editor@sikharchives.org
ਸ੍ਰੀ ਗੁਰੂ ਗ੍ਰੰਥ ਸਾਹਿਬ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਸ਼ਟਰੀ ਏਕਤਾ ਦਾ ਸਿਧਾਂਤ ਅਤੇ ਅਮਲ

ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਭਾਰਤੀ ਵੱਸੋਂ ਦੇ ਸਿਰਫ਼ ਤਨਾਉ ਨੂੰ ਹੀ ਖ਼ਤਮ ਨਹੀਂ ਕੀਤਾ ਬਲਕਿ ਜ਼ਿੰਦਗੀ ਦੇ ਹਰ ਪਹਿਲੂ ਵਿਚ ਪਰਸਪਰ ਫੁੱਟ ਅਤੇ ਇਸ ਤੋਂ ਪੈਦਾ ਹੋਈ ਕਮਜ਼ੋਰੀ ਨੂੰ ਦੂਰ ਕਰਨ ਦੇ ਸਾਧਨ ਜੁਟਾਏ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਅਮਰੀਕਾਨਾ ਇਨਸਾਈਕਲੋਪੀਡੀਆ ਵਿਚ ਰਾਸ਼ਟਰਵਾਦ ਦੇ ਇਹ ਲੱਛਣ ਦਿੱਤੇ ਹਨ:

(1) ਰਾਸ਼ਟਰਵਾਦ ਮਨ ਦੀ ਅਵਸਥਾ ਹੈ।
(2) ਇਹ ਇੱਕੇ ਤਰ੍ਹਾਂ ਦੇ ਸਭਿਆਚਾਰ ਵਾਲੇ ਲੋਕਾਂ ਦਾ ਵਿਸ਼ੇਸ਼ ਲੱਛਣ ਹੈ।
(3) ਇਹ ਕਿਸੇ ਇਕ ਇਲਾਕੇ ਵਿਚ ਇਕੱਠੇ ਰਹਿੰਦੇ ਲੋਕਾਂ ਦੀ ਪਰਸਪਰ ਸਾਂਝ ਹੈ।
(4) ਇਹ ਵੱਖਰੀ ਹੋਂਦ ਅਤੇ ਸਾਂਝੀ ਕਿਸਮਤ ਵਿਚ ਵਿਸ਼ਵਾਸ ਦੀ ਸਾਂਝੀਦਾਰੀ ਹੈ।

ਉਪਰੋਕਤ ਲੱਛਣਾਂ ਤੋਂ ਰਾਸ਼ਟਰਵਾਦ ਦਾ ਸੰਕਲਪ ਜ਼ਿਹਨ ਵਿਚ ਸਪੱਸ਼ਟ ਹੋਣ ਵਿਚ ਮਦਦ ਮਿਲਦੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਭਾਰਤੀ ਵਿਰਾਸਤ ਨੂੰ ਜਦੋਂ ਦ੍ਰਿਸ਼ਟੀ ਵਿਚ ਲਿਆਂਦਾ ਜਾਵੇ ਤਾਂ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿੰਦਾ ਕਿ ਰਾਸ਼ਟਰਵਾਦ ਭਾਰਤੀ ਲੋਕਾਂ ਦੀ ਚੇਤਨਾ ਦਾ ਹਿੱਸਾ ਨਹੀਂ ਬਣ ਸਕਿਆ ਸੀ। ਉਸ ਸਥਿਤੀ ਵਿਚ ਇਸ ਦਾ ਹੋਣਾ ਸੰਭਵ ਵੀ ਨਹੀਂ ਸੀ। ਇਕ ਤਾਂ ਇਸ ਕਰਕੇ ਕਿ ਰਾਸ਼ਟਰਵਾਦ ਮੁਕਾਬਲਤਨ ਆਧੁਨਿਕ ਸੰਕਲਪ ਹੈ। ਜੇ ਇਸ ਆਧੁਨਿਕ ਸੰਕਲਪ ਨੂੰ ਪੁਰਾਣੀ ਵਿਰਾਸਤ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਤਾਂ ਵੀ ਇਹ ਲਾਗੂ ਨਹੀਂ ਹੋ ਸਕਦਾ। ਇਸ ਦੇ ਕੁਝ ਮੁੱਖ ਕਾਰਨ ਹਨ।

ਅਕਾਦਮਿਕ ਖੇਤਰ ਵਿਚ ਇਹ ਗੱਲ ਭਲੀ-ਭਾਂਤ ਜਾਣੀ ਜਾਂਦੀ ਹੈ ਕਿ ਕਾਫ਼ੀ ਸਮੇਂ ਤੋਂ ਭਾਰਤੀ ਸਮਾਜ ਵਰਗ-ਵੰਡ ਦੇ ਅਨੁਸ਼ਾਸਨ ਅਧੀਨ ਚੱਲ ਰਿਹਾ ਸੀ। ਸਾਡੀ ਵੱਸੋਂ ਦਰਜਾ-ਬ-ਦਰਜਾ ਵਰਗਾਂ ਵਿਚ ਵੰਡੀ ਹੋਈ ਸੀ। ਸਭ ਤੋਂ ਉੱਪਰ ਅਤੇ ਪ੍ਰਤਿਸ਼ਠਾ-ਜਨਕ ਬ੍ਰਾਹਮਣ ਵਰਗ ਸੀ। ਦੂਸਰੇ ਨੰਬਰ ਉੱਤੇ ਖੱਤਰੀ, ਤੀਸਰੇ ਨੰਬਰ ਉੱਤੇ ਵੈਸ਼ ਅਤੇ ਚੌਥੇ ਉੱਤੇ ਸ਼ੂਦਰ ਆਉਂਦੇ ਸਨ। ਸਥਿਤੀ ਅਜਿਹੀ ਸੀ ਕਿ ਤਕਰੀਬਨ ਸਾਰੇ ਇਸਤਰੀ ਵਰਗ ਨੂੰ ਸ਼ੂਦਰ ਵਰਗ ਦੇ ਬਰਾਬਰ ਰੱਖਿਆ ਜਾਂਦਾ ਸੀ। ਇਸ ਤਰ੍ਹਾਂ ਮੁਲਕ ਦੀ ਬਹੁਤ ਸਾਰੀ ਵੱਸੋਂ ਨੂੰ ਮਾਨਸਿਕ ਪੱਖੋਂ ਵੀ ਅਤੇ ਦੁਨਿਆਵੀ ਪੱਖੋਂ ਵੀ ਮਲਕੀਅਤ ਦੇ ਭਾਵ ਤੋਂ ਵੰਚਿਤ ਰੱਖਿਆ ਹੋਇਆ ਸੀ। ਇਹ ਵਰਗ ਮੁਲਕ ਦੀ ਸਾਰੀ ਜਾਇਦਾਦ ਵਿੱਚੋਂ ਕਿਸੇ ਇਕ ਹਿੱਸੇ ਦਾ ਵੀ ਮਾਲਕ ਨਹੀਂ ਸੀ। ਅਸਲ ਵਿਚ ਮਾਲਕ ਬਣਨ ਦੇ ਇਸ ਨੂੰ ਹੱਕ ਪ੍ਰਾਪਤ ਨਹੀਂ ਸਨ। ਇੰਞ ਮੁਲਕ ਦੀ ਮਲਕੀਅਤ ਦੇ ਇਹ ਸਾਂਝੀਵਾਲ ਨਹੀਂ ਸਨ। ਇਨ੍ਹਾਂ ਦਾ ਕੰਮ ਸਿਰਫ਼ ਮਾਲਕਾਂ ਦੀ ਸੇਵਾ ਕਰਨਾ ਸੀ। ਸਾਂਝੀਦਾਰੀ ਤੋਂ ਵੰਚਿਤ ਰੱਖਣ ਨਾਲ ਮਾਨਸਿਕ ਉਦਾਸੀਨਤਾ ਅਤੇ ਅਲਗਾਵ ਦਾ ਭਾਵ ਪੈਦਾ ਹੋਣਾ ਤੇ ਪੱਕਾ ਹੋਣਾ ਜ਼ਰੂਰੀ ਸੀ। ਜਿਹੜੇ ਲੋਕ ਅਲਗਾਵ ਜਾਂ ਬੇਗਾਨਗੀ ਦੀ ਮਨੋਵਿਰਤੀ ਵਿਚ ਜੀਉਂਦੇ ਹਨ ਉਹ ਕਦੇ ਵੀ ਸ਼ਕਤੀ ਦਾ ਸੋਮਾ ਨਹੀਂ ਬਣ ਸਕਦੇ। ਇਸੇ ਸਥਿਤੀ ਨੂੰ ਗੁਰੂ ਸਾਹਿਬ ਨੇ ਕਥਨ ਕੀਤਾ ਹੈ:

ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ॥ (ਪੰਨਾ 767)

ਇਸ ਦਾ ਭਾਵ ਇਹ ਹੈ ਕਿ ਬੇਗਾਨਗੀ ਦੀ ਸਥਿਤੀ ਵਿਚ ਰਹਿਣ ਵਾਲੇ ਲੋਕ ਭਾਵੇਂ ਉਸੇ ਇਲਾਕੇ, ਦੇਸ਼ ਵਿਚ ਰਹਿੰਦੇ ਹੋਣ, ਉਹ ਪਰਦੇਸੀ ਹੁੰਦੇ ਹਨ। ਇੰਞ ਜਿਨ੍ਹਾਂ ਦੀ ਕਿਸੇ ਇਲਾਕੇ ਜਾਂ ਮੁਲਕ ਦੇ ਲਾਭ-ਹਾਨੀ ਵਿਚ ਦਿਲਚਸਪੀ ਨਾ ਰਹੇ, ਉਹ ਉਸ ਮੁਲਕ ਵਿਚ ਰਹਿੰਦੇ ਹੋਏ ਵੀ ਪਰਸਪਰ ਇਕਸੁਰਤਾ ਨਾਲ ਨਹੀਂ ਰਹਿ ਸਕਦੇ। ਨਤੀਜੇ ਵਜੋਂ ਸਾਰੀ ਵੱਸੋਂ ਦਾ ਸਭਿਆਚਾਰ ਇਕ ਨਹੀਂ ਹੋ ਸਕਦਾ, ਕਿਉਂਕਿ ਉਨ੍ਹਾਂ ਦੀ ਕੋਈ ਸਾਂਝ ਨਹੀਂ ਹੁੰਦੀ, ਇਸ ਕਰਕੇ ਉਨ੍ਹਾਂ ਅੰਦਰ ਸਾਂਝੀ ਕਿਸਮਤ ਦੀ ਭਾਵਨਾ ਪੈਦਾ ਨਹੀਂ ਹੁੰਦੀ। ਅਜਿਹੀ ਹਾਲਤ ਵਿਚ ਕਦੇ ਵੀ ਇਕ ਇਲਾਕੇ ਵਿਚ ਰਹਿੰਦੇ ਹੋਏ ਲੋਕ ਵੀ, ਨਤੀਜੇ ਵਜੋਂ ਅੰਦਰੋਂ ਅਤੇ ਬਾਹਰੋਂ ਇਸ ਤਰ੍ਹਾਂ ਟੁੱਟੇ-ਫੁੱਟੇ ਹੋਏ ਹੁੰਦੇ ਹਨ ਕਿ ਨਾ ਉਹ ਸਾਂਝੀ ਸ਼ਕਤੀ ਬਣ ਸਕਦੇ ਹਨ ਅਤੇ ਨਾ ਸਾਂਝੀ ਰਾਸ਼ਟਰੀਅਤਾ ਦਾ ਨਿਰਮਾਣ ਕਰ ਸਕਦੇ ਹਨ। ਬਦਕਿਸਮਤੀ ਨੂੰ ਅਤੇ ਸਰਕਾਰੀ ਪੱਧਰ ਉੱਤੇ ਕੋਈ ਕਾਨੂੰਨ ਬਣਾਉਣ ਦੇ ਬਾਵਜੂਦ ਭਾਰਤੀ ਵੱਸੋਂ ਦੇ ਬਹੁਤੇ ਹਿੱਸੇ ਵਿਚ ਸਥਿਤੀ ਅੱਜ ਵੀ ਇਹੀ ਹੈ। ਇਹ ਵੱਸੋਂ ਅੱਜ ਵੀ ਇਸ ਵਰਗ-ਵੰਡ ਨੂੰ ਚੰਬੜੀ ਹੋਈ ਹੈ। ਇਥੋਂ ਤਕ ਕਿ ਅਕਾਲ ਪੁਰਖ ਦੇ ਆਪਣੇ ਸਰੂਪ ਵਿਚ ਪੈਦਾ ਹੋਏ ਮਨੁੱਖ ਨੂੰ ਪਲੀਤ ਤਸੱਵਰ ਕੀਤਾ ਜਾਂਦਾ ਹੈ। ਉਸ ਨੂੰ ਅਛੂਤ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਵੱਸੋਂ ਦੇ ਇਕ ਹਿੱਸੇ ਅਰਥਾਤ ਇਕ ਵਰਗ ਜਾਂ ਕੁਝ ਵਰਗਾਂ ਦੇ ਹਿੱਤ ਤਾਂ ਪੂਰੇ ਹੁੰਦੇ ਹਨ ਪਰ ਵਰਗ ਵੰਡ ਦੇ ਨਾਂ ਥੱਲੇ ਕਥਿਤ ਦਲਿਤ ਵੱਸੋਂ ਦੇ ਮਨ ਸਾਰੀ ਵੱਸੋਂ ਦੇ ਕਦੇ ਇਕਸੁਰ ਨਹੀਂ ਹੋ ਸਕਦੇ। ਨਤੀਜੇ ਵਜੋਂ ਸਾਂਝੇ ਰਾਸ਼ਟਰ ਦਾ ਨਿਰਮਾਣ ਨਹੀਂ ਹੋ ਸਕਦਾ। ਇਹ ਠੀਕ ਹੈ ਕਿ ਅੱਜ ਦਾ ਰਾਸ਼ਟਰ ਸੰਕਲਪ ਐਸਾ ਸੰਕਲਪ ਹੈ ਜਿਸ ਨੂੰ ਸਿਆਸੀ ਆਧਾਰਾਂ ਉੱਤੇ ਖੜ੍ਹਾ ਕੀਤਾ ਗਿਆ ਹੈ। ਪਰ ਇਸ ਦੇ ਸਰੋਕਾਰ ਸਮਾਜਿਕ ਅਤੇ ਸਭਿਆਚਾਰਕ ਵੀ ਹਨ। ਜੇ ਸਮਾਜਿਕ, ਸਭਿਆਚਾਰਕ ਅਤੇ ਕਿਸੇ ਹੱਦ ਤਕ ਆਰਥਿਕ ਸੰਸਥਾਵਾਂ ਵੱਲੋਂ ਇਸ ਰਾਜਨੀਤਿਕ ਸੰਕਲਪ ਨੂੰ ਸਹਿਯੋਗ ਨਹੀਂ ਮਿਲਦਾ ਤਾਂ ਇਹ ਪੂਰੀ ਤਰ੍ਹਾਂ ਪ੍ਰਫੁੱਲਤ ਨਹੀਂ ਹੋ ਸਕਦਾ। ਅੱਜ ਵੀ ਹਿੰਦੁਸਤਾਨ ਦੀ ਬਹੁਤੀ ਵੱਸੋਂ ਖੁੱਲ੍ਹ ਕੇ, ਸਾਂਝੀਵਾਲਤਾ ਨੂੰ ਸਵੀਕਾਰ ਨਹੀਂ ਕਰਦੀ। ਉਹ ਉਪਰੋਕਤ ਸੰਸਥਾਵਾਂ ਨੂੰ ਇਸ ਤਰ੍ਹਾਂ ਵਿਕਸਿਤ ਕਰਨ ਵਿਚ ਯਤਨਸ਼ੀਲ ਨਹੀਂ। ਇਸ ਕਰਕੇ ਰਾਸ਼ਟਰ ਦੇ ਨਿਰਮਾਣ ਵਿਚ ਇਕ ਰੁਕਾਵਟ ਬਣੀ ਹੋਈ ਹੈ। ਇਹ ਗੱਲ ਸਾਨੂੰ ਸਾਰਿਆਂ ਨੂੰ ਪੂਰੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਿਆਸੀ ਪੱਧਰ ’ਤੇ ਜਿਤਨੇ ਮਰਜ਼ੀ ਯਤਨ ਹੋ ਲੈਣ ਪਰ ਜਿਤਨੀ ਦੇਰ ਉਪਰੋਕਤ ਸੰਸਥਾਵਾਂ ਵੱਲੋਂ ਰਾਸ਼ਟਰਵਾਦ ਦੇ ਸੰਕਲਪ ਨੂੰ ਸਮਰਥਨ ਅਤੇ ਸ਼ਕਤੀ ਨਹੀਂ ਮਿਲਦੀ ਉਤਨੀ ਦੇਰ ਇਹ ਸੰਕਲਪ ਵਿਕਸਿਤ ਨਹੀਂ ਹੋ ਸਕਦਾ ਅਤੇ ਲੋਕਾਂ ਦੇ ਦਿਲਾਂ ਵਿਚ ਘਰ ਨਹੀਂ ਕਰ ਸਕਦਾ। ਜ਼ਾਹਿਰ ਹੈ ਕਿ ਇਹ ਸਾਡੀ ਜ਼ਿੰਦਗੀ ਨੂੰ ਸ਼ਕਤੀ ਨਹੀਂ ਦੇ ਸਕਦਾ। ਇਸ ਪਰਸਪਰ ਵਰਗਾਂ ਵਿਚ ਵੰਡੀ ਹੋਈ ਵੱਸੋਂ ਦੇ ਪਿੱਛੇ ਸਿਧਾਂਤਕ ਆਧਾਰ ਭਾਵੇਂ ਵਰਗ-ਹਿੱਤਾਂ ਉੱਤੇ ਹੀ ਨਿਰਧਾਰਤ ਹਨ, ਪਰ ਇਹ ਇਤਨੇ ਬਲਵਾਨ ਹਨ ਕਿ ਇਨ੍ਹਾਂ ਦੇ ਪੰਜੇ ਵਿੱਚੋਂ ਨਿਕਲਣਾ ਲੱਗਭਗ ਅਸੰਭਵ ਹੋ ਗਿਆ ਹੈ। ਅੱਜ ਦੇ ਗਿਆਨ, ਵਿਗਿਆਨ ਦੇ ਚਾਨਣ ਅਤੇ ਸਾਡੀ ਰਾਸ਼ਟਰੀ ਹਿੱਤਾਂ ਦੀ ਅਤਿਅੰਤ ਜ਼ਰੂਰੀ ਲੋੜ ਦੇ ਬਾਵਜੂਦ ਅਸੀਂ ਰਾਸ਼ਟਰਵਾਦ ਦੇ ਵਿਕਸਿਤ ਹੋਣ ਲਈ ਜ਼ਰੂਰੀ ਕਦਮਾਂ ਨੂੰ ਕੋਈ ਸ਼ਕਤੀਸ਼ਾਲੀ ਆਧਾਰ ਨਹੀਂ ਦੇ ਸਕੇ, ਸਗੋਂ ਇਸ ਦੇ ਉਲਟ ਇਸ ਪ੍ਰਣਾਲੀ ਵਿਚ ਸੁਰੱਖਿਅਤ ਹਿੱਤਾਂ ਦੇ ਮਾਲਕਾਂ ਨੇ, ਵਰਗ-ਵੰਡ ਦੇ ਇਸ ਪ੍ਰਭਾਵ ਨੂੰ ਇਤਨਾ ਵਿਆਪਕ ਕਰ ਦਿੱਤਾ ਹੈ ਕਿ ਜਿਹੜੇ ਲੋਕਾਂ ਨੇ ਇਸ ਸਿਸਟਮ ਦਾ ਸਿਧਾਂਤਕ ਤੌਰ ’ਤੇ ਖੰਡਨ ਕੀਤਾ ਹੈ ਅਤੇ ਜਿਹੜੇ ਹਜ਼ਾਰਾਂ ਸਾਲਾਂ ਤੋਂ ਇਸ ਦੁਆਰਾ ਦਲਿਤ ਹਨ ਉਹ ਵੀ ਇਸ ਦਾ ਸ਼ਿਕਾਰ ਹੋ ਗਏ ਹਨ। ਕਹਿਣ ਦਾ ਮਤਲਬ ਇਹ ਹੈ ਕਿ ਇਸਲਾਮ ਅਤੇ ਸਿੱਖ ਧਰਮ ਦੇ ਅਨੁਯਾਈ ਸਿਧਾਂਤਕ ਤੌਰ ’ਤੇ ਇਸ ਵਰਗ-ਵੰਡ ਨੂੰ ਤਸਲੀਮ ਨਹੀਂ ਕਰਦੇ ਪਰ ਇਹ ਵਰਗ-ਵੰਡ ਜਾਤੀ ਪ੍ਰਥਾ ਦੇ ਨਾਂ ਉੱਤੇ ਉਨ੍ਹਾਂ ਅੰਦਰ ਵੀ ਘਰ ਕਰ ਗਈ ਹੈ। ਇਥੋਂ ਤਕ ਕਿ ਦਲਿਤ ਆਪ ਵੀ ਇਸ ਵਰਗ-ਵੰਡ ਦੇ ਸ਼ਿਕਾਰ ਹਨ। ਉਨ੍ਹਾਂ ਦਾ ਵਰਗ ਫਿਰ ਸਮਾਜ ਦੇ ਦਰਜਾ-ਬ-ਦਰਜਾ ਪ੍ਰਬੰਧ ਨੂੰ ਆਪਣੇ ਵਿਚ ਸਿਰਫ਼ ਸਵੀਕਾਰ ਹੀ ਨਹੀਂ ਕਰਦਾ ਬਲਕਿ ਆਪਣੀ ਜ਼ਿੰਦਗੀ ਨੂੰ ਉਸੇ ਮੁਜੱਸਮੇ ਵਿਚ ਢਾਲਦਾ ਹੈ। ਇਹ ਸਭ ਕੁਝ ਤੋਂ ਦੋ ਗੱਲਾਂ ਜ਼ਾਹਿਰ ਹਨ: ਇਕ ਤਾਂ ਇਹ ਕਿ ਵਰਗ-ਵੰਡ ਰਾਹੀਂ ਜਿਨ੍ਹਾਂ ਲੋਕਾਂ ਦੇ ਹਿੱਤ ਸੰਪੂਰਨ ਹੁੰਦੇ ਹਨ, ਉਹ ਲੋਕ ਇਤਨੇ ਸਿਆਣੇ ਅਤੇ ਚਲਾਕ ਹਨ ਕਿ ਉਹ ਸਮੁੱਚੇ ਸਮਾਜ ਨੂੰ ਆਪਣੇ ਪੰਜੇ ਵਿਚ ਹਰ ਹੀਲੇ ਕਾਬੂ ਰੱਖਣਾ ਚਾਹੁੰਦੇ ਹਨ ਅਤੇ ਕਾਬੂ ਰੱਖ ਸਕਦੇ ਹਨ। ਦੂਸਰਾ ਅਰਥ ਇਹ ਨਿਕਲਦਾ ਹੈ ਕਿ ਵਰਗ-ਵੰਡ ਹਿੰਦੁਸਤਾਨ ਦੇ ਲੋਕਾਂ ਦੇ ਮਨਾਂ ਵਿਚ ਇਤਨਾ ਘਰ ਕਰ ਗਈ ਹੈ, ਉਨ੍ਹਾਂ ਦੀ ਚੇਤਨਾ ਨੂੰ ਇਸ ਨੇ ਇਤਨਾ ਸੁੰਨ ਕਰ ਦਿੱਤਾ ਹੈ ਕਿ ਉਹ ਆਪ ਇਸ ਦਾ ਸ਼ਿਕਾਰ ਹੁੰਦੇ ਹੋਏ ਵੀ ਇਸ ਤੋਂ ਬਚ ਨਹੀਂ ਸਕੇ, ਬਲਕਿ ਇਸ ਦੇ ਉਲਟ ਉਨ੍ਹਾਂ ਨੇ ਵੀ ਇਸ ਨੂੰ ਆਪਣੀ ਤਰਜ਼ੇ-ਜ਼ਿੰਦਗੀ ਬਣਾ ਲਿਆ ਹੈ।

ਕੁੱਲ ਮਿਲਾ ਕੇ ਹਿੰਦੁਸਤਾਨ ਦੀ ਸਭਿਅਤਾ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਹਿੰਦੁਸਤਾਨੀ ਲੋਕ ਨਾ ਤੇ ਆਪਣੀ ਹੋਣੀ ਨੂੰ ਸਾਂਝੀ ਬਣਾ ਸਕੇ ਹਨ ਅਤੇ ਨਾ ਹੀ ਮਾਨਸਿਕ ਤੌਰ ’ਤੇ ਪਰਸਪਰ-ਇਕਸੁਰਤਾ ਵਿਚ ਪਰੋਏ ਜਾ ਸਕੇ ਹਨ। ਇਸ ਕਰਕੇ ਰਾਸ਼ਟਰਵਾਦ, ਹਿੰਦੁਸਤਾਨੀ ਲੋਕਾਂ ਦਾ ਜੀਵਨ-ਵਿਹਾਰ ਦਾ ਹਿੱਸਾ ਨਹੀਂ ਬਣ ਸਕਿਆ। ਹਿੰਦੁਸਤਾਨ ਦੇ ਇਸ ਲੰਬੇ ਦੁਖਾਂਤ ਦੇ ਜੀਵਨ ਵਿਚ 1604 ਈ. ਨੂੰ ਇਕ ਮੋੜ ਆਉਂਦਾ ਹੈ। ਇਹ ਮੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਇਸ ਮੋੜ ਦਾ ਅਰੰਭ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ-ਕਾਲ ਤੋਂ ਸ਼ੁਰੂ ਹੋ ਚੁੱਕਾ ਸੀ, ਇਸ ਦਾ ਜ਼ਿੰਦਗੀ ਉੱਤੇ ਪ੍ਰਭਾਵ ਵੀ ਪੈਣਾ ਸ਼ੁਰੂ ਹੋ ਗਿਆ ਸੀ ਪਰ ਇਸ ਨੇ ਇਕ ਸੰਸਥਾ ਦਾ ਰੂਪ 1604 ਈ. ਵਿਚ ਹੀ ਧਾਰਨ ਕੀਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 36 ਬਾਣੀਕਾਰ ਹਨ। ਗੁਰੂ ਸਾਹਿਬਾਨ ਤੋਂ ਇਲਾਵਾ, ਭਗਤ ਸਾਹਿਬਾਨ ਅਤੇ ਭੱਟ ਬਾਣੀਕਾਰ ਹਨ। ਇਨ੍ਹਾਂ 36 ਬਾਣੀਕਾਰਾਂ ਵਿਚ ਤਕਰੀਬਨ ਹਰ ਵਰਗ ਦੇ ਲੋਕ ਸ਼ਾਮਲ ਹਨ।

ਧਰਮ ਦੇ ਪੱਖ ਤੋਂ ਇਨ੍ਹਾਂ ਵਿਚ ਸਿੱਖ ਹਨ, ਹਿੰਦੂ ਹਨ ਅਤੇ ਮੁਸਲਮਾਨ ਹਨ। ਵਰਗਾਂ ਦੇ ਪੱਖੋਂ ਇਨ੍ਹਾਂ ਵਿਚ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਸਾਰੇ ਵਰਗਾਂ ਨੂੰ ਸ਼ਮੂਲੀਅਤ ਮਿਲੀ ਹੈ।

ਇਲਾਕੇ ਦੇ ਪੱਖੋਂ ਹਿੰਦੁਸਤਾਨ ਦੇ ਤਕਰੀਬਨ ਬਹੁਤੇ ਇਲਾਕਿਆਂ ਨੂੰ ਇਸ ਵਿੱਚੋਂ ਪ੍ਰਤੀਨਿਧਤਾ ਮਿਲੀ ਹੈ। ਹਿੰਦੁਸਤਾਨ ਦੇ ਵੱਖ-ਵੱਖ ਸਭਿਆਚਾਰ, ਸਿਧਾਂਤ, ਭਾਸ਼ਾਵਾਂ ਅਤੇ ਜੀਵਨ-ਵਿਹਾਰ ਇਸ ਵਿਚ ਸ਼ਾਮਲ ਹਨ। ਇੰਞ ਹਿੰਦੁਸਤਾਨੀ ਸਮਾਜ ਦੇ ਸਮੁੱਚੇ ਪਲ ਨੂੰ ਸਮੁੱਚੇ ਪਹਿਲੂਆਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਰਾਬਰੀ ਦੀ ਥਾਂ ਮਿਲੀ ਹੈ। ਹਿੰਦੁਸਤਾਨ ਵਿਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ। ਇਹ ਇਕ ਐਸਾ ਧਾਰਮਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਵਿਚ ਸਭ ਨੂੰ ਪ੍ਰਤੀਨਿਧਤਾ ਮਿਲੀ, ਭਾਵ ਜਿਸ ਦੇ ਸਭ ਹਿੱਸੇਦਾਰ ਹਨ। ਸਾਂਝੀ ਹਿੱਸੇਦਾਰੀ, ਸਾਂਝੀ ਮਲਕੀਅਤ, ਸਾਂਝੀ ਵਿਰਾਸਤ ਅਤੇ ਇਕ ਐਸਾ ਸਾਂਝਾ ਕੇਂਦਰ-ਬਿੰਦੂ ਜਿਸ ਨਾਲ ਸਾਰਿਆਂ ਦੀ ਭਾਵਨਾ ਇੱਕੋ ਤਰ੍ਹਾਂ ਜੁੜ ਸਕੇ। ਹਿੰਦੁਸਤਾਨ ਦੇ ਇਤਿਹਾਸ ਵਿਚ ਇੰਞ ਪਹਿਲੀ ਵਾਰ ਹੋਇਆ ਹੈ। ਇਸ ਨਾਲ ਹਿੰਦੁਸਤਾਨੀ ਸਭਿਅਤਾ ਦੇ ਦੁਖਾਂਤ ਨੂੰ ਇਕ ਰੋਸ਼ਨ ਕਿਨਾਰਾ ਮਿਲਿਆ, ਇਕ ਨਵਾਂ ਸੰਕਲਪ ਅਤੇ ਨਵੀਂ ਦਿਸ਼ਾ ਸਾਹਮਣੇ ਆਈ। ਪਹਿਲੀ ਵਾਰੀ ਇਕ ਅਤੇ ਬਰਾਬਰ ਹੋਣ ਦਾ ਭਾਵ ਉਭਰਿਆ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨੇ ਉਹ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ, ਜਿਹੜੀਆਂ ਕਿਸੇ ਇਕ ਰਾਸ਼ਟਰ ਦੇ ਪੁੰਗਰਨ ਅਤੇ ਵਿਕਸਿਤ ਹੋਣ ਲਈ ਜ਼ਰੂਰੀ ਹਨ। ਇਸ ਰਾਹੀਂ ਪਰਸਪਰ ਧਰਮਾਂ ਦੇ ਝਗੜਿਆਂ ਦੇ ਲੰਬੇ ਇਤਿਹਾਸ ਨੂੰ ਖ਼ਤਮ ਕੀਤਾ ਗਿਆ ਹੈ। ਹਿੰਦੂ ਅਤੇ ਮੁਸਲਮਾਨ ਦਾ ਤਨਾਉ, ਹਿੰਦੂ ਅਤੇ ਸ਼ੂਦਰ ਦਾ ਤਨਾਉ, ਇਸਤਰੀ ਅਤੇ ਪੁਰਸ਼ ਦਾ ਤਨਾਉ ਪਹਿਲੀ ਵਾਰੀ ਸਮਾਧਾਨ ਵੱਲ ਵਧਿਆ। ਇੰਞ ਹਿੰਦੁਸਤਾਨ ਦੇ ਇਤਿਹਾਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਇਕ ਵਿਲੱਖਣ ਘਟਨਾ ਹੈ। ਇਹ ਹਿੰਦੁਸਤਾਨੀ ਰਾਸ਼ਟਰਵਾਦ ਦੇ ਵਿਕਾਸ ਦਾ ਆਧਾਰ ਬਣਨ ਦੇ ਸਮਰੱਥ ਹੈ। ਇਹ ਵੱਖਰੀ ਗੱਲ ਹੈ ਕਿ ਸਾਡੀ ਸੋਚ ਦੇ ਸੋਮਿਆਂ ਦੇ ਦੁਖਾਂਤ ਨੇ ਅਜੇ ਸਾਨੂੰ ਆਜ਼ਾਦ ਨਹੀਂ ਕੀਤਾ ਅਤੇ ਅਸੀਂ ਆਪਣੇ ਸਭਿਆਚਾਰ ਦੇ ਰੋਸ਼ਨ ਚਾਨਣ-ਮੁਨਾਰੇ ਦੀ ਹੋਂਦ ਤੋਂ ਫਾਇਦਾ ਨਹੀਂ ਉਠਾ ਸਕੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਭਾਰਤੀ ਵੱਸੋਂ ਦੇ ਸਿਰਫ਼ ਤਨਾਉ ਨੂੰ ਹੀ ਖ਼ਤਮ ਨਹੀਂ ਕੀਤਾ ਬਲਕਿ ਜ਼ਿੰਦਗੀ ਦੇ ਹਰ ਪਹਿਲੂ ਵਿਚ ਪਰਸਪਰ ਫੁੱਟ ਅਤੇ ਇਸ ਤੋਂ ਪੈਦਾ ਹੋਈ ਕਮਜ਼ੋਰੀ ਨੂੰ ਦੂਰ ਕਰਨ ਦੇ ਸਾਧਨ ਜੁਟਾਏ ਹਨ।

ਹਿੰਦੁਸਤਾਨ ਵਿਚ ਭਾਵੇਂ ਸਿਧਾਂਤਕ ਤੌਰ ’ਤੇ ਬਹੁ-ਈਸ਼ਵਰਵਾਦ ਜਾਂ ਬਹੁ-ਦੇਵਵਾਦ ਵਿਚ ਕਿਤੇ-ਕਿਤੇ ਇੱਕ ਈਸ਼ਵਰ ਦੀ ਗੱਲ ਵੀ ਹੋਈ ਹੈ। ਹਰ ਫਿਰਕੇ ਦਾ ਆਪਣਾ ਦੇਵਤਾ ਹਿੰਦੁਸਤਾਨੀ ਚੇਤਨਾ ਦੀ ਮਰਯਾਦਾ ਬਣ ਗਈ। ਇਸਲਾਮ ਦੇ ਆਉਣ ਨਾਲ ਇਹ ਤਨਾਉ ਇਕ ਨਵੀਂ ਸ਼ਕਲ ਅਖਤਿਆਰ ਕਰ ਗਿਆ। ਇਸ ਤੋਂ ਪਹਿਲਾਂ ਹੀ ਹਰ ਫਿਰਕੇ ਦਾ ਆਪਣਾ ਇਕ ਰੱਬ ਸੀ ਤੇ ਨਤੀਜੇ ਵਜੋਂ ਹਿੰਦੁਸਤਾਨੀ ਵੱਸੋਂ ਦੇ ਲੱਖਾਂ ਇਸ਼ਟ ਸਨ। ਇਸਲਾਮ ਦੇ ਆਉਣ ਨਾਲ ਰੱਬ ਤੇ ਪੈਗ਼ੰਬਰ ਦਾ ਇਕ ਹੋਰ ਤੇ ਨਵਾਂ ਸੰਕਲਪ ਆ ਗਿਆ ਕਿਉਂਕਿ ਸਿਆਸੀ ਤਾਕਤ ਉਨ੍ਹਾਂ ਕੋਲ ਸੀ, ਇਸ ਕਰਕੇ ਸਥਾਨਕ ਵੱਸੋਂ ਦੇ ਬਹੁਤੇ ਹਿੱਸੇ, ਖਾਸ ਕਰਕੇ ਕੁਲੀਨ ਹਿੱਸੇ ਨੇ, ਰਾਜਾ ਵਰਗ ਦੇ ਰੱਬ ਨੂੰ ਤਸਲੀਮ ਕਰ ਲਿਆ ਤੇ ਇੰਞ ਰਾਮ ਦੀ ਥਾਂ ’ਤੇ ਅੱਲ੍ਹਾ, ਵੇਦ ਦੀ ਥਾਂ ’ਤੇ ਕਤੇਬ ਅਤੇ ਭਗਵੇਂ ਦੀ ਥਾਂ ’ਤੇ ਹਰਾ ਰੰਗ ਆ ਗਿਆ। ਬਹੁ-ਦੇਵਵਾਦ ਨੇ ਇਕ ਨਵਾਂ ਰੁਖ਼ ਪਕੜਿਆ ਅਤੇ ਇਸ ਨਾਲ ਪਰਸਪਰ ਤਨਾਉ ਵਧਿਆ। ਸਥਾਨਕ ਕੁਲੀਨ ਵਰਗ ਦੀ ਇਸ ਸ੍ਵੈ-ਇੱਛਤ ਅਤੇ ਲਾਲਚ-ਵੱਸ ਸਵੀਕ੍ਰਿਤੀ ਨੂੰ ਠੀਕ ਸੋਚਣ ਵਾਲਿਆਂ ਦੇ ਮਨ ਵਿਚ ਉਨ੍ਹਾਂ ਪ੍ਰਤੀ ਅਸਵੀਕ੍ਰਿਤੀ ਦੀ ਭਾਵਨਾ ਨੂੰ ਬਲ ਦਿੱਤਾ। ਇਸ ਤਰ੍ਹਾਂ ਰੱਬ ਦੇ ਅਨੇਕਾਂ ਰੂਪ ਬਲਕਿ ਅਨੇਕਾਂ ਰੱਬ ਅਨੇਕਾਂ ਪੂਜਾ-ਵਿਧੀਆਂ ਅਤੇ ਅਨੇਕਾਂ ਸਭਿਆਚਾਰ ਸਾਹਮਣੇ ਆਏ। ਅਜਿਹੀ ਹਾਲਤ ਵਿਚ ਹਿੰਦੁਸਤਾਨ, ਹਿੰਦੁਸਤਾਨੀ ਮਨੁੱਖ ਅਤੇ ਉਸ ਦੀ ਸਮਰੱਥਾ ਦਾ ਕਮਜ਼ੋਰ ਹੋਣਾ ਲਾਜ਼ਮੀ ਸੀ। ਸ੍ਰੀ ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰੀ ਇਸ ਗੱਲ ਨੂੰ ਅਨੁਭਵ ਕਰਦਿਆਂ ਹੋਇਆਂ ਇਸ ਨੂੰ ਆਪਣੀ ਵਿਚਾਰਧਾਰਕ ਪੱਧਤੀ ਦਾ ਹਿੱਸਾ ਬਣਾਇਆ ਅਤੇ ਇਸ ਚੱਲ ਰਹੀ ਧਾਰਾ ਨੂੰ ਸਿੱਧ ਕਰਨ ਦਾ ਯਤਨ ਕੀਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਬਾਣੀਕਾਰਾਂ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸਿਧਾਂਤਕ ਪੱਧਰ ਉੱਤੇ ਇਸ ਸਮੱਸਿਆ ਨੂੰ ਨਜਿੱਠਣ ਦਾ ਯਤਨ ਕੀਤਾ। ਉਨ੍ਹਾਂ ਨੇ ਪਰਸਪਰ ਤਨਾਉ ਦੇ ਕਾਰਨਾਂ ਨੂੰ ਖ਼ਤਮ ਕਰਨ ਲਈ ਜੁਗਤ ਬਣਾਈ। ਸਭ ਤੋਂ ਪਹਿਲੀ ਗੱਲ ਉਨ੍ਹਾਂ ਨੇ ਇਹ ਕੀਤੀ ਕਿ ਉਨ੍ਹਾਂ ਨੇ ਨਾਅਰਾ ਲਾਇਆ ਕਿ ਰੱਬ ਇਕ ਹੈ। ਉਸ ਦਾ ਕੋਈ ਚਿੰਨ੍ਹ-ਚੱਕਰ ਜਾਂ ਰੂਪ-ਰੰਗ ਨਹੀਂ। ਉਸ ਦਾ ਕੋਈ ਮਜ਼੍ਹਬ ਜਾਂ ਵਰਗ ਨਹੀਂ। ਇਸ ਕਰਕੇ ਰੱਬ ਦੇ ਗੁਣਾਂ ਜਾਂ ਰੂਪ-ਰੰਗ ਨੂੰ ਲੈ ਕੇ ਝਗੜਾ ਕਰਨਾ ਬੁਨਿਆਦੀ ਤੌਰ ’ਤੇ ਗ਼ਲਤ ਹੈ। ਉਹ ਸਭ ਦੇ, ਸਭ ਤੋਂ ਨੇੜੇ ਹੈ, ਇਸ ਕਰਕੇ ਮੁਸਲਮਾਨ ਦਾ ਰੱਬ ਜਾਂ ਹਿੰਦੂ ਦਾ ਰੱਬ, ਅਖੌਤੀ ਅਛੂਤ ਜਾਂ ਸਵਰਨ ਜਾਤੀ ਦਾ ਰੱਬ, ਵੱਖਰਾ ਨਹੀਂ। ਇਸ ਮਸਲੇ ਬਾਰੇ ਜਿਤਨੇ ਵਾਦ-ਵਿਵਾਦ ਹਨ, ਉਹ ਗ਼ਲਤ ਹਨ। ਇੰਞ ਰੱਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਭ ਦੀ ਸਾਂਝੀ ਮਲਕੀਅਤ ਬਣ ਗਿਆ ਅਤੇ ਸਾਰੇ ਉਸ ਦੀ ਔਲਾਦ ਬਣ ਗਏ। ਨਾ ਕੋਈ ਵਿਸ਼ੇਸ਼ ਮਜ਼੍ਹਬ ਰਿਹਾ ਤੇ ਨਾ ਕੋਈ ਵਿਸ਼ੇਸ਼ ਪੁੱਤਰ ਜਾਂ ਪੈਗ਼ੰਬਰ ਰਿਹਾ। ਇਸ ਤਰ੍ਹਾਂ ਕਰਨ ਨਾਲ ਇਕ ਸਾਂਝ ਸ਼ੁਰੂ ਹੋਈ। ਇਸ ਗੱਲ ਨੂੰ ਹੋਰ ਦ੍ਰਿੜ੍ਹ ਕਰਨ ਵਾਸਤੇ ਗੁਰੂ ਸਾਹਿਬ ਨੇ ਨਿਹਾਇਤ ਵਿਵਹਾਰਕ ਪੱਧਰ ਉੱਤੇ ਗੱਲ ਨੂੰ ਨਜਿੱਠਣ ਦਾ ਯਤਨ ਕੀਤਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਮੀਰ ਅਤੇ ਗ਼ਰੀਬ, ਰਾਜਾ ਅਤੇ ਪਰਜਾ, ਛੂਤ ਅਤੇ ਅਛੂਤ, ਇਸਤਰੀ ਅਤੇ ਪੁਰਸ਼, ਮੰਗਤਾ ਅਤੇ ਦਾਤਾ, ਇਨ੍ਹਾਂ ਵਿਚ ਕੋਈ ਫ਼ਰਕ ਨਹੀਂ। ਜੇ ਰੱਬ ਇਕ ਹੈ ਤਾਂ ਉਸ ਦੀ ਦ੍ਰਿਸ਼ਟੀ ਵਿਚ ਉਸ ਦੇ ਸਾਰੇ ਬੱਚੇ ਵੀ ਇਕ ਭਾਵ ਸਮਾਨ ਹਨ। ਇਸ ਗੱਲ ਨੂੰ ਹੋਰ ਦ੍ਰਿੜ੍ਹ ਕਰਨ ਵਾਸਤੇ ਉਨ੍ਹਾਂ ਨੇ ਅੱਗੇ ਫਿਰ ਇਸ ਨੂੰ ਦੋ ਪੱਧਰ ਉੱਤੇ ਸੰਚਾਰਤ ਕੀਤਾ। ਇਕ ਇਹ ਕਿ ਹਰ ਜੀਵ ਅੰਦਰ ਇੱਕੋ ਆਤਮਾ ਵਰਤਮਾਨ ਹੈ ਤੇ ਦੂਸਰਾ ਇਹ ਕਿ ਹਰ ਜੀਵ ਇੱਕੋ ਤਰ੍ਹਾਂ ਦੇ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਹਰ ਜੀਵ ਤੇ ਗਿਆਨ ਤੇ ਕਰਮ-ਇੰਦਰੇ ਇੱਕੋ ਤਰ੍ਹਾਂ ਦੇ ਹਨ ਤੇ ਜੇ ਇਹ ਸੱਚ ਹੈ ਤਾਂ ਭੇਦ-ਭਾਵ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਹੋਰ ਅੱਗੇ ਚੱਲ ਕੇ ਗੁਰੂ ਸਾਹਿਬ ਸਾਰੀ ਸਮੱਸਿਆ ਨੂੰ ਨਿਰੋਲ ਵਿਵਹਾਰਕ ਦ੍ਰਿਸ਼ਟੀਕੋਣ ਤੋਂ ਦੇਖਦੇ ਹਨ। ਉਨ੍ਹਾਂ ਦੇ ਵਿਚਾਰ ਵਿਚ ਦੁੱਖ ਅਤੇ ਸੁਖ, ਅਮੀਰੀ ਅਤੇ ਗ਼ਰੀਬੀ, ਦੋਸਤੀ ਅਤੇ ਦੁਸ਼ਮਣੀ, ਨੀਚ ਅਤੇ ਊਚ ਦਾ ਭੇਦ ਅਸਲੀਅਤ ਨਹੀਂ ਹੈ। ਇਹ ਸਾਡੇ ਭੁਲੇਖੇ ਹਨ। ਸਾਡੇ ਭੁਲੇਖੇ ਕਿਸੇ ਸੰਤੋਖਜਨਕ ਨਤੀਜੇ ਦਾ ਆਧਾਰ ਨਹੀਂ ਬਣ ਸਕਦੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ਪਰਸਪਰ ਭੇਦ ਅਤੇ ਇਨ੍ਹਾਂ ਤੋਂ ਪੈਦਾ ਹੋਏ ਤਨਾਉ ਨੂੰ ਖ਼ਤਮ ਕਰਨ ਨੂੰ ਦਾਰਸ਼ਨਿਕ ਆਧਾਰ ਦਿੱਤੇ ਅਤੇ ਮਨੁੱਖੀ ਸਮਾਜ ਨੂੰ ਇਕ ਨਵਾਂ ਅਮਲ ਦਿੱਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਨੁੱਖ-ਮਾਤਰ ਦੀ ਸੁਤੰਤਰਤਾ ਦੀ ਸਮੱਸਿਆ ਨੂੰ ਆਪਣੀ ਕੇਂਦਰੀ ਸਮੱਸਿਆ ਬਣਾਇਆ ਹੈ। ਮਨੁੱਖ ਅੰਦਰੋਂ ਵੀ ਗ਼ੁਲਾਮ ਹੈ ਅਤੇ ਬਾਹਰੋਂ ਵੀ। ਅੰਦਰੋਂ ਗ਼ੁਲਾਮ ਹੈ ਉਹ ਆਪਣੇ ਸੰਸਕਾਰਾਂ ਦਾ, ਆਪਣੇ ਕਾਲਪਨਿਕ ਡਰਾਂ ਦਾ ਅਤੇ ਆਪਣੀਆਂ ਮਿਥਕ ਮਨੌਤਾਂ ਦਾ। ਇਸ ਸਭ ਕੁਝ ਦਾ ਆਧਾਰ ਉਸ ਦਾ ਆਪਣਾ ਅਗਿਆਨ ਹੈ। ਬਾਹਰੀ ਦਬਾਅ ਸਮਾਜਿਕ ਅਤੇ ਆਰਥਿਕ ਦਬਾਉ ਹਨ ਪਰ ਸਭ ਤੋਂ ਵੱਡਾ ਦਬਾਉ ਰਾਜਨੀਤਿਕ ਤੇ ਅਗਿਆਨ ਤੋਂ ਪੈਦਾ ਹੋਈਆਂ ਮਨੁੱਖ ਦੀਆਂ ਅੰਦਰਲੀਆਂ ਕਮਜ਼ੋਰੀਆਂ ਅਤੇ ਉਸ ਉੱਤੇ ਪਏ ਬਾਹਰੀ ਦਬਾਵਾਂ ਨੇ ਉਸ ਨੂੰ ਅੰਦਰੋਂ ਅਤੇ ਬਾਹਰੋਂ ਪੂਰੀ ਤਰ੍ਹਾਂ ਗ਼ੁਲਾਮ ਬਣਾ ਦਿੱਤਾ ਹੈ। ਗੁਰੂ ਸਾਹਿਬ ਦਾ ਦ੍ਰਿੜ੍ਹ ਵਿਚਾਰ ਹੈ ਕਿ ਮਨੁੱਖ ਦੀ ਇਹ ਗ਼ੁਲਾਮੀ ਦੀ ਪ੍ਰਕਿਰਿਆ ਉਸ ਦੇ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਦੇ ਆਖ਼ਰੀ ਸਾਹ ਤਕ ਨਾਲ ਰਹਿੰਦੀ ਹੈ। ਇੰਞ ਗ਼ੁਲਾਮੀ ਦੇ ਵਾਤਾਵਰਨ ਵਿਚ ਪਲ਼ਿਆ ਮਨੁੱਖ ਕਿਸੇ ਤਰ੍ਹਾਂ ਵੀ ਇਕ ਦੂਜੇ ਦਾ ਸਹਾਇਕ ਜਾਂ ਸਾਂਝੀਵਾਲ ਨਹੀਂ ਬਣ ਸਕਦਾ। ਇਸ ਲਈ ਜ਼ਰੂਰੀ ਹੈ ਕਿ ਉਸ ਨੂੰ ਇਨ੍ਹਾਂ ਜ਼ੰਜੀਰਾਂ ਤੋਂ ਮੁਕਤ ਕੀਤਾ ਜਾਵੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬ ਦੇ ਅਨੇਕਾਂ ਗੁਣਾਂ ਵਿੱਚੋਂ ਦੋ ਗੁਣਾਂ ਉੱਤੇ ਉਚੇਚੇ ਤੌਰ ’ਤੇ ਬਲ ਦਿੱਤਾ ਹੈ। ਇਕ ਇਹ ਕਿ ਉਹ ਨਿਰਭਉ ਹੈ ਅਤੇ ਦੂਸਰਾ ਇਹ ਕਿ ਦਇਆਵਾਨ ਹੈ। ਰੱਬ ਦੇ ਇਹ ਦੋਵੇਂ ਗੁਣ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ, ਹਰ ਮਨੁੱਖੀ ਸ਼ਖ਼ਸੀਅਤ ਦੀ ਪਛਾਣ ਹੋਣੇ ਚਾਹੀਦੇ ਹਨ। ਨਿੱਡਰਤਾ ਅਤੇ ਦਇਆ ਦੀ ਸਥਿਤੀ ਵਿਚ ਪਲ਼ਿਆ ਮਨੁੱਖ ਆਜ਼ਾਦੀ ਦੇ ਅਨੁਭਵ ਨੂੰ ਸਹਿਜੇ ਹੀ ਅਪਣਾ ਸਕਦਾ ਹੈ ਅਤੇ ਇਸ ਤਰ੍ਹਾਂ ਮਨੁੱਖ- ਮਾਤਰ ਦੇ ਸਾਂਝੇ ਆਦਰਸ਼ ਨੂੰ ਆਪਣੀ ਜ਼ਿੰਦਗੀ ਦਾ ਆਦਰਸ਼ ਬਣਾ ਸਕਦਾ ਹੈ।

ਗੁਰੂ ਸਾਹਿਬ ਦਾ ਵਿਚਾਰ ਹੈ ਕਿ ਇਹ ਆਜ਼ਾਦੀ ਮਨੁੱਖ ਦਾ ਜਨਮਸਿੱਧ ਅਧਿਕਾਰ ਹੈ। ਜਨਮਸਿੱਧ ਅਧਿਕਾਰ ਇਸ ਕਰਕੇ ਕਿ ਜਿਸ ਵੇਲੇ ਮਨੁੱਖ ਪੈਦਾ ਹੁੰਦਾ ਹੈ ਉਹ ਅਕਾਲ ਪੁਰਖ ਦੇ ਰਾਜ ਵਿਚ ਆਜ਼ਾਦ ਹੁੰਦਾ ਹੈ ਪਰ ਜਦੋਂ ਮਨੁੱਖਾਂ ਦੇ ਰਾਜ ਵਿਚ ਅੱਖ ਖੋਲ੍ਹਦਾ ਹੈ ਤਾਂ ਉਸ ਦੀ ਗ਼ੁਲਾਮੀ ਦਾ ਦੌਰ ਸ਼ੁਰੂ ਹੁੰਦਾ ਹੈ। ਸਰਬਪੱਖੀ ਆਜ਼ਾਦੀ ਤੋਂ ਭਾਵ ਮਨੁੱਖ ਦੇ ਮੁੱਢਲੇ ਬਿੰਦੂ ਦੀ ਸਥਿਤੀ ਦੀ ਪ੍ਰਾਪਤੀ ਹੈ, ਭਾਵ ਰੱਬ ਦੇ ਰਾਜ ਵਿਚ ਆਉਣ ਦੀ ਸਥਿਤੀ ਹੈ। ਇਸ ਤੋਂ ਸਿੱਧਾ ਨਤੀਜਾ ਇਹ ਨਿਕਲਦਾ ਹੈ ਕਿ ਰੱਬ ਦੇ ਰਾਜ ਵਿਚ ਆਜ਼ਾਦੀ ਹੈ ਤੇ ਮਨੁੱਖ ਦੇ ਰਾਜ ਵਿਚ ਗ਼ੁਲਾਮੀ ਹੈ। ਇਹ ਗੱਲ ਅੱਗੇ ਇਹ ਨੁਕਤਾ ਵੀ ਦ੍ਰਿੜ੍ਹ ਕਰਾਉਂਦੀ ਹੈ ਕਿ ਮਨੁੱਖ ਦੂਸਰੇ ਮਨੁੱਖ ਨੂੰ ਪੂਰੀ ਆਜ਼ਾਦੀ ਦੇ ਹੀ ਨਹੀਂ ਸਕਦਾ। ਇਹ ਮਨੁੱਖ ਦੀ ਤ੍ਰਾਸਦੀ ਹੈ। ਇਸੇ ਕਰਕੇ ਜੋ ਲੋਕ ਆਜ਼ਾਦੀ ਲਈ ਲੜਦੇ ਹਨ, ਕੁਰਬਾਨੀਆਂ ਕਰਦੇ ਹਨ, ਉਹੀ ਲੋਕ ਜਦੋਂ ਆਪ ਤਾਕਤ ਵਿਚ ਆਉਂਦੇ ਹਨ ਤਾਂ ਉਹ ਦੂਸਰੇ ਦੀ ਆਜ਼ਾਦੀ ਨੂੰ ਕੁਚਲਦੇ ਹਨ, ਭਾਵ ਦੂਸਰੇ ਨੂੰ ਆਜ਼ਾਦੀ ਦੇਣ ਲਈ ਤਿਆਰ ਨਹੀਂ ਹੁੰਦੇ, ਜਿਹੜੀ ਉਹ ਆਪ ਮਾਣ ਰਹੇ ਹੁੰਦੇ ਹਨ। ਇਹ ਮਨੁੱਖੀ ਸੁਭਾਅ ਦਾ ਬੁਨਿਆਦੀ ਦੁਖਾਂਤ ਹੈ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ ਮਨੁੱਖ ਨੂੰ ਮਨੁੱਖ ਦੇ ਰਾਜ ਵਿੱਚੋਂ ਕੱਢ ਕੇ ਰੱਬ ਦੇ ਰਾਜ ਵਿਚ ਲਿਆਉਣਾ ਲੋਚਦੇ ਹਨ, ਕਿਉਂਕਿ ਉਥੇ ਕੋਈ ਪਾਬੰਦੀ ਨਹੀਂ ਹੈ। ਇਸ ਦਾ ਸਿੱਧਾ ਨਤੀਜਾ ਇਹ ਨਿਕਲਦਾ ਹੈ ਕਿ ਸਭਿਆਵਾਨ, ਵਿਕਸਿਤ ਅਤੇ ਆਜ਼ਾਦੀ-ਪਸੰਦ ਕੌਮਾਂ ਨੂੰ ਆਪਣਾ ਸੰਵਿਧਾਨ ਰੱਬ ਦੁਆਰਾ ਦਿੱਤੇ ਸੰਵਿਧਾਨ ਦੇ ਅਨੁਕੂਲ ਬਣਾਉਣਾ ਚਾਹੀਦਾ ਹੈ। ਕੁਦਰਤ ਦੇ ਕਾਨੂੰਨ ਮਨੁੱਖ ਦੇ ਕਾਨੂੰਨ ਦੇ ਆਧਾਰ ਬਣਨੇ ਚਾਹੀਦੇ ਹਨ। ਇਸ ਨਾਲ ਸਮ-ਦ੍ਰਿਸ਼ਟੀ ਦੇ ਵਿਆਪਕ ਹੋਣ ਦੀ ਸੰਭਾਵਨਾ ਪੂਰੀ ਹੁੰਦੀ ਹੈ ਅਤੇ ਮਨੁੱਖ ਦੇ ਆਜ਼ਾਦ ਹੋਣ ਦਾ ਇਹੀ ਇਕ ਲੱਛਣ ਬਣਦਾ ਹੈ, ਜਿਤਨੀ ਦੇਰ ਮਨੁੱਖ ਆਜ਼ਾਦ ਨਹੀਂ ਉਸ ਦੀ ਸੋਚ ਅਧੂਰੀ ਹੈ ਅਤੇ ਜਿਤਨੀ ਦੇਰ ਉਸ ਦੀ ਸੋਚ ਅਧੂਰੀ ਹੈ ਉਸ ਅੰਦਰ ਸਾਂਝੀ ਮਲਕੀਅਤ ਅਤੇ ਸਾਂਝੀ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਹੀ ਨਹੀਂ ਹੋ ਸਕਦਾ। ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਇਸ ਪੱਖੋਂ ਹਿੰਦੁਸਤਾਨ ਦੀ ਸਭਿਅਤਾ ਦਾ ਵਿਕਾਸ, ਅਧੂਰਾ ਵਿਕਾਸ ਹੈ। ਹਿੰਦੁਸਤਾਨੀ ਮਨੁੱਖ ਪੂਰੀ ਤਰ੍ਹਾਂ ਵਿਕਸਿਤ ਮਨੁੱਖ ਨਹੀਂ ਹੈ। ਇਸ ਕਰਕੇ ਇਹ ਸੰਦਰਭ ਰਾਸ਼ਟਰਵਾਦੀ ਭਾਵਨਾ ਦੇ ਵਿਕਸਿਤ ਹੋਣ ਦੀ ਸੰਭਾਵਨਾ ਨੂੰ ਹੀ ਪੈਦਾ ਨਹੀਂ ਹੋਣ ਦਿੰਦਾ। ਗੁਰੂ ਸਾਹਿਬ ਹਿੰਦੁਸਤਾਨੀ ਸਭਿਅਤਾ ਦੇ ਇਸ ਉਲਾਰ ਵਿਕਾਸ ਨੂੰ ਸੰਤੁਲਤ ਕਰਨ ਦੇ ਯਤਨ ਵਿਚ ਹਨ ਅਤੇ ਇੰਞ ਇਥੋਂ ਦੇ ਲੋਕਾਂ ਨੂੰ ਰਾਸ਼ਟਰੀ ਭਾਵਨਾ ਦੀ ਲੀਹ ਉੱਤੇ ਤੋਰਨ ਦੇ ਯਤਨ ਵਿਚ ਹਨ। ਹਿੰਦੁਸਤਾਨ ਦੇ ਇਤਿਹਾਸ ਵਿਚ ਇਹ ਪਹਿਲਾ ਯਤਨ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਆਪਣੇ ਰਵੱਈਏ ਨੂੰ ਸਿਰਫ਼ ਸਿਧਾਂਤਕ ਵਿਚਾਰ-ਵਟਾਂਦਰੇ ਤਕ ਹੀ ਸੀਮਿਤ ਨਹੀਂ ਰੱਖਿਆ। ਇਸ ਨੂੰ ਮਨੁੱਖੀ ਅਮਲ ਦਾ ਹਿੱਸਾ ਬਣਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ ਦੁਫੇੜ ਨੂੰ ਮਿਟਾਉਣ ਦੇ ਹੱਕ ਵਿਚ ਹਨ। ਇਸ ਲਈ ਉਹ ਇਕਸੁਰਤਾ ਨੂੰ ਅਮਲ ਵਿਚ ਲਿਆਉਣ ਲਈ ਕੁਝ ਅਨਿੱਖੜ ਸੰਸਥਾਵਾਂ ਨੂੰ ਸਿਰਜਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਸੇ ਸਕੀਮ ਦਾ ਪਹਿਲਾ ਕਦਮ ਹੈ। ਸਾਰੇ ਧਰਮਾਂ, ਸਾਰੇ ਵਰਗਾਂ ਦੇ ਲੋਕਾਂ ਨੂੰ ਇਕ ਪਲੇਟਫਾਰਮ ਤੇ ਇੱਕੋ ਜਿਲਦ ਵਿਚ ਸੰਗ੍ਰਹਿਤ ਕਰਨਾ ਅਤੇ ਸਭ ਨੂੰ ਇਸ ਅੱਗੇ ਮੱਥਾ ਟੇਕ ਕੇ ਇਸ ਨੂੰ ਗੁਰੂ ਤਸਲੀਮ ਕਰਨ ਦਾ ਆਦੇਸ਼ ਦੇਣਾ, ਇਸੇ ਸਕੀਮ ਦਾ ਅਰੰਭ ਹੈ। ਇਸ ਦੇ ਨਾਲ ਹੀ ਸ੍ਰੀ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਭਾਵ ਰੱਬ ਦੇ ਘਰ ਦੀ ਉਸਾਰੀ ਅਤੇ ਇਥੇ ਆਉਣ ਦਾ ਸਭ ਨੂੰ ਬਰਾਬਰੀ ਦਾ ਹੱਕ ਦੇਣਾ, ਇਸ ਸਕੀਮ ਦਾ ਦੂਸਰਾ ਹਿੱਸਾ ਹੈ। ਇਸ ਦੇ ਨਾਲ-ਨਾਲ ਇੱਕੋ ਪੰਗਤ ਵਿਚ ਬੈਠ ਕੇ ਲੰਗਰ ਛਕਣਾ, ਹਰ ਸੰਗਤ ਵਿਚ ਇੱਕੋ ਤਰ੍ਹਾਂ ਬਰਾਬਰ ਦੇ ਅਧਿਕਾਰਾਂ ਨਾਲ ਹਿੱਸੇਦਾਰ ਹੋਣਾ, ਇਸ ਸਕੀਮ ਦੀਆਂ ਹੀ ਲੜੀਆਂ ਹਨ। ਰੱਬ ਇਕ, ਗੁਰੂ ਇਕ, ਧਾਰਮਿਕ ਗ੍ਰੰਥ ਇਕ, ਰੱਬ ਦਾ ਘਰ ਇਕ ਤੇ ਸੰਗਤ ਅਤੇ ਪੰਗਤ ਵਿਚ ਬੈਠਣ ਦੇ ਅਧਿਕਾਰ ਇੱਕੋ ਜਿਹੇ, ਉਨ੍ਹਾਂ ਤੇ ਸਾਂਝੀਵਾਲਤਾ ਦੇ ਆਦਰਸ਼ ਦਾ ਪ੍ਰਗਟਾਵਾ ਹਨ। ਸਾਰੇ ਭੇਦ-ਭਾਵ ਮਿਟਾ ਕੇ ਸਭ ਦੇ ਬਰਾਬਰ ਹੱਕ ਅਤੇ ਬਰਾਬਰ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਵਿਹਾਰ ਕਰਨਾ, ਹਰ ਉੱਦਮ ਵਿਚ ਇੱਕੋ ਤਰ੍ਹਾਂ ਸ਼ਰੀਕ ਹੋਣਾ ਵਰਤਮਾਨ ਮਨੁੱਖੀ ਚੇਤਨਾ ਦਾ ਪਰਿਵਰਤਨ ਸੀ। ਇਹ ਸਮੂਹਿਕ ਆਚਰਨ ਦੀ ਉਸਾਰੀ ਦੀ ਬੁਨਿਆਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਹਿੰਦੁਸਤਾਨੀ ਸਭਿਅਤਾ ਦੇ ਵਿਕਾਸ ਵਿਚ ਪਹਿਲੀ ਹਾਂ-ਪੱਖੀ ਕੜੀ ਹੈ।

ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰਾਸ਼ਟਰਵਾਦ ਦੇ ਮਾਡਲ ਵਜੋਂ ਵਿਚਾਰਦੇ ਹਾਂ ਤਾਂ ਇਸ ਦਾ ਇਕ ਹੋਰ ਪਹਿਲੂ ਧਿਆਨਯੋਗ ਹੈ। ਅੱਜ ਦੇ ਰਾਸ਼ਟਰਵਾਦ ਦੀ ਪਰਿਭਾਸ਼ਾ ਕੁਝ ਸੀਮਾਵਾਂ ਨੂੰ ਸਵੀਕਾਰ ਕਰਦੀ ਹੈ। ਜਿਵੇਂ ਕਿ ਦੇਸ਼ ਅਤੇ ਕਾਲ ਦੀ ਸੀਮਾ, ਸਭਿਆਚਾਰ ਦੇ ਸਾਂਝੇ ਲੱਛਣਾਂ ਦੀ ਸੀਮਾ ਜਾਂ ਕੁੱਲ ਮਿਲਾ ਕੇ ਇੱਕੋ ਕਿਸਮ ਦੇ ਆਦਰਸ਼ਾਂ ਦੀ ਸੀਮਾ। ਇੰਞ ਸੀਮਾ ਰਾਸ਼ਟਰਵਾਦ ਦਾ ਇਕ ਅਨਿੱਖੜ ਅੰਗ ਬਣ ਗਿਆ ਹੈ। ਵਿਹਾਰਕ ਪੱਧਰ ਉੱਤੇ ਇਸ ਦਾ ਅਸਰ ਇਹ ਹੋਇਆ ਕਿ ਦੁਨੀਆਂ- ਦਾਇਰੀਆਂ ਅਤੇ ਰੰਗ-ਨਸਲ ਆਦਿ ਦੇ ਦਾਇਰੇ, ਇਸ ਤਰ੍ਹਾਂ ਰਾਸ਼ਟਰਵਾਦ ਇਕ ਸਿਆਸੀ ਹਥਿਆਰ ਬਣ ਕੇ ਰਹਿ ਗਿਆ। ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਕਿਸੇ ਮੁਲਕ ਦੇ ਵਿਕਾਸ ਲਈ ਇਸ ਸਿਆਸੀ ਹਥਿਆਰ ਦਾ ਹੋਣਾ ਜ਼ਰੂਰੀ ਹੈ। ਸੰਭਵ ਹੈ ਵਿਕਾਸ ਦੇ ਪ੍ਰਸੰਗ ਵਿਚ ਕਿਸੇ ਮੁਲਕ ਨੂੰ ਇਸ ਦਾ ਲਾਭ ਵੀ ਹੋਇਆ ਹੋਵੇ ਪਰ ਅੱਜ ਦੀ ਦੁਨੀਆਂ ਦੇ ਨਕਸ਼ੇ ਉੱਤੇ ਜੇ ਨਿਗਾਹ ਮਾਰੀਏ ਤਾਂ ਇਹ ਗੱਲ ਸੱਚ ਪ੍ਰਤੀਤ ਨਹੀਂ ਹੁੰਦੀ। ਦੁਨੀਆਂ ਇਸ ਵੇਲੇ ਜ਼ਾਹਿਰਾ ਤੌਰ ਉੱਤੇ ਪਰਸਪਰ ਲੜਾਈ ਵਿਚ ਉਲਝੀ ਹੋਈ ਹੈ। ਅਗਜ਼ਨੀ, ਕਤਲੋਗਾਰਤ, ਲੁੱਟ-ਖਸੁੱਟ, ਬੇ-ਹੁਰਮਤੀ, ਕੁੱਲ ਮਿਲਾ ਕੇ ਤਬਾਹੀ ਅੱਜ ਦੀ ਦੁਨੀਆਂ ਦਾ ਇਕ ਜ਼ਾਹਿਰ ਲੱਛਣ ਬਣ ਗਿਆ ਹੈ। ਨਿਸਚੇ ਹੀ ਕਿਸੇ ਮੁਲਕ ਨੂੰ ਵੀ ਰਾਸ਼ਟਰਵਾਦੀ ਭਾਵਨਾ ਦਾ ਵਿਕਾਸ ਕੋਈ ਮੱਦਦ ਨਹੀਂ ਦੇ ਰਿਹਾ। ਹਰ ਮੁਲਕ ਵਿਚ ਰਾਸ਼ਟਰ ਦੀ ਪਰਿਭਾਸ਼ਾ ਉੱਤੇ ਝਗੜੇ ਪੈਦਾ ਹੋ ਗਏ ਹਨ ਅਤੇ ਉਹ ਆਪਸ ਵਿਚ ਲੜ ਰਹੇ ਹਨ। ਇਕ ਮੁਲਕ ਦੂਸਰੇ ਮੁਲਕ ਨਾਲ ਰਾਸ਼ਟਰ ਦੇ ਨਾਂ ਉੱਤੇ ਲੜ ਰਿਹਾ ਹੈ। ਇਕ ਨਸਲ ਦੂਸਰੀ ਨਸਲ ਨਾਲ ਰਾਸ਼ਟਰ ਦੇ ਨਾਂ ਉੱਤੇ ਲੜ ਰਹੀ ਹੈ। ਇਸੇ ਤਰ੍ਹਾਂ ਰਾਸ਼ਟਰ ਦਾ ਸਿਧਾਂਤ ਵੀ ਇਕ ਸਿਆਸੀ ਹੱਥਕੰਡਾ ਬਣ ਗਿਆ ਹੈ। ਸਿਰਫ਼ ਦੂਸਰੇ ਲੋਕਾਂ ਨੂੰ ਆਪਣੇ ਵਿਰੋਧ ਵਿਚ ਤਕੜਾ ਹੋਣ ਤੋਂ ਰੋਕਣ ਲਈ ਹੀ ਨਹੀਂ ਬਲਕਿ ਆਪਣੇ ਲੋਕਾਂ ਨੂੰ ਕਮਜ਼ੋਰ ਕਰਨ ਜਾਂ ਹਰਾਉਣ ਲਈ ਇਸ ਨੂੰ ਵਰਤਿਆ ਜਾਂਦਾ ਹੈ। ਜਦੋਂ ਕਿਸੇ ਇਕ ਬੰਦੇ ਨਾਲ ਜਾਂ ਕਿਸੇ ਇਕ ਧਰਮ ਜਾਂ ਇਕ ਫਿਰਕੇ ਦੇ ਲੋਕਾਂ ਨਾਲ ਜ਼ਿਆਦਤੀ ਬਾਰੇ ਕਿਸੇ ਦਖ਼ਲ ਨੂੰ ਸਰਕਾਰ ਇਸ ਬਿਨਾ ਉੱਤੇ ਸਵੀਕਾਰ ਨਹੀਂ ਕਰਦੀ ਕਿ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ ਤਾਂ ਜ਼ਾਹਿਰਾ ਸ਼ਬਦਾਂ ਵਿਚ ਇਹ ਗੱਲ ਠੀਕ ਹੈ ਪਰ ਵਿਹਾਰ ਵਿਚ ਇਹ ਗੱਲ ਗ਼ਲਤ ਹੈ। ਇਕ ਮਨੁੱਖ ਜਦੋਂ ਦੁੱਖ ਦੀ ਘੋਰ ਅਵਸਥਾ ਵਿਚ ਚੀਖ ਮਾਰਦਾ ਹੈ ਤਾਂ ਉਹ ਚੀਖ ਬ੍ਰਹਿਮੰਡ ਵਿਚ ਵੱਸਦੇ ਹਰ ਜੀਵ ਉੱਤੇ ਅਸਰ ਪਾਉਂਦੀ ਹੈ। ਇਸੇ ਤਰ੍ਹਾਂ ਖੁਸ਼ੀ ਦੀ ਇਕ ਲਹਿਰ ਬ੍ਰਹਿਮੰਡ ਵਿਚ ਵੱਸਦੇ ਹਰ ਜੀਵ ਨੂੰ ਪ੍ਰਭਾਵਤ ਕਰਦੀ ਹੈ। ਇੰਞ ਇਕ ਮਨੁੱਖ ਦਾ ਦੁੱਖ ਜਾਂ ਸੁਖ ਸ੍ਰਿਸ਼ਟੀ ਵਿਚ ਵੱਸਦੇ ਹਰ ਮਨੁੱਖ ਦਾ ਸਰੋਕਾਰ ਹੈ। ਗੁਰੂ ਸਾਹਿਬ ਤਾਂ ਇਹ ਵੀ ਮੰਨਦੇ ਹਨ ਕਿ ਮਨੁੱਖ ਦਾ ਦੁੱਖ ਰੱਬ ਨੂੰ ਵੀ ਹਿਲਾ ਦਿੰਦਾ ਹੈ। ਜੇ ਇਹ ਗੱਲ ਹੈ ਤਾਂ ਸਾਨੂੰ ਰਾਸ਼ਟਰਵਾਦ ਦੀ ਪਰਿਭਾਸ਼ਾ ਠੀਕ ਕਰਨੀ ਪਵੇਗੀ। ਰਾਸ਼ਟਰਵਾਦ ਦੀ ਜਿਹੜੀ ਪਰਿਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ ਹੈ ਉਹ ਨਿਸਚੇ ਹੀ ਅੱਜ ਦੇ ਪ੍ਰਚੱਲਤ ਰਾਸ਼ਟਰਵਾਦ ਦੇ ਸੰਕਲਪ ਨਾਲੋਂ ਬਿਹਤਰ ਹੈ। ਨਸਲ ਦੇ, ਧਰਮ ਦੇ, ਸਭਿਆਚਾਰ ਦੇ ਭੇਦ ਹਨ। ਇਸ ਦ੍ਰਿਸ਼ਟੀ ਵਿਚ ਇਹ ਵਿਭਿੰਨਤਾ ਰੱਬ ਜਾਂ ਕੁਦਰਤ ਦੀ ਕ੍ਰਿਆਤਮਕਤਾ ਦਾ ਹਿੱਸਾ ਹੈ। ਇਸ ਨਾਲ ਮਨੁੱਖ ਦੀ ਬੁਨਿਆਦੀ ਸਥਿਤੀ ਵਿਚ ਅੰਤਰ ਨਹੀਂ ਆਉਂਦਾ। ਇੱਕੋ ਆਤਮਾ ਦਾ ਪ੍ਰਜਵਲਿਤ ਹੋਣਾ, ਉਨ੍ਹਾਂ ਹੀ ਪੰਜਾਂ ਤੱਤਾਂ ਦਾ ਬਣਿਆ ਹੋਣਾ ਅਤੇ ਇੱਕੋ ਤਰ੍ਹਾਂ ਹੀ ਗਿਆਨ ਅਤੇ ਕਰਮ-ਇੰਦਰੀਆਂ ਰਾਹੀਂ ਵਰਤਾਉ ਕਰਨਾ ਸਾਰੀ ਮਨੁੱਖਤਾ ਦੇ ਇਕ ਹੋਣ ਦਾ ਪ੍ਰਮਾਣ ਹੈ ਅਤੇ ਇਹ ਬੁਨਿਆਦੀ ਗੱਲ ਹੈ। ਅਸਲ ਵਿਚ ਮਨੁੱਖ ਦੁਆਰਾ ਸਿਰਜੀ ਸ੍ਰਿਸ਼ਟੀ ਅਤੇ ਰੱਬ ਦੁਆਰਾ ਸਿਰਜੀ ਸ੍ਰਿਸ਼ਟੀ ਦਾ ਇਹੀ ਫ਼ਰਕ ਹੈ। ਮਨੁੱਖ ਦੁਆਰਾ ਸਿਰਜੀ ਸ੍ਰਿਸ਼ਟੀ ਵਿਚਲੇ ਭੇਦ-ਭਾਵ ਮਨੁੱਖ ਲਈ ਵਿਸਮਾਦ ਅਰਥਾਤ ਆਨੰਦ ਦਾ ਸੋਮਾ ਹਨ। ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਬੁਨਿਆਦੀ ਸਰੋਕਾਰਾਂ ਨੂੰ ਮਨ ਵਿਚ ਰੱਖੀਏ। ਨਸਲ, ਦੇਸ਼, ਕਾਲ ਦੇ ਭੇਦ ਬਨਾਵਟੀ ਅਤੇ ਨਿਰਾਰਥਕ ਹਨ। ਇਹ ਸਾਡੀ ਸਿਰਜੀ ਸ੍ਰਿਸ਼ਟੀ ਦਾ ਹਿੱਸਾ ਹਨ। ਇਨ੍ਹਾਂ ਉੱਤੇ ਉਸਰਿਆ ਹੋਇਆ ਕੋਈ ਰਾਸ਼ਟਰਵਾਦ ਉਸਾਰੂ ਨਤੀਜੇ ਨਹੀਂ ਲਿਆ ਸਕਦਾ। ਇਸ ਕਰਕੇ ਸਾਨੂੰ ਰਾਸ਼ਟਰਵਾਦ ਦੀ ਪਰਿਭਾਸ਼ਾ ਬਦਲਣੀ ਪਏਗੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਦਾ ਮਾਡਲ ਸਵੀਕਾਰ ਕਰਕੇ ਗੱਲ ਨੂੰ ਅੱਗੇ ਤੋਰਨਾ ਪਵੇਗਾ। ਸਾਰੀਆਂ ਹੱਦਾਂ ਤੋੜ ਕੇ ਮਨੁੱਖ-ਮਾਤਰ ਨੂੰ ਇਕ ਰਾਸ਼ਟਰ ਤਸਲੀਮ ਕਰਨਾ ਪਵੇਗਾ। ਇੰਞ ਮਨੁੱਖਤਾ ਦਾ ਇਕ ਪਿਤਾ ਹੈ, ਮਨੁੱਖਤਾ ਸਾਰੀ ਉਸ ਇਕ ਦੀ ਔਲਾਦ ਹੈ। ਇਹ ਸਾਰਾ ਸਮਰਪਨ, ਉਸ ਦਾ ਇੱਕੋ ਧਰਮ ਹੈ। ਦੁਨੀਆਂ ਵਿਚ ਕੋਈ ਐਸਾ ਸੱਚ ਨਹੀਂ, ਨਾ ਸਰੀਰਿਕ ਅਤੇ ਨਾ ਪਰਾ-ਸਰੀਰਕ ਜਿਹੜਾ ਮਨੁੱਖ ਅਤੇ ਦੂਸਰੇ ਮਨੁੱਖ ਵਿਚਲੀ ਕਿਸੇ ਵੰਡ ਨੂੰ ਠੀਕ ਸਿੱਧ ਕਰ ਸਕੇ। ਇਸ ਤਰ੍ਹਾਂ ਅੱਜ ਦਾ ਅਖੌਤੀ ਰਾਸ਼ਟਰਵਾਦ ਵੀ ਮਨੁੱਖੀ ਤਬਾਹੀ ਦਾ ਕਾਰਨ ਬਣਿਆ ਹੋਇਆ ਹੈ। ਇਹ ਸਥਿਤੀ ਸਾਨੂੰ ਵਿਚਾਰਨ ਲਈ ਮਜਬੂਰ ਕਰਦੀ ਹੈ ਕਿ ਅਸੀਂ ਆਪਣੀ ਸੋਚ-ਸ਼ਕਤੀ ਦਾ ਠੀਕ ਇਸਤੇਮਾਲ ਕਰੀਏ ਅਤੇ ਰਾਸ਼ਟਰਵਾਦ ਦੇ ਅਸਲੀ ਅਰਥਾਂ ਨੂੰ ਲੱਭੀਏ ਅਤੇ ਉਨ੍ਹਾਂ ਰਾਹੀਂ ਮਨੁੱਖਤਾ ਨੂੰ ਆਕਰਸ਼ਤ ਕਰ ਕੇ ਦਿਮਾਗ਼ੀ ਭਟਕਣਾ ਨੂੰ, ਉਸ ਦੇ ਮਾਨਸਿਕ ਤਨਾਉ ਨੂੰ, ਇੰਞ ਉਸ ਦੀ ਖੰਡਿਤ ਸ਼ਕਤੀ ਨੂੰ ਇਕ ਦਿਸ਼ਾ ਦੇ ਕੇ ਨਿਰੰਤਰ ਵਿਕਾਸ ਵਿਚ ਤਬਦੀਲ ਕਰੀਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਇਸ ਤਰ੍ਹਾਂ ਮਨੁੱਖ-ਮਾਤਰ ਨੂੰ ਇਕ ਰਾਸ਼ਟਰ ਦੇ ਰੂਪ ਵਿਚ ਸੰਕਲਪਿਆ ਹੈ, ਅਜਿਹੇ ਰਾਸ਼ਟਰ ਨੂੰ ਸ਼ਕਤੀਸ਼ਾਲੀ ਆਧਾਰ ਦੇਣ ਵਾਸਤੇ ਕੁਝ ਅਸੂਲ ਬਣਾਏ ਹਨ। ਇਹ ਅਸੂਲ ਇਸ ਤਰ੍ਹਾਂ ਹਨ:

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥(ਪੰਨਾ 1245)

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ (ਪੰਨਾ 141)

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)

ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ 142)

ਜ਼ਾਹਿਰ ਹੈ ਕਿ ਜੇ ਉਪਰੋਕਤ ਅਸੂਲਾਂ ਨੂੰ ਮਨੁੱਖੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਜਾਵੇ ਤਾਂ ਇਕ ਸਾਂਝੇ, ਭੈ-ਰਹਿਤ, ਕ੍ਰਿਆਤਮਕ ਅਤੇ ਪੂਰਨ ਸਨਮਾਨ ਨੂੰ ਪ੍ਰਾਪਤ ਰਾਸ਼ਟਰ ਦੀ ਉਸਾਰੀ ਕੀਤੀ ਜਾ ਸਕਦੀ ਹੈ। ਸ਼ਬਦਾਂ ਦੇ ਅਰਥ ਬਦਲਦੇ ਰਹਿੰਦੇ ਹਨ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਅੰਕਿਤ ਉੱਚੀਆਂ-ਸੁੱਚੀਆਂ ਮਾਨਵਤਾਵਾਦੀ ਕਦਰਾਂ-ਕੀਮਤਾਂ ਦੀ ਉਸਾਰੀ ਕੀਤੀ ਜਾਵੇ ਤਾਂ ਇਕ ਆਦਰਸ਼ ਰਾਸ਼ਟਰ ਦਾ ਨਿਰਮਾਣ ਹੋ ਸਕਦਾ ਹੈ। ਇਸ ਰਾਸ਼ਟਰ ਦਾ ਵਜੂਦ ਕਿਸੇ ਵਰਗ ਵੰਡ, ਹੱਦਬੰਦੀ ਜਾਂ ਰੰਗ-ਰੂਪ ਦੇ ਭੇਦ ਦਾ ਮੋਹਤਾਜ਼ ਨਹੀਂ ਹੋਵੇਗਾ। ਦਸਵੇਂ ਪਾਤਸ਼ਾਹ ਜੀ ਨੇ ਇਸੇ ਬਿੰਬ ਨੂੰ ਆਪਣੇ ਸ਼ਬਦਾਂ ‘ਮਾਨਸ ਸਭੈ ਏਕ ਪੈ ਅਨੇਕ ਕੋ ਭ੍ਰਮਾਉ ਹੈ’ ਵਿਚ ਬੰਨ੍ਹਿਆ ਹੈ। ਭਵਿੱਖਕਾਲੀਨ ਰਾਸ਼ਟਰ ਦੀ ਉਸਾਰੀ ਇਨ੍ਹਾਂ ਕਦਰਾਂ-ਕੀਮਤਾਂ ਉੱਤੇ ਹੀ ਹੋ ਸਕਦੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Dr Darshan Singh
ਸਾਬਕਾ ਪ੍ਰੋਫੈਸਰ ਤੇ ਚੇਅਰਮੈਨ, ਗੁਰੂ ਨਾਨਕ ਸਟਡੀਜ਼ ਡੀਪਾਰਟਮੈਂਟ -ਵਿਖੇ: ਪੰਜਾਬ ਯੂਨੀਵਰਸਿਟੀ

Chandigarh; author of several books and articles on Sikhism.
# 1360, ਸੈਕਟਰ 40-ਬੀ, ਚੰਡੀਗੜ੍ਹ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)