ਦੁੱਖ ਵੇਲੇ ਅਰਦਾਸ, ਸੁਖ ਵੇਲੇ ਸ਼ੁਕਰਾਨਾ ਅਤੇ ਹਰ ਵੇਲੇ ਸਿਮਰਨ ਕਰਨਾ ਸਾਡੇ ਨਿਤਾਪ੍ਰਤੀ ਦੇ ਜੀਵਨ ਦਾ ਇਕ ਅਹਿਮ ਅੰਗ ਬਣ ਜਾਣਾ ਚਾਹੀਦਾ ਹੈ। ਇਨ੍ਹਾਂ ਪੰਗਤੀਆਂ ਵਿਚ ਜ਼ਿੰਦਗੀ ਜਿਊਣ ਦੀ ਕਲਾ ਸਮਾਈ ਹੋਈ ਹੈ। ਜੇ ਕਿਤੇ ਇਹ ਪੰਗਤੀਆਂ ਕੇਵਲ ਲਿਖਤ ਹੀ ਨਾ ਰਹਿ ਕੇ ਮਨ ਉੱਪਰ ਉੱਕਰ ਜਾਣ ਤਾਂ ਜੀਵਨ ਆਨੰਦ ਦੀ ਅਵਸਥਾ ਨੂੰ ਪਾ ਲੈਂਦਾ ਹੈ। “ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ” ਅਤੇ “ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ” ਅਨੁਸਾਰ ਜ਼ਿੰਦਗੀ ਦੁੱਖ-ਸੁਖ, ਸੰਜੋਗ ਅਤੇ ਵਿਜੋਗ ਦਾ ਸੁਮੇਲ ਹੈ। ਗ੍ਰਿਹਸਥ ਮਾਰਗ ਧਾਰਨ ਕਰਦਿਆਂ ਸਾਨੂੰ ਹੋਰ ਵੀ ਦੁੱਖਾਂ ਅਤੇ ਸੁਖਾਂ ਦੇ ਘਣੇ ਜੰਗਲਾਂ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ। ਪਰ ਇਨ੍ਹਾਂ ਪ੍ਰਸਥਿਤੀਆਂ ਵਿਚ ਘਬਰਾਉਣ ਦੀ ਲੋੜ ਨਹੀਂ ਹੁੰਦੀ ਸਗੋਂ ਉਸ ਗੁਣੀ-ਨਿਧਾਨ ਪਰਮਾਤਮਾ ਦਾ ਓਟ-ਆਸਰਾ ਲੈ ਕੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਉੱਪਰ ਦ੍ਰਿੜ੍ਹਤਾ ਨਾਲ ਚੱਲਣ ਦੀ ਲੋੜ ਹੁੰਦੀ ਹੈ। ਦੁੱਖ ਨੂੰ ਪਰ੍ਹੇ ਕਰਨਾ ਅਤੇ ਸੁਖ ਦੀ ਭਾਲ ਵਿਚ ਰਹਿਣਾ ਮਨੁੱਖੀ ਫ਼ਿਤਰਤ ਹੈ। ਗੁਰਮਤਿ ਜੀਵਨ-ਜਾਚ ਥਾਂ- ਪਰ-ਥਾਂ ਦੁੱਖ ਵਿਚੋਂ ਖ਼ੁਸ਼ੀ-ਖ਼ੁਸ਼ੀ ਗੁਜ਼ਰਨ ਦੀ ਗੱਲ ਕਰਦੀ ਹੋਈ ਦੁੱਖ-ਸੁਖ, ਸੰਜੋਗ ਤੇ ਵਿਜੋਗ ਨੂੰ ਇਕ-ਸਮਾਨ ਜਾਣਨ ਦੀ ਗੱਲ ਕਰਦੀ ਹੈ। ਗੁਰਮਤਿ ਅਨੁਸਾਰ ਦੁੱਖ ਦੀ ਸਥਿਤੀ ਵਿਚ ਸਗੋਂ ਜੀਵ ਪ੍ਰਭੂ ਨੂੰ ਯਾਦ ਕਰਦਾ ਹੈ। ਪ੍ਰਭੂ ਨੂੰ ਯਾਦ ਕਰਦਿਆਂ ਉਹ ਅਰਦਾਸ ਬੇਨਤੀ ਕਰਦਾ ਹੈ। ਉਸ ਦੀ ਸੁਰਤੀ ਪ੍ਰਭੂ ਨਾਲ ਜੁੜੀ ਹੁੰਦੀ ਹੈ। ‘ਸੰਸਾਰਕ ਸੁਖ’ ਦੀ ਸਥਿਤੀ ਵਿਚ ਮਨੁੱਖ ਆਮ ਕਰਕੇ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਜਦੋਂ ਕਿ ਸੁਖ ਵੇਲੇ ਉਸ ਪ੍ਰਭੂ ਦਾ ਸ਼ੁਕਰਾਨਾ ਕਰਨਾ ਬਣਦਾ ਹੈ। ਗੁਰਬਾਣੀ ਅਨੁਸਾਰ ‘ਦੁੱਖ’ ਦਾ ਆਪਣਾ ਮਹੱਤਵ ਹੈ:
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥ (ਪੰਨਾ 469)
ਸੁਖੁ ਨਾਹੀ ਬਹੁਤੈ ਧਨਿ ਖਾਟੇ ॥
ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ (ਪੰਨਾ 1147)
ਠੀਕ ਜਿਵੇਂ ਧੁੱਪ ਤੋਂ ਬਿਨਾਂ ਛਾਂ ਦੇ ਅਰਥ ਨਹੀਂ ਹੁੰਦੇ, ਇਸੇ ਤਰ੍ਹਾਂ ਹੀ ਦੁੱਖ ਤੋਂ ਬਿਨਾਂ ਸੁਖ ਅਤੇ ਵਿਜੋਗ ਤੋਂ ਬਿਨਾਂ ਸੰਜੋਗ ਦੇ ਵੀ ਕੋਈ ਅਰਥ ਨਹੀਂ ਹੁੰਦੇ। ਜੇ ਇਨ੍ਹਾਂ ਪ੍ਰਸਥਿਤੀਆਂ ਦਾ ਸੁਮੇਲ ਜ਼ਿੰਦਗੀ ਹੈ ਤਾਂ ਵਕਤ ਵਿਚਾਰਨਾ ਜ਼ਿੰਦਗੀ ਜਿਊਣ ਦੀ ਇਕ ਕਲਾ ਹੈ। ਵਕਤ ਦੀ ਨਬਜ਼ ਪਛਾਣਦਿਆਂ ਹੀ ਫ਼ੈਸਲੇ ਲਏ ਜਾਂਦੇ ਹਨ। ਨਾਮ ਸਿਮਰਨ, ਕਿਰਤ ਕਰਨ ਤੇ ਵੰਡ ਛਕਣ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ, ਸੁਖ ਵੇਲੇ ਸ਼ੁਕਰਾਨਾ ਚਾਹੀਦਾ ਹੈ ਅਤੇ ਦੁੱਖ ਵੇਲੇ ਅਰਦਾਸ ਕਰਨੀ ਚਾਹੀਦੀ ਹੈ। ਹਰ ਵੇਲੇ ਪ੍ਰਭੂ-ਰੰਗ ਵਿਚ ਰੰਗਿਆ ਮਨ ਹੀ ਦੁੱਖ ਵੇਲੇ ਇਕਾਗਰਚਿੱਤ ਹੋ ਕੇ ਅਰਦਾਸ ਕਰ ਸਕਦਾ ਹੈ ਜੋ ਥਾਏਂ ਪੈਂਦੀ ਹੈ। ਠੀਕ ਜਿਵੇਂ ਇਕ ਕਾਗ਼ਜ਼ ਦੇ ਟੁਕੜੇ ’ਤੇ ਉੱਤਲ ਲੈਨਜ਼ ਦੁਆਰਾ ਸੂਰਜ ਦੀਆਂ ਬਿਖਰੀਆਂ ਕਿਰਨਾਂ ਨੂੰ ਇਕੱਠਾ ਕਰ ਕੇ ਸੁੱਟਿਆ ਜਾਵੇ ਤਾਂ ਕਾਗ਼ਜ਼ ਸੜ ਜਾਂਦਾ ਹੈ। ਸੁਖ ਵੇਲੇ ਸ਼ੁਕਰਾਨਾ ਕਰਨਾ ਵੀ ਸਿਮਰਨ ਦਾ ਇਕ ਅੰਗ ਹੈ। ਆਪ ਜੇ ਕਿਧਰੇ ਜਾ ਰਹੇ ਹੋ ਤਾਂ ਕਿਸੇ ਲੰਗੜੇ ਜਾਂ ਅਪਾਹਜ ਸਰੀਰ ਨੂੰ ਦੇਖਦੇ ਹੋ ਤਾਂ ਜਿੱਥੇ ਉਸ ਪ੍ਰਤੀ ਹਮਦਰਦੀ ਮਹਿਸੂਸ ਕਰੋ ਉਥੇ ਨਾਲ ਹੀ ਪ੍ਰਭੂ ਅੱਗੇ ਆਪਣੇ ਪੂਰਨ ਹੋਣ ਦਾ ਸ਼ੁਕਰਾਨਾ ਕਰੋ।
ਸਮਾਂ ਸਭ ਚੀਜ਼ਾਂ ਨੂੰ ਹਜ਼ਮ ਕਰ ਲੈਂਦਾ ਹੈ। ਇਹ ਸਭ ਨੂੰ ਛੱਡ ਜਾਂਦਾ ਹੈ ਪਰ ਸਮੇਂ ਨੂੰ ਕੋਈ ਨਹੀਂ ਛੱਡ ਸਕਦਾ। ਜੀਵਨ ਕਿਤਨਾ ਵੀ ਛੋਟਾ ਕਿਉਂ ਨਾ ਹੋਵੇ, ਸਮੇਂ ਦੀ ਬਰਬਾਦੀ ਨਾਲ ਇਸ ਨੂੰ ਹੋਰ ਵੀ ਛੋਟਾ ਬਣਾ ਦਿੱਤਾ ਜਾਂਦਾ ਹੈ। ਜਿਸ ਨੇ ਆਪਣੀ ਸ਼ਾਮ ਨਹੀਂ ਸੰਭਾਲੀ ਉਸਦੀ ਸਵੇਰ ਵੀ ਚਾਨਣ ਵਾਲੀ ਨਹੀਂ ਹੋ ਸਕਦੀ। ਸਮੇਂ ਦਾ ਸਦ-ਉਪਯੋਗ ਹੀ ਜ਼ਿੰਦਗੀ ਦੀ ਸਫਲਤਾ ਦਾ ਰਾਜ਼ ਹੈ। ਇਸ ਪ੍ਰਸੰਗ ਵਿਚ ‘ਸਮੇਂ’ ਸੰਬੰਧੀ ਭਾਈ ਵੀਰ ਸਿੰਘ ਜੀ ਦੇ ਬੋਲ ਗੌਲਣਯੋਗ ਹਨ:
ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ,
ਫੜ-ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ,
ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਈ ਭੰਨੀ,
ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ,
ਹੋ! ਅਜੇ ਸੰਭਾਲ ਇਸ ਸਮੇਂ ਨੂੰ,
ਕਰ ਸਫਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨਾ ਮੁੜ ਕੇ ਆਂਵਦਾ।
ਸਮਾਂ ਉਹ ਹੈ ਜੋ ਸਾਡੇ ਨਾਲ ਚੱਲ ਰਿਹਾ ਹੈ। ਮਨੁੱਖ ਦੇ ਹੱਥ ਵਿਚ ਸਿਰਫ਼ ਵਰਤਮਾਨ ਹੈ। ਬੀਤਿਆ ਸਮਾਂ ਵਾਪਸ ਨਹੀਂ ਆ ਸਕਦਾ। ਆਉਣ ਵਾਲਾ ਸਮਾਂ ਹੱਥ ਵਿਚ ਨਹੀਂ। ਇਸ ਲਈ ਵਰਤਮਾਨ ਸਮਾਂ ਹੀ ਠੀਕ ਢੰਗ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ। ਬੀਤੇ ਸਮੇਂ ’ਤੇ ਪਛਤਾਉਣ ਦੀ ਲੋੜ ਨਹੀਂ, ਸਗੋਂ ਸੇਧ ਲੈਣ ਦੀ ਜ਼ਰੂਰਤ ਹੁੰਦੀ ਹੈ। ਵਰਤਮਾਨ ਸਮੇਂ ਦਾ ਸਦ-ਉਪਯੋਗ ਹੀ ਭਵਿੱਖ ਨੂੰ ਚੰਗਾ ਬਣਾ ਸਕਦਾ ਹੈ। ਵਰਤਮਾਨ ਨੂੰ ਬੀਤੇ ਦੀਆਂ ਯਾਦਾਂ ਵਿਚ ਬਤੀਤ ਕਰਨਾ ਵਾਲਾ ਅੰਞਾਣ ਹੁੰਦਾ ਹੈ ਤੇ ਵਰਤਮਾਨ ਨੂੰ ਭਵਿੱਖ ਦੀ ਚਿੰਤਾ ਅੰਦਰ ਸਾੜਨ ਵਾਲਾ ਮਨੁੱਖ ਮੂਰਖ ਹੁੰਦਾ ਹੈ। ਸਿਆਣਾ ਮਨੁੱਖ ‘ਅੱਜ’ ਨੂੰ ਸੰਵਾਰਨ ਸ਼ਿੰਗਾਰਨ ਦੀ ਭਰਪੂਰ ਕੋਸ਼ਿਸ਼ ਕਰਦਾ ਹੈ। ਗੁਰਸਿੱਖ ਵਰਤਮਾਨ ਵਿਚ ਵਰਤਦਾ ਹੈ ਪਰ ਉਹ ਬੀਤੇ ਸਮੇਂ ਅਤੇ ਆਉਣ ਵਾਲੇ ਸਮੇਂ ਦਾ ਲੋੜੀਂਦਾ ਧਿਆਨ ਜ਼ਰੂਰ ਰੱਖਦਾ ਹੈ। ਭਾਵ ਬੀਤੇ ਸਮੇਂ ਦੇ ਤਜਰਬੇ ਤੋਂ ਸੇਧ ਤੇ ਅਗਵਾਈ ਲੈਂਦਾ ਹੈ ਅਤੇ ਵਰਤਮਾਨ ਦਾ ਹਰ ਪਲ ਸਦ-ਵਰਤੋਂ ’ਚ ਲਿਆ ਕੇ ਭਵਿੱਖ ਵੀ ਸੁਆਰ ਲੈਂਦਾ ਹੈ। ਕਹਿਣ ਤੋਂ ਭਾਵ ਗੁਰਮੁਖ ਚਿੰਤਾ ਨਹੀਂ ਕਰਦਾ ਪਰ ਉਸਾਰੂ ਚਿੰਤਨ ਜ਼ਰੂਰ ਕਰਦਾ ਹੈ। ਇਸ ਸੰਦਰਭ ਵਿਚ ਭਾਈ ਗੁਰਦਾਸ ਜੀ ਅਤੇ ਭਾਈ ਵੀਰ ਸਿੰਘ ਜੀ ਦੇ ਵਿਚਾਰ ਵਿਚਾਰਨਯੋਗ ਹਨ:
ਗੁਰਸਿਖ ਮਨ ਪਰਗਾਸੁ ਹੈ ਪਿਰਮ ਪਿਆਲਾ ਅਜਰੁ ਜਰੰਦੇ।
ਪਾਰਬ੍ਰਹਮੁ ਪੂਰਨ ਬ੍ਰਹਮੁ ਬ੍ਰਹਮੁ ਬਿਬੇਕੀ ਧਿਆਨੁ ਧਰੰਦੇ।
ਸਬਦ ਸੁਰਤਿ ਲਿਵ ਲੀਣ ਹੋਇ ਅਕਥ ਕਥਾ ਗੁਰ ਸਬਦੁ ਸੁਣੰਦੇ।
ਭੂਤ ਭਵਿਖਹੁˆ ਵਰਤਮਾਨ ਅਬਿਗਤਿ ਗਤਿ ਅਤਿ ਅਲਖ ਲਖੰਦੇ।
ਗੁਰਮੁਖਿ ਸੁਖ ਫਲੁ ਅਛਲੁ ਛਲੁ ਭਗਤਿ ਵਛਲੁ ਕਰਿ ਅਛਲੁ ਛਲੰਦੇ।
ਭਵਜਲ ਅੰਦਰਿ ਬੋਹਿਥੈ ਇਕਸ ਪਿਛੇ ਲਖ ਤਰੰਦੇ।
ਪਰਉਪਕਾਰੀ ਮਿਲਨਿ ਹਸੰਦੇ॥14॥ (ਭਾਈ ਗੁਰਦਾਸ ਜੀ, ਵਾਰ 6)
ਹੋ ਸੰਭਲ ਸੰਭਲ ਇਸ ਅੱਜ ਨੂੰ,
ਇਹ ਬੀਤੇ ਮਹਾਂਰਸ ਪੀਂਦਿਆਂ, ‘ਹਰਿਰਸ’
ਵਿਚ ਮੱਤੇ ਖੀਵਿਆਂ, ਹਰਿਰੰਗ’ ਹਰਿ ਕੀਰਤ ਚਾਉਂਦਿਆਂ। (ਭਾਈ ਵੀਰ ਸਿੰਘ)
ਪੰਜਾਬੀ ਕਵੀ ਸੁਰਜੀਤ ਸਿੰਘ ਪਾਤਰ ਮਨੁੱਖ ਨੂੰ ਆਪਣਾ ਭਵਿੱਖ ਸੰਵਾਰਨ ਹਿਤ ਵਰਤਮਾਨ ਸਮੇਂ ਦਾ ਸਦ-ਉਪਯੋਗ ਕਰਨ ਲਈ ਇਸ ਪ੍ਰਕਾਰ ਪ੍ਰੇਰਿਤ ਕਰਦਾ ਹੈ:
ਦੂਰ ਜੇਕਰ ਅਜੇ ਸਵੇਰਾ ਹੈ,
ਤਾਂ ਇਸ ਵਿਚ ਕਾਫ਼ੀ ਕਸੂਰ ਮੇਰਾ ਹੈ।
ਪੰਜਾਬੀ ਕਵੀ ਬਾਵਾ ਬਲਵੰਤ ਅਨੁਸਾਰ ਵਰਤਮਾਨ ਸਮੇਂ ਦਾ ਹਰ ਪਲ ਕੀਮਤੀ ਹੈ। ਇਹ ਕਦਾਚਿਤ ਵੀ ਵਿਅਰਥ ਨਾ ਗਵਾਇਆ ਜਾਵੇ :
ਜਦ ਮੌਤ ਨੇ ਨਹੀਂ ਹੈ ਇਕ ਪਲ ਦੇਣਾ,
ਤਾਂ ਇਕ ਪਲ ਵੀ ਹੈ ਆਪਣਾ ਕਿਉਂ ਮੌਤ ਕਰਨਾ?
ਵਰਤਮਾਨ ਸਮੇਂ ਦਾ ਦੁਰ-ਪ੍ਰਯੋਗ ਬੀਤੇ ਦੀਆਂ ਮਾੜੀਆਂ ਤੇ ਅਣਸੁਖਾਵੀਆਂ ਯਾਦਾਂ ਹੋ ਨਿਬੜਦੀਆਂ ਹਨ ਅਤੇ ਭਵਿੱਖ ਤਬਾਹ ਹੋ ਜਾਂਦਾ ਹੈ। ਜਦੋਂ ਬੰਦੇ ਕੋਲ ਵੇਲਾ ਹੁੰਦਾ ਹੈ ਉਸ ਨੂੰ ਆਪਣੇ ਮਨ ਦੀ ਸੂਝ ਨਹੀਂ ਪੈਂਦੀ ਤੇ ਜਦੋਂ ਬੰਦੇ ਨੂੰ ਆਪਣੇ ਮਨ ਦੀ ਸੂਝ ਪੈਂਦੀ ਹੈ ਉਦੋਂ ਉਸ ਕੋਲ ਵੇਲਾ ਨਹੀਂ ਹੁੰਦਾ। ਇਹ ਸਥਿਤੀ ਪਛਤਾਵੇ ਦੀ ਹੁੰਦੀ ਹੈ ਪਰ ਵੇਲਾ ਹੱਥੋਂ ਜਾ ਚੁੱਕਾ ਹੁੰਦਾ ਹੈ। ਬਾਬਾ ਫ਼ਰੀਦ ਜੀ ਦਾ ਫ਼ੁਰਮਾਨ ਹੈ:
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥1॥
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥1॥ਰਹਾਉ॥
ਇਕ ਆਪੀਨੈ੍ ਪਤਲੀ ਸਹ ਕੇਰੇ ਬੋਲਾ॥
ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ॥2॥
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥
ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥3॥2॥ (ਪੰਨਾ 794)
ਫ਼ੈਸਲੇ ਵਰਤਮਾਨ ਸਮੇਂ ਨੂੰ ਮੁੱਖ ਰੱਖ ਕੇ ਕੀਤੇ ਜਾਂਦੇ ਹਨ। ਸਮਾਂ, ਸਥਾਨ ਅਤੇ ਪ੍ਰਸਥਿਤੀਆਂ ਸਾਨੂੰ ਕੋਈ ਫ਼ੈਸਲਾ ਲੈਣ ਲਈ ਮਜਬੂਰ ਕਰਦੀਆਂ ਹਨ। ਪਰ ਇਕ ਗੱਲ ਯਾਦ ਰਹੇ ਕਿ ਕੋਈ ਵੀ ਫ਼ੈਸਲਾ ਲੈਣ ਲੱਗਿਆਂ ਹੱਕ, ਸੱਚ, ਨਿਆਂ, ਸਵੈ- ਅਣਖ, ਸਹਿਜਤਾ ਅਤੇ ਸੰਤੋਖ ਆਦਿ ਦਾ ਪੱਲਾ ਫੜੀ ਰੱਖਣਾ ਅਤਿ ਜ਼ਰੂਰੀ ਹੈ। ਇਕ ਚੰਗਾ ਤੇ ਸਿਆਣਾ ਜਰਨੈਲ ਮੈਦਾਨ-ਏ-ਜੰਗ ਵਿਚ ਪ੍ਰਸਥਿਤੀਆਂ ਨੂੰ ਮੁੱਖ ਰੱਖ ਕੇ ਹੀ ਫ਼ੈਸਲਾ ਕਰਦਾ ਹੈ। ਮੈਦਾਨ-ਏ-ਜੰਗ ਵਿਚ ਉਹ ਕਈ ਵਾਰ ਦੁਸ਼ਮਣ ਦੀ ਫ਼ੌਜ ਉੱਤੇ ਧਾਵਾ ਬੋਲਣ ਲਈ ਹੁਕਮ ਦਿੰਦਾ ਹੈ ਪਰ ਕਈ ਵਾਰੀ ਉਸ ਨੂੰ ਆਪਣੀ ਫ਼ੌਜ ਦਾ ਭਾਰੀ ਨੁਕਸਾਨ ਹੋ ਜਾਣ ਕਾਰਨ ਪਿੱਛੇ ਹਟਣਾ ਪੈਂਦਾ ਹੈ ਤੇ ਲੋੜ ਪੈਣ ’ਤੇ ਫਿਰ ਧਾਵਾ ਬੋਲ ਦਿੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਜੰਗ ਵਿਚ ਵਕਤ ਨੂੰ ਪਛਾਣਦਿਆਂ ਕੌਮ ਦੀ ਭਲਾਈ ਹਿਤ ਪੰਜ ਸਿੰਘਾਂ ਨੇ ਚਲੇ ਜਾਣ ਦਾ ਹੁਕਮ ਦਿੱਤਾ ਸੀ। ਗੁਰੂ ਸਾਹਿਬ ਨੇ ਰਾਤ ਦੇ ਵਕਤ ਤਿੰਨ ਸਿੰਘਾਂ ਨਾਲ ਜਦੋਂ ਚਮਕੌਰ ਦੀ ਗੜ੍ਹੀ ਨੂੰ ਤਾੜੀ ਮਾਰ ਕੇ ਛੱਡਿਆ ਅਤੇ ਜਿਸ ਢੰਗ ਨਾਲ ਛੱਡਿਆ ਆਪਣੇ ਆਪ ਵਿਚ ਇਕ ਉੱਤਮ ਮਿਸਾਲ ਹੈ ਜੋ ਉਨ੍ਹਾਂ ਦੀ ਯੁੱਧ-ਨੀਤੀ ਨੂੰ ਵੀ ਦਰਸਾਉਂਦੀ ਹੈ। ਸਵੈ-ਅਣਖ ਵੀ ਕਾਇਮ ਰੱਖੀ ਅਤੇ ਵਕਤ ਵਿਚਾਰਦਿਆਂ ਗੜ੍ਹੀ ਵੀ ਛੱਡ ਗਏ। ਸਿੱਖ ਇਤਿਹਾਸ ਐਸੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ। ਗ੍ਰਿਹਸਥ ਮਾਰਗ ਧਾਰਨ ਕਰਦਿਆਂ ਅਤੇ ਸਮਾਜ ਵਿਚ ਵਿਚਰਦਿਆਂ ਬਾਹਰੀ ਤਲਖ਼ ਹਕੀਕਤਾਂ ਨਾਲ ਵਾਹ-ਵਾਸਤਾ ਪੈਂਦਾ ਹੈ। ਜੀਵਨ ਦੇ ਸੰਘਰਸ਼ ਖੇਤਰ ਵਿਚ ਵੀ ਇਕ ਚੰਗਾ ਸਿਪਾਹੀ ਤੇ ਯੋਧਾ ਉਹੀ ਹੁੰਦਾ ਹੈ ਜੋ ਵਕਤ ਨੂੰ ਵਿਚਾਰ ਕੇ ਚੱਲੇ। ਵਕਤ ਨੂੰ ਵਿਚਾਰਦਿਆਂ ਜ਼ੁਲਮ ਤੇ ਅਨਿਆਂ ਦੇ ਖ਼ਿਲਾਫ਼ ਡਟਣਾ ਅਤੇ ਹੱਕ, ਸੱਚ ਤੇ ਨਿਆਂ ਦੇ ਹੱਕ ਵਿਚ ਖਲੋਣਾ ਅਤਿ ਜ਼ਰੂਰੀ ਹੈ। ਜ਼ਿੰਦਗੀ ਅਸੂਲਾਂ ਤੋਂ ਬਿਨਾਂ ਕੁਝ ਨਹੀਂ ਹੁੰਦੀ।
‘ਨਿਮਰਤਾ’ ਅਤੇ ‘ਹਉਮੈ’ ਦੋਹਾਂ ਦੀ ਵਕਤ ਨੂੰ ਵਿਚਾਰਨ ਵਿਚ ਆਪਣੀ- ਆਪਣੀ ਭੂਮਿਕਾ ਹੈ। ‘ਨਿਮਰਤਾ’ ਵਕਤ ਨੂੰ ਵਿਚਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜਦੋਂ ਕਿ ‘ਹਉਮੈ’ ਰੁਕਾਵਟ ਬਣਦੀ ਹੈ। ਇਕ ਜ਼ਬਰਦਸਤ ਹਨੇਰੀ, ਝੱਖੜ ਅਤੇ ਤੂਫ਼ਾਨ ਵਿਚ ਉਹੀ ਰੁੱਖ ਬਚਦੇ ਹਨ ਜੋ ਲਿਫ ਜਾਂਦੇ ਹਨ ਅਤੇ ਜਿਹੜੇ ਰੁੱਖ ਸਿੱਧੇ ਖੜ੍ਹੇ ਰਹਿੰਦੇ ਹਨ ਉਹ ਟੁੱਟਦੇ ਹਨ। ਕਿਸੇ ਕਵੀ ਨੇ ਸਾਗਰ ਅਤੇ ਨਦੀ ਦੇ ਵਾਰਤਾਲਾਪ ਰਾਹੀਂ ਇਸ ਤੱਥ ਨੂੰ ਬੜੇ ਹੀ ਸੁਹਜਮਈ ਢੰਗ ਨਾਲ ਪੇਸ਼ ਕੀਤਾ ਹੈ:
“ਸਾਗਰ ਪੁੱਛਦਾ, “ਨਦੀਏ! ਐਨੇ ਬੂਟੇ ਬੂਟੀਆਂ ਲਿਆਵੇਂ।
ਪਰ ਨਾ ਕਦੀ ਬੈਂਤ ਦਾ ਬੂਟਾ ਏਥੇ ਆਣ ਪੁਚਾਵੇਂ।”
ਨਦੀ ਆਖਦੀ, “ਆਕੜ ਵਾਲੇ ਸਭ ਬੂਟੇ ਪੁੱਟ ਸੁੱਟਾਂ।
ਪਰ ਜੋ ਵਗੇ ਰਉ-ਰੁਖ਼ ਨੂੰ, ਪੇਸ਼ ਨਾ ਉਸ ’ਤੇ ਜਾਵੇ।”
ਜਿਵੇਂ ਰਉ-ਰੁਖ਼ ਵਿਚ ਨਾ ਰਹਿਣ ਵਾਲੇ ਬੂਟੇ ਪੁੱਟੇ ਜਾਂਦੇ ਹਨ ਇਸੇ ਤਰ੍ਹਾਂ ਹੀ ਹਉਮੈ-ਗ੍ਰਸਤ ਵਿਅਕਤੀ ਦੀ ਹੋਂਦ ਵੀ ਖ਼ਤਮ ਹੋ ਜਾਂਦੀ ਹੈ। ‘ਹਉਮੈ’ ਅਤੇ ‘ਸਵੈ- ਅਣਖ’ ਵਿਚ ਨਿਖੇੜਾ ਕਰ ਲੈਣਾ ਅਤਿ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਸਵੈ- ਅਣਖ ਅਤੇ ਹਉਮੈ ਨੂੰ ਗ਼ਲਤੀ ਨਾਲ ਇਕ ਹੀ ਮੰਨ ਲਿਆ ਜਾਂਦਾ ਹੈ ਜਦੋਂ ਕਿ ਇਨ੍ਹਾਂ ਦੇ ਅਰਥ ਵੱਖਰੇ-ਵੱਖਰੇ ਅਤੇ ਸਪੱਸ਼ਟ ਹਨ। ਸਵੈ-ਅਣਖ ਆਪਣੇ ਅਸੂਲਾਂ ’ਤੇ ਡਟੇ ਰਹਿਣ ਦੀ ਪ੍ਰਤੀਕ ਹੈ ਜਦੋਂ ਕਿ ਹਉਮੈ ਪਰਮਾਤਮਾ ਨਾਲੋਂ ਇਕ ਵੱਖਰੀ ਹੋਂਦ ਦਾ ਅਹਿਸਾਸ ਹੈ।
ਲੇਖਕ ਬਾਰੇ
ਪਿੰਡ ਤਾਰਾਗੜ੍ਹ, ਡਾਕ: ਧਰਮਕੋਟ ਬੱਗਾ, ਤਹਿ: ਬਟਾਲਾ (ਗੁਰਦਾਸਪੁਰ)
- ਸ. ਬਲਵਿੰਦਰ ਸਿੰਘ ਗੰਭੀਰhttps://sikharchives.org/kosh/author/%e0%a8%b8-%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%ad%e0%a9%80%e0%a8%b0-2/November 1, 2007
- ਸ. ਬਲਵਿੰਦਰ ਸਿੰਘ ਗੰਭੀਰhttps://sikharchives.org/kosh/author/%e0%a8%b8-%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%ad%e0%a9%80%e0%a8%b0-2/March 1, 2008
- ਸ. ਬਲਵਿੰਦਰ ਸਿੰਘ ਗੰਭੀਰhttps://sikharchives.org/kosh/author/%e0%a8%b8-%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%ad%e0%a9%80%e0%a8%b0-2/May 1, 2008