editor@sikharchives.org

2010-05 – ਗੁਰਬਾਣੀ ਵਿਚਾਰ – ਮਾਹੁ ਜੇਠੁ ਭਲਾ

ਗੁਰੂ ਪਾਤਸ਼ਾਹ ਦੀ ਰੂਹਾਨੀ ਰਮਜ਼ ਹੈ ਕਿ ਜੀਵ-ਇਸਤਰੀ ਵਿਸ਼ੇ-ਵਿਕਾਰਾਂ ਦੀ ਅੱਗ ਤੋਂ ਜ਼ਰੂਰ ਸਾਵਧਾਨ ਰਹੇ ਕਿਉਂਕਿ ਆਮ ਮਨੁੱਖਾਂ ਦੇ ਹਿਰਦੇ ਵਿਕਾਰਾਂ ਦੀ ਅੱਗ ਨਾਲ ਤਪਦੇ ਰਹਿੰਦੇ ਹਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ॥
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ॥
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ॥
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ॥7॥ (ਪੰਨਾ 1108)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰਹ ਮਾਹਾ ਤੁਖਾਰੀ ਦੀ ਇਸ ਪਾਵਨ ਪਉੜੀ ਰਾਹੀਂ ਜੇਠ ਮਹੀਨੇ ਦੀ ਭਰ-ਗਰਮੀ ਦੀ ਰੁੱਤ ਦਾ ਦ੍ਰਿਸ਼ ਵਰਣਨ ਕਰਦੇ ਹੋਏ, ਮਨੁੱਖਾ ਜੀਵ ਰੂਪੀ ਇਸਤਰੀ ਨੂੰ ਪ੍ਰਭੂ ਨਾਮ ਦਾ ਜਪਣ ਅਤੇ ਰੂਹਾਨੀ ਤੇ ਸਦਾਚਾਰਕ ਗੁਣਾਂ ਦੁਆਰਾ ਸੱਚਾ ਸੁਖ ਹਾਸਲ ਕਰਨ ਦਾ ਗੁਰਮਤਿ ਗਾਡੀ ਰਾਹ ਦਰਸਾਉਂਦੇ ਹਨ। ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਜੇਠ ਦਾ ਮਹੀਨਾ ਚੰਗਾ ਹੈ। ਇਸ ਮਹੀਨੇ ਮਨੁੱਖਾ ਜੀਵ ਰੂਪੀ ਇਸਤਰੀ ਨੂੰ ਪ੍ਰੀਤਮ ਨੂੰ ਭੁਲਾਉਣਾ ਠੀਕ ਨਹੀਂ ਹੈ ਭਾਵ ਜੇਕਰ ਇਹ ਭਰ-ਗਰਮੀ ਦੀ ਰੁੱਤ ਸਖ਼ਤ ਹੈ ਤਾਂ ਸੀਤਲਤਾ ਵਰਤਾਉਣ ਵਾਲੇ ਪਿਆਰੇ ਪਰਮਾਤਮਾ ਨੂੰ ਚੇਤੇ ਰੱਖਿਆ ਜਾਵੇ। ਇਸੇ ਵਿਚ ਨਿਮਾਣੀ-ਨਿਤਾਣੀ ਜੀਵ-ਇਸਤਰੀ ਦਾ ਭਲਾ ਹੈ। ਗੁਰੂ ਜੀ ਰੁੱਤ ਦੀ ਕਠੋਰ ਪ੍ਰਕਿਰਤੀ ਤੇ ਸਰੂਪ ਦਾ ਵਰਣਨ ਕਰਦੇ ਹੋਏ ਕਥਨ ਕਰਦੇ ਹਨ ਕਿ ਇਸ ਮਹੀਨੇ ਧਰਤੀ ਭੱਠ ਵਾਂਗ ਤਪਦੀ ਹੈ। ਗੁਰੂ ਪਾਤਸ਼ਾਹ ਦੀ ਰੂਹਾਨੀ ਰਮਜ਼ ਹੈ ਕਿ ਜੀਵ-ਇਸਤਰੀ ਵਿਸ਼ੇ-ਵਿਕਾਰਾਂ ਦੀ ਅੱਗ ਤੋਂ ਜ਼ਰੂਰ ਸਾਵਧਾਨ ਰਹੇ ਕਿਉਂਕਿ ਆਮ ਮਨੁੱਖਾਂ ਦੇ ਹਿਰਦੇ ਵਿਕਾਰਾਂ ਦੀ ਅੱਗ ਨਾਲ ਤਪਦੇ ਰਹਿੰਦੇ ਹਨ। ਧਰਤੀ ਸਿਰ ਦੇ ਭਾਰ ਤਪਦੀ ਹੈ ਤਾਂ ਗੁਰਮੁਖ ਜੀਵ-ਇਸਤਰੀ ਬੇਨਤੀ ਕਰਦੀ ਹੈ। ਉਹ ਪ੍ਰਭੂ ਤੋਂ ਰੂਹਾਨੀ ਗੁਣਾਂ ਦੀ ਦਾਤ ਲੋਚਦੀ ਹੈ ਕਿ ਹੇ ਪ੍ਰਭੂ ਪ੍ਰੀਤਮ! ਮੈਨੂੰ ਗੁਣ ਬਖਸ਼ੋ ਕਿਉਂਕਿ ਗੁਣਾਂ ਦੁਆਰਾ ਹੀ ਮੈਂ ਆਪ ਜੀ ਨੂੰ ਚੰਗੀ ਲੱਗ ਸਕਦੀ ਹਾਂ। ਮੈਂ ਆਪ ਦੀ ਸਿਫਤ-ਸਲਾਹ ਕਰਾਂ। ਆਪ ਜੀ ਮੈਨੂੰ ਸੰਸਾਰ ’ਚ ਰਹਿੰਦਿਆਂ ਮਨ-ਆਤਮਾ ਤੋਂ ਨਿਰਲੇਪ ਰਹਿ ਸਕਣ ਦਾ ਗੁਣ ਬਖਸ਼ੋ ਤਾਂ ਆਪ ਦੀ ਆਗਿਆ ਦਾ ਸਦਕਾ ਮੈਨੂੰ ਟਿਕਾਣਾ ਮਿਲ ਸਕਦਾ ਹੈ, ਮੇਰਾ ਰੂਹਾਨੀ ਮਹਿਲ ’ਚ ਵਾਸਾ ਹੋ ਸਕਦਾ ਹੈ। ਪਿਆਰੇ ਪ੍ਰੀਤਮ ਤੋਂ ਬਿਨਾਂ ਸੁਖ ਕਿਉਂ ਮਿਲੇਗਾ ਭਾਵ ਹਿਰਦੇ ਰੂਪ ਮਹਿਲ ’ਚ ਕੋਈ ਸੁਖ ਨਹੀਂ ਮਿਲ ਸਕਦਾ। ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਜਿਹੜੀ ਜੀਵ-ਇਸਤਰੀ ਜੇਠ ਮਹੀਨੇ ਦੀ ਸਖ਼ਤ ਗਰਮੀ ਤੋਂ ਸੰਕੇਤ ਲੈਂਦੀ ਹੋਈ ਰੂਹਾਨੀ ਗੁਣਾਂ ਦਾ ਸੰਚਾਰ ਕਰਨ ਦਾ ਰਾਹ ਸਮਝ ਅਤੇ ਅਪਣਾ ਲੈਂਦੀ ਹੈ, ਉਸ ਦਾ ਜੀਵਨ ਸਫ਼ਲ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)