editor@sikharchives.org

ਭਗਤ ਕਬੀਰ ਜੀ – ਜੀਵਨ ਅਤੇ ਰਚਨਾ

ਭਗਤ ਕਬੀਰ ਜੀ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋ ਗਈ ਉਹੀ ਸਭ ਤੋਂ ਵਧੇਰੇ ਪ੍ਰਮਾਣਿਕ ਮੰਨੀ ਜਾਂਦੀ ਹੈ।
ਬੁੱਕਮਾਰਕ ਕਰੋ (1)

No account yet? Register

ਪੜਨ ਦਾ ਸਮਾਂ: 1 ਮਿੰਟ

ਭਗਤ ਕਬੀਰ ਜੀ ਭਾਰਤ ਦੀ ਭਗਤੀ ਪਰੰਪਰਾ ਦੇ ਉੱਘੇ ਸੰਤ ਹੋਏ ਹਨ ਜਿਨ੍ਹਾਂ ਨੇ ਪ੍ਰਭੂ-ਪ੍ਰੇਮ ਅਤੇ ਲੋਕਾਈ ਦੀ ਭਲਾਈ ਹਿਤ ਆਪਣਾ ਸੰਪੂਰਨ ਜੀਵਨ ਅਰਪਨ ਕਰ ਦਿੱਤਾ ਸੀ। ਪਰਮਾਤਮਾ ਦਾ ਸੰਦੇਸ਼ ਲੋਕਾਂ ਤੱਕ ਲਿਜਾਣ ਅਤੇ ਮਾਨਵਤਾ ਦੀ ਸੇਵਾ ਕਰਦੇ ਹੋਏ ਇਹਨਾਂ ਨੇ ਜਿਹੜੀ ਬਾਣੀ ਦੀ ਰਚਨਾ ਕੀਤੀ ਸੀ ਉਹ ਮੌਜੂਦਾ ਸਮੇਂ ਵਿਚ ਵੀ ਲੋਕ-ਮਨਾਂ ‘ਤੇ ਅਸਰਦਾਰ ਸਾਬਿਤ ਹੋ ਰਹੀ ਹੈ। ਇਸ ਬਾਣੀ ਵਿਚੋਂ 243 ਸਲੋਕ ਅਤੇ 17 ਰਾਗਾਂ ਅਧੀਨ 227 ਪਦੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਸਲੋਕਾਂ ਵਿਚੋਂ 6 ਸਲੋਕ ਗੁਰੂ ਸਾਹਿਬਾਨ ਦੁਆਰਾ ਭਗਤ ਜੀ ਦੀ ਬਾਣੀ ਦੀ ਸਪਸ਼ਟਤਾ ਲਈ ਰਚੇ ਗਏ ਹਨ। ਗੁਰੂ ਅਮਰਦਾਸ ਜੀ ਦਾ ਇਕ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਪੰਜ ਸਲੋਕ ਇਹ ਸਪਸ਼ਟ ਕਰਦੇ ਹਨ ਕਿ ਭਗਤ ਜੀ ਦੀ ਬਾਣੀ ਪਹਿਲਾਂ ਤੋਂ ਹੀ ਗੁਰੂ ਸਾਹਿਬਾਨ ਕੋਲ ਮੌਜੂਦ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਉਦਾਸੀਆਂ ਦੌਰਾਨ ਇਕੱਤਰ ਕੀਤੀ ਮੰਨਿਆ ਜਾਂਦਾ ਹੈ।

ਭਗਤ ਕਬੀਰ ਜੀ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋ ਗਈ ਉਹੀ ਸਭ ਤੋਂ ਵਧੇਰੇ ਪ੍ਰਮਾਣਿਕ ਮੰਨੀ ਜਾਂਦੀ ਹੈ। ਭਗਤ ਕਬੀਰ ਜੀ ਦੀ ਉਕਤ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋ ਕੇ ‘ਗੁਰੂ’ ਦਾ ਦਰਜਾ ਪ੍ਰਾਪਤ ਕਰ ਗਈ ਹੈ। ਕਬੀਰ ਗ੍ਰੰਥਾਵਲੀ ਜਾਂ ਬੀਜਕ ਸਿਰਲੇਖ ਅਧੀਨ ਭਗਤ ਜੀ ਦੀ ਜਿਹੜੀ ਬਾਣੀ ਦਰਜ ਹੈ ਉਸ ਦੀ ਪ੍ਰਮਾਣਿਕਤਾ ਸੰਬੰਧੀ ਵਿਦਵਾਨਾਂ ਵਿਚ ਵਿਚਾਰ-ਚਰਚਾ ਚਲਦੀ ਰਹਿੰਦੀ ਹੈ।

ਭਗਤ ਕਬੀਰ ਜੀ (1398-1518) ਗੁਰੂ ਨਾਨਕ ਦੇਵ ਜੀ (1469-1539) ਦੇ ਸਮਕਾਲੀ ਮੰਨੇ ਜਾਂਦੇ ਹਨ। ਬਨਾਰਸ ਵਿਚ ਜਨਮੇ ਭਗਤ ਜੀ ਦੇ ਜੀਵਨ ਸੰਬੰਧੀ ਬਹੁਤ ਸਾਰੀਆਂ ਸਾਖੀਆਂ ਪ੍ਰਚੱਲਿਤ ਹਨ ਜਿਹੜੀਆਂ ਇਹਨਾਂ ਨੂੰ ਦੂਜੇ ਮਨੁੱਖਾਂ ਤੋਂ ਸ੍ਰੇਸ਼ਟ ਸਾਬਤ ਕਰਦੀਆਂ ਹਨ। ਜਿਵੇਂ ਇਕ ਸਾਖੀ ਵਿਚ ਦੱਸਿਆ ਗਿਆ ਹੈ ਕਿ ਕਬੀਰ ਜੀ ਰੋਜ਼ਾਨਾ ਕੱਪੜਾ ਬੁਣਦੇ ਅਤੇ ਉਸ ਨੂੰ ਵੇਚ ਕੇ ਘਰ ਦੀ ਗੁਜਰ-ਬਸਰ ਕਰਦੇ ਸਨ। ਇਕ ਦਿਨ ਕੱਪੜਾ ਵੇਚਣ ਗਏ ਤਾਂ ਇਕ ਫ਼ਕੀਰ ਮਿਲਿਆ ਜਿਸ ਕੋਲ ਤਨ ਢੱਕਣ ਜੋਗੇ ਕੱਪੜੇ ਵੀ ਨਹੀਂ ਸਨ। ਕਬੀਰ ਜੀ ਨੇ ਉਸ ਨੂੰ ਅੱਧਾ ਕੱਪੜਾ ਦਿੱਤਾ ਤਾਂ ਫ਼ਕੀਰ ਨੇ ਹੋਰ ਮੰਗ ਲਿਆ। ਕਬੀਰ ਜੀ ਨੇ ਘਰ ਦੇ ਗੁਜਾਰੇ ਲਈ ਕੱਪੜਾ ਵੇਚ ਕੇ ਵਸਤਾਂ ਖਰੀਦਣ ਦਾ ਖ਼ਿਆਲ ਛੱਡ ਕੇ ਸਾਰਾ ਕੱਪੜਾ ਹੀ ਉਸ ਫ਼ਕੀਰ ਨੂੰ ਦਾਨ ਕਰ ਦਿੱਤਾ ਸੀ।

ਭਗਤ ਕਬੀਰ ਜੀ ਬਨਾਰਸ ਵਿਖੇ ਰਹਿੰਦੇ ਸਨ ਜਿਥੇ ਜਾਤ-ਪਾਤ ਦਾ ਬਹੁਤ ਖ਼ਿਆਲ ਕੀਤਾ ਜਾਂਦਾ ਸੀ। ਨੀਵੀਂ ਜਾਤ ਵਿਚ ਪੈਦਾ ਹੋਣ ਵਾਲੇ ਨੂੰ ਹੀਨ-ਭਾਵਨਾ ਅਧੀਨ ਦੇਖਿਆ ਜਾਂਦਾ ਸੀ। ਸਮਾਜਿਕ ਰੁਤਬੇ ਕਾਰਨ ਨੀਵੀਂ ਜਾਤ ਵਾਲਿਆਂ ਨੂੰ ਉੱਚ-ਸ਼੍ਰੇਣੀਆਂ ਅਧੀਨ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। ਸ਼ੂਦਰ ਸਮਝੀਆਂ ਜਾਣ ਵਾਲੀਆਂ ਸਮੂਹ ਜਾਤਾਂ ਨੂੰ ਧਾਰਮਿਕ ਅਸਥਾਨਾਂ ਵਿਚ ਪ੍ਰਵੇਸ਼ ਕਰਨ ਅਤੇ ਧਾਰਮਿਕ ਗ੍ਰੰਥ ਪੜ੍ਹਨ ਦੀ ਸਖ਼ਤ ਮਨਾਹੀ ਸੀ। ਇਥੋਂ ਤੱਕ ਕਿ ਉਹਨਾਂ ਦੇ ਪਾਣੀ ਪੀਣ ਵਾਲੇ ਖੂਹ ਵੀ ਵੱਖੋ-ਵੱਖਰੇ ਸਨ।

ਸਮਾਜਿਕ ਬਰਾਬਰੀ ਹੋਣਾ ਤਾਂ ਦੂਰ ਦੀ ਗੱਲ, ਸੋਚਣਾ ਵੀ ਪਾਪ ਸਮਝਿਆ ਜਾਂਦਾ ਸੀ। ਭਗਤ ਜੀ ਸਮਾਜ ਨੂੰ ਦੁਨਿਆਵੀ ਵਰਗ-ਵੰਡ ਅਤੇ ਵਰਣ-ਵੰਡ ਤੋਂ ਮੁਕਤ ਕਰ ਕੇ ਅਧਿਆਤਮਿਕ ਵਿਕਾਸ ‘ਤੇ ਜ਼ੋਰ ਦਿੰਦੇ ਸਨ। ਇਹ ਸਮਝਦੇ ਸਨ ਕਿ ਕਿਸੇ ਵੀ ਜਾਤ ਜਾਂ ਵਰਣ ਵਿਚ ਪੈਦਾ ਹੋਣ ਵਾਲਾ ਮਨੁੱਖ ਆਪਣੇ ਕਰਮਾਂ ਕਰ ਕੇ ਸ੍ਰੇਸ਼ਟ ਹੋ ਸਕਦਾ ਹੈ। ਇਸ ਕਰ ਕੇ ਇਹ ਆਪਣੀ ਜਾਤ ਜੁਲਾਹਾ ਦੱਸਦੇ ਹਨ –

ਜਾਤਿ ਜੁਲਾਹਾ ਮਤਿ ਕਾ ਧੀਰੁ॥ (ਗੁ.ਗ੍ਰੰ., 328)

ਪਰ ਨਾਲ ਹੀ ਭਗਤ ਜੀ ਲੋਕਾਈ ਦਾ ਮਾਰਗ ਦਰਸ਼ਨ ਕਰਦੇ ਹੋਏ ਕਹਿੰਦੇ ਹਨ ਕਿ ਨੀਵੀਂ ਜਾਤ ਵਿਚ ਜਨਮ ਲੈਣ ਵਾਲਾ ਵਿਅਕਤੀ ਪ੍ਰਭੂ ਦੀ ਬਖ਼ਸ਼ਿਸ਼ ਦੁਆਰਾ ਉੱਚਾ ਹੋ ਜਾਂਦਾ ਹੈ।

ਕਬੀਰ ਜੀ ਦੱਸਦੇ ਹਨ ਕਿ ਮਨੁੱਖ ਦਾ ਜਨਮ ਭਾਵੇਂ ਕਿਸੇ ਵੀ ਜਾਤ ਵਿਚ ਹੋਇਆ ਹੋਵੇ ਪਰ ਪ੍ਰਭੂ ਦੀ ਬਖ਼ਸ਼ਿਸ਼ ਕਾਰਨ ਉਹ ਸਮੂਹ ਦੁਨਿਆਵੀ ਜੰਜਾਲਾਂ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ:

ਓਛੀ ਮਤਿ ਮੇਰੀ ਜਾਤਿ ਜੁਲਾਹਾ॥
ਹਰਿ ਕਾ ਨਾਮੁ ਲਹਿਓ ਮੈ ਲਾਹਾ॥
ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ॥
ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ॥

ਭਗਤ ਕਬੀਰ ਜੀ ਨੀਵੀਆਂ ਜਾਤਾਂ ਵਿਚ ਜਨਮ ਲੈਣ ਵਾਲਿਆਂ ਨੂੰ ਹੀ ਪ੍ਰਭੂ-ਭਗਤੀ ਕਰਨ ਲਈ ਪ੍ਰੇਰਨਾ ਪੈਦਾ ਨਹੀਂ ਕਰਦੇ ਬਲਕਿ ਉਹ ਉੱਚ-ਜਾਤਾਂ ਵਿਚ ਜਨਮ ਲੈਣ ਵਾਲਿਆਂ ਨੂੰ ਵੀ ਪ੍ਰਭੂ-ਭਗਤੀ ਤੋਂ ਬਗ਼ੈਰ ਖੋਖਲਾ ਦੱਸਦੇ ਹਨ।

ਭਗਤ ਜੀ ਜਨਮ ਨੂੰ ਸਮਾਜਿਕ ਵਰਗ-ਵੰਡ ਦਾ ਅਧਾਰ ਨਹੀਂ ਮੰਨਦੇ, ਪ੍ਰਭੂ-ਭਗਤੀ ਅਤੇ ਬਖ਼ਸ਼ਿਸ਼ ਨੂੰ ਉਹ ਇਸ ਦਾ ਅਧਾਰ ਬਣਾਉਂਦੇ ਹਨ। ਭਗਤ ਜੀ ਇਹ ਸਮਝਦੇ ਸਨ ਕਿ ਪ੍ਰਭੂ-ਬੰਦਗੀ ਨਾਲ ਜੁੜੇ ਹੋਏ ਮਨੁੱਖ ਸ੍ਰ੍ਰੇਸ਼ਟ ਹਨ ਅਤੇ ਜਿਹੜੇ ਮਨੁੱਖ ਜਾਤ ਦਾ ਹੰਕਾਰ ਕਰਦੇ ਹਨ ਉਹ ਨੀਵੇਂ ਹਨ। ਤਤਕਾਲੀ ਸਮੇਂ ਦੀ ਸਰਬਉੱਚ ਮੰਨੀ ਜਾਂਦੀ ਸ਼੍ਰੇਣੀ ਬ੍ਰਾਹਮਣ ਵਰਗ ਵਿਚ ਸ਼ਾਮਲ ਮਨੁੱਖਾਂ ਨੂੰ ਉਹ ਬਹੁਤ ਸਖ਼ਤ ਸ਼ਬਦਾਂ ਵਿਚ ਝੰਜੋੜਦੇ ਹਨ।

ਭਗਤ ਜੀ ਕਹਿੰਦੇ ਹਨ ਕਿ ਪਰਮਾਤਮਾ ਦੀ ਜੋਤ ਨਾਲ ਹੀ ਬੱਚੇ ਦਾ ਜਨਮ ਹੁੰਦਾ ਹੈ ਅਤੇ ਜਨਮ ਲੈਣ ਤੋਂ ਪਹਿਲਾਂ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ। ਬ੍ਰਾਹਮਣ ਜਾਤ-ਅਭਿਮਾਨੀਆਂ ਪ੍ਰਤੀ ਸਖ਼ਤ ਟਿੱਪਣੀਆਂ ਕਰਦੇ ਹੋਏ ਉਹ ਕਹਿੰਦੇ ਹਨ:

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥

ਜਾਤ-ਪਾਤ, ਊਚ-ਨੀਚ, ਵਹਿਮਾਂ-ਭਰਮਾਂ, ਪਾਖੰਡਾਂ ਆਦਿ ਪ੍ਰਤੀ ਭਗਤ ਕਬੀਰ ਜੀ ਮਨੁੱਖਤਾ ਨੂੰ ਸੁਚੇਤ ਕਰਦੇ ਹਨ। ਉਹਨਾਂ ਦੇ ਸਮੇਂ ਬਨਾਰਸ ਹਿੰਦੂਆਂ ਦਾ ਪ੍ਰਮੁਖ ਤੀਰਥ ਅਸਥਾਨ ਸੀ ਅਤੇ ਆਮ ਲੋਕ ਬ੍ਰਾਹਮਣ ਦੀ ਪੂਜਾ-ਭੇਟਾ ਰਾਹੀਂ ਮੁਕਤੀ ਲਈ ਆਸਵੰਦ ਸਨ। ਲੋਕਾਈ ਦੀ ਭਲਾਈ ਵਾਲਾ ਮਾਰਗ ਧਾਰਨ ਕਰਨ ਕਰ ਕੇ ਬਹੁਤ ਸਾਰੀਆਂ ਉੱਚ ਜਾਤੀਆਂ ਵਾਲੇ ਲੋਕ ਭਗਤ ਜੀ ਦੇ ਸਖ਼ਤ ਵਿਰੋਧੀ ਹੋ ਗਏ ਸਨ। ਉਹਨਾਂ ਨੇ ਭਗਤ ਜੀ ਨੂੰ ਮਾਰਨ ਦਾ ਅਸਫ਼ਲ ਯਤਨ ਵੀ ਕੀਤਾ ਸੀ ਪਰ ਭਗਤ ਜੀ ਆਪਣੇ ਮਾਰਗ ਤੋਂ ਨਾ ਤਾਂ ਕਦੇ ਡੋਲੇ ਸਨ ਅਤੇ ਨਾ ਹੀ ਉਹਨਾਂ ਨੇ ਪ੍ਰਭੂ ਨੂੰ ਕਦੇ ਕੋਈ ਗਿਲਾ ਕੀਤਾ ਸੀ। ਪਰਮਾਤਮਾ ਵਿਚ ਅਟੁੱਟ ਵਿਸ਼ਵਾਸ ਅਤੇ ਉਸ ਦੀ ਰਜ਼ਾ ਵਿਚ ਜੀਵਨ ਬਸਰ ਕਰਨ ਦੀ ਚੇਸ਼ਟਾ ਪ੍ਰਗਟ ਕਰਦੇ ਹੋਏ ਉਹ ਕਹਿੰਦੇ ਹਨ:

ਹਮ ਤੁਅ ਪਰਸਾਦਿ ਸੁਖੀ ਸਦ ਹੀ॥

ਪਰਮਾਤਮਾ ਦੀ ਰਜ਼ਾ ਵਿਚ ਰਹਿੰਦੇ ਹੋਏ ਭਗਤ ਜੀ ਨੇ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦਾ ਕਾਰਜ ਅਰੰਭ ਕੀਤਾ ਸੀ। ਭੇਦਭਾਵ ਅਤੇ ਕਰਮਕਾਂਡ ਦਾ ਜਿਹੜਾ ਮੱਕੜਜਾਲ ਪ੍ਰੋਹਿਤ ਸ਼੍ਰੇਣੀ ਵੱਲੋਂ ਫੈਲਾਇਆ ਜਾ ਰਿਹਾ ਸੀ, ਭਗਤ ਜੀ ਨੇ ਉਸ ਨੂੰ ਤੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਬਨਾਰਸ ਦੀ ਪ੍ਰੋਹਿਤ ਸ਼੍ਰੇਣੀ ਨੇ ਲੋਕਾਂ ਦੀ ਲੁੱਟ-ਖਸੁੱਟ ਕਰਨ ਲਈ ਜਦੋਂ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਮਨੁੱਖ ਬਨਾਰਸ ਵਿਖੇ ਨਹੀਂ ਮਰਦਾ ਉਸ ਦੀ ਮੁਕਤੀ ਨਹੀਂ ਹੁੰਦੀ ਅਤੇ ਜਿਹੜਾ ਉਥੋਂ ਕੁੱਝ ਦੂਰੀ ‘ਤੇ ਸਥਿਤ ਨਗਰ ਮਗਹਰ ਵਿਚ ਪ੍ਰਾਣ ਤਿਆਗਦਾ ਹੈ ਉਹ ਖੋਤੇ ਦੀ ਜੂਨ ਵਿਚ ਪੈਂਦਾ ਹੈ। ਭਗਤ ਜੀ ਨੇ ਇਸ ਐਲਾਨ ਦਾ ਗੰਭੀਰ ਨੋਟਿਸ ਲਿਆ ਅਤੇ ਉਹ ਲੋਕਾਈ ਨੂੰ ਇਸ ਭਰਮਜਾਲ ਵਿਚੋਂ ਸਦੀਵੀ ਤੌਰ ‘ਤੇ ਬਾਹਰ ਕੱਢਣ ਲਈ ਆਪਣੇ ਜੀਵਨ ਦੇ ਅੰਤਿਮ ਸਮੇਂ ਬਨਾਰਸ ਛੱਡ ਕੇ ਮਗਹਰ ਚਲੇ ਗਏ ਸਨ ਕਿਉਂਕਿ ਉਹ ਸਮਝਦੇ ਸਨ ਕਿ ਸਮੁੱਚੀ ਧਰਤੀ ਪਰਮਾਤਮਾ ਨੇ ਪੈਦਾ ਕੀਤੀ ਹੈ ਅਤੇ ਇਥੇ ਉਹੀ ਕਾਰਜ ਸਹੀ ਦਿਸ਼ਾ ਵੱਲ ਹੈ ਜਿਹੜਾ ਉਸ ਵੱਲ ਲਿਜਾਣ ਲਈ ਸਹਾਈ ਹੁੰਦਾ ਹੈ। ਭਗਤ ਜੀ ਕਹਿੰਦੇ ਹਨ:

ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ॥
ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ॥
ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ॥

ਭਗਤ ਜੀ ਆਮ ਲੋਕਾਂ ਨੂੰ ਪ੍ਰਭੂ-ਮੁਖੀ ਜੀਵਨਜਾਚ ਧਾਰਨ ਕਰਨ ਦੀ ਪ੍ਰੇਰਨਾ ਪੈਦਾ ਕਰਨ ਦੇ ਨਾਲ-ਨਾਲ ਅਜਿਹੀ ਜੀਵਨਜਾਚ ਧਾਰਨ ਕਰਨ ‘ਤੇ ਜੋਰ ਦਿੰਦੇ ਹਨ ਜਿਸ ਵਿਚੋਂ ਸਤ, ਸੰਤੋਖ, ਦਇਆ, ਧਰਮ, ਧੀਰਜ ਅਤੇ ਪਰਉਪਕਾਰ ਜਿਹੇ ਗੁਣ ਪੈਦਾ ਹੁੰਦੇ ਹਨ ਅਤੇ ਜਿਹਨਾਂ ਨੂੰ ਧਾਰਨ ਕਾਰਨ ਨਾਲ ਮਨ ਵਿਚੋਂ ਵਿਕਾਰਾਂ ਦਾ ਨਾਸ਼ ਹੁੰਦਾ ਹੈ। ਭਗਤ ਜੀ ਦੀ ਸਮੁੱਚੀ ਬਾਣੀ ਲੋਕਾਈ ਦਾ ਮਾਰਗ ਦਰਸ਼ਨ ਕਰਦੀ ਹੈ ਪਰ ਇਹਨਾਂ ਦੁਆਰਾ ਰਚੇ ਗਏ ਸਲੋਕ ਮਨ ‘ਤੇ ਗੰਭੀਰ ਅਸਰ ਪਾਉਂਦੇ ਹਨ।

ਭਗਤ ਜੀ ਦੀ ਬਾਣੀ ਰੂੜ੍ਹੀਵਾਦੀ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਸਦਾਚਾਰੀ ਜੀਵਨਜਾਚ ਗ੍ਰਹਿਣ ਕਰਨ ‘ਤੇ ਜੋਰ ਦਿੰਦੀ ਹੈ। ਮਨੁੱਖ ਨੂੰ ਮਿੱਟੀ ਦਾ ਪੁਤਲਾ ਮੰਨ ਕੇ ਉਹ ਇਸ ਦੀ ਨਾਸ਼ਮਾਨਤਾ ਵੱਲ ਸੰਕੇਤ ਕਰਦੇ ਹਨ। ਇਸ ਨਾਸ਼ਵਾਨ ਸਰੀਰ ਦੀ ਸਾਰਥਕਤਾ ਸ਼ੁਭ ਕਾਰਜਾਂ ਰਾਹੀਂ ਪ੍ਰਗਟ ਹੁੰਦੀ ਹੈ ਜਿਸ ਵਿਚੋਂ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਅਤੇ ਮਨ ਦਵੈਤ ਵਿਚ ਭਟਕਣ ਦੀ ਬਜਾਏ ਅਦਵੈਤ ਨਾਲ ਇਕਸੁਰ ਹੋ ਜਾਂਦਾ ਹੈ। ਭਗਤ ਜੀ ਇਹ ਸਮੂਹ ਕਾਰਜ ਸੱਚੇ ਗੁਰੂ ਦੀ ਅਗਵਾਈ ਵਿਚ ਸੰਭਵ ਮੰਨਦੇ ਹਨ।

ਭਗਤ ਜੀ ਦਾ ਭਾਰਤੀ ਮਾਨਸਿਕਤਾ ‘ਤੇ ਕਿੰਨਾ ਪ੍ਰਭਾਵ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਦੀ ਬਾਣੀ ਲੋਕ ਮੁਹਾਵਰੇ ਵਾਂਗ ਵਰਤੀ ਜਾਂਦੀ ਹੈ ਜਿਵੇਂ:

ਭੂਖੇ ਭਗਤਿ ਨ ਕੀਜੈ॥
ਯਹ ਮਾਲਾ ਅਪਨੀ ਲੀਜੈ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥

ਭਾਰਤ ਦੀ ਭਗਤੀ ਪਰੰਪਰਾ ਅਤੇ ਮੱਧਕਾਲੀ ਚਿੰਤਨ ਨਾਲ ਸੰਬੰਧਿਤ ਕੋਈ ਵੀ ਕਾਰਜ ਭਗਤ ਕਬੀਰ ਜੀ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਸਮਝੇ ਬਗ਼ੈਰ ਅਧੂਰਾ ਹੈ। ਭਾਰਤ ਦੀ ਪ੍ਰਚਾਰਕ ਸ਼੍ਰੇਣੀ, ਅਕਾਦਮਿਕ ਕਾਰਜਾਂ ਵਿਚ ਰੁਚੀ ਰੱਖਣ ਵਾਲੇ ਵਿਦਵਾਨ ਅਤੇ ਆਮ ਲੋਕ ਭਗਤ ਜੀ ਦੀ ਬਾਣੀ ਅਤੇ ਕਾਰਜਾਂ ਦੀ ਆਮ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ।

ਬੁੱਕਮਾਰਕ ਕਰੋ (1)

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (1)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)