editor@sikharchives.org

ਵਿਲੱਖਣ ਵਿਅਕਤਿਤਵ ਦੇ ਮਾਲਕ : ਭਗਤ ਕਬੀਰ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਵਿਚ ਭਗਤ ਕਬੀਰ ਜੀ ਦੀ ਬਾਣੀ ਸਭ ਭਗਤਾਂ ਤੋਂ ਪਹਿਲਾਂ ਆਉਂਦੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਭਗਤ ਕਬੀਰ ਜੀ ਦਾ ਵਿਅਕਤਿਤਵ ਬਹੁਤ ਹੀ ਮਹਾਨ ਅਤੇ ਪ੍ਰਭਾਵਸ਼ਾਲੀ ਸੀ। ਡਾ. ਦੀਵਾਨ ਸਿੰਘ ਜੀ ਅਨੁਸਾਰ “ਭਗਤ ਕਬੀਰ ਜੀ ਦੀ ਸ਼ਖ਼ਸੀਅਤ ਅਤਿ ਦਰਜੇ ਦੀ ਰੌਚਿਕ ਤੇ ਪ੍ਰਭਾਵਸ਼ਾਲੀ ਸੀ। ਉਹ ਆਪਣੇ ਸਮੇਂ ਵਿਚ ਵੀ ਤੇ ਉਸ ਤੋਂ ਬਾਅਦ ਵੀ ਸਦਾ ਹੀ ਲੋਕਾਂ ਦੇ ਪ੍ਰਤੀਨਿਧ ਰਹੇ ਹਨ। ਲੋਕ ਪੱਖ ਉਨ੍ਹਾਂ ਨੂੰ ਬਹੁਤ ਪਿਆਰਾ ਸੀ। ਉਹ ਆਪ ਕਿਰਤੀ ਸਨ, ਕੱਪੜੇ ਉਣਨਾ ਉਨ੍ਹਾਂ ਦਾ ਕਿੱਤਾ ਸੀ। ਉਨ੍ਹਾਂ ਦਾ ਪਾਲਣ-ਪੋਸ਼ਣ ਮੁਸਲਮਾਨ ਪਰਵਾਰ ਦੇ ਘਰ ਹੋਇਆ। ਨੀਰੂ ਜੀ ਤੇ ਨੀਮਾ ਜੀ ਉਨ੍ਹਾਂ ਦੇ ਪਾਲਕ ਮਾਤਾ-ਪਿਤਾ ਸਨ। ਉਨ੍ਹਾਂ ਨੂੰ ਆਪਣਾ ਨਾਮ ਵੀ ਮੁਸਲਮਾਨੀ ਸੰਬੰਧ ਵਿੱਚੋਂ ਮਿਲਿਆ। ਉਂਝ ਇਹ ਨਾਮ ਉਨ੍ਹਾਂ ਲਈ ਢੁਕਵਾਂ ਸੀ। ਹਿੰਦੂ ਮਤ ਅਤੇ ਇਸਲਾਮੀ ਮਤ ਦੋਹਾਂ ਦੇ ਸਾਂਝੇ ਪ੍ਰਭਾਵ ਤੋਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਦੁੱਤੀ ਨਿਰਮਾਣ ਹੋਇਆ। ਪਰੰਤੂ ਅਧਿਆਤਮਕ ਤੇ ਰਹੱਸਵਾਦੀ ਵਿਕਾਸ ਦੀ ਸਿਖਰ ਛੋਹ ਕੇ ਉਹ ਅਧਿਆਤਮਿਕ ਪੱਖ ਤੋਂ ਉਚੇਰੇ ਉੱਠਣ ਵਿਚ ਸਫਲ ਹੋ ਗਏ। ਉਨ੍ਹਾਂ ਦੇ ਸਮੇਂ ਵਿਚ ਤੇ ਉਸ ਤੋਂ ਪਹਿਲਾਂ ਵੀ ਹਿੰਦੂ ਅਤੇ ਇਸਲਾਮ ਦੋਹਾਂ ਦੇ ਧਰਮ ਪ੍ਰਚਾਰਕਾਂ ਵਿਚ ਕਈ ਕੁਰੀਤੀਆਂ ਪੈਦਾ ਹੋ ਗਈਆਂ ਸਨ। ਬਹੁਤ ਸਾਰੇ ਬ੍ਰਾਹਮਣ ਤੇ ਮੁਲਾਂ ਆਪਣੇ ਧਰਮ ਦੀ ਅਸਲੀਅਤ ਛੱਡ ਬੈਠੇ ਸਨ ਤੇ ਵਿਸ਼ੇ-ਵਿਕਾਰਾਂ ਵਿਚ ਫਸ ਕੇ ਰੱਬ ਦੇ ਰਾਹ ਤੋਂ ਦੂਰ ਚਲੇ ਗਏ ਸਨ। ਇਸ ਲਈ ਹੋਰ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਵਾਂਗ ਭਗਤ ਕਬੀਰ ਜੀ ਨੇ ਆਪਣਾ ਰਸਤਾ ਇਨ੍ਹਾਂ ਪੁਰਾਤਨ ਤੇ ਪ੍ਰਚਲਤ ਧਰਮਾਂ ਦੀ ਵਲਗਣ ਤੋਂ ਵੱਖਰਾ ਚੁਣਿਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਿਹਾ ਸੀ ‘ਨਾ ਹਮ ਹਿੰਦੂ ਨਾ ਮੁਸਲਮਾਨ’ ਭਗਤ ਕਬੀਰ ਜੀ ਨੇ ਵੀ ਇਹੋ ਗੱਲ ਆਖੀ”। 1

ਹਮਰਾ ਝਗਰਾ ਰਹਾ ਨ ਕੋਊ॥
ਪੰਡਿਤ ਮੁਲਾਂ ਛਾਡੇ ਦੋਊ॥1॥ਰਹਾਉ॥
ਬੁਨਿ ਬੁਨਿ ਆਪ ਆਪੁ ਪਹਿਰਾਵਉ॥
ਜਹ ਨਹੀ ਆਪੁ ਤਹਾ ਹੋਇ ਗਾਵਉ॥2॥
ਪੰਡਿਤ ਮੁਲਾਂ ਜੋ ਲਿਖਿ ਦੀਆ॥
ਛਾਡਿ ਚਲੇ ਹਮ ਕਛੂ ਨ ਲੀਆ॥3॥ (ਪੰਨਾ 1158)

ਇਸੇ ਤਰਾਂ ਭਗਤ ਕਬੀਰ ਜੀ ਨੇ ਦੋਹਾਂ ਮੱਤਾਂ ਦੇ ਪੂਜਾ ਵਿਧਾਨ ਦੀ ਗੱਲ ਕਰਦਿਆਂ ਸਿੱਟਾ ਕੱਢਿਆ ਹੈ ਕਿ ਦੋਵੇਂ ਹੀ ਅਸਲੀਅਤ ਤੋਂ ਖੁੰਝੇ ਹੋਏ ਹਨ:

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ॥
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ॥ (ਪੰਨਾ 654)

ਭਗਤ ਕਬੀਰ ਜੀ ਦਾ ਸਥਾਨ ਸੰਤ ਸ਼੍ਰੇਣੀ ਵਿਚ ਬਹੁਤ ਉੱਚਾ ਤੇ ਸਰਬ-ਸ੍ਰੇਸ਼ਟ ਹੈ। ਡਾ. ਗੁਰਨਾਮ ਕੌਰ (ਬੇਦੀ) ਅਨੁਸਾਰ “(ਭਗਤ) ਕਬੀਰ ਜੀ ਦਾ ਵਿਅਕਤਿੱਤਵ ਪੂਰੇ ਭਾਰਤੀ ਸਾਹਿਤ ਵਿਚ ਬੇਜੋੜ ਅਤੇ ਵਿਲੱਖਣ ਹੈ। ਭਗਤ ਕਬੀਰ ਜੀ ਵਰਗੀ ਸ਼ਖ਼ਸੀਅਤ ਦਾ ਭਾਰਤੀ ਸਾਹਿਤ ਦੇ ਮੱਧਕਾਲ ਵਿਚ ਤੁਲਸੀ ਨੂੰ ਛੱਡ ਕੇ ਹੋਰ ਦੂਜਾ ਕੋਈ ਨਹੀਂ। ਭਗਤ ਕਬੀਰ ਜੀ ਦਾ ਵਿਅਕਤਿਤਵ ਭਾਰਤੀ ਸੰਸਕ੍ਰਿਤੀ ਦੇ ਗੁਣਾਂ ਨਾਲ ਓਤਪੋਤ ਹੈ।” 2 ਆਚਾਰਯ ਹਜ਼ਾਰੀ ਪ੍ਰਸਾਦ ਦਿਵੇਦੀ ਦਾ ਵਿਚਾਰ ਹੈ ਕਿ “(ਭਗਤ) ਕਬੀਰ ਦਾਸ ਨੇ ਅੱਖੜਤਾ ਯੋਗੀਆਂ ਤੋਂ ਵਿਰਾਸਤ ਵਿਚ ਲਈ। ਸੰਸਾਰ ਵਿਚ ਭਟਕਦੇ ਹੋਏ ਜੀਵਾਂ ਨੂੰ ਵੇਖ ਕੇ ਕਬੀਰ ਦਾਸ ਕਰੁਣਾ ਦੇ ਅੱਥਰੂ ਨਹੀਂ ਰੋਇਆ, ਬਲਕਿ ਕਠੋਰ ਹੋ ਕੇ ਇਸ ਸੰਸਾਰ ਦੀਆਂ ਕੁਰੀਤੀਆਂ ਦੀ ਨਿੰਦਾ ਕੀਤੀ ਹੈ। ਭਗਤ ਕਬੀਰ ਜੀ ਦੀ ਇਹ ਅੱਖੜਤਾ ਸਰਬ ਪ੍ਰਧਾਨ ਗੁਣ ਨਹੀਂ ਹੈ। (ਭਗਤ) ਕਬੀਰ ਸੁਭਾਅ ਤੋਂ ਫੱਕੜ ਸੀ, ਸਿਰ ਤੋਂ ਪੈਰਾਂ ਤੱਕ ਮਸਤ ਮੌਲਾ।” ਅੱਗੇ ਚੱਲ ਕੇ ਆਪਣੀ ਰਚਨਾਂ ਵਿਚ ਡਾ. ਦਿਵੇਦੀ ਜੀ ਨੇ ਜ਼ਿਕਰ ਕੀਤਾ ਹੈ

“ਜੇ ਇਕ ਵਾਕ ਵਿਚ ਕਬੀਰ ਜੀ ਦੇ ਵਿਅਕਤਿਤਵ ਨੂੰ ਕਹਿਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ, ਉਹ ਸਿਰ ਤੋਂ ਪੈਰਾਂ ਤਕ ਮਸਤ ਮੌਲਾ ਸਨ, ਬੇ-ਪਰਵਾਹ, ਦ੍ਰਿੜ, ਉਗਰ, ਫੁਲਾਂ ਤੋਂ ਕੋਮਲ ਅਤੇ ਪੱਥਰ ਤੋਂ ਕਠੋਰ।”

ਗ੍ਰੇਸੀਅਨ ਵਰਗੇ ਵਿਦੇਸ਼ੀ ਵਿਦਵਾਨ ਨੇ ਭਗਤ ਕਬੀਰ ਜੀ ਦੀ ਬਾਣੀ ਨੂੰ ਬਾਈਬਲ ਦੇ ਉਪਦੇਸ਼ਾਂ ਦੇ ਨੇੜੇ ਮੰਨਿਆ। ਵੈਸਟਕਾਟ ਨੇ ਭਗਤ ਕਬੀਰ ਜੀ ਅਤੇ ਸੇਂਟ ਜੌਹਨ ਦੀਆਂ ਰਚਨਾਵਾਂ ਸਮਾਨਾਂਤਰ ਬਿੰਦੂਆਂ ਨੂੰ ਆਪਣੀ ਪੁਸਤਕ ਵਿਚ ਰੇਖਾਂਕਿਤ ਕੀਤਾ। 3 ਭਗਤ ਕਬੀਰ ਜੀ ਵਰਗੇ ਕਿਸੇ ਸਾਹਿਤ, ਸੰਸਕ੍ਰਿਤੀ, ਇਤਿਹਾਸ ਅਤੇ ਕਲਾ ਦੇ ਖੇਤਰ ਵਿਚ ਨਵੀਆਂ ਲੀਹਾਂ ਪਾਉਣ ਵਾਲੇ ਹੁੰਦੇ ਹਨ। ਇਹੋ ਕਾਰਨ ਹੈ ਕਿ ਭਗਤ ਕਬੀਰ ਜੀ ਅੱਜ ਦੇ ਯੁੱਗ ਵਿਚ ਵੀ ਪ੍ਰਸੰਗਿਕ ਹਨ। ਹਿੰਦੀ ਦੇ ਸੰਤ ਸਾਹਿਤ ਦੇ ਪ੍ਰਸਿੱਧ ਵਿਦਵਾਨ ਡਾ. ਰਾਜਦੇਵ ਸਿੰਹ ਨੇ ਭਗਤ ਕਬੀਰ ਦੀ ਇਸ ਪ੍ਰਸੰਗਿਕਤਾ ਨੂੰ ‘ਆਧੁਨਿਕ ਕਬੀਰ’ ਕਹਿ ਕੇ ਵਡਿਆਇਆ ਹੈ। ਡਾ. ਸੁਕਦੇਵ ਸਿੰਹ ਅਤੇ ਡਾ. ਭਗਵਤ ਪ੍ਰਸਾਦ ਦੁਬੇ ਨੇ ਭਗਤ ਕਬੀਰ ਜੀ ਦੀ ਭਾਸ਼ਾ ਦਾ ਆਧੁਨਿਕ ਭਾਸ਼ਕ ਸੰਚਰਨ ਦੀ ਦ੍ਰਿਸ਼ਟੀ ਤੋਂ ਵਿਸ਼ਲੇਸਣ ਕੀਤਾ ਹੈ। ਡਾ. ਆਰਯ ਪ੍ਰਸਾਦ ਤ੍ਰਿਪਾਠੀ ਨੇ ਕਬੀਰ ਸਾਹਿਤ ਦਾ ਸਾਂਸਕ੍ਰਿਤਕ ਅਧਿਐਨ ਪ੍ਰਸਤੁਤ ਕੀਤਾ ਹੈ। ਵਿਲੀਅਮ ਵਰਗੇ ਵਿਦਵਾਨ ਨੇ ਭਗਤ ਕਬੀਰ ਜੀ ਭਗਤੀ ਭਾਵਨਾ ਦਾ ਮੁੜ ਮੁਲਾਂਕਣ ਕੀਤਾ ਹੈ।

ਡਾ. ਰਤਨ ਸਿੰਘ ਜੱਗੀ ਅਨੁਸਾਰ “ਸੰਤ ਕਬੀਰ ਅਦਭੁੱਤ ਅਤੇ ਵਿਲੱਖਣ ਵਿਅਕਤਿਤਵ ਦੇ ਸਵਾਮੀ ਸਨ। ਉਹ ਧਰਮ ਅਤੇ ਸਮਾਜ ਦੀਆਂ ਤੰਗ ਹੱਦ-ਬੰਦੀਆਂ ਅਤੇ ਰੂੜ-ਰੀਤਾਂ ਨਾਲ ਸਮਝੌਤਾ ਨਹੀਂ ਕਰ ਸਕੇ। ਅਸਲ ਵਿਚ ਉਹ ਸਮਝੌਤਾਵਾਦੀ ਨਹੀਂ ਸਨ। ਉਨ੍ਹਾਂ ਨੂੰ ਜੋ ਵੀ ਠੀਕ ਲੱਗਿਆ, ਅਪਣਾ ਲਿਆ। ਕਿਸੇ ਇਕ ਸਿਧਾਂਤ ਨਾਲ ਅਥਵਾ ਰੀਤ ਨਾਲ ਉਹ ਲਿਪਟੇ ਨਹੀਂ ਰਹੇ। ਉਨ੍ਹਾਂ ਨੂੰ ਉਹ ਸਭ ਕੁਝ ਪ੍ਰਵਾਨ ਸੀ, ਜੋ ਮਨੁੱਖ ਲਈ ਕਲਿਆਣਕਾਰੀ ਸੀ ਅਤੇ ਭਗਤੀ ਸਾਧਨਾ ਵਿਚ ਉਸ ਨੂੰ ਅੱਗੇ ਲੈ ਜਾ ਸਕਦਾ ਸੀ। ਪਰ ਉਨ੍ਹਾਂ ਨੂੰ ਉਹ ਸਭ ਕੁਝ ਅਪ੍ਰਵਾਨ ਸੀ ਜੋ ਅਧਿਆਤਮਿਕਤਾ ਤੋਂ ਸੱਖਣਾਂ, ਪਾਖੰਡਾਂ ਅਤੇ ਬਾਹਰਲੇ ਕਰਮਕਾਂਡਾਂ ਨਾਲ ਯੁਕਤ-ਆਚਾਰ ਸੀ। ਉਨ੍ਹਾਂ ਨੇ ਬਾਣੀ ਰਚੀ, ਪਰ ਕਵਿਤਾ ਕਰਨਾ ਉਨ੍ਹਾਂ ਦਾ ਕਿੱਤਾ ਨਹੀਂ ਸੀ। ਉਨ੍ਹਾਂ ਨੂੰ ਸਮਾਜ ਅਥਵਾ ਧਰਮ ਵਿਚ ਜਿਥੇ ਵੀ ਮਾੜਾ ਦਿਸਿਆ ਜਾਂ ਕਿਸੇ ਸਮਾਜਿਕ ਅਥਵਾ ਧਾਰਮਿਕ ਮੁਖੀਏ ਨੇ ਸਵਾਰਥ ਲਈ ਲੋਕਾਂ ਨੂੰ ਸਨਮਾਰਗ ’ਤੇ ਜਾਣ ਲਈ ਰੋਕਿਆ, ਉਹ ਪੂਰੀ ਸ਼ਕਤੀ ਨਾਲ ਉਸ ’ਤੇ ਵਰ੍ਹੇ। ਇਸ ਲਈ ਉਨ੍ਹਾਂ ਦੀ ਭਾਸ਼ਾ ਸ਼ੈਲੀ ਪਾਖੰਡ-ਖੰਡਨੀ ਹੋ ਗਈ। ਇਹੀ ਕਾਰਨ ਹੈ ਕਿ ਵੱਡੇ ਤੋਂ ਵੱਡੇ ਪੰਡਿਤ ਵੀ ਉਨ੍ਹਾਂ ਸਾਹਮਣੇ ਖੜੋ ਨਹੀਂ ਸਕਦੇ ਸਨ। ਸੱਚਮੁਚ ਭਗਤੀ ਯੁੱਗ ਦੇ ਉਹ ਇਕ ਸਮਰੱਥ ਲੋਕ ਨਾਇਕ ਸਨ।4

ਭਗਤ ਕਬੀਰ ਜੀ ਮਹਾਨ ਕ੍ਰਾਂਤੀਕਾਰੀ ਸਨ, ਜਿਨ੍ਹਾਂ ਨੇ ਸਾਰੇ ਭਾਰਤ ਦੀ ਅਧਿਆਤਮਕ ਅਤੇ ਸਦਾਚਾਰਕ ਸੋਚ ਵਿਚ ਇਕ ਬੁਨਿਆਦੀ ਕ੍ਰਾਂਤੀ ਨੂੰ ਜਨਮ ਦਿੱਤਾ। ਜੇ ਇਹ ਕਹਿ ਲਈਏ ਕਿ ਉੱਤਰੀ ਭਾਰਤ ਦੀ ਸਮੁੱਚੀ ਸੰਤ ਪ੍ਰੰਪਰਾ ਤੇ ਭਗਤੀ ਲਹਿਰ ਦਾ ਮਾਰਗ-ਦਰਸ਼ਨ ਕੀਤਾ ਤਾਂ ਇਸ ਵਿਚ ਕੋਈ ਅਤਿਕਥਨੀ ਵਾਲੀ ਗੱਲ ਨਹੀਂ ਹੋਵੇਗੀ। ਭਗਤ ਕਬੀਰ ਜੀ ਦਾ ਵਿਅਕਤਿਤਵ ਹੀਰੇ ਵਾਂਗ ਨਿਰਮਲ, ਗੰਗਾ ਜਲ ਦੀ ਤਰ੍ਹਾਂ ਪਵਿੱਤਰ ਅਤੇ ਅੰਮ੍ਰਿਤ ਵਾਂਗ ਜੀਵਨਮਈ ਹੈ। ਉਹ ਭਾਰਤੀ ਸਾਹਿਤ ਰੂਪੀ ਬਗੀਚੇ ਦਾ ਅਜਿਹਾ ਸੁਗੰਧਤ ਫੁੱਲ ਹੈ, ਜਿਸ ਦੀ ਮਹਿਕ ਅੰਬਰਾਂ ਤਕ ਜਾਂਦੀ ਹੈ। ਉਹ ਅਜਿਹਾ ਪ੍ਰਕਾਸ਼ ਹੈ, ਜੋ ਝਿਲਮਿਲ-ਝਿਲਮਿਲ ਕਰਕੇ ਭਟਕੀ ਹੋਈ ਲੋਕਾਈ ਦਾ ਮਾਰਗ-ਦਰਸ਼ਨ ਕਰਦਾ ਹੈ, ਉਹ ਭਟਕਿਆਂ ਲਈ ਚਾਨਣ-ਮੁਨਾਰਾ ਹੈ।

ਸੋ ਭਗਤ ਕਬੀਰ ਜੀ ਨਿਸ਼ਕਪਟ ਅਤੇ ਨਿਰਛਲ ਹਿਰਦੇ ਵਾਲੇ ਮਹਾਂਪੁਰਸ਼ ਸਨ। ਉਹ ਇਕ ਸੁਲਝੇ ਹੋਏ ਚਿੰਤਕ ਸਨ। ਉਹ ਹਰਮਨ ਪਿਆਰੇ ਤੇ ਸਭ ਫਿਰਕਿਆਂ ਵੱਲੋਂ ਸਤਿਕਾਰੇ ਜਾਣ ਵਾਲੇ ਸਨ। ਭਗਤ ਕਬੀਰ ਸਾਹਿਬ ਦੀ ਸ਼ਖ਼ਸੀਅਤ ਦੇ ਕੁਝ ਪਹਿਲੂ ਉਨ੍ਹਾਂ ਨੂੰ ਸਦਾ ਲਈ ਅਮਰ ਕਰਦੇ ਹਨ, ਉਨ੍ਹਾਂ ਦੀ ਮ੍ਰਿਤੂ ਵੇਲੇ ਦੋਵਾਂ ਫਿਰਕਿਆਂ ਵੱਲੋਂ ਅੰਤਿਮ ਸੰਸਕਾਰ ਲਈ ਬਜਿਦ ਹੋਣਾ ਕਿ ਅਸੀਂ ਆਪੋ-ਆਪਣੀ ਰੀਤੀ ਅਨੁਸਾਰ ਆਖਰੀ ਰਸਮਾਂ ਜਲਾਉਣ ਜਾਂ ਦਫਨਾਉਣ ਦੀਆਂ ਕਰਨੀਆਂ ਹਨ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਕਬੀਰ ਸਾਹਿਬ ਦੀ ਸ਼ਖ਼ਸੀਅਤ ਦੇ ਸਰਬ-ਵਿਆਪੀ ਗੁਣਾਂ ਨੂੰ ਵੇਖਦਿਆਂ ਉਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਤਿਕਾਰਯੋਗ ਥਾਂ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਵਿਚ ਭਗਤ ਕਬੀਰ ਜੀ ਦੀ ਬਾਣੀ ਸਭ ਭਗਤਾਂ ਤੋਂ ਪਹਿਲਾਂ ਆਉਂਦੀ ਹੈ। ਭਗਤ ਕਬੀਰ ਸਾਹਿਬ ਦੇ ਵਿਅਕਤਿਤਵ ਦੇ ਕਾਰਨ ਹੀ ਭਗਤੀ ਅੰਦੋਲਨ ਦੱਖਣ ਵਿਚ ਪੈਦਾ ਹੋ ਕੇ ਉੱਤਰੀ ਭਾਰਤ ਦੇ ਪਿੰਡਾਂ ਤਕ ਪਹੁੰਚਿਆ। ਭਗਤ ਕਬੀਰ ਜੀ ਦੀ ਸ਼ਖ਼ਸੀਅਤ ਦੇ ਕਾਰਨ ਹੀ ਭਗਤੀ ਕਾਲ ਸਵਰਨ ਯੁੱਗ ਬਣਿਆ। ਅਸੀਂ ਕਹਿ ਸਕਦੇ ਹਾਂ ਕਿ ਭਗਤ ਕਬੀਰ ਜੀ ਦੇ ਵਿਅਕਤਿਤਵ ਦਾ ਹੀ ਪ੍ਰਭਾਵ ਸੀ ਕਿ ਸੰਤ-ਕਾਵਿ ’ਪੁਰ ਉਥਾਨ, ਧਾਰਮਿਕ ਪੁਨਰ-ਜਾਗਰਣ ਦੇ ਵਿਸ਼ੇਸ਼ਣਾਂ ਨਾਲ ਸੁਸੱਜਿਤ ਹੋਇਆ। ਪ੍ਰਸਿੱਧ ਦਾਰਸ਼ਨਿਕ ਡਾ. ਰਾਧਾ ਕ੍ਰਿਸਨਨ ਦਾ ਕਹਿਣਾ ਹੈ ਕਿ ਪੂਰੇ ਭਾਰਤੀ ਸਾਹਿਤ ਵਿਚ ਕੁਝ ਸ਼ਖ਼ਸੀਅਤਾਂ ਸਦਾ ਅਮਰ ਰਹਿਣਗੀਆਂ, ਜਿਨ੍ਹਾਂ ਵਿੱਚੋਂ ਇਕ ਸ਼ਖ਼ਸੀਅਤ (ਭਗਤ) ਕਬੀਰ ਜੀ ਦੀ ਹੈ। 5 ਉਪਰੋਕਤ ਵਿਸਤਰਿਤ ਅਧਿਐਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਗਤ ਕਬੀਰ ਜੀ ਇਕ ਵਿਕਸਿਤ ਵਿਅਕਤਿਤਵ ਦੇ ਮਾਲਕ ਸਨ ਅਤੇ ਪ੍ਰਸ਼ੰਸਾ, ਸ਼ੋਹਰਤ ਅਤੇ ਧਨ-ਦੌਲਤ ਦੀ ਲਾਲਸਾ ਤੋਂ ਉਹ ਪੂਰੀ ਤਰ੍ਹਾਂ ਨਿਰਲੇਪ ਸਨ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਖੋਜਾਰਥੀ -ਵਿਖੇ: ਸਿੰਘਾਨੀਆ ਯੂਨੀਵਰਸਿਟੀ, ਰਾਜਸਥਾਨ
1 ਡਾ. ਦੀਵਾਨ ਸਿੰਘ, ਪੰਜਾਬੀ ਦੁਨੀਆਂ, ਸਤੰਬਰ-ਅਕਤੂਬਰ 1965, ਸਫਾ 224.
2 ਡਾ. ਗੁਰਨਾਮ ਕੌਰ (ਬੇਦੀ), ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਬੀਰ ਬਾਣੀ ਦਾ ਅਲੋਚਨਾਤਮਕ ਅਧਿਐਨ, ਸਫਾ 20-21.
3 ਹਿੰਦੀ ਸਾਹਿਤਯ ਕਾ ਪ੍ਰਥਮ ਇਤਿਹਾਸ (ਅਨੁ. ਹਿੰਦੀ ਪ੍ਰਚਾਰਕ ਸੰਸਥਾ)
4 ਡਾ. ਰਤਨ ਸਿੰਘ (ਜੱਗੀ), ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ, ਸਫਾ 151.
5 ਡਾ. ਗੁਰਨਾਮ ਕੌਰ (ਬੇਦੀ), ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਬੀਰ ਬਾਣੀ ਦਾ ਆਲੋਚਨਾਤਮਕ ਅਧਿਐਨ, ਸਫਾ 21.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)