editor@sikharchives.org

ਗੁਰਦੁਆਰਾ ਬੜੀ ਸੰਗਤ ਅਤੇ ਗੁਰਦੁਆਰਾ ਰਾਜਘਾਟ, ਬੁਰਹਾਨਪੁਰ

ਦਿੱਲੀ ਤੋਂ ਸ੍ਰੀ ਹਜ਼ੂਰ ਸਾਹਿਬ ਜਾਂਦੇ ਹੋਏ ਰਾਹ ਵਿਚ ਬੁਰਹਾਨਪੁਰ ਆਉਂਦਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਦਿੱਲੀ ਤੋਂ ਸ੍ਰੀ ਹਜ਼ੂਰ ਸਾਹਿਬ ਜਾਂਦੇ ਹੋਏ ਰਾਹ ਵਿਚ ਬੁਰਹਾਨਪੁਰ ਆਉਂਦਾ ਹੈ। ਇਹ ਇਕ ਵੱਡਾ ਨਗਰ ਹੈ, ਜਿਸ ਨੂੰ ਕਿਸੇ ਸਮੇਂ ਦੱਖਣ ਦਾ ਗੇਟਵੇ ਕਿਹਾ ਜਾਂਦਾ ਸੀ ਕਿਉਂਕਿ ਦੱਖਣ ਨੂੰ ਜਾਣ ਸਮੇਂ ਬੁਰਹਾਨਪੁਰ ਵਿੱਚੋਂ ਦੀ ਲੰਘਣਾ ਪੈਂਦਾ ਸੀ। ਦੱਖਣ ਦਾ ਦਰਵਾਜ਼ਾ ਇਸ ਨਗਰ ਰਾਹੀਂ ਖੁੱਲ੍ਹਣ ਕਰਕੇ ਮੁਗ਼ਲ ਹਕੂਮਤ ਦੇ ਸਮੂਹ ਬਾਦਸ਼ਾਹਾਂ ਦੀ ਇਸ ਨਗਰ ’ਤੇ ਵਿਸ਼ੇਸ਼ ਕ੍ਰਿਪਾ-ਦ੍ਰਿਸ਼ਟੀ ਰਹੀ ਹੈ। ਤਾਪਤੀ ਨਦੀ ਦੇ ਕੰਢੇ ’ਤੇ ਵਸਿਆ ਹੋਇਆ ਇਹ ਨਗਰ ਹੁਣ ਜ਼ਿਲ੍ਹਾ ਬਣ ਗਿਆ ਹੈ ਅਤੇ ਸਾਰੇ ਸਰਕਾਰੀ ਕੰਮ-ਕਾਜ ਇਥੇ ਹੀ ਹੋਣ ਕਰਕੇ ਕਾਫੀ ਚਹਿਲ-ਪਹਿਲ ਰਹਿੰਦੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦਾ ਸੰਦੇਸ਼ ਲੋਕਾਈ ਤਕ ਪਹੁੰਚਾਉਣ ਲਈ ਉਦਾਸੀਆਂ ਕੀਤੀਆਂ ਸਨ। ਉਨ੍ਹਾਂ ਦੀ ਇਕ ਉਦਾਸੀ ਦੱਖਣ ਵੱਲ ਸੀ। ਦੱਖਣ ਵਿਚ ਪ੍ਰਚਾਰ ਕਰਦੇ ਸਮੇਂ ਉਹ ਬੁਰਹਾਨਪੁਰ ਗਏ ਸਨ। ਬੁਰਹਾਨਪੁਰ ਵਿਖੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਸਿੱਖ ਬਣ ਗਏ ਸਨ, ਵਣਜਾਰਿਆਂ ਦੀ ਉਨ੍ਹਾਂ ਵਿਚ ਬਹੁਤਾਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਸਦਕਾ ਉਥੇ ਇਕ ਸੰਗਤ ਕਾਇਮ ਹੋ ਗਈ ਸੀ, ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਸੀ, ਇਸ ਦਾ ਸਬੂਤ ਸਾਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਮਿਲਦਾ ਹੈ। ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿੱਖਾਂ ਦਾ ਵਰਨਣ ਕਰਦੇ ਹੋਏ ਭਾਈ ਸਾਹਿਬ ਦੱਸਦੇ ਹਨ:

ਮੇਲੁ ਵਡਾ ਬੁਰਹਾਨਪੁਰਿ ਸਨਮੁਖ ਸਿਖ ਸਹਜ ਪਰਗਾਸੁ।
ਭਗਤੁ ਭਈਆ ਭਗਵਾਨ ਦਾਸ ਨਾਲਿ ਬੋਦਲਾ ਘਰੇ ਉਦਾਸ। (ਵਾਰ 11:30)

ਗੁਰਦੁਆਰਾ ਰਾਜਘਾਟ, ਬੁਰਹਾਨਪੁਰ

ਇਥੇ ਇਕ ਗੱਲ ਵਰਨਣ ਕਰਨ ਯੋਗ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੁਰਹਾਨਪੁਰ ਆਉਣ ਦਾ ਕੋਈ ਜ਼ਿਕਰ ਨਹੀਂ ਮਿਲਦਾ ਅਤੇ ਜਿਹੜੀ ਸੰਗਤ ਉਥੇ ਕਾਇਮ ਹੋਈ ਸੀ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਸਦਕਾ ਹੋਂਦ ਵਿਚ ਆਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਰਾਹੀਂ ਅਤੇ ਸ੍ਰੀ ਗੁਰੂ ਰਾਮਦਾਸ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਇਹ ਸੰਗਤ ਮਸੰਦ ਪ੍ਰਥਾ ਰਾਹੀਂ ਗੁਰੂ-ਘਰ ਨਾਲ ਜੁੜੀ ਰਹੀ ਸੀ। ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਇਥੋਂ ਦੇ ਸ਼ਰਧਾਲੂ ਸਿੱਖਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਸੀ। ਭਾਈ ਸੰਤੋਖ ਸਿੰਘ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਬੁਰਹਾਨਪੁਰ ਵਿਖੇ ਸਿੱਖ ਸੰਗਤ ਕਾਇਮ ਹੋਈ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ:

ਮੇਲਿ ਬਡੋ ਸਿਖ ਪੁਰ ਬੁਰਹਾਨ।
ਭਾਈ ਭਗਤ ਦਾਸ ਭਗਵਾਨ।
ਅਪਰ ਬੋਦਲਾ ਮਲਕ ਕਟਾਰੂ।
ਪਿਰਥੀ ਮਲ ਜਰਾਂਦ ਬੁਧਿ ਸਾਰੂ।
ਡੱਲੂ ਭਗਤ ਛੁਰਾ ਹੈਰਾਣ।
ਸ਼ਯਾਮੀਦਾਸ ਵਧਾਵਨਿ ਜਾਣਿ।
ਸੁੰਦਰ ਆਦਿਕ ਸਿੱਖ ਅਨੇਕ।
ਮਿਲਹਿਂ ਕੀਰਤਨ ਕਰਹਿਂ ਬਿਬੇਕ।
ਸਭਿ ਇਕਠੇ ਦਰਸ਼ਨ ਹਿਤ ਆਏ।
ਸ਼੍ਰੀ ਗੁਰੁ ਹਰਿਗੋਵਿੰਦ ਦਰਸਾਏ।
ਅਨਿਕ ਭਾਂਤਿ ਕੀ ਅਰਪਿ ਉਪਾਇਨ।
ਸਿਰ ਧਰਿ ਬੰਦਤਿ ਪੰਕਜ ਪਾਇਨਿ।
ਤਬਿ ਸ਼੍ਰੀ ਹਰਿਗੋਬਿੰਦ ਉਚਾਰਾ।
ਧਰਮਸਾਲ ਇਕ ਕਰਹੁ ਉਦਾਰਾ।1

ਬੁਰਹਾਨਪੁਰ ਦੀ ਸੰਗਤ ਗੁਰੂ-ਘਰ ਨਾਲ ਪੂਰੀ ਤਰ੍ਹਾਂ ਜੁੜੀ ਰਹੀ ਅਤੇ ਜਦੋਂ ਕੋਈ ਵਿਸ਼ੇਸ਼ ਪੁਰਬ ਜਾਂ ਸਮਾਂ ਆਉਂਦਾ ਤਾਂ ਉਥੇ ਦੀ ਸੰਗਤ ਗੁਰੂ-ਘਰ ਵਿਚ ਹਾਜ਼ਰੀ ਜ਼ਰੂਰ ਭਰਦੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਸਮੇਂ ਵੀ ਬੁਰਹਾਨਪੁਰ ਤੋਂ ਸਿੱਖ ਸੰਗਤ ਨੇ ਭਾਰੀ ਗਿਣਤੀ ਵਿਚ ਹਾਜ਼ਰੀ ਭਰੀ ਸੀ, ਜਿਸ ਨੂੰ ਗੁਰੂ ਸਾਹਿਬ ਨੇ ਸਤਿਕਾਰ ਸਹਿਤ ਵਿਦਾ ਕੀਤਾ ਸੀ।2 ਇਥੋਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਅਰੰਭ ਹੋਈ ਬੁਰਹਾਨਪੁਰ ਦੀ ਸੰਗਤ ਗੁਰੂ-ਘਰ ਨਾਲ ਪੂਰੀ ਤਰ੍ਹਾਂ ਜੁੜੀ ਰਹੀ ਹੈ। ਸ਼ੇਖ ਬੁਰਹਾਨ-ਉਦ-ਦੀਨ ਦੇ ਨਾਂ ’ਤੇ ਵਸੇ ਹੋਏ ਨਗਰ ਬੁਰਹਾਨਪੁਰ ਦੀ ਸੰਗਤ ਹਮੇਸ਼ਾਂ ਗੁਰੂ-ਪ੍ਰਾਇਣ ਰਹੀ ਹੈ ਅਤੇ ਜਦੋਂ ਵੀ ਸਿੱਖੀ ਪ੍ਰਤੀ ਦ੍ਰਿੜ੍ਹਤਾ ਅਤੇ ਨਿਸ਼ਠਾ ਵਿਖਾਉਣ ਦਾ ਉਨ੍ਹਾਂ ਨੂੰ ਮੌਕਾ ਮਿਲਿਆ, ਉਨ੍ਹਾਂ ਨੇ ਹਮੇਸ਼ਾਂ ਵੱਧ-ਚੜ੍ਹ ਕੇ ਹਿੱਸਾ ਪਾਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਦੇ ਹੱਥ ਬਾਦਸ਼ਾਹ ਔਰੰਗਜ਼ੇਬ ਨੂੰ ਦੀਨੇ ਕਾਂਗੜ ਤੋਂ ਜ਼ਫਰਨਾਮਾ ਭੇਜਿਆ ਸੀ। ਬਾਦਸ਼ਾਹ ਉਸ ਸਮੇਂ ਦੱਖਣ ਵਿਚ ਔਰੰਗਾਬਾਦ ਦੇ ਸਥਾਨ ’ਤੇ ਮੌਜੂਦ ਸੀ। ਔਰੰਗਾਬਾਦ ਨੂੰ ਜਾਂਦੇ ਹੋਏ ਦੋਵੇਂ ਸਿੰਘਾਂ ਨੇ ਬੁਰਹਾਨਪੁਰ ਦੀ ਸੰਗਤ ਕੋਲ ਪੜਾਅ ਕੀਤਾ ਸੀ।3

ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਨਾਲ ਦੱਖਣ ਨੂੰ ਗਏ ਸਨ ਤਾਂ ਰਾਹ ਵਿਚ ਪੜਾਅ ਬੁਰਹਾਨਪੁਰ ਹੀ ਕੀਤਾ ਸੀ। ਗੁਰੂ ਜੀ ਦੇ ਦਰਸ਼ਨਾਂ ਨੂੰ ਇਥੇ ਸੰਗਤ ਭਾਰੀ ਗਿਣਤੀ ਵਿਚ ਜੁੜਦੀ ਸੀ ਜਿਸ ਕਰਕੇ ਇਥੇ ਬਣੇ ਪ੍ਰਮੁੱਖ ਗੁਰਦੁਆਰੇ ਦਾ ਨਾਂ ‘ਬੜੀ ਸੰਗਤ’ ਕਰਕੇ ਪ੍ਰਸਿੱਧ ਹੋਇਆ। ਗੁਰੂ ਸਾਹਿਬ ਨੇ ਇਸ ਸਥਾਨ ’ਤੇ ਹੀ ਇਕ ਜੋਗੀ ਜੀਵਨ ਦਾਸ ਨੂੰ ਦਰਸ਼ਨ ਦੇ ਕੇ ਜੀਵਨ ਮੁਕਤੀ ਦਾ ਮਾਰਗ ਦਰਸਾਇਆ ਸੀ। ਬੁਰਹਾਨਪੁਰ ਵਿਖੇ ਇਸ ਸਥਾਨ ’ਤੇ ਗੁਰੂ ਜੀ ਲਗਪਗ 20 ਦਿਨ ਰਹੇ ਦੱਸੇ ਜਾਂਦੇ ਹਨ। ਇਹੀ ਪ੍ਰਮੁੱਖ ਗੁਰਦੁਆਰਾ ਹੈ, ਜਿਹੜਾ ਲਗਪਗ 38 ਏਕੜ ਜ਼ਮੀਨ ’ਤੇ ਬਣਿਆ ਹੋਇਆ ਹੈ ਅਤੇ ਇਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖੀ ਹੋਈ ਇਕ ਪੁਰਤਾਨ ਬੀੜ ਪਈ ਹੋਈ ਹੈ ਜਿਸ ’ਤੇ ਗੁਰੂ ਜੀ ਵੱਲੋਂ ਹਸਤਾਖਰ ਕੀਤੇ ਹੋਏ ਹਨ। ਕਿਸੇ ਵਿਸ਼ੇਸ਼ ਮੌਕੇ ’ਤੇ ਹੀ ਸੰਗਤ ਨੂੰ ਇਸ ਬੀੜ ਦੇ ਦਰਸ਼ਨ ਕਰਾਏ ਜਾਂਦੇ ਹਨ। ਜਦੋਂ ਉਸ ਬੀੜ ਦੇ ਦਰਸ਼ਨ ਕੀਤੇ ਤਾਂ ਦੇਖਿਆ ਕਿ ਉਸ ਦੇ ਪੰਨਿਆਂ ’ਤੇ ਉੱਕਰੇ ਅੱਖਰ ਅਤੇ ਸੁਨਹਿਰੀ ਬਾਰਡਰ ਹਾਲੇ ਵੀ ਚਮਕਦਾਰ ਹਨ ਪਰ ਪੰਨਿਆਂ ਦੀ ਹਾਲਤ ਕਮਜ਼ੋਰ ਪੈਂਦੀ ਜਾ ਰਹੀ ਹੈ। ਪੁਰਾਤਨ ਬੀੜ ਦੀ ਜਿੰਨੀ ਛੇਤੀ ਸੰਭਾਲ ਹੋ ਸਕੇ ਉਨ੍ਹਾਂ ਹੀ ਵਧੀਆ ਹੈ, ਜੇ ਸੰਭਵ ਹੋ ਸਕੇ ਤਾਂ ਉਸ ਨੂੰ ਡਿਜੀਟਲ ਕਰਵਾ ਕੇ ਸਦੀਵੀ ਤੌਰ ’ਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਥੇ ਕੁਝ ਪ੍ਰਾਚੀਨ ਸ਼ਸਤਰ ਸੰਭਾਲ ਕੇ ਰੱਖੇ ਹੋਏ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪਾਲਿਤ ਅਜੀਤ ਸਿੰਘ ਦੀ ਪਤਨੀ ਅਤੇ ਉਸ ਦੇ ਪੁੱਤਰ ਹਠੀ ਸਿੰਘ ਦਾ ਇਸ ਨਗਰ ਵਿਚ ਨਿਵਾਸ ਕਰਨ ਦਾ ਜ਼ਿਕਰ ਮਿਲਦਾ ਹੈ। ਉਨ੍ਹਾਂ ਦੀਆਂ ਯਾਦਗਾਰਾਂ ਵੀ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਬਣੀਆਂ ਹੋਈਆਂ ਹਨ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ‘ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ’ ਅਤੇ ‘ਗੁਰੂ ਗੋਬਿੰਦ ਸਿੰਘ ਅਸ਼ੀਰਵਾਦ ਹਸਪਤਾਲ’ ਚਲਾਏ ਜਾ ਰਹੇ ਹਨ।

ਗੁਰਦੁਆਰਾ ਬੜੀ ਸੰਗਤ ਤੋਂ ਦੋ ਕੁ ਕਿਲੋਮੀਟਰ ਦੀ ਦੂਰੀ ’ਤੇ ਗੁਰਦੁਆਰਾ ਰਾਜਘਾਟ ਮੌਜੂਦ ਹੈ। ਇਹ ਗੁਰਦੁਆਰਾ ਉਥੇ ਦੀ ਮਸ਼ਹੂਰ ਤਾਪਤੀ ਨਦੀ ਦੇ ਕੰਢੇ ’ਤੇ ਬਣਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣਿਆ ਹੋਇਆ ਇਹ ਇਕ ਇਤਿਹਾਸਿਕ ਗੁਰਦੁਆਰਾ ਹੈ। ਉਥੇ ਸੇਵਾ ਕਰ ਰਹੇ ਵਣਜਾਰੇ ਸਿੱਖ, ਗ੍ਰੰਥੀ ਮੁਕੰਦ ਸਿੰਘ, ਨੇ ਦੱਸਿਆ ਕਿ ਤਾਪਤੀ ਇਕ ਇਤਿਹਾਸਿਕ ਨਦੀ ਹੈ ਜਿਸ ਨੂੰ ਸੂਰਜ ਦੀ ਪੁੱਤਰੀ ਮੰਨਿਆ ਜਾਂਦਾ ਹੈ। ਭਾਵੇਂ ਕਿ ਆਮ ਦਿਨਾਂ ਵਿਚ ਇਸ ਨਦੀ ਵਿਚ ਪਾਣੀ ਘੱਟ ਹੁੰਦਾ ਹੈ ਪਰ ਬਰਸਾਤ ਦੇ ਦਿਨਾਂ ਵਿਚ ਇਹ ਨਦੀ ਆਪਣੇ ਪੂਰੇ ਜੋਬਨ ’ਤੇ ਹੁੰਦੀ ਹੈ। ਇਸ ਨਦੀ ਨੇ ਕਦੇ ਵੀ ਗੁਰਦੁਆਰੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਤੇ ਜ਼ਿਆਦਾ ਪਾਣੀ ਆ ਜਾਣ ’ਤੇ ਵੀ ਇਹ ਹੋਰਨਾਂ ਪਿੰਡਾਂ ਵੱਲ ਚਲਾ ਜਾਂਦਾ ਹੈ ਪਰ ਗੁਰਦੁਆਰੇ ਵੱਲ ਨਹੀਂ ਆਉਂਦਾ। ਪੁਰਤਾਨ ਸਮੇਂ ਵਿਚ ਪਾਣੀ ਦਾ ਇਹ ਇਕੋ ਸੋਮਾ ਸੀ ਜਿਥੋਂ ਲੋਕ ਆਪਣੀ ਲੋੜ ਅਨੁਸਾਰ ਪਾਣੀ ਦੀ ਪੂਰਤੀ ਕਰਦੇ ਸਨ। ਇਥੇ ਆਉਣ ਵਾਲੀ ਸੰਗਤ ਇਸੇ ਨਦੀ ’ਤੇ ਹੀ ਇਸ਼ਨਾਨ ਕਰਨ ਜਾਂਦੀ ਸੀ ਅਤੇ ਇਸੇ ਨਦੀ ਤੋਂ ਕਾਂਵੜ ਰਾਹੀਂ ਪਾਣੀ ਲਿਆ ਕੇ ਲੰਗਰ ਤਿਆਰ ਕੀਤਾ ਜਾਂਦਾ ਸੀ। ਇਲਾਕੇ ਵਿਚ ਹੁਣ ਸਰਕਾਰ ਨੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਹੈ ਅਤੇ ਸ਼ਹਿਰ ਨੂੰ ਟੈਂਕੀ ਦੇ ਪਾਣੀ ਤੋਂ ਸਪਲਾਈ ਕੀਤੀ ਜਾਂਦੀ ਹੈ। ਗੁਰਦੁਆਰੇ ਵਿਚ ਵੀ ਉਸੇ ਟੈਂਕੀ ਦੇ ਪਾਣੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਨਦੀ ਦੇ ਪਾਰ ਜਾਣ ਲਈ ਕਿਸ਼ਤੀਆਂ ਚਲਦੀਆਂ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਇਸ ਸਥਾਨ ’ਤੇ ਆਏ ਸਨ ਅਤੇ ਉਨ੍ਹਾਂ ਇਸ ਸਥਾਨ ’ਤੇ ਡੇਰਾ ਕੀਤਾ ਸੀ। ਸਰਕਾਰੀ ਰਿਕਾਰਡ ਅਨੁਸਾਰ ਇਹ ਜਗ੍ਹਾ ਨਜ਼ੂਲ ਮੰਨੀ ਜਾਂਦੀ ਹੈ। ਨਜ਼ੂਲ ਤੋਂ ਭਾਵ ਉਹ ਜ਼ਮੀਨ ਜਿਹੜੀ ਸਿਧੇ ਤੌਰ ’ਤੇ ਸਰਕਾਰ ਦੇ ਅਧੀਨ ਹੋਵੇ। ਇਸ ਸਥਾਨ ’ਤੇ ਜਦੋਂ ਗੁਰਦੁਆਰਾ ਬਣਿਆ ਸੀ ਤਾਂ ਉਸ ਸਮੇਂ ਸਰਕਾਰ ਨੇ ਇਹ ਜ਼ਮੀਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਟੇ ’ਤੇ ਦੇ ਦਿੱਤੀ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤਕ ਇਹ ਜ਼ਮੀਨ ਲਗਾਤਾਰ ਪਟੇ ’ਤੇ ਹੀ ਚਲਦੀ ਆ ਰਹੀ ਹੈ, ਕਦੇ ਕੋਈ ਦਿੱਕਤ ਨਹੀਂ ਆਈ। ਮਿਆਦ ਖਤਮ ਹੋਣ ’ਤੇ ਪਟਾ ਰਿਨੀਊ ਕਰਾਉਣਾ ਪੈਂਦਾ ਹੈ। 1994 ਤੋਂ ਇਸ ਜ਼ਮੀਨ ਦਾ ਪਟਾ ਤੀਹ ਸਾਲ ਲਈ ਵਧਾਇਆ ਗਿਆ ਸੀ ਅਤੇ 2024 ਵਿਚ ਇਸ ਨੂੰ ਦੁਬਾਰਾ ਰਿਨੀਊ ਕਰਾਉਣਾ ਪਵੇਗਾ। ਇਸ ਜ਼ਮੀਨ ਦਾ ਘੇਰਾ 10147 ਵਰਗ ਫੁੱਟ ਹੈ। 1957 ਵਿਚ ਇਸ ਗੁਰਦੁਆਰੇ ਦੀ ਇਕ ਇਮਾਰਤ ਬਣੀ ਸੀ, ਜਿਸ ਦਾ ਉਦਘਾਟਨ ਨਿਮਾੜ ਜ਼ਿਲ੍ਹੇ ਦੇ ਮੁੱਖ ਜੱਜ ਸ਼੍ਰੀ ਸ਼ਿਵਨਾਥ ਮਿਸ਼ਰ ਨੇ ਕੀਤਾ ਸੀ। ਅਜੋਕੇ ਸਮੇਂ ਵਿਚ ਇਸ ਇਮਾਰਤ ਵਿਚ ਕੁਝ ਵਾਧਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਵਾਲੇ ਹਾਲ ਨੂੰ ਖੁੱਲ੍ਹਾ ਕੀਤਾ ਗਿਆ ਹੈ ਅਤੇ ਸੰਗਤ ਦੀ ਸਹੂਲਤ ਲਈ ਗੁਰਦੁਆਰੇ ਦੇ ਬਾਹਰਵਾਰ ਬਰਾਂਡਾ ਬਣਾਇਆ ਗਿਆ ਹੈ।

ਗੁਰਦੁਆਰੇ ਦਾ ਪ੍ਰਬੰਧ ਗੁਰਦੁਆਰਾ ਬੜੀ ਸੰਗਤ ਦੀ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਇਥੇ ਹਰ ਐਤਵਾਰ ਨੂੰ ਦੀਵਾਨ ਸਜਦਾ ਹੈ ਜਿਸ ਵਿਚ ਹਿੰਦੂ, ਮੁਸਲਮਾਨ, ਸਿੰਧੀ ਤੇ ਵਣਜਾਰੇ ਆਦਿ ਹਰ ਵਰਗ ਨਾਲ ਸੰਬੰਧਿਤ ਸੰਗਤ ਹਾਜ਼ਰੀ ਭਰਦੀ ਹੈ, ਸੰਗਤ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ। ਆਲੇ-ਦੁਆਲੇ ਦੇ ਪਿੰਡਾਂ ਵਿਚ ਵਣਜਾਰਿਆਂ ਦੀ ਵੱਡੀ ਗਿਣਤੀ ਵਸਦੀ ਹੈ ਅਤੇ ਉਨ੍ਹਾਂ ਵਿੱਚੋਂ ਜਿਹੜੇ ਸਿੰਘ ਸਜ ਗਏ ਹਨ ਉਹ ਪੱਕੇ ਨਿਤਨੇਮੀ ਹਨ ਅਤੇ ਰੋਜ਼ਾਨਾ ਗੁਰਦੁਆਰੇ ਹਾਜ਼ਰੀ ਵੀ ਭਰਦੇ ਹਨ ਅਤੇ ਸੇਵਾ ਵੀ ਕਰਦੇ ਹਨ। ਵਣਜਾਰਿਆਂ ਦੀ ਬਹੁਗਿਣਤੀ ਖੇਤੀ ਦਾ ਕੰਮ ਹੀ ਕਰਦੀ ਹੈ। ਇਲਾਕੇ ਦੀ ਸਿੱਖ ਸੰਗਤ ਤੋਂ ਇਲਾਵਾ ਸਿੰਧੀ ਅਤੇ ਵਣਜਾਰੇ ਗੁਰਦੁਆਰੇ ਦੀ ਸੇਵਾ ਵਿਚ ਯੋਗਦਾਨ ਪਾਉਂਦੇ ਹਨ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

1 ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ 5, ਅੰਸੂ 43.30-34.
2 ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਿਤੁ 1, ਅੰਸੂ 17.16.
3 ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ 5, ਅੰਸੂ 43.30-34.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)