editor@sikharchives.org

2011-03 – ਗੁਰਬਾਣੀ ਵਿਚਾਰ – ਕਰਿ ਕਿਰਪਾ ਮੇਲਹੁ ਰਾਮ

ਜੀਵ-ਇਸਤਰੀ ਦਾ ਸਰੀਰਿਕ ਸ਼ਿੰਗਾਰ ਉਸ ਦੇ ਸਰੀਰ ਸਮੇਤ ਝੂਠਾ ਜਾਂ ਖਤਮ ਹੋ ਜਾਣ ਵਾਲਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ॥
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ॥
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ॥
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ॥
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ॥
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ॥
ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ॥
ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ॥
ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ॥1॥ (ਪੰਨਾ 133)

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰਹ ਮਾਹਾ ਮਾਂਝ ਦੀ ਇਸ ਆਰੰਭਕ ਪਉੜੀ ਵਿਚ ਮਨੁੱਖ-ਮਾਤਰ ਨੂੰ ਪਰਮਾਤਮਾ ਦੇ ਨਾਮ ਬਿਨਾਂ ਮਨੁੱਖਾ ਸਰੀਰ ਦੇ ਵਿਅਰਥ ਜਾਣ ਦੀ ਵਾਸਤਵਿਕਤਾ ਸਮਝਾਉਂਦਿਆਂ, ਦੁਰਲੱਭ ਮਨੁੱਖਾ ਜਨਮ ਦੀ ਦੁਰਲੱਭਤਾ ਤੇ ਉੱਚੀ ਕੀਮਤ ਦਾ ਅਹਿਸਾਸ ਕਰਾਉਂਦੇ ਹਨ। ਗੁਰੂ ਪਾਤਸ਼ਾਹ ਜੀ ਇਸ ਵਿਚ ਅਧਿਆਤਮ ਮਾਰਗ ’ਤੇ ਤੁਰਨਾ ਅਤਿ ਜ਼ਰੂਰੀ ਦੱਸਦੇ ਹੋਏ ਇਸ ਦਿਸ਼ਾ ਵਿਚ ਤੁਰਨ ਹਿਤ ਉਸ ਨੂੰ ਪਰਮਾਤਮਾ ਦੀ ਕਿਰਪਾ ਦੀ ਜਾਚਨਾ ਕਰਨ ਅਤੇ ਉਸ ਦੇ ਸੱਚੇ ਸਦੀਵੀ ਕੰਮ ਆਉਣ ਵਾਲੇ ਨਾਮ ਨੂੰ ਮਨ ਚਿਤ ਆਤਮਾ ਵਿਚ ਵਸਾਉਣ ਦਾ ਗੁਰਮਤਿ ਗਾਡੀ ਮਾਰਗ ਬਖਸ਼ਿਸ਼ ਕਰਦੇ ਹਨ।

ਸਤਿਗੁਰੂ ਜੀ ਅਕਾਲ ਪੁਰਖ ਪਰਮਾਤਮਾ ਨੂੰ ਸੰਬੋਧਨ ਕਰਦਿਆਂ ਫ਼ਰਮਾਨ ਕਰਦੇ ਹਨ ਕਿ ਹੇ ਪ੍ਰਭੂ, ਅਸੀਂ ਆਪਣੇ ਕਰਮਾਂ ਦੀ ਕਮਾਈ ਕਰਕੇ ਤੇਰੇ ਤੋਂ ਜੁਦਾ ਹੋਏ ਹਾਂ ਭਾਵ ਮਨੁੱਖ ਦਾ ਜਾਮਾ ਅਥਵਾ ਜਨਮ ਪਾ ਕੇ ਵੀ ਅਸਾਂ ਤੈਨੂੰ ਭੁਲਾਇਆ ਹੋਇਆ ਹੈ। ਆਪ ਨੇ ਸਾਡੀ ਇਸ ਹਾਲਤ ’ਤੇ ਤਰਸ, ਦਇਆ ਦੀ ਨਜ਼ਰ ਕਰਨ ਦੀ ਕਿਰਪਾ ਕਰਨੀ। ਆਪਣੀ ਹੀ ਕਿਰਪਾ ਕਰਦਿਆਂ ਹੇ ਮਾਲਕ, ਆਪ ਨੇ ਸਾਨੂੰ ਆਪਣੇ ਨਾਲ ਮਿਲਾ ਲੈਣਾ ਭਾਵ ਸਾਡਾ ਆਪ ਨੂੰ ਵਿਸਾਰੀ ਰੱਖਣਾ ਖ਼ਤਮ ਹੋ ਜਾਵੇ। ਅਸੀਂ ਆਪਣੇ ਆਲੇ-ਦੁਆਲੇ ਦੀਆਂ ਚਾਰੋਂ ਹੀ ਨੁੱਕਰਾਂ ਅਤੇ ਦਸਾਂ ਹੀ ਦਿਸ਼ਾਵਾਂ ਵਿਚ ਜਗਤ ਦੀ ਮਾਇਆ ਦੇ ਹੱਦੋਂ ਵੱਧ ਅਸਰ ਥੱਲੇ ਭੌਂਦੇ ਫਿਰਦੇ ਰਹੇ ਹਾਂ, ਹੁਣ ਹਾਰ-ਹੁੱਟ ਕੇ ਤੁਹਾਡਾ ਆਸਰਾ ਤੱਕਿਆ ਹੈ। ਪਰਮਾਤਮਾ ਦੇ ਸਦੀਵੀ ਸੱਚੇ ਨਾਮ ਤੋਂ ਬਗੈਰ ਅਰਥਹੀਣ ਅਤੇ ਦੁਖਦਾਇਕ ਮਾਨਸਿਕ ਆਤਮਿਕ ਹਾਲਤ ਨੂੰ ਦੋ ਦ੍ਰਿਸ਼ਟਾਂਤਾਂ ਰਾਹੀਂ ਦਰਸਾਉਂਦੇ ਹੋਏ ਗੁਰੂ ਪਾਤਸ਼ਾਹ ਕਥਨ ਕਰਦੇ ਹਨ ਕਿ ਗਊ ਜੋ ਦੁੱਧ ਨਹੀਂ ਦਿੰਦੀ, ਕਿਸੇ ਕੰਮ ਨਹੀਂ ਆਉਂਦੀ। ਗਊ ਦਾ ਦੁੱਧ ਬੇਹੱਦ ਗੁਣਕਾਰੀ ਸਮਝਿਆ ਜਾਂਦਾ ਹੈ। ਇਹ ਦ੍ਰਿਸ਼ਟਾਂਤ ਉਸ ਯੁੱਗ ਦਾ ਭਾਰਤੀ ਸਭਿਆਚਾਰ ਜਾਂ ਲੋਕ-ਜੀਵਨ ਦਾ ਸੱਚ ਹੈ ਕਿਉਂਕਿ ਸਾਡੇ ਦੇਸ਼ ਵਿਚ ਗਊ ਨੂੰ ਪੂਜਨੀਕ ਸਮਝਦਿਆਂ ਇਸ ਤੋਂ ਹੋਰ ਕੋਈ ਕੰਮ ਨਹੀਂ ਲਿਆ ਜਾਂਦਾ ਸੀ।

ਦੂਸਰਾ ਦ੍ਰਿਸ਼ਟਾਂਤ ਦਿੰਦਿਆਂ ਗੁਰੂ ਜੀ ਕਥਨ ਕਰਦੇ ਹਨ ਕਿ ਪਾਣੀ ਬਿਨਾਂ ਖੇਤੀ ਮੁਰਝਾ ਜਾਂਦੀ ਹੈ ਅਤੇ ਕਿਸਾਨ ਨੂੰ ਧਨ ਨਹੀਂ ਜੁਟਾ ਜਾਂ ਦੇ ਸਕਦੀ। ਭਾਵ ਪਾਣੀ ਖੇਤੀ ਦੇ ਵਿਕਾਸ-ਵਿਗਾਸ ਵਾਸਤੇ ਅਤਿ ਜ਼ਰੂਰੀ ਤੱਤ ਹੈ। ਦੋਨਾਂ ਦ੍ਰਿਸ਼ਟਾਂਤਾਂ ਦੀ ਸੰਰਚਨਾਤਮਕ ਯੋਜਨਾਬੰਦੀ ਦੁਆਰਾ ਸਹਿਜੇ ਹੀ ਸਿੱਟਾ ਕੱਢਦੇ ਹੋਏ ਗੁਰੂ ਜੀ ਦ੍ਰਿੜ੍ਹ ਕਰਾਉਂਦੇ ਹਨ ਕਿ ਇਨਸਾਨ ਦਾ ਸੱਜਣ ਕੇਵਲ ਤੇ ਕੇਵਲ ਉਹ ਪਰਮਾਤਮਾ ਰੂਪੀ ‘ਨਾਹ’ ਜਾਂ ਮਾਲਕ ਹੈ। ਉਸ ਬਗੈਰ ਸੁਖ-ਸ਼ਾਂਤੀ ਕਿਵੇਂ ਮਿਲੇਗੀ? ਭਾਵ ਕਦਾਚਿਤ ਵੀ ਨਹੀਂ ਮਿਲੇਗੀ। ‘ਪ੍ਰਭੂ ਦੇ ਨਾਮ ਵਿਚ ਹੀ ਸੱਚਾ ਸੁਖ ਮਿਲ ਸਕਦਾ ਹੈ’ ਇਹ ਭਾਵ ਦ੍ਰਿੜ੍ਹ ਕਰਾਉਣ ਵਾਸਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਘਰ ਅਰਥਾਤ ਹਿਰਦੇ ਅੰਦਰ ਪਰਮਾਤਮਾ ਰੂਪੀ ਪਿਆਰਾ ਪਤੀ ਨਹੀਂ ਪ੍ਰਗਟ ਹੁੰਦਾ, ਮਤਲਬ ਕਿ ਜਿਹੜਾ ਹਿਰਦਾ ਉਹਨੂੰ ਯਾਦ ਨਹੀਂ ਰੱਖਦਾ ਜਾਂ ਹੱਦੋਂ ਵੱਧ ਦਿੱਸਦੇ ਸੰਸਾਰ ਦੀ ਮੋਹ-ਮਾਇਆ ਵਿਚ ਗੁਆਚ ਜਾਂਦਾ ਹੈ ਉਹ ਵੱਡੀ ਭੱਠੀ ਸਮਾਨ ਤਪਦੇ ਸ਼ਹਿਰ ਜਾਂ ਪਿੰਡ ਜਿਹਾ ਹੈ। ਜੀਵ-ਇਸਤਰੀ ਦਾ ਸਰੀਰਿਕ ਸ਼ਿੰਗਾਰ ਉਸ ਦੇ ਸਰੀਰ ਸਮੇਤ ਝੂਠਾ ਜਾਂ ਖਤਮ ਹੋ ਜਾਣ ਵਾਲਾ ਹੈ। ਮਾਲਕ ਪਰਮਾਤਮਾ ਬਿਨਾਂ ਬਾਹਰੀ ਰੂਪ ਵਿਚ ਮਿੱਤਰ ਜਾਂ ਹਿਤੈਸ਼ੀ ਦਿੱਸਦੇ ਲੋਕ ਜਮਾਂ/ਜਮਦੂਤਾਂ ਸਮਾਨ ਹਨ। ਗੁਰੂ ਜੀ ਮਨੁੱਖ-ਮਾਤਰ ਨੂੰ ਅਧਿਆਤਮ-ਮਾਰਗ ’ਤੇ ਪਾਉਣ ਹਿਤ ਪ੍ਰਭੂ ਮਾਲਕ ਅੱਗੇ ਅਰਦਾਸ-ਜਾਚਨਾ ਕਰਦੇ ਹਨ ਕਿ ਹੇ ਮਾਲਕ ਜੀਓ, ਆਪਣੀ ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ਦਿਓ, ਮੈਨੂੰ ਆਪਣੇ ਨਾਲ ਆਪਣੇ ਨਾਮ ਦੁਆਰਾ ਮਿਲਾ ਲੈਣਾ ਜੀ। ਕੇਵਲ ਤੇ ਕੇਵਲ ਇਸ ਸ੍ਰਿਸ਼ਟੀ ਉੱਪਰ ਆਪ ਜੀ ਦਾ ਨਾਮ ਹੀ ਸਦਾ ਅਟੱਲ ਰਹਿਣ ਵਾਲਾ ਹੈ ਭਾਵ ਇਸ ਸੰਸਾਰ ਉੱਪਰ ਹੋਰ ਜੋ ਕੁਝ ਵੀ ਦ੍ਰਿਸ਼ਟਮਾਨ ਹੈ ਸਭ ਬਦਲ ਜਾਣ ਵਾਲਾ ਹੈ।

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥
ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ॥
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ॥
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥
ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ॥
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ॥
ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ॥
ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ॥2॥ (ਪੰਨਾ 133)

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰਹ ਮਾਹਾ ਮਾਂਝ ਦੀ ਇਸ ਪਾਵਨ ਪਉੜੀ ਦੁਆਰਾ ਚੇਤ ਮਹੀਨੇ ਨਾਲ ਸੰਬੰਧਿਤ ਵਾਤਾਵਰਨ ਅਤੇ ਮੌਸਮ ਦੇ ਰੂ-ਬ-ਰੂ ਮਨੁੱਖ-ਮਾਤਰ ਰੂਪੀ ਜੀਵ-ਇਸਤਰੀ ਨੂੰ ਮਾਲਕ ਪਰਮਾਤਮਾ ਨੂੰ ਯਾਦ ਕਰਦਿਆਂ ਇਸ ਵਿਚ ਸੁਖ ਅਨੰਦ ਮਾਣਦਿਆਂ, ਬਨਸਪਤੀ ਅਤੇ ਕੁਦਰਤ ’ਚ ਵੱਸਦੇ ਕਾਦਰ ਨੂੰ ਮਹਿਸੂਸ ਕਰਦਿਆਂ ਅਧਿਆਤਮਕ ਖੇਤਰ ਵਿਚ ਵਿਕਾਸ-ਵਿਗਾਸ ਹਿਤ ਸਦ ਯਤਨਸ਼ੀਲ ਰਹਿਣ ਦੀ, ਸੱਚੇ ਗੁਰੂ ਦੀ ਅਗਵਾਈ ਹਾਸਲ ਕਰਨ ਦੀ ਗੁਰਮਤਿ-ਜੁਗਤ ਬਖਸ਼ਿਸ਼ ਕਰਦੇ ਹਨ।

ਸਤਿਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖਾ ਜੀਵਨ ਰੂਪੀ ਚੇਤ ਮਹੀਨੇ ਵਿਚ ਜੇਕਰ ਉਸ ਸੱਚੇ ਮਾਲਕ ਨੂੰ ਯਾਦ ਕਰੀਏ ਤਾਂ ਡੂੰਘਾ ਅਨੰਦ ਮਿਲਦਾ ਹੈ। ਸੰਤ ਭਾਵ ਰੱਬ ਨਾਲ ਮਿਲੇ ਹੋਏ ਲੋਕਾਂ ਨਾਲ ਮਿਲ-ਬੈਠ ਕੇ, ਜੀਭਾ ਨਾਲ ਉਸ ਮਾਲਕ ਦਾ ਨਾਮ ਜਪਣਾ ਸਹਿਜੇ ਹੀ ਸੰਭਵ ਹੋ ਜਾਂਦਾ ਹੈ। ਇੱਥੇ ਗੁਰੂ ਜੀ ਦਾ ਅੰਤਰੀਵ ਭਾਵ ਹੈ ਕਿ ਜਗਤ ਤੋਂ ਕਿਨਾਰਾ ਕਰਨਾ ਕਿਸੇ ਤਰ੍ਹਾਂ ਵੀ ਪ੍ਰਭੂ-ਭਗਤੀ ਦੇ ਵਾਸਤੇ ਲੋੜੀਂਦਾ ਅਤੇ ਯੋਗ ਨਹੀਂ ਸਿਰਫ ਚੰਗੀ ਸੰਗਤ ਲੱਭਣ ਦੀ ਲੋੜ ਹੈ। ਚੰਗੀ ਸੰਗਤ ਵਿਚ ਹੋਣ ਵਾਲੀ ਪਰਸਪਰ ਵਿਚਾਰ ਮਨੁੱਖ ਨੂੰ ਭਟਕਣ ਤੋਂ ਬਚਾਉਂਦੀ ਹੋਈ ਰੂਹਾਨੀ ਮੰਜ਼ਲ ਵੱਲ ਤੋਰ ਦਿੰਦੀ ਹੈ।

ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਮਨੁੱਖ ਨੇ ਮਾਲਕ ਨੂੰ ਪਾ ਲਿਆ ਹੈ ਉਸੇ ਨੂੰ ਹੀ ਇਸ ਸੰਸਾਰ ਉੱਪਰ ਆਇਆ ਗਿਣੀਏ। ਕਹਿਣ ਤੋਂ ਭਾਵ ਮਾਲਕ ਨੂੰ ਰੀਝਾਉਣ ਬਿਨਾਂ ਮਨੁੱਖੀ ਸਰੀਰ ਨੂੰ ਪਾਉਣ ਦਾ ਕੋਈ ਅਰਥ ਹੀ ਨਹੀਂ। ਜਿਹੜਾ ਮਾਲਕ ਨੂੰ ਪਛਾਣ ਲੈਂਦਾ ਹੈ ਉਹ ਤਾਂ ਉਸ ਦੀ ਯਾਦ ਬਿਨਾਂ, ਉਸ ਨੂੰ ਚਿਤਵਣ ਬਿਨਾਂ ਨਹੀਂ ਰਹਿੰਦਾ। ਉਹ ਮਾਲਕ ਦਾ ਪਸਾਰਾ ਸਾਰੇ ਪਾਸੇ ਜਲ ਥਲ ਅਤੇ ਬਨਸਪਤੀ ਵਿਚ ਵੇਖਦਾ-ਮਹਿਸੂਸਦਾ ਹੈ। ਦੂਜੇ ਬੰਨੇ ਜਿਸ ਨੂੰ ਉਹ ਮਾਲਕ ਯਾਦ ਨਹੀਂ ਆਉਂਦਾ ਉਹਦਾ ਦੁੱਖ ਬਹੁਤ ਹੀ ਵੱਡਾ ਹੈ। ਪਰੰਤੂ ਜਿਨ੍ਹਾਂ ਮਨੁੱਖਾਂ ਨੇ ਉਸ ਨੂੰ ਸਿਮਰਿਆ ਹੈ ਉਨ੍ਹਾਂ ਦੇ ਭਾਗ ਵੱਡੇ ਹਨ। ਇਨ੍ਹਾਂ ਦੋਨਾਂ ਪ੍ਰਕਾਰਾਂ ਦੇ ਮਿਲਿਆਂ ਅਤੇ ਵਿੱਛੜਿਆਂ ਮਨੁੱਖਾਂ ਨੂੰ ਵੇਖ-ਜਾਚ ਕੇ ਮਨ ਵਿਚ ਪਰਮਾਤਮਾ ਮਾਲਕ ਨੂੰ ਮਿਲ ਪੈਣ ਦੀ ਇੱਛਾ ਉਪਜੀ ਹੈ, ਮਨ ਵਿਚ ਇਕ ਤ੍ਰੇਹ ਲੱਗ ਗਈ ਹੈ। ਮਨੁੱਖਾ ਜੀਵਨ ਰੂਪੀ ਚੇਤ ਮਹੀਨੇ ਵਿਚ ਜੇਕਰ ਕੋਈ ਮੈਨੂੰ ਉਸ ਮਾਲਕ ਨਾਲ ਮਿਲਾ ਦੇਣ ਦੀ ਆਸ ਬੰਨ੍ਹਾਏ ਤਾਂ ਉਸ ਦੇ ਚਰਨੀਂ ਲੱਗਣਾ ਚਾਹੀਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)