editor@sikharchives.org

2010-12 – ਗੁਰਬਾਣੀ ਵਿਚਾਰ – ਦਰਸਨੁ ਦੇਹੁ ਦਇਆਪਤਿ ਦਾਤੇ

ਉਹ ਜੀਵ-ਇਸਤਰੀ ਜਿਸ ਦਾ ਗੁਰੂ-ਕਿਰਪਾ ਅਥਵਾ ਗੁਰੂ ਦੁਆਰਾ ਬਖ਼ਸ਼ੀ ਸੋਝੀ ਸਦਕਾ ਪਰਮਾਤਮਾ ਮਾਲਕ ਨਾਲ ਪਿਆਰ ਬਣ ਜਾਂਦਾ ਹੈ ਉਹ ਕਠਿਨ ਤੋਂ ਕਠਿਨ ਤੇ ਅਸਹਿ ਸ਼ੀਤ ਹਾਲਤ ਵਿਚ ਵੀ ਸੁਖੀ ਤੇ ਪ੍ਰਸੰਨਚਿਤ ਰਹਿੰਦੀ ਹੈ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ ॥
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥
ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ ॥
ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ ॥14॥ (ਪੰਨਾ 1109)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਬਾਰਹ ਮਾਹਾ ਤੁਖਾਰੀ ਰਾਗ ਦੀ ਇਸ ਪਾਵਨ ਪਉੜੀ ਦੁਆਰਾ ਪੋਹ ਮਹੀਨੇ ਦੇ ਪ੍ਰਾਕਿਰਤਕ ਵਰਣਨ, ਰੁੱਤ ਵਰਣਨ, ਬਨਸਪਤੀ ਤੇ ਜੀਵ-ਜਗਤ ਉੱਪਰ ਇਸ ਦੀ ਅਤਿ ਸਰਦ ਰੁੱਤ ਦੇ ਪ੍ਰਭਾਵ ਦੇ ਪਿਛੋਕੜ ਨੂੰ ਦਰਸਾਉਂਦੇ ਹੋਏ ਜੀਵਨ ਦੀਆਂ ਬਿਖਮ ਹਾਲਤਾਂ ਵਿਚ ਮਨੁੱਖ-ਮਾਤਰ ਨੂੰ ਪ੍ਰਭੂ-ਨਾਮ ਦਾ ਓਟ-ਆਸਰਾ ਲੈਣ ਦਾ ਸੁਮਾਰਗ ਬਖ਼ਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਫ਼ਰਮਾਉਂਦੇ ਹਨ ਕਿ ਪੋਹ ਦੇ ਮਹੀਨੇ ਵਿਚ ਕੱਕਰ ਪੈਂਦਾ ਹੈ। ਕੱਕਰ ਸਿਖਰਤਮ ਸਰਦੀ ਦਾ ਸੂਚਕ ਹੈ। ਇਹ ਬਨਸਪਤੀ ਅਤੇ ਜੀਵ-ਜਗਤ ਵਾਸਤੇ ਕਸ਼ਟਦਾਇਕ ਹੁੰਦਾ ਹੈ। ਇਸੇ ਸਬੰਧ ਵਿਚ ਗੁਰੂ ਜੀ ਕਥਨ ਕਰਦੇ ਹਨ ਕਿ ਕੱਕਰ ਬਨਸਪਤੀ ’ਚੋਂ ਰਸ ਨੂੰ ਸੁਕਾ ਦਿੰਦਾ ਹੈ। ਐਸੀ ਹਾਲਤ ਵਿਚ ਜੀਵ-ਇਸਤਰੀ ਭਾਵ ਮਨੁੱਖ-ਮਾਤਰ ਦੀ ਸਾਧਾਰਨ ਸਰੀਰਿਕ, ਮਾਨਸਿਕ, ਆਤਮਿਕ ਅਵਸਥਾ ਪ੍ਰਭਾਵਤ ਹੁੰਦੀ ਹੈ। ਜੀਵ-ਇਸਤਰੀ ਦੀ ਪ੍ਰਤੀਨਿਧਤਾ ਕਰਦਿਆਂ ਗੁਰੂ ਜੀ ਕਥਨ ਕਰਦੇ ਹਨ ਕਿ ਹੇ ਕਿਰਪਾਲੂ ਮਾਲਕ! ਆਪ ਮਨ, ਤਨ ਅਤੇ ਮੁਖ ’ਤੇ ਕਿਉਂ ਨਹੀਂ ਵਾਸਾ ਕਰਦੇ? ਭਾਵ ਆਪ ਕਿਰਪਾ ਕਰਕੇ ਵਾਸਾ ਕਰੋ। ਜਿਸ ਜੀਵ-ਇਸਤਰੀ ਦੇ ਮਨ, ਤਨ ਵਿਚ ਕੁੱਲ ਸੰਸਾਰ ਨੂੰ ਜੀਵਨ ਬਖ਼ਸ਼ਣ ਵਾਲਾ ਮਾਲਕ ਵਾਸਾ ਕਰਦਾ ਹੈ ਉਹ ਗੁਰੂ ਦਾ ਸ਼ਬਦ ਪ੍ਰਾਪਤ ਹੋਣ ਕਾਰਨ ਪੋਹ ਜਿਹੀ ਕੱਕਰ ਵਾਲੀ ਹਾਲਤ ਵਿਚ ਵੀ ਰੰਗ-ਰਸ ਮਾਣਦੀ ਹੈ। ਉਸ ਜੀਵ-ਇਸਤਰੀ ਨੂੰ ਅੰਡਜ, ਜੇਰਜ, ਸੇਤਜ ਅਤੇ ਉਤਭਜ ਚਾਰੋਂ ਤਰ੍ਹਾਂ ਦੇ ਕੁੱਲ ਜੀਵਾਂ ਵਿਚ ਪਰਮਾਤਮਾ ਦਾ ਚਾਨਣ ਹੋਂਦ ਰੱਖ ਰਿਹਾ ਪ੍ਰਤੀਤ ਹੋ ਜਾਂਦਾ ਹੈ। ਅੰਤ ਵਿਚ ਸਤਿਗੁਰੂ ਜੀ ਜੀਵ-ਇਸਤਰੀ ਵੱਲੋਂ ਜਾਚਨਾ ਕਰਦੇ ਹਨ ਕਿ ਹੇ ਮਾਲਕ ਦਾ ਦਰਸ਼ਨ ਦੀਦਾਰ ਕਰਾਉਣ ਵਾਲੇ ਦਇਆਪੂਰਨ ਦਾਤਾ ਜੀਓ, ਮੇਰਾ ਵੀ ਆਤਮਿਕ ਕਲਿਆਣ ਹੋ ਸਕੇ ਆਪ ਮੈਨੂੰ ਅਜਿਹੀ ਰੂਹਾਨੀ ਸੋਝੀ ਪ੍ਰਦਾਨ ਕਰੋ। ਉਹ ਜੀਵ-ਇਸਤਰੀ ਜਿਸ ਦਾ ਗੁਰੂ-ਕਿਰਪਾ ਅਥਵਾ ਗੁਰੂ ਦੁਆਰਾ ਬਖ਼ਸ਼ੀ ਸੋਝੀ ਸਦਕਾ ਪਰਮਾਤਮਾ ਮਾਲਕ ਨਾਲ ਪਿਆਰ ਬਣ ਜਾਂਦਾ ਹੈ ਉਹ ਕਠਿਨ ਤੋਂ ਕਠਿਨ ਤੇ ਅਸਹਿ ਸ਼ੀਤ ਹਾਲਤ ਵਿਚ ਵੀ ਸੁਖੀ ਤੇ ਪ੍ਰਸੰਨਚਿਤ ਰਹਿੰਦੀ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)