editor@sikharchives.org
Sri Guru Tegh Bahadur Ji

ਸ੍ਰੀ ਗੁਰੂ ਤੇਗ ਬਹਾਦਰ : ਜੀਵਨ ਤੇ ਰਚਨਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਾਰਮਿਕ ਅਨੁਸ਼ਾਸਨ ਦੇ ਵਾਤਾਵਰਨ ਵਿਚ ਪਲੇ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਗੁਰੂ ਸਾਹਿਬਾਨ, ਸੰਤਾਂ-ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੁਆਰਾ ਅਨੁਭਵ ਕੀਤਾ ਹੋਇਆ ਗਿਆਨ, ਜੀਵਿਆ ਹੋਇਆ ਅਮਲ ਤੇ ਪ੍ਰਭੂ ਨਾਲ ਇਕਮਿਕ ਹੋ ਕੇ ਪ੍ਰਾਪਤ ਕੀਤਾ ਹੋਇਆ ਦੈਵੀ ਇਲਹਾਮ (revealation) ਹੈ। ਇਸ ਲਈ ਗੁਰਬਾਣੀ ਦਾ ਪਾਠ ਜਾਂ ਅਧਿਐਨ ਕਰਨ ਤੋਂ ਪਹਿਲਾਂ ਜੇਕਰ ਸੰਬੰਧਿਤ ਬਾਣੀਕਾਰ ਦਾ ਜੀਵਨ ਵੀ ਪੜ੍ਹ ਲਿਆ ਜਾਵੇ ਤਾਂ ਬਹੁਤ ਹੀ ਚੰਗਾ ਹੋਵੇਗਾ। ਹਥਲੇ ਲੇਖ ਵਿਚ ਤਿਆਗ ਅਤੇ ਸੂਰਬੀਰਤਾ ਦੀ ਮੂਰਤ, ਆਜ਼ਾਦੀ ਦੇ ਰੱਖਿਅਕ ਤੇ ਸੰਤ-ਸਿਪਾਹੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਉਨ੍ਹਾਂ ਦੀ ਵੈਰਾਗਮਈ ਬਾਣੀ ਦਾ ਅਧਿਐਨ ਕਰਨ ਦਾ ਨਿਮਾਣਾ ਜਿਹਾ ਯਤਨ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼/ਜਨਮ 5 ਵੈਸਾਖ, ਨਾਨਕਸ਼ਾਹੀ 153) ਵਿਸਾਖ ਵਦੀ 5, 1678 ਬਿ. ਮੁਤਾਬਕ 1 ਅਪ੍ਰੈਲ, 1621 ਈ. ਦਿਨ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਗੁਰੂ ਸਾਹਿਬ ਦਾ ਜਨਮ-ਅਸਥਾਨ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਵਿਚ ਗੁਰੂ ਕੇ ਮਹਿਲ ਵਿਖੇ ਹੋਇਆ ਹੈ। ਆਪ ਜੀ ਦੇ ਚਾਰੇ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ ਅਤੇ ਭੈਣ ਬੀਬੀ ਵੀਰੋ ਜੀ ਆਪ ਤੋਂ ਵੱਡੇ ਸਨ। ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੀਰੀ ਪੀਰੀ ਦਾ ਆਪ ’ਤੇ ਡੂੰਘਾ ਪ੍ਰਭਾਵ ਸੀ। ਆਪ ਜੀ ਨਿੱਕੇ ਹੁੰਦਿਆਂ ਆਪਣੇ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋਲ ਪ੍ਰਭੂ-ਸਿਮਰਨ ਵਿਚ ਲੀਨ ਹੋਏ ਕਿੰਨਾ-ਕਿੰਨਾ ਚਿਰ ਬੈਠੇ ਰਹਿੰਦੇ ਸਨ। ਮੁੱਢਲੇ ਦੋ-ਤਿੰਨ ਸਾਲਾਂ ਵਿਚ ਹੀ ਆਪ ਜੀ ਦੀਆਂ ਅਸਾਧਾਰਨ ਰੁਚੀਆਂ ਸਾਹਮਣੇ ਆਉਣ ਲੱਗ ਪਈਆਂ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਾਰਮਿਕ ਅਨੁਸ਼ਾਸਨ ਦੇ ਵਾਤਾਵਰਨ ਵਿਚ ਪਲੇ। ਗੁਰੂ ਪਿਤਾ ਦੇ ਬਚਨ-ਬਿਲਾਸ ਸੁਣਦੇ ਤੇ ਉਨ੍ਹਾਂ ਦੀ ਅਗਵਾਈ ਅਨੁਸਾਰ ਧਰਮ ਮਰਯਾਦਾ ਸਿੱਖਦੇ। ਆਪ ਦੀ ਸਿਖਲਾਈ, ਪੜ੍ਹਾਈ ਤੇ ਸ਼ਸਤਰ-ਵਿੱਦਿਆ ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਵਿਚ ਕਰਾਈ। ਭਾਈ ਗੁਰਦਾਸ ਜੀ ਨੂੰ ਅੱਖਰੀ ਵਿੱਦਿਆ ਦੇਣ ਲਈ ਕਿਹਾ ਅਤੇ ਰਤਾ ਕੁ ਵੱਡੇ ਹੋਏ ਤਾਂ ਬਾਬਾ ਬੁੱਢਾ ਜੀ ਪਾਸ ਰਮਦਾਸ ਭੇਜਿਆ ਤਾਂ ਕਿ ਕਿਰਤ ਦੀ ਮਹੱਤਤਾ ਤੇ ਹੋਰ ਗੁਣ ਪ੍ਰਾਪਤ ਕਰਨ। 11 ਸਾਲ ਦੀ ਉਮਰ ਵਿਚ ਆਪ ਜੀ ਦੀ ਸ਼ਾਦੀ ਮਾਰਚ 1632 ਈ. ਵਿਚ ਭਾਈ ਲਾਲ ਚੰਦ ਜੀ ਖੱਤਰੀ ਦੀ ਸਪੁੱਤਰੀ (ਮਾਤਾ) ਗੁਜਰੀ ਜੀ ਨਾਲ ਹੋਈ। ਸ੍ਰੀ (ਗੁਰੂ) ਤੇਗ ਬਹਾਦਰ ਸਾਹਿਬ ਜੀ ਨੇ ਵਿਆਹ ਦੇ 2 ਸਾਲ ਪਿੱਛੋਂ 1634 ਈ. ਵਿਚ ਹੋਣ ਵਾਲੀ ਕਰਤਾਰਪੁਰ ਦੀ ਜੰਗ ਵਿਚ ਆਪਣੀ ਤੇਗ ਦੇ ਜੌਹਰ ਦਿਖਾਏ। ਯੁੱਧ ਵਿਚ ਸਫਲਤਾ ਪ੍ਰਾਪਤ ਕਰ ਕੇ ਜਦ ਆਪ ਵਾਪਸ ਪਰਤੇ ਤਾਂ ਗੁਰਦੇਵ ਪਿਤਾ ਨੇ ਆਪਣੇ ਬਹਾਦਰ ਸਾਹਿਬਜ਼ਾਦੇ ਨੂੰ ਗਲਵਕੜੀ ਵਿਚ ਲੈ ਲਿਆ, ਥਾਪੜਾ ਦਿੱਤਾ ਤੇ ਬੜੇ ਪਿਆਰ ਨਾਲ ਆਖਿਆ ਕਿ ਅੱਜ ਤੁਸੀਂ ਇਸ ਯੁੱਧ ਵਿਚ ਜਿਸ ਤਰ੍ਹਾਂ ਤੇਗ ਚਲਾਈ ਉਸ ਕਰਕੇ ਤੁਹਾਡਾ ਨਾਂ ਤਿਆਗ ਮੱਲ ਦੀ ਥਾਂ ਤੇਗ ਬਹਾਦਰ ਹੀ ਸ਼ੋਭਦਾ ਹੈ।

ਕੀਰਤਪੁਰ ਵਿਚ ਰਹਿੰਦਿਆਂ ਸ੍ਰੀ (ਗੁਰੂ) ਤੇਗ ਬਹਾਦਰ ਜੀ ਦਾ ਨਿੱਜੀ ਤੇ ਘਰੋਗੀ ਜੀਵਨ ਬੜਾ ਸਾਦਾ, ਪੱਧਰਾ ਤੇ ਸੁਖੀ ਸੀ। ਆਪ ਦਾ ਮਨ ਸੰਸਾਰ ਦੇ ਲਾਲਚਾਂ, ਮੋਹ, ਝਗੜਿਆਂ ਤੇ ਰਸਾਂ ਤੋਂ ਬੇਲਾਗ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਭਾਵ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਸ੍ਰੀ ਹਰਿ ਰਾਇ ਜੀ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ ਤੇ ਆਪ 3 ਮਾਰਚ 1644 ਈ. ਨੂੰ ਜੋਤੀ ਜੋਤਿ ਸਮਾ ਗਏ। ਸ੍ਰੀ (ਗੁਰੂ) ਤੇਗ ਬਹਾਦਰ ਜੀ ਨੇ ਗੁਰਦੇਵ ਪਿਤਾ ਦੇ ਜੋਤੀ ਜੋਤਿ ਸਮਾਉਣ ਦੇ ਦ੍ਰਿਸ਼ ਨੂੰ ਜਦ ਦੇਖਿਆ ਤਾਂ ਉਨ੍ਹਾਂ ’ਤੇ ਇਸ ਦਾ ਡੂੰਘਾ ਅਸਰ ਹੋਇਆ ਪਰ ਸਬਰ, ਸੰਤੋਖ ਤੇ ਭਾਣਾ ਮੰਨਣ ਦੀ ਜਿਸ ਸ਼ਕਤੀ ਦਾ ਸਬਕ ਉਨ੍ਹਾਂ 23 ਸਾਲ ਸਿੱਖਿਆ ਸੀ, ਉਸ ਕਾਰਨ ਉਹ ਪੂਰਨ ਸ਼ਾਂਤ ਰਹੇ ਤੇ ਫਿਰ ਗੁਰੂ ਹਰਿ ਰਾਇ ਸਾਹਿਬ ਜੀ ਤੋਂ ਆਗਿਆ ਲੈ ਕੇ ਆਪਣੀ ਮਾਤਾ ਨਾਨਕੀ ਤੇ ਧਰਮ ਸੁਪਤਨੀ ਗੁਜਰੀ ਜੀ ਸਮੇਤ ਬਕਾਲਾ ਲਈ ਚੱਲ ਪਏ। ਇਥੇ ਆਪ ਨੇ ਲੱਗਭਗ 21 ਸਾਲ ਭੋਰੇ ਵਿਚ ਰਹਿ ਕੇ ਭਜਨ ਬੰਦਗੀ ਕੀਤੀ। ਆਪ ਜੀ ਅੰਮ੍ਰਿਤ ਵੇਲੇ ਉੱਠਦੇ, ਕੀਰਤਨ ਕਰਦੇ ਅਤੇ ਦਿਹਾੜੀ ਕਿਰਤ ਕਾਰ ਕਰ ਕੇ ਗੁਜ਼ਾਰਾ ਕਰਦੇ। ਕਿਸੇ ਭੇਟਾ ਨੂੰ ਸਵੀਕਾਰ ਨਾ ਕਰਦੇ, ਜੇ ਕੋਈ ਭੇਟਾ ਦੇ ਦਿੰਦਾ ਤਾਂ ਸਭ ਵੰਡ ਦਿੰਦੇ।

ਸ੍ਰੀ ਗੁਰੂ ਹਰਿ ਰਾਇ ਜੀ ਤੋਂ ਬਾਅਦ ਗੁਰਗੱਦੀ ’ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੈਠੇ ਜੋ ਬਚਪਨ ਵਿਚ ਹੀ ਦਿੱਲੀ ਵਿਚ ਜੋਤੀ ਜੋਤਿ ਸਮਾ ਗਏ। ਅੱਗੋਂ ਗੱਦੀ ਦੇ ਵਾਰਸ ਦਾ ਸੰਕੇਤ ਉਨ੍ਹਾਂ ਨੇ ‘ਬਾਬਾ ਬਕਾਲੇ’ ਸ਼ਬਦਾਂ ਰਾਹੀਂ ਕੀਤਾ। ਪਰ ਅੱਗੋਂ ਹੋਣ ਵਾਲੇ ਗੁਰੂ ਦਾ ਨਾਂ ਪੂਰੀ ਤਰ੍ਹਾਂ ਸਪੱਸ਼ਟ ਨਾ ਹੋਣ ਕਾਰਨ ਬਕਾਲੇ ਵਿਚ ਸ੍ਰੀ (ਗੁਰੂ) ਤੇਗ ਬਹਾਦਰ ਸਾਹਿਬ ਦੇ ਭਤੀਜੇ ਧੀਰ ਮੱਲ ਸਹਿਤ 22 ਨਕਲੀ ਗੁਰੂ ਮੰਜੀਆਂ ਲਗਾ ਕੇ, ਗੁਰੂ ਬਣ ਬੈਠੇ। ਪਰ ਇਕ ਧਨੀ ਵਪਾਰੀ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਗੁਰੂ ਪ੍ਰਤੀ ਸ਼ਰਧਾ, ਦਰਸ਼ਨਾਂ ਦੀ ਪਿਆਸ ਅਤੇ ਸਿਆਣਪ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨੌਵੇਂ ਗੁਰੂ ਹੋਣ ਬਾਰੇ ਪਤਾ ਲੱਗਿਆ। ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਗੁਰਿਆਈ ਦਾ ਤਿਲਕ 3 ਵੈਸਾਖ, ਨਾਨਕਸ਼ਾਹੀ 196 ਨੂੰ ਲਗਾਇਆ। ਪੋਤਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਦਾਦੇ ਨੂੰ ਗੱਦੀ ਦੇਣਾ ਇਤਿਹਾਸ ਵਿਚ ਅਲੌਕਿਕ ਘਟਨਾ ਹੈ। ਧੀਰ ਮੱਲ ਜ਼ਰ ਨਾ ਸਕਿਆ ਤੇ ਉਸ ਨੇ ਗੁਰੁ ਸਾਹਿਬ ’ਤੇ ਹਮਲਾ ਕਰਵਾਇਆ। ਪਰ ਗੋਲੀ ਗੁਰੂ ਸਾਹਿਬ ਦਾ ਸਿਰ ਛੂਹ ਕੇ ਲੰਘ ਗਈ। ਉਸ ਦੇ ਬੰਦਿਆਂ ਨੇ ਗੁਰੂ ਸਾਹਿਬ ਦਾ ਸਾਮਾਨ ਵੀ ਲੁੱਟਿਆ ਪਰ ਆਪ ਸ਼ਾਂਤਚਿਤ ਰਹੇ।

ਆਪ ਜੀ ਨੇ ਆਪਣਾ ਕੇਂਦਰੀ ਪ੍ਰਚਾਰ ਸਥਾਨ ਕੀਰਤਪੁਰ ਚੁਣਿਆ, ਉਥੇ ਵੀ ਧੀਰਮੱਲ ਅਤੇ ਸੋਢੀ ਵਿਰੋਧ ਕਰਦੇ ਰਹੇ ਸਨ ਇਸ ਕਰਕੇ ਗੁਰੂ ਸਾਹਿਬ ਨੇ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ (ਚੱਕ ਨਾਨਕੀ) ਅਨੰਦਪੁਰ ਸਾਹਿਬ ਵਸਾਇਆ। ਆਪ ਨੇ ਮਾਲਵਾ, ਦੁਆਬਾ, ਬਾਂਗਰ, ਬੰਗਾਲ ਅਤੇ ਅਸਾਮ ਦੇ ਕਈ ਅਸਥਾਨਾਂ ’ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਪਟਨਾ ਇਸ ਪੱਖ ਤੋਂ ਆਪ ਦਾ ਵਿਸ਼ੇਸ਼ ਕੇਂਦਰ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਇਥੇ ਹੀ 22 ਦਸੰਬਰ 1666 ਈ. ਵਿਚ ਹੋਇਆ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਹੁਕਮਰਾਨ, ਔਰੰਗਜ਼ੇਬ ਨੇ ਹਿੰਦੂ ਜਨਤਾ ਨੂੰ ਬਹੁਤ ਤੰਗ ਕੀਤਾ ਹੋਇਆ ਸੀ। ਉਹ ਉਨ੍ਹਾਂ ਦਾ ਜ਼ਬਰਦਸਤੀ ਧਰਮ-ਪਰਿਵਰਤਨ ਕਰਵਾ ਰਿਹਾ ਸੀ। ਧਰਮ-ਪਰਿਵਰਤਨ ਲਈ ਉਸ ਨੇ ਕਸ਼ਮੀਰ ਨੂੰ ਵਿਸ਼ੇਸ਼ ਤੌਰ ’ਤੇ ਕੇਂਦਰ ਚੁਣਿਆ। ਕਸ਼ਮੀਰੀ ਪੰਡਤ ਆਪਣੀ ਰੱਖਿਆ ਲਈ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿਚ ਗਏ। ਗੁਰੂ ਸਾਹਿਬ ਧਰਮ ਦੀ ਸੁਤੰਤਰਤਾ ਦੇ ਸਮਰਥਕ ਸਨ ਅਤੇ ਜਬਰੀ ਧਰਮ-ਪਰਿਵਰਤਨ ਅਤੇ ਜ਼ੁਲਮ ਨੂੰ ਰੋਕਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਸਨ। ਜਦੋਂ ਬਾਲ ਗੋਬਿੰਦ ਰਾਇ ਜੀ ਨੇ ਪਿਤਾ ਗੁਰੂ ਜੀ ਨੂੰ ਇਸ ਅਤਿਅੰਤ ਕਠਿਨ ਹਾਲਤ ਦੇ ਰੂ-ਬ-ਰੂ ਕੁਰਬਾਨੀ ਦੇਣ ਦਾ ਸਮਰਥਨ ਕੀਤਾ ਤਾਂ ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿਣ ਕਿ ਜੇ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾ ਲਵੇ ਤਾਂ ਉਹ ਸਾਰੇ ਵੀ ਮੁਸਲਮਾਨ ਬਣ ਜਾਣਗੇ। ਔਰੰਗਜ਼ੇਬ ਨੇ ਇਹ ਸ਼ਰਤ ਪ੍ਰਵਾਨ ਕਰ ਲਈ। ਗੁਰੂ ਸਾਹਿਬ ਇਸ ਆਸ਼ੇ ਲਈ 1674 ਈ. ਨੂੰ ਅਨੰਦਪੁਰ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋ ਗਏ। ਰਾਹ ਵਿਚ ਪ੍ਰਚਾਰ ਕਰਦਿਆਂ ਕਾਫੀ ਸਮਾਂ ਲੱਗ ਗਿਆ। ਬਾਅਦ ਵਿਚ ਔਰੰਗਜ਼ੇਬ ਨੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਤੇ ਆਗਰੇ ਪਹੁੰਚ ਕੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।

ਗੁਰੂ ਸਾਹਿਬ ਨੂੰ ਪਹਿਲਾਂ ਧਰਮ-ਪਰਿਵਰਤਨ ਲਈ ਜ਼ੋਰ ਦਿੱਤਾ ਗਿਆ। ਫਿਰ ਗੁਰੂ ਸਾਹਿਬ ਨੂੰ ਭੈ-ਭੀਤ ਕਰਨ ਲਈ ਉਨ੍ਹਾਂ ਦੇ ਤਿੰਨ ਸਿੱਖਾਂ ਭਾਈ ਮਤੀ ਦਾਸ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਨੂੰ ਕ੍ਰਮਵਾਰ ਆਰੇ ਨਾਲ ਚੀਰ ਕੇ, ਦੇਗ ਵਿਚ ਉਬਾਲ ਕੇ ਅਤੇ ਰੂੰ ਵਿਚ ਲਪੇਟ ਕੇ ਅੱਗ ਲਗਾ ਦਿੱਤੀ ਪਰ ਗੁਰੂ ਸਾਹਿਬ ਫਿਰ ਵੀ ਅਡੋਲ ਰਹੇ। ਅੰਤ 11 ਮੱਘਰ, ਨਾਨਕਸ਼ਾਹੀ 207 (11 ਨਵੰਬਰ 1675 ਈ.) ਨੂੰ ਚਾਂਦਨੀ ਚੌਂਕ ਵਿਖੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਖੜ੍ਹੇ ਸਨ, ਉਥੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਤਲਵਾਰ ਨਾਲ ਧੜ ਤੋਂ ਜੁਦਾ ਕਰ ਦਿੱਤਾ ਗਿਆ। ਸ਼ਹੀਦੀ ਸਾਕਾ ਹੁੰਦਿਆਂ ਹੀ ਉਹ ਗਰਦ ਗੁਬਾਰ, ਤੂਫ਼ਾਨ ਉੱਠਿਆ ਕਿ ਕਿਸੇ ਨੂੰ ਕੁਝ ਨਾ ਸੁੱਝਿਆ, ਸਭ ਪਾਸੇ ਹਾਹਾਕਾਰ ਮੱਚ ਗਈ। ਉਥੋਂ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦੇ ਸੀਸ ਨੂੰ ਕੀਰਤਪੁਰ ਸਾਹਿਬ ਪਹੁੰਚਾਇਆ। ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਅਤੇ ਧਾਰਮਿਕ ਆਜ਼ਾਦੀ ਲਈ ਆਪਣੀ ਸ਼ਹਾਦਤ ਦੇ ਕੇ ਨਵਾਂ ਇਤਿਹਾਸ ਸਿਰਜਿਆ, ਜਿਸ ਦਾ ਕੋਈ ਵੀ ਸਾਨੀ ਨਹੀਂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਬਚਿੱਤਰ ਨਾਟਕ’ ਵਿਚ ਲਿਖਦੇ ਹਨ ਕਿ:

ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥

ਬਾਣੀ ਰਚਨਾ ਦਾ ਵੇਰਵਾ: ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਆਦਿ ਗ੍ਰੰਥ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰ ਕੇ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੋਹਰਿਆਂ ਸਹਿਤ ਆਪ ਦੇ 57 ਸਲੋਕ ਅਤੇ 59 ਪਦੇ ਹਨ। ਵੱਖ-ਵੱਖ ਰਾਗਾਂ ਵਿਚ ਰਚਿਤ ਗੁਰੂ ਸਾਹਿਬ ਦੀ ਗੁਰਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ: ਗਉੜੀ 9, ਆਸਾ 1, ਦੇਵਗੰਧਾਰੀ 3, ਬਿਹਾਗੜਾ 1, ਸੋਰਠਿ 12, ਧਨਾਸਰੀ 4, ਜੈਤਸਰੀ 3, ਟੋਡੀ 1, ਤਿਲੰਗ 3, ਬਿਲਾਵਲੁ 3, ਰਾਮਕਲੀ 3, ਮਾਰੂ 3, ਬਸੰਤੁ 5, ਸਾਰੰਗ 4, ਜੈਜਾਵੰਤੀ 4; ਕੁੱਲ 59 ਪਦੇ।

ਇਸ ਤਰ੍ਹਾਂ ਸਲੋਕਾਂ ਤੋਂ ਬਿਨਾਂ ਆਪ ਜੀ ਦੀ ਬਾਣੀ 15 ਰਾਗਾਂ ਵਿਚ ਮਿਲਦੀ ਹੈ। ਆਪ ਜੀ ਦੇ 57 ਸਲੋਕ ਰਾਗ ਰਹਿਤ ਬਾਣੀ ਹੈ ਤੇ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਅਧੀਨ ਅਖੀਰ ਵਿਚ ਦਰਜ ਹਨ।

ਬਾਣੀ ਦਾ ਰਚਨਾਕਾਲ: ਇਤਿਹਾਸਕਾਰਾਂ ਤੇ ਵਿਦਵਾਨਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ 1664 ਈ. ਤੋਂ 1675 ਈ. ਦੇ ਦਰਮਿਆਨ ਰਚੀ ਗਈ ਮੰਨੀ ਜਾਂਦੀ ਹੈ। ਇਹ ਸਮਾਂ ਗੁਰਿਆਈ ਸੰਭਾਲਣ ਤੋਂ ਸ਼ਹੀਦੀ ਤਕ ਦਾ ਹੈ।

ਰਚਨਾ ਦੀ ਵਿਚਾਰਧਾਰਾ: ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਨੰਤ ਗੁਣਾਂ ਨਾਲ ਭਰਪੂਰ ਹੈ, ਇਸ ਦਾ ਬਿਆਨ ਕਰਨਾ ਬਹੁਤ ਕਠਨ ਹੈ। ਇਸ ਵਿੱਚੋਂ ਮਨੁੱਖਤਾ, ਭਾਈਚਾਰਾ, ਆਤਮਿਕ ਗਿਆਨ ਤੇ ਵੈਰਾਗ ਦਾ ਸੁਨੇਹਾ ਮਿਲਦਾ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਵਰਤੇ ਗਏ ਅਲੰਕਾਰ ਆਮ ਜੀਵਨ ਵਿੱਚੋਂ ਚੁਣੇ ਹਨ ਤੇ ਆਸ਼ਿਆਂ ਨੂੰ ਇਸ ਤਰ੍ਹਾਂ ਸਪੱਸ਼ਟ ਕੀਤਾ ਹੈ ਕਿ ਆਮ ਸੂਝ-ਬੂਝ ਵਾਲਾ ਇਨਸਾਨ ਬਾਣੀ ਦਾ ਪੂਰਾ-ਪੂਰਾ ਲਾਭ ਉਠਾ ਲੈਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਦਰਸ਼ਨ ਤੇ ਵਿਚਾਰਧਾਰਾ ਗੁਰਮਤਿ ਵਿਚਾਰ-ਪ੍ਰਵਾਹ ਦੀ ਲੜੀ ਦੇ ਹੀ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਵਿਭਿੰਨ ਪਹਿਲੂਆਂ ਬਾਰੇ ਦਿੱਤੇ ਗਏ ਉਪਦੇਸ਼ਾਂ ਨੂੰ ਸੰਖੇਪ ਵਿਚ ਸਮਝਣ ਦਾ ਯਤਨ ਕਰਾਂਗੇ।

ਮਨ: ਮਨ ਮਨੋਵਿਗਿਆਨਕ ਅਤੇ ਆਤਮ-ਵਿਗਿਆਨ ਦਾ ਇਕ ਮਹੱਤਵਪੂਰਨ ਵਿਸ਼ਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਮਨ ਨੂੰ ਅਧਿਕਤਰ ਸੰਬੋਧਨ ਕੀਤਾ ਗਿਆ ਹੈ। ਗੁਰੂ ਸਾਹਿਬ ਅਨੁਸਾਰ ਇਸ ਮਨ ਨੂੰ ਆਸਾਨੀ ਨਾਲ ਵੱਸ ਵਿਚ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਮਨ ਵਿਚ ਕਦੇ ਨਾ ਮੁੱਕਣ ਵਾਲੀ ਚੰਚਲ, ਤ੍ਰਿਸ਼ਨਾ ਹਮੇਸ਼ਾ ਵਿਦਮਾਨ ਰਹਿੰਦੀ ਹੈ ਜਿਸ ਕਰਕੇ ਇਹ ਕਦੇ ਟਿਕ ਕੇ ਨਹੀਂ ਰਹਿੰਦਾ। ਇਸ ਮਨ ਵਿਚ ਉਪਸਥਿਤ ਕ੍ਰੋਧ ਮਨੁੱਖ ਦੇ ਸ੍ਰੇਸ਼ਟ ਗਿਆਨ ਨੂੰ ਚੁਰਾ ਲੈਂਦਾ ਹੈ ਜਿਸ ਕਰਕੇ ਗਿਆਨ ਤੋਂ ਹੀਣ ਹੋ ਕੇ ਮਨੁੱਖ ਦੀ ਮਨ ਦੇ ਸਾਹਮਣੇ ਕੋਈ ਪੇਸ਼ ਨਹੀਂ ਜਾਂਦੀ। ਸਾਰੇ ਯੋਗੀ ਤੇ ਵਿਦਵਾਨ ਇਸ ਨੂੰ ਵੱਸ ਵਿਚ ਕਰਨ ਦੇ ਜਤਨ ਕਰਦੇ ਥੱਕ ਜਾਂਦੇ ਹਨ ਪਰ ਇਹ ਮਨ ਪਰਮਾਤਮਾ ਦੇ ਦਇਆਲੂ ਹੋਣ ’ਤੇ ਹੀ ਵੱਸ ਵਿਚ ਆ ਸਕਦਾ ਹੈ। ਗੁਰ-ਸ਼ਬਦ ਹੈ:

ਸਾਧੋ ਇਹੁ ਮਨੁ ਗਹਿਓ ਨ ਜਾਈ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ॥1॥ ਰਹਾਉ॥
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ॥1॥
ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ॥
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ॥ (ਪੰਨਾ 219)

ਇਹ ਮਨ ਬੁਰੇ ਕੰਮ ਵਾਲੇ ਪਾਸੇ ਜ਼ਿਆਦਾ ਦੌੜਦਾ ਹੈ। ਚੰਗੇ ਕੰਮ ਵਾਲੇ ਪਾਸੇ ਇਸ ਨੂੰ ਬੜੀ ਮੁਸ਼ਕਿਲ ਨਾਲ ਲਗਾਉਣਾ ਪੈਂਦਾ ਹੈ। ਦਿਨੇ ਰਾਤ ਵਿਸ਼ਿਆਂ ਜਾਂ ਪਦਾਰਥਾਂ ਦੀ ਖ਼ਾਤਰ ਦੌੜਦਾ ਫਿਰਦਾ ਹੈ। ਇਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ:

ਮਾਈ ਮਨੁ ਮੇਰੋ ਬਸਿ ਨਾਹਿ॥
ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ॥1॥(ਪੰਨਾ 632)

ਗੁਰੂ ਸਾਹਿਬ ਮਨੁੱਖ-ਮਾਤਰ ਨੂੰ ਸਮਝਾਉਣ ਵਾਸਤੇ ਮਨੁੱਖੀ-ਮਨ ਦੀ ਅਵਸਥਾ ਨੂੰ ਆਪਣੇ ’ਤੇ ਢੁਕਾ ਕੇ ਬਿਆਨ ਕਰਦੇ ਹਨ ਕਿ ਇਹ ਮਨ ਰਤਾ ਭਰ ਵੀ ਮੇਰਾ ਕਿਹਾ ਨਹੀਂ ਮੰਨਦਾ। ਮੈਂ ਇਸ ਨੂੰ ਸਿੱਖਿਆ ਦੇ-ਦੇ ਕੇ ਥੱਕ ਗਿਆ ਹਾਂ, ਫਿਰ ਭੀ ਇਹ ਖੋਟੀ ਮੱਤ ਵੱਲੋਂ ਹਟਦਾ ਨਹੀਂ। ਮਾਇਆ ਦੇ ਨਸ਼ੇ ਵਿਚ ਝੱਲਾ ਹੋਇਆ ਇਹ ਮਨ ਪਰਮਾਤਮਾ ਦੀ ਸਿਫ਼ਤ-ਸਲਾਹ ਦੀ ਬਾਣੀ ਨਹੀਂ ਉਚਾਰਦਾ, ਸਗੋਂ ਵਿਖਾਵਾ ਕਰ ਕੇ ਦੁਨੀਆਂ ਨੂੰ ਠੱਗਦਾ ਰਹਿੰਦਾ ਹੈ ਤੇ ਆਪਣਾ ਪੇਟ ਭਰਦਾ ਰਹਿੰਦਾ ਹੈ। ਗੁਰੂ ਸਾਹਿਬ ਇਸ ਦੀ ਤੁਲਨਾ ਕੁੱਤੇ ਦੀ ਪੂਛ ਨਾਲ ਕਰਦੇ ਹਨ ਕਿ ਜਿਸ ਤਰ੍ਹਾਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਉਸੇ ਤਰ੍ਹਾਂ ਇਹ ਮਨ ਵੀ ਸਿੱਧਾ ਨਹੀਂ ਹੁੰਦਾ। ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ। ਗੁਰਵਾਕ ਹਨ:

ਯਹ ਮਨੁ ਨੈਕ ਨ ਕਹਿਓ ਕਰੈ॥
ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ॥1॥ ਰਹਾਉ॥
ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ॥
ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ॥1॥
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ॥
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ॥ (ਪੰਨਾ 536)

ਸ੍ਰੀ ਗੁਰੂ ਤੇਗ ਬਹਾਦਰ ਜੀ ਮਨੁੱਖੀ ਮਨ ਦੀ ਦਸ਼ਾ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਮੈਂ ਇਸ ਮਨੁੱਖੀ ਮਨ ਦੀ ਭੈੜੀ ਹਾਲਤ ਕਿਸ ਨੂੰ ਦੱਸਾਂ, ਲੋਭ ਵਿਚ ਫਸਿਆ ਹੋਇਆ ਇਹ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ। ਇਹ ਮਨ ਸੁਖ ਹਾਸਲ ਕਰਨ ਵਾਸਤੇ ਧਿਰ-ਧਿਰ ਦੀ ਖੁਸ਼ਾਮਦ ਕਰਦਾ ਫਿਰਦਾ ਹੈ ਤੇ ਇਸ ਤਰ੍ਹਾਂ ਸੁਖ ਦੇ ਥਾਂ ਸਗੋਂ ਦੁੱਖ ਸਹਾਰਦਾ ਹੈ। ਕੁੱਤੇ ਵਾਂਗ ਹਰੇਕ ਦੇ ਦਰ ’ਤੇ ਭਟਕਦਾ ਫਿਰਦਾ ਹੈ, ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਨਹੀਂ ਪੈਂਦੀ। ਗੁਰਵਾਕ ਹਨ:

ਬਿਰਥਾ ਕਹਉ ਕਉਨ ਸਿਉ ਮਨ ਕੀ॥
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ॥1॥ਰਹਾਉ॥
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥ (ਪੰਨਾ 411)

ਗੁਰੂ ਸਾਹਿਬ ਇਸ ਮਨ ਨੂੰ ਆਪਣੀ ਬਾਣੀ ਵਿਚ ਵਾਰ-ਵਾਰ ਸਮਝਾਉਂਦੇ ਹਨ ਕਿ ਹਰ ਰੋਜ਼ ਉਮਰ ਘਟ ਰਹੀ ਹੈ:

ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ॥ (ਪੰਨਾ 1427)

ਇਸ ਲਈ ਤੂੰ ਉਸ ਪਰਮਾਤਮਾ ਦੇ ਨਾਲ ਪ੍ਰੀਤ ਪਾਉਣੀ ਕਰ। ਕੰਨਾਂ ਦੇ ਨਾਲ ਉਸ ਦੇ ਗੁਣ ਸੁਣਿਆ ਕਰ ਅਤੇ ਰਸਨਾ ਨਾਲ ਪਰਮਾਤਮਾ ਦੀ ਸਿਫਤ-ਸਾਲਾਹ ਦੇ ਗੀਤ ਗਾਇਆ ਕਰ ਕਿਉਂਕਿ ਇਹ ਵੇਲਾ ਲੰਘਦਾ ਜਾ ਰਿਹਾ ਹੈ:

ਰੇ ਮਨ ਰਾਮ ਸਿਉ ਕਰਿ ਪ੍ਰੀਤਿ॥
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ॥1॥ਰਹਾਉ॥
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ॥
ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ॥1॥
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ॥
ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ॥ (ਪੰਨਾ 631)

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਵਿਚ ਮਨੁੱਖੀ ਮਨ ਦੀ ਦਸ਼ਾ ਨੂੰ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਬਿਆਨ ਕੀਤਾ ਹੈ। ਮਨ ਨੂੰ ਝਿੜਕ ਕੇ ਅਤੇ ਪਿਆਰ ਨਾਲ ਵੀ ਬੁਰਾਈਆਂ ਵੱਲੋਂ ਹੋੜਿਆ ਹੈ ਅਤੇ ਪਰਮਾਤਮਾ ਦਾ ਭਜਨ ਕਰਨ ਲਈ ਪ੍ਰੇਰਿਆ ਹੈ।

ਪਰਮਾਤਮਾ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਅੰਦਰ ਪਰਮਾਤਮਾ ਨੂੰ ਕਈ ਨਾਵਾਂ ਜਿਵੇਂ ਕਿ ਬ੍ਰਹਮ, ਹਰੀ, ਨਿਰੰਜਨੁ, ਗੋਬਿੰਦ, ਰਾਮੁ, ਪ੍ਰਭ, ਭਗਵਾਨ, ਨਾਰਾਇਣ, ਭਗਵੰਤ, ਸੁਆਮੀ, ਦੀਨਾਨਾਥ, ਚਿੰਤਾਮਨਿ, ਕਰੁਣਮੈ, ਠਾਕੁਰਿ, ਗੁਸਾਈਂ, ਰਘੁਨਾਥ, ਮੁਰਾਰੀ, ਕਨ੍ਹਾਈ ਨਾਲ ਸੰਬੋਧਿਤ ਕੀਤਾ ਹੈ। ਆਪ ਜੀ ਨੇ ਪਰਮਾਤਮਾ ਦੀ ਸਰਬਵਿਆਪਕਤਾ ਦਾ ਅਤਿ ਸੁੰਦਰ ਚਿਤਰਨ ਕਰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਫੁੱਲਾਂ ਵਿਚ ਸੁਗੰਧ ਵਿਦਮਾਨ ਰਹਿੰਦੀ ਹੈ ਅਤੇ ਸ਼ੀਸ਼ੇ ਵਿਚ ਛਾਇਆ (ਅਕਸ) ਮੌਜੂਦ ਹੁੰਦੀ ਹੈ ਉਸੇ ਤਰ੍ਹਾਂ ਹੀ ਪਰਮਾਤਮਾ ਸਾਰੇ ਜੀਵਾਂ ਦੇ ਅੰਦਰ ਇਕਰਸ ਵੱਸਦਾ ਹੈ। ਇਸ ਲਈ ਉਸ ਨੂੰ ਜੰਗਲਾਂ ਆਦਿ ਵਿਚ ਲੱਭਣ ਦੀ ਬਜਾਏ ਆਪਣੇ ਹਿਰਦੇ ਵਿੱਚੋਂ ਹੀ ਲੱਭਣਾ ਕਰੋ। ਗੁਰਵਾਕ ਹਨ:

ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥1॥ ਰਹਾਉ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥ (ਪੰਨਾ 684)

ਗੁਰੂ ਸਾਹਿਬ ਉਸ ਪਰਮਾਤਮਾ ਦੀ ਸਮਰੱਥਾ ਦਾ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਉਹ ਪਰਮਾਤਮਾ ਇਕ ਛਿਨ ਦੇ ਵਿਚ ਕੰਗਾਲ ਨੂੰ ਰਾਜਾ ਬਣਾ ਦਿੰਦਾ ਹੈ ਤੇ ਰਾਜੇ ਨੂੰ ਕੰਗਾਲ ਕਰ ਦੇਂਦਾ ਹੈ। ਉਹ ਖਾਲੀ ਭਾਂਡਿਆਂ ਨੂੰ ਭਰ ਦੇਂਦਾ ਹੈ ਤੇ ਭਰਿਆਂ ਨੂੰ ਖਾਲੀ ਕਰ ਦੇਂਦਾ ਹੈ ਭਾਵ ਕਿ ਗ਼ਰੀਬਾਂ ਨੂੰ ਅਮੀਰ ਤੇ ਅਮੀਰਾਂ ਨੂੰ ਗ਼ਰੀਬ ਬਣਾ ਦੇਂਦਾ ਹੈ। ਗੁਰਵਾਕ ਹੈ:

ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ॥
ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ॥ (ਪੰਨਾ 537)

ਸ੍ਰੀ ਗੁਰੂ ਤੇਗ ਬਹਾਦਰ ਜੀ ਅਨੁਸਾਰ ਸਾਰਾ ਜਗਤ ਭਿਖਾਰੀ ਹੈ ਤੇ ਸਾਰਿਆਂ ਦਾ ਦਾਤਾ ਕੇਵਲ ਪਰਮਾਤਮਾ ਹੀ ਹੈ। ਜੀਵਾਂ ਨੂੰ ਤਨ, ਧਨ, ਸੰਪਤੀ, ਸੁੰਦਰ ਧਾਮ ਅਤੇ ਸੁਖ ਦੁੱਖ ਦੇਣ ਵਾਲਾ ਇੱਕੋ ਪਰਮਾਤਮਾ ਹੀ ਹੈ:

ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ॥ (ਪੰਨਾ 1429)

ਇਸ ਤੋਂ ਇਲਾਵਾ ਗੁਰੂ ਸਾਹਿਬ ਅਨੁਸਾਰ ਉਹ ਪਰਮਾਤਮਾ ਪਤਿਤ ਉਧਾਰਨ, ਭਗਤ ਵਛਲ, ਮੁਕਤੀ ਪ੍ਰਦਾਤਾ, ਕਿਰਪਾਨਿਧਿ, ਦੁਖ ਹਰਤਾ, ਭੈ ਭੰਜਨ ਅਤੇ ਬਿਰਦਪਾਲ ਹੈ। ਗੁਰੂ ਸਾਹਿਬ ਨੇ ਸਾਨੂੰ ਐਸੇ ਗੁਣਾਂ ਵਾਲੇ ਪਰਮਾਤਮਾ ਦਾ ਭਜਨ ਕਰਨ ਲਈ ਵਾਰ-ਵਾਰ ਪ੍ਰੇਰਿਆ ਹੈ।

ਨਾਸ਼ਮਾਨਤਾ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚ ਜਗਤ ਦੀ ਨਾਸ਼ਮਾਨਤਾ ਦਾ ਕਈ ਵਾਰ ਚਿਤਰਨ ਕੀਤਾ ਹੋਇਆ ਹੈ। ਆਪ ਜੀ ਨੇ ਛੋਟੀ ਉਮਰੇ ਕਈ ਮੌਤਾਂ ਵੇਖੀਆਂ ਸਨ। ਆਪ 23 ਸਾਲਾਂ ਦੇ ਸਨ ਕਿ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਕਾਲ ਚਲਾਣਾ ਕਰ ਗਏ। ਦੋ ਭਰਾ ਬਾਬਾ ਅਟੱਲ ਰਾਇ ਅਤੇ ਬਾਬਾ ਅਣੀ ਰਾਇ ਵੀ ਛੋਟੀ ਉਮਰ ਵਿਚ ਹੀ ਸਰੀਰ ਛੱਡ ਗਏ। ਫੇਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਵੀ ਵਿੱਛੜਦਿਆਂ ਵੇਖਿਆ। ਪਰ ਆਪ ਜੀ ਦੁਆਰਾ ਚਿਤ੍ਰਿਤ ਨਾਸ਼ਮਾਨਤਾ ਭਾਂਜਵਾਦੀ ਨਹੀਂ ਹੈ। ਇਸ ਦਾ ਆਸ਼ਾ ਕੇਵਲ ਮੋਹ ਭੰਗ ਕਰਨਾ ਹੀ ਨਹੀਂ, ਸਗੋਂ ਆਤਮਿਕ ਪ੍ਰੇਰਨਾ ਦੇਣਾ ਵੀ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਸਰੀਰ ਸਦਾ ਥਿਰ ਰਹਿਣ ਵਾਲਾ ਨਹੀਂ ਹੈ ਜਿਸ ਨੂੰ ਅਸੀਂ ਸਦਾ ਕਾਇਮ ਰਹਿਣ ਵਾਲਾ ਸਮਝਦੇ ਹਾਂ। ਜਿਸ ਤਰ੍ਹਾਂ ਮਨੁੱਖ ਨੀਂਦ ਦੀ ਹਾਲਤ ਵਿਚ ਸੁਪਨੇ ਨੂੰ ਅਸਲੀ ਵਾਪਰ ਰਹੀ ਗੱਲ ਸਮਝਦਾ ਹੈ, ਜਿਵੇਂ ਬੱਦਲ ਦੀ ਛਾਂ ਬਹੁਤਾ ਚਿਰ ਨਹੀਂ ਠਹਿਰਦੀ, ਉਸੇ ਤਰ੍ਹਾਂ ਜਗਤ ਵਿਚ ਜੋ ਕੁਝ ਦਿੱਸ ਰਿਹਾ ਹੈ ਇਹ ਸਭ ਕੁਝ ਆਪਣੇ-ਆਪਣੇ ਸਮੇਂ ਨਾਸ਼ ਹੋ ਜਾਂਦਾ ਹੈ। ਇਸ ਕਰਕੇ ਸਾਨੂੰ ਇਸ ਵਿਚ ਲਿਪਤ ਨਹੀਂ ਹੋਣਾ ਚਾਹੀਦਾ। ਇਸ ਦੀ ਨਾਸ਼ਮਾਨਤਾ ਨੂੰ ਜਾਣਦਿਆਂ ਹੋਇਆਂ ਪਰਮਾਤਮਾ ਦੀ ਸ਼ਰਨ ਵਿਚ ਪੈਣਾ ਚਾਹੀਦਾ ਹੈ:

ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ॥1॥
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ॥
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ॥ (ਪੰਨਾ 219)

ਗੁਰੂ ਸਾਹਿਬ ਸ੍ਰਿਸ਼ਟੀ ਰਚਨਾ ਨੂੰ ਜਲ ਦੇ ਬੁਲਬੁਲੇ ਨਾਲ ਤੁਲਨਾ ਕਰਦੇ ਹੋਏ ਕਹਿੰਦੇ ਹਨ ਕਿ ਜਿਸ ਤਰ੍ਹਾਂ ਪਾਣੀ ਵਿਚ ਬੁਲਬੁਲਾ ਹਮੇਸ਼ਾ ਉਪਜਦਾ-ਬਿਨਸਦਾ ਰਹਿੰਦਾ ਹੈ ਉਸੇ ਤਰ੍ਹਾਂ ਜਗਤ ਵੀ ਉਪਜਦਾ-ਬਿਨਸਦਾ ਰਹਿੰਦਾ ਹੈ:

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥  (ਪੰਨਾ 1427)

ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਸਰੀਰ ਅਤੇ ਜਗਤ ਦੀ ਨਾਸ਼ਮਾਨਤਾ ਨੂੰ ਕਈ ਉਦਾਹਰਣਾਂ ਜਿਵੇਂ ਕਿ ਸੁਪਨੇ, ਤਮਾਸ਼ੇ, ਧੂੰਏਂ ਦੇ ਪਹਾੜ, ਬਾਰੂ ਕੀ ਭੀਤ, ਮ੍ਰਿਗ-ਤ੍ਰਿਸ਼ਨਾ ਆਦਿ ਨਾਲ ਤੁਲਨਾ ਦੇ ਕੇ ਸਮਝਾਇਆ ਹੈ। ਗੁਰੂ ਸਾਹਿਬ ਦਾ ਦ੍ਰਿਸ਼ਟੀਕੋਣ ਭਾਂਜਵਾਦੀ ਨਹੀਂ ਸੀ ਕਿਉਂਕਿ ਜਿੱਥੇ ਉਹ ਖੁਦ ਗ੍ਰਿਹਸਥੀ ਜੀਵਨ ਵਾਲੇ ਸਨ ਉਥੇ ਉਨ੍ਹਾਂ ਕਈ ਸਥਾਨਾਂ ਦੇ ਪ੍ਰਚਾਰ-ਦੌਰੇ ਕੀਤੇ ਅਤੇ ਦੂਸਰਿਆਂ ਦੀ ਧਾਰਮਿਕ ਅਜ਼ਾਦੀ ਲਈ ਕੁਰਬਾਨੀ ਵੀ ਦਿੱਤੀ। ਪਰ ਫਿਰ ਇਸ ਸਰੀਰ ਅਤੇ ਜਗਤ ਦੇ ਪਦਾਰਥਾਂ ਦੀ ਨਾਸ਼ਮਾਨਤਾ ਨੂੰ ਉਘਾੜਿਆ ਤਾਂ ਕਿ ਇਨ੍ਹਾਂ ਦੇ ਮੋਹ ਤੋਂ ਉੱਪਰ ਉੱਠਿਆ ਜਾ ਸਕੇ।

ਸੰਸਾਰਿਕ ਰਿਸ਼ਤੇ-ਨਾਤੇ: ਸੰਸਾਰਿਕ ਰਿਸ਼ਤੇ-ਨਾਤੇ ਗੁਰੂ ਸਾਹਿਬ ਅਨੁਸਾਰ ਥੋੜ੍ਹ-ਚਿਰੇ ਹੁੰਦੇ ਹਨ। ਮਾਤਾ, ਪਿਤਾ, ਪੁੱਤਰ, ਭਾਈ ਅਤੇ ਘਰ ਦੀ ਨਾਰ ਆਦਿ ਦੇ ਰਿਸ਼ਤਿਆਂ ਦਾ ਸਥਿਤੀ ਕਾਲ-ਸੀਮਤ ਹੈ, ਇਹ ਸਭ ਰਿਸ਼ਤੇ ਜੀਵਨ ਕਾਲ ਤਕ ਹੀ ਵਿਦਮਾਨ ਹੁੰਦੇ ਹਨ। ਦੇਹ-ਤਿਆਗ ਉਪਰੰਤ ਕੋਈ ਵੀ ਸਾਥ ਨਹੀਂ ਨਿਭਦਾ। ਗੁਰਵਾਕ ਹਨ:

ਸਭ ਕਿਛੁ ਜੀਵਤ ਕੋ ਬਿਵਹਾਰ॥
ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ॥1॥ ਰਹਾਉ॥
ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ॥
ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ॥ (ਪੰਨਾ 536)

ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਭਾਈ! ਪਰਮਾਤਮਾ ਤੋਂ ਬਿਨਾਂ ਤੇਰਾ ਹੋਰ ਕੋਈ ਭੀ ਸਹਾਇਤਾ ਕਰਨ ਵਾਲਾ ਨਹੀਂ ਹੈ। ਹੇ ਭਾਈ! ਕੌਣ ਕਿਸੇ ਦੀ ਮਾਂ? ਕੌਣ ਕਿਸੇ ਦਾ ਪਿਉ? ਕੌਣ ਕਿਸੇ ਦਾ ਪੁੱਤਰ? ਕੌਣ ਕਿਸੇ ਦੀ ਵਹੁਟੀ? ਜਦੋਂ ਸਰੀਰ ਨਾਲੋਂ ਸਾਥ ਮੁੱਕ ਜਾਂਦਾ ਹੈ ਤਦੋਂ ਕੌਣ ਕਿਸੇ ਦਾ ਭਰਾ ਬਣਦਾ ਹੈ? ਕੋਈ ਨਹੀਂ। ਕੋਈ ਵੀ ਨਾਲ ਨਹੀਂ ਤੁਰਦਾ। ਗੁਰਵਾਕ ਹਨ:

ਹਰਿ ਬਿਨੁ ਤੇਰੋ ਕੋ ਨ ਸਹਾਈ॥
ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ॥1॥ ਰਹਾਉ॥
ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ॥
ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ॥ (ਪੰਨਾ 1231)

ਜਿਨ੍ਹਾਂ ਨਾਲ ਮਨੁੱਖ ਸਾਰੀ ਉਮਰ ਪਿਆਰ ਕਰਦਾ ਰਹਿੰਦਾ ਹੈ, ਜਦੋਂ ਜਿੰਦ ਸਰੀਰ ਵਿੱਚੋਂ ਵੱਖ ਹੁੰਦੀ ਹੈ, ਤਦੋਂ ਉਹ ਸਾਰੇ ਰਿਸ਼ਤੇਦਾਰ ਉਸ ਦੇ ਸਰੀਰ ਨੂੰ ਅੱਗ ਵਿਚ ਪਾ ਦਿੰਦੇ ਹਨ। ਇਸ ਲਈ ਹੇ ਮਨ! ਜਗਤ ਨੂੰ ਤੂੰ ਇਉਂ ਹੀ ਸਮਝ ਕਿ ਇਥੇ ਜ਼ਿੰਦਗੀ ਤਕ ਹੀ ਵਰਤਣ-ਵਿਹਾਰ ਰਹਿੰਦਾ ਹੈ। ਉਂਞ ਇਹ ਸਾਰਾ ਸੁਪਨੇ ਵਾਂਗ ਹੀ ਹੈ। ਇਸ ਵਾਸਤੇ ਹੇ ਭਾਈ! ਜਦ ਤਕ ਜਿਊਂਦਾ ਹੈਂ ਪਰਮਾਤਮਾ ਦੇ ਗੁਣ ਗਾਉਂਦਾ ਰਹੁ। ਗੁਰਵਾਕ ਹੈ:

ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ॥
ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ॥1॥
ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ॥
ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ॥ (ਪੰਨਾ 726-27)

ਗੁਰੂ ਸਾਹਿਬ ਕਹਿੰਦੇ ਹਨ ਕਿ ਸੁਖ ਦੇ ਵਿਚ ਤਾਂ ਸਾਰੇ ਨੇੜੇ-ਨੇੜੇ ਢੁੱਕ ਕੇ ਬੈਠਦੇ ਹਨ ਪਰ ਜਦੋਂ ਕੋਈ ਬਿਪਤਾ ਪੈ ਜਾਂਦੀ ਹੈ ਤਾਂ ਸਾਰੇ ਹੀ ਸਾਥ ਛੱਡ ਜਾਂਦੇ ਹਨ, ਫਿਰ ਕੋਈ ਵੀ ਨੇੜੇ ਨਹੀਂ ਢੁੱਕਦਾ। ਸਾਰਾ ਸੰਸਾਰ ਆਪਣੇ ਹੀ ਸੁਖ ਨਾਲ ਬੱਝਾ ਹੋਇਆ ਹੈ। ਕੋਈ ਵੀ ਕਿਸੇ ਦਾ ਤੋੜ ਨਿਭਣ ਵਾਲਾ ਸਾਥੀ ਨਹੀਂ। ਗੁਰਵਾਕ ਹਨ:

ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ॥
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ॥ (ਪੰਨਾ 634)

ਜੀਵਨ-ਮੁਕਤੀ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਾਣੀ ਵਿਚ ਜੀਵਨ ਮੁਕਤ ਮਨੁੱਖ ਦਾ ਚਿਤਰਨ ਬਹੁਤ ਸਪੱਸ਼ਟ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਹੋਇਆ ਹੈ। ਸਤਿਗੁਰ ਜੀ ਅਨੁਸਾਰ ਜਿਸ ਮਨੁੱਖ ਦੇ ਮਨ ਨੂੰ ਉਸਤਤਿ ਤੇ ਨਿੰਦਾ ਡੁਲ੍ਹਾ ਨਹੀਂ ਸਕਦੀ, ਜਿਸ ਲਈ ਸੋਨਾ ਤੇ ਲੋਹਾ ਇੱਕੋ ਜਿਹੇ ਹਨ ਭਾਵ ਜੋ ਲਾਲਚ ਵਿਚ ਨਹੀਂ ਫਸਦਾ ਸਮਝੋ ਕਿ ਉਹ ਮਨੁੱਖ ਮੁਕਤ ਹੈ। ਗੁਰਵਾਕ ਹਨ:

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ (ਪੰਨਾ 1427)

ਇਸ ਤੋਂ ਇਲਾਵਾ ਜਿਸ ਮਨੁੱਖ ਦੇ ਹਿਰਦੇ ਵਿਚ ਖੁਸ਼ੀ, ਗ਼ਮੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਜਿਸ ਲਈ ਵੈਰੀ ਤੇ ਮਿੱਤਰ ਇੱਕੋ ਜਿਹੇ ਹੀ ਜਾਪਦੇ ਹਨ, ਉਹ ਮਨੁੱਖ ਮੁਕਤ ਅਵਸਥਾ ਦਾ ਧਾਰਨੀ ਹੈ। ਗੁਰਵਾਕ ਹੈ:

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ (ਪੰਨਾ 1427)

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫ਼ਰਮਾਉਂਦੇ ਹਨ ਕਿ ਜਿਸ ਮਨੁੱਖ ਨੇ ਸਿਰਜਣਹਾਰ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਕੇ ਆਪਣੇ ਅੰਦਰੋਂ ਹਉਮੈ ਤਿਆਗ ਦਿੱਤੀ ਹੈ, ਸੱਚ ਇਓਂ ਕਿ ਉਹੀ ਮਨੁੱਖ ਹੀ ਅਸਲ ਵਿਚ ਮੁਕਤ ਹੈ। ਗੁਰੂ ਸਾਹਿਬ ਨੇ ਮੁਕਤੀ ਦੇ ਸਬੰਧ ਵਿਚ ਸਲੋਕਾਂ ਤੋਂ ਇਲਾਵਾ ਆਪਣੇ ਸ਼ਬਦਾਂ ਵਿਚ ਵੀ ਬਿਆਨ ਕੀਤਾ ਹੈ ਅਤੇ ਸਮੁੱਚੇ ਰੂਪ ਵਿਚ ਇਸ ਅਵਸਥਾ ਦੀ ਪ੍ਰਾਪਤੀ ਲਈ ਸਾਨੂੰ ਉਪਦੇਸ਼ ਕੀਤਾ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਵਿਚ ਉਪਰੋਕਤ ਵਰਣਿਤ ਵਿਸ਼ਿਆਂ ਤੋਂ ਇਲਾਵਾ ਮਾਇਆ, ਨਿਰਬਾਨ ਪਦ, ਨਿਰਭੈ ਪਦ, ਗੁਰੂ, ਸਾਧ ਸੰਗਤ, ਗਿਆਨ, ਸੁਖ ਦਾ ਸੰਕਲਪ, ਕਰਮਕਾਂਡ, ਕੱਚੀ ਅਤੇ ਸੱਚੀ ਪ੍ਰੀਤ ਆਦਿ ਵਿਸ਼ਿਆਂ ’ਤੇ ਵੀ ਚਾਨਣਾ ਪਾ ਕੇ ਇਨ੍ਹਾਂ ਦੀ ਅਸਲੀਅਤ ਨੂੰ ਸਾਹਮਣੇ ਰੱਖਿਆ ਹੈ। ਗੁਰੂ ਜੀ ਦੀ ਪਵਿੱਤਰ ਬਾਣੀ ਵਿਚ ਵਰਤੇ ਗਏ ਅਲੰਕਾਰਾਂ, ਬਿੰਬਾਂ ਅਤੇ ਰਸਾਂ ਦੁਆਰਾ ਜੀਵਨ ਦੇ ਮਹੱਤਵਪੂਰਨ ਵਿਚਾਰਾਂ ਨੂੰ ਬੜੇ ਸੁਖਾਵੇਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਇਆ ਗਿਆ ਹੈ। ਆਪ ਜੀ ਦੀ ਬਾਣੀ ਵਿਚ ਬਹੁਤ ਵਾਰੀ ਮਨ ਨੂੰ ਹੀ ਸੰਬੋਧਨ ਕੀਤਾ ਗਿਆ ਹੈ ਕਿਉਂਕਿ ਲੋਕਾਂ ਦਾ ਮਨ ਜੋ ਵਿਕਾਰਾਂ, ਸੁਆਰਥਾਂ ਤੇ ਪਦਾਰਥਾਂ ਵਿਚ ਖੁਭਿਆ ਹੋਇਆ ਸੀ ਉਸ ਨੂੰ ਬਦਲਣ ਅਤੇ ਉਚੇਰੇ ਲਕਸ਼ ਵੱਲ ਲਗਾਉਣ ਦੀ ਲੋੜ ਸੀ। ਇਹ ਸੰਬੋਧਨ ਉੱਤਮ ਪੁਰਖ ਵਿਚ ਹੈ। ਪਰ ‘ਨਿਜ’ ਦਾ ਇਹ ਸੰਬੋਧਨ ‘ਪਰ’ ਲਈ ਹੈ।

ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਮਨੁੱਖ ਵਿਚ ਉਤਸ਼ਾਹ ਭਰ, ਮਨ ਨੂੰ ਤਕੜਿਆਂ ਕਰ ਹਿਰਦਾ ਹਿਲਾ ਦਿੰਦੀ ਹੈ। ਪ੍ਰੋਫੈਸਰ ਪੂਰਨ ਸਿੰਘ ਅਨੁਸਾਰ, “ਉਨ੍ਹਾਂ ਦੀ ਬਾਣੀ ਵਿਚ ਮਿੱਠੀ ਕਸਕ, ਮਧੁਰ ਰਾਗ ਅਤੇ ਸੁਰਾਂ ਦਰਸਾਉਣ ਵਾਲੀ ਸ਼ਕਤੀ ਹੈ।” ਉਨ੍ਹਾਂ ਦੇ ਜੀਵਨ, ਸ਼ਖਸੀਅਤ ਅਤੇ ਬਾਣੀ ਨੂੰ ਪੂਰਨ ਤੌਰ ’ਤੇ ਬਿਆਨ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਹਾਇਕ ਰੀਸਰਚ ਸਕਾਲਰ -ਵਿਖੇ: ਸਿੱਖ ਇਤਿਹਾਸ ਰੀਸਰਚ ਬੋਰਡ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)