editor@sikharchives.org
Sukhmani Sahib-Darshnik Drishtikon

ਸੁਖਮਨੀ ਸਾਹਿਬ – ਦਾਰਸ਼ਨਿਕ ਦ੍ਰਿਸ਼ਟੀਕੋਣ

ਅੰਮ੍ਰਿਤ-ਰੂਪੀ ਪ੍ਰਭੂ ਦੇ ਨਾਮ ਦਾ ਸੁਖ ਦੇਣ ਵਾਲੀ ਮਣੀ ਹੀ ਸੁਖਮਨੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਸੰਪਾਦਕ, ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਗ ਗਉੜੀ ਵਿਚ ਪੰਨਾ 262 ਤੋਂ 296 ਤਕ ਪਵਿੱਤਰ ਬਾਣੀ ‘ਸੁਖਮਨੀ ਸਾਹਿਬ’ ਅੰਕਿਤ ਕੀਤੀ ਹੈ। ਇਸ ਬਾਣੀ ਦੀਆਂ ਚੌਵੀ ਅਸਟਪਦੀਆਂ ਹਨ ਅਤੇ ਹਰ ਇਕ ਅਸਟਪਦੀ ਦੇ ਅਰੰਭ ਵਿਚ ਇਕ ਸਲੋਕ ਦਰਜ ਹੈ। ਇਸ ਤਰ੍ਹਾਂ ਇਸ ਬਾਣੀ ਵਿਚ ਚੌਵੀ ਸਲੋਕ ਵੀ ਸੁਸ਼ੋਭਿਤ ਹਨ। ਅੰਕਿਤ ਕੀਤੇ ਗਏ ਹਰ ਇਕ ਸਲੋਕ ਦੀ ਵਿਆਖਿਆ ਹੀ ਸੰਬੰਧਿਤ ਅਸਟਪਦੀ ਵਿਚ ਕੀਤੀ ਹੋਈ ਹੈ।

ਇਸ ਬਾਣੀ ਵਿਚ ਇਕ ਹੀ ਰਹਾਉ ਹੈ ਜੋ ਪਹਿਲੀ ਅਸਟਪਦੀ ਵਿਚ ਹੀ ਦਰਜ ਕੀਤਾ ਹੋਇਆ ਹੈ। ਰਹਾਉ ਦੀਆਂ ਤੁਕਾਂ ਵਿਚ ਕੇਂਦਰੀ-ਭਾਵ ਦਰਸਾਇਆ ਹੁੰਦਾ ਹੈ। ਪੰਨਾ 262 ’ਤੇ ਰਹਾਉ ਦੀਆਂ ਪਾਵਨ ਤੁਕਾਂ ਇਸ ਪ੍ਰਕਾਰ ਹਨ:

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥
ਭਗਤ ਜਨਾ ਕੈ ਮਨਿ ਬਿਸ੍ਰਾਮ॥

ਇਨ੍ਹਾਂ ਪਵਿੱਤਰ ਤੁਕਾਂ ਵਿਚ ‘ਸੁਖਮਨੀ’ ਦੀ ਪਰਿਭਾਸ਼ਾ ਦਿੱਤੀ ਗਈ ਹੈ। ਅੰਮ੍ਰਿਤ-ਰੂਪੀ ਪ੍ਰਭੂ ਦੇ ਨਾਮ ਦਾ ਸੁਖ ਦੇਣ ਵਾਲੀ ਮਣੀ ਹੀ ਸੁਖਮਨੀ ਹੈ। ਬਹੁਤ ਕੀਮਤੀ ਹੀਰੇ-ਜਵਾਹਰਾਤਾਂ ਵਿੱਚੋਂ ਸਭ ਤੋਂ ਵੱਧ ਕੀਮਤੀ ਜਾਂ ਜਿਸ ਦੀ ਕੀਮਤ ਪਾਈ ਨਾ ਜਾ ਸਕੇ ਉਹ ਮਣੀ ਹੁੰਦੀ ਹੈ। ਇਹ ਮਣੀ ਹੈ ਕਿੱਥੇ? ਇਸ ਦਾ ਗ੍ਰਹਿ-ਸਥਾਨ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਨਾਲ ਹੀ ਦੱਸ ਦਿੱਤਾ ਹੈ। ਕੋਈ ਗੱਲ ਗੁਪਤ ਨਹੀਂ ਰੱਖੀ ਗਈ। ਪਰਮਾਤਮਾ ਦੇ ਪਿਆਰੇ ਭਗਤ-ਜਨਾਂ ਦੇ ਮਨਾਂ ਵਿਚ ਇਸ ਮਣੀ ਦਾ ਵਾਸਾ ਹੁੰਦਾ ਹੈ।

ਸੁਖਮਨੀ ਸਾਹਿਬ ਦੀ ਪਰਿਭਾਸ਼ਾ ਤੋਂ ਸਪੱਸ਼ਟ ਹੈ ਕਿ ਇਸ ਬਾਣੀ ਦਾ ਸਮੁੱਚਾ ਦਾਰਸ਼ਨਿਕ ਦ੍ਰਿਸ਼ਟੀਕੋਣ ਕੇਂਦਰੀ ਧੁਰੇ ਪਰਮਾਤਮਾ ਦੇ ਦੁਆਲੇ ਹੀ ਘੁੰਮਦਾ ਹੈ। ਇਸ ਬਾਣੀ ਦੇ ਅਰੰਭ ਵਿਚ ਮੂਲ-ਮੰਤਰ ਦਾ ਸੰਖੇਪ ਰੂਪ ‘ੴ ਸਤਿਗੁਰ ਪ੍ਰਸਾਦਿ’ ਦਰਜ ਹੈ। ਪਹਿਲੀ ਅਸਟਪਦੀ ਨੂੰ ਅਰੰਭ ਕਰਨ ਤੋਂ ਪਹਿਲਾਂ ਇਹ ਸਲੋਕ ਦਰਜ ਹੈ:

ਆਦਿ ਗੁਰਏ ਨਮਹ॥
ਜੁਗਾਦਿ ਗੁਰਏ ਨਮਹ॥
ਸਤਿਗੁਰਏ ਨਮਹ॥
ਸ੍ਰੀ ਗੁਰਦੇਵਏ ਨਮਹ॥ (ਪੰਨਾ 262)

ਪਹਿਲਾਂ ਇਕ ਓਅੰਕਾਰ ਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਨਾਲ ਹੁੰਦੀ ਦੱਸ ਕੇ ਉਸ ਇੱਕੋ-ਇੱਕ ਪਰਮ-ਹਸਤੀ ਵਾਹਿਗੁਰੂ ਨੂੰ, ਜੋ ਆਦਿ ਜੁਗਾਦਿ ਤੋਂ ਹੈ ਨਮਸਕਾਰ ਕੀਤੀ ਗਈ ਹੈ।‘ਜਪੁ ਜੀ’ ਦੇ ਅਰੰਭ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ-ਮੰਤਰ ਦਰਜ ਕਰਨ ਤੋਂ ਬਾਅਦ ਇਹ ਸਲੋਕ ਦਰਜ ਕੀਤਾ ਹੈ।

ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ 1)

ਇਹੀ ਸਲੋਕ ਪੰਚਮ ਪਾਤਸ਼ਾਹ ਨੇ ਵੀ ਸੁਖਮਨੀ ਸਾਹਿਬ ਦੀ ਸਤਾਰ੍ਹਵੀਂ ਅਸਟਪਦੀ ਤੋਂ ਪਹਿਲਾਂ ਦਰਜ ਕੀਤਾ ਹੋਇਆ ਹੈ। ਉਥੇ ਇਹ ਸਲੋਕ ਪੰਨਾ 285 ’ਤੇ ਦਰਜ ਹੈ।

ਮੂਲ-ਮੰਤਰ ਦਾ ਐਲਾਨ ਹੈ ਕਿ ਪਰਮਾਤਮਾ ਕੇਵਲ ਇੱਕ ਅਤੇ ਕੇਵਲ ਇੱਕ ਹੈ। ਉਹ ਓਅੰਕਾਰ ਵੀ ਹੈ, ਇਸ ਲਈ ਸਾਰਾ ਬ੍ਰਹਿਮੰਡ ਉਸ ਦਾ ਹੀ ਪਸਾਰਾ ਹੈ। ਇਸ ਤਰ੍ਹਾਂ ਉਹ ਸਰਬ-ਵਿਆਪਕ ਵੀ ਹੈ। ਉਹੀ ਇਸ ਬ੍ਰਹਿਮੰਡ ਦਾ ਕਰਤਾ ਅਤੇ ਹਰਤਾ ਹੈ। ਉਹੀ ਇਸ ਨੂੰ ਪਾਲਣ ਵਾਲਾ ਹੈ। ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ:

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ॥ (ਪੰਨਾ 276)

ਗਿਆਰ੍ਹਵੀਂ ਅਸਟਪਦੀ ਤੋਂ ਪਹਿਲਾਂ ਦਰਜ ਉਪਰੋਕਤ ਸਲੋਕ ਵਿਚ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ ਕਿ ਦੂਸਰਾ ਕੋਈ ਨਹੀਂ ਹੈ, ਕਰਤਾ ਅਤੇ ਉਸ ਦੀ ਰਚਨਾ ਉਹ ਆਪ ਇੱਕੋ ਹੀ ਹੈ। ਪਾਣੀ ਵਿਚ, ਪ੍ਰਿਥਵੀ ਵਿਚ ਅਤੇ ਪ੍ਰਿਥਵੀ-ਆਕਾਸ਼ ਦੇ ਵਿਚਕਾਰ ਉਹੀ ਵਿਆਪਕ ਹੈ। ਪਰਮਾਤਮਾ ਦੀ ਸਰਬ-ਵਿਆਪਕਤਾ ਨੂੰ ਬਿਆਨ ਕਰਦੇ ਹੋਏ ਗੁਰੂ ਸਾਹਿਬ ਜੀ ਨੇ ਫ਼ੁਰਮਾਇਆ ਹੈ:

ਸਰਬ ਭੂਤ ਆਪਿ ਵਰਤਾਰਾ॥
ਸਰਬ ਨੈਨ ਆਪਿ ਪੇਖਨਹਾਰਾ॥
ਸਗਲ ਸਮਗ੍ਰੀ ਜਾ ਕਾ ਤਨਾ॥
ਆਪਨ ਜਸੁ ਆਪ ਹੀ ਸੁਨਾ॥ (ਪੰਨਾ 294)

ਸਰਬ ਜੋਤਿ ਮਹਿ ਜਾ ਕੀ ਜੋਤਿ॥
ਧਾਰਿ ਰਹਿਓ ਸੁਆਮੀ ਓਤਿ ਪੋਤਿ॥ (ਪੰਨਾ 294)

ਸਾਰੇ ਸਰੀਰਾਂ ਵਿਚ ਉਹ ਆਪ ਹੀ ਵਿਆਪਕ ਹੈ। ਸਾਰੇ ਨੈਣਾਂ ਰਾਹੀਂ ਉਹ ਆਪ ਹੀ ਵੇਖਦਾ ਹੈ। ਬ੍ਰਹਿਮੰਡ ਦੀ ਸਾਰੀ ਸਮੱਗਰੀ ਉਸ ਦਾ ਹੀ ਸਰੀਰ ਹੈ। ਆਪਣੀ ਉਸਤਤਿ ਉਹ ਆਪ ਹੀ ਕਰਦਾ ਅਤੇ ਸੁਣਦਾ ਹੈ। ਸਾਰੇ ਜੀਵਾਂ ਵਿਚ ਉਸ ਦੀ ਹੀ ਜੋਤ ਵਿਆਪਕ ਹੈ। ਅਜਿਹੀ ਹਸਤੀ ਦਾ ਫਿਰ ਰੂਪ ਕੀ ਹੈ? ਕੀ ਇਹ ਦਿੱਸਦਾ ਬ੍ਰਹਿਮੰਡ ਹੀ ਉਹ ਆਪ ਹੈ। ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਪੰਚਮ ਪਾਤਸ਼ਾਹ ਸੁਖਮਨੀ ਸਾਹਿਬ ਵਿਚ ਇਸ ਤਰ੍ਹਾਂ ਦਿੰਦੇ ਹਨ:

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥ (ਪੰਨਾ 283)

ਸੋਲ੍ਹਵੀਂ ਅਸਟਪਦੀ ਦੇ ਇਸ ਅਰੰਭਕ ਸਲੋਕ ਰਾਹੀਂ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਪਰਮਾਤਮਾ ਰੂਪ, ਰੇਖ, ਰੰਗ ਅਤੇ ਤ੍ਰੈਗੁਣ ਤੋਂ ਰਹਿਤ ਅਤੇ ਵੱਖਰਾ ਹੈ। ਬ੍ਰਹਿਮੰਡ ਰੂਪ, ਰੇਖ, ਰੰਗ ਅਤੇ ਤ੍ਰੈਗੁਣ ਦੇ ਬੰਧਨ ਵਿਚ ਹੈ। ਪਰਮਾਤਮਾ ਕਿਸੇ ਬੰਧਨ ਵਿਚ ਨਹੀਂ ਹੈ। ਭਾਵੇਂ ਬ੍ਰਹਿਮੰਡ ਉਸ ਦਾ ਹੀ ਆਪਣਾ ਪਸਾਰਾ ਹੈ ਪਰ ਇਹ ਸਦੀਵੀ ਨਹੀਂ ਹੈ। ਇਹ ਇੱਕੋ ਜਿਹਾ ਨਹੀਂ ਰਹਿੰਦਾ। ਇਸ ਲਈ ਉਸ ਨੂੰ ਪਰਮਾਤਮਾ ਦਾ ਰੂਪ ਨਹੀਂ ਕਿਹਾ ਜਾ ਸਕਦਾ। ਕਿਉਂਕਿ ਪਰਮਾਤਮਾ ਦਾ ਮੂਲ ਗੁਣ ਸਦੀਵਤਾ ਹੈ ਅਤੇ ਹੋਰ ਕੋਈ ਦੂਜੀ ਚੀਜ਼ ਸਦੀਵੀ ਨਹੀਂ ਹੈ ਇਸ ਲਈ ਬ੍ਰਹਿਮੰਡ ਨੂੰ ਜਾਂ ਕੁਦਰਤ ਨੂੰ ਜਾਂ ਪ੍ਰਕਿਰਤੀ ਨੂੰ ਹੀ ਪਰਮਾਤਮਾ ਨਹੀਂ ਆਖਿਆ ਜਾ ਸਕਦਾ। ਬ੍ਰਹਿਮੰਡ ਤਾਂ ਉਸ ਦੇ ਹੁਕਮ ਅੰਦਰ ਉਪਜਦਾ ਅਤੇ ਖ਼ਤਮ ਹੁੰਦਾ ਹੈ। ਖ਼ਤਮ ਹੋ ਕੇ ਉਸ ਪਰਮਾਤਮਾ ਵਿਚ ਹੀ ਸਮਾ ਜਾਂਦਾ ਹੈ। ਪਵਿੱਤਰ ਫ਼ਰਮਾਨ ਹੈ:

ਹੁਕਮੇ ਧਾਰਿ ਅਧਰ ਰਹਾਵੈ॥
ਹੁਕਮੇ ਉਪਜੈ ਹੁਕਮਿ ਸਮਾਵੈ॥ (ਪੰਨਾ 277)

ਪਰਮਾਤਮਾ ਨੂੰ ਸਰਗੁਣ ਅਤੇ ਨਿਰਗੁਣ ਦੋਹਾਂ ਰੂਪਾਂ ਵਿਚ ਪ੍ਰਗਟਾਇਆ ਗਿਆ ਹੈ। ‘ਜਾਪੁ ਸਾਹਿਬ’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਨੂੰ ‘ਸਰਬ ਰੂਪੇ’ ਅਤੇ ‘ਅਰੂਪੇ’ ਆਖਿਆ ਹੈ। ਇਸ ਦਾ ਵੀ ਇਹੀ ਅਰਥ ਹੈ ਕਿ ਦਿੱਸਦੇ ਸਾਰੇ ਰੂਪ ਉਸ ਦੇ ਹੀ ਹਨ ਅਤੇ ਦਿੱਸਦੇ ਸਾਰੇ ਰੂਪ ਉਸ ਦੇ ਹੋਣ ਦੇ ਬਾਵਜੂਦ ਉਹ ਸਾਰੇ ਰੂਪਾਂ ਤੋਂ ਰਹਿਤ ਭਾਵ ਅਰੂਪੇ ਹੈ। ਇਹ ਇਕ ਡੂੰਘਾ ਦਾਰਸ਼ਨਿਕ ਤੱਤ ਹੈ ਕਿ ਜਿਸ ਨੂੰ ਸਾਰੇ ਰੂਪਾਂ ਵਾਲਾ ਕਿਹਾ ਜਾਵੇ ਉਸ ਨੂੰ ਫਿਰ ਕਿਸੇ ਇਕ ਰੂਪ ਵਾਲਾ ਨਹੀਂ ਕਿਹਾ ਜਾ ਸਕਦਾ। ਇੱਕੀਵੀਂ ਅਸਟਪਦੀ ਦੇ ਅਰੰਭਿਕ ਸਲੋਕ ਵਿਚ ਗੁਰੂ ਸਾਹਿਬ ਜੀ ਨੇ ਫ਼ੁਰਮਾਇਆ ਹੈ:

ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ॥ (ਪੰਨਾ 290)

ਸਰਗੁਣ ਅਤੇ ਨਿਰਗੁਣ ਦੋਵੇਂ ਰੂਪਾਂ ਵਿਚ ਇੱਕੋ ਹਸਤੀ ਦਾ ਹੋਣਾ ਆਪਣੇ ਆਪ ਵਿਚ ਇਕ ਅਚੰਭਾ ਹੈ। ‘ਸਰਬ-ਰੂਪੇ’ ਅਤੇ ‘ਅਰੂਪੇ’ ਦੋਹਾਂ ਸਚਾਈਆਂ ਦਾ ਮਿਲਾਣ ਕਰਨਾ ਮਨੁੱਖੀ ਬੁੱਧੀ ਲਈ ਬਹੁਤ ਹੀ ਕਠਿਨ ਕਾਰਜ ਹੈ। ਤਾਹੀਉਂ ਤਾਂ ਗੁਰੂ ਸਾਹਿਬ ਜੀ ਨੇ ਇਸ ਭੇਤ ਜਾਂ ਰਹੱਸ ਨੂੰ ਬੁੱਝਣ ਵਾਲੀ ਅਵਸਥਾ ਬਾਰੇ ਫ਼ੁਰਮਾਇਆ ਹੈ:

ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥ (ਪੰਨਾ 283)

ਜਿਸ ਮਨੁੱਖ ’ਤੇ ਉਹ ਪ੍ਰਸੰਨ ਹੋ ਜਾਵੇ, ਜਿਸ ’ਤੇ ਉਸ ਦੀ ਨਦਰ ਹੋ ਜਾਵੇ ਅਤੇ ਜਿਸ ’ਤੇ ਸੱਚੇ ਗੁਰੂ ਦੀ ਕਿਰਪਾ ਹੋ ਜਾਵੇ ਉਹ ਹੀ ਉਪਰੋਕਤ ਘੁੰਡੀ ਨੂੰ ਸਮਝ ਸਕਦਾ ਹੈ। ਇਹ ਉਸ ਦੀ ਕਲਾ ਹੈ ਅਤੇ ਇਸ ਕਲਾ ਨੇ ਹੀ ਸਾਰੇ ਜੱਗ ਨੂੰ ਆਪਣੇ ਵੱਲ ਕੀਲਿਆ ਹੋਇਆ ਹੈ। ਗੁਰੂ ਸਾਹਿਬ ਜੀ ਇਸ ਕਲਾ ਦਾ ਬਿਆਨ ਇਉਂ ਕਰਦੇ ਹਨ:

ਨਿਰਗੁਨੁ ਆਪਿ ਸਰਗੁਨੁ ਭੀ ਓਹੀ॥
ਕਲਾ ਧਾਰਿ ਜਿਨਿ ਸਗਲੀ ਮੋਹੀ॥ (ਪੰਨਾ 287)

‘ਸੁੰਨ ਸਮਾਧੀ’ ਦੀ ਅਵਸਥਾ ਵਿਚ ਇਹ ਬ੍ਰਹਿਮੰਡ ਨਹੀਂ ਸੀ। ਪਰ ਸੁੰਨ ਸਮਾਧੀ ਦੀ ਅਵਸਥਾ ਵਿਚ ਉਹ ਪਰਮਾਤਮਾ ਆਪ ਮੌਜੂਦ ਸੀ। ਇਸ ਅਵਸਥਾ ਨੂੰ ਵਿਸਥਾਰ ਵਿਚ ਬਿਆਨ ਕਰਦੇ ਹੋਏ ਪੰਚਮ ਪਾਤਸ਼ਾਹ ਨੇ ਇੱਕੀਵੀਂ ਅਸਟਪਦੀ ਵਿਚ ਦੱਸਿਆ ਹੈ ਕਿ ਜਦੋਂ ਇਹ ਦਿੱਸਦੀ ਸ੍ਰਿਸ਼ਟੀ ਨਹੀਂ ਸੀ ਤਾਂ ਫਿਰ ਪਾਪ-ਪੁੰਨ ਉਦੋਂ ਕਿਵੇਂ ਹੋ ਸਕਦਾ ਸੀ? ਇਸੇ ਤਰ੍ਹਾਂ ਜਦੋਂ ਸ੍ਰਿਸ਼ਟੀ ਹੈ ਹੀ ਨਹੀਂ ਸੀ ਅਤੇ ਉਹ ਕੇਵਲ ਪਰਮਾਤਮਾ ਹੀ ਸੀ ਤਾਂ ਫਿਰ ਕੋਈ ਕਿਸੇ ਨਾਲ ਵੈਰ-ਵਿਰੋਧ ਕਿਵੇਂ ਕਮਾਉਂਦਾ? ਇਸ ਅਵਸਥਾ ਵਿਚ ਖੁਸ਼ੀ-ਗਮੀ ਅਤੇ ਮੋਹ-ਭਰਮ ਵੀ ਨਹੀਂ ਹੋ ਸਕਦੇ ਸਨ। ਕਿਉਂਕਿ ਸ੍ਰਿਸ਼ਟੀ ਨਹੀਂ ਸੀ ਇਸ ਲਈ ਬੰਧਨ ਅਤੇ ਮੁਕਤੀ ਦਾ, ਨਰਕ ਅਤੇ ਸਵਰਗ ਦਾ, ਨਿਡਰਤਾ ਅਤੇ ਡਰ ਦਾ, ਜਨਮ ਅਤੇ ਮਰਨ ਦਾ, ਜਮ ਅਤੇ ਲੇਖੇ ਦਾ, ਮੈਲ ਅਤੇ ਸਫ਼ਾਈ ਦਾ, ਨਿਮਰਤਾ ਅਤੇ ਅਭਿਮਾਨ ਦਾ, ਭੁੱਖ ਅਤੇ ਤ੍ਰਿਪਤੀ ਦਾ, ਸਾਕਾਂ-ਸੰਬੰਧੀਆਂ ਦੇ ਹੋਣ ਦਾ, ਵੇਦ ਅਤੇ ਕਤੇਬ ਦਾ, ਸ਼ਗਨ ਅਤੇ ਅਪਸ਼ਗਨ ਦਾ, ਮਾਲਕ ਅਤੇ ਨੌਕਰ ਦਾ, ਚਿੰਤਾ ਅਤੇ ਬੇਫ਼ਿਕਰੀ ਦਾ, ਕਹਿਣ ਅਤੇ ਸੁਣਨ ਦਾ, ਦੁੱਖ ਅਤੇ ਸੁਖ ਦਾ, ਮਾਨ ਅਤੇ ਅਪਮਾਨ ਦਾ, ਮਾਇਆ ਅਤੇ ਇਸ ਤੋਂ ਨਿਰਲੇਪਤਾ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਸੀ। ਸ੍ਰਿਸ਼ਟੀ ਵਿਚ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਉਪਰੋਕਤ ਅਵਸਥਾ ਮਨ ਵਿਚ ਪੈਦਾ ਕਰ ਸਕਦਾ ਹੈ।

ਸ੍ਰਿਸ਼ਟੀ-ਰਚਨਾ ਪਰਮਾਤਮਾ ਦੀ ਖੇਡ ਹੈ। ਉਹ ਆਪਣੀ ਇੱਛਾ ਅਨੁਸਾਰ ਇਸ ਨੂੰ ਬਣਾਉਂਦਾ ਅਤੇ ਢਾਹੁੰਦਾ ਹੈ। ਕਦੋਂ, ਕਿਵੇਂ ਅਤੇ ਕਿਉਂ ਦੇ ਪ੍ਰਸ਼ਨਾਂ ਦਾ ਉੱਤਰ ਉਹ ਆਪ ਹੀ ਜਾਣਦਾ ਹੈ। ਜਪੁ ਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਬੰਧੀ ਫ਼ੁਰਮਾਇਆ ਹੈ:

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਪੰਨਾ 4)

ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰਿਸ਼ਟੀ-ਰਚਨਾ ਨੂੰ ਪਰਮਾਤਮਾ ਦੀ ਲੀਲ੍ਹਾ ਦੱਸਦੇ ਹੋਏ ਫ਼ੁਰਮਾਉਂਦੇ ਹਨ ਕਿ ਸਾਰੇ ਦੇਵੀ-ਦੇਵਤੇ ਇਸ ਰਹੱਸ ਨੂੰ ਜਾਣਨ ਦੇ ਕੰਮ ਵਿਚ ਹਾਰ ਚੁੱਕੇ ਹਨ। ਆਪ ਜੀ ਦਲੀਲ ਦਿੰਦੇ ਹਨ ਕਿ ਕੋਈ ਪੁੱਤਰ ਆਪਣੇ ਪਿਤਾ ਦੇ ਜਨਮ ਬਾਰੇ ਨਹੀਂ ਜਾਣ ਸਕਦਾ। ਪਿਤਾ ਪੁੱਤਰ ਦਾ ਜਨਮ ਜਾਣਦਾ ਹੈ। ਪਰਮਾਤਮਾ ਸਾਡਾ ਪਿਤਾ ਹੈ ਅਤੇ ਅਸੀਂ ਸਾਰੇ ਜੀਵ ਉਸ ਦੇ ਪੁੱਤਰ ਹਾਂ ਫਿਰ ਅਸੀਂ ਉਸ ਪਰਮਾਤਮਾ ਦੇ ਦੁਆਰਾ ਰਚੀ ਸ੍ਰਿਸ਼ਟੀ ਦੇ ਜਨਮ ਨੂੰ ਵੀ ਕਿਵੇਂ ਜਾਣ ਸਕਦੇ ਹਾਂ? ਪਵਿੱਤਰ ਫ਼ਰਮਾਨ ਹੈ:

ਜਾ ਕੀ ਲੀਲਾ ਕੀ ਮਿਤਿ ਨਾਹਿ॥
ਸਗਲ ਦੇਵ ਹਾਰੇ ਅਵਗਾਹਿ॥
ਪਿਤਾ ਕਾ ਜਨਮੁ ਕਿ ਜਾਨੈ ਪੂਤੁ॥
ਸਗਲ ਪਰੋਈ ਅਪੁਨੈ ਸੂਤਿ॥ (ਪੰਨਾ 284)

ਸ੍ਰਿਸ਼ਟੀ-ਰਚਨਾ ਦੀ ਕਿਰਿਆ ਨੂੰ ਵਿਸਥਾਰ ਵਿਚ ਦੱਸਦੇ ਹੋਏ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਸਾਰੇ ਜੀਵ-ਜੰਤੂ, ਸਾਰੇ ਖੰਡ-ਬ੍ਰਹਿਮੰਡ, ਸਾਰੀਆਂ ਸਿਮਰਤੀਆਂ ਅਤੇ ਵੇਦ-ਪੁਰਾਣ, ਸਾਰੇ ਗਿਆਨ-ਧਿਆਨ, ਸਾਰੇ ਆਕਾਸ਼-ਪਾਤਾਲ, ਸਾਰੇ ਆਕਾਰ, ਸਾਰੀਆਂ ਪੁਰੀਆਂ ਅਤੇ ਭਵਨ, ਗੱਲ ਕੀ ਸ੍ਰਿਸ਼ਟੀ ਦਾ ਸਾਰਾ ਕੁਝ ‘ਨਾਮ ਕੇ ਧਾਰੇ’ ਹੈ। ਪਰਮਾਤਮਾ ਤੋਂ ਹੀ ਇਹ ਸਾਰਾ ਕੁਝ ਹੋਂਦ ਵਿਚ ਆਇਆ ਹੈ। ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਦਾ ਮੂਲ ਤੱਤ ਉਹ ਆਪ ਪਰਮਾਤਮਾ ਹੀ ਹੈ। ਪੰਜ ਤੱਤ ਉਸ ਇੱਕੋ ਤੱਤ ਦੀ ਉਪਜ ਹਨ।

ਸ੍ਰਿਸ਼ਟੀ ਨੂੰ ਰਚਣ ਸਮੇਂ ਪਰਮਾਤਮਾ ਨੇ ਕੀ ਢੰਗ ਅਪਣਾਇਆ ਹੈ, ਇਸ ਪ੍ਰਸ਼ਨ ਬਾਰੇ ਵੀ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਇਸ ਸਾਰੀ ਰਚਨਾ ਲਈ ਉਸ ਵਾਹਿਗੁਰੂ ਦਾ ਤਾਂ ਇਕ ਇਸ਼ਾਰਾ ਹੀ ਕਾਫ਼ੀ ਹੈ। ਇਸ ਇਸ਼ਾਰੇ ਪਿੱਛੇ ਕਿਹੜੀ ਕਲਾ ਹੈ ਅਤੇ ਕਿਹੜਾ ਮੰਤਰ ਹੈ, ਇਸ ਬਾਰੇ ਉਹ ਆਪ ਹੀ ਜਾਣਦਾ ਹੈ। ਹੋਰ ਕੋਈ ਇਸ ਢੰਗ ਨੂੰ ਨਹੀਂ ਜਾਣ ਸਕਦਾ। ਆਪ ਜੀ ਫ਼ੁਰਮਾਉਂਦੇ ਹਨ:

ਹਰਨ ਭਰਨ ਜਾ ਕਾ ਨੇਤ੍ਰ ਫੋਰੁ॥
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ॥ (ਪੰਨਾ 284)

ਸ੍ਰਿਸ਼ਟੀ ਦੀ ਰਚਨਾ ਪਰਮਾਤਮਾ ਦਾ ਹੁਕਮ, ਉਸ ਦੀ ਰਜ਼ਾ, ਉਸ ਦਾ ਭਾਣਾ, ਉਸ ਦੀ ਮਰਜ਼ੀ ਅਤੇ ਉਸ ਦੀ ਖੇਡ ਹੈ। ਜਦੋਂ ਮਰਜ਼ੀ ਉਹ ਇਸ ਦਾ ਵਿਸਥਾਰ ਕਰ ਦੇਵੇ ਅਤੇ ਜਦੋਂ ਮਰਜ਼ੀ ਇਸ ਨੂੰ ਸੰਕੋਚ ਕੇ ਆਪਣੇ ਵਿਚ ਸਮਾ ਲਵੇ। ਇਸ ਵਿਸਥਾਰ ਅਤੇ ਸੰਕੋਚਣ ਬਾਰੇ ਪਵਿੱਤਰ ਫ਼ਰਮਾਨ ਹਨ:

ਆਪਨ ਖੇਲੁ ਆਪਿ ਕਰਿ ਦੇਖੈ॥
ਖੇਲੁ ਸੰਕੋਚੈ ਤਉ ਨਾਨਕ ਏਕੈ॥ (ਪੰਨਾ 292)

ਆਪਿ ਸਤਿ ਕੀਆ ਸਭੁ ਸਤਿ॥
ਤਿਸੁ ਪ੍ਰਭ ਤੇ ਸਗਲੀ ਉਤਪਤਿ॥
ਤਿਸੁ ਭਾਵੈ ਤਾ ਕਰੇ ਬਿਸਥਾਰੁ॥
ਤਿਸੁ ਭਾਵੈ ਤਾ ਏਕੰਕਾਰੁ॥  (ਪੰਨਾ 294)

ਜਿਵੇਂ ਜਪੁ ਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਅਸੰਖ’ ਦੀਆਂ ਪਉੜੀਆਂ ਰਾਹੀਂ ਸ੍ਰਿਸ਼ਟੀ ਦੀ ਬੇਅੰਤਤਾ ਅਤੇ ਵਿਭਿੰਨਤਾ ਦਾ ਵਰਣਨ ਕੀਤਾ ਹੈ ਉਵੇਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਦਸਵੀਂ ਅਸਟਪਦੀ ਵਿਚ ‘ਕਈ ਕੋਟਿ’ ਸ਼ਬਦਾਂ ਰਾਹੀਂ ਸ੍ਰਿਸ਼ਟੀ ਦੀ ਵੰਨ-ਸੁਵੰਨਤਾ ਦਾ ਵਿਸਥਾਰ ਵਿਚ ਜ਼ਿਕਰ ਕੀਤਾ ਹੈ। ਕਰੋੜਾਂ ਖਾਣੀਆਂ, ਖੰਡਾਂ, ਬ੍ਰਹਿਮੰਡਾਂ, ਅਕਾਸ਼ਾਂ, ਅਵਤਾਰਾਂ, ਪੰਖੀਆਂ, ਜੀਵਾਂ, ਪੱਥਰਾਂ, ਬਿਰਖਾਂ, ਹਵਾਵਾਂ, ਪਾਣੀਆਂ, ਬੈਸੰਤਰਾਂ, ਦੇਸਾਂ, ਭੂ-ਮੰਡਲਾਂ, ਸੂਰਜਾਂ, ਗ੍ਰਹਿਆਂ, ਸਿੱਧਾਂ, ਜਤੀਆਂ, ਜੋਗੀਆਂ, ਰਾਜਿਆਂ, ਭੋਗੀਆਂ, ਦੇਵਤਿਆਂ, ਦਾਨਵਾਂ, ਤਪੀਸਰਾਂ, ਤੀਰਥ-ਵਾਸੀਆਂ ਆਦਿ ਦਾ ਵਰਣਨ ਕਰ ਕੇ ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਪਰਮਾਤਮਾ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ:

ਤਾ ਕਾ ਅੰਤੁ ਨ ਜਾਨੈ ਕੋਇ॥
ਆਪੇ ਆਪਿ ਨਾਨਕ ਪ੍ਰਭੁ ਸੋਇ॥ (ਪੰਨਾ 276)

ਜਿਸ ਕਰਤੇ ਦੀ ਰਚਨਾ ਹੀ ਏਨੀ ਬੇਅੰਤ ਅਤੇ ਵਚਿੱਤਰਤਾ ਵਾਲੀ ਹੈ ਉਹ ਆਪ ਤਾਂ ਅਸੀਮਤ ਹੋਵੇਗਾ ਹੀ। ਜਿਸ ਦੀ ਰਚਨਾ ਨੂੰ ਹੀ ਮਨੁੱਖ ਨਹੀਂ ਸਮਝ ਸਕਦਾ ਉਸ ਰਚਨਾ ਦੇ ਕਰਤੇ ਨੂੰ ਉਹ ਕਿਵੇਂ ਸਮਝ ਸਕਦਾ ਹੈ? ਪਰ ਗੁਰੂ ਸਾਹਿਬ ਜੀ ਇਸ ਪੱਖੋਂ ਮਨੁੱਖ ਨੂੰ ਨਿਰਾਸ਼ ਨਹੀਂ ਹੋਣ ਦਿੰਦੇ। ਜਿਸ ’ਤੇ ਪ੍ਰਭੂ ਦੀ ਕਿਰਪਾ ਹੋ ਜਾਵੇ ਅਤੇ ਜਿਸ ’ਤੇ ਸਤਿਗੁਰੂ ਦੀ ਨਦਰ ਹੋ ਜਾਵੇ ਉਹ ਇਸ ਸਾਰੀ ਕਲਾ ਨੂੰ ਬੁੱਝ ਲੈਂਦਾ ਹੈ। ਇਹ ਸਮਝ ਭਾਵ ਇਹ ਬ੍ਰਹਮ-ਗਿਆਨ ਕੇਵਲ ਅਤੇ ਕੇਵਲ ਕਿਰਪਾ ਰਾਹੀਂ ਹੀ ਪ੍ਰਾਪਤ ਹੋ ਸਕਦਾ ਹੈ। ਬ੍ਰਹਮ-ਗਿਆਨ ਹੀ ਤੱਤ-ਗਿਆਨ ਹੈ।

ਪਰਮਾਤਮਾ ਦੀ ਹਸਤੀ ਨੂੰ ਪ੍ਰਗਟਾਉਣ ਲਈ ਗੁਰੂ ਸਾਹਿਬ ਜੀ ਨੇ ਬਹੁਤ ਸਾਰੇ ਪ੍ਰਚਲਿਤ ਕਿਰਤਮ ਨਾਵਾਂ ਦੀ ਵਰਤੋਂ ਸੁਖਮਨੀ ਸਾਹਿਬ ਵਿਚ ਕੀਤੀ ਹੈ। ਕਰੋੜਾਂ ਕਵੀਆਂ ਨੇ ਹੁਣ ਤਕ ਅਨੇਕਾਂ ਨਾਵਾਂ ਨਾਲ ਅਤੇ ਅਨੇਕਾਂ ਢੰਗਾਂ ਨਾਲ ਪਰਮਾਤਮਾ ਦਾ ਬਿਆਨ ਕੀਤਾ ਹੈ। ਕਰੋੜਾਂ ਲੋਕਾਂ ਨੇ ਨਵੇਂ-ਨਵੇਂ ਨਾਵਾਂ ਨਾਲ ਪ੍ਰਭੂ ਨੂੰ ਧਿਆਇਆ ਹੈ। ਇਸ ਤੱਥ ਨੂੰ ਗੁਰੂ ਸਾਹਿਬ ਜੀ ਨੇ ਇਉਂ ਪ੍ਰਗਟਾਇਆ ਹੈ:

ਕਈ ਕੋਟਿ ਕਬਿ ਕਾਬਿ ਬੀਚਾਰਹਿ॥
ਕਈ ਕੋਟਿ ਨਵਤਨ ਨਾਮ ਧਿਆਵਹਿ॥ (ਪੰਨਾ 275)

ਸੁਖਮਨੀ ਸਾਹਿਬ ਵਿਚ ਗੁਰੂ ਸਾਹਿਬ ਜੀ ਨੇ ਪਰਮਾਤਮਾ ਲਈ ਨਾਰਾਇਨ, ਠਾਕੁਰ, ਪ੍ਰਭੁ, ਪਾਰਬ੍ਰਹਮ, ਪਰਮੇਸੁਰ, ਗੋਬਿੰਦ, ਸਤਿਗੁਰ, ਗੁਰਦੇਵ, ਹਰਿ, ਰਾਮ, ਰਮਈਆ, ਸੁਆਮੀ, ਸਾਹਿਬ, ਪੂਰਨ ਪੁਰਖ, ਬਿਧਾਤਾ, ਨਾਥ, ਨਿਰੰਕਾਰ, ਗੋਪਾਲ, ਭਗਵੰਤ, ਕਰਤਾ, ਦਾਮੋਦਰ, ਦੀਨ ਦਇਆਲ ਆਦਿ ਨਾਮ ਵਰਤੇ ਹਨ। ਪਰਮਾਤਮਾ ਲਈ, ਉਸ ਦੇ ਨਾਮ ਦੀ ਮਹਿਮਾ ਲਈ ਗੁਰੂ ਸਾਹਿਬ ਜੀ ਨੇ ਮਿਥਿਹਾਸ ਵਿੱਚੋਂ ਵੀ ਕੁਝ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਸਾਰੀਆਂ ਇੱਛਾਵਾਂ ਪੂਰੀਆਂ ਕਰ ਦੇਣ ਵਾਲੀ ਕਾਮਧੇਨ ਅਥਵਾ ਕਪਲਾ ਗਊ ਅਤੇ ਸਾਰੀਆਂ ਇੱਛਾਵਾਂ ਪੂਰੀਆਂ ਕਰ ਦੇਣ ਵਾਲਾ ਬਿਰਖ ਕਲਪਤਰ ਅਰਥਾਤ ਪਾਰਜਾਤ ਦੇ ਅਲੰਕਾਰਾਂ ਨੂੰ ਬੜੀ ਖ਼ੂਬਸੂਰਤੀ ਨਾਲ ਇਕੱਠਿਆਂ ਹੀ ਸੰਕੇਤਕ ਰੂਪ ਵਿਚ ਵਰਤ ਕੇ ਗੁਰੂ ਸਾਹਿਬ ਜੀ ਨੇ ਹਰਿ ਦੇ ਨਾਮ ਨੂੰ ਹੀ ਸਾਰੀਆਂ ਇੱਛਾਵਾਂ ਪੂਰਨ ਕਰਨ ਵਾਲਾ ਦੱਸਿਆ ਹੈ। ਪਵਿੱਤਰ ਫ਼ਰਮਾਨ ਹੈ:

ਪਾਰਜਾਤੁ ਇਹੁ ਹਰਿ ਕੋ ਨਾਮ॥
ਕਾਮਧੇਨ ਹਰਿ ਹਰਿ ਗੁਣ ਗਾਮ॥ (ਪੰਨਾ 265)

ਭਾਵ ਹਰਿ ਦਾ ਨਾਮ ਹੀ ਪਾਰਜਾਤ ਰੁੱਖ ਹੈ ਅਤੇ ਹਰਿ ਦੇ ਨਾਮ ਦਾ ਗੁਣ- ਗਾਇਨ ਕਰਨਾ ਹੀ ਕਪਲਾ ਗਊ ਦੀ ਪ੍ਰਾਪਤੀ ਹੈ। ਪ੍ਰਾਪਤੀ ਦੇ ਪੱਖ ਤੋਂ ਗੁਰੂ ਸਾਹਿਬ ਜੀ ਨੇ ਚਾਰ ਪਦਾਰਥ, ਨੌਂ ਨਿਧਾਂ, ਅਠ੍ਹਾਰਾਂ ਸਿੱਧਾਂ ਅਤੇ ਚਉਥੇ ਪਦ ਦੀ ਪ੍ਰਾਪਤੀ ਕੇਵਲ ਹਰਿ ਨਾਮ ਦੇ ਸਿਮਰਨ ਰਾਹੀਂ ਹੀ ਸੰਭਵ ਦੱਸੀ ਹੈ। ਨਾਮ ਦੀ ਮਹਿਮਾ ਏਨੀ ਉੱਚੀ ਹੈ ਕਿ ਰਾਮ ਦੇ ਨਾਮ ਤੋਂ ਹੀ ਵੇਦ, ਪੁਰਾਣ, ਸਿਮਰਤੀਆਂ ਅਤੇ ਸ਼ਾਸਤਰਾਂ ਦੀ ਰਚਨਾ ਹੋਈ ਹੈ। ਸੰਸਾਰ ਦੇ ਸਾਰੇ ਮਤਾਂ ਵਿਚ ਕੇਵਲ ਹਰਿ ਦੇ ਨਾਮ ਦੀ ਉੱਚੀ ਮਹਿਮਾ ਹੈ। ਨਾਮ ਦੀ ਮਹਿਮਾ ਨੂੰ ਬਿਆਨ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਪਵਿੱਤਰ ਫ਼ਰਮਾਨ ਹਨ:

ਸਗਲ ਮਤਾਂਤ ਕੇਵਲ ਹਰਿ ਨਾਮ॥
ਗੋਬਿੰਦ ਭਗਤ ਕੈ ਮਨਿ ਬਿਸ੍ਰਾਮ॥ (ਪੰਨਾ 296)

ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ॥
ਕੀਨੇ ਰਾਮ ਨਾਮ ਇਕ ਆਖ੍ਹਰ॥ (ਪੰਨਾ 262)

ਬ੍ਰਹਮ, ਬ੍ਰਹਿਮੰਡ ਅਤੇ ਸ੍ਰਿਸ਼ਟੀ-ਰਚਨਾ ਸੰਬੰਧੀ ਦਾਰਸ਼ਨਿਕ ਪ੍ਰਸ਼ਨਾਂ ਤੋਂ ਬਾਅਦ ਸ੍ਰਿਸ਼ਟੀ ਦੇ ਸਿਕਦਾਰ, ਸਾਰੀਆਂ ਜੂਨਾਂ ਦੇ ਸਰਦਾਰ ਅਤੇ ਪ੍ਰਾਣੀਆਂ ਵਿੱਚੋਂ ਸ੍ਰੇਸ਼ਟ ਪ੍ਰਾਣੀ ਮਨੁੱਖ ਦੀ ਗੱਲ ਤੁਰਦੀ ਹੈ। ਮਨੁੱਖ ਪਰਮਾਤਮਾ ਦੀ ਅੰਸ਼ ਹੈ। ਅੰਸ਼ ਆਪਣੇ ਸਮੁੱਚ ਤੋਂ ਦੂਰ ਤਾਂ ਨਹੀਂ ਪਰ ਹਉਮੈ ਅਤੇ ਮਾਇਆ ਦੇ ਭਰਮ ਜਾਲ ਕਰਕੇ ਉਸ ਤੋਂ ਵਿੱਛੜੀ ਹੋਈ ਹੈ। ਅਧਿਆਤਮਵਾਦੀ ਰਹੱਸਵਾਦ ਦਾ ਮੂਲ ਮੰਤਵ ਪਰਮਾਤਮਾ ਅਤੇ ਆਤਮਾ ਦਾ ਮਿਲਾਪ ਕਰਵਾਉਣਾ ਹੈ। ਇਸ ਮਿਲਾਪ ਲਈ ਬਿਰਹਾ ਅਤੇ ਮਿਲਾਪ ਹੋਣ ’ਤੇ ਸੁਖ ਜਾਂ ਅਨੰਦ ਦੀ ਪ੍ਰਾਪਤੀ ਅਧਿਆਤਮਵਾਦ ਦਾ ਪ੍ਰਮੁੱਖ ਵਿਸ਼ਾ ਹੈ। ‘ਸੁਖਮਨੀ ਸਾਹਿਬ’ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦੁ ਸਾਹਿਬ’ ਵਾਂਙ ਸੁਖ, ਸਹਿਜ ਅਤੇ ਅਨੰਦ ਦੀ ਪ੍ਰਾਪਤੀ ਨਾਲ ਸੰਬੰਧ ਰੱਖਦੀ ਬਾਣੀ ਹੈ। ਇਸ ਦੇ ਸਿਰਲੇਖ ਤੋਂ ਵੀ ਪ੍ਰਗਟ ਹੈ ਅਤੇ ਇਸ ਬਾਣੀ ਦੇ ਇੱਕੋ-ਇੱਕ ਰਹਾਉ ਵਿਚਲੇ ਪਵਿੱਤਰ ਫ਼ਰਮਾਨ ਤੋਂ ਵੀ ਇਹ ਗੱਲ ਪ੍ਰਗਟ ਹੈ ਕਿ ਇਹ ਪਵਿੱਤਰ ਬਾਣੀ ਮਨੁੱਖ ਦੀ ਸੁਖ ਦੀ ਭਾਲ ਨੂੰ ਤ੍ਰਿਪਤ ਕਰਨ ਵਾਲੀ ਬਾਣੀ ਹੈ। ਮਹਾਤਮਾ ਬੁੱਧ ਜੀ ਨੇ ਸੰਸਾਰ ਦੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਜਿਸ ਅਵਸਥਾ ਦੀ ਪ੍ਰਾਪਤੀ ਦੱਸੀ ਉਹ ਸੀ ‘ਨਿਰਵਾਣ’। ‘ਮੁਕਤੀ’ ਦਾ ਸੰਕਲਪ ਸਾਰੇ ਭਾਰਤੀ ਧਰਮਾਂ ਵਿਚ ਅਹਿਮ ਸਥਾਨ ਰੱਖਦਾ ਹੈ। ਮੁਕਤੀ ਕੀ ਹੈ? ਮੁਕਤੀ ਹੈ, ਦੁੱਖ ਤੋਂ ਆਜ਼ਾਦੀ। ਗੁਰਬਾਣੀ ਵਿਚ ਜਨਮ-ਮਰਨ ਦੇ ਚੱਕਰ ਨੂੰ ਭਾਵ ਆਵਾਗਉਣ ਨੂੰ ਸਭ ਤੋਂ ਵੱਡਾ ਦੁੱਖ ਮੰਨਿਆ ਗਿਆ ਹੈ। ਦੁਨਿਆਵੀ ਜੀਵਨ ਵਿਚ ਮਨ ਦੀ ਭਟਕਣਾ ਅਤੇ ਪਰਲੋਕ ਵਿਚ ਰੂਹ ਦੀ ਭਟਕਣਾ ਦੋਵੇਂ ਹੀ ਦੁਖਦਾਈ ਹਨ। ਮਨੁੱਖ ਮਨ ਅਤੇ ਆਤਮਾ ਦੀ ਸ਼ਾਂਤੀ ਚਾਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਕੀ ਉਹ ਇਸ ਸੁਖ ਅਤੇ ਸ਼ਾਂਤੀ ਦੀ ਪ੍ਰਾਪਤੀ ਲਈ ਸਹੀ ਮਾਰਗ ਚੁਣਦਾ ਹੈ ਜਾਂ ਨਹੀਂ। ਪਰਮਾਤਮਾ ਨੇ ਕਿਰਪਾ ਕਰ ਕੇ ਮਨੁੱਖ ਨੂੰ ਚੋਣ ਕਰਨ ਲਈ ਬੁੱਧੀ ਦਿੱਤੀ ਹੋਈ ਹੈ।

ਸੰਸਾਰ ਵਿਚ ਰਹਿੰਦਿਆਂ ਹੀ ਸੁਖ ਅਤੇ ਸ਼ਾਂਤੀ ਪ੍ਰਾਪਤ ਕਰਨਾ ਜੀਵਨ-ਮੁਕਤੀ ਹੈ। ਅਜਿਹੀ ਸੁਖ ਭਰੀ ਸ਼ਾਂਤੀ ਪ੍ਰਾਪਤ ਕਰਨ ਵਾਲਾ ਮਨੁੱਖ ‘ਜੀਵਨ ਮੁਕਤ’ ਕਹਾਉਂਦਾ ਹੈ। ਅਜਿਹੇ ਜੀਵਨ-ਮੁਕਤ ਮਨੁੱਖ ਦੀ ਪਰਿਭਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿਚ ਇਸ ਤਰ੍ਹਾਂ ਕੀਤੀ ਹੈ:

ਓਹੁ ਧਨਵੰਤੁ ਕੁਲਵੰਤੁ ਪਤਿਵੰਤੁ॥
ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ॥ (ਪੰਨਾ 294)

ਨੌਵੀਂ ਅਸਟਪਦੀ ਵਿਚ ਗੁਰੂ ਸਾਹਿਬ ਜੀ ਨੇ ਜੀਵਨ-ਮੁਕਤ ਮਨੁੱਖ ਦੇ ਗੁਣ ਦੱਸਦਿਆਂ ਫ਼ੁਰਮਾਇਆ ਹੈ ਕਿ ਅਜਿਹਾ ਮਨੁੱਖ ਪ੍ਰਭੂ ਦੇ ਹੁਕਮ ਨੂੰ ਹਿਰਦੇ ਵਿਚ ਵਸਾਉਂਦਾ ਹੈ। ਉਸ ਦੇ ਲਈ ਖੁਸ਼ੀ ਅਤੇ ਗ਼ਮੀ ਦੋਵੇਂ ਹੀ ਬਰਾਬਰ ਹੁੰਦੀਆਂ ਹਨ। ਉਹ ਸਦਾ ਅਨੰਦ ਵਿਚ ਰਹਿੰਦਾ ਹੈ ਕਿਉਂਕਿ ਪ੍ਰਭੂ ਤੋਂ ਕਦੇ ਵਿੱਛੜਦਾ ਹੀ ਨਹੀਂ। ਉਸ ਦੇ ਲਈ ਸੋਨਾ ਅਤੇ ਮਿੱਟੀ ਸਮਾਨ ਹੁੰਦੇ ਹਨ। ਅੰਮ੍ਰਿਤ ਅਤੇ ਬਿਖ, ਮਾਨ ਅਤੇ ਅਪਮਾਨ, ਰੰਕ ਅਤੇ ਰਾਜਾ ਉਸ ਦੇ ਲਈ ਬਰਾਬਰ ਹੁੰਦੇ ਹਨ। ਅਜਿਹਾ ਜੀਵਨ-ਮੁਕਤ ਜਿਸ ਦੇ ਹਿਰਦੇ ਵਿਚ ਹਰ ਸਮੇਂ ਪਰਮਾਤਮਾ ਦੀ ਯਾਦ ਵੱਸੀ ਰਹੇ ਸੰਸਾਰ ਵਿਚ ਵੀ ਸਤਿਕਾਰ ਦਾ ਪਾਤਰ ਬਣਦਾ ਹੈ ਜਾਂ ਇਉਂ ਕਹਿ ਲਵੋ ਕਿ ਉਹੀ ਮਨੁੱਖ ਧਨਵਾਨ ਹੁੰਦੇ ਹਨ, ਉਹੀ ਮਨੁੱਖ ਉੱਚੀ ਕੁਲ ਵਾਲੇ ਹੁੰਦੇ ਹਨ ਅਤੇ ਉਹੀ ਮਨੁੱਖ ਉੱਚੀ ਪਤ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਹਿਰਦਿਆਂ ਵਿਚ ਪ੍ਰਭੂ ਦੀ ਯਾਦ ਵੱਸਦੀ ਹੈ। ਮਾਇਆਧਾਰੀ ਅਤੇ ਪਰਮਾਤਮਾ ਨੂੰ ਯਾਦ ਨਾ ਕਰਨ ਵਾਲੇ ਧਨਵੰਤ ਨਹੀਂ ਹੁੰਦੇ, ਉਹ ਤਾਂ ਅਧਿਆਤਮਕ ਪੱਖੋਂ ਕੰਗਾਲ ਹੁੰਦੇ ਹਨ। ਸੰਸਾਰਕ ਪੱਖੋਂ ਭਾਵੇਂ ਕੋਈ ਮਨੁੱਖ ਉੱਚੀ ਕੁਲ ਦਾ ਹੋਵੇ ਪਰ ਜੇਕਰ ਉਸ ਦੇ ਹਿਰਦੇ ਵਿਚ ਪ੍ਰਭੂ ਦਾ ਵਾਸ ਨਹੀਂ ਤਾਂ ਉਹ ਕੁਲਵੰਤ ਨਹੀਂ ਕਿਹਾ ਜਾ ਸਕਦਾ। ਸੰਸਾਰਕ ਰੁਤਬੇ ਪੱਖੋਂ ਭਾਵੇਂ ਕੋਈ ਮਨੁੱਖ ਵੱਡਾ ਇੱਜ਼ਤਦਾਰ ਹੋਵੇ ਉਸ ਨੂੰ ਵੀ ਪਤਵੰਤ ਨਹੀਂ ਕਿਹਾ ਜਾ ਸਕਦਾ ਜੇਕਰ ਉਸ ਦੇ ਹਿਰਦੇ ਵਿਚ ਪ੍ਰਭੂ ਦੀ ਯਾਦ ਨਹੀਂ ਹੈ। ਗੁਰੂ ਸਾਹਿਬ ਜੀ ਨੇ ਬਾਰ੍ਹਵੀਂ ਅਸਟਪਦੀ ਦੇ ਅਰੰਭਕ ਸਲੋਕ ਵਿਚ ਫ਼ੁਰਮਾਇਆ ਹੈ:

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥ (ਪੰਨਾ 278)

ਗ਼ਰੀਬ ਅਤੇ ਨਿਮਰਤਾ ਵਾਲੇ ਮਨੁੱਖ ਸੁਖੀ ਰਹਿੰਦੇ ਹਨ ਪਰ ਅਮੀਰ ਅਤੇ ਹੰਕਾਰ ਵਾਲੇ ਮਨੁੱਖ ਆਪਣੇ ਹੰਕਾਰ ਕਰਕੇ ਹੀ ਖ਼ਤਮ ਹੋ ਜਾਂਦੇ ਹਨ ਅਤੇ ਦੁਖੀ ਰਹਿੰਦੇ ਹਨ। ਰੂਪ, ਧਨ, ਅਹੁਦਾ, ਅਕਲ ਆਦਿ ਸਦਾ ਰਹਿਣ ਵਾਲੇ ਨਹੀਂ ਹਨ। ਇਨ੍ਹਾਂ ਕਰਕੇ ਮਾਣ ਕਰਨਾ ਅਗਿਆਨਤਾ ਹੈ। ਇਥੋਂ ਤਕ ਕਿ ਆਪਣੇ ਆਪ ਨੂੰ ਭਲਾ ਕਹਿਣਾ ਜਾਂ ਚੰਗੇ ਕਰਮ ਕਰਨ ਵਾਲਾ ਕਹਿਣਾ ਵੀ ਠੀਕ ਨਹੀਂ ਹੈ। ਇਹ ਵੀ ਹੰਕਾਰ ਵਾਲੀ ਗੱਲ ਹੈ। ਗ਼ਰੀਬੀ ਨੂੰ ਗੁਰਬਾਣੀ ਵਿਚ ਨਿਮਰਤਾ ਦਾ ਰੂਪ ਮੰਨਦੇ ਹੋਏ ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ:

ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ॥
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥ (ਪੰਨਾ 278)

ਗੁਰੂ ਸਾਹਿਬ ਜੀ ਦੱਸਦੇ ਹਨ ਕਿ ਜਿਸ ਦੇ ਅੰਦਰ ਰਾਜ ਦਾ ਅਭਿਮਾਨ ਹੈ, ਜੋ ਆਪਣੇ ਆਪ ਨੂੰ ਜੋਬਨਵੰਤ ਕਹਾਉਂਦਾ ਹੈ, ਜੋ ਆਪਣੇ ਆਪ ਨੂੰ ਕਰਮਵੰਤ ਕਹਾਉਂਦਾ ਹੈ, ਜੋ ਧਨ ਅਤੇ ਜ਼ਮੀਨ ਦਾ ਹੰਕਾਰ ਕਰਦਾ ਹੈ ਉਸ ਦਾ ਜੀਵਨ ਵਿਅਰਥ ਹੈ। ਤਪੱਸਿਆ ਕਰਕੇ, ਦਾਨ-ਪੁੰਨ ਕਰਕੇ ਹੰਕਾਰ ਕਰਨ ਵਾਲਾ ਜਨਮ-ਮਰਨ ਅਤੇ ਨਰਕ-ਸਵਰਗ ਦੇ ਨਾ ਮੁੱਕਣ ਵਾਲੇ ਚੱਕਰ ਵਿਚ ਪਿਆ ਰਹਿੰਦਾ ਹੈ। ਭਾਰਤੀ ਧਰਮਾਂ ਵਿਚ ਨਰਕ-ਸਵਰਗ ਅਤੇ ਸਾਮੀ ਧਰਮਾਂ ਵਿਚ ਦੋਜ਼ਖ-ਜੰਨਤ ਦਾ ਵਿਚਾਰ ਦੁੱਖ ਅਤੇ ਸੁਖ ਦੀਆਂ ਹਰਕਤਾਂ ਨੂੰ ਪ੍ਰਗਟਾਉਂਦੇ ਵਿਚਾਰ ਹਨ। ਸਵਰਗ ਸੁਖ ਦਾ ਪ੍ਰਤੀਕ ਹੈ ਅਤੇ ਨਰਕ ਦੁੱਖ ਦਾ। ਗੁਰੂ ਸਾਹਿਬ ਜੀ ਮਨੁੱਖ ਨੂੰ ਤ੍ਰੈਗੁਣਾਂ ਰਜ, ਤਮ ਅਤੇ ਸਤ ਤੋਂ ਉੱਪਰ ਉਠਾ ਕੇ ਅਤੇ ਨਰਕ, ਸਵਰਗ ਦੇ ਵਿਚਾਰਾਂ ਤੋਂ ਵੀ ਉੱਪਰ ਲਿਜਾ ਕੇ ਜੀਵਨ-ਮੁਕਤੀ ਦੇ ਰਾਹ ਤੋਰਨਾ ਚਾਹੁੰਦੇ ਹਨ। ਜੀਵਨ-ਮੁਕਤ ਹੋ ਚੁੱਕਿਆ ਮਨੁੱਖ ਪਰਲੋਕ ਵਿਚ ਤਾਂ ਆਪੇ ਹੀ ਸੁਹੇਲਾ ਹੋ ਜਾਂਦਾ ਹੈ। ਇਹੀ ਗੁਰਮਤਿ ਦੇ ਫ਼ਲਸਫ਼ੇ ਦੀ ਡੂੰਘਾਈ ਅਤੇ ਉਚਾਈ ਹੈ।

ਜੀਵਨ-ਮੁਕਤ ਪਦ ਦੇ ਧਾਰਨੀ ਮਨੁੱਖਾਂ ਨੂੰ ਸੁਖਮਨੀ ਸਾਹਿਬ ਵਿਚ ਸੰਤ, ਸਾਧ, ਭਗਤ, ਜਨ, ਗੁਰਮੁਖ, ਬ੍ਰਹਮ ਗਿਆਨੀ ਵਜੋਂ ਦਰਸਾਇਆ ਗਿਆ ਹੈ। ਇਨ੍ਹਾਂ ਸਾਰੇ ਪਦਾਂ ਵਾਲੇ ਜੀਵਨ ਵਿਚ ਉਹੀ ਗੁਣ ਦੱਸੇ ਗਏ ਹਨ ਜੋ ਜੀਵਨ-ਮੁਕਤ ਦੇ ਗੁਣ ਹਨ। ਇਨ੍ਹਾਂ ਸਾਰੇ ਪਦਾਂ ਵਾਲੇ ਜੀਵਨ ਵਿਚ ਪਰਮਾਤਮਾ ਨਾਲ ਅਭੇਦਤਾ ਸਭ ਤੋਂ ਪਹਿਲਾ ਅਤੇ ਬੁਨਿਆਦੀ ਗੁਣ ਹੈ।ਹਰਿ ਦੇ ਨਾਮ ਦਾ ਸਿਮਰਨ ਇਨ੍ਹਾਂ ਦੀ ਰਸਨਾ ’ਤੇ ਅਤੇ ਮਨ ਵਿਚ ਹਰ ਪਲ ਚੱਲਦਾ ਹੈ। ਇਸ ਦੇ ਨਾਲ ਹੀ ਇਹ ਨਿਰਮਲ ਕਰਮਾਂ ਦੇ ਧਾਰਨੀ ਹੁੰਦੇ ਹਨ। ਇਨ੍ਹਾਂ ਦੇ ਮੁੱਖ ਗੁਣਾਂ ਵਿਚ ਸਮ-ਦ੍ਰਿਸ਼ਟੀ, ਪਰਉਪਕਾਰ, ਨਿਮਰਤਾ, ਮਿੱਠਤ, ਸੱਚਾਈ, ਨਿਆਂ, ਸੇਵਾ ਆਦਿ ਸ਼ਾਮਲ ਹੁੰਦੇ ਹਨ। ਇਹ ਸੁਖਮਨੀ ਸਾਹਿਬ ਵਿਚ ਦਰਸਾਏ ਗਏ ਸ੍ਰੇਸ਼ਟ ਧਰਮ ਦੇ ਧਾਰਨੀ ਹੁੰਦੇ ਹਨ। ਇਹ ਸ੍ਰੇਸ਼ਟ ਧਰਮ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ 266)

‘ਬ੍ਰਹਮ ਗਿਆਨੀ’ ਦੇ ਲੱਛਣ ਬਿਆਨ ਕਰਦਿਆਂ ਗੁਰੂ ਸਾਹਿਬ ਜੀ ਨੇ ਫ਼ੁਰਮਾਇਆ ਹੈ:

ਮਨਿ ਸਾਚਾ ਮੁਖਿ ਸਾਚਾ ਸੋਇ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥ (ਪੰਨਾ 272)

ਮਨ ਵੀ ਸੱਚਾ ਹੋਵੇ ਤੇ ਮੁੱਖ ਵੀ ਸੱਚਾ ਹੋਵੇ। ਭਾਵ ਵਿਚਾਰ ਵੀ ਸੱਚੇ ਹੋਣ ਅਤੇ ਬੋਲ ਵੀ ਸੱਚੇ ਹੋਣ। ਇੱਕ ਪਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਨਜ਼ਰ ਹੀ ਨਾ ਆਉਂਦਾ ਹੋਵੇ। ਭਾਈ ਘਨੱਈਆ ਜੀ ਵਾਲੀ ਨਜ਼ਰ ਹੋਵੇ। ਦੁਸ਼ਮਣ-ਮਿੱਤਰ ਦਾ ਕੋਈ ਫ਼ਰਕ ਹੀ ਨਾ ਹੋਵੇ। ਸਾਰੀ ਦੁਨੀਆਂ ਅਕਾਲ ਪੁਰਖ ਦਾ ਹੀ ਰੂਪ ਨਜ਼ਰ ਆਵੇ। ਇਹ ਅਵਸਥਾ ਹੈ ਬ੍ਰਹਮ ਗਿਆਨੀ ਦੀ, ਸਾਧ ਦੀ, ਸੰਤ ਦੀ, ਭਗਤ ਦੀ, ਜਨ ਦੀ ਅਤੇ ਗੁਰਮੁਖ ਦੀ। ਅਸਲ ਗੱਲ ਇਹ ਹੈ ਕਿ ਸੱਚਾਈ, ਨਿਆਂ, ਸਮ-ਦ੍ਰਿਸ਼ਟੀ, ਪਰਉਪਕਾਰ, ਦਇਆ, ਮਿੱਠਤ ਆਦਿ ਸਾਰੇ ਗੁਣ ਪਰਮਾਤਮਾ ਦੇ ਗੁਣ ਹਨ। ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਇਹ ਇਕ ਸਚਾਈ ਹੈ ਕਿ ਮਨੁੱਖ ਜਿਹੋ-ਜਿਹੀ ਯਾਦ ਆਪਣੇ ਮਨ ਵਿਚ ਵਸਾਉਂਦਾ ਹੈ, ਉਹ ਉਹੋ ਜਿਹਾ ਹੀ ਹੋ ਜਾਂਦਾ ਹੈ। ਨਿਰਭਉ ਪਰਮਾਤਮਾ ਨੂੰ ਯਾਦ ਕਰ ਕੇ, ਉਸ ਦੇ ਨਾਮ ਦਾ ਸਿਮਰਨ ਕਰ ਕੇ ਮਨੁੱਖ ਨਿਰਭੈ ਹੋ ਜਾਂਦਾ ਹੈ। ਨਿਰਵੈਰ ਪਰਮਾਤਮਾ ਨੂੰ ਯਾਦ ਕਰ ਕੇ ਅਤੇ ਉਸ ਦੇ ਰੰਗ ਵਿਚ ਰੰਗੇ ਜਾਣ ਕਰਕੇ ਮਨੁੱਖ ਨਿਰਵੈਰ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਇਸੇ ਮਨੋਵਿਗਿਆਨਕ ਸੱਚਾਈ ਦਾ ਬਿਆਨ ਕਰਦੇ ਹੋਏ ਫ਼ੁਰਮਾਉਂਦੇ ਹਨ:

ਨਿਰਭਉ ਜਪੈ ਸਗਲ ਭਉ ਮਿਟੈ॥
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ॥ (ਪੰਨਾ 293)

ਪਰਮਾਤਮਾ ਸੁਖਾਂ ਦਾ ਖ਼ਜ਼ਾਨਾ ਹੈ। ਇਸ ਲਈ ਉਸ ਦੇ ਨਾਮ-ਸਿਮਰਨ ਰਾਹੀਂ ਸਰਬ-ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ। ਸੁਖਮਈ ਹਸਤੀ ਨੂੰ ਸਿਮਰ ਕੇ ਇਹ ਸੁਭਾਵਿਕ ਹੀ ਹੈ ਕਿ ਸੁਖ ਪ੍ਰਾਪਤ ਹੋਵੇ। ਗੁਰੂ ਸਾਹਿਬ ਜੀ ਦਾ ਪਵਿੱਤਰ ਫ਼ਰਮਾਨ ਹੈ:

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ॥
ਕਲਿ ਕਲੇਸ ਤਨ ਮਾਹਿ ਮਿਟਾਵਉ॥ (ਪੰਨਾ 262)

ਜਿਸ ਹਸਤੀ ਦਾ ਸਿਮਰਨ ਕਰਨਾ ਹੈ ਜ਼ਰੂਰੀ ਹੈ ਕਿ ਉਸ ’ਤੇ ਅਟੱਲ ਵਿਸ਼ਵਾਸ ਹੋਵੇ। ਜੇਕਰ ਵਿਸ਼ਵਾਸ ਦੀ ਅਡੋਲਤਾ ਹੋਵੇ ਤਾਂ ਕੋਈ ਕਾਰਨ ਨਹੀਂ ਕਿ ਇਸ ਕਿਸਮ ਦਾ ਵਿਸ਼ਵਾਸ ਲੋਕ ਅਤੇ ਪਰਲੋਕ ਦੋਵੇਂ ਸੁਹੇਲੇ ਨਾ ਕਰ ਸਕੇ। ਵਿਸ਼ਵਾਸ ਤੋਂ ਬਿਨਾਂ ਸਿਮਰਨ ਹੋ ਹੀ ਨਹੀਂ ਸਕਦਾ। ਵਿਸ਼ਵਾਸ ਤੋਂ ਬਿਨਾਂ ਅਭੇਦਤਾ ਨਹੀਂ ਹੋ ਸਕਦੀ। ਧ੍ਰੂ ਭਗਤ ਅਤੇ ਪ੍ਰਹਿਲਾਦ ਭਗਤ ਦੇ ਅਟੱਲ ਵਿਸ਼ਵਾਸ ਨੇ ਉਨ੍ਹਾਂ ਨੂੰ ਵੱਡੀ ਤੋਂ ਵੱਡੀ ਮੁਸੀਬਤ ਸਮੇਂ ਵੀ ਡੋਲਣ ਨਹੀਂ ਦਿੱਤਾ। ਵਿਸ਼ਵਾਸ ਦੀ ਮਹੱਤਤਾ ਦਰਸਾਉਂਦੇ ਹੋਏ ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ:

ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ॥
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ॥ (ਪੰਨਾ 285)

ਜਾ ਕੈ ਮਨਿ ਗੁਰ ਕੀ ਪਰਤੀਤਿ॥
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ॥ (ਪੰਨਾ 283)

ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ॥
ਕਰਨਹਾਰੁ ਨਾਨਕ ਇਕੁ ਜਾਨਿਆ॥ (ਪੰਨਾ 292)

ਧਰਮ ਦੇ ਖੇਤਰ ਵਿਚ ਬਾਹਰੀ ਭੇਖ ਅਤੇ ਅਮਲੀ ਜੀਵਨ ਦੇ ਵਿਚਕਾਰ ਜੋ ਅੰਤਰ ਮਨੁੱਖਾਂ ਵਿਚ ਪਾਇਆ ਜਾਂਦਾ ਹੈ ਉਹ ਧਰਮ ਪ੍ਰਤੀ ਰੁਚੀ ਰੱਖਣ ਵਾਲੇ ਲੋਕਾਂ ਵਿਚ ਸ਼ੰਕਾਵਾਂ ਪੈਦਾ ਕਰਦਾ ਹੈ, ਧਰਮ ਪ੍ਰਤੀ ਵਿਸ਼ਵਾਸ ’ਤੇ ਚੋਟ ਮਾਰਦਾ ਹੈ। ਸੰਸਾਰ ਵਿਚ ਧਾਰਮਿਕ ਤੌਰ ’ਤੇ ਜਾਣੇ ਜਾਂਦੇ ਮਨੁੱਖਾਂ ਜਿਵੇਂ ਅਪਰਸ, ਬੈਸਨੋ, ਪੰਡਿਤ, ਭਗਉਤੀ ਆਦਿ ਦਾ ਅਮਲੀ ਜੀਵਨ ਕਈ ਵਾਰ ਧਰਮ ਪ੍ਰਤੀ ਬਹੁਤ ਭਰਮ-ਭੁਲੇਖੇ ਪੈਦਾ ਕਰਦਾ ਹੈ। ਕਾਰਨ ਇਹੀ ਹੁੰਦਾ ਹੈ ਕਿ ਰਹਿਤ ਅਤੇ ਜੀਵਨ ਦੇ ਅਮਲ ਵਿਚ ਭਾਰੀ ਅੰਤਰ ਪਾਇਆ ਜਾਂਦਾ ਹੈ। ਇਸ ਅਵਸਥਾ ਬਾਰੇ ਗੁਰੂ ਸਾਹਿਬ ਜੀ ਨੇ ਇਉਂ ਫ਼ੁਰਮਾਨ ਕੀਤਾ ਹੈ:

ਰਹਤ ਅਵਰ ਕਛੁ ਅਵਰ ਕਮਾਵਤ॥
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ॥
ਜਾਨਨਹਾਰ ਪ੍ਰਭੂ ਪਰਬੀਨ॥
ਬਾਹਰਿ ਭੇਖ ਨ ਕਾਹੂ ਭੀਨ॥
ਅਵਰ ਉਪਦੇਸੈ ਆਪਿ ਨ ਕਰੈ॥
ਆਵਤ ਜਾਵਤ ਜਨਮੈ ਮਰੈ॥ (ਪੰਨਾ 269)

ਬਾਹਰੀ ਭੇਖ ਹੋਰ ਹੋਵੇ ਅਤੇ ਮਨੁੱਖ ਜੀਵਨ ਵਿਚ ਅਮਲ ਹੋਰ ਕਰੇ ਇਹ ਤਾਂ ਉਸ ਤਰ੍ਹਾਂ ਹੈ ਜਿਵੇਂ ਸਿਰਫ਼ ਜ਼ਮ੍ਹਾਂ-ਜ਼ਬਾਨੀ ਪ੍ਰੀਤ ਜ਼ਾਹਰ ਕਰੇ, ਮਨ ਵਿਚ ਪ੍ਰੀਤ ਨਾ ਹੋਵੇ। ਦੂਜਿਆਂ ਨੂੰ ਚੰਗੇ ਕੰਮ ਕਰਨ ਲਈ ਉਪਦੇਸ਼ ਕਰੇ ਪਰ ਆਪ ਉਹ ਕੰਮ ਨਾ ਕਰੇ। ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਅਜਿਹੇ ਮਨੁੱਖ ਦੇ ਭੇਖ ਤੋਂ ਜਾਣੀ-ਜਾਣ ਪਰਮਾਤਮਾ ਕਦੇ ਵੀ ਨਹੀਂ ਭਿੱਜਦਾ। ਪਰਮਾਤਮਾ ਤੋਂ ਆਪਣੇ ਅੰਦਰ ਦਾ ਸੱਚ ਮਨੁੱਖ ਛੁਪਾ ਨਹੀਂ ਸਕਦਾ। ਪਰਮਾਤਮਾ ਦੀ ਨਜ਼ਰ ਵਿਚ ਪੰਡਿਤ ਅਤੇ ਭਗਉਤੀ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ:

ਸੋ ਪੰਡਿਤੁ ਜੋ ਮਨੁ ਪਰਬੋਧੈ॥
ਰਾਮ ਨਾਮੁ ਆਤਮ ਮਹਿ ਸੋਧੈ॥ (ਪੰਨਾ 274)

ਭਗਉਤੀ ਭਗਵੰਤ ਭਗਤਿ ਕਾ ਰੰਗੁ॥ (ਪੰਨਾ 274)

ਕੁੱਲ ਮਿਲਾ ਕੇ ਸੁਖਮਨੀ ਸਾਹਿਬ ਦਾ ਸੰਦੇਸ਼ ਮਨੁੱਖ ਨੂੰ ਮਾਇਆ ਅਤੇ ਹਉਮੈ ਦੇ ਪ੍ਰਭਾਵ ਤੋਂ ਮੁਕਤ ਕਰ ਕੇ ਹਰਿ ਦੇ ਨਾਮ ਨਾਲ ਜੋੜਦਾ ਹੈ। ਮਨੁੱਖ ਦੇ ਮਨ ਨੂੰ ਇਸ ਬਾਣੀ ਰਾਹੀਂ ਨਿਸ਼ਚਿਤ ਰੂਪ ਵਿਚ ਸ਼ਾਂਤੀ ਮਿਲਦੀ ਹੈ। ਬੇਚੈਨੀ, ਪਰੇਸ਼ਾਨੀ, ਦੁੱਖ, ਕਲੇਸ਼ ਅਤੇ ਰੋਗ ਤੋਂ ਛੁਟਕਾਰਾ ਮਿਲਦਾ ਹੈ। ਸੱਚਮੁਚ ਹੀ ਇਸ ਵਿਚ ‘ਸਰਬ ਰੋਗ ਕਾ ਅਉਖਦੁ ਨਾਮ’ ਗੁਰੂ ਸਾਹਿਬ ਜੀ ਨੇ ਪਾਇਆ ਹੋਇਆ ਹੈ। ਸੱਚਮੁਚ ਹੀ ਇਹ ਬਾਣੀ ਮਨੁੱਖ ਦੇ ਮਨ ਨੂੰ ਸਹਿਜ, ਸੁਖ ਅਤੇ ਵਿਸਮਾਦ ਪ੍ਰਦਾਨ ਕਰਨ ਵਾਲੀ ਬਾਣੀ ਹੈ। ਪਦਾਰਥਵਾਦ ਦੇ ਇਸ ਯੁੱਗ ਵਿਚ ਸ਼ਾਂਤੀ ਅਤੇ ਸੁਖ ਦੀ ਪ੍ਰਾਪਤੀ ਲਈ ਇਸ ਬਾਣੀ ਦਾ ਮਹੱਤਵ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਆਓ, ਇਸ ਬਾਣੀ ਨੂੰ ਮਨ ਵਿਚ ਵਸਾ ਕੇ, ਸੁਖਾਂ ਦੇ ਖ਼ਜ਼ਾਨਿਆਂ ਦੀ ਪ੍ਰਾਪਤੀ ਕਰੀਏ:

ਸੁਖਮਨੀ ਸਹਜ ਗੋਬਿੰਦ ਗੁਨ ਨਾਮ॥
ਜਿਸੁ ਮਨਿ ਬਸੈ ਸੁ ਹੋਤ ਨਿਧਾਨ॥ (ਪੰਨਾ 295)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Sukhdev Singh Shant
ਸੇਵਾ ਮੁਕਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ -ਵਿਖੇ: ਸਹਿਕਾਰਤਾ ਵਿਭਾਗ, ਪੰਜਾਬ ਸਰਕਾਰ

36-ਬੀ, ਰਤਨ ਨਗਰ, ਪਟਿਆਲਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)