editor@sikharchives.org
ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਜੁਗਤਿ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੀ ਗੰਭੀਰਤਾ ਨਾਲ ਇਕ ਲੰਮੀ, ਲਗਭਗ ਢਾਈ ਸਦੀਆਂ ਦੀ ਯੋਜਨਾ ਬਣਾਈ ਤੇ ਦੇਸ਼-ਵਾਸੀਆਂ ਦੀ ਬੀਮਾਰ ਤੇ ਮਰਨ ਕਿਨਾਰੇ ਪਈ ਆਤਮਾ ਨੂੰ ਨਵਾਂ ਤੇ ਨਰੋਆ ਜੀਵਨ ਦੇਣ ਲਈ ਅਮਲ ਆਰੰਭ ਦਿੱਤਾ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ 1469 ਵਿਚ ਪ੍ਰਕਾਸ਼ ਹੋਇਆ ਤਾਂ ਉਸ ਸਮੇਂ ਭਾਰਤੀ ਜੀਵਨ ਵਿਚ ਬੜੀ ਉਥਲ-ਪੁਥਲ ਮਚੀ ਹੋਈ ਸੀ। ਸਦੀਆਂ ਤੋਂ ਹੋ ਰਹੇ ਵਿਦੇਸ਼ੀ ਹਮਲਿਆਂ ਨੇ ਭਾਰਤੀ ਜੀਵਨ ਦੇ ਟਿਕਾਊਪਣ ਨੂੰ ਜੜ੍ਹਾਂ ਤੋਂ ਹਿਲਾ ਕੇ ਰੱਖ ਦਿੱਤਾ ਸੀ, ਜਰਵਾਣਿਆਂ ਦੇ ਜ਼ੁਲਮਾਂ ਨੇ ਭਾਰਤੀਆਂ ਦੀ ਆਤਮਾ ਨੂੰ ਇਸ ਤਰ੍ਹਾਂ ਕੁਚਲ ਦਿੱਤਾ ਸੀ ਕਿ ਉਨ੍ਹਾਂ ਵਿਚ ਹੁਣ ‘ਆਹ’ ਦਾ ਨਾਅਰਾ ਤਕ ਮਾਰਨ ਦੀ ਦਲੇਰੀ ਵੀ ਨਹੀਂ ਸੀ ਰਹੀ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਪਨ ਤੋਂ ਹੀ ਇਸ ਦੇਸ਼ ਦੇ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਹਾਲਾਤ ਨੂੰ ਬੜੀ ਗੰਭੀਰਤਾ ਨਾਲ ਘੋਖਿਆ ਤੇ ਵਿਚਾਰਿਆ ਅਤੇ ਮਹਿਸੂਸ ਕੀਤਾ ਕਿ ਭਾਰਤ ਜਿਸ ਆਤਮਹੀਣਤਾ ਦੇ ਡੂੰਘੇ ਟੋਏ ਵਿਚ ਡਿੱਗ ਚੁੱਕਾ ਹੈ, ਉਸ ਵਿੱਚੋਂ ਇਸ ਨੂੰ ਉਭਾਰਨਾ ਕੋਈ ਦਿਨਾਂ, ਮਹੀਨਿਆਂ ਜਾਂ ਸਾਲਾਂ ਦਾ ਕੰਮ ਨਹੀਂ, ਸਗੋਂ ਇਸ ਦੇ ਲਈ ਘੱਟੋ-ਘੱਟ ਦੋ-ਢਾਈ ਸਦੀਆਂ ਲੋੜੀਂਦੀਆਂ ਹਨ। ਉਹ ਜਾਣਦੇ ਸਨ ਕਿ ਕਿਸੇ ਕਮਜ਼ੋਰ, ਬੀਮਾਰ ਤੇ ਲਕਵਾ ਮਾਰੇ ਮਨੁੱਖ ਨੂੰ ਸਹਾਰਾ ਦੇ ਕੇ ਕੁਝ ਸਮੇਂ ਲਈ ਤਾਂ ਖੜ੍ਹਾ ਕੀਤਾ ਜਾ ਸਕਦਾ ਹੈ, ਪਰ ਉਸ ਨੂੰ ਆਪਣੇ ਪੈਰਾਂ ’ਤੇ ਖੜ੍ਹਿਆਂ ਕਰਨ ਲਈ ਉਸ ਦੀ ਸੇਵਾ, ਦਵਾ-ਦਾਰੂ ਤੇ ਇਲਾਜ-ਮੁਲਾਹਿਜ਼ਾ ਕਾਫ਼ੀ ਲੰਮੇ ਸਮੇਂ ਤਕ ਕਰਨਾ ਪੈਂਦਾ ਹੈ। ਬੀਮਾਰੀ ਦੂਰ ਹੋਣ ਲਈ ਕਾਫ਼ੀ ਸਮਾਂ ਤਾਂ ਲੈਂਦੀ ਹੀ ਹੈ, ਪਰ ਜਾਂਦੀ ਹੋਈ ਮਨੁੱਖ ਨੂੰ ਕਾਫ਼ੀ ਨਿਢਾਲ ਤੇ ਕਮਜ਼ੋਰ ਕਰ ਜਾਂਦੀ ਹੈ, ਇਸ ਕਮਜ਼ੋਰੀ ਨੂੰ ਦੂਰ ਕਰਨ ਲਈ ਵੀ ਖ਼ੁਰਾਕ, ਸੇਵਾ, ਪ੍ਰਹੇਜ਼ਗਾਰੀ ਤੇ ਦੇਰ ਤਕ ਦੇਖ- ਭਾਲ ਕਰਦਿਆਂ ਰਹਿਣ ਦੀ ਲੋੜ ਹੁੰਦੀ ਹੈ।

ਇਹ ਸਭ ਕੁਝ ਸੋਚ-ਵਿਚਾਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੀ ਗੰਭੀਰਤਾ ਨਾਲ ਇਕ ਲੰਮੀ, ਲਗਭਗ ਢਾਈ ਸਦੀਆਂ ਦੀ ਯੋਜਨਾ ਬਣਾਈ ਤੇ ਦੇਸ਼-ਵਾਸੀਆਂ ਦੀ ਬੀਮਾਰ ਤੇ ਮਰਨ ਕਿਨਾਰੇ ਪਈ ਆਤਮਾ ਨੂੰ ਨਵਾਂ ਤੇ ਨਰੋਆ ਜੀਵਨ ਦੇਣ ਲਈ ਅਮਲ ਆਰੰਭ ਦਿੱਤਾ।

ਬਚਪਨ ਵਿਚ ਗੁਰੂ ਜੀ ਨੇ ਪ੍ਰਚਲਤ ਭਾਸ਼ਾਵਾਂ ਫ਼ਾਰਸੀ, ਸੰਸਕ੍ਰਿਤ ਅਤੇ ਅਰਬੀ ਆਦਿ ਦੀ ਸਿੱਖਿਆ ਬੜੀ ਲਗਨ ਨਾਲ ਪ੍ਰਾਪਤ ਕੀਤੀ ਅਤੇ ਆਪਣੀ ਤੀਖਣ ਬੁੱਧੀ ਕਾਰਨ ਆਪ ਨੇ ਜਿਵੇਂ ਇਨ੍ਹਾਂ ਭਾਸ਼ਾਵਾਂ ਨੂੰ ਤੇਜ਼ੀ ਨਾਲ ਗ੍ਰਹਿਣ ਕੀਤਾ, ਉਸ ਨੂੰ ਵੇਖ ਕੇ ਉਨ੍ਹਾਂ ਦੇ ਅਧਿਆਪਕ ਹੈਰਾਨ ਰਹਿ ਗਏ। ਵਿਦਿਆ ਪ੍ਰਾਪਤੀ ਦੇ ਨਾਲ-ਨਾਲ ਆਪ ਨੇ ਆਪਣੀਆਂ ਬਾਲ ਲੀਲ੍ਹਾਵਾਂ ਰਾਹੀਂ ਵੀ ਮਨੁੱਖੀ ਆਤਮਾ ਨੂੰ ਝੰਜੋੜਿਆ ਤੇ ਉਸ ਨੂੰ ਸੁਰਜੀਤ ਕਰਨ ਦਾ ਜਤਨ ਕੀਤਾ।

ਜੇ ਆਪ ਨੇ ਸੱਚਾ-ਸੌਦਾ ਕੀਤਾ ਤਾਂ ਭੁੱਖੇ-ਨੰਗੇ ਸਾਧੂਆਂ ਨੂੰ ਸਮਝਾਇਆ ਕਿ ਘਰ-ਗ੍ਰਿਹਸਤੀ ਤਿਆਗ ਕੇ ਤੇ ਭੁੱਖੇ-ਨੰਗੇ ਰਹਿ ਕੇ ਸੰਸਾਰ ਵਿਚ ਆਉਣ ਦੇ ਮਨੋਰਥ ਨੂੰ ਪੂਰਿਆਂ ਨਹੀਂ ਕੀਤਾ ਜਾ ਸਕਦਾ। ਪਹਿਲਾਂ ਗ੍ਰਿਹਸਤੀ ਤਿਆਗਣਾ ਤੇ ਫਿਰ ਭੁੱਖ- ਨੰਗ ਮਿਟਾਉਣ ਲਈ ਉਨ੍ਹਾਂ ਗ੍ਰਿਹਸਤੀਆਂ ਦੇ ਮੂੰਹ ਵੱਲ ਵੇਖਣਾ ਜਿਹੜੇ ਮਿਹਨਤ, ਮਜ਼ਦੂਰੀ ਰਾਹੀਂ ਤੇ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਆਪਣੇ ਗ੍ਰਿਹਸਤ-ਜੀਵਨ ਦੀ ਪਾਲਣਾ ਕਰ ਰਹੇ ਹਨ, ਕਿਸੇ ਤਰ੍ਹਾਂ ਵੀ ਸ਼ੋਭਾ ਦੀ ਗੱਲ ਨਹੀਂ। ਇਸ ਤਰ੍ਹਾਂ ਉਨ੍ਹਾਂ ਨੇ ਗ੍ਰਿਹਸਤ ਜੀਵਨ ਦੀ ਲੋੜ ਵੱਲ ਸੰਕੇਤ ਕੀਤਾ। ਜੇ ਉਨ੍ਹਾਂ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਕਿਸੇ ਧਰਮ ਜਾਂ ਜੀਵਨ ਦੇ ਧਾਰਮਿਕ ਅੰਗ ’ਤੇ ਚੋਟ ਨਹੀਂ ਮਾਰੀ, ਸਗੋਂ ਇਹ ਦੱਸਿਆ ਕਿ ਉਪਰੋਂ ਜਾਂ ਬਾਹਰੋਂ ਧਾਰਮਿਕ ਪਖੰਡ ਤਿਆਗ ਕੇ ਦਿਲੋਂ ਤੇ ਅੰਦਰੋਂ ਧਾਰਮਿਕ ਜੀਵਨ ਅਪਨਾਉਣ ਦੀ ਲੋੜ ਹੈ। ਇਸੇ ਤਰ੍ਹਾਂ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਤੇ ਮਲਕ ਭਾਗੋ ਦੇ ਮਾਲ੍ਹ ਪੂੜ੍ਹਿਆਂ ਵਿੱਚੋਂ ਲਹੂ ਕੱਢ ਕੇ ਉਨ੍ਹਾਂ ਨੇ ਦਸਾਂ ਨਹੁੰਆਂ ਦੀ ਕਿਰਤ ਤੇ ਪਾਪ ਦੀ ਕਮਾਈ ਦਾ ਅੰਤਰ ਸਪੱਸ਼ਟ ਕੀਤਾ। ਕਾਰੂੰ ਨੂੰ ਇਕ ਸੂਈ ਦੇ ਕੇ ਅਗਲੇ ਜਨਮ ਵਿਚ ਲੈਣ ਦੀ ਗੱਲ ਆਖੀ ਤੇ ਉਨ੍ਹਾਂ ਨੇ ਵੰਡ ਕੇ ਛਕਣ ਦੀ ਮਹਾਨਤਾ ਨੂੰ ਦਰਸਾਇਆ। ਜੇ ਉਨ੍ਹਾਂ ਨੇ ਸੱਜਣ ਠੱਗ ਦੇ ਬਾਹਰਲੇ ਸੱਜਣ ਰੂਪ ਨੂੰ ਉਤਾਰਿਆ ਤਾਂ ਉਸ ਨੂੰ ਸੱਚੇ ਅਕਾਲ ਪੁਰਖ ਦਾ ਦਿਲੋਂ ਨਾਮ ਜਪਣ ਦੀ ਪ੍ਰੇਰਨਾ ਦਿੱਤੀ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦਾ ਦਾਰੂ ਬੀਮਾਰ ਆਤਮਾ ਨੂੰ ਦਿੱਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਬੀਮਾਰ ਆਤਮਾ ਜੋ ਮਰਨ ਕਿਨਾਰੇ ਪੁੱਜ ਚੁੱਕੀ ਸੀ, ਉਸ ਨੂੰ ਰੁਕ-ਰੁਕ ਕੇ ਸਾਹ ਆਉਣ ਲੱਗ ਪਿਆ ਤੇ ਉਸ ਵਿਚ ਜੀਵਨ ਪਰਤਣ ਲੱਗ ਪਿਆ। ਜਿਸ ਨਾਲ ਦੋ-ਢਾਈ ਸਦੀਆਂ ਦੀ ਯੋਜਨਾ ਦੀ ਸਫ਼ਲਤਾ ਦਾ ਮੁੱਢ ਬੱਝ ਗਿਆ।

ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਾਮੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਆਪਣੇ ਪਹਿਲੇ ਜਾਮੇ ਵਿਚ ਆਰੰਭੇ ਕੰਮ ਨੂੰ ਆਪਣੇ ਦੱਸੇ ਰਾਹ ’ਤੇ ਹੀ ਹੋਰ ਅੱਗੇ ਵਧਾਇਆ। ਮਨੁੱਖ ਮਾਤਰ ਵਿਚ ਪਿਆਰ, ਏਕਤਾ ਅਤੇ ਸਮਾਨਤਾ ਪੈਦਾ ਕਰਨ ਲਈ ਲੰਗਰ ਤੇ ਪੰਗਤ ਆਰੰਭ ਹੋ ਗਈ। ਮਨੁੱਖ, ਮਨੁੱਖ ਵਿਚ ਊਚ-ਨੀਚ ਦਾ ਭੇਦ ਮਿਟ ਗਿਆ। ਲੰਗਰ ਵਿਚ ਇੱਕੋ ਪੰਗਤ ਵਿਚ ਬੈਠਣ ਵਾਲਾ ਨਾ ਵੱਡਾ ਰਿਹਾ, ਨਾ ਛੋਟਾ। ਆਪਣੇ ਹੱਥੀਂ ਸੇਵਾ ਕਰ ਕੇ ਗੁਰੂ ਸਾਹਿਬ ਨੇ ਸਿੱਖ ਸੇਵਕਾਂ ਵਿਚ ਸੇਵਾ ਦਾ ਉਤਸ਼ਾਹ ਭਰਿਆ। ਸੇਵਾ ਦੀ ਭਾਵਨਾ ਪੈਦਾ ਹੁੰਦਿਆਂ ਹੀ ਮਨੁੱਖ ਦਾ ਹੰਕਾਰ ਟੁੱਟਣਾ ਸ਼ੁਰੂ ਹੋ ਗਿਆ; ‘ਹਉਮੈ’, ‘ਮੈਂ’ ਦੀ ਭਾਵਨਾ ਮਿਟਣੀ ਆਰੰਭ ਹੋ ਗਈ। ਬੀਮਾਰ ਆਤਮਾ ਨੂੰ ਸੋਝੀ ਹੋਣੀ ਸ਼ੁਰੂ ਹੋ ਗਈ ਕਿ ਉਸ ਦੀ ਬੀਮਾਰੀ ਦਾ ਇਕ ਕਾਰਨ ‘ਹਉਮੈ’ ਵੀ ਹੈ, ਇਸ ਨੂੰ ਛੱਡਿਆਂ ਹੋਰ ਨਵਾਂ ਜੀਵਨ ਵੀ ਪ੍ਰਾਪਤ ਹੋ ਸਕਦਾ ਹੈ। ਸੋ ਉਸ ਨੇ ‘ਹਉਮੈ’ ਛੱਡ ਦਿੱਤੀ, ਗੁਰੂ ਸਾਹਿਬ ਦੇ ਚਰਨਾਂ ਵਿਚ ਲਿਵ ਜੋੜ ਲਈ। ਪੰਜਾਬ ਦੀ ਧਰਤੀ ਵਿਚ ਜਗੀ ਜੋਤ ਦੀ ਰੋਸ਼ਨੀ, ਇਨ੍ਹਾਂ ਸਿੱਖਾਂ ਦੇ ਜੀਵਨ, ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦੇ ਸਹਾਰੇ ਦੂਰ- ਦੂਰ ਤਕ ਫੈਲਣੀ ਸ਼ੁਰੂ ਹੋ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪਹਿਲੇ ਜਾਮੇ ਵਿਚ ਕਾਇਮ ਕੀਤੀਆਂ ਗਈਆਂ ਧਰਮਸ਼ਾਲਾਵਾਂ ਨੇ ਇਸ ਜੋਤ ਦੀ ਰੋਸ਼ਨੀ ਦੂਰ-ਦੂਰ ਤਕ ਫੈਲਾਣ ਵਿਚ ਬਹੁਤ ਵੱਡੀ ਸਹਾਇਤਾ ਕੀਤੀ। ਇਸ ਤਰ੍ਹਾਂ ਦੇਸ਼ ਭਰ ਵਿਚ ਜਿਹੜੀਆਂ ਆਤਮਾਵਾਂ, ਸਰੀਰ ਤੇ ਜੀਵਨ, ਘੁਪ ਹਨੇਰੇ ਵਿਚ ਭਟਕ ਰਹੇ ਸਨ, ਉਹ ਇਸ ਜੋਤ ਦੀ ਰੋਸ਼ਨੀ ਦੀ ਖਿੱਚ ਤੋਂ ਪ੍ਰਭਾਵਤ ਹੋ ਕੇ ਪੰਜਾਬ ਦੀ ਧਰਤੀ ਵੱਲ ਵਧਣ ਲੱਗ ਪਏ। ਸ੍ਰੀ ਗੁਰੂ ਰਾਮਦਾਸ ਜੀ ਤੋਂ ਪਿੱਛੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਪੰਜਵੇਂ ਜਾਮੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰੂਪ ਵਿਚ ਪ੍ਰਕਾਸ਼ਮਾਨ ਹੋਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਰਚਨਾ ਕਰ ਕੇ ਪ੍ਰਤੱਖ ਕਰ ਦਿੱਤਾ ਕਿ ਚੰਗਾ ਉਪਦੇਸ਼ ਤੇ ਚੰਗਾ ਜੀਵਨ ਰਾਹ ਭਗਤ ਕਬੀਰ ਜੀ ਵੀ ਦੱਸ ਸਕਦੇ ਹਨ ਤੇ ਮੁਸਲਮਾਨ ਸੂਫ਼ੀ ਫ਼ਕੀਰ ਬਾਬਾ ਫਰੀਦ ਜੀ ਵੀ। ਸ੍ਰੀ ਅੰਮ੍ਰਿਤ ਸਰੋਵਰ ਵਿਚ ਕਮਲ ਰੂਪੀ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਇਕ ਮੁਸਲਮਾਨ ਸੂਫ਼ੀ ਫਕੀਰ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾ ਕੇ ਆਪ ਨੇ ਇਹ ਸਾਬਤ ਕੀਤਾ ਕਿ ਕਿਸੇ ਦੂਜੇ ਧਰਮ ਦੇ ਮਨੁੱਖ ਦਾ ਕਿਸੇ ਇਕ ਧਰਮ ਦੇ ਅਸਥਾਨ ਵਿਚ ਦਾਖ਼ਲ ਹੋਣ ਜਾਂ ਛੁਹਣ ਨਾਲ ਕਿਸੇ ਧਰਮ ਜਾਂ ਉਸ ਦੇ ਅਸਥਾਨ ਨੂੰ ਕੋਈ ਹਾਨੀ ਨਹੀਂ ਪੁੱਜਦੀ। ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਚਹੁੰ ਵਰਣਾਂ ਤੇ ਚਹੁੰ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਲਈ ਇਸ ਧਰਮ ਅਸਥਾਨ ਨੂੰ ਖੁਲ੍ਹਿਆਂ ਰੱਖਿਆ। ਇਸ ਦੇ ਨਾਲ ਹੀ ਇਹ ਵੀ ਪ੍ਰਤੱਖ ਕੀਤਾ ਕਿ ਅਕਾਲ ਪੁਰਖ ਕਿਸੇ ਇਕ ਚੜ੍ਹਦੇ ਜਾਂ ਲਹਿੰਦੇ, ਉੱਤਰ ਜਾਂ ਦੱਖਣ ਵੱਲ ਨਹੀਂ ਸਗੋਂ ਚਹੁੰ ਪਾਸੇ ਹੈ, ਜਿਸ ਪਾਸਿਓਂ, ਜਿਸ ਦਰਵਾਜ਼ਿਉਂ (ਅਰਥਾਤ ਧਰਮ ਰਾਹੀਂ) ਤੁਹਾਡੀ ਮਰਜ਼ੀ ਹੈ, ਅਕਾਲ ਪੁਰਖ ਦੇ ਦਰਬਾਰ ਵਿਚ ਦਾਖ਼ਲ ਹੋਵੋ, ਅਕਾਲ ਪੁਰਖ ਤੁਹਾਨੂੰ ਉਭਾਰ ਲਏਗਾ, ਪਰ ਸ਼ਰਤ ਇਹ ਹੈ ਕਿ ਤੁਹਾਡਾ ਮਨ, ਹਿਰਦਾ ਅੰਮ੍ਰਿਤ ਸਰੋਵਰ ਵਾਂਗ ਨਿਰਮਲ ਤੇ ਸਾਫ਼ ਹੋਵੇ, ਤਾਂ ਹੀ ਤੁਹਾਡੇ ਸਾਰੇ ਪਾਪ ਧੋਏ ਜਾ ਸਕਣਗੇ।

ਪੰਜ ਜੋਤਾਂ ਦੇ ਇਲਾਜ, ਦਵਾ-ਦਾਰੂ ਅਤੇ ਸੇਵਾ ਰਾਹੀਂ ਨਿਢਾਲ ਹੋਈ ਆਤਮਾ ਨੂੰ ਨਵ-ਜੀਵਨ ਮਿਲਿਆ। ਹੁਣ ਉਸ ਦੀ ਬੀਮਾਰੀ ਦੂਰ ਹੋ ਗਈ ਸੀ, ਪਰ ਕਮਜ਼ੋਰੀ ਅਜੇ ਬਾਕੀ ਸੀ। ਅਰੋਗ ਹੋਈ ਆਤਮਾ ਤੁਰਦੀ-ਫਿਰਦੀ ਸੀ, ਪਰ ਕਮਜ਼ੋਰੀ ਕਾਰਨ ਅਜੇ ਝੂਮਦੀ ਸੀ। ਹੁਣ ਸਮਾਂ ਆਇਆ ਆਪਣੇ ਇਲਾਜ ਦਾ ਅਸਰ ਵੇਖਣ ਦਾ।

ਹੁਣ ਪਰਖ ਦੀ ਲੋੜ ਸੀ ਕਿ ਆਤਮਾ ਵਿਚ ਕਿਤਨਾ ਜੀਵਨ ਆ ਗਿਆ ਹੈ, ਕੀ ਇਹ ਇਸ ਯੋਗ ਹੋ ਗਈ ਹੈ ਕਿ ਇਸ ਨੂੰ ਕੋਈ ਕਰੜਾ ਕੰਮ ਦਿੱਤਾ ਜਾ ਸਕੇ? ਕਿਉਂਕਿ ਢਾਈ ਸੋ ਵਰ੍ਹਿਆਂ ਦੀ ਯੋਜਨਾ ਵਿੱਚੋਂ 136 ਵਰ੍ਹਿਆਂ ਦੀ ਯੋਜਨਾ ਪੂਰਨ ਹੋ ਚੁੱਕੀ ਸੀ। ਇਸ ਪ੍ਰੀਖਿਆ ਲਈ ਇਕ ਅਜਿਹੇ ਮਹਾਨ ਬਲੀਦਾਨ ਦੀ ਲੋੜ ਸੀ, ਜੋ ਇਸ ਦੇਸ਼ ਦੀ ਆਤਮਾ ਨੂੰ ਜ਼ੋਰਦਾਰ ਹਲੂਣਾ ਦੇ ਸਕੇ, ਇਕ ਵਾਰ ਇਸ ਨੂੰ ਹਿਲਾ ਸਕੇ, ਅਚੰਭੇ ਵਿਚ ਪਾ ਸਕੇ। ਇਸ ਦੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੀ ਧਰਤੀ ’ਤੇ ਜਾ ਆਪਣਾ ਬਲੀਦਾਨ ਦਿੱਤਾ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਲੀਦਾਨ ਨੇ ਉਨ੍ਹਾਂ ਆਤਮਾਵਾਂ ਨੂੰ ਸਚਮੁੱਚ ਇਕ ਜ਼ੋਰਦਾਰ ਹਲੂਣਾ ਦਿੱਤਾ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਸਹਾਰੇ ਅਨ੍ਹੇਰੇ ਦਾ ਭਟਕਣਾ ਛੱਡਿਆ ਸੀ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਵਾ-ਦਾਰੂ ਤੇ ਸੇਵਾ ਦੇ ਸਹਾਰੇ ਨਵਾਂ ਜੀਵਨ ਪ੍ਰਾਪਤ ਕੀਤਾ ਸੀ। ਸਾਈਂ ਮੀਆਂ ਮੀਰ ਜੀ ਵਰਗੇ ਸੂਫ਼ੀ ਫਕੀਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਸਹਿੰਦਿਆਂ ਵੇਖ ਕੇ ਤੜਪ ਉਠੇ ਸਨ ਤੇ ਲਾਹੌਰ ਤੇ ਦਿੱਲੀ ਦੀ ਹਕੂਮਤ ਨੂੰ ਆਪਣੀ ਕਰਾਮਾਤ ਰਾਹੀਂ ਟਕਰਾ ਦੇਣ ਲਈ ਤਿਆਰ ਹੋ ਗਏ ਸਨ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਅਜਿਹੀ ਕਰਾਮਾਤ ਦੇ ਹੱਕ ਵਿਚ ਨਹੀਂ ਸਨ, ਉਹ ਅਜਿਹੀ ਕਰਾਮਾਤ ਦੇ ਹੱਕ ਵਿਚ ਸਨ, ਜੋ ਪਹਿਲੀ ਜੋਤ ਸਮੇਂ ਆਰੰਭੀ ਗਈ ਸੀ, ਅਰਥਾਤ ਬੀਮਾਰ ਆਤਮਾ ਕਿਸੇ ਦੇ ਸਹਾਰੇ ਖੜ੍ਹੀ ਨਾ ਹੋਵੇ ਸਗੋਂ ਨਿਰੋਗ ਹੋ ਕੇ ਨਵਜੀਵਨ ਪ੍ਰਾਪਤ ਕਰ ਕੇ ਆਪਣੇ ਪੈਰਾਂ ’ਤੇ ਆਪ ਖਲੋਏ ਤਾਂ ਜੋ ਇਕੱਲੀ ਹੁੰਦਿਆਂ ਹੋਇਆਂ ਵੀ ਇਸ ਸੰਸਾਰ ਵਿਚ ਬਿਨਾਂ ਰੋਕ-ਟੋਕ, ਬਿਨਾਂ ਕਿਸੇ ਸਹਾਰੇ ਵੱਲ ਵੇਖਿਆਂ ਅੱਗੇ ਵਧ ਸਕੇ। ਸੋ ਗੁਰੂ ਪਾਤਸ਼ਾਹ ਜੀ ਨੇ ਸਾਈਂ ਮੀਆਂ ਮੀਰ ਜੀ ਨੂੰ ਕਹਿ ਦਿੱਤਾ ਸੀ ਕਿ ਇਹ ਅਕਾਲ ਪੁਰਖ ਦਾ ਭਾਣਾ ਹੈ ਤੇ ਇਸ ਨੂੰ ਮਿੱਠਾ ਕਰ ਕੇ ਮੰਨਣਾ ਮੇਰਾ ਨਿਸ਼ਾਨਾ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਜ਼ੁਲਮ ਤੇ ਅਨਿਆਂ ਨੂੰ ਕੋਸਦੀਆਂ ਆਤਮਾਵਾਂ ਉਸ ਅਸਥਾਨ ’ਤੇ ਪੁੱਜੀਆਂ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਛੇਵੇਂ ਜਾਮੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਰੂਪ ਵਿਚ ਜਗ-ਮਗਾ ਰਹੀ ਸੀ। ਨਿਰੋਗ ਆਤਮਾਵਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਸਿਰ ਝੁਕਾਇਆ ਤੇ ਹੱਥ ਬੰਨ੍ਹ ਕੇ ਖੜੋ ਗਈਆਂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨੀਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰ ਕੇ ਜ਼ਾਲਮ ਸ਼ਹਿਨਸ਼ਾਹੀਅਤ ਨੂੰ ਵੰਗਾਰਿਆ। ਜ਼ੁਲਮ ਅਤੇ ਅਨਿਆਂ ਨੂੰ ਕੋਸਦੀਆਂ ਆਤਮਾਵਾਂ ਨੂੰ, ਜੋ ਸਿੱਖਾਂ ਦੇ ਰੂਪ ਵਿਚ ਉਨ੍ਹਾਂ ਦੇ ਸਾਹਮਣੇ ਖੜ੍ਹੀਆਂ ਸਨ, ਝੰਜੋੜਦਿਆਂ ਹੋਇਆਂ ਕਿਹਾ, “ਹੁਣ ਕੋਸਣ ਦਾ ਸਮਾਂ ਨਹੀਂ, ਕੁਝ ਕਰਨ ਦਾ ਸਮਾਂ ਹੈ। ਜ਼ਾਲਮ ਦਾ ਜ਼ੁਲਮ ਹੱਦਾਂ ਬੰਨੇ ਟੱਪ ਗਿਆ ਹੈ, ਲੋੜ ਹੈ ਇਸ ਨੂੰ ਠੱਲ੍ਹ ਪਾਉਣ ਦੀ, ਤਾਂ ਜੋ ਇਹ ਹੋਰ ਅਗੇਰੇ ਨਾ ਵਧ ਸਕੇ। ਇਸ ਲਈ ਤਾਕਤ ਦਾ ਜੁਆਬ ਤਾਕਤ ਨਾਲ, ਤਲਵਾਰਾਂ ਦਾ ਜੁਆਬ ਤਲਵਾਰਾਂ ਨਾਲ ਦੇਣਾ ਪਵੇਗਾ। ਕੀ ਹੈ ਤੁਹਾਡੇ ਵਿਚ ਹਿੰਮਤ, ਜੋ ਮੈਦਾਨ ਵਿਚ ਨਿੱਤਰ ਕੇ ਇਸ ਜ਼ੁਲਮ ਨੂੰ ਵੰਗਾਰ ਪਾ ਸਕੋ! ਠੱਲ੍ਹ ਸਕੋ!” ਆਤਮਾਵਾਂ ਹੁਣ ਰੋਗੀ ਨਹੀਂ ਸਨ, ਨਿਰੋਗ ਸਨ, ਪਰ ਹੁਣੇ-ਹੁਣੇ ਬੀਮਾਰੀ ਤੋਂ ਉਠੀਆਂ ਸਨ, ਇਸ ਲਈ ਉਨ੍ਹਾਂ ਵਿਚ ਸਰੀਰਕ ਕਮਜ਼ੋਰੀ ਜ਼ਰੂਰ ਸੀ, ਪਰ ਆਤਮਿਕ ਕਮਜ਼ੋਰੀ ਮਿਟ ਚੁੱਕੀ ਸੀ। ਇਸ ਲਈ ਭਾਵੇਂ ਕਮਜ਼ੋਰ ਆਵਾਜ਼ ਵਿਚ ਹੀ, ਪਰ ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਕਿਹਾ, “ਤੁਹਾਡੇ ਹਰ ਹੁਕਮ ’ਤੇ ਇਕ-ਇਕ ਆਤਮਾ, ਸਿੱਖ, ਆਪਣਾ ਬਲੀਦਾਨ ਦੇਣ ਲਈ ਤਿਆਰ ਹੈ, ਜ਼ੁਲਮ ਨੂੰ ਠੱਲ੍ਹ ਪਾਉਣ ਲਈ ਤਿਆਰ ਹੈ, ਲਾਹੌਰ ਤੇ ਦਿੱਲੀ ਦੇ ਤਖ਼ਤ ਨੂੰ ਵੰਗਾਰਨ ਲਈ ਤਿਆਰ ਹੈ।” ਸੰਸਾਰ ਨੇ ਵੇਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ੇ ਜੀਵਨ ਸੰਦੇਸ਼ ਨੇ ਭਾਰਤ ਦੇ ਇਤਿਹਾਸ ਅਤੇ ਉਸ ਦੇ ਜੀਵਨ ਨੂੰ ਨਵਾਂ ਮੋੜ ਦੇ ਦਿੱਤਾ ਸੀ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Jaswant Singh Ajit

64-C/ U & V/B, Shalimar Bagh, Delhi-110088

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)