ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦ੍ਰਿਸ਼ਟਮਾਨ ਰੂਪ ਕਰਕੇ ਅਤੇ ਭਾਵਨਾ ਕਰਕੇ ਸੰਸਾਰ ਦਾ ਇਕ ਦਰਸ਼ਨ ਗ੍ਰੰਥ ਨਹੀਂ ਹੈ। ਇਸ ਦੀ ਬਾਣੀ ਦਾ ਰੂਪ ਕਾਵਿ ਦਾ ਹੈ ਅਤੇ ਇਸ ਸੰਪਾਦਿਤ ਗ੍ਰੰਥ ਦੇ ਪਿੱਛੇ ਭਾਵਨਾ ਪ੍ਰੇਮਾ-ਭਗਤੀ ਨੂੰ ਸਾਕਾਰ ਕਰਨ ਦੀ ਹੈ। ਕਿਸੇ ਵਿਸ਼ੇਸ਼ ਦਾਰਸ਼ਨਿਕ-ਪ੍ਰਬੰਧ ਅਧੀਨ ਨਾ ਇਹ ਬਾਣੀ ਰਚੀ ਗਈ ਹੈ ਅਤੇ ਨਾ ਹੀ ਇਹ ਰਚਨਾ ਕਿਸੇ ਸ਼ਾਸਤਰਕ-ਪ੍ਰਬੰਧ ਅਨੁਸਾਰ ਸੰਪਾਦਿਤ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ‘ਭੇਦ’ ਦਾ ਹੈ, ‘ਸ਼ਾਸਤਰ’ ਦਾ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਦੀ ਪ੍ਰੇਮਾ-ਭਗਤੀ ਹੈ, ਪ੍ਰਭੂ-ਕੀਰਤ ਹੈ, ਨਾਮ ਮਹਿਮਾ ਹੈ। ਪਰ ਕਿਸੇ ’ਤੇ ਸਿਰਲੇਖ ਨਹੀਂ ਦਿੱਤੇ ਹੋਏ ਕਿ ਇਥੇ ਪ੍ਰਭੂ- ਉਸਤਤਿ ਹੈ ਜਾਂ ਨਾਮ ਮਹਿਮਾ ਹੈ- ਫਿਰ ਐਸੇ ਸਿਰਲੇਖਾਂ ਦੀ ਤੇ ਆਸ ਹੀ ਨਹੀਂ ਹੋ ਸਕਦੀ ਕਿ ਇਥੇ ਬ੍ਰਹਮ-ਸਰੂਪ ਦਾ ਵਿਸ਼ਲੇਸ਼ਣ ਹੈ ਜਾਂ ‘ਆਤਮਾ’ ਜਾਂ ‘ਜਗਤ’ ਦਾ ਸਿਧਾਂਤ ਹੈ। ਕੁਝ ਲੰਮੀਆਂ ਬਾਣੀਆਂ ਦੇ ਕਾਵਿ-ਰੂਪ ਦੇ ਅਨੁਸਾਰ ਸਿਰਲੇਖ ਦਿੱਤੇ ਹਨ ਜਿਵੇਂ ਜਪੁ, ਪਟੀ, ਸਿਧ ਗੋਸਟਿ ਤੇ ਕੁਝ ਦੇ ਵਿਸ਼ੇ-ਵਸਤੂ ਦੇ ਅਨੁਸਾਰ ਜਿਵੇਂ ਅਨੰਦੁ, ਸੁਖਮਨੀ, ਓਅੰਕਾਰ ਆਦਿ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੁੱਚੇ ਤੌਰ ’ਤੇ ਪ੍ਰੇਮ-ਬ੍ਰਿਹਾ ਦੇ ਵਲਵਲੇ ਅਧੀਨ ਆਤਮ-ਦਸ਼ਾ ਦਾ ਪ੍ਰਗਟਾਅ ਤੇ ਉਲੀਕਣ ਕੀਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਫ਼ਲਸਫ਼ੇ ਜਾਂ ‘ਸ਼ਾਸਤਰ’ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਹ ਪ੍ਰੇਮ-ਭਾਵਾਂ ਦਾ ਪ੍ਰਗਟਾਅ ਹੈ ਕਿ ਆਖਰ ਪਰਮਾਤਮਾ ਨੂੰ ਪ੍ਰੇਮ ਕਿਉਂ ਕੀਤਾ ਜਾਏ, ਉਸ (ਪਰਮਾਤਮਾ) ਦੀ ਸੱਤਾ ਕੀ ਹੈ, ਉਸ ਦੀ ਸਮਰੱਥਾ ਕੀ ਹੈ ਅਤੇ ਮਨੁੱਖ ਨਾਲ ਉਸ ਦਾ ਸੰਬੰਧ ਕੀ ਹੈ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਆਪਣੇ ਆਪ ਹੀ ਦਾਰਸ਼ਨਿਕ ਸਿਧਾਂਤਾਂ ਦਾ ਰੂਪ ਧਾਰਨ ਕਰ ਲੈਣਗੇ। ਪਰ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦੀ ਭਾਵਨਾ ਕਿਸੇ ਦਰਸ਼ਨ- ਸ਼ਾਸਤਰ ਦਾ ਨਿਰਮਾਣ ਨਹੀਂ ਹੈ। ਪ੍ਰੇਮ ਤੇ ਗਿਆਨ ਇਕ ਦੂਜੇ ’ਤੇ ਨਿਰਭਰ ਹਨ, ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਗਿਆਨ-ਦਰਸ਼ਨ ਦੇ ਤੱਤ ਲੱਭੇ ਜਾ ਸਕਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਤਰ੍ਹਾਂ ਭਾਰਤੀ ਕਾਵਿ ਤੇ ਦਰਸ਼ਨ ਦੀ ਪਰੰਪਰਾ ਵਿਚ ਇਕ ਕੜੀ ਹੈ। ਇਸ ਵਿਚ ਭਾਰਤੀ ਸ਼ਾਸਤਰਾਂ ਦੇ ਕੁਝ ਤੱਤ ਮੌਜੂਦ ਮੰਨੇ ਜਾ ਸਕਦੇ ਹਨ। ਉਦਾਹਰਣ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਭੂ-ਉਸਤਤਿ, ਗੁਰੂ-ਭਗਤੀ ਅਤੇ ਨਾਮ ਮਹਿਮਾ-ਸ੍ਰੇਸ਼ਟ ਵਿਸ਼ੇ ਹਨ। ਕੇਵਲ ਅਨੁਭਵ ਹਰ ਬਾਣੀ- ਨਿਰਮਾਤਾ ਦਾ ਆਪਣਾ-ਆਪਣਾ ਵਿਅਕਤੀਗਤ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਭਾਰਤ ਦਾ ਪ੍ਰਤੀਨਿਧ ਗ੍ਰੰਥ ਹੈ। ਜਿਥੋਂ ਤੀਕ ਭਗਤੀ ਕਾਵਿ ਦਾ ਸੰਬੰਧ ਹੈ ਇਸ ਵਿਚ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੀਕ ਹੋਏ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਦੀ ਰਚਨਾ ਸੰਕਲਿਤ ਹੈ। ਭਾਵੇਂ ਇਸ ਦਾ ਵਿਸ਼ੇਸ਼ ਭਾਗ ਪੰਜਾਬ ਦੀ ਧਰਤੀ ’ਤੇ ਰਚਿਆ ਗਿਆ ਹੈ ਪਰ ਇਸ ਵਿਚ ਉੱਤਰ ਪ੍ਰਦੇਸ਼, ਬੰਗਾਲ, ਮਹਾਂਰਾਸ਼ਟਰ, ਰਾਜਸਥਾਨ, ਸਿੰਧ ਆਦਿ ਪ੍ਰਾਂਤਾਂ ਦੇ ਭਗਤਾਂ ਦੀ ਰਚਨਾ ਵੀ ਸੰਕਲਿਤ ਹੈ। ਇਨ੍ਹਾਂ ਭਿੰਨ-ਭਿੰਨ ਪ੍ਰਾਂਤਾਂ ਵਿਚ ਜਨਮੇ ਅਤੇ ਭਿੰਨ- ਭਿੰਨ ਹਾਲਾਤ ਵਿੱਚੋਂ ਲੰਘਦੇ ਭਗਤ ਸਾਹਿਬਾਨ ਦੇ ਜੀਵਨ-ਤਜਰਬੇ ਭਿੰਨ-ਭਿੰਨ ਸਨ। ਇਨ੍ਹਾਂ ਬਾਣੀਕਾਰਾਂ ਦੀ ਪ੍ਰਤਿਭਾ ਦਾ ਵਿਕਾਸ ਵੱਖਰੇ-ਵੱਖਰੇ ਹਾਲਾਤ ਵਿਚ ਹੋਇਆ। ਇਸ ਲਈ ਇਨ੍ਹਾਂ ਦੀ ਰਚਨਾ ਵਿਚ ਸਿਧਾਂਤ ਦੀ ਸਾਂਝ ਦੇ ਬਾਵਜੂਦ ਵੱਖਰੇ ਰੰਗ ਤੇ ਰਸ ਹਨ।
ਪਰ ਕਿਉਂਕਿ ਇਹ ਸਾਰੇ ਬਾਣੀਕਾਰ ਭਾਰਤੀ ਹਨ; ਕੌਮੀ ਦਰਸ਼ਨ ਸ਼ਾਸਤਰ ਦਾ ਵਿਰਸਾ ਸਾਹਿਤ ਦਾ ਸਾਂਝਾ ਸੀ। ਸਾਰਿਆਂ ਨੇ ਸਾਂਝੇ ਬੁਨਿਆਦੀ ਆਸਤਕ ਸਿਧਾਂਤ ਦਾ ਉਲੇਖ ਕੀਤਾ ਹੈ, ਸਾਰਿਆਂ ਨੇ ਸਾਂਝੀ ਸਿਧਾਂਤਕ ਭਾਰਤੀ ਸ਼ਬਦਾਵਲੀ ਬ੍ਰਹਮ, ਈਸ਼ਵਰ, ਹਰਿ, ਹਰੀ, ਪਰਮਾਤਮਾ, ਨਾਰਾਇਣ, ਮਾਇਆ, ਜੀਵ, ਆਤਮਾ, ਜਗਤ, ਬ੍ਰਹਿਮੰਡ, ਖੰਡ, ਪ੍ਰੇਮ, ਕੀਰਤਿ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ, ਗਿਆਨ, ਅਗਿਆਨ, ਗੁਰੂ, ਨਾਮ, ਸਤਿ, ਬ੍ਰਹਮ ਗਿਆਨੀ, ਸਿਧ, ਜੋਗੀ ਗ੍ਰਸਤ, ਉਦਾਸ, ਕਰਮ, ਆਵਾਗਵਨ, ਮੁਕਤਿ, ਭਵਜਲ, ਜਤ, ਸੰਜਮ, ਮਤਿ ਬੁਧ, ਮਨ, ਚਿਤ, ਅਨੰਦ ਸਤਿ- ਦੀ ਵਰਤੋਂ ਕੀਤੀ ਹੈ। ਇਨ੍ਹਾਂ ਸਾਰਿਆਂ ਦੀ ਹੋਰ ਸ਼ਬਦਾਵਲੀ ਵੀ ਸਾਂਝੀ ਹੈ ਪਰ ਸਿਧਾਂਤਕ ਸ਼ਬਦਾਵਲੀ ਤੇ ਨਿਪਟ ਹੀ ਇੱਕੋ ਹੈ।
‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਦਰਸ਼ਨ ਦੇ ਤਿੰਨ ਭਾਗ ਹਨ। ਪਹਿਲਾ ਭਾਗ ਹੈ ‘ਅਧਿਆਤਮਕਤਾ’ ਜਿਸ ਵਿਚ ਨਿਰਣਾ ਕੀਤਾ ਹੈ ਕਿ ਸਾਰੇ ਜੀਵ-ਜਗਤ ਬ੍ਰਹਿਮੰਡ ਪਸਾਰੇ ਪਿੱਛੇ ਤੱਤ-ਸਾਰ ਸ੍ਰੇਸ਼ਟ ਵਸਤੂ ਕੀ ਹੈ ਅਤੇ ਉਸ ਦੇ ਸਾਰੇ ਪਾਸਾਰੇ ਨਾਲ ਕੀ ਸੰਬੰਧ ਹੈ। ਇਹ ਨਿਰੋਲ ਸ਼ਾਸਤਰ ਜਾਂ (ੰੲਟੳਪਹੇਸਚਿਸ) ਹੈ। ਦੂਜਾ ਭਾਗ ਇਹ ਹੈ ਕਿ ਜੀਵ-ਪਸਾਰੇ ਦੀ ਕੈਦ ਵਿੱਚੋਂ ਕਿਵੇਂ ਨਿਕਲ ਕੇ ਸਰਬ- ਵਿਆਪੀ ਅਬਿਨਾਸ਼ੀ ਬ੍ਰਹਮ ਜੋ ਸਾਰੇ ਪਾਸਾਰੇ ਵਿਚ ਤੱਤ-ਵਸਤੂ ਹੈ, ਨਾਲ ਕਿਵੇਂ ਮਿਲ ਸਕਦਾ ਹੈ। ਇਹ ਧਰਮ-ਸ਼ਾਸਤਰ ਹੈ ਭਾਵ ਸ਼ਾਸਤਰ ਦਾ ਉਹ ਭਾਗ ਜੋ ਮੁਕਤੀ ਪ੍ਰਾਪਤੀ ਦੇ ਸਾਧਨ ਦੱਸਦਾ ਹੈ ਜਿਵੇਂ ਕਿ ਨਾਮ-ਭਗਤੀ, ਗੁਰੂ-ਭਗਤੀ, ਮਨ ਦਾ ਸੰਜਮ ਆਦਿ। ਤੀਜਾ ਭਾਗ ਸਦਾਚਾਰ ਦਾ, ਸਮਾਜਿਕ ਜੀਵਨ ਦਾ ਹੈ ਜੋ ਇਹ ਨਿਰੂਪਣ ਕਰਦਾ ਹੈ ਕਿ ਮਾਨਵੀ ਧਰਮ-ਮਨੁੱਖ ਦੇ ਤੌਰ ’ਤੇ ਕੀ ਹੈ ਜਾਂ ਮਨੁੱਖ ਦਾ ਹਰ ਮਨੁੱਖ, ਜੀਵਾਂ ਤੇ ਕੁਦਰਤ ਨਾਲ ਕੀ ਸੰਬੰਧ ਹੋਣਾ ਚਾਹੀਦਾ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ‘ਦਰਸ਼ਨ’ ਦੇ ਮੁੱਖ ਭਾਰਤੀ ਦਰਸ਼ਨ ਦੇ ਤੱਤ ਅਨੁਸਾਰ ਹੀ ਹਨ। ਸੋ ਇਸ ਵਿੱਚੋਂ ਨਿਸ਼ਚਿਤ ਕੀਤੇ ਜਾਣ ਵਾਲੇ ਸਿਧਾਂਤ ਇਨ੍ਹਾਂ ਬਾਰੇ ਹਨ:
(ੳ) ਬ੍ਰਹਮ, ਆਤਮਾ, ਜਗਤ (ਮਾਇਆ)
(ਅ) ਨਾਮ ਗੁਰੂ, ਮਨ
(ੲ) ਸਦਾਚਾਰ, ਸਮਾਜਿਕ, ਧਰਮ ਆਦਿ।
ਭਾਰਤੀ ਸ਼ਾਸਤਰ ਦਾ ਮੁੱਖ ਰੂਪ ਵਿਚ ਬਲ ਪਹਿਲੇ ਭਾਗ ’ਤੇ ਹੈ ਭਾਵ ਉਹ ਨਿਰਣਾ ਕਰਦੇ ਹਨ ਕਿ ਬ੍ਰਹਮ-ਸਤਾ ਕੀ ਹੈ ਅਤੇ ਉਸ ਦਾ ਜੀਵਾਤਮਾ ਅਤੇ ਜਗਤ (Matter) ਨਾਲ ਸੰਬੰਧ ਕੀ ਹੈ। ਭਾਰਤੀ ਧਰਮ ਗ੍ਰੰਥ ਤੇ ਭਗਤੀ ਗ੍ਰੰਥਾਂ ਦਾ ਬਲ ਦੂਜੇ ਅਤੇ ਤੀਜੇ ਭਾਗ ’ਤੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਲ ਤਿੰਨਾਂ ਹੀ ਭਾਗਾਂ ’ਤੇ ਹੈ।
ਇਕ ਹੋਰ ਗੱਲ ਜਿਸ ’ਤੇ ਸਾਰੇ ਭਾਰਤੀ ਸ਼ਾਸਤਰਾਂ ਨੇ ਬਲ ਦਿੱਤਾ ਹੈ ਉਹ ਹੈ ‘ਪ੍ਰਮਾਣ’। ‘ਪ੍ਰਮਾਣ’ ਦਾ ਭਾਵ ਇਹ ਹੈ ਕਿ ਜੋ ਗਿਆਨ ਜਾਂ ਸਿਧਾਂਤ ਕਿਸੇ ‘ਸ਼ਾਸਤਰ’ ਵਿਚ ਦਿੱਤਾ ਗਿਆ ਹੈ, ਇਸ ਤਕ ਸ਼ਾਸਤਰ ਕਰਤਾ ਦੀ ਪਹੁੰਚ ਕਿਸ ਤਰ੍ਹਾਂ ਹੋਈ, ਭਾਵ ਇਹ ਗਿਆਨ ਕਰਤਾ ਨੂੰ ਕਿਵੇਂ ਪ੍ਰਾਪਤ ਹੋਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਸਾਰੇ ਪ੍ਰਮਾਣ ਵਰਤੇ ਹੋਏ ਹਨ, ਪਰ ਇਨ੍ਹਾਂ ’ਤੇ ਸ਼ਾਸਤਰਕ ਰੂਪ ਵਿਚ ਚਰਚਾ ਨਹੀਂ ਕੀਤੀ ਹੋਈ ਅਤੇ ਨਾ ਹੀ ਪ੍ਰਤੱਖ, ਅਨੁਮਾਨ ਅਤੇ ਅਨੁਭਵ ਦੀ ਸਿਧਾਂਤਕ ਸ਼ਬਦਾਵਲੀ ਹੀ ਵਰਤੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕ ਥਾਈਂ ਇਹ ਸਪੱਸ਼ਟ ਕਿਹਾ ਹੈ ਕਿ ‘ਬ੍ਰਹਮ’ ਬਾਰੇ ਮਨੁੱਖੀ ਗਿਆਨ ਬੜਾ ਅਲਪ ਹੈ ਅਤੇ ‘ਬ੍ਰਹਮ’ ਬਾਰੇ ਸਭ ਕੁਝ ਕਦੇ ਵੀ ਜਾਣਿਆ ਨਹੀਂ ਜਾ ਸਕਦਾ। ਉਹ ਸਦਾ ਅਮੁੱਲ, ਅਨੰਤ, ਅਗੰਮ, ਅਗੋਚਰ, ਅਗਾਧ ਰਹਿੰਦਾ ਹੈ, ਮਨੁੱਖ ਇਕ ਨਦੀ ਹੈ, ਜੇ ਉਹ ਸਾਗਰ ਵਿਚ ਮਿਲ ਵੀ ਜਾਏ ਤਦ ਵੀ ਸਾਗਰ ਦੇ ਥਹੁ ਨੂੰ ਨਹੀਂ ਜਾਣ ਸਕਦੀ ਅਤੇ ‘ਵਿਸਮਾਦ’ ਬਣਿਆ ਹੀ ਰਹਿੰਦਾ ਹੈ। ਇਹ ‘ਨੇਤੀ’ ਸਿਧਾਂਤ ਭਾਰਤੀ ਸ਼ਾਸਤਰਾਂ ਵਿਚ ਪ੍ਰਵਾਨ ਹੈ। ਪਰ ਬ੍ਰਹਮ ਅਤੇ ਪਾਸਾਰੇ ਬਾਰੇ ਚੰਗੀ ਮਾਤਰਾ ਵਿਚ ਗਿਆਨ-ਇੰਦ੍ਰੀਆਂ, ਬੁੱਧੀ ਅਤੇ ਆਤਮਿਕ ਸ਼ਕਤੀ ਨਾਲ ਪ੍ਰਾਪਤ ਹੋ ਸਕਦਾ ਹੈ। ਭਾਰਤੀਆਂ ਨੇ ਤੀਜੇ ਸਾਧਨ ਨੂੰ ਵਿਸ਼ੇਸ਼ਤਾ ਦਿੱਤੀ ਹੈ। ਇਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਜਾਂ ‘ਬਾਣੀ’ ਦਾ ਸਾਧਨ ਜਾਂ ਪ੍ਰਮਾਣ ਮੰਨਿਆ ਹੈ। ਇਹ ‘ਧੁਰ ਕੀ ਬਾਣੀ’ ਅਤੇ ‘ਹੁਕਮਾਉ’ ਦਾ ਸਿਧਾਂਤ ਹੈ। ਪ੍ਰੇਮਾ-ਭਗਤੀ ਸਿਮਰਨ ਅਤੇ ਸੰਜਮ ਦੇ ਜੀਵਨ ਦੁਆਰਾ ਮਨੁੱਖ ਨੂੰ ਸ਼ਬਦ-ਸਿਧੀ ਜਾਂ ਅਨੁਭਵ ਸ਼ਕਤੀ ਪ੍ਰਾਪਤ ਹੋ ਜਾਂਦੇ ਹਨ ਅਤੇ ਉਸ ਨੂੰ ‘ਅਖੜੀਆ ਬਿਅੰਨਿ’ ਪ੍ਰਾਪਤ ਹੋ ਜਾਂਦੀਆਂ ਹਨ ਜਿਨ੍ਹਾਂ ਨਾਲ ਪਾਤਸ਼ਾਹ ਜ਼ਾਹਰਾ ਦਿਸ ਪੈਂਦਾ ਹੈ ਅਤੇ ਉਥੇ ‘ਦਰਗਾਹ’ ਵਿਚ ‘ਸੋਦਰੁ’ ਤੇ ਜੋ ‘ਹੋਇ ਬਤੀਤੈ’ ਉਸ ਨੂੰ ਭਗਤ-ਜਨ ਆਪਣੀ ਰਚਨਾ ਵਿਚ ਸਾਕਾਰ ਕਰ ਦਿੰਦਾ ਹੈ। ਇਹ ਅਨੁਭਵ ਵਿਸ਼ੇਸ਼ ਸ਼ਕਤੀ ਹੈ, ਇਹ ਪ੍ਰਭੂ-ਹਸਤੀ ਦਾ ਜਾਤੀ ਅਨੁਭਵ ਤੇ ਤਜਰਬਾ ਹੈ। ਇਹ ਸ਼ਕਤੀ ਆਮ ਮਨੁੱਖਾਂ ਪਾਸ ਨਹੀਂ ਹੈ ਜਾਂ ਉਨ੍ਹਾਂ ਅੰਦਰ (ਜਾਗ੍ਰਿਤ) ਨਹੀਂ ਹੈ। ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਵਿਚ ਇਹ ‘ਅਨੁਭਵ’ ਪ੍ਰਮਾਣ ਵਿਸ਼ੇਸ਼ ਪ੍ਰਮਾਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਬਾਣੀਕਾਰਾਂ ਨੇ ਅਨੁਭਵ-ਸ਼ਕਤੀ ਤੇ ਸ਼ਬਦ-ਸ਼ਕਤੀ ਦਾ ਦਾਅਵਾ ਕੀਤਾ ਹੈ। ਭਾਵ ਜੋ ਵੀ ਸਿਧਾਂਤ ਜਾਂ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਿੱਤਾ ਹੈ ਇਹ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਦੇ ਜਾਤੀ-ਅਨੁਭਵ ਵਿੱਚੋਂ ਉਪਜਿਆ ਹੈ ਜੋ ਅਨੁਭਵ ਬੜੀ ਘਾਲਣਾ ਨਾਲ ਖੁੱਲ੍ਹਦਾ ਹੈ। ਸ਼ਬਦ ਸਿਧੀ ਤਦ ਪ੍ਰਾਪਤ ਹੁੰਦੀ ਹੈ ਜੇ:
‘ਜਤੁ ਪਾਹਾਰਾ ਧੀਰਜੁ ਸੁਨਿਆਰੁ॥
ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥’ (ਪੰਨਾ 8)
ਦੀ ਘਾਲਣਾ ਘਾਲੀ ਜਾਏ। ਫਿਰ ‘ਘੜੀਐ ਸਬਦੁ ਸਚੀ ਟਕਸਾਲ’ ਬਣਦੀ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਦਾਰਸ਼ਨਿਕ ਸਿਧਾਂਤ ਇਹ ਹੈ ਕਿ ਆਤਮਿਕ ਗਿਆਨ ਦਾ ਮੁੱਖ ਆਧਾਰ ਅਨੁਭਵ ਹੈ।
ਭਗਤੀ ਦੁਆਰਾ ਪ੍ਰਾਪਤ ਹੋਏ ਅਨੁਭਵ ਵਿੱਚੋਂ ਜੋ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੂੰ ਮਿਲੇ, ਉਨ੍ਹਾਂ ਦਾ ਉਲੇਖ ਹੇਠ ਲਿਖੇ ਅਨੁਸਾਰ ਹੈ:
1, ਤੱਤ ਗਿਆਨ (Metaphysics)
(ੳ) ਬ੍ਰਹਮ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਿੰਤਕਾਂ ਨੇ ‘ਸਚੁ’ ਨੂੰ ‘ਬ੍ਰਹਮ’ ਅਤੇ ‘ਬ੍ਰਹਮ’ ਨੂੰ ‘ਸਚੁ’ ਮੰਨਿਆ ਹੈ-
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
‘ਸਚੁ’ ਹੀ ਬ੍ਰਹਮ ਹੈ। ਇਸ ‘ਬ੍ਰਹਮ-ਸਚੁ’ ਦੇ ਲੱਛਣ ਇਹ ਹਨ:
(ੳ) ‘ਸਚੁ’ ਸਦਾ ਏਕੋ ਸਰੂਪ ਵਿਚ ਅਤੇ ਇਕਸਾਰ ਰਹਿੰਦਾ ਹੈ, ਉਸ ਦੀ ਇਕਸਾਰਤਾ ਕਦੇ ਭੰਗ ਨਹੀਂ ਹੁੰਦੀ ਅਤੇ ਉਹ ਸਰਬ-ਵਿਆਪੀ ਰਹਿੰਦਾ ਹੈ ਅਤੇ ਹਰ ਬਾਹਰਲੀ ਭਿੰਨਤਾ ਦੇ ਅੰਦਰ ਇਕ ਸਮਾਨ ਰਹਿੰਦਾ ਹੈ। ਜਾਤ, ਵਰਨ, ਦੇਸ਼, ਕਾਲ, ਸੂਖਮ, ਸਥੂਲ- ਹਰ ਰੂਪ ਵਿਚ ਉਹ ਇਕਸਾਰ, ਸਮਾਨ ਤੇ ਵਿਆਪਕ ਰਹਿੰਦਾ ਹੈ। ਸਥੂਲ ਰੂਪ ਦੇ ਨਾ ਹੋਣ ’ਤੇ ਵੀ ਉਹ ਸੂਖਮ ਰੂਪ ਵਿਚ ਇਕਸਾਰ, ਸਮਾਨ ਤੇ ਵਿਆਪਕ ਰਹਿੰਦਾ ਹੈ। ਇਹ ‘ਸਚੁ’ ਹੈ। ‘ਸਚੁ’ ਦਾ ਭਾਵ ਹਰ ਰੂਪ ਦੇ ਅੰਦਰ ਸਮਾਨ ਵਿਆਪੀ ਤੱਤ-ਰੂਪ ਸ਼ਕਤੀ ਜੋ ਸਦਾ ਕਾਇਮ ਰਹਿੰਦੀ ਹੈ। ਇਹ (ਸਚੁ) ‘ਕਾਰ-ਰੂਪ’ ਹੈ ਭਾਵ ਅਤਿਅੰਤ ਦੀਰਘ ਹੋ ਸਕਦਾ ਹੈ, ਵਧ ਸਕਦਾ ਹੈ ਅਤੇ ਕਰ ਸਕਦਾ ਹੈ। ਇਹ ‘ਉਦਕਰਖ’ ਰੂਪ ਹੈ ਜਾਂ ‘ਸਰਗੁਣਤਾ’ ਹੈ ਪਰ ਉਹ ਸੰਕੁੰਚਿਤ ਹੋ ਕੇ ਅਤਿਅੰਤ ‘ਸੂਖਮ’ ਹੋ ਜਾਂਦਾ ਹੈ। ਇਹ ‘ਆਕਰਖ’ ਰੂਪ ਹੈ। ਭਾਵੇਂ ਉਸ ਦਾ ਰੂਪ ਕੋਈ ਹੋਵੇ, ਇਕਰਸ, ਇਕਸਾਰ, ਸਮਾਨ ਤੇ ਸਰਬ-ਵਿਆਪਕ ਰਹਿੰਦਾ ਹੈ। ਇਹ ‘ਬ੍ਰਹਮ’ ਹੈ। ਇਹ ‘ਸਚੁ’ ਸ਼ਕਤੀ ਹੈ। ਇਹ ‘ਸਚ-ਬ੍ਰਹਮ’ ਦਾ ‘ਏਕੰਕਾਰ ਰੂਪ’ ੴ। ‘ਸਚੁ’ ਦਾ ਇਹ ਪਹਿਲਾ ਲੱਛਣ ਹੈ। ਇਸ ਲੱਛਣ ਨੂੰ ਬ੍ਰਹਮ ਮੰਨਿਆ ਜਾਂਦਾ ਹੈ।
(ਅ) ਇਹ ‘ਸਚੁ-ਬ੍ਰਹਮ’ ਹਰ ਰੂਪ ਵਿਚ ਪ੍ਰਤੱਖ ਤੇ ਪ੍ਰਗਟ ਹੁੰਦਾ ਹੈ। ਇਹ ਨਾਮ ਰੂਪ ਧਾਰਨ ਕਰਦਾ ਹੈ ਅਤੇ ਉਹ ਰੂਪ ‘ਸਚਾਈ’ ਹੁੰਦਾ ਹੈ। ਨਿਆਂ, ਪਵਿੱਤਰਤਾ, ਕੋਮਲਤਾ, ਪਿਆਰ, ਧਰਮ, ਦਇਆ, ਸਤ, ਸੰਤੋਖ, ਸੁੱਚ, ਕਿਰਤ, ਮਿੱਠਤ, ਨਿਮਰਤਾ, ਕੀਰਤੀ, ਵੰਡ ਛਕਣਾ, ਦਿਆਨਤਦਾਰ- ਸਭ ‘ਬ੍ਰਹਮ-ਸਚੁ’ ਦਾ ਪ੍ਰਗਟ ਰੂਪ ਹਨ। ਇਹ ‘ਕਰਮ ਨਾਮ’ ‘ਸਤਿ’ ਹਨ। ਬ੍ਰਹਮ ਹਰ ਰੂਪ ਵਿਚ ਕਰਮ ਕਰਦਾ ਹੈ- ਉਹ ‘ਕਰਮ’ ‘ਸਤਿ ਨਾਮੁ’ ਹਨ। ‘ਬ੍ਰਹਮ-ਸਚੁ’ ਹੈ, ਇਸ ਲਈ ਉਸ ਦਾ ਹਰ ਪ੍ਰਗਟ-ਰੂਪ ਤੇ ਹਰ ਪ੍ਰਗਟ ਕਰਮ ‘ਸਚੁ’ ਹੈ। ੴ ਸਾਰੇ ਰੂਪਾਂ ਤੇ ਸਰੂਪਾਂ ਵਿਚ ਵਿਆਪਕ ਰਹਿੰਦਾ ਹੈ।
(ੲ) ‘ਸਚੁ’ ਸਦਾ ‘ਕਰਤਾ ਪੁਰਖ’ ਹੁੰਦਾ ਹੈ। ਉਹ ਸਦਾ ਚੇਤੰਨ ਹੋ ਕੇ ਉਸਾਰੂ ਕਰਤੱਵ ਕਰਦਾ ਹੈ। ਕਾਮ, ਕ੍ਰੋਧ ਦੇ ਕਰਤੱਵ ਵਿਚ ਵੀ ਉਹ ਉਸਾਰੂ ਰਹਿੰਦਾ ਹੈ, ਜਦੋਂ ਉਹ ਵਿਨਾਸ਼ ਕਰਦਾ ਹੈ, ਤਦ ਵੀ ਉਹ ਉਸਾਰੂ ਹੈ। ਹਰ ਹਾਲਤ ਵਿਚ ਹੁਕਮ ਵਰਤ ਰਿਹਾ ਹੈ। ‘ਰਾਜਾ’ ਅਤੇ ‘ਰੰਕ’ ਦੋਹਾਂ ਰੂਪਾਂ ਵਿਚ ਕੁਝ ਬਣ ਗਿਆ ਹੈ- ਕੁਝ ਚੇਤੰਨ ਵਿਕਾਸ ਹੋ ਰਿਹਾ ਹੈ। ‘ਸਚੁ’ ਸਦਾ ਕਰਤਾਰੀ ਚੇਤੰਨਤਾ ਰਹਿੰਦਾ ਹੈ।
(ਸ) ‘ਸਚੁ’ ਸੁਤੰਤਰ ਹੈ- ਕਿਸੇ ਹੋਰ ਕਾਰਜ ਜਾਂ ਕਾਰਨ ਅਧੀਨ ਨਹੀਂ ਹੈ। ਇਸ ਲਈ ਉਹ ‘ਨਿਰਭਉ’ ਤੇ ‘ਨਿਰਵੈਰੁ’ ਮੰਨਿਆ ਹੈ। ‘ਸਚੁ’ ਆਪਣੇ ਆਪ ਵਿਚ ਸਭ ਕੁਝ ਹੈ- ਨਾ ਉਹ ਕਿਸੇ ਪਾਸੋਂ ਸ਼ਕਤੀ ਲੈਂਦਾ ਹੈ ਅਤੇ ਨਾ ਕਿਸੇ ਦੀ ਅਧੀਨਗੀ ਵਿਚ ਸ਼ਕਤੀ ਵਰਤਦਾ ਹੈ। ‘ਸਚੁ’ ਆਪਣੇ ਆਪ ਵਿਚ ਅਸਲੀਅਤ ਅਤੇ ‘ਪਰਮ ਸੱਤਾ’ ਹੈ।
(ਹ) ‘ਸਚੁ’ ‘ਸਦੀਵੀ ਸੁੰਦਰਤਾ’ (ਅਕਾਲ ਮੂਰਤਿ) ਦੀ ਲਗਨ ਵਾਲਾ ਹੈ। ਸੁੰਦਰ, ਕੁਦਰਤ, ਮਨੁੱਖ, ਵਤੀਰਾ, ਸੁਭਾਅ ਸਭ ‘ਸਚੁ’ ਦਾ ਹੀ ਸਰੂਪ ਹਨ। ਹਰ ‘ਕੋਹਝ’ ‘ਸੁੰਦਰਤਾ’ ਵਿਚ ਵੱਟਦਾ ਜਾ ਰਿਹਾ ਹੈ। ਸੁੰਦਰ ਵਿਚਾਰ ਅਤੇ ਸੁੰਦਰ ਵਤੀਰਾ ਹੀ ‘ਸਚੁ-ਬ੍ਰਹਮ’ ਹਨ।
(ਕ) ‘ਸਚੁ-ਬ੍ਰਹਮ’ ‘ਅਜੂਨੀ’ ਅਤੇ ‘ਸੈਭੰ’ ਹੈ। ਉਹ ਕਿਸੇ ਕਾਰਜ ਵੱਸ ਨਹੀਂ ਅਤੇ ਸਭ ਕੁਝ ਉਸ ਕਾਰਜ ਵੱਸ ਹੈ। ਉਹ ‘ਸੈਭੰ’ ਹੋਣ ਕਰਕੇ ਨਿੱਤ ਨਵੇਂ ਰੂਪਾਂ ਵਿਚ ਪ੍ਰਗਟ ਹੁੰਦਾ ਰਹਿੰਦਾ ਹੈ।
(ਖ) ‘ਸਚੁ’ ‘ਗੁਰ’ (ਗਿਆਨੀ) ਅਤੇ ‘ਪ੍ਰਸਾਦਿ’ (ਸਾਊ, ਦਇਆਵਾਨ, ਕਿਰਪਾਨਿਧਿ) ਹੈ। ਗਿਆਨ ‘ਸਚੁ’ ਹੈ ਅਤੇ ‘ਗਿਆਨੀ’ ਸਦਾ ਸਾਊ ਵਤੀਰੇ ਵਾਲਾ ਹੁੰਦਾ ਹੈ।
‘ਬ੍ਰਹਮ-ਸਚੁ’ ਦੇ ਇਨ੍ਹਾਂ ਲੱਛਣਾਂ ਦੀ ਹੀ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੀਤੀ ਹੋਈ ਹੈ। ਇਨ੍ਹਾਂ ‘ਲੱਛਣਾਂ’ ਤੋਂ ਪਰ੍ਹੇ ਜੋ ‘ਪਾਰਬ੍ਰਹਮ’ ਪਰਮੇਸ਼ਰ ਸਰੂਪ ਹੈ ਉਹ ਅਗਮ, ਅਗੋਚਰ, ਅਗਾਧ ਤੇ ਅਕੱਥ ਹੈ। ‘ਆਪੇ ਆਪਿ ਨਿਰੰਜਨ’ ਹੈ, ਆਦਿ ਅਨੀਲੁ, ਅਨਾਦਿ ਅਨਾਹਤਿ’ ਹੈ, ‘ਜੁਗ ਜੁਗ ਏਕੋ ਵੇਸੁ ਹੈ, ਵੱਡਾ ਹੈ, ‘ਸਾਚਾ ਨਿਰੰਕਾਰ ਨਿਜ ਥਾਇ’ ਹੈ, ‘ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ’ ਹੈ, ‘ਪੂਰੇ ਤਖਤਿ ਅਡੋਲ ਹੈ, ‘ਨਿਰੰਕਾਰ ਮਹਿ ਆਕਾਰੁ’ ਹੈ, ‘ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ’ ਹੈ, ‘ਓਇ ਅਖਰ’ ਹੈ, ‘ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ’ ਹੈ। ‘ਸਚੁ-ਬ੍ਰਹਮ’ ਆਦਿ ਜੁਗਾਦਿ ‘ਸਚੁ’ ਹੈ ਜੋ ਇਕਰਸ, ਸਮਾਨ ਵਿਆਪਕ ਰਹਿੰਦਾ ਹੈ।
ਪਰ ਇਸ ‘ਸਚੁ-ਬ੍ਰਹਮ’ ਦਾ ਸੁਆਦ ਬਾਣੀਕਾਰ ਮਾਣਦਾ ਹੈ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਹ ਇਸ ਨਾਲ ਨਿਕਟਵਰਤੀ ਮਾਨਵੀ ਸੰਬੰਧ ਪੈਦਾ ਕਰ ਕੇ ਇਸ ਦੇ ਰਸ ਨੂੰ ਮਾਣਦਾ ਹੈ ਅਤੇ ‘ਨਿਰਗੁਣ’ ਨੂੰ ‘ਸਰਗੁਣ’ ਕਰਦਾ ਹੈ। ‘ਕੇਤਾ ਤਾਣੁ ਸੁਆਲਿਹੁ ਰੂਪੁ’, ‘ਬਾਣੀ ਬਰਮਾਉ’, ‘ਸਤਿ ਸੁਹਾਣੁ ਸਦਾ ਮਨਿ ਚਾਉ’, ‘ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ’, ‘ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ’, ‘ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ’, ‘ਸਾਹਿਬ ਸਫਲਿਓ ਰੁਖੜਾ’, ‘ਤੂ ਸੁਲਤਾਨ’, ‘ਤਾਰਾ ਚੜਿਆ ਲੰਮਾ’, ‘ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰੁ’, ‘ਤੂੰ ਪੇਡੁ ਸਾਖ ਤੇਰੀ ਫੂਲੀ’, ‘ਇਹ ਜਗੁ ਵਾੜੀ ਮੇਰੀ ਪ੍ਰਭੁ ਮਾਲੀ’, ‘ਏਕਸੁ ਤੇ ਸਭਿ ਰੂਪ ਹਹਿ ਰੰਗਾ’, ‘ਜਲਿ ਥਲਿ ਮਹੀਅਲਿ ਪੂਰਿਆ’, ‘ਤੂੰ ਵਡ ਪੁਰਖ ਅਗੰਮ ਤਰੋਵਰ’, ‘ਹਮ ਪੰਖੀ ਤੁਝ ਮਾਹੀ’, ‘ਸਭ ਤੇਰੀ ਤੂ ਸਭਸ ਦਾ’, ‘ਬਾਜੀਗਰ ਡੰਕ ਬਜਾਈ’, ‘ਨਿਰਧਨ ਕਉ ਧਨ’, ‘ਅੰਧੁਲੇ ਕਉ ਟਿਕ’, ‘ਮਾਤ ਦੂਧੁ ਜੈਸੇ ਬਾਲੇ’, ‘ਆਪੇ ਠਾਕੁਰੁ ਆਪੇ ਸੇਵਕੁ’, ‘ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ’, ‘ਆਪਿ ਬਸੰਤੁ ਜਗਤੁ ਸਭ ਵਾੜੀ’-ਇਹ ਸਭ ‘ਸਚੁ-ਬ੍ਰਹਮ’ ਦਾ ਅਨੁਭਵੀ ਬਿਆਨ ਹੈ। ਬ੍ਰਹਮ ਮਾਤਾ-ਪਿਤਾ, ਠਾਕੁਰੁ, ਸੁਲਤਾਨ, ਦੁੱਧ, ਫੁੱਲ ਸਭ ਕੁਝ ਬਣ ਜਾਂਦਾ ਹੈ ਅਤੇ ਜੀਵਨ-ਰੌ ਨੂੰ ਅੱਗੇ ਤੋਰਦਾ ਹੈ।
ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਨੇ ਪ੍ਰੇਮ-ਵੱਸ ‘ਸਚੁ-ਬ੍ਰਹਮ’ ਦੇ ਇਸ ਪ੍ਰਗਟ ਰੂਪ ਨੂੰ ਮਾਣਿਆ ਅਤੇ ਗਾਵਿਆ ਹੈ। ਇਹ ਸਭ ‘ਸਤਿ ਨਾਮੁ’ ਰੂਪ ਹੈ।‘ਬ੍ਰਹਮ’ ਸਾਰੇ ਸਾਂਗ ਧਾਰਦਾ ਹੋਇਆ ‘ਇਕ ਰੰਗ’ ਰਹਿੰਦਾ ਹੈ। ਸਾਰਾ ਪਾਸਾਰਾ ਇਕ ਬਾਜੀਗਰੀ ਹੈ:
ਬਾਜੀਗਰਿ ਜੈਸੇ ਬਾਜੀ ਪਾਈ॥
ਨਾਨਾ ਰੂਪ ਭੇਖ ਦਿਖਲਾਈ॥
ਸਾਂਗੁ ਉਤਾਰਿ ਥੰਮ੍ਓਿ ਪਾਸਾਰਾ॥
ਤਬ ਏਕੋ ਏਕੰਕਾਰਾ॥1॥
ਕਵਨ ਰੂਪ ਦ੍ਰਿਸਟਿਓ ਬਿਨਸਾਇਓ॥
ਕਤਹਿ ਗਇਓ ਉਹੁ ਕਤ ਤੇ ਆਇਓ॥1॥ ਰਹਾਉ॥
ਜਲ ਤੇ ਊਠਹਿ ਅਨਿਕ ਤਰੰਗਾ॥
ਕਨਿਕ ਭੂਖਨ ਕੀਨੇ ਬਹੁ ਰੰਗਾ॥
ਬੀਜੁ ਬੀਜਿ ਦੇਖਿਓ ਬਹੁ ਪਰਕਾਰਾ॥
ਫਲ ਪਾਕੇ ਤੇ ਏਕੰਕਾਰਾ॥2॥
ਸਹਸ ਘਟਾ ਮਹਿ ਏਕੁ ਆਕਾਸੁ॥
ਘਟ ਫੂਟੇ ਤੇ ਓਹੀ ਪ੍ਰਗਾਸੁ॥
ਭਰਮ ਲੋਭ ਮੋਹ ਮਾਇਆ ਵਿਕਾਰ॥
ਭ੍ਰਮ ਛੂਟੇ ਤੇ ਏਕੰਕਾਰ॥3॥
ਓਹੁ ਅਬਿਨਾਸੀ ਬਿਨਸਤ ਨਾਹੀ॥
ਨਾ ਕੋ ਆਵੈ ਨਾ ਕੋ ਜਾਹੀ॥
ਗੁਰਿ ਪੂਰੈ ਹਉਮੈ ਮਲੁ ਧੋਈ॥
ਕਹੁ ਨਾਨਕ ਮੇਰੀ ਪਰਮ ਗਤਿ ਹੋਈ॥ (ਪੰਨਾ 736)
‘ਤੱਤ ਰੂਪ’ ਕੇਵਲ ‘ਇਕ’ ਹੈ, ਬਾਹਰਮੁਖੀ ਰੂਪ ਉਹ ਕਈ ਧਾਰਨ ਕਰਦਾ ਹੈ। ਦ੍ਵੈਤ ਕੇਵਲ ‘ਭਰਮ’ ਹੈ, ਹੈ ਸਦਾ ਹੀ ‘ਇਕ’ ੴ। ਉਸ ਨੂੰ ਅਦ੍ਵੈਤ ਕਹਿਣ ਨਾਲੋਂ ੴ ਕਹਿਣਾ ਠੀਕ ਹੈ।
(ਅ) ਆਤਮਾ
ਮਨੁੱਖੀ ਆਤਮਾ ਭਾਣੇ ਹੁਕਮ ਅਨੁਸਾਰ ਵਿੱਛੜੀ ਅਤੇ ਵੱਖਰੀ ਹੋਈ ਹੋਈ ‘ਜੋਤਿ ਸਰੂਪ’ ਤੇ ‘ਪ੍ਰਭੂ-ਅੰਸ਼’ ਹੈ। ‘ਆਤਮਾ ਪਰਮਾਤਮਾ’ ਹੀ ਹੈ। ਮਨ ਜੋਤਿ ਸਰੂਪ ਹੈ। ‘ਬੀਜ-ਰੂਪ’ ਨਾਮ ਹਿਰਦੇ ਵਿਚ ਹੈ। ਜੀਵ-ਆਤਮਾ ਵੀ ੴ, ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰ ਆਦਿ ਹੈ। ਇਹ ਅਬਿਨਾਸ਼ੀ ਹੈ- ‘ਓਹੁ ਨ ਮੂਆ ਜੋ ਰਹਿਆ ਸਮਾਇ’। ਆਤਮਾ ‘ਸਹਜੇ ਆਵੈ ਸਹਜੇ ਜਾਇ’ ਹੈ। ਆਤਮਾ ਕੈਸੀ ਹੈ:
ਅਚਰਜ ਕਥਾ ਮਹਾ ਅਨੂਪ॥
ਪ੍ਰਾਤਮਾ ਪਾਰਬ੍ਰਹਮ ਕਾ ਰੂਪੁ॥ਰਹਾਉ॥
ਨਾ ਇਹੁ ਬੂਢਾ ਨਾ ਇਹੁ ਬਾਲਾ॥
ਨਾ ਇਸੁ ਦੂਖੁ ਨਹੀ ਜਮ ਜਾਲਾ॥
ਨਾ ਇਹੁ ਬਿਨਸੈ ਨਾ ਇਹੁ ਜਾਇ॥
ਆਦਿ ਜੁਗਾਦੀ ਰਹਿਆ ਸਮਾਇ॥1॥
ਨਾ ਇਸੁ ਉਸਨੁ ਨਹੀ ਇਸੁ ਸੀਤੁ॥
ਨਾ ਇਸੁ ਦੁਸਮਨੁ ਨਾ ਇਸੁ ਮੀਤੁ॥
ਨਾ ਇਸੁ ਹਰਖੁ ਨਹੀ ਇਸੁ ਸੋਗੁ॥
ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ॥2॥
ਨਾ ਇਸੁ ਬਾਪੁ ਨਹੀ ਇਸੁ ਮਾਇਆ॥
ਇਹੁ ਅਪਰੰਪਰੁ ਹੋਤਾ ਆਇਆ॥
ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ॥
ਘਟ ਘਟ ਅੰਤਰਿ ਸਦ ਹੀ ਜਾਗੈ॥ (ਪੰਨਾ 868)
ਇਹ ਹੈ ਆਤਮਾ ਦਾ ਸਰੂਪ!
ਆਤਮਾ ਦਾ ਸਰੀਰ (ਕਾਇਆ) ਨਾਲ ‘ਹਉਮੈ’ ਵੱਸ ਹੋ ਕੇ ਸੰਜੋਗ ਬਣ ਜਾਂਦਾ ਹੈ ਅਤੇ ‘ਹਉਮੈ’ ਵੀ ‘ਹੁਕਮ’ ਅਧੀਨ ਹੈ। ਬਾਜੀਗਰ ਬਾਜੀ ਪਾਉਣ ਲਈ ‘ਹਉਮੈ’ ਪੈਦਾ ਕਰ ਦਿੰਦਾ ਹੈ। ਤੇ ‘ਜਲ ਤੇ ਊਠਹਿ ਅਨਿਕ ਤਰੰਗ’- ਬੇਅੰਤ ਜੀਵ ਅਤੇ ਪਸਾਰਾ ਪੈਦਾ ਹੋ ਜਾਂਦਾ ਹੈ। ‘ਕਾਇਆ ਹੰਸਿ ਸੰਜੋਗਿ ਮੇਲਿ ਮਿਲਾਇਆ’ ਹੁੰਦਾ ਹੈ। ਫਿਰ ‘ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ’ ਹੁੰਦਾ ਰਹਿੰਦਾ ਹੈ।
ਆਤਮਾ ਸਦਾ ਬ੍ਰਹਮ-ਰੂਪ ਰਹਿੰਦੀ ਹੈ, ਜੋਤਿ-ਸਰੂਪ ਵਿਚ। ਪਰ ਇਕ ਵਾਰੀ ਵਿੱਛੜ ਕੇ ਫਿਰ ਇਹ ਆਵਾਗਵਨ ਦਾ ਚੱਕਰ ਇਸ ਤਰ੍ਹਾਂ ਕੱਟਦੀ ਰਹਿੰਦੀ ਹੈ:
ਕਈ ਜਨਮ ਭਏ ਕੀਟ ਪਤੰਗਾ॥
ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥
ਕਈ ਜਨਮ ਹੈਵਰ ਬ੍ਰਿਖ ਜੋਇਓ॥1॥
ਮਿਲੁ ਜਗਦੀਸ ਮਿਲਨ ਕੀ ਬਰੀਆ॥
ਚਿਰੰਕਾਲ ਇਹ ਦੇਹ ਸੰਜਰੀਆ॥1॥ਰਹਾਉ॥
ਕਈ ਜਨਮ ਸੈਲ ਗਿਰਿ ਕਰਿਆ॥
ਕਈ ਜਨਮ ਗਰਭ ਹਿਰਿ ਖਰਿਆ॥
ਕਈ ਜਨਮ ਸਾਖ ਕਰਿ ਉਪਾਇਆ॥
ਲਖ ਚਉਰਾਸੀਹ ਜੋਨਿ ਭ੍ਰਮਾਇਆ॥ (ਪੰਨਾ 176)
ਆਤਮਾ ਚਉਰਾਸੀਹ ਲੱਖ ਜੂਨਾਂ ਵਿਚ ਚੱਕਰ ਕੱਟਦੀ ਹੈ। ਫਿਰ ਮਨੁੱਖਾ ਜਨਮ ਵਿਚ ਜਗਦੀਸ਼ ਨੂੰ ਮਿਲਦੀ ਹੈ।
ਆਤਮਾ ਸਦਾ ਬ੍ਰਹਮ ਹੀ ਹੈ। ਮਨ, ਬੁਧਿ, ਚਿਤ, ਹਿਰਦਾ- ਸਭ ਪ੍ਰਕਿਰਤੀ ਦੇ ਰੂਪ ਹਨ, ਪਰ ਇਨ੍ਹਾਂ ਦੁਆਰਾ ਹੀ ਜੋਤਿ ਦਾ ਪ੍ਰਕਾਸ਼ ਮਨੁੱਖ ਨੂੰ ਸਹਾਈ ਹੁੰਦਾ ਹੈ। ਮਨੁ, ਬੁਧਿ, ਚਿਤ ਆਦਿ ‘ਕਾਇਆ’ ਅਤੇ ‘ਆਤਮਾ’ ਦੇ ਵਿਚਾਰੇ ਸੰਜੋਗੀ ਸਾਧਨ ਹਨ।
ਬਾਣੀਕਾਰਾਂ ਨੇ ‘ਆਤਮਾ’ ਨੂੰ ਠੋਸ ਚਿੰਨ੍ਹਾਂ ਵਿਚ ਪ੍ਰਗਟ ਕਰ ਕੇ ਕਾਵਿ-ਰਸ ਮਾਣਿਆ। ਆਤਮਾ ‘ਅੰਤਰਗਤਿ ਤੀਰਥ’ ਹੈ, ‘ਜੋਤਿ ਸਚੀ ਮਨ ਮਾਹਿ’, ‘ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗ’, ‘ਅੰਤਰਿ ਕਮਲ ਪ੍ਰਗਾਸਿਆ’ ਤੇ, ‘ਰਿਦ ਮਾਣਕ ਮੋਲਿ ਅਮੋਲਿ’, ‘ਇਹ ਮਾਣਕ ਜੀਉ ਨਿਰਮੋਲ’ ਹੈ, ‘ਏਕਾ ਸੁਰਤਿ ਜੇਤੇ ਹੈ ਜੀਅ’ ਹੈ। ਆਤਮਾ ਨੂੰ ‘ਹੰਸ’ ਕਿਹਾ ਹੈ- ‘ਕਾਇਆ ਹੰਸ ਸੰਜੋਗ ਮੇਲਿ ਮਿਲਾਇਆ’ ਹੈ:
ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ॥
ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ॥
ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮਾ੍ਲਾ॥ (ਪੰਨਾ 754)
(ੲ) ਜਗਤ ਪ੍ਰਕਿਰਤੀ (Matter)
ਪ੍ਰਕਿਰਤੀ (matter) ਨੂੰ ‘ਤ੍ਰੈਗੁਣਾਂ’ ਤੇ ‘ਪੰਜ ਤੱਤਾਂ’ ਦੀ ਉਤਪਤੀ ਕਿਹਾ ਹੈ ਪਰ ‘ਤ੍ਰੈਗੁਣ’ ਪਰਮਾਤਮਾ-ਬ੍ਰਹਮ ਦੀ ਰਚਨਾ ਹੈ ਅਤੇ ਉਸ ਦੇ ‘ਹੁਕਮ’ ਅਨੁਸਾਰ ਉਸ ਵਿੱਚੋਂ ਹੀ ਉਪਜਦੇ ਹਨ, ਪ੍ਰਲੈ ਨਾਲ ਉਸ ਵਿਚ ਜਾ ਕੇ ਵਿਲੀਨ ਹੁੰਦੇ ਹਨ। ‘ਪ੍ਰਕਿਰਤੀ’ ਸਭ ‘ਬ੍ਰਹਮ’ ਹੈ ਪਰ ‘ਬਾਜੀਗਰੀ’ ਦੀ ਵਿਸਮਾਦੀ ਖੇਡ ਹੈ। ਇਹ ਹੈ ਤ੍ਰੈਗੁਣਾਂ ਦਾ ਵਿਸਮਾਦੀ ਪਸਾਰਾ:
ਵਿਸਮਾਦੁ ਨਾਦ ਵਿਸਮਾਦੁ ਵੇਦ॥
ਵਿਸਮਾਦੁ ਜੀਅ ਵਿਸਮਾਦੁ ਭੇਦ॥
ਵਿਸਮਾਦੁ ਰੂਪ ਵਿਸਮਾਦੁ ਰੰਗ॥
ਵਿਸਮਾਦੁ ਨਾਗੇ ਫਿਰਹਿ ਜੰਤ॥
ਵਿਸਮਾਦੁ ਪਉਣੁ ਵਿਸਮਾਦੁ ਪਾਣੀ॥
ਵਿਸਮਾਦੁ ਅਗਨੀ ਖੇਡਹਿ ਵਿਡਾਣੀ॥
ਵਿਸਮਾਦੁ ਧਰਤੀ ਵਿਸਮਾਦੁ ਖਾਣੀ॥
ਵਿਸਮਾਦੁ ਸਾਦਿ ਲਗਹਿ ਪਰਾਣੀ॥
ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ॥
ਵਿਸਮਾਦੁ ਭੁਖ ਵਿਸਮਾਦੁ ਭੋਗੁ॥
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ॥
ਵਿਸਮਾਦੁ ਉਝੜ ਵਿਸਮਾਦੁ ਰਾਹ॥
ਵਿਸਮਾਦੁ ਨੇੜੈ ਵਿਸਮਾਦੁ ਦੂਰਿ॥
ਵਿਸਮਾਦੁ ਦੇਖੈ ਹਾਜਰਾ ਹਜੂਰਿ॥
ਵੇਖਿ ਵਿਡਾਣੁ ਰਹਿਆ ਵਿਸਮਾਦੁ॥
ਨਾਨਕ ਬੁਝਣੁ ਪੂਰੈ ਭਾਗਿ॥ (ਪੰਨਾ 463-64)
ਪ੍ਰਕਿਰਤੀ ਬ੍ਰਹਮ ਸਰੂਪ ਹੈ ਪਰ ਕਿਵੇਂ ਬਾਣੀ, ਇਹ ਵਿਸਮਾਦੀ ਖੇਡ ਹੈ। ਇਹ ਪਾਸਾਰਾ ‘ਹੁਕਮ’ ਨਾਲ ਬਣਿਆ ਹੈ:
ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥ (ਪੰਨਾ 3)
ਬ੍ਰਹਮ ਤੋਂ ਬਿਨਾਂ ਕੋਈ ਹੋਰ ਸੱਤਾ ਨਹੀਂ ਹੈ। ਪੰਜ ਤੱਤ ਬ੍ਰਹਮ ਵਿੱਚੋਂ ਉਪਜਦੇ ਹਨ:
ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ॥
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ॥ (ਪੰਨਾ 18)
ਸ੍ਰਿਸ਼ਟੀ ਦਾ ਕਾਰਨ ਉਹ ਬ੍ਰਹਮ ਆਪ ਹੀ ਹੈ :
ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ॥
ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ॥ (ਪੰਨਾ 37)
ਦ੍ਵੈਤ ਕਿਧਰੇ ਨਹੀਂ ਹੈ, ਖੇਲ ਹੈ:
ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ॥ (ਪੰਨਾ 209)
ਪ੍ਰਕਿਰਤੀ ਦਾ ਖੇਲੁ ਸਾਰਾ ‘ਸਤਿ’ ਹੈ- ਆਪਿ ਸਤਿ ਕੀਆ ਸਭੁਸਤਿ,‘ਨਿਰਗੁਨ ਆਪਿ ਸਰਗੁਨ ਭੀ ਓਹੀ’, ‘ਸਰਬ ਭੂਤ ਆਪਿ ਵਰਤਾਰਾ’ ਅਤੇ ‘ਆਪਿ ਸਾਚੁ ਧਾਰੀ ਸਭ ਸਾਚੁ’ ਹੈ।
ਮਨ, ਬੁਧਿ, ਚਿਤ ਆਦਿ ਸਭ ਇਸੇ ਪ੍ਰਕਿਰਤੀ ਦੇ ਵਿਕਸਿਤ ਰੂਪ ਹਨ। ਸਾਰੀ ਸ੍ਰਿਸ਼ਟੀ ਵਿਚ ਚੇਤੰਨਤਾ ਆਤਮਾ ਦੀ ਹੈ।
ਲੇਖਕ ਬਾਰੇ
- ਡਾ. ਤਾਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%a4%e0%a8%be%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/October 1, 2008