editor@sikharchives.org

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਾਰਸ਼ਨਿਕ ਪੱਖ

ਗੁਰ-ਸ਼ਬਦ ਦੀ ਕਥਾ ਦੀ ਪਰੰਪਰਾ, ਗੁਰਮਤਿ ਸਬੰਧੀ ਲੈਕਚਰ, ਟੀਕਾਕਾਰੀ ਅਤੇ ਕੋਸ਼ਕਾਰੀ ਦਾ ਮਹੱਤਵ ਇਸ ਕਰਕੇ ਹੀ ਹੈ ਕਿ ਗੁਰਬਾਣੀ ਦੇ ਰਚਨਹਾਰਿਆਂ ਨੇ ਖ਼ੁਦ ਗਿਆਨ, ਬਿਬੇਕ ਬੁਧਿ, ਖੋਜ ਵਿਚਾਰ, ਗੋਸ਼ਟ ਅਤੇ ਤਰਕ ਨੂੰ ਥਾਂ-ਥਾਂ ਅਪਣਾਇਆ ਅਤੇ ਵਡਿਆਇਆ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਧਰਮ ਦਾ ਸੰਬੰਧ ਭਾਵਨਾ ਜਾਂ ਸ਼ਰਧਾ ਨਾਲ ਹੈ ਜਦੋਂ ਕਿ ਦਰਸ਼ਨ ਭਾਵ ਫ਼ਿਲਾਸਫ਼ੀ ਦਾ ਸੰਬੰਧ ਵਿਚਾਰ ਜਾਂ ਤਰਕ ਨਾਲ ਹੈ। ਮਨੁੱਖ ਦੇ ਜੀਵਨ ਵਿਚ ਭਾਵਨਾ ਵਿਚਾਰ ਤੋਂ ਪਹਿਲਾਂ ਆਉਂਦੀ ਹੈ। ਇਸ ਕਰਕੇ ਧਰਮ ਪਹਿਲਾਂ ਹੈ, ਦਰਸ਼ਨ ਬਾਅਦ ਵਿਚ। ਵੇਦ ਅਤੇ ਉਪਨਿਸ਼ਦ ਪਹਿਲਾਂ ਰਚੇ ਗਏ ਅਤੇ ਦਰਸ਼ਨ-ਸ਼ਾਸਤਰਾਂ ਦੀ ਵਾਰੀ ਬਾਅਦ ਵਿਚ ਆਈ।

ਭਾਈ ਵੀਰ ਸਿੰਘ ਜੀ ਨੇ ਭਾਈ ਜੋਧ ਸਿੰਘ ਜੀ ਦੀ ਪੁਸਤਕ ‘ਗੁਰਮਤਿ ਨਿਰਣੈ’ ਦੇ ਮੁਖ-ਬੰਧ ਮਿਤੀ 24-9-1932 ਵਿਚ ਲਿਖਿਆ ਸੀ, ‘ਹੁਣ ਇਕ ਲੋੜ ਪ੍ਰਤੀਤ ਹੋ ਰਹੀ ਹੈ ਕਿ ਗੁਰਸਿੱਖੀ ਨੂੰ ਦਾਰਸ਼ਨਿਕ ਢੰਗ ਵਿਚ ਵਰਣਨ ਕੀਤਾ ਜਾਵੇ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸਿੱਖੀ ਮਾਰਗ ਦਸਾਂ ਪਾਤਸ਼ਾਹੀਆਂ ਦਾ ਸਾਜਿਆ ਸਾਰਾ ਆ ਜਾਵੇ ਤੇ ਉਸ ਵਿਚ ਪ੍ਰਮਾਣਾਂ ਦੀ ਸੰਕਲਨਾ ਹੀ ਮੁੱਖ ਹੋਵੇ।’ ਗੁਰ-ਸ਼ਬਦ ਦੀ ਕਥਾ ਦੀ ਪਰੰਪਰਾ, ਗੁਰਮਤਿ ਸਬੰਧੀ ਲੈਕਚਰ, ਟੀਕਾਕਾਰੀ ਅਤੇ ਕੋਸ਼ਕਾਰੀ ਦਾ ਮਹੱਤਵ ਇਸ ਕਰਕੇ ਹੀ ਹੈ ਕਿ ਗੁਰਬਾਣੀ ਦੇ ਰਚਨਹਾਰਿਆਂ ਨੇ ਖ਼ੁਦ ਗਿਆਨ, ਬਿਬੇਕ ਬੁਧਿ, ਖੋਜ ਵਿਚਾਰ, ਗੋਸ਼ਟ ਅਤੇ ਤਰਕ ਨੂੰ ਥਾਂ-ਥਾਂ ਅਪਣਾਇਆ ਅਤੇ ਵਡਿਆਇਆ ਹੈ। ‘ਸਿਧ ਗੋਸਟਿ’ ਬਾਣੀ ਇਕ ਅਜਿਹੀ ਉਦਾਹਰਣ ਹੈ ਜਿਹੜੀ ਵਿਚਾਰ-ਚਰਚਾ ਲਈ ਦਰਵਾਜ਼ੇ ਖੋਲ੍ਹਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਥਾਵਾਂ ’ਤੇ ਬੜੇ ਗੂੜ੍ਹ ਪ੍ਰਸ਼ਨ ਉਠਾ ਕੇ ਫਿਰ ਉਨ੍ਹਾਂ ਦਾ ਉੱਤਰ ਵੀ ਨਾਲ ਹੀ ਦਿੱਤਾ ਗਿਆ ਹੈ। ਪ੍ਰਸ਼ਨ-ਉੱਤਰ ਦੀ ਇਹ ਵਿਧੀ ਖ਼ੁਦ-ਬ-ਖ਼ੁਦ ਗੁਰਬਾਣੀ ਨੂੰ ਡੂੰਘੇ ਅਧਿਆਤਮਕ ਫ਼ਲਸਫ਼ੇ ਵਜੋਂ ਸਮਝਣ ਲਈ ਜਗਿਆਸੂ ਨੂੰ ਉਤਸ਼ਾਹਿਤ ਕਰਦੀ ਹੈ। ਗੁਰਬਾਣੀ ਦੇ ਹੇਠ ਲਿਖੇ ਪਵਿੱਤਰ ਫ਼ਰਮਾਨ ਬਿਬੇਕ ਬੁਧਿ, ਅਕਲ, ਖੋਜ, ਗਿਆਨ ਅਤੇ ਵਿਚਾਰ ਦੀ ਮਹੱਤਤਾ ਨੂੰ ਪ੍ਰਗਟਾਉਂਦੇ ਹਨ:

ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਪੰਨਾ 588)
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ੍ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ (ਪੰਨਾ 1245)

ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ॥ ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ॥ (ਪੰਨਾ 317)

ਫ਼ਿਲਾਸਫ਼ੀ ਆਪਣੇ ਅਰੰਭ ਤੋਂ ਹੀ ਬੁਨਿਆਦੀ ਪ੍ਰਸ਼ਨਾਂ ਨਾਲ ਜੂਝਦੀ ਆ ਰਹੀ ਹੈ। ਪਰਮਾਤਮਾ ਦੀ ਹੋਂਦ, ਸ੍ਰਿਸ਼ਟੀ ਦੀ ਰਚਨਾ ਅਤੇ ਇਸ ਦੀ ਸੱਚਾਈ, ਮਨੁੱਖ ਦੇ ਜੀਵਨ ਦੀ ਬੁਨਿਆਦ ਅਤੇ ਇਸ ਦਾ ਮਨੋਰਥ, ਜਨਮ ਅਤੇ ਮਰਨ ਦਾ ਰਹੱਸ ਨੈਤਿਕ ਕਦਰਾਂ-ਕੀਮਤਾਂ ਆਦਿ ਅਜਿਹੇ ਵਿਸ਼ੇ ਹਨ ਜਿਨ੍ਹਾਂ ਦੇ ਤਸੱਲੀ-ਬਖਸ਼ ਉੱਤਰ ਲੱਭਣ ਦੇ ਯਤਨ ਦੁਨੀਆਂ-ਭਰ ਦੇ ਫ਼ਿਲਾਸਫ਼ਰਾਂ ਵੱਲੋਂ ਕੀਤੇ ਗਏ ਹਨ ਬਾਈਬਲ, ਕੁਰਾਨ-ਸ਼ਰੀਫ, ਧਮ ਪਦ, ਵੇਦ-ਉਪਨਿਸ਼ਦ, ਭਾਗਵਤ ਗੀਤਾ ਆਦਿ ਪਵਿੱਤਰ ਅਤੇ ਮਹਾਨ ਗ੍ਰੰਥਾਂ ਰਾਹੀਂ ਦੁਨੀਆਂ ਭਰ ਦੇ ਧਾਰਮਿਕ ਮਹਾਂਪੁਰਸ਼ਾਂ ਨੇ ਆਪਣੇ ਅਧਿਆਤਮਕ ਅਨੁਭਵ ਵਿੱਚੋਂ ਇਨ੍ਹਾਂ ਪ੍ਰਸ਼ਨਾਂ ਸੰਬੰਧੀ ਵਿਚਾਰ ਪ੍ਰਗਟਾਏ ਹਨ। ਫ਼ਿਲਾਸਫ਼ਰ ਅਤੇ ਖੋਜੀ ਵਿਦਵਾਨ ਇਨ੍ਹਾਂ ਵਿਚਾਰਾਂ ਨੂੰ ਆਪਣੇ ਸਿਧਾਂਤ ਕਾਇਮ ਕਰਨ ਲਈ ਵਰਤਦੇ ਆ ਰਹੇ ਹਨ। ਇਉਂ ਇਕ ਗੱਲ ਤਾਂ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਧਰਮ ਦਰਸ਼ਨ ਦਾ ਬੀਜ ਹੈ ਅਤੇ ਧਰਮ ਦੀ ਬੁਨਿਆਦ ’ਤੇ ਹੀ ਦਰਸ਼ਨ ਦੀਆਂ ਵੱਖ-ਵੱਖ ਸ਼ਾਖਾਵਾਂ ਲਹਿਰਾ ਰਹੀਆਂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਰੰਭ ਹੀ ੴ ਨਾਲ ਹੁੰਦਾ ਹੈ। ਏਕਾ (1) ਪਰਮਾਤਮਾ ਦੇ ਨਿਰਗੁਣ ਰੂਪ ਦਾ ਸੂਚਕ ਹੈ ਅਤੇ ਓਅੰਕਾਰ (ਓ) ਸਰਗੁਣ ਰੂਪ ਭਾਵ ਬ੍ਰਹਿਮੰਡ ਦਾ ਪ੍ਰਗਟਾਵਾ ਹੈ। ਮੂਲ-ਮੰਤਰ ਸਿੱਖ ਧਰਮ ਦੇ ਸਮੁੱਚੇ ਫ਼ਲਸਫ਼ੇ ਦਾ ਆਧਾਰ ਹੈ ਅਤੇ ‘ਜਪੁ’ ਬਾਣੀ ਇਸੇ ਮੂਲ-ਮੰਤਰ ਦੀ ਸੰਖੇਪ ਵਿਆਖਿਆ ਹੈ। ਗੁਰਬਾਣੀ ਵਿਚ ਪਰਮਾਤਮਾ ਦੀ ਹੋਂਦ ਨੂੰ ਸਾਬਤ ਕਰਨ ਲਈ ਦਲੀਲਾਂ ਦੇਣ ਦੀ ਲੋੜ ਹੀ ਨਹੀਂ ਸਮਝੀ ਗਈ। ਪ੍ਰਤੱਖ ਨੂੰ ਪ੍ਰਮਾਣ ਕੀ? ਹੱਥ ਕੰਗਣ ਨੂੰ ਆਰਸੀ ਦੀ ਕੀ ਲੋੜ? ਜਦ ਪਰਮਾਤਮਾ ਦੀ ਹੋਂਦ ਹੀ ਸੱਚ ਹੈ ਤਾਂ ਫਿਰ ਸਿੱਧ ਕਰਨ ਦੀ ਕੀ ਲੋੜ? ਬ੍ਰਹਿਮੰਡ ਦਾ ਪਸਾਰਾ, ਇਸ ਦੀ ਵਿਸ਼ਾਲਤਾ, ਇਸ ਦਾ ਬੱਝੇ ਹੋਏ ਕਾਨੂੰਨ ਵਿਚ ਚੱਲਣਾ, ਸ੍ਰਿਸ਼ਟੀ ਦੀ ਵੰਨ-ਸੁਵੰਨਤਾ, ਜੀਵਾਂ ਦੀ ਵਿਭਿੰਨਤਾ, ਕੁਦਰਤ ਦੇ ਅਗੰਮੀ ਨਜ਼ਾਰੇ ਆਦਿ ਦਾ ਬਿਰਤਾਂਤ ਗੁਰਬਾਣੀ ਵਿਚ ਥਾਂ-ਥਾਂ ਹੈ। ਇਸ ਸਾਰੇ ਕੁਝ ਦੀ ਥਾਹ ਮਨੁੱਖ ਦੀ ਸੀਮਤ ਬੁੱਧੀ ਪਾ ਨਹੀਂ ਸਕਦੀ ਅਤੇ ਮਨੁੱਖ ਅਚੇਤ ਹੀ ‘ਵਾਹ-ਵਾਹ’ ਕਰ ਉੱਠਦਾ ਹੈ। ਆਈਨਸਟਾਈਨ ਵਰਗੇ ਸਾਇੰਸਦਾਨ ਕਹਿ ਉੱਠਦੇ ਹਨ: ‘ਜਿੱਥੇ ਸਾਇੰਸ ਖ਼ਤਮ ਹੁੰਦੀ ਹੈ, ਧਰਮ ਸ਼ੁਰੂ ਹੋ ਜਾਂਦਾ ਹੈ।’ ਅਸਲ ਵਿਚ ਸਾਇੰਸ ਵੀ ਧਰਮ ਦਾ ਹੀ ਇਕ ਛੋਟਾ ਜਿਹਾ ਅੰਗ ਹੈ। ਕਿਉਂਕਿ ਸਾਇੰਸ ਬ੍ਰਹਿਮੰਡ ਜਾਂ ਕੁਦਰਤ ਦੀ ਗੋਦ ਵਿਚ ਪਏ ਰਹੱਸਾਂ ਦੀ ਖੋਜ ਹੈ ਅਤੇ ਸਾਇੰਸ ਮਨੁੱਖ ਦੀ ਬੁੱਧੀ ਦੀ ਉਪਜ ਹੈ, ਇਸ ਲਈ ਬ੍ਰਹਿਮੰਡ ਜਾਂ ਕੁਦਰਤ ਅਤੇ ਮਨੁੱਖ ਸਾਇੰਸ ਤੋਂ ਉੱਪਰ ਹਨ ਅਤੇ ਇਨ੍ਹਾਂ ਦਾ ਸਿਰਜਣਹਾਰ ਪਰਮਾਤਮਾ ਤਾਂ ਆਪੇ ਹੀ ਸਰਬ-ਸਮਰੱਥ ਹੋ ਗਿਆ। ਸਿੱਧ ਕਰਨ ਦੀ ਲੋੜ ਹੀ ਨਹੀਂ ਰਹਿੰਦੀ। ਬ੍ਰਹਿਮੰਡ ਦੀ ਵਿਚਿੱਤਰਤਾ ਮਨੁੱਖ ਲਈ ਵਿਸਮਾਦ ਦਾ ਕਾਰਨ ਬਣੇ ਅਤੇ ਓਅੰਕਾਰ ਦੇ ਗੁਣ ਗਾਉਂਦਿਆਂ ਉਹ 1 ਦੇ ਮਿਲਾਪ ਲਈ ਤੜਫ ਉੱਠੇ, ਇਹੀ ਗੁਰਬਾਣੀ ਦਾ ਆਸ਼ਾ ਹੈ।

ੴ ਦੀ ਹੋਂਦ ਦਾ ਸੱਚ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੇ ਅਧਿਆਤਮਕ ਅਨੁਭਵ ਦਾ ਸੱਚ ਹੈ। ਅਨੁਭਵ ਦਾ ਸੱਚ ਵਿਗਿਆਨ ਦੇ ਸੱਚ ਨਾਲੋਂ ਵੱਡਾ ਹੁੰਦਾ ਹੈ। ਵਿਗਿਆਨ ਦਾ ਸੱਚ ਸਦੀਵੀ ਜਾਂ ਸਥਿਰ ਨਹੀਂ ਹੈ। ਵਿਗਿਆਨ ਆਪਣੀ ਹੀ ਖੋਜ ਨਾਲ ਪਹਿਲਾਂ ਸਥਾਪਤ ਕੀਤੇ ਗਏ ਸੱਚ ਨੂੰ ਰੱਦ ਕਰ ਦਿੰਦਾ ਹੈ। ਇਸੇ ਤਰ੍ਹਾਂ ਦਾਰਸ਼ਨਿਕ ਸੱਚ ਕੇਵਲ ਖਿਆਲਾਂ ਦਾ ਸੱਚ ਹੈ। ਤਰਕ ਦੇ ਬਦਲਣ ਨਾਲ ਇਹ ਸੱਚ ਵੀ ਬਦਲ ਜਾਂਦਾ ਹੈ। ਇਉਂ ਗੁਰਬਾਣੀ ਦਾ ਸੱਚ ਅਨੁਭਵ ਦਾ ਸੱਚ ਹੋਣ ਕਰਕੇ ਭਾਵੇਂ ਵਿਗਿਆਨਕ ਅਤੇ ਦਾਰਸ਼ਨਿਕ ਸੱਚ ਹੋਣ ਦੇ ਝਲਕਾਰੇ ਵੀ ਦਿੰਦਾ ਹੈ ਪਰ ਇਹ ਸੱਚ ਸਦੀਵੀ ਅਤੇ ਸਥਿਰ ਹੈ। ਇਹ ਸੱਚ ਸਦਾ ਸੱਚ ਹੈ ਅਤੇ ਹਰ ਤਰ੍ਹਾਂ ਦੀ ਤਬਦੀਲੀ ਤੋਂ ਰਹਿਤ ਹੈ। ਗੁਰਬਾਣੀ ਅਨੁਸਾਰ ਪਰਮਾਤਮਾ ਦੀ ਹੋਂਦ ‘ਸਤਿ’ ਹੈ ਅਤੇ ਉਸ ਦੀ ਰਚਨਾ ਭਾਵ ਬ੍ਰਹਿਮੰਡ ਵੀ ‘ਸਤਿ’ ਹੈ। ਪਵਿੱਤਰ ਫ਼ਰਮਾਨ ਹਨ:

ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ 1)

ਆਪਿ ਸਤਿ ਕੀਆ ਸਭੁ ਸਤਿ॥
ਤਿਸੁ ਪ੍ਰਭ ਤੇ ਸਗਲੀ ਉਤਪਤਿ॥ (ਪੰਨਾ 294)

ਜੇਕਰ ਸ੍ਰਿਸ਼ਟੀ ਜਾਂ ਬ੍ਰਹਿਮੰਡ ਸਤਿ ਹੈ ਤਾਂ ਜਗਤ ਜਾਂ ਸੰਸਾਰ ਨੂੰ ‘ਕੂੜ’ ਕਹਿਣ ਦਾ ਕੀ ਭਾਵ ਹੈ? ਕਿਉਂਕਿ ਜਗਤ ਪਰਮਾਤਮਾ ਦੀ ਰਚਨਾ ਹੈ, ਇਸ ਲਈ ਰਚਨਾ ਨੂੰ ਰਚਨਹਾਰ ਦੇ ਮੁਕਾਬਲੇ ਨਹੀਂ ਰੱਖਿਆ ਜਾ ਸਕਦਾ। ਪਰਮਾਤਮਾ ਆਪਣੀ ਰਚਨਾ ਦਾ ਮਾਲਕ ਹੈ। ਉਹ ਇਸ ਨੂੰ ਘਟਾਉਣ-ਵਧਾਉਣ, ਬਦਲਣ ਜਾਂ ਖ਼ਤਮ ਕਰਨ ਦਾ ਅਧਿਕਾਰ ਰੱਖਦਾ ਹੈ। ਇਨ੍ਹਾਂ ਅਰਥਾਂ ਵਿਚ ਜਗਤ ਜਾਂ ਸੰਸਾਰ ‘ਕੂੜ’ ਹੈ ਕਿਉਂਕਿ ਇਸ ਦਾ ‘ਸਤਿ’ ਪਰਮਾਤਮਾ ਦੀ ਅੰਸ਼-ਮਾਤਰ ਹੈ ਅਤੇ ਸਦੀਵੀ ਜਾਂ ਸਥਿਰ ਨਹੀਂ ਹੈ। ਇਸ ਦਾਰਸ਼ਨਿਕ ਡੂੰਘਾਈ ਨੂੰ ਸਮਝਣ ਲਈ ਪਾਣੀ ਦੀ ਇਕ ਬੂੰਦ ਅਤੇ ਸਾਗਰ ਦੀ ਮਿਸਾਲ ਨੂੰ ਸਮਝਣਾ ਪਵੇਗਾ। ਬੂੰਦ ਵੀ ਜਲ ਹੈ ਅਤੇ ਸਾਗਰ ਵੀ ਜਲ ਹੈ। ਬੂੰਦ ਸਾਗਰ ਵਿਚ ਸਮਾ ਕੇ ਬੂੰਦ ਨਹੀਂ ਰਹਿੰਦੀ, ਸਾਗਰ ਦਾ ਰੂਪ ਹੋ ਜਾਂਦੀ ਹੈ। ਸਾਗਰ ਵੀ ‘ਸਤਿ’ ਹੈ ਅਤੇ ਬੂੰਦ ਵੀ ‘ਸਤਿ’। ਪਰ ਬੂੰਦ ਦਾ ‘ਸਤਿ’ ਬ੍ਰਹਿਮੰਡ, ਕੁਦਰਤ ਜਾਂ ਸ੍ਰਿਸ਼ਟੀ ਦੇ ‘ਸਤਿ’ ਵਾਂਗ ਹੈ, ਜੋ ਪਰਮਾਤਮਾ ’ਚੋਂ ਵਿਗਸਦਾ ਹੈ ਅਤੇ ਪਰਮਾਤਮਾ ਵਿਚ ਹੀ ਵਿਲੀਨ ਹੋ ਜਾਂਦਾ ਹੈ।

ਪ੍ਰਕਿਰਤੀ ਜਾਂ ਕੁਦਰਤ ਦੀ ਰਚਨਾ ਲਈ ਪਦਾਰਥ ਦੀ ਲੋੜ ਹੈ। ਸਾਂਖਯ- ਸ਼ਾਸਤਰ ਨੇ ਪ੍ਰਕਿਰਤੀ ਨੂੰ ਅਨਾਦੀ ਮੰਨਿਆ ਹੈ। ਪਦਾਰਥਵਾਦੀ ਵੀ ਪਦਾਰਥ ਨੂੰ ਹੀ ਸਭ ਕੁਝ ਮੰਨਦੇ ਹਨ। ਪੁਰਸ਼ ਅਤੇ ਪ੍ਰਕਿਰਤੀ ਦੀ ਹੋਂਦ ਨੂੰ ਬਰਾਬਰ ਮੰਨਣ ਨਾਲ ਦਵੈਤਵਾਦ ਪੈਦਾ ਹੁੰਦਾ ਹੈ। ਦੋ ਬਰਾਬਰ ਦੀਆਂ ਹਸਤੀਆਂ ਇੱਕੋ ਸਮੇਂ ਆ ਖੜ੍ਹੀਆਂ ਹੁੰਦੀਆਂ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘ਇੱਕ’ ਤੋਂ ਇਲਾਵਾ ਕਿਸੇ ਦੂਜੀ ਹਸਤੀ ਨੂੰ ਪਰਮ-ਹਸਤੀ ਵਜੋਂ ਕਿਆਸ ਕਰਨਾ ਵੀ ਪਾਪ ਮੰਨਦੀ ਹੈ। ਪਰਮਾਤਮਾ ਸਰਬ-ਸਮਰੱਥ ਹੈ, ਸਰਬ-ਸ਼ਕਤੀਮਾਨ ਹੈ ਅਤੇ ਸਰਬ-ਸੰਪੰਨ ਹੈ, ਇਸ ਲਈ ਉਹ ਪਦਾਰਥ ਦਾ ਰਚਨਹਾਰਾ ਵੀ ਖੁਦ ਹੀ ਹੈ। ਅੰਗਰੇਜ਼ੀ ਵਿਚ  Nothingness ਅਤੇ ਯੋਗ-ਮਤਿ ਵਿਚ ‘ਸੁੰਨ’ ਸ਼ਬਦ ਡੂੰਘਾਈ ਵਿਚ ਜਾ ਕੇ ਸਮਝਣ ਦੀ ਲੋੜ ਹੈ। Nothingness ਤੋਂ Something ਦਾ ਹੋਣਾ ਜਾਂ ‘ਸੁੰਨ’ ਤੋਂ ਸ੍ਰਿਸ਼ਟੀ ਦਾ ਰਚੇ ਜਾਣਾ ਕਿਵੇਂ ਸੰਭਵ ਹੈ? ਜਦੋਂ ਇਹ ਸ੍ਰਿਸ਼ਟੀ ਹੈ ਹੀ ਨਹੀਂ ਸੀ ਤਾਂ ਪਦਾਰਥ ਵੀ ਕਿਤੇ ਨਹੀਂ ਸੀ ਅਤੇ ਜੇ ਸ੍ਰਿਸ਼ਟੀ ਜਾਂ ਪਦਾਰਥ ਹੀ ਨਹੀਂ ਸੀ ਤਾਂ ਫਿਰ ‘ਸੁੰਨ’ ਤੋਂ ਇਹ ਜਗਤ ਕਿਵੇਂ ਪੈਦਾ ਹੋ ਗਿਆ? ਗੁਰਬਾਣੀ ਦਾ ਪਵਿੱਤਰ ਫ਼ਰਮਾਨ ਸਾਨੂੰ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਦਿੰਦਾ ਹੈ ਕਿ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਸਭ ਕੁਝ ਹੀ ਸੀ। ਕਿਉਂਕਿ ਪਰਮਾਤਮਾ ਦੀ ਹੋਂਦ ਸੀ, ਇਸ ਲਈ ਕੁਝ ਵੀ ਨਾ ਹੋਣ ਦੀ ਸੋਚ ਬੇਬੁਨਿਆਦ ਹੈ। ਪਵਿੱਤਰ ਫ਼ਰਮਾਨ ਹਨ:

ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ (ਪੰਨਾ 1035)

ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥ (ਪੰਨਾ 1037)

ਸੁੰਨ ਦਰਅਸਲ ਆਪ ਹੀ ਪਰਮਾਤਮਾ ਸੀ। ਸੁੰਨ ਨੇ ਸੁੰਨ ਤੋਂ ਹੀ ਕੁਦਰਤ ਦੀ ਸਾਜਨਾ ਕੀਤੀ। ਇਸ ਤਰ੍ਹਾਂ ‘ਸੁੰਨ’ ਦਾ ਅਰਥ ਕਦੇ ਵੀ Nothingness ਤੋਂ ਨਹੀਂ ਲਿਆ ਜਾਣਾ ਚਾਹੀਦਾ ਸਗੋਂ ਇਸ ਦਾ ਅਰਥ ਤਾਂ Everything ਬਣਦਾ ਹੈ। ਸਮੁੰਦਰ ਤੋਂ ਵੱਖ ਹੋ ਕੇ ਪਾਣੀ ਬੂੰਦ ਜਾਂ ਲਹਿਰ ਬਣ ਗਿਆ ਪਰ ਫਿਰ ਇਸ ਦੇ ਵਿਚ ਹੀ ਵਾਪਸ ਆ ਕੇ ਬੂੰਦ ਜਾਂ ਲਹਿਰ ਫਿਰ ਸਮੁੰਦਰ ਹੋ ਗਏ। ਸਮੁੰਦਰ ਪਹਿਲਾਂ ਵੀ ਮੌਜੂਦ ਸੀ ਤੇ ਬਾਅਦ ਵਿਚ ਵੀ ਮੌਜੂਦ ਸੀ। ਇਸੇ ਕਰਕੇ ਗੁਰਬਾਣੀ ਵਿਚ ਬਹੁਤ ਥਾਵਾਂ ’ਤੇ ਪਰਮਾਤਮਾ ਦੀ ਤਸ਼ਬੀਹ ‘ਸਮੁੰਦਰ’ ਨਾਲ ਕੀਤੀ ਗਈ ਹੈ। ਹੀਗਲ (Heagal) ਵੱਲੋਂ ਪਰਮਾਤਮਾ ਪ੍ਰਤੀ Absolute ਸ਼ਬਦ ਦਾ ਪ੍ਰਗਟਾਵਾ ਇਸੇ ਪੱਧਰ ’ਤੇ ਜਾ ਕੇ ਕੀਤਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਦਵੈਤਵਾਦ ਏਨਾ ਪ੍ਰਪੱਕ ਹੈ ਕਿ ਇਹ ਈਸਾਈ ਧਰਮ ਤੇ ਤ੍ਰੈਤਵਾਦ (Trinity) ਜਾਂ ਵੇਦਾਂ-ਉਪਨਿਸ਼ਦਾਂ ਵਿਚਲੇ ਤ੍ਰਿਮੂਰਤੀ (ਬ੍ਰਹਮਾ-ਵਿਸ਼ਨੂੰ-ਮਹੇਸ਼) ਦੀਆਂ ਧਾਰਨਾਵਾਂ ਦਾ ਮੂਲੋਂ ਹੀ ਖੰਡਨ ਕਰਦਾ ਹੈ। ਖੰਡਨ ਵੀ ਇਸੇ ਰੂਪ ਵਿਚ ਹੈ ਕਿ ਇਹ ਸਾਰੀਆਂ ਦੋ ਜਾਂ ਤਿੰਨ ਸ਼ਕਤੀਆਂ ਅਸਲ ਵਿਚ ਇੱਕੋ ਇੱਕ ਪਰਮ-ਹਸਤੀ ਦੀਆਂ ਹੀ ਸ਼ਕਤੀਆਂ ਹਨ ਅਤੇ ਇਹ ਸਾਰੇ ਦੇਵੀ-ਦੇਵਤੇ, ਅਵਤਾਰ ਜਾਂ ਪੈਗ਼ੰਬਰ ਉਸ ਦੇ ਹੀ ਪੈਦਾ ਕੀਤੇ ਹੋਏ ਹਨ। ਇਥੇ ਇਹ ਗੱਲ ਵੀ ਆਪਣੇ-ਆਪ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਕਿਉਂਕਿ ਪਰਮਾਤਮਾ ਆਪਣੀ ਰਚਨਾ ਬ੍ਰਹਿਮੰਡ ਜਾਂ ਸ੍ਰਿਸ਼ਟੀ ਵਿਚ ਸਦਾ ਹੀ ਵਿਆਪਕ ਹੈ ਤਾਂ ਉਸ ਦਾ ਇੱਥੋਂ ਜਾਣਾ ਜਾਂ ਇਥੇ ਆਉਣਾ ਕੋਈ ਬੁਨਿਆਦ ਨਹੀਂ ਰੱਖਦਾ। ਜਦ ਉਹ ਹਰ ਸਮੇਂ ਕਣ-ਕਣ ਵਿਚ ਮੌਜੂਦ ਹੈ ਤਾਂ ਫਿਰ ਉਸ ਦੇ ਅਵਤਾਰ ਧਾਰ ਕੇ ਆਉਣ ਦੀ ਗੱਲ ਆਪਣੇ-ਆਪ ਹੀ ਬੇਅਰਥ ਹੋ ਜਾਂਦੀ ਹੈ। ਕੀ ਉਹ ਅਵਤਾਰ ਧਾਰਨ ਤੋਂ ਪਹਿਲਾਂ ਇਥੇ ਮੌਜੂਦ ਨਹੀਂ ਸੀ ਅਤੇ ਕੀ ਉਹ ਅਵਤਾਰ ਦੇ ਚਲੇ ਜਾਣ ਤੋਂ ਬਾਅਦ ਇਥੇ ਮੌਜੂਦ ਨਹੀਂ ਹੋਵੇਗਾ? ਉਹ ਤਾਂ ਇਕ ਸਰਬ-ਵਿਆਪਕ ਹਸਤੀ ਹੈ, ਉਸ ਨੂੰ ਕਿਸੇ ਮਨੁੱਖ ਵਜੋਂ ਇਸ ਧਰਤੀ ’ਤੇ ਪ੍ਰਗਟ ਹੋਣ ਦੀ ਕੀ ਲੋੜ ਹੈ? ਉਸ ਦੀ ਹੋਂਦ ਤੋਂ ਬਿਨਾਂ ਤਾਂ ਧਰਤੀ ਕਦੇ ਵੀ ਖਾਲੀ ਨਹੀਂ ਹੈ। ਗੁਰਬਾਣੀ ਵਿਚ ਪਰਮਾਤਮਾ ਨੂੰ ‘ਸੈਭੰ’ ਅਤੇ ‘ਅਜੂਨੀ’ ਕਿਹਾ ਗਿਆ ਹੈ। ਇਹ ਦੋਵੇਂ ਸ਼ਬਦ ਅਵਤਾਰਵਾਦ ਦੀ ਧਾਰਨਾ ਨੂੰ ਮੂਲੋਂ ਹੀ ਰੱਦ ਕਰਦੇ ਹਨ। ਸਪੱਸ਼ਟ ਹੈ ਕਿ ਗੁਰਮਤਿ ਅਨੁਸਾਰ ਦੇਵੀ-ਦੇਵਤੇ, ਪੈਗ਼ੰਬਰ ਜਾਂ ਅਵਤਾਰ ਪਰਮਾਤਮਾ ਵਜੋਂ ਇਸ ਧਰਤੀ ’ਤੇ ਨਹੀਂ ਜਨਮੇ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਪਰਮਾਤਮਾ ਵਜੋਂ ਜਨਮ ਲੈਣ ਜਾਂ ਅਵਤਾਰ ਧਾਰਨ ਦੀ ਗੱਲ ਕਹਿਣ ਵਾਲਿਆਂ ਪ੍ਰਤੀ ਬਹੁਤ ਸਖ਼ਤ ਸ਼ਬਦਾਂ ਦੀ ਵਰਤੋਂ ਕਰਦੇ ਹਨ:

ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ (ਪੰਨਾ 1136)

ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ ਕਿ ਰਾਜਿਆਂ-ਮਹਾਂਰਾਜਿਆਂ ਦੀ ਸਿਫ਼ਤ ਕਰਨ ਲਈ ਲੋਕਾਂ ਨੇ ਉਨ੍ਹਾਂ ਨੂੰ ‘ਅਵਤਾਰ’ ਕਹਿ ਦਿੱਤਾ:

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ (ਪੰਨਾ 423)

ਅੱਜਕਲ੍ਹ ਵੀ ਅਕਸਰ ਖੁਸ਼ਾਮਦੀ ਲੋਕਾਂ ਨੂੰ ਸਟੇਜਾਂ ’ਤੇ ਅਹਿਮ ਵਿਅਕਤੀਆਂ ਪ੍ਰਤੀ ਵੱਡੇ-ਵੱਡੇ ਸ਼ਬਦ ਕਹਿੰਦੇ ਸੁਣਿਆ ਜਾ ਸਕਦਾ ਹੈ। ਅਖ਼ਬਾਰਾਂ ਵਿਚ ਇਸ਼ਤਿਹਾਰਾਂ ਰਾਹੀਂ ਕਈ ਵਾਰ ਕੁਝ ਮਨੁੱਖਾਂ ਨੂੰ ਰੱਬ ਦੇ ਸਮਾਨ ਪੇਸ਼ ਕੀਤਾ ਜਾਂਦਾ ਹੈ। ਪਰ ਗੁਰਬਾਣੀ ਮੁਤਾਬਿਕ ਮਨੁੱਖ ਪਰਮਾਤਮਾ ਦੀ ਇਕ ਨਿਗੂਣੀ ਜਿਹੀ ਅੰਸ਼ ਹੈ ਭਾਵੇਂ ਇਸ ਵਿਚ ਪਰਮਾਤਮਾ ਨੇ ਏਨੀ ਸਮਰੱਥਾ ਵੀ ਪਾਈ ਹੈ ਕਿ ਜੇਕਰ ਇਹ ਪਰਮਾਤਮਾ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋ ਜਾਵੇ ਤਾਂ ਇਹ ਆਵਾਗਵਨ ਦੇ ਚੱਕਰ ਤੋਂ ਨਿਕਲ ਕੇ ਪਰਮਾਤਮਾ ਵਿਚ ਲੀਨ ਹੋ ਸਕਦਾ ਹੈ।

ਕਿਉਂਕਿ ਪਰਮਾਤਮਾ ਇਕ ਹੈ, ਇਸ ਲਈ ਉਹ ਸਾਰਿਆਂ ਦਾ ਪਿਤਾ ਅਤੇ ਮਾਲਕ ਹੈ। ਕਿਉਂਕਿ ਉਹ ਸਾਰਿਆਂ ਦਾ ਪਿਤਾ ਅਤੇ ਮਾਲਕ ਹੈ ਇਸ ਲਈ ਸਾਰੇ ਉਸ ਦੇ ਪੁੱਤਰ ਹਨ। ਕਿਉਂਕਿ ਸਾਰੇ ਇੱਕੋ ਪਿਤਾ ਦੇ ਹੀ ਪੁੱਤਰ ਹਨ ਤਾਂ ਫਿਰ ਨਸਲ, ਜਾਤ, ਰੰਗ, ਸਥਾਨ, ਲਿੰਗ, ਮਜ਼ਹਬ ਆਦਿ ਦੇ ਆਧਾਰ ’ਤੇ ਮਨੁੱਖਾਂ ਵਿਚ ਸਭ ਤਰ੍ਹਾਂ ਦੀਆਂ ਵੰਡੀਆਂ ਅਤੇ ਭਿੰਨ-ਭੇਦ ਬੁਨਿਆਦੀ ਤੌਰ ’ਤੇ ਗ਼ਲਤ ਹਨ। ਤਰਕ ਦੀ ਇਸੇ ਵਿਧੀ ਨੂੰ ਫ਼ਿਲਾਸਫ਼ੀ ਵਿਚ ਪ੍ਰਮਾਣਿਕ ਵਿਧੀ ਮੰਨਿਆ ਜਾਂਦਾ ਹੈ। ਇਸ ਤਰਕ-ਵਿਧੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੇ ਰਚਨਹਾਰਾਂ ਨੇ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਵਰਤਿਆ ਹੈ। ਉਨ੍ਹਾਂ ਦੇ ਤਰਕਾਂ ਅੱਗੇ ਭਿੰਨ-ਭੇਦ ਦੇ ਹਮਾਇਤੀ ਨਿਰੁੱਤਰ ਹੋ ਕੇ ਰਹਿ ਜਾਂਦੇ ਹਨ। ਇਕ ਨੂਰ ਤੋਂ ਸਾਰਾ ਜਗ ਉਪਜੇ ਹੋਣ ਦੀ ਗੱਲ ਕਹਿਣ ਵਾਲੇ ਭਗਤ ਕਬੀਰ ਜੀ ਭਿੰਨ-ਭੇਦ ਦੇ ਖੰਡਨ ਲਈ ਅਖੌਤੀ ਉੱਚੀ ਜਾਤ ਦੇ ਲੋਕਾਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਵਿਚ ਖ਼ੂਨ ਦੀ ਥਾਂ ਦੁੱਧ ਕਿਉਂ ਨਹੀਂ ਅਤੇ ਉਹ ਕਿਸੇ ਹੋਰ ਜਣਨ-ਵਿਧੀ ਰਾਹੀਂ ਇਸ ਸੰਸਾਰ ਵਿਚ ਪੈਦਾ ਕਿਉਂ ਨਹੀਂ ਹੋਏ?

 ਮਨੋਵਿਗਿਆਨਕ ਤੌਰ ’ਤੇ ਮਨ ਦੇ ਟਿਕਾਅ ਲਈ ਇੱਕ ਦਾ ਵਿਸ਼ਵਾਸ ਜਾਂ ਇੱਕ ਨੂੰ ਮੰਨਣਾ ਜ਼ਰੂਰੀ ਹੈ। ਜੇ ਮੰਨਣ ਲਈ ਦੋ ਜਾਂ ਤਿੰਨ ਹਨ ਤਾਂ ਮਨ ਇਕਾਗਰ ਹੋ ਹੀ ਨਹੀਂ ਸਕਦਾ। ਸ੍ਰਿਸ਼ਟੀ ਜਾਂ ਬ੍ਰਹਿਮੰਡ ਦੇ ਅਨੁਸ਼ਾਸਨ ਲਈ ਵੀ ਇਕ ਕਰਤਾ ਜਾਂ ਇਕ ਮਾਲਕ ਹੋਣਾ ਜ਼ਰੂਰੀ ਹੈ। ਜੇ ਦੋ ਜਾਂ ਤਿੰਨ ਕਰਤੇ ਜਾਂ ਮਾਲਕ ਹੋਣ ਤਾਂ ਅਨੁਸ਼ਾਸਨ ਰਹਿ ਹੀ ਨਹੀਂ ਸਕਦਾ। ਇਸੇ ਤਰ੍ਹਾਂ ਜੇ ਪਰਮਾਤਮਾ ‘ਸੈਭੰ’ ਨਾ ਹੋਵੇ ਤਾਂ ਫਿਰ ਕੋਈ ਹੋਰ ਹਸਤੀ ਉਸ ਤੋਂ ਉੱਪਰ ਮੰਨਣੀ ਪਵੇਗੀ ਅਤੇ ਜੇਕਰ ਉਹ ‘ਅਜੂਨੀ’ ਨਾ ਹੋਵੇ ਤਾਂ ਉਸ ਦੀ ਹਸਤੀ ਹੋਰ ਜੀਵਾਂ ਤੋਂ ਉੱਪਰ ਨਹੀਂ ਰਹੇਗੀ। ‘ਅਜੂਨੀ’, ‘ਸੈਭੰ’, ‘ਅਕਾਲ’, ‘ਨਿਰਭਉ’, ‘ਨਿਰਵੈਰ’, ‘ਕਰਤਾ ਪੁਰਖ’ ਉਹ ਤਾਂ ਹੀ ਹੈ ਜੇਕਰ ਉਸ ਵਰਗਾ ਹੋਰ ਕੋਈ ਨਹੀਂ, ਉਸ ਜਿੱਡਾ ਹੋਰ ਕੋਈ ਨਹੀਂ ਅਤੇ ਉਹ ਸਦੀਵੀ, ਸਰਬ-ਵਿਆਪਕ, ਸਰਬ-ਸ਼ਕਤੀਮਾਨ, ਸਰਬ-ਸੰਪੰਨ, ਸਰਬ- ਕਲਾ ਸੰਪੂਰਨ ਹੈ।

ਪਰਮਾਤਮਾ ਸਰਬ-ਗੁਣ-ਸੰਪੰਨ ਵੀ ਹੈ। ‘ਜਪੁ ਜੀ ਸਾਹਿਬ’ ਵਿਚ ਉਸ ਨੂੰ ‘ਗੁਣੀ ਨਿਧਾਨ’ ਅਰਥਾਤ ਗੁਣਾਂ ਦਾ ਖਜ਼ਾਨਾ ਕਿਹਾ ਗਿਆ ਹੈ। ‘ਸਭ ਗੁਣ ਤੇਰੇ’ ਕਹਿ ਕੇ ਉਸ ਦੀ ਵਡਿਆਈ ਕੀਤੀ ਗਈ ਹੈ। ਸਤਿ, ਸੰਤੋਖ, ਗਿਆਨ ਆਦਿ ਗੁਣ ਉਸ ਦੇ ਹੀ ਗੁਣ ਹਨ। ਨੈਤਿਕ ਕਦਰਾਂ-ਕੀਮਤਾਂ ਦੀ ਬੁਨਿਆਦ ਵੀ ਪਰਮਾਤਮਾ ਹੀ ਹੈ। ਜਿਵੇਂ ਸ੍ਰਿਸ਼ਟੀ ਅਤੇ ਮਨੁੱਖ ਦਾ ਸਾਰਾ ਕਾਰ-ਵਿਹਾਰ ਪਰਮਾਤਮਾ ਦੇ ਹੁਕਮ-ਅਧੀਨ ਹੈ ਇਸੇ ਤਰ੍ਹਾਂ ਨੈਤਿਕਤਾ ਵੀ ਉਸ ਦੇ ਹੁਕਮ-ਅਧੀਨ ਹੀ ਹੈ। ਸ੍ਰਿਸ਼ਟੀ ਜਾਂ ਬ੍ਰਹਿਮੰਡ ਦਾ ਨਿਕਾਸ, ਵਿਕਾਸ ਅਤੇ ਵਿਨਾਸ਼ ਪਰਮਾਤਮਾ ਦੇ ਹੁਕਮ ਅਧੀਨ ਹੈ, ਉਸ ਦੇ ਸਥਾਪਤ ਕੀਤੇ ਨਿਯਮ ਅਧੀਨ ਹੈ। ‘ਧਰਮ’ ਦਾ ਇਕ ਅਰਥ ‘ਨਿਯਮ’ ਵੀ ਕੀਤਾ ਜਾਂਦਾ ਹੈ। ਇਸ ਲਈ ਪਰਮਾਤਮਾ ਦੇ ਸਥਾਪਤ ਕੀਤੇ ਨਿਯਮ ਭਾਵ ਧਰਮ ਅਨੁਸਾਰ ਚੱਲਣਾ ਹੀ ਨੈਤਿਕਤਾ ਹੈ।

ਪਰਮਾਤਮਾ ਦੇ ਹੁਕਮ ਦੀ ਉਲੰਘਣਾ ਮਨੁੱਖ ਕਿਉਂ ਕਰਦਾ ਹੈ? ‘ਸਿਧ ਗੋਸਟਿ’ ਵਿਚ ਜਗਤ ਦੀ ਉਤਪਤੀ ਦਾ ਕਾਰਨ ‘ਹਉਮੈ’ ਨੂੰ ਦੱਸਿਆ ਗਿਆ ਹੈ। ਪਰਮਾਤਮਾ ਦੇ ਹੁਕਮ ਰਾਹੀਂ ਹਉਮੈ ਪੈਦਾ ਹੋਈ ਅਤੇ ਹਉਮੈ ਤੋਂ ਜਗਤ ਦੀ ਉਤਪਤੀ ਹੋਈ। ਪਵਿੱਤਰ ਫ਼ਰਮਾਨ ਹੈ:

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ॥
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥ (ਪੰਨਾ 946)

ਕਿਉਂਕਿ ਹਉਮੈ ਮਨੁੱਖ ਦੇ ਜੀਵਨ ਦਾ ਆਧਾਰ ਹੈ ਭਾਵੇਂ ਇਹ ਪਰਮਾਤਮਾ ਦੇ ਹੁਕਮ ਕਰਕੇ ਹੀ ਹੈ ਪਰ ਫਿਰ ਵੀ ਹਉਮੈ ਦੀ ਕੰਧ ਉਸ ਨੂੰ ਹੁਕਮ ਦੀ ਪਾਲਣਾ ਤੋਂ ਵਰਜਦੀ ਅਤੇ ਰੋਕਦੀ ਹੈ। ਨੈਤਿਕਤਾ ਦੀ ਲੋੜ ਅਤੇ ਮਹੱਤਤਾ ਇਸੇ ਸਥਿਤੀ ਵਿੱਚੋਂ ਪੈਦਾ ਹੁੰਦੀ ਹੈ। ਭਾਈ ਜੋਧ ਸਿੰਘ ਜੀ ਦੇ ‘ਗੁਰਮਤਿ ਨਿਰਣੈ’ ਵਿਚ ਦਰਜ ਹੇਠ ਲਿਖੇ ਸ਼ਬਦ ਪੜ੍ਹਨਯੋਗ ਅਤੇ ਸਮਝਣਯੋਗ ਹਨ:

‘ਇਹ ਮਾਇਆ, ਭਰਮ, ਰੋਕ, ਪਾਪ ਜੋ ਵੀ ਇਹਦਾ ਨਾਮ ਰੱਖੋ ਕਿਉਂ ਪੈਦਾ ਕੀਤੇ ਗਏ? ਸਰੀਰਕ ਬਲ ਤਦੋਂ ਹੀ ਵਧਦਾ ਹੈ ਜਦੋਂ ਮਾਦੀ ਰੋਕਾਂ ’ਤੇ ਫ਼ਤਹਿ ਪਾਈਏ। ਇਖ਼ਲਾਕੀ ਗੁਣ ਤਦੋਂ ਹੀ ਆਂਵਦੇ ਹਨ ਜਦੋਂ ਸਾਡੇ ਸਾਹਮਣੇ ਪਰਤਾਵੇ ਆਵਣ ਤੇ ਅਸੀਂ ਉਨ੍ਹਾਂ ਦੇ ਕਾਬੂ ਵਿਚ ਨਾ ਆਈਏ। ਸਾਡੀ ਆਤਮਿਕ ਉੱਨਤੀ ਇਸੇ ਵਿਚ ਹੈ ਕਿ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਮਮਤਾ ਜੋ ਹਉਮੈ ਦਾ ਰੂਪ ਹਨ, ਇਨ੍ਹਾਂ ’ਤੇ ਫ਼ਤਹਿ ਪਾਈਏ।’

ਚਾਨਣ ਦਾ ਮਹੱਤਵ ਹਨੇਰੇ ਕਰਕੇ ਹੈ, ਨੇਕੀ ਦਾ ਮਹੱਤਵ ਬਦੀ ਕਰਕੇ ਹੈ, ਸੱਚ ਦਾ ਮਹੱਤਵ ਝੂਠ ਕਰਕੇ ਹੈ। ਜੇਕਰ ਦੁਨੀਆਂ ਵਿਚ ਚਾਨਣ, ਨੇਕੀ ਅਤੇ ਸੱਚ ਹੀ ਹੁੰਦੇ ਤਾਂ ਫਿਰ ਹਨੇਰੇ, ਬਦੀ ਅਤੇ ਝੂਠ ਦਾ ਟਾਕਰਾ ਕੌਣ ਕਰਦਾ? ਕੀ ਸੰਸਾਰ ਦੀ ਅਤੇ ਮਨੁੱਖੀ ਜੀਵਨ ਦੀ ਸੁੰਦਰਤਾ ਹੀ ਵਿਰੋਧਾਂ ਦੀ ਉਪਜ ਨਹੀਂ ਹੈ? ਜ਼ਿੰਦਗੀ- ਮੌਤ, ਸੁਖ-ਦੁੱਖ, ਪੁੰਨ-ਪਾਪ, ਉਚਾਈ-ਨੀਵਾਣ, ਮਿਠਾਸ-ਕੁੜੱਤਣ, ਨਿਆਂ- ਅਨਿਆਂ ਕਿੰਨੇ ਹੀ ਵਿਰੋਧੀ ਸ਼ਬਦ ਹਨ, ਜੋ ਜ਼ਿੰਦਗੀ ਦੀ ਰੌਚਿਕਤਾ ਦਾ ਕਾਰਨ ਹਨ। ਗੁਰਬਾਣੀ ਵਿਚ ਇਨ੍ਹਾਂ ਵਿਰੋਧਤਾਈਆਂ ਦਾ ਥਾਂ-ਥਾਂ ਖ਼ੂਬਸੂਰਤ ਚਿਤਰਨ ਹੈ। ਜੇ ਗੁਰਮੁਖ ਦੀ ਗੱਲ ਕੀਤੀ ਗਈ ਹੈ ਅਤੇ ਨਾਲ ਹੀ ਮਨਮੁਖ ਬਾਰੇ ਵੀ ਦੱਸਿਆ ਗਿਆ ਹੈ। ਜੇ ਹੁਕਮ ਦੀ ਗੱਲ ਵਿਸਥਾਰ ਵਿਚ ਹੈ ਤਾਂ ਹਉਮੈ ਦੀ ਗੱਲ ਵੀ ਵਿਸਥਾਰ ਵਿਚ ਹੀ ਕੀਤੀ ਗਈ ਹੈ। ਇਕ ਪਾਸੇ ਸਭ ਕੁਝ ਪਰਮਾਤਮਾ ਦੇ ਵੱਸ ਵਿਚ ਦੱਸਿਆ ਗਿਆ ਹੈ ਤਾਂ ਦੂਜੇ ਪਾਸੇ ਮਨੁੱਖ ਨੂੰ ਬਖਸ਼ੀ ਬੁੱਧੀ ਦੀ ਦਾਤ ਕਰਕੇ ਉਸ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਕ ਪਾਸੇ ਸੰਸਾਰ ‘ਧੂੰਏਂ ਕਾ ਪਹਾਰ’ ਹੈ ਤਾਂ ਦੂਜੇ ਪਾਸੇ ਇਹ ‘ਕੀਆ ਸਭੁ ਸਤਿ’ ਵੀ ਹੈ। ਪਰਮਾਤਮਾ ਦੇ ਕਿੰਨੇ ਹੀ ਨਾਮ ਗੁਰਬਾਣੀ ਵਿਚ ਦਰਜ ਹਨ ਅਤੇ ਮਨੁੱਖ ਨੂੰ ਦੱਸਿਆ ਗਿਆ ਹੈ ਕਿ ਇਹ ਸਾਰੇ ਨਾਮ ਇੱਕੋ ਇੱਕ ਪਰਮ-ਹਸਤੀ ਦੇ ਹੀ ਨਾਮ ਹਨ, ਇਸ ਲਈ ਇਹ ਸਾਰੇ ਬਿਆਨ ਕਿਸੇ ਤਰ੍ਹਾਂ ਦਾ ਵੀ ਸਵੈ-ਵਿਰੋਧ ਪੈਦਾ ਨਹੀਂ ਕਰਦੇ ਸਗੋਂ ਇਹ ਤਾਂ ਸਾਰੇ ਵਿਰੋਧਾਂ ਨੂੰ ਮਿਲਾ ਕੇ, ਸਾਰੇ ਵਿਰੋਧਾਂ ਨੂੰ ਮਿਟਾ ਕੇ ਇਕ ਸੁਮੇਲ ਦਾ ਮਾਰਗ ਹੈ, ਸੰਤੁਲਿਤ ਅਤੇ ਸੰਪੂਰਨ ਮਾਰਗ ਹੈ ਜਿਸ ਦਾ ਬਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਕੀਤਾ ਗਿਆ ਹੈ। ਵਿਰੋਧਤਾਈਆਂ ਦਾ ਮਿਲਾਣ ਗੁਰਮਤਿ ਵਿਚ ਏਨਾ ਸੰਪੂਰਨ ਹੈ ਕਿ ਡਾ. ਵਜ਼ੀਰ ਸਿੰਘ ਆਪਣੇ ਇਕ ਲੇਖ ‘ਗੁਰਮਤਿ ਵਿਚ ਹਸਤੀ ਤੇ ਹੋਂਦ ਦੀ ਸਮੱਸਿਆ’ ਵਿਚ ਸਿੱਟਾ ਕੱਢਦੇ ਹੋਏ ਲਿਖਦੇ ਹਨ: ‘ਸਿਖ ਮਤਿ ਦੀ ਦਾਰਸ਼ਨਿਕਤਾ ਬੁਨਿਆਦੀ ਹਕੀਕਤ ਨੂੰ ਪ੍ਰਾਪਤ ਅਤੇ ਪ੍ਰਗਟ, ਅਗੋਚਰ ਅਤੇ ਵਿਆਪਕ, ਏਕ ਅਤੇ ਅਨੇਕ, ਹਸਤੀ ਅਤੇ ਹੋਂਦ ਦੇ ਸਰੂਪਾਂ ਵਿਚ ਪ੍ਰਸਤੁਤ ਕਰਦੀ ਹੈ।’

ਗੁਰਬਾਣੀ ਜੀਵਨ-ਜਾਚ ਅਤੇ ਸਿੱਖੀ ਜੀਵਨ ਦੇ ਮਾਰਗ ਨੂੰ ਪ੍ਰਗਟਾਉਂਦੀ ਅਤੇ ਸਮਝਾਉਂਦੀ ਹੈ। ਭਾਵਨਾਤਮਕ ਪੱਧਰ ’ਤੇ ਇਸ ਮਾਰਗ ਨੂੰ ਮੰਨ ਕੇ ਅਤੇ ਗੁਰਬਾਣੀ ਦੀ ਸਿੱਖਿਆ ਨੂੰ ਜੀਵਨ ਵਿਚ ਢਾਲ ਕੇ ਮਨੁੱਖ ਆਪਣਾ ਲੋਕ-ਪਰਲੋਕ ਸੰਵਾਰ ਸਕਦਾ ਹੈ। ਦਾਰਸ਼ਨਿਕ ਪੱਧਰ ’ਤੇ ਗੁਰਬਾਣੀ ਦੀ ਵਿਚਾਰ ਕਰਕੇ ਗੁਰਸਿੱਖ ਦੀ ਸ਼ਰਧਾ ਵਿਚ ਦ੍ਰਿੜ੍ਹਤਾ ਆਉਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਥਾਹ ਸਮੁੰਦਰ ਦੀ ਨਿਆਈਂ ਹੈ। ਜਗਿਆਸੂ ਅਤੇ ਖੋਜੀ ਮਨੁੱਖ ਇਸ ਵਿਚ ਭਾਵਨਾ ਨਾਲ ਟੁੱਭੀਆਂ ਲਾ ਕੇ ਫ਼ਲਸਫ਼ੇ ਜਾਂ ਦਰਸ਼ਨ ਦੇ ਮੋਤੀ ਪ੍ਰਾਪਤ ਕਰ ਸਕਦੇ ਹਨ। ਸ਼ਰਧਾ ਅਤੇ ਤਰਕ, ਗਿਆਨ ਅਤੇ ਵਿਗਿਆਨ, ਧਰਮ ਅਤੇ ਦਰਸ਼ਨ ਦੇ ਸੁਮੇਲ ਨੂੰ ਜੀਵਨ ਵਿਚ ਢਾਲ ਕੇ ਗੁਰਬਾਣੀ ਦੇ ਦਾਰਸ਼ਨਿਕ ਪੱਖ ਨੂੰ ਸਮਝਣਾ ਅਤੇ ਉਸ ’ਤੇ ਅਮਲ ਕਰਨਾ ਹੀ ਗੁਰਮਤਿ ਦਾ ਮਾਰਗ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Sukhdev Singh Shant
ਸੇਵਾ ਮੁਕਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ -ਵਿਖੇ: ਸਹਿਕਾਰਤਾ ਵਿਭਾਗ, ਪੰਜਾਬ ਸਰਕਾਰ

36-ਬੀ, ਰਤਨ ਨਗਰ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)