editor@sikharchives.org
Education

ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ

ਵਿੱਦਿਆ ਨਾਲ ਹਰ ਪੁਰਖ ਸੁਜਾਨ ਬਣਦੈ, ਇਹੋ ਸੋਚ ਹਰ ਪੁਰਖ ਸੁਜਾਨ ਦੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਇਹ ਹੈ ਮੌਲਿਕ ਅਧਿਕਾਰ ਹਰ ਆਦਮੀ ਦਾ, ਸਾਫ ਦੱਸਦੀ ਧਾਰਾ ਸੰਵਿਧਾਨ ਦੀ ਹੈ।
ਭੋਜਨ ਵਾਂਗ ਹੀ ਮੁਢਲੀ ਲੋੜ ਵਿੱਦਿਆ, ਹਰ ਬੱਚੇ ਤੇ ਬੁੱਢੇ ਜਵਾਨ ਦੀ ਹੈ।
ਸਾਰੀ ਉਮਰ ਵਿਦਿਆਰਥੀ ਰਹੇ ਬੰਦਾ, ਕੋਈ ਸੀਮਾ ਨਾ ਹੁੰਦੀ ਗਿਆਨ ਦੀ ਹੈ।
ਧਨ ਜਿਸ ਤਰ੍ਹਾਂ ਪੂੰਜੀ ਧਨਵਾਨ ਦੀ ਹੈ, ਇਦਾਂ ਵਿੱਦਿਆ ਪੂੰਜੀ ਵਿਦਵਾਨ ਦੀ ਹੈ।

ਵਿੱਦਿਆ ਨਾਲ ਹਰ ਪੁਰਖ ਸੁਜਾਨ ਬਣਦੈ, ਇਹੋ ਸੋਚ ਹਰ ਪੁਰਖ ਸੁਜਾਨ ਦੀ ਹੈ।
ਹਰ ਇਕ ਪੁਰਖ ਸੁਜਾਨ ਇਹ ਆਖਦਾ ਹੈ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ।

ਮਾੜੀ ਚੰਗੀ ਹਰ ਸ਼ੈਅ ਸੰਸਾਰ ਦੀ ਨੂੰ, ਹਰਦਮ ਰਹਿੰਦੀਆਂ ਤੱਕਦੀਆਂ ਇਹ ਅੱਖਾਂ।
ਰੋਜ਼ ਦੁਨੀਆਂ ਦੇ ਰੰਗ-ਤਮਾਸ਼ਿਆਂ ਨੂੰ, ਵੇਖ-ਵੇਖ ਨਹੀਂ ਥੱਕਦੀਆਂ ਇਹ ਅੱਖਾਂ।
ਲੱਚਰਪੁਣੇ ਨੂੰ ਵੇਂਹਦੀਆਂ ਖੁਸ਼ ਹੋ ਕੇ, ਓਦੋਂ ਜ਼ਰਾ ਨਹੀਂ ਝਕਦੀਆਂ ਇਹ ਅੱਖਾਂ।
ਐਪਰ ਜਿਨ੍ਹੇ ਸੰਸਾਰ ਨੂੰ ਸਾਜਿਆ ਹੈ, ਉਸ ਨੂੰ ਵੇਖ ਨਹੀਂ ਸਕਦੀਆਂ ਇਹ ਅੱਖਾਂ।

ਜਿਸ ਅੱਖ ਦੀ ਜੋਤ ਹਰ ਜੋਤ ਵਿੱਚੋਂ, ਇਕ ਰੱਬ ਦੀ ਜੋਤ ਪਹਿਚਾਨਦੀ ਹੈ।
ਸਭਨਾਂ ਜੀਆਂ ’ਚੋਂ ਇਕ ਦਿਖਾਏ ਜਿਹੜੀ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ।

ਵਿੱਦਿਆ ਤੀਸਰੀ ਅੱਖ ਨਹੀਂ ਸਗੋਂ ਇਹ ਤਾਂ, ਸਾਡੀ ਤੀਸਰੀ ਅੱਖ ਨੂੰ ਖੋਲ੍ਹਦੀ ਹੈ।
ਰੰਗ-ਢੰਗ ਇਨਸਾਨ ਦੇ ਬਦਲ ਦੇਂਦੀ, ਜੀਵਨ ਵਿਚ ਸੁਗੰਧੀਆਂ ਘੋਲਦੀ ਹੈ।
ਇਹੋ, ਵਿੱਦਿਆ ਕਲਮ ’ਚੋਂ ਲੇਖਕਾਂ ਦੀ, ਨਵੇਂ ਪੰਨੇ ਇਤਿਹਾਸ ਦੇ ਫੋਲਦੀ ਹੈ।
ਇਹੋ ਵਿੱਦਿਆ ਕਵਿਤਾ ਦਾ ਰੂਪ ਬਣ ਕੇ, ਪਈ ਕਵੀਆਂ ਦੇ ਮੁਖਾਂ ’ਚੋਂ ਬੋਲਦੀ ਹੈ।

ਕੀਤਾ ਜਿਨ੍ਹੇ ਪੈਦਾ ਬੁੱਧੀਜੀਵੀਆਂ ਨੂੰ, ਬੁੱਧੀ ਸੋਚਦੀ ਹਰ ਬੁੱਧੀਵਾਨ ਦੀ ਹੈ।
ਰੱਬ ਤੋਂ ਦੂਸਰੀ ਥਾਂ ਹੈ ਵਿੱਦਿਆ ਦੀ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ।

ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ, ਗੱਲ ਬਿਲਕੁਲ ਠੀਕ ਹੈ, ਠੀਕ ਹੈ ਨਾ?
ਇਹਦੇ ਬਿਨਾਂ ਅੰਧੇਰਾ ਹੈ ਜ਼ਿੰਦਗੀ ਵਿਚ, ਇਹ ਵੀ ਪੱਥਰ ’ਤੇ ਲੀਕ ਹੈ, ਠੀਕ ਹੈ ਨਾ?
ਮੇਰੀ ਗੱਲ ਨੂੰ ਸੁਣਿਓਂ ਧਿਆਨ ਦੇ ਨਾਲ, ਗੱਲ ਬੜੀ ਬਾਰੀਕ ਹੈ, ਠੀਕ ਹੈ ਨਾ?
ਵਿੱਦਿਆ ਗਿਆਨ ਦੇ, ਗਿਆਨ ਪਰਮਾਤਮਾ ਦੇ, ਬਿਲਕੁਲ ਨਜ਼ਦੀਕ ਹੈ, ਠੀਕ ਹੈ ਨਾ?

ਜਿਹੜਾ ਇਹਨੂੰ ਅਪਣਾ ਲਵੇ ਓਸੇ ਦੀ ਹੈ, ਹਿੰਦੂ ਸਿੱਖ ਦੀ ਨਾ ਮੁਸਲਮਾਨ ਦੀ ਹੈ।
ਜਿਹੜੀ ਅੱਖ ਨਾਲ ਅੰਨੇ ਵੀ ਵੇਖ ਸਕਦੇ, ਇਹ ਉਹ ਤੀਸਰੀ ਅੱਖ ਇਨਸਾਨ ਦੀ ਹੈ।

ਅਗਲੇ ਪਲ ਤਕਨਾਲੋਜੀ ਬਦਲ ਜਾਂਦੀ, ਕਿੰਨੀਆਂ ਸਾਇੰਸਦਾਨਾਂ ਮੱਲਾਂ ਮਾਰੀਆਂ ਨੇ।
ਇੰਟਰਨੈੱਟ, ਕੰਪਿਊਟਰ, ਮੋਬਾਇਲ ਵੇਖੋ, ਵਿੱਦਿਆ ਦੀਆਂ ਉਪਲਬਧੀਆਂ ਸਾਰੀਆਂ ਨੇ।
ਦੁਨੀਆਂ ਜਾ ਪਹੁੰਚੀ ਚੰਨਾਂ-ਤਾਰਿਆਂ ’ਤੇ ਲਾਈਆਂ ਵਿਚ ਆਕਾਸ਼ ਦੇ ਤਾਰੀਆਂ ਨੇ।
ਸੁਨੀਤਾ ਭੈਣ ਨੇ ਦੋ ਸੌ ਅਜੀਬ ਰਾਤਾਂ, ਵਿਚ ਪੁਲਾੜ ਦੇ ਉਤਰ ਗੁਜਾਰੀਆਂ ਨੇ।

ਦੁਨੀਆਂ ਉਂਗਲਾਂ ਮੂੰਹ ਵਿਚ ਪਾ ਰਹੀ ਏ, ਜਿੰਨੀ ਹੋਈ ਤਰੱਕੀ ਵਿਗਿਆਨ ਦੀ ਹੈ।
ਉੱਚੀ ਵਿੱਦਿਆ ਕਰਦੀ ਹੈ ਸਿਰ ਉੱਚਾ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ।

ਅਨਪੜ੍ਹ ਬੰਦੇ ਦਾ ਜੀਣਾ ਵੀ ਕੀ ਜੀਣਾ, ਆਪਣੀ ਚਿੱਠੀ ਵੀ ਜੋ ਨਹੀਂ ਪੜ੍ਹ ਸਕਦਾ!
ਰਹਿੰਦਾ ਸਦਾ ਉਹ ਕਿਸਮਤ ਨੂੰ ਕੋਸਦਾ ਹੈ, ਕਿਸਮਤ ਆਪਣੀ ਆਪ ਨਹੀਂ ਘੜ ਸਕਦਾ।
ਜਪੁਜੀ ਸਾਹਿਬ ਦੀਆਂ ਪਉੜੀਆਂ ਚੜ੍ਹੇਗਾ ਕੀ, ਜਿਹੜਾ ਗਿਆਨ ਦੀ ਪਉੜੀ ਨਹੀਂ ਚੜ੍ਹ ਸਕਦਾ।
ਚਾਰ ਅੱਖਰ ਨਹੀਂ ਪੜ੍ਹੇ ਜਿਸ ਜ਼ਿੰਦਗੀ ਵਿਚ, ਚਾਰ ਬੰਦਿਆਂ ਵਿਚ ਨਹੀਂ ਖੜ੍ਹ ਸਕਦਾ।

ਗਿਆਨ ਰਹਿਣਾ, ਇਨਸਾਨ ਨਹੀਂ ਸਦਾ ਰਹਿਣਾ, ਕੀਹ ਮਿਆਦ ਇਨਸਾਨ ਦੀ ਜਾਨ ਦੀ ਹੈ?
ਏਸ ਸੱਚ ਵਿਚ ਸ਼ੱਕ ਨਹੀਂ ਕੋਈ ਵੀਰੋ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ।

ਅਕਸਰ ਆਦਮੀ ਜੀਵਨ ’ਚ ਪਛੜ ਜਾਂਦੈ, ਬਣਿਆ ਜੋ ਨਾ ਸਮੇਂ ਦੇ ਹਾਣ ਦਾ ਹੈ।
ਪੜ੍ਹੇ-ਲਿਖੇ ਵੀ ਸੜਕਾਂ ’ਤੇ ਤੁਰੇ ਫਿਰਦੇ, ਗੂਠਾ ਛਾਪ ਨੂੰ ਕਿਹੜਾ ਪਛਾਣਦਾ ਹੈ?
ਕਿਸੇ ਦਰ ਤੋਂ ਪੈਂਦੀ ਨਹੀਂ ਖ਼ੈਰ ਉਸ ਨੂੰ, ਫਿਰਦਾ ਦਰ-ਦਰ ਦੀ ਖ਼ਾਕ ਛਾਣਦਾ ਹੈ।
ਹੁੰਦੀ ਓਸੇ ਦੀ ਪੁੱਛ-ਪ੍ਰਤੀਤ ਜਿਹੜਾ, ਅੱਖਰ ਚਾਰ ਪੜ੍ਹਨੇ-ਲਿਖਣੇ ਜਾਣਦਾ ਹੈ।

ਏਸ ਵਿੱਦਿਆ ਦੀ ਦੁਨੀਆਂ ਸਹੁੰ ਖਾਂਦੀ, ਸਹੁੰ ਖਾਂਦੀ ਜਿਉਂ ਧਰਮ ਈਮਾਨ ਦੀ ਹੈ।
ਸਹੁੰ ਵਿੱਦਿਆ ਦੀ ਸੱਚੋ ਸੱਚ ਕਹਿੰਨਾਂ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ।

ਸਾਡੇ ਦੇਸ਼ ਅੰਦਰ ਇਨਕਲਾਬ ਆ ਜਾਏ, ਦੇਸ਼ ਵਿੱਚੋਂ ਅਨਪੜ੍ਹਤਾ ਜੇ ਦੂਰ ਹੋ ਜਾਏ!
ਭਾਰਤ ਬਣ ਜਾਏ ਸੋਨੇ ਦੀ ਚਿੜੀ ਮੁੜ ਕੇ, ਇਹਦਾ ਹਰ ਜ਼ੱਰਾ ਕੋਹੇਨੂਰ ਹੋ ਜਾਏ!
ਜੇਕਰ ਬਾਲ-ਮਜ਼ਦੂਰੀ ਨੂੰ ਨੱਥ ਪੈ ਜਾਏ, ਹਰ ਕੋਈ ਪੜ੍ਹਨ ਦੇ ਲਈ ਮਜਬੂਰ ਹੋ ਜਾਏ।
ਤਾਂ ਮੈਂ ਦਾਅਵੇ ਨਾਲ ਕਹਿੰਨਾਂ ਕਿ ਦੇਸ਼ ਵਿੱਚੋਂ, ਜੁਰਮ ਅਤੇ ਗ਼ਰੀਬੀ ਕਾਫ਼ੂਰ ਹੋ ਜਾਏ।

ਹੈ ਅਗਿਆਨਤਾ ਅਨਪੜ੍ਹਤਾ ਦੀ ਉਪਜ ਵੀਰੋ, ਤਾਂ ਇਹ ਵਿੱਦਿਆ ਬੇਟੀ ਭਗਵਾਨ ਦੀ ਹੈ।
ਜਿਸ ਦੇ ਵਿਚ ਗਿਆਨ ਦਾ ਪਵੇ ਅੰਜਨ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ।

ਮਿਟ ਜਾਏ ਮਰਦ ਤੇ ਔਰਤ ਦਾ ਫ਼ਰਕ ਜੇਕਰ, ਔਰਤ ਰਹਿ ਨਹੀਂ ਕਦੇ ਅਨਪੜ੍ਹ ਸਕਦੀ।
ਅੰਬਰ ਵਿਚ ਉਡਾਰੀਆਂ ਲਾਉਣ ਵਾਲੀ, ਕਦੇ ਪਿੰਜਰੇ ਵਿਚ ਨਹੀਂ ਤੜ ਸਕਦੀ।
ਪੜ੍ਹੇ-ਲਿਖੇ ਪਰਵਾਰ ਦੀ ਨੂੰਹ ਹਰਗਿਜ਼, ਨਹੀਂ ਕਦੇ ਸਟੋਵ ’ਤੇ ਸੜ ਸਕਦੀ।
ਜਿਸ ਨੂੰ ਵਿੱਦਿਆ ਦੀ ਤਾਕਤ ਦਾ ਗਿਆਨ ਹੋਵੇ, ਕਦੇ ਦਾਜ ਦੀ ਬਲੀ ਨਹੀਂ ਚੜ੍ਹ ਸਕਦੀ।

ਸਾਬਤ ਕੀਤੀ ਇਤਿਹਾਸ ਦੇ ਪੰਨਿਆਂ ਨੇ, ਜੋ ਸੱਚਾਈ ਇਸ ਠੋਸ ਬਿਆਨ ਦੀ ਹੈ।
ਇਸ ਨੂੰ ਸਿੱਧ ਕੀਤਾ ਅੱਖਾਂ ਵਾਲਿਆਂ ਨੇ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ।

ਕਈਆਂ ਵਿੱਦਿਆ ਦਾ ਦੁਰਉਪਯੋਗ ਕੀਤਾ, ਕੀਤੀ ਛਵੀ ਮਲੀਨ ਹੈ ਵਿੱਦਿਆ ਦੀ।
ਪੜ੍ਹੇ-ਲਿਖੇ ਵੀ ਜੋ ਮਾੜੇ ਕੰਮ ਕਰਦੇ, ਇਹ ਸਰਾਸਰ ਤੌਹੀਨ ਹੈ ਵਿੱਦਿਆ ਦੀ।
ਖੱਟਿਆ ਨਾਮਣਾ ਜਾਂ ਭਾਈ ਵੀਰ ਸਿੰਘ ਨੇ, ਜਾਂ ਮਿਸਾਲ ‘ਮਸਕੀਨ’ ਹੈ ਵਿੱਦਿਆ ਦੀ।
ਮਹਿਲ ਉੱਸਰੇ ਦਿੱਸਣ ਪ੍ਰਾਪਤੀ ਦੇ, ਜਿਨ੍ਹਾਂ ਥੱਲੇ ਜ਼ਮੀਨ ਹੈ ਵਿੱਦਿਆ ਦੀ।

ਅਨਪੜ੍ਹਤਾ ਇਕ ਵੱਡੀ ਸਮੱਸਿਆ ਹੈ, ਕਰਦੀ ਮੰਗ ਵਿਸ਼ੇਸ਼ ਧਿਆਨ ਦੀ ਹੈ।
ਸੱਚੋ-ਸੱਚ ਸਿਆਣਿਆਂ ਆਖਿਆ ਹੈ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ।

ਜੇਕਰ ਜੀਵਨ ਦਾ ਉੱਚਾ ਮਿਆਰ ਕਰਨੈਂ, ਕਰੀਏ ਵਿੱਦਿਆ ਵਾਲਾ ਮਿਆਰ ਉੱਚਾ।
ਉੱਚਾ ਚੁੱਕੀਏ ਸੋਚ-ਉਡਾਰੀਆਂ ਨੂੰ, ਰੱਖੀਏ ਆਪਣਾ ਅਸੀਂ ਕਿਰਦਾਰ ਉੱਚਾ।
ਬਾਬੇ ਨਾਨਕ ਨੇ ਬਾਣੀ ਦੇ ਵਿਚ ਦਿੱਤਾ, ਬੇਸ਼ਕੀਮਤੀ ਬੜਾ ਵਿਚਾਰ ਉੱਚਾ।
ਉੱਚਾ ਸਾਰਿਆਂ ਤੋਂ ਹੁੰਦੈ ਸੱਚ ਐਪਰ, ਉੱਚਾ ਸੱਚ ਦੇ ਨਾਲੋਂ ਆਚਾਰ ਉੱਚਾ।

ਅੱਖਾਂ ਵਾਲਿਓ ਅੱਖਾਂ ਨੂੰ ਖੋਲ੍ਹ ਤੱਕ ਲਓ, ਅੱਖ ਸਾਡੇ ’ਤੇ ਸਾਰੇ ਜਹਾਨ ਦੀ ਹੈ।
ਅੱਜ ਏਸ ਕੰਪਿਊਟਰ ਦੇ ਯੁੱਗ ਵਿਚ ਵੀ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ।

ਸੂਝਵਾਨਾਂ ਨੇ ਵਿੱਦਿਆ ਪਾਸਾਰ ਖਾਤਰ, ਕਾਰਜ ਕੀਤੇ ਨੇ ਬੜੇ ਮਾਕੂਲ ਥਾਂ ਥਾਂ।
ਅਠਵੇਂ ਗੁਰਾਂ ਦੀ ਸੇਵਾ ਦੀ ਸਿੱਖਿਆ ਦੇ, ਜਾ ਕੇ ਬਹੁਤ ਪ੍ਰਚਾਰੇ ਅਸੂਲ ਥਾਂ ਥਾਂ।
ਵਕਤ ਕੌਮ ਉਸਾਰੀ ਹਿਤ ਸਫਲ ਕੀਤਾ, ਸਮਾਂ ਨਹੀਂ ਗਵਾਇਆ ਫਜ਼ੂਲ ਥਾਂ ਥਾਂ।
ਉੱਚੀ ਅਤੇ ਸੁੱਚੀ ਵਿੱਦਿਆ ਦੇਣ ਖ਼ਾਤਰ, ਖੋਲ੍ਹ ਦਿੱਤੇ ਨੇ ਕਾਲਜ ਸਕੂਲ ਥਾਂ ਥਾਂ।

ਇਹੋ ਸੋਚ ਜੇ ਸਾਰੇ ਅਪਣਾ ਲਈਏ, ਗੱਲ ਜੱਗ ਦੇ ਭਲੇ ਕਲਿਆਣ ਦੀ ਹੈ।
‘ਨੂਰ’ ਵਿੱਦਿਆ ਦਾ, ਫੈਲੇ ਹਰ ਪਾਸੇ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Karamjit Singh Noor

3/61, ਗਾਰਡਨ ਕਲੌਨੀ, ਜਲੰਧਰ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)