੁਰੀ ਨਜ਼ਰ ਨਾਲ ਤੱਕਣਾ ਹੈ ਤਾਂ ਪਰਮਾਤਮਾ ਕਿੱਥੋਂ ਲੱਭਣਾ ਹੈ?
ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ॥
ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ॥
ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ॥ (ਪੰਨਾ 1013)
ਗੁਰਮਤਿ ਅਨੁਸਾਰ ਗ੍ਰਿਹਸਥੀ ਜੀਵਨ ਵਿਚ ਨੇਕ ਕਮਾਈ ਕਰਨੀ, ਵੰਡ ਕੇ ਖਾਣਾ ਤੇ ਸੰਸਾਰ ਦੇ ਵਿਹਾਰਾਂ ਨੂੰ ਚੰਗੀ ਰੀਤਿ ਨਾਲ ਕਰਦੇ ਹੋਏ ਹਰ ਵੇਲੇ ਆਪਣੇ ਮਾਲਕ ਨੂੰ ਯਾਦ ਰੱਖਣਾ ਹੀ ਉੱਤਮ ਇਨਸਾਨ ਦੇ ਗੁਣ ਹਨ। ਗ੍ਰਿਹਸਥ ਵਿਚ ਰਹਿ ਕੇ ਵੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:
ਸਤਿਗੁਰ ਕੀ ਐਸੀ ਵਡਿਆਈ॥
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥ (ਪੰਨਾ 661)
ਗੁਰਮਤਿ ਵਿਚ ਆਪਣੇ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਅਤੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਅਤੇ ਅਜਿਹੀ ਸ਼ੁਭ ਗੁਣਾਂ ਵਾਲੀ ਜੀਵ-ਇਸਤਰੀ ਨੂੰ ਗੁਣਵੰਤੀ, ਸਚਿਆਰ, ਸੁਹਾਗਣ, ਸੁਚੱਜੀ, ਸੁਘੜ ਅਤੇ ਸੁਲੱਖਣੀ ਕਿਹਾ ਹੈ। ਜੋ ਸ਼ੁਭ ਗੁਣਾਂ ਤੋਂ ਵਿਹੀਨ ਹੈ ਉਹ ਕੁੜਿਆਰ, ਦੁਹਾਗਣ, ਕੁਲੱਖਣੀ, ਕੁਸੋਹਣੀ ਅਤੇ ਕੁਚੱਜੀ ਹੈ। ਉਸ ਬਾਰੇ ਗੁਰਬਾਣੀ ਵਿਚ ਕਿਹਾ ਗਿਆ ਹੈ:
ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ (ਪੰਨਾ 85)
ਇਸ ਦੇ ਵਿਪਰੀਤ ਸਚਿਆਰ ਜੀਵ-ਇਸਤਰੀ ਆਪਣੇ ਗੁਣਾਂ ਨਾਲ ਪ੍ਰਭੂ- ਪਤੀ ਨੂੰ ਰਿਝਾ ਸਕਦੀ ਹੈ। ਪ੍ਰਭੂ-ਭਾਲ ਵਿਚ ਲੱਗੀ ਜੀਵ-ਆਤਮਾ ਨੂੰ ਗੁਰਬਾਣੀ ਵਿਚ ਨਾਰ ਅਤੇ ਪ੍ਰਭੂ ਨੂੰ ਉਸ ਦਾ ਮੀਤ ਕਿਹਾ ਗਿਆ ਹੈ। ਮੀਤ ਨੂੰ ਚੰਗੇ ਗੁਣਾਂ ਨਾਲ ਵੱਸ ਕਰਨ ਦੀ ਉਪਮਾ ਰਾਹੀਂ ਸ਼ੁਭ ਗੁਣਾਂ ਦੀ ਮਹਿਮਾ ਬਾਰੇ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਵਿਚ ਉਲੇਖ ਹੈ:
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀਂ॥
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥ (ਪੰਨਾ 17)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਸ਼ੇਖ ਫ਼ਰੀਦ ਜੀ ਦੀ ਬਾਣੀ ਵਿਚ ਵੀ ਇਸ ਸੰਬੰਧੀ ਵਿਚਾਰ ਮਿਲ ਜਾਂਦੇ ਹਨ:
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ (ਪੰਨਾ 1384)
ਭਾਵ ਅਡੋਲਤਾ ਨਾਲ, ਸੰਤੋਖ ਨਾਲ, ਮਿੱਠੇ ਬੋਲਾਂ ਨਾਲ, ਨਿਮਰਤਾ ਨਾਲ, ਖ਼ਿਮਾ ਨਾਲ ਅਤੇ ਅਜਿਹੇ ਹੋਰ ਸਦਗੁਣਾਂ ਨਾਲ ਹੀ ਪਤਨੀ ਨੂੰ ਪਤੀ ਦਾ ਪਿਆਰ ਪ੍ਰਾਪਤ ਹੁੰਦਾ ਹੈ।
ਬਾਣੀਕਾਰਾਂ ਨੇ ਆਪਣੇ ਆਪ ਨੂੰ ਪ੍ਰਭੂ-ਪਤੀ ਦੀ ਪਤਨੀ ਮੰਨ ਕੇ ਆਪਣੇ ਮਨੋਵੇਗਾਂ ਅਤੇ ਮਨੋਭਾਵਾਂ ਦਾ ਵਰਣਨ ਕੀਤਾ ਹੈ। ਸਪੱਸ਼ਟ ਪ੍ਰਤੀਤ ਹੁੰਦਾ ਹੈ ਕਿ ‘ਸੁਲੱਖਣੀ ਨਾਰ’ ਦੇ ਵਿਵਹਾਰ ਤੋਂ ਪ੍ਰਭਾਵਿਤ ਹੋ ਕੇ ਹੀ ਬਾਣੀ ਦੇ ਰਚਨਹਾਰਾਂ ਨੇ ਪ੍ਰਭੂ ਪ੍ਰਾਪਤੀ ਲਈ, ਪ੍ਰਭੂ-ਕਿਰਪਾ ਲਈ ਮਨੁੱਖ ਨੂੰ ਵੀ ‘ਸੁਚੱਜੀ ਨਾਰ’ ਵਰਗੇ ਸਦਗੁਣ ਅਪਣਾਉਣ ਦੀ ਪ੍ਰੇਰਨਾ ਦਿੱਤੀ ਹੈ। ਇਸਤਰੀ ਦੇ ਉਨ੍ਹਾਂ ਸਦਗੁਣਾਂ ਦਾ ਜਿਨ੍ਹਾਂ ਨਾਲ ਪਤੀ ਪਰਮਾਤਮਾ ਪ੍ਰਸੰਨ ਹੁੰਦਾ ਹੈ ਬਹੁਤ ਹੀ ਸੁੰਦਰ ਵਰਣਨ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਸਾ ਰਾਗ ਵਿਚ ਕੀਤਾ ਹੈ:
ਬਤੀਹ ਸੁਲਖਣੀ ਸਚੁ ਸੰਤਤਿ ਪੂਤ॥
ਆਗਿਆਕਾਰੀ ਸੁਘੜ ਸਰੂਪ॥
ਇਛ ਪੂਰੇ ਮਨ ਕੰਤ ਸੁਆਮੀ॥
ਸਗਲ ਸੰਤੋਖੀ ਦੇਰ ਜੇਠਾਨੀ॥3॥
ਸਭ ਪਰਵਾਰੈ ਮਾਹਿ ਸਰੇਸਟ॥
ਮਤੀ ਦੇਵੀ ਦੇਵਰ ਜੇਸਟ॥
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ॥
ਜਨ ਨਾਨਕ ਸੁਖੇ ਸੁਖਿ ਵਿਹਾਇ॥4॥3॥ (ਪੰਨਾ 371)
ਉਪਰੋਕਤ ਬਾਣੀ ਦੇ ਅਰਥਾਂ ਨੂੰ ਸਮਝ ਕੇ ਜੇ ਜੀਵਨ ਵਿਚ ਅਪਣਾ ਲਿਆ ਜਾਵੇ ਤਾਂ ਘਰ ਅਤੇ ਸਮਾਜ ਸਵਰਗ ਬਣ ਸਕਦਾ ਹੈ। ਸਭ ਤੋਂ ਪਹਿਲਾਂ ਲੋੜ ਹੈ ‘ਬਤੀਹ ਸੁਲਖਣੀ’ ਦੇ ਅਰਥ ਨੂੰ ਸਮਝਣ ਦੀ। ‘ਬਤੀਹ ਸੁਲਖਣੀ’ ਤੋਂ ਭਾਵ ਹੈ ਕਿ ਬਤੀਹ ਪ੍ਰਮੁੱਖ ਸ਼ੁਭ ਗੁਣਾਂ ਵਾਲੀ ਇਸਤਰੀ ਹੀ ਸੁਲੱਖਣੀ ਹੁੰਦੀ ਹੈ। ਇਹ ਬਤੀਹ ਸ਼ੁਭ ਗੁਣ ਕਿਹੜੇ ਹਨ ਇਸ ਦੇ ਸਬੰਧ ਵਿਚ ਵੱਖ-ਵੱਖ ਵਿਦਵਾਨ ਇਕਮੱਤ ਨਹੀਂ ਹਨ। ਇਨ੍ਹਾਂ ਵਿੱਚੋਂ ਭਾਈ ਕਾਨ੍ਹ ਸਿੰਘ ਨਾਭਾ ਨੇ ਜੋ ਚੋਣਵੇਂ 32 ਗੁਣਾਂ ਦੀ ਸੂਚੀ ਤਿਆਰ ਕੀਤੀ ਅਤੇ ਗੁਰਮਤਿ ਮਾਰਤੰਡ1 ਵਿਚ ਪ੍ਰਸਤੁਤ ਕੀਤੀ ਹੈ, ਉਹ ਇਸ ਪ੍ਰਕਾਰ ਹੈ:
1. ਸੁੰਦਰਤਾ, 2. ਸਵੱਛਤਾ, 3. ਲੱਜਾ, 4. ਚਤੁਰਾਈ, 5. ਵਿਦਯਾ, 6. ਪਤੀ-ਭਗਤੀ, 7. ਸੇਵਾ, 8. ਦਯਾ, 9. ਸਤਯ, 10. ਪ੍ਰਿਯਬਾਣੀ, 11. ਪ੍ਰਸੰਨਤਾ, 12. ਨਿਮਰਤਾ, 13. ਨਿਸ਼ਕਪਟਤਾ, 14. ਏਕਤਾ, 15. ਧੀਰਜ, 16. ਧਰਮ ਨੇਸ਼ਠਾ, 17. ਸੰਯਮ, 18. ਉਦਾਰਤਾ, 19. ਗੰਭੀਰਤਾ, 20. ਉੱਦਮ, 21. ਸੂਰਬੀਰਤਾ, 22. ਰਾਗ, 23. ਕਾਵਯ, 24. ਚਿਤ੍ਰ, 25. ਔਸ਼ਧ, 26. ਰਸੋਈ, 27. ਸਿਉਣ ਦੀ ਵਿਦਿਆ, 28. ਪਰੋਣ ਦੀ ਵਿਦਿਆ, 29. ਘਰ ਦੀਆਂ ਵਸਤੂਆਂ ਨੂੰ ਯਥਾ ਯੋਗ ਸ਼ਿੰਗਾਰਨਾ, 30. ਬਜ਼ੁਰਗਾਂ ਦਾ ਮਾਨ, 31. ਘਰ ਆਏ ਪ੍ਰਾਹੁਣਿਆਂ ਦਾ ਸਨਮਾਨ, 32. ਸੰਤਾਨ ਦਾ ਪਾਲਨ।
ਗੁਰਮਤਿ ਅਨੁਸਾਰ ਅਜਿਹੇ ਗੁਣਾਂ ਵਾਲੀ ਇਸਤਰੀ ਨਿਰੰਤਰ ਪਵਿੱਤਰ ਰਹਿੰਦੀ ਹੈ ਅਤੇ ਉੱਤਮ ਸੰਤਾਨ ਦੀ ਜਨਨੀ ਹੁੰਦੀ ਹੈ। ਦਰਾਣੀ, ਜਿਠਾਣੀ ਨੂੰ ਉਹ ਹਰ ਤਰ੍ਹਾਂ ਦਾ ਸੰਤੋਖ ਦਿੰਦੀ ਹੈ ਅਤੇ ਪਤੀ ਦੀ ਹਰ ਇੱਛਾ ਪੂਰੀ ਕਰਦੀ ਹੈ। ਸਾਰੇ ਪਰਵਾਰ ਵਿਚ ਸਭ ਤੋਂ ਉੱਤਮ ਹੁੰਦੀ ਹੈ ਅਤੇ ਸਾਰੇ ਦਿਉਰਾਂ-ਜੇਠਾਂ ਨੂੰ ਚੰਗੇ ਰਾਹ ਪਾਉਂਦੀ ਹੈ। ਅਜਿਹੀ ਸੁਚੱਜੀ ਨਾਰ ਦੇ ਘਰ ਵਿਚ ਆਉਣ ਨਾਲ ਘਰ ਸਵਰਗ ਬਣ ਜਾਂਦਾ ਹੈ। ਪਰ ‘ਕੁਚੱਜੀ ਨਾਰ’ ਦੇ ਪੈਰ ਘਰ ਵਿਚ ਪੈਣ ਨਾਲ ਸਵਰਗ ਵਰਗਾ ਘਰ ਵੀ ਨਰਕ ਬਣ ਜਾਂਦਾ ਹੈ। ਹਾਲਾਂਕਿ ਉਪਰੋਕਤ ਬਾਣੀ ਨੂੰ ਅਧਿਆਤਮਿਕ ਪਰਿਪੇਖ ਵਿਚ ਵੀ ਵੇਖਿਆ ਜਾ ਸਕਦਾ ਹੈ ਪਰ ਫਿਰ ਵੀ ਜੇ ਸਾਡੇ ਵਿੱਚੋਂ ਹਰੇਕ ਬੱਚੀ, ਹਰੇਕ ਭੈਣ ਉਪਰੋਕਤ ਗੁਣਾਂ ਵਿੱਚੋਂ ਵੱਧ ਤੋਂ ਵੱਧ ਗੁਣਾਂ ਨੂੰ ਵੀ ਅਪਣਾਉਣ ਦਾ ਯਤਨ ਕਰ ਲਵੇ ਤਾਂ ਜਿੱਥੇ ਸਾਡੀਆਂ ਸੁਚੱਜੀਆਂ ਧੀਆਂ-ਭੈਣਾਂ ਖੁਦ ਹਰਮਨ ਪਿਆਰੀਆਂ ਬਣ ਸਕਦੀਆਂ ਹਨ ਉਥੇ ਆਪਣਾ, ਆਪਣੇ ਮਾਤਾ-ਪਿਤਾ, ਆਪਣੇ ਪਰਵਾਰ, ਆਪਣੇ ਗੁਰੂ-ਜਨਾਂ, ਆਪਣੇ ਸਕੂਲ-ਕਾਲਜ, ਆਪਣੇ ਸਮਾਜ ਅਤੇ ਆਪਣੇ ਦੇਸ਼ ਦਾ ਨਾਮ ਵੀ ਰੌਸ਼ਨ ਕਰ ਸਕਦੀਆਂ ਹਨ। ਇਕ ਚੰਗੇ, ਸਫ਼ਲ ਅਤੇ ਨਿੱਗਰ ਸਮਾਜ ਦੀ ਨੀਂਹ ਰੱਖਣ ਵਿਚ ਸਹਾਈ ਹੋ ਸਕਦੀਆਂ ਹਨ।
ਸ੍ਰੀ ਗੁਰੂ ਅਮਰਦਾਸ ਜੀ ਵਾਰ ਸੂਹੀ ਵਿਚ ਬਿਆਨ ਕਰਦੇ ਹਨ ਕਿ ਇਸਤਰੀ ਦੁਆਰਾ ਕੀਤੇ ਗਏ ਸਭ ਸ਼ਿੰਗਾਰ ਵੀ ਤਾਂ ਹੀ ਸਕਾਰਥ ਹੋ ਸਕਦੇ ਹਨ ਜੇ ਉਸ ਦਾ ਪਤੀ ਉਸ ’ਤੇ ਖੁਸ਼ ਹੋਵੇ। ਪਰ ਸਾਰੇ ਕਰਤੱਵ ਪਤਨੀ ਦੇ ਹੀ ਤਾਂ ਨਹੀਂ। ਆਦਰਸ਼ ਪਤੀ-ਪਤਨੀ ਉਹ ਹਨ ਜੋ ਸਿਰਫ਼ ਸਰੀਰਕ ਤੌਰ ’ਤੇ ਹੀ ਵੱਖ ਦਿਖਦੇ ਹਨ ਪਰ ਆਤਮਿਕ ਤੌਰ ’ਤੇ ਉਹ ਸਭ ਵਖਰੇਵੇਂ, ਸਭ ਅਸਮਾਨਤਾਵਾਂ ਨੂੰ ਦੂਰ ਕਰ ਚੁਕੇ ਹੁੰਦੇ ਹਨ:
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਪੰਨਾ 788)
ਇਵੇਂ ਗੁਰਬਾਣੀ ਅਨੁਸਾਰ ਪ੍ਰਭੂ ਵੀ ਕਰਤਵਬੱਧ ਹੁੰਦਾ ਹੈ ਕਿ ਜੀਵ-ਆਤਮਾ ਨੂੰ ਗਲੇ ਲਗਾਏ, ਉਸ ਨੂੰ ਪ੍ਰੇਮ ਕਰੇ, ਉਸ ਦੀ ਸੰਭਾਲ ਕਰੇ। ਇਹੋ ਹੀ ਕਰਤੱਵ ਹੁੰਦਾ ਹੈ ਗੁਣਵੰਤੀ ਨਾਰ ਦੇ ਪਤੀ ਦਾ।
ਗੁਰਮਤਿ ਇਸਤਰੀ ਨੂੰ ਧਾਰਮਿਕ ਅਤੇ ਅਧਿਆਤਮਿਕ ਮਾਰਗ ’ਤੇ ਤੁਰਨ ਦੀ ਪੂਰਨ ਸੁਤੰਤਰਤਾ ਦੇਂਦਾ ਹੈ। ਪਰ ਉਹ ਮਨਮੱਤ ਭਾਵ ਝੂਠ, ਪਾਖੰਡ, ਵਿਖਾਵੇ ਅਤੇ ਵਹਿਮਾਂ-ਭਰਮਾਂ, ਜਾਦੂ-ਟੂਣਿਆਂ ਅਤੇ ਕਰਮਕਾਂਡਾਂ ਦਾ ਤਿਆਗ ਕਰ ਕੇ ਭਗਤੀ ਮਾਰਗ ਨੂੰ ਅਪਣਾਉਣ ਦਾ ਸੰਦੇਸ਼ ਦਿੰਦਾ ਹੋਇਆ ਅਜਿਹੀਆਂ ਇਸਤਰੀਆਂ ਨੂੰ ਰਾਣੀਆਂ-ਮਹਾਰਾਣੀਆਂ ਨਾਲੋਂ ਵੱਧ ਸਤਿਕਾਰ ਦਿੰਦਾ ਹੈ:
ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ॥
ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ॥ (ਪੰਨਾ 1373)
ਗੁਰਬਾਣੀ ਜਿੱਥੇ ‘ਸੁਚੱਜੀਆਂ ਨਾਰਾਂ’ ਦੇ ਸਿਧਾਂਤਕ ਪੱਖ ਨੂੰ ਉਘੇੜਦੀ ਹੈ ਉਥੇ ਸਿੱਖ ਇਤਿਹਾਸ ਵੀ ਐਸੀਆਂ ਨਾਰਾਂ ਦੀ ਮਹਾਨਤਾ ਦੇ ਗੁਣ ਗਾਉਂਦਾ ਹੈ।2 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਵਿਆਖਿਆਕਾਰ ਭਾਈ ਗੁਰਦਾਸ ਜੀ ‘ਸੁਚੱਜੀਆਂ ਨਾਰਾਂ’ ਨੂੰ ‘ਅਰਧ ਸਰੀਰੀ ਮੋਖ ਦੁਆਰੀ’ ਕਹਿ ਕੇ ਸਤਿਕਾਰਦੇ ਹਨ, ਅਜਿਹੀਆਂ ਸੁਚੱਜੀਆਂ ਨਾਰਾਂ’ ਨੇ ਗੁਰਮਤਿ ਦੇ ਸਿਧਾਂਤਾਂ ਨੂੰ ਵਿਵਹਾਰਕ ਜਾਮਾ ਪਹਿਨਾਉਣ ਵਿਚ ਪੂਰਨ ਯੋਗਦਾਨ ਦਿੱਤਾ। ਅਸੀਂ ਸਾਰੇ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤਕ ਸਾਰੇ ਗੁਰੂ ਸਾਹਿਬਾਨ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਲੰਬੀਆਂ ਪ੍ਰਚਾਰ-ਫੇਰੀਆਂ ’ਤੇ ਆਉਣਾ-ਜਾਣਾ ਪਿਆ ਅਤੇ ਕਈ ਦੁਖਦਾਈ ਘਾਲਣਾਂ ਘਾਲਣੀਆਂ ਪਈਆਂ। ਇਨ੍ਹਾਂ ਔਖੇ ਸਮਿਆਂ ਵਿਚ ਗੁਰੂ ਕੇ ਮਹਿਲ ਪਰਵਾਰ ਦੀ ਸੰਭਾਲ ਦੀ ਜ਼ੁੰਮੇਵਾਰੀ ਨਿਭਾਉਣ ਤੋਂ ਇਲਾਵਾ ਗੁਰਦੁਆਰਿਆਂ ਅਤੇ ਸੰਗਤਾਂ ਦੀ ਸੇਵਾ-ਸੰਭਾਲ ਸੁਚਾਰੂ ਰੂਪ ਨਾਲ ਕਰ ਕੇ ਪੂਰਨ ਯੋਗਦਾਨ ਪਾਉਂਦੇ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਲੱਗਭਗ 20 ਸਾਲ ਦੇ ਭ੍ਰਮਣ ਉਪਰੰਤ ਕਰਤਾਰਪੁਰ ਆ ਕੇ ਧਰਮਸਾਲ ਬਣਾ ਕੇ ਸੰਗਤਾਂ ਦੇ ਮਾਰਗ ਦਰਸ਼ਨ ਦਾ ਕੰਮ ਅਰੰਭਿਆ ਤਾਂ ਧਰਮਸਾਲ ਅਤੇ ਲੰਗਰ ਦਾ ਪ੍ਰਬੰਧ ਮਾਤਾ ਸੁਲੱਖਣੀ ਜੀ ਹੀ ਕਰਦੇ ਸਨ। ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਦੁਆਰਾ ਸ਼ਰਧਾ ਅਤੇ ਪਿਆਰ ਨਾਲ ਕੀਤੀ ਜਾਂਦੀ ਲੰਗਰ ਦੀ ਸੇਵਾ ਦਾ ਪ੍ਰਮਾਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਮਿਲ ਜਾਂਦਾ ਹੈ।
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)
ਇਸੇ ਪ੍ਰਕਾਰ ਮਾਤਾ ਭਾਨੀ ਜੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਨੇ ਵੀ ਸਿੱਖ ਸੰਸਥਾਵਾਂ ਅਤੇ ਸੰਗਤਾਂ ਦੇ ਸੰਚਾਲਨ ਅਤੇ ਰਹਿਨੁਮਾਈ ਲਈ ਮਹੱਤਵਪੂਰਨ ਯੋਗਦਾਨ ਪਾਏ ਜੋ ਸਿੱਖ ਇਤਿਹਾਸ ਦੇ ਵਡਮੁੱਲੇ ਅਤੇ ਅਭਿੰਨ ਅੰਗ ਹਨ। ਗੁਰੂ ਅਮਰਦਾਸ ਜੀ ਦੁਆਰਾ ਪਰਦੇ ਦੀ ਪ੍ਰਥਾ ਅਤੇ ਸਤੀ ਦੀ ਪ੍ਰਥਾ ਦੀ ਸਮਾਪਤੀ ਅਤੇ ਵਿਧਵਾ ਪੁਨਰ ਵਿਆਹ ਦੀ ਮਾਨਤਾ ਲਈ ਯਤਨਾਂ ਦੇ ਪਿੱਛੇ ਵੀ ਉਨ੍ਹਾਂ ਦੇ ਮਹਿਲ ਮਨਸਾ ਦੇਵੀ ਜੀ ਦੀ ਸੂਝ ਹੀ ਮੰਨੀ ਜਾਂਦੀ ਹੈ। ਗੁਰੂ ਅਮਰਦਾਸ ਜੀ ਨੇ ਪ੍ਰਚਾਰ ਦੇ ਮੰਤਵ ਲਈ ਜੋ ਬਾਈ ਮੰਜੀਆਂ ਅਤੇ ਬਹੱਤਰ ਪੰਘੂੜੇ ਸਥਾਪਿਤ ਕੀਤੇ ਉਨ੍ਹਾਂ ਵਿੱਚੋਂ ਦੋ ਮੰਜੀਆਂ ਬੀਬੀ ਮਥੋ ਮੁਰਾਰੀ ਅਤੇ ਬੀਬੀ ਸਚਨ ਸਚ ਨੂੰ ਵੀ ਦਿੱਤੀਆਂ। ਮਾਤਾ ਮਨਸਾ ਦੇਵੀ ਜੀ ਗੁਰੂ ਜੀ ਨਾਲ ਪ੍ਰਚਾਰ-ਫੇਰੀਆਂ ’ਤੇ ਵੀ ਜਾਂਦੇ ਰਹੇ। ਇਵੇਂ ਹੀ ਮਾਤਾ ਕ੍ਰਿਸ਼ਨ ਕੌਰ ਆਪਣੇ ਪਤੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨਾਲ ਪ੍ਰਚਾਰ-ਦੌਰਿਆਂ ’ਤੇ ਜਾਂਦੇ ਹੁੰਦੇ ਸਨ। ਗੁਰੂ-ਮਹਿਲਾਂ ਨੇ ਪੰਥ ਦੀ ਖ਼ਾਤਰ ਜੋ ਕੁਰਬਾਨੀਆਂ ਕੀਤੀਆਂ, ਉਨ੍ਹਾਂ ਨਾਲ ਇਤਿਹਾਸ ਭਰਿਆ ਹੋਇਆ ਹੈ। ਗੁਰੂ-ਮਹਿਲਾਂ ਤੋਂ ਇਲਾਵਾ ਸਿੱਖ ਇਤਿਹਾਸ ਵਿਚ ਮਾਈ ਭਾਗੋ, ਰਾਣੀ ਸਦਾ ਕੌਰ ਅਤੇ ਮਹਾਰਾਣੀ ਜਿੰਦਾਂ ਜਿਹੇ ਹੋਰ ਕਈ ਨਾਮ ਸਦਾ ਅਮਰ ਰਹਿਣਗੇ। ਅਠ੍ਹਾਰਵੀਂ ਸਦੀ ਵਿਚ ਸਿੱਖ ਇਸਤਰੀਆਂ ਨੇ ਤਿਆਗ ਅਤੇ ਬਲੀਦਾਨ ਦੀ ਜੋ ਮਿਸਾਲ ਕਾਇਮ ਕੀਤੀ ਉਹ ਸਿੱਖ ਅਰਦਾਸ ਵਿਚ ਯਾਦ ਕੀਤੀ ਜਾਂਦੀ ਹੈ।
ਆਓ, ਇਸੇ ਅਰਦਾਸ ਨੂੰ ਯਾਦ ਕਰਦੇ ਹੋਏ, ਸਿੱਖ ਇਤਿਹਾਸ ਤੋਂ ਸਬਕ ਸਿੱਖਦੇ ਹੋਏ ਗੁਰਬਾਣੀ ਦੇ ਸਿਧਾਂਤਾਂ ਨੂੰ ਜੀਵਨ ਵਿਚ ਅਪਣਾਉਣ ਦੀ ਭਾਵਨਾ ਨਾਲ ‘ਸੁਚੱਜੀ ਨਾਰ’ ਬਣਨ ਦਾ ਯਤਨ ਕਰੀਏ ਤਾਂ ਜੋ ਅਸੀਂ ਆਪਣੇ ਘਰ, ਆਪਣੇ ਪਰਵਾਰ, ਆਪਣੇ ਸਮਾਜ, ਆਪਣੇ ਦੇਸ਼ ਨੂੰ ਉੱਨਤੀ ਦੇ ਰਾਹ ਦੇ ਸਿਖਰ ਵੱਲ ਲਿਜਾਉਣ ਵਿਚ ਸਹਾਈ ਹੋ ਸਕੀਏ ਤਾਂ ਜੋ ਜਿੱਥੇ ਪੱਛਮੀ ਦੇਸ਼ਾਂ ਨੇ ਸਾਥੋਂ ਹੋਰ ਵੀ ਬਹੁਤ ਕੁਝ ਸਿੱਖਿਆ ਹੈ, ਅਸੀਂ ਉਨ੍ਹਾਂ ਸਾਹਮਣੇ ਇਕ ਆਦਰਸ਼ ਸਮਾਜ ਦੀ ਸਥਾਪਨਾ ਕਰ ਕੇ, ਉਨ੍ਹਾਂ ਵੱਲੋਂ ਅਪਣਾਉਣ ਯੋਗ ਇਕ ਹੋਰ ਵਸਤੂ ਦੀ ਸਿਰਜਨਾ ਕਰੀਏ।
ਹਵਾਲੇ:
1. ਗੁਰਮਤਿ ਮਾਰਤੰਡ, ਭਾਗ ਪਹਿਲਾ, ਪੰਨਾ 89.
ਵਿਸਤਾਰ ਲਈ ਵੇਖੋ-
1. The Encyclopaedia of Sikhism, Punjabi University, Patiala, 1998, Vol. IV.
2. Nikki-Guninder Kaur Singh, TheFemimine Principle in the Sikh Vision of the Transcendent, Cambridge, 1994.
3. ਮਹਿੰਦਰ ਕੌਰ, ਗੁਰੁ ਮਹਿਲ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ।
4. ਸਿਮਰਨ ਕੌਰ, ਸਿੱਖ ਬੀਬੀਆਂ, ਸਿੰਘ ਬ੍ਰਦਰਜ਼, ਅੰਮ੍ਰਿਤਸਰ।
ਲੇਖਕ ਬਾਰੇ
ਪਿੰਡ ਭਟੇੜੀ ਕਲਾਂ, ਡਾਕ: ਦੌਣ ਕਲਾਂ (ਪਟਿਆਲਾ)-147021
- ਡਾ. ਜਸਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/April 1, 2008
- ਡਾ. ਜਸਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/June 1, 2008
- ਡਾ. ਜਸਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/November 1, 2008
- ਡਾ. ਜਸਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/October 1, 2010