ਸਿੱਖ ਤਵਾਰੀਖ਼ ਦੇ ਸੁਨਿਹਰੀ ਪੰਨੇ ਸਿੱਖ ਕੌਮ ਦੇ ਗੋਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਨਾਲ ਸਰਸ਼ਾਰ ਹਨ। ਇਸ ਹੀ ਸ਼ਾਨਮੱਤੇ ਇਤਿਹਾਸ ਦੀ ਸ਼ਾਹਦੀ ਭਰਦੀ ਹੈ: ‘ਗੁਰਦੁਆਰਾ ਸੁਧਾਰ ਲਹਿਰ’ ਅਰਥਾਤ ‘ਅਕਾਲੀ ਲਹਿਰ’ ਜਿਸ ਨੇ ਸਿੱਖਾਂ ਨੂੰ ਇਕ ਨਵੀਂ ਊਰਜਾ ਅਤੇ ਦਿਸ਼ਾ ਪ੍ਰਦਾਨ ਕੀਤੀ। ਇਹ ਤਹਿਰੀਕ 1920-1925 ਤੱਕ ਦੇ ਸਮੇਂ ਬੜੇ ਹੀ ਜੋਰ, ਜੋਸ਼ ਅਤੇ ਸਿੱਖੀ ਜਜ਼ਬੇ ਨਾਲ ਚੱਲੀ, ਜਿਸ ਨੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਭ੍ਰਿਸ਼ਟ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾ ਕੇ ਪੰਥਕ ਪ੍ਰਬੰਧ ਵਿਚ ਲਿਆਂਦਾ। ਇਸ ਤਹਿਰੀਕ ਦੌਰਾਨ ਲਗਾਏ ਮੋਰਿਚਆਂ ਨੂੰ ਪੜਦਿਆਂ/ਵਾਚਦਿਆਂ ਸਿੱਖਾਂ ਦੇ ਉੱਚੇ-ਸੁੱਚੇ ਕਿਰਦਾਰ ਅਤੇ ਕੌਮ ਪ੍ਰਤੀ ਕੁਰਬਾਨੀ ਵਾਲੇ ਜਜ਼ਬੇ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। 1920 ਤੋਂ 1925 ਤੱਕ ਦਾ ਸਮਾਂ ਅਕਾਲੀ ਜੱਥਿਆ ਦੇ ਸਬਰ, ਸਿਦਕ, ਸੰਘਰਸ਼, ਬਹਾਦਰੀ ਅਤੇ ਕੁਰਬਾਨੀ ਨਾਲ ਲਬਰੇਜ਼ ਸਾਕੇ ਅਤੇ ਮੋਰਚਿਆਂ ਦਾ ਇਤਿਹਾਸ ਸੀ। ਜਿੰਨਾਂ ਵਿੱਚ ਸਾਕਾ ਨਨਕਾਣਾ ਸਾਹਿਬ (1921), ਚਾਬੀਆਂ ਦਾ ਮੋਰਚਾ (1921), ਗੁਰੂ ਕਾ ਬਾਗ਼ (1922) ਅਤੇ ਜੈਤੋਂ ਦਾ ਮੋਰਚਾ (1923) ਆਦਿ ਸ਼ਾਮਿਲ ਹਨ। ਸੋਹਣ ਸਿੰਘ ਜੋਸ਼ ਦੇ ਸ਼ਬਦਾਂ ਵਿਚ,
“ਗੁਰਦੁਆਰਿਆਂ ਦੀ ਆਜਾਦੀ ਦਾ ਅਕਾਲੀ ਸੰਗਰਾਮ ਇਕ ਬੜਾ ਮਹਾਨ ਤੇ ਵਿਸ਼ਾਲ ਸੰਗਰਾਮ ਸੀ। ਇਹ ਕੁੱਝ ਪਹਿਲੂਆਂ ਵਿਚ ਕਾਂਗਰਸ ਦੇ ਆਜ਼ਾਦੀ ਸੰਗਰਾਮ ਨੂੰ ਵੀ ਮਾਤ ਦੇ ਗਿਆ ਸੀ। ਸਖਤੀ, ਮਾਰ-ਕੁਟਾਈ, ਜੇਲ-ਤਸ਼ੱਦਦ, ਮੌਤ ਗਿਣਤੀ ਵਗੈਰਾ ਨੂੰ ਵੇਖਿਆ ਜਾਵੇ ਤਾਂ ਕੌਮੀ ਕਾਂਗਰਸ ਛੋਟੇ ਇਲਾਕੇ ਦੀਆਂ ਕੁਰਬਾਨੀਆਂ ਦਾ ਮੁਕਾਬਲਾ ਨਹੀਂ ਕਰ ਸਕਦੀ।”
ਆਉਂ, ਅੱਜ ਗੱਲ ਕਰਦੇ ਹਾਂ ਇਸ ਲਹਿਰ ਦੇ ਇਕ ਅਹਿਮ ਮੋਰਚੇ ਭਾਵ ‘ਕੁੰਜੀਆਂ ਦੇ ਮੋਰਚੇ’ ਦੀ, ਹੋਇਆ ਇੰਝ ਕਿ ਭਾਵੇਂ ਅਕਤੂਬਰ 1920 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਪ੍ਰਬੰਧ ਨਵੀਂ ਚੁਣੀ ਹੋਈ ਕਮੇਟੀ ਦੇ ਅਧੀਨ ਆ ਗਿਆ ਸੀ ਪਰੰਤੂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਤੋਸ਼ਖਾਨੇ ਦੀਆਂ ਚਾਬੀਆਂ, ਸਰਕਾਰ ਵੱਲੋਂ ਨਿਯੁਕਤ ਕੀਤੇ ਪੁਰਾਣੇ ਸਰਬਰਾਹ(ਪ੍ਰਬੰਧਕ) ਸ. ਸੁੰਦਰ ਸਿੰਘ ਰਾਮਗੜ੍ਹੀਆਂ ਪਾਸ ਹੀ ਸਨ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਅਨੁਸਾਰ ‘ਗਹਿਣੇ ਵਸਤ੍ਰ’ ਸਮਾਨ ਜਿਸ ਘਰ ਵਿੱਚ ਰੱਖਿਆ ਜਾਂਦਾ ਹੈ, ਉਸ ਨੂੰ ਤੋਸ਼ੇਖ਼ਾਨਾ ਆਖਦੇ ਹਨ।’ ਇਸ ਸ਼ਬਦ ਦੀ ਵਰਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੀ ਉਪਰ ਬਣੇ ਕਮਰੇ ਲਈ ਹੁੰਦਾ ਹੈ। ਜਿਥੇ ਸਮੇਂ-ਸਮੇਂ ਤੇ ਸ੍ਰੀ ਹਰਿਮੰਦਰ ਸਾਹਿਬ ਚੜਾਈਆਂ ਗਈਆਂ ਬਹੁਮੁੱਲੀ ਵਸਤਾਂ ਨੂੰ ਸੰਭਾਲਿਆ ਹੋਇਆ ਹੈ ਅਤੇ ਵਿਸ਼ੇਸ਼ ਪੁਰਬਾਂ ਉਪਰ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸੁੰਦਰ ਜਲੌਅ ਸਜਾਏ ਜਾਂਦੇ ਹਨ। ਜਦੋਂ ਸ਼੍ਰੋਮਣੀ ਕਮੇਟੀ ਨੇ ਸਰਕਾਰ ਪਾਸ ਮੰਗ ਕੀਤੀ ਕੀ ਤੋਸ਼ਖਾਨੇ ਦੀ ਚਾਬੀਆਂ ਸ. ਸੁੰਦਰ ਸਿੰਘ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਦੇ ਹਵਾਲੇ ਕੀਤੀਆਂ ਜਾਣ ਤਾਂ ਸਰਕਾਰ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀ ਲਾਲਾ ਅਮਰਨਾਥ ਵਧੀਕ ਸਹਾਇਕ ਕਮਿਸ਼ਨਰ (ਈ.ਏ.ਸੀ) ਨੂੰ ਪੁਲਿਸ ਸਮੇਤ ਭੇਜ ਕੇ 7 ਨਵੰਬਰ 1921 ਨੂੰ ਚਾਬੀਆ (53 ਕੁੰਜੀਆਂ ਦਾ ਗੁੱਛਾ) ਆਪਣੇ ਕਬਜ਼ੇ ਵਿੱਚ ਰੱਖ ਲਈਆਂ।
ਇਸ ਨਾਲ ਪੰਥ ਵਿੱਚ ਸਰਕਾਰ ਪ੍ਰਤੀ ਹੋਰ ਰੋਹ ਵੱਧ ਗਿਆ, ਹੁਣ ਸਿੱਖਾਂ ਦੀ ਪ੍ਰਤੀਨਿਧ ਕਮੇਟੀ ਨੇ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਬਗ਼ਾਵਤ ਦਾ ਬਿਗਲ ਵਜਾ ਦਿੱਤਾ। ਗਿਆਨੀ ਪ੍ਰਤਾਪ ਸਿੰਘ ਆਪਣੀ ਕਿਤਾਬ ਗੁਰਦਵਾਰਾ ਸੁਧਾਰ ਲਹਿਰ ਅਰਥਾਤ ਅਕਾਲੀ ਲਹਿਰ ਵਿੱਚ ਲਿਖਦੇ ਹਨ, “ਸਰਕਾਰ ਪੰਜਾਬ ਨੇ ਆਪਣੀ ਇਸ ਕਾਰਵਾਈ ਨੂੰ ਸਹੀ ਸਾਬਤ ਕਰਨ ਲਈ ਇਕ ਬਿਆਨ ਜਾਰੀ ਕੀਤਾ। ਬਿਆਨ ਵਿੱਚ ਦਰਜ ਸੀ : “ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਨਹੀਂ ਹੈ। ਸਰਕਾਰ ਦੀਵਾਨੀ ਮੁਕੱਦਮੇ ਰਾਹੀ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰ ਰਹੀ ਸੀ ਪਰ ਗੁਰਦਵਾਰਾ ਕਮੇਟੀ ਨੇ ਚਾਬੀਆਂ ਲੈਣ ਵਿੱਚ ਕਾਹਲੀ ਕੀਤੀ ਹੈ, ਇਸ ਲਈ ਸਰਕਾਰ ਚਾਬੀਆਂ ਲੈਣ ਤੇ ਮਜ਼ਬੂਰ ਹੋ ਗਈ ਹੈ।
ਸ਼੍ਰੋਮਣੀ ਕਮੇਟੀ ਨੇ ਦੀਵਾਨਾਂ ਤੇ ਤਕਰੀਰਾਂ ਦੇ ਜ਼ਰੀਏ ਸਰਕਾਰ ਦਾ ਸਿੱਖ ਧਰਮ ਵਿੱਚ ਦਖ਼ਲ ਆਮ ਲੋਕਾਂ ਸਾਹਮਣੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਰਕਾਰ ਨੇ ਕਪਤਾਨ ਬਹਾਦਰ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦਾ ਸਰਬਰਾਹ ਨਿਯੁਕਤ ਕੀਤਾ ਜਿਸ ਦੇ ਵਿਰੋਧ ਵਿੱਚ ਸ਼੍ਰੋਮਣੀ ਕਮੇਟੀ ਨੇ 12 ਨਵੰਬਰ ਵਿੱਚ ਮਤਾ ਪਾਸ ਕੀਤਾ। ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਕੀਤਾ ਕਿ ਜਦੋਂ ਤੱਕ ਸਰਕਾਰ ਕੁੰਜੀਆਂ ਬਾਬਾ ਖੜਕ ਸਿੰਘ ਨੂੰ ਨਹੀ ਸਪੁਰਦ ਕਰ ਦਿੰਦੀ ਉਦੋਂ ਤੱਕ ਸ਼੍ਰੋਮਣੀ ਕਮੇਟੀ ਸਰਕਾਰ ਨਾਲ ਨਾ-ਮਿਲਵਰਤਨ ਲਹਿਰ ਚਲਾਏਗੀ ਅਤੇ ਪ੍ਰਿੰਸ ਆਫ ਵੇਲਜ਼ ਦੇ ਦੌਰੇ ਦਾ ਵੀ ਬਾਈਕਾਟ ਕੀਤਾ ਜਾਵੇਗਾ।
ਸਿੱਖਾਂ ਦੇ ਇਸ ਅੰਦੋਲਨ ਤੋਂ ਅੰਗਰੇਜ਼ੀ ਸਰਕਾਰ ਘਬਰਾ ਗਈ ਨਤੀਜੇ ਵਜੋਂ ਸਰਕਾਰ ਨੇ ਅੰਮ੍ਰਿਤਸਰ, ਲਾਹੌਰ ਅਤੇ ਸ਼ੇਖ਼ੂਪੁਰਾ ਦੇ ਜ਼ਿਲਿਆਂ ਵਿੱਚ ਦਫ਼ਾ 144 ਲਗਾ ਕੇ ਸਿੱਖਾਂ ਦੇ ਜਲਸਿਆਂ ਤੇ ਰੋਕ ਲਗਾ ਦਿੱਤੀ। ਸਰਕਾਰ ਨੇ ਆਪਣਾ ਪੱਖ ਸਪਸ਼ਟ ਸਹੀ ਸਾਬਤ ਕਰਨ ਲਈ ਇੱਕ ਜਲਸਾ 26 ਨਵੰਬਰ 1921 ਅਜਨਾਲੇ ਵਿੱਚ ਰੱਖਿਆ ਜਿਸ ਵਿੱਚ ਸਿੱਖ ਕੌਮ ਦਾ ਪੱਖ ਰੱਖਣ ਲਈ ਅਕਾਲੀਆ ਵੱਲੋਂ ਸ. ਜਸਵੰਤ ਸਿੰਘ ਝਬਾਲ, ਸ. ਦਾਨ ਸਿੰਘ ਵਛੋਆ, ਸ.ਤੇਜਾ ਸਿੰਘ ਸਮੁੰਦਰੀ, ਪੰਡਿਤ ਦੀਨਾ ਨਾਥ ਅਤੇ ਹੋਰ ਸੱਜਣ ਗਏ ਪਰ ਡਿਪਟੀ ਕਮਿਸ਼ਨਰ ਨੇ ਆਪਣੀ ਤਕਰੀਰ ਕਰਨ ਤੋਂ ਬਾਅਦ ਇਨ੍ਹਾਂ ਸਿੱਖ ਆਗੂਆਂ ਨੂੰ ਸਮਾਂ ਦੇਣ ਤੋਂ ਨਾਂਹ ਕਰ ਦਿੱਤੀ। ਜਿਸ ਦੇ ਸਿੱਟੇ ਵਜੋਂ ਅਕਾਲੀ ਆਗੂਆਂ ਨੇ ਅਲੱਗ ਤੌਰ ‘ਤੇ ਅਜਨਾਲੇ ਵਿਖੇ ਜਲਸਾ ਕਰਨ ਦਾ ਐਲਾਨ ਕਰ ਦਿੱਤਾ ਪਰੰਤੂ ਜਦੋਂ ਦੀਵਾਨ ਹਾਲੇ ਸ਼ੁਰੂ ਹੀ ਹੋਇਆ ਸੀ ਤਾਂ ਪੁਲਿਸ ਨੇ ਆਪਣੀ ਕਰਵਾਈ ਕਰਦਿਆਂ ਸ. ਦਾਨ ਸਿੰਘ ਵਛੋਆਂ, ਸ. ਜਸਵੰਤ ਸਿੰਘ ਝਬਾਲ, ਸ. ਤੇਜਾ ਸਿੰਘ ਸਮੁੰਦਰੀ ਅਤੇ ਪੰਡਿਤ ਦੀਨਾ ਨਾਥ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਦੋਂ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਖ਼ਬਰ ਸ਼੍ਰੋਮਣੀ ਕਮੇਟੀ ਪਾਸ ਪੁੱਜੀ ਤਾਂ ਬਾਬਾ ਖੜਕ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸ. ਮਹਿਤਾਬ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਤੇ ਕੁੱਝ ਹੋਰ ਸਾਥੀ ਅਜਨਾਲੇ ਜਲਸੇ ਵਾਲੇ ਸਥਾਨ ਤੇ ਪਹੁੰਚੇ। ਉਨ੍ਹਾਂ ਨੇ ਉੱਥੇ ਆਪਣੀਆਂ ਤਕਰੀਰਾਂ ਕੀਤੀਆਂ ਜਿਸ ਦੀ ਸਿੱਟੇ ਵਜੋਂ ਸਰਕਾਰ ਨੇ ਇਸ ਜਲਸੇ ਨੂੰ ਰਾਜਸੀ ਜਲਸਾ ਦੱਸ ਕੇ ਜਲਸਾ ਰੋਕੂ ਕਾਨੂੰਨ ਅਧੀਨ ਪ੍ਰਧਾਨ ਬਾਬਾ ਖੜਕ ਸਿੰਘ, ਸਕੱਤਰ ਸ. ਮਹਿਤਾਬ ਸਿੰਘ, ਸ. ਭਾਗ ਸਿੰਘ ਵਕੀਲ, ਸ. ਹਰੀ ਸਿੰਘ ਜਲੰਧਰੀ, ਸ. ਗੁਰਚਰਨ ਸਿੰਘ, ਸ. ਸੁੰਦਰ ਸਿੰਘ ਲਾਇਲਪੁਰੀ ਆਦਿ ਹੋਰ ਨੂੰ ਗ੍ਰਿਫ਼ਤਾਰ ਕਰ ਕੇ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ। ਗ੍ਰਿਫ਼ਤਾਰ ਕੀਤੇ ਗਏ ਆਗੂਆਂ ਨੂੰ ਸਰਕਾਰ ਨੇ ਮਾਫ਼ੀ ਮੰਗਣ ਦੀ ਸ਼ਰਤ ਤੇ ਰਿਹਾਅ ਕਰਨ ਦਾ ਭਰੋਸਾ ਦਿੱਤਾ ਪਰ ਕਿਸੇ ਵੀ ਆਗੂ ਨੇ ਮਾਫ਼ੀ ਨਾ ਮੰਗੀ। ਅਦਾਲਤ ਨੇ ਇਨ੍ਹਾਂ ਵਿੱਚੋਂ ਕਈ ਆਗੂਆਂ ਨੂੰ ਇੱਕ-ਇੱਕ ਹਜ਼ਾਰ ਜੁਰਮਾਨਾ ਅਤੇ ਛੇ-ਛੇ ਮਹੀਨੇ ਦੀ ਸਜ਼ਾ ਸੁਣਾਈ। ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰਾਂ ਨੇ ਵੀ ਮਤਾ ਪਾਸ ਕਰਕੇ ਸ਼੍ਰੋਮਣੀ ਕਮੇਟੀ ਦੀ ਹਮਾਇਤ ਕੀਤੀ। ਸ਼੍ਰੋਮਣੀ ਕਮੇਟੀ ਨੇ 6 ਦਸੰਬਰ 1921 ਦੇ ਦਿਨ ਇਕ ਮੀਟਿੰਗ ਵਿੱਚ ਮਤਾ ਪਾਸ ਕੀਤਾ ਕਿ ਜਿੰਨੀ ਦੇਰ ਤੱਕ ਸਾਰੇ ਅਕਾਲੀ ਰਿਹਾ ਨਹੀਂ ਹੁੰਦੇ ਕੋਈ ਵੀ ਸਿੱਖ ਸਰਕਾਰ ਕੋਲੋਂ ਦਰਬਾਰ ਸਾਹਿਬ ਦੇ ਤੋਸ਼ਖਾਨੇ ਦੀਆਂ ਚਾਬੀਆਂ ਪ੍ਰਾਪਤ ਨਾ ਕਰੇ। ਉਨ੍ਹਾਂ ਦੀ ਮੰਗ ਸੀ ਕਿ ਚਾਬੀਆਂ ਪੰਥ ਦੇ ਆਗੂ ਬਾਬਾ ਖੜਕ ਸਿੰਘ ਜੀ ਨੂੰ ਹੀ ਦਿੱਤੀਆਂ ਜਾਣ। ਸਰਕਾਰ ਨੇ ਸਿੱਖਾਂ ਵਿੱਚ ਵਧਦੇ ਗ਼ੁੱਸੇ ਨੂੰ ਭਾਂਪਦੇ ਹੋਏ 5 ਜਨਵਰੀ 1922 ਨੂੰ ਦੇਣ ਦਾ ਫ਼ੈਸਲਾ ਕਰ ਲਿਆ ਪਰ ਕੋਈ ਵੀ ਸਿੱਖ ਚਾਬੀਆਂ ਲੈਣ ਲਈ ਅੱਗੇ ਨਾ ਆਇਆ।
ਸਰਕਾਰ ਨੇ ਸਖ਼ਤੀ ਕਰਕੇ ਵੀ ਦੇਖ ਲਈ ਪਰੰਤੂ ਉਨ੍ਹਾਂ ਦੀ ਸਖ਼ਤੀ ਕਾਰਨ ਇਹ ਲਹਿਰ ਹੋਰ ਵਧੇਰੇ ਜ਼ੋਰ ਫੜਦੀ। ਸੋਹਣ ਸਿੰਘ ਜੋਸ਼ ਆਪਣੀ ਕਿਤਾਬ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਵਿੱਚ ਲਿਖਦੇ ਹਨ ਕਿ ਫ਼ਾਰਸੀ ਦੇ ਮੁਹਾਵਰੇ ਅਨੁਸਾਰ ਸਰਕਾਰ ਕੌਲ ਹੁਣ ‘ਨਾ ਜਾਣ ਨੂੰ ਥਾਂ ਸੀ ਨਾ ਤੁਰਨ ਨੂੰ ਪੈਰ’ ਆਖ਼ਰਕਾਰ ਸਰ ਜਾਨ ਐਨਾਰਡ ਨੇ ਪੰਜਾਬ ਲੈਜਿਸਲੇਟਿਵ ਕੌਸਲ ਵਿੱਚ ਸਿੱਖ ਆਗੂਆਂ ਨੂੰ ਰਿਹਾ ਕਰ ਦੇਣ ਦਾ ਐਲਾਨ ਕੀਤਾ ਜਿਸ ਦੇ ਤਹਿਤ ਹੀ 17 ਜਨਵਰੀ ਨੂੰ 1922 ਨੂੰ ਗ੍ਰਿਫ਼ਤਾਰ ਕੀਤੇ 193 ਸਿੱਖਾਂ ਵਿਚੋਂ 150 ਰਿਹਾ ਕਰ ਦਿੱਤੇ ਗਏ। ਜਦੋ 19 ਜਨਵਰੀ , 1922 ਬਾਬਾ ਖੜਕ ਸਿੰਘ ਤੇ ਹੋਰ ਆਗੂ ਰਿਹਾ ਹੋ ਕੇ ਸ਼੍ਰੀ ਅੰਮ੍ਰਿਤਸਰ ਪਹੁੰਚੇ ਤਾਂ ਸਿੱਖ ਸੰਗਤ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਹੀ ਦਿਨ ਅਕਾਲ ਤਖ਼ਤ ਦੇ ਸਾਹਮਣੇ ਸੰਗਤ ਦੇ ਭਾਰੀ ਇਕੱਠ ਵਿੱਚ ਸਰਕਾਰ ਵੱਲੋਂ ਭੇਜੇ ਨੁਮਾਇਂਦੇ ਤੋਂ ਚਾਬੀਆਂ ਬਾਬਾ ਖੜਕ ਸਿੰਘ ਨੇ ਸੰਗਤ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਭਰੇ ਦੀਵਾਨ ਵਿੱਚ ਪ੍ਰਾਪਤ ਕੀਤੀਆਂ ।
ਇਸ ਜਿੱਤ ਲਈ ਸਿੱਖ ਪੰਥ ਨੂੰ ਚਾਰੇ-ਪਾਸੀਓ ਵਧਾਈਆਂ ਮਿਲਣ ਲੱਗੀਆਂ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮਹਾਤਮਾ ਗਾਧੀ ਵੱਲੋਂ ਇਸ ਮੋਰਚੇ ਨੂੰ ਅਜ਼ਾਦੀ ਦੀ ਪਹਿਲੀ ਜਿੱਤ ਦੱਸਦੇ ਹੋਏ ਬਾਬਾ ਖੜਕ ਸਿੰਘ ਨੂੰ ਭੇਜਿਆ ਵਧਾਈ ਸੰਦੇਸ਼ ਸ਼ਾਮਿਲ ਸੀ। ਮਹਾਤਮਾ ਗਾਧੀ ਨੇ ਬਾਬਾ ਖੜਕ ਸਿੰਘ ਜੀ ਨੂੰ ਜੋ ਤਾਰ ਭੇਜਿਆ ਉਸ ਦੇ ਸ਼ਬਦ ਸਨ: “Sardar Kharak Singh President Shromani Gurudwara Parbhandak Committee Amritsar First Decisive Battle Of India’s Freedom Won, Congratulations.” ਭਾਵ ਕਿ ਦੇਸ਼ ਦੀ ਅਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ….ਵਧਾਈਆਂ। ਪਰ ਅਫ਼ਸੋਸ ਕਿ ਸਿੱਖ ਕੌਮ ਆਪਣਾ ਗੌਰਵਮਈ ਵਿਰਸਾ ਆਮ ਲੁਕਾਈ ਤੱਕ ਪਹੁੰਚਾਉਣ ਵਿੱਚ ਸਫਲ ਨਹੀ ਹੋ ਸਕੀ, ਇਸ ਲਈ ਤਾਂ ਮਾਨ ਸਿੰਘ ਆਪਣੀ ਕਿਤਾਬ ‘ਅਜ਼ਾਦੀ ਦੀ ਸ਼ਮ੍ਹਾ ਦੇ ਸਿੱਖ ਪਰਵਾਨੇ’ ਵਿੱਚ ਲਿਖਦੇ ਹਨ ਕਿ, “ਦੁੱਖ ਇਹ ਹੈ ਕਿ ਲੋਕਾਂ ਨੇ ਧੂੰਏਂ ਦੇ ਪਹਾੜ ਖੜੇ ਕਰ ਵਾਹ-ਵਾਹ ਲੈ ਲਈ ਤੇ ਸਿੱਖਾਂ ਨੇ ਆਪਣੀ ਮਿੱਝ, ਚਰਬੀ ਤੇ ਹੱਡੀਆਂ ਨਾਲ ਖੜੇ ਕੀਤੇ ਮਜ਼ਬੂਤ ਤੇ ਅਹਿੱਲ ਪਹਾੜਾਂ ਦੀ ਕਦਰ ਨਾ ਪਵਾਈ। ਸੋ ਮੌਜੂਦਾ ਸਮੇਂ ਦੀ ਲੋੜ ਹੈ ਕਿ ਅੱਜ ਹਰ ਸਿੱਖ, ਹਰ ਜਥੇਬੰਦੀ, ਹਰ ਸਿੱਖ ਪੰਥ ਦਾ ਨੁਮਾਇੰਦਾ ਆਪਣਾ ਫ਼ਰਜ਼ ਪਹਿਚਾਣਦੇ ਹੋਏ ਸਿੱਖੀ ਦੇ ਮਾਣਮੱਤੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਆਪਣਾ-ਆਪਣਾ ਯੋਗਦਾਨ ਪਾਵੇ ਅਤੇ ਇਸ ਮਹਾਨ ਵਿਰਸੇ ਨੂੰ ਆਮ ਜਨ-ਜਨ ਤੱਕ ਪਹੁੰਚਾਉਣ ਦਾ ਹਰ ਸੰਭਵ ਯਤਨ ਕਰੇ. ..ਆਮੀਨ..!
ਲੇਖਕ ਬਾਰੇ
ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ, ਤਹਿਸੀਲ ਗੜਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ।
- ਜਗਜੀਤ ਸਿੰਘ ਗਣੇਸ਼ਪੁਰhttps://sikharchives.org/kosh/author/%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%97%e0%a8%a3%e0%a9%87%e0%a8%b6%e0%a8%aa%e0%a9%81%e0%a8%b0/March 1, 2021
- ਜਗਜੀਤ ਸਿੰਘ ਗਣੇਸ਼ਪੁਰhttps://sikharchives.org/kosh/author/%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%97%e0%a8%a3%e0%a9%87%e0%a8%b6%e0%a8%aa%e0%a9%81%e0%a8%b0/December 1, 2021