ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ (ਪੰਨਾ 982)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਅੰਮ੍ਰਿਤਾਂ ਵਾਲੀ ਗੁਰੂ ਰੂਪ ਬਾਣੀ ਨੂੰ ਰਚਿਆ ਵੀ ਤੇ ਨਾਲੋ ਨਾਲ ਸੰਕਲਿਤ ਵੀ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਫ ਆਪਣੀ ਹੀ ਬਾਣੀ ਨੂੰ ਸੰਕਲਿਤ ਨਹੀਂ ਕੀਤਾ ਸਗੋਂ ਉਸ ਸਮੇਂ ਦੇ ਪ੍ਰਮੁੱਖ ਸੰਤਾਂ-ਭਗਤਾਂ ਦੀ ਬਾਣੀ ਨੂੰ ਵੀ ਸੰਕਲਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਦੇ ਪ੍ਰਮੁੱਖ ਸੰਤਾਂ-ਭਗਤਾਂ ਦੀ ਬਾਣੀ ਅਤੇ ਆਪਣੀ ਬਾਣੀ ਨੂੰ ਇੱਕੋ ਪੋਥੀ ਰੂਪ ਵਿਚ ਸੰਕਲਿਤ ਕਰ ਕੇ ਆਪ ਨੇ ਇਹ ਪੋਥੀ ਗੁਰਗੱਦੀ ਸੌਂਪਦੇ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ। ਇਸ ਪੋਥੀ ਦੀ ਬਾਣੀ ਤੇ ਫਿਰ ਦੂਜੇ, ਤੀਜੇ ਤੇ ਚੌਥੇ ਗੁਰੂ ਸਾਹਿਬਾਨ ਦੀ ਬਾਣੀ ਬਾਬਾ ਮੋਹਨ ਜੀ ਤੋਂ ਪ੍ਰਾਪਤ ਕਰ, ਇਸ ਸਾਰੀ ਬਾਣੀ ਵਿਚ ਆਪਣੀ ਅਤੇ ਹੋਰ ਸੰਤਾਂ-ਭਗਤਾਂ ਦੀ ਬਾਣੀ ਇਕੱਠੀ ਕਰ, ਗੁਰੂ ਅਰਜਨ ਦੇਵ ਜੀ ਨੇ ਸੰਮਤ 1660 ਵਿਚ ਆਦਿ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਜਿਸ ਨੂੰ ਭਾਦੋਂ ਸੁਦੀ ਪਹਿਲੀ ਸੰਮਤ 1661,15 ਅੱਸੂ, ਨਾਨਕਸ਼ਾਹੀ 136 (ਸੰਨ 1604) ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਸਥਾਪਨ ਕੀਤਾ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਉਪਰੋਕਤ ਬੀੜ ਵਾਲੀ ਸਾਰੀ ਬਾਣੀ ਭਾਈ ਮਨੀ ਸਿੰਘ ਜੀ ਨੂੰ ਲਿਖਵਾਈ ਤੇ ਉਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਮਿਲਿਤ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ। ਇਹ ਬੀੜ ਪਿੱਛੋਂ ਦਮਦਮੀ ਬੀੜ ਦੇ ਨਾਂ ਨਾਲ ਪ੍ਰਸਿੱਧ ਹੋਈ। ਇਸੇ ਬੀੜ ਦੇ ਕਈ ਉਤਾਰੇ ਬਾਬਾ ਦੀਪ ਸਿੰਘ ਜੀ ਤੇ ਦੂਸਰੇ ਸਿੰਘਾਂ ਨੇ ਪਹਿਲਾਂ ਕਰ ਲਏ ਸਨ। ਇਸੇ ਬੀੜ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 6 ਕੱਤਕ, ਨਾਨਕਸ਼ਾਹੀ 240, 6 ਅਕਤੂਬਰ 1708 (6 ਕੱਤਕ, ਸੰਮਤ 1765) ਨੂੰ ਨੰਦੇੜ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ’ਤੇ ਬਿਰਾਜਮਾਨ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼-ਵਿਦੇਸ਼ ਦਾ ਰਟਨ ਕਰ ਕੇ ਲੋਕਾਂ ਨੂੰ ਪਿਆਰ, ਏਕਤਾ ਤੇ ਭਰਾਤਰੀ-ਭਾਵ ਦਾ ਸੁਨੇਹਾ ਦਿੱਤਾ ਤੇ ਜਗਤ ਦੇ ਕਲਿਆਣ ਹਿਤ ਭਾਰੀ ਮਾਤਰਾ ਵਿਚ ਬਾਣੀ ਦੀ ਰਚਨਾ ਕੀਤੀ। ਗੁਰੂ ਜੀ ਨੇ ਬਾਣੀ ਦੀ ਇਹ ਰਚਨਾ ਕਿਸੇ ਇੱਕੋ ਅਵਸਰ ਤੇ ਇਕ ਥਾਂ ਬੈਠ ਕੇ ਨਹੀਂ ਕੀਤੀ। ਆਪ ਆਪਣੀ ਆਯੂ ਦੇ ਸਤਵੇਂ ਵਰ੍ਹੇ (ਪੱਟੀ) ਤੋਂ ਲੈ ਕੇ ਸੱਤ੍ਹਰਵੇਂ ਵਰ੍ਹੇ ਤਕ ਸਮੇਂ-ਸਮੇਂ ਅਤੇ ਵੱਖ-ਵੱਖ ਥਾਈਂ ਲੋੜ ਅਨੁਸਾਰ ਬਾਣੀ ਉਚਾਰਦੇ ਰਹੇ। ਸਤਾਈ ਵਰ੍ਹੇ ਦੀ ਉਮਰ ਵਿਚ ਆਪ ਜੀ ਨੂੰ ਵੇਈਂ ਵਿਚ ਇਸ਼ਨਾਨ ਕਰਦੇ ਸਮੇਂ ਗਿਆਨ ਦੀ ਪ੍ਰਾਪਤੀ ਹੋਈ ਜਿਸ ਪਿੱਛੋਂ ਆਪ ਨੇ ਪੂਰਬ, ਦਖਣ, ਉੱਤਰ ਤੇ ਪੱਛਮ ਦੀਆਂ ਉਦਾਸੀਆਂ ਕੀਤੀਆਂ।
ਪਹਿਲੀ ਉਦਾਸੀ :
ਪੂਰਬ ਦੀ ਸੰਨ 1497 ਤੋਂ 1509 ਈ: ਤਕ ਦੀ ਹੈ ਜਿਸ ਵਿਚ ਆਪ ਸੁਲਤਾਨਪੁਰ ਲੋਧੀ ਤੇ ਚੱਕ ਲਾਹੌਰ ਏਮਨਾਬਾਦ ਤੋਂ ਹੈ, ਫਿਰ ਕੁਰੂਖੇਤਰ ਵੱਲ ਗਏੇ ਜਿੱਥੋਂ ਅੱਗੇ ਕਰਨਾਲ, ਪਾਣੀਪਤ, ਹਰਦਵਾਰ, ਅਕਬਰਪੁਰ, ਨਿਜ਼ਾਮਾਬਾਦ, ਅਲਾਹਾਬਾਦ, ਬਨਾਰਸ, ਗਯਾ, ਪਟਨਾ, ਮੁੰਘੇਰ, ਢਾਕਾ, ਕਲਕੱਤਾ, ਕਟਕ, ਪੁਰੀ, ਅਮਰਕੰਟਕ, ਜਬਲਪੁਰ, ਭੂਪਾਲ, ਚੰਦੇਰੀ ਦੱਖਣੀ ਝਾਂਸੀ, ਗਵਾਲੀਅਰ, ਆਗਰਾ, ਮਥੁਰਾ, ਦਿੱਲੀ, ਰਿਵਾੜੀ, ਹਿਸਾਰ, ਸਿਰਸਾ, ਜਗਰਾਉਂ, ਚੂਨੀਆਂ ਹੁੰਦੇ ਹੋਏ ਤਲਵੰਡੀ ਪਹੁੰਚੇ ਤੇ ਫਿਰ ਸੁਲਤਾਨਪੁਰ ਲੋਧੀ।
ਦੂਸਰੀ ਉਦਾਸੀ :
ਦੱਖਣ ਦੀ ਸੰਨ 1510 ਤੋਂ 1514 ਤਕ ਦੀ ਹੈ ਜਿਸ ਵਿਚ ਆਪ ਤਲਵੰਡੀ ਤੋਂ ਚੱਲ ਕੇ ਸਤਘਰਾ, ਦੀਪਾਲਪੁਰ, ਪਾਕਪਟਨ, ਬੀਕਾਨੇਰ, ਪੁਸ਼ਕਰ, ਅਜਮੇਰ, ਉਜੈਨ, ਇੰਦੌਰ, ਨਾਸਿਕ, ਓਅੰਕਾਰੇਸ਼ਵਰ, ਦੌਲਤਾਬਾਦ, ਗੰਟੂਰ, ਕਾਂਚੀਪੁਰਮ, ਤ੍ਰਿਵਨੇਮਲਾਈ, ਨਾਗਾਪਟਨਮ, ਸ੍ਰੀ ਲੰਕਾ (ਤ੍ਰਿਨਕੋਮਲੀ, ਬਾਟੀਕੁਲਾ, ਕੁਰੂਕਲ ਮੰਡਪ, ਕਤਰਗਾਮਾ, ਬਾਦੁਲਾ, ਏਲੀਆ, ਨੁਆਰਾ, ਸੀਤਵਾਕਾ, ਕੋਟੀ, ਅਨੁਰਾਧਾਪੁਰਾ, ਮਨਾਰ), ਸੇਤਬੰਦ, ਪਲਿਅਨਕੋਟਈ, ਤ੍ਰਿਵੇਂਦਰਮ, ਅਨਾਮਲਾਈ, ਪਾਲਘਾਟ, ਮੈਸੂਰ, ਬੰਗਲੌਰ, ਕੋਲਾਬਾ, ਬੜੌਦਾ, ਅਹਿਮਦਾਬਾਦ, ਸੋਮਨਾਥ, ਗਿਰਨਾਰ, ਦਵਾਰਕਾ, ਉੱਚ, ਤੁਲੰਭਾ ਹੁੰਦੇ ਹੋਏ ਤਲਵੰਡੀ ਪਹੁੰਚੇ।
ਤੀਸਰੀ ਉਦਾਸੀ :
ਉੱਤਰ ਦੀ ਸੰਨ 1514 ਤੋਂ 1517 ਈ: ਦੀ ਉਤਰਾਖੰਡ ਦੀ ਹੈ। ਗੁਰੂ ਜੀ ਕਰਤਾਰਪੁਰੋਂ ਚੱਲ ਕੇ ਗੁਰਦਾਸਪੁਰ, ਪਠਾਨਕੋਟ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਸਥਾਨ ’ਤੇ ਪਹੁੰਚੇ। ਕਾਂਗੜਾ ਪਿੱਛੋਂ ਧਰਮਸ਼ਾਲਾ, ਚੰਬਾ, ਭਰਮੌਰ, ਡਲਹੌਜ਼ੀ, ਮਨਮਹੇਸ਼ ਝੀਲ ਵਾਪਸ ਕਾਂਗੜਾ, ਜਵਾਲਾਮੁਖੀ, ਤ੍ਰਿਲੋਕਨਾਥ, ਮਨੀਕਰਨ, ਮੰਡੀ ਸੁਕੇਤ, ਰਵਾਲਸਰ ਹੁੰਦੇ ਹੋਏ ਪੰਜਾਬ ਦੇ ਕੀਰਤਪੁਰ ਸਾਹਿਬ ਆ ਪਹੁੰਚੇ ਜਿੱਥੋਂ ਪੰਜੌਰ ਹੁੰਦੇ ਹੋਏ ਹਿਮਾਚਲ ਵਿਚ ਦੁਬਾਰਾ ਜੌਹੜਸਰ ਤੀਰਥ, ਬੁਸ਼ਹਿਰ, ਸ਼ਿਪਕੀ ਪਾਸ ਹੁੰਦੇ ਹੋਏ ਦੱਖਣ-ਪੱਛਮੀ ਤਿੱਬਤ ਵਿਚ ਸੁਮੇਰ (ਕੈਲਾਸ਼ ਪਰਬਤ) ਦੇ ਇਲਾਕੇ ਵਿਚ ਗਏ ਜਿੱਥੇ ਪ੍ਰਸਿੱਧ ਝੀਲ ਮਾਨ ਸਰੋਵਰ ਵੀ ਗਏ ਤੇ ਸਿੱਧਾਂ ਜੋਗੀਆਂ ਲਾਮਿਆਂ ਨਾਲ ਬਚਨ-ਬਿਲਾਸ ਕੀਤੇ। ਉਥੋਂ ਨੇਪਾਲ ਦੇ ਲੇਪੁਲੇਖ ਦਰ੍ਹੇ ਰਾਹੀਂ ਭਾਰਤ ਆਏ ਤੇ ਕੇਦਾਰ ਖੇਤਰ ਵਿਚੋਂ ਦੀ ਹੁੰਦੇ ਹੋਏ ਪੌੜੀ, ਕੇਦਾਰ ਨਾਥ, ਬਦਰੀਨਾਥ, ਨਾਨਕਮਤਾ, ਟਾਂਡਾ, ਪੀਲੀਭੀਤ, ਗੋਲਾ, ਅਯੁਧਿਆ, ਟਾਂਡਾ, ਸ੍ਰੀ ਨਗਰ, ਗੜ੍ਹਵਾਲ ਰਿਸ਼ੀਕੇਸ਼, ਹੁੰਦੇ ਹੋਏ ਕੁੰਭ ਦੇ ਮੇਲੇ ’ਤੇ ਹਰਦਵਾਰ ਪਹੁੰਚੇ। ਇਸ ਤੋਂ ਅੱਗੇ ਅਲਮੋੜੇ, ਨੈਨੀਤਾਲ, ਹਲਦਵਾਨੀ, ਨਾਨਕਮਤਾ, ਰੀਠਾ ਸਾਹਿਬ, ਟਾਂਡਾ, ਪੀਲੀਭੀਤ, ਕੋਹੜੀ ਵਾਲਾ ਘਾਟ, ਅਯੋਧਿਆ, ਸੀਤਾਪੁਰ, ਗੋਰਖਪੁਰ, ਦਿਉਰੀਆ, ਮੁਜ਼ੱਫਰਪੁਰ, ਸੀਤਾਮੜ੍ਹੀ ਹੁੰਦੇ ਹੋਏ ਆਪ ਨੇਪਾਲ ਵਿਚ ਜਨਕਪੁਰ (ਮਿਥਿਲਾ) ਦੀ ਥਾਂ ਦਾਖਲ ਹੋਏ। ਨੇਪਾਲ ਵਿਚ ਸੰਨ 1515 ਵਿਚ ਚਤਰ (ਬਿਰਾਟਨਗਰ), ਢੁੱਬਰੀ ਰਾਹੀਂ ਕਠਮੰਡੂ ਪਹੁੰਚੇ। ਕਠਮੰਡੂ ਤੋਂ ਆਪ ਹਿਮਾਲਾ ਵੱਲ ਵਧਦੇ ਨਾਨਕਲਾ, ਨਮਚਾ, ਭਾਠਾਰ ਤੇ ਥਿਆਂਗਬੋਚ ਪਹੁੰਚੇ। ਇਥੋਂ ਆਪ ਤਿੱਬਤ ਦੇ ਸਾਕਿਆ ਲਾਮਾ ਮੱਠ ਹੁੰਦੇ ਹੋਏ ਲਾਸਾ ਪਹੁੰਚੇ। ਲਾਸਾ ਤੋਂ ਵਾਪਸੀ ਸਿੱਕਿਮ ਦੀ ਗੁਰੂਡਾਂਗਮਾਰ ਝੀਲ ’ਤੇ ਗਏ ਤੇ ਸਿੱਕਮ ਵਿਚ ਆਪ ਚੁੰਗਤਾਂਗ ਨਾਂ ਦੇ ਸਥਾਨ ’ਤੇ ਰੁਕੇ। ਚੁੰਗਤਾਂਗ ਤੋਂ ਤਿੱਬਤ ਦੀ ਚੁੰਭੀ ਵਾਦੀ ਰਾਹੀਂ ਆਪ ਭੂਟਾਨ ਦੇ ਪਾਰੋ ਨਾਂ ਦੇ ਥਾਂ ’ਤੇ ਪਹੁੰਚੇ ਤੇ ਪੂਰੇ ਭੂਟਾਨ ਦੇ ਮੱਠਾਂ ਦੀ ਯਾਤਰਾ ਕੀਤੀ। ਭੂਟਾਨ ਤੋਂ ਅੱਗੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਕਸਬੇ ਵਿਚ ਪਹੁੰਚੇ। ਸਮਦੂਰੰਗ ਚੋ ਦੇ ਨਾਲ-ਨਾਲ ਆਪ ਤਿੱਬਤ ਦੇ ਸਾਮਿਆ ਮੱਠ ਪਹੁੰਚੇ ਤੇ ਮੰਚੂਖਾ ਅਰੁਣਾਚਲ ਪ੍ਰਦੇਸ਼ ਆ ਕੇ ਕੁਝ ਮਹੀਨੇ ਪੜਾਅ ਕੀਤਾ। ਮੰਚੂਖਾ ਤੋਂ ਆਪ ਫਿਰ ਤਿੱਬਤ ਜਿੱਥੋਂ ਦੀ ਮੇਂਬਾ ਜਾਤੀ ਨੂੰ ਆਪ ਨੇ ਮੰਚੂਖਾ ਤੇ ਟ੍ਰਟਿੰਗ-ਗੈਲਿੰਗ ਵਾਦੀਆਂ ਵਿਚ ਵਸਾਇਆ। ਮੰਚੂਖਾ ਤੋਂ ਗੈਲਿੰਗ-ਟੂਟਿੰਗ, ਸਾਂਗ ਪੋ (ਸਿਆਂਗ-ਬ੍ਰਹਮਪੁਤਰ) ਦਰਿਆ ਦੇ ਨਾਲ-ਨਾਲ ਆਪ ਅਰੁਣਾਚਲ ਵਿਚ ਹੀ ਪਾਸੀਘਾਟ ਤੋਂ ਉੱਪਰ ਵੱਲ ਦੀ ਸਾਦੀਆ ਪਹੁੰਚੇ। ਉਥੋਂ ਜ਼ੀਰੋ ਹੁੰਦੇ ਹੋਏ ਬ੍ਰਹਮਕੁੰਡ ਪਹੁੰਚੇ ਤੇ ਵਾਲੌਗ, ਗੋਲਾਘਾਟ, ਸ਼ਿਲਾਂਗ, ਗੁਹਾਟੀ, ਹੁੰਦੇ ਹੋਏ ਧੂਬੜੀ, ਕੰਤ ਨਗਰ, ਮਾਲਦਾ, ਸਿਲਹਟ, ਅਗਰਤਲਾ, ਚਿਟਾਗਾਂਗ, ਚਾਂਦ ਪੁਰ ਪਹੁੰਚੇ ਜਿੱਥੋਂ ਅੱਗੇ ਹਾਂਗਕਾਂਗ, ਨਾਨਕਿੰਗ, ਨਾਨਚਿਆਂਗ ਤੇ ਨਾਨਪਿੰਗ ਨਗਰਾਂ ਦੀ ਯਾਤਰਾ ਪਿੱਛੋਂ ਵਾਪਸ ਲਾਸਾ ਸ਼ਾਹ ਰਾਹ ਰਾਹੀਂ ਚੁਸ਼ੂਲ ਦੱਰ੍ਹਾ ਪਾਰ ਕਰ ਕੇ ਲੱਦਾਖ ਅੱਪੜੇ। ਉਪਸ਼ੀ, ਕਾਰਾ, ਹਿੰਮਸ ਗੋਫਾ ਹੁੰਦੇ ਹੋਏ ਆਪ ਲੇਹ ਅੱਪੜੇ। ਅੱਗੇ ਨਿਮੂ, ਬਾਸਗੋ, ਖਾਲਸੇ, ਸਕਾਰੜੂ, ਕਾਰਗਿਲ, ਦਰਾਸ, ਬਾਲਤਾਲ, ਜੋਜ਼ੀਲਾ ਰਾਹੀਂ ਅਮਰਨਾਥ ਗਏ। ਫਿਰ ਪਹਿਲਗਾਮ, ਮਟਨ, ਅਨੰਤਨਾਗ ਰਾਹੀਂ ਸ੍ਰੀ ਨਗਰ ਪਰਤੇ ਜਿੱਥੋਂ ਬਾਰਾਂਮੂਲਾ ਊਰੀ ਹੁੰਦੇ ਵਾਪਿਸ ਪੰਜਾਬ ਦੇ ਹਸਨ ਅਬਦਾਲ (ਪੰਜਾ ਸਾਹਿਬ) ਪਹੁੰਚੇ। ਰਾਵਲਪਿੰਡੀ, ਬਾਲਗੁਦਾਈ, ਗੁਜਰਾਤ, ਸਿਆਲਕੋਟ, ਪਸਰੂਰ, ਐਮਨਾਬਾਦ ਰਾਹੀਂ ਆਪ ਜੀ ਦੀ ਇਹ ਉਦਾਸੀ ਤਲਵੰਡੀ ਆ ਕੇ ਸੰਪੂਰਨ ਹੋਈ।
ਚੌਥੀ ਉਦਾਸੀ :
ਇਸਲਾਮੀ ਗੜ੍ਹਾਂ ਦੀ ਹੈ। ਕਰਤਾਰਪੁਰੋਂ ਆਪ ਸ਼ਕਰਪੁਰ, ਡੇਰਾ ਗਾਜ਼ੀ ਖਾਂ, ਦੀਪਾਲਪੁਰ, ਪਾਕਪਟਨ, ਤੁਲੰਭਾ, ਮੁਲਤਾਨ, ਉੱਚ, ਸੱਖਰ, ਸਿੰਧ, ਹੈਦਰਾਬਾਦ, ਲਖਪਤ, ਕਰਾਚੀ, ਸੋਨਮਿਆਨੀ ਹੁੰਦੇ ਹੋਏ ਹਿੰਗਲਾਜ ਤੀਰਥ ਗਏ, ਵਾਪਸ ਸੋਨਮਿਆਨੀ ਤੋਂ ਸਮੁੰਦਰ ਦੇ ਰਾਹ ਮਸਕਟ, ਅਦਨ, ਜੱਦਾ ਹੁੰਦੇ ਹੋਏ ਮੱਕਾ ਗਏ। ਮੱਕਾ ਤੋਂ ਮਿਸਰ ਤੇ ਸੂਡਾਨ ਤੇ ਇਸਤਮਬੋਲ ਜਾਣ ਦੀ ਸ਼ਾਹਦੀ ਵੀ ਮਿਲਦੀ ਹੈ। ਵਾਪਸੀ ਮਦੀਨਾ, ਫੈਜ, ਹੋਲ, ਅਲ ਨਜਫ, ਬਗਦਾਦ, ਤਹਿਰਾਨ, ਮਸ਼ਹਦ, ਤੂਸ, ਹੈਰਾਤ, ਫਾਰ੍ਹਾ, ਕੰਧਾਰ, ਕਾਬਲ, ਜਲਾਲਾਬਾਦ, ਖੈਬਰ ਦੱਰ੍ਹਾ ਤੋਂ ਫਿਰ ਹਸਨ ਅਬਦਾਲ ਵਿੱਚੋਂ ਦੀ ਅੱਗੇ ਆਪ ਰੋਹਤਾਸ, ਜਿਹਲਮ, ਗੁਜਰਾਤ, ਐਮਨਾਬਾਦ, ਤਲਵੰਡੀ, ਲਾਹੌਰ, ਸੁਲਤਾਨ ਪੁਰ, ਬਟਾਲਾ ਹੁੰਦੇ ਹੋਏ ਕਰਤਾਰਪੁਰ ਪਹੁੰਚੇ। ਪੰਜਾਬ ਤੇ ਸਿੰਧ ਦੇ ਕੁਝ ਕੁ ਸਥਾਨਾਂ ’ਤੇ ਪਹੁੰਚਣ ਦੀ ਸ਼ਾਹਦੀ ਵੀ ਹੈ। ਇਸ ਤਰ੍ਹਾਂ ਆਪ ਜੀ ਦੀ ਮੁੱਢਲੀ ਜ਼ਿੰਦਗੀ ਈਸ਼ਵਰ ਦੀ ਯਾਦ ਵਿਚ, ਸੱਚ ਦੇ ਪ੍ਰਚਾਰ ਵਿਚ ਯਾਤਰਾਵਾਂ ਤੇ ਅਖੀਰਲੇ ਦਿਨ ਸੱਚ ਪ੍ਰਚਾਰ ਤੇ ਰੱਬੀ ਬਾਣੀ ਦੇ ਸੰਕਲਨ ਵਿਚ ਬੀਤੇ। ਕਰਤਾਰ ਪੁਰ ਨਗਰ ਵਿਚ ਗੁਰੂ ਜੀ ਜਿੱਥੇ ਹੋਰ ਸੇਵਕਾਂ ਸਮੇਤ ਭਾਈ ਲਹਿਣਾ ਜੀ ਨਾਲ ਬਚਨ-ਬਿਲਾਸ ਕਰਦੇ ਰਹੇ ਤੇ ਬਾਣੀ ਨੂੰ ਸੋਧਦੇ ਤੇ ਤਰਤੀਬਵਾਰ ਕਰ ਕੇ ਸੰਕਲਨ ਕਰਦੇ ਰਹੇ। ਪੱਟੀ ਦੀ ਰਚਨਾ (ਤਲਵੰਡੀ) ਤੋਂ ਹੋ ਚੁਕੀ ਸੀ। ਆਸਾ ਕੀ ਵਾਰ ਪਾਕਪਟਨ ਵਿਖੇ ਸ਼ੇਖ ਇਬਰਾਹੀਮ ਦੀ ਬੇਨਤੀ ਪ੍ਰਵਾਨ ਕਰ ਕੇ ਰਚੀ ਸੀ। ਕਰਤਾਰਪੁਰ ਆ ਕੇ ਟਿਕਣ ਤੋਂ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਮੁੱਖ ਬਾਣੀਆਂ ਉਚਾਰ ਚੁੱਕੇ ਸਨ, ਜਿਨ੍ਹਾਂ ਨੂੰ ਪੋਥੀ ਰੂਪ ਵਿਚ ਆਪ ਨੇ ਗੁਰੂ ਅੰਗਦ ਦੇਵ ਜੀ ਨੂੰ ਸੌਂਪਿਆ।
ਬੋਲੀ :
ਗੁਰੂ ਜੀ ਸਮੇਂ ਤੇ ਸਥਾਨ ਅਨੁਸਾਰ ਢੁਕਵੀਂ ਬੋਲੀ ਇਸਤੇਮਾਲ ਕਰਦੇ ਸਨ। ਪ੍ਰਤਿਭਾ ਤਿੱਖੀ ਹੋਣ ਸਦਕਾ ਉਹ ਨਵੇਂ ਵਿਸ਼ੇ ਦੀ ਬਹੁਤ ਜਲਦੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਸਨ ਤੇ ਬੋਲੀ ਦਾ ਪ੍ਰਯੋਗ ਵੀ ਜਲਦੀ ਸਿੱਖ ਲੈਂਦੇ ਸਨ। ਜੋ ਬੋਲੀਆਂ, ਉਪ- ਬੋਲੀਆਂ ਗੁਰੂ ਜੀ ਨੇ ਵਰਤੀਆਂ ਉਨ੍ਹਾਂ ਵਿੱਚੋਂ ਪ੍ਰਮੁਖ ਇਹ ਹਨ :-ਪੰਜਾਬੀ, ਲਹਿੰਦੀ, ਸਾਧ ਭਾਖਾ, ਖੜ੍ਹੀ ਬੋਲੀ, ਪੱਛਮੀ ਅਪਭ੍ਰੰਸ਼, ਹਿੰਦਵੀ (ਬ੍ਰਿਜ ਤੇ ਅਵਧੀ) ਪ੍ਰਾਕ੍ਰਿਤ, ਅਰਬੀ, ਫ਼ਾਰਸੀ, ਸਿੰਧੀ ਆਦਿ। ਕਈ ਵਾਰੀ ਉਹ ਇੱਕੋ ਸ਼ਬਦ ਵਿਚ ਕਈ ਬੋਲੀਆਂ ਦਾ ਰਲਾ ਬਣਾ ਕੇ ਵਰਤ ਲੈਂਦੇ ਸਨ, ਜਿਵੇਂ :
ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ॥
ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ॥3॥
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ੍॥
ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ॥ (ਪੰਨਾ 353)
ਇਸ ਬੰਦ ਵਿਚ ਕਈ ਭਾਖਾਵਾਂ, ਉਪ-ਭਾਖਾਵਾਂ ਦਾ ਰਲਾ ਹੈ, ਜੋ ਇਸ ਪ੍ਰਕਾਰ ਹੈ ;
ਸੰਸਕ੍ਰਿਤ- ਜਾਤਿ, ਸਹਜ, ਸੁਖ, ਰਸ।
ਪ੍ਰਾਕ੍ਰਿਤ- ਪ੍ਰਣਵੈ, ਸਾਦ, ਧੋਤੀ, ਸਾਂਗੀ।
ਫ਼ਾਰਸੀ- ਦਰਦਵੰਦ, ਦਰ, ਦਰਵੇਸ਼, ਸਾਹਿਬ।
ਖੜ੍ਹੀ- ਰਸ ਕਸ, ਲੀਏ, ਤੇਰੇ, ਕੈਸੀ, ਸਤ।
ਬ੍ਰਿਜ- ਭਏ, ਛੋਡੈ, ਕਾਪੜ, ਹਉ, ਸੂਤ।
ਪੂਰਬੀ- ਕੀਨੀ, ਤਜੀਅਲੇ।
ਪੰਜਾਬੀ- ਚਮੜ, ਸਿਖ, ਨਾਮਿ ਰਤੇ, ਖਲੜੀ, ਚਮੜੀ, ਤੂੰ।
ਸਾਂਝੇ- ਸੁਖ, ਰਸ, ਨਾਮ, ਖੱਪਰੀ, ਲਕੜੀ।
ਮੁੱਖ ਤੌਰ ’ਤੇ ਆਪ ਨੇ ਸਰਲ ਭਾਸ਼ਾ ਦਾ ਹੀ ਪ੍ਰਯੋਗ ਕੀਤਾ ਹੈ ਜਿਸ ਵਿਚ ਪੰਜਾਬੀ ਪ੍ਰਧਾਨ ਹੈ ਤੇ ਹੋਰ ਬੋਲੀਆਂ, ਉਪ-ਬੋਲੀਆਂ ਦਾ ਜ਼ਰੂਰਤ ਅਨੁਸਾਰ ਰਲਾ ਹੈ ਤਾਂ ਕਿ ਉਹ ਸਮੇਂ, ਸਥਾਨ ਤੇ ਵਿਸ਼ੇ ਅਨੁਸਾਰ ਢੁਕ ਜਾਣ।
ਵਿਸ਼ਾ :
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਵਿਸ਼ਾ ਜਪੁਜੀ ਸਾਹਿਬ ਦੇ ਪਹਿਲੇ ਸਲੋਕ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ ਹੈ :
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ 1)
ਇਹ ਸਲੋਕ ਸਾਰੀ ਬਾਣੀ ਦੇ ਵਿਸ਼ੇ ਸਚੁ (ਪਰਮਾਤਮਾ) ਦਾ ਲਖਾਇਕ ਹੈ ਜਿਸ ਦੀ ਵਿਆਖਿਆ ਆਪ ਜੀ ਨੇ ਮੂਲ ਮੰਤ੍ਰ ਵਿਚ ਹੀ ਕਰ ਦਿੱਤੀ ਹੈ। ਸਚੁ ਦੀ ਵਿਆਖਿਆ ਕਰਦੇ ਗੁਰੂ ਜੀ ਨੇ ਉਚਾਰਿਆ, ‘ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ’। ਇਸ ਸੱਚ ਦੀ ਪ੍ਰਾਪਤੀ ਲਈ ਉਸ ਸੱਚੇ ਦਾ ਹੁਕਮ ਹੀ ਮੰਨਣਾ ਹੈ, ਕਿਉਂਕਿ :
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ (ਪੰਨਾ 1)
ਭਾਵ ਹੁਕਮ ਅਥਾਹ ਹੈ, ਬੇਅੰਤ ਹੈ, ਜੋ ਕੁਝ ਵਰਤਦਾ ਹੈ ਸੋ ਹੁਕਮ ਹੈ। ਜੇ ਮਨੁੱਖ ਹੁਕਮ ਦੀ ਅਹਿਮੀਅਤ ਨੂੰ ਜਾਣ ਲਵੇ ਤਾਂ ਇਸ ਦੇ ਅੰਦਰੋਂ ਦੂਈ ਅਥਵਾ ਸਚੁ ਤੋਂ ਵੱਖਰੇ ਹੋਣ ਦਾ ਭਾਵ ਖ਼ਤਮ ਹੋ ਜਾਵੇ ਤੇ ਇਹ ਸਚਿਆਰ ਹੋ ਜਾਏ। ਹੁਕਮ ਦੀ ਵਿਆਖਿਆ ਗੁਰੂ ਜੀ ਨੇ ਤਿੰਨ ਪ੍ਰਕਾਰ ਕੀਤੀ ਹੈ :
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ (ਪੰਨਾ 464)
ਭਾਵ ਹੁਕਮ ਕਾਨੂੰਨੀ ਕੁਦਰਤ ਦੇ ਰੂਪ ਵਿਚ ਵਰਤਦਾ ਹੈ, ਜਿਸ ਵਿਚ ਸਾਰੀ ਸ੍ਰਿਸ਼ਟੀ ਚਲਦੀ ਹੈ, ਇਹੋ ਹਨ ਕੁਦਰਤ ਦੇ ਕਾਨੂੰਨ।
ਦੂਜੇ ਹੁਕਮ ਉਹ ਹਨ ਜਿਨ੍ਹਾਂ ਨੂੰ ਕਰਮ ਤੇ ਪ੍ਰਤੀਕਰਮ ਕਾਨੂੰਨ ਕਿਹਾ ਜਾ ਸਕਦਾ ਹੈ:
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥ (ਪੰਨਾ 464)
ਹਰ ਕਰਮ-ਪ੍ਰਤੀਕਰਮ ਪਿੱਛੋਂ ਹੁਕਮ ਦੀ ਸਮਰੱਥਾ ਕੰਮ ਕਰਦੀ ਹੈ :
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥ (ਪੰਨਾ 1241)
ਇਹ ਕਾਨੂੰਨ ਆਪਣੇ ਆਪ ਵਿਚ ਏਨੇ ਅਬਦਲ ਨਹੀਂ ਜਿਤਨੇ ਕੁਦਰਤ ਦੇ ਕਾਨੂੰਨ। ਕਰਮ ਤੇ ਪ੍ਰਤੀਕਰਮ ਦੇ ਕਾਨੂੰਨ ਚੰਗੇ ਮੰਦੇ ਜਨਮ ਤੇ ਸੁਖੀ ਜੀਵਨ ਦੀ ਪ੍ਰਾਪਤੀ ਦੇ ਰਾਹ ਹਨ, ਪਰ ਜਦੋਂ ਨਦਰ ਹੋ ਜਾਵੇ ਤਾਂ ਕਰਮਾਂ ਦਾ ਵਿਚਾਰ ਖ਼ਤਮ ਹੋ ਜਾਂਦਾ ਹੈ:
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ (ਪੰਨਾ 2)
ਹੁਕਮ ਦਾ ਤੀਜਾ ਰੂਪ ਹੈ ‘ਨਦਰ’।ਪਰ ਨਦਰ ਦੇ ਕਾਨੂੰਨ ਦੀ ਵਿਆਖਿਆ ਮਨੁੱਖੀ ਸੋਝੀ ਤੋਂ ਬਾਹਰ ਹੈ :
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ॥ (ਪੰਨਾ 469)
ਤਿਨਾ੍ ਸਵਾਰੇ ਨਾਨਕਾ ਜਿਨ੍ ਕਉ ਨਦਰਿ ਕਰੇ॥ (ਪੰਨਾ 475)
ਜੋ ਨਦਰ ਦੇ ਪਾਤਰ ਬਣਦੇ ਹਨ ਉਨ੍ਹਾਂ ਬਾਰੇ ਕਿਹਾ ਹੈ :
ਨਾਨਕ ਨਦਰੀ ਨਦਰਿ ਨਿਹਾਲ॥ (ਪੰਨਾ 8)
ਸਚਿਆਰ ਬਣਨ ਲਈ ਸੱਚ ਅੰਦਰ ਪ੍ਰਵੇਸ਼ ਖ਼ਾਤਰ ਹੁਕਮ ਦੀ ਪਛਾਣ ਅਤਿਅੰਤ ਜ਼ਰੂਰੀ ਹੈ :
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ॥ (ਪੰਨਾ 139)
ਪਰ ਗੁਰੂ ਜੀ ਫੁਰਮਾਉਂਦੇ ਹਨ :
ਹਉਮੈ ਬੂਝੈ ਤਾ ਦਰੁ ਸੂਝੈ॥ (ਪੰਨਾ 466)
ਸਚੁ ਦਰਵਾਜ਼ਾ ਤਾਂ ਸੁੱਝਦਾ ਹੈ ਜੇ ਹਉਮੈ ਦਾ ਅਹਿਸਾਸ ਖ਼ਤਮ ਹੋ ਜਾਏ। ਇਹ ਤਦ ਹੀ ਹੋ ਸਕਦਾ ਹੈ ਜੇ ਉਸ ਜੋਤਿ ਸਰੂਪ ਵਿਚ ਸਮਾ ਜਾਵੇ, ਆਪਣੀ ਹੋਂਦ ਮਿਟਾ ਦੇਵੇ, ਉਹ ਜੋਤਿ ਸਰੂਪ ਜੋ ਸਭ ਵਿਚ ਹੈ :
ਸਭ ਮਹਿ ਜੋਤਿ ਜੋਤਿ ਹੈ ਸੋਇ॥ (ਪੰਨਾ 663)
ਐਸੇ ਸਚੁ ਦਾ ਨਿਰੂਪਣ ਹੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਵਿਸ਼ਾ ਹੈ। ਗੁਰੂ ਜੀ ਨੇ ਸਚੁ ਦੀ ਵਿਆਖਿਆ ਨਾਲੋਂ ਸਚੁ ਦੇ ਪ੍ਰਵੇਸ਼ ਨੂੰ ਆਪਣੀ ਬਾਣੀ ਦਾ ਵਿਸ਼ਾ ਰਖਿਆ:
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ 62)
ਸਚੁ ਉੱਪਰ ਆਧਾਰਤ ਜੀਵਨ ਨੂੰ ਆਪ ਨੇ ਸਚੁ ਤੋਂ ਵੀ ਉੱਪਰ ਮੰਨਿਆ। ਸਚੁ ਆਚਾਰ ਦਾ ਮੁੱਖ ਆਧਾਰ ਆਪ ਸਤਿ ਨਾਮੁ ਨੂੰ ਸਮਝਦੇ ਹਨ। ਆਪ ਦੇ ਖ਼ਿਆਲ ਵਿਚ ਨਾਮ ਸਦਾਚਾਰਕ ਹੋਂਦ ਹੈ। ਜਿਸ ਅੰਦਰ ਨਾਮ ਵੱਸ ਜਾਏ ਉਹ ਸਦਾਚਾਰਕ ਤੌਰ ’ਤੇ ਆਪਣੇ ਆਪ ਹੀ ਉੱਚਾ ਹੋ ਜਾਂਦਾ ਹੈ। ਜਿਤਨਾ ਵਧੇਰੇ ਪਿਆਰ ਸੱਚ ਤਥਾ ਨਾਮ ਨਾਲ ਕਿਸੇ ਦਾ ਹੋਵੇਗਾ, ਇਖਲਾਕੀ ਤੌਰ ’ਤੇ ਉਹ ਉਤਨਾ ਉੱਚਾ ਉੱਠੇਗਾ। ਸਚੁ ਬਿਨਾਂ ਸਤ, ਸੰਤੋਖ, ਦਇਆ, ਧਰਮ ਆਦਿ ਇਖਲਾਕੀ ਗੁਣ ਪੈਦਾ ਨਹੀਂ ਹੋ ਸਕਦੇ।
ਸਚ ਬਿਨੁ ਸਤੁ ਸੰਤੋਖੁ ਨ ਪਾਵੈ॥ (ਪੰਨਾ 1040)
ਸਚੁ ਵਾਲੇ ਜੀਵਨ ਲਈ ਸਚੁ ਨੂੰ ਸਤਿ ਨਾਮੁ ਨੂੰ ਹਿਰਦੇ ਵਿਚ ਵਸਾਉਣਾ ਜ਼ਰੂਰੀ ਹੈ। ਇਹ ਸੱਚ ਸਤਿ ਨਾਮੁ ਹੀ ਮਨ ਤੋਂ ਕੂੜ-ਕੁਸੱਤ ਦੀ ਮੈਲ ਧੋ ਕੇ ਉਸ ਨੂੰ ਨਿਰਮਲ ਕਰ ਦੇਵੇਗਾ :
ਸੋ ਮਨੁ ਨਿਰਮਲੁ ਜਿਤੁ ਸਾਚੁ ਅੰਤਰਿ ਗਿਆਨ ਰਤਨੁ ਸਾਰੰ॥ (ਪੰਨਾ 505)
ਇਸ ਦੇ ਨਾਲ ਸਰੀਰ ਨੂੰ ਸਾਵਧਾਨ ਤੇ ਸਵੱਛ ਰੱਖਣ ਦੀ ਵੀ ਲੋੜ ਹੈ। ਸਾਵਧਾਨ ਤੇ ਅਰੋਗ ਸਰੀਰ ਨਾਮ ਵਾਲੀ ਰੁਚੀ ਬਣਾਉਣ ਵਿਚ ਸਹਾਈ ਹੁੰਦਾ ਹੈ। ਸਚੁ ਵੱਲ ਲੱਗਾ ਮਨੁੱਖ ਆਪਣੇ ਹਿਰਦੇ ਨੂੰ ਸ਼ੁੱਧ ਕਰਨ ਦੀ ਅਜਿਹੀ ਜੁਗਤ ਅਪਣਾਵੇ ਜਿਸ ਨਾਲ ਇਸ ਦੇ ਸਾਰੇ ਕੂੜ-ਵਿਚਾਰ ਖ਼ਤਮ ਹੋ ਜਾਣ।
ਲਿਵ ਤਾਂ ਹੀ ਲਗ ਸਕਦੀ ਹੈ ਜੇ ਮਨ ਤਨ ਦੋਵੇਂ ਉਜਲੇ ਹੋਣ। ਵਿਚਾਰ ਤੇ ਸੁੱਚਾ ਆਚਾਰ ਉਜਲੇ ਮਨ-ਤਨ ਦੇ ਲਖਾਇਕ ਹਨ। ਸੁੱਚੇ ਵਿਚਾਰ, ਸੁੱਚ ਆਚਾਰ, ਲਿਵ ਲਾਉਣ, ਸੱਚਾ ਰਾਹ ਦਰਸਾਉਣ ਦਾ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਉਚ ਵਿਚਾਰ ਤੇ ਸੁੱਚਾ ਆਚਾਰ ਉਜਲੇ ਮਨ-ਤਨ ਦੇ ਲਖਾਇਕ ਹਨ। ਸੁੱਚੇ ਵਿਚਾਰ, ਸੁੱਚ-ਆਚਾਰ, ਲਿਵ ਲਾਉਣ, ਸੱਚਾ ਰਾਹ ਦਰਸਾਉਣ ਦਾ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ।
ਕੁਸਤਿ, ਵਿਸ਼ੇ-ਵਿਕਾਰ ਨਿਕਲ ਜਾਣ ’ਤੇ ਹਿਰਦਾ ਸਾਫ ਤੇ ਨਿਰਮਲ ਹੋਵੇਗਾ ਜਿਸ ਵਿਚ ਅਨੰਦ ਉਗਮੇਗਾ। ਮਨੁੱਖੀ ਮਨ ਕਾਮ, ਕ੍ਰੋਧ, ਨਿੰਦਾ, ਚੁਗਲੀ, ਠੱਗੀ, ਫ਼ਰੇਬ ਤੇ ਵਿਖਾਵੇ ਦੇ ਰੋਗਾਂ ਤੋਂ ਮੁਕਤ ਹੋਵੇਗਾ।
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ॥
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥
ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ॥
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ॥
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥
ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ॥
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥ (ਪੰਨਾ 468)
ਸਚੁ ਆਚਾਰ ਨੂੰ ਗੁਰੂ ਜੀ ਸਚੁ ਤੋਂ ਵੀ ਵੱਧ ਮਹੱਤਵ ਦੇਂਦੇ ਹਨ। ਸਚੁ ਆਚਾਰ ਵਾਲੇ ਮਨੁੱਖ ਦੀ ਸਮਾਈ ਸਚੁ ਅੰਦਰ ਹੋ ਜਾਂਦੀ ਹੈ। ਗੁਰੂ ਜੀ ਦੀ ਬਾਣੀ ਸਚੁ ਦਾ ਪ੍ਰਕਾਸ਼ ਕਰ ਕੇ ਉਸ ਦੀ ਲੋਅ ਵਿਚ ਹੈ; ਸਤਿਗੁਰੂ ਦੀ ਅਗਵਾਈ ਹੇਠ ਮਨੁੱਖੀ ਆਚਰਨ-ਉਸਾਰੀ ਦਾ ਅਜਿਹਾ ਰਸਤਾ ਉਲੀਕਦੀ ਹੈ ਜਿਸ ਉੱਪਰ ਤੁਰ ਕੇ ਮਨੁੱਖ ਸਮਾਜ ਦਾ ਲਾਹੇਵੰਦ ਅੰਗ ਬਣ ਮਨੁੱਖਤਾ ਦੇ ਭਲੇ ਲਈ ਘਾਲਣਾ ਘਾਲਦਾ ਹੋਇਆ ਆਪਣੀ ਮਿਹਨਤ ਦੇ ਫਲ ਨੂੰ ਬਿਨਾਂ ਵਿਤਕਰੇ ਸਮਾਜ ਨਾਲ ਸਾਂਝਾ ਕਰਦਾ ਹੈ ਅਤੇ ਵਿਵੇਕ, ਵਿਚਾਰ ਅਤੇ ਪ੍ਰੇਮ-ਭਾਵਨਾ ਦੁਆਰਾ ਸਚੁ ਵਿਚ ਸਮਾਈ ਹਾਸਲ ਕਰਨ ਦੇ ਸਾਧਨ ਕਰਦਾ ਹੈ:
ਨਿਕਟਿ ਵਸੈ ਦੇਖੈ ਸਭੁ ਸੋਈ॥
ਗੁਰਮੁਖਿ ਵਿਰਲਾ ਬੂਝੈ ਕੋਈ॥
ਵਿਣੁ ਭੈ ਪਇਐ ਭਗਤਿ ਨ ਹੋਈ॥
ਸਬਦਿ ਰਤੇ ਸਦਾ ਸੁਖੁ ਹੋਈ॥1॥
ਐਸਾ ਗਿਆਨੁ ਪਦਾਰਥੁ ਨਾਮੁ॥
ਗੁਰਮੁਖਿ ਪਾਵਸਿ ਰਸਿ ਰਸਿ ਮਾਨੁ॥1॥ਰਹਾਉ॥
ਗਿਆਨੁ ਗਿਆਨੁ ਕਥੈ ਸਭੁ ਕੋਈ॥
ਕਥਿ ਕਥਿ ਬਾਦੁ ਕਰੇ ਦੁਖੁ ਹੋਈ॥
ਕਥਿ ਕਹਣੈ ਤੇ ਰਹੈ ਨ ਕੋਈ॥
ਬਿਨੁ ਰਸ ਰਾਤੇ ਮੁਕਤਿ ਨ ਹੋਈ॥2॥
ਗਿਆਨੁ ਧਿਆਨੁ ਸਭੁ ਗੁਰ ਤੇ ਹੋਈ॥
ਸਾਚੀ ਰਹਤ ਸਾਚਾ ਮਨਿ ਸੋਈ॥ (ਪੰਨਾ 831)
ਕਾਵਿ ਰੂਪ :
ਗੁਰੂ ਜੀ ਦੇ ਕਾਵਿ ਰੂਪਾਂ ਵਿਚ ਵਿਲੱਖਣ ਵਿਵਿਧਤਾ ਹੈ। ਸਮੇਂ, ਸਥਿਤੀ ਤੇ ਸੰਦਰਭ ਅਨੁਸਾਰ ਕਾਵਿ ਰੂਪ ਅਪਣਾਏ ਹਨ। ਗੁਰੂ ਜੀ ਨੇ ਆਪਣੀ ਬਾਣੀ ਵਿਚ ਪਦੇ, ਅਸਟਪਦੀਆਂ, ਪੌੜੀ ਤੇ ਹੋਰ ਅਨੇਕ ਰੂਪ ਵਰਤੋਂ ਵਿਚ ਲਿਆਂਦੇ ਹਨ। ਪਦਿਆਂ ਵਿਚ ਚੌਪਦੇ ਚਾਰ ਚਰਣਾਂ ਵਾਲੇ ਵਰਤੇ ਹਨ, ਮਾਤਰਾ ਦੀ ਗਿਣਤੀ 24 ਦੀ ਹੈ ਜੋ ਲੋੜ ਅਨੁਸਾਰ ਘਟਾ-ਵਧਾ ਲਈ ਗਈ ਹੈ। ਅਸਟਪਦੀਆਂ ਵਿਚ ਨਿਸ਼ਾਨੀ ਛੰਦ, ਸਾਰ ਛੰਦ ਤੇ ਚੌਪਈ ਦਾ ਪ੍ਰਯੋਗ ਹੈ। ਸਿਰਖੰਡੀ ਛੰਦ ਦੇ ਗੁਰੂ ਜੀ ਹੀ ਬਾਨੀ ਮੰਨੇ ਗਏ ਹਨ। ਇਸ ਤੋਂ ਇਲਾਵਾ ਗੁਰੂ ਜੀ ਨੇ ਲੋਕ-ਕਾਵਿ ਦੀ ਭਰਪੂਰ ਵਰਤੋਂ ਕੀਤੀ ਹੈ ਜਿਨ੍ਹਾਂ ਵਿੱਚੋਂ ਪਹਰੇ, ਪਟੀ, ਅਲਾਹੁਣੀ, ਆਰਤੀ, ਸੁਚਜੀ ਕੁਚਜੀ, ਥਿਤੀ, ਓਂਕਾਰ, ਸੋਹਲੇ, ਬਾਰਾਮਾਹ ਤੇ ਮਾਝ ਦੀ ਲੋਕ-ਧੁਨੀ ’ਤੇ ਅਧਾਰਿਤ ਹਨ। ਗੁਰੂ ਜੀ ਨੇ ਵਾਰਾਂ ਵੀ ਲਿਖੀਆਂ ਜਿਨ੍ਹਾਂ ਵਿਚ ਮਲਕ ਮੁਰੀਦ ਤਥਾ ਚੰਦ੍ਰਰਹੇੜਾ ਦੀ ਧੁਨੀ ’ਤੇ ਵਾਰ ਮਾਝ, ਟੁੰਡੇ ਅਸਰਾਜੇ ਦੀ ਧੁਨੀ ’ਤੇ ਵਾਰ ਆਸਾ, ਕੈਲਾਸ਼ ਤਥਾ ਮਾਲਦੇ ਦੀ ਧੁਨੀ ਤੇ ਵਾਰ ਮਲਾਰ ਉਸ ਸਮੇਂ ਦੀਆਂ ਲੋਕ ਵਾਰਾਂ ’ਤੇ ਆਧਾਰਿਤ ਵਾਰਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਛੰਦਾਂ ਵਿੱਚੋਂ ਦੋਹਾ, ਚੌਪਈ, ਸੋਰਠਾ, ਸਵੈਯਾ, ਸਾਰ, ਚੰਦੂਮਣਿ, ਗੀਤਾ, ਅਨਕਲਾ, ਡਖਣੇ, ਹਾਕਲਿ, ਤਾਟੰਕ, ਸਰਸੀ, ਹੰਗ ਗਤਿ, ਸੁਖਦਾ, ਪ੍ਰਮਾਣਿਕ, ਰਾਧਿਕਾ, ਰੂਪਮਾਲਾ, ਰੇਖਤਾ ਆਦਿ ਛੰਦਾਂ ਦਾ ਪ੍ਰਯੋਗ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਹੈ।
ਸ਼ੈਲੀ :
ਗੁਰੂ ਜੀ ਦੀ ਸ਼ੈਲੀ ਕਲਾਤਮਕ, ਵਸਤੂ ਤੋਂ ਅਨਿੱਖੜਵੀਂ, ਸ਼ਿਲਪ ਵਿਧਾਨ ਸਰੋਦੀ, ਤਰਕ ਤੇ ਬੌਧਿਕਤਾਯੁਕਤ, ਬਿੰਬਾਤਮਕ ਸ਼ਬਦਾਵਲੀ ਲੋੜੀਂਦੀ, ਸੰਕੋਚੀ ਪਰ ਸੂਝ ਭਰਪੂਰ, ਬਿਆਨ ਢੰਗ ਕਾਵਿ ਤੇ ਦਰਸ਼ਨ ਦਾ ਸੁੰਦਰ ਸੁਮੇਲ, ਸਥੂਲ ਵਿਚ ਸੂਖਮ ਵਿਚਾਰ ਵਾਲੀ ਕਹੀ ਜਾ ਸਕਦੀ ਹੈ। ਵਾਰਤਿਕ ਸ਼ਬਦਾਂ ਦੀ ਬਿੰਬਾਤਮਕ ਵਰਤੋਂ ਬੌਧਿਕ ਤੇ ਦਾਰਸ਼ਨਿਕ ਬਾਣੀ ਨੂੰ ਉੱਚਾ-ਸੁੱਚਾ ਸਾਹਿਤਕ ਸਰੂਪ ਪ੍ਰਦਾਨ ਕਰਦੀ ਹੈ। ਸੂਤਰਬਧ ਸ਼ੈਲੀ ਨੇ ਸੁਹਜਾਤਮਕ ਸਿਰਜਣਾ ਦੇ ਲੜ ਲੱਗ ਅਰੂਪ ਨੂੰ ਰੂਪਮਾਨ ਕਰ ਦਿੱਤਾ ਹੈ।
ਅਲੰਕਾਰ ਵਿਧਾਨ :
ਗੁਰੂ ਨਾਨਕ ਦੇਵ ਜੀ ਨੇ ਅਲੰਕਾਰਾਂ ਦਾ ਪ੍ਰਯੋਗ ਬਾਖੂਬੀ ਕੀਤਾ ਹੈ; ਜ਼ਰੂਰਤ ਜਿਤਨਾ, ਬੋਲਾਂ ਨੂੰ ਸੁੰਦਰ ਬਣਾਉਣਹਾਰਾ; ਨਾ ਬਹੁਤਾ ਨਾ ਥੋੜ੍ਹਾ; ਥਾਹ-ਅਥਾਹ ਅਲੰਕਾਰ ਕਿਧਰੇ ਨਹੀਂ ਠੋਸੇ, ਜਿੱਥੇ ਵੀ ਅਲੰਕਾਰ ਵਰਤੇ ਸਹਿਜ ਸੁਭਾਅ ਵਰਤੇ ਜਾਣ ਵਾਲੇ। ਅਦਗੁਣ, ਸੂਖਮ, ਵੀਪਸਾ, ਅਨੁਪ੍ਰਾਸ, ਭ੍ਰਾਂਤੀਮਨ, ਵਿਰੋਧਾਭਾਸ, ਵਿਸ਼ੇਸ਼ ਵਿਵਤੋਕਤਿ, ਵਿਨੁਕਤਿ, ਵਿਭਾਵਨਾ, ਵਿਚਿਤ੍ਰ ਕਾਕੂਕਿਤ ਲੋਕੋਕਤ, ਲਲਿਤ, ਰੂਪਕਾ ਤਿਸ਼ਿਓਕਤਿ, ਅਸੰਭਵ, ਅਵੱਗਿਆ, ਅਸੰਗਤ, ਉੱਤਰ, ਉਪਮਾ, ਉਲਾਸ, ਉਲੇਖ, ਕਾਰਣਮਾਲਾ, ਕਾਵਿ ਲਿੰਗ, ਛੋਕੋਕਿਤ, ਦੀਪਕ, ਦ੍ਰਿਸ਼ਟਾਤੇ, ਨਿਸ਼ਚੈ, ਪਰਿਣਾਮ, ਪ੍ਰਤਿਸ਼ੋਧ, ਯੁਕਤ ਆਦਿ ਅਨੇਕਾਂ ਕਿਸਮਾਂ ਦੇ ਅਲੰਕਾਰ ਬੜੀ ਸੂਖਮਤਾ ਨਾਲ ਪਰੋਏ ਹੋਏ ਹਨ। ਕੁਝ ਉਦਾਹਰਨਾਂ ਪੇਸ਼ ਹਨ :
ਅਦਗੁਣ :
ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ॥
ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ॥ ਪੰਨਾ 558)
ਉਲਾਸ :
ਗੁਣੀ ਗੁਣੀ ਮਿਲਿ ਲਾਹਾ ਪਾਵਸਿ ਗੁਰਮੁਖਿ ਨਾਮਿ ਵਡਾਈ॥ (ਪੰਨਾ 1127)
ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀ੍ ਰਖੇ ਰੰਗੁ ਲਾਇ॥ (ਪੰਨਾ 417)
ਉਲੇਖ :
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ॥
ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ॥ (ਪੰਨਾ 23)
ਕਾਰਣਮਾਲਾ :
ਸੁਣਿਆ ਮੰਨਿਆ ਮਨਿ ਕੀਤਾ ਭਾਉ॥
ਅੰਤਰਗਤਿ ਤੀਰਥਿ ਮਲਿ ਨਾਉ॥ (ਪੰਨਾ 4)
ਕਾਵਿਲਿੰਗ :
ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥ (ਪੰਨਾ 2)
ਛੇਕੋਕਿਤ :
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ (ਪੰਨਾ 470)
ਦੀਪਕ :
ਆਪੇ ਪੁਰਖੁ ਆਪੇ ਹੀ ਨਾਰੀ॥
ਆਪੇ ਪਾਸਾ ਆਪੇ ਸਾਰੀ॥
ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ॥ (ਪੰਨਾ 1020)
ਦ੍ਰਿਸ਼ਟਾਂਤ :
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ॥ (ਪੰਨਾ 4)
ਨਿਸ਼ਚੈ ਅਲੰਕਾਰ :
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ॥1॥
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ॥
ਹਉ ਹਰਿ ਬਿਨੁ ਅਵਰੁ ਨ ਜਾਨਾ॥1॥ਰਹਾਉ॥
ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ॥
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ॥ (ਪੰਨਾ 991)
ਮੁਦਰਾ :
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ (ਪੰਨਾ 141)
ਰੂਪਕ :
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ (ਪੰਨਾ 663)
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ (ਪੰਨਾ 8)
ਰੁਪਕਾਤਿਸਯੋਕਤਿ :
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ॥ (ਪੰਨਾ 75)
ਲਲਿਤ :
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (ਪੰਨਾ 134)
ਲੋਕੋਕਤੀ :
ਲੋਕੋਕਤੀਆਂ ਏਨੀਆਂ ਹਨ ਕਿ ਇਕ ਵੱਖਰਾ ਗ੍ਰੰਥ ਬਣ ਜਾਏ। ਉਦਾਹਰਣ ਵਜੋਂ:
ਆਪੇ ਬੀਜਿ ਆਪੇ ਹੀ ਖਾਹੁ॥ (ਪੰਨਾ 4)
ਮਨਿ ਜੀਤੈ ਜਗੁ ਜੀਤੁ॥ (ਪੰਨਾ 6)
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥ (ਪੰਨਾ 15)
ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ॥ (ਪੰਨਾ 16)
ਕਰਣੀ ਬਾਝਹੁ ਘਟੇ ਘਟਿ॥ (ਪੰਨਾ 25)
ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ॥ (ਪੰਨਾ 439)
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥ (ਪੰਨਾ 149)
ਮੰਦਾ ਕਿਸੈ ਨ ਆਖਿ ਝਗੜਾ ਪਾਵਣਾ॥ (ਪੰਨਾ 566)
ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ॥ (ਪੰਨਾ 766)
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ (ਪੰਨਾ 767)
ਕਾਕੂਕਿਤ :
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ॥ (ਪੰਨਾ 2)
ਵਿਚਿਤ੍ਰ :
ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ॥ (ਪੰਨਾ 18)
ਵਿਭਾਵਨਾ :
ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ॥ (ਪੰਨਾ 687)
ਵਿਨੋਕਤਿ :
ਲਾਲ ਨਿਹਾਲੀ ਫੂਲ ਗੁਲਾਲਾ॥
ਬਿਨੁ ਜਗਦੀਸ ਕਹਾ ਸੁਖੁ ਭਾਲਾ॥ (ਪੰਨਾ 225)
ਵਿਵਰਤੇਕਤਿ :
ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ॥ (ਪੰਨਾ 438)
ਵਿਸ਼ੇਸ਼ :
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥
ਬਾਝੁ ਕਲਾ ਆਡਾਣੁ ਰਹਾਇਆ॥ (ਪੰਨਾ 1036)
ਅਨੁਪ੍ਰਾਂਸ :
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥ (ਪੰਨਾ 1)
ਵੀਪਸਾ :
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ (ਪੰਨਾ 467)
ਸੂਖਮ :
ਹੈ ਹੈ ਕਰਿ ਕੈ ਓਹਿ ਕਰੇਨਿ॥
ਗਲਾ੍ ਪਿਟਨਿ ਸਿਰੁ ਖੋਹੇਨਿ॥
ਨਾਉ ਲੈਨਿ ਅਰੁ ਕਰਨਿ ਸਮਾਇ॥ ਨਾਨਕ ਤਿਨ ਬਲਿਹਾਰੈ ਜਾਇ॥ (ਪੰਨਾ 1410)
ਲੇਖਕ ਬਾਰੇ
Education Administrator, Buisness Executive & Writer
Ex. Colonel Indian Armed Forces
Ex. Dean and Director Desh Bhagat University Panjab
1925, ਬਸੰਤ ਐਵਿਨਿਊ, ਲੁਧਿਆਣਾ। ਮੋ: 98153-66726
- ਡਾ. ਦਲਵਿੰਦਰ ਸਿੰਘ ਗਰੇਵਾਲhttps://sikharchives.org/kosh/author/%e0%a8%a1%e0%a8%be-%e0%a8%a6%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a8%b0%e0%a9%87%e0%a8%b5%e0%a8%be%e0%a8%b2/June 1, 2008
- ਡਾ. ਦਲਵਿੰਦਰ ਸਿੰਘ ਗਰੇਵਾਲhttps://sikharchives.org/kosh/author/%e0%a8%a1%e0%a8%be-%e0%a8%a6%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a8%b0%e0%a9%87%e0%a8%b5%e0%a8%be%e0%a8%b2/October 1, 2008
- ਡਾ. ਦਲਵਿੰਦਰ ਸਿੰਘ ਗਰੇਵਾਲhttps://sikharchives.org/kosh/author/%e0%a8%a1%e0%a8%be-%e0%a8%a6%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a8%b0%e0%a9%87%e0%a8%b5%e0%a8%be%e0%a8%b2/March 1, 2010