editor@sikharchives.org

ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਮਹਾਨ ਸ਼ਹੀਦ-ਬਾਬਾ ਗੁਰਬਖਸ਼ ਸਿੰਘ ਜੀ

ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੀਲ (ਅੰਮ੍ਰਿਤਸਰ) ਮਾਝੇ ਦੇ ਵਸਨੀਕ ਸਨ ਅਤੇ ਇਨ੍ਹਾਂ ਨੇ ਭਾਈ ਮਨੀ ਸਿੰਘ ਜੀ ਹੱਥੋਂ ਅੰਮ੍ਰਿਤ ਛਕਿਆ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਦਸੰਬਰ 1764 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉੱਪਰ ਸਤਵਾਂ ਹਮਲਾ ਕੀਤਾ। ਅਸਲ ਵਿਚ ਉਸ ਨੇ ਇਸ ਵੇਰ ਨਜੀਬੇ ਰੁਹੇਲੇ ਦੀ ਮਦਦ ਲਈ ਦਿੱਲੀ ਜਾਣਾ ਸੀ, ਕਿਉਂਕਿ ਉਹ ਉਥੇ ਘਿਰ ਚੁੱਕਾ ਸੀ। ਜਵਾਹਰ ਸਿੰਘ ਭਗਤਪੁਰੀਏ ਨੇ ਦਿੱਲੀ ਉੱਤੇ ਹਮਲਾ ਕਰਨ ਅਤੇ ਇਸ ਤਰ੍ਹਾਂ ਆਪਣੇ ਪਿਤਾ ਦੀ ਮੌਤ ਦੀ ਨਜੀਬ-ਉਦ-ਦੌਲਾ ਤੋਂ ਬਦਲਾ ਲੈਣ ਲਈ ਖਾਲਸਾ ਜੀ ਤੋਂ ਅਤੇ ਮਰਾਠਿਆਂ ਤੋਂ ਵੀ ਸਹਾਇਤਾ ਮੰਗੀ। ਮਰਾਠਿਆਂ ਦਾ ਸਰਦਾਰ ਮਲਹਾਰ ਰਾਓ ਹੁਲਕਰ ਤਾਂ ਖੜ੍ਹਾ ਤਮਾਸ਼ਾ ਹੀ ਦੇਖਦਾ ਰਿਹਾ ਪਰ ਦਲ ਖਾਲਸਾ ਦਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ 15 ਹਜ਼ਾਰ ਸਿੰਘਾਂ ਸਮੇਤ ਜਵਾਹਰ ਸਿੰਘ ਦੀ ਮਦਦ ’ਤੇ ਸੀ। ਨਜੀਬ-ਉਦ-ਦੌਲਾ ਨੇ ਆਪਣੇ ਆਪ ਨੂੰ ਮੁਸੀਬਤ ਵਿਚ ਘਿਰੇ ਦੇਖ ਅਬਦਾਲੀ ਵੱਲ ਸੁਨੇਹਾ ਭੇਜ ਦਿੱਤਾ ਸੀ। ਅਬਦਾਲੀ ਨੂੰ ਇਹ ਭੀ ਖ਼ਬਰਾਂ ਮਿਲ ਚੁੱਕੀਆਂ ਸਨ ਕਿ ਸਿੰਘਾਂ ਨੇ ਪੰਜਾਬ ਵਿਚ ਦੁਰਾਨੀਆਂ ਨੂੰ ਹੂੰਝਾ ਫੇਰ ਦਿੱਤਾ ਹੈ। ਸਿੰਘਾਂ ਨੇ ਸਰਹੰਦ ਉੱਪਰ ਕਬਜ਼ਾ ਕਰ ਲਿਆ ਸੀ। ਕਾਬਲੀ ਮੱਲ ਨੇ ਲਾਹੌਰ ਖਾਲਸਾ ਜੀ ਦੀ ਈਨ ਮੰਨ ਲਈ ਸੀ, ਜਹਾਨ ਖ਼ਾਨ ਅਤੇ ਸਰਬਲੰਦ ਖ਼ਾਨ ਸਿਆਲਕੋਟ ਅਤੇ ਰੁਹਤਾਸ ਵਿਚ ਸਿੰਘਾਂ ਪਾਸੋਂ ਬੁਰੀ ਮਾਰ ਖਾ ਚੁੱਕੇ ਸਨ। ਇਨ੍ਹਾਂ ਸਾਰੇ ਹਲਾਤ ਨੂੰ ਮੁੱਖ ਰੱਖ ਕੇ ਅਬਦਾਲੀ ਨੇ ਆਪਣੇ ਨਾਲ ਕਲਾਤ ਦੇ ਬਲੋਚ ਹਾਕਮ ਮੌਰ ਨਸੀਰ ਖਾਨ ਨੂੰ ਲਿਆ ਅਤੇ ਸਿੰਘਾਂ ਵਿਰੁੱਧ ਜਹਾਦ ਦਾ ਨਾਹਰਾ ਦਿੰਦੇ ਹਿੰਦੁਸਤਾਨ ਉੱਪਰ ਆਪਣਾ ਸਤਵਾਂ ਹਮਲਾ ਬੋਲ ਦਿੱਤਾ।

ਇਸ ਵੇਲੇ ਸਿੱਖ ਸਰਦਾਰ ਵੱਖ-ਵੱਖ ਮੁਹਿੰਮਾਂ ਉੱਪਰ ਚੜ੍ਹੇ ਹੋਏ ਸਨ ਅਤੇ ਕੇਂਦਰੀ ਪੰਜਾਬ ਸਿੰਘਾਂ ਤੋਂ ਲੱਗਭਗ ਖਾਲੀ ਹੀ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਵਾਹਰ ਸਿੰਘ ਦੀ ਸਹਾਇਤਾ ਲਈ ਦਿੱਲੀ ਸੀ। ਭੰਗੀ ਸਰਦਾਰ ਸਾਂਦਲ ਬਾਰ ਦੇ ਇਲਾਕੇ ਵੱਲ ਸਨ। ਕੇਵਲ ਸਰਦਾਰ ਚੜ੍ਹਤ ਸਿੰਘ ਹੀ ਸਿਆਲਕੋਟ ਸੀ ਅਤੇ ਉਸ ਨੇ ਜਦ ਅਬਦਾਲੀ ਦੇ ਲਾਹੌਰ ਪਹੁੰਚਣ ਦੀ ਖ਼ਬਰ ਸੁਣੀ ਤਾਂ ਇਕਦਮ ਅਚਾਨਕ ਅਬਦਾਲੀ ਦੇ ਕੈਂਪ ’ਤੇ ਹਮਲਾ ਬੋਲ ਦਿੱਤਾ। ਹਮਲਾ ਇੰਨਾ ਤੇਜ ਅਤੇ ਸਖ਼ਤ ਸੀ ਕਿ ਦੁਰਾਨੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ। ਇਸ ਤਰ੍ਹਾਂ ਸਰਦਾਰ ਚੜ੍ਹਤ ਸਿੰਘ, ਅਬਦਾਲੀ ਨਾਲ ਇਕ ਸਫ਼ਲ ਟੱਕਰ ਲੈ ਕੇ, ਫਿਰ ਕਿਸੇ ਮੌਕੇ ਦੀ ਤਾੜ ਲਈ ਇਕ ਪਾਸੇ ਹਟ ਗਿਆ।

ਅਬਦਾਲੀ ਨੂੰ ਖ਼ਬਰ ਮਿਲੀ ਕਿ ਸਿੰਘ ਅੰਮ੍ਰਿਤਸਰ ਵੱਲ ਗਏ ਹਨ। ਸਿੰਘਾਂ ਦਾ ਪਿੱਛਾ ਕਰਨ ਲਈ ਉਸ ਨੇ ਅੰਮ੍ਰਿਤਸਰ ਵੱਲ ਧਾਈ ਕੀਤੀ। ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਚ ਇਸ ਵੇਲੇ ਕੇਵਲ ਤੀਹ ਕੁ ਸਿੰਘ ਹੀ ਸਨ ਅਤੇ ਇਨ੍ਹਾਂ ਦੇ ਜਥੇਦਾਰ ਸਨ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ। ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੀਲ (ਅੰਮ੍ਰਿਤਸਰ) ਮਾਝੇ ਦੇ ਵਸਨੀਕ ਸਨ ਅਤੇ ਇਨ੍ਹਾਂ ਨੇ ਭਾਈ ਮਨੀ ਸਿੰਘ ਜੀ ਹੱਥੋਂ ਅੰਮ੍ਰਿਤ ਛਕਿਆ ਸੀ। ਪੱਕੇ ਨਿਤਨੇਮੀ, ਰਹਿਤ ਮਰਯਾਦਾ ਵਿਚ ਪਰਪੱਕ ਅਤੇ ਜਿਧਰ ਵੀ ਕਿਧਰੇ ਜੰਗ-ਯੁੱਧ ਹੁੰਦਾ, ਹਮੇਸ਼ਾਂ ਮੂਹਰੇ ਹੋ ਡਟਦੇ ਸਨ।

ਅਬਦਾਲੀ ਦੇ ਸ੍ਰੀ ਦਰਬਾਰ ਸਾਹਿਬ ਉੱਪਰ ਹਮਲੇ ਦੀ ਖ਼ਬਰ ਸੁਣਦਿਆਂ ਹੀ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਅਤੇ ਉਸ ਦੇ ਤੀਹ ਸਾਥੀਆਂ ਨੇ ਵੀ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਤਿਆਰੀ ਅਰੰਭ ਦਿੱਤੀ। ਉਹ ਸਾਰੇ ਸਨਮੁਖ ਸ਼ਹੀਦੀਆਂ ਪ੍ਰਾਪਤ ਕਰਨ ਦੀਆਂ ਅਰਜ਼ੋਈਆਂ ਕਰ ਰਹੇ ਸਨ। ਕਿਸੇ ਨੇ ਨੀਲਾ ਬਾਣਾ ਸਜਾਇਆ ਤੇ ਕਿਸੇ ਸਫੈਦ ਤੇ ਕਿਸੇ ਕੇਸਰੀ-

ਕਿਸੈ ਪੁਸ਼ਾਕ ਥੀ ਨੀਲੀ ਸਜਾਈ।
ਕਿਨੈ ਸੇਤ ਕਿਸੈ ਕੇਸਰੀ ਰੰਗਵਾਈ। 35॥

ਇਨ੍ਹਾਂ ਸਭ ਸਿੰਘਾਂ ਨੇ ਆਪਣੇ ਸ਼ਸਤਰ-ਬਸਤਰ ਸਜਾ ਲਏ। ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲਿਆ। ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਇਹ ਸਭ ਤਿਆਰੀਆਂ ਇਕ ਵਿਆਹ ਦੀ ਤਰ੍ਹਾਂ ਕੀਤੀਆਂ ਗਈਆਂ।

ਭਾਈ ਰਤਨ ਸਿੰਘ (ਭੰਗੂ) ਲਿਖਦੇ ਹਨ-

ਪੰਜ ਪੌੜੀ ਸਿੰਘ ਅਨੰਦ ਪੜ੍ਹਾਯੋ,
ਗੁਰ ਗਣੇਸ਼ ਜਿਮ ਗ੍ਰੰਥ ਪੁਜਾਯੋ।
ਬਿਆਹਿ ਵਾਂਗ ਕੀਯੋ ਜੱਗ ਉਛਾਹਿ,
ਸਿੰਘਨ ਬਹਾਇ ਖੁਲਾਯੋ ਕੜਾਹਿ॥38॥

ਇਸ ਤਰ੍ਹਾਂ ਪੂਰੀ ਤਿਆਰੀ ਕਰਕੇ ਅਕਾਲ ਬੁੰਗੇ ਤੋਂ ਉਤਰ ਕੇ ਬਾਬਾ ਗੁਰਬਖਸ਼ ਸਿੰਘ ਜੀ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ-

ਕਰ ਕੰਗਨੋ, ਸਿਰ ਸੇਹਰੋ ਮੋਢੇ ਧਰ ਤਲਵਾਰ।
ਤਖਤੋਂ ਉਤਰ ਨਿਹੰਗ ਸਿੰਘ ਪੂਜਣ ਚਲਯੋ ਦਰਬਾਰ॥43॥

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ, ਚਾਰ ਪਰਦੱਖਣਾ ਕੀਤੀਆਂ ਅਤੇ ਫਿਰ ਸਿੰਘਾਂ ਇਹ ਅਰਦਾਸ ਕੀਤੀ-

ਹਰਿਮੰਦਰ ਕੇ ਹਜੂਰ ਇਮ ਖੜ ਕਰ ਕਰੀ ਅਰਦਾਸ।
ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਸ॥48॥ (ਉਹੀ)

ਇਤਨੇ ਨੂੰ ਅਬਦਾਲੀ ਦੀਆਂ ਫੌਜਾਂ ਪ੍ਰਕਰਮਾਂ ਨੇੜੇ ਪਹੁੰਚ ਗਈਆਂ। ਸਿੰਘ ਤੀਹ ਪ੍ਰੰਤੂ ਅਬਦਾਲੀ ਦੀਆਂ ਫੌਜਾਂ ਦੀ ਗਿਣਤੀ ਛੱਤੀ ਹਜ਼ਾਰ ਸੀ, ਸਿੰਘ ਜਿਸ ਪਾਸੇ ਵੀ ਪੈਂਦੇ, ਦੁਸ਼ਮਣਾਂ ਦੀਆਂ ਸਫ਼ਾਂ ਵਿਹਲੀਆਂ ਕਰੀ ਜਾਂਦੇ। ਇਸ ਤਰ੍ਹਾਂ ਉਹ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਦੁਸ਼ਮਣ ਨਾਲ ਲੋਹਾ ਲੈਂਦੇ ਇਕ ਦੂਸਰੇ ਤੋਂ ਅੱਗੇ ਹੋ ਕੇ ਸ਼ਹੀਦ ਹੁੰਦੇ ਗਏ। ਨਿਹੰਗ ਸਿੰਘ, ਬਾਬਾ ਗੁਰਬਖਸ਼ ਸਿੰਘ ਜੀ ਸਭ ਨੂੰ ਹੌਂਸਲਾ ਦੇ ਰਹੇ ਸਨ ਅਤੇ ਅੱਗੇ ਹੀ ਅੱਗੇ ਹੋ ਲੜਨ ਦੀ ਪ੍ਰੇਰਨਾ ਕਰ ਰਹੇ ਸਨ। ਇਸ ਪ੍ਰੇਰਨਾ ਸਦਕਾ ਉਹ ਸ਼ਹੀਦ ਹੋ ਜਾਂਦੇ, ਪਰ ਉਨ੍ਹਾਂ ਦੇ ਪੈਰ ਅੱਗੇ ਹੀ ਅੱਗੇ ਜਾਂਦੇ ਹਨ-

ਪਗ ਆਗੈ ਪਤ ਊਬਰੇ ਪਗ ਪਾਛੈ ਪਤ ਜਾਇ।
ਬੈਰੀ ਖੰਡੈ ਸਿਰ ਧਰੈ, ਫਿਰ ਕਯਾ ਤਕਨ ਸਹਾਇ॥58॥

ਦੁਰਾਨੀਆਂ ਦੇ ਸਰੀਰ ਸੰਜੋਆਂ ਵਿਚ ਢੱਕੇ ਹੋਏ ਸਨ, ਇਧਰ ਸਿੰਘਾਂ ਪਾਸ ਸਰੀਰ ਢੱਕਣ ਲਈ ਪੂਰੇ ਬਸਤਰ ਵੀ ਨਹੀਂ ਸਨ। ਉਨ੍ਹਾਂ ਪਾਸ ਲੰਮੀ ਮਾਰ ਕਰਨ ਵਾਲੇ ਹਥਿਆਰ, ਤੀਰ, ਬੰਦੂਕ ਆਦਿ ਸਨ। ਸਿੰਘਾਂ ਪਾਸ ਤੇਗਾਂ ਤੇ ਬਰਛੇ ਹੀ ਸਨ ਪਰ ਸਿੰਘਾਂ ਦੇ ਮਨਾਂ ਵਿਚ ਆਪਣੇ ਪਵਿੱਤਰ ਅਸਥਾਨ ਦੀ ਰੱਖਿਆ ਲਈ ਇਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦ ਹੋਣ ਦਾ ਚਾਅ ਸੀ-

ਆਪ ਬਿਚ ਤੇ ਕਰੇ ਕਰਾਰ, ਤੁਹਿ ਤੇ ਅਗੇ ਮੈਂ ਹੋਗੁ ਸਿਧਾਰ॥52॥

ਸਿੰਘਾਂ ਦੇ ਇਸ ਜੋਸ਼ ਨੇ ਦੁਸ਼ਮਣ ਦੇ ਕੰਨੀਂ ਹੱਥ ਲੁਆ ਦਿੱਤੇ। ਜਦ ਕਾਫ਼ੀ ਸਿੰਘ ਸ਼ਹੀਦ ਹੋ ਗਏ ਤਾਂ ਬਾਬਾ ਗੁਰਬਖਸ਼ ਸਿੰਘ ਆਪ ਤੇਗਾ ਲੈ ਕੇ ਵੈਰੀ ਦੇ ਸਿਰ ਜਾ ਧਮਕੇ। ਸਰੀਰਾਂ ਨੂੰ ਸੰਜੋਆਂ ਸਹਿਤ ਚੀਰਦੇ ਵੈਰੀ ਦੀਆਂ ਸਫ਼ਾਂ ਵਿਹਲੀਆਂ ਕਰਦੇ ਗਏ। ਵੈਰੀ ਢਾਲ ਦਾ ਆਸਰਾ ਲੈਂਦੇ ਸਨ, ਪਰ ਸਿੰਘ ਜੀ ਨੇ ਢਾਲ ਵੀ ਛੱਡ ਦਿੱਤੀ, ‘ਮੂੰਹ ਲੁਕਾ ਕੇ ਨਹੀਂ ਹੁਣ ਸਨਮੁਖ ਹੋ ਲੜਨਾ ਹੈ।’ ਗਿਲਜ਼ੇ ਹੁਣ ਦੂਰੋਂ ਹੀ ਗੋਲੀਆਂ ਜਾਂ ਤੀਰਾਂ ਨਾਲ ਲੜ ਰਹੇ ਸਨ, ਨੇੜੇ ਆਉਣ ਦੀ ਜੁਰਅੱਤ ਨਹੀਂ ਸਨ ਕਰ ਰਹੇ।

ਬਾਬਾ ਗੁਰਬਖਸ਼ ਸਿੰਘ ਜੀ ਐਨ ਮੈਦਾਨ ਵਿਚ ਪੁੱਜ ਕੇ ਲੜ ਰਹੇ ਸਨ। ਵੈਰੀ ਦੇ ਤੀਰ ਉਨ੍ਹਾਂ ਦੇ ਸਰੀਰ ਨੂੰ ਚੀਰੀ ਜਾਂਦੇ। ਅਣਗਿਣਤ ਜ਼ਖ਼ਮ ਅਤੇ ਸਰੀਰ ਵਿਚੋਂ ਖ਼ੂਨ ਇਵੇਂ ਚੋ ਰਿਹਾ ਸੀ, ਜਿਵੇਂ ਕੋਹਲੂ ਵਿੱਚੋਂ ਪਰਨਾਲੇ ਛੁੱਟ ਰਹੇ ਹੋਣ ਜਾਂ ਜਿਵੇਂ ਵੱਡੀ ਮਸ਼ਕ ਵਿਚ ਛੇਕ ਹੋਏ ਹੋਣ ਤੇ ਉਸ ਵਿੱਚੋਂ ਚਾਰੇ ਪਾਸੀਂ ਫੁਹਾਰੇ ਛੁੱਟ ਰਹੇ ਹੋਣ-

ਜਨੁ ਬਡ ਮਛਕ ਸੁ ਭਏ ਸੁਲਾਖ, ਛੁਟੇ ਫੁਹਾਰੇ ਚਹੂੰ ਵਲ ਝਾਕ।

ਸਰੀਰ ਰਤ-ਹੀਣ ਹੋ ਗਿਆ, ਪਰ ਪੈਰ ਫਿਰ ਵੀ ਅੱਗੇ ਹੀ ਜਾਂਦੇ ਹਨ। ਚਾਰ- ਚੁਫ਼ੇਰੇ ਘੇਰਾ ਪੈ ਗਿਆ। ਗਿਲਜ਼ਿਆਂ ਨੇ ਚੁਫੇਰਿਓਂ ਨੇਜੇ ਵਹਾਏ ਅਤੇ ਸਿੰਘ ਜੀ ਗੋਡਿਆਂ ਭਾਰ ਡਿੱਗੇ ਪਰ ਹੱਥੋਂ ਤੇਗ ਨਹੀਂ ਛੱਡੀ ਚਲਦੀ ਰਹੀ। ਅਖੀਰ ਅੰਤ ਸਮਾਂ ਆ ਗਿਆ ਅਤੇ ਗੁਰੂ-ਚਰਨਾਂ ਵਿਚ ਜਾ ਬਿਰਾਜੇ। ‘ਜੰਗਨਾਮੇ’ ਦੇ ਕਰਤਾ ਕਾਜ਼ੀ ਨੂਰ ਮੁਹੰਮਦ ਨੇ ਇਹ ਸਾਰਾ ਯੁੱਧ ਅੱਖੀਂ ਡਿੱਠਾ। ਉਹ ਇਸ ਹਮਲੇ ਦੌਰਾਨ ਅਬਦਾਲੀ ਦੇ ਨਾਲ ਹੀ ਸੀ। ਇਸ ਸਾਕੇ ਬਾਰੇ ਨੂਰ ਮੁਹੰਮਦ ਲਿਖਦਾ ਹੈ-

“ਜਦ ਬਾਦਸ਼ਾਹ ਅਤੇ ਸ਼ਾਹੀ ਲਸ਼ਕਰ (ਗੁਰੂ) ਚੱਕ (ਅੰਮ੍ਰਿਤਸਰ) ਪੁੱਜਾ ਤਾਂ ਕੋਈ ਕਾਫ਼ਰ ਉੱਥੇ ਨਜ਼ਰ ਨਾ ਆਇਆ। ਪਰ ਕੁਝ ਥੋੜ੍ਹੇ ਜਿਹੇ ਬੰਦੇ ਗੜ੍ਹੀ (ਬੁੰਗੇ) ਵਿਚ ਟਿਕੇ ਹੋਏ ਸਨ ਕਿ ਆਪਣਾ ਖੂਨ ਡੋਲ੍ਹ ਦੇਣ ਅਤੇ ਜਿਨ੍ਹਾਂ ਨੇ ਆਪਣੇ-ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੱਤਾ। ਜਦ ਉਨ੍ਹਾਂ ਨੇ ਬਾਦਸ਼ਾਹ ਅਤੇ ਇਸਲਾਮੀ ਲਸ਼ਕਰ ਨੂੰ ਦੇਖਿਆ ਤਾਂ ਉਹ ਸਾਰੇ ਬੁੰਗੇ ਵਿੱਚੋਂ ਨਿਕਲ ਪਏ। ਉਹ ਸਾਰੇ ਗਿਣਤੀ ਵਿਚ ਤੀਹ ਸਨ। ਉਹ ਜਰਾ ਭਰ ਵੀ ਡਰੇ ਅਤੇ ਘਬਰਾਏ ਨਹੀਂ। ਉਨ੍ਹਾਂ ਨੂੰ ਨਾ ਕਤਲ ਹੋਣ ਦਾ ਡਰ ਸੀ ਨਾ ਮੌਤ ਦਾ ਭੈ। ਉਹ ਗਾਜ਼ੀਆਂ ਨਾਲ ਜੁਟ ਪਏ ਅਤੇ ਉਲਝਣ ਵਿਚ ਆਪਣਾ ਲਹੂ ਡੋਲ੍ਹ ਗਏ। ਇਸ ਤਰ੍ਹਾਂ ਠੀਕ ਸਾਰੇ ਹੀ (ਸਿੰਘ) ਕਤਲ ਹੋ ਗਏ।”

ਇਹ ਹੈ ਕਾਜ਼ੀ ਨੂਰ ਮੁਹੰਮਦ ਦਾ ਅੱਖੀਂ ਡਿੱਠਾ ਬਿਆਨ ਕਿ ਕਿਵੇਂ ਕੇਵਲ ਤੀਹ ਸਿੰਘਾਂ ਨੇ ਅਬਦਾਲੀ ਦੀ ਤੀਹ ਹਜ਼ਾਰ ਅਫਗਾਨੀ ਤੇ ਬਲੋਚ ਫੌਜ ਦਾ ਮੁਕਾਬਲਾ ਕੀਤਾ ਅਤੇ ਮੌਤ ਤੋਂ ਨਿਡਰ ਹੋ ਕੇ ਗੁਰੂ ਦੇ ਨਾਮ ’ਪਰ ਆਪਣੀਆਂ ਜਾਨਾਂ ਵਾਰ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Waryam Singh
ਸਕੱਤਰ, ਧਰਮ ਪ੍ਰਚਾਰ ਕਮੇਟੀ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)