editor@sikharchives.org
Bhai Sangat Singh Ji

ਭਾਈ ਸੰਗਤ ਸਿੰਘ ਜੀ

ਭਾਈ ਸੰਗਤ ਸਿੰਘ ਜੀ ’ਤੇ ਗੁਰੂ ਜੀ ਦਾ ਪ੍ਰਭਾਵ ਹੋਣਾ ਕੁਦਰਤੀ ਸੀ। ਹਰ ਸਮੇਂ ਨਜ਼ਦੀਕ ਹੀ ਰਹਿੰਦੇ। ਭਾਈ ਸਾਹਿਬ ਆਗਿਆਕਾਰੀ, ਸ਼ਾਂਤ-ਸੁਭਾਅ, ਰਿਸ਼ਟ- ਪੁਸ਼ਟ, ਸਦਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਉਹ ਮਨੁੱਖ ਚੰਗੀ ਕਿਸਮਤ ਵਾਲੇ ਹੁੰਦੇ ਹਨ ਜਿਨ੍ਹਾਂ ’ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗੁਰੂ ਜੀ ਦੀ ਸਵੱਲੀ ਨਜ਼ਰ ਪੈਂਦੀ ਹੈ। ਇਸ ਯੋਗਤਾ ਲਈ ਸ਼ਰਧਾਲੂ ਨੂੰ ਵੀ ਆਪਣਾ ਆਪ ਗੁਰੂ ਜੀ ਨੂੰ ਸੌਂਪਣਾ ਪਵੇਗਾ, ਸ਼ਬਦ-ਗੁਰੂ ਦੀ ਪਹਿਰੇਦਾਰੀ ਕਰਨੀ ਪਵੇਗੀ। ਇਸ ਦੀ ਮਿਸਾਲ ਅਨੇਕਾਂ ਸਿੰਘਾਂ ਨੇ ਦਿੱਤੀ ਹੈ। ਇਨ੍ਹਾਂ ਵਿੱਚੋਂ ਹੀ ਇਕ ਯੋਧੇ ਭਾਈ ਸੰਗਤ ਸਿੰਘ ਜੀ ਵੀ ਹੋਏ ਹਨ। ਬਾਲ ਅਵਸਥਾ ਵਿਚ ਹੀ ਬਾਲ ਗੋਬਿੰਦ ਰਾਇ ਜੀ ਨੇ ਬਾਲ ਸੰਗਤਾ ਜੀ ’ਤੇ ਨਜ਼ਰ ਦਾ ਪਵਿੱਤਰ ਨਜ਼ਰਾਨਾ ਕੀਤਾ, ਜੋ ਸਾਰੀ ਉਮਰ ਲਈ ਨਜ਼ਰਾਂ ਤੋਂ ਦੂਰ ਨਾ ਗਏ। ਪਟਨਾ ਸਾਹਿਬ ਦੀਆਂ ਗਲੀਆਂ ਵਿਚ ਭਾਈ ਸੰਗਤਾ ਜੀ ਬਾਲ ਗੋਬਿੰਦ ਰਾਇ ਜੀ ਨਾਲ ਖੇਡ ਕੇ ਸਾਰਾ ਦਿਨ ਇਕੱਠੇ ਰਹਿੰਦੇ, ਗੁਰੂ ਜੀ ਦੀ ਰੀਸੇ ਬਾਲ ਸੰਗਤਾ ਵੀ ਰਾਜੇ ਨੂੰ ਸਲਾਮ ਨਾ ਕਰਦਾ। ਭਾਈ ਸੰਗਤਾ ਜੀ ਦੇ ਮਾਤਾ-ਪਿਤਾ ਵੀ ਮਾਤਾ ਗੁਜਰੀ ਜੀ ਤੇ ਬਾਲ ਗੋਬਿੰਦ ਰਾਇ ਜੀ ਦਾ ਸਤਿਕਾਰ ਕਰਦੇ ਸੀ। ਭਾਈ ਸੰਗਤਾ ਜੀ ਨੇ ਜਦੋਂ 25 ਅਪ੍ਰੈਲ, 1667 ਈ. ਨੂੰ ਭਾਈ ਰਣੀਆ ਜੀ ਦੇ ਘਰ ਮਾਤਾ ਅਮਰੋ ਜੀ ਦੀ ਕੁੱਖ ਨੂੰ ਭਾਗ ਲਾਏ ਤਾਂ ਆਪ ਜੀ ਦਾ ਨਾਂ ਸੰਗਤਾ ਰੱਖਿਆ ਜੋ ਹਮੇਸ਼ਾ ਗੁਰੂ ਜੀ ਦੇ ਸੰਗ ਰਹੇ। ਧੁਰ ਸੱਚਖੰਡ ਤੋਂ ਸੰਜੋਗ ਸੀ, ਚੋਜੀ ਪ੍ਰੀਤਮ ਦੇ ਚੋਜ ਨਿਆਰੇ ਸੀ।

ਭਾਈ ਸੰਗਤਾ ਜੀ ਦਾ ਪਿਛੋਕੜ ਸੂਬਾ ਜਲੰਧਰ ਫਗਵਾੜਾ ਦੇ ਨਜ਼ਦੀਕ ਪਿੰਡ ਖੇੜੀ ਦਾ ਹੈ, ਜਦੋਂ ਗੁਰੂ ਜੀ ਨੇ ਅੰਮ੍ਰਿਤਪਾਨ ਕਰਵਾਇਆ ਤਾਂ ਪਿੰਡ ਖੇੜੀ, ਸਪਰੋੜ, ਰੁੜਕਾ ਖ਼ੁਰਦ, ਥੋਥਬਾਂ, ਜੰਡਾਲੀ ਚੱਕ ਗੁਰੂ ਆਦਿ ਪਿੰਡਾਂ ਦੀ ਸੰਗਤ ਨੇ ਬਹੁਤ ਯੋਗਦਾਨ ਪਾਇਆ ਸੀ। ਇਸ ਇਲਾਕੇ ਵਿੱਚੋਂ ਜਾਂਬਾਜ਼ ਜੁਝਾਰੂ ਪੈਦਾ ਹੋਏ ਜਿਨ੍ਹਾਂ ਨੇ ਧਰਮ ਦੀ ਖ਼ਾਤਰ ਆਪਣੀਆਂ ਜਾਨਾਂ ਦੀ ਵੀ ਪਰਵਾਹ ਨਹੀਂ ਕੀਤੀ। ਆਪ ਸਰੀਰ ਤੇ ਸ਼ਕਲ ਪੱਖੋਂ ਗੁਰੂ ਜੀ ਨਾਲ ਮਿਲਦੇ ਸੀ। ਕਈ ਵਾਰ ਬਾਲ ਗੁਰੂ ਜੀ ਨੇ ਸੰਗਤਾ ਜੀ ਨੂੰ ਪਰਖਿਆ ਸੀ। ਮਾਤਾ ਗੁਜਰੀ ਜੀ ਤੇ ਮਾਮਾ ਕ੍ਰਿਪਾਲ ਚੰਦ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਆਇਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਆਉਣ ਦੀ ਤਿਆਰੀ ਕਰਨ। ਇਨ੍ਹਾਂ ਦੇ ਨਾਲ ਭਾਈ ਰਣੀਆ ਜੀ ਤੇ ਬੀਬੀ ਅਮਰੋ ਜੀ ਵੀ ਪੰਜਾਬ ਆਉਣ ਵਾਸਤੇ ਤਿਆਰ ਹੋ ਗਏ। ਜਦੋਂ ਪਟਨਾ ਸਾਹਿਬ ਦੀ ਸੰਗਤ ਨੂੰ ਪਤਾ ਲੱਗਾ ਕਿ ਮਾਤਾ ਗੁਜਰੀ ਜੀ ਬਾਲ ਗੋਬਿੰਦ ਰਾਇ ਜੀ ਨੂੰ ਪੰਜਾਬ ਲਿਜਾ ਰਹੇ ਹਨ ਤਾਂ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ। ਇਸ ਅਨੋਖੇ ਬਾਲ ਦੇ ਜਾਣ ’ਤੇ ਸਾਰਿਆਂ ਦੇ ਚਿਹਰੇ ਉਦਾਸ ਸੀ। ਮਾਤਾ ਜੀ ਹਰ ਇਕ ਨੂੰ ਫਿਰ ਆਉਣ ਦਾ ਦਿਲਾਸਾ ਦੇ ਰਹੇ ਸੀ। ਇਸ ਵਿਛੋੜੇ ਨੇ ਸਾਰੀ ਸੰਗਤ ਦਾ ਮਨ ਪਸੀਜ ਦਿੱਤਾ। ਹਰ ਕੋਈ ਬਾਲ ਗੋਬਿੰਦ ਰਾਇ ਜੀ ਤੇ ਭਾਈ ਸੰਗਤਾ ਜੀ ਨੂੰ ਵੇਖ ਕੇ ਧੰਨ ਭਾਗ ਸਮਝ ਰਹੇ ਸੀ। ਮਾਤਾ ਗੁਜਰੀ ਜੀ, ਮਾਮਾ ਕ੍ਰਿਪਾਲ ਚੰਦ ਜੀ, ਭਾਈ ਰਣੀਆ ਜੀ ਤੇ ਮਾਤਾ ਅਮਰੋ ਜੀ ਤੇ ਭਾਈ ਸੰਗਤਾ ਜੀ ਸ੍ਰੀ ਅਨੰਦਪੁਰ ਸਾਹਿਬ ਆ ਗਏ।

ਸਾਰੇ ਪਾਸੇ ਖੁਸ਼ੀ ਦਾ ਮਾਹੌਲ ਹੋ ਗਿਆ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਾਰੀ ਜ਼ੁੰਮੇਵਾਰੀ ਬਾਲ ਗੁਰੂ ਗੋਬਿੰਦ ਰਾਏ ਜੀ ਨਿਭਾਉਣ ਲੱਗੇ। ਹਰ ਦੁੱਖ-ਸੁਖ ਵੇਲੇ ਭਾਈ ਸੰਗਤਾ ਜੀ ਨਾਲ ਹੁੰਦੇ। 1699 ਦੀ ਵਿਸਾਖੀ ਨੂੰ ਗੁਰੂ ਜੀ ਨੇ ਅਨੋਖਾ ਕਾਰਜ ਕੀਤਾ। ਖਾਲਸਾ ਪੰਥ ਦੀ ਸਥਾਪਨਾ ਕੀਤੀ, ਰੂਹਾਨੀ ਤੌਰ ’ਤੇ ਜੀਵਨ ਬਦਲੀ ਹੋਏ, ਪੂਰਨ ਇਨਸਾਨ ਬਣਿਆ, ਪੰਜ ਪਿਆਰਿਆਂ ਸਮੇਤ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ, ਭਾਈ ਸੰਗਤਾ ਜੀ ਅੰਮ੍ਰਿਤਪਾਨ ਕਰ ਕੇ ਭਾਈ ਸੰਗਤ ਸਿੰਘ ਜੀ ਸਜ ਗਏ। ਭਾਈ ਰਣੀਆ ਜੀ ਤੇ ਮਾਤਾ ਅਮਰੋ ਜੀ, ਭਾਈ ਰਣ ਸਿੰਘ ਜੀ ਤੇ ਮਾਤਾ ਅਮਰ ਕੌਰ ਜੀ ਬਣ ਗਏ।

ਭਾਈ ਸੰਗਤ ਸਿੰਘ ਜੀ ’ਤੇ ਗੁਰੂ ਜੀ ਦਾ ਪ੍ਰਭਾਵ ਹੋਣਾ ਕੁਦਰਤੀ ਸੀ। ਹਰ ਸਮੇਂ ਨਜ਼ਦੀਕ ਹੀ ਰਹਿੰਦੇ। ਭਾਈ ਸਾਹਿਬ ਆਗਿਆਕਾਰੀ, ਸ਼ਾਂਤ-ਸੁਭਾਅ, ਰਿਸ਼ਟ- ਪੁਸ਼ਟ, ਸਦਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸਨ। ਹਰ ਸਮੇਂ ਸੇਵਾ ਤੇ ਸਿਮਰਨ ਲੋਚਦੇ ਸਨ। ਭਾਈ ਸੰਗਤ ਸਿੰਘ ਜੀ ਨੇ ਕਈ ਜੰਗਾਂ ਵਿਚ ਹਿੱਸਾ ਲਿਆ। ਆਪ ਜੁਝਾਰੂ ਯੋਧੇ ਬਣ ਕੇ ਨਿੱਤਰਦੇ। ਭਾਈ ਸਾਹਿਬ ਹਥਿਆਰ ਚਲਾਉਣ ਦੇ ਧਨੀ ਸਨ ਅਤੇ ਧਾਰਮਿਕ ਕੰਮਾਂ ਵਿਚ ਵੀ ਪੂਰਾ-ਪੂਰਾ ਯੋਗਦਾਨ ਪਾਉਂਦੇ। ਆਪ ਧਰਮ ਪ੍ਰਚਾਰ ਲਈ ਮਾਝੇ, ਦੁਆਬੇ ਵੱਲ ਚਲੇ ਜਾਂਦੇ। ਆਪ ਜੀ ਦੀ ਰਸਨਾ ਮਿੱਠੀ ਤੇ ਰਸਭਰੀ ਸੀ। ਜ਼ੁਬਾਨ ਵਿਚ ਜੋਸ਼ ਤੇ ਜਜ਼ਬਾ ਸੀ। ਸੰਗਤ ਤੇ ਗੁਰੂ ਜੀ ਲਈ ਅਥਾਹ ਪਿਆਰ ਸੀ। ਆਪ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਵੱਲ ਅਸਤਰ ਤੇ ਸ਼ਸਤਰ ਲੈ ਕੇ ਭੇਂਟ ਕਰਨ ਆਉਂਦੇ। ਨੌਜਵਾਨ ਗੁਰੂ ਜੀ ਦੇ ਰੱਬੀ ਬਚਨ ਸੁਣ ਕੇ ਸੁਹਾਵਣੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਹੀ ਹੋ ਜਾਂਦੇ।

ਇਕ ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਨਿਆਵੀ ਸ਼ਿਕਾਇਤਾਂ ਸੁਣ ਰਹੇ ਸੀ ਤਾਂ ਇਕ ਪੰਡਤ ਰੋਂਦਾ-ਕੁਰਲਾਉਂਦਾ ਕਹਿਣ ਲੱਗਾ, ‘ਗੁਰੂ ਜੀ! ਮੇਰੀ ਘਰਵਾਲੀ ਪੰਡਤਾਣੀ ਨੂੰ ਇਕ ਪਠਾਣ ਰੋਪੜ ਵੱਲ ਲੈ ਗਿਆ ਹੈ। ਕਿਰਪਾ ਕਰੋ ਜੀ।’ ਦੀਨ- ਦੁਨੀ ਦੇ ਮਾਲਕ ਗੁਰੂ ਜੀ ਨੇ ਤੁਰੰਤ ਭਾਈ ਸੰਗਤ ਸਿੰਘ ਜੀ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਜਾਉ, ਉਸ ਬੀਬੀ ਨੂੰ ਛੁਡਾ ਕੇ ਲੈ ਆਉ ਤਾਂ ਭਾਈ ਸੰਗਤ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਘੋੜੇ ’ਤੇ ਸਵਾਰ ਹੋ ਹਵਾ ਨੂੰ ਗੰਢਾਂ ਦੇ ਦਿੱਤੀਆਂ, ਧੂੜ ਨਾਲ ਰਸਤਾ ਬੰਦ ਹੋ ਗਿਆ। ਲੋਕ ਖੜ੍ਹ-ਖੜ੍ਹ ਵੇਖ ਰਹੇ ਸੀ, ਇਹ ਕੀ ਤੂਫਾਨ ਲੰਘਿਆ? ਦੂਰੋਂ ਪਠਾਣ ਜ਼ਨਾਨੀ ਨੂੰ ਲਈ ਜਾਂਦਾ ਦਿੱਸਿਆ। ਪਠਾਣ ਨੂੰ ਵੀ ਪਤਾ ਲੱਗ ਗਿਆ। ਮਗਰ ਸਿੰਘ ਆਉਂਦੇ ਦੇਖ ਕੇ ਉਸ ਨੇ ਵੀ ਲਗਾਮਾਂ ਤਾੜ ਦਿੱਤੀਆਂ। ਇਸ ਖਿੱਚ-ਧੂਹ ’ਚ ਪਠਾਣ ਨੇ ਆਪਣੇ ਘਰ ਅੰਦਰ ਦਾਖਲ ਹੋ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਬੇਫ਼ਿਕਰ ਹੋ ਕੇ ਮੰਜੇ ’ਤੇ ਪੈ ਗਿਆ। ਪੰਡਤਾਣੀ ਥੱਲੇ ਬੈਠੀ ਰੋ ਰਹੀ ਸੀ, ਪਿੱਛੇ ਹੀ ਸਿੰਘਾਂ ਨੇ ਦਰਵਾਜ਼ਾ ਖੜਕਾ ਦਿੱਤਾ। ਅੰਦਰੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਭਾਈ ਸੰਗਤ ਸਿੰਘ ਜੀ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਉੱਚੀ ਕੰਧ ਟੱਪ ਗਏ। ਸਿੰਘਾਂ ਨੇ ਸ਼ੇਰ ਦੀ ਤਰ੍ਹਾਂ ਪਠਾਣ ਨੂੰ ਦਬੋਚ ਲਿਆ। ‘ਸੇਵਾ’ ਤੋਂ ਬਾਅਦ ਪਠਾਣ ਮਿੰਨਤਾਂ-ਤਰਲੇ ਕਰਨ ਲੱਗਿਆ ਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਸਹੁੰ ਖਾਧੀ। ਪਠਾਨਣ (ਪਠਾਣ ਦੀ ਪਤਨੀ) ਸਿੰਘ ਵੀਰਾਂ ਦਾ ਧੰਨਵਾਦ ਕਰ ਰਹੀ ਸੀ। ਸਿੰਘ ਪੰਡਤਾਣੀ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਆ ਗਏ। ਪੰਡਤ ਬਹੁਤ ਖੁਸ਼ ਹੋਇਆ। ਗੁਰੂ-ਘਰ ਦਾ ਸ਼ੁਕਰਾਨਾ ਕੀਤਾ।

ਭਾਈ ਸੰਗਤ ਸਿੰਘ ਜੀ ਚੁਸਤੀ-ਫੁਰਤੀ ਵਾਲੇ ਕੰਮਾਂ ਲਈ ਮਸ਼ਹੂਰ ਸੀ। ਭਾਈ ਸੰਗਤ ਸਿੰਘ ਜੀ ਅਨੋਖੇ ਕੰਮ ਕਰਦੇ, ਮੌਤ ਨੂੰ ਕਲੋਲਾਂ ਕਰਦੇ, ਜਦੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਖਾਲਸਾ ਵਹੀਰ ’ਤੇ ਹਮਲਾ ਕਰ ਦਿੱਤਾ, ਸਿੰਘਾਂ ਨੇ ਡਟਵਾਂ ਮੁਕਾਬਲਾ ਕੀਤਾ, ਸਰਸਾ ਨਦੀ ਦੇ ਕਿਨਾਰੇ ਸਿੰਘਾਂ ਦਾ ਕਾਫ਼ੀ ਨੁਕਸਾਨ ਹੋਇਆ। ਕੀਮਤੀ ਸਾਮਾਨ, ਬਹੁਮੁੱਲੇ ਗ੍ਰੰਥ ਗੁੰਮ ਹੋ ਗਏ, ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਵਿਛੋੜੇ ਪੈ ਗਏ। ਗੁਰੂ ਜੀ ਨਾਲ ਦੋਨੋਂ ਵੱਡੇ ਸਾਹਿਬਜ਼ਾਦੇ ਤੇ ਕੁਝ ਸਿੰਘ ਰੋਪੜ ਵਿਚ ਦੀ ਹੁੰਦੇ ਹੋਏ ਚਮਕੌਰ ਦੀ ਗੜ੍ਹੀ ਵੱਲ ਆ ਗਏ, ਗੁਰੂ ਜੀ ਨੇ ਕੱਚੀ ਹਵੇਲੀ ’ਤੇ ਕਬਜ਼ਾ ਕਰ ਲਿਆ। ਪਿੱਛਾ ਕਰ ਰਹੀ ਮੁਗ਼ਲ ਫੌਜ ਵੀ ਆ ਗਈ। ਨਾਹਰ ਖਾਂ ਮਲੇਰਕੋਟਲਾ ਦਿੱਲੀ ਵੱਲੋਂ ਕਮਾਂਡਰ ਸੀ ਜੋ ਪਹਿਲਾਂ ਆ ਗਿਆ। ਹਵੇਲੀ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ। ਰਾਤ ਹੋ ਗਈ। ਜੰਗ ਸਵੇਰੇ ਹੋਣੀ ਸੀ। ਸਿੰਘ ਬੇਸ਼ੱਕ ਢਿੱਡੋਂ ਭੁੱਖੇ ਸੀ, ਪਰ ਇਕ ਰਾਤ ਆਰਾਮ ਮਿਲ ਗਿਆ।

ਇਹ ਕੋਈ ਮੁਕਾਬਲੇ ਦੀ ਜੰਗ ਨਹੀਂ ਸੀ। ਇਕ ਪਾਸੇ ਕੁੱਲ ਚਾਲੀ ਸਿੰਘ, ਦੂਜੇ ਪਾਸੇ ਲੱਖਾਂ ’ਚ ਫੌਜ ਨੂੰ ਸਾਰੀਆਂ ਸਹੂਲਤਾਂ। ਪਰ ਫੇਰ ਵੀ ਸਿੰਘਾਂ ਨੇ ਉਹ ਕਾਰਨਾਮੇ ਕੀਤੇ ਜੋ ਲਿਖਣੇ ਅਸੰਭਵ ਹਨ। ਸੂਰਮਿਆਂ ਦੀ ਬਹਾਦਰੀ ਸ਼ਬਦਾਂ ਵਿਚ ਨਹੀਂ ਲਿਖੀ ਜਾ ਸਕਦੀ। ਮੌਤ ਹੋ ਜਾਣੀ ਹੀ ਸ਼ਹੀਦੀ ਨਹੀਂ, ਇਸ ਦੇ ਪਿੱਛੇ ਬਹੁਤ ਉੱਚੀਆਂ ਸੂਹਾਂ ਹਨ। ਸਵੇਰੇ ਜੰਗ ਸ਼ੁਰੂ ਹੋਈ, ਹਵੇਲੀ ਨੇੜੇ ਲੱਗਣ ਤੋਂ ਪਹਿਲਾਂ ਹੀ ਨਾਹਰ ਖਾਂ, ਮਰਦੂਦ ਖਾਂ, ਗ਼ੈਰਤ ਖਾਂ, ਅਸਲਮ ਬੇਗ ਅਲੀ ਵਰਗੇ ਚੋਟੀ ਦੇ ਜਰਨੈਲ ਮਾਰੇ ਗਏ ਜੋ ਵਜ਼ੀਰ ਖਾਨ ਦਾ ਸੱਜਾ ਹੱਥ ਸੀ। ਫੇਰ ਗੁਰੂ ਜੀ ਨੇ ਚਾਰ-ਚਾਰ ਦੇ ਜਥੇ ਤੋਰਨੇ ਸ਼ੁਰੂ ਕੀਤੇ। ਰਣ-ਤੱਤੇ ਵਿਚ ਸਿੰਘ ਅਨੇਕਾਂ ਨੂੰ ਖ਼ਤਮ ਕਰ ਕੇ ਆਪ ਆਖ਼ਰੀ ਦਮ ਤਕ ਲੜਦੇ ਕੌਮ-ਧਰਮ ਦੀ ਖ਼ਾਤਰ ਜਿੰਦਾਂ ਵਾਰ ਜਾਂਦੇ। ਇਥੇ ਮੁਹੱਬਤ ਬਦਲੇ ਜਿੰਦਾਂ ਦੇ ਸੌਦੇ ਸੀ। ਸ਼ਾਮ ਤਕ ਦੋਨੋਂ ਸਾਹਿਬਜ਼ਾਦੇ ਤੇ ਕਾਫ਼ੀ ਸਿੰਘ ਸ਼ਹੀਦ ਹੋ ਗਏ। ਵਜ਼ੀਰ ਖਾਨ ਦਾ ਲੱਕ ਟੁੱਟ ਗਿਆ। ਉਹ ਆਪਣੀ ਤਕੜੀ ਫੌਜ ਮਰਵਾ ਕੇ ਹੱਥ ਝਾੜੀ ਬੈਠਾ ਸੀ। ਉਧਰ ਹਵੇਲੀ ਅੰਦਰ ਵੀ ਗੁਰੂ ਜੀ ਦੇ ਨਾਲ ਗਿਣਤੀ ਦੇ ਸਿੰਘ ਰਹਿ ਗਏ ਸਨ। ਜਦੋਂ ਵੀ ਭਾਈ ਸੰਗਤ ਸਿੰਘ ਜੀ ਜੰਗ ’ਚ ਜਾਣ ਲਈ ਕਹਿੰਦੇ ਤਾਂ ਗੁਰੂ ਜੀ ਰੋਕ ਦਿੰਦੇ। ਗੁਰੂ ਜੀ ਸਿੰਘਾਂ ਨੂੰ ਕਹਿਣ ਲੱਗੇ ਕਿ ਅਸੀਂ ਸਵੇਰੇ ਸਭ ਤੋਂ ਪਹਿਲਾਂ ਮੈਦਾਨ- ਏ-ਜੰਗ ਜਾਵਾਂਗੇ, ਦੁਸ਼ਮਣ ਨਾਲ ਦੋ ਹੱਥ ਕਰਾਂਗੇ ਤਾਂ ਸਿੰਘ ਸੋਚਣ ਲੱਗ ਪਏ। ਭਾਈ ਦਇਆ ਸਿੰਘ ਜੀ ਨੇ ਸਿੰਘਾਂ ਨਾਲ ਵਿਚਾਰ ਕੀਤੀ ਕਿ ਜੇ ਗੁਰੂ ਜੀ ਸ਼ਹੀਦ ਹੋ ਗਏ, ਫਿਰ ਕੌਮ ਨੂੰ ਦੁਬਾਰਾ ਕਿਵੇਂ ਇਕਮੁੱਠ ਕਰਾਂਗੇ? ਸੋ ਅਸੀਂ ਪੰਜ ਸਿੰਘ ਗੁਰੂ ਜੀ ਨੂੰ ਹਵੇਲੀ ’ਚੋਂ ਬਾਹਰ ਜਾਣ ਲਈ ਕਹੀਏ।

ਸਿੰਘ ਮਤਾ ਪਕਾ ਕੇ ਗੁਰੂ ਜੀ ਪਾਸ ਆਏ ਤਾਂ ਭਾਈ ਦਇਆ ਸਿੰਘ ਜੀ ਨੇ ਗੁਰੂ ਜੀ ਨੂੰ ਕਿਹਾ, ‘ਗੁਰੂ ਜੀ! ਪੰਥ ਦਾ ਹੁਕਮ ਹੈ ਕਿ ਤੁਸੀਂ ਹਵੇਲੀ ਛੱਡ ਜਾਓ, ਬਾਹਰ ਜਾ ਕੇ ਸਿੱਖਾਂ ਨੂੰ ਫੇਰ ਇਕੱਠੇ ਕਰੋ, ਕੌਮ ਨੂੰ ਸੰਭਾਲੋ, ਜਥੇਬੰਦ ਕਰੋ।’ ਗੁਰੂ ਜੀ ਨੇ ਪੰਥ ਦਾ ਹੁਕਮ ਸਿਰ-ਮੱਥੇ ਮੰਨਿਆ। ਆਪਣੇ ਨਾਲ ਤਿੰਨ ਸਿੰਘਾਂ ਨੂੰ ਜਾਣ ਲਈ ਕਿਹਾ ਤੇ ਬਾਕੀ ਰਹਿ ਗਏ ਸਿੰਘਾਂ ਨੂੰ ਹੌਂਸਲਾ ਤੇ ਪਿਆਰ ਦਿੱਤਾ। ਦਲੇਰ ਹੋ ਕੇ ਜੰਗ ਫ਼ਤਹ ਕਰਨ ਲਈ ਪ੍ਰੇਰਿਆ। ਬਚਪਨ ਦੇ ਸਾਥੀ ਭਾਈ ਸੰਗਤ ਸਿੰਘ ਜੀ ਨਾਲ ਜਦੋਂ ਗੁਰੂ ਜੀ ਨੇ ਨਜ਼ਰਾਂ ਮਿਲਾਈਆਂ, ਗਲਵਕੜੀ ਪਾ ਲਈ। ਭਾਈ ਸੰਗਤ ਸਿੰਘ ਜੀ ਦੀਆਂ ਅੱਖਾਂ ਵਿਚ ਪਿਆਰ ਤੇ ਵਿਛੋੜੇ ਦੇ ਹੰਝੂ ਆ ਗਏ। ਮਨ ’ਚ ਵੈਰਾਗ ਆ ਗਿਆ। ਸਤਿਗੁਰਾਂ ਦਾ ਵਿਛੋੜਾ ਬਰਦਾਸ਼ਤ ਨਾ ਹੋਇਆ ਤਾਂ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਥਾਪੜਾ ਦਿੱਤਾ। ਆਪਣੇ ਤਨ ਦੇ ਬਸਤਰ ਤੇ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਸ਼ ਕਰ ਦਿੱਤੀ ਜੋ ਭਾਈ ਸੰਗਤ ਸਿੰਘ ਜੀ ਲਈ ਵੱਡੇ ਸਤਿਕਾਰ ਵਾਲੀ ਗੱਲ ਸੀ। ਗੁਰੂ ਜੀ ਕਹਿਣ ਲੱਗੇ, ‘ਮੇਰੇ ਮਿੱਤਰ, ਜੋ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਹੈ ਉਹੀ ਹੋਵੇਗਾ। ਤੁਸੀਂ ਧਰਮ ਕਮਾਉਣਾ, ਦੁਨੀਆਂ ਯਾਦ ਕਰੇਗੀ, ਸੂਰਮੇ, ਯੋਧੇ, ਜੁਝਾਰੂ, ਮਹਾਨ ਸ਼ਹੀਦਾਂ ਦਾ ਮੁਕਾਮ ਹਾਸਲ ਕਰੋਗੇ। ਤੁਹਾਡੀ ਯਾਦ ’ਚ ਤੁਹਾਡੀ ਉੱਮਤ ਮੇਲੇ ਲਾਇਆ ਕਰੇਗੀ।’

ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਸੰਗਤ ਸਿੰਘ ਜੀ ਤੇ ਸਿੰਘਾਂ ਨੂੰ ਆਖ਼ਰੀ ਫਤਹ ਬੁਲਾ ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਸਮੇਤ ਹਵੇਲੀ ਵਿੱਚੋਂ ਬਾਹਰ ਆ ਗਏ। ਰਹਿੰਦੇ ਸਿੰਘ ਭਾਈ ਸੰਗਤ ਸਿੰਘ ਜੀ ਜਥੇਦਾਰੀ ਹੇਠ ਵਿਚਾਰਾਂ ਕਰਨ ਲੱਗੇ। ਗੁਰੂ ਜੀ ਦੇ ਸਹੀ ਸਲਾਮਤ ਚਲੇ ਜਾਣ ਦੀ ਅਰਦਾਸ ਕੀਤੀ। ਕੁਝ ਸਿੰਘ ਪਹਿਰਾ ਦੇ ਰਹੇ ਸੀ। ਕੁਝ ਆਰਾਮ ਕਰਨ ਲੱਗ ਪਏ। ਗੱਲਾਂ-ਬਾਤਾਂ ਕਰਦਿਆਂ ਅੰਮ੍ਰਿਤ-ਵੇਲਾ ਹੋ ਗਿਆ। ਸਿੰਘਾਂ ਨੇ ਜੋ ਥੋੜ੍ਹਾ ਜਿਹਾ ਪਾਣੀ ਸੀ, ਉਸ ਨਾਲ ਹੀ ਕੁਰਲੀ ਕੀਤੀ। ਪਾਣੀ ਪੀਤਾ। ਸਿੰਘ ਤਿਆਰ-ਬਰ-ਤਿਆਰ ਹੋ ਗਏ। ਨਿਤਨੇਮ ਕੀਤਾ, ਚਾਨਣ ਹੋਣ ਲੱਗਿਆ। 6 ਸਿੰਘ ਬਾਹਰਲੇ ਦਰਵਾਜ਼ੇ ’ਤੇ ਖੜ੍ਹ ਗਏ। ਭਾਈ ਸੰਗਤ ਸਿੰਘ ਜੀ ਨੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ। ਭਾਈ ਸਾਹਿਬ ਗੁਰੂ ਸਾਹਿਬ ਵਾਲਾ ਜਾਮਾ ਤੇ ਕਲਗੀ ਸਜਾ ਕੇ ਪੌੜੀਆਂ ਦੀ ਛੱਤ ’ਤੇ ਬੈਠ ਗਏ। ਸੂਰਜ ਦੀ ਪਹਿਲੀ ਕਿਰਨ ਨਾਲ ਹੀ ਕਲਗੀ ਚਮਕਣ ਲੱਗ ਪਈ। ਉਧਰ ਮੁਗ਼ਲ ਸਾਰੀ ਰਾਤ ਆਪਸ ਵਿਚ ਲੜੀ ਗਏ। ਜਦੋਂ ਗੁਰੂ ਜੀ ਤਾੜੀ ਮਾਰ ਕੇ ਗਏ ਤਾਂ ਮੁਗ਼ਲਾਂ ’ਚ ਭਗਦੜ ਮੱਚ ਗਈ। ‘ਸਿੱਖਾਂ ਦਾ ਗੁਰੂ ਗਿਆ, ਫੜੋ! ਸਿੱਖਾਂ ਦਾ ਗੁਰੂ ਗਿਆ, ਫੜੋ!’ ਜਦੋਂ ਮੁਗ਼ਲ ਸੂਬੇਦਾਰ ਦੀ ਨਜ਼ਰ ਭਾਈ ਸਾਹਿਬ ਦੀ ਕਲਗੀ ’ਤੇ ਪਈ ਤਾਂ ਵਜ਼ੀਰੇ ਨੂੰ ਸਰਦੀ ਵਿਚ ਵੀ ਤਾਉਣੀਆਂ ਆਉਣ ਲੱਗੀਆਂ। ਗਰਮੀ ਨਾਲ ਭਿੱਜ ਗਿਆ। ਗਸ਼ ਖਾ ਕੇ ਡਿੱਗ ਪਿਆ। ਹੈਂ! ਗੁਰੂ ਜਿਊਂਦਾ ਹੈ, ਰਾਤ ਕੌਣ ਸੀ ਜੋ ਭਾਜੜਾਂ ਪਾ ਕੇ ਨਿਕਲ ਗਿਆ, ਸਾਡੀ ਕੋਈ ਪੇਸ਼ ਨਾ ਗਈ, ਜੋ ਸਾਨੂੰ ਵੰਗਾਰ ਪਾ ਕੇ ਜਾਣ ਵਿਚ ਸਫ਼ਲ ਹੋ ਗਿਆ।

ਸ਼ਾਹੀ ਫੌਜ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਸੂਰਜ ਕਾਫ਼ੀ ਚੜ੍ਹ ਆਇਆ। ਪਰ ਮੁਗ਼ਲ ਹਵੇਲੀ ਦੇ ਨੇੜੇ ਨਹੀਂ ਲੱਗੇ। ਵਜ਼ੀਰ ਦੇ ਰਹਿੰਦੇ ਜਰਨੈਲਾਂ, ਕਮਾਂਡਰਾਂ ਨਾਲ ਮੀਟਿੰਗ ਹੋਈ। ਕਮਾਂਡਰ ਨੂਰਦੀਨ ਬੋਲਿਆ, “ਸਿੱਖਾਂ ਵਿਚ ਕੋਈ ਦੇਵਤਾ ਕੰਮ ਕਰਦਾ, ਜਿਸ ਦੇ ਚੇਲਿਆਂ ਨੇ ਸਾਡੇ ਪੈਰ ਨਹੀਂ ਲੱਗਣ ਦਿੱਤੇ। ਸਾਨੂੰ ਤਾਂ ਗੁਰੂ ਤੋਂ ਡਰ ਲੱਗਦੈ।” ਵਜ਼ੀਰਾ ਬੋਲਿਆ, “ਕੁਝ ਵੀ ਹੈ ਪਰ ਸਾਨੂੰ ਹਮਲਾ ਤਾਂ ਕਰਨਾ ਹੀ ਪਵੇਗਾ, ਸਿੰਘ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਨ, ਭੁੱਖੇ-ਤਿਹਾਏ 4- 5 ਹੀ ਸਾਡੇ ਹਜ਼ਾਰਾਂ-ਲੱਖਾਂ ਅੱਗੇ ਡੱਟ ਜਾਂਦੇ ਹਨ! ਇਨ੍ਹਾਂ ਨੂੰ ਕੋਈ ਗ਼ੈਬੀ ਸ਼ਕਤੀ ਪ੍ਰਾਪਤ ਹੈ ਜੋ ਇਹ ਮਰਨ ਤੋਂ ਡਰਦੇ ਈ ਨਈਂ! ਨਾ ਕਿਸੇ ਨੂੰ ਡਰਾਉਂਦੇ ਹਨ, ਨਾ ਕਿਸੇ ਤੋਂ ਡਰਦੇ ਹਨ। ਸ਼ਾਹੀ ਕਮਾਂਡਰਾਂ ਨੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੱਤੀ ਤਾਂ ਹਵੇਲੀ ’ਤੇ ਹਮਲਾ ਕਰਨ ਲਈ ਤੁਰ ਪਏ। ਉਧਰ ਸਿੱਖ ਕੌਮ ਦੇ ਬਹਾਦਰ ਯੋਧੇ ਭਾਈ ਸੰਗਤ ਸਿੰਘ ਦਰਵਾਜ਼ੇ ਕੋਲ ਖੜ੍ਹੇ ਸਾਥੀ ਸਿੰਘਾਂ ਕੋਲ ਆ ਗਏ। ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਾਏ। ਹਵੇਲੀ ਕੰਬਣ ਲੱਗ ਪਈ। ਸਿੰਘ ਇਕਦਮ ਦਰਵਾਜ਼ਾ ਖੋਲ੍ਹ ਕੇ ਭੁੱਖੇ ਸ਼ੇਰਾਂ ਦੀ ਤਰ੍ਹਾਂ ਮੁਗ਼ਲਾਂ ਨੂੰ ਟੁੱਟ ਕੇ ਪੈ ਗਏ। ਸ਼ਾਹੀ ਜਵਾਨ ਇਕ ਦੂਜੇ ’ਤੇ ਡਿੱਗਣ ਲੱਗੇ। ਵਜ਼ੀਰ ਮਰ ਰਹੇ ਜਵਾਨਾਂ ਨੂੰ ਵੇਖ ਕੇ ਮੱਥੇ ’ਤੇ ਹੱਥ ਮਾਰ ਰਿਹਾ ਸੀ। ਸਿੰਘਾਂ ਦਾ ਹਮਲਾ ਬਹੁਤ ਜ਼ਬਰਦਸਤ ਸੀ। ਭਾਈ ਸੰਗਤ ਸਿੰਘ ਜੀ ਲਲਕਾਰਦੇ, ਗਰਜਦੇ ਤੇ ਵੰਗਾਰਦੇ ਸ਼ਾਹੀ ਜਵਾਨਾਂ ਨੂੰ ਲੀਰਾਂ ਵਾਂਗ ਪਾੜ ਰਹੇ ਸੀ। ਸਿੰਘਾਂ ਦੇ ਸਰੀਰ ਏਨੇ ਤੇਜ਼ ਸੀ, ਸ਼ਾਹੀ ਜਵਾਨ ਘੇਰਨ ਵਿਚ ਹਰ ਵਾਰ ਅਸਫ਼ਲ ਹੋ ਜਾਂਦੇ। ਸਿੰਘ ਕੁੱਲ ਸੱਤ ਸੀ। ਓੜਕ ਨੂੰ ਜ਼ਖ਼ਮੀ ਹੋ ਗਏ। ਰਣ-ਭੂਮੀ ਖ਼ੂਨ ਨਾਲ ਲਾਲ ਹੋ ਗਈ। ਸ਼ਾਹੀ ਜਵਾਨ ਵੱਧ ਤੋਂ ਵੱਧ ਭਾਈ ਸੰਗਤ ਸਿੰਘ ਜੀ ਵੱਲ ਮਾਰ ਕਰ ਰਹੇ ਸੀ। ਉਨ੍ਹਾਂ ਨੂੰ ਭੁਲੇਖਾ ਸੀ ਕਿ ਇਹ ਸਿੱਖਾਂ ਦੇ ਗੁਰੂ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਹਨ। ਸਿੰਘ ਵੀ ਕਾਫ਼ੀ ਜ਼ਖ਼ਮੀ ਹੋ ਗਏ। ਕੱਪੜੇ ਖੂਨ ਨਾਲ ਲੱਥ-ਪੱਥ ਸੀ। ਸਿੰਘਾਂ ਦੇ ਸਰੀਰਾਂ ’ਤੇ ਸੈਂਕੜੇ ਜ਼ਖ਼ਮ ਸੀ। ਫਿਰ ਵੀ ਸਿੰਘ ਨੇੜੇ ਨਹੀਂ ਲੱਗਣ ਦਿੰਦੇ ਸੀ। ਭਾਈ ਸੰਗਤ ਸਿੰਘ ਜੀ ਜੈਕਾਰੇ ਲਾ ਰਹੇ ਸੀ। ਭਾਈ ਸਾਹਿਬ ਦੋਨੋਂ ਹੱਥਾਂ ਨਾਲ ਸ਼ਸਤਰ ਚਲਾਉਣ ਦੇ ਮਾਹਿਰ ਸੀ। ਭਾਈ ਸਾਹਿਬ ਨੇ ਅਜਿਹੇ ਹੱਥ ਵਿਖਾਏ ਕਿ ਸ਼ਾਹੀ ਜਵਾਨ ਬੱਕਰੀਆਂ ਦੇ ਇੱਜੜ ਵਾਂਗ ਉਨ੍ਹਾਂ ਦੇ ਅੱਗੇ ਲੱਗੇ ਫਿਰਦੇ ਸੀ। ਸੂਬੇਦਾਰ ਆਪਣੇ ਸਿਪਾਹੀਆਂ ਨੂੰ ਵੰਗਾਰ ਰਿਹਾ ਸੀ। ਮਨ ਵਿਚ ਸਿੰਘਾਂ ਦੇ ਕਾਰਨਾਮੇ ਵੇਖ ਕੇ ਹੈਰਾਨ ਹੋ ਰਿਹਾ ਸੀ। ਸਿੰਘਾਂ ਨੇ ਹਿੰਮਤ ਨਾ ਹਾਰੀ। ਅਖੀਰ ਏਨੀ ਵੱਡੀ ਗਿਣਤੀ ਅੱਗੇ ਕਿੰਨੀ ਕੁ ਦੇਰ ਲੜਿਆ ਜਾ ਸਕਦਾ ਸੀ? ਅਖ਼ੀਰ ਖੂਨ ਦਾ ਇਕ-ਇਕ ਕਤਰਾ ਤੇ ਆਪਣੀ ਜ਼ਿੰਦਗੀ ਧਰਮ ਦੇ ਲੇਖੇ ਲਾ ਗਏ। ਭਾਈ ਸੰਗਤ ਸਿੰਘ ਜੀ ਵੀ ਜ਼ਿਆਦਾ ਖੂਨ ਵਹਿਣ ਤੇ ਜ਼ਿਆਦਾ ਜ਼ਖਮ ਹੋਣ ਕਰਕੇ ਆਖਰੀ ਸਵਾਸ ਤਕ ਜੂਝਦੇ ਪਿਆਰੇ ਗੁਰੂ ਦੇ ਬਚਨ, ਸਿੱਖ ਧਰਮ/ਕੌਮ ਤੋਂ ਪਿਆਰੇ ਪੰਥ ਉੱਪਰੋਂ ਜਿੰਦੜੀ ਵਾਰ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਝਨੇਰ, ਤਹਿ. ਮਲੇਰਕੋਟਲਾ (ਸੰਗਰੂਰ)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)