editor@sikharchives.org

ਬਾਬਾ ਬੰਦਾ ਸਿੰਘ ਬਹਾਦਰ ਅਤੇ ਮਾਤਾ ਸੁੰਦਰੀ ਜੀ

ਬਾਬਾ ਬੰਦਾ ਸਿੰਘ ਬਹਾਦਰ ਅਤੇ ਮਾਤਾ ਸੁੰਦਰੀ ਜੀ ਸਮਕਾਲੀ ਸਨ।
ਬੁੱਕਮਾਰਕ ਕਰੋ (1)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬਾਬਾ ਬੰਦਾ ਸਿੰਘ ਬਹਾਦਰ ਅਤੇ ਮਾਤਾ ਸੁੰਦਰੀ ਜੀ ਸਮਕਾਲੀ ਸਨ। ਦੋਵਾਂ ਦਾ ਕਦੇ ਕੋਈ ਮੇਲ ਹੋਇਆ ਸੀ? ਇਸ ਤੱਥ ਨੂੰ ਪ੍ਰਮਾਣਿਤ ਕਰਨ ਵਾਲੀ ਕੋਈ ਵੀ ਗਵਾਹੀ ਨਹੀਂ ਮਿਲਦੀ। ਸਿੱਖ ਇਤਿਹਾਸ ਦੀਆਂ ਲਿਖਤਾਂ ਸੰਬੰਧੀ ਦੋਵਾਂ ਬਾਰੇ ਲਿਖਿਆ ਹੋਇਆ ਮਿਲਦਾ ਹੈ ਅਤੇ ਜਿਸ ਵਿਦਵਾਨ ਦੀ ਰੁਚੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਨੂੰ ਉਭਾਰਨ ਦੀ ਸੀ, ਉਸ ਨੇ ਮਾਤਾ ਸੁੰਦਰੀ ਜੀ ਸੰਬੰਧੀ ਨਕਾਰਾਤਮਿਕ ਟਿੱਪਣੀਆਂ ਕੀਤੀਆਂ ਹਨ ਅਤੇ ਜਿਸ ਲੇਖਕ ਨੇ ਮਾਤਾ ਸੁੰਦਰੀ ਜੀ ਨੂੰ ਪੰਥ ਦੀ ਰਾਜਨੀਤਿਕ ਆਗੂ ਵੱਜੋਂ ਪੇਸ਼ ਕਰਨ ਦਾ ਯਤਨ ਕੀਤਾ ਹੈ ਉਸ ਨੇ ਬਾਬਾ ਜੀ ‘ਤੇ ਗੰਭੀਰ ਦੋਸ਼ ਲਾਏ ਹਨ।

ਸਿੱਖਾਂ ਵਿਚ ਕਿਸੇ ਗੁਰਸਿੱਖ ਦਾ ਅਧਾਰ ਖ਼ਤਮ ਕਰਨ ਲਈ ਉਸ ‘ਤੇ ਸਭ ਤੋਂ ਵੱਡਾ ਗੰਭੀਰ ਦੋਸ਼ ਇਹ ਲਾਇਆ ਜਾਂਦਾ ਹੈ ਕਿ ਉਹ ਗੁਰੂ ਤੋਂ ਬੇਮੁਖ ਹੋ ਗਿਆ ਹੈ। ਗੁਰੂ ਅਰਜਨ ਦੇਵ ਜੀ ਬੇਮੁਖਾਂ ਲਈ ਬਹੁਤ ਹੀ ਸਖ਼ਤ ਟਿੱਪਣੀ ਕਰਦੇ ਹੋਏ ਕਹਿੰਦੇ ਹਨ –

ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥

ਇਸ ਦਾ ਭਾਵ ਹੈ ਕਿ ਬੇਮੁਖਾਂ ਨੂੰ ਕਿਤੇ ਆਸਰਾ ਨਹੀਂ ਮਿਲਦਾ ਅਤੇ ਉਹ ਹਮੇਸ਼ਾਂ ਭਟਕਣ ਵਿਚ ਪਏ ਰਹਿੰਦੇ ਹਨ। ਗੁਰਬਾਣੀ ਸਿਧਾਂਤ ਵਿਚ ਬੇਮੁਖਾਂ ਨੂੰ ਮਨਮੁਖਾਂ ਤੋਂ ਵੱਡਾ ਦੋਸ਼ੀ ਮੰਨਿਆ ਗਿਆ ਹੈ। ਮਨਮੁਖ ਤੋਂ ਤਾਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਸਵਾਰਥ ਜਾਂ ਲਾਲਚ ਵੱਸ ਉਹ ਕਦੇ ਗੁਰੂ ਵੱਲ ਮੁੜ ਸਕਦੇ ਹਨ ਪਰ ਬੇਮੁਖਾਂ ਤੋਂ ਇਹ ਆਸ ਵੀ ਨਹੀਂ ਕੀਤੀ ਜਾ ਸਕਦੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਅਤੇ ਆਪਣੇ ਚਾਰ ਸਾਲਾ ਸਪੁੱਤਰ ਬਾਬਾ ਅਜੈ ਸਿੰਘ ਦੀ ਸ਼ਹਾਦਤ ਦੇ ਕੇ ਸਿੱਖੀ ਕਾਇਮ ਰੱਖੀ ਸੀ, ਉਸ ਨਾਲ ਇਹ ਸ਼ਬਦ ਜੋੜਿਆ ਜਾਣਾ ਬੇਹੱਦ ਪੀੜਾਦਾਇਕ ਮਹਿਸੂਸ ਹੁੰਦਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੇ ਕੁੱਝ-ਇਕ ਹੁਕਮਨਾਮੇ ਮਿਲਦੇ ਹਨ। ਇਹਨਾਂ ਤੋਂ ਇਲਾਵਾ ਉਸ ਦੇ ਹੋਰ ਕੋਈ ਬਚਨ ਸੁਣਨ ਨੂੰ ਨਹੀਂ ਮਿਲਦੇ ਜਿਨ੍ਹਾਂ ਦੇ ਅਧਾਰ ‘ਤੇ ਉਸ ਦੀ ਸ਼ਖ਼ਸੀਅਤ ਜਾਂ ਕਾਰਜਾਂ ਦਾ ਲੇਖਾ-ਜੋਖਾ ਕੀਤਾ ਜਾ ਸਕੇ। ਉਸ ਦੁਆਰਾ ਕੀਤੇ ਗਏ ਕਾਰਜਾਂ ਨੂੰ ਲਿਖਾਰੀਆਂ ਨੇ ਕਲਮਬੰਦ ਕੀਤਾ ਹੈ ਅਤੇ ਉਹਨਾਂ ਦੇ ਅਧਾਰ ‘ਤੇ ਹੀ ਬਾਬਾ ਜੀ ਦੇ ਜੀਵਨ ਸੰਬੰਧੀ ਵਿਭਿੰਨ ਵੇਰਵੇ ਦੇਖਣ ਨੂੰ ਮਿਲਦੇ ਹਨ। ਸਮਕਾਲੀ ਸਰੋਤ ਦੁਸ਼ਮਣਾਂ ਦੁਆਰਾ ਲਿਖੇ ਗਏ ਹਨ ਜਿਨ੍ਹਾਂ ਵਿਚ ਬਾਬਾ ਜੀ ਸੰਬੰਧੀ ਦੁਰਭਾਵਨਾ ਪ੍ਰਗਟ ਕੀਤੀ ਗਈ ਹੈ ਪਰ ਇਤਿਹਾਸਕਾਰਾਂ ਨੇ ਉਸ ਵਿਚੋਂ ਵੀ ਉਸ ਦੀ ਸੂਰਬੀਰਤਾ ਦੇ ਦਰਸ਼ਨ ਕਰਵਾ ਦਿੱਤੇ ਹਨ ਜਿਵੇਂ ਅਸਰਾਰਿ ਸਮਦੀ ਦਾ ਕਰਤਾ ਲਿਖਦਾ ਹੈ ਕਿ ‘ਹਿੰਦੁਸਤਾਨ ਵਿਚ ਇਕ ਵੀ ਅਜਿਹਾ ਅਮੀਰ ਨਹੀਂ ਸੀ ਕਿ ਜਿਸਦੇ ਚਿਹਰੇ ਉਤੇ ਉਸ ਨੇ ਤਲਵਾਰ ਨਾ ਮਾਰੀ ਹੋਵੇ’।

ਸਿੱਖ ਇਤਿਹਾਸਕਾਰਾਂ ਵਿਚ ਰਤਨ ਸਿੰਘ ਭੰਗੂ ਦਾ ਨਾਂ ਪ੍ਰਮੁੱਖ ਤੌਰ ‘ਤੇ ਸਾਹਮਣੇ ਆਉਂਦਾ ਹੈ ਜਿਸ ਨੇ ਸ੍ਰੀ ਗੁਰ ਪੰਥ ਪ੍ਰਕਾਸ਼ ਸਿਰਲੇਖ ਅਧੀਨ ਆਪਣੀ ਪੁਸਤਕ ਵਿਚ ਸਿੱਖ ਇਤਿਹਾਸ ਸੰਬੰਧੀ ਬਹੁਤ ਹੀ ਮਹੱਤਵਪੂਰਨ ਤੱਥ ਪੇਸ਼ ਕੀਤੇ ਹਨ ਪਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਾਤਾ ਸੁੰਦਰੀ ਜੀ ਸੰਬੰਧੀ ਲਿਖਣ ਲੱਗਿਆਂ ਉਹ ਵੀ ਬਾਬਾ ਜੀ ਦੀ ਸ਼ਖ਼ਸੀਅਤ ਨਾਲ ਇਨਸਾਫ਼ ਨਹੀਂ ਕਰਦਾ। ਉਹ ਕਹਿੰਦਾ ਹੈ ਕਿ ਬੰਦਾ ਸ਼ਾਹੀ ਹਕੂਮਤ ਦੇ ਹੱਥ ਨਾ ਆਇਆ ਤੇ ਹਕੂਮਤ ਦੇ ਸਾਰੇ ਜਰਨੈਲ ਉਸ ਨੂੰ ਫੜਨ ਜਾਂ ਮਾਤ ਪਾਉਣ ਵਿਚ ਅਸਫਲ ਰਹੇ। ਬਾਬਾ ਬੰਦਾ ਸਿੰਘ ਬਹਾਦਰ ਦਾ ਡਰ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਉਸ ਦੇ ਛੇਤੀ ਹੀ ਦਿੱਲੀ ‘ਤੇ ਹਮਲਾ ਕਰਨ ਦੀਆਂ ਅਫਵਾਹਾਂ ਗਰਮ ਹੋ ਗਈਆਂ ਸਨ। ਬਾਦਸ਼ਾਹ ਨੇ ਆਪਣੀ ਰਾਜਗੱਦੀ ਨੂੰ ਸਿੱਧਾ ਖਤਰਾ ਮਹਿਸੂਸ ਕਰਦੇ ਹੋਏ ਆਪਣੇ ਸਲਾਹਕਾਰਾਂ ਦੀ ਸਲਾਹ ਅਨੁਸਾਰ, ਸੰਕਟ ਦੀ ਇਸ ਔਖੀ ਘੜੀ ਵਿਚ, ਮਾਤਾ ਸੁੰਦਰੀ ਜੀ ਤੋਂ ਸਹਾਇਤਾ ਮੰਗਣ ਲਈ ਕਿਹਾ। ਭਾਈ ਨੰਦ ਲਾਲ ਗੁਰੂ-ਘਰ ਦੇ ਨਿਕਟਵਰਤੀ ਸਨ ਅਤੇ ਇਸੇ ਲਈ ਉਨ੍ਹਾਂ ਨੂੰ ਬਾਦਸ਼ਾਹ ਫ਼ਰੁੱਖਸੀਅਰ ਨੇ ਮਾਤਾ ਜੀ ਕੋਲ ਭੇਜਿਆ ਤਾਂ ਕਿ ਉਹ ਬੰਦੇ ਨੂੰ ਪੰਜਾਬ ਵਿਚ ਹੋਰ ਕਾਰਵਾਈਆਂ ਕਰਨ ਤੋਂ ਰੋਕ ਦੇਣ। ਜਦੋਂ ਭਾਈ ਨੰਦ ਲਾਲ ਜੀ ਨੇ ਮਾਤਾ ਜੀ ਨੂੰ ਇਸ ਕਾਰਜ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੰਦੇ ਨੇ ਬਹੁਤ ਸਾਰੀ ਫ਼ੌਜ ਰੱਖ ਲਈ ਹੈ ਅਤੇ ਹੁਣ ਉਹ ਸਾਡੇ ਕਹਿਣ ਤੋਂ ਬਾਹਰ ਹੈ। ਭਾਈ ਨੰਦ ਲਾਲ ਨੇ ਮਾਤਾ ਜੀ ਨੂੰ ਫਿਰ ਕਿਹਾ ਕਿ ਬੰਦਾ ਮੰਨੇ ਭਾਵੇਂ ਨਾ ਪਰ ਉਹ ਆਪਣੇ ਵੱਲੋਂ ਕਹਿ ਕੇ ਸੁਰਖਰੂ ਹੋ ਜਾਣ।

ਰਤਨ ਸਿੰਘ ਭੰਗੂ ਨੇ ਮਾਤਾ ਸੁੰਦਰੀ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਕਾਰ ਜਿਹੜਾ ਦਵੰਦ ਪੈਦਾ ਕੀਤਾ ਹੈ ਉਸੇ ਨੂੰ ਬਾਅਦ ਵਾਲੇ ਲੇਖਕਾਂ ਨੇ ਆਧਾਰ ਬਣਾਇਆ ਹੈ। ਗਿਆਨੀ ਗਿਆਨ ਸਿੰਘ ਰਤਨ ਸਿੰਘ ਭੰਗੂ ਤੋਂ ਵੀ ਅੱਗੇ ਵਧਦੇ ਹੋਏ ਲਿਖਦੇ ਹਨ ਕਿ ਭਾਈ ਮਨੀ ਸਿੰਘ ਅਤੇ ਭਾਈ ਨੰਦ ਲਾਲ ਨੇ ਮਾਤਾ ਜੀ ਨੂੰ ਸਿੱਖਾਂ ਵਿਚ ਫੁੱਟ ਪਾਉਣ ਤੋਂ ਰੋਕਿਆ ਪਰ ਮਾਤਾ ਜੀ ਨਹੀਂ ਮੰਨੇ:

ਮਨੀ ਸਿੰਘ ਸਾਹਿਬ ਸਸੀ ਨੰਦ ਲਾਲ ਲੌ ਸਾਰ।
ਆਖ ਰਹੇ ਨਹਿ ਪੰਥ ਮੈਂ ਫੂਟ ਮਾਤ ਜੀ ਡਾਰ।

ਅਜਿਹਾ ਨਹੀਂ ਕਿ ਸਾਰੇ ਸਿੱਖ ਇਤਿਹਾਸਕਾਰਾਂ ਨੇ ਰਤਨ ਸਿੰਘ ਭੰਗੂ ਅਤੇ ਗਿਆਨੀ ਗਿਆਨ ਸਿੰਘ ਜੀ ਦੀ ਇਸ ਗੱਲ ਨੂੰ ਸਹੀ ਮੰਨਿਆ ਹੈ ਬਲਕਿ ਕੁਝ ਇਕ ਨੇ ਇਸ ਪੂਰੇ ਬਿਰਤਾਂਤ ਤੇ ਆਪਣੀ ਰਾਇ ਪ੍ਰਗਟ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਜਿਵੇਂ ਕਿ ਸ਼ੇਰਿ ਪੰਜਾਬ ਲਾਹੌਰ ਦਾ ਐਡੀਟਰ ਸ. ਅਮਰ ਸਿੰਘ ਕਹਿੰਦਾ ਹੈ:

“ਸਿਖ ਇਤਿਹਾਸਕਾਰਾਂ ਦੀ ਅਵਿਚਾਰ, ਵਿਦਿਯਾ-ਹੀਣਤਾ ਤੇ ਬੇਸਮਝੀ ਪਰ ਸ਼ੋਕ! ਮਹਾਂ ਸ਼ੋਕ!! ‘ਉਲਟੀ ਗੰਗ ਪਹੋਏ ਨੂੰ ਵਤ ਉਨ੍ਹਾਂ ਨੇ ਇਸ ਦੇਵਤਾ ਸਰੂਪ ਧਰਮ ਮਾਤਾ ਤੇ ਪਵਿਤ੍ਰ ਆਤਮਾ ਦੇਵੀ ਦੇ ਵਿਰੁੱਧ ਅਣਜਾਣਪੁਣੇ ਵਿਚ ਏਹ ਦੋਸ਼ ਲਾ ਦਿੱਤਾ ਜੁ ਮਾਤਾ ਜੀ ਖ਼ਾਲਸਾ ਪੰਥ ਦੀ ਸਾਰੇ ਹਿੰਦੁਸਤਾਨ ਪਰ ਬਾਦਸ਼ਾਹੀ, ਪੰਥਕ ਜਥੇਬੰਦੀ ਤੇ ਪ੍ਰੇਮ ਅਰ ਉਨਤੀ ਦੇ ਰਸਤੇ ਵਿਚ ਰੋਕ ਬਣ ਗਏ। ਸਾਰੇ ਇਤਿਹਾਸਕਾਰ ਮਖੀ ਪਰ ਮਖੀ ਮਾਰਦੇ ਰਹੇ ਅਰ ਕਿਸੇ ਨੇ ਪੰਥ ਦੀ ਇਸ ਪੂਜਨੀਕ ਮਾਤਾ ਨਾਲ ਇਨਸਾਫ ਨਹੀਂ ਕੀਤਾ। ਹਰੇਕ ਨੇ ਸਾਮਣੇ ਪਏ ਹਾਲਾਤ ਵਲੋਂ ਅੱਖਾਂ ਮੀਚ ਕੇ ਸੰਮਤੀ ਦੇਣ ਵਿਚ ਮਖੀ ਤੇ ਮਖੀ ਮਾਰਨ ਦੀ ਕੋਸ਼ਸ਼ ਕੀਤੀ ਹੈ। ਕਿਸੇ ਸਿਖ ਖੋਜੀ ਨੇ ਵੀ ਖੋਜ ਪੜਤਾਲ ਕਰਕੇ ਇਸ ਅਨਿਆਇ ਦਾ ਧੋਣ ਨਹੀਂ ਧੋਤਾ ਜੋ ਦੋ ਸੌ ਸਾਲ ਤੋਂ ਮਾਤਾ ਸੁੰਦਰੀ ਜੀ ਨਾਲ ਕੀਤਾ ਜਾ ਰਿਹਾ ਹੈ। ਜਿਨ੍ਹਾਂ ਇਤਿਹਾਸਕਾਰਾਂ ਨੇ ਫ਼ਰੁੱਖ਼ਸੀਅਰ ਦੀ ਚੁਕ ਵਿਚ ਆ ਕੇ ਪੰਥ ਵਿਚ ਦੁਫੇੜ ਪੁਆਉਣ ਦਾ ਦਿਲਚੀਰ ਦੋਸ਼ ਮਾਤਾ ਜੀ ਪਰ ਲਾਇਆ ਹੈ ਓਹ ਆਪਣੇ ਹਥੀਂ ਅਜਿਹੇ ਅਮੇਟ ਇਤਿਹਾਸਕ ਹਾਲਾਤ ਲਿਖ ਗਏ ਹਨ ਜਿਨ੍ਹਾਂ ਤੋਂ ਏਹ ਆਪੇ ਹੀ ਝੂਠ ਸਾਬਤ ਹੋ ਕੇ ਰੱਦ ਹੋ ਜਾਂਦਾ ਹੈ।”

ਗਿਆਨੀ ਪ੍ਰਤਾਪ ਸਿੰਘ ਨੇ 1945 ਵਿਚ ਸਮੇਂ-ਸਮੇਂ ਤੇ ਦਿੱਤੇ ਆਪਣੇ ਭਾਸ਼ਣਾਂ ਨੂੰ ਇਤਿਹਾਸਕ ਲੈਕਚਰ ਸਿਰਲੇਖ ਅਧੀਨ ਪੁਸਤਕ ਵਿਚ ਇਕੱਤਰ ਕਰਕੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਉਹ ਕਹਿੰਦੇ ਹਨ ਕਿ “ਮਾਤਾ ਜੀ ਨੇ ਹਕੂਮਤ ਦੇ ਜ਼ੇਰ ਅਸਰ ਹੋ ਕੇ ਕਈ ਹੁਕਮਨਾਮੇ ਜਾਰੀ ਕੀਤੇ? ਸਾਡਾ ਨਿਸਚਾ ਹੈ ਨਹੀਂ। ਪਟਨੇ ਸਾਹਿਬ ਵਿਚ ਮਾਤਾ ਸੁੰਦਰੀ ਜੀ ਦੇ ਹੁਕਮਨਾਮੇ ਹਨ। ਉਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਮਾਤਾ ਜੀ ਸਿੱਖਾਂ ਦੇ ਨਿੱਕੇ ਮੋਟੇ ਝਗੜਿਆਂ ਨੂੰ ਬੜੀ ਸਿਆਣਪ, ਦਾਨਾਈ ਤੇ ਧੀਰਜ ਨਾਲ ਨਿਬੇੜਦੇ ਰਹੇ ਹਨ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਹਕੂਮਤ ਦੇ ਪ੍ਰਭਾਵ ਹੇਠਾਂ ਆ ਕੇ ਬਾਬਾ ਬੰਦਾ ਸਿੰਘ ਦੇ ਵਿਰੁੱਧ ਹੁਕਮਨਾਮੇ ਜਾਰੀ ਕਰਨ, ਜੋ ਉਹਨਾਂ ਦੀ ਤਬਾਹੀ ਜਾਂ ਫੁੱਟ ਦਾ ਕਾਰਨ ਬਣਨ? 1773 (ਸੰਮਤ) ਵਿਚ ਬਾਬਾ ਜੀ ਸ਼ਹੀਦ ਹੋਏ ਹਨ। 1778 ਵਿਚ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਦਾ ਗ੍ਰੰਥੀ ਨੀਯਤ ਕੀਤਾ, ਜਿਨ੍ਹਾਂ ਨੇ ਝਗੜੇ ਨੂੰ ਮੁਕਾਇਆ। ਮਾਤਾ ਜੀ ਕਿਸ ਤਰ੍ਹਾਂ ਸਿੱਖਾਂ ਵਿਚ ਫੁੱਟ ਪਾ ਸਕਦੇ ਸਨ?”

ਮਾਤਾ ਸੁੰਦਰੀ ਜੀ ਦੇ ਮੱਥੇ ਪੰਥ ਵਿਚ ਫੁੱਟ ਪਾਉਣ ਦਾ ਇਲਜ਼ਾਮ ਲਾਉਣ ਨੂੰ ਰੱਦ ਕਰਦੇ ਹੋਏ ਗਿਆਨੀ ਲਾਲ ਸਿੰਘ ਕਹਿੰਦੇ ਹਨ:

“ਜਦ ਕਦੇ ਪੰਥ ਵਿਚ ਝਗੜਾ ਪਿਆ ਮਾਤਾ ਜੀ ਬਤੌਰ ਜਥੇਦਾਰ ਨਜਿਠਦੇ ਰਹੇ। ਹਾਏ ਸ਼ੋਕ! ਸਾਡੇ ਭੁਲੜ ਲਿਖਾਰੀਆਂ ਨੇ ਮਾਤਾ ਜੀ ਦੇ ਵਿਰੁੱਧ ਲਿਖਣ ਨੂੰ ਆਪਣੀ ਉੱਚ ਲਿਆਕਤ ਦੱਸ ਕੇ ਆਪਣੀ ਅਗਿਆਨਤਾ ਦੇ ਚੰਦ ਚੜ੍ਹਾਏ ਹਨ। ਬੰਦਾ ਬਹਾਦਰ ਵਲੋਂ ਕੁਬਚਨ ਲਿਖ ਮਾਰੇ ਮਾਤਾ ਜੀ ਦੀ ਦਾਨਾਈ ਅਰ ਕਿਰਪਾ ਸੀ ਜਿਸਨੇ ਪੰਥ ਵਿਚ ਭਾਈ ਜੱਸਾ ਸਿੰਘ, ਭਾਈ ਮਨੀ ਸਿੰਘ ਜੀ ਆਦਿ ਧਰਮ ਪੁੱਤਰਾਂ ਨੂੰ ਪੈਦਾ ਕਰਕੇ ਪੰਥ ਨੂੰ ਚੜ੍ਹਦੀਆਂ ਕਲਾਂ ਵਿਚ ਰੱਖਿਆ ਅਰ ਨਵਾਬ ਕਪੂਰ ਸਿੰਘ ਜੀ ਮਾਤਾ ਜੀ ਵਲੋਂ ਦਲਾਂ ਦੇ ਪ੍ਰਤੀਨਿਧ ਰਹੇ।”

ਡਾ. ਗੰਡਾ ਸਿੰਘ ਵੀਹਵੀਂ ਸਦੀ ਦੇ ਉੱਘੇ ਵਿਦਵਾਨ ਹਨ ਜਿਨ੍ਹਾਂ ਨੇ ਬਹੁਤ ਹੀ ਪਰਖ-ਪੜਚੋਲ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਨੂੰ ਸਮਾਕਲੀ ਸਰੋਤਾਂ ਦੇ ਅਧਾਰ ‘ਤੇ ਦੋਸ਼-ਰਹਿਤ ਕਰਨ ਦਾ ਸਫ਼ਲ ਯਤਨ ਕੀਤਾ ਹੈ। ਇਹ ਕਹਿੰਦੇ ਹਨ ਕਿ ਪੰਥ ਪ੍ਰਕਾਸ਼ ਅਤੇ ਤਵਾਰੀਖ਼ ਗੁਰੂ ਖ਼ਾਲਸਾ ਦਾ ਇਹ ਕਹਿਣਾ ਕਿ ਬੰਦਾ ਸਿੰਘ ਨੇ ਆਪਣੇ ਆਪ ਨੂੰ ਸਿੱਖਾਂ ਦਾ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਸੀ, ਭਰੋਸੇਯੋਗ ਸਮਕਾਲੀ ਅਤੇ ਮੁਢਲੇ ਸਰਕਾਰੀ ਜਾਂ ਗੈਰ-ਸਰਕਾਰੀ ਲਿਖਾਰੀਆਂ ਦੀਆਂ ਲਿਖਤਾਂ ਦੇ ਆਧਾਰ ‘ਤੇ ਇਤਿਹਾਸਕ ਖੋਜ ਦੀ ਕਸੌਟੀ ਉਤੇ ਠੀਕ ਸਿੱਧ ਨਹੀਂ ਹੁੰਦਾ। ਨਾ ਹੀ ਵੇਲੇ ਦੀ ਅਜਿਹੀ ਕੋਈ ਗਵਾਹੀ ਮਿਲਦੀ ਹੈ ਜਿਸ ਤੋਂ ਉਸਦਾ ਸ੍ਰੀ ਅੰਮ੍ਰਿਤਸਰ ਜਾਣਾ ਸਿੱਧ ਹੁੰਦਾ ਹੋਵੇ। ਅਸਲ ਵਿਚ ਹਾਲਾਤ ਕੁਝ ਐਸੇ ਬਿਖੜੇ ਸਨ ਕਿ ਬੰਦਾ ਸਿੰਘ ਅੰਮ੍ਰਿਤਸਰ ਜਾ ਹੀ ਨਹੀਂ ਸਕਿਆ। ਇਸ ਲਈ ਅੰਮ੍ਰਿਤਸਰ ਵਿਚ ਕੋਈ ਗੱਲ ਭੀ ਉਸ ਨਾਲ ਜੋੜੀ ਨਹੀਂ ਜਾ ਸਕਦੀ।

ਡਾ. ਸਾਹਿਬ ਇਸ ਤੱਥ ਤੋਂ ਵੀ ਇਨਕਾਰ ਕਰਦੇ ਹਨ ਕਿ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਧਵਾ ਮਾਤਾ ਸੁੰਦਰੀ ਜੀ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਸੀ। ਮਾਤਾ ਸੁੰਦਰੀ ਜੀ ‘ਤੇ ਲਾਏ ਗਏ ਇਸ ਦੋਸ਼ ਨੂੰ ਰੱਦ ਕਰਦੇ ਹਨ ਕਿ ਉਹਨਾਂ ਨੇ ਮੁਗ਼ਲ ਸਰਕਾਰ ਨਾਲ ਮਿਲ ਕੇ ਸਿੱਖਾਂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਬੰਦਾ ਸਿੰਘ ਅਤੇ ਉਸ ਦੀਆਂ ਕਾਰਵਾਈਆਂ ਤੋਂ ਵੱਖ ਕਰ ਲੈਣ।

ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਲਈ ‘ਬੰਦਈ’ ਸ਼ਬਦ ਵਰਤਿਆ ਜਾਂਦਾ ਹੈ ਜਦੋਂ ਕਿ ਬੰਦਾ ਖੁਦ ਗੁਰੂ ਜੀ ਦਾ ਸਿੱਖ ਸੀ। ਗੁਰਮਤਿ ਆਸ਼ੇ ਅਨੁਸਾਰ ਜੀਵਨ ਬਸਰ ਕਰਨਾ ਅਤੇ ਗੁਰੂ ਸਾਹਿਬਾਨ ਦੇ ਨਾਂ ਤੇ ਸਿੱਕੇ ਜਾਰੀ ਕਰਨਾ ਉਸ ਦੀ ਸਿੱਖੀ-ਸੇਵਕੀ ਦੇ ਮੂੰਹ ਬੋਲਦੇ ਸਬੂਤ ਹਨ। ਇਕ ਸੱਚੇ ਸਿੱਖ ਵਾਂਗ ਉਸ ਨੇ ਸ਼ਹਾਦਤ ਦਿੱਤੀ ਅਤੇ ਸਿੱਖ ਵਜੋਂ ਹੀ ਉਸ ਦੀ ਪਛਾਣ ਦੁਨੀਆ ਵਿਚ ਕਾਇਮ ਹੈ।

ਬੰਦੇ ਦੇ ਪਰਿਵਾਰਕ ਮੈਂਬਰ ਅਜਿਹਾ ਕੋਈ ਕਾਰਜ ਨਹੀਂ ਕਰਦੇ ਜਿਹੜਾ ਕਿ ਗੁਰਮਤਿ ਅਸੂਲਾਂ ਦੇ ਖ਼ਿਲਾਫ਼ ਹੋਵੇ। ਰਿਆਸੀ ਅਤੇ ਰੋਹਤਕ ਵਿਖੇ ਇਹਨਾਂ ਦੇ ਦੋ ਪ੍ਰਸਿੱਧ ਡੇਰੇ ਹਨ ਜਿਹੜੇ ਕਿ ‘ਡੇਰਾ ਬਾਬਾ ਬੰਦਾ ਬਹਾਦਰ’ ਦੇ ਨਾਂ ਨਾਲ ਸਰਕਾਰੀ ਰਿਕਾਰਡ ਵਿਚ ਦਰਜ ਹਨ। ਰਿਆਸੀ ਵਾਲਾ ਡੇਰਾ ਚਨਾਬ ਦਰਿਆ (ਪੁਰਾਤਨ ਨਾਂ ਚੰਦਰ ਭਾਗਾ) ਦੇ ਕੰਢੇ ‘ਤੇ ਵਸਿਆ ਹੋਇਆ ਹੈ ਜਿਹੜਾ ਕਿ ਜੰਮੂ ਤੋਂ ਲਗਪਗ 80 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਦਸਵੀਂ ਪੀੜ੍ਹੀ ਵਿਚੋਂ ਬਾਬਾ ਜਤਿੰਦਰਪਾਲ ਸਿੰਘ ਜੀ ਉਥੋਂ ਦੇ ਮੁੱਖ-ਪ੍ਰਬੰਧਕ ਹਨ। ਉਥੇ ਗੁਰਦੁਆਰਾ ਬਣਾ ਕੇ ਸ੍ਰੀ ਗੁਰੂ ਗੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਅਤੇ ਬੰਦੇ ਦੀਆਂ ਨਿਸ਼ਾਨੀਆਂ ਉਨ੍ਹਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਹਨ। ਡੇਰੇ ਵਿਖੇ ਆਉਣ ਵਾਲੇ ਕੇਸਾਧਾਰੀ ਅਤੇ ਸਹਿਜਧਾਰੀ ਸ਼ਰਧਾਲੂ ਜੰਮਣੇ-ਮਰਣੇ ਦੀਆਂ ਸਮੂਹ ਰਸਮਾਂ ਗੁਰਦੁਆਰੇ ਹੀ ਕਰਦੇ ਹਨ। ਬਹੁਤ ਸਾਰੇ ਇਲਾਕਿਆਂ ਵਿਚ ਗੁਰਮਤਿ ਪ੍ਰਚਾਰ ਰਾਹੀਂ ਸੰਗਤ ਨੂੰ ਗੁਰੂ-ਘਰ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਰਿਆਸੀ ਤੋਂ ਇਲਾਵਾ ਹਾਂਸੀ ਅਤੇ ਰੋਹਤਕ ਵਿਖੇ ‘ਬਾਬਾ ਬੰਦਾ ਬਹਾਦਰ ਪਬਲਿਕ ਸਕੂਲ’ ਵੀ ਡੇਰੇ ਵੱਲੋਂ ਚਲਾਇਆ ਜਾ ਰਿਹਾ ਹੈ।

ਮਾਤਾ ਸੁੰਦਰੀ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਆਪੋ-ਆਪਣੇ ਖੇਤਰ ਵਿਚ ਕਾਰਜ ਕਰ ਰਹੇ ਸਨ। ਮਾਤਾ ਜੀ ਦੀ ਸ਼ਖ਼ਸੀਅਤ ਉਤੇ ਸ਼ੱਕ ਕਰਨਾ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਪੰਥ ਪ੍ਰਸਤੀ ਨੂੰ ਨਿਵਿਆਉਣਾ ਕਿਸੇ ਤਰ੍ਹਾਂ ਵੀ ਜਾਇਜ ਨਹੀਂ ਠਹਿਰਾਇਆ ਜਾ ਸਕਦਾ। ਬਾਬਾ ਜੀ ਨੇ ਦੁਸ਼ਮਣ ਦਾ ਡੱਟ ਕੇ ਮੁਕਾਬਲਾ ਕੀਤਾ ਸੀ ਅਤੇ ਮਾਤਾ ਜੀ ਨੇ ਦਿਖਾਈ ਦਿੰਦੀਆਂ ਚੁਣੌਤੀਆਂ ਦੇ ਸਨਮੁਖ ਪੰਥ ਨੂੰ ਸੰਗਠਿਤ ਕਰਨ ਅਤੇ ਅੱਗੇ ਲਿਜਾਣ ਦਾ ਭਰਪੂਰ ਯਤਨ ਕੀਤਾ ਸੀ।

ਮਾਤਾ ਜੀ ਜਦੋਂ ਦਿੱਲੀ ਵਿਚ ਕੋਈ ਖਤਰਾ ਅਨੁਭਵ ਕਰਦੇ ਤਾਂ ਉਹ ਦਿੱਲੀ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਸਨ। ਦਿੱਲੀ ਤੋਂ ਬਾਹਰ ਮਾਤਾ ਜੀ ਦੇ ਮਥੁਰਾ ਅਤੇ ਬੁਰਹਾਨਪੁਰ ਜਾਣ ਦੀ ਜਾਣਕਾਰੀ ਮਿਲਦੀ ਹੈ ਜਿਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਂ ਸਕਦਾ। ਅੱਤ ਸੰਕਟ ਦੇ ਸਮੇਂ ਉਹਨਾਂ ਦੀ ਪੰਥ ਨੂੰ ਦਿੱਤੀ ਅਗਵਾਈ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਜਿਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਹਨਾਂ ਦੇ ਗੁਰੂ ਪ੍ਰਤਿ ਪ੍ਰੇਮ, ਸੁਹਿਰਦਤਾ ਅਤੇ ਸਮਰਪਣ ਦਾ ਪ੍ਰਗਟਾਵਾ ਕਰਦੀ ਹੈ।

ਬੁੱਕਮਾਰਕ ਕਰੋ (1)
Please login to bookmarkClose

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (1)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)