editor@sikharchives.org

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੇਵਾ ਦਾ ਸੰਕਲਪ

ਗੁਰਬਾਣੀ ਤਾਂ ਸੇਵਾ ਦੀ ਮਹਾਨਤਾ ਇਥੋਂ ਤਕ ਬਿਆਨ ਕਰਦੀ ਹੈ ਕਿ ਸੇਵਾ-ਵਿਹੂਣੇ ਮਨੁੱਖ ਅਤੇ ਹਉਮੈ-ਵਸ ਕੀਤੀ ਸੇਵਾ ਨੂੰ ਕਿਸੇ ਪ੍ਰਕਾਰ ਦੇ ਫਲ ਦੀ ਪ੍ਰਾਪਤੀ ਨਹੀਂ ਅਤੇ ਕਾਮਨਾ-ਰਹਿਤ ਹੋ ਕੇ ਸੇਵਾ ਕਰਨੀ ਸ਼ੁਭ ਕਰਨੀਆਂ ਦਾ ਸਾਰ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸੇਵਾ ਅਤੇ ਸਿਮਰਨ ਸਿੱਖ ਧਰਮ ਦੇ ਮਹਾਨ ਥੰਮ੍ਹ ਹੋਣ ਦੇ ਨਾਲ-ਨਾਲ ਇਕ ਦੂਜੇ ਨਾਲ ਪਰਸਪਰ ਸਬੰਧਤ ਵੀ ਹਨ। ਸੇਵਾ ਨੂੰ ਹਰੇਕ ਧਰਮ ਵਿਚ ਕਿਸੇ ਨਾ ਕਿਸੇ ਰੂਪ ਵਿਚ ਅਪਣਾਇਆ ਅਤੇ ਸਤਿਕਾਰਿਆ ਗਿਆ, ਪਰ ਜੋ ਮਹਾਨਤਾ ਇਸ ਨੂੰ ਸਿੱਖ ਧਰਮ ਵਿਚ ਪ੍ਰਾਪਤ ਹੈ ਉਨੀ ਹੋਰ ਕਿਸੇ ਧਰਮ ਵਿਚ ਨਹੀਂ। ਉਸ ਤਰ੍ਹਾਂ ਤਾਂ ਨਿਰਸੁਆਰਥ ਕਿਸੇ ਭਲੇ ਹਿਤ ਕੀਤੇ ਕਾਰਜ ਨੂੰ ਪਰਉਪਕਾਰ ਵੀ ਕਿਹਾ ਜਾਂਦਾ ਹੈ ਪਰ ਗੁਰਮਤਿ ਪਰਉਪਕਾਰ ਸ਼ਬਦ ਨੂੰ ਹਉਮੈ ਪੈਦਾ ਕਰਨਾ ਮੰਨਦੀ ਹੈ, ਇਸ ਲਈ ਇਸ ਸ਼ਬਦ ਨੂੰ ਜ਼ਿਆਦਾ ਮਹਾਨਤਾ ਨਾ ਦਿੰਦੇ ਹੋਏ ਗੁਰਮਤਿ ਇਸ ਦੀ ਥਾਂ ਸੇਵਾ ਨੂੰ ਮਹਾਨਤਾ ਬਖਸ਼ਦੀ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਦਰਗਾਹ ਵਿਚ ਮਾਣ ਪ੍ਰਾਪਤ ਕਰਨ ਦਾ ਵਸੀਲਾ ਹੀ ਸੇਵਾ ਨੂੰ ਦਰਸਾਇਆ ਹੈ:

ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥(ਪੰਨਾ 26)

ਗੁਰਬਾਣੀ ਵਿਚ ਸੇਵਾ ਦੀ ਪਰਿਭਾਸ਼ਾ ਦੇ ਅਰਥ ਇਹ ਦੱਸਦੇ ਹਨ ਕਿ ਹਉਮੈ ਦਾ ਤਿਆਗ ਕਰ ਕੇ ਖ਼ੁਦ ਨੂੰ ਸਤਿਗੁਰ ਦੇ ਸਨਮੁਖ ਅਰਪਨ ਕਰਨਾ; ਹਰੇਕ ਦੀ ਨਿਰਸੁਆਰਥ ਹੋ ਕੇ ਤਨ, ਮਨ, ਧਨ ਨਾਲ ਕੀਤੀ ਗਈ ਮੱਦਦ ਜਾਂ ਸ਼ੁਭ ਕਰਮ; ਆਪਣੇ ਗੁਰੂ ਦੀ ਆਗਿਆ ਦਾ ਪਾਲਨ ਕਰਨ ਦੇ ਨਾਲ ਗੁਰੂ-ਸੇਵਾ ਵਿਚ ਆਪਾ ਅਰਪਨ ਕਰਨਾ, ਪੱਖਾ ਝੱਲਣਾ, ਝਾੜੂ ਫੇਰਨਾ, ਮਨ ਦੀ ਈਰਖਾ, ਵੈਰ-ਵਿਰੋਧ ਦੀ ਭਾਵਨਾ ਨੂੰ ਖ਼ਤਮ ਕਰ ਕੇ ਨਾ ਕੋਈ ਵੈਰੀ ਅਤੇ ਨਾ ਕੋਈ ਬੇਗਾਨਾ ਹੈ ਅਤੇ ਸਾਰੇ ਇਨਸਾਨ ਇਕ ਨੂਰ ਤੋਂ ਉਪਜੇ ਹਨ, ਦੀ ਭਾਵਨਾ ਤਹਿਤ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਾਣ ਦਸਵੰਧ ਨਾਲ ਲੋੜਵੰਦਾਂ, ਗ਼ਰੀਬਾਂ, ਅਨਾਥਾਂ ਦੀ ਸਹਾਇਤਾ ਕਰਨਾ ਆਦਿ ਨਿਸ਼ਕਾਮ ਸੇਵਾ ਦੇ ਮਹਾਨ ਥੰਮ੍ਹ ਹਨ। ਇਨ੍ਹਾਂ ਸੇਵਾਵਾਂ ਵਿੱਚੋਂ ਕਿਸੇ ਪ੍ਰਕਾਰ ਦੀ ਵੀ ਕੀਤੀ ਗਈ ਸੇਵਾ ਉੱਤਮ ਸੇਵਾ ਹੈ। ਗੁਰਬਾਣੀ ਤਾਂ ਸੇਵਾ ਦੀ ਮਹਾਨਤਾ ਇਥੋਂ ਤਕ ਬਿਆਨ ਕਰਦੀ ਹੈ ਕਿ ਸੇਵਾ-ਵਿਹੂਣੇ ਮਨੁੱਖ ਅਤੇ ਹਉਮੈ-ਵਸ ਕੀਤੀ ਸੇਵਾ ਨੂੰ ਕਿਸੇ ਪ੍ਰਕਾਰ ਦੇ ਫਲ ਦੀ ਪ੍ਰਾਪਤੀ ਨਹੀਂ ਅਤੇ ਕਾਮਨਾ-ਰਹਿਤ ਹੋ ਕੇ ਸੇਵਾ ਕਰਨੀ ਸ਼ੁਭ ਕਰਨੀਆਂ ਦਾ ਸਾਰ ਹੈ:

ਜੰਗਮ ਜੋਧ ਜਤੀ ਸੰਨਿਆਸੀ ਗੁਰਿ ਪੂਰੈ ਵੀਚਾਰੀ॥
ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ॥ (ਪੰਨਾ 992)

ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ॥ (ਪੰਨਾ 172)

ਇਸੇ ਸਬੰਧ ਵਿਚ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਸਿਰੀ ਰਾਗ ਵਿਚ ਫ਼ਰਮਾਉਂਦੇ ਹਨ:

ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ॥
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ॥ (ਪੰਨਾ 27)

ਮੈ ਬਧੀ ਸਚੁ ਧਰਮ ਸਾਲ ਹੈ॥
ਗੁਰਸਿਖਾ ਲਹਦਾ ਭਾਲਿ ਕੈ॥
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ॥ (ਪੰਨਾ 73)

ਤਨ, ਮਨ, ਧਨ ਤਿੰਨ ਤਰ੍ਹਾਂ ਦੀ ਸੇਵਾ ਜੋ ਗੁਰਮਤਿ ਵਿਚ ਅੱਗੇ ਚੱਲ ਕੇ ਦੋ ਹਿੱਸਿਆਂ ਵਿਚ ਵੰਡੀ ਜਾਂਦੀ ਹੈ, ਇਕ ਸੁਕਾਮ ਸੇਵਾ ਜੋ ਕੁਝ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਜਾਂ ਫਲ ਦੀ ਪ੍ਰਾਪਤੀ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਅਤੇ ਨਿਸ਼ਕਾਮ ਸੇਵਾ, ਜੋ ਸਭ ਤੋਂ ਉੱਤਮ ਸੇਵਾ ਮੰਨੀ ਗਈ ਹੈ, ਜੋ ਇੱਛਿਆ-ਰਹਿਤ ਹੋ ਕੇ ਕੀਤੀ ਜਾਂਦੀ ਹੈ, ਜਿਸ ਨੂੰ ਕਰਨ ਦੇ ਪਿੱਛੇ ਕਿਸੇ ਫਲ ਦੀ ਪ੍ਰਾਪਤੀ ਦੀ ਲਾਲਸਾ ਨਹੀਂ ਹੁੰਦੀ। ਜਿਸ ਤਰ੍ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਣਨ ਹੈ:

ਸੇਵਾ ਕਰਤ ਹੋਇ ਨਿਹਕਾਮੀ॥
ਤਿਸ ਕਉ ਹੋਤ ਪਰਾਪਤਿ ਸੁਆਮੀ॥ (ਪੰਨਾ 286)

ਅਨਿਕ ਭਾਂਤਿ ਕਰਿ ਸੇਵਾ ਕਰੀਐ॥
ਜੀਉ ਪ੍ਰਾਨ ਧਨੁ ਆਗੈ ਧਰੀਐ॥ (ਪੰਨਾ 391)

ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ॥ (ਪੰਨਾ 635)

ਇਥੋਂ ਤਕ ਕਿ ਗੁਰਗੱਦੀ ਦੀ ਬਖਸ਼ਿਸ਼ ਵੀ ਸੇਵਾ-ਭਾਵਨਾ ਨੂੰ ਮੁੱਖ ਰੱਖ ਕੇ ਕੀਤੀ ਗਈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਕੇ ਅਤੇ ਹੁਕਮ ਅੰਦਰ ਰਹਿ ਕੇ ਭਾਈ ਲਹਿਣਾ ਜੀ, ਗੁਰਗੱਦੀ ਦੇ ਮਾਲਕ ਬਣਾ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਨਿਵਾਜੇ ਗਏ। ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਸੰਗਤ ਲਈ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਆਪਣੇ ਹੱਥੀਂ ਤਿਆਰ ਕੀਤੇ ਗਏ ਲੰਗਰ ਨੂੰ ਪੰਗਤ ਵਿਚ ਵਰਤਾਉਣ ਦੀ ਸੇਵਾ ਦੀ ਮਹਾਨ ਘਾਲਣਾ ਅਤੇ ਨੇਕੀ ਲਈ ਆਪਣੀ ਮਿਸਾਲ ਆਪ ਸਨ ਜਿਸ ਦਾ ਵਰਣਨ ਗੁਰਬਾਣੀ ਵਿਚ ਗੁਰੂ-ਘਰ ਦੇ ਰਬਾਬੀ ਭਾਈ ਬਲਵੰਡ ਜੀ ਦੁਆਰਾ ਵਾਰ ਰਾਮਕਲੀ ਵਿਚ ਕੀਤਾ ਗਿਆ ਹੈ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰ ’ਤੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਵਡੇਰੀ ਉਮਰ ਦੇ ਹੋਣ ਦੇ ਬਾਵਜੂਦ ਵੀ ਬਿਰਧ ਅਵਸਥਾ ਵਿਚ ਦੁਨੀਆਂਦਾਰੀ ਦੀ ਪਰਵਾਹ ਨਾ ਕਰਦੇ ਹੋਏ 11 ਸਾਲ ਤਕ ਪੂਰਨ ਸੁਚੇਤ ਅਤੇ ਨਿਰਮਾਣ ਹੋ ਕੇ ਰਿਸ਼ਤੇ ਵਿਚ ਆਪਣੇ ਕੁੜਮ ਲੱਗਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਅਤੇ ਗੁਰੂ ਸਾਹਿਬ ਦੇ ਇਸ਼ਨਾਨ ਹਿੱਤ ਬਿਆਸ ਦਰਿਆ ਤੋਂ ਰੋਜ਼ ਸਵੇਰੇ ਜਲ ਲਿਆਉਂਦੇ ਰਹੇ। ਇਸ਼ਨਾਨ ਕਰਵਾਉਣ ਉਪਰੰਤ ਲੰਗਰ ਦੀ ਸੇਵਾ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਦੇ ਦਰ-ਘਰ ਤੋਂ ਤੀਜੀ ਪਾਤਸ਼ਾਹੀ ਨਿਮਾਣਿਆਂ ਦੇ ਮਾਣ ਅਤੇ ਨਿਥਾਵਿਆਂ ਦੀ ਥਾਂ ਦੀ ਪਦਵੀ ਪ੍ਰਾਪਤ ਕਰ ਗੁਰਗੱਦੀ ਦੇ ਮਾਲਕ ਵਜੋਂ ਨਿਵਾਜੇ ਗਏ। ਫਿਰ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਅੰਦਰ ਭਾਈ ਜੇਠਾ ਜੀ ਗੁਰਗੱਦੀ ਦੇ ਮਾਲਕ ਬਣੇ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਦਰ-ਘਰ ਪ੍ਰਵਾਨ ਹੋਏ ਅਤੇ ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੇਵਾ ਜੋ ਆਪ ਜੀ ਨੂੰ ਆਪਣੇ ਵਡੇਰਿਆਂ ਦੀ ਬਖਸ਼ਿਸ਼ ਸਦਕਾ ਵਿਰਸੇ ਵਿਚ ਪ੍ਰਾਪਤ ਹੋਈ, ਜੋ ਸੇਵਾ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਵਿਚ ਕਾਲ ਪੈਣ ਉਪਰੰਤ ਪੀੜਤਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਕੀਤੀ ਗਈ, ਅਤੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਹਿਤ ਆ ਰਹੀ ਕਾਬਲ ਦੀ ਸੰਗਤ ਲਈ ਰਸਤੇ ਵਿਚ ਰੁਕ ਜਾਣ ਕਰਕੇ ਮਾਤਾ ਗੰਗਾ ਜੀ ਦੁਆਰਾ ਤਿਆਰ ਕੀਤਾ ਗਿਆ ਲੰਗਰ ਆਪ ਆਪਣੇ ਸੀਸ ’ਤੇ ਰੱਖ ਕੇ ਸੰਗਤ ਨੂੰ ਛਕਾਉਣ ਸੰਗਤ ਕੋਲ ਚਲੇ ਜਾਣਾ ਅਤੇ ਸੰਗਤਾਂ ਦੇ ਜੋੜੇ ਝਾੜ, ਪੱਖਾ ਝਲ ਸਾਰੀ ਰਾਤ ਸੰਗਤ ਦੀ ਸੇਵਾ ਕਰਕੇ ਸੇਵਾ ਨੂੰ ਉੱਤਮ ਕਰਮ ਮੰਨ ਕੇ ਮਿਸਾਲ ਕਾਇਮ ਕੀਤੀ। ਸਿੱਖ ਧਰਮ ਇਕ ਐਸਾ ਧਰਮ ਹੈ ਜੋ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਦੂਜੇ ਦੀ ਇੱਜ਼ਤ ਅਤੇ ਹਿੱਤਾਂ ਦੀ ਰਾਖੀ ਕਰਨ ਵਿਚ ਹੀ ਮਾਣ ਕਰਦਾ ਹੈ। ਜੋ ਮਿਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਾਖੀ ਤਹਿਤ ਸੀਸ ਦੇ ਕੇ ਕਾਇਮ ਕੀਤੀ ਉਸ ਤਰ੍ਹਾਂ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਨਹੀਂ ਮਿਲਦੀ। ਗੁਰਬਾਣੀ ਦਾ ਫ਼ਰਮਾਨ ਹੈ:

ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ॥
ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ॥ (ਪੰਨਾ 757)

ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ॥
ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ॥ (ਪੰਨਾ 28)

ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ॥ (ਪੰਨਾ 861)

ਜਪੁਜੀ ਸਾਹਿਬ ਅਨੁਸਾਰ:

ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (ਪੰਨਾ 3)

ਕਿਉਂਕਿ ਧਰਮ ਦਇਆ ਤੋਂ ਉਪਜਿਆ ਹੋਇਆ ਦਇਆ ਦਾ ਪੁੱਤਰ ਹੈ ਅਤੇ ਧਰਮ ਵਿੱਚੋਂ ਸੰਤੋਖ ਪ੍ਰਾਪਤ ਹੁੰਦਾ ਹੈ ਅਤੇ ਸੰਤੋਖ ਤੋਂ ਸੇਵਾ, ਸੇਵਾ ਤੋਂ ਭਗਤੀ ਅਤੇ ਭਗਤੀ ਤੋਂ ਗਿਆਨ ਪ੍ਰਾਪਤ ਹੁੰਦਾ ਹੈ, ਕਿਉਂਕਿ ਧਰਮ ਇਨਸਾਨ ਨੂੰ ਉੱਚੇ-ਸੁੱਚੇ ਆਚਰਨ ਵਾਲਾ ਬਣਾ ਕੇ ਲੋਕਾਈ ਦੀ ਸੇਵਾ ਵਿਚ ਲਗਾਉਣ ਦੇ ਨਾਲ-ਨਾਲ ਪ੍ਰਭੂ ਨਾਲ ਵੀ ਜੋੜਦਾ ਹੈ, ਇਸ ਲਈ ਸੇਵਾ ਐਸੀ ਉੱਤਮ ਚੀਜ਼ ਹੈ ਜੋ ਇਨ੍ਹਾਂ ਸਾਰੇ ਸ਼ੁਭ ਕਰਮਾਂ ਦਾ ਮੂਲ ਆਧਾਰ ਹੈ, ਜੋ ਅਨੰਦ ਨੂੰ ਜਨਮ ਦਿੰਦੀ ਹੈ। ਦਇਆ ਤੋਂ ਬਿਨਾਂ ਕੀਤੀ ਗਈ ਸੇਵਾ ਨਿਰਾ ਵਪਾਰ ਹੈ ਅਤੇ ਪਾਖੰਡਵਾਦ ਨੂੰ ਜਨਮ ਦਿੰਦੀ ਹੈ। ਇਕ ਆਦਰਸ਼ਕ ਸੇਵਕ ਕਿਸ ਤਰ੍ਹਾਂ ਬਣਨਾ ਹੈ ਅਤੇ ਸੇਵਾ ਲਈ ਸੰਤੋਖ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਕਿਸ ਤਰ੍ਹਾਂ ਬਣਾਉਣਾ ਹੈ, ਇਸ ਲਈ ਵਾਹਿਗੁਰੂ ਦੇ ਸਿਮਰਨ ਨੂੰ ਆਪਣੇ ਧੁਰ ਅੰਦਰ ਵਸਾ ਕੇ ਸੇਵਕ ਨੂੰ ਮੰਦੇ ਕੰਮਾਂ ਦਾ ਤਿਆਗ ਕਰ ਕੇ ਸੱਚ ਦਾ ਧਾਰਨੀ ਬਣਨਾ ਹੈ ਅਤੇ ਸੱਚੀ-ਸੁੱਚੀ ਦਸਾਂ ਨਹੁੰਆਂ ਦੀ ਕਿਰਤ ਦੇ ਨਾਲ-ਨਾਲ ਨਿਸ਼ਕਾਮ ਸੇਵਾ ਕਰ ਕੇ ਜੀਵਨ ਸਫਲ ਕਰਨਾ ਹੈ:

ਸੇਵ ਕੀਤੀ ਸੰਤੋਖੀਈ ਜਿਨੀ੍ ਸਚੋ ਸਚੁ ਧਿਆਇਆ॥
ਓਨੀ੍ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥ (466-67)

ਸੇਵਕ ਕਉ ਸੇਵਾ ਬਨਿ ਆਈ॥
ਹੁਕਮੁ ਬੂਝਿ ਪਰਮ ਪਦੁ ਪਾਈ॥ (ਪੰਨਾ 292)

ਸਿੱਖ ਧਰਮ ਦੇ ਤਿੰਨ ਮੁੱਢਲੇ ਅਸੂਲ ਇਹੀ ਹਨ-ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ। ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਕਿਰਤ ਭਾਵੇਂ ਕੋਈ ਵੀ ਹੋਵੇ ਉਹ ਦਸਾਂ ਨਹੁੰਆਂ ਦੀ ਨੇਕ ਕਮਾਈ ਦੀ ਹੋਣੀ ਚਾਹੀਦੀ ਹੈ। “ਘਾਲਿ ਖਾਇ ਕਿਛੁ ਹਥਹੁ ਦੇਇ” ਦੇ ਸਿਧਾਂਤ ਅਨੁਸਾਰ ਉਸ ਵਿੱਚੋਂ ਸੇਵਾ ਤਹਿਤ ਭੁੱਖੇ-ਪਿਆਸੇ ਨੂੰ ਅੰਨ-ਜਲ ਛਕਾਉਣਾ, ਕਿਸੇ ਰੋਗੀ ਦੇ ਇਲਾਜ ਲਈ ਕੀਤੀ ਸੇਵਾ ਅਤੇ ਮਾਨਵ- ਜਾਤੀ ਦੀ ਭਲਾਈ ਦੀ ਖ਼ਾਤਰ ਕੀਤੇ ਗਏ ਕਾਰਜਾਂ ਵਿਚ ਲੋੜ ਅਨੁਸਾਰ ਤਨ, ਮਨ ਅਤੇ ਧਨ ਨਾਲ ਸੇਵਾ ਦਾ ਯੋਗਦਾਨ ਪਾਉਣ ਦੇ ਨਾਲ-ਨਾਲ ਵਾਹਿਗੁਰੂ ਨਮਿਤ ਕਿਸੇ ਦੀ ਸਹਾਇਤਾ ਕਰਨ ਨਾਲ ਵੀ ਕਿਰਤ ਸਫਲ ਹੁੰਦੀ ਹੈ ਅਤੇ ਵੰਡ ਛਕਣ ਦੇ ਸਿਧਾਂਤ ਦਾ ਅਨੰਦ ਪ੍ਰਾਪਤ ਹੁੰਦਾ ਹੈ। ਫਲਸਰੂਪ ਵਾਹਿਗੁਰੂ ਦੀ ਪ੍ਰਾਪਤੀ ਦੇ ਨਾਲ-ਨਾਲ ਮਨ ਬਾਂਛਤ ਫਲ ਪ੍ਰਾਪਤ ਹੁੰਦੇ ਹਨ:

ਅਨਿਕ ਭਾਂਤਿ ਕਰਿ ਸੇਵਾ ਕਰੀਐ॥
ਜੀਉ ਪ੍ਰਾਨ ਧਨੁ ਆਗੈ ਧਰੀਐ॥ (ਪੰਨਾ 391)

ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ॥
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ॥ (ਪੰਨਾ 314)

ਸੋ ਗੁਰਬਾਣੀ ਦੁਆਰਾ ਗੁਰ-ਇਤਿਹਾਸ ਨੂੰ ਵਾਚਣ ਉਪਰੰਤ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਿੱਖ ਧਰਮ ਵਿਚ ਗੁਰਗੱਦੀ ਦੀ ਬਖ਼ਸ਼ਿਸ਼ ਵੇਲੇ ਵੀ ਨਿਸ਼ਕਾਮ ਸੇਵਾ ਨੂੰ ਗੁਰਮਤਿ ਦੀ ਮਹਾਨ ਕਸਵੱਟੀ ਮੰਨਿਆ ਗਿਆ ਹੈ ਕਿਉਂਕਿ ਗੁਰੂ-ਘਰ ਦਾ ਸੇਵਾ ਦੇ ਸੰਕਲਪ ਨਾਲ ਅਟੁੱਟ ਰਿਸ਼ਤਾ ਹੈ। ਇਕ ਗੁਰੂ ਸਾਹਿਬ ਤੋਂ ਦੂਜੇ ਗੁਰੂ ਸਾਹਿਬ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਕਰਨ ਵੇਲੇ ਖੂਨ ਦੇ ਰਿਸ਼ਤੇ ਨਾਲੋਂ ਸੇਵਕ ਦੀ ਨਿਸ਼ਕਾਮ ਸੇਵਾ ਨੂੰ ਸਭ ਤੋਂ ਉੱਤਮ  ਮੰਨ ਕੇ ਅਮਲ ਵਿਚ ਲਿਆਂਦਾ ਗਿਆ ਹੈ। ਗੁਰਸਿੱਖਾਂ ਵਿਚ ਗੁਰਸਿੱਖੀ ਨਾਲ ਭਰਪੂਰ ਪਹਿਲੇ 6 ਗੁਰੂ ਸਾਹਿਬਾਨ ਦੁਆਰਾ ਸਤਿਕਾਰੇ ਗਏ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ 125 ਸਾਲ ਦੀ ਉਮਰ ਤਕ ਗੁਰੂ-ਘਰ ਵਿਚ ਬੜੇ ਪ੍ਰੇਮ ਅਤੇ ਸ਼ਰਧਾ-ਸਹਿਤ ਨਿਸ਼ਕਾਮ ਸੇਵਾ ਲਈ ਆਪਾ ਅਰਪਨ ਕੀਤਾ; ਭਾਈ ਗੁਰਦਾਸ ਜੀ ਦੀ ਗੁਰੂ-ਘਰ ਵਿਚ ਕੀਤੀ ਗਈ ਉਹ ਮਹਾਨ ਸੇਵਾ ਜਿਨ੍ਹਾਂ ਦੁਆਰਾ ਸਮੁੱਚੇ ਵਿਸ਼ਵ ਨੂੰ ਅਗਵਾਈ ਮਿਲ ਰਹੀ ਹੈ ਅਤੇ ਮਿਲਦੀ ਰਹੇਗੀ; ਭਾਈ ਮੰਝ ਜੀ ਦੀ ਸੇਵਾ ਨੂੰ ਜੋ ਫਲ ਲੱਗਾ ਅਤੇ ਬਖਸ਼ਿਸ਼ ਹੋਈ; ‘ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ। ਮੰਝ ਗੁਰੂ ਕਾ ਬੋਹਿਥਾ ਜੱਗ ਲੰਘਣਹਾਰਾ’। ਨਿਸ਼ਕਾਮ ਸੇਵਾ ਲਈ ਭਾਈ ਬਹਿਲੋ ਜੀ ਨੂੰ ‘ਭਾਈ ਬਹਿਲੋ, ਸਭ ਤੋਂ ਪਹਿਲੋਂ’ ਦਾ ਵਰ ਪ੍ਰਾਪਤ ਹੋਇਆ। ਜਿਸ ਤਰ੍ਹਾਂ ਭਾਈ ਘਨੱਈਆ ਜੀ ਦੀ ਧਰਮ-ਯੁੱਧ ਵਿਚ ਜਲ ਅਤੇ ਮਲ੍ਹਮ-ਪੱਟੀ ਦੀ ਨਿਸ਼ਕਾਮ ਸੇਵਾ ਜੋ ਹਰੇਕ ਜ਼ਖ਼ਮੀ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਗੁਰੂ ਦਾ ਰੂਪ ਜਾਣ ਕੇ ਕੀਤੀ ਭਾਵੇਂ ਉਹ ਸਿੱਖ ਸੀ ਤੇ ਭਾਵੇਂ ਮੁਸਲਮਾਨ। ਬਾਬਾ ਸੰਗਤ ਸਿੰਘ ਜੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਗੁਰੂ ਸਾਹਿਬ ਜੀ ਦੇ ਸਤਿਕਾਰ ਵਿਚ ਚੌਰ ਸਾਹਿਬ ਦੀ ਮਹਾਨ ਸੇਵਾ ਨਿਮਾਣੇ ਸੇਵਕ ਵਜੋਂ ਸ਼ਰਧਾ ਤੇ ਪ੍ਰੇਮ ਨਾਲ ਨਿਭਾਉਂਦੇ ਰਹੇ। ਗੁਰੂ ਸਾਹਿਬਾਨ ਨੇ ਖ਼ੁਦ ਆਪ ਆਪਣੇ ਹੱਥੀਂ ਸੇਵਾ ਦੀ ਘਾਲ ਕਮਾਈ ਕਰ ਕੇ ਆਪਣੇ ਸਿੱਖਾਂ ਨੂੰ ਸੇਵਾ ਦੇ ਅਰਥ ਸਮਝਾਏ ਅਤੇ ਦੁਨੀਆਂ ਦੇ ਇਤਿਹਾਸ ਵਿਚ ਮਿਸਾਲ ਪੈਦਾ ਕੀਤੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਲੱਖਪੁਰ, ਤਹਿਸੀਲ ਫਗਵਾੜਾ, ਜ਼ਿਲ੍ਹਾ ਕਪੂਰਥਲਾ। ਮੋਬਾ: 98156-14956

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)