editor@sikharchives.org
Guru Gobind Singh Ji

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਿੰਤਨ ਦੀ ਅਦੁੱਤੀ ਮਹਾਨਤਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬ-ਪੱਖੀ ਚਿੰਤਨ ਦੇ ਸਰੋਕਾਰਾਂ ਦਾ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜੋ ਪਾਵਨ ਗ੍ਰੰਥ ਸਿੱਖ ਧਰਮ ਦਾ ਬੁਨਿਆਦੀ ਇਸ਼ਟ ਗ੍ਰੰਥ ਹੈ ਅਤੇ ਗੁਰਮਤਿ ਵਿਚਾਰਧਾਰਾ ਦਾ ਮੁੱਖ ਸਰੋਤ ਹੈ
ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

‘ਮਰਦ ਅਗੰਮੜਾ ਵਰਿਆਮ ਇਕੇਲਾ’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਿੰਤਨ ਦੀ ਅਦੱਤੀ ਮਹਾਨਤਾ ਨੂੰ ਅਕੀਦਤ ਦੇ ਫੁੱਲ ਭੇਟ ਕਰਦਿਆਂ ਮਹਾਸ਼ਾ ਰਣਬੀਰ ਆਪਣੀ ਪੁਸਤਕ ਵਿਚ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਦੇਸ਼ ਦੇ ਅਜ਼ੀਮਤਰੀਨ ਫ਼ਲਸਫ਼ੀ, ਅਜ਼ੀਮਤਰੀਨ ਧਾਰਮਿਕ ਆਗੂ, ਅਜ਼ੀਮਤਰੀਨ ਸਿਆਸਤਦਾਨ, ਅਜ਼ੀਮਤਰੀਨ ਦੇਸ਼-ਭਗਤ, ਅਜ਼ੀਮਤਰੀਨ ਪ੍ਰਬੰਧਕਾਰ ਅਤੇ ਅਜ਼ੀਮਤਰੀਨ ਬਾਣੀਕਾਰ ਸਨ। ਉਹ ਕਿਸੇ ਇਕ ਫਿਰਕੇ ਜਾਂ ਧਰਮ ਦੇ ਨਹੀਂ ਸਨ, ਸਗੋਂ ਸਮੁੱਚੇ ਮਨੁੱਖ ਜਗਤ ਦੇ ਸਨ। ਉਹ ਐਸੇ ਮਹਾਪੁਰਸ਼ ਸਨ ਜਿਨ੍ਹਾਂ ਆਪਣੇ ਚਿੰਤਨ ਤੇ ਦੂਰ-ਅੰਦੇਸ਼ੀ ਨਾਲ ਇਕ ਨਵੇਂ ਯੁੱਗ ਦਾ ਨਿਰਮਾਣ ਕੀਤਾ। ਜੇਕਰ ਇਸ ਦੇਸ਼ ਵਿਚ ਉਨ੍ਹਾਂ ਦਾ ਜਨਮ ਨਾ ਹੁੰਦਾ ਤੇ ਜੇਕਰ ਉਹ ਮਹਾਨ ਯੁੱਗ ਦਾ ਅਰੰਭ ਨਾ ਕਰਦੇ ਤਾਂ ਸ਼ਾਇਦ ਇਹ ਦੇਸ਼ ਅਜੇ ਹਜ਼ਾਰਾਂ ਵਰੇ੍ਹ ਹੋਰ ਅਜ਼ਾਦ ਨਾ ਹੁੰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਵਿਚ ਕੀ ਸਿਮਰਨ, ਕੀ ਸੂਰਬੀਰਤਾ, ਕੀ ਕੁਰਬਾਨੀ, ਕੀ ਸਾਹਿਤ, ਕੀ ਸਦਾਚਾਰ, ਕੀ ਨੈਤਿਕ ਕੀਮਤਾਂ, ਕੀ ਕੌਮ ਦੀ ਉਸਾਰੀ, ਕੀ ਸਿਆਸਤ ਤੇ ਕੀ ਪ੍ਰਬੰਧਕਾਰੀ, ਜਿਸ ਪੱਖੋਂ ਵੇਖੋ ਕਮਾਲ ਦੀ ਨਿਪੁੰਨਤਾ ਹੀ ਨਜ਼ਰ ਆਉਂਦੀ ਹੈ। ਫਿਰ ਇਹ ਸਾਰੇ ਪੱਖ ਪਰਮਾਤਮਾ-ਵਿਸ਼ਵਾਸੀ ਆਤਮ-ਵਿਸ਼ਵਾਸ ਨਾਲ ਅਨਿੱਖੜਵੇਂ ਜੁੜੇ ਹੋਏ ਹਨ। ਐਸੇ ਕਮਾਲ ਦਾ ਵਿਅਕਤਿਤਵ ਕਿਸੇ ਹੋਰ ਦਾ ਅੱਜਤਕ ਨਹੀਂ ਹੋਇਆ। ਉਹ ਨਿਰਸੰਦੇਹ, ਸਵੈ-ਮਾਣ, ਸਵੈ-ਵਿਸ਼ਵਾਸ, ਸਵੈ-ਤਿਆਗ ਤੇ ਸਵੈ- ਸਮਰਪਣ ਦਾ ਮੁਜੱਸਮਾ ਸਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬ-ਪੱਖੀ ਚਿੰਤਨ ਦੇ ਸਰੋਕਾਰਾਂ ਦਾ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜੋ ਪਾਵਨ ਗ੍ਰੰਥ ਸਿੱਖ ਧਰਮ ਦਾ ਬੁਨਿਆਦੀ ਇਸ਼ਟ ਗ੍ਰੰਥ ਹੈ ਅਤੇ ਗੁਰਮਤਿ ਵਿਚਾਰਧਾਰਾ ਦਾ ਮੁੱਖ ਸਰੋਤ ਹੈ। ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਖਾਲਸਾ ਪੰਥ ਦੀ ਸਾਜਣਾ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੂਲ ਮਨੋਰਥ ਕੋਈ ਵਕਤੀ ਜਿਹਾ ਨਵਾਂ ਫਿਰਕਾ ਬਣਾਉਣਾ ਕਦਾਚਿਤ ਨਹੀਂ ਸੀ। ਉਨ੍ਹਾਂ ਤਾਂ ਇਸ ਦੀ ਸਾਜਨਾ ਰਾਹੀਂ ਇਕ ਅਜਿਹੀ ਕਿਸਮ ਦਾ ਸੁਤੰਤਰ ਤੇ ਪੂਰਾ-ਸੂਰਾ ਮਨੁੱਖ ਸਾਜਣਾ ਸੋਚਿਆ ਸੀ ਅਤੇ ਅਜਿਹੇ ਮਨੁੱਖ ਦਾ ਇਕ ਅਜਿਹਾ ਆਦਰਸ਼ਕ ਸਮਾਜ ਉਸਾਰਨਾ ਸੋਚਿਆ ਸੀ ਜੋ ਇਕ ਖਾਸ ਕਿਸਮ ਦੀ ਮਾਨਸਿਕ ਦਸ਼ਾ, ਆਤਮਕ ਅਵਸਥਾ, ਪ੍ਰਭ-ਪ੍ਰੀਤ ਵਿਚ ਗੜੁੰਦ ਸਦਾਚਾਰਕ ਅਤੇ ਨੈਤਿਕ ਕਦਰਾਂ ਦਾ ਧਾਰਨੀ, ਗ੍ਰਿਹਸਥ ਵਿਚ ਨਿਰਬਾਣ ਰਹਿਣ ਵਾਲਾ, ਕਿਰਤ ਕਰ ਕੇ ਵੰਡ ਛਕਣ ਵਾਲਾ ਅਤੇ ਅਣਖ, ਗੈਰਤ, ਧਾਰਮਿਕ ਅਕੀਦੇ ਨੂੰ ਖੀਣ ਕਰਨ ਵਾਲਿਆਂ ਦੀ ਜੜ੍ਹ ਮੂਲੋਂ ਪੁੱਟਣ ਵਾਲਾ ਹੋਵੇ।

ਸਿੱਖੀ ਦੀ ਲਹਿਰ ਦਾ ਉਦਗਮ ਮੱਧਕਾਲ ਦੀ 21ਵੀਂ ਸਦੀ ਵਿਚ ਹੋਇਆ ਜੋ ਸਮਾਂ ਭਾਰਤ ਅੰਦਰ ਬਹੁਤ ਸੰਕਟ ਦਾ ਸਮਾਂ ਸੀ ਅਤੇ ਸਭ ਪਾਸੇ ਭਾਰਤੀ ਸਮਾਜ ਊਚ-ਨੀਚ, ਜਾਤ-ਪਾਤ ਤੇ ਧਰਮ ਦੇ ਭੇਦ-ਭਾਵ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸੀ। ਉਸ ਸਮੇਂ ਸਦਾਚਾਰ ਤੇ ਨੈਤਿਕ ਕੀਮਤਾਂ ਦਾ ਪਤਨ ਹੋ ਰਿਹਾ ਸੀ। ਉਦੋਂ ਦੂਸਰੇ ਪਾਸੇ ਤੁਰਕਾਂ ਤੇ ਮੁਗ਼ਲਾਂ ਦੇ ਹਮਲੇ, ਜਿੱਤਾਂ ਤੇ ਬਦੇਸ਼ੀ ਜਰਵਾਣਿਆਂ ਦੀ ਰਾਜਸੱਤਾ ਨੇ ਹਿੰਦੂਆਂ ਨੂੰ ਡਰਪੋਕ ਤੇ ਕਾਇਰ ਬਣਾ ਦਿੱਤਾ ਸੀ। ਜਦ ਪਲਾਇਨਵਾਦੀ ਗੱਲਾਂ ਹੋਣ ਲੱਗੀਆਂ ਸਨ ਅਤੇ ਜਦ ਬੇਚਾਰਗੀ ਦੀ ਸਥਿਤੀ ਸੀ, ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਤੋਰੀ ਸਿੱਖ ਲਹਿਰ ਨੇ ਧਾਰਮਿਕ, ਸਮਾਜਿਕ, ਰਾਜਨੀਤਿਕ ਚਿੰਤਨ ਨੂੰ ਇਕ ਨਵਾਂ ਮੋੜ ਦੇ ਕੇ ਇਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਵਿਚਾਰਧਾਰਾ ਦਾ ਮੁੱਢ ਬੰਨਿਆ ਕਿ ਹਰ ਮਨੁੱਖ ਇਕ ਪ੍ਰਭੂ ਦੀ ਅਨਿੰਨ ਭਗਤੀ ਤੇ ਸਿਫਤ ਸਾਲਾਹ ਗਾ ਕੇ ‘ਸਚਿਆਰ’ ਅਰਥਾਤ ਸੰਪੂਰਨ ਮਨੁੱਖ ਬਣੇ। ਮਨੁੱਖ ਆਪਣੇ ਜੀਵਨ ਕਰਤੱਵ ਦੀ ਪਾਲਣਾ ਵਿਚ ‘ਧਰਮ ਨਾਲ ਸਨਬੰਧੁ’ ਜੋੜ ਕੇ ਗ੍ਰਿਹਸਥੀ, ਸੰਤੁਲਤ ਤੇ ਰਾਜ਼ੀ ਬਣ ਰਜ਼ਾ ਵਿਚ ਰਹਿਣ ਵਾਲਾ ਭੇਖਾਂ- ਭਰਮਾਂ, ਊਚ-ਨੀਚ, ਜਾਤ-ਪਾਤ ਤੋਂ ਉੱਤੇ ਉਠ ਕੇ ਆਪਣੇ ਕਲਿਆਣ ਦੇ ਨਾਲ ਮਾਨਵੀ ਕਲਿਆਣ ਪ੍ਰਤੀ ਗਤੀਸ਼ੀਲ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਹੈ ਕਿ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਇੱਕੋ ਅਕਾਲ ਪੁਰਖ ਹੈ, ਜੋ ਸਵੈ-ਪ੍ਰਕਾਸ਼ਮਾਨ, ਨਿਰਭਉ, ਨਿਰਵੈਰ ਹੈ ਅਤੇ ਸਦਾ ਇਕ ਰਸ ਵਿਆਪਕ ਹੈ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (ਪੰਨਾ 1)

ਉਹ ਅਕਾਲ ਪੁਰਖ ਕਿਉਂਕਿ ਆਪ ਸੱਚ-ਸਰੂਪ ਹੈ, ਇਸ ਲਈ ਉਸ ਦੇ ਰਚੇ ਹੋਏ ਮਨੁੱਖ ਦਾ ਜੀਵਨ ਉਦੇਸ਼ ਵੀ ਉਸ ਜਿਹਾ ਭਾਵ ‘ਸਚਿਆਰ’ ਬਣਨਾ ਹੈ। ਉਨ੍ਹਾਂ ਹੋਰ ਸਪੱਸ਼ਟ ਕੀਤਾ ਹੈ:

ਬੋਲਹੁ ਸਾਚੁ ਪਛਾਣਹੁ ਅੰਦਰਿ॥
ਦੂਰਿ ਨਾਹੀ ਦੇਖਹੁ ਕਰਿ ਨੰਦਰਿ॥ (ਪੰਨਾ 1026)

ਉਨ੍ਹਾਂ ਨੇ ਇਹ ਧਾਰਨਾ ਦ੍ਰਿੜ੍ਹ ਕਰਾਉਂਦਿਆਂ ਦੱਸਿਆ ਹੈ ਕਿ ਸੱਚ ਨੂੰ ਪਿਆਰ ਕਰੋ, ਸੱਚ ਨੂੰ ਅੰਦਰੋਂ ਧਾਰਨ ਕਰਾਉ। ਸੱਚ ਨੂੰ ਬਾਹਰ ਦੀ ਵਰਤੋਂ ਵਿਚ ਲਿਆਵੋ। ਮਜ਼ਹਬੀ ਦਿਖਾਵੇ, ਰਸਮੀ ਪੂਜਾ ਤੇ ਬਾਹਰਲੇ ਸਾਰੇ ਅਡੰਬਰਾਂ ਤੇ ਵਿਤਕਰਿਆਂ ਦਾ ਤਿਆਗ ਕਰੋ। ਇਖਲਾਕੀ ਸ਼ਕਲ ਵਿਚ ਸੱਚ ਨੂੰ ਆਪਣੇ ਕਾਰ-ਵਿਹਾਰ ਵਿਚ ਵਰਤੋ, ਮਾਨਸਿਕ ਸ਼ਕਲ ਵਿਚ ਸੱਚ ਨੂੰ ਹਿਰਦੇ ਵਿਚ ਵਸਾਉ ਅਤੇ ਧਾਰਮਿਕ ਸ਼ਕਲ ਵਿਚ ਸੱਚ ਦੀ ਪੂਜਾ ਕਰੋ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਨਾਲ ਹੀ ਮਨੁੱਖ ਨੂੰ ਜਾਗਰੂਕ ਕਰਦਿਆਂ ਆਪਣੇ ਧਾਰਮਿਕ ਅਕੀਦੇ, ਹੱਕ-ਸੱਚ ਤੇ ਨਿਆਂ ਲਈ ਆਪਣੇ ਕਿਰਦਾਰ ਤੇ ਕਰਤਵ ਦੀ ਪਾਲਣਾ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਭਾਰਤੀ ਜਨਤਾ ਨੂੰ ਆਪਣੇ ਸਮੇਂ ਦੇ ਹਾਲਾਤ ਵਿਚ ਬੇਚਾਰਗੀ ਤੇ ਵਿਯੋਗ ਦੀ ਸਥਿਤੀ ਤੋਂ ਉਭਰਨ ਵਾਸਤੇ ਨਿਧੜਕ ਹੋ ਕੇ ਜਾਬਰ, ਖੂੰਖਾਰ ਤੇ ਦੁਰਾਚਾਰੀ ਹਾਕਮਾਂ ਦੇ ਪਾਪਾਂ ਦਾ ਪਾਜ ਉਘਾੜਦਿਆਂ ਬੇਬਾਕ ਹੋ ਕੇ ਫੁਰਮਾਇਆ:

-ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ (ਪੰਨਾ 145)
-ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ੍ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ੍ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288)

ਧਾਰਮਿਕ ਭਾਵਨਾ, ਸਮਾਜਿਕ ਸਦਾਚਾਰ ਤੇ ਰਾਜਨੀਤਿਕ ਸ੍ਰਿਸ਼ਟਾਚਾਰ ਨੂੰ ਇਕ ਲੜੀ ਵਿਚ ਪਰੋਣ ਵਾਸਤੇ ਉਨ੍ਹਾਂ ਨੇ ਆਦੇਸ਼ੀ ਜਰਵਾਣਿਆਂ ਦੇ ਜ਼ੁਲਮ ਅਤੇ ਧਰਮ ਅਤੇ ਸਮਾਜ ਦੇ ਠੇਕੇਦਾਰਾਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ। ਉਨ੍ਹਾਂ ਨੇ ਇਹ ਸਿਖਾਇਆ ਕਿ ਇਸ ਬਦੀ ਦਾ ਟਾਕਰਾ ਕਰ ਕੇ ਇਸ ਉੱਤੇ ਕਾਬੂ ਪਾਉਣਾ ਹੈ:

ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ 142)

ਇਸੇ ਵਿਚਾਰਧਾਰਾ ਦੇ ਪ੍ਰਵਾਹ ਵਿਚ ਹੋਰ ਗੁਰੂ ਸਾਹਿਬਾਨ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਆਪਣੇ ਬਿਖੜੇ ਤੇ ਭਿਆਨਕ ਹਾਲਾਤ ਵਿਚ ਹਰੀ ਸਿਮਰਨ ਤੇ ਸੇਵਾ ਵਿਚ ਰੁੱਝੇ ਰਹੇ ਵੀ ਫੁਰਮਾਉਂਦੇ ਹਨ:

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)

ਉਨ੍ਹਾਂ ਨੇ ਆਪਣੇ ਸਮੇਂ ਦੀਆਂ ਤੁਅੱਸਬੀ ਸ਼ਕਤੀਆਂ ਨੂੰ ਨਿਰਭੈ ਹੋ ਕੇ ਵੰਗਾਰ ਕੇ ਫੁਰਮਾਇਆ:

ਏਕੁ ਗੁਸਾਈ ਅਲਹੁ ਮੇਰਾ॥
ਹਿੰਦੂ ਤੁਰਕ ਦੁਹਾਂ ਨੇਬੇਰਾ॥1॥ਰਹਾਉ॥
ਹਜ ਕਾਬੈ ਜਾਉ ਨ ਤੀਰਥ ਪੂਜਾ॥
ਏਕੋ ਸੇਵੀ ਅਵਰੁ ਨ ਦੂਜਾ॥2॥
ਪੂਜਾ ਕਰਉ ਨ ਨਿਵਾਜ ਗੁਜਾਰਉ॥
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥3॥
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥ (ਪੰਨਾ 1136)

ਉਨ੍ਹਾਂ ਇਹ ਵੀ ਫੁਰਮਾਇਆ:

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (ਪੰਨਾ 1102)

ਇਸ ਤੋਂ ਉਪਰੰਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖੀ ਦੇ ਪ੍ਰਵਾਹ ਨੂੰ ਪਲਟਾ ਦੇ ਕੇ ਮੀਰੀ ਤੇ ਪੀਰੀ ਨੂੰ ਅਪਣਾਅ ਕੇ ਧਰਮ, ਰਾਜ ਤੇ ਸਮਾਜ ਦੇ ਇਤਿਹਾਸ ਵਿਚ ਇਕ ਨਵੀ ਪਿਰਤ ਪਾ ਦਿੱਤੀ। ਸਿੱਖੀ ਚਿੰਤਨ ਦੇ ਇਸੇ ਪ੍ਰਵਾਹ ਨੂੰ ਹੋਰ ਅੱਗੇ ਤੋਰਦਿਆਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖੀ ਦੀ ਪਰੰਪਰਾ ਨੂੰ ਹੋਰ ਬਲਵਾਨ ਬਣਾਦਿਆਂ ਫੁਰਮਾਇਆ:

ਅਬ ਮੈ ਕਉਨੁ ਉਪਾਉ ਕਰਉ॥
ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ॥1॥ਰਹਾਉ॥

ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ॥
ਮਨ ਬਚ ਕ਼੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ॥1॥
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥
ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ॥ (ਪੰਨਾ 685)

ਉਹ ਖੜੋਤ ਦੀ ਇਸ ਸੋਚ ਤੋਂ ਹਲੂਣ ਕੇ ਜਗਾਉਂਦਿਆਂ ਬਚਨ ਕਰਦੇ ਹਨ:

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ॥
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ॥ (ਪੰਨਾ 1429)

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਕਥਨਾਂ ਨੂੰ ਕਰਨੀ ਵਿਚ ਅਪਣਾਅ ਕੇ ਸਭ ਧਰਮਾਂ ਦੀ ਪੂਜਾ ਤੇ ਪੈਰਵੀ ਲਈ ਪੂਰਨ ਸੁਤੰਤਰਤਾ ਉਨ੍ਹਾਂ ਦੀ ਬੇਰੋਕ ਪ੍ਰਫੁਲਤਾ ਲਈ ਪੂਰਨ ਸਵੈਧੀਨਤਾ ਅਤੇ ਇਕ ਵਿਸ਼ਵ-ਵਿਆਪੀ ਮਾਨਵੀ ਸਿਧਾਂਤ ਦੀ ਸੁਰੱਖਿਆ ਲਈ ਸ਼ਹੀਦੀ ਪ੍ਰਾਪਤ ਕਰ ਕੇ ਸੀਸ ਬਲੀਦਾਨ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਮਹਾਨ ਬਲੀਦਾਨ ਦੀ ਵਿਸ਼ੇਸ਼ਤਾ ਤੇ ਮਹੱਤਤਾ ਵੱਲ ਧਿਆਨ ਦਿਵਾਉਂਦਿਆਂ ਫੁਰਮਾਇਆ ਹੈ:

ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰ ਸਿਰਰੁ ਨ ਦੀਆ॥ (ਬਚਿਤ੍ਰ ਨਾਟਕ)

ਸਿੱਖ ਧਰਮ ਚਿੰਤਨ ਦੀ ਸਰਬ-ਪੱਖੀ ਜਾਣਕਾਰੀ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਿੰਤਨ ਦੇ ਜਾਇਜ਼ੇ ਲਈ ਉਸ ਸਮੇਂ ਸਤਾਰ੍ਹਵੀਂ ਸਦੀ ਦੇ ਦੂਜੇ ਅੱਧ ਦੇ ਪਿਛੋਕੜ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। 17ਵੀਂ ਸਦੀ ਦੇ ਦੂਜੇ ਅੱਧ ਵਿਚ ਠੀਕ ਅਜਿਹੀ ਧਾਰਨਾ ਤੇ ਅਜਿਹੇ ਕਾਰਜ ਕਰਨ ਦੀ ਲੋੜ ਸੀ ਕਿ ਸਹੀ ਬਿਰਤੀ ਵਾਲੇ ਸੱਚੇ ਮਨੁੱਖਾਂ ਦਾ ਪੱਖ ਲਿਆ ਜਾਵੇ ਅਤੇ ਦਮਨ ਕਰਨ ਵਾਲੇ ਦੁਸ਼ਟਾਂ ਨੂੰ ਸੋਧਿਆ ਜਾਵੇ। ਇਸ ਕਾਲ ਵਿਚ ਅਕਬਰ ਦੀ ਮੌਤ ਤੋਂ ਬਾਅਦ ਇਸਲਾਮ ਪੰਥੀ ਸ਼ਕਤੀਆਂ ਦੀ ਚੜ੍ਹ ਮੱਚਣੀ ਸ਼ੁਰੂ ਹੋਈ ਸੀ ਅਤੇ ਜਿਸ ਦੇ ਸਿੱਟੇ ਦੇ ਤੌਰ ’ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ। ਉਹੀ ਸ਼ਕਤੀਆਂ ਸਮੇਂ ਨਾਲ ਵਧੇਰੇ ਉਗਰ ਰੂਪ ਧਾਰਨ ਕਰ ਗਈਆਂ ਸਨ। ਔਰੰਗਜ਼ੇਬ ਆਪਣੇ ਭਰਾਵਾਂ ਨੂੰ ਮਰਵਾ ਕੇ ਅਤੇ ਆਪਣੇ ਪਿਤਾ ਬਾਦਸ਼ਾਹ ਸ਼ਾਹ ਜਹਾਨ ਨੂੰ ਨਜ਼ਰਬੰਦ ਕਰ ਕੇ ਦਿੱਲੀ ਦੇ ਤਖਤ ਉੱਤੇ ਬੈਠਾ। ਇਸੇ ਸਮੇਂ ਦੌਰਾਨ ਕੁਝ ਚਿਰ ਪਹਿਲਾਂ ਸ਼ਾਹ ਜਹਾਨ ਦੇ ਕਾਲ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਥਿਆਰਬੰਦ ਟਾਕਰੇ, ਸਤਵੇਂ, ਅਠਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਨੂੰ ਮੁਗ਼ਲ ਦਰਬਾਰ ਵਿਚ ਪੇਸ਼ ਹੋਣ ਲਈ ਬਾਰ-ਬਾਰ ਸੱਦੇ ਭੇਜੇ ਗਏ। ਮਾਨਵੀ ਅਧਿਕਾਰਾਂ ਦੀ ਰਾਖੀ ਲਈ ਨੌਵੇਂ ਗੁਰੂ ਜੀ ਦੀ ਸ਼ਹਾਦਤ ਹੋਈ। ਇਸ ਸ਼ਹਾਦਤ ਦੇ ਬਾਅਦ ਕਰੀਬ ਪੰਦਰਾਂ-ਵੀਹ ਸਾਲ ਤਕ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਹਾਲਾਤ ਦਾ ਗੰਭੀਰ ਮਨਨ, ਵਿਚਾਰਨ ਅਤੇ ਮਾਨਸਿਕ ਤਿਆਰੀ ਉਪਰੰਤ ਲਿਆ ਗਿਆ ਧਰਮ-ਯੁੱਧ ਲੜਨ ਦਾ ਨਿਰਣਾ ਸਤਾਰ੍ਹਵੀਂ ਸਦੀ ਦੀ ਸਿੱਖ ਲਹਿਰ ਦਾ ਮਹੱਤਵਪੂਰਨ ਪਛਾਣ-ਚਿੰਨ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਇਕ ਐਸਾ ਕਲਾਧਾਰੀ ਇਨਕਲਾਬ ਲਿਆਉਣ ਬਾਰੇ ਸੋਚਿਆ ਜੋ ਇਕ ਪਾਸੇ ਸੰਪੂਰਨ ਮਨੁੱਖ ਦੀ ਉਸਾਰੀ ਕਰੇ ਅਤੇ ਦੂਜੇ ਪਾਸੇ ਵਿਦੇਸ਼ੀ ਮੁਗ਼ਲ ਰਾਜ ਨੂੰ ਜੜ੍ਹੋਂ ਉਖੇੜ ਦੇਵੇ ਤਾਂ ਜੋ ਫਿਰ ਕੋਈ ਹੋਰ ਜਾਬਰ ਬਾਦਸ਼ਾਹ ਇਸ ਦੇਸ਼ ਨੂੰ ਗ਼ੁਲਾਮ ਬਣਾਉਣ ਦੀ ਜੁਰਅੱਤ ਨਾ ਕਰ ਸਕੇ ਤੇ ਨਾ ਹੀ ਕਿਸੇ ਦਾ ਇਸ ਦੇਸ਼ ਦੀ ਧਾਰਮਿਕਤਾ, ਸੱਭਿਅਤਾ ਤੇ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਣ ਦਾ ਹੀਆ ਪੈ ਸਕੇ। ਇਸ ਨੇ ਨਾਲ ਹੀ ਦੇਸ਼-ਵਾਸੀਆਂ ਦੀ ਦਾਸ ਭਾਵਨਾ ਤੇ ਗ਼ੁਲਾਮ ਬਿਰਤੀ ਨੂੰ ਢਹਿੰਦੀਆਂ ਕਲਾ ਤੋਂ ਉਭਾਰ ਕੇ ਚੜ੍ਹਦੀ ਕਲਾ ਦੇ ਲੜ ਲਾ ਕੇ ਕਾਇਆ ਕਲਪ ਕਰਨਾ ਸੀ। ਇਸ ਮੰਤਵ ਦੀ ਪ੍ਰਾਪਤੀ ਲਈ ਉਨ੍ਹਾਂ ਦਾ ਟੀਚਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਜਥੇਬੰਦ ਤੇ ਸ਼ਸਤ੍ਰਬੱਧ ਕਰ ਕੇ ਇਕ ਅਜਿਹੇ ਪੰਥ ਦਾ ਰੂਪ ਦੇਣਾ ਸੀ ਜੋ ਸਮੁੱਚੇ ਸੰਸਾਰ ਤੋਂ ਨਿਆਰਾ ਹੋਵੇ, ਜਿਸ ਦੇ ਅਨੁਯਾਈ ਸਾਰੇ ਜਹਾਨ ਵਿਚ ਵਿਕੋਲਿਤਰੇ ਜਾਪਣ, ਜੋ ਅਜਿਹੀ ਵਖਰਿਆਵੀਂ ਵਰਦੀ ਵਿਚ ਵਿਚਰਨ ਕਿ ਉਹ ਲੱਖਾਂ ਦੇ ਹਜ਼ੂਮ ਵਿਚ ਵੀ ਪਛਾਣੇ ਜਾਣ ਸਕਣ। ਅਜਿਹੇ ਲੋਕਾਂ ਵਿਚ ਅਜਿਹੀ ਨਿਰਭੈਤਾ ਤੇ ਸੂਰਬੀਰਤਾ ਦੇ ਨਾਲ ਧਰਮ ਦੀ ਡੂੰਘੀ ਪ੍ਰੀਤ ਦੀ ਗੰਢ ਇਤਨੀ ਤਕੜੀ ਹੋਵੇ ਕਿ ਉਹ ਧਰਮ-ਨਿਆਂ ਦੀ ਰੱਖਿਆ ਅਤੇ ਦੇਸ਼-ਕੌਮ ਦੀ ਅਣਖ ਬਚਾਉਣ ਲਈ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਡਟ ਕੇ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਇਸ ਉਦੇਸ਼ ਦੀ ਪੂਰਨ ਰੂਪ-ਰੇਖਾ ਤਿਆਰ ਕਰ ਕੇ 1699 ਈ: ਦੀ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਵਿਸ਼ਾਲ ਤੇ ਭਰੇ ਦੀਵਾਨ ਵਿਚ ਆਪਣੇ ਦੇਸ਼-ਵਾਸੀਆਂ ਦੀ ਦੁਰਦਸ਼ਾ ਅਤੇ ਮੁਗ਼ਲ ਹਕੂਮਤ ਦੇ ਜ਼ੁਲਮ ਬਾਰੇ ਵਿਸਤ੍ਰਿਤ ਜਾਣਕਾਰੀ ਦੇ ਕੇ ਸਿਰਾਂ ਦੀ ਮੰਗ ਕੀਤੀ। ਜੋ ਮਰਜੀਵੜੇ ਨਿਤਰੇ, ਗੁਰੂ ਜੀ ਨੇ ਉਨ੍ਹਾਂ ਨੂੰ ‘ਪਿਆਰੇ’ ਕਹਿ ਕੇ ਛਾਤੀ ਨਾਲ ਲਾਇਆ। ਉਨ੍ਹਾਂ ਨੂੰ ਖੰਡੇ ਦੀ ਪਾਹੁਲ ਬਖਸ਼ੀ। ਫਿਰ ਉਨ੍ਹਾਂ ਪੰਜਾਂ ਪਿਆਰਿਆਂ ਪਾਸੋਂ ਗੁਰੂ ਜੀ ਨੇ ਆਪ ਖੰਡੇ ਦੀ ਪਾਹੁਲ ਦੀ ਦਾਤ ਲਈ। ਇਸ ਚਮਤਕਾਰ ਦੇ ਵਰਤਣ ਨਾਲ ਉਸੇ ਦੀਵਾਨ ਵਿਚ ਹੋਰ ਹਜ਼ਾਰਾਂ ਸੀਸ ਕੁਰਬਾਨੀ ਕਰਨ ਲਈ ਨਿਤਰ ਪਏ ਅਤੇ ਉਨ੍ਹਾਂ ਸਭਨਾਂ ਨੇ ਖੰਡੇ ਦੀ ਪਾਹੁਲ ਦੀ ਦਾਤ ਪ੍ਰਾਪਤ ਕੀਤੀ। ਖੰਡੇ ਦੀ ਪਾਹੁਲ ਪ੍ਰਾਪਤ ਕਰਨ ਵਾਲੇ ਹਰ ਖਾਲਸੇ ਦੀ ਪਹਿਲੀ ਕਿਰਤ ਨਾਸ਼, ਕੁਲ ਨਾਸ਼, ਧਰਮ ਨਾਸ਼ ਦੀ ਸਿੱਖਿਆ ਦ੍ਰਿੜ੍ਹ ਕਰਾਈ ਗਈ। ਇਸ ਤਰ੍ਹਾਂ ਗੁਰੂ ਸਾਹਿਬ ਇਕ ਐਸੀ ਕੌਮ ਖੜੀ ਕਰਨਾ ਚਾਹੁੰਦੇ ਸਨ, ਜੋ ਦੇਸ਼ ਵਿਚ ਧਰਮ ਅਤੇ ਸੁਤੰਤਰਤਾ ਦੀ ਪੁਨਰ-ਸਥਾਪਤੀ ਕਰ ਸਕੇ ਅਤੇ ਧਰਮ-ਯੁੱਧ ਕੇ ਚਾਉ ਵਿਚ ਧਰਮ ਤੇ ਦੀਨਾਂ ਦੀ ਰੱਖਿਆ ਲਈ ਹਰ ਕੁਰਬਾਨੀ ਲਈ ਦ੍ਰਿੜ੍ਹ ਹੋਵੇ। ਉਨ੍ਹਾਂ ਦੀ ਧਾਰਣਾ ਸੀ ਕਿ ਸੁਤੰਤਰਤਾ ਤੇ ਸੂਰਬੀਰਤਾ ਦਾ ਦਾਮਨ-ਚੋਲੀ ਦਾ ਸਾਥ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਮਜ਼ਬੂਤ ਆਧਾਰ ਬਖਸ਼ਣ ਵਾਸਤੇ ਬਾਣੀ ਤੇ ਖੰਡੇ ਦਾ ਸੁਮੇਲ ਕਰ ਕੇ ਸਮੂਹ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲੜ ਲਾਇਆ। ਉਨ੍ਹਾਂ ਨੇ ਗੁਰਬਾਣੀ ਦੀਆਂ ਮੂਲ ਧਾਰਨਾਵਾਂ ਨੂੰ ਹੋਰ ਦ੍ਰਿੜ੍ਹ ਕਰਾਉਣ ਵਾਸਤੇ ਆਪਣੇ ਵਿਚਾਰ ਦਰਸ਼ਨ ਨੂੰ ਇਕ ਨਵਾਂ ਰੂਪ ਦੇ ਕੇ ਇਹ ਦ੍ਰਿੜ ਕਰਾਇਆ ਕਿ ਅਕਾਲ ਪੁਰਖ ਹੀ ਸਾਡਾ ਇਸ਼ਟ ਹੈ, ਜੋ ਸਦਾ ਕਾਇਮ ਰਹਿਣ ਵਾਲਾ, ਜੋ ਅਨਭਉ ਪ੍ਰਕਾਸ਼ ਆਪਣੇ ਆਪ ਤੋਂ ਪ੍ਰਗਟ ਹੋਇਆ ਹੈ, ਬੜੀ ਅਮਿਤ ਸ਼ਕਤੀ ਵਾਲਾ, ਕਰੋੜਾਂ ਇੰਦਰਾਂ ਦਾ ਇੰਦਰ ਭਾਵ ਦੇਵਤਿਆਂ ਦੇ ਰਾਜੇ ਦਾ ਵੀ ਰਾਜਾ ਅਤੇ ਸ਼ਾਹਾਂ ਦਾ ਸ਼ਹਿਨਸ਼ਾਹ ਹੈ। ਅਕਾਲ ਪੁਰਖ ਤਿੰਨਾਂ ਭਵਨਾਂ ਤੇ ਲੋਕਾਂ ਮਾਤ ਤੇ ਪਾਤਾਲ ਦਾ ਮਾਲਕ ਹੈ। ਜਿਸ ਨੂੰ ਸਭ ਦੇਵਤੇ, ਮਨੁੱਖ, ਦੈਂਤ ਅਤੇ ਬਨਸਪਤੀ ਦੇ ਤਿਨਕੇ ਤਕ ਬੇਅੰਤ, ਬੇਅੰਤ ਕਹਿ ਕੇ ਜਾਪ ਕਰਦੇ ਹਨ:

ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ॥
ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿੱਜੈ॥
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ॥
ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ॥1॥ (ਜਾਪੁ ਸਾਹਿਬ)

ਅਕਾਲ ਪੁਰਖ ਦੀ ਕੋਈ ਜਾਤ ਨਹੀਂ, ਕੋਈ ਕੁਲ਼ ਨਹੀਂ, ਨਾ ਕੋਈ ਗੋਤ ਅਰਥਾਤ ਬਿਰਾਦਰੀ ਹੈ। ਉਹ ਮਜ਼ਹਬਾਂ ਤੋਂ ਉੱਪਰ ਹੈ, ਉਸ ਦਾ ਕੋਈ ਦੇਸ਼ ਨਹੀਂ, ਕੋਈ ਭੇਸ ਨਹੀਂ ਤੇ ਕੋਈ ਧਾਮ ਅਰਥਾਤ ਘਰ ਨਹੀਂ।

ਨਮਸਤੰ ਅਜਾਤੇ॥ ਨਮਸਤੰ ਅਪਾਤੇ॥
ਨਮਸਤੰ ਅਮਜਬੇ॥ ਨਮਸਤਸਤੁ ਅਜਬੇ॥17॥
ਅਦੇਸੰ ਅਦੇਸੇ॥ ਨਮਸਤੰ ਅਭੇਸੇ॥
ਨਮਸਤੰ ਨ੍ਰਿਧਾਮੇ॥ ਨਮਸਤੰ ਨ੍ਰਿਬਾਮੇ॥18॥ (ਜਾਪੁ ਸਾਹਿਬ)

ਅਕਾਲ ਪੁਰਖ ਹੀ ਸਭ ਦਾ ਨਾਸ਼ ਕਰਨ ਵਾਲਾ ਹੈ, ਸਭ ਉੱਤੇ ਦਇਆ ਕਰਨ ਵਾਲਾ ਹੈ। ਸਭ ਨੂੰ ਪੈਦਾ ਕਰਨ ਵਾਲਾ ਹੈ ਅਤੇ ਸਭ ਦੀ ਪਾਲਣਾ ਕਰਨ ਵਾਲਾ ਹੈ:

ਨਮੋ ਸਰਬ ਕਾਲੇ॥
ਨਮੋ ਸਰਬ ਦਿਆਲੇ॥
ਨਮੋ ਸਰਬ ਰੂਪੇ॥
ਨਮੋ ਸਰਬ ਭੂਪੇ॥19॥
ਨਮੋ ਸਰਬ ਖਾਪੇ॥
ਨਮੋ ਸਰਬ ਥਾਪੇ॥
ਨਮੋ ਸਰਬ ਕਾਲੇ॥
ਨਮੋ ਸਰਬ ਪਾਲੇ॥20॥ (ਜਾਪੁ ਸਾਹਿਬ)

ਅਕਾਲ ਪੁਰਖ ਸਾਰਿਆਂ ਦੇਸ਼ਾਂ ਵਿਚ ਮੌਜੂਦ ਹੈ ਅਤੇ ਸਾਰੇ ਪਹਿਰਾਵਿਆਂ ਵਿਚ ਹਾਜ਼ਰ ਹੈ, ਜੋ ਸਭ ’ਤੇ ਰਾਜ ਕਰਦਾ ਹੈ ਅਤੇ ਸਭਨਾ ਦਾ ਸਿਰਜਣਹਾਰ ਹੈ:

ਕਿ ਸਰਬੱਤ੍ਰ ਦੇਸੈ॥
ਕਿ ਸਰਬੱਤ੍ਰ ਭੇਸੈ॥
ਕਿ ਸਰਬੱਤ੍ਰ ਰਾਜੈ॥
ਕਿ ਸਰਬੱਤ੍ਰ ਸਾਜੈ॥112॥ (ਜਾਪੁ ਸਾਹਿਬ)

ਅਕਾਲ ਪੁਰਖ ਹੰਕਾਰੀਆਂ ਦੇ ਹੰਕਾਰ ਨੂੰ ਭੰਨਣ ਵਾਲਾ ਅਤੇ ਗਰੀਬਾਂ ਦਾ ਰੱਖਿਅਕ ਤੇ ਪਾਲਣਹਾਰ ਹੈ:

ਗ਼ਨੀਮੁਲ ਸ਼ਿਕਸਤੈ॥
ਗ਼ਰੀਬੁਲ ਪਰਸਤੈ॥
ਬਿਲੰਦੁਲ ਮਕਾਨੈਂ॥
ਜ਼ਮੀਨੁਲ ਜ਼ਮਾਨੈਂ॥122॥ (ਜਾਪੁ ਸਾਹਿਬ)

ਅਕਾਲ ਪੁਰਖ ਕੁਕਰਮਾਂ ਤੇ ਬਦੀਆਂ ਦਾ ਨਾਸ਼ ਕਰਨ ਵਾਲਾ ਹੈ ਅਤੇ ਸਭ ਸੁਧਰਮਾਂ ਨੂੰ ਨਿਭਾਉਣ ਵਾਲਾ ਹੈ:

ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ॥197॥ (ਜਾਪੁ ਸਾਹਿਬ)

ਅਕਾਲ ਪੁਰਖ ਦਾ ਹੀ ਸਭ ਪਾਸੇ ਹੁਕਮ ਵੱਜ ਰਿਹਾ ਹੈ ਅਤੇ ਅਕਾਲ ਪੁਰਖ ਹੀ ਸਮੇਂ, ਕਾਲ, ਜਨਮ ਤੇ ਮਰਨ ਦੇ ਦੁਖ ਨੂੰ ਨਾਸ਼ ਕਰਨ ਵਾਲਾ ਹੈ। ਉਹ ਦਇਆ ਰੂਪ ਹੈ ਤੇ ਸਦਾ ਸਭ ਦੇ ਅੰਗ-ਸੰਗ ਰਹਿਣ ਵਾਲਾ ਹੈ:

ਚੱਤ੍ਰ ਚੱਕ੍ਰ ਵਰਤੀ ਚੱਤ੍ਰ ਚੱਕ੍ਰ ਭੁਗਤੇ॥
ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ॥
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ॥
ਸਦਾ ਅੰਗ ਸੰਗੇ ਅਭੰਗੰ ਬਿਭੂਤੇ॥199॥ (ਜਾਪੁ ਸਾਹਿਬ)

ਗੁਰੂ ਸਾਹਿਬ ਅਕਾਲ ਪੁਰਖ ਦੀ ਮਹਾਨਤਾ ਤੇ ਗੁਣਾਂ ਨੂੰ ਦਰਸਾਅ ਕੇ ਫਿਰ ਸਪੱਸ਼ਟ ਕਰਦੇ ਹਨ ਕਿ ਅਕਾਲ ਪੁਰਖ ਸਦਾ ਹੀ ਦੀਨਾਂ ਦੀ ਰੱਖਿਆ ਕਰਦਾ ਹੈ ਤੇ ਪ੍ਰਤਿਪਾਲਣਾ ਕਰਦਾ ਹੈ ਅਤੇ ਸੰਤਾਂ-ਭਗਤਾਂ ਨੂੰ ਉਭਾਰਨ ਵਾਲਾ ਤੇ ਗ਼ਰੂਰ ਭਰੇ ਜਾਬਰ ਤੇ ਦੁਸ਼ਟਾਂ ਦਾ ਖਾਤਮਾ ਕਰਨ ਵਾਲਾ ਹੈ। ਉਹ ਸਰਬ-ਸ਼ਕਤੀਮਾਨ ਦੁਖੀਆਂ ਤੇ ਦੀਨਾਂ ਦੇ ਦੁਖਾਂ ਨੂੰ ਹਰਨ ਵਾਲਾ ਅਤੇ ਦੁਰਜਨਾਂ ਦੇ ਦਲ ਜੋ ਪਾਪ ਤੇ ਜ਼ਬਰ ਕਰ ਕੇ ਜ਼ੁਲਮ ਕਰਦੇ ਹਨ, ਨੂੰ ਪਲ ਵਿਚ ਹੀ ਨਾਸ਼ ਕਰ ਦੇਣ ਵਾਲਾ ਹੈ:

-ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ॥
-ਦਾਹਤ ਹੈ ਦੁਖ ਦੋਖਨ ਕੌ ਦਲ ਦੁੱਜਨ ਕੇ ਪਲ ਮੈ ਦਲ ਡਾਰੈ॥ (ਅਕਾਲ ਉਸਤਤ)

ਗੁਰੂ ਸਾਹਿਬ ਅਕਾਲ ਪੁਰਖ ਉੱਤੇ ਪੂਰਨ ਵਿਸ਼ਵਾਸ ਕਰਨ ਅਤੇ ਉਸ ਸਰਬ- ਸ਼ਕਤੀਮਾਨ ਉੱਤੇ ਭਰੋਸਾ ਕਰਨਾ ਦ੍ਰਿੜ੍ਹ ਕਰਾ ਕੇ ਖਾਲਸੇ ਅੰਦਰ ਸੂਰਬੀਰਤਾ ਜਗਾਉਣ ਦੀ ਇਸੇ ਜੁਗਤਿ ਵਿਚ ਅਕਾਲ ਪੁਰਖ ਨੂੰ:

ਨਮੋ ਸਸਤ੍ਰ ਪਾਣੇ॥
ਨਮੋ ਅਸਤ੍ਰ ਮਾਣੇ॥ (ਜਾਪੁ ਸਾਹਿਬ)

ਕਹਿ ਕੇ ਸ਼ਸਤ੍ਰਧਾਰੀ ਬਣਾ ਕੇ ਅਰਾਧਨਾ ਕਰਦੇ ਹਨ। ਉਨ੍ਹਾਂ ਦਾ ਮਨੋਰਥ ਭਗਤੀ ਦੇ ਨਾਲ ਸ਼ਕਤੀ ਨੂੰ ਸੰਯੁਕਤ ਕਰਨਾ ਹੈ। ਧਰਮ-ਯੁੱਧ ਵਿਚ ਦੁਸ਼ਟਾਂ ਦੇ ਨਾਸ਼ ਲਈ ਸ਼ਸਤਰ ਜ਼ਰੂਰੀ ਹਨ:

ਅਕਾਲ ਪੁਰਖ ਕੀ ਰਛਾ ਹਮਨੈ॥
ਸਰਬ ਲੋਹ ਦੀ ਰਛਿਆ ਹਮਨੈ॥
ਸਰਬ ਕਾਲ ਜੀ ਦੀ ਰਛਿਆ ਹਮਨੈ॥
ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ॥ (ਅਕਾਲ ਉਸਤਤ)

ਗੁਰੂ ਜੀ ਅਕਾਲ ਪੁਰਖ ਪਾਸੋਂ ਅਸੀਸ ਮੰਗਦਿਆਂ ਬੇਨਤੀ ਕਰਦੇ ਹਨ ਕਿ ਅਕਾਲ ਪੁਰਖ ਸਦਾ ਅੰਗ-ਸੰਗ ਰਹੇ ਅਤੇ ਮਨ ਤੋਂ ਮੌਤ ਦਾ ਡਰ ਹਮੇਸ਼ਾਂ ਲਈ ਹਟਾ ਦੇਵੇ:

ਆਪ ਹਾਥ ਦੈ ਮੁਝੈ ਉਬਰਿਯੈ॥
ਮਰਨ ਕਾਲ ਕਾ ਤ੍ਰਾਸ ਨਿਵਰਿਯੈ॥
ਹੂਜੋ ਸਦਾ ਹਮਾਰੇ ਪੱਛਾ॥
ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ॥5॥ (ਚੌਪਈ ਸਾਹਿਬ)

ਦਸਮੇਸ਼ ਪਿਤਾ ਅਕਾਲ ਪੁਰਖ ਅੱਗੇ ਜੋਦੜੀ ਕਰਦੇ ਹਨ ਕਿ ਉਨ੍ਹਾਂ ਉੱਪਰ ਨਿਰਭੈਤਾ, ਨੇਕਨੀਤੀ ਤੇ ਸਵੈ-ਤਿਆਗ ਦੀ ਭਾਵਨਾ ਦੀ ਦ੍ਰਿੜ੍ਹਤਾ ਬਣੀ ਰਹੇ। ਉਹ ਕਿਸੇ ਨਿੱਜੀ ਸੁਖ ਤੇ ਲਾਭ ਦੇ ਜਾਚਕ ਨਹੀਂ ਬਣਦੇ। ਉਹ ਭਰਪੂਰ ਸ਼ਰਧਾ ਨਾਲ ਸ਼ੁਭ ਕੰਮ ਕਰਨ ਤੋਂ ਕਦੇ ਨਾ ਡਰਨ, ਆਪਣੀ ਜਿੱਤ ਉੱਤੇ ਪੂਰਨ ਵਿਸ਼ਵਾਸ, ਸਦਾ ਅਕਾਲ ਪੁਰਖ ਦੇ ਗੁਣ-ਗਾਇਨ ਦੀ ਭਾਵਨਾ ਅਤੇ ਭੀੜਾਂ ਬਣਨ ’ਤੇ ਧਰਮ-ਯੁੱਧ ਵਿਚ ਜੂਝਦਿਆਂ ਆਪਣਾ ਆਪ ਨਿਛਾਵਰ ਕਰ ਦੇਣ ਦਾ ਵਰ ਮੰਗਦੇ ਹਨ:

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ।
ਨ ਡਰੋ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰਿ ਅਪੁਨੀ ਜੀਤ ਕਰੋਂ।
ਅਰੁ ਸਿਖਹੋਂ ਆਪਨੇ ਹੀ ਮਨ ਕੋ, ਇਹ ਲਾਲਚ ਹਉ ਗੁਨ ਤਉ ਉਚਰੋਂ।
ਜਬ ਆਵ ਕੀ ਅਉਧ ਨਿਦਾਨ ਬਨੈ, ਅਤਿ ਹੀ ਰਨ ਮੈ ਤਬ ਜੂਝ ਮਰੋਂ। (ਚੰਡੀ ਚਰਿਤ੍ਰ)

ਫਿਰ ਇਸ ਸੋਚ ਦਾ ਕਮਾਲ ਇਹ ਹੈ ਕਿ ਅਜਿਹੀ ਮਾਨਸਿਕ ਜਾਗ੍ਰਿਤੀ ਤੇ ਸਰੀਰਕ ਸ਼ਕਤੀ ਲਈ ਤਿਆਰੀ ਦੇ ਨਾਲ ਪ੍ਰਭੂ ਦੀ ਅਰਾਧਨਾ ਵੀ ਜਾਰੀ ਰਹੀ। ਪਰ ਉਸ ਪ੍ਰਭੂ ਨੂੰ ਹੁਣ ਸਰਬ-ਲੋਹ, ‘ਸ੍ਰੀ ਅਸਿਕੇਤਿ’, ਖੜਗਕੇਤਿ ਕਹਿ ਕੇ ਧਿਆਇਆ ਜਾਣ ਲੱਗ ਪਿਆ ਅਤੇ ਸਭ ਆਲੇ-ਦੁਆਲੇ ਵਿਚ ਤੇਗ ਅਤੇ ਉਸ ਦੇ ਸਿਰਜਣਹਾਰ ਦੀ ਜੈ-ਜੈ ਹੋਣ ਲੱਗ ਪਈ:

ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ॥
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ॥
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ॥
ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ॥2॥ (ਬਚਿਤ੍ਰ ਨਾਟਕ)

ਇਕਈਸ਼ਵਰਤਾ, ਵਿਸ਼ਵ ਏਕਤਾ ਤੇ ਮਾਨਵ ਪਿਆਰ ਦੀ ਅਜਿਹੀ ਅਦੁੱਤੀ ਸਿੱਖਿਆ ਦਿੰਦਿਆਂ ਦਸਮੇਸ਼ ਜੀ ਨੇ ਇੱਥੇ ਹੀ ਬਸ ਨਹੀਂ ਕੀਤੀ, ਸਗੋਂ ਨਿਧੜਕ ਹੋ ਕੇ ਇਹ ਆਖਿਆ:

ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ॥
ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ॥16॥86॥ (ਅਕਾਲ ਉਸਤਤ)

ਇਸ ਤਰ੍ਹਾਂ ਦੇ ਰੱਬ ਦੀ ਇਕਵਤਾ ਤੇ ਮਨੁੱਖ ਦੀ ਭਰਾਤਰੀਅਤਾ ਦੇ ਇਸ ਬੇਬਾਕ ਵਰਣਨ ਨਾਲ ਲੋਕਾਂ ਨੂੰ ਇਕ ਨਵੀਂ ਸੋਚ ਮਿਲ ਗਈ ਅਤੇ ਉਹ ਆਪਣੇ ਹੱਕ- ਨਿਆਂ ਲਈ ਜੂਝਣ ਵਾਸਤੇ ਹੋਰ ਦ੍ਰਿੜ੍ਹ ਸੰਕਲਪ ਹੋ ਗਏ ਗੁਰੂ ਜੀ ਨੇ ਇਹ ਵੀ ਦ੍ਰਿੜ੍ਹ ਕਰਾ ਦਿੱਤਾ ਕਿ ਹੁਣ ਜਦ ਸਭ ਹੀਲੇ ਦੀਨਾਂ ਤੇ ਧਰਮੀਆਂ ਉੱਤੇ ਜਾਬਰ ਹਕੂਮਤ ਵੱਲੋਂ ਦਮਨ ਨਾ ਕਰਨ ਦੇ ਖਤਮ ਹੋ ਗਏ ਹਨ ਤਾਂ ਤੇਗ ਚੁੱਕਣੀ ਹਲਾਲ ਬਣ ਗਈ ਹੈ:

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ॥22॥ (ਜ਼ਫਰਨਾਮਾ)

ਗੁਰੂ ਸਾਹਿਬ ਤਾਂ ਹਲੀਮੀ ਦੀ ਮੂਰਤ ਸਨ। ਉਨ੍ਹਾਂ ਅੰਦਰ ਲੋਕ-ਤੰਤਰੀ ਸੇਵਕ ਭਾਵਨਾ ਭਰੀ ਹੋਈ ਸੀ। ਪ੍ਰਭੂ ਪਾਸ ਅਰਦਾਸ ਕਰਦੇ ਹਨ ਸਭ ਤੋਂ ਉੱਚੇ ਤੇ ਸੁੱਚੇ ਮੇਰੇ ਜੀਊੜੇ ਮੇਰੇ ਸਿੱਖ ਹਨ। ਇਨ੍ਹਾਂ ਦੀ ਮਿਹਰਬਾਨੀ ਨਾਲ ਪੰਜ ਜੰਗ ਜਿੱਤੇ ਹਨ ਅਤੇ ਆਪ ਜੀ ਦੀ ਕਿਰਪਾ ਨਾਲ ਅਤੇ ਇਨ੍ਹਾਂ ਦੇ ਸਹਿਯੋਗ ਨਾਲ ਸਭ ਕੁਝ ਪ੍ਰਾਪਤ ਕੀਤਾ ਹੈ:

ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ; ਇਨ ਹੀ ਕੇ ਪ੍ਰਸਾਦਿ ਸੋਂ ਦਾਨ ਕਰੇ।
ਅਘ ਓਘ ਟਰੇ ਇਨ ਹੀ ਕੇ ਪ੍ਰਸਾਦਿ; ਕ੍ਰਿਪਾ ਇਨ ਕੀ ਪੁਨਿ ਧਾਮ ਭਰੇ।
ਇਨ ਹੀ ਕੇ ਪ੍ਰਸਾਦਿ ਸੁਬਿੱਦਿਯ ਭਏ; ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ।
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ; ਨਹੀਂ ਮੋ ਸੇ ਗਰੀਬ ਕਰੋਰ ਪਰੇ॥ (ਸ੍ਰੀ ਦਸਮ ਗ੍ਰੰਥ )

ਦਸਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਵ ‘ਸ਼ਬਦ ਗੁਰੂ’ ਨੂੰ ਖਾਲਸੇ ਦਾ ਗੁਰੂ ਥਾਪ, ਉਸ ਦੀ ਤਾਬਿਆ ਸਿੱਖ ਪੰਥ ਨੂੰ ਰੱਖ ਕੇ ਸਭ ਤਰ੍ਹਾਂ ਦੀ ਦੇਹਧਾਰੀ ਗੁਰੂ ਦੀ ਪ੍ਰਥਾ ਨੂੰ ਸਮਾਪਤ ਕਰ ਦਿੱਤਾ। ਉਨ੍ਹਾਂ ‘ਸ਼ਬਦ ਗੁਰੂ’ ਦੀ ਇਹ ਨਰੋਈ ਲੀਹ ਤੋਰੀ ਹੈ ਅਤੇ ਇਸ ਤਰ੍ਹਾਂ ਸ਼ਬਦ ਨੂੰ ਹੀ ਅਧਿਆਤਮਕ, ਨੈਤਿਕਤਾ ਤੇ ਹਰ ਤਰ੍ਹਾਂ ਦੀ ਅਗਵਾਈ ਦਾ ਮਾਰਗ-ਦਰਸ਼ਕ ਥਾਪਿਆ ਹੈ।

ਦਸਮ ਪਿਤਾ ਦੇ ਚਿੰਤਨ ਤੇ ਵਿਚਾਰਧਾਰਾ ਦਾ ਹੀ ਪਰਿਣਾਮ ਹੈ ਕਿ ਖਾਲਸਾ ਪੰਥ ਨੇ ਦ੍ਰਿੜ੍ਹ ਸੰਕਲਪ ਹੋ ਕੇ ਮੁਗ਼ਲ ਸਰਕਾਰ ਵੱਲੋਂ ਖੜੀਆਂ ਕੀਤੀਆਂ ਅਨੇਕ ਰੁਕਾਵਟਾਂ, ਪਰੇਸ਼ਾਨੀਆਂ ਅਤੇ ਬੰਧਨਾਂ ਨੂੰ ਚੂਰ ਕਰ ਕੇ ਮੁਗ਼ਲ ਸਾਮਰਾਜ ਨਾਲ ਟੱਕਰ ਲੈ ਕੇ ਛੇ ਜੰਗਾਂ ਲੜ ਕੇ ਜਿੱਤਾਂ ਦੀ ਪ੍ਰਾਪਤੀ ਕੀਤੀ ਅਤੇ ਇਸ ਧਰਮ-ਯੁੱਧ ਦੇ ਸੰਘਰਸ਼ ਵਿਚ ਹਜ਼ਾਰਾਂ ਸਿੰਘਾਂ ਨੇ ਜੂਝਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਰਬੰਸਦਾਨੀ ਦਸਮੇਸ਼ ਜੀ ਨੂੰ ਵੀ ਇਸੇ ਸੰਘਰਸ਼ ਵਿਚ ਆਪਣੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਅਤੇ ਦੋ ਛੋਟੇ ਸਾਹਿਬਜ਼ਾਦੇ ਸਰਹਿੰਦ ਦੀ ਦੀਵਾਰ ਵਿਚ ਚਿਣਵਾਉਣੇ ਪਏ ਤੇ ਮਾਤਾ ਜੀ ਕੁਰਬਾਨ ਕਰਨੀ ਪਈ। ਗੁਰੂ ਸਾਹਿਬ ਆਖਰੀ ਦਮ ਤਕ ਅਣਖ, ਬੀਰਤਾ, ਸਵੈਮਾਣ, ਤੇ ਅਕਾਲ ਦੇ ਭਰੋਸੇ ਵਾਲੀ ਚੜ੍ਹਦੀ ਕਲਾ ਵਿਚ ਰਹੇ। ਉਨ੍ਹਾਂ ਦੀ ਜਗਾਈ ਜੋਤ ਦੇ ਪ੍ਰਕਾਸ਼ ਵਿਚ ਪੂਰੀ ਅਠਾਰ੍ਹਵੀਂ ਸਦੀ ਵਿਚ ਖਾਲਸੇ ਨੇ ਸੰਘਰਸ਼ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਇਸ ਸਦੀ ਦੇ ਅੰਤ ਮੁਗ਼ਲ ਸਾਮਰਾਜ ਨੂੰ ਸਦਾ ਲਈ ਮੇਟ ਕੇ ਖਾਲਸਾ ਪੰਥ ਤੇ ਲੋਕਾਂ ਦਾ ਰਾਜ ਸਥਾਪਿਤ ਕਰ ਦਿੱਤਾ।

ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਿੰਤਨ ਦੀ ਮਹਾਨਤਾ ਹੈ ਕਿ ਇਸ ਸੰਕਲਪ ਪ੍ਰਬੰਧ ਦੁਆਰਾ ਉਨ੍ਹਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਸਿੱਖਿਆ ਨੂੰ ਪੁਨਰ-ਪ੍ਰਕਾਸ਼ਿਤ ਕਰ ਕੇ ਖਾਲਸੇ ਦੀ ਨਿਵੇਕਲੀ ਪਛਾਣ ਸਥਾਪਿਤ ਕੀਤੀ ਅਤੇ ਹੱਕ- ਸੱਚ ਧਰਮ ਦੀ ਸੁਰੱਖਿਆ ਅਤੇ ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਤੇ ਕੁਰਬਾਨੀ ਦਿੱਤੀ ਹੈ। ਸਪਿਰਟ ਫੂਕ ਕੇ ਸਦੀਵ ਲਈ ਨਵੀਂ ਵਿਚਾਰ ਧਾਰਾ ਦੀ ਇਕ ਜੋਤ ਜਗਾਈ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

# 66, ਚੰਦਰ ਨਗਰ, ਜਨਕਪੁਰੀ, ਨਵੀਂ ਦਿੱਲੀ-110058

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)