editor@sikharchives.org

ਮਾਨਵ-ਮੁਕਤੀ ਅਤੇ ਸਿੱਖ ਧਰਮ ਜਾਤ-ਪਾਤੀ ਪ੍ਰਬੰਧ ਦੇ ਸੰਦਰਭ ਵਿਚ

ਗੁਰਬਾਣੀ ਅਨੁਸਾਰ ਇਸ ਸੁਨਹਿਰੀ ਦੇਹ ਵਿਚ ਨਿਰਮਲ ਹੰਸ ਅਰਥਾਤ ਪਵਿੱਤਰ ਆਤਮਾ ਦਾ ਨਿਵਾਸ ਹੈ, ਜਿਸ ਵਿਚ ਪਰਮਾਤਮਾ ਦਾ ਅੰਸ਼ ਵਿਦਮਾਨ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਬਾਣੀ ਵਿਚ ਜੀਵ ਦੀ ਉਤਪਤੀ ਪਰਮਾਤਮਾ ਦੇ ਹੁਕਮ ਦੁਆਰਾ ਮੰਨੀ ਗਈ ਹੈ। ਹੁਕਮ ਦੁਆਰਾ ਹੀ ਉਹ ਇਸ ਸੰਸਾਰ ਵਿਚ ਆਉਂਦਾ ਹੈ ਅਤੇ ਹੁਕਮ ਅਨੁਸਾਰ ਹੀ ਜਾਂਦਾ ਹੈ। ਅੱਗੋਂ-ਪਿੱਛੋਂ ਹਰ ਪਾਸਿਓਂ ਉਹ ਹੁਕਮ ਵਿਚ ਸਮਾਇਆ ਹੋਇਆ ਹੈ:

ਹੁਕਮੇ ਆਵੈ ਹੁਕਮੇ ਜਾਇ॥
ਆਗੈ ਪਾਛੈ ਹੁਕਮਿ ਸਮਾਇ॥ (ਪੰਨਾ 151)

ਗਉੜੀ ਰਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੰਬੰਧੀ ਕੁਝ ਜ਼ਰੂਰੀ ਪ੍ਰਸ਼ਨ ਕੀਤੇ ਹਨ। ਜੰਮਣ-ਮਰਨ ਵਾਲਾ ਇਹ ਜੀਵ ਕਿੱਥੋਂ ਆਉਂਦਾ ਹੈ ਅਤੇ ਕਿਸ ਵਿਚ ਸਮਾ ਜਾਂਦਾ ਹੈ। ਇਹ ਕਿਵੇਂ ਸੰਸਾਰਕ ਬੰਧਨਾਂ ਵਿਚ ਬੰਨ੍ਹਿਆ ਜਾਂਦਾ ਹੈ ਅਤੇ ਇਹ ਉਨ੍ਹਾਂ ਤੋਂ ਮੁਕਤੀ ਪ੍ਰਾਪਤ ਕਿਵੇਂ ਕਰਦਾ ਹੈ ਅਤੇ ਅੰਤ ਵਿਚ ਇਹ ਕਿਸ ਤਰ੍ਹਾਂ ਉਸ ਪਰਮਾਤਮਾ ਵਿਚ ਸਮਾ ਜਾਂਦਾ ਹੈ?

ਜਾਤੋ ਜਾਇ ਕਹਾ ਤੇ ਆਵੈ॥
ਕਹ ਉਪਜੈ ਕਹ ਜਾਇ ਸਮਾਵੈ॥
ਕਿਉ ਬਾਧਿਓ ਕਿਉ ਮੁਕਤੀ ਪਾਵੈ॥
ਕਿਉ ਅਬਿਨਾਸੀ ਸਹਜਿ ਸਮਾਵੈ॥ (ਪੰਨਾ 152)

ਇਨ੍ਹਾਂ ਸੁਆਲਾਂ ਦਾ ਜੁਆਬ ਗੁਰੂ ਜੀ ਆਪ ਹੀ ਅੱਗੇ ਦਿੰਦੇ ਹਨ ਕਿ ਜੀਵ ਸਹਿਜ ਹੀ ਆਉਂਦਾ ਹੈ ਅਤੇ ਸਹਿਜ ਹੀ ਜਾਂਦਾ ਹੈ। ਇਹ ਮਨ ਦੇ ਇਨ੍ਹਾਂ ਸੰਕਲਪਾਂ-ਵਿਕਲਪਾਂ ਤੋਂ ਉਤਪੰਨ ਹੁੰਦਾ ਹੈ; ਅੰਤ ਵਿਚ ਆਤਮ-ਸਰੂਪ ਦਾ ਗਿਆਨ ਹੋ ਜਾਣ ਤੇ ਮਨ ਵਿਚ ਹੀ ਸਮਾ ਜਾਂਦਾ ਹੈ। ਗੁਰੂ ਦੇ ਉਪਦੇਸ਼ ਦੁਆਰਾ ਜੀਵ ਮੁਕਤ ਹੋ ਜਾਂਦਾ ਹੈ ਅਤੇ ਸ਼ਬਦ ਦੇ ਵਿਚਾਰ ਦੁਆਰਾ ਉਹ ਫਿਰ ਬੰਧਨ ਵਿਚ ਨਹੀਂ ਪੈਂਦਾ:

ਸਹਜੇ ਆਵੈ ਸਹਜੇ ਜਾਇ॥
ਮਨ ਤੇ ਉਪਜੈ ਮਨ ਮਾਹਿ ਸਮਾਇ॥
ਗੁਰਮੁਖਿ ਮੁਕਤੋ ਬੰਧੁ ਨ ਪਾਇ॥
ਸਬਦੁ ਬੀਚਾਰਿ ਛੁਟੈ ਹਰਿ ਨਾਇ॥ (ਪੰਨਾ 152)

ਜੀਵ ਦੇ ਦੋ ਮੁੱਖ ਪਹਿਲੂ, ਆਤਮਾ ਅਤੇ ਸਰੀਰ ਮੰਨੇ ਗਏ ਹਨ। ਗੁਰਬਾਣੀ ਵਿਚ ਆਤਮਾ ਨੂੰ ਪਰਮਾਤਮਾ ਦੀ ਅੰਸ਼ ਮੰਨਿਆ ਗਿਆ ਹੈ:

ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ॥ (ਪੰਨਾ 1153)

ਕਹੁ ਕਬੀਰ ਇਹੁ ਰਾਮ ਕੀ ਅੰਸੁ॥ (ਪੰਨਾ 871)

ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ॥
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ॥ (ਪੰਨਾ 421)

ਗੁਰਬਾਣੀ ਅਨੁਸਾਰ ਇਸ ਸੁਨਹਿਰੀ ਦੇਹ ਵਿਚ ਨਿਰਮਲ ਹੰਸ ਅਰਥਾਤ ਪਵਿੱਤਰ ਆਤਮਾ ਦਾ ਨਿਵਾਸ ਹੈ, ਜਿਸ ਵਿਚ ਪਰਮਾਤਮਾ ਦਾ ਅੰਸ਼ ਵਿਦਮਾਨ ਹੈ:

ਕੰਚਨ ਕਾਇਆ ਨਿਰਮਲ ਹੰਸੁ॥
ਜਿਸੁ ਮਹਿ ਨਾਮੁ ਨਿਰੰਜਨ ਅੰਸੁ॥ (ਪੰਨਾ 1256)

ਬਾਵਜੂਦ ਅਭੇਦਤਾ ਦੇ ਵਰਤੇ ਗਏ ਅਲੰਕਾਰਾਂ ਤੇ ਦ੍ਰਿਸ਼ਟਾਂਤਾਂ ਦੇ ਗੁਰਬਾਣੀ ਵਿਚ ਆਤਮਾ ਅਤੇ ਪਰਮਾਤਮਾ ਵਿਚ ਮਾਮੂਲੀ ਫ਼ਰਕ ਵੀ ਦੱਸਿਆ ਗਿਆ ਹੈ ਜਿਵੇਂ ਜਲ ਅਤੇ ਜਲ ਤਰੰਗ ਇਕ ਵੀ ਹਨ ਅਤੇ ਵੱਖੋ-ਵੱਖ ਵੀ, ਇਸੇ ਤਰ੍ਹਾਂ ਹੀ ਆਤਮਾ ਅਤੇ ਪਰਮਾਤਮਾ ਹੈ। ਸਾਗਰ ਵਿਚ ਲਹਿਰ, ਦਰਿਆ ਅਤੇ ਚਸ਼ਮਾ ਜਿਵੇਂ ਇਕ ਵੀ ਹਨ ਤੇ ਵੱਖ-ਵੱਖ ਵੀ, ਇਸੇ ਤਰ੍ਹਾਂ ਹੀ ਜੀਵ-ਆਤਮਾ ਅਤੇ ਅਕਾਲ ਪੁਰਖ ਕਹੇ ਜਾ ਸਕਦੇ ਹਨ। ਸ੍ਰੀ ਗੁਰੂ ਨਾਨਕ ਸ਼ਬਦ ਰਤਨਾਕਰ ਅਨੁਸਾਰ ਆਤਮਾ ਪਰਮਾਤਮਾ ਦੀ ਅੰਸ਼ ਹੈ। ਇਸ ਲਈ ਇਹ ਸਤ, ਚਿਤ, ਅਨੰਦ ਸਰੂਪ ਹੈ, ਇਹ ਅਜਰ ਅਤੇ ਅਮਰ ਨਿਤ ਹੈ। ਇਹ ਆਤਮਾ ਕਦੀ ਨਹੀਂ ਮਰਦੀ। ਇਸ ਨੂੰ ਅੱਗ ਸਾੜ ਨਹੀਂ ਸਕਦੀ। ਪਾਣੀ ਅਤੇ ਬਰਫ਼ ਇਸ ਨੂੰ ਗਾਲ ਨਹੀਂ ਸਕਦੀ। ਨਾ ਇਹ ਜੰਮਦੀ ਹੈ, ਨਾ ਇਹ ਮਰਦੀ ਹੈ। ਗੁਰਬਾਣੀ ਅਨੁਸਾਰ :

ਅਚਰਜ ਕਥਾ ਮਹਾ ਅਨੂਪ॥
ਪ੍ਰਾਤਮਾ ਪਾਰਬ੍ਰਹਮ ਕਾ ਰੂਪੁ॥
ਨਾ ਇਹੁ ਬੂਢਾ ਨਾ ਇਹੁ ਬਾਲਾ॥
ਨਾ ਇਸੁ ਦੂਖੁ ਨਹੀ ਜਮ ਜਾਲਾ॥
ਨਾ ਇਹੁ ਬਿਨਸੈ ਨਾ ਇਹੁ ਜਾਇ॥
ਆਦਿ ਜੁਗਾਦੀ ਰਹਿਆ ਸਮਾਇ॥ (ਪੰਨਾ 868)  ਹੈ:

ਇਸ ਨੂੰ ਮਰਨ-ਰਹਿਤ ਕਿਹਾ ਗਿਆ ਹੈ:

ਮਰਣਹਾਰੁ ਇਹੁ ਜੀਅਰਾ ਨਾਹੀ॥ (ਪੰਨਾ 188)

ਜੀਵ ਦਾ ਦੂਸਰਾ ਮੁੱਖ ਪਹਿਲੂ ਸਰੀਰ ਹੈ ਜੋ ਪੰਜ ਤੱਤਾਂ ਦਾ ਬਣਿਆ ਹੋਇਆ

ਪੰਚ ਤਤੁ ਮਿਲਿ ਕਾਇਆ ਕੀਨੀ॥ (ਪੰਨਾ 1030)

ਪੰਚ ਤਤੁ ਮਿਲਿ ਇਹੁ ਤਨੁ ਕੀਆ॥ (ਪੰਨਾ 1039)

ਸੋ ਗੁਰਬਾਣੀ ਅਨੁਸਾਰ ਸਰੀਰ ਪੰਜਾਂ ਤੱਤਾਂ ਦਾ ਪੁਤਲਾ ਹੈ। ਅੱਗ, ਪਾਣੀ,ਧਰਤੀ, ਹਵਾ ਅਤੇ ਅਕਾਸ਼ ਨਾਲ ਸਰੀਰ ਦਾ ਸਥੂਲ ਢਾਂਚਾ ਬਣਿਆ ਹੋਇਆ ਹੈ। ਜੀਵਨ ਸਮੇਂ ਇਸ ਸਰੀਰ ਵਿਚ ਜੀਵ-ਆਤਮਾ ਨਿਵਾਸ ਕਰਦੀ ਹੈ:

ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ॥ (ਪੰਨਾ 309)

ਕਾਇਆ ਦਾ ਸਰੀਰ ਇਕ ਨਗਰ ਦੀ ਤਰ੍ਹਾਂ ਹੈ ਜਿਸ ਵਿਚ ਸੁਆਮੀ ਆਪ ਵੱਸ ਰਿਹਾ ਹੈ:

ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ॥ (ਪੰਨਾ 720)

ਪਰੰਤੂ ਜਿੱਥੇ ਆਤਮਾ ਸਦੀਵੀ ਹੈ, ਅਮਰ ਹੈ, ਉਥੇ ਇਹ ਸਰੀਰ ਨਾਸ਼ਮਾਨ ਹੈ। ਇਹ ਇਕ ਅਜਿਹੇ ਕਾਗਜ਼ ਦੀ ਤਰ੍ਹਾਂ ਹੈ ਜਿਸ ਉੱਪਰ ਪਾਣੀ ਦੀ ਬੂੰਦ ਪੈਣ ’ਤੇ ਉਹ ਗਲ ਕੇ ਢੇਰੀ ਹੋ ਜਾਂਦਾ ਹੈ:

ਦੇਹੀ ਕਾਚੀ ਕਾਗਦ ਮਿਕਦਾਰਾ॥
ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ॥ (ਪੰਨਾ 1048)

ਮਰਨ ਉਪਰੰਤ ਇਹ ਪੰਜੇ ਤੱਤ ਜਗਤ-ਵਿਆਪੀ ਤੱਤਾਂ ਵਿਚ ਫੇਰ ਸਮਾ ਜਾਂਦੇ ਹਨ:

ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ॥ (ਪੰਨਾ 63)

ਭਗਤ ਰਵਿਦਾਸ ਜੀ ਅਨੁਸਾਰ ਇਹ ਸਰੀਰ ਤਾਂ ਘਾਹ ਦੀ ਛੱਪਰੀ ਵਾਂਗਰਾਂ ਹੈ, ਘਾਹ ਸੜ ਗਿਆ ਤੇ ਮਿੱਟੀ ਹੋ ਗਿਆ:

ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ॥
ਜਲਿ ਗਇਓ ਘਾਸੁ ਰਲਿ ਗਇਓ ਮਾਟੀ॥ (ਪੰਨਾ 794)

ਸ੍ਰੀ ਗੁਰੂ ਤੇਗ ਬਹਾਦਰ ਜੀ ਸਰੀਰ ਦੀ ਨਾਸ਼ਮਾਨਤਾ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੇ ਹਨ :

ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ॥ (ਪੰਨਾ 726)

ਇਸ ਤਰ੍ਹਾਂ ਤਾਂ ਇਹ ਸਿੱਧ ਹੁੰਦਾ ਹੈ ਕਿ ਜੀਵ ਦੇ ਦੋ ਮੁੱਖ ਪਹਿਲੂ ਆਤਮਾ ਅਤੇ ਸਰੀਰ ਹਨ ਅਤੇ ਜਿੱਥੇ ਆਤਮਾ ਅਮਰ ਹੈ, ਉਥੇ ਸਰੀਰ ਨਾਸ਼ਮਾਨ ਹੈ।

ਹਿੰਦੂ ਮਤ ਦੇ ਪ੍ਰਾਚੀਨ ਵਿਦਵਾਨਾਂ ਨੇ ਜੀਵਾਂ ਦੀਆਂ ਜੂਨਾਂ 84 ਲੱਖ ਮੰਨੀਆਂ ਹਨ ਅਰਥਾਤ 84 ਲੱਖ ਪ੍ਰਕਾਰ ਦੇ ਜੀਵ ਹਨ। ਇਨ੍ਹਾਂ ਵਿੱਚੋਂ ਨੌਂ ਲੱਖ ਜਲ ਵਾਸੀ, ਦਸ ਲੱਖ ਪੌਣ ਵਿਚ ਉੱਡਣ ਵਾਲੇ ਪੰਛੀ ਆਦਿ, ਵੀਹ ਲੱਖ ਸਥਿਤ ਰਹਿਣ ਵਾਲੇ ਬ੍ਰਿਛ ਆਦਿ, ਗਿਆਰਾਂ ਲੱਖ ਪੇਟ ਦੇ ਬਲ ਚੱਲਣ ਵਾਲੇ, ਤੀਹ ਲੱਖ ਚੌਪਾਏ ਅਤੇ ਚਾਰ ਲੱਖ ਕਿਸਮ ਦੇ ਮਨੁੱਖ ਜਾਤ ਦੇ ਜੀਵ ਹਨ ਜਿਨ੍ਹਾਂ ਵਿਚ ਬਾਂਦਰ, ਬਨਮਾਨਸ ਆਦਿ ਸਭ ਆ ਜਾਂਦੇ ਹਨ।

ਗੁਰਬਾਣੀ ਵਿਚ ਇਨ੍ਹਾਂ ਜੂਨਾਂ ਦੀ ਇਸ ਤਰ੍ਹਾਂ ਦੀ ਵੰਡ ਦੇ ਵੇਰਵੇ ਜਾਂ ਵਿਸਥਾਰ ਉਪਲਬਧ ਨਹੀਂ ਹੁੰਦੇ ਪਰੰਤੂ ਇਨ੍ਹਾਂ ਦੀ ਕੁੱਲ ਗਿਣਤੀ ਚੌਰਾਸੀ ਲੱਖ ਦਾ ਜ਼ਿਕਰ ਆਇਆ ਹੈ:

ਲਖ ਚਉਰਾਸੀਹ ਜੋਨਿ ਸਬਾਈ॥ (ਪੰਨਾ 1075)

ਭਾਈ ਗੁਰਦਾਸ ਜੀ ਇਸ ਪ੍ਰਥਾਏ ਇੰਞ ਜ਼ਿਕਰ ਕਰਦੇ ਹਨ:

ਚਉਰਾਸੀਹ ਲਖ ਜੋਨਿ ਵਿਚਿ ਜਲੁ ਥਲੁ ਮਹੀਅਲੁ ਤ੍ਰਿਭਵਣ ਸਾਰਾ।
ਇਕਸੁ ਇਕਸੁ ਜੋਨਿ ਵਿਚਿ ਜੀਅ ਜੰਤ ਅਗਣਤ ਅਪਾਰਾ।(ਵਾਰ 8:2)

ਸ੍ਰਿਸ਼ਟੀ ਦੇ ਕੁੱਲ ਜੀਵਾਂ ਤੋਂ ਮਨੁੱਖ ਅਧਿਕ ਸਮਝਦਾਰ ਅਤੇ ਮਹੱਤਵਪੂਰਨ ਭਾਈ ਜੋਧ ਸਿੰਘ ਅਨੁਸਾਰ ਜਿੰਦ ਅਤੇ ਚੇਤਨਤਾ ਤਾਂ ਸ੍ਰਿਸ਼ਟੀ ਵਿਚ ਘੱਟ-ਵੱਧ ਕਈ ਰੂਪਾਂ ਵਿਚ ਦਿੱਸਦੀਆਂ ਹਨ, ਪਰ ਮਨੁੱਖੀ ਖੋਜ ਦਾ ਸਿੱਟਾ ਇਹ ਹੈ ਕਿ ਜਿੰਨੀ ਪੂਰਨਤਾ ਨੂੰ ਇਹ ਮਨੁੱਖ ਦੇਹੀ ਵਿਚ ਪੁੱਜੀਆਂ ਹਨ ਓਨੀ ਪੂਰਨਤਾ ਕਿਸੇ ਹੋਰ ਦੇਹੀ ਵਿਚ ਨਹੀਂ। ਮਨੁੱਖ ਨੂੰ ਇਸ ਧਰਤੀ ਦਾ ਸਰਦਾਰ ਕਿਹਾ ਗਿਆ ਹੈ:

ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (ਪੰਨਾ 374)

ਦੇਵੀ-ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਅਰਥਾਤ ਇਹਨੂੰ ਹਾਸਲ ਕਰਨ ਲਈ ਤਰਸਦੇ ਹਨ:

ਇਸ ਦੇਹੀ ਕਉ ਸਿਮਰਹਿ ਦੇਵ॥ (ਪੰਨਾ 1159)

ਗੁਰਬਾਣੀ ਅਨੁਸਾਰ :

ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ॥ (ਪੰਨਾ 751)

ਸਿਰੀਰਾਗੁ ਦੇ ਪਹਿਰਿਆਂ ਦੇ ਅੰਤਰਗਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਦੀ ਜੀਵਨ-ਅਵਧੀ ਨੂੰ ਵੱਖੋ-ਵੱਖ ਛੇ ਹਿੱਸਿਆਂ ਵਿਚ ਵੰਡਿਆ ਹੈ। ਇਨ੍ਹਾਂ ਵਿੱਚੋਂ ਚਾਰ ਹਿੰਦੂ ਧਰਮ ਵਾਲੇ ਪ੍ਰਸਿੱਧ ਆਸ਼ਰਮ ਹੀ ਹਨ। ਪਰ, ਬਾਕੀ ਦੀਆਂ ਦੋ ਅਵਸਥਾਵਾਂ ਗਰਭ ਅਤੇ ਮਰਨ ਗੁਰੂ ਜੀ ਦੀ ਨਵੀਂ ਕਲਪਨਾ ਹੈ। ਗਰਭ ਅਵਸਥਾ ਤੋਂ ਨਿਵਿਰਤ ਹੋ ਕੇ ਬਾਲ ਅਵਸਥਾ, ਜਵਾਨ ਅਵਸਥਾ, ਅਧਖੜ ਅਵਸਥਾ, ਬ੍ਰਿਧ ਅਵਸਥਾ ਤੋਂ ਮਨੁੱਖ ਮਰਨ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਅੰਤ ਵਿਚ ਪੱਕੇ ਹੋਏ ਖੇਤ ਨੂੰ ਕੱਟਣ ਵਾਲਾ ਯਮਰਾਜ ਆ ਪਹੁੰਚਦਾ ਹੈ ਅਤੇ ਬਿਨਾਂ ਕਿਸੇ ਨੂੰ ਪਤਾ ਲੱਗੇ ਮਨੁੱਖ ਨੂੰ ਪਕੜ ਕੇ ਲੈ ਜਾਂਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਮਾਝ ਰਾਗ ਵਿਚ ਮਨੁੱਖ ਦਾ ਜੀਵਨ ਦਸ ਅਵਸਥਾਵਾਂ ਵਿਚ ਵੰਡਦੇ ਹਨ, ਜਿਸ ਅਨੁਸਾਰ ਦਸਵੀਂ ਅਵਸਥਾ ਵਿਚ ਪਹੁੰਚ ਕੇ ਉਹ ਸੜ ਕੇ ਸੁਆਹ ਹੋ ਜਾਂਦਾ ਹੈ। ਇਹ ਚਿਤਰਨ ਆਯੂ ਦੇ ਕਿਸੇ ਨਿਸ਼ਚਿਤ ਕਰਮ ਅਨੁਸਾਰ ਨਹੀਂ ਹੁੰਦੇ ਕੇਵਲ ਭਾਵਨਾਤਮਕ ਢੰਗ ਨਾਲ ਮਨੁੱਖ ਦੀ ਸੰਸਾਰਕ ਯਾਤਰਾ ਸਬੰਧੀ ਇਨ੍ਹਾਂ ਅਵਸਥਾਵਾਂ ਦਾ ਚਿਤਰਨ ਹੈ ਅਤੇ ਇਸ ਦਾ ਅੰਤਮ ਉਦੇਸ਼ ਪੱਕਾ ਕਰਨਾ ਹੈ ਕਿ ਮੌਤ ਅਟੱਲ ਹੈ। ਗੁਰਬਾਣੀ ਇਸ ਬਾਰੇ ਮਨੁੱਖ ਨੂੰ ਸੁਚੇਤ ਕਰਦੀ ਹੈ :

ਭਾਈ ਰੇ ਇਉ ਸਿਰਿ ਜਾਣਹੁ ਕਾਲੁ॥
ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ॥ (ਪੰਨਾ 55)

ਸ੍ਰੀ ਗੁਰੂ ਨਾਨਕ ਦੇਵ ਜੀ ਗੁਰਬਾਣੀ ਵਿਚ ਫ਼ਰਮਾਉਂਦੇ ਹਨ ਕਿ ਇਹ ਮਰਨਾ ਸਭਨਾਂ ਲਈ ਅਟੱਲ ਹੈ:

ਸਭਨਾ ਮਰਣਾ ਆਇਆ ਵੇਛੋੜਾ ਸਭਨਾਹ॥ (ਪੰਨਾ 595)

ਸ੍ਰੀ ਗੁਰੂ ਤੇਗ ਬਹਾਦਰ ਜੀ ਅਨੁਸਾਰ :

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥ (ਪੰਨਾ 1429)

ਜੋ ਵੀ ਉਪਜਦਾ ਹੈ ਕਾਲ ਦੁਆਰਾ ਉਸ ਦਾ ਸੰਘਾਰ ਕੀਤਾ ਜਾਂਦਾ ਹੈ:

ਜੋ ਉਪਜੈ ਸੋ ਕਾਲਿ ਸੰਘਾਰਿਆ॥ (ਪੰਨਾ 227)

ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਸ਼ੁਰੂ ਤੋਂ ਹੀ ਮਰਨ ਲਿਖਾ ਕੇ ਇਸ ਮੰਡਲ ਵਿਚ ਆਉਂਦਾ ਹੈ:

ਮਰਣੁ ਲਿਖਾਇ ਮੰਡਲ ਮਹਿ ਆਏ॥
ਕਿਉ ਰਹੀਐ ਚਲਣਾ ਪਰਥਾਏ॥ (ਪੰਨਾ 1022)

ਮੌਤ ਕਦੋਂ ਕਿਸ ’ਤੇ ਵਾਪਰੇਗੀ, ਇਸ ਬਾਰੇ ਕੋਈ ਨਹੀਂ ਜਾਣਦਾ, ਇਹ ਕਾਲ ਦਾ ਅਟੱਲ ਨਿਯਮ ਹੈ ਅਤੇ ਇਹ ਕਿਸੇ ਨੂੰ ਪੁੱਛ ਕੇ ਉਸ ’ਤੇ ਵਾਰ ਨਹੀਂ ਕਰਦਾ:

ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ॥
ਇਕਨੀ੍ ਲਦਿਆ ਇਕਿ ਲਦਿ ਚਲੇ ਇਕਨੀ੍ ਬਧੇ ਭਾਰ॥ (ਪੰਨਾ 1244)

ਸੋ ਮੌਤ ਅਟੱਲ ਹੈ। ਪਰ ਇਹ ਮੌਤ ਕੀ ਹੈ। ਜੀਵ-ਆਤਮਾ ਦੀ ਇਸ ਪੰਜ ਭੂਤਕ ਸਰੀਰ ਨੂੰ ਤਿਆਗ ਦੇਣ ਦੀ ਅਵਸਥਾ ਆਮ ਸ਼ਬਦਾਂ ਵਿਚ ਮੌਤ ਕਹਿਲਾਉਂਦੀ ਹੈ। ਇਹ ਸਰੀਰ, ਮਿੱਟੀ, ਪਾਣੀ, ਅਗਨੀ, ਹਵਾ ਦਾ ਮੇਲ ਹੈ ਤੇ ਇਸ ਵਿਚ ਬੁੱਧੀ ਦਾ ਪ੍ਰਕਾਸ਼ ਹੈ। ਇਹ ਇਕ ਅਜਿਹੀ ਮਸ਼ੀਨ ਹੈ ਜੋ ਪ੍ਰਾਣਾਂ ਦੇ ਆਸਰੇ ਚੱਲਦੀ ਹੈ ਤੇ ਅਕਾਲ ਪੁਰਖ ਦੀ ਜੋਤ ਦਾ ਜ਼ਹੂਰ ਹੈ। ਮੌਤ ਸਮੇਂ ਮਰਦਾ ਕੀ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਦੇਹੀ ਮਾਟੀ ਬੋਲੈ ਪਉਣੁ॥
ਬੁਝੁ ਰੇ ਗਿਆਨੀ ਮੂਆ ਹੈ ਕਉਣੁ॥
ਮੂਈ ਸੁਰਤਿ ਬਾਦੁ ਅਹੰਕਾਰੁ॥
ਓਹੁ ਨ ਮੂਆ ਜੋ ਦੇਖਣਹਾਰੁ॥ (ਪੰਨਾ 152)

ਪ੍ਰੋ. ਸ਼ੇਰ ਸਿੰਘ ਅਨੁਸਾਰ ਇਹ ਸਰੀਰ ਤਾਂ ਪਉਣ, ਪਾਣੀ, ਅਗਨੀ ਆਦਿ ਦਾ ਮੇਲ ਹੈ ਤੇ ਸੁਰਤ-ਬਾਦ ਅਹੰਕਾਰ (ਮਾਨਸਿਕ ਪੱਖ) ਸਰੀਰ ਤੋਂ ਆਤਮਾ ਦੇ ਪ੍ਰਸਪਰ ਸੰਬੰਧ ਤੋਂ ਪੈਦਾ ਹੁੰਦਾ ਹੈ ਤੇ ਸਰੀਰ ਦੇ ਨਾਲ ਹੀ ਨਾਸ਼ ਹੋ ਜਾਂਦਾ ਹੈ। ਪਰੰਤੂ ਆਤਮਾ, ਬ੍ਰਹਮ ਜੋਤਿ ਜੰਮਦੀ-ਮਰਦੀ ਨਹੀਂ ਤੇ ਇਹੋ ਹੀ ਮਨੁੱਖ ਵਿਚ ਅਸਲ ਤੱਤ ਹੈ।

ਇਹ ਜੀਵ-ਆਤਮਾ ਜੋ ਰਾਮ ਦੀ ਅੰਸ਼ ਹੋਣ ਕਰਕੇ ‘ਅਮਰ’ ਤੇ ਅਬਿਨਾਸ਼ੀ ਹੈ, ਜੋ ਸਰੀਰ ਨਾਲ ਖ਼ਤਮ ਨਹੀਂ ਹੋਈ, ਉਸ ਨਾਲ ਮੌਤ ਉਪਰੰਤ ਕੀ ਵਾਪਰਦਾ ਹੈ? ਹੁਣ ਅਸੀਂ ਇਸ ਉੱਪਰ ਵਿਚਾਰ ਕਰਾਂਗੇ।

ਗੁਰਬਾਣੀ ਅਨੁਸਾਰ ਇਸ ਦੀਆਂ ਦੋ ਗਤੀਆਂ ਜਾਂ ਅਵਸਥਾਵਾਂ ਸਾਡੇ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਪਹਿਲੀ ਹੈ, ਜਦ ਜੀਵ-ਆਤਮਾ ਆਪਣੇ ਸ਼ੁੱਧ ਆਪੇ ਦੀ ਪਹਿਚਾਣ ਕਰ ਜਾਂਦੀ ਹੈ ਤਾਂ ਉਹ ਇਸ ਜੰਮਣ-ਮਰਨ ਦੀ ਕਿਰਿਆ ਤੋਂ ਛੁਟਕਾਰਾ ਪਾ ਜਾਂਦੀ ਹੈ ਅਤੇ ਆਪਣੇ ਮੂਲ ਸੋਮੇ ਵਿਚ ਸਮਾ ਜਾਂਦੀ ਹੈ।

ਪਰੰਤੂ ਜੋ ਜੀਵ-ਆਤਮਾ ਇਸ ਪਰਮ ਆਤਮਾ ਇਸ ਪਰਮ ਆਦਰਸ਼ ਨੂੰ ਪ੍ਰਾਪਤ ਨਹੀਂ ਕਰ ਸਕਦੀ ਉਸ ਨੂੰ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ, ਹੋਰ ਜੂਨਾਂ ਵਿਚ ਜਨਮ ਲੈਣਾ ਪੈਂਦਾ ਹੈ ਜਿਸ ਨੂੰ ਆਵਾਗਵਨ ਜਾਂ ਆਵਾਗਮਨ ਕਹਿੰਦੇ ਹਨ। ਇਸ ਆਵਾਗਵਨ ਦਾ ਕਾਰਨ ‘ਹਉਮੈ’ ਕਿਹਾ ਜਾਂਦਾ ਹੈ।

ਡਾ. ਤਾਰਨ ਸਿੰਘ ਅਨੁਸਾਰ ‘ਹਉਮੈ ਇਕ ਅਜਿਹਾ ਪਰਦਾ ਹੈ ਜੋ ਵਿਅਕਤੀ ਦੀ ਆਤਮਾ ਪਾਸੋਂ ਸ਼੍ਰੋਮਣੀ ਹਕੀਕਤ ਦੀ ਦ੍ਰਿਸ਼ਟੀ ਜਾਂ ਅਨੁਭਵ ਨੂੰ ਪਰੇਡੇ ਰੱਖਦਾ ਹੈ। ਹਉਮੈ ਭਾਵ ਆਤਮਾ ਨੂੰ ਕਰਮਾਂ ਨਾਲ ਜੋੜ ਦਿੰਦਾ ਹੈ, ਕਰਮ ਹਉਮੈ ਨਾਲ ਹੋਣ ਕਰਕੇ ਝੂਠੇ ਜਾਂ ਅਪੂਰਨ ਹੁੰਦੇ ਹਨ ਅਤੇ ਇਸ ਤਰ੍ਹਾਂ ਜੰਮਣ ਅਤੇ ਮਰਨ ਦਾ ਚੱਕਰ ਚੱਲ ਪੈਂਦਾ ਹੈ, ਜਿਸ ਨੂੰ ਆਵਾਗਵਨ ਕਹਿੰਦੇ ਹਨ।’

ਜੀਵ-ਆਤਮਾ ਅਸਲੋਂ ਤਾਂ ਪੂਰਨ ਪਰਮਾਤਮਾ ਦੀ ਕਿਰਨ ਹੈ, ਪਰੰਤੂ ਜਦ ਇਹ ਮਾਨਸਿਕ ਅਤੇ ਸਰੀਰਿਕ ਹਨੇਰੇ ਵਿਚ ਕੈਦ ਹੁੰਦੀ ਹੈ ਤਾਂ ਆਪਣੇ ਸੋਮੇ ਨੂੰ ਤੇ ਆਪਣੇ ਸੁਭਾਅ ਨੂੰ ਭੁੱਲ ਜਾਂਦੀ ਹੈ। ਗਿ. ਸਰਦੂਲ ਸਿੰਘ ਕਵੀਸ਼ਰ ਅਨੁਸਾਰ-

“ਇਹ ਭੁੱਲ ਚੁਕੀ ਜੀਵ-ਆਤਮਾ ਮਨ ਕਹਿਲਾਉਂਦੀ ਹੈ, ਜੋ ਦ੍ਰਿਸ਼ਟਮਾਨ ਸੰਸਾਰ ਵਿਚ ਕਰਮ ਕਰਨ ਵਾਲੀ ਆਤਮਾ ਹੈ।”

‘ਓਅੰਕਾਰ’ ਬਾਣੀ ਵਿਚ ਗੁਰੂ ਜੀ ਨੇ ਮਨ ਰੂਪੀ ਪੰਛੀ ਨੂੰ ਸਰੀਰ ਰੂਪੀ ਬ੍ਰਿਛ ਉੱਤੇ ਨਿਵਾਸ ਕਰਦਾ ਦੱਸਿਆ ਹੈ। ਉਸ ਬ੍ਰਿਛ ਉੱਤੇ ਇਕ ਹੋਰ ਪੰਛੀ ਹੈ ਜੋ ਇਸ ਤੋਂ ਸ੍ਰੇਸ਼ਟ ਹੈ (ਪਰਮਾਤਮਾ)। ਜਦ ਮਨ ਤੱਤ ਨੂੰ ਚੁਗਦਾ ਹੈ ਭਾਵ ਪਰਮਾਤਮਾ ਦਾ ਸੇਵਨ ਕਰਦਾ ਹੈ ਤਾਂ ਉਹ ਸੰਸਾਰਕ ਬੰਧਨਾਂ ਵਿਚ ਨਹੀਂ ਫਸਦਾ। ਪਰ ਜੇ ਉਹ ਪੰਛੀ ਪਰਮਾਤਮਾ ਤੋਂ ਵੱਖ ਹੋ ਕੇ ਉੱਡਦਾ ਹੈ, ਜਾਂ ਸਰੀਰ ਰੂਪੀ ਚੋਗਾ ਚੁਗਦਾ ਹੈ, ਤਾਂ ਉਹ ਪਾਪਾਂ ਦੇ ਭਾਰ ਨਾਲ ਦੱਬ ਜਾਂਦਾ ਹੈ। ਡਾਕਟਰ ਰਤਨ ਸਿੰਘ (ਜੱਗੀ) ਅਨੁਸਾਰ- “ਇਸ ਪ੍ਰਕਰਣ ਵਿਚ ਮਨ ਤੋਂ ਭਾਵ ਜੀਵ-ਆਤਮਾ ਲਿਆ ਜਾ ਸਕਦਾ ਹੈ।”

ਗੁਰਬਾਣੀ ਵਿਚ ਮਨ ਦੇ ਦੋ ਰੂਪ ਮੰਨੇ ਗਏ ਹਨ-

ਪ੍ਰਕਾਸ਼ਮਈ ਮਨ-

ਇਹ ਉਹ ਮਨ ਹੈ ਜੋ ਜੋਤਿ ਸਰੂਪ ਪਰਮਾਤਮਾ ਦੀ ਜੋਤ ਰੂਪ ਪ੍ਰਕਾਸ਼ਮਾਨ ਹੈ। ਇਹ ਮਾਇਆ ਤੋਂ ਮੁਕਤ ਸ਼ੁੱਧ ਰੂਪ ਹੈ। ਅਜਿਹੇ ਮਨ ਅੰਦਰ ਨਾਮ ਰੂਪੀ ਰਤਨ, ਹੀਰੇ, ਮਾਣਕ, ਲਾਲ ਆਦਿ ਹਨ:

ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ॥ (ਪੰਨਾ 22)

ਅੰਧਕਾਰਮਈ ਮਨ-

ਇਹ ਮਨ ਦਾ ਦੂਜਾ, ਪਰ ਕੋਝਾ ਰੂਪ ਹੈ। ਮਾਇਆ ਦੇ ਪ੍ਰਭਾਵ ਕਾਰਨ ਜਦ ਮਨ ਅਸਲੀ ਤੱਤ ਨੂੰ ਭੁੱਲ ਕੇ ਸੰਸਾਰਿਕ ਪ੍ਰਵਿਰਤੀਆਂ ਵਿਚ ਲੀਨ ਹੋ ਜਾਂਦਾ ਹੈ ਤਾਂ ਅਗਿਆਨ ਕਰਕੇ ਉਸ ਦਾ ਰੂਪ ਅਸ਼ੁੱਧ ਹੋ ਜਾਂਦਾ ਹੈ। ਗੁਰਬਾਣੀ ਵਿਚ ਇਸ ਅੰਧਕਾਰਮਈ ਮਨ ਦੀ ਤੁਲਨਾ ਭ੍ਰਿਸ਼ਟ ਤੇ ਮਸਤ ਹਾਥੀ ਨਾਲ ਕੀਤੀ ਗਈ ਹੈ, ਜੋ ਮਾਇਆ ਦੇ ਮੋਹ ਵੱਸ ਅਤੇ ਕਾਲ ਦਾ ਦਬਾਇਆ ਜੰਗਲ ਵਿਚ ਹੈਰਾਨ ਹੋਇਆ ਇਧਰ-ਉਧਰ ਫਿਰ ਰਿਹਾ ਹੈ:

ਮਨੁ ਮੈਗਲੁ ਸਾਕਤੁ ਦੇਵਾਨਾ॥
ਬਨ ਖੰਡਿ ਮਾਇਆ ਮੋਹਿ ਹੈਰਾਨਾ॥
ਇਤ ਉਤ ਜਾਹਿ ਕਾਲ ਕੇ ਚਾਪੇ॥ (ਪੰਨਾ 415)

ਬਸੰਤੁ ਰਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਅੰਧਕਾਰਮਈ ਮਨ ਦਾ ਵਿਸ਼ਲੇਸ਼ਣ ਵਿਸਥਾਰ ਸਹਿਤ ਕਰਦਿਆਂ ਫ਼ਰਮਾਉਂਦੇ ਹਨ ਕਿ ਮਾਇਆਵੀ ਵਿਸ਼ਿਆਂ ਵਿਚ ਭੁੱਲਿਆ ਮਨ ਸੰਸਾਰ ਵਿਚ ਆਉਂਦਾ-ਜਾਂਦਾ ਰਹਿੰਦਾ ਹੈ। ਮਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜਾਂ ਦੂਤਾਂ ਦੇ ਵੱਸ ਵਿਚ ਹੁੰਦਾ ਹੈ।

“ਭਾਰਤੀ ਚਿੰਤਨ ਵਿਚ ਆਤਮਾ ਤੋਂ ਬਿਨਾਂ ਮਨੁੱਖ ਦਾ ਦੋ ਪ੍ਰਕਾਰ ਦਾ ਸਰੀਰ ਮੰਨਿਆ ਗਿਆ ਹੈ। ਇਕ ਸਥੂਲ ਸਰੀਰ ਜਿਸ ਦਾ ਨਿਰਮਾਣ ਪੰਜਾਂ ਤੱਤਾਂ ਦੁਆਰਾ ਹੋਇਆ ਹੈ ਜਾਂ ਤਿੰਨਾਂ ਗੁਣਾਂ ਸਤ, ਤਮ, ਰਜ ਦੇ ਸੰਯੋਗ ਦਾ ਨਤੀਜਾ ਹੈ। ਦੂਸਰਾ ਸੂਖਮ ਸਰੀਰ ਜਿਸ ਨੂੰ ਸਮੁੱਚੇ ਰੂਪ ਵਿਚ ਜੀਵ ਵੀ ਆਖਿਆ ਗਿਆ ਹੈ।”

ਭਾਰਤੀ ਚਿੰਤਨ ਵਿਚ ਸਥੂਲ ਸਰੀਰ ਦੇ ਨਾਲ ਇਕ ਸੂਖਮ ਸਰੀਰ ਦੀ ਕਲਪਨਾ ਵੀ ਕੀਤੀ ਗਈ ਹੈ ਜੋ ਸਥੂਲ ਸਰੀਰ ਵਾਂਗ ਨਾਸ਼ਮਾਨ ਨਹੀਂ, ਸਗੋਂ ਬਾਰ- ਬਾਰ ਜਨਮ ਲੈਂਦਾ ਹੈ। ਇਕ ਜਨਮ ਦੇ ਕਰਮ ਫਲ ਭੋਗਣ ਲਈ ਦੂਸਰਾ ਜਨਮ ਲੈਣਾ ਪੈਂਦਾ ਹੈ ਅਤੇ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਜਦ ਤਕ ਜੀਵ ਨੂੰ ਮੁਕਤੀ ਪ੍ਰਾਪਤ ਨਾ ਹੋ ਜਾਵੇ। ਗੁਰਬਾਣੀ ਵਿਚ ਸੂਖ਼ਮ ਸਰੀਰ ਦੇ ਪ੍ਰਤੀਕ ਹਉਮੈ, ਮਨ ਆਦਿ ਹਨ। ਹਉਮੈ ਦਾ ਆਖਰੀ ਅਰਥ ‘ਮੈਂ ਮੈਂ’ ਦਾ ਹੈ। ਹਉਮੈ ਨੂੰ ਜਗਤ ਦੀ ਉਤਪਤੀ ਦਾ ਕਾਰਨ ਮੰਨਿਆ ਹੈ:

ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥ (ਪੰਨਾ 946)

ਜਨਮ ਤੋਂ ਲੈ ਕੇ ਮਰਨ ਤਕ ਮਨੁੱਖ ਇਸੇ ਹਉਮੈ ਵਿਚ ਗ੍ਰਸਿਆ ਰਹਿੰਦਾ ਹੈ:

ਹਉ ਵਿਚਿ ਆਇਆ ਹਉ ਵਿਚਿ ਗਇਆ॥
ਹਉ ਵਿਚਿ ਜੰਮਿਆ ਹਉ ਵਿਚਿ ਮੁਆ॥  (ਪੰਨਾ 466)

ਇਸੇ ਕਾਰਨ ਕਰਕੇ ਹੀ ਮਨੁੱਖ ਸਚਿਆਰ ਤੋਂ ਕੂੜਿਆਰ ਬਣਦਾ ਹੈ ਅਤੇ ਇਸ ਦੇ ਪ੍ਰਭਾਵ ਅਧੀਨ ਪੁੰਨ ਪਾਪ ਕਮਾਉਂਦਾ ਹੈ:

ਹਉ ਵਿਚਿ ਸਚਿਆਰੁ ਕੂੜਿਆਰੁ॥
ਹਉ ਵਿਚਿ ਪਾਪ ਪੁੰਨ ਵੀਚਾਰੁ॥ (ਪੰਨਾ 466)

ਇਹ ਉਸ ਕਰਕੇ ਹੀ ਜੀਵ ਬੰਧਨ ਵਿਚ ਹੈ ਤੇ ਉਸ ਨੂੰ ਜਨਮ-ਮਰਨ ਦੇ ਗੇੜ ਵਿਚ ਪੈਣਾ ਪੈਂਦਾ ਹੈ:

ਹਉਮੈ ਬੰਧਨ ਬੰਧਿ ਭਵਾਵੈ॥ (ਪੰਨਾ 227)

ਇਸ ਹਉਮੈ ਦੇ ਬੰਧਨ ਕਰਕੇ ਹੀ ਜੀਵ-ਆਤਮਾ ਵੱਖ-ਵੱਖ ਜੂਨੀਆਂ ਵਿਚ ਪੈਂਦੀ ਹੈ, ਜਿਸ ਨੂੰ ਆਵਾਗਵਨ ਕਹਿੰਦੇ ਹਨ:

ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥ (ਪੰਨਾ 466)

ਸ਼ੁਭ-ਅਸ਼ੁਭ ਕਰਮ ਅਨੁਸਾਰ ਜੀਵ ਦਾ ਊਚ-ਨੀਚ ਜੂਨਾਂ ਵਿਚ ਇਕ ਸਰੀਰ ਛੱਡ ਕੇ ਦੂਜੇ ਵਿਚ ਪ੍ਰਵੇਸ਼ ਹੋਣਾ, ਆਵਾਗਵਨ ਸੱਦੀਦਾ ਹੈ।

ਵਿਕਾਸ ਸਿਧਾਂਤ ਅਨੁਸਾਰ ਮਨੁੱਖੀ ਸਰੀਰ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਜਿੰਦ ਕਈ ਸਰੀਰਾਂ ਵਿੱਚੋਂ ਲੰਘੀ। ਨਿਰਜੀਵ ਮਾਦੇ ਵਿੱਚੋਂ ਪਹਿਲਾਂ ਜੀਵ ਬਨਸਪਤੀ ਦੇ ਰੂਪ ਵਿਚ ਪੈਦਾ ਹੋਏ, ਫਿਰ ਜਾਨਵਰਾਂ ਦੇ ਰੂਪ ਵਿੱਚੋਂ ਵਿਕਾਸ ਕਰਦਾ, ਬਾਂਦਰ ਆਦਿ ਦੇ ਸਰੀਰ ਤੋਂ ਤਰੱਕੀ ਕਰਦਾ ਮਨੁੱਖ ਦਾ ਸਰੀਰ ਬਣਿਆ। ਇਹ ਇਸ ਵਿਕਾਸ ਨੂੰ ਸਰੀਰਿਕ ਮੰਨਦੇ ਹਨ ਅਤੇ ਇਨ੍ਹਾਂ ਅਨੁਸਾਰ ਜਦ ਸਰੀਰ ਦਾ ਵਿਕਾਸ ਹੁੰਦਾ ਹੈ, ਸੂਝ ਜਾਂ ਚੇਤਨਤਾ ਵਿਚ ਵੀ ਤਰੱਕੀ ਹੁੰਦੀ ਜਾਂਦੀ ਹੈ ਅਤੇ ਅੰਤ ਮਨੁੱਖੀ ਦੇਹ ਵਿਚ ਵਿਚਾਰ ਅਤੇ ਨਿਰਣਾ ਸ਼ਕਤੀ ਵੀ ਆ ਜਾਂਦੀ ਹੈ।

ਆਵਾਗਵਨ ਦੇ ਸਿਧਾਂਤ ਅਤੇ ਵਿਕਾਸ ਦੇ ਸਿਧਾਂਤ ਵਿਚ ਭੇਦ ਇਹ ਹੈ ਕਿ ਪਿਛਲਾ ਸਿਧਾਂਤ ਤਾਂ ਸਿਰਫ਼ ਸਰੀਰ ਤਕ ਹੀ ਸੀਮਿਤ ਰਹਿੰਦਾ ਹੈ ਅਤੇ ਮੰਨਦਾ ਹੈ ਕਿ ਸਰੀਰਿਕ ਉੱਨਤੀ ਅਨੁਸਾਰ ਅੰਦਰਲੀ ਸੂਝ ਵਧਦੀ ਜਾਂਦੀ ਹੈ। ਪਰ ਆਵਾਗਵਨ ਦਾ ਸਿਧਾਂਤ ਇਹ ਦੱਸਦਾ ਹੈ ਕਿ ਜੀਵ-ਆਤਮਾ ਦੀ ਆਪਣੀ ਅਵਸਥਾ ਅਨੁਸਾਰ ਉਸ ਨੂੰ ਚੰਗੇਰਾ ਸਰੀਰ ਮਿਲਦਾ ਹੈ।

ਗੁਰੂ ਸਾਹਿਬ ਨੇ ਦਰਸਾਇਆ ਹੈ ਕਿ ਜੀਵ-ਆਤਮਾ ਨੇ ਹੇਠਲੇ ਦਰਜਿਆਂ (ਜੂਨੀਆਂ) ਦਾ ਜੀਵਨ ਬਤੀਤ ਕਰ ਕੇ ਬਹੁਤ ਸਮੇਂ ਪਿੱਛੋਂ ਇਸ ‘ਮਾਨਸ ਦੇਹ’ ਦਾ ਜਾਮਾ ਲਿਆ ਹੈ ਅਤੇ ਇਹ ਵੀ ਦੱਸਿਆ ਹੈ ਕਿ ਇਹ ਮਨੁੱਖਾ ਜਨਮ ਇਸ ਆਵਾਗਵਨ ਦੇ ਚੱਕਰ ਨੂੰ ਕੱਟਣ ਦਾ ਸਭ ਤੋਂ ਵਧੀਆ ਸਮਾਂ ਹੈ:

ਮਿਲੁ ਜਗਦੀਸ ਮਿਲਨ ਕੀ ਬਰੀਆ॥
ਚਿਰੰਕਾਲ ਇਹ ਦੇਹ ਸੰਜਰੀਆ॥ (ਪੰਨਾ 176)

ਇਹ ਦੇਹ ਚੁਰਾਸੀ ਦਾ ਚੱਕਰ ਪੂਰਾ ਕਰ ਕੇ ਮਿਲੀ ਹੈ। ਕੀੜੇ-ਪਤੰਗੇ, ਹਾਥੀ, ਮੱਛ, ਕੁਰੰਗ, ਪੰਛੀ, ਸੱਪ, ਘੋੜੇ, ਦਰਖ਼ਤ, ਪਹਾੜ ਆਦਿ ਚੁਰਾਸੀ ਲੱਖ ਜੂਨੀਆਂ ਵਿਚ ਇਹ ਜੀਵ ਭੌਂਦਾ ਰਿਹਾ ਹੈ। ਗੁਰਮਤਿ ਵਿਚ ਇਸ ਸਿਧਾਂਤ ਨੂੰ ਬੜੀ ਦ੍ਰਿੜ੍ਹਤਾ ਨਾਲ ਪੇਸ਼ ਕੀਤਾ ਗਿਆ ਹੈ। ਪਰੰਤੂ, ਜਿੱਥੇ ਜੀਵ-ਆਤਮਾ ਦੇ ਕੀਟ- ਪਤੰਗਿਆਂ ਤੋਂ ਮਨੁੱਖਾ ਦੇਹ ਵਿਚ ਆਉਣ ਬਾਰੇ ਦੱਸਿਆ ਗਿਆ ਹੈ, ਉਥੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਜੀਵ-ਆਤਮਾ ਹੇਠਲੀਆਂ ਜੂਨਾਂ ਵਿਚ ਵੀ ਪੈ ਸਕਦੀ ਹੈ। ਇਹ ਭੁੱਲਿਆ ਹੋਇਆ ਮਨਮੁਖੀ ਜੀਵ ‘ਰਾਜ, ਮਿਲਕ, ਸਿਕਦਾਰੀਆਂ’ ਦੇ ਰੂਪ ਭੋਗਣ ਵਿਚ ਖੱਚਤ ਰਹਿਣ ਵਾਲਾ, ਜੋ ਪਾਰਬ੍ਰਹਮ ਨੂੰ ਚਿਤ ਨਹੀਂ ਲਿਆਉਂਦਾ, ਗੁਰੂ ਜੀ ਫ਼ਰਮਾਉਂਦੇ ਹਨ ਕਿ ਸੱਪ ਦੀ ਜੂਨੀ ਵਿਚ ਪੈਂਦਾ ਹੈ:

ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ॥
ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ॥
ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ॥
ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ॥ (ਪੰਨਾ 70)

ਭਗਤ ਤ੍ਰਿਲੋਚਨ ਜੀ ਇਸੇ ਵਿਚਾਰ ਦੀ ਹੋਰ ਸਪੱਸ਼ਟਤਾ ਕਰਦੇ ਹਨ। ਆਪ ਜੀ ਦਾ ਵਿਚਾਰ ਹੈ ਕਿ ਅੰਤ ਸਮੇਂ ਜੋ ਲਛਮੀ ਦਾ ਹੀ ਚਿੰਤਨ ਕਰਦੇ ਹਨ ਅਤੇ ਇਸੇ ਮਾਇਆ ਦੀ ਚਿੰਤਾ ਵਿਚ ਮਰ ਜਾਂਦੇ ਹਨ ਉਹ ਮੁੜ-ਮੁੜ ਸੱਪ ਦੀ ਜੂਨ ਵਿਚ ਪੈਂਦੇ ਹਨ। ਜਿਸ ਪ੍ਰਾਣੀ ਦੀ ਸੁਰਤ ਅੰਤ ਸਮੇਂ ਇਸਤਰੀ ਭੋਗਣ ਵਿਚ ਹੁੰਦੀ ਹੈ, ਉਹ ਅਗਲੇ ਜਨਮ ਸਮੇਂ ਵੇਸਵਾ ਦੀ ਜੂਨੀ ਵਿਚ ਪੈਂਦਾ ਹੈ। ਜਿਸ ਦਾ ਖ਼ਿਆਲ ਸੰਤਾਨ ਦੀ ਮੋਹ-ਮਮਤਾ ਵਿਚ ਹੁੰਦਾ ਹੈ ਉਹ ਸੂਰੀ ਦੀ ਜੂਨੀ ਵਿਚ ਪੈਂਦਾ ਹੈ। ਸੋ, ਜੋ ਅੰਤ ਸਮੇਂ ਉਸ ਦੇ ਮਨ ਵਿਚ ਸੰਕਲਪ ਬਣ ਜਾਂਦਾ ਹੈ, ਉਸੇ ਤਰ੍ਹਾਂ ਦਾ ਭੋਗ ਭੋਗਣ ਲਈ ਉਸ ਨੂੰ ਅਜਿਹੀ ਜੂਨ ਵਿਚ ਪੈਣਾ ਹੀ ਪੈਂਦਾ ਹੈ।

ਅਸੀਂ ਪਿੱਛੇ ਕਹਿ ਚੁਕੇ ਹਾਂ ਕਿ ਜੀਵ ਦੇ ਕੀਤੇ ਹੋਏ ਕਰਮਾਂ ਦੇ ਸੰਸਕਾਰ ਹਨ ਜੋ ਉਸ ਨੂੰ ਜੂਨਾਂ ਵਿਚ ਘੁਮਾਉਂਦੇ ਹਨ। ਪਰੰਤੂ, ਇਹ ਕਿਰਿਆ ਕਿਸ ਤਰ੍ਹਾਂ ਵਾਪਰਦੀ ਹੈ, ਹੇਠਾਂ ਇਸ ’ਤੇ ਵਿਚਾਰ ਕਰਾਂਗੇ। ਇਕ ਜੂਨੀ ਤੋਂ ਦੂਜੀ ਜੂਨੀ ਵਿਚ ਆਉਣ ਵੇਲੇ ਜਦ ਮਨ ਇਕ ਅਵਸਥਾ ਤੋਂ ਦੂਸਰੀ ਅਵਸਥਾ ਵਿਚ ਆਉਂਦਾ ਹੈ ਤਾਂ ਉਹ ਪਹਿਲੀ ਜੂਨ ਦੇ ਸਾਰੇ ਸੰਸਕਾਰ ਛੱਡ ਕੇ ਨਹੀਂ ਆਉਂਦਾ, ਬਲਕਿ ਸੂਖ਼ਮ ਸਰੀਰ ਵਿਚ ਉਨ੍ਹਾਂ ਸੰਸਕਾਰਾਂ ਦਾ ਸਿੱਟਾ ਉਸ ਵਿਚ ਕਾਇਮ ਰਹਿੰਦਾ ਹੈ।

ਗੁਰਬਾਣੀ ਅਨੁਸਾਰ ਮਨੁੱਖ ਵਿਚ ਪੰਜ ਮੁੱਖ ਪਸ਼ੂ-ਰੁਚੀਆਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਨ। ਇਸ ਤਰ੍ਹਾਂ ਮਨੁੱਖ ਦਾ ਮਨ, ਅੱਖਾਂ, ਕੰਨਾਂ, ਨੱਕ, ਮੂੰਹ ਤੇ ਤ੍ਵਚਾ ਰਾਹੀਂ ਸੰਤੁਸ਼ਟ ਹੋਣ ਵਾਲੇ ਪੰਜਾਂ ਵਿਸ਼ਿਆਂ ਦਾ ਗ਼ੁਲਾਮ ਹੈ ਅਤੇ ਇਹ ਵਿਸ਼ੇ ਰੂਪ, ਸ਼ਬਦ, ਸੁਗੰਧ, ਰਸ, ਸਪਰਸ਼ ਹਨ। ਇਹ ਸਭ ਪਸ਼ੂ ਸੁਭਾਅ ਨਾਲ ਸੰਬੰਧਿਤ ਹਨ ਅਤੇ ਜਿਹੜਾ ਮਨੁੱਖ ਇਨ੍ਹਾਂ ਵਿਚ ਖੱਚਤ ਹੋ ਕੇ ਆਪਣੇ ਆਦਰਸ਼ ਨੂੰ ਭੁੱਲ ਜਾਵੇ ਗੁਰਬਾਣੀ ਵਿਚ ਉਸ ਨੂੰ ਪਸ਼ੂਆਂ ਤੋਂ ਵੀ ਭੈੜਾ ਗਿਣਿਆ ਗਿਆ ਹੈ। ਇਹ ਪਸ਼ੂ- ਵਿਸ਼ੇ ਇਸ ਲਈ ਕਹੇ ਜਾਂਦੇ ਹਨ, ਕਿਉਂਕਿ ਇਹ ਪਸ਼ੂਆਂ ਵਿਚ ਵੀ ਹਨ। ਕਈ ਪਸ਼ੂਆਂ ਵਿਚ ਸਿਰਫ਼ ਇਨ੍ਹਾਂ ਵਿੱਚੋਂ ਇੱਕ-ਇੱਕ ਹੀ ਵਿਸ਼ਾ ਹੈ, ਜਿਸ ਦੇ ਅਧੀਨ ਹੋ ਕੇ ਇਹ ਉਹ ਆਪਣਾ ਜੀਵਨ ਗੁਆ ਲੈਂਦੇ ਹਨ। ਪ੍ਰੋ. ਸ਼ੇਰ ਸਿੰਘ ਅਨੁਸਾਰ-

“ਮਨੁੱਖ ਵਿਚ ਇਹ ਸਾਰੇ ਵਿਸ਼ੇ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਮਨੁੱਖ ਇਨ੍ਹਾਂ ਜੂਨੀਆਂ ਵਿਚ ਦੀ ਲੰਘ ਕੇ ਆਇਆ ਅਤੇ ਇਹ ਭੀ ਸਿੱਧ ਹੁੰਦਾ ਹੈ ਕਿ ਪਿਛਲੇ ਅਸਰਾਤ ਜਾਂ ਸੰਸਕਾਰ ਸਰੀਰ ਵਿਚ ਕਾਇਮ ਰਹਿੰਦੇ ਹਨ।”

ਇਸ ਤਰ੍ਹਾਂ ਇਕ ਜੂਨੀ ਦਾ ਸੁਭਾਅ ਦੂਸਰੀ ਜੂਨੀ ਵਿਚ ਵੀ ਕਾਇਮ ਰਹਿੰਦਾ ਹੈ। ਪਰੰਤੂ, ਇਹ ਸੁਭਾਅ ਕੀ ਹੈ? ਮਾਨਸਿਕ ਵਿੱਦਿਆ ਦੇ ਖੋਜੀ ਮਨ ਦੇ ਦੋ ਵੱਡੇ ਭਾਗ ਸੁਚੇਤ ਅਤੇ ਅਚੇਤ ਮੰਨਦੇ ਹਨ। ਮਨੁੱਖ ਦੇ ਸੁਚੇਤ ਮਨ ਉੱਤੇ ਗਿਆਨ-ਇੰਦ੍ਰੀਆਂ ਦੇ ਰਾਹੀਂ ਬਾਹਰਲੇ ਵਿਸ਼ਿਆਂ ਦੇ ਸੰਸਕਾਰ ਅਚੇਤ ਮਨ ਵਿਚ ਪਹੁੰਚ ਜਾਂਦੇ ਹਨ, ਜਿੱਥੇ ਪਹੁੰਚ ਕੇ ਇਹ ਮਨੁੱਖ ਦੇ ਸੁਭਾਅ ਦਾ ਰੂਪ ਧਾਰਨ ਕਰ ਲੈਂਦੇ ਹਨ। ਹਿੰਦੁਸਤਾਨੀ ਵਿਚਾਰਵਾਨ ਆਵਾਗਵਨ ਨੂੰ ਮੰਨਦੇ ਹਨ, ਇਸ ਲਈ ਉਹ ਕਿਸੇ ਖਾਸ ਮਨੁੱਖ ਦੇ ਸੁਭਾਅ ਨੂੰ ਉਸ ਦੇ ਮਨ ਦੇ ਪਿਛਲੇ ਜਨਮਾਂ ਦੇ ਸੰਸਕਾਰਾਂ ਦਾ ਫਲ ਮੰਨਦੇ ਹਨ। ਸੰਸਕਾਰ ਕੀ ਹੁੰਦੇ ਹਨ? ਭਾਈ ਜੋਧ ਸਿੰਘ ਅਨੁਸਾਰ-

“ਜਿਕੁਰ ਰੇਤ ਵਿਚ ਤੁਰੀਏ ਤਾਂ ਖੁਰਾ ਲੱਗ ਜਾਂਦਾ ਹੈ, ਇਕੁਰ ਹੀ ਮਨ ਵਿੱਚੋਂ ਲੰਘਣ ’ਤੇ ਸੰਕਲਪ ਖੁਰਾ ਛੱਡ ਜਾਂਦੇ ਹਨ।”

ਇਹ ਹੀ ਸੰਸਕਾਰ ਅਖਵਾਉਂਦੇ ਹਨ ਅਤੇ ਜੇਕਰ ਮਨ ਬਾਰ-ਬਾਰ ਉਸੇ ਸੰਕਲਪ ਨੂੰ ਚਿਤਵੇ ਤਾਂ ਸੰਸਕਾਰ ਡੂੰਘੇ ਹੋ ਕੇ ਆਦਤ ਦਾ ਰੂਪ ਧਾਰਨ ਕਰ ਜਾਂਦੇ ਹਨ। ਸਰੀਰ ਦੇ ਜਿੰਨੇ ਵੀ ਕਰਮ ਹਨ ਇਹ ਮਨ ਦੇ ਸੰਕਲਪਾਂ ਦਾ ਸਿੱਟਾ ਹਨ। ਇਹ ਆਦਤਾਂ ਹੌਲੀ-ਹੌਲੀ ਪਕੇਰੇ ਸੁਭਾਅ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਜਿਸ ਤਰ੍ਹਾਂ ਕਿ ਸਾਡਾ ਹਰ ਇਕ ਕਰਮ ਸੁਭਾਅ ਦੇ ਆਸਰੇ ਹੁੰਦਾ ਹੈ ਅਤੇ ਇਹ ਸੁਭਾਅ ਪਿਛਲੇ ਕਰਮਾਂ ਦਾ ਫਲ ਹੈ, ਇਸੇ ਤਰ੍ਹਾਂ ਹੁਣ ਦੇ ਕੀਤੇ ਕਰਮ ਫਲ ਅਗਲੇ ਜੀਵਨ ’ਤੇ ਅਸਰ ਪਾਉਂਦੇ ਹਨ। ਸਾਡੇ ਕੀਤੇ ਚੰਗੇ ਜਾਂ ਬਾਰੇ ਕਰਮ ਹੀ ਸਾਨੂੰ ਕਿਸੇ ਤਰ੍ਹਾਂ ਦਾ ਜਨਮ ਧਾਰਨ ਕਰਨ ਦਾ ਕਾਰਨ ਬਣਦੇ ਹਨ।

ਮੁਕਤੀ

ਭਾਰਤੀ ਚਿੰਤਨਧਾਰਾ ਵਿਚ ਦਾਰਸ਼ਨਿਕ, ਅਧਿਆਤਮਕ ਤੇ ਨੈਤਿਕ ਹਰ ਤਰ੍ਹਾਂ ਦੇ ਯਤਨਾਂ ਤੇ ਸਾਧਨਾਵਾਂ ਦਾ ਅੰਤਮ ਮਨੋਰਥ ਮੁਕਤੀ ਮੰਨਿਆ ਗਿਆ ਹੈ- ਜਿਸ ਦਾ ਅਰਥ ਛੁਟਕਾਰੇ ਦੀ ਅਵਸਥਾ ਹੈ। ਸੰਸਾਰ ਦੇ ਮੁੱਖ ਧਰਮ ਦੀਆਂ ਵਿਚਾਰਧਾਰਾਵਾਂ ਵਿਚ ਕੁਝ ਫ਼ਰਕ ਹੋਣ ਕਰਕੇ ਇਨ੍ਹਾਂ ਦੇ ਮੁਕਤੀ ਦੇ ਸਰੂਪ ਵਿਚ ਵੀ ਕੁਝ ਵਖਰੇਵਾਂ ਹੈ। ਉਪਨਿਸ਼ਦਾਂ ਅਨੁਸਾਰ ਪਰਮ ਗਿਆਨ ਦੀ ਪ੍ਰਾਪਤੀ ਦੁਆਰਾ, ਮਨੁੱਖ ਜਨਮ- ਮਰਨ ਦੇ ਚੱਕਰਾਂ ਤੋਂ ਛੁੱਟ ਜਾਂਦਾ ਹੈ ਅਤੇ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਬੁੱਧ ਧਰਮ ਅਨੁਸਾਰ, ਜਦ ਮਨੁੱਖ ਅਸ਼ਟਾਂਗ ਮਾਰਗ ’ਤੇ ਚੱਲ ਕੇ ਤ੍ਰਿਸ਼ਨਾਵਾਂ ਖ਼ਤਮ ਕਰ ਲੈਂਦਾ ਹੈ ਤਾਂ ਉਹ ਨਿਰਵਾਣ-ਪਦ ਦੀ ਪ੍ਰਾਪਤੀ ਕਰ ਲੈਂਦਾ ਹੈ। ਜੈਨ ਮਤ ਅਨੁਸਾਰ, ਤਪ ਅਹਿੰਸਾ ਆਦਿ ਕਰਨ ਨਾਲ ਕਰਮ ਦੇ ਬੰਧਨਾਂ ਦਾ ਅਭਾਵ ਹੋਣ ’ਤੇ ਜੀਵ ਦਾ ਉੱਚੇ ਲੋਕ ਵਿਚ ਚਲੇ ਜਾਣਾ ਅਤੇ ਮੁੜ ਹੇਠਾਂ ਨਾ ਆਉਣਾ ਮੁਕਤੀ ਕਹਿਲਾਉਂਦਾ ਹੈ।

ਈਸਾਈ ਮਤ ਅਨੁਸਾਰ ਹਜ਼ਰਤ ਈਸਾ ਜੀ ਉੱਪਰ ਪੱਕਾ ਵਿਸ਼ਵਾਸ ਕਰਨ ਵਾਲੇ ਪਾਪਾਂ ਤੋਂ ਛੁਟਕਾਰਾ ਪਾਉਣਗੇ ਅਤੇ ਇਹ ਹੀ ਮੁਕਤੀ ਹੈ। ਇਸਲਾਮ ਮਤ ਅਨੁਸਾਰ ਪੈਗ਼ੰਬਰ ਮੁਹੰਮਦ ਸਾਹਿਬ ’ਤੇ ਨਿਸ਼ਚਾ ਰੱਖ ਕੇ ਤੇ ਕਿਆਮਤ ਦੇ ਦਿਨ ਦੇ ਫੈਸਲੇ ਅਨੁਸਾਰ ਹਮੇਸ਼ਾਂ ਲਈ ਬਹਿਸ਼ਤ ਦੀ ਪ੍ਰਾਪਤੀ, ਮੁਕਤੀ ਹੈ। ਪਰੰਤੂ ਗੁਰਮਤਿ ਅਨੁਸਾਰ, ਜੀਵ-ਆਤਮਾ, ਪਰਮਾਤਮਾ ਦੀ ਅੰਸ਼ ਹੈ। ਜੀਵ-ਆਤਮਾ ਉਸ ਪਰਮਾਤਮਾ ਤੋਂ ਉਤਪੰਨ ਹੋਈ ਹੈ ਅਤੇ ਮੁੜ ਕੇ ਉਸ ਵਿਚ ਲੀਨ ਹੋਣ ਦੀ ਪ੍ਰਵਿਰਤੀ ਉਸ ਵਿਚ ਮੌਜੂਦ ਹੈ। ਸੋ ਇਥੇ ‘ਜੰਮਣ-ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਨਿਆਂਕਾਰ ਪਰਮਾਤਮਾ ਨਾਲ ਇੰਞ ਇਕਮਿਕ ਹੋਣਾ ਕਿ ਮਨੁੱਖੀ ਜੀਵਨ- ਇਕਾਈ ਦਾ ਨਿੱਜਤਵ ਖ਼ਤਮ ਹੋ ਜਾਵੇ, ਮਨੁੱਖੀ ਆਤਮਾ ਪਰਮ ਆਤਮਾ ਵਿਚ ਇਸ ਤਰ੍ਹਾਂ ਵਿਲੀਨ ਹੋ ਜਾਵੇ ਕਿ ਇਸ ਦੀ ਵੱਖਰੀ ਹੋਂਦ ਸੰਸਕਾਰ ਰੂਪ ਵਿਚ ਵੀ ਕਾਇਮ ਨਾ ਰਹੇ। ਗੁਰਬਾਣੀ ਦੇ ਪਾਵਨ ਹੁਕਮ “ਜੋਤੀ ਜੋਤਿ ਰਲੀ ਸੰਪੂਰਣੁ ਥੀਆ ਰਾਮ” (ਪੰਨਾ 846) ਦੀ ਸੇਧ ’ਚ ਮੁਕਤੀ ਕਹਿਲਾਉਂਦਾ ਹੈ। ਗੁਰਮਤਿ ਅਨੁਸਾਰ ਜੀਵ ਦਾ ਬੰਧਨ ਸਭ ਤੋਂ ਵੱਡਾ ਦੁੱਖ ਹੈ ਅਤੇ ਇਸ ਦੁੱਖ ਦਾ ਬੁਨਿਆਦੀ ਕਾਰਨ ਪਰਮਾਤਮਾ ਤੋਂ ਵਿੱਛੜਨਾ ਹੈ :

ਦੁਖੁ ਤਦੇ ਜਾ ਵਿਸਰਿ ਜਾਵੈ॥
ਭੁਖ ਵਿਆਪੈ ਬਹੁ ਬਿਧਿ ਧਾਵੈ॥ (ਪੰਨਾ 98)

ਦੁਖੁ ਵੇਛੋੜਾ ਇਕੁ ਦੁਖੁ ਭੂਖ॥
ਇਕੁ ਦੁਖੁ ਸਕਤਵਾਰ ਜਮਦੂਤ॥ (ਪੰਨਾ 1256)

ਅਤੇ ਇਹ ਵਿਛੋੜਾ ਤਦ ਪੈਂਦਾ ਹੈ ਜਦ ਜੀਵ-ਆਤਮਾ ਦੀ ਲਿਵ ਹਉਮੈ ਕਰਕੇ ਪਰਮਾਤਮਾ ਤੋਂ ਛੁੱਟ ਜਾਂਦੀ ਹੈ:

ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥ (ਪੰਨਾ 921)

ਜੇਕਰ ਬੰਧਨ ਪਰਮਾਤਮਾ ਤੋਂ ਜੀਵ-ਆਤਮਾ ਦਾ ਵਿਛੋੜਾ ਹੈ ਤਾਂ ਮੁਕਤੀ ਜ਼ਰੂਰ ਹੀ ਜੀਵ-ਆਤਮਾ ਦੇ ਪਰਮਾਤਮਾ ਨਾਲ ਮੇਲ ਦੀ ਅਵਸਥਾ ਹੋਵੇਗੀ:

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ (ਪੰਨਾ 846)

ਗੁਰਬਾਣੀ ਵਿਚ ਮੁਕਤੀ ਦੇ ਨਾਲ-ਨਾਲ ਕਈ ਹੋਰ ਸ਼ਬਦ ਵੀ ਇਨ੍ਹਾਂ ਅਰਥਾਂ ਵਿਚ ਵਰਤੇ ਗਏ ਹਨ, ਜਿਵੇਂ :

ਪਰਮਗਤਿ-

ਨਾਨਕ ਤਾ ਕੀ ਪਰਮ ਗਤਿ ਹੋਇ॥ (ਪੰਨਾ 394)

ਪਰਮ ਪਦ–

ਗੁਰ ਪਰਸਾਦਿ ਪਰਮ ਪਦੁ ਪਾਇਆ॥ (ਪੰਨਾ 10)

ਨਿਰਬਾਣ-

ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ॥ (ਪੰਨਾ 58)

ਮੋਖ ਦੁਆਰ-

ਮੰਨੈ ਪਾਵਹਿ ਮੋਖੁ ਦੁਆਰੁ॥ (ਪੰਨਾ 3)

ਅਮਰਾ ਪਦ-

ਨਿਜ ਘਰਿ ਵਾਸੁ ਅਮਰ ਪਦੁ ਪਾਵੈ॥  (ਪੰਨਾ 1342)

ਜੋਤੀ ਜੋਤਿ-

ਤਿਉ ਜੋਤੀ ਸੰਗਿ ਜੋਤਿ ਮਿਲਾਇਆ॥   (ਪੰਨਾ 102)

ਅਤੇ ਇਸੇ ਤਰ੍ਹਾਂ ਹੀ ਬੰਧ-ਖਲਾਸ ਬੈਕੁੰਠ ਹਰਿ ਰਸ, ਬਿਸਰਾਮ, ਮੋਖੰਤਰ ਆਦਿ ਸ਼ਬਦਾਂ ਦੀ ਵਰਤੋਂ ਇਸੇ ਭਾਵ ਨੂੰ ਸਪੱਸ਼ਟ ਕਰਨ ਲਈ ਕੀਤੀ ਗਈ ਹੈ। ਇਨ੍ਹਾਂ ਸ਼ਬਦਾਂ ਵਿੱਚੋਂ ਕਈ ਸ਼ਬਦ ਦੂਸਰੇ ਧਰਮਾਂ ਦੇ ਪਰਮ ਆਦਰਸ਼ ਦੇ ਤੌਰ ’ਤੇ  ਪਹਿਲੇ ਵਰਤੇ ਜਾ ਚੁਕੇ ਸਨ, ਪਰੰਤੂ ਜਦ ਗੁਰਬਾਣੀ ਵਿਚ ਉਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਇਸ ਪਿੱਛੇ ਗੁਰਮਤਿ ਦਾ ਮੌਲਿਕ ਸਿਧਾਂਤ ਪ੍ਰਗਟ ਹੁੰਦਾ ਹੈ ਜੋ ਬਾਕੀ ਮੱਤਾਂ ਤੋਂ ਨਿਵੇਕਲਾ ਸਿਧਾਂਤ ਹੈ। ਉਦਾਹਰਣ ਵਜੋਂ ਗੁਰਮਤਿ ਵਿਚ ਪਰੰਪਰਾਗਤ ਅਰਥਾਂ ਵਿਚ ਪ੍ਰਵਾਨਿਤ ਸਵਰਗ-ਪ੍ਰਾਪਤੀ ਨੂੰ ਮੁਕਤੀ ਪ੍ਰਵਾਨ ਨਹੀਂ ਕੀਤਾ ਗਿਆ:

ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ॥
ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ॥ (ਪੰਨਾ 1324)

ਇਸੇ ਤਰ੍ਹਾਂ ਹੀ ਪ੍ਰਾਚੀਨ ਭਾਰਤੀ ਪਰੰਪਰਾ ਵਿਚ ਦੋ ਆਸ਼ੇ ਰੱਖ ਕੇ ਤਪੱਸਿਆ ਜਾਂ ਸਾਧਨਾ ਕੀਤੀ ਜਾਂਦੀ ਸੀ। ‘ਤਪੋਂ ਰਾਜ ਅਤੇ ਰਾਜੋਂ ਨਰਕ’ ਦੀ ਆਮ ਧਾਰਨਾ ਪ੍ਰਚੱਲਤ ਸੀ। ਇਸ ਲਈ ਉਹ ਲੋਕ ਰਾਜ ਜਾਂ ਹੋਰ ਸੰਸਾਰਕ ਦੁੱਖ ਆਦਿ ਪ੍ਰਾਪਤ ਕਰਨ ਲਈ ਇਨ੍ਹਾਂ ਨੂੰ ਹੀ ਜੀਵਨ ਦਾ ਉਦੇਸ਼ ਮੰਨ ਕੇ ਤਪੱਸਿਆ ਕਰਦੇ ਸਨ, ਜਾਂ ਕੁਝ ਲੋਕ ਅਜਿਹੇ ਸਨ ਜੋ ਭਗਤੀ ਕਰ ਕੇ ਸਵਰਗ ਆਦਿ ਦੀ ਪ੍ਰਾਪਤੀ ਕਰਨਾ ਲੋਚਦੇ ਸਨ ਅਤੇ ਇਹ ਭੀ ਉਨ੍ਹਾਂ ਲਈ ਪਰਮ-ਉਦੇਸ਼ ਸੀ ਜਾਂ ਇਹ ਹੀ ਉਨ੍ਹਾਂ ਵਾਸਤੇ ਮੁਕਤੀ ਸੀ। ਪਰੰਤੂ ਗੁਰਮਤਿ ਵਿਚ ਇਨ੍ਹਾਂ ਦੋਹਾਂ ਵਿਚਾਰਾਂ ਦਾ ਹੀ ਖੰਡਨ ਹੈ। ਗੁਰਮਤਿ ਅਨੁਸਾਰ, ਜਗਿਆਸੂ ਪ੍ਰਭੂ-ਚਰਨਾਂ ਦੀ ਪ੍ਰੀਤ ਦਾ ਅਭਿਲਾਸ਼ੀ ਹੈ, ਇਹ ਹੀ ਉਸ ਦਾ ਪਰਮ-ਉਦੇਸ਼ ਹੈ ਅਤੇ ਇਸ ਦੀ ਪ੍ਰਾਪਤੀ ਹੀ ਮੁਕਤੀ ਦੀ ਪ੍ਰਾਪਤੀ ਹੈ:

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥ (ਪੰਨਾ 1078)

ਮੁਕਤਿ ਬਪੁੜੀ ਭੀ ਗਿਆਨੀ ਤਿਆਗੇ॥  (ਪੰਨਾ 360)

ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ॥
ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ॥ (ਪੰਨਾ 329)

ਜਿਸ ਦੀ ਲਿਵ ਉਸ ਅਕਾਲ ਪੁਰਖ ਨਾਲ ਲੱਗ ਜਾਂਦੀ ਹੈ, ਜੋ ਸਦਾ ਅੰਤਰ-ਆਤਮੇ ਉਸ ਨਾਲ ਇਕਮਿਕ ਰਹਿੰਦਾ ਹੈ, ਉਹ ਹੀ ਮੁਕਤ ਹੈ।

ਡਾ. ਅਵਤਾਰ ਸਿੰਘ ਅਨੁਸਾਰ-ਗੁਰਮਤਿ ਵਿਚ ਮੁਕਤੀ ਦੋ ਪ੍ਰਕਾਰ ਦੀ ਹੈ-

(1) ਜੀਵਨ ਮੁਕਤੀ ਅਤੇ (2) ਆਵਣ-ਜਾਣ ਮਿਟਣਾ।

ਆਵਣ-ਜਾਣ ਛੁਟੈ ਜਾਂ ਛੁਟੀ, ਜਿਸ ਦਾ ਭਾਵ ਜਨਮ-ਮਰਨ ਤੋਂ ਛੁਟਕਾਰਾ ਪਾਉਣਾ ਜਾਂ ਜੂਨਾਂ ਵਿਚ ਪੈਣ ਤੋਂ ਛੁਟਕਾਰਾ ਅਤੇ ਅਕਾਲ ਪੁਰਖ ਵਿਚ ਸਮਾਉਣਾ ਹੈ ਜਿਵੇਂ ਕਿ ਉਪਰੋਕਤ ਸ਼ਬਦਾਂ ਤੋਂ ਵੀ ਸਪੱਸ਼ਟ ਹੈ। ਪਹਿਲੀ ਪ੍ਰਕਾਰ ਦੀ ਮੁਕਤੀ ਦਾ ਸੰਬੰਧ ਵਿਵਹਾਰਕ ਜੀਵਨ ਨਾਲ ਹੈ ਅਤੇ ਇਸ ਦਾ ਭਾਵ ਵਿਵਹਾਰਕ ਜੀਵਨ ਜਿਊਂਦਿਆਂ ਆਪੇ ਦੀ ਪਹਿਚਾਣ ਕਰ ਲੈਣ ਤੋਂ ਹੈ। ਦੂਸਰੀ ਪ੍ਰਕਾਰ ਦਾ ਸੰਬੰਧ ਵਿਵਹਾਰਕ ਜੀਵਨ ਖ਼ਤਮ ਹੋਣ ਨਾਲ ਜਾਂ ਮੌਤ ਤੋਂ ਬਾਅਦ ਨਾਲ ਹੈ।

ਭਾਰਤੀ ਦਰਸ਼ਨ ਨੂੰ ਪਿਛੋਕੜ ਵਿਚ ਰੱਖਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰਮਤਿ ਦਾ ਮੁਕਤੀ ਦਾ ਸੰਕਲਪ, ਉਪਨਿਸ਼ਦਾਂ ਅਤੇ ਅਦਵੈਤ ਵੇਦਾਂਤ ਨਾਲ ਕੁਝ ਮੇਲ ਜ਼ਰੂਰ ਖਾਂਦਾ ਹੈ। ਜਿਸ ਤਰ੍ਹਾਂ ਉਪਨਿਸ਼ਦਾਂ ਅਤੇ ਵੇਦਾਂਤ ਵਿਚ ਦੱਸਿਆ ਗਿਆ ਹੈ ਕਿ ਮੁਕਤੀ ਦੀ ਅਵਸਥਾ ਇਸੇ ਜੀਵਨ ਵਿਚ ਸੰਭਵ ਹੈ, ਇਸੇ ਤਰ੍ਹਾਂ ਹੀ ਗੁਰਮਤਿ ਦਾ ਵਿਚਾਰ ਹੈ ਕਿ ਮਨੁੱਖ ਸਰੀਰ ਵਿਚ ਰਹਿੰਦਿਆਂ ਹੋਇਆਂ ਮੁਕਤੀ ਪ੍ਰਾਪਤ ਕਰ ਸਕਦਾ ਹੈ। ਪਰ ਗੁਰਬਾਣੀ ਦੀ ਮੌਲਿਕਤਾ ਜਾਂ ਵਿਲੱਖਣਤਾ ਇਹ ਹੈ ਕਿ ਇਸ ਵਿਚ, ਵਿਦੇਹ-ਮੁਕਤੀ ਤੋਂ ਕਿਤੇ ਵੱਧ, ਜੀਵਨ-ਮੁਕਤੀ ਦਾ ਜ਼ਿਕਰ ਹੋਇਆ ਹੈ।

ਡਾਕਟਰ ਅਵਤਾਰ ਸਿੰਘ ਅਨੁਸਾਰ- “ਦੂਸਰੀ ਪ੍ਰਕਾਰ (ਵਿਦੇਹ-ਮੁਕਤੀ) ਬਾਰੇ ਸਾਨੂੰ ਬਹੁਤ ਘੱਟ ਪ੍ਰਮਾਣ ਮਿਲਦੇ ਹਨ, ਜਦ ਕਿ ਗੁਰਬਾਣੀ ਵਿਚ ਜੀਵਨ ਮੁਕਤੀ ਦਾ ਬਹੁਤ ਜ਼ਿਕਰ ਕੀਤਾ ਗਿਆ ਹੈ।”

ਸ਼ਾਸਤਰਾਂ ਦੇ ਅਨੁਸਾਰ- “ਜਦੋਂ ਮਨੁੱਖ ਨੂੰ ਆਪੇ ਦੀ ਸੋਝੀ ਹੋ ਜਾਂਦੀ ਹੈ ਤਾਂ ਉਹ ਬ੍ਰਹਮ ਸਰੂਪ ਹੋ ਜਾਂਦਾ ਹੈ ਅਤੇ ਆਤਮਾ ਸਤ, ਚਿਤ ਅਨੰਦਮਈ ਹੋ ਜਾਂਦੀ ਹੈ। ਮੌਤ ਤੋਂ ਪਿੱਛੋਂ ਇਹ ਆਤਮਾ ਜਨਮ-ਮਰਨ ਦੇ ਬੰਧਨ ਤੋਂ ਛੁਟ ਜਾਂਦੀ ਹੈ।” ਗੁਰਮਤਿ ਅਨੁਸਾਰ ਜਦੋਂ ਮਨੁੱਖ ਨੂੰ ਆਪੇ ਦਾ ਗਿਆਨ ਹੋ ਜਾਂਦਾ ਹੈ ਕਿ ਉਹ ਵੀ ਉਸ ਪਰਮ-ਸਤਾ ਬ੍ਰਹਮ ਦਾ ਹੀ ਇਕ ਅੰਸ਼ ਹੈ ਤਾਂ ਮਨੁੱਖ ਵਿੱਚੋਂ ਅਹੰ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ ਅਤੇ ਉਹ ਪ੍ਰਭੂ-ਪ੍ਰੇਮ ਵਿਚ ਲੀਨ ਹੋ ਜਾਂਦਾ ਹੈ। ਅਜਿਹਾ ‘ਜੀਵਨ-ਮੁਕਤ’ ਮੌਤ ਤੋਂ ਪਿੱਛੋਂ ਬ੍ਰਹਮ ਵਿਚ ਸਮਾ ਜਾਂਦਾ ਹੈ ਅਤੇ ਉਸ ਦੀ ਆਤਮਾ ਆਵਾਗਵਣ ਦੀ ਘੁੰਮਣ-ਘੇਰੀ ਤੋਂ ਆਜ਼ਾਦ ਹੋ ਜਾਂਦੀ ਹੈ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਿਦੇਹ-ਮੁਕਤੀ ਅਵਸਥਾ ਦਾ, ਜੀਵਨ-ਮੁਕਤ ਅਵਸਥਾ ਨਾਲ ਬਹੁਤ ਸੰਬੰਧ ਹੈ।

ਅਜਿਹਾ ਮਨੁੱਖ ਜਿਸ ਨੇ ਜੀਵਨ-ਕਾਲ ਸਮੇਂ ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰ ਦਿੱਤਾ, ਉਸ ਦੀ ਅਵਸਥਾ ਜੀਵਨ-ਮੁਕਤ ਦੀ ਹੈ:

ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ॥ (ਪੰਨਾ 1010)

ਇਹ ਸਾਰਾ ਜਗਤ ਪਰਮਾਤਮਾ ਤੋਂ ਹੀ ਪੈਦਾ ਹੋਇਆ ਹੈ ਅਤੇ ਜੀਵ-ਆਤਮਾ ਵੀ ਪਰਮਾਤਮਾ ਦੀ ਹੀ ਇਕ ਅੰਸ਼ ਹੈ। ਮਨੁੱਖ ਕੀਤੇ ਕਰਮਾਂ ਅਨੁਸਾਰ ਜਗਤ ਵਿਚ ਆਉਂਦਾ ਹੈ ਅਤੇ ਫਲਸਰੂਪ ਦੁੱਖ-ਸੁਖ ਭੋਗਦਾ ਹੈ, ਹਉਮੈ ਸੰਸਾਰ ਵਿਚ ਜੀਵ ਦੇ ਬੰਧਨ ਦਾ ਕਾਰਨ ਹੈ। ਹਉਮੈ ਕਾਰਨ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਉਹ ਵੀ ਉਸੇ ਜੋਤ ਦੀ ਇਕ ਕਿਰਨ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਪੰਜੇ ਵਿਕਾਰ ਮਨੁੱਖ ਨੂੰ ਦੁਨੀਆਂ ਵਿਚ ਬੰਨ੍ਹੀ ਰੱਖਦੇ ਹਨ:

ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ॥ (ਪੰਨਾ 600)

ਪਰੰਤੂ ਜੋ ਜੀਵਨ-ਮੁਕਤ ਅਵਸਥਾ ਦਾ ਧਾਰਨੀ ਹੁੰਦਾ ਹੈ, ਉਸ ਦੇ ਇਹ ਚੋਰ ਵੱਸ ਵਿਚ ਹੋ ਜਾਂਦੇ ਹਨ, ਇਹ ਉਸ ਦਾ ਮਾਣ ਨਹੀਂ ਲੁੱਟ ਸਕਦੇ :

ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ॥
ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ॥ (ਪੰਨਾ 503)

ਸੋ ਇਸ ਅਵਸਥਾ ਵਿਚ ਹਉਮੈ ਦੀ ਪੂਰਨ ਨਵਿਰਤੀ ਹੋ ਜਾਂਦੀ ਹੈ:

ਹਉਮੈ ਜਾਈ ਤਾ ਕੰਤ ਸਮਾਈ॥
ਤਉ ਕਾਮਣਿ ਪਿਆਰੇ ਨਵ ਨਿਧਿ ਪਾਈ॥  (ਪੰਨਾ 750)

ਮੁਕਤੀ ਦਾ ਦੁਆਰਾ ਅਤਿ ਨੀਕਾ ਦੱਸਿਆ ਹੈ, ਜਿਸ ਵਿੱਚੋਂ ਹਉਮੈ ਨਹੀਂ ਲੰਘ ਸਕਦੀ, ਹਉਮੈ ਨੂੰ ਗੁਆ ਕੇ ਹੀ ਇਹ ਅਵਸਥਾ ਪ੍ਰਾਪਤ ਕੀਤੀ ਜਾ ਸਕਦੀ ਹੈ:

ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨ੍‍ਾ ਹੋਇ ਸੁ ਜਾਇ॥
ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ॥
ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ॥
ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ॥ (ਪੰਨਾ 509)

ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ॥ (ਪੰਨਾ 1276)

ਜੀਵਨ-ਮੁਕਤੀ ਵਾਲੇ ਮਨੁੱਖ ਦੇ ਮਨ ਵਿੱਚੋਂ ਹਰ ਪ੍ਰਕਾਰ ਦੀ ਬੁਰਾਈ ਖ਼ਤਮ ਹੋ ਚੁਕੀ ਹੋਵੇਗੀ:

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ (ਪੰਨਾ 1426)

ਸੁਖ-ਦੁੱਖ ਵਿਚ ਉਹ ਇਕ-ਸਮਾਨ ਰਹਿੰਦਾ ਹੈ ਅਤੇ ਲੋਭ, ਮੋਹ, ਆਦਿ ਉਸ ਦੇ ਨੇੜੇ ਨਹੀਂ ਲੱਗਦੇ:

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ॥ (ਪੰਨਾ 1426)

ਅਜਿਹਾ ਗੁਰਮੁਖ-ਜਨ ਰਜ, ਸਤ, ਤਮ, ਤ੍ਰੈ-ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ:

ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ॥ (ਪੰਨਾ 30)

ਉਹ ਅਜਿਹੀ ਅਵਸਥਾ ਵਿਚ ਵਿਚਰਦਾ ਹੈ ਕਿ ਕਰਮਕਾਂਡ, ਪਾਖੰਡ, ਅਡੰਬਰ ਦਾ ਤਿਆਗ ਕਰ ਦੇਂਦਾ ਹੈ, ਉਸ ਨੂੰ ਉਹ ਪੂਰਨ ਸੋਝੀ ਹੋ ਜਾਂਦੀ ਹੈ ਕਿ ਗੁਰੂ ਦੇ ਸ਼ਬਦ ਬਿਨਾਂ ਇਹ ਅਵਸਥਾ ਪ੍ਰਾਪਤ ਨਹੀਂ ਹੁੰਦੀ:

ਕਰਮ ਧਰਮ ਕਰਿ ਮੁਕਤਿ ਮੰਗਾਹੀ॥
ਮੁਕਤਿ ਪਦਾਰਥੁ ਸਬਦਿ ਸਲਾਹੀ॥
ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ॥ (ਪੰਨਾ 1023)

ਅਜਿਹੀ ਅਵਸਥਾ ਦਾ ਧਾਰਨੀ ਗੁਰਮੁਖ ਨਵਿਰਤੀ ਮਾਰਗ ਨਹੀਂ ਅਖਵਾਉਂਦਾ, ਬਲਕਿ ਸਮਾਜ ਵਿਚ ਰਹਿ ਕੇ ਹੀ ਇਸ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਅਤੇ ਪ੍ਰਾਪਤੀ ਦੇ ਬਾਅਦ ਵੀ ਸਮਾਜਿਕ ਜੀਵਨ ਜੀਊਂਦਾ ਹੈ, ਉਹ ‘ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥’ ਦਾ ਅਨੁਸਾਰੀ ਬਣ ਜਾਂਦਾ ਹੈ ਅਤੇ ਉਸ ਦੀ ਅਗਿਆਨਤਾ ਕੱਟੀ ਜਾਂਦੀ ਹੈ:

ਮੇਰਾ ਤੇਰਾ ਜਾਨਤਾ ਤਬਹੀ ਤੇ ਬੰਧਾ॥
ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ॥ (ਪੰਨਾ 422)

ਉਸ ਦੇ ਮਨ ਵਿੱਚੋਂ ਭਰਮ ਖ਼ਤਮ ਹੋ ਜਾਂਦਾ ਹੈ, ਸੱਚ ਦਾ ਪ੍ਰਕਾਸ਼ ਉਤਪੰਨ ਹੋ ਜਾਂਦਾ ਹੈ:

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ॥ (ਪੰਨਾ 1002)

ਅਜਿਹਾ ਵਿਅਕਤੀ ਸੰਜਮ ਦਾ ਜੀਵਨ ਜੀਊਂਦਾ ਹੈ ਅਤੇ ਉਸ ਦਾ ਆਪਣੇ ਆਪ ’ਤੇ ਪੂਰਾ ਕੰਟਰੋਲ ਹੁੰਦਾ ਹੈ:

ਜਪੁ ਤਪੁ ਸੰਜਮੁ ਹਉਮੈ ਮਾਰਿ॥
ਜੀਵਨ ਮੁਕਤੁ ਜਾ ਸਬਦੁ ਸੁਣਾਏ॥
ਸਚੀ ਰਹਤ ਸਚਾ ਸੁਖੁ ਪਾਏ॥ (ਪੰਨਾ 1343)

ਭਾਈ ਗੁਰਦਾਸ ਜੀ ਅਨੁਸਾਰ ਇਹ ਅਜਿਹੀ ਅਵਸਥਾ ਹੈ ਜਿਸ ਵਿਚ ਮਨੁੱਖ ਹੰਕਾਰ ਗੁਆ ਕੇ ਜੀਊਂਦਿਆਂ ਹੀ ਮਰਨ ਸਮਾਨ ਰਹਿੰਦਾ ਹੈ ਅਤੇ ਉਹ ਮਾਇਆ ਵੱਲੋਂ ਮਰ ਕੇ ਅਕਾਲ ਪੁਰਖ ਵੱਲ ਜੀਉ ਉੱਠਦਾ ਹੈ। ਭਾਵ ਆਪਣੀ ਸੁਰਤ ਮਾਇਆ ਵੱਲੋਂ ਹਟਾ ਕੇ ਪਰਮਾਤਮਾ ਵੱਲ ਜੋੜ ਲੈਂਦਾ ਹੈ:

ਪੈਰੀ ਪੈ ਪਾ ਖਾਕੁ ਹੋਇ ਆਪਿ ਗਵਾਇ ਜੀਵੰਦਿਆਂ ਮਰਣਾ।
ਜੀਵਣ ਮੁਕਤਿ ਵਖਾਣੀਐ ਮਰਿ ਮਰਿ ਜੀਵਣੁ ਡੁਬਿ ਡੁਬਿ ਤਰਣਾ। (ਵਾਰ 18:16)

ਜੀਵਨ ਮੁਕਤੀ ਦੀ ਅਵਸਥਾ ਇਕ ਅਜਿਹੀ ਸੰਤੁਲਿਤ ਅਵਸਥਾ ਹੁੰਦੀ ਹੈ, ਜਿਸ ਵਿਚ ਮਨੁੱਖੀ ਅਨੁਭਵ ਵਿਚਲੀ ਕੁਲ ਦ੍ਵੈਤ ਖ਼ਤਮ ਹੋ ਜਾਂਦੀ ਹੈ:

ਪ੍ਰਭ ਕੀ ਆਗਿਆ ਆਤਮ ਹਿਤਾਵੈ॥
ਜੀਵਨ ਮੁਕਤਿ ਸੋਊ ਕਹਾਵੈ॥
ਤੈਸਾ ਹਰਖੁ ਤੈਸਾ ਉਸੁ ਸੋਗੁ॥
ਸਦਾ ਅਨੰਦੁ ਤਹ ਨਹੀ ਬਿਓਗੁ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ॥
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥
ਤੈਸਾ ਮਾਨੁ ਤੈਸਾ ਅਭਿਮਾਨੁ॥
ਤੈਸਾ ਰੰਕੁ ਤੈਸਾ ਰਾਜਾਨੁ॥
ਜੋ ਵਰਤਾਏ ਸਾਈ ਜੁਗਤਿ॥
ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ॥  (ਪੰਨਾ 275)

ਉੱਪਰ ਅਸੀਂ ਅਭਾਵਾਤਮਕ ਮੁਕਤੀ ਦਾ ਜ਼ਿਕਰ ਕਰ ਆਏ ਹਾਂ ਜਿਸ ਅਨੁਸਾਰ ਮਨੁੱਖੀ ਸ਼ਖ਼ਸੀਅਤ ਵਿੱਚੋਂ ਹਉਮੈ, ਦੁੱਖ, ਅਗਿਆਨਤਾ, ਦਵੈਤ-ਭਾਵ ਆਦਿ ਦਾ ਖ਼ਾਤਮਾ ਹੋ ਜਾਂਦਾ ਹੇ, ਪਰੰਤੂ ਗੁਰਮਤਿ ਅਨੁਸਾਰ ਮੁਕਤੀ ਅਭਾਵਾਤਮਕ ਹੀ ਨਹੀਂ ਭਾਵਾਤਮਕ ਵੀ ਹੈ। ਇਸ ਵਿਚ ਹਉਮੈ ਦਾ ਖ਼ਾਤਮਾ ਨਹੀਂ ਹੁੰਦਾ ਸਗੋਂ ਉਦਾਤੀਕਰਨ ਹੁੰਦਾ ਹੈ। ਇਹ ਪਰਮ-ਸੁਖ ਦੀ ਅਵਸਥਾ ਹੁੰਦੀ ਹੈ। ਇਸ ਅਵਸਥਾ ਵਿਚ ਜਿੱਥੇ ਦੁੱਖ ਦਾ ਖ਼ਾਤਮਾ ਹੁੰਦਾ ਹੈ, ਉਥੇ ਸੁਖ ਦੀ ਪ੍ਰਾਪਤੀ ਵੀ ਹੁੰਦੀ ਹੈ:

ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ (ਪੰਨਾ 2)

ਅਜਿਹੇ ਮਨੁੱਖ ਦੇ ਹਿਰਦੇ ਵਿਚ ਹਰੀ-ਨਾਮ ਦਾ ਵਾਸਾ ਹੁੰਦਾ ਹੈ:

ਸਗਲ ਥਾਨ ਤੇ ਓਹੁ ਊਤਮ ਥਾਨੁ॥
ਨਾਨਕ ਜਿਹ ਘਟਿ ਵਸੈ ਹਰਿ ਨਾਮੁ॥ (ਪੰਨਾ 266)

ਜੀਵਨ ਮੁਕਤੁ ਮਨਿ ਨਾਮੁ ਵਸਾਏ॥ (ਪੰਨਾ 412)

ਗੁਰਮਤਿ ਅਨੁਸਾਰ ਅਜਿਹਾ ਮਨੁੱਖ ਸਦ-ਅਨੰਦ ਦੀ ਅਵਸਥਾ ਵਿਚ ਵਿਚਰਦਾ ਹੈ:

ਮਹਾ ਅਨੰਦੁ ਗੁਰ ਸਬਦੁ ਵੀਚਾਰਿ॥…
ਜੋ ਸੁਣੇ ਕਮਾਵੈ ਸੁ ਉਤਰੈ ਪਾਰਿ॥  (ਪੰਨਾ 370)

ਉਸ ਦੇ ਹਿਰਦੇ ਵਿਚ ਪ੍ਰੀਤ ਲੱਗ ਜਾਂਦੀ ਹੈ:

ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ॥ (ਪੰਨਾ 122)

ਸੋ ਸਮੁੱਚੇ ਰੂਪ ਵਿਚ ਜੀਵਨ-ਮੁਕਤ ਵਿਅਕਤੀ ਦੀ ਅਜਿਹੀ ਅਵਸਥਾ ਹੁੰਦੀ ਹੈ ਕਿ ਉਹ ‘ਸਦਾ ਅਨੰਦ’ ਵਿਚ ਵਿਗਸਦਾ ਹੋਇਆ, ਸੰਸਾਰ ਨੂੰ ਸਤਿ ਮੰਨ ਕੇ ਦੇਖਦਾ ਹੈ ਅਤੇ ਇਸ ਦਾ ਸਤਿਕਾਰ ਕਰਦਾ ਹੈ। ਉਹ ਇਸ ਅਵਸਥਾ ਨੂੰ ਪਹੁੰਚ ਕੇ ਵੀ ਸਮਾਜਿਕ ਰੁਝੇਵਿਆਂ ਵਿਚ ਵੀ ਅਤੇ ਅੰਤਰਮੁਖੀ ਅਨੰਦ ਵਿਚ ਵੀ ਇੱਕੋ ਸਮੇਂ ਲੀਨ ਰਹਿੰਦਾ ਹੈ। ਹਉਮੈ ਵਿਚ ਸੁਧਾਰ ਕਰ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਵੱਸ ਵਿਚ ਕਰ ਲੈਂਦਾ ਹੈ। ਮਿੱਟੀ ਅਤੇ ਸੋਨਾ ਉਸ ਲਈ ਇਕ ਸਮਾਨ ਹੋ ਜਾਂਦੇ ਹਨ, ਉਸ ਦੀ ਪ੍ਰੀਤ ਸੱਚੇ ਪ੍ਰਭੂ ਨਾਲ ਲੱਗ ਜਾਂਦੀ ਹੈ, ਅਤੇ ਉਹ ਹਮੇਸ਼ਾਂ ਆਪਣੀ ਲਿਵ ਉਸ ਨਾਲ ਜੋੜੀ ਰੱਖਦਾ ਹੈ। ਉਸ ਦੀ ਕਾਰ, ‘ਹੁਕਮ ਦੀ ਕਾਰ’ ਦਾ ਰੂਪ ਧਾਰਨ ਕਰ ਜਾਂਦੀ ਹੈ, ਕਿਉਂਕਿ ਉਸ ਨੂੰ ਪ੍ਰਭੂ ਦੇ ਭਾਣੇ ਅਤੇ ‘ਰਜ਼ਾ’ ਦੀ ਸੋਝੀ ਹੋ ਜਾਂਦੀ ਹੈ, ਉਸ ਦੀ ਸ਼ਖ਼ਸੀਅਤ ਵਿਚ ਅਨੰਦ, ਧੀਰਜ, ਟਿਕਾਉ, ਸਹਿਜ, ਅਜ਼ਾਦੀ ਅਤੇ ਪ੍ਰਭੂ ਨਾਲ ਇਕਮਿਕਤਾ ਆਦਿ ਲੱਛਣ ਆ ਜਾਂਦੇ ਹਨ। ਉਸ ਦੀ ਬੁੱਧ, ਪਰਮ-ਬੁੱਧ ਵਿਚ ਤਬਦੀਲ ਹੋ ਜਾਂਦੀ ਹੈ। ਗਿਆਨ, ਪਰਮ-ਗਿਆਨ ਵਿਚ, ਸੁੰਦਰਤਾ, ਪਰਮ-ਸੁੰਦਰਤਾ ਵਿਚ, ਸ਼ਕਤੀ ਪਰਮ-ਸ਼ਕਤੀ ਵਿਚ ਬਦਲ ਜਾਂਦੇ ਹਨ ਅਤੇ ਉਹ ਰੂਹਾਨੀ ਪ੍ਰਕਾਸ਼ ਦਾ ਭਾਗੀ ਬਣ ਜਾਂਦਾ ਹੈ, ਪਰੰਤੂ ਇਹ ਅਵਸਥਾ ਮਨੁੱਖ ਨੂੰ ਸਿਰਫ਼ ਆਪਣੇ ਅਧਿਆਤਮਕ ਕਾਰਜਾਂ ਕਰਕੇ ਹੀ ਪ੍ਰਾਪਤ ਨਹੀਂ ਹੋਈ, ਇਸ ਦੀ ਪ੍ਰਾਪਤੀ ਪ੍ਰਭੂ ਦੀ ਨਦਰ ਨਾਲ ਹੁੰਦੀ ਹੈ।

ਅਜਿਹਾ ਜੀਵਨ-ਮੁਕਤਾ ਮੌਤ ਤੋਂ ਪਿੱਛੋਂ ਬ੍ਰਹਮ ਵਿਚ ਸਮਾ ਜਾਂਦਾ ਹੈ ਤੇ ਉਸ ਦੀ ਆਤਮਾ ਆਵਾਗਵਣ ਦੀ ਘੁੰਮਣਘੇਰੀ ਵਿੱਚੋਂ ਆਜ਼ਾਦ ਹੋ ਜਾਂਦੀ ਹੈ।

ਡਾ: ਅਵਤਾਰ ਸਿੰਘ ਅਨੁਸਾਰ- “ਜੀਵਨ ਸਮੇਂ ਪ੍ਰਾਪਤ ਕੀਤਾ ਮੁਕਤੀ ਦਾ ਅਨੁਭਵ ਮੌਤ ਤੋਂ ਬਾਅਦ ਦੇ ਮੁਕਤੀ ਦੇ ਅਨੁਭਵ ਨਾਲ ਇਕ ਲੜੀ ਦੀ ਤਰ੍ਹਾਂ ਜੁੜਿਆ ਹੋਇਆ ਹੈ।”

ਸੋ ਅਜਿਹੇ ਮਨੁੱਖ ਦੀ ਮੌਤ ਤੋਂ ਬਾਅਦ ਦੀ ਅਵਸਥਾ ਅਜਿਹੀ ਹੈ ਜਿਸ ਵਿਚ ਉਸ ਨੂੰ ਆਵਾਗਵਣ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ ਹੈ ਅਤੇ ਉਸ ਦੀ ਆਤਮਾ ਪਰਮਾਤਮਾ ਵਿਚ ਸਮਾ ਜਾਂਦੀ ਹੈ ਪਰ ਇਸ ਅਵਸਥਾ ਦੀ ਪ੍ਰਾਪਤੀ ਬਾਰੇ ਕੋਈ ਦਾਅਵਾ ਨਹੀਂ ਕਰ ਸਕਦਾ।

ਗਿ: ਸਰਦੂਲ ਸਿੰਘ ਕਵੀਸ਼ਰ ਅਨੁਸਾਰ- “ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਲੀਨਤਾ-ਅਭੇਦਤਾ ਮੇਰਾ ਅਧਿਕਾਰ ਜਾਂ ਹੱਕ ਹੈ। ਇਹ ਤਾਂ ਪਰਮਾਤਮਾ ਦੀ ਨਦਰ ਹੈ, ਜਿਸ ਉੱਪਰ ਹੋ ਜਾਵੇ।” (ਸਿੱਖ ਧਰਮ ਦਰਸ਼ਨ, ਸੰਪਾ: ਡਾ: ਵਜ਼ੀਰ ਸਿੰਘ, ਪੰਨਾ 303)

ਆਪਣੀ ਕੋਸ਼ਿਸ਼ ਨਾਲ ਮਨੁੱਖ ਨੂੰ ਚੰਗੀ ਜੂਨੀ ਤਾਂ ਪ੍ਰਾਪਤ ਹੋ ਸਕਦੀ ਹੈ, ਪਰੰਤੂ ਮੁਕਤੀ ਉਸ ਦੀ ਨਦਰ ਦੁਆਰਾ ਹੀ ਹੁੰਦੀ ਹੈ:

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ (ਪੰਨਾ 2)

ਡਾ: ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ- “ਮੁਕਤੀ ਦੀ ਪ੍ਰਾਪਤੀ ਲਈ ਗੁਰਮਤਿ ਵਿਚ ਕਈ ਤਰ੍ਹਾਂ ਦੇ ਮਾਰਗਾਂ ਵੱਲ ਸੰਕੇਤ ਹੋਇਆ ਹੈ ਪਰੰਤੂ ਸਭ ਤੋਂ ਵੱਧ ਜ਼ੋਰ ਪ੍ਰਭੂ ਦੀ ਬਖਸ਼ਿਸ਼ ਉੱਪਰ ਹੈ।”

ਗੁਰਮਤਿ ਅਨੁਸਾਰ ਮਿਹਰ ਜਾਂ ਨਦਰ ਦੇ ਅਰਥ ਹਨ ਕਿ ਆਪਣੀ ਯੋਗਤਾ-ਅਯੋਗਤਾ ਦਾ ਖਿਆਲ ਨਾ ਕਰਦੇ ਹੋਏ ਸਾਨੂੰ ਉਸ ਦੀ ਰਜ਼ਾ ਵਿਚ ਭਰੋਸਾ ਹੋਣਾ ਕਿ ਅਕਾਲ ਪੁਰਖ ਸਾਡੀ ਸਹਾਇਤਾ ਕਰੇਗਾ ਤੇ ਸਾਨੂੰ ਗਲ ਲਾਵੇਗਾ।

ਪਰਮਾਤਮਾ ਨਾਲ ਅਭੇਦਤਾ ਲਈ ਹਉਮੈ ਦਾ ਮੇਟਣਾ ਜ਼ਰੂਰੀ ਹੈ ਅਤੇ ਇਸ ਦਸ਼ਾ ਵਿਚ ਜਗਿਆਸੂ ਕਦੀ ਆਪਣੀ ਯੋਗਤਾ ਦਾ ਦਾਅਵਾ ਨਹੀਂ ਕਰਦਾ ਕਿ ਮੈਂ ਇਸ ਪਦਵੀ ਦੇ ਯੋਗ ਹਾਂ, ਅਤੇ ਇਹ ਮੈਨੂੰ ਮਿਲਣੀ ਹੀ ਚਾਹੀਦੀ ਹੈ। ਉਹ ਤਾਂ ਆਪਣੇ ਆਪ ਨੂੰ ਪਰਮਾਤਮਾ ਦੀ ਰਹਿਮਤ ’ਤੇ ਛੱਡ ਦਿੰਦਾ ਹੈ ਕਿ ਪਰਮਾਤਮਾ ਆਪਣੀ ਮਿਹਰ ਕਰ ਕੇ ਉਸ ਨੂੰ ਨਿਵਾਜੇਗਾ। ਸੋ ਉਸ ਅਕਾਲ ਪੁਰਖ ਦੀ ਨਦਰ ਹੋਣ ਨਾਲ ਹੀ ਮਨੁੱਖ ਇਸ ਭਵਜਲ ਨੂੰ ਤਰ ਸਕਦਾ ਹੈ:

ਨਾਨਕ ਤਰੀਐ ਤੇਰੀ ਮਿਹਰ॥ (ਪੰਨਾ 893)

ਨਦਰੀ ਕਰਮਿ ਲਘਾਏ ਪਾਰਿ॥ (ਪੰਨਾ 465)

ਪਰਮਾਤਮਾ ਦੀ ਨਦਰ, ਮਿਹਰ ਤੋਂ ਬਗ਼ੈਰ ਬਾਕੀ ਸਭ ਗੱਲਾਂ ਝੂਠ ਤੇ ਫੋਕੇ ਦਾਅਵੇ ਗ਼ਲਤ ਹਨ। ਕੇਵਲ ਨਦਰ ਨਾਲ ਹੀ ਇਸ ਪਰਮ-ਆਦਰਸ਼ ਦੀ ਪ੍ਰਾਪਤੀ ਹੋ ਸਕਦੀ ਹੈ:

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ॥ (ਪੰਨਾ 7)

ਗੁਰੂ ਜੀ ਫ਼ੁਰਮਾਉਂਦੇ ਹਨ ਕਿ ਜੋ ਆਪਣੇ ਜੀਵਨ-ਕਾਲ ਸਮੇਂ ਆਪਣੇ ਮਨ ਨੂੰ ਮਾਰ ਲੈਂਦਾ ਹੈ, ਉਹ ਆਪਣਾ ਅੱਗਾ ਵੀ ਸੁਆਰ ਲੈਂਦਾ ਹੈ, ਕਿਉਂਕਿ ਉਸ ਨੇ ਆਪਣੇ ਹਿਰਦੇ ਵਿਚ ਨਾਮ ਵਸਾ ਲਿਆ ਹੁੰਦਾ ਹੈ, ਜਿਸ ਉੱਪਰ ਪ੍ਰਭੂ ਦੀ ਬਖਸ਼ਿਸ਼ ਹੋ ਜਾਂਦੀ ਹੈ ਉਸ ਦਾ ਭੋਜਨ ਨਾਮ ਹੁੰਦਾ ਹੈ, ਉਸ ਦਾ ਜੀਵਨ ਪਵਿੱਤਰ ਹੁੰਦਾ ਹੈ, ਉਸ ਦਾ ਮਨ ਬੁਰਾਈ ਤੋਂ ਰਹਿਤ ਹੋ ਜਾਂਦਾ ਹੈ ਅਤੇ ਉਹ ਗੁਣਾਂ ਦਾ ਖਜ਼ਾਨਾ ਬਣ ਜਾਂਦਾ ਹੈ। ਉਹ ਫਿਰ ਨਹੀਂ ਜੰਮਦਾ, ਉਹ ਮੌਤ ਤੋਂ ਰਹਿਤ ਹੋ ਜਾਂਦਾ ਹੈ ਅਤੇ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖ ਵਿਚ ਸਮਾ ਜਾਂਦਾ ਹੈ:

ਜੀਵਤ ਮਰੈ ਮਰਿ ਮਰਣੁ ਸਵਾਰੈ॥
ਗੁਰ ਕੈ ਸਬਦਿ ਸਾਚੁ ਉਰ ਧਾਰੈ॥…
ਜੰਮੈ ਮਰੈ ਨ ਆਵੈ ਜਾਇ॥
ਗੁਰ ਪਰਸਾਦੀ ਸਾਚਿ ਸਮਾਇ॥ (ਪੰਨਾ 1175)

ਸੋ ਅਜਿਹਾ ਜੀਵਨ-ਮੁਕਤਾ ਜਿਸ ਉੱਪਰ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ, ਮੌਤ ਤੋਂ ਬਾਅਦ ਜਾਂ ਸਰੀਰ ਤਿਆਗ ਦੇਣ ਦੇ ਬਾਅਦ ਵੀ ਉਹ ਫਿਰ ਜੰਮਣ-ਮਰਨ ਦੇ ਚੱਕਰ ਵਿਚ ਨਹੀਂ ਪੈਂਦਾ ਅਰਥਾਤ ਉਹ ਆਵਾਗਵਣ ਤੋਂ ਛੁਟਕਾਰਾ ਪਾ ਜਾਂਦਾ ਹੈ:

ਬੰਧਨ ਕਾਟਿ ਮੁਕਤਿ ਜਨੁ ਭਇਆ॥
ਜਨਮ ਮਰਨ ਦੂਖੁ ਭ੍ਰਮੁ ਗਇਆ॥  (ਪੰਨਾ 289)

ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ॥
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ॥ (ਪੰਨਾ 258)

ਜੋ ਔਗਣ ਕੱਟ ਕੇ ਆਪਣਾ ਮੁੱਖ ਹਰੀ ਦੇ ਨਾਮ ਨਾਲ ਉਜਲ ਕਰ ਲੈਂਦੇ ਹਨ, ਉਨ੍ਹਾਂ ਵਿੱਚੋਂ ਜਨਮ-ਮਰਨ ਦਾ ਭੈ ਖ਼ਤਮ ਹੋ ਜਾਂਦਾ ਹੈ, ਉਹ ਜੂਨਾਂ ਵਿਚ ਨਹੀਂ ਪੈਂਦੇ:

ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ॥
ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ॥ (ਪੰਨਾ 966)

ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ॥
ਜਨਮ ਮਰਣ ਦੋਊ ਦੁਖ ਭਾਗੇ॥ (ਪੰਨਾ 1178)

ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ॥
ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ॥ (ਪੰਨਾ 19)

ਜਨਮ ਮਰਨ ਸੰਕਟ ਤੇ ਛੂਟੈ ਜਗਦੀਸ ਭਜਨ ਸੁਖ ਧਿਆਨ॥ (ਪੰਨਾ 1221)

ਸੋ ਇਹ ਸਪੱਸ਼ਟ ਹੈ ਕਿ ਜੀਵ-ਆਤਮਾ ਜੋ ਮੁਕਤੀ ਪ੍ਰਾਪਤ ਕਰ ਲੈਂਦੀ ਹੈ ਉਸ ਦਾ ਇਕ ਪੱਖ ਇਹ ਹੈ ਕਿ ਉਹ ਆਵਾਗਵਣ ਤੋਂ ਛੁਟਕਾਰਾ ਪ੍ਰਾਪਤ ਕਰ ਜਾਂਦੀ ਹੈ। ਇਹ ਨਿਖੇਧਾਤਮਕ ਪੱਖ ਹੈ।

ਗੁਰਮਤਿ ਅਨੁਸਾਰ ਦੂਸਰਾ ਪੱਖ ਉਸ ਅਵਸਥਾ ਦਾ ਇਹ ਹੈ ਕਿ ਉਸ ਦੀ ਜੋਤ ਪਰਮ-ਜੋਤ ਵਿਚ ਸਮਾਅ ਜਾਂਦੀ ਹੈ।

ਡਾ: ਅਵਤਾਰ ਸਿੰਘ ਅਨੁਸਾਰ- “ਉਸ ਦਾ ਸਵੀਕਾਰਾਤਮਕ ਪੱਖ ਇਹ ਹੈ ਕਿ ਉਸ ਦੀ ਜੋਤ ਪਰਮ-ਜੋਤ ਵਿਚ ਮਿਲ ਜਾਂਦੀ ਹੈ, ਇਸ ਦਾ ਹੀ ਨਾਮ ਮਿਲਾਪ ਹੈ।”

ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ॥  (ਪੰਨਾ 1009)

ਸੋ ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਗੁਰਮਤਿ ਅਨੁਸਾਰ ਮਨੁੱਖ ਜੇਕਰ ਗੁਰੂ ਦੇ ਦੱਸੇ ਰਸਤੇ ਉੱਪਰ ਚੱਲਦਾ ਹੈ ਤਾਂ ਕੇਵਲ ਮੌਤ ਤੋਂ ਬਾਅਦ ਹੀ ਨਹੀਂ, ਉਹ ਆਪਣੇ ਜੀਵਨ-ਕਾਲ ਸਮੇਂ ਵੀ ਇਸ ਪਰਮ-ਅਵਸਥਾ ਨੂੰ ਅਕਾਲ ਪੁਰਖ ਦੀ ਨਦਰ ਰਾਹੀਂ ਪ੍ਰਾਪਤ ਕਰ ਸਕਦਾ ਹੈ-ਜੇਕਰ ਉਸ ਨੇ, ‘ਗੁਰ ਕੀ ਸਾਖੀ ਅੰਮ੍ਰਿਤ ਬਾਣੀ’ ਵਿਚ ਸੁਰਤ ਟਿਕਾ ਕੇ ‘ਪ੍ਰੀਤਿ ਚਰਨ ਕਮਲਾਰੇ’ ਰਾਹੀਂ ਪੰਜਾਂ ਚੋਰਾਂ ਨੂੰ ਵੱਸ ਵਿਚ ਕਰ ਲਿਆ ਹੈ, ਤਾਂ ‘ਹਸੰਦਿਆ ਖੇਲੰਦਿਆ, ਪੈਨੰਦਿਆ ਖਾਵੰਦਿਆ’ ਵਿਚ ਵੀ ਉਹ ਇਸ ਮੁਕਤਿ ਅਵਸਥਾ ਦਾ ਅਨੰਦ ਮਾਣ ਸਕਦਾ ਹੈ। ਜੀਵਨ-ਕਾਲ ਸਮੇਂ ਦੀ ਇਹ ਅਵਸਥਾ, ਸਰੀਰਿਕ ਮੌਤ ਤੋਂ ਬਾਅਦ ਦੀ ਮੁਕਤਿ ਅਵਸਥਾ ਤੋਂ ਕਿਸੇ ਤਰ੍ਹਾਂ ਵੀ ਵੱਖ ਨਹੀਂ, ਬਲਕਿ ਇਕ ਲੜੀ ਦੀ ਤਰ੍ਹਾਂ ਜੁੜੀ ਹੋਈ ਹੈ- ਮੌਤ ਤੋਂ ਬਾਅਦ ਐਸੀ ਜੀਵ ਆਤਮਾ ਆਵਾਗਵਣ ਤੋਂ ਛੁਟਕਾਰਾ ਪਾ ਜਾਂਦੀ ਹੈ ਅਤੇ ਪਰਮ-ਜੋਤ ਵਿਚ ਅਭੇਦ ਹੋ ਜਾਂਦੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Waryam Singh
ਸਕੱਤਰ, ਧਰਮ ਪ੍ਰਚਾਰ ਕਮੇਟੀ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)