ਰੋ-ਰੋ ਚੁੱਪ ਕਰ ਜਾਣ, ਇਨ੍ਹਾਂ ਕੁੜੀਆਂ ਦਾ ਕੀ ਏ!
ਕੋਈ ਨਾ ਆਏ ਵਰਾਣ, ਇਨ੍ਹਾਂ ਕੁੜੀਆਂ ਦਾ ਕੀ ਏ!
ਮਰ ਜਾਏ ਕੋਈ ਚਿੜੀ ਤਾਂ ਹੰਝੂ ਕੌਣ ਭਰੇ?
ਕਿੱਕਰਾਂ ਦੇ ਫੁੱਲਾਂ ਦੀ ਰਾਖੀ ਕੌਣ ਕਰੇ?
ਹਵਾ ਆਈ ਝੜ ਜਾਣ, ਇਨ੍ਹਾਂ ਕੁੜੀਆਂ ਦਾ ਕੀ ਏ!
ਰੋ-ਰੋ ਚੁੱਪ ਕਰ ਜਾਣ…
ਬਾਬਲ ਦੇ ਘਰ ਝਿੜਕਾਂ, ਸਹੁਰੇ ਮਾਰਾਂ ਨੇ।
ਪੈਰ-ਪੈਰ ’ਤੇ ਸੂਲ਼ਾਂ, ਕੰਡੇ ਖਾਰਾਂ ਨੇ।
ਸਭ ਪੀੜਾਂ ਜਰ ਜਾਣ, ਇਨ੍ਹਾਂ ਕੁੜੀਆਂ ਦਾ ਕੀ ਏ!
ਰੋ-ਰੋ ਚੁੱਪ ਕਰ ਜਾਣ…
ਪੁੱਤ ਵੰਡਾਉਣ ਸਿਆੜਾਂ, ਬੁੱਢੇ ਬਾਪੂ ਤੋਂ।
ਘਰੀਂ ਮਰਾਉਣ ਦੀਵਾਰਾਂ, ਬੁੱਢੇ ਬਾਪੂ ਤੋਂ।
ਇਹ ਕਿਹੜੇ ਦਰ ਜਾਣ, ਇਨ੍ਹਾਂ ਕੁੜੀਆਂ ਦਾ ਕੀ ਏ!
ਰੋ-ਰੋ ਚੁੱਪ ਕਰ ਜਾਣ…
ਸੌ-ਸੌ ਸੁਪਨੇ ਬਾਬਲ ਘਰ ਸਜਾਵਣ ਇਹ।
ਹਉਕੇ, ਹਾਵੇ, ਪੀੜਾਂ, ਸਦਾ ਹੰਢਾਵਣ ਇਹ।
ਸਭ ਸੁਪਨੇ ਮਰ ਜਾਣ, ਇਨ੍ਹਾਂ ਕੁੜੀਆਂ ਦਾ ਕੀ ਏ!
ਰੋ-ਰੋ ਚੁੱਪ ਕਰ ਜਾਣ…
ਪੁੱਤ ਜੰਮੇ ਤਾਂ ਸੌ-ਸੌ ਸ਼ਗਨ ਮਨਾਉਂਦੇ ਓ!
ਧੀ ਜੰਮੇ ਤਾਂ ਮੱਥੇ ’ਤੇ ਵੱਟ ਪਾਉਂਦੇ ਓ!
‘ਬੋਲ਼ੇਵਾਲੀਆ’ ਮਾਣ, ਇਨ੍ਹਾਂ ਕੁੜੀਆਂ ਦਾ ਕੀ ਏ!
ਰੋ-ਰੋ ਚੁੱਪ ਕਰ ਜਾਣ, ਇਨ੍ਹਾਂ ਕੁੜੀਆਂ ਦਾ ਕੀ ਏ!
ਲੇਖਕ ਬਾਰੇ
ਉਮਰਪੁਰਾ, ਸ੍ਰੀ ਹਰਿਗੋਬਿੰਦਪੁਰ ਰੋਡ, ਬਟਾਲਾ-143505. ਮੋ: 9878556130
- ਹੋਰ ਲੇਖ ਉਪਲੱਭਧ ਨਹੀਂ ਹਨ