ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ, ਸੰਨ 1621 ਨੂੰ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ, ਜਿੱਥੇ ਗੁਰਦੁਆਰਾ ਗੁਰੂ ਕਾ ਮਹਿਲ ਸੁਸ਼ੋਭਿਤ ਹੈ ਜਿਸ ਨੂੰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਸਮੇਤ ਪਹਿਲੇ ਅੱਠ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਹੈ। ਆਪ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ, ਛੇਵੇਂ ਪਾਤਸ਼ਾਹ ਜੀ ਨੇ ਆਪਣੇ ਛੋਟੇ ਸਪੁੱਤਰ ਦੀ ਪਹਿਲੀ ਪਿਆਰੀ ਝਲਕ ਪਾਉਂਦਿਆਂ ਹੀ ਦੇਖ ਲਿਆ ਸੀ ਕਿ ਉਨ੍ਹਾਂ ਦਾ ਇਹ ਹੋਣਹਾਰ ਸਪੁੱਤਰ ਬਲੀਦਾਨੀ ਅਤੇ ਤਿਆਗ ਦੀ ਮੂਰਤ ਹੈ। ਇਸ ਲਈ ਗੁਰੂ ਜੀ ਨੇ ਆਪ ਜੀ ਦਾ ਬਚਪਨ ਦਾ ਨਾਮ ਤਿਆਗ ਮੱਲ ਰੱਖ ਦਿੱਤਾ ਸੀ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਮਤ 1691 ਸੰਨ 1634 ਵਿਚ ਕਰਤਾਰਪੁਰ ਦੀ ਜੰਗ ਲੜੀ ਸੀ ਤਾਂ ਤਿਆਗ ਮੱਲ ਜੀ ਨੇ ਮੁਗ਼ਲਾਂ ਨਾਲ ਬੜੀ ਬਹਾਦਰੀ ਨਾਲ ਯੁੱਧ ਲੜੇ ਸਨ ਜਿਸ ਤੋਂ ਛੇਵੇਂ ਗੁਰੂ ਸਾਹਿਬ ਜੀ ਨੇ ਆਪ ਜੀ ਦੀ ਬਹਾਦਰੀ ਤੋਂ ਅਤਿਅੰਤ ਪ੍ਰਸੰਨ ਹੋ ਕੇ ਆਪ ਜੀ ਨੂੰ ‘ਤੇਗ ਬਹਾਦਰ ਜੀ’ ਦੇ ਨਾਮ ਨਾਲ ਨਿਵਾਜਿਆ, ਕਿਉਂਕਿ ਆਪ ਜੀ ਨੇ 13 ਸਾਲ ਦੀ ਉਮਰ ਵਿਚ ਹੀ ਤੇਗ ਦੇ ਧਨੀ ਹੋਣ ਵਾਲੇ ਜਿਹੜੇ ਜ਼ੌਹਰ ਦਿਖਾਏ ਉਹ ਅਭੁੱਲ ਸਨ।
11 ਸਾਲ ਦੀ ਉਮਰ 15 ਅੱਸੂ, ਸੰਮਤ 1689 ਵਿਚ ਆਪ ਜੀ ਦੀ ਸ਼ਾਦੀ ਭਾਈ ਲਾਲ ਚੰਦ ਕਰਤਾਰਪੁਰ ਨਿਵਾਸੀ (ਜਲੰਧਰ) ਦੀ ਸਪੁੱਤਰੀ ਬੀਬੀ ਗੁਜਰੀ ਜੀ ਨਾਲ ਹੋਈ। 3 ਮਾਰਚ, 1644 ਈ. ਨੂੰ ਛੇਵੇਂ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਤੇਗ ਬਹਾਦਰ ਜੀ ਆਪਣੀ ਮਾਤਾ ਨਾਨਕੀ ਜੀ ਅਤੇ ਆਪਣੀ ਧਰਮ ਸੁਪਤਨੀ ਬੀਬੀ ਗੁਜਰੀ ਜੀ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਵਿਖੇ ਆ ਕੇ ਰਹਿਣ ਲੱਗ ਪਏ, ਜਿੱਥੇ ਆਪ ਜੀ ਨੇ ਲਗਾਤਾਰ ਭੋਰੇ ਵਿਚ ਕਈ ਸਾਲ ਨਾਮ-ਬਾਣੀ ਨਾਲ ਇੰਨਾ ਗੂੜ੍ਹਾ ਨਾਤਾ ਜੋੜ ਲਿਆ ਸੀ ਕਿ ਬਾਣੀ ਦਾ ਰੂਪ ਹੋ ਗਏ। ਜਦੋਂ ਅਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਵਿਖੇ ਜੋਤੀ-ਜੋਤਿ ਸਮਾਉਣ ਸਮੇਂ ਸੰਗਤਾਂ ਨੇ ਉਨ੍ਹਾਂ ਨੂੰ ਨਿਮਰਤਾ ਸਹਿਤ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਦੇ ਵਾਰਸ ਕੌਣ ਹੋਣਗੇ, ਬਾਰੇ ਬੇਨਤੀ ਕੀਤੀ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਕਾਲੇ ਦੀ ਦਿਸ਼ਾ ਵੱਲ ਸਤਿਕਾਰ ਸਹਿਤ ਪ੍ਰਣਾਮ ਕਰ ਕੇ ਕਿਹਾ ਕਿ ਬਾਬਾ ਬਕਾਲੇ, (ਕਿ ਜਿਸ ਮਹਾਂਪੁਰਸ਼ ਨੇ ਗੁਰੂ ਨਾਨਕ ਦੀ ਗੁਰਗੱਦੀ ਦੀ ਸੇਵਾ-ਸੰਭਾਲ ਕਰਨੀ ਹੈ, ਉਹ ਰਿਸ਼ਤੇ ਵਿਚ ਸਾਡੇ ਬਾਬਾ ਜੀ ਲੱਗਦੇ ਹਨ ਜੋ ਬਕਾਲੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਰਹਿੰਦੇ ਹਨ) ਕਿਉਂਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਰਿਸ਼ਤੇ ਵਿਚ ਸਤਵੇਂ ਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਚਾਚਾ ਜੀ ਲੱਗਦੇ ਸਨ, ਇਸ ਲਈ ਅਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਸਤਵੇਂ ਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਛੋਟੇ ਸਪੁੱਤਰ ਅਤੇ ਨੌਂਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਜਿਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਲੱਗਦੇ ਸਨ।
ਪੰਜਾਬ ਅਤੇ ਪੰਜਾਬੀ ਭਾਸ਼ਾ ਵਿਚ ‘ਦਾਦਾ’ ਸ਼ਬਦ ਨੂੰ ਸਤਿਕਾਰ ਨਾਲ ਬਾਬਾ ਜੀ ਵੀ ਕਿਹਾ ਜਾਂਦਾ ਹੈ, ਅਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ 7 ਜੁਲਾਈ, ਸੰਨ 1656 ਈ. ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਗਰ ਕੀਰਤਪੁਰ ਸਾਹਿਬ ਵਿਖੇ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ ਸੀ। ਆਪ ਜੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ, ਪਰ ਸਤਵੇਂ ਗੁਰੂ ਜੀ ਨੇ ਆਪ ਜੀ ਨੂੰ ਹਰ ਤਰ੍ਹਾਂ ਗੁਰਗੱਦੀ ਦੇ ਯੋਗ ਸਮਝ ਕੇ ਛੋਟੀ ਉਮਰ ਵਿਚ ਹੀ 7 ਅਕਤੂਬਰ, ਸੰਨ 1661 ਵਿਚ ਸਵਾ ਕੁ ਪੰਜ ਸਾਲ ਦੀ ਆਯੂ ਵਿਚ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਜਦੋਂ ਆਪ ਜੀ 30 ਮਾਰਚ, 1664 ਈ. ਵਿਚ ਦਿੱਲੀ ਵਿਖੇ ਜੋਤੀ- ਜੋਤਿ ਸਮਾਏ, ਤਾਂ ਉਸ ਵੇਲੇ ਆਪ ਜੀ ਦੀ ਆਯੂ ਪੌਣੇ ਕੁ ਅੱਠ ਸਾਲ ਦੀ ਸੀ, ਜਦੋਂ ਆਪ ਜੀ ਨੇ ਦਾਦਾ ਗੁਰੂ ਤੇਗ ਬਹਾਦਰ ਜੀ ਨੂੰ ‘ਬਾਬਾ ਬਕਾਲਾ’ ਵਿਖੇ ਕਹਿ ਕੇ ਪ੍ਰਗਟ ਕਰ ਦਿੱਤਾ ਸੀ, ਉਸ ਸਮੇਂ ਤੋਂ ਹੀ ਪਿੰਡ ਬਕਾਲਾ (ਇਕੱਲੇ ਬਕਾਲੇ ਤੋਂ ਬਾਬੇ ਦੇ ਨਾਮ ਨਾਲ ਜੁੜ ਕੇ ਬਾਬਾ ਬਕਾਲਾ ਹੋ ਗਿਆ) ਵਿਖੇ ਹੀ ਗੁਰੂ ਹੋਣ ਦੇ ਦਾਅਵੇ ਕਰਦੇ 22 ਨਕਲੀ ਗੁਰੂ ਗੱਦੀਆਂ ਲਗਾ ਕੇ ਬੈਠੇ ਸਨ, ਜਿਨ੍ਹਾਂ ਨੂੰ ਗੁਰੂ ਕੀ ਸੰਗਤ ਨੇ ਦੁਰਕਾਰਿਆ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਚਨਾਂ ਦੀ ਪਾਲਣਾ ਕੀਤੀ। ਗੁਰੂ ਕੇ ਸਿੱਖ ਭਾਈ ਮੱਖਣ ਸ਼ਾਹ ਜੀ ਵਰਗੇ ਗੁਰੂ-ਘਰ ਦੇ ਸੱਚੇ ਸੇਵਕਾਂ ਨੇ ਅਸਲੀ ਗੁਰੂ ਦੀ ਪਰਖ ਸਦਕਾ, 22 ਨਕਲੀ ਗੱਦੀਆਂ ਲਗਾ ਕੇ ਗੁਰੂ ਹੋਣ ਦਾ ਦਾਅਵਾ ਕਰਦੇ ਨਕਲੀ ਠੱਗ ਬਾਬਿਆਂ ਦਾ ਬਿਸਤਰਾ ਗੋਲ ਕਰ ਕੇ ਭਜਾਉਣ ਵਿਚ ਰਤਾ ਦੇਰ ਨਾ ਲੱਗਣ ਦਿੱਤੀ। ਸੋ ਗੁਰੂ-ਘਰ ਦੇ ਦੋਖੀ ਤਾਂ ਗੁਰੂ-ਕਾਲ ਵਿਚ ਵੀ ਨਕਲੀ ਗੱਦੀਆਂ ਲਗਾਉਣ ਤੋਂ ਗੁਰੇਜ਼ ਨਹੀਂ ਕਰਦੇ ਰਹੇ ਤਾਂ ਫਿਰ ਅੱਜ ਕਿਉਂ ਕਰਨਗੇ? ਭਾਵੇਂ ਆਪ ਜੀ ਉਸ ਦਿਨ ਹੀ ਗੁਰਗੱਦੀ ਦੇ ਵਾਰਸ ਬਣ ਗਏ ਸਨ ਜਿਸ ਦਿਨ ਅਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ-ਜੋਤਿ ਸਮਾਏ ਪਰ ਸੰਗਤ ਲਈ ਗੁਰਗੱਦੀ ਦੇ ਅਸਲ ਹੱਕਦਾਰ ਦੀ ਭਾਲ ਕਰਨੀ ਜ਼ਰੂਰੀ ਸੀ। ਇਸ ਲਈ ਕੁਝ ਸਮਾਂ ਸੰਗਤ ਦਾ ਗੁਰਗੱਦੀ ਦੀ ਹੱਕਦਾਰੀ ਲਈ ਝਗੜਾ ਖੜ੍ਹਾ ਕਰਦੇ, ਲਾਲਚ-ਵੱਸ ਸੋਢੀਆਂ ਦੇ ਰਾਮ-ਰੌਲ਼ੇ ਵਿਚ ਬੀਤਿਆ, ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਕਾਂਤ-ਵੱਸ ਭਗਤੀ ਵਿਚ ਲੀਨ ਰਹਿੰਦੇ। ਭਾਈ ਮੱਖਣ ਸ਼ਾਹ ਜੀ ਦੁਆਰਾ ‘ਗੁਰੂ ਲਾਧੋ ਰੇ’ ਸੱਚੇ ਗੁਰੂ ਦੀ ਭਾਲ ਕਰਨ ’ਤੇ ਆਪ ਜੀ ਨੂੰ 20 ਮਾਰਚ ਸੰਨ 1665 ਨੂੰ ਬਾਬੇ ਬਕਾਲੇ ਵਿਖੇ, ਬ੍ਰਹਮ-ਗਿਆਨੀ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਦੁਆਰਾ ਗੁਰਿਆਈ ਦਾ ਤਿਲਕ ਲਗਾਇਆ ਗਿਆ। ਉਸ ਵੇਲੇ ਆਪ ਜੀ ਦੀ ਉਮਰ 44 ਸਾਲ ਦੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਕਿਸੇ ਗੁਰੂ ਸਾਹਿਬ ਵੱਲੋਂ ਸਾਰੇ ਹਿੰਦੋਸਤਾਨ ਦਾ ਪ੍ਰਚਾਰ ਦੌਰਾ ਕਰਨ ਦਾ ਅਵਸਰ ਨਾ ਬਣ ਸਕਿਆ, ਕਿਉਂਕਿ ਪਹਿਲੀਆਂ ਚਾਰ ਪਾਤਸ਼ਾਹੀਆਂ ਨੇ ਪੰਜਾਬ ਵਿਚ ਸਖੀ-ਸਰਵਰਾਂ ਅਤੇ ਜਾਤ-ਪਾਤ, ਊਚ-ਨੀਚ ਅਤੇ ਫੋਟਕ ਕਰਮਾਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਲੋਕਾਈ ਨੂੰ ਅਕਾਲ ਪੁਰਖ ਦੀ ਜੋਤ ਨਾਲ ਜੋੜ ਅਸਲ ਜੀਵਨ ਮਾਰਗ ਪਹਿਚਾਨਣ ’ਤੇ ਜ਼ੋਰ ਦਿੱਤਾ। ਫਲਸਰੂਪ ਸਿੱਖੀ ਦੀ ਜੜ੍ਹ ਮਜ਼ਬੂਤ ਕੀਤੀ ਸੀ ਅਤੇ ਛੇਵੇਂ ਗੁਰੂ ਸਾਹਿਬ ਜੀ ਨੇ ਮੁਗ਼ਲਾਂ ਨਾਲ ਚਾਰ ਧਰਮ ਯੁੱਧ ਕਰ ਕੇ ਮਜ਼ਲੂਮਾਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਠੱਲ੍ਹ ਪਾਈ ਅਤੇ ਕੌਮ ਵਿਚ ਬਹਾਦਰੀ ਅਤੇ ਸੂਰਮਿਆਂ ਵਾਲੀ ਜ਼ਿੰਦਾਦਿਲੀ ਪੈਦਾ ਕੀਤੀ ਅਤੇ ਫਿਰ ਨੌਵੇਂ ਗੁਰੂ ਜੀ ਨੇ ਵਕਤ ਦੀ ਨਜ਼ਾਕਤ ਨੂੰ ਪਛਾਣਦਿਆਂ ਹੋਇਆਂ ਜੋ ਸਮਾਂ ਮੰਗ ਕਰ ਰਿਹਾ ਸੀ, ਗੁਰਗੱਦੀ ’ਤੇ ਬਿਰਾਜਣ ਤੋਂ ਕੁਝ ਸਮਾਂ ਬਾਅਦ ਆਪ ਜੀ ਮਾਝੇ ਦੇ ਇਲਾਕੇ ਤੋਂ ਹੁੰਦੇ ਹੋਏ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਆਸ਼ੇ ਨੂੰ ਪ੍ਰਚਾਰਦੇ ਹੋਏ ਬਿਆਸਾ ਤੋਂ ਨਵਾਂ ਸ਼ਹਿਰ ਅਤੇ ਫਿਰ ਕੀਰਤਪੁਰ ਸਾਹਿਬ ਪੁੱਜੇ, ਜਿੱਥੇ ਆਪ ਜੀ ਨੇ ਬਿਲਾਸਪੁਰ ਦੇ ਰਾਜੇ ਕੋਲੋਂ ਪੰਜ ਮੀਲ ਉੱਤਰ-ਪੱਛਮ ਵੱਲ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦੀ ਜੋ ਸਤਲੁਜ ਦਰਿਆ ਦੇ ਕੰਢੇ ਸੀ। 1883 ਦੇ ਹੁਸ਼ਿਆਰਪੁਰ ਗਜ਼ਟੀਅਰ ਨੂੰ ਵਾਚਣ ’ਤੇ ਇਹ ਪਤਾ ਲੱਗਦਾ ਹੈ ਕਿ ਮਾਖੋਵਾਲ ਅਤੇ ਲਾਗੇ ਦੇ ਪਿੰਡਾਂ ਦੀ ਜ਼ਮੀਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਕੋਲੋਂ 2200 ਰੁਪਏ ਵਿਚ ਖਰੀਦੀ ਸੀ। ਇਹ ਉਹ ਦੀਪ ਚੰਦ ਰਾਜਾ ਸੀ, ਜਿਸ ਦਾ ਵਡੇਰਾ ਰਾਜਾ ਤਾਰਾ ਚੰਦ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ 52 ਰਾਜਿਆਂ ਵਿੱਚੋਂ ਸੀ ਜੋ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰਿਹਾਅ ਕਰਵਾਏ ਗਏ ਸਨ। ਸੋ ਇਸ ਮਾਖੋਵਾਲ ਦਾ ਪਹਿਲਾ ਨਾਮ ‘ਚੱਕ ਨਾਨਕੀ’ ਸੀ ਜੋ ਬਾਅਦ ਵਿਚ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ, ਇਸ ਦੀ ਨੀਂਹ ਰੱਖਣ ਦਾ ਸ਼ੁਭ ਕਾਰਜ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਕੀਤਾ ਅਤੇ 19 ਜੂਨ, 1665 ਨੂੰ ਇਸ ਦੀ ਨੀਂਹ ਲਈ ਟੱਕ ਲਗਾਇਆ ਗਿਆ ਸੀ।
ਬਾਅਦ ਵਿਚ ਸੋਢੀਆਂ ਅਤੇ ਧੀਰਮੱਲੀਆਂ ਦੇ ਗੁਰੂ-ਘਰ ਲਈ ਵੈਰ-ਵਿਰੋਧ ਨੂੰ ਦੇਖਦੇ ਹੋਏ ਆਪ ਜੀ ਨੇ ਕੁਝ ਚਿਰ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਚਲੇ ਜਾਣ ਦਾ ਅਤੇ ਦੇਸ਼ ਦਾ ਚੱਕਰ ਲਾਉਣ ਦਾ ਇਰਾਦਾ ਕੀਤਾ। 15 ਮੱਘਰ, ਸੰਮਤ 1723 ਨੂੰ ਆਪ ਜੀ ਪਰਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਗੁਰਸਿੱਖੀ ਦੇ ਪ੍ਰਚਾਰ ਹਿੱਤ, ਘਨੌਲੀ, ਰੋਪੜ, ਦਾਦੂਮਾਜਰਾ, ਨੌਲੱਖਾ ਤੋਂ ਮੂਲੋਵਾਲ ਪਹੁੰਚੇ।
ਮੂਲੋਵਾਲ ਤੋਂ ਹੰਢਿਆਏ, ਸੋਹੀਆਂ, ਢਿਲਵਾਂ, ਜੋਗਾ, ਭੁਪਾਲੀ ਤੋਂ ਭਿੱਖੀ, ਖਿਆਲੇ ਅਤੇ ਪਿੰਡ ਮੌੜ, ਫਿਰ ਤਲਵੰਡੀ ਸਾਬੋ, ਧਰਮਪੁਰੇ ਅਤੇ ਧਮਧਾਨ, ਕੈਥਲ, ਬਾਰਨੇ, ਕੁਰੂਕਸ਼ੇਤਰ ਤੇ ਜਮਨਾ ਗਏ। ਇਥੋਂ ਆਪ ਜੀ ਪੂਰਬ ਦੀ ਯਾਤਰਾ ਕੜਾ ਮਾਨਕਪੁਰ, ਮੁਕਤੇਸ਼ਵਰ, ਮਥਰਾ, ਆਗਰਾ ਤੇ ਪ੍ਰਯਾਗ ਗਏ। ਫਿਰ ਕਾਂਸ਼ੀ, ਬਨਾਰਸ ਅਤੇ ਹਿੰਦੂਆਂ ਦੇ ਪ੍ਰਸਿੱਧ ਤੀਰਥ ਗਯਾ ਵਿਖੇ ਵੀ ਗਏ। ਇਥੋਂ ਆਪ ਜੀ ਪਟਨਾ ਵਿਖੇ ਗਏ। ਕੁਝ ਚਿਰ ਇਥੇ ਰਹਿ ਕੇ ਅਤੇ ਪਰਵਾਰ ਨੂੰ ਪਟਨਾ ਸਾਹਿਬ ਵਿਖੇ ਛੱਡ ਕੇ ਆਪ ਜੀ ਅਸਾਮ ਅਤੇ ਬੰਗਾਲ ਤਕ ਗਏ। ਫਿਰ ਸਿੱਖੀ ਦੇ ਮਹੱਤਵਪੂਰਨ ਕੇਂਦਰ ਢਾਕੇ ਵਿਖੇ ਵੀ ਗਏ ਜਿੱਥੇ ਆਪ ਜੀ ਨੇ ਸਿੱਖੀ ਲਈ ਸੰਗਤਾਂ ਵਿਚ ਪਿਆਰ-ਸਤਿਕਾਰ ਤੇ ਸ਼ਰਧਾ ਦੀ ਭਾਵਨਾ ਪੈਦਾ ਕੀਤੀ, ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਢਾਕੇ ਸਨ ਇਸੇ ਦੌਰਾਨ ਆਪ ਜੀ ਦੇ ਸਪੁੱਤਰ ਸ੍ਰੀ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਜਿਸ ਦੀ ਖ਼ਬਰ ਆਪ ਜੀ ਦੇ ਪ੍ਰੇਮੀ ਸਿੱਖ ਭਾਈ ਮਿਹਰ ਚੰਦ ਅਤੇ ਭਾਈ ਕਲਿਆਣ ਚੰਦ ਜੀ ਦੁਆਰਾ ਮਿਲੀ।
ਮੁਗ਼ਲ ਸ਼ਾਸਕਾਂ ਦੁਆਰਾ ਪੰਜਾਬ ਦੀ ਹਾਲਤ ਨੂੰ ਖ਼ਰਾਬ ਕੀਤੇ ਜਾਣ ਦਾ ਸੁਣ ਕੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਦੌਰੇ ਤੋਂ ਸੰਨ 1670 ਵਿਚ ਵਾਪਸ ਪਰਤੇ, ਉਸ ਸਮੇਂ ਆਪ ਦੇ ਲਾਡਲੇ ਸਪੁੱਤਰ ਸ੍ਰੀ ਗੋਬਿੰਦ ਰਾਏ ਜੀ ਵੀ ਸਾਢੇ ਤਿੰਨ ਸਾਲ ਦੇ ਹੋ ਚੁੱਕੇ ਸਨ। ਆਪਣੇ ਸਪੁੱਤਰ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਨ, ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਆਯੂ ਦੇ 45 ਸਾਲ ਪੂਰੇ ਕਰ ਚੁੱਕੇ ਸਨ।
ਗੁਰੂ ਸਾਹਿਬ ਪਟਨਾ ਸਾਹਿਬ ਕੁਝ ਦਿਨ ਠਹਿਰਨ ਤੋਂ ਬਾਅਦ ਪਰਵਾਰ ਨੂੰ ਉਥੇ ਰੁਕਣ ਦਾ ਆਦੇਸ਼ ਦੇ ਕੇ ਵਾਪਸ ਪੰਜਾਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ ਸਨ, ਗੁਰੂ ਸਾਹਿਬ ਜੀ ਨੇ ਆਪਣੇ ਪ੍ਰਚਾਰ ਦੌਰੇ ਦੌਰਾਨ ਭੈਅ ਤਿਆਗਣ ਅਤੇ ਜ਼ਾਲਮਾਂ ਦੇ ਅਤਿਆਚਾਰਾਂ ਦਾ ਟਾਕਰਾ ਕਰਨ ਦਾ ਲੋਕਾਈ ਨੂੰ ਸੰਦੇਸ਼ ਦਿੱਤਾ।
ਉੱਧਰ ਮੁਗ਼ਲ ਸ਼ਾਸਕ ਇਫਤਖ਼ਾਰ ਖ਼ਾਂ ਜੋ ਕਿ 1671-1675 ਤਕ ਕਸ਼ਮੀਰ ਦਾ ਗਵਰਨਰ ਸੀ ਨੇ ਸਾਰਾ ਜ਼ੋਰ ਹਿੰਦੂਆਂ ਨੂੰ ਆਪਣੀ ਈਨ ਮਨਵਾ ਕੇ ਇਸਲਾਮ ਧਰਮ ਧਾਰਨ ਕਰਨ ਅਤੇ ਹਿੰਦੂ ਮੰਦਰਾਂ ਦੀ ਤਬਾਹੀ ਕਰਨ ’ਤੇ ਲਗਾਇਆ ਹੋਇਆ ਸੀ। ਕਿਸੇ ਪਾਸੇ ਵਾਹ-ਪੇਸ਼ ਨਾ ਜਾਂਦੀ ਦੇਖ ਕੇ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰ-ਘਰ ਦੀ ਲੋਕ ਹਿੱਤਕਾਰੀ ਭਾਵਨਾ ਤੋਂ ਵਾਕਿਫ਼ ਕਸ਼ਮੀਰੀ ਪੰਡਿਤ ਕਿਰਪਾ ਰਾਮ, ਮਟਨ ਨਿਵਾਸੀ ਦੀ ਅਗਵਾਈ ਵਿਚ ਇਸ ਮਸਲੇ ਦੇ ਹੱਲ ਤਹਿਤ 16 ਕਸ਼ਮੀਰੀ ਪੰਡਤਾਂ ਦਾ ਵਫ਼ਦ 25 ਮਈ, 1675 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਰਨ ਵਿਚ ਧਰਮ-ਰੱਖਿਆ ਲਈ ਪੁੱਜਾ, ਜਿਸ ਦੀ ਗਵਾਹੀ ‘ਸ਼ਹੀਦ ਬਿਲਾਸ’ ਕ੍ਰਿਤ ਭਾਈ ਮਨੀ ਸਿੰਘ ਵਿਚ ਇਸ ਤਰ੍ਹਾਂ ਮਿਲਦੀ ਹੈ:
ਹਾਥ ਜੋਰ ਕਹਿਯੋ ਕਿਰਪਾ ਰਾਮ, ਦੱਤ ਬਰਾਹਮਣ ਮਟਨ ਗ੍ਰਾਮ।
ਹਮਰੋ ਬਲ ਅਬ ਰਹਯੋ ਨਹਿ ਕਾਈ, ਹੈ ਗੁਰੂ ਤੇਗ ਬਹਾਦਰ ਰਾਈ।
ਆਪ ਜੀ ਨੇ ਉਨ੍ਹਾਂ ਨੂੰ ਹੌਸਲਾ ਦਿੰਦੇ ਹੋਏ ਸਾਹਸ ਕਾਇਮ ਰੱਖਣ ਦਾ ਉਪਦੇਸ਼ ਦਿੱਤਾ ਅਤੇ ਇਹ ਕਹਿ ਕੇ ਭਰੋਸਾ ਦਿਵਾਇਆ ਅਤੇ ਕਿਹਾ ਕਿ ਸਮੇਂ ਦੀ ਹਕੂਮਤ ਨੂੰ ਕਹਿ ਦਿਉ ਕਿ ਜੇਕਰ ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਨੂੰ ਆਪਣੇ ਇਸਲਾਮ ਧਰਮ ਦੀ ਈਨ ਮਨਾ ਲਵੇਗੀ ਤਾਂ ਅਸੀਂ ਸਾਰੇ ਹਿੰਦੂ ਧਰਮ ਵਾਲੇ ਇਸਲਾਮ ਧਰਮ ਕਬੂਲ ਕਰ ਲਵਾਂਗੇ। ਸੋ ਕਸ਼ਮੀਰੀ ਪੰਡਤਾਂ ਨਾਲ ਹੋਈ ਗੱਲਬਾਤ ਦੀ ਖ਼ਬਰ ਮੁਖ਼ਬਰਾਂ ਨੇ ਔਰੰਗਜ਼ੇਬ ਤਕ ਪਹੁੰਚਾ ਦਿੱਤੀ ਸੀ। ਔਰੰਗਜ਼ੇਬ ਦੀ ਇਸਲਾਮ ਪ੍ਰਤੀ ਕੱਟੜ ਨੀਤੀ ਹੋਣ ਕਰਕੇ ਉਸ ਨੇ ਗੁਰੂ ਸਾਹਿਬ ਨੂੰ ਇਸਲਾਮ ਧਰਮ ਦੇ ਰਾਹ ਵਿਚ ਰੁਕਾਵਟ ਸਮਝਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ।
ਆਪ ਜੀ ਨੇ ਲੋਕਾਈ ਨੂੰ ਉਹੀ ਉਪਦੇਸ਼ ਦਿੱਤਾ ਜਿਸ ਦੀ ਕਮਾਈ ਆਪ ਜੀ ਨੇ ਸਾਰੀ ਉਮਰ ਕੀਤੀ। ‘ਬਾਹ ਜਿੰਨਾ ਦੀ ਪਕੜੀਐ, ਸਿਰ ਦੀਜੈ ਬਾਹ ਨ ਛੋੜੀਐ’ ਦੇ ਕਥਨਾਂ ਨੂੰ ਕਮਾਉਣ ਲਈ ਅਤੇ ਹਿੰਦੂਆਂ ਦੇ ‘ਤਿਲਕ ਜੰਞੂ’ ਦੀ ਖ਼ਾਤਰ 11 ਨਵੰਬਰ, ਸੰਨ 1675 ਨੂੰ ਜਦੋਂ ਆਪ ਜੀ ਨੂੰ ਸ਼ਹੀਦ ਕਰਨ ਲਈ ਚਾਂਦਨੀ ਚੌਂਕ ਵਿਖੇ ਲਿਆਂਦਾ ਗਿਆ ਤਾਂ ਆਪ ਜੀ ਅੱਗੇ ਮੁਗ਼ਲ ਹਕੂਮਤ ਨੇ ਤਿੰਨ ਸ਼ਰਤਾਂ ਰੱਖੀਆਂ ਕਿ ਜਾਂ ਮੁਸਲਮਾਨ ਬਣ ਜਾਉ ਜਾਂ ਕਰਾਮਾਤ ਦਿਖਾਉ ਅਤੇ ਜਾਂ ਸ਼ਹੀਦ ਹੋਣਾ ਪ੍ਰਵਾਨ ਕਰੋ। ਮੁਗ਼ਲਾਂ ਦੁਆਰਾ ਆਪ ਜੀ ਨੂੰ ਭੈਅ-ਭੀਤ ਕਰਨ ਲਈ ਭਾਵੇਂ ਆਪ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ, ਭਾਈ ਦਿਆਲਾ ਜੀ ਨੂੰ ਦੇਗ ਵਿਚ ਉਬਾਲ ਕੇ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਜਿਊਂਦਿਆਂ ਹੀ ਅਗਨ ਭੇਟ ਕਰ ਸ਼ਹੀਦ ਕਰ ਦਿੱਤਾ ਗਿਆ ਸੀ, ਪਰ ਆਪ ਜੀ ਨੇ ‘ਭੈ ਕਾਹੂ ਕਉ ਦੇਤ ਨਹਿ ਭੈ ਮਾਨਤ ਆਨ’ ਦੇ ਕਥਨਾਂ ’ਤੇ ਪੂਰਾ ਉਤਰਦਿਆਂ ਹੋਇਆਂ ਰਤੀ ਭਰ ਵੀ ਨਹੀਂ ਡੋਲੇ ਅਤੇ ਸ਼ਹੀਦ ਹੋਣਾ ਪ੍ਰਵਾਨ ਕੀਤਾ। ਬਲੀਦਾਨ ਤੋਂ ਕੁਝ ਘੰਟਿਆਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸੀਸ ਅਤੇ ਧੜ ਨੂੰ ਅਗਨ ਭੇਟ ਕਰਨ ਦੀ ਸਾਹਸ ਭਰੀ ਜ਼ਿੰਮੇਵਾਰੀ ਨਾਲ ਸਮੇਂ ਦੀ ਮੁਗ਼ਲ ਹਕੂਮਤ ਦੇ ਸਾਹਮਣੇ ਕੋਈ ਵੀ ਉੱਚ ਸ਼੍ਰੇਣੀ ਦਾ ਹਿੰਦੂ, ਜਿਨ੍ਹਾਂ ਦੀ ਖ਼ਾਤਰ ਬਲੀਦਾਨ ਦਿੱਤਾ ਸੀ, ਅੱਗੇ ਨਹੀਂ ਆਏ ਅਤੇ ਨਾ ਹੀ ਗੁਰੂ ਸਾਹਿਬ ਜੀ ਦੇ ਪਵਿੱਤਰ ਸੀਸ ਅਤੇ ਧੜ ਨੂੰ ਮੁਗ਼ਲਾਂ ਤੋਂ ਕਬਜ਼ੇ ਕਰਨ ਲਈ ਆਪਣਾ ਹੱਕ ਜਿਤਾਇਆ।
ਗੁਰੂ ਸਾਹਿਬ ਜੀ ਦੇ ਪਵਿੱਤਰ ਧੜ ਨੂੰ ਸਾਹਸ ਅਤੇ ਦਲੇਰੀ ਨਾਲ ਸਤਿਕਾਰ ਸਹਿਤ ਆਪਣੇ ਘਰ ਵਿਚ ਲਿਜਾ ਕੇ ਅਗਨ ਭੇਟ ਕਰਨ ਹਿਤ ਆਪਣੇ ਪੂਰੇ ਘਰ ਨੂੰ ਹੀ ਅਗਨ ਭੇਟਾ ਕਰਨ ਦੀ ਸਾਹਸ ਭਰੀ ਸੇਵਾ ਗੁਰੂ ਦੇ ਅਨਿੰਨ ਸਿੱਖ ਭਾਈ ਲੱਖੀ ਸ਼ਾਹ ਨੇ ਨਿਭਾਈ ਅਤੇ ਗੁਰੂ ਸਾਹਿਬ ਜੀ ਦੇ ਪਵਿੱਤਰ ਸੀਸ ਨੂੰ ਇਕ ਰੰਘਰੇਟੇ ਸਿੱਖ ਭਾਈ ਜੈਤਾ ਜੀ (ਜੋ ਬਾਅਦ ਵਿਚ ਅੰਮ੍ਰਿਤ ਛਕ ਕੇ ‘ਭਾਈ ਜੀਵਨ ਸਿੰਘ’ ਦੇ ਨਾਮ ਨਾਲ ਪ੍ਰਸਿੱਧ ਹੋਏ) ਨੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਉਠਾ ਕੇ, ਉਨ੍ਹਾਂ ਦੇ 9 ਸਾਲ ਦੇ ਸੂਰਬੀਰ ਸਪੁੱਤਰ ਬਾਲ ਗੋਬਿੰਦ ਰਾਏ ਜੀ ਦੇ ਸਨਮੁਖ(ਸ੍ਰੀ ਅਨੰਦਪੁਰ ਸਾਹਿਬ ਵਿਖੇ) ਜਾ ਭੇਟ ਕੀਤਾ। ਇਸ ਗਿਣਤੀ ਤੋਂ ਭਲੀ-ਭਾਂਤ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਲੋਕਾਈ ਵਿੱਚੋਂ ਅਜੇ ਮੁਗ਼ਲਾਂ ਪ੍ਰਤੀ ਭੈਅ ਦੀ ਭਾਵਨਾ ਖ਼ਤਮ ਨਹੀਂ ਸੀ ਹੋਈ, ਜਿਸ ਕਮਜ਼ੋਰੀ ਨੂੰ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਤਮ ਕਰਨਾ ਸੀ, ਜਿਨ੍ਹਾਂ ਉੱਪਰ ਗੁਰੂ-ਪਿਤਾ ਜੀ ਦੁਆਰਾ ਉਚਾਰੀ ਬਾਣੀ ਦੇ ਫ਼ਰਮਾਨਾਂ:
ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ (ਪੰਨਾ 1427)
ਦਾ ਡਾਹਢਾ ਰੰਗ ਚੜ੍ਹਿਆ ਹੋਇਆ ਸੀ। ਫਿਰ ਸਵਾਲ ਹੀ ਨਹੀਂ ਸੀ ਉੱਠਦਾ ਕਿ ਉਨ੍ਹਾਂ ਦਾ ਸਪੁੱਤਰ ਵਿਰੋਧੀਆਂ ਦੀ ਤਾਕਤ ਤੋਂ ਭੈਅ ਖਾ ਜਾਂਦਾ ਜਾਂ ਨਾ-ਉਮੀਦ ਹੋ ਕੇ ਸਾਹਸ ਤਿਆਗ ਦਿੰਦਾ। ਜਿਸ ਸਪੁੱਤਰ ਨੇ 9 ਸਾਲ ਦੀ ਛੋਟੀ ਜਿਹੀ ਅਵਸਥਾ ਵਿਚ ਹੀ ਆਪਣੇ ਪਿਤਾ ਨੂੰ ਮਜ਼ਲੂਮਾਂ ਦੇ ਹਿੱਤ ਲਈ ਅਤੇ ਧਰਮ ਲਈ ਕੁਰਬਾਨ ਹੋਣ ਲਈ ਜਿਸ ਦਲੇਰੀ ਨਾਲ ਤੋਰਿਆ ਸੀ, ਉਨ੍ਹਾਂ ਵਿਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਆਤਮਿਕ ਉਚਤਾਵਾਂ, ਸਿੱਖਿਆਵਾਂ ਅਤੇ ਆਉਣ ਵਾਲੇ ਸੰਕਟਮਈ ਸਮੇਂ ਵਿਚ ਮਜ਼ਲੂਮਾਂ ਅਤੇ ਧਰਮ ਦੀ ਰਾਖੀ ਦਾ ਪਰਪੱਕ ਸੰਕੇਤ ਸੀ, ਇਹੀ ਕਾਰਨ ਸੀ ਕਿ ਉਸ ਵੇਲੇ ਉਹ ਆਪਣੇ ਸਪੁੱਤਰ ਸ੍ਰੀ ਗੋਬਿੰਦ ਰਾਏ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਦਾ ਹੁਕਮ ਕਰ ਗਏ ਸਨ।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਆਪਣੇ ਮੁਖਾਰਬਿੰਦ ਤੋਂ 116 ਸ਼ਬਦ ਅਤੇ ਸਲੋਕਾਂ ਦੀ ਰਚਨਾ ਕੀਤੀ ਗਈ, ਜਿਸ ਨੂੰ ਬਾਅਦ ਵਿਚ ਉਨ੍ਹਾਂ ਦੇ ਸਪੁੱਤਰ ਪੰਥ ਦੇ ਵਾਲੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਵਿਚ ਅੰਕਿਤ ਕਰ ਕੇ ਸੰਪੂਰਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਰੂਪ ਮੂਰਤੀਮਾਨ ਕੀਤਾ ਅਤੇ ਸਿੱਖ ਕੌਮ ਨੂੰ ਸ਼ਬਦ-ਗੁਰੂ ਦੀ ਅਗਵਾਈ ਵਿਚ, ਸ਼ਬਦ-ਗੁਰੂ ਨਾਲ ਜੁੜਨ ਦੀ ਮਹਾਨ ਬਖਸ਼ਿਸ਼ ਕਰ ਦਿੱਤੀ।
ਲੇਖਕ ਬਾਰੇ
ਪਿੰਡ ਲੱਖਪੁਰ, ਤਹਿਸੀਲ ਫਗਵਾੜਾ, ਜ਼ਿਲ੍ਹਾ ਕਪੂਰਥਲਾ। ਮੋਬਾ: 98156-14956
- ਬੀਬੀ ਮਨਜੀਤ ਕੌਰ ਲੱਖਪੁਰhttps://sikharchives.org/kosh/author/%e0%a8%ac%e0%a9%80%e0%a8%ac%e0%a9%80-%e0%a8%ae%e0%a8%a8%e0%a8%9c%e0%a9%80%e0%a8%a4-%e0%a8%95%e0%a9%8c%e0%a8%b0-%e0%a8%b2%e0%a9%b1%e0%a8%96%e0%a8%aa%e0%a9%81%e0%a8%b0/September 1, 2007
- ਬੀਬੀ ਮਨਜੀਤ ਕੌਰ ਲੱਖਪੁਰhttps://sikharchives.org/kosh/author/%e0%a8%ac%e0%a9%80%e0%a8%ac%e0%a9%80-%e0%a8%ae%e0%a8%a8%e0%a8%9c%e0%a9%80%e0%a8%a4-%e0%a8%95%e0%a9%8c%e0%a8%b0-%e0%a8%b2%e0%a9%b1%e0%a8%96%e0%a8%aa%e0%a9%81%e0%a8%b0/May 1, 2008
- ਬੀਬੀ ਮਨਜੀਤ ਕੌਰ ਲੱਖਪੁਰhttps://sikharchives.org/kosh/author/%e0%a8%ac%e0%a9%80%e0%a8%ac%e0%a9%80-%e0%a8%ae%e0%a8%a8%e0%a8%9c%e0%a9%80%e0%a8%a4-%e0%a8%95%e0%a9%8c%e0%a8%b0-%e0%a8%b2%e0%a9%b1%e0%a8%96%e0%a8%aa%e0%a9%81%e0%a8%b0/July 1, 2010
- ਬੀਬੀ ਮਨਜੀਤ ਕੌਰ ਲੱਖਪੁਰhttps://sikharchives.org/kosh/author/%e0%a8%ac%e0%a9%80%e0%a8%ac%e0%a9%80-%e0%a8%ae%e0%a8%a8%e0%a8%9c%e0%a9%80%e0%a8%a4-%e0%a8%95%e0%a9%8c%e0%a8%b0-%e0%a8%b2%e0%a9%b1%e0%a8%96%e0%a8%aa%e0%a9%81%e0%a8%b0/January 1, 2011