ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਭਗਤ ਸਾਹਿਬਾਨ ਵਿੱਚੋਂ ਤਕਰੀਬਨ ਬਹੁਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਹਨ ਜਿਵੇਂ ਕਿ ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਭਗਤ ਬੇਣੀ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਆਦਿ। ਪੂਰਵ ਨਾਨਕ-ਕਾਲ ਭਾਰਤ ਵਿਚ ਸ਼ਾਂਤੀ ਦਾ ਸਮਾਂ ਨਹੀਂ ਮੰਨਿਆ ਜਾਂਦਾ ਸੀ। ਕੇਂਦਰੀ ਹਕੂਮਤ ਕਾਇਮ ਹੋਣ ਦੇ ਬਾਵਜੂਦ ਵੀ ਦੇਸ਼-ਭਰ ਵਿਚ ਛੋਟੇ-ਵੱਡੇ ਕਈ ਹੁਕਮਰਾਨਾਂ ਵੱਲੋਂ ਬਗ਼ਾਵਤਾਂ ਹੁੰਦੀਆਂ ਰਹਿੰਦੀਆਂ ਸਨ। ਸਿਆਸੀ ਅਸਿਥਰਤਾ ਕਾਰਨ ਸਮਾਜਿਕ ਪੱਧਰ ’ਤੇ ਵੀ ਸ਼ਾਂਤੀ ਨਹੀਂ ਸੀ। ਅਜਿਹੇ ਵੇਲੇ ਆਮ ਲੋਕਾਂ ਲਈ ਧਰਮ ਹੀ ਇਕ ਮਾਤਰ ਸਹਾਰਾ ਹੋਇਆ ਕਰਦਾ ਹੈ। ਹਿੰਦੂ ਅਤੇ ਇਸਲਾਮ ਦੋ ਮੁੱਖ ਧਰਮ ਸਨ। ਦੋਵੇਂ ਧਿਰਾਂ ਆਪਣੀ-ਆਪਣੀ ਧਾਰਮਿਕ ਹਉਮੈ ਦੀਆਂ ਸ਼ਿਕਾਰ ਸਨ ਅਤੇ ਆਮ ਲੋਕਾਂ ਦਾ ਮਾਰਗ-ਦਰਸ਼ਨ ਕਰਾ ਸਕਣ ਤੋਂ ਅਸਮਰੱਥ ਸਨ। ਇਸ ਵੇਲੇ ਲੋੜ ਸੀ ਅਜਿਹੀ ਰਹਿਬਰੀ ਸ਼ਕਤੀ ਦੀ ਜਿਹੜੀ ਸਹੀ ਮਾਰਗ-ਦਰਸ਼ਨ ਕਰਾ ਸਕੇ ਅਤੇ ਇਹ ਰਹਿਬਰੀ ਭਗਤ ਬਾਣੀਕਾਰਾਂ ਨੂੰ ਭਗਤ ਨਾਮਦੇਵ ਜੀ ਦਾ ਗਿਆਨ, ਭਗਤੀ ਹੀ ਹੈ। ਹਿੰਦੂ ਅਤੇ ਤੁਰਕ ਦਾ ਜਨਤਾ ਪ੍ਰਤੀ ਦ੍ਰਿਸ਼ਟੀਕੋਨ ਸਪੱਸ਼ਟਤਾ ਸਹਿਤ ਪੇਸ਼ ਕਰਦਿਆਂ ਹੋਇਆਂ ਭਗਤ ਨਾਮਦੇਵ ਜੀ ਆਖਦੇ ਹਨ:
ਹਿੰਦੂ ਅੰਨਾ੍ ਤੁਰਕੂ ਕਾਣਾ॥
ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ (ਪੰਨਾ 875)
ਭਗਤ ਕਬੀਰ ਜੀ ਤਾਂ ਜਾਤ-ਪਾਤੀ ਵਰਨ-ਵੰਡ ’ਤੇ ਚੋਟ ਕਰਦੇ ਹੋਏ, ਬੜੇ ਸਖ਼ਤ ਸ਼ਬਦਾਂ ਵਿਚ ਆਖਦੇ ਹਨ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥ (ਪੰਨਾ 324)
ਕੂੜ ਤੇ ਪਾਖੰਡ ਦੇ ਇਸ ਘੁੱਪ ਹਨ੍ਹੇਰੇ ਵਿਚ ਕਿਤੇ-ਕਿਤੇ ਪ੍ਰਭੂ-ਸਿਮਰਨ ਦੀ ਲੋਅ ਵੀ ਚਮਕ ਰਹੀ ਸੀ। ਇਨ੍ਹਾਂ ਵਿਕੋਲਿਤਰੇ ਯਤਨਾਂ ਨੂੰ ਇਕ ਲੜੀ ਵਿਚ ਪਰੋਣ ਦਾ ਕੰਮ ਗੁਰੂ ਸਾਹਿਬਾਨ ਨੇ ਕੀਤਾ ਅਤੇ ਇਨ੍ਹਾਂ ਦੀ ਬਾਣੀ ਨੂੰ ਭਗਤ ਬਾਣੀਕਾਰਾਂ ਦੇ ਨਾਂ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰ ਕੇ ਸ਼ਬਦ-ਗੁਰੂ ਦੀ ਪਦਵੀ ਵੀ ਦਿੱਤੀ। ਇਨ੍ਹਾਂ ਭਗਤਾਂ ਦੀ ਜਨਮ ਮਿਤੀ ਬਾਰੇ ਭਿੰਨਤਾ ਹੋ ਸਕਦੀ ਹੈ, ਪਰੰਤੂ ਜਿਹੜਾ ਸੱਭਿਆਚਾਰ ਇਨ੍ਹਾਂ ਭਗਤ ਬਾਣੀਕਾਰਾਂ ਨੇ ਪ੍ਰਸਤੁਤ ਕੀਤਾ ਹੈ, ਕੋਈ ਝਗੜਾ ਨਹੀਂ ਕਿਉਂਕਿ ਉਸ ਦਾ ਆਧਾਰ ਉਨ੍ਹਾਂ ਦੀ ਬਾਣੀ ਹੈ ਅਤੇ ਬਾਣੀ ਵੀ ਉਹ ਜਿਸ ’ਤੇ ਗੁਰੂ ਸਾਹਿਬਾਨ ਦੀ ਆਪਣੀ ਮੋਹਰ ਲੱਗੀ ਹੋਈ ਹੈ। ਭਗਤ ਕਬੀਰ ਜੀ ਆਪਣੀ ਬਾਣੀ ਬਾਰੇ ਆਪ ਹੀ ਰਾਇ ਦਿੰਦੇ ਹਨ:
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ (ਪੰਨਾ 335)
ਇਨ੍ਹਾਂ ਭਗਤ ਬਾਣੀਕਾਰਾਂ ਵਿੱਚੋਂ ਬਹੁਤਿਆਂ ਦੇ ਆਪਣੇ ਜੀਵਨ ਤੋਂ ਹੀ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਸਮੁੱਚਾ ਸਮਾਜ ਜਾਤ-ਪਾਤ ਵਿਚ ਵੰਡਿਆ ਹੋਇਆ ਸੀ ਅਤੇ ਇਸ ਦੇ ਸਿੱਟੇ ਵਜੋਂ ਸਮਾਜਿਕ ਅਤੇ ਧਾਰਮਿਕ ਉੱਤਮਤਾ ਜਨਮ ਤੋਂ ਮੰਨੀ ਜਾਂਦੀ ਸੀ। ਅਜਿਹੀ ਹਾਲਤ ਵਿਚ ਸੱਭਿਅ ਅਤੇ ਅਸੱਭਿਅ ਵਿਚ ਫ਼ਰਕ ਕਰ ਸਕਣਾ ਮੁਸ਼ਕਲ ਹੋਇਆ ਹੋਇਆ ਸੀ। ਸਮਾਜ ਦੀਆਂ ਨਿਗਾਹਾਂ ਵਿਚ ਸੱਭਿਅ ਉਹ ਸਨ, ਜਿਨ੍ਹਾਂ ਨੂੰ ਭਗਤ ਰਵਿਦਾਸ ਜੀ ਨੇ ‘ਬੰਕੇ ਬਾਲ ਪਾਗ ਸਿਰਿ ਡੇਰੀ’ ਆਖਿਆ ਹੈ ਜਾਂ ਜਿਹੜੇ ‘ਊਚੇ ਮੰਦਰ ਸੁੰਦਰ ਨਾਰੀ’ ਅਧਿਕਾਰੀ ਸਨ। ਭਗਤ ਸਾਹਿਬਾਨ ਨੇ ਇਸ ਪ੍ਰਚੱਲਤ ਪਰ ਗਲਤ ਪ੍ਰਥਾ ਨੂੰ ਚੈਲੰਜ ਕਰ ਕੇ ਸੱਭਿਆਚਾਰ ਦਾ ਆਧਾਰ ਧਰਮ ਨੂੰ ਮੰਨਿਆ ਕਿਉਂਕਿ ਭਗਤ ਸਾਹਿਬਾਨ ਦੀ ਬਾਣੀ ਮਨੁੱਖਤਾ ਦੇ ਮਨੋਰਥ ਦੀ ਸਿੱਧੀ ਲਈ ਰਸਤਾ ਪੇਸ਼ ਕਰਦੀ ਹੈ। ਆਧੁਨਿਕ ਵਿਗਿਆਨਕ ਅਨੁਭਵੀ ਵਿਦਵਾਨਾਂ ਨੇ ਵੀ ਧਰਮ ਦੇ ਮਹੱਤਵ ਨੂੰ ਪਛਾਨਣ ਦੀ ਕੋਸ਼ਿਸ਼ ਕੀਤੀ। ਟੀ.ਐੱਸ. ਐਲੀਅਟ ਦਾ ਕਥਨ ਹੈ ਕਿ ਧਰਮ ਅਤੇ ਸੱਭਿਆਚਾਰ ਇਕ ਦੂਜੇ ਦੇ ਪੂਰਕ ਹਨ ਅਤੇ ਧਰਮ ਬਿਨਾਂ ਸੱਭਿਆਚਾਰ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਇਹ ਕਥਨ ਬਾਣੀ ’ਤੇ ਪੂਰੀ ਤਰ੍ਹਾਂ ਢੁੱਕਦਾ ਹੈ। ਇਸ ਦੀ ਪੁਸ਼ਟੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਤੋਂ ਵੀ ਹੋ ਜਾਂਦੀ ਹੈ, ਜਿੱਥੇ ਉਨ੍ਹਾਂ ਨੇ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ ਬਾਰੇ ਇਹ ਰਾਇ ਦਿੱਤੀ ਹੈ:
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥ (ਪੰਨਾ 488)
ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਰਾਇ ਦਿੱਤੀ ਹੈ:
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ॥ (ਪੰਨਾ 67)
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਆਖਿਆ ਹੈ:
ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥ (ਪੰਨਾ 733)
ਸੋ ਸਾਬਤ ਇਹ ਹੋਇਆ ਕਿ ਧਰਮ ਨੇ ਹੀ ਮਨੁੱਖ ਨੂੰ ਸੱਭਿਅ ਬਣਾਉਣਾ ਹੈ। ਸੋ ਧਰਮ ਹੀ ਇਕ ਸਾਧਨ ਹੈ ਜੋ ਨਿਰੋਲ ਪਦਾਰਥਕ ਜੀਵਨ ਤੋਂ ਉਚੇਰੇ ਹੋਣ ਦਾ। ਇਸ ਲਈ ਧਰਮ ਨੂੰ ਉਹ ਸ਼ਕਤੀ ਮੰਨਿਆ ਗਿਆ ਹੈ ਜਿਹੜੀ ਮਨੁੱਖ ਸਮਾਜ ਅਤੇ ਵਿਸ਼ਵ ਨੂੰ ਇਕ ਲੜੀ ਵਿਚ ਪਰੋਂਦੀ ਹੈ।
ਇਸ ਨੂੰ ਕੇਂਦਰੀ ਸ਼ਕਤੀ ਇਸ ਲਈ ਆਖਿਆ ਹੈ, ਕਿਉਂਕਿ ਧਰਮ ਲਈ ਨੈਤਿਕ ਅਸੂਲਾਂ ਨੂੰ ਅਮਲ ਵਿਚ ਲਿਆਉਣਾ ਸਿਖਾਉਣਾ ਹੈ। ਧਰਮ ਬਿਨਾਂ ਦੁਨਿਆਵੀ ਪਦਾਰਥਕ ਪ੍ਰਾਪਤੀਆਂ ਬੋਝ ਬਣ ਜਾਂਦੀਆਂ ਹਨ। ਇਸ ਲਈ ਟੀ.ਐੱਸ. ਐਲੀਅਟ ਦੇ ਹਵਾਲੇ ਨਾਲ ਪਿਛਲੇ ਪੰਨਿਆਂ ’ਚ ਧਰਮ ਨੂੰ ਸੱਭਿਆਚਾਰ ਦਾ ਮੁੱਖ ਅੰਗ ਦੱਸਿਆ ਗਿਆ ਹੈ ਕਿਉਂਕਿ ਉਸ ਨੇ ਸਾਰੀਆਂ ਸੱਭਿਆਚਾਰਕ ਕੀਮਤਾਂ ਨੂੰ ਇਕ ਲੜੀ ਵਿਚ ਪਰੋ ਕੇ ਸੱਭਿਆਚਾਰਕ ਪ੍ਰਬੰਧ ਦੀ ਸ਼ਕਲ ਦੇਣੀ ਹੁੰਦੀ ਹੈ। ਇਹ ਹਵਾਲੇ ਇਸ ਲਈ ਦਿੱਤੇ ਜਾ ਰਹੇ ਹਨ ਤਾਂ ਕਿ ਸੌਖਿਆਂ ਇਸ ਨਤੀਜੇ ’ਤੇ ਪਹੁੰਚਿਆ ਜਾ ਸਕੇ ਕਿ ਭਗਤ ਬਾਣੀਕਾਰ ਦਾ ਧਰਮ ’ਤੇ ਆਧਾਰਿਤ ਸੱਭਿਆਚਾਰ ਦੀ ਉਸਾਰੀ ਵਿਚ ਜਿੰਨਾ ਉਸ ਵੇਲੇ ਲੋੜੀਂਦਾ ਸੀ, ਓਨਾ ਹੀ ਅੱਜ ਵੀ ਹੈ। ਸੋ ਭਗਤ ਬਾਣੀਕਾਰਾਂ ਦੀ ਧਾਰਨਾ ਉੱਪਰ ਕਥਿਤ ਧਾਰਨਾਵਾਂ ’ਤੇ ਪੂਰੀ ਉਤਰਦੀ ਹੈ ਕਿਉਂਕਿ ਸਾਰੇ ਹੀ ਭਗਤ ਅਮਲੀ ਜੀਵਨ ਜੀਊਣ ਵਾਲੇ ਮਹਾਂਪੁਰਖ ਹੋਏ ਹਨ। ਉਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ, ਨਾਮ-ਸਿਮਰਨ ਰਾਹੀਂ ਜਿਹੜੀਆਂ ਵੀ ਪ੍ਰਾਪਤੀਆਂ ਕੀਤੀਆਂ ਹਨ ਉਹੀ ਉਨ੍ਹਾਂ ਦੀ ਬਾਣੀ ਵਿੱਚੋਂ ਪ੍ਰਗਟ ਹੁੰਦੇ ਸੱਭਿਆਚਾਰ ਦਾ ਆਧਾਰ ਹਨ। ਉਨ੍ਹਾਂ ਦਾ ਸੱਭਿਆਚਾਰ ਕਿਸੇ ਕਲਪਨਾ ’ਤੇ ਆਧਾਰਿਤ ਨਹੀਂ ਅਤੇ ਨਾ ਹੀ ਕਿਸੇ ਕਲਪਨਾ-ਲੋਕ ਨਾਲ ਸੰਬੰਧਿਤ ਹੈ। ਉਹ ਤਾਂ ਨਿੱਤ ਦੇ ਜੀਵਨ ਨੂੰ ਧਰਮ ਦੀ ਅਗਵਾਈ ਵਿਚ ਤਬਦੀਲ ਹੋਇਆ ਵੇਖਣ ਦੇ ਇੱਛਕ ਹਨ। ਇਸ ਤਬਦੀਲੀ ਵਾਸਤੇ ਪ੍ਰੇਰਨਾ ਵੀ ਕੀਤੀ ਹੈ ਅਤੇ ਸੁਝਾਉ ਵੀ ਦਿੱਤੇ ਹਨ। ਭਗਤ ਸਾਹਿਬਾਨ ਦੀ ਬਾਣੀ ਵਿਚ ਦੋ ਤਰ੍ਹਾਂ ਦੇ ਮਨੁੱਖਾਂ ਦਾ ਮੁੱਖ ਤੌਰ ’ਤੇ ਵਰਣਨ ਆਇਆ ਹੈ। ਨੰਬਰ ਇਕ ਉਹ ਜਿਹੜੇ ਆਪਣੀਆਂ ਖਾਹਿਸ਼ਾਂ ਜਾਂ ਕਮਜ਼ੋਰੀਆਂ ਦਾ ਸ਼ਿਕਾਰ ਹੋ ਚੁਕੇ ਹਨ। ਉਨ੍ਹਾਂ ਦੀ ਅਵਸਥਾ ਨੂੰ ਬਿਆਨ ਕਰਦਿਆਂ ਭਗਤ ਨਾਮਦੇਵ ਜੀ ਨੇ ਦੱਸਿਆ ਹੈ ਕਿ ਉਹ ਕੂੜ-ਕੁਸਤਿ ਨੂੰ ਸੱਚ ਸਮਝਣ ਦੇ ਸ਼ਿਕਾਰ ਹੁੰਦੇ ਹਨ:
ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ॥ (ਪੰਨਾ 485)
ਐਸਾ ਮਨੁੱਖ ਭਗਤ ਸਾਹਿਬਾਨ ਅਨੁਸਾਰ ਅਸੱਭਿਅ ਹੈ।
ਦੂਜੇ ਨੰਬਰ ’ਤੇ ਉਨ੍ਹਾਂ ਨੂੰ ਲਿਆ ਹੈ ਜਿਨ੍ਹਾਂ ਨੇ ਦਿਲ ਵਿਚ ਪਰਮਾਤਮਾ ਨੂੰ ਵਸਾ ਰੱਖਿਆ ਹੈ। ਭਗਤ ਤ੍ਰਿਲੋਚਨ ਜੀ ਦਾ ਬਚਨ ਹੈ ਕਿ ਅਜਿਹੇ ਮਨੁੱਖ ਕਿਸੇ ਦੁਬਿਧਾ ਤੋਂ ਬਰੀ ਹੁੰਦੇ ਹਨ:
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ (ਪੰਨਾ 526)
ਇਹ ਮੁਕਤੀ ਜਿਊਂਦਿਆਂ ਪ੍ਰਾਪਤ ਕਰਨੀ ਹੈ ਅਤੇ ਇਸ ਦੀ ਨਿਸ਼ਾਨੀ ‘ਨਾਮ ਮਤਿ ਬੀਸਰੈ’ ਹੈ। ਅਜਿਹਾ ਮਨੁੱਖ ਭਗਤ ਸਾਹਿਬਾਨ ਅਨੁਸਾਰ ਸੱਭਿਅ ਹੈ। ਭਗਤ ਬਾਣੀਕਾਰਾਂ ਅਨੁਸਾਰ, ਜਿਹੜੇ ਮਨੁੱਖ ਕਮਜ਼ੋਰੀਆਂ ਦਾ ਸ਼ਿਕਾਰ ਹਨ, ਉਹ ਸੱਚੇ ਧਰਮ ਦੇ ਧਾਰਨੀ ਨਹੀਂ ਹਨ। ਉੱਤਮ ਧਰਮ ਭਗਤ ਸਾਹਿਬਾਨ ਮੁਤਾਬਿਕ ‘ਹਰਿ ਕੋ ਨਾਮ’ ਹੈ। ਸੋ ਪਰਮਾਤਮਾ ਦੀ ਭਗਤੀ ਵਿਚ ਵਿਸ਼ਵਾਸ ਨਾ ਲਿਆਉਣ ਵਾਲਿਆਂ ਨੂੰ ਭਗਤ ਸਾਹਿਬਾਨ ਜੀ ਨੇ ਸੰਗਤ ਕਰਨ ਦੇ ਯੋਗ ਨਹੀਂ ਮੰਨਿਆ। ਉਹ ਅਜਿਹੇ ਮਨੁੱਖ ਦੇ ਦਰਸ਼ਨ ਕਰਨ ਲਈ ਵੀ ਤਿਆਰ ਨਹੀਂ ਹਨ:
ਜੋ ਨ ਭਜੰਤੇ ਨਾਰਾਇਣਾ॥
ਤਿਨ ਕਾ ਮੈ ਨ ਕਰਉ ਦਰਸਨਾ॥ (ਪੰਨਾ 1163)
ਇਸੇ ਹੀ ਵਿਚਾਰ ਦੀ ਪ੍ਰੋੜ੍ਹਤਾ ਕਰਦਿਆਂ ਭਗਤ ਸੂਰਦਾਸ ਜੀ ਨੇ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਆਖ ਕੇ ਅਜਿਹੇ ਵਿਅਕਤੀਆਂ ਦੀ ਸੰਗਤ ਤੋਂ ਹੋੜਿਆ ਹੈ। ਮੁੱਖ ਤੌਰ ’ਤੇ ਮਨੁੱਖ ਦੇ ਦੋ ਵਰਗ ਭਗਤ ਸਾਹਿਬਾਨ ਦੇ ਸਾਹਮਣੇ ਹਨ ਅਤੇ ਇਨ੍ਹਾਂ ਦੋਹਾਂ ਨੂੰ ਇਕ ਕਰਨ ਲਈ ਸਾਰੇ ਹੀ ਭਗਤ ਯਤਨਸ਼ੀਲ ਜਾਪਦੇ ਹਨ। ਇਸੇ ਕਰਕੇ ਉਨ੍ਹਾਂ ਨੇ ਸਾਰੀਆਂ ਸ਼ਕਤੀਆਂ, ਜਿਹੜੀਆਂ ਮਨੁੱਖ ਨੂੰ ਅਸਭਿਅ ਬਣਾਉਂਦੀਆਂ ਹਨ ਦਾ ਆਪਣੀ ਬਾਣੀ ਵਿਚ ਖੁੱਲ੍ਹ ਕੇ ਵਰਣਨ ਕੀਤਾ ਹੈ। ਇਨ੍ਹਾਂ ਵਿੱਚੋਂ ਮੁੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹਨ। ਬਾਣੀ ਵਿਚ ਇਨ੍ਹਾਂ ਕਮਜ਼ੋਰੀਆਂ ਦੇ ਹਵਾਲੇ ਨਾਲ ਬਿਆਨ ਕੀਤਾ ਹੋਇਆ ਹੈ ਕਿ ਮਨੁੱਖ ਆਦਿ ਕਾਲ ਤੋਂ ਇਨ੍ਹਾਂ ਕਮਜ਼ੋਰੀਆਂ ਦਾ ਸ਼ਿਕਾਰ ਹੁੰਦਾ ਆਇਆ ਹੈ ਪਰ ਇਨ੍ਹਾਂ ਕਮਜ਼ੋਰੀਆਂ ਤੋਂ ਉੱਚਾ ਵੀ ਉੱਠਦਾ ਆਇਆ ਹੈ। ਭਾਵ ਮਨੁੱਖ ਦੇ ਅੰਦਰ ਇਨ੍ਹਾਂ ਅਸੱਭਿਅ ਅਲਾਮਤਾਂ ਤੋਂ ਬਚ ਸਕਣ ਦੀ ਸ਼ਕਤੀ ਵੀ ਕਾਇਮ ਹੈ ਪਰ ਲੋੜ ਉਸ ਨੂੰ ਉਘਾੜਨ ਦੀ ਹੈ। ਭਗਤ ਸਧਨਾ ਜੀ ਨੇ ਅਜਿਹੀ ਸਥਿਤੀ ਵਿੱਚੋਂ ਨਿਕਲਣ ਲਈ ਇਹ ਸੁਝਾਉ ਦਿੱਤਾ ਹੈ ਕਿ ਹਉਮੈ ਤਿਆਗ ਕੇ ਮਨੁੱਖ ਨੂੰ ਪਰਮਾਤਮਾ ਦੀ ਸ਼ਰਨ ਪਿਆਂ ਹੀ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ ਅਤੇ ਉਹ ਵੀ ਇਸੇ ਹੀ ਜਨਮ ਵਿਚ:
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ॥ (ਪੰਨਾ 858)
ਸੋ ਮਨੁੱਖਾ ਜੀਵਨ ਵਿਚ ਹਉਮੈ ਨੂੰ ਤਿਆਗਿਆਂ, ਹਲੀਮੀ ਨੂੰ ਅਪਣਾਇਆਂ ਅਤੇ ਨਾਮ-ਸਿਮਰਨ ਨੂੰ ਮਨ ਵਿਚ ਵਸਾਇਆਂ ਮਨੁੱਖ ਸੱਭਿਅ ਬਣ ਸਕਦਾ ਹੈ। ਭਗਤ ਭੀਖਨ ਜੀ ਨੇ ਨਾਮ-ਸਿਮਰਨ ਨੂੰ ਸਰੀਰਿਕ ਮੋਹ ਤੋਂ ਖਲਾਸੀ ਪਾਉਣ ਵਾਸਤੇ ਸ੍ਰੇਸ਼ਟ ਇਲਾਜ ਦੱਸਿਆ ਹੈ:
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ॥
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ॥ (ਪੰਨਾ 659)
ਭਗਤ ਨਾਮਦੇਵ ਜੀ ਨੇ ਤਾਂ ਨਾਮ-ਸਿਮਰਨ ਦੀ ਮਹਿਮਾ ਇੰਨੀ ਉੱਚੀ ਦੱਸੀ ਹੈ ਜਿਸ ਰਾਹੀਂ ਪੰਜੇ ਵਿਕਾਰਾਂ ਵਿਚ ਫਸੇ ਲੋਕ ਵੀ ਤਰ ਗਏ ਅਤੇ ਦਾਅਵਾ ਇੰਞ ਕੀਤਾ ਹੈ:
ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ॥ (ਪੰਨਾ 345)
ਭਗਤ ਬਾਣੀਕਾਰਾਂ ਨੇ ਮਨੁੱਖ ਅੰਦਰ ਇਹ ਚੇਤਨਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਆਮ ਤੌਰ ’ਤੇ ਕੁਝ ਵੀ ਬੁਰਾ ਨਹੀਂ ਕਿਉਂਕਿ ਬੁਰੇ ਨੂੰ ਚੰਗੇ ਵਿਚ ਬਦਲਿਆ ਜਾ ਸਕਦਾ ਹੈ। ਅਜਿਹਾ ਦ੍ਰਿੜ੍ਹਾਉਂਦੇ ਸਮੇਂ ਉਨ੍ਹਾਂ ਨੇ ਆਪਣੀ ਸੱਭਿਆਚਾਰਕ ਵਿਰਾਸਤ ਦਾ ਆਸਰਾ ਲਿਆ ਹੈ ਅਤੇ ਪਰੰਪਰਾ ਨੂੰ ਨਾਲ ਲੈ ਕੇ ਤੁਰੇ ਹਨ ਜਿਵੇਂ ਕਿ ਅਜਾਮਲ, ਪੂਤਨਾ, ਕੁਬਿਜਾਂ ਆਦਿ ਦੇ ਹਵਾਲਿਆਂ ਨਾਲ ਸਿਖਿਆ ਦੇਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਸਾਰੇ ਹਵਾਲਿਆਂ ਨਾਲ ਸਾਬਤ ਕੀਤਾ ਜਾ ਰਿਹਾ ਹੈ ਕਿ ਮਨੁੱਖ ਦੇ ਜੀਵਨ ਦਾ ਮਨੋਰਥ ਕੀ ਹੈ, ਜਿਸ ਨੂੰ ਪੰਚਮ ਪਾਤਸ਼ਾਹ ਨੇ ‘ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ’ ਕਿਹਾ ਹੈ ਅਤੇ ਇਸ ਮਨੋਰਥ ਦੀ ਪ੍ਰਾਪਤੀ ਹੀ ਭਗਤ ਸਾਹਿਬਾਨ ਦੇ ਸੱਭਿਆਚਾਰ ਦਾ ਨਿਸ਼ਾਨਾ ਭਗਤ ਕਬੀਰ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ :
ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥ (ਪੰਨਾ 969)
ਸ਼ਬਦ ਰਾਹੀਂ ਸੱਭਿਅ ਅਤੇ ਅਸੱਭਿਅ ਨੂੰ ਬੜੀ ਸਪੱਸ਼ਟਤਾ ਸਹਿਤ ਪੇਸ਼ ਕਰਦੇ ਹਨ। ਉਹ ਹੈ ਜੋ ਹਰੀ ਦਾ ਸੇਵਕ ਹੈ, ਆਪਣੇ ਕਰਤੱਵ ਦਾ ਦਿਆਨਤਦਾਰੀ ਨਾਲ ਕੰਮ ਕਰਦਾ ਹੈ ਅਤੇ ਸਮਾਂ ਆਉਣ ’ਤੇ ਅਧਰਮੀਆਂ ਦਾ ਮੂੰਹ ਤੋੜਦਾ ਹੈ। ਇਸ ਦੇ ਲਈ ਜੋ ਕੁਝ ਵੀ ਉਸ ਨੂੰ ਪਰਮਾਤਮਾ ਨੇ ਬਖ਼ਸ਼ਿਆ ਹੈ, ਉਸ ਨੂੰ ਹੋਰਨਾਂ ਵਿਚ ਵੰਡਦਾ ਹੋਇਆ ਜੀਵਨ ਸਫਲ ਕਰਦਾ ਹੈ। ਸੱਭਿਅ ਮਨੁੱਖ ਨੇ ਗੁਣ ਵੰਡਣੇ ਹਨ। ਗੁਣਾਂ ’ਤੇ ਆਧਾਰਤ ਅਜਿਹੇ ਸੱਭਿਅ ਸਮਾਜ ਦੀ ਕਲਪਨਾ ਕਰਦੇ ਹੋਏ ਭਗਤ ਰਵਿਦਾਸ ਜੀ ਕਹਿੰਦੇ ਹਨ:
ਬੇਗਮ ਪੁਰਾ ਸਹਰ ਕੋ ਨਾਉ॥ (ਪੰਨਾ 345)
ਕਾਲਪਨਿਕ ਅਤੇ ਮਿਥੇ ਹੋਏ ਸੁਰਗ-ਨਰਕ ਦੇ ਮੁਕਾਬਲੇ ਵਿਚ ਮਨੁੱਖ ਦੀ ਸ਼ਾਂਤ ਆਤਮਿਕ ਅਵਸਥਾ ਦਾ ਜ਼ਿਕਰ ਕੀਤਾ ਹੋਇਆ ਹੈ। ਜਿਸ ਆਤਮਿਕ ਅਵਸਥਾ ਦਾ ਇਥੇ ਜ਼ਿਕਰ ਕੀਤਾ ਹੋਇਆ ਹੈ, ਉਸ ਨੂੰ ਮਨੁੱਖ ਨੇ ਇਸੇ ਹੀ ਜੀਵਨ ਵਿਚ ਧਾਰਨ ਕਰਨਾ ਹੈ। ਭਗਤ ਸਾਹਿਬਾਨ ਦਾ ਇਹ ਦ੍ਰਿਸ਼ਟੀਕੋਨ ਉਨ੍ਹਾਂ ਨੂੰ ਗੁਰੂ-ਬਾਣੀਕਾਰਾਂ ਦਾ ਹਮ-ਖ਼ਿਆਲ ਸਾਬਤ ਕਰਦਾ ਹੈ ਅਤੇ ਪ੍ਰਚੱਲਤ ਕਰਮਕਾਂਡੀ ਧਰਮ ਤੋਂ ਸੁਚੇਤ ਕਰਦਾ ਹੈ।
ਆਪਨ ਨਗਰੁ ਆਪ ਤੇ ਬਾਧਿਆ॥
ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ (ਪੰਨਾ 329)
ਸਪੱਸ਼ਟ ਤੌਰ ’ਤੇ ਭਗਤ ਬਾਣੀਕਾਰ ਪ੍ਰਚੱਲਤ ਧਾਰਮਿਕ ਪਰੰਪਰਾ ਨਾਲੋਂ ਨਿੱਖੜ ਕੇ ਤੁਰ ਰਹੇ ਹੁੰਦੇ ਹਨ ਅਤੇ ਧਰਮ ’ਤੇ ਹੀ ਆਧਾਰਤ, ਜਿਸ ਸੱਭਿਆਚਾਰ ਨੂੰ ਭਗਤ ਪੇਸ਼ ਕਰ ਰਹੇ ਹਨ, ਬਾਣੀ ਵਿਚ ਭੈਅ ਨੂੰ, ਦੁਬਿਧਾ ਨੂੰ, ਲਾਲਚ ਨੂੰ, ਦੁੱਖ ਆਦਿ ਨੂੰ ਕੋਈ ਥਾਂ ਨਹੀਂ ਹੈ। ਸੂਫੀ ਸੰਤਾਂ ਤੇ ਦੂਤਾਂ ਵਿਚ ਸਿੱਧਾ ਫ਼ਰਕ ਕੀਤਾ ਹੋਇਆ ਹੈ ਅਤੇ ਉਥੋਂ ਦੇ ਵਸਨੀਕ ਬੇਗਮ ਪੁਰੇ ਦੇ ਵਾਸੀ ਹਨ। ਇਹ ਸਾਰੀਆਂ ਸਿਫ਼ਤਾਂ ਹੀ ਮਨੁੱਖ ਨੂੰ ਸੱਭਿਅਕ ਬਣਾਉਂਦੀਆਂ ਹਨ।
ਭਗਤ ਸਾਹਿਬਾਨ ਅਨੁਸਾਰ ਬਾਹਰੀ ਤੌਰ ’ਤੇ ਧਰਮ ਨੂੰ ਅਪਣਾਉਣ ਦਾ ਪ੍ਰਗਟਾਵਾ ਕਰ ਕੇ ਵੀ ਮਨੁੱਖ ਅਸੱਭਿਅ ਹੋ ਸਕਦਾ ਹੈ। ਧਰਮ ਨੂੰ ਜ਼ਬਾਨੀ ਜਾਂ ਵਿਖਾਵੇ ਦੇ ਤੌਰ ’ਤੇ ਅਪਣਾ ਕੇ ਮਨੁੱਖ ਸੱਭਿਅ ਨਹੀਂ ਬਣਦਾ। ਕਿਉਂਕਿ ਸੱਭਿਅ ਬਣਨ ਲਈ ਸੰਤੁਲਿਤ, ਸੰਜਮੀ, ਨਿੱਘੀ ਸ਼ਖ਼ਸੀਅਤ ਉਸਾਰਨ ਦੀ ਲੋੜ ਹੈ ਜੋ ਜੀਵਨ ਅੰਦਰੋਂ ਉਸਰਨੀ ਹੈ। ਭਗਤ ਕਬੀਰ ਜੀ ਅਨੁਸਾਰ ਲੰਮੇ-ਲੰਮੇ ਚੋਲੇ ਪਾਇਆਂ, ਜੰਗਲਾਂ ਵਿਚ ਡੇਰੇ ਲਾਇਆਂ, ਮੂਰਤੀਆਂ ਦੀ ਪੂਜਾ ਕੀਤਿਆਂ, ਸਰੀਰਿਕ ਤਪ, ਸਮਾਧੀਆਂ ਲਾਇਆਂ ਅਤੇ ਫੋਕੇ ਉਪਦੇਸ਼ ਕੀਤਿਆਂ, ਸੱਭਿਅ ਸ਼ਖ਼ਸੀਅਤ ਨਹੀਂ ਉਸਰਦੀ, ਸਗੋਂ ਇਹ ਸਾਰੇ ਕਰਮ ਮਾਇਆ ਦੇ ਅਡੰਬਰ ਬਣ ਕੇ ਰਹਿ ਜਾਂਦੇ ਹਨ:
ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ॥
ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ॥ (ਪੰਨਾ 338)
ਭਗਤ ਬਾਣੀਕਾਰਾਂ ਨੇ ਸ਼ਖ਼ਸੀਅਤ ਦੀ ਉਸਾਰੀ ਸਿਮਰਨ ਦੀ ਮਹਿਮਾ ਨਾਲ ਹੁੰਦੀ ਮੰਨੀ ਹੈ। ਭਗਤ ਨਾਮਦੇਵ ਜੀ ਸਿਮਰਨ ਦੀ ਸਿਫ਼ਤ ਇਉਂ ਦੱਸਦੇ ਹਨ:
ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ॥ (ਪੰਨਾ 693)
ਭਗਤ ਕਬੀਰ ਜੀ ਤਾਂ ਸਾਫ਼ ਹੀ ਆਖਦੇ ਹਨ ਕਿ:
ਰਾਮ ਨਾਮ ਬਿਨੁ ਕਿਨਿ ਗਤਿ ਪਾਈ॥ (ਪੰਨਾ 324)
ਸੋ ਜਿਹੜੇ ਮਨੁੱਖ ਪ੍ਰਭੂ-ਸਿਮਰਨ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਂਦੇ ਹਨ, ਉਨ੍ਹਾਂ ਅੰਦਰ ਅਵੱਸ਼ ਹੀ ਸੱਭਿਅ ਗੁਣ ਫਲੀਭੂਤ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇ ਸੱਭਿਅ ਗੁਣ ਪੈਦਾ ਨਹੀਂ ਹੋ ਰਹੇ ਭਾਵ ਮਨ ਦਾ ਸੰਸਾ ਕਾਇਮ ਰਹਿੰਦਾ ਹੈ, ਲਾਲਚ ਵੱਲੋਂ ਮਨ ਨਹੀਂ ਮੁੜਦਾ, ਕਮਜ਼ੋਰੀਆਂ ਦੀ ਖਿੱਚ ਖ਼ਤਮ ਨਹੀਂ ਹੁੰਦੀ ਤਾਂ ਨਿਰਸੰਦੇਹ ਸਾਰੇ ਹੀ ਧਾਰਮਿਕ ਕਰਮ ਭੇਖ ਬਣ ਕੇ ਰਹਿ ਜਾਂਦੇ ਹਨ। ਭਗਤ ਤ੍ਰਿਲੋਚਨ ਜੀ ਆਖਦੇ ਹਨ ਕਿ ਅੰਦਰ ਦੀ ਮੈਲ ਨਹੀਂ ਧੋਤੀ ਗਈ ਤਾਂ ਸਾਰੇ ਹੀ ਬਾਹਰੋਂ ਧਾਰਮਿਕ ਨਜ਼ਰ ਆਉਣ ਵਾਲੇ ਕਰਮ ਪਾਣੀ ਰਿੜਕਣ ਵਾਂਗ ਹਨ। ਪ੍ਰਭੂ-ਸਿਮਰਨ ਹੀ ਅਸਲ ਦਾਰੂ ਹੈ ਸਾਰਿਆਂ ਸੰਸਿਆਂ ਤੋਂ ਮੁਕਤ ਹੋਣ ਦਾ:
ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ॥
ਲਖ ਚਉਰਾਸੀਹ ਜਿਨਿ੍ ਉਪਾਈ ਸੋ ਸਿਮਰਹੁ ਨਿਰਬਾਣੀ॥ (ਪੰਨਾ 526)
ਭਗਤ ਬੇਣੀ ਜੀ ਨੇ ਅਜਿਹੇ ਅਧਰਮੀ ਵਾਸਤੇ ਸ਼ਬਦ ‘ਲੰਪਟ’ ਵਰਤਿਆ ਹੈ, ਕਿਉਂਕਿ ਇਹ ‘ਰਿਦੈ ਕੂੜੁ’ ਦਾ ਧਾਰਨੀ ਹੈ ਅਤੇ ਆਪਾ ਚੀਨਣ ਤੋਂ ਖੁੰਝੇ ਹੋਣ ਕਰ ਕੇ ਅੰਨ੍ਹਾ ਹੈ:
ਜਿਨਿ ਆਤਮ ਤਤੁ ਨ ਚੀਨ੍ਆਿ॥
ਸਭ ਫੋਕਟ ਧਰਮ ਅਬੀਨਿਆ॥ (ਪੰਨਾ 1351)
ਸੋ ਸਪੱਸ਼ਟ ਹੋਇਆ ਕਿ ਭਗਤ ਬਾਣੀਕਾਰਾਂ ਵੱਲੋਂ ਪ੍ਰਗਟਾਏ ਸੱਭਿਆਚਾਰ ਵਿਚ ਨਾਮ-ਸਿਮਰਨ ਇਕ ਪ੍ਰਗਟ ਤੇ ਪ੍ਰਤੱਖ ਸ਼ਕਤੀ ਹੈ। ਇਸ ਸ਼ਕਤੀ ਨੇ ਅੰਦਰ ਨੂੰ ਬਦਲਣਾ ਹੈ। ਜਿਹੜੇ ਵੀ ਧਾਰਮਿਕ ਕਰਮ ਜੀਵਨ-ਜਾਚ ਨੂੰ ਸੁੰਦਰ ਬਣਾਉਣ ਵਿਚ ਹਿੱਸਾ ਨਹੀਂ ਪਾਉਂਦੇ, ਉਨ੍ਹਾਂ ਦਾ ਭਗਤ ਸਾਹਿਬਾਨ ਨੇ ਖੰਡਨ ਕੀਤਾ ਹੈ। ਇਸੇ ਕਰਕੇ ਮੂਰਤੀ-ਪੂਜਾ ਉਨ੍ਹਾਂ ਦੇ ਸੱਭਿਆਚਾਰ ਦਾ ਭਾਗ ਨਹੀਂ ਹੈ। ਜਨਮ ਤੋਂ ਜਾਤ-ਪਾਤ ਦੇ ਉਹ ਵਿਰੋਧੀ ਹਨ ਅਤੇ ਧਾਰਮਿਕ ਕਰਮਕਾਂਡ ਉਨ੍ਹਾਂ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦੇ। ਮਨੁੱਖਤਾ ਨੂੰ ਡੇਗਣ ਵਾਲੀਆਂ ਸਾਰੀਆਂ ਕਮਜ਼ੋਰੀਆਂ ਨੂੰ ਉਨ੍ਹਾਂ ਨੇ ਭਰਮ- ਜਾਲ ਅਤੇ ਮੋਹ-ਮਾਇਆ ਨੂੰ ਭੰਡਿਆ ਹੈ ਅਤੇ ਇਸ ਦੇ ਮੁਕਾਬਲੇ ਵਿਚ ਇੱਕ ਪਰਮਾਤਮਾ ਵਿਚ ਵਿਸ਼ਵਾਸ, ਨਾਮ-ਸਿਮਰਨ, ਸੇਵਾ ਭਗਤੀ, ਸਰਬੱਤ ਦਾ ਭਲਾ, ਹੱਕ-ਹਲਾਲ ਦੀ ਕਮਾਈ ਦੇ ਨਾਲ-ਨਾਲ ਬਿਬੇਕ ਬੁੱਧ ’ਤੇ ਵੀ ਜ਼ੋਰ ਦਿੱਤਾ ਹੈ। ਨਾਮ-ਸਿਮਰਨ ਨਾਲ ਇਨ੍ਹਾਂ ਗੁਣਾਂ ਨੇ ਮਨੁੱਖੀ ਸੁਭਾਅ ਦਾ ਅੰਗ ਬਣਦੇ ਜਾਣਾ ਹੈ। ਅਜਿਹਾ ਕਿਸੇ ਕਰਾਮਾਤ ਦੇ ਆਸਰੇ ਨਹੀਂ ਹੋਣਾ ਸਗੋਂ ਇਹ ਤਾਂ ਇਕ ਨਿਰੰਤਰ ਵਿਕਾਸ ਹੈ। ਇਸ ਨੂੰ ਗੁਰੂ ਸਾਹਿਬਾਨ ਨੇ ਮਾਨਸ ਤੋਂ ਦੇਵਤੇ ਤਕ ਦਾ ਸਫ਼ਰ ਆਖਿਆ ਹੈ ਅਤੇ ਭਗਤ ਨਾਮਦੇਵ ਜੀ ਨੇ ਵੀ ਕੁਝ ਇਸੇ ਕਿਸਮ ਦੇ ਖ਼ਿਆਲ ਪ੍ਰਗਟ ਕੀਤੇ ਹਨ:
ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ॥
ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ॥ (ਪੰਨਾ 873)
ਇਸ ਤਰ੍ਹਾਂ ਜਿਹੜਾ ਸੰਤੁਲਤ ਜੀਵਨ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਉਸ ਵਾਸਤੇ ਬਾਣੀ ਵਿਚ ਸ਼ਬਦ ‘ਸਹਜ’ ਆਇਆ ਹੈ ਅਤੇ ਇਸੇ ਸਥਿਤੀ ਨੂੰ ਭਗਤ ਕਬੀਰ ਜੀ ਨੇ ਵਰਣਨ ਕਰਦਿਆਂ ਦੱਸਿਆ ਹੈ ਕਿ ਤਪ, ਵਰਤ, ਤੀਰਥ ਇਸ਼ਨਾਨ ਆਦਿ ਆਸਰੇ ਨਾ ਲੈ ਕੇ ਜੇ ਮਨੁੱਖ ਭਗਵਾਨ ਦਾ ਨਾਮ-ਸਿਮਰਨ ਕਰਦਾ ਹੈ, ਉਸ ਦੀ ਐਸੀ ਉੱਚੀ ਆਤਮਿਕ ਅਵਸਥਾ ਬਣਦੀ ਹੈ ਕਿ ਜਗਤ ਦੇ ਦੁੱਖ-ਸੁਖ ਉਸ ਨੂੰ ਪ੍ਰਭੂ ਦੀ ਰਜ਼ਾ ਦਿੱਸਦੇ ਹਨ:
ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ॥
ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ॥ (ਪੰਨਾ 337)
ਸੋ ਭਗਤ ਬਾਣੀਕਾਰਾਂ ਦਾ ਸੱਭਿਆਚਾਰ, ਜੀਵਨ-ਜਾਚ ਹੈ। ਇਸ ਨੂੰ ਮਨੁੱਖ ਨੇ ਮੁੱਖ ਤੌਰ ’ਤੇ ਇਸ ਜਨਮ ਵਿਚ ਜਿਊਣਾ ਹੈ ਭਾਵੇਂ ਕਿ ਇਸ ਦਾ ਲਾਹਾ ਅਨਾਦੀ ਰੂਪ ਵਾਲਾ ਮਿਲ ਸਕਦਾ ਹੈ। ਜੀਵਨ ਜਿਊਂਦਿਆਂ ਰੁਕਾਵਟਾਂ ਆਉਂਦੀਆਂ ਰਹਿਣਗੀਆਂ। ਇਨ੍ਹਾਂ ਰੁਕਾਵਟਾਂ ਦਾ ਡਟ ਕੇ ਮੁਕਾਬਲਾ ਕਰਨਾ ਹੈ ਅਤੇ ਹਿੰਮਤ ਨਾਲ ਵਧਦੇ ਜਾਣਾ ਹੈ ਕਿ:
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ॥ (ਪੰਨਾ 718)
ਸਮਾਪਤੀ ’ਤੇ ਮੈਂ ਅਲਬਰੂਨੀ ਦੇ ਸ਼ਬਦਾਂ ਵਿਚ ਜ਼ਿਕਰ ਕਰ ਰਿਹਾ ਹਾਂ ਕਿ ਮਨੁੱਖੀ ਜੀਵਨ ਦਾ ਹਰ ਪਹਿਲੂ ਕਿਸੇ ਨਾ ਕਿਸੇ ਰੂਪ ਵਿਚ ਉਸ ਦੀ ਸੰਸਕ੍ਰਿਤੀ ਨਾਲ ਜੁੜਿਆ ਹੁੰਦਾ ਹੈ ਪਰੰਤੂ ਵਿਸ਼ੇਸ਼ ਰੂਪ ਵਿਚ ਆਤਮਾ, ਮਨ, ਬੁੱਧੀ ਅਤੇ ਆਚਰਨ ਸਬੰਧੀ ਸਾਰੇ ਤੱਤ ਸੰਸਕ੍ਰਿਤੀ ਦੇ ਅਟੁੱਟ ਅੰਗ ਹਨ।
ਲੇਖਕ ਬਾਰੇ
# 34 ਅਰਬਨ ਐਸਟੇਟ, ਫੇਜ਼ 1, ਪਟਿਆਲਾ - 147002
- ਡਾ. ਬਲਕਾਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%ac%e0%a8%b2%e0%a8%95%e0%a8%be%e0%a8%b0-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਬਲਕਾਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%ac%e0%a8%b2%e0%a8%95%e0%a8%be%e0%a8%b0-%e0%a8%b8%e0%a8%bf%e0%a9%b0%e0%a8%98/March 1, 2008