editor@sikharchives.org
Antar Dharam Samvaad

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਅੰਤਰ ਧਰਮ ਸੰਵਾਦ

ਸੰਵਾਦ ਦੀ ਵਿਸ਼ੇਸ਼ਤਾ ਹੈ ਕਿ ਇਸ ਵਿਚ ਦੂਜੇ ਜਾਂ ਸਾਹਮਣੇ ਵਾਲੇ ਵਿਅਕਤੀ ਦੇ ਵਿਸ਼ਵਾਸ ਨੂੰ ਪ੍ਰਵਾਨ ਕੀਤਾ ਜਾਂਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਧਰਮ ਮਨੁੱਖੀ ਜੀਵਨ ਦਾ ਅਹਿਮ ਅੰਗ ਹੈ ਅਤੇ ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਬਲਕਿ ਇਸ ਨੂੰ ਪ੍ਰਫੁਲਤ ਕਰਦੇ ਹੋਏ ਸਹੀ ਦਿਸ਼ਾ ਪ੍ਰਦਾਨ ਕੀਤੀ ਜਾਵੇ ਤਾਂ ਸਮਾਜਕ ਕਦਰਾਂ-ਕੀਮਤਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ ਜੋ ਕਿ ਮਨੁੱਖੀ ਵਿਕਾਸ ਦਾ ਕੇਂਦਰੀ ਧੁਰਾ ਹੁੰਦੀਆਂ ਹਨ। ਧਾਰਮਿਕ ਕੀਮਤਾਂ ਜਿੱਥੇ ਮਨੁੱਖ ਦੇ ਮਨ ਵਿਚ ਸਵੈਮਾਨ ਦੀ ਭਾਵਨਾ ਕਾਇਮ ਕਰਦੀਆਂ ਹਨ ਉਥੇ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਿਕਸਿਤ ਕਰਨ ਵਿਚ ਯੋਗਦਾਨ ਪਾਉਂਦੀਆਂ ਹਨ। ਪਰ ਇਹ ਕੀਮਤਾਂ ਤਾਂ ਹੀ ਸੁਚਾਰੂ ਭੂਮਿਕਾ ਨਿਭਾ ਸਕਦੀਆਂ ਹਨ ਜੇਕਰ ਇਨ੍ਹਾਂ ਨੂੰ ਸਹੀ ਰੂਪ ਅਤੇ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ। ਇਸੇ ਤਰ੍ਹਾਂ ਧਰਮ ਜਿੱਥੇ ਮਨੁੱਖੀ ਕਦਰਾਂ-ਕੀਮਤਾਂ ਦਾ ਵਿਕਾਸ ਕਰਦਾ ਹੈ ਉਥੇ ਨਾਲ ਹੀ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦਾ ਹੈ। ਧਰਮ ਦਾ ਧਾਰਮਿਕ ਕੀਮਤਾਂ ਵਿਰੁੱਧ ਕੀਤਾ ਜਾਣ ਵਾਲਾ ਇਸਤੇਮਾਲ ਅਧਰਮ ਨੂੰ ਜਨਮ ਦਿੰਦਾ ਹੈ। ਧਰਮ ਦਾ ਜੋ ਸਰੂਪ ਗੁਰਬਾਣੀ ਵਿਚ ਪੇਸ਼ ਕੀਤਾ ਗਿਆ ਹੈ ਉਸ ਨੂੰ ਸਪਸ਼ਟ ਕਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਨ ਕਰਦੇ ਹਨ:

ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ 266)

ਸਾਇੰਸ ਦੀ ਤਰੱਕੀ ਨੇ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਵਿਚ ਵਾਧਾ ਕੀਤਾ ਹੈ। ਇਸ ਨਾਲ ਦੂਰ-ਦੁਰਾਡੇ ਬੈਠੇ ਮਨੁੱਖ ਇਕ ਦੂਜੇ ਨਾਲ ਜੁੜੇ ਹਨ। ਸੰਸਾਰ ਵਿਚ ਵਾਪਰੀ ਕੋਈ ਵੀ ਘਟਨਾ ਹੁਣ ਮਿੰਟਾਂ-ਸਕਿੰਟਾਂ ਵਿਚ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਪਹੁੰਚ ਜਾਂਦੀ ਹੈ। ਇਸ ਤਰੱਕੀ ਦੀ ਦਿਸ਼ਾ ਵਿਚ ਕੋਈ ਵੀ ਮਨੁੱਖ ਇਕੱਲਾ ਨਹੀਂ ਰਹਿ ਸਕਦਾ, ਉਸ ਨੂੰ ਆਪਣੀ ਤਰੱਕੀ ਵਿਚ ਦੂਜਿਆਂ ਦੀ ਸਹਾਇਤਾ ਦੀ ਲੋੜ ਹਮੇਸ਼ਾਂ ਬਣੀ ਰਹਿੰਦੀ ਹੈ। ਇਸ ਤਰੱਕੀ ਵਿਚ ਧਾਰਮਿਕ ਭਾਵਨਾਵਾਂ ਰੋੜਾ ਨਾ ਬਣਨ ਇਸ ਲਈ ਧਾਰਮਿਕ ਸੂਝ-ਬੂਝ ਹੋਣੀ ਜ਼ਰੂਰੀ ਹੈ। ਧਰਮਾਂ ਨਾਲ ਸੰਬੰਧਿਤ ਵਿਦਵਾਨ ਵੀ ਇਸ ਕਾਰਜ ਵਿਚ ਰੁਝੇ ਹੋਏ ਹਨ ਕਿ ਸਮੇਂ ਦੀ ਤਰੱਕੀ ਨਾਲ ਧਰਮ ਨੂੰ ਸਮੇਂ ਦਾ ਹਾਣੀ  ਕਿਵੇਂ  ਬਣਾਇਆ  ਜਾਵੇ। ਇਹ ਨਿਸ਼ਚਿਤ ਹੈ ਕਿ ਜੋ  ਧਰਮ  ਮਨੁੱਖੀ  ਦੀ ਦਿਸ਼ਾ ਅਤੇ ਗਤੀ ਦੇ ਅਨੁਕੂਲ ਰਹਿੰਦੇ ਹਨ ਉਨ੍ਹਾਂ ਦਾ ਆਮ ਲੋਕਾਂ ਉੱਤੇ ਵਧੇਰੇ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਇਕ ਧਰਮ ਦੇ ਵਿਅਕਤੀ ਦਾ ਦੂਜੇ ਧਰਮ ਦੇ ਵਿਅਕਤੀ ਦੇ ਨੇੜੇ ਜਾਣਾ ਜਾਂ ਰਹਿਣਾ ਆਮ ਗੱਲ ਹੈ। ਇਹ ਸੁਮੇਲ ਕਿਤੇ ਮਨੁੱਖੀ ਵਿਕਾਸ ਦੀ ਗਤੀ ਵਿਚ ਵਿਘਨ ਨਾ ਪਾਵੇ, ਇਸ ਲਈ ਦੂਜੇ ਧਰਮ ਦੀ ਭਾਵਨਾ ਨੂੰ ਸਮਝਣਾ ਅਤੇ ਜਾਣਨਾ ਜ਼ਰੂਰੀ ਹੈ। ਸਮਾਜ ਦੀ ਤਰੱਕੀ ਵਿਚ ਧਰਮ ਦੇ ਨਾਮ ਉੱਤੇ ਪਏ ਵਿਘਨ ਉੱਤੇ ਟਿੱਪਣੀ ਕਰਦੇ ਭਾਈ ਗੁਰਦਾਸ ਜੀ ਫ਼ਰਮਾਨ ਕਰਦੇ ਹਨ:

ਚਾਰਿ ਵਰਨਿ ਚਾਰਿ ਮਜਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ।
ਖੁਦੀ ਬਖੀਲਿ ਤਕਬਰੀ ਖਿੰਚੋਤਾਣਿ ਕਰੇਨਿ ਧਿਙਾਣੇ।
ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ।
ਸੁੰਨਤਿ ਮੁਸਲਮਾਣ ਦੀ ਤਿਲਕ ਜੰਞੂ ਹਿੰਦੂ ਲੋਭਾਣੇ।
ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਭੁਲਾਣੇ।
ਬੇਦ ਕਤੇਬ ਭੁਲਾਇ ਕੈ ਮੋਹੇ ਲਾਲਚ ਦੁਨੀ ਸੈਤਾਣੇ।
ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਮ੍ਹਣਿ ਮਉਲਾਣੇ।
ਸਿਰੋ ਨ ਮਿਟੇ ਆਵਣਿ ਜਾਣੇ॥ (ਵਾਰ 1:21)

ਧਰਮ ਦੇ ਨਾਮ ਉਤੇ ਪਈ ਹੋਈ ਇਸ ਦਰਾੜ ਨੂੰ ਗੁਰੂ ਸਾਹਿਬਾਨ ਨੇ ਭਰਨ ਦਾ ਯਤਨ ਕੀਤਾ ਅਤੇ ਭਾਰਤ ਦੀ ਧਰਤੀ ਦੇ ਇਨ੍ਹਾਂ ਦੋਵੇਂ ਪ੍ਰਮੁੱਖ ਧਰਮਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਵਿਚ ਸਫਲਤਾ ਪੂਰਵਕ ਕਾਰਜ ਕੀਤੇ। ਗੁਰੂ ਨਾਨਕ ਸਾਹਿਬ ਨੇ ਦੋਵੇਂ ਧਰਮਾਂ ਲਈ ਇਕਸੁਰਤਾ ਦਾ ਸਾਂਝਾ ਪਲੇਟਫਾਰਮ ਪ੍ਰਦਾਨ ਕੀਤਾ ਜਿਸ ਦੇ ਨਤੀਜੇ ਵਜੋਂ ਉਹ ਦੋਵੇਂ ਧਰਮਾਂ ਦੇ ਪੈਰੋਕਾਰਾਂ ਲਈ ਸਤਿਕਾਰ ਦੇ ਪਾਤਰ ਬਣੇ:

ਬਾਬਾ ਨਾਨਕ ਸ਼ਾਹ ਫ਼ਕੀਰ।
ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ।

ਸ੍ਰੀ ਗੁਰੂ ਨਾਨਕ ਦੇਵ ਜੀ ਲਈ ਪ੍ਰਗਟ ਹੋਏ ਇਹ ਵਿਚਾਰ ਇਕ ਜਾਂ ਦੋ ਦਿਨ ਵਿਚ ਹੀ ਪੈਦਾ ਨਹੀਂ ਹੋਏ ਬਲਕਿ ਇਸ ਪਿੱਛੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਜਾਗਰ ਕੀਤੀ ਭਾਈਚਾਰੇ ਦੀ ਉਹ ਭਾਵਨਾ ਹੈ ਜੋ ਸਾਲਾਂ ਬੱਧੀ ਲੰਮੀਆਂ ਉਦਾਸੀਆਂ ਸਮੇਂ ਕੀਤੇ ਵਿਚਾਰ-ਵਟਾਂਦਰੇ ਦਾ ਨਤੀਜਾ ਹਨ। ਸੱਜਣ ਠੱਗ, ਕੌਡਾ ਰਾਖਸ਼, ਯੋਗੀਆਂ, ਮੁਲਾਣਿਆਂ, ਬ੍ਰਾਹਮਣਾਂ ਆਦਿ ਨਾਲ ਕੀਤੇ ਸੰਵਾਦ ਕੇਵਲ ਪ੍ਰਤੀਕ ਹਨ ਜੋ ਉਨ੍ਹਾਂ ਦੀ ਸ਼ਖਸੀਅਤ ਵਿਚ ਸਹਿਹੋਂਦ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਹਨ। ਵੇਂਈ ਪ੍ਰਵੇਸ਼ ਤੋਂ ਬਾਅਦ ‘ਨਾ ਕੋ ਹਿੰਦੂ ਨ ਮੁਸਲਮਾਨ’ ਦਾ ਪਹਿਲਾ ਉਪਦੇਸ਼ ਦੇਣ ਵਾਲੀ ਇਸ ਮਹਾਨ ਸ਼ਖਸੀਅਤ ਨੇ ਸੰਵਾਦ ਰਾਹੀਂ ਇਕ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਦੇ ਲੋਕਾਂ ਦੇ ਨੇੜੇ ਲਿਆਉਣ ਦਾ ਯਤਨ ਕੀਤਾ। ਬਾਣੀ ਇਕੱਤਰ ਕਰਦੇ ਸਮੇਂ ਵੀ ਇਹੀ ਖ਼ਿਆਲ ਰੱਖਿਆ ਗਿਆ ਕਿ ਸੰਗ੍ਰਹਿ ਕੀਤੀ ਜਾਣ ਵਾਲੀ ਬਾਣੀ ਅਕਾਲ ਪੁਰਖ ਦੇ ਧੁਰੇ ਨਾਲ ਜੋੜਨ ਵਾਲੀ ਅਤੇ ਪ੍ਰੇਮ ਅਤੇ ਭਾਈਚਾਰੇ ਨੂੰ ਪ੍ਰਫੁਲਤ ਕਰਨ ਦੇ ਨਾਲ-ਨਾਲ ਮਨੁੱਖੀ ਸਮਾਜ ਵਿਚ ਵੰਡੀਆਂ ਪਾਉਣ ਤੋਂ  ਮੁਕਤ ਹੋਣੀ ਚਾਹੀਦੀ ਹੈ, ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਨੂੰ ‘ਸਰਬ ਸਾਂਝੀ ਗੁਰਬਾਣੀ’ ਵੀ ਕਿਹਾ ਜਾਂਦਾ ਹੈ।

ਸੰਵਾਦ ਨੂੰ ਮਨੁੱਖੀ ਜੀਵਨ ਦੇ ਵਿਕਾਸ ਦਾ ਧੁਰਾ ਬਣਾਉਣ ਵਾਲੀ ਗੁਰਬਾਣੀ ਦੂਜੇ ਵਿਅਕਤੀ ਨਾਲ ਚਰਚਾ ਕਰਨ ਤੋਂ ਪਹਿਲਾਂ ਆਪਣੇ ਅੰਤਰ-ਮਨ ਨਾਲ ਸੰਬੋਧਨ ਹੋਣ ਉੱਤੇ ਜ਼ੋਰ ਦਿੰਦੀ ਹੈ। ਗੁਰਬਾਣੀ ਸਪੱਸ਼ਟ ਕਰਦੀ ਹੈ ਕਿ ਸੱਚਾਈ ਤੋਂ ਬਗ਼ੈਰ ਸੰਵਾਦ ਦੀ ਭਾਵਨਾ ਨੂੰ ਪ੍ਰਫੁਲਤ ਨਹੀਂ ਕੀਤਾ ਜਾ ਸਕਦਾ। ਸੱਚਾਈ ਦਾ ਅੰਸ਼ ਪ੍ਰਫੁਲਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਭਾਵਨਾ ਪ੍ਰਗਟ ਕੀਤੀ ਉਸ ਦਾ ਪ੍ਰਮਾਣ ਸਿੱਖਾਂ ਵਿਚ ਰੋਜ਼ਾਨਾ ਪੜ੍ਹੀ ਜਾਣ ਵਾਲੀ ਬਾਣੀ ਪਾਵਨ ਬਾਣੀ ‘ਜਪੁਜੀ ਸਾਹਿਬ’ ਤੋਂ ਸਪੱਸ਼ਟ ਹੋ ਜਾਂਦਾ ਹੈ। ‘ਕਿਵ ਸਚਿਆਰਾ ਹੋਈਐ’ ਵਾਲੀ ਪੰਕਤੀ ਮਨੁੱਖੀ ਮਨ ਨੂੰ ਉਸ ਦੇ ਅੰਤਰੀਵੀ ਅਤੇ ਬਾਹਰੀ ਵਿਹਾਰ ਪ੍ਰਤੀ ਸੁਚੇਤ ਹੋਣ ਵੱਲ ਉਜਾਗਰ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਮਾਨ ਬਾਬਾ ਫਰੀਦ ਜੀ ਦੀ ਬਾਣੀ ਮਨੁੱਖੀ ਵਿਹਾਰ ਦੀ ਸ਼ੁੱਧਤਾ ਪ੍ਰਤੀ ਸੁਚੇਤ ਹੋਣ ਦਾ ਪ੍ਰਗਟਾਵਾ ਕਰਦੀ ਹੈ। ਬਾਬਾ ਫਰੀਦ ਜੀ ਸੰਵਾਦ ਦੀ ਭਾਵਨਾ ਉੱਤੇ ਜ਼ੋਰ ਦਿੰਦੇ ਹੋਏ ਪਹਿਲਾਂ ਆਪਣੇ ਅੰਤਰ-ਮਨ ਨਾਲ ਸੰਵਾਦ ਰਚਾਉਣ ਦੀ ਪ੍ਰੇਰਨਾ ਕਰਦੇ ਹੋਏ ਫ਼ਰਮਾਨ ਕਰਦੇ ਹਨ:

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰੁ ਨˆØੀਵਾਂ ਕਰਿ ਦੇਖੁ॥ (ਪੰਨਾ 1378)

ਬਾਬਾ ਫਰੀਦ ਜੀ ਸਮੁੱਚੀ ਲੋਕਾਈ ਨੂੰ ਪਰਮਾਤਮਾ ਦੀ ਅੰਸ਼ ਮੰਨਦੇ ਹਨ, ਸਭ ਮਨੁੱਖਾਂ ਅੰਦਰ ਸੱਚ ਦਾ ਪ੍ਰਗਟਾਵਾ ਦੇਖ ਰਹੇ ਹਨ। ਇਸ ਲਈ ਫ਼ਰਮਾਨ ਕਰਦੇ ਹਨ ਕਿ ਪਰਮਾਤਮਾ ਦੀ ਅੰਸ਼ ਹੋਣ ਕਰਕੇ ਸਭ ਜੀਵ ਅਮੋਲ ਹਨ, ਕਿਸੇ ਦਾ ਦਿਲ ਨਾ ਦੁਖਾ:

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥ (ਪੰਨਾ 1384)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਵਾਦ ਦਾ ਸਰਵੋਤਮ ਮਾਡਲ ਪੇਸ਼ ਕਰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਵੱਖ-ਵੱਖ ਧਰਮਾਂ, ਜਾਤਾਂ, ਭੂਗੋਲਿਕ ਖ਼ਿੱਤਿਆਂ ਨਾਲ ਸੰਬੰਧਿਤ ਮਹਾਂਪੁਰਸ਼ਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰਬਾਣੀ ਸਮੂਹ ਮਨੁੱਖਾਂ ਲਈ ਏਕਤਾ ਅਤੇ ਇਕਸੁਰਤਾ ਦਾ ਮਾਰਗ ਧਾਰਨ ਕਰਨ ’ਤੇ ਜ਼ੋਰ ਦਿੰਦੀ ਹੈ ਅਤੇ ਨਾਲ ਹੀ ਬਾਬਾ ਫਰੀਦ ਜੀ ਦੀ ਉਪਰੋਕਤ ਪੰਕਤੀ ਦਾ ਪ੍ਰਗਟਾਵਾ ਕਰਦੀ ਹੈ ਕਿ ਸਮੁੱਚੀ ਲੋਕਾਈ, ਸੱਚਾਈ ਦਾ ਅੰਸ਼ ਹੋਣ ਕਰਕੇ ਅਮੋਲ ਹੈ, ਲੋੜ ਹੈ ਇਸ ਸੱਚਾਈ ਦੇ ਅੰਸ਼ ਨੂੰ ਪ੍ਰਫੁਲਤ ਕਰਨ ਦੀ।

ਸੰਵਾਦ ਦੀ ਭਾਵਨਾ ਨੂੰ ਦ੍ਰਿੜ੍ਹ ਕਰਾਉਂਦੇ ਹੋਏ ਗੁਰਬਾਣੀ ਵਿਚ ਜਿਨ੍ਹਾਂ ਨਾਲ ਚਰਚਾ ਕੀਤੀ ਮਿਲਦੀ ਹੈ ਉਸ ਵਿਚ ਬ੍ਰਾਹਮਣ, ਯੋਗੀ ਅਤੇ ਮੁਲਾਣੇ ਪ੍ਰਮੁੱਖ ਤੌਰ ’ਤੇ ਸਾਹਮਣੇ ਆਉਂਦੇ ਹਨ। ਗੁਰੂ ਜੀ ਸਮਝਾਉਂਦੇ ਹਨ ਕਿ ਸੱਚਾਈ ਦਾ ਮਾਰਗ ਛੱਡ ਕੇ ਬਾਹਰੀ ਤੌਰ ’ਤੇ ਧਰਮ ਦਾ ਪ੍ਰਗਟਾਵਾ ਕਰਨ ਵਾਲੇ ਅਤੇ ਸਮਾਜਕ ਅਗਵਾਈ ਕਰਨ ਵਾਲੇ ਇਹ ਆਗੂ ਆਮ ਵਿਅਕਤੀ ਨੂੰ ਕਰਮਕਾਂਡ ਤਕ ਸੀਮਿਤ ਕਰ ਰਹੇ ਹਨ। ਵਿਅਕਤੀ ਧਰਮ ਦੇ ਨਾਮ ’ਤੇ ਕਰਮਕਾਂਡ ਤਾਂ ਬਹੁਤ ਕਰ ਰਹੇ ਹਨ ਪਰ ਇਸ ਨਾਲ ਨਾ ਤਾਂ ਵਿਹਾਰ ਵਿਚ ਸ਼ੁੱਧਤਾ ਅਤੇ ਨਾ ਹੀ ਮਨ ਵਿਚ ਸੱਚਾਈ ਦੀ ਭਾਵਨਾ ਦਾ ਪ੍ਰਗਟਾਵਾ ਹੋ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਦੇ ਵਿਹਾਰ ’ਤੇ ਟਿੱਪਣੀ ਕਰਦੇ ਹੋਏ ਫ਼ਰਮਾਨ ਕਰਦੇ ਹਨ:

ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥ (ਪੰਨਾ 662)

ਸਮਾਜ ਦੇ ਇਨ੍ਹਾਂ ਧਾਰਮਿਕ ਮੁਖੀਆਂ ਨੂੰ ਗੁਰੂ ਜੀ ਮਿਲੇ ਅਤੇ ਇਨ੍ਹਾਂ ਨਾਲ ਸੰਵਾਦ ਰਚਾਇਆ। ਗੁਰੂ ਜੀ ਜਾਣਦੇ ਸਨ ਕਿ ਜੇਕਰ ਇਨ੍ਹਾਂ ਮੁਖੀਆਂ ਦੇ ਮਨ, ਵਚਨ ਅਤੇ ਕਰਮ ਵਿਚ ਸ਼ੁੱਧਤਾ ਆ ਜਾਵੇ ਤਾਂ ਲੋਕਾਈ ਆਪਣੇ ਆਪ ਸਿੱਧੇ ਮਾਰਗ ਦੀ ਧਾਰਨੀ ਹੋ ਜਾਵੇਗੀ। ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ ਵਰਗੇ ਸਦਗੁਣਾਂ ਦਾ ਧਾਰਨੀ ਵਿਅਕਤੀ ਹੀ ਸਮਾਜ ਦੀ ਸਹੀ ਅਤੇ ਯੋਗ ਅਗਵਾਈ ਕਰਦਾ ਹੋਇਆ “ਮਨਿ ਸਾਚਾ ਮੁਖਿ ਸਾਚਾ” ਜਿਹੇ ਵਿਹਾਰ ਨੂੰ ਉਜਾਗਰ ਕਰ ਸਕਦਾ ਹੈ। ਗੁਰੂ ਜੀ ਦੀਆਂ ਵਾਰ ਆਸਾ, ਓਅੰਕਾਰ ਅਤੇ ਸਿਧ ਗੋਸਟਿ ਸਿਰਲੇਖ ਅਧੀਨ ਬਾਣੀਆਂ ਉਨ੍ਹਾਂ ਦੇ ਇਨ੍ਹਾਂ ਸਮਾਜਕ ਆਗੂਆਂ ਨਾਲ ਵਿਚਾਰ-ਚਰਚਾ ’ਤੇ ਕੇਂਦਰਿਤ ਹਨ। ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿਚ ਵੀ ਅਜਿਹੇ ਵਿਚਾਰ-ਵਟਾਂਦਰਿਆਂ ਦਾ ਵਿਸਥਾਰ ਪੂਰਵਕ ਵਰਣਨ ਕੀਤਾ ਮਿਲਦਾ ਹੈ। ਗੁਰੂ ਜੀ ਨੇ ਸਭ ਗੋਸ਼ਟੀਆਂ ਵਿਚ ਸੱਚੀ-ਸੁੱਚੀ ਕਿਰਤ ਅਤੇ ਵਿਹਾਰ ਉੱਤੇ ਜ਼ੋਰ ਦਿੱਤਾ, ਜਿਵੇਂ ਕਿ ਕਾਜ਼ੀਆਂ ਨਾਲ ਹੋਈ ਇਕ ਵਿਚਾਰ-ਚਰਚਾ ਵਿਚ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ। ਗੁਰੂ ਜੀ ਨੇ ਸਮਝਾਇਆ ਕਿ ਸ਼ੁਭ ਕਰਮ ਸਰਵੋਤਮ ਹਨ:

ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ। (ਵਾਰ 1:33)

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਵਿਚਾਰਧਾਰਾ ਨੂੰ ਬਾਕੀ ਗੁਰੂ ਸਾਹਿਬਾਨ ਨੇ ਪ੍ਰਫੁਲਤ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਮਹਾਂਪੁਰਸ਼ਾਂ ਦੀ ਬਾਣੀ ਨੂੰ ਸੰਕਲਿਤ ਕੀਤਾ ਉਥੇ ਨਾਲ ਹੀ ਵੱਖ-ਵੱਖ ਧਰਮਾਂ ਦੀ ਹੋਂਦ ਅਤੇ ਉਨ੍ਹਾਂ ਦੀ ਜੀਵਨ-ਜਾਚ ਦਾ ਪ੍ਰਗਟਾਵਾ ਵੀ ਕੀਤਾ:

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥
ਕੋਈ ਸੇਵੈ ਗੁਸਈਆ ਕੋਈ ਅਲਾਹਿ॥
ਕਾਰਣ ਕਰਣ ਕਰੀਮ॥
ਕਿਰਪਾ ਧਾਰਿ ਰਹੀਮ॥
ਕੋਈ ਨਾਵੈ ਤੀਰਥਿ ਕੋਈ ਹਜ ਜਾਇ॥
ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥
ਕੋਈ ਪੜੈ ਬੇਦ ਕੋਈ ਕਤੇਬ॥
ਕੋਈ ਓਢੈ ਨੀਲ ਕੋਈ ਸੁਪੇਦ॥
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥  (ਪੰਨਾ 885)

ਸੰਵਾਦ ਦੀ ਵਿਸ਼ੇਸ਼ਤਾ ਹੈ ਕਿ ਇਸ ਵਿਚ ਦੂਜੇ ਜਾਂ ਸਾਹਮਣੇ ਵਾਲੇ ਵਿਅਕਤੀ ਦੇ ਵਿਸ਼ਵਾਸ ਨੂੰ ਪ੍ਰਵਾਨ ਕੀਤਾ ਜਾਂਦਾ ਹੈ। ਗੁਰਬਾਣੀ ਦਾ ਇਹ ਸ਼ਬਦ ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਹੈ ਕਿ ਗੁਰੂ ਸਾਹਿਬਾਨ ਦੂਜੇ ਧਰਮਾਂ ਦੇ ਵਿਸ਼ਵਾਸੀਆਂ ਦੀ ਹੋਂਦ ਅਤੇ ਉਨ੍ਹਾਂ ਦੇ ਸੰਸਕਾਰਾਂ ਅਤੇ ਵਿਸ਼ਵਾਸਾਂ ਤੋਂ ਮੂੰਹ ਨਹੀਂ ਮੋੜਦੇ। ਗੁਰੂ ਸਾਹਿਬਾਨ ਦੂਜੇ ਧਰਮ ਦੇ ਵਿਸ਼ਵਾਸੀਆਂ ਜਾਂ ਆਗੂਆਂ ਨਾਲ ਵਿਚਾਰ ਕਰਦੇ ਹੋਏ ਕਿਤੇ ਵੀ ਉਨ੍ਹਾਂ ਨੂੰ ਧਰਮ-ਪਰਿਵਰਤਨ ਲਈ ਨਹੀਂ ਕਹਿੰਦੇ। ਗੁਰੂ ਸਾਹਿਬਾਨ ਤਾਂ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਹਰ ਧਰਮ ਦੇ ਵਿਅਕਤੀ ਨੂੰ ਉਸ ਦੇ ਧਾਰਨ ਕੀਤੇ ਵਿਸ਼ਵਾਸ ਵਿੱਚੋਂ ਸੱਚਾਈ ਅਤੇ ਲੋਕ-ਭਲਾਈ ਦਾ ਮਾਰਗ ਦ੍ਰਿੜ੍ਹ ਹੋਣਾ ਚਾਹੀਦਾ ਹੈ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਲਮਾਨ ਨੂੰ ਸੰਬੋਧਨ ਕਰਦੇ ਹੋਏ ਫ਼ਰਮਾਨ ਕਰਦੇ ਹਨ:

ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ॥ (ਪੰਨਾ 141)

ਇਸੇ ਤਰ੍ਹਾਂ ਸੱਚੇ ਜੋਗੀ ਦੇ ਲੱਛਣ ਦੱਸਦੇ ਹੋਏ ਗੁਰੂ ਜੀ ਫ਼ੁਰਮਾਉਂਦੇ ਹਨ:

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ॥
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥
ਗਲੀ ਜੋਗੁ ਨ ਹੋਈ॥
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ॥ (ਪੰਨਾ 730)

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦੋਵੇਂ ਧਰਮਾਂ ਦੇ ਵਿਸ਼ਵਾਸੀਆਂ ਨੂੰ ਦ੍ਰਿੜ੍ਹ ਕਰਾਏ ਇਹ ਸੰਕਲਪ ਸਮਾਜ ਨੂੰ ਏਕਤਾ ਅਤੇ ਇਕਸੁਰਤਾ ਵਿਚ ਪਰੋਣ ਦਾ ਸੰਕੇਤ ਹਨ। ਮੁਸਲਮਾਨ ਰਾਜ-ਭਾਗ ਦਾ ਹਿੱਸਾ ਹੁੰਦੇ ਹੋਏ ਸੱਚਾਈ ਅਤੇ ਇਮਾਨਦਾਰੀ ਦੇ ਮਾਰਗ ’ਤੇ ਚੱਲ ਕੇ ਲੋਕ-ਭਲਾਈ ਦੇ ਕਾਰਜਾਂ ਵੱਲ ਦ੍ਰਿੜ੍ਹ ਹੋ ਸਕਦੇ ਹਨ ਅਤੇ ਜੋਗੀ ਇਹ ਕਾਰਜ ਸਮਾਜਕ ਕੀਮਤਾਂ ਨੂੰ ਧਾਰਨ ਕਰਦੇ ਹੋਏ ਸਿਰੇ ਚਾੜ੍ਹ ਸਕਦੇ ਹਨ। ਦੋਵੇਂ ਫ਼ਿਰਕਿਆਂ ਦੁਆਰਾ ਪਰਮਾਤਮਾ ਦੀ ਅਧੀਨਗੀ ਤਹਿਤ ਕੀਤੇ ਜਾਣ ਵਾਲੇ ਲੋਕ-ਭਲਾਈ ਦੇ ਕਾਰਜ ਸਮਾਜ ਨੂੰ ਨਵੀਂ ਦਸ਼ਾ ਅਤੇ ਦਿਸ਼ਾ ਪ੍ਰਦਾਨ ਕਰ ਸਕਦੇ ਹਨ। ਗੁਰੂ ਜੀ ਨੇ ਹਿੰਦੂਆਂ, ਮੁਸਲਮਾਨਾਂ ਅਤੇ ਜੋਗੀਆਂ ਵਿਚ ਕੋਈ ਫ਼ਰਕ ਨਹੀਂ ਕੀਤਾ ਅਤੇ ਨਾ ਹੀ ਕਿਸੇ ਵਿਸ਼ੇਸ਼ ਫ਼ਿਰਕੇ ਨਾਲ ਸੰਬੰਧਿਤ ਹੋਣ ’ਤੇ ਉਸਨੂੰ ਉੱਚਾ ਮੰਨਿਆ। ਗੁਰੂ ਜੀ ਪਰਮਾਤਮਾ ਨੂੰ ਹੀ ਸਰਵ-ਉਚ ਮੰਨਦੇ ਹੋਏ ਸਮੁੱਚੀ ਲੋਕਾਈ ਨੂੰ ਉਸ ਦਾ ਅੰਸ਼ ਸਮਝਦੇ ਹਨ:

ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ 663)

ਗੁਰੂ ਜੀ ਸਭ ਮਨੁੱਖਾਂ ਨੂੰ ਪਰਮਾਤਮਾ ਦਾ ਅੰਸ਼ ਮੰਨਦੇ ਹੋਏ ਸਮਾਨ ਸਮਝਦੇ ਹਨ ਪਰ ਅਗਿਆਨਤਾ-ਵੱਸ ਇਕ ਮਨੁੱਖ ਆਪਣੇ ਆਪ ਨੂੰ ਦੂਜੇ ਤੋਂ ਸ੍ਰੇਸ਼ਟ ਅਤੇ ਆਪਣੇ ਧਰਮ ਨੂੰ ਦੂਜੇ ਦੇ ਧਰਮ ਤੋਂ ਵਧੀਆ ਤੇ ਉੱਚਾ ਮੰਨਦਾ ਹੈ। ਮਨੁੱਖ ਦਾ ਇਹ ਜਜ਼ਬਾ ਉਸ ਵਿਚ ਸਹਿਣਸ਼ੀਲਤਾ ਅਤੇ ਅਧਿਆਤਮਕ ਉੱਚਤਾ ਦੀ ਘਾਟ ਦਾ ਪ੍ਰਤੀਕ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਨ ਕਰਦੇ ਹੋਏ ਸਮਝਾਉਂਦੇ ਹਨ ਕਿ ਮਿਲ-ਬੈਠ ਕੇ ਅਤੇ ਸੰਵਾਦ ਦੀ ਬਿਰਤੀ ਧਾਰਨ ਕਰ ਕੇ ਹੀ ਇਸ ਅਗਿਆਨਤਾ ਰੂਪੀ ਹਨੇਰੇ ਨੂੰ ਦੂਰ ਕੀਤਾ ਜਾ ਸਕਦਾ ਹੈ:

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ (ਪੰਨਾ 1185)

ਗੁਰੂ ਸਾਹਿਬਾਨ ਨੇ ਆਮ ਲੋਕਾਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਕਰਨ ਲਈ ਧਰਮਸ਼ਾਲਾਵਾਂ ਦਾ ਨਿਰਮਾਣ ਕੀਤਾ, ਲੰਗਰ ਅਤੇ ਸੰਗਤ ਦੀ ਪ੍ਰਥਾ ਕਾਇਮ ਕੀਤੀ। ਇਨ੍ਹਾਂ ਸੰਸਥਾਵਾਂ ਦੇ ਕਾਇਮ ਹੋਣ ਨਾਲ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਲੋਕ ਇੱਕ ਸਥਾਨ ’ਤੇ ਇਕੱਤਰ ਹੋ ਕੇ ਗੁਰੂ ਸਾਹਿਬਾਨ ਦੀ ਸਰਬੱਤ ਦੇ ਭਲੇ ਵਾਲੀ ਬਾਣੀ ਸੁਣਨ ਲੱਗੇ। ਗੁਰਬਾਣੀ ਦੀ ਵਿਆਖਿਆ ਦਾ ਕਾਰਜ ਵੀ ਇਨ੍ਹਾਂ ਧਰਮ ਅਸਥਾਨਾਂ ਉੱਤੇ ਸ਼ੁਰੂ ਕੀਤਾ ਗਿਆ ਅਤੇ ਸੰਗਤ ਆਪਣੇ ਸ਼ੰਕੇ ਸਿੱਧੇ ਤੌਰ ’ਤੇ ਗੁਰੂ ਜੀ  ਤੋਂ ਨਵਿਰਤ ਕਰਾਉਣ ਲੱਗੀ। ਗੁਰੂ ਸਾਹਿਬਾਨ ਦੇ ਸਮੇਂ ਅਤੇ ਉਨ੍ਹਾਂ ਤੋਂ ਬਾਅਦ ਵੀ ਇਹ ਕਾਰਜ ਸਿੱਖ ਵਿਦਵਾਨਾਂ ਦੁਆਰਾ ਜਾਰੀ ਰੱਖਿਆ ਗਿਆ। ਇਸ ਵਿਚਾਰ-ਚਰਚਾ ਦਾ ਉਦੇਸ਼ ਗੁਣਾਂ ਦੀ ਸਾਂਝ ਅਤੇ ਔਗੁਣਾਂ ਨੂੰ ਭਾਂਜ ਦੇਣਾ ਸੀ ਜਿਸ ਦਾ ਵਰਣਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ:

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥
ਜੇ ਗੁਣ ਹੋਵਨਿ੍ ਸਾਜਨਾ ਮਿਲਿ ਸਾਝ ਕਰੀਜੈ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ॥
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ (ਪੰਨਾ 765-66)

ਵਿਚਾਰ-ਚਰਚਾ ਕਰਦੇ ਹੋਏ ਹੰਸ ਵਾਂਗ ਮੋਤੀ ਚੁਣਨ ਦਾ ਮਾਰਗ ਦਰਸਾਇਆ ਹੈ ਜਿਸ ਵਿਚ ਬੁੱਧੀ ਦਾ ਇਸਤੇਮਾਲ ਕਰਦੇ ਹੋਏ ਗੁਰੂ ਸਾਹਿਬਾਨ ਨੇ ਸਦਗੁਣਾਂ ਦੇ ਧਾਰਨੀ ਬਣਨ ਦੀ ਪ੍ਰੇਰਨਾ ਕੀਤੀ ਹੈ। ਇਸ ਦੇ ਨਾਲ ਹੀ ਅੰਧ-ਵਿਸ਼ਵਾਸ ਵਾਲੀ ਰੀਤ ਨੂੰ ਤਿਆਗਣ ਅਤੇ ਔਗੁਣਾਂ ਨੂੰ ਛੱਡਣ ਦਾ ਆਦੇਸ਼ ਕੀਤਾ ਗਿਆ ਹੈ। ਸੰਵਾਦ ਦੀ ਪਿਰਤ ਦੀ ਇਹ ਇਕ ਅਨਮੋਲ ਉਦਾਹਰਣ ਹੈ ਕਿ ਚਰਚਾ ਕਰਦੇ ਹੋਏ ਧਿਆਨ ਗੁਣਾਂ ਨੂੰ ਗ੍ਰਹਿਣ ਕਰਨ ਵੱਲ ਹੋਣਾ ਚਾਹੀਦਾ ਹੈ ਤਾਂ ਹੀ ਇਸ ਦਾ ਸੁਚਾਰੂ ਰੂਪ ਪ੍ਰਗਟ ਹੋ ਸਕੇਗਾ। ਸੰਵਾਦ ਕਰਨ ਦਾ ਇਕ ਹੋਰ ਮਾਡਲ ‘ਸਿਧ ਗੋਸਟਿ’ ਬਾਣੀ ਰਾਹੀਂ ਪ੍ਰਗਟ ਹੁੰਦਾ ਹੈ ਜਿਸ ਵਿਚ ਪ੍ਰੌੜ੍ਹ ਕਿਸਮ ਦੇ ਯੋਗੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਸ਼ਨ ਕਰਦੇ ਹਨ ਅਤੇ ਨਾਲ ਹੀ ਇਸ ਦਾ ਉੱਤਰ ਦੇਣ ਅਤੇ ਰੋਸ ਨਾ ਕਰਨ ਲਈ ਕਹਿੰਦੇ ਹਨ:

ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ॥ (ਪੰਨਾ 938)

ਸੰਵਾਦ ਕਰਨ ਦਾ ਇਹ ਸ੍ਰੇਸ਼ਟ ਮਾਡਲ ਦਰਸਾਇਆ ਗਿਆ ਹੈ ਕਿ ਕੁਝ ਵੀ ਕਹਿਣ-ਸੁਣਨ ਸਮੇਂ ਭੜਕਾਹਟ ਵਿਚ ਨਹੀਂ ਆਉਣਾ, ਸੰਜਮ ਵਿਚ ਰਹਿਣਾ ਅਤੇ ਸਹਿਜ ਨਾਲ ਪ੍ਰਸ਼ਨਾਂ ਦੇ ਉੱਤਰ ਦੇਣੇ ਜਾਂ ਵਿਚਾਰ-ਚਰਚਾ ਕਰਨੀ। ‘ਸਿਧ ਗੋਸਟਿ’ ਵਿਚ ਸੰਵਾਦ ਰਚਾਉਣ ਦੀ ਇਕ ਹੋਰ ਵਿਸ਼ੇਸ਼ਤਾ ਵੀ ਵੇਖਣ ਨੂੰ ਮਿਲਦੀ ਹੈ ਜਿਸ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਕੋਈ ਵੀ ਚਰਚਾ ਪਰਮਾਤਮਾ ਦੇ ਨਾਮ ਨੂੰ ਆਧਾਰ ਮੰਨ ਕੇ ਕੀਤੀ ਜਾਣੀ ਚਾਹੀਦੀ ਹੈ। ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਵਿਅਕਤੀਆਂ ਦੁਆਰਾ ਕੀਤੀ ਜਾਂਦੀ ਚਰਚਾ ਨੂੰ ਸ੍ਰੇਸ਼ਟ ਮੰਨਿਆ ਗਿਆ ਹੈ:

ਨਾਮਿ ਰਤੇ ਸਿਧ ਗੋਸਟਿ ਹੋਇ॥
ਨਾਮਿ ਰਤੇ ਸਦਾ ਤਪੁ ਹੋਇ॥
ਨਾਮਿ ਰਤੇ ਸਚੁ ਕਰਣੀ ਸਾਰੁ॥
ਨਾਮਿ ਰਤੇ ਗੁਣ ਗਿਆਨ ਬੀਚਾਰੁ॥ (ਪੰਨਾ 941)

ਭਗਤ ਕਬੀਰ ਜੀ ਵੀ ਪਰਮਾਤਮਾ ਦੇ ਨਾਮ-ਸਿਮਰਨ ਵਾਲੇ ਵਿਅਕਤੀਆਂ ਨਾਲ ਚਰਚਾ ਕਰਨ ’ਤੇ ਜ਼ੋਰ ਦਿੰਦੇ ਹਨ:

ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ॥
ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ॥ (ਪੰਨਾ 1377)

ਸੰਵਾਦ ਦੀ ਜੋ ਪ੍ਰਥਾ ਗੁਰਬਾਣੀ ਰਾਹੀਂ ਪ੍ਰਗਟ ਕੀਤੀ ਗਈ ਹੈ ਅਜੋਕੇ ਸਮੇਂ ਵਿਚ ਉਸ ਦੀ ਲੋੜ ਹੋਰ ਵੀ ਵਧੇਰੇ ਜਾਪਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਮਲਾਵਰ ਧਾੜਵੀਆਂ ਦੀ ਤਰ੍ਹਾਂ ਇਸ ਦੇਸ਼ ਵਿਚ ਆਉਂਦੇ ਅਤੇ ਇਥੋਂ ਲੁੱਟੇ ਮਾਲ-ਅਸਬਾਬ ਨਾਲ ਆਪਣੇ ਦੇਸ਼ ਵਾਪਸ ਜਾ ਕੇ ਐਸ਼ੋ-ਇਸ਼ਰਤ ਦਾ ਜੀਵਨ  ਬਤੀਤ ਕਰਦੇ। ਬਾਬਰ ਦਾ ਭਾਰਤ ਉੱਤੇ ਹਮਲਾ ਵੀ ਇਸੇ ਤਰ੍ਹਾਂ ਦੀ ਮਨਸ਼ਾ ਨੂੰ ਪ੍ਰਗਟਾਉਂਦਾ ਹੈ। ਹਮਲਾਵਰਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਅੱਗੇ ਦਲੀਲ ਪੇਸ਼ ਕਰਨ ਨੂੰ ਆਪਣੇ ਜੀਵਨ ਦਾ ਅੰਤ ਹੀ ਸਮਝਿਆ ਜਾਂਦਾ ਸੀ। ਪਰ ਫਿਰ ਵੀ ਬਾਬਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਚਰਚਾ ਕੀਤੀ ਉਸ ਦੇ ਨਤੀਜੇ ਵਜੋਂ ਹੀ ਏਮਨਾਬਾਦ ਦੇ ਲੋਕਾਂ ਨੂੰ ਰਾਹਤ ਮਹਿਸੂਸ ਹੋਈ। ਗੁਰੂ-ਘਰ ਵਿਚ ਹਮੇਸ਼ਾਂ ਹੀ ਵਿਚਾਰ-ਚਰਚਾ ਰਾਹੀਂ ਗੱਲ ਕਰਨ ਨੂੰ ਪਹਿਲ ਦਿੱਤੀ ਗਈ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)