editor@sikharchives.org

ਕਸ਼ਮੀਰੀ ਪੰਡਤਾਂ ਦਾ ਸ਼ਰਨ-ਸਥਲ-ਅਨੰਦਪੁਰ ਸਾਹਿਬ

ਗੁਰੂ ਜੀ ਨੇ ਕਾਫੀ ਸੋਚ-ਵਿਚਾਰ ਤੋਂ ਬਾਅਦ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਜਾ ਕੇ ਬਾਦਸ਼ਾਹ ਨੂੰ ਕਹਿ ਦੇਵੋ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਹੋ ਜਾਣ ਤਾਂ ਅਸੀਂ ਸਾਰੇ ਹੀ ਉਸ ਰਸਤੇ ’ਤੇ ਚੱਲਣ ਨੂੰ ਤਿਆਰ ਹਾਂ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਮੁਗ਼ਲਾਂ ਦੀਆਂ ਛੇ ਪੀੜ੍ਹੀਆਂ ਨੇ ਭਾਰਤ ਉੱਪਰ ਰਾਜ ਕੀਤਾ। ਤੀਜੇ ਮੁਗ਼ਲ ਬਾਦਸ਼ਾਹ ਅਕਬਰ ਨੇ ਮੁਗ਼ਲ ਸਾਮਰਾਜ ਦੀਆਂ ਭਾਰਤ ਵਿਚ ਨੀਹਾਂ ਪੱਕੀਆਂ ਕਰਨ ਲਈ ਲੱਗਭਗ ਪੰਜਾਹ ਸਾਲ ਲਗਾ ਦਿੱਤੇ ਪਰ ਛੇਵੇਂ ਮੁਗ਼ਲ ਸਮਰਾਟ ਬਾਦਸ਼ਾਹ ਔਰੰਗਜ਼ੇਬ ਨੇ ਅਕਬਰ ਦੁਆਰਾ ਮੁਗ਼ਲ ਸਾਮਰਾਜ ਦੀਆਂ ਭਾਰਤ ਵਿਚ ਪੱਕੀਆਂ ਕੀਤੀਆਂ ਨੀਹਾਂ ਨੂੰ ਆਪਣੇ ਪੰਜਾਹ ਸਾਲਾਂ ਦੇ ਸਾਸ਼ਨ ਕਾਲ ਦੌਰਾਨ ਖੋਖਲਾ ਕਰ ਦਿੱਤਾ। ਜਿੱਥੇ ਬਾਦਸ਼ਾਹ ਅਕਬਰ ਨੇ ਮੁਗ਼ਲ ਸਾਮਰਾਜ ਨੂੰ ਮਜ਼ਬੂਤ ਕਰਨ ਲਈ ਸਾਰੇ ਧਰਮਾਂ ਦੇ ਲੋਕਾਂ ਅਤੇ ਅਧਿਆਤਮਿਕ ਵਿਅਕਤੀਆਂ ਨੂੰ ਉਨ੍ਹਾਂ ਦੇ ਰੁਤਬੇ ਮੁਤਾਬਕ ਯੋਗ ਮਾਣ-ਸਤਿਕਾਰ ਬਖਸ਼ਿਆ ਉੱਥੇ ਬਾਦਸ਼ਾਹ ਔਰੰਗਜ਼ੇਬ ਆਮ ਜਨ-ਸਾਧਾਰਨ ਨੂੰ ਤਾਂ ਕੀ ਮਹਾਨ ਅਧਿਆਤਮਿਕ ਸ਼ਖ਼ਸੀਅਤਾਂ ਨੂੰ ਵੀ ਸੁੰਨੀ ਪ੍ਰਭਾਵ ਹੇਠ ਦਬਾਉਣ ਅਤੇ ਕੁਚਲਣ ਦੀ ਨੀਤੀ ’ਤੇ ਚੱਲਣ ਲੱਗਾ ਅਤੇ ਇਸ ਕੰਮ ਵਿਚ ਉਸ ਨੇ ਆਪਣੇ ਧਰਮ ਦੇ ਉਨ੍ਹਾਂ ਪੀਰਾਂ-ਫਕੀਰਾਂ ਤਕ ਨੂੰ ਵੀ ਨਹੀਂ ਬਖਸ਼ਿਆ ਜੋ ਕਿ ਅਸੰਪਰਦਾਇਕਤਾ ਅਤੇ ਭਰਾਤਰੀਅਤਾ ਦੀ ਥੋੜ੍ਹੀ ਬਹੁਤ ਵੀ ਸੋਚ ਰੱਖਦੇ ਸਨ। 1 ਅਜਿਹੇ ਸਮੇਂ ਇਹ ਕਿਵੇਂ ਆਸ ਕੀਤੀ ਜਾ ਸਕਦੀ ਹੈ ਕਿ ਗ਼ੈਰ-ਮੁਸਲਮਾਨ ਸੁਰੱਖਿਅਤ ਮਹਿਸੂਸ ਕਰ ਰਹੇ ਹੋਣਗੇ? ਇਹ ਕਿਹਾ ਜਾਂਦਾ ਹੈ ਕਿ ਉਸ ਵੇਲੇ ਹਿੰਦੂ, ਸ਼ੀਆ ਅਤੇ ਈਸਾਈ ਆਪਣੇ-ਆਪਣੇ ਤਰੀਕੇ ਨਾਲ ਦੈਵੀ ਸ਼ਕਤੀ ਦੀ ਤਾਂਘ ਕਰ ਰਹੇ ਸਨ, ਜੋ ਉਨ੍ਹਾਂ ਨੂੰ ਇਸ ਜਬਰ ਅਤੇ ਜ਼ੁਲਮ ਤੋਂ ਨਿਜਾਤ ਦਿਵਾਏ। 2 ਸਮੇਂ ਦੇ ਹਾਲਾਤ ਦਿਨੋ-ਦਿਨ ਖਰਾਬ ਹੋ ਰਹੇ ਸਨ ਕਿਉਂਕਿ ਔਰੰਗਜ਼ੇਬ ਨੇ ਸੁੰਨੀ ਮੁਸਲਮਾਨਾਂ ਦੇ ਪ੍ਰਭਾਵ ਹੇਠ ਹਿੰਦੂ ਧਰਮ ਨਾਲ ਸੰਬੰਧਿਤ ਬਹੁਤ ਸਾਰੇ ਇਤਿਹਾਸਕ ਮੰਦਰ ਢਾਹ ਦਿੱਤੇ ਅਤੇ ਉਨ੍ਹਾਂ ਦੀ ਜਗ੍ਹਾ ਮਸਜਿਦਾਂ ਨੇ ਲੈ ਲਈ। 3

ਧਾਰਮਿਕ ਜਜ਼ਬਾਤਾਂ ਨੂੰ ਸੱਟ ਮਾਰਨ ਤੋਂ ਬਾਅਦ ਮੁਗ਼ਲ ਹਕੂਮਤ ਨੇ ਗ਼ੈਰ-ਮੁਸਲਮਾਨਾਂ ਨੂੰ ਦਬਾਉਣ ਅਤੇ ਇਸਲਾਮ ਦੇ ਫੈਲਾਅ ਲਈ ਜਿਹੜਾ ਕਦਮ ਚੁੱਕਿਆ ਉਹ ਸੀ ਉਨ੍ਹਾਂ ਨੂੰ ਆਰਥਿਕ ਪੱਧਰ ’ਤੇ ਕਮਜ਼ੋਰ ਕਰਨਾ। ਉਸ ਨੇ ਗ਼ੈਰ-ਮੁਸਲਮਾਨ ਲੋਕਾਂ ’ਤੇ ਜਜ਼ੀਆ ਨਾਂ ਦਾ ਇਕ ਵਿਸ਼ੇਸ਼ ਟੈਕਸ ਲਾ ਦਿੱਤਾ। ਇਹ ਇਕ ਅਜਿਹਾ ਟੈਕਸ ਸੀ ਜਿਸ ਬਾਰੇ ਉਸ ਤੋਂ ਪਹਿਲੇ ਮੁਗ਼ਲ ਹਾਕਮਾਂ ਨੇ ਕਦੇ ਸੋਚਿਆ ਵੀ ਨਹੀਂ ਸੀ। 4 ਜਦੋਂ ਲੋਕਾਂ ਨੇ ਬਾਦਸ਼ਾਹ ਔਰੰਗਜ਼ੇਬ ਕੋਲ ਇਸ ਟੈਕਸ ਲਾਉਣ ’ਤੇ ਵਿਰੋਧ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਹਾਥੀਆਂ ਦੇ ਪੈਰਾਂ ਥੱਲੇ ਕੁਚਲਣ ਦਾ ਹੁਕਮ ਦੇ ਦਿੱਤਾ ਗਿਆ ਅਤੇ ਨਾਲ ਹੀ ਇਸ ਟੈਕਸ ਦੀ ਜਬਰੀ ਵਸੂਲੀ ਦਾ ਹੁਕਮ ਵੀ ਸੁਣਾ ਦਿੱਤਾ।

ਬਾਦਸ਼ਾਹ ਔਰੰਗਜ਼ੇਬ ਨੇ ਗ਼ੈਰ-ਮੁਸਲਿਮ ਲੋਕਾਂ ਨੂੰ ਦਬਾਉਣ ਲਈ ਜਿਹੜਾ ਅਗਲਾ ਕਦਮ ਚੁੱਕਿਆ ਉਹ ਸੀ ਉਨ੍ਹਾਂ ਦੇ ਸਭਿਆਚਾਰ ਅਤੇ ਮੇਲਿਆਂ ਨੂੰ ਖਤਮ ਕਰਨਾ। ਇਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਵਿਚ ਉਸ ਤੋਂ ਪਹਿਲਾਂ ਦੇ ਮੁਗਲ ਸ਼ਾਸਕ ਆਪ ਹਿੱਸਾ ਲੈਂਦੇ ਅਤੇ ਸਭ ਧਰਮਾਂ ਦੇ ਲੋਕਾਂ ਨੂੰ ਆਪਣੇ-ਆਪਣੇ ਰੀਤੀ-ਰਿਵਾਜਾਂ ਦੇ ਅਨੁਸਾਰ ਇਹ ਤਿਉਹਾਰ ਮਨਾਉਣ ਦੀ ਖੁੱਲ੍ਹ ਸੀ। 5 ਪਰ ਬਾਦਸ਼ਾਹ ਔਰੰਗਜ਼ੇਬ ਨੇ ਇਨ੍ਹਾਂ ਤਿਉਹਾਰਾਂ ’ਤੇ ਪਾਬੰਦੀ ਲਾ ਦਿੱਤੀ ਤਾਂ ਕਿ ਗ਼ੈਰ-ਮੁਸਲਿਮ ਲੋਕ ਕਦੇ ਵੀ ਇਕ ਜਗ੍ਹਾ ’ਤੇ ਇਕੱਠੇ ਨਾ ਹੋ ਸਕਣ। 6

ਇੰਨੀਆਂ ਪਾਬੰਦੀਆਂ ਅਤੇ ਵਿਸ਼ੇਸ਼ ਟੈਕਸਾਂ ਦੇ ਬਾਵਜੂਦ ਵੀ ਜਦੋਂ ਬਾਦਸ਼ਾਹ ਔਰੰਗਜ਼ੇਬ ਆਪਣੇ ਮਿਸ਼ਨ ਵਿਚ ਕਾਮਯਾਬ ਨਾ ਹੋ ਸਕਿਆ ਤਾਂ ਉਸ ਨੇ ਗ਼ੈਰ-ਮੁਸਲਮਾਨਾਂ ’ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਣ ਲੱਗਾ। ਬਾਦਸ਼ਾਹ ਨੇ ਇਹ ਕੰਮ ਕਸ਼ਮੀਰ ਤੋਂ ਸ਼ੁਰੂ ਕੀਤਾ ਕਿਉਂਕਿ ਕਸ਼ਮੀਰ ਦੇ ਪੰਡਤਾਂ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹ ਵਿਦਵਾਨ ਤੇ ਪੜ੍ਹੇ-ਲਿਖੇ ਹਨ ਅਤੇ ਜੇਕਰ ਇਹ ਕਸ਼ਮੀਰੀ ਪੰਡਤ ਇਸਲਾਮ ਕਬੂਲ ਕਰ ਲੈਣ ਤਾਂ ਬਾਕੀ ਭਾਰਤ ਦੇ ਲੋਕ ਵੀ ਆਪਣੇ ਆਪ ਹੀ ਮੁਸਲਮਾਨ ਬਣ ਜਾਣਗੇ। ਇਕ ਦੂਜਾ ਕਾਰਨ ਇਹ ਵੀ ਮੰਨਿਆ ਜਾਂਦਾ ਸੀ ਕਿ ਜੇਕਰ ਇਹ ਕਸ਼ਮੀਰੀ ਪੰਡਤ ਵਿਰੋਧ ਕਰਨਗੇ ਤਾਂ ਇਨ੍ਹਾਂ ਵਿਰੁੱਧ ਜਹਾਦ ਦਾ ਨਾਅਰਾ ਲਾਉਣਾ ਵੀ ਸੌਖਾ ਹੋ ਜਾਵੇਗਾ। 7 ਕਸ਼ਮੀਰ ਦੇ ਗਵਰਨਰ ਨੇ ਦ੍ਰਿੜ੍ਹ ਨਿਸ਼ਚੇ ਨਾਲ ਇਹ ਕੰਮ ਸ਼ੁਰੂ ਕੀਤਾ ਤਾਂ ਕਿ ਉਹ ਬਾਦਸ਼ਾਹ ਦੀ ਵਧੇਰੇ ਨੇੜਤਾ ਪ੍ਰਾਪਤ ਕਰ ਸਕੇ। ਉਸ ਨੇ ਬਾਦਸ਼ਾਹ ਦਾ ਹੁਕਮ ਮਿਲਦੇ ਹੀ ਹਜ਼ਾਰਾਂ ਕਸ਼ਮੀਰੀ ਬ੍ਰਾਹਮਣਾਂ ਦਾ ਕਤਲ ਕਰ ਦਿੱਤਾ। ਉਹ ਬਾਦਸ਼ਾਹ ਦੀ ਇਸ ਸੋਚ ਦੇ ਅਨੁਸਾਰ ਕੰਮ ਕਰਨ ਲੱਗਾ ਕਿ:

ਹਿੰਦੋ ਹਿੰਦੂ ਨ੍ਰਿਬੀਜ ਹੈ ਕਰਨੇ, ਸ਼ਾਹਿ ਨੁਰੰਗੈ ਯੌ ਲਿਖ ਬਰਨੇ।
ਤੁਰਕ ਪ੍ਰਿਥਮ ਹੈ ਬਾਹਮਨ ਕਰਨੇ, ਔਰ ਹਿੰਦੂ ਹੈਂ ਪਾਛੇ ਫਰਨੇ॥ 8

ਕਸ਼ਮੀਰ ਦੇ ਪੰਡਤ ਲੁਕ-ਛਿਪ ਕੇ ਦਿਨ ਕੱਟਣ ਲੱਗੇ। ਕਿਹਾ ਜਾਂਦਾ ਹੈ ਕਿ ਉਹ ਅਮਰਨਾਥ ਚਲੇ ਗਏ ਅਤੇ ਇਕ ਦਿਨ ਪੰਡਤ ਕਿਰਪਾ ਰਾਮ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਲੈ ਆਇਆ, ਜਿਸ ਦੇ ਵੱਡੇ-ਵਡੇਰਿਆਂ ਨੇ ਪਹਿਲੇ ਗੁਰੂ ਸਾਹਿਬਾਨ ਦੇ ਸਮੇਂ ਸਿੱਖੀ ਧਾਰਨ ਕੀਤੀ ਸੀ। 9 ਅਨੰਦਪੁਰ ਸਾਹਿਬ ਜਾ ਕੇ ਉਨ੍ਹਾਂ ਨੇ ਆਪਣੇ ’ਤੇ ਹੋਏ ਸਾਰੇ ਜਬਰਾਂ-ਜ਼ੁਲਮਾਂ ਦੀ ਕਹਾਣੀ ਗੁਰੂ ਸਾਹਿਬ ਜੀ ਨੂੰ ਸੁਣਾਈ ਅਤੇ ਗੁਰੂ ਜੀ ਨੂੰ ਧਰਮ ਬਚਾਉਣ ਦੀ ਬੇਨਤੀ ਕੀਤੀ। 10 ਗੁਰੂ ਜੀ ਨੇ ਕਾਫੀ ਸੋਚ-ਵਿਚਾਰ ਤੋਂ ਬਾਅਦ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਜਾ ਕੇ ਬਾਦਸ਼ਾਹ ਨੂੰ ਕਹਿ ਦੇਵੋ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਹੋ ਜਾਣ ਤਾਂ ਅਸੀਂ ਸਾਰੇ ਹੀ ਉਸ ਰਸਤੇ ’ਤੇ ਚੱਲਣ ਨੂੰ ਤਿਆਰ ਹਾਂ।[cm_simple_footnote_id=11] ਇਸ ’ਤੇ ਮੁਗ਼ਲ ਹਕੂਮਤ ਵਿਚ ਖਲਬਲੀ ਮੱਚ ਗਈ। ਕੁਝ ਸਮੇਂ ਬਾਅਦ ਗੁਰੂ ਜੀ ਮੁਖੀ ਸ਼ਰਧਾਲੂ ਸਿੱਖਾਂ ਨਾਲ ਅਨੰਦਪੁਰ ਸਾਹਿਬ ਤੋਂ ਤੁਰ ਪਏ। ਗੁਰੂ ਸਾਹਿਬ ਜੀ ਸਮਾਣਾ, ਕੈਂਥਲ, ਰੋਹਤਕ ਆਦਿ ਇਲਾਕਿਆਂ ਵਿਚ ਦੀ ਹੁੰਦੇ ਹੋਏ ਆਗਰੇ ਪਹੁੰਚੇ ਜਿੱਥੇ ਉਨ੍ਹਾਂ ਨੂੰ ਕੁਝ ਸ਼ਰਧਾਲੂ ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਜਾਣ ਲੱਗੇ। ਪਹਿਲਾਂ ਵਾਰੋ-ਵਾਰੀ ਤਿੰਨਾਂ ਸ਼ਰਧਾਲੂ ਗੁਰਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। [cm_simple_footnote_id=12] ਫਿਰ ਕੁਝ ਦਿਨਾਂ ਬਾਅਦ ਚਾਂਦਨੀ ਚੌਂਕ ਵਿਖੇ ਗੁਰੂ ਸਾਹਿਬ ਦਾ ਵੀ, ਇਸਲਾਮ ਕਬੂਲ ਨਾ ਕਰਨ ’ਤੇ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ। ਮੁਗ਼ਲ ਹਕੂਮਤ ਨੇ ਭਾਵੇਂ ਗੁਰੂ ਜੀ ਦਾ ਸਰੀਰ ਦੋ ਹਿੱਸਿਆਂ ਵਿਚ ਵੰਡ ਦਿੱਤਾ ਪਰ ਉਹ ਆਪਣੀ ਅਥਾਹ ਸ਼ਕਤੀ ਨਾਲ ਗੁਰੂ ਜੀ ਦੇ ਵਿਚਾਰਾਂ ਦਾ ਕੁਝ ਵੀ ਨੁਕਸਾਨ ਨਾ ਪਹੁੰਚਾ ਸਕੀ ਕਿ:

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ (ਪੰਨਾ 1427)

ਇਸ ਤਰ੍ਹਾਂ ਗੁਰੂ ਸਾਹਿਬ ਨੇ ਉਨ੍ਹਾਂ ਦਿਨਾਂ ਵਿਚ ਧਰਮ ਦੀ ਅਜ਼ਾਦੀ ਦੀ ਗੱਲ ਕੀਤੀ ਜਦੋਂ ਕਿ ਹਕੂਮਤ ਇਸ ਬਾਰੇ ਸੁਣਨਾ ਅਤੇ ਸੋਚਣਾ ਵੀ ਪਾਪ ਸਮਝਦੀ ਸੀ। ਗੁਰੂ ਜੀ ਦਾ ਮਹਾਨ ਬਲੀਦਾਨ ਅੱਜ ਵੀ ਧਰਮ ਦੀ ਸਹੀ ਸਪਿਰਟ ਨੂੰ ਸਮਝਣ ਵਾਲੇ ਵਿਅਕਤੀਆਂ ਲਈ ਮਾਰਗ-ਦਰਸ਼ਨ ਦਾ ਕੰਮ ਕਰ ਰਿਹਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)