editor@sikharchives.org
Guru Granth Sahib Ji

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ-ਧਾਰਮਿਕ ਮਹੱਤਵ

ਸ੍ਰੀ ਗੁਰੂ ਗ੍ਰੰਥ ਸਾਹਿਬ ਭਾਰਤੀ ਧਰਮ-ਦਰਸ਼ਨ ਦੀ ਨਿਰਗੁਣ ਇਕ-ਈਸ਼ਵਰਵਾਦੀ ਪਰੰਪਰਾ ਵਿਚ ਇਕ ਕੜੀ ਵਾਂਗ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਧਰਮ-ਗ੍ਰੰਥਾਂ ਵਿੱਚੋਂ ਇਕ ਐਸਾ ਪਹਿਲਾ ਧਰਮ-ਗ੍ਰੰਥ ਹੈ ਜਿਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਸ਼ਰਧਾ, ਪੂਜਾ-ਪਾਠ, ਵਿਸ਼ਵਾਸ ਤੇ ਪ੍ਰਤਿਸ਼ਠਾ ਦੇ ਪੱਖ ਤੋਂ ਵੀ ਇਹ ਅਦੁੱਤੀ ਹੈ। ਸਿੱਖ ਮਤ ਦੇ ਅਨੁਯਾਈਆਂ ਤੋਂ ਇਲਾਵਾ ਦੂਸਰੇ ਮਤ-ਮਤਾਂਤਰਾਂ ਦੇ ਵਿਦਵਾਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਦਰ-ਸਨਮਾਨ ਦੀ ਭਾਵਨਾ ਰੱਖਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਭਾਰਤੀ ਧਰਮ-ਦਰਸ਼ਨ ਦੀ ਨਿਰਗੁਣ ਇਕ-ਈਸ਼ਵਰਵਾਦੀ ਪਰੰਪਰਾ ਵਿਚ ਇਕ ਕੜੀ ਵਾਂਗ ਹੈ। ਇਸ ਵਿਚ ਇੱਕੋ ਬ੍ਰਹਮ, ਇੱਕੋ ਮਾਨਵਤਾ, ਇੱਕੋ ਕਿਸਮ ਦਾ ਧਰਮ ਅਸਥਾਨ, ਗੁਰੂ-ਭਗਤੀ, ਨਾਮ, ਸੰਗਤ, ਸੇਵਾ, ਜੀਵਨ-ਮੁਕਤੀ, ਪਰਉਪਕਾਰ, ਪਰਵਿਰਤੀ ਵਿਚ ਨਿਰਵਿਰਤੀ ਕਰਮ ਆਦਿ ਮੁੱਖ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਹੈ।

ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪ੍ਰਚਾਰ- ਦੌਰਿਆਂ ਸਮੇਂ ਭਾਰਤ-ਵਰਸ਼ ਤੇ ਇਸ ਦੇ ਨਾਲ ਲੱਗਦੇ ਦੇਸ਼ਾਂ ਦਾ ਦੌਰਾ ਕੀਤਾ, ਸਮਕਾਲੀ ਮਤ-ਮਤਾਂਤਰਾਂ ਦੇ ਸੰਚਾਲਕਾਂ ਨੂੰ ਮਿਲੇ, ਧਾਰਮਿਕ ਸਿਧਾਂਤਾਂ ਪ੍ਰਤੀ ਵਿਚਾਰ-ਵਟਾਂਦਰੇ ਕੀਤੇ, ਪੂਰਬ ਤੇ ਸਮਕਾਲੀ ਧਾਰਮਿਕ ਰਹੱਸਵਾਦੀ ਮਹਾਂਪੁਰਸ਼ਾਂ ਦੀਆਂ ਰਚਨਾਵਾਂ ਨੂੰ ਵਾਚਿਆ, ਪੜਚੋਲਿਆ ਅਤੇ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੀਆਂ ਰਚਨਾਵਾਂ ਨੂੰ ਸੰਭਾਲਿਆ। ਇਹ ਰਚਨਾਵਾਂ ਨਿਰਗੁਣ ਵਿਚਾਰਧਾਰਾ ਦੇ ਆਧਾਰ ’ਤੇ ਜੀਵਨ-ਸਮੱਸਿਆਵਾਂ ਦਾ ਸਮਾਧਾਨ ਦਰਸਾਉਣ ਵਾਲੀਆਂ ਸਨ। ਇਹ ਰਚਨਾਵਾਂ ਗੁਰੂ ਜੀ ਨੇ ਗੁਰਗੱਦੀ ਦੇਣ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੰਭਾਲੀਆਂ। ਇਸ ਤੋਂ ਇਲਾਵਾ ਆਪਣੀ ਬਾਣੀ ਵੀ ਸੌਂਪੀ, ਇਹ ਸਿਲਸਿਲਾ ਪੰਜਵੇਂ ਪਾਤਸ਼ਾਹ ਤਕ ਚੱਲਦਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਨੇਕ ਗੁਣਾਂ ਵਾਲੇ ਇਕ ਪ੍ਰਭੂ ਦੀ ਉਸਤਤੀ ਦਾ ਸਤਿਕਾਰ ਕਰਦਿਆਂ ਆਪਣੀ ਉਦਾਰ ਨੀਤੀ ਦੁਆਰਾ ਉਨ੍ਹਾਂ ਲੋਕਾਂ, ਭਗਤ-ਜਨਾਂ ਨੂੰ ਵੀ ਸਲਾਹਿਆ:

ਨਾਨਕੁ ਵੇਚਾਰਾ ਕਿਆ ਕਹੈ॥
ਸਭੁ ਲੋਕੁ ਸਲਾਹੇ ਏਕਸੈ॥
ਸਿਰੁ ਨਾਨਕ ਲੋਕਾ ਪਾਵ ਹੈ॥
ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ॥  (ਪੰਨਾ 1168)

ਗੁਰੂ-ਪਦ ਦੇ ਨਿਰੰਤਰ ਵਿਕਾਸ ਨਾਲ ਇਕ ਸਮਾਂ ਐਸਾ ਵੀ ਆਇਆ, ਜਦੋਂ ਗੁਰਗੱਦੀ ਦੇ ਹੱਕ ਤੋਂ ਅਯੋਗ ਦਾਹਵੇਦਾਰਾਂ ਨੂੰ ਨਿਰਾਸ਼ਾ ਹੋਈ ਤਾਂ ਆਪਣੇ ਆਪ ਹੀ ਕਥਿਤ ਗੁਰੂ ਬਣ ਕੇ ਕੱਚੀ ਬਾਣੀ ਰਚਣੀ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਤਾਂ ਇਸ ਅਵਸਥਾ ਵਿਚ ਗੁਰੂ-ਬਾਣੀ (ਸੱਚੀ ਬਾਣੀ) ਨੂੰ ਇਕ ਗ੍ਰੰਥ ਦਾ ਰੂਪ ਦੇਣਾ ਜ਼ਰੂਰੀ ਹੋ ਗਿਆ ਸੀ। ਇਹ ਘਟਨਾ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਘਟੀ ਜਦੋਂ ਉਨ੍ਹਾਂ ਦੇ ਵੱਡੇ ਭਰਾ ਪ੍ਰਿਥੀਚੰਦ ਨੂੰ ਗੁਰਗੱਦੀ ਨਾ ਮਿਲੀ ਤਾਂ ਉਨ੍ਹਾਂ ਦੇ ਪੁੱਤਰ ਮਿਹਰਵਾਨ ਨੇ ‘ਨਾਨਕ’ ਦੀ ਮੁਹਰ ਥੱਲੇ ਕੱਚੀ ਬਾਣੀ ਰਚ ਕੇ, ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਜ਼ਿਕਰ ਸਾਨੂੰ ਭਾਈ ਕੇਸਰ ਸਿੰਘ ਛਿੱਬਰ, ਦੀ ਰਚਨਾ ‘ਬੰਸਾਵਲੀਨਾਮਾ’ ਵਿਚ ਇਸ ਪ੍ਰਕਾਰ ਮਿਲਦਾ ਹੈ:

ਮਿਹਰਵਾਨ ਪੁਤ੍ਰ ਪ੍ਰਿਥੀਏ ਦਾ ਕਬੀਸਰੀ ਕਰੇ।
ਪਾਰਸੀ, ਹਿੰਦਵੀ, ਸਹਸਕ੍ਰਿਤ ਨਾਲੇ ਗੁਰਮੁਖੀ ਪੜੇ।
ਤਿਨ ਭੀ ਬਾਣੀ ਬਹੁਤ ਬਣਾਈ।
ਭੋਗੁ ਗੁਰੂ ਨਾਨਕ ਜੀ ਦਾ ਹੀ ਪਾਈ।
ਡੂਮ ਲਗੇ ਸਬਦ ਮੀਣਿਆਂ ਦੇ ਗਾਵਨਿ।
ਦੁਯਾ ਦਰਬਾਰ ਵਡਾ ਗੁਰਆਈ ਆ ਲਗੇ ਲਾਵਨਿ।
ਮੀਣਿਆਂ ਭੀ ਇਕ ਗ੍ਰੰਥ ਬਣਾਇਆ।
ਚਹੁੰ ਪਾਤਸਾਹੀਆਂ ਦੇ ਸਬਦ ਬਾਣੀ ਵਿਚ ਲਿਖ ਪਾਇਆ।…
ਬਚਨ ਕੀਤਾ ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ।
ਮੀਣੇ ਪਾਣ ਲਗੇ ਨੀ ਰਲਾ, ਸੋ ਨਿਆਰੀ ਕਰ ਧਰੀਏ।
ਸੋ ਸਾਹਿਬ ਬਾਣੀ ਉਚਾਰੁ ਅਗੈ ਹੀ ਕਰਤ ਸੁ ਭਏ।
ਸੋ ਭਾਈ ਗੁਰਦਾਸ ਸਭ ਇਕਤਰ ਕਰਿ ਲਏ।

ਗੁਰੂ ਸਾਹਿਬਾਨ ਦੇ ਸਮਕਾਲੀ ਸਿੱਖ ਤਾਂ ਗੁਰੂ ਸਾਹਿਬਾਨ ਦੀ ਬਾਣੀ ਦਾ ਕੱਚੀ ਬਾਣੀ ਨਾਲੋਂ ਨਿਸਤਾਰਾ ਕਰਨ ਦੇ ਸਮਰੱਥ ਸਨ ਪ੍ਰੰਤੂ ਆਉਣ ਵਾਲੇ ਸਮੇਂ ਵਿਚ ਐਸਾ ਸੰਭਵ ਨਹੀਂ ਸੀ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੰਕਲਨ ਤੇ ਸੰਪਾਦਨਾ ਕੁਝ ਹੋਰ ਧਾਰਮਿਕ ਪੱਖਾਂ ਤੋਂ ਵੀ ਮਹੱਤਵਪੂਰਨ ਤੇ ਵਿਸ਼ਾਲ ਹੈ। ਬ੍ਰਹਮ ਗਿਆਨ ਦੇ ਚਿੰਤਨ ਤੇ ਪਾਠ-ਪਠਨ ਦਾ ਅਧਿਕਾਰ ਕੇਵਲ ਉੱਚ-ਜਾਤੀ ਬ੍ਰਾਹਮਣਾਂ ਨੂੰ ਹੀ ਸੀ ਬਾਕੀ ਕਿਸੇ ਨੂੰ ਇਹ ਹੱਕ ਨਹੀਂ ਸੀ। ਗੁਰਬਾਣੀ ਦਾ ਉਪਦੇਸ਼ ਕਥਿਤ ਚਹੁੰਆਂ ਵਰਨਾਂ ਨੂੰ ਬਰਾਬਰ ਦਾ ਸੀ:

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ 747-48)

ਬ੍ਰਹਮ ਗਿਆਨ ਨੂੰ ਗੁਰੂ-ਬਾਣੀ ਰਾਹੀਂ ਆਮ ਲੋਕਾਂ ਦੀ ਸਾਧਾਰਨ ਭਾਸ਼ਾ ਦੁਆਰਾ ਦਿੱਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਛੇ ਗੁਰੂ ਸਾਹਿਬਾਨ, ਪੰਦਰ੍ਹਾਂ ਭਗਤ ਸਾਹਿਬਾਨ, ਗਿਆਰ੍ਹਾਂ ਭੱਟ ਸਾਹਿਬਾਨ ਤੇ ਹੋਰ ਗੁਰੂ-ਘਰ ਦੇ ਨਿਕਟਵਰਤੀ ਸਿੱਖ ਸੇਵਕਾਂ ਦੀ ਬਾਣੀ ਦਰਜ ਹੈ। ਬ੍ਰਹਮ ਦੀ ਏਕਤਾ ਦੇ ਨਾਲ-ਨਾਲ  ਮਾਨਵ ਏਕਤਾ, ਜਾਤੀ ਏਕਤਾ, ਧਰਮ  ਏਕਤਾ, ਆਦਰਸ਼  ਏਕਤਾ, ਧਰਮ  ਸਥਾਨ ਦੀ ਏਕਤਾ, ਸ਼ਬਦ (ਗੁਰੂ) ਦੀ ਏਕਤਾ ਦ੍ਰਿੜ੍ਹ ਕਰਾਈ ਗਈ ਹੈ। ਪਰਵਿਰਤੀ ਵਿਚ ਨਿਰਵਿਰਤੀ ਕਰਮ ਸਤਿਸੰਗਤ, ਨਾਮ-ਮਾਰਗ, ਸੇਵਾ-ਪਰਉਪਕਾਰ ਆਦਿ ਸਿਧਾਂਤਾਂ ਨੂੰ ਦ੍ਰਿੜ੍ਹ ਕਰਾਉਣ ਦੀ ਭਾਵਨਾ ਹਿਤ ਇਸ ਧਰਮ-ਗ੍ਰੰਥ ਦੀ ਸੰਪਾਦਨਾ ਤੇ ਸੰਕਲਨ ਅਤਿ ਜ਼ਰੂਰੀ ਹੋ ਗਿਆ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਕਾਰਨਾਂ ਵਿੱਚੋਂ ਇਕ ਧਾਰਮਿਕ ਮਹੱਤਵ ਇਹ ਵੀ ਸੀ ਕਿ ਉਸ ਸਮੇਂ (15ਵੀਂ ਤੋਂ 17ਵੀਂ ਸਦੀ) ਧਰਮ-ਗ੍ਰੰਥਾਂ ਅੰਦਰ ਕਿਸੇ ਕਥਿਤ ਨੀਵੀਂ ਜਾਤ ਦੇ ਭਗਤਾਂ ਦੀ ਰਚਨਾ ਨਹੀਂ ਸੀ ਦਰਜ ਕੀਤੀ ਜਾਂਦੀ। ਦੂਸਰਾ ਧਰਮ-ਗ੍ਰੰਥ ਨੂੰ ਦੇਵ ਬਾਣੀ ਮੰਨ ਕੇ ਇਸ ਬਾਣੀ ਦਾ ਉਚਾਰਨ, ਪਾਠ-ਪਠਨ ਦਾ ਅਧਿਕਾਰ ਕੇਵਲ ਕਥਿਤ ਉੱਚ-ਜਾਤੀ ਬ੍ਰਾਹਮਣ ਨੂੰ ਹੀ ਸੀ। ਉਸ ਸਮੇਂ ਕਥਿਤ ਨੀਚ-ਜਾਤੀ ਦੇ ਲੋਕਾਂ ਨੂੰ ਧਰਮ-ਅਸਥਾਨਾਂ ਅੰਦਰ ਜਾਣ ਦੀ ਵੀ ਮਨਾਹੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇਨ੍ਹਾਂ ਭਗਤਾਂ ਨੂੰ ਸਮਾਨਤਾ ਦੇਣ ਦੀ ਭਾਵਨਾ ਹਿਤ ਇਹ ਸੰਪਾਦਨਾ ਮਹੱਤਵਪੂਰਨ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਭਾਰਤ-ਵਰਸ਼ ਦੀ ਪੰਦਰ੍ਹਵੀਂ-ਸੋਲ੍ਹਵੀਂ ਸਦੀ ਦੀ ਨਿਰਗੁਣ ਭਗਤੀ ਲਹਿਰ ਦੇ ਰਹੱਸਵਾਦੀ ਭਗਤਾਂ ਦੀ ਬਾਣੀ ਨੂੰ ਗੁਰਬਾਣੀ ਦੇ ਸਮਾਨ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਭਗਤਾਂ ਅੰਦਰ ਜਿੱਥੇ ਸਾਰੇ ਭਾਰਤ-ਵਰਸ਼ ਦੀ ਜਾਤੀ ਅਖੰਡਤਾ ਨੂੰ ਇੱਕੋ ਹੀ ਥਾਂ ਰੱਖ ਕੇ ਸਤਿਕਾਰਿਆ ਗਿਆ ਹੈ ਉਥੇ ਉਨ੍ਹਾਂ ਭਗਤ ਸਾਹਿਬਾਨ ਦੀਆਂ ਵੱਖ-ਵੱਖ ਭਾਸ਼ਾਵਾਂ ਜੋ ਜਨ-ਸਾਧਾਰਨ ਦੀ ਬੋਲੀ ਸੀ, ਨੂੰ ਵੀ ਇਕ ਥਾਂ ਇਕੱਤਰ ਕੀਤਾ ਗਿਆ ਹੈ। ਇਸ ਭਗਤੀ ਲਹਿਰ ਦੇ ਭਗਤ ਵੱਖੋ-ਵੱਖਰੀਆਂ ਕਥਿਤ ਜਾਤਾਂ ਵਿੱਚੋਂ ਸਨ ਜੈਸਾ ਕਿ ਭਗਤ ਕਬੀਰ ਜੀ ਕਥਿਤ ਜੁਲਾਹਾ ਸਨ, ਭਗਤ ਨਾਮਦੇਵ ਜੀ ਛੀਂਬਾ, ਭਗਤ ਰਵਿਦਾਸ ਜੀ ਕਥਿਤ ਚਮਿਆਰ ਤੇ ਸ਼ੇਖ ਫ਼ਰੀਦ ਜੀ ਮੁਸਲਮਾਨ ਸਨ। ਇਹ ਭਾਰਤ-ਵਰਸ਼ ਦੇ ਵੱਖੋ-ਵੱਖਰੇ ਖਿੱਤਿਆਂ ਨਾਲ ਸੰਬੰਧਿਤ ਸਨ। ਇਸ ਪ੍ਰਕਾਰ ਕੌਮੀ ਏਕਤਾ ਦਾ ਭਾਵ ਦ੍ਰਿੜ੍ਹ ਹੁੰਦਾ ਹੈ। ਅਨੇਕਤਾ ਵਿਚ ਏਕਤਾ ਨੂੰ ਸਥਾਪਤ ਕਰਨਾ ਉਸ ਸਮੇਂ ਦੀ ਇਕ ਵੱਡੀ ਜ਼ਰੂਰਤ ਸੀ। ਇਸੇ ਮਹਾਨਤਾ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ ਸੀ। ਸਭ ਜੀਵਾਂ ਅੰਦਰ ਇੱਕੋ ਪ੍ਰਭੂ ਦੀ ਜੋਤ ਨੂੰ ਦੇਖਣਾ ਤੇ ਸਵੀਕਾਰ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਉਦੇਸ਼ਾਂ ਵਿੱਚੋਂ ਇਕ ਸੀ। ਭਗਤ ਕਬੀਰ ਜੀ ਦਾ ਕਥਨ ਹੈ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1349)

ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ 13)

ਗੁਰੂ ਸਾਹਿਬਾਨ ਦੇ ਸਮੇਂ 15ਵੀਂ ਤੋਂ 17ਵੀਂ ਸਦੀ ਦੇ ਸਮਾਜ ਅੰਦਰ, ਗ੍ਰਹਿਸਤ ਨੂੰ ਤਿਆਗ ਕੇ, ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਕੇ, ਕਿਰਤ ਨੂੰ ਛੱਡ ਮੰਗ ਕੇ ਖਾਣਾ, ਭੇਖ ਧਾਰਨ ਕਰਨ ਤੇ ਹਠ ਤਪ ਕਰਨ ਦਾ ਰਿਵਾਜ ਬਹੁਤ ਪ੍ਰਭਾਵਸ਼ਾਲੀ ਬਣ ਚੁੱਕਾ ਸੀ। ਰਿਧੀਆਂ-ਸਿਧੀਆਂ, ਕਰਾਮਾਤਾਂ ਦੁਆਰਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਸੀ। ਅੰਧ-ਵਿਸ਼ਵਾਸ, ਕਰਮਕਾਂਡ, ਪਲਾਇਨਵਾਦ ਆਦਿ ਰੁਚੀਆਂ ਉਭਰ ਰਹੀਆਂ ਸਨ। ਧਰਮ ਦਾ ਅਸਲ ਰੂਪ ਵਹਿਮਾਂ-ਭਰਮਾਂ ਨੇ ਢੱਕ ਲਿਆ ਸੀ। ਬਹੁਦੇਵਵਾਦ, ਪ੍ਰਕਿਰਤੀਵਾਦ, ਅਵਤਾਰਵਾਦ ਆਦਿ ਖ਼ਿਆਲ ਸਮਾਜ ਅੰਦਰ ਭਾਰੂ ਬਣ ਚੁੱਕੇ ਸਨ।

ਮਾਨਵਤਾ ਅੰਦਰ ਨਿਰਾਸ਼ਾ ਸੀ, ਧਰਮ ਦਾ ਅਸਲ ਤੱਤ ਅਲੋਪ ਹੋਣ ਕਾਰਨ, ਅਵਤਾਰਵਾਦ, ਪਾਖੰਡਵਾਦ, ਕਰਮ-ਕਾਂਡ, ਜਾਤੀ-ਵਰਣਵਾਦ ਆਦਿ ਪਰਵਿਰਤੀਆਂ ਕਾਰਨ ਆਮ ਜਨ-ਸਾਧਾਰਨ ਅੰਦਰ ਅਸ਼ਾਂਤੀ ਸੀ, ਅਗਿਆਨਤਾ ਕਾਰਨ ਲੋਕਾਈ ਭਟਕ ਰਹੀ ਸੀ, ਸੱਚੇ ਤੇ ਪੂਰਨ ਗੁਰੂ ਦੀ ਘਾਟ ਮਹਿਸੂਸ ਹੋ ਰਹੀ ਸੀ। ਲੋਕਾਂ ਅੰਦਰ ਆਸਤਿਕਤਾ ਤੇ ਪ੍ਰਭੂ ਦੀ ਸੱਚੀ-ਸੁੱਚੀ ਭਗਤੀ ਲਈ ਧਰਮ ਤੇ ਸਮਾਜ ਨੂੰ ਮੁੜ ਇਕੱਠਿਆਂ ਕਰਨਾ ਜ਼ਰੂਰੀ ਸੀ। ਇਸ ਪ੍ਰਕਾਰ ਦਾ ਸਵਨਵੇਂ (Syntheses) ਪੈਦਾ ਕਰਨ ਲਈ ਕਿਸੇ ਐਸੇ ਗੁਰੂ ਦੀ ਜ਼ਰੂਰਤ ਸੀ ਜਿਹੜਾ ਜਨ-ਸਾਧਾਰਨ ਨੂੰ ਜੀਵਨ ਆਦਰਸ਼ ਤੇ ਇਸ ਦੀ ਸਫ਼ਲਤਾ ਦਾ ਗਿਆਨ ਤੇ ਸਾਧਨ ਦੋਨੋਂ ਹੀ ਪ੍ਰਦਾਨ ਕਰ ਸਕਦਾ। ਗੁਰੂ ਸਾਹਿਬਾਨ ਨੇ ਇਸ ਕਾਰਜ ਨੂੰ ਮੁੱਖ ਰੱਖ ਕੇ ਬਾਣੀ ਰਚੀ ਤੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਦਿੱਤਾ:

ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ (ਪੰਨਾ 1226)

ਸਿੱਖ ਸੰਗਤਾਂ ਨੂੰ ਧਰਮ-ਕੇਂਦਰ ਸ੍ਰੀ ਹਰਿਮੰਦਰ ਸਾਹਿਬ ਤਾਂ ਮਿਲ ਚੁੱਕਾ ਸੀ ਪਰੰਤੂ ਇਸ ਪਵਿੱਤਰ ਅਸਥਾਨ ਅੰਦਰ ਇਕ ਐਸੇ ਧਰਮ-ਗ੍ਰੰਥ ਦੀ ਲੋੜ ਸੀ ਜਿਹੜਾ ਸਾਰੀ ਮਾਨਵਤਾ ਨੂੰ ਹਮੇਸ਼ਾਂ-ਹਮੇਸ਼ਾਂ ਲਈ ਪਰਮਾਰਥਕ ਤੇ ਸੰਸਾਰਕ ਸਫ਼ਲਤਾ ਲਈ ਰਸਤਾ ਦਿਖਾਵੇ। ਇਸ ਲੋੜ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ।

ਸੰਸਾਰੀ ਲੋਕਾਂ ਪਾਸ ਆਰਥਕ ਲੋੜਾਂ ਦੀ ਪੂਰਤੀ ਤਾਂ ਪਹਿਲਾਂ ਹੀ ਉਪਲਬਧ ਸੀ ਪਰੰਤੂ ਉਹ ਅਧਿਆਤਮ ਲੋੜ, ਰੂਹ ਦੀ ਖ਼ੁਰਾਕ ਦੀ ਥੁੜ ਕਾਰਨ ਇਧਰ-ਉਧਰ ਭਟਕ ਰਹੇ ਸਨ। ਕਹਿਣ ਤੋਂ ਭਾਵ ਅਧਿਆਤਮਕਤਾ (spirituality) ਦੀ ਘਾਟ ਨੇ ਲੋਕਾਂ ਨੂੰ ਧਾਰਮਿਕ ਪੱਖ ਤੋਂ ਦਿਵਾਲੀਆ ਬਣਾ ਰੱਖਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਟਕਦੀ ਲੋਕਾਈ ਵਾਸਤੇ ਅਧਿਆਤਮਕ ਤੇ ਸਦਾਚਾਰਕ ਗੁਣਾਂ (ਕੀਮਤਾਂ) ਦਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਪਰੋਸਿਆ ਜਿਸ ਵਿਚ:

ਸਤੁ –  ਜੋ ਭਗਤੀ ਦੇ ਮਨੋਰਥ ਨੂੰ ਪੂਰਾ ਕਰਦਾ ਹੈ;
ਸੰਤੋਖੁ – ਜੋ ਕਰਮ ਮਾਰਗ ਦੀ ਦੌੜ-ਭੱਜ ਨੂੰ ਥਾਂ ਸਿਰ ਰੱਖਦਾ ਹੈ;
ਵੀਚਾਰੋ – ਜੋ ਗਿਆਨ ਮਾਰਗ ਦੀਆਂ ਔਕੜਾਂ ਨੂੰ ਦੂਰ ਕਰ ਕੇ ਠੀਕ ਸੋਚਣ ਵਿਚ ਸਹਾਈ ਹੁੰਦਾ ਹੈ।

ਤਿੰਨ ਕੀਮਤਾਂ ਨੂੰ ਨਾਮ-ਰੂਪੀ ਅੰਮ੍ਰਿਤ ਨਾਲ ਮਿਲਾ ਕੇ ਮਾਨਵਤਾ ਦੀ ਭੁੱਖ ਦੂਰ ਕਰਨ ਤੇ ਸਹਜ ਅਨੰਦ (ਮੁਕਤੀ) ਦੀ ਪ੍ਰਾਪਤੀ ਲਈ ਇਸ ਅਮਰ ਬਾਣੀ ਦੀ ਰਚਨਾ ਕੀਤੀ। ਇਹ ਦੈਵੀ-ਰਚਨਾ ਮਾਨਵਤਾ ਦੀ ਲੋੜ ਸੀ। ਇਸ ਵਿਚ ਸੰਸਾਰ ਦੇ ਸਾਰੇ ਲੋਕਾਂ ਲਈ ਕਿਸੇ ਜਾਤੀ ਭਿੰਨ-ਭੇਦ ਤੋਂ ਬਿਨਾਂ ਭਲਾ ਮੰਨਿਆ ਹੈ ਅਤੇ ਅਕਾਲ ਪੁਰਖ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਤ੍ਰਿਸ਼ਨਾ ਦੀ ਅਗਨੀ ਵਿਚ ਜਲਦੇ ਸੰਸਾਰ ਦਾ ਜਿਸ ਤਰ੍ਹਾਂ ਵੀ ਬਚਾਓ ਹੋ ਸਕਦਾ ਹੈ ਕੀਤਾ ਜਾਵੇ। ਇਸ ਪ੍ਰਕਾਰ ਦੀ ਉਦਾਰ-ਵਿਰਤੀ (altruism) ਗੁਰਬਾਣੀ ਦੇ ਮੁੱਖ ਤੱਤਾਂ ਵਿੱਚੋਂ ਇਕ ਹੈ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)

ਉਸ ਸਮੇਂ ਸਮਾਜ ਅੰਧ-ਵਿਸ਼ਵਾਸਾਂ ਤੇ ਅਵਤਾਰਵਾਦ ਦੇ ਸਿਧਾਂਤਾਂ ਨੂੰ ਮੰਨਣ ਵਾਲਾ ਸੀ। ਕਰਮਕਾਂਡ ਭਾਰੂ ਸਨ। ਦੁਨੀਆਂ ਭੇਖਾਂ-ਪਾਖੰਡਾਂ ਤਕ ਹੀ ਸੀਮਤ ਸੀ। ਬ੍ਰਹਮ ਤੱਤ ਦਾ ਨਿਰੂਪਣ ਤਾਂ ਨਿਰਗੁਣਧਾਰਾ ਤੋਂ ਹੀ ਸਪੱਸ਼ਟ ਹੋ ਸਕਦਾ ਸੀ। ਨਿਰਗੁਣ ਤੱਤ ਦਾ ਨਿਰੂਪਣ ਬਾਣੀ ਰਾਹੀਂ ਸੰਭਵ ਸੀ। ਇਸ ਪ੍ਰਕਾਰ ਦੀ ਨਿਰਗੁਣ ਵਿਚਾਰਧਾਰਾ ਦੀ ਰਚਨਾ ਨੂੰ ਇਕ ਥਾਂ ਇਕੱਤਰ ਕਰਨਾ ਅਤਿ ਜ਼ਰੂਰੀ ਸੀ:

ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤˆØੀ ਕਰਮਿ ਧਿਆਈ॥  (ਪੰਨਾ 1243)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਇਕ ਥਾਂ ਇਕੱਠਾ ਕਰਨ ਤੇ ਗ੍ਰੰਥ ਸਾਹਿਬ ਦਾ ਰੂਪ ਦੇਣ ਦਾ ਮੰਤਵ ਇਸ ਪ੍ਰਕਾਰ ਵੀ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਧਰਮ ਤੇ ਨਵੀਂ ਕੌਮ ‘ਨਿਰਮਲ ਪੰਥ’ ਦੀ ਸਥਾਪਨਾ ਕੀਤੀ। ਨਵ-ਸਿਰਜੀ ਕੌਮ ਲਈ ਨਵੇਂ ਸਿਧਾਂਤਾਂ, ਨਿਯਮਾਂ, ਰੀਤੀ-ਰਿਵਾਜਾਂ ਦੀ ਅਤਿ ਜ਼ਰੂਰਤ ਸੀ। ਇਸ ਜ਼ਰੂਰਤ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਜਿੱਥੇ ਧਾਰਮਿਕ ਸਿਧਾਂਤਾਂ ਦਾ ਵਰਣਨ ਕਰ ਕੇ ਸਿੱਖ ਸਮਾਜ ਨੂੰ ਸੇਧ ਪ੍ਰਦਾਨ ਕੀਤੀ ਹੈ ਉਥੇ ਜੀਵਨ ਦੇ ਬਾਕੀ ਪੱਖਾਂ ਨੂੰ ਸਫ਼ਲ ਕਰਨ ਹਿਤ ਬਾਣੀ ਦਾ ਸੰਕਲਨ ਤੇ ਸੰਪਾਦਨ ਕੀਤਾ। ਦਾਨ ਤੇ ਇਸ਼ਨਾਨ ਪਰੰਪਰਾਗਤ ਰੀਤੀਆਂ ਨਾਲ ਜੋੜ ਕੇ ਨਾਮ-ਦਾਨ ਇਸ਼ਨਾਨ ਦਾ ਸੁਮੇਲ ਕੀਤਾ। ਐਸਾ ਸੁਮੇਲ ਗੁਰਬਾਣੀ ਉਪਦੇਸ਼ਾਂ ਵਿੱਚੋਂ ਸਪੱਸ਼ਟ ਹੁੰਦਾ ਹੈ। ਨਾਮ-ਸਾਧਨਾ ਦੁਆਰਾ ਦਾਨ ਤੇ ਇਸ਼ਨਾਨ ਦੀ ਅਸਲੀਅਤ ਸਮਝ ਆਉਂਦੀ ਹੈ।

ਗੁਰਬਾਣੀ ਦੇ ਉਪਦੇਸ਼ਾਂ ਦੁਆਰਾ ਮਨੁੱਖਤਾ ਅੰਦਰ ਇਕ ਜਾਗ੍ਰਿਤੀ ਆਈ। ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ

ਜੀਵਨ ਕੀ ਹੈ?
ਇਸ ਦਾ ਜੀਵਨ-ਮਨੋਰਥ ਕੀ ਹੈ?
ਇਸ ਦੇ ਪੂਰਤੀ ਦੇ ਸਾਧਨ ਕਿਹੜੇ ਹਨ?
ਪਰਮ ਸਤ ਕੀ ਹੈ, ਉਸ ਦੀ ਪ੍ਰਾਪਤੀ ਕਿਸ ਤਰ੍ਹਾਂ ਸੰਭਵ ਹੈ?

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਿੰਨ ਮੁੱਖ ਪੱਖ ਬੜੇ ਸਪੱਸ਼ਟ ਰੂਪ ਵਿਚ ਦਰਸਾਏ ਹਨ:

1. ਪਿਉ ਦਾਦੇ ਦਾ ਖਜ਼ਾਨਾ (ਅਧਿਆਤਮਕ ਗੁਣ);
2. ਜੀਵਨ-ਮਨੋਰਥ;
3. ਸਦਾਚਾਰ ਸਾਧਨ।

ਪਰਮਾਰਥ ਦੀ ਉੱਨਤੀ ਲਈ ਪਰਮਸਤ (ਅਕਾਲ ਪੁਰਖ) ਨੂੰ ਸਮਝਣਾ ਅਤਿ ਜ਼ਰੂਰੀ ਹੈ ਜਿਹੜਾ ਸਾਰੇ ਬ੍ਰਹਿਮੰਡ ਦਾ ਕਰਤਾ ਹੈ। ਉਸ ਦੇ ਦੈਵੀ-ਗੁਣਾਂ ਵਾਲੇ ਸਰੂਪ ਨੂੰ, ਗੁਰੂ-ਉਪਦੇਸ਼ ਦੁਆਰਾ ਸਮਝਿਆ ਜਾ ਸਕਦਾ ਹੈ। ਇਸ ਪ੍ਰਕਾਰ ਦੀ ਦੈਵੀ ਸੋਝੀ ਜੋ ਅੰਤਰਮੁਖੀ ਹੁੰਦੀ ਹੈ, ਨੂੰ ਸਮਝਣ ਲਈ ਗੁਰੂ-ਉਪਦੇਸ਼ ਦੀ ਦ੍ਰਿੜ੍ਹਤਾ ਤੇ ਚਿੰਤਨ ਅਤਿ ਜ਼ਰੂਰੀ ਹੈ। ਇਸ ਚਿੰਤਨ ਲਈ ਗੁਰਬਾਣੀ ਦਾ ਸਹਾਰਾ ਜ਼ਰੂਰੀ ਹੈ। ਇਸ ਪ੍ਰਕਾਰ ਦੀ ਲਗਾਤਾਰ ਅਗਵਾਈ ਲਈ ਜ਼ਰੂਰੀ ਹੈ ਕਿ ਧੁਰ ਕੀ ਬਾਣੀ ਦਾ ਨਿਤਾਪ੍ਰਤਿ ਚਿੰਤਨ ਕੀਤਾ ਜਾਵੇ। ਜੀਵਨ-ਮਨੋਰਥ ਦੀ ਸਫ਼ਲਤਾ ਇਸੇ ਵਿਚ ਹੈ।

ਤੀਸਰਾ ਪੱਖ, ਸਦਾਚਾਰ ਦਾ ਹੈ। ਨੈਤਿਕਤਾ ਮਨੁੱਖੀ ਜੀਵਨ ਦੀ ਸਫ਼ਲਤਾ ਦਾ ਆਧਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਅੰਦਰ ਧਰਮ ਤੇ ਸਦਾਚਾਰ ਨੂੰ ਇਕੱਠਾ ਕਰ ਕੇ ਮਨੁੱਖਾ-ਜੀਵਨ ਦੇ ਸਮੁੱਚੇ ਵਿਕਾਸ ਦਾ ਆਧਾਰ ਸਥਾਪਤ ਕੀਤਾ ਗਿਆ ਹੈ ਜਦੋਂ ਕਿ ਉਸ ਸਮੇਂ ਸਮਾਜ ਅੰਦਰ ਧਰਮ ਤੇ ਸਦਾਚਾਰ ਪੂਰਨ ਰੂਪ ਵਿਚ ਮਨੁੱਖਾ-ਜੀਵਨ ਦੀ ਸਫ਼ਲਤਾ ਲਈ ਸਾਂਝੇ ਤੌਰ ’ਤੇ ਨਹੀਂ ਸਨ ਉਪਦੇਸ਼ੇ ਜਾਂਦੇ। ਧਾਰਮਿਕ ਵਰਗ ਕਿਰਤ ਨੂੰ ਛੱਡ ਕੇ ਕੇਵਲ ਤਿਆਗ-ਵੈਰਾਗ ਦੀ ਜ਼ਿੰਦਗੀ ਜਿਊਂਦਾ ਸੀ। ਇਹ ਸਮਾਜ ’ਤੇ ਭਾਰੂ ਸੀ। ਗੁਰੂ-ਬਾਣੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਧਾਰਨ ਉਪਰੰਤ ਇਹ ਉਪਦੇਸ਼ ਲਗਾਤਾਰ ਸਮਾਜ ਦੀ ਅਗਵਾਈ ਕਰਨ ਵਾਲਾ ਬਣ ਗਿਆ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਦੈਵੀ ਤੇ ਨੈਤਿਕ ਗੁਣਾਂ ਦਾ ਖਜ਼ਾਨਾ ਦੱਸਿਆ ਹੈ ਅਤੇ ਇਸ ਖਜ਼ਾਨੇ ਦੀ ਇਹ ਵੀ ਮਹੱਤਤਾ ਦਰਸਾਈ ਹੈ ਕਿ ਇਸ ਨੂੰ ਰਲ-ਮਿਲ ਕੇ ਖਰਚਣਾ ਹੈ। ਇਸ ਦੀ ਵਰਤੋਂ ਨਾਲ ਇਹ ਘਟੇਗਾ ਨਹੀਂ ਸਗੋਂ ਵਧੇਗਾ। ਇਹ ਮਾਨਵਤਾ ਦੇ ਕਲਿਆਣ ਦਾ ਉਪਦੇਸ਼ ਹੈ:

ਹਮ ਧਨਵੰਤ ਭਾਗਠ ਸਚ ਨਾਇ॥
ਹਰਿ ਗੁਣ ਗਾਵਹ ਸਹਜਿ ਸੁਭਾਇ॥
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥
ਤਾ ਮੇਰੈ ਮਨਿ ਭਇਆ ਨਿਧਾਨਾ॥
ਰਤਨ ਲਾਲ ਜਾ ਕਾ ਕਛੂ ਨ ਮੋਲੁ॥
ਭਰੇ ਭੰਡਾਰ ਅਖੂਟ ਅਤੋਲ॥
ਖਾਵਹਿ ਖਰਚਹਿ ਰਲਿ ਮਿਲਿ ਭਾਈ॥
ਤੋਟਿ ਨ ਆਵੈ ਵਧਦੋ ਜਾਈ॥
ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥
ਸੁ ਏਤੁ ਖਜਾਨੈ ਲਇਆ ਰਲਾਇ॥ (ਪੰਨਾ 185-86)

ਗੁਰੂ ਸਾਹਿਬਾਨ ਦੇ ਸਮਕਾਲੀ ਸਮਾਜ ਵਿਚ ਮੁੱਖ-ਰੂਪ ਵਿਚ ਦੋ ਪ੍ਰਕਾਰ ਦੇ ਲੋਕ ਸਨ। ਇਕ ਤਾਂ ਉਹ ਸਨ ਜਿਹੜੇ ਸੰਸਾਰਕਤਾ (worldliness) ਵਿਚ ਵਿਸ਼ਵਾਸ ਰੱਖਦੇ ਸਨ ਤੇ ਜਿਨ੍ਹਾਂ ਨੂੰ ਜੀਵਨ-ਆਦਰਸ਼ ਦੀ ਸੋਝੀ ਨਹੀਂ ਸੀ ਤੇ ਨਾ ਹੀ ਪ੍ਰਾਪਤ ਕਰਨ ਦਾ ਗਿਆਨ ਸੀ। ਦੂਸਰੇ ਉਹ ਲੋਕ ਸਨ ਜਿਹੜੇ ਸੰਸਾਰ (ਗ੍ਰਹਿਸਤ) ਤਿਆਗ ਕੇ, ਕਿਰਤ ਤਿਆਗ ਕੇ ਭੇਖੀ ਬਣ ਕੇ ਮੰਗ ਕੇ ਖਾਣ ਵਿਚ ਵਿਸ਼ਵਾਸ ਰੱਖਦੇ ਸਨ। ਗੁਰੂ ਸਾਹਿਬਾਨ ਨੇ ਪੂਰਨ ਤਿਆਗ ਤੇ ਪੂਰਨ ਤੌਰ ’ਤੇ ਸੰਸਾਰ ਵਿਚ ਗ਼ਲਤਾਨ ਦੋਨਾਂ ਪੱਖਾਂ ਦਾ ਤਿਆਗ ਕਰ ਕੇ ਸਹਿਜ ਮਾਰਗ ਦਾ ਉਪਦੇਸ਼ ਦਿੱਤਾ। ਸਹਿਜ ਮਾਰਗ ਨਾਮ ਮਾਰਗ ਸੀ, ਜਿਹੜੇ ਗੁਰਮੁਖ ਅਪਣਾਉਂਦੇ, ਰਾਜ ਜੋਗੀ ਵਾਲਾ ਜੀਵਨ ਬਤੀਤ ਕਰਦੇ। ਗੁਰਮਤਿ ਦੇ ਇਸ ਪ੍ਰਕਾਰ ਦੇ ਗੁਰਮੁਖ ਜੋਗੀਆਂ ਦੇ ਜੀਵਨ ਦ੍ਰਿੜ੍ਹ ਕਰਾਉਣ ਲਈ ਇਸ ਅਲਾਹੀ ਬਾਣੀ ਨੂੰ ਇਕ ਥਾਂ ਇਕੱਤਰ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਦਿੱਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਉਲੀ, ਭੁਇਅੰਗਮ, ਭਾਠੀ, ਰੇਚਕ, ਕੁੰਭਕ, ਪੂਰਕ, ਹਾਠੀ, ਜੋਗ ਮਤ ਦੀ ਸ਼ਬਦਾਵਲੀ ਵਰਤੀ ਗਈ ਹੈ ਪਰੰਤੂ ਇਸ ਦੁਆਰਾ ਗੁਰਮਤਿ ਸਿਧਾਂਤਾਂ ਦੀ ਮੌਲਿਕਤਾ ਦਰਸਾਈ ਗਈ ਹੈ। ਇਸ ਪ੍ਰਕਾਰ ਸਮਾਜਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦਾ ਮੰਤਵ ਸੀ:

ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ॥ (ਪੰਨਾ 909)

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥ (ਪੰਨਾ 730)

ਪਲਾਇਨਵਾਦੀ ਰੁਚੀ ਨੇ ਸਮਾਜ ’ਤੇ  ਬੜਾ ਭੈੜਾ ਅਸਰ ਪਾਇਆ।  ਭੇਖੀ ਲੋਕ, ਗ੍ਰਹਿਸਤ ਨੂੰ ਛੱਡ ਕੇ ਫਿਰ ਗ੍ਰਹਿਸਤੀਆਂ ਦੇ ਘਰਾਂ ਤੋਂ ਹੀ ਮੰਗ ਕੇ ਖਾਂਦੇ ਸਨ। ਇਹ ਭੇਖੀ ਲੋਕ ਸੱਚੇ ਗੁਰੂ ਦੀ ਅਗਵਾਈ ਤੋਂ ਬਿਨਾਂ ਭਟਕਦੇ ਫਿਰਦੇ ਸਨ:

ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ॥
ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ॥
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ॥ (ਪੰਨਾ 835)

ਗੁਰਬਾਣੀ ਅੰਦਰ ਸਹਿਜ ਜੋਗ ਦਾ ਉਪਦੇਸ਼ ਦ੍ਰਿੜ੍ਹ ਕਰਵਾਇਆ ਗਿਆ ਹੈ ਅਤੇ ਜੋਗ-ਮਤ ਦੇ ਸਿਧਾਂਤਾਂ  ਦਾ ਅਧਿਆਤਮੀਕਰਨ ਕੀਤਾ ਗਿਆ ਹੈ:

ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ॥
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ॥ (ਪੰਨਾ 359)

ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਨਾਸਤਕ ਲੋਕਾਂ ਅੰਦਰ ਆਸਤਿਕਤਾ ਦਾ ਵਿਸ਼ਵਾਸ ਦ੍ਰਿੜ੍ਹ ਕਰਾਇਆ। ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਲੋਕਾਂ ਦੇ ਮਨਾਂ ਅੰਦਰ ਪੈਦਾ ਕਰਨਾ ਸਮੇਂ ਦੀ ਮੰਗ ਸੀ। ਸੰਸਾਰ ਦੀ ਨਾਸ਼ਵਾਨਤਾ ਦੇ ਸਿਧਾਂਤ ਦੇ ਗ਼ਲਤ ਨਜ਼ਰੀਏ ਨੇ ਲੋਕਾਂ ਨੂੰ ਜੀਵਨ-ਆਦਰਸ਼ ਪ੍ਰਤੀ, ਜੀਵਨ ਦੀ ਸਾਰਥਿਕਤਾ ਪ੍ਰਤੀ ਨਿਰਾਸ਼ ਕਰ ਰੱਖਿਆ ਸੀ। ਮਨੁੱਖ ਮਾਇਆ ਦੀ ਅਗਿਆਨਤਾ ਕਾਰਨ ਸੰਸਾਰ ਨੂੰ ਸਦੀਵੀ ਸਮਝ ਬੈਠਦਾ ਹੈ। ਗੁਰਮਤਿ ਅਨੁਸਾਰ ਸੰਸਾਰ ਅੰਤਮ ਭਾਵ ਤੋਂ ਨਾਸ਼ਵਾਨ ਹੈ ਪਰੰਤੂ ਝੂਠਾ ਤੇ ਮਿਥਿਆ ਨਹੀਂ ਕੇਵਲ ਪਰਿਵਰਤਨਸ਼ੀਲ ਹੈ। ਪਰਿਵਰਤਨਸ਼ੀਲ ਵਸਤੂ ਝੂਠੀ ਤੇ ਮਿਥਿਆ ਨਹੀਂ ਹੁੰਦੀ, ਸੱਚੀ ਹੁੰਦੀ ਹੈ ਪਰੰਤੂ ਸਦੀਵੀ ਸਤਿ ਵਾਲੀ ਭੀ ਨਹੀਂ ਹੁੰਦੀ, ਸੱਚੇ ਪ੍ਰਭੂ ਦੀ ਰਚਨਾ ਝੂਠੀ ਕਿਸ ਪ੍ਰਕਾਰ ਹੋ ਸਕਦੀ ਹੈ? ਸੰਸਾਰ ਦੀ ਹੋਂਦ, ਸਾਪੇਖ ਸੱਚ ਮਨੁੱਖ ਨੂੰ ਕਦੀ ਨਿਰਾਸ਼ ਨਹੀਂ ਕਰਦਾ। ਪ੍ਰਭੂ ਨੇ ਇਹ ਧਰਤੀ- ਧਰਮਸਾਲ ਸਾਜ ਕੇ ਧਰਮ ਕਮਾਉਣ ਦੀ ਜਗ੍ਹਾ ਬਣਾਈ ਹੈ। ਪ੍ਰਭੂ ਨੇ ਇਹ ਸੰਸਾਰ ਤਾਂ ਨੇਕ ਪੁਰਸ਼ ਭਾਵ ਆਦਰਸ਼ ਮਨੁੱਖ ਬਣਨ ਲਈ ਸਾਜਿਆ ਹੈ:

ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ॥ (ਪੰਨਾ 224)

ਗੁਰਮੁਖਿ ਧਰਤੀ ਸਾਚੈ ਸਾਜੀ॥ (ਪੰਨਾ 941)

ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਹਰੀ ਕਰਮ, ਭੇਖ, ਭਰਮ ਤੇ ਵਹਿਮਾਂ ਦਾ ਖੰਡਨ ਕੀਤਾ ਹੈ। ਗੁਰੂ ਸਾਹਿਬ ਦੇ ਸਮਕਾਲੀ ਸਮਾਜ ਅੰਦਰ ਕਈ ਪ੍ਰਕਾਰ ਦੇ ਕਰਮਕਾਂਡ, ਭੇਖ ਤੇ ਭਰਮ ਪ੍ਰਚਲਿਤ ਸਨ। ਅੱਜ ਵੀ ਭਾਵੇਂ ਉਸ ਪ੍ਰਕਾਰ ਵਹਿਮ-ਭਰਮ ਤਾਂ ਨਹੀਂ ਰਹੇ ਪਰੰਤੂ ਇਨ੍ਹਾਂ ਦਾ ਰੂਪ ਬਦਲ ਕੇ ਕਿਸੇ ਨਾ ਕਿਸੇ ਰੂਪ ਵਿਚ ਪ੍ਰਚਲਿਤ ਜ਼ਰੂਰ ਹਨ।

ਗੁਰਮਤਿ ਨੇ ਅੰਤਰ ਤੀਰਥ ਦੇ ਇਸ਼ਨਾਨ ਦਾ ਮਹੱਤਵ ਦ੍ਰਿੜ੍ਹ ਕਰਾਇਆ ਹੈ। ਸਾਡੇ ਮਨ ’ਤੇ ਵਿਕਾਰਾਂ ਦੀ ਮੈਲ ਜੰਮੀ ਹੋਈ ਹੈ। ਇਹ ਮੈਲ ਪੂਰੇ ਗੁਰੂ ਦੀ ਪੂਰੀ ਬਾਣੀ (ਉਪਦੇਸ਼) ਦੁਆਰਾ ਹੀ ਉਤਰ ਸਕਦੀ ਹੈ। ਗਿਆਨ ਦੇ ਤੀਰਥ  ਵਿਚ ਇਸ਼ਨਾਨ ਦਾ ਸਿਧਾਂਤ ਦ੍ਰਿੜ੍ਹ ਕਰਾਇਆ ਹੈ। ਗੁਰਬਾਣੀ ਨੇ ਅੰਦਰਲਾ ਤੀਰਥ ਦਰਸਾਇਆ ਹੈ। ਬਾਹਰੀ ਭਾਵ ਸਰੀਰ ਦਾ ਇਸ਼ਨਾਨ ਸਿਹਤ ਲਈ ਜ਼ਰੂਰੀ ਹੈ ਪਰੰਤੂ ਅੰਦਰਲਾ ਇਸ਼ਨਾਨ ਵਿਕਾਰਾਂ ਦੀ ਮੈਲ ਨੂੰ ਧੋਣ ਦਾ ਮੰਤਵ ਇਕ ਨਵਾਂ ਦ੍ਰਿਸ਼ਟੀਕੋਣ ਹੈ। ਇਹੀ ਪੁੰਨ-ਦਾਨ ਹੈ, ਦਇਆਵਾਨ ਹੋਣਾ, ਨੇਕ ਪੁਰਸ਼ਾਂ ਦੀ ਸੰਗਤ ਦੁਆਰਾ ਪ੍ਰਭੂ ਪਤੀ ਨੂੰ ਭਾਅ ਜਾਣਾ ਇਕ ਸਹਿਜ ਇਸ਼ਨਾਨ ਹੈ। ਇਸ ਇਸ਼ਨਾਨ ਦੁਆਰਾ ਜੀਵਨ ਦੀ ਸਫ਼ਲਤਾ ਸੰਭਵ ਹੈ:

ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ ਮਤੇ॥
ਪਿਰ ਸੰਗਿ ਭਾਵੈ ਸਹਜਿ ਨਾਵੈ ਬੇਣੀ ਤ ਸੰਗਮੁ ਸਤ ਸਤੇ॥ (ਪੰਨਾ 688)

ਇਹ ਜੱਗ ਸੱਚੇ ਪ੍ਰਭੂ ਦੀ ਸੱਚੀ ਕ੍ਰਿਤ ਹੈ। ਸੱਚੇ ਪ੍ਰਭੂ ਦਾ ਇਸ ਅੰਦਰ ਵਾਸਾ ਹੈ:

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ (ਪੰਨਾ 463)

ਜਿੱਥੇ-ਕਿੱਥੇ ਸੰਸਾਰ ਦੀ ਨਾਸ਼ਵਾਨਤਾ ਦਾ ਜ਼ਿਕਰ ਆਇਆ ਜੈਸਾ ਕਿ ਇਹ ਸੰਸਾਰ ਧੂੰਏਂ ਦੇ ਪਹਾੜ ਵਾਂਙ ਹੈ, ਰੇਤ ਦੀ ਕੰਧ ਵਾਂਙ ਹੈ, ਜਾਂ ਜਲ ਦੇ ਬੁਲਬੁਲੇ ਵਾਂਙ ਹੈ ਇਸ ਤੋਂ ਭਾਵ ਇਸ ਦੇ ਸੀਮਤਪਨ ਵੱਲ ਇਸ਼ਾਰਾ ਹੈ ਨਾ ਕਿ ਇਸ ਦੇ ਝੂਠੇਪਨ, ਭਰਮ ਜਾਂ ਮਾਇਆ ਜਾਲ ਤੋਂ ਹੈ। ਗੁਰਬਾਣੀ ਅੰਦਰ ਮਾਇਆ ਦੇ ਬਦਲ ਲਈ ਕਈ ਥਾਵਾਂ ’ਤੇ ‘ਕੁਦਰਤਿ’ ਸ਼ਬਦ ਵਰਤਿਆ ਗਿਆ ਹੈ। ਮਾਇਆ ਤੇ ਕੁਦਰਤ ਦੋ ਵੱਖ- ਵੱਖ ਚੀਜ਼ਾਂ ਹਨ। ਮਾਇਆ ਉਦਾਸੀ, ਨਾਂਹ-ਵਾਚਕ ਖ਼ਿਆਲਾਂ ਦਾ ਵਾਤਾਵਰਨ ਪੈਦਾ ਕਰਦੀ ਹੈ ਜਦੋਂ ਕਿ ਕੁਦਰਤ ਹਾਂ-ਵਾਚਕ ਹੈ। ਗੁਰੂ-ਕਥਨ ਹੈ:

ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥ (ਪੰਨਾ 463)

ਕੁਦਰਤਿ ਦੇਖਿ ਰਹੇ ਮਨੁ ਮਾਨਿਆ॥  (ਪੰਨਾ 1043)

ਕੁਦਰਤਿ ਕਰਿ ਕੈ ਵਸਿਆ ਸੋਇ॥ (ਪੰਨਾ 83)

ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥ (ਪੰਨਾ 141)

ਮਨੁੱਖਤਾ ਲਈ ਆਸ਼ਾਵਾਦੀ ਸੁਨੇਹਾ ਕੁਦਰਤ ਅੰਦਰ ਕਾਦਰ ਦੀ ਹੋਂਦ ਦਾ ਅਹਿਸਾਸ ਕਰਾਉਣ ਦੇ ਮੰਤਵ ਲਈ ਗੁਰਬਾਣੀ ਨੇ ਮੀਲ-ਪੱਥਰ ਦਾ ਕੰਮ ਕੀਤਾ। ਕੁਦਰਤ ਅੰਦਰ ਕਾਦਰ ਦਾ ਉਪਦੇਸ਼ ਪ੍ਰਕਿਰਤੀਵਾਦ ਦਾ ਸਿਧਾਂਤ ਨਹੀਂ, ਕੇਵਲ ਇਸ ਗੱਲ ਦਾ ਅਹਿਸਾਸ ਹੈ ਕਿ ਕੁਦਰਤ ਦੇ ਵਾਤਾਵਰਨ ਅੰਦਰ ਮਨ ਟਿਕਦਾ ਹੈ, ਸ਼ਾਂਤ ਸਹਿਜਮਈ ਪ੍ਰਵਿਰਤੀ ਉਗਮਦੀ ਹੈ। ਐਸਾ ਵਿਚਾਰ ਮਾਨਵਤਾ ਲਈ ਗੁਣਕਾਰੀ ਸੀ:

ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ॥
ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ॥ (ਪੰਨਾ 1168)

ਅੰਤ ਵਿਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧਾਰਮਕ ਵਿਚਾਰਧਾਰਾ ਬਾਰੇ ਇਹੀ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਤੇ ਸੰਪਾਦਨਾ ਦਾ ਧਾਰਮਿਕ ਮਹੱਤਵ ਕੇਵਲ ਉਸ ਸਮੇਂ ਤਕ ਹੀ ਸੀਮਤ ਤੇ ਸੰਬੰਧਿਤ ਨਹੀਂ ਸੀ। ਅੱਜ ਵੀ ਇਸ ਦਾ ਉਪਦੇਸ਼ ਮਹੱਤਵਪੂਰਨ ਹੈ ਕਿਉਂਕਿ ਸਦੀਵੀ ਤੱਤ-ਦਰਸ਼ਨ ਮਨੁੱਖਤਾ ਦੀ ਅਗਵਾਈ ਹਮੇਸ਼ਾਂ ਹੀ ਕਰਦਾ ਰਹਿੰਦਾ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ ਕਥਨ ਕਰਦੇ ਹਨ: “ਸ੍ਰੀ ਗੁਰੂ ਗ੍ਰੰਥ ਸਾਹਿਬ ਅਜਿਹਾ ਬਹੁ-ਪ੍ਰਕਾਰੀ ਸੰਕਲਨ ਹੈ ਜਿਸ ਵਿਚ ਮਨੁੱਖੀ ਚੇਤਨਾ ਨਾਲ ਸੰਬੰਧਿਤ ਧਰਮ, ਦਰਸ਼ਨ, ਚਿੰਤਨ, ਅਨੁਭਵ, ਭਾਵਨਾ, ਸੰਵੇਦਨਾ ਤੇ ਮਾਨਵੀ ਸੰਸਕ੍ਰਿਤੀ ਦੇ ਅਨੇਕ ਪਹਿਲੂ ਪ੍ਰਤੀਬਿੰਬਤ ਹੋਏ ਹਨ।” (ਰਾਸ਼ਟਰੀ ਏਕਤਾ ਦੇ ਸੰਦਰਭ ਵਿਚ)

ਗੁਰੂ ਸਾਹਿਬਾਨ ਇਕ ਪਾਸੇ ਆਪਣੇ ਸਮਕਾਲੀ ਸਮਾਜ ਤੇ ਦੇਸ਼ ਦੀਆਂ ਧਾਰਮਿਕ, ਦਾਰਸ਼ਨਿਕ ਸੰਪਰਦਾਵਾਂ ਦੀਆਂ ਵਿਚਾਰਧਾਰਾਵਾਂ ਤੇ ਆਚਾਰ ਪ੍ਰਣਾਲੀਆਂ ਪ੍ਰਤੀ ਸੁਚੇਤ ਸਨ ਤੇ ਦੂਸਰੇ ਪਾਸੇ ਉਨ੍ਹਾਂ ਸਿਧਾਂਤਾਂ ਨੂੰ ਪਾਰਦਰਸ਼ਤਾ ਨਾਲ ਭਵਿੱਖ ਲਈ ਵੀ ਸਥਾਪਤ ਕਰਨਾ ਚਾਹੁੰਦੇ ਸਨ। ਤੱਤ-ਸਤਿ ਦਾ ਉਪਦੇਸ਼ ਕਿਸੇ ਖਾਸ ਵਿਅਕਤੀ, ਸਮੇਂ, ਸਥਾਨ ਨਾਲ ਸੰਬੰਧਿਤ ਹੁੰਦਾ ਹੋਇਆ ਵੀ ਆਉਣ ਵਾਲੀ ਮਨੁੱਖਤਾ ਲਈ ਵੀ ਉਤਨਾ ਹੀ ਮਹੱਤਵਪੂਰਨ ਤੇ ਗੁਣਕਾਰੀ ਹੁੰਦਾ ਹੈ। ਇਹ ਸਰਬ-ਸਾਂਝਾ ਤੇ ਕਲਿਆਣਕਾਰੀ ਹੁੰਦਾ ਹੈ:

ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ (ਪੰਨਾ 647)

ਗੁਰਬਾਣੀ ਦਾ ਉਪਦੇਸ਼ ਸਮੂਹ ਧਰਮ-ਦਰਸ਼ਨ ਪ੍ਰਣਾਲੀਆਂ ਨੂੰ ਸਮੇਟਦਾ ਹੋਇਆ ਇਕ ਨਿਰੋਆ, ਨਿਵੇਕਲਾ, ਵਿਲੱਖਣ ਰੂਪ ਪ੍ਰਗਟ ਹੋਇਆ ਹੈ। ਇਹ ਸੰਸਾਰ ਦੇ ਸਾਰੇ ਰੋਗਾਂ ਦੀ ਦਾਰੂ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)