ਵਿਸ਼ਵ ਧਰਮ-ਗ੍ਰੰਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚ-ਗੌਰਵਤਾ, ਸਿਰਮੌਰਤਾ ਤੇ ਮਹਾਨਤਾ ਦਾ ਪ੍ਰਮੁੱਖ ਕਾਰਨ ਇਸ ਦੇ ਭਾਈਚਾਰਕ (societal) ਤੇ ਸਰਬ-ਸਾਂਝੇ (common to all humanit) ਉਪਦੇਸ਼ ਕਰਕੇ ਹੈ ਜੋ ਮਨੁੱਖਤਾ ਨੂੰ ਵਿਸ਼ਵ ਭਾਈਚਾਰੇ (universal brotherhood) ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਕਲਿਤ ਅਗੰਮੀ ਧੁਰ ਕੀ ਬਾਣੀ ਰੌਸ਼ਨੀ ਦਾ ਅਜਿਹਾ ਸੋਮਾ ਹੈ, ਜਿਸ ਵਿਚ ਸਮੁੱਚੀ ਮਾਨਵਤਾ ਨੂੰ ਸਰਬੋਤਮ ਅਧਿਆਤਮਿਕ ਉਦੇਸ਼ ਦੀ ਪ੍ਰਾਪਤੀ ਲਈ ਨਿਰੰਤਰ ਰਹਿਨੁਮਾਈ ਕਰਨ ਦੀ ਸਮਰੱਥਾ ਹੈ। ਇਸ ਆਧਾਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਤਰ-ਰਾਸ਼ਟਰੀ ਧਰਮ ਗ੍ਰੰਥ ਮੰਨਿਆਂ ਜਾ ਸਕਦਾ ਹੈ। ਡਾ. ਸ਼ੇਰ ਸਿੰਘ ਦੇ ਸ਼ਬਦਾਂ ਵਿਚ: “ਗੁਰੂ ਸਾਹਿਬ ਦਾ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਤੋਂ ਇਹੋ ਸੀ ਕਿ ਦੁਨੀਆਂ ਵਿਚ ਸਦਾ ਲਈ ਇਕ ਅਜਿਹਾ ਗ੍ਰੰਥ ਬਣ ਜਾਵੇ ਜੋ ਹਰ ਜ਼ਮਾਨੇ, ਹਰ ਸਦੀ, ਹਰ ਕੌਮ ਤੇ ਹਰ ਮੁਲਕ ਵਿਚ ਧਰਮ ਦੇ ਅਸਲੀ ਭਾਵ ਨੂੰ ਦ੍ਰਿੜਾਏ। ਸਾਂਝੀਆਂ ਸੱਚਾਈਆਂ ਨੂੰ ਦਰਸਾਣ ਵਾਸਤੇ ਗੁਰਬਾਣੀ ਨਾਲੋਂ ਵਧ ਕੇ ਹੋਰ ਕੋਈ ਲਿਖਤ ਦੁਨੀਆਂ ਵਿਚ ਮੌਜੂਦ ਨਹੀਂ ਹੈ।”1
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਨ ‘ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ’ ਅਨੁਸਾਰ ਅਸੀਂ ਸਤਿਗੁਰੂ ਜੀ ਦੇ ਅਥਾਹ ਗੁਣਾਂ ਦਾ ਬਿਆਨ ਤਾਂ ਨਹੀਂ ਕਰ ਸਕਦੇ ਪਰ ਆਓ! ਆਪਾਂ ਜੁਗੋ-ਜੁਗ ਅਟੱਲ, ਜ਼ਾਹਿਰਾ- ਜ਼ਹੂਰ, ਪ੍ਰਗਟ ਗੁਰਾਂ ਕੀ ਦੇਹ, ਸ਼ਬਦ-ਗੁਰੂ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਵਿਚਾਰਨ ਦਾ ਨਿਮਾਣਾ ਜਿਹਾ ਯਤਨ ਕਰੀਏ ਜਿਨ੍ਹਾਂ ਦੇ ਆਧਾਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਵ-ਵਿਆਪਕਤਾ (universality) ਦਾ ਪ੍ਰਮਾਣ ਮਿਲਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕੇਵਲ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਹੀ ਸੰਕਲਿਤ ਨਹੀਂ ਕੀਤੀ ਗਈ ਸਗੋਂ ਭਾਰਤ ਦੇ ਮੱਧਕਾਲੀਨ ਭਗਤਾਂ ਤੇ ਸੰਤਾਂ ਦੀ ਬਾਣੀ ਵੀ ਸ਼ਾਮਲ ਹੈ ਜਿਸ ਦੁਆਰਾ ਸਦੀਆਂ ਤੋਂ ਮਨੁੱਖਾਂ ਵਿਚ ਪਾਏ ਗਏ ਊਚ-ਨੀਚ, ਜਾਤ-ਪਾਤ, ਆਦਿ ਦੇ ਸਮਾਜਿਕ ਵਖਰੇਵਿਆਂ ਨੂੰ ਮਿਟਾਇਆ ਗਿਆ ਹੈ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ-
“ਸ੍ਰੀ ਗੁਰੂ ਗ੍ਰੰਥ ਸਾਹਿਬ, ਇਕ ਐਸਾ ਰੂਹਾਨੀ ਖੁਰਾਕ ਦਾ ਥਾਲ ਪਰੋਸਿਆ ਹੈ ਗੁਰੂ ਮਹਾਰਾਜ ਨੇ, ਜਿਸ ਵਿਚ ਪਦਾਰਥਾਂ ਵਾਂਗ ਮਹਾਂਪੁਰਸ਼ਾਂ ਦੀ ਬਾਣੀ ਹੈ।”2
ਇਨ੍ਹਾਂ ਬਾਣੀਕਾਰਾਂ ਵਿਚ ਛੇ ਗੁਰੂ ਸਾਹਿਬਾਨ, ਪੰਦਰਾਂ ਭਗਤ ਸਾਹਿਬਾਨ, ਗਿਆਰਾਂ ਭੱਟ ਸਾਹਿਬਾਨ ਤੇ ਚਾਰ ਗੁਰੂ-ਘਰ ਦੇ ਸਿੱਖ ਸ਼ਾਮਲ ਹਨ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵਿਚ ਜਿੱਥੇ ਸਿੱਖ ਗੁਰੂ ਸਾਹਿਬਾਨ ਹਨ ਉੱਥੇ ਭਾਰਤ-ਭਰ ਦੇ ਹਿੰਦੂ ਤੇ ਮੁਸਲਿਮ ਪਿਛੋਕੜ ਵਾਲੇ ਭਗਤ, ਮਹਾਂਪੁਰਸ਼, ਸੰਤ, ਪੀਰ ਤੇ ਫ਼ਕੀਰ ਵੀ ਸ਼ਾਮਲ ਹਨ ਜੋ ਵੱਖ-ਵੱਖ ਜਾਤੀਆਂ ਤੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧਿਤ ਸਨ। ਉਦਾਹਰਣ ਦੇ ਤੌਰ ’ਤੇ ਭਗਤ ਜੈ ਦੇਵ ਜੀ, ਭਗਤ ਤ੍ਰਿਲੋਚਨ ਜੀ ਤੇ ਭਗਤ ਰਾਮਾਨੰਦ ਜੀ ਬ੍ਰਾਹਮਣ ਸਨ। ਭਗਤ ਕਬੀਰ ਜੀ ਅਖੌਤੀ ਜੁਲਾਹੇ, ਭਗਤ ਨਾਮਦੇਵ ਜੀ ਅਖੌਤੀ ਛੀਂਬੇ, ਭਗਤ ਰਵਿਦਾਸ ਜੀ ਅਖੌਤੀ ਚਮਾਰ ਤੇ ਭਗਤ ਸੈਣ ਜੀ ਅਖੌਤੀ ਨਾਈ ਸਨ। ਗੁਰੂ ਸਾਹਿਬਾਨ ਪੰਜਾਬ ਦੇ ਖੱਤਰੀ ਸਨ ਪਰ ਬਾਕੀ ਬਾਣੀਕਾਰ ਬੰਗਾਲ, ਮਹਾਰਾਸ਼ਟਰ, ਰਾਜਪੂਤਾਨਾ, ਉੱਤਰ ਪ੍ਰਦੇਸ਼, ਸਿੰਧ, ਅਵਧ ਆਦਿ ਪ੍ਰਦੇਸ਼ਾਂ ਤੋਂ ਸਨ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹਾਂ ਤਾਂ ਸਾਰਿਆਂ ਦੀ ਬਾਣੀ ਨੂੰ ਗੁਰੂ ਰੂਪ ਜਾਣ ਕੇ ਸਤਿਕਾਰ ਦਿੰਦੇ ਹਾਂ।
ਇਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਾਰਮਿਕ ਸਾਂਝ ਤੇ ਧਾਰਮਿਕ ਸੰਗਠਨ ਦਾ ਸਰਬ-ਸਾਂਝਾ ਗ੍ਰੰਥ ਮੰਨਿਆਂ ਗਿਆ ਹੈ ਜਿਸ ਵਿਚ ਹਿੰਦੁਸਤਾਨ ਦਾ ਲੱਗਭਗ ਛੇ ਸਦੀਆਂ ਦਾ ਅਧਿਆਤਮਿਕ ਤੇ ਧਾਰਮਿਕ ਵਿਰਸਾ ਸਾਂਭਿਆ ਪਿਆ ਹੈ। ਇਹ ਨਾ ਕੇਵਲ ਰਾਸ਼ਟਰੀ ਏਕਤਾ ਦੇ ਪ੍ਰਤੀਕ ਹਨ ਸਗੋਂ ਕੁੱਲ ਮਾਨਵਤਾ ਨੂੰ ਵਿਸ਼ਵ- ਭਾਈਚਾਰੇ ਦਾ ਸੰਦੇਸ਼ ਦੇਣ ਲਈ ਮਾਰਗ-ਦਰਸ਼ਕ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹੀ ਵਿਸ਼ੇਸ਼ਤਾ ਜਿੱਥੇ ਇਸ ਨੂੰ ਬਾਕੀ ਦੇ ਪ੍ਰਮੁੱਖ ਧਾਰਮਿਕ ਗ੍ਰੰਥਾਂ ਨਾਲੋਂ ਵਿਲੱਖਣ ਸਥਾਨ ਦਿਵਾਉਂਦੀ ਹੈ ਉੱਥੇ ਇਸ ਨੂੰ ਸਮੁੱਚੇ ਵਿਸ਼ਵ ਨਾਲ ਜੋੜਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਰਮਾਤਮਾ ਦਾ ਸਰਬ-ਸਾਂਝਾ ਸਰੂਪ ਚਿਤਰਿਆ ਗਿਆ ਹੈ ਜਿਸ ਦੁਆਰਾ ਮਨੁੱਖਤਾ ਦੀ ਸਮਾਨਤਾ ਤੇ ਭਰਾਤਰੀਭਾਵ ਦੀ ਭਾਵਨਾ ਨੂੰ ਬਲ ਮਿਲਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ-ਮੰਤਰ ਦੇ ਅਰੰਭ ਵਿਚ ‘ਓਅੰਕਾਰ’ (ਜੋ ਅਨੇਕਤਾ ਦਾ ਪ੍ਰਤੀਕ ਹੈ) ਤੋਂ ਪਹਿਲਾਂ ‘1’ ਹਿੰਦਸਾ ਵਰਤ ਕੇ ਪਰਮ-ਹਸਤੀ ਦੇ ਸਰੂਪ ਦਾ ਨਿਰਣਾ ਕਰ ਦਿੱਤਾ ਹੈ ਤਾਂ ਕਿ ਵਿਦਵਾਨਾਂ ਦੁਆਰਾ ਪਹਿਲਾਂ ਦੀ ਤਰ੍ਹਾਂ ਭ੍ਰਾਂਤੀਪੂਰਨ ਧਾਰਨਾਵਾਂ ਨੂੰ ਬਲ ਨਾ ਮਿਲ ਸਕੇ। ਆਪ ਜੀ ਨੇ ਪਰਮਾਤਮਾ ਦੀ ਏਕਤਾ ਦੀ ਗੱਲ ਜ਼ੋਰਦਾਰ ਸ਼ਬਦਾਂ ਦੁਆਰਾ ਆਖੀ ਹੈ :
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਪੰਨਾ 350)
ਮੂਲ-ਮੰਤਰ ਤੋਂ ਇਲਾਵਾ ਗੁਰਬਾਣੀ ਵਿਚ ਅਨੇਕਾਂ ਤੁਕਾਂ ਵਿਚ ਪਰਮਾਤਮਾ ਦੇ ‘ਇੱਕ’ ਹੋਣ ਦੀ ਪੁਸ਼ਟੀ ਹੋਈ ਹੈ:
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥ (ਪੰਨਾ 1291)
ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ॥ (ਪੰਨਾ 433)
ਸਾਹਿਬ ਮੇਰਾ ਏਕੁ ਹੈ ਅਵਰੁ ਨਹੀ ਭਾਈ॥ (ਪੰਨਾ 420)
ਵਿਦਵਾਨਾਂ ਦੀ ਰਾਇ ਹੈ ਕਿ ਦਾਰਸ਼ਨਿਕ ਦ੍ਰਿਸ਼ਟੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਰਮ-ਹਸਤੀ ਦੀ ਏਕਤਾ ਭਾਵ ‘ਤੌਹੀਦ’ ਦਾ ਸੰਕਲਪ ਨਿਸਚਿਤ ਕੀਤਾ ਗਿਆ ਹੈ। ਇਸੇ ਸੰਦਰਭ ਵਿਚ ਜਨਾਬ ਮੁਹੰਮਦ ਇਕਬਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਾਰੀਫ਼ ਕਰਦਿਆਂ ਕਿਹਾ ਸੀ-
ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖ਼ੁਆਬ ਸੇ।
ਗੁਰਬਾਣੀ ਅਨੁਸਾਰ ਸਾਰੇ ਮਨੁੱਖ ਇਕ (ਸਾਂਝੇ ਪਿਤਾ) ਪਰਮਾਤਮਾ ਦੀ ਸੰਤਾਨ ਹਨ ਇਸ ਲਈ ਆਪਸ ਵਿਚ ਭਰਾ-ਭਰਾ ਹਨ:
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ (ਪੰਨਾ 611)
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ (ਪੰਨਾ 97)
ਗੁਰੂ ਜੀ ਨੇ ਇਹ ਵੀ ਦ੍ਰਿੜ੍ਹ ਕਰਵਾਇਆ ਹੈ ਕਿ ‘ਪੁਹਪ ਮਧਿ ਜਿਉ ਬਾਸੁ ਬਸਤੁ ਹੈ’ ਉਸੇ ਤਰ੍ਹਾਂ ਉਹ ਇਕ ਪਰਮਾਤਮਾ ਸਭ ਦੇ ਅੰਦਰ ਵਿਦਮਾਨ ਹੈ। ਉਸ ਘਟ-ਘਟ ਵਿਚ ਵੱਸਣ ਵਾਲੇ ਇੱਕ ਪਰਮਾਤਮਾ ਦਾ ਆਸਰਾ ਹੀ ਸਾਰੇ ਮੰਗਦੇ ਹਨ:
ਸਭ ਕੋ ਆਸੈ ਤੇਰੀ ਬੈਠਾ॥
ਘਟ ਘਟ ਅੰਤਰਿ ਤੂੰਹੈ ਵੁਠਾ॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ (ਪੰਨਾ 97)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਭ ਬੰਦੇ ਕੁਦਰਤ ਦੇ ਹਨ ਤੇ ਸਭ ਦਾ ਕਾਦਰ ਪ੍ਰਭੂ ਹੈ। ਸਾਰੇ ਇੱਕ ਹੀ ਨੂਰ ਤੋਂ ਪੈਦਾ ਹੋਏ ਹਨ। ਭਗਤ ਕਬੀਰ ਜੀ ਫੁਰਮਾਉਂਦੇ ਹਨ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1349)
ਗੁਰਬਾਣੀ ਵਿਚ ਸਮੂਹ ਮਾਨਵ-ਜਾਤੀ ਦੇ ਅੰਦਰ ਨਿਵਾਸ ਕਰ ਰਹੀ ਇੱਕ ਜੋਤਿ ਦੇ ਪ੍ਰਕਾਸ਼ ਉੱਪਰ ਬਲ ਦਿੱਤਾ ਗਿਆ ਹੈ ਤੇ ਮਾਨਵਤਾ ਨੂੰ ਅਧਿਆਤਮਿਕ ਏਕਤਾ ਅਤੇ ਨੈਤਿਕ ਚੇਤਨਾ ਦਾ ਮਾਰਗ ਸੁਝਾਇਆ ਹੈ:
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ 13)
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (ਪੰਨਾ 671)
ਨਿਰਸੰਦੇਹ, ਭਾਈ ਘਨੱਈਆ ਜੀ ਨੂੰ ਦੁਸ਼ਮਣਾਂ ਵਿਚ ਵੀ ਪਰਮਾਤਮਾ ਦੇ ਨੂਰ ਦਾ ਅਹਿਸਾਸ ਹੋ ਗਿਆ ਸੀ ਜਿਸ ਕਰਕੇ ਉਹ ਅਨੰਦਪੁਰ ਸਾਹਿਬ ਦੀ ਜੰਗ ਸਮੇਂ ਬਿਨਾਂ ਭੇਦ-ਭਾਵ ਦੇ ਸਾਰਿਆਂ ਨੂੰ ਪਾਣੀ ਪਿਆ ਰਹੇ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹਰ ਇਕ ਮਨੁੱਖ ਨੂੰ ‘ਗੋਬਿੰਦ ਮਿਲਣ’ ਦਾ ਸਾਂਝਾ ਜੀਵਨ ਮਨੋਰਥ ਦਿੱਤਾ ਹੈ:
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਪੰਨਾ 12)
ਇਹ ਜੀਵਨ-ਮਨੋਰਥ ਹਰ ਮਨੁੱਖ, ਚਾਹੇ ਉਹ ਬ੍ਰਾਹਮਣ, ਖੱਤਰੀ, ਵੈਸ਼ ਜਾਂ ਸ਼ੂਦਰ ਹੈ, ਪ੍ਰਾਪਤ ਕਰਨ ਦਾ ਹੱਕ ਰੱਖਦਾ ਹੈ। ਗੁਰਬਾਣੀ ਵਿਚ ਜਾਤ-ਪਾਤ ਪ੍ਰਣਾਲੀ ਨੂੰ ਰੱਦ ਕਰਦਿਆਂ ‘ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ’ ਕਿਹਾ ਗਿਆ ਹੈ ਅਰਥਾਤ ਰੱਬ ਦੇ ਦਰਬਾਰ ਵਿਚ ਕਿਸੇ ਨੇ ਜਾਤ ਨਹੀਂ ਪੁੱਛਣੀ, ਉੱਥੇ ਤਾਂ ਅਮਲਾਂ ਦਾ ਨਿਬੇੜਾ ਹੋਣਾ ਹੈ। ਗੁਰੂ ਜੀ ਨੇ ਫੁਰਮਾਇਆ ਹੈ ਕਿ ਜੋ ਵੀ ਪ੍ਰਾਣੀ ਗੋਵਿੰਦ ਧਿਆਉਂਦਾ ਹੈ ਭਾਵੇਂ ਉਹ ਅਨਪੜ੍ਹ ਹੋਵੇ ਜਾਂ ਵਿਦਵਾਨ ਪਰਮਗਤਿ ਨੂੰ ਪ੍ਰਾਪਤ ਕਰ ਸਕਦਾ ਹੈ:
ਜੋ ਪ੍ਰਾਣੀ ਗੋਵਿੰਦੁ ਧਿਆਵੈ॥
ਪੜਿਆ ਅਣਪੜਿਆ ਪਰਮ ਗਤਿ ਪਾਵੈ॥ (ਪੰਨਾ 197)
ਇਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਚਾਰੇ ਵਰਨਾਂ ਲਈ ਬਿਨਾਂ ਕਿਸੇ ਭਿੰਨ-ਭੇਦ ਦੇ ਸਮੁੱਚੀ ਮਨੁੱਖਤਾ ਲਈ ਸਾਂਝਾ ਹੈ:
ਖਤ੍ਰੀ ਬ੍ਰਾਹਮਣੁ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ 747)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਕਿਸੇ ਵੀ ਧਰਮ ਜਾਂ ਫ਼ਿਰਕੇ ਦੀ ਨਿਖੇਧੀ ਨਹੀਂ ਕੀਤੀ ਗਈ ਸਗੋਂ ਹਰ ਧਰਮ ਦਾ ਆਦਰ ਕਰਦਿਆਂ ਉਸ ਨਾਲ ਬਰਾਬਰੀ ਦੇ ਧਰਾਤਲ ਉੱਤੇ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੇਠ ਲਿਖੀਆਂ ਤੁਕਾਂ ਵਿਚ ਧਰਮਾਂ ਦੀਆਂ ਭਿੰਨਤਾਵਾਂ ਪ੍ਰਤੀ ਸਤਿਕਾਰ ਦਾ ਵਿਸ਼ਵ-ਵਿਆਪੀ ਨਜ਼ਰੀਆ ਪ੍ਰਤੱਖ ਹੈ:
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥
ਕੋਈ ਸੇਵੈ ਗੁਸਈਆ ਕੋਈ ਅਲਾਹਿ॥
ਕਾਰਣ ਕਰਮ ਕਰੀਮ॥
ਕਿਰਪਾ ਧਾਰਿ ਰਹੀਮ॥
ਕੋਈ ਨਾਵੈ ਤੀਰਥਿ ਕੋਈ ਹਜ ਜਾਇ॥
ਕੋਈ ਕਰੈ ਪੂਜਾ ਕੋਈ ਸਿਰੁ ਨਵਾਇ॥
ਕੋਈ ਪੜੈ ਬੇਦ ਕੋਈ ਕਤੇਬ॥
ਕੋਈ ਓਢੈ ਨੀਲ ਕੋਈ ਸੁਪੇਦ॥
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥5॥ (ਪੰਨਾ 885)
ਪਰਮਾਤਮਾ ਨੂੰ ਜਾਣਨ ਦਾ ਭੇਦ ‘ਜਿਨਿ ਹੁਕਮੁ ਪਛਾਤਾ’ ਤੁਕ ਦੁਆਰਾ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖ ਦਿੱਤਾ ਹੈ ਅਤੇ ‘ਹੁਕਮ’ ਦੀ ਪਛਾਣ ਕਿਸੇ ਵਿਅਕਤੀ ਵਿਸ਼ੇਸ਼ ਤਕ ਸੀਮਿਤ ਨਹੀਂ ਹੈ। ਕੋਈ ਵਿਸ਼ੇਸ਼ ਪਰਮਾਤਮਾ ਦਾ ਨਾਮ, ਧਾਰਮਿਕ ਗ੍ਰੰਥ ਜਾਂ ਪੂਜਾ–ਪਾਠ ਦੀ ਵਿਧੀ ਪਰਮਾਤਮਾ ਦੇ ਮਿਲਣ ਵਿਚ ਰੁਕਾਵਟ ਨਹੀਂ ਹੈ। ਸੰਸਾਰ ਵਿਚ ਬਹੁਤ ਸਾਰੇ ਧਰਮ ਅਜਿਹੇ ਸੰਦੇਸ਼ ਦਾ ਪ੍ਰਚਾਰ ਕਰਦੇ ਹਨ ਜਿਸ ਅਨੁਸਾਰ, ਚੰਗਾ ਇਨਸਾਨ ਬਣ ਕੇ ਪਰਮਾਤਮਾ ਦੀ ਭਗਤੀ ਦੁਆਰਾ ਸਵਰਗ ਲੋਕ ਦੀ ਪ੍ਰਾਪਤੀ ਦਾ ਹੱਕ ਕੁਝ ਕੁ ਚੋਣਵੇਂ ਲੋਕਾਂ ਨੂੰ ਹੀ ਪ੍ਰਾਪਤ ਹੈ। ਜੋ ਲੋਕ ਉਸ ਧਰਮ ਤੋਂ ਬਾਹਰ ਹਨ ਜਾਂ ਜੋ ਲੋਕ ਉਸ ਧਰਮ ਦੀ ਸਿੱਖਿਆ ਨੂੰ ਨਹੀਂ ਮੰਨਦੇ ਉਨ੍ਹਾਂ ਚੋਣਵੇਂ ਲੋਕਾਂ ਦੀ ਆਪ ਘੜੀ ਵਿਚਾਰ ਦੇ ਮੁਤਾਬਕ ਉਹ ਪਰਮਾਤਮਾ ਦੀ ਅਜਿਹੀ ਬਖ਼ਸ਼ਿਸ਼ ਦੇ ਕਾਬਲ ਨਹੀਂ ਹਨ। ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧਾਰਮਿਕ ਸਿੱਖਿਆ ਅਜਿਹੀ ਹੈ ਕਿ ਇਹ ਇਸ ਸੰਸਾਰ ਵਿਚ ਵੱਸਦੇ ਸਾਰੇ ਇਨਸਾਨਾਂ ਨੂੰ ਬਰਾਬਰ ਸਮਝ ਕੇ ਉਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸਦੀ ਹੈ। ਇਸ ਪ੍ਰਾਪਤੀ ਲਈ ਜੋ ਸ਼ਰਤ ਜਾਂ ਯੋਗਤਾ ਹੈ ਉਹ ਸਭ ਲਈ ਬਰਾਬਰ ਹੈ, ਕਿਸੇ ਨੂੰ ਵੀ ਵਿਸ਼ੇਸ਼ ਛੋਟ ਨਹੀਂ ਹੈ। ਗੁਰਬਾਣੀ ਨਾਮ-ਸਿਮਰਨ ’ਤੇ ਜ਼ੋਰ ਦਿੰਦੀ ਹੈ ਪਰ ਨਾਮ- ਵਿਸ਼ੇਸ਼ ’ਤੇ ਨਹੀਂ।” ਗੁਰਬਾਣੀ ਵਿਚ ਫੁਰਮਾਇਆ ਹੈ:
ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥ (ਪੰਨਾ 747)
ਇਸ ਸੰਦਰਭ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿਚ ‘ਮਾਨਸ ਕੀ ਜਾਤ ਸਬੈ ਏਕੈ’ ਦੇ ਸੰਦੇਸ਼ ਦੁਆਰਾ ਵਿਸ਼ਵ-ਭਾਈਚਾਰੇ ਦੇ ਦ੍ਰਿਸ਼ਟੀਕੋਣ ਨੂੰ ਬਲ ਦਿੱਤਾ ਹੈ। ਦਸਮੇਸ਼ ਪਿਤਾ ਜੀ ਦਾ ‘ਅਕਾਲ ਉਸਤਤਿ’ ’ਚ ਫੁਰਮਾਨ ਹੈ:
ਕੋਈ ਭਯੋ ਮੁੰਡੀਆ ਕੋਈ ਜੋਗੀ ਭਯੋ; ਕੋਊ ਬ੍ਰਹਮਚਾਰੀ,ਕੋਈ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫ਼ਜੀ ਇਮਾਮ ਸਾਫ਼ੀ, ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ॥
ਗੁਰਬਾਣੀ ਵਿਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ-ਆਪਣੇ ਧਰਮ ਦੇ ਦਰਸਾਏ ਅਸੂਲਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ ਹੈ। ਉਂਞ ਵੀ ਸਿੱਖਾਂ ਦੇ ਧਾਰਮਿਕ ਸਥਾਨਾਂ ਅਤੇ ਧਾਰਮਿਕ ਸਮਾਰੋਹਾਂ ਵਿਚ ਜਾਣ ਲਈ ਕੋਈ ਰੋਕ-ਟੋਕ ਨਹੀਂ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਅਨੂਠੀ ਮਿਸਾਲ ਸੰਸਾਰ ਦੇ ਸਾਹਮਣੇ ਹੈ ਜਿਸ ਦੀ ਨੀਂਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੂਫੀ ਫਕੀਰ ਸਾਂਈਂ ਮੀਆਂ ਮੀਰ ਜੀ ਤੋਂ ਰਖਵਾਈ ਸੀ ਅਤੇ ਇਸ ਦੇ ਚਾਰ ਦਰਵਾਜ਼ੇ ਚਾਰੇ ਦਿਸ਼ਾਵਾਂ ਭਾਵ ਵਿਸ਼ਵ-ਭਰ ਤੋਂ ਆਉਣ ਵਾਲੇ ਹਰ ਪ੍ਰਾਣੀ-ਮਾਤਰ (ਬਗ਼ੈਰ ਕਿਸੇ ਭੇਦ-ਭਾਵ ਦੇ) ਲਈ ਖੁੱਲ੍ਹੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੁੱਚੀ ਮਨੁੱਖਤਾ ਨੂੰ ਧਾਰਮਿਕ ਅਗਵਾਈ ਦੇਣ ਲਈ ‘ਧਰਮ’ ਦੀ ਇਕ ਸੰਪੂਰਨ, ਸਰਬ-ਕਾਲਿਕ, ਸਰਬ-ਭੌਮਿਕ ਤੇ ਸਾਰਿਆਂ ’ਤੇ ਲਾਗੂ ਹੋਣ ਵਾਲੀ ਪਰਿਭਾਸ਼ਾ ਦਿੱਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਧਰਮ’ ਨੂੰ ‘ਸਚੁ ਧਰਮੁ’ ਦਾ ਨਾਂ ਦਿੱਤਾ ਹੈ। ‘ਧਰਮ’ ਦੀ ਏਕਤਾ ਤੇ ਸਦੀਵਤਾ ਨੂੰ ਪ੍ਰਵਾਨ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਧਰਮ’ ਨੂੰ ਨਵੇਂ ਸੰਦਰਭ ਵਿਚ ਪਰਿਭਾਸ਼ਿਤ ਕੀਤਾ ਜੋ ਸਦੀਵ ਕਾਲ ਲਈ ਪ੍ਰਮਾਣਿਕ ਹੈ। ਧਰਮ ਇੱਕੋ ਹੈ ਤੇ ਸਦੀਵੀ ਹੈ ਜਿਸ ਦੇ ਮੁੱਲ ਬਿਨਾਂ ਕਿਸੇ ਤਬਦੀਲੀ ਦੇ ਹਰ ਇਕ ਜੁੱਗ ਵਿਚ ਇੱਕੋ ਜਹੇ ਰਹਿੰਦੇ ਹਨ। ਧਰਮ ਆਪਣੇ ਨਿਰੋਲ ਰੂਪ ਵਿਚ ਸਦਾ ਅਟੱਲ ਹੈ। ‘ਧਰਮ’ ਕੋਈ ਅਸਥਾਈ ਵਸਤੂ ਨਹੀਂ ਹੈ, ਸਗੋਂ ਹਮੇਸ਼ਾਂ ਰਹਿਣ ਵਾਲਾ ਸਿਧਾਂਤ ਹੈ ਜੋ ਓਦੋਂ ਤਕ ਮੌਜੂਦ ਰਹੇਗਾ ਜਦੋਂ ਤਕ ਵਿਸ਼ਵ ਕਾਇਮ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ:
ਏਕੋ ਧਰਮੁ ਦ੍ਰਿੜੈ ਸਚੁ ਕੋਈ॥
ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ (ਪੰਨਾ 1188)
ਇਸ ਸੰਦਰਭ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਮੋਲਕ ਬਚਨ ਹਨ:
ਸਰਬ ਧਰਮ ਮਹਿ ਸ੍ਰੇਸਟ ਧਰਮ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ ( ਪੰਨਾ 266)
ਅਰਥਾਤ ਸਭਨਾਂ ਧਰਮਾਂ ਤੋਂ ਸ੍ਰੇਸ਼ਟ ਧਰਮ ਉਹ ਹੈ ਜਿਸ ਵਿਚ ਅਕਾਲ ਪੁਰਖ ਦਾ ਨਾਮ ਜਪਦਿਆਂ ਹੋਇਆਂ ਮਨੁੱਖ-ਮਾਤਰ ਦੀ ਸੇਵਾ ਲਈ ਕਰਮ ਕੀਤੇ ਜਾਣ।‘ਧਰਮ’ ਦੀ ਉਪਰੋਕਤ ਪਰਿਭਾਸ਼ਾ ਅਨੁਸਾਰ ਪ੍ਰਾਣੀਆਂ ਨੇ ਧਰਮ ਦੇ ਦੋ ਮੁੱਖ ਪੱਖ ਸਿਮਰਨ ਤੇ ਸੇਵਾ ਆਪਣੇ ਜੀਵਨ ਵਿਚ ਅਪਣਾਉਣੇ ਹਨ। ਸਿਮਰਨ ਤੇ ਸੇਵਾ ਸਿੱਖ ਧਰਮ ਦੇ ਬੁਨਿਆਦੀ ਅਸੂਲ ਜਾਂ ਥੰਮ੍ਹ ਮੰਨੇ ਗਏ ਹਨ, ਜਿਨ੍ਹਾਂ ’ਤੇ ਸਿੱਖ ਧਰਮ-ਚਿੰਤਨ ਦੀ ਉਸਾਰੀ ਹੋਈ ਹੈ। ਜਦੋਂ ਅਕਾਲ ਪੁਰਖ ਦਾ ਨਾਮ ਜਪਦਿਆਂ ਹੋਇਆਂ ਨਾਮ ਜਪਣ ਵਾਲੇ ਦੇ ਹਿਰਦੇ ਵਿਚ ਨਾਮੀ ਨਾਲ ਪਿਆਰ ਉਤਪੰਨ ਹੋ ਜਾਂਦਾ ਹੈ ਤਾਂ ਉਸ ਨੂੰ ਹਰ ਪ੍ਰਾਣੀ-ਮਾਤਰ ਵਿਚ ਉਸੇ ਦੀ ਜੋਤਿ ਨਜ਼ਰ ਆਉਂਦੀ ਹੈ। ਫਿਰ ਉਸ ਦੁਆਰਾ ਕੀਤੇ ਕਾਰਜਾਂ ਵਿਚ ਵੀ ਪ੍ਰੇਮ-ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ ਕਿਉਂਕਿ ਉਹ ਮਨੁੱਖ-ਮਾਤਰ ਦੀ ਸੇਵਾ ਵਿਚ ਤਨੋਂ-ਮਨੋਂ ਜੁੱਟ ਜਾਂਦਾ ਹੈ। ਵਰਤਮਾਨ ਯੁੱਗ ਵਿਚ ਇਸ ਅੰਤਰ-ਦ੍ਰਿਸ਼ਟੀ ਦੀ ਲੋੜ ਹੈ।
ਨਿਰਸੰਦੇਹ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਰੂਪਤ ‘ਸਚੁ ਧਰਮੁ’ ਦੀ ਪਰਿਭਾਸ਼ਾ ਕਿਸੇ ਸੰਪ੍ਰਦਾਇਕ ਧਰਮ, ਕੌਮ ਸਮੇਂ ਜਾਂ ਵਿਸ਼ੇਸ਼ ਸਥਾਨ ਤਕ ਸੀਮਿਤ ਨਹੀਂ ਹੈ ਸਗੋਂ ਵਿਸ਼ਵ ਦੇ ਹਰ ਪ੍ਰਾਣੀ ਲਈ ਸਦੀਵ ਕਾਲ ਲਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਧਰਮ ਅਤੇ ਸਦਾਚਾਰ ਦਾ ਅਨਿੱਖੜਵਾਂ ਸੰਬੰਧ ਦਰਸਾਇਆ ਗਿਆ ਹੈ ਤੇ ਮਨੁੱਖੀ ਚਰਿੱਤਰ ਦੇ ਵਿਕਾਸ ਨੂੰ ਸਰਬ-ਉੱਚ ਮਹਤੱਤਾ ਦਿੱਤੀ ਗਈ ਹੈ। ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ’ ਦੇ ਫ਼ੁਰਮਾਨ ਅਨੁਸਾਰ ਬੇਸ਼ੱਕ ਸੱਚ ਦਾ ਗਿਆਨ ਬਹੁਤ ਉੱਚਾ ਆਦਰਸ਼ ਹੈ ਪਰ ਇਸ ਗਿਆਨ ਨੂੰ ਜੀਵਨ ਵਿਚ ਢਾਲਣਾ ਭਾਵ ਸੱਚ-ਆਚਾਰ ਦਾ ਧਾਰਨੀ ਹੋਣਾ ਇਸ ਤੋਂ ਵੀ ਉਚੇਰਾ ਹੈ। ਜੋ ਵਿਅਕਤੀ ਸਦਾਚਾਰੀ ਨਹੀਂ ਉਹ ਧਰਮੀ ਹੋ ਹੀ ਨਹੀਂ ਸਕਦਾ ਕਿਉਂਕਿ ਧਰਮ ਦਾ ਵਿਹਾਰਿਕ ਪਹਿਲੂ ਸਦਾਚਾਰ ਹੋਣ ਕਾਰਨ ਮਨੁੱਖ ਦੀ ਸਦਾਚਾਰਕ ਉੱਤਮਤਾ ਨੂੰ ਉਸ ਦੀ ਅਧਿਆਤਮਿਕ ਯੋਗਤਾ ਦੀ ਲਾਜ਼ਮੀ ਸ਼ਰਤ ਪ੍ਰਵਾਨ ਕੀਤਾ ਗਿਆ ਹੈ। ਗੁਰਬਾਣੀ ਵਿਚ ਮਨੁੱਖ ਨੂੰ ਆਪਣੇ ਉਦੇਸ਼ ਦੀ ਪ੍ਰਾਪਤੀ ਕਰਨ ਲਈ ਸਤਿ, ਸੰਤੋਖ, ਦਇਆ, ਗਿਆਨ, ਨਿਮਰਤਾ, ਮਿੱਠਤ, ਸਹਿਨਸ਼ੀਲਤਾ, ਨਿਰਮਲਤਾ, ਪਰਉਪਕਾਰ, ਨਿਰਭੈਤਾ, ਨਿਰਵੈਰਤਾ ਆਦਿ ਸਦਗੁਣਾਂ ਨੂੰ ਅਪਣਾਉਣ ਅਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਈਰਖਾ, ਝੂਠ ਆਦਿ ਔਗੁਣਾਂ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਗੁਰਵਾਕ ਹੈ:
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ ( ਪੰਨਾ 766)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਰਕ ’ਤੇ ਅਧਾਰਿਤ ਨਿਯਮਾਵਲੀ ਅੰਕਿਤ ਹੈ ਜਿਸ ਨੂੰ ਅਪਣਾ ਕੇ ਸਮੁੱਚੀ ਮਨੁੱਖ ਜਾਤੀ ਵਹਿਮਾਂ-ਭਰਮਾਂ ਦੇ ਜਾਲ ਵਿੱਚੋਂ ਨਿਕਲ ਸਕਦੀ ਹੈ। ਗੁਰਬਾਣੀ ਸੇਧ ਦਿੰਦੀ ਹੈ ਕਿ ਜਾਤ-ਪਾਤ, ਛੂਤ-ਛਾਤ, ਜੰਤ੍ਰ- ਮੰਤ੍ਰ-ਤੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼ੀ, ਸ਼ਰਾਧ, ਪਿਤਰ, ਪਿੰਡ, ਪੱਤਲ, ਦੀਵਾ, ਕਿਰਿਆ-ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭੱਦਣ, ਸੂਤਕ-ਪਾਤਕ, ਵਰਤ, ਤਿਲਕ, ਜੰਞੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ-ਰੂਪ ਫਜ਼ੂਲ ਕਰਮਾਂ ਉੱਤੇ ਨਿਸਚਾ ਨਹੀਂ ਕਰਨਾ। ਅਜਿਹੀ ਵਿਗਿਆਨਿਕ ਦ੍ਰਿਸ਼ਟੀ ਅੱਜ ਦੇ ਅਗਾਂਹਵਧੂ ਮਨੁੱਖ ਨੂੰ ਲੋੜੀਂਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ‘ਅਣਖ, ਸਵੈਮਾਣ ਅਤੇ ਆਜ਼ਾਦੀ ਨਾਲ ਜੀਊਣ’ ਦਾ ਸੰਦੇਸ਼ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਗਲਾਂ ਦੇ ਹੱਥੋਂ ਭਾਰਤੀਆਂ ਦੀ ਬੇਪਤੀ ਦੇ ਕਾਂਡ ਨੂੰ ਵੇਖਿਆ ਤੇ ਆਪਣੀ ਬਾਣੀ ਵਿਚ ਉਸ ਦਾ ਜ਼ਿਕਰ ਕਰਦਿਆਂ ਪਰਮਾਤਮਾ ਨਾਲ ਗ਼ਿਲਾ ਕੀਤਾ ਕਿ ‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥’ ਗੁਰੂ ਜੀ ਨੇ ਗ਼ੁਲਾਮੀ ਦੇ ਜੀਵਨ ਨੂੰ ਧਿਰਕਾਰ ਪਾਈ ਹੈ ਕਿਉਂਕਿ ਗ਼ੁਲਾਮ ਦੀ ਕੋਈ ਇੱਜ਼ਤ ਨਹੀਂ ਰਹਿੰਦੀ ਤੇ ਉਸ ਦਾ ਖਾਣਾ-ਪੀਣਾ ਵੀ ਹਰਾਮ ਹੋ ਜਾਂਦਾ ਹੈ:
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ 142)
ਸ਼ੇਖ਼ ਫਰੀਦ ਜੀ ਤਾਂ ਪਰਾਧੀਨਤਾ ਵਾਲੇ ਜੀਵਨ ਦੀ ਥਾਂ ਰੱਬ ਤੋਂ ਮੌਤ ਮੰਗਦੇ ਹਨ:
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥ (ਪੰਨਾ 1380)
ਇਸੇ ਲਈ ਗੁਰਬਾਣੀ ਵਿਚ ‘ਪਤਿ ਵਿਣੁ ਪੂਜਾ’ ਨੂੰ ਵੀ ਨਿਰਾਰਥਕ ਕਿਹਾ ਹੈ ਤੇ ਮਨੁੱਖ ਨੂੰ ਇੱਜ਼ਤ ਤੇ ਗ਼ੈਰਤ ਨਾਲ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ ਗਈ ਹੈ। ‘ਆਪ ਜੀਓ ਤੇ ਦੂਜਿਆਂ ਨੂੰ ਜਿਊਣ ਦਿਓ’ ਦਾ ਨਾਹਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੱਗਭਗ ਤਿੰਨ ਸਦੀਆਂ ਪਹਿਲਾਂ ਹੀ ਦੇ ਦਿੱਤਾ ਸੀ ਭਾਵ ਨਾ ਕਿਸੇ ਨੂੰ ਡਰਾਓ ਤੇ ਨਾ ਹੀ ਕਿਸੇ ਤੋਂ ਡਰੋ :
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ (ਪੰਨਾ 1427)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਲੁੱਟ-ਖਸੁੱਟ ਕਰਨ ਤੇ ਪਰਾਇਆ ਹੱਕ ਖੋਹਣ ਤੋਂ ਵਰਜਦਾ ਹੈ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ (ਪੰਨਾ 141)
ਗੁਰਬਾਣੀ ਅਨੁਸਾਰ ਕਿਸੇ ਦਾ ਹੱਕ ਮਾਰਨਾ ਸਾਰਿਆਂ ਲਈ ਮਹਾਂ-ਪਾਪ ਹੈ। ਇਸ ਦੀ ਥਾਂ ’ਤੇ ਹੱਕ-ਹਲਾਲ ਤੇ ਮਿਹਨਤ ਦੀ ਕਮਾਈ ਕਰਨ ਭਾਵ ਕਿਰਤ ਕਰਨ ਨੂੰ ਉੱਚਾ ਦਰਜਾ ਦਿੱਤਾ ਹੈ ਅਤੇ ਵਿਹਲੇ ਰਹਿਣ ਤੇ ਮੰਗ ਕੇ ਖਾਣ ਦੀ ਵੀ ਨਿਖੇਧੀ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਦੇ ਬ੍ਰਹਮ-ਭੋਜ ਨੂੰ ਛੱਡ ਕੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਖਾਧੀ ਸੀ ਕਿਉਂਕਿ ਉਸ ਨੇ ਦਸਾਂ ਨਹੁੰਆਂ ਦੀ ਕਮਾਈ ਕਰ ਕੇ ਭੋਜਨ ਤਿਆਰ ਕੀਤਾ ਸੀ।
ਕਿਰਤ ਕਰਨ, ਨਾਮ ਜਪਣ ਦੇ ਨਾਲ ਵੰਡ ਕੇ ਛਕਣ ਦਾ ਸਿਧਾਂਤ ਵੀ ਤਿੰਨ ਸੁਨਹਿਰੀ ਅਸੂਲਾਂ ਵਿਚ ਸ਼ਾਮਲ ਹੈ। ਕਿਰਤ-ਕਮਾਈ ਦੁਆਰਾ ਧਨ ਕਮਾ ਕੇ ਆਪਣਾ ਨਿਰਬਾਹ ਕਰਨਾ ਹੈ ਤੇ ਨਾਲ ਹੀ ਲੋੜਵੰਦਾਂ ਨਾਲ ਵੰਡ ਕੇ ਛਕਣਾ ਹੈ। ਗੁਰਬਾਣੀ ਦਾ ਫੁਰਮਾਨ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥(ਪੰਨਾ 1245)
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ (ਪੰਨਾ 472)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਸ਼ਵ-ਵਿਆਪੀ ਸਮੱਸਿਆਵਾਂ ਦੇ ਹੱਲ ਲਈ ਆਪਸੀ ਵਿਚਾਰ-ਵਟਾਂਦਰੇ ਦਾ ਰਾਹ ਸੁਝਾਇਆ ਗਿਆ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ (ਪੰਨਾ 1185)
ਅੱਜ ਸੰਸਾਰ ਵਿਚ ਵੱਖ-ਵੱਖ ਦੇਸ਼ਾਂ ਦੇ ਸੂਝਵਾਨ ਲੋਕਾਂ ਦੁਆਰਾ ਸ਼ਾਂਤੀ ਨਾਲ ਮਿਲ-ਬੈਠ ਕੇ ਸਮੱਸਿਆਵਾਂ ਨੂੰ ਸੁਲਝਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਅੱਜ ਤੋਂ ਲੱਗਭਗ 500 ਸਾਲ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਸਿੱਧਾਂ, ਜੋਗੀਆਂ, ਪੰਡਤਾਂ, ਮੁੱਲਾਂ-ਮੁਲਾਣਿਆਂ, ਵੈਸ਼ਨਵ ਭਗਤਾਂ ਤੇ ਹੋਰ ਧਾਰਮਿਕ ਆਗੂਆਂ ਨਾਲ ਅੰਤਰ-ਧਰਮ ਸੰਵਾਦ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀਆਂ, ਵਿਸ਼ੇਸ਼ ਤੌਰ ’ਤੇ ‘ਸਿਧ ਗੋਸਟਿ’ ਤੋਂ ਇਸ ਦਾ ਬਹੁਤ ਉੱਘੜਵਾਂ ਪ੍ਰਮਾਣ ਮਿਲਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸਤਰੀ ਨੂੰ ਸਤਿਕਾਰਮਈ ਸ਼ਬਦਾਂ ਵਿਚ ‘ਜਗਤ-ਜਨਨੀ’ ਕਹਿ ਕੇ ਨਿਵਾਜਿਆ ਗਿਆ ਹੈ। ਇਤਿਹਾਸ ਗਵਾਹ ਹੈ ਕਿ ਸਮੁੱਚੇ ਸੰਸਾਰ ਵਿਚ ਸਦੀਆਂ ਤੋਂ ਪੁਰਸ਼ ਨੇ ਇਸਤਰੀ ਨੂੰ ਆਪਣੇ ਅਧੀਨ ਰੱਖਣ ਦਾ ਯਤਨ ਕੀਤਾ ਹੈ ਅਤੇ ਇਸ ਨੂੰ ਸੁਤੰਤਰ ਜੀਵਨ ਜੀਊਣ ਦੀ ਖੁੱਲ੍ਹ ਨਹੀਂ ਮਿਲੀ। ਇਸ ਪੱਖ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ-ਪੈਗ਼ੰਬਰ ਹੋਏ ਹਨ ਜਿਨ੍ਹਾਂ ਨੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਸ਼ਬਦਾਂ ਦੁਆਰਾ ਇਸਤਰੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।
ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਹਿਤ ਇਸਤਰੀਆਂ ਨੂੰ ਪ੍ਰਚਾਰਕ ਹੋਣ ਦੀ ਉਪਾਧੀ ਬਖਸ਼ੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ ਸਮੇਂ ਮਾਤਾ ਸਾਹਿਬ ਕੌਰ ਜੀ ਦੀ ਸ਼ਮੂਲੀਅਤ ਕਰਵਾ ਕੇ ਖਾਲਸੇ ਦੀ ਮਾਤਾ ਹੋਣ ਦਾ ਮਾਣ ਬਖਸ਼ਿਆ। ਸਿੱਟੇ ਵਜੋਂ ਸਿੱਖ ਇਤਿਹਾਸ ਸਿੱਖ ਮਰਦਾਂ ਦੇ ਨਾਲ ਸਿੱਖ ਬੀਬੀਆਂ ਦੇ ਅਨੇਕਾਂ ਕਾਰਨਾਮਿਆਂ ਨਾਲ ਭਰਿਆ ਹੋਇਆ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ-ਸ੍ਰੋਤ ਹਨ।
ਸਿੱਖ ਗੁਰੂ ਸਾਹਿਬਾਨ ਨੇ ਭਾਈਚਾਰਕ ਏਕਤਾ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਸੰਗਤ ਤੇ ਪੰਗਤ ਦੋ ਸੰਸਥਾਵਾਂ ਕਾਇਮ ਕੀਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਨਵ ਭਰਾਤਰੀ-ਭਾਵ (Brotherhood of mankind), ਸਮਾਨਤਾ ਜਾਂ ਬਰਾਬਰੀ (Equality) ਤੇ ਸਾਂਝੀਵਾਲਤਾ ਦੀ ਸਿਰਫ਼ ਗੱਲ ਹੀ ਨਹੀਂ ਕੀਤੀ ਗਈ ਸਗੋਂ ਜਾਤ-ਪਾਤ, ਊਚ-ਨੀਚ ਤੇ ਛੂਤ-ਛਾਤ ਨੂੰ ਜੜ੍ਹੋਂ ਪੁੱਟ ਕੇ ਸਮਾਨਤਾ ਤੇ ਭਰਾਤਰੀ-ਭਾਵ ਪੈਦਾ ਕਰਨ ਲਈ ਸਹਾਇਕ ਹੈ ਤੇ ਲੋਕ-ਰਾਜੀ ਭਾਵਨਾ ਪੈਦਾ ਕਰਕੇ ਸ਼੍ਰੇਣੀ-ਰਹਿਤ ਲੋਕ-ਰਾਜੀ ਸਮਾਜ (a classless democratic society) ਦੀ ਉਸਾਰੀ ਕਰਦੀ ਹੈ ਜਿੱਥੇ ਵਿਅਕਤੀਗਤ ਹਿੱਤਾਂ ਨੂੰ ਤਿਆਗ ਕੇ ਸਮੂਹ ਬਾਰੇ ਸੋਚਿਆ ਜਾਂਦਾ ਹੈ। ਜਦੋਂ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜੁੜਦੇ ਹਨ ਤਾਂ ਸੰਗਤ ਬਣ ਜਾਂਦੀ ਹੈ। ਇੱਥੇ ਸਾਰੇ ਬਰਾਬਰ ਹੁੰਦੇ ਹਨ। ਸੰਗਤ ਵਿਚ ਮਨੁੱਖੀ ਏਕਤਾ ਤੇ ਸਾਂਝੀਵਾਲਤਾ ਦੇ ਦਰਸ਼ਨ ਹੁੰਦੇ ਹਨ ਅਤੇ ਜਦੋਂ ਸਾਰੇ ਬਿਨਾਂ ਕਿਸੇ ਭੇਦ-ਭਾਵ ਦੇ, ਭਾਵੇਂ ਉਹ ਰਾਜਾ ਹੈ ਜਾਂ ਰੰਕ, ਪੰਗਤ ਵਿਚ ਬੈਠ ਕੇ ਲੰਗਰ ਛਕਦੇ ਹਨ ਤਾਂ ਇੱਥੇ ਵਿਸ਼ਵ ਭਾਈਚਾਰੇ ਦਾ ਨਜ਼ਾਰਾ ਪ੍ਰਤੱਖ ਹੋ ਜਾਂਦਾ ਹੈ। ਨਾ ਕੇਵਲ ਪੰਜਾਬ ਜਾਂ ਭਾਰਤ ਸਗੋਂ ਵਿਸ਼ਵ-ਭਰ ਵਿਚ ਗੁਰਪੁਰਬ ਮਨਾ ਰਹੀਆਂ ਸਿੱਖ ਸੰਗਤਾਂ ਦੇ ਇਸ ਨਜ਼ਾਰੇ ਦਾ ਦੀਦਾਰ ਜਦੋਂ ਅਸੀਂ ਆਪਣੀਆਂ ਅੱਖਾਂ ਰਾਹੀਂ ਜਾਂ ਸੰਚਾਰ-ਮਾਧਿਅਮਾਂ ਦੁਆਰਾ ਕਰਦੇ ਹਾਂ ਤਾਂ ਸੁਭਾਵਿਕ ਹੀ ਸਾਰਿਆਂ ਦੇ ਮੂੰਹੋਂ ‘ਧੰਨ ਗੁਰੂ ਨਾਨਕ! ਧੰਨ ਗੁਰੂ ਨਾਨਕ! ਵਾਹ ਤੇਰੀ ਸਿੱਖੀ!’ ਨਿਕਲਦਾ ਹੈ। ਇਸ ਤਰ੍ਹਾਂ ਵਿਸ਼ਵ-ਭਾਈਚਾਰੇ ਦਾ ਸੰਦੇਸ਼ ਸੰਸਾਰ ਭਰ ਵਿਚ ਜਾਂਦਾ ਹੈ ਤੇ ਹੋਰ ਧਰਮਾਂ ਦੇ ਲੋਕ ਵੀ ਇਸ ਤੋਂ ਪ੍ਰਭਾਵਿਤ ਹੁੰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਨੂੰ ਮੰਨਦਿਆਂ ਹੋਇਆਂ ਹਰ ਇਕ ਸਿੱਖ ਸਵੇਰੇ-ਸ਼ਾਮ ਅਰਦਾਸ ਦੇ ਸਮੇਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਕਹਿ ਕੇ ਪਰਮਾਤਮਾ ਤੋਂ ਸਮੁੱਚੀ ਮਨੁੱਖਤਾ ਦਾ ਭਲਾ ਮੰਗਦਾ ਹੈ। ਇਹ ਸੇਧ ਗੁਰਬਾਣੀ ਵਿਚ ਅੰਕਿਤ ਹੇਠ ਲਿਖੀਆਂ ਬੇਨਤੀਆਂ ਤੋਂ ਮਿਲਦੀ ਹੈ ਜੋ ਅਕਾਲ ਪੁਰਖ ਅੱਗੇ ਕੀਤੀਆਂ ਗਈਆਂ ਹਨ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)
ਸਭੇ ਜੀਅ ਸਮਾਲਿ ਆਪਣੀ ਮਿਹਰ ਕਰ॥
ਅਨੁ ਪਾਣੀ ਮੁਚੁ ਉਪਾਇ ਦੁਖੁ ਦਾਲਦੁ ਭੰਨਿ ਤਰੁ॥ (ਪੰਨਾ 1251)
ਇਨ੍ਹਾਂ ਤੁਕਾਂ ਵਿਚ ਕੇਵਲ ਸਿੱਖਾਂ, ਪੰਜਾਬੀਆਂ ਜਾਂ ਭਾਰਤੀਆਂ ਦੀ ਹੀ ਰੱਖਿਆ ਤੇ ਪ੍ਰਤੀਪਾਲਣਾ ਲਈ ਬੇਨਤੀਆਂ ਨਹੀਂ ਕੀਤੀਆਂ ਗਈਆਂ ਸਗੋਂ ਸਮੁੱਚੇ ਵਿਸ਼ਵ ਦੇ ਭਲੇ ਤੇ ਚੜ੍ਹਦੀ ਕਲਾ ਲਈ ਹਨ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਸ਼ਨ ਹੀ‘ਸਭਸੈ ਲਏ ਮਿਲਾਇ’ ਵਾਲਾ ਹੈ।
ਨਾ ਕੇਵਲ ਸਿੱਖਾਂ ਨੇ ਹੀ ਸਗੋਂ ਪੂਰਬ ਤੇ ਪੱਛਮ ਦੇ ਮਹਾਨ ਦਾਰਸ਼ਨਿਕਾਂ ਤੇ ਸੂਝਵਾਨ ਵਿਦਵਾਨਾਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਐਨ ਉਪਰੰਤ ਪ੍ਰਵਾਨ ਕੀਤਾ ਹੈ ਕਿ ਇਸ ਮਹਾਨ ਗ੍ਰੰਥ ਦਾ ਵਿਸ਼ਵ-ਭਾਈਚਾਰੇ ਦਾ ਸੰਦੇਸ਼ ਸਮੁੱਚੀ ਮਨੁੱਖਤਾ ਲਈ ਸਦੀਵੀ ਤੌਰ ’ਤੇ ਕਲਿਆਣਕਾਰੀ ਹੈ। ਉਨ੍ਹਾਂ ਵਿੱਚੋਂ ਕੁਝ ਦੇ ਵਿਚਾਰ ਇਸ ਤਰ੍ਹਾਂ ਹਨ:-
ਡਾ. ਰਾਧਾਕ੍ਰਿਸ਼ਨਨ ਲਿਖਦੇ ਹਨ, ‘ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵਨਾਵਾਂ ਦਾ ਸਮੂਹ ਹੈ, ਨਿੱਜੀ ਤੌਰ ’ਤੇ ਰੱਬ ਨੂੰ ਪਛਾਨਣ ਦਾ ਪ੍ਰਗਟਾਵਾ ਹੈ ਅਤੇ ਦੈਵੀ ਗਿਆਨ ਦੇ ਵਿਸਮਾਦੀ ਸ਼ਬਦ ਹਨ। ਇਸ ਵਿਚ ਜੋ ਅਨੁਭਵ ਦੀ ਨਵੀਨਤਾ ਅਤੇ ਅਨਿੰਨ ਸ਼ਰਧਾ ਦੇ ਰੂਪ ਵਿਚ ਸਦੀਵੀ ਸੱਚਾਈ ਦਾ ਸੰਦੇਸ਼ ਵਿਦਮਾਨ ਹੈ, ਉਸ ਨੂੰ ਸਾਗਰ ਤੇ ਪਰਬਤ ਵੀ ਸੰਸਾਰ ਵਿਚ ਫੈਲਣ ਲਈ ਰਾਹ ਦੇਣਗੇ।’
ਸ੍ਰੀਮਤੀ ਪਰਲ ਬੱਕ ਸੰਸਾਰ ਦੇ ਹੋਰ ਧਾਰਮਿਕ ਗ੍ਰੰਥਾਂ ਦੇ ਅਧਿਐਨ ਉਪਰੰਤ ਲਿਖਦੀ ਹੈ, ‘ਆਦਿ ਗ੍ਰੰਥ ਦੇ ਸ਼ਬਦ ਮਨੁੱਖ ਦੀ ਨਿਆਸਰਾਪਨ, ਉਸ ਦੀ ਅਭਿਲਾਸ਼ਾ, ਉਸ ਦੀ ਪ੍ਰਬਲ ਸਿੱਕ, ਉਸ ਦੀ ਪਰਮਾਤਮਾ ਅੱਗੇ ਅਰਜੋਈ ਅਤੇ ਸਰਬ-ਸ਼ਕਤੀਮਾਨ ਪ੍ਰਭੂ ਨਾਲ ਇਕਸੁਰ ਹੋਣ ਲਈ ਉਸ ਦੀਆਂ ਪ੍ਰਬਲ ਇਛਾਵਾਂ ਨੂੰ ਪ੍ਰਗਟ ਕਰਦੇ ਹਨ। ਮੈਂ ਹੋਰ ਮਹਾਨ ਧਰਮਾਂ ਦੀਆਂ ਪੁਸਤਕਾਂ ਦਾ ਅਧਿਐਨ ਕੀਤਾ ਹੈ ਪਰ ਮੈਨੂੰ ਹੋਰ ਕਿਧਰੇ ਦਿਲ ਅਤੇ ਮਨ ਨੂੰ ਅਪੀਲ ਕਰਨ ਵਾਲੀ ਉਹ ਪ੍ਰਬਲ ਸ਼ਕਤੀ ਨਹੀਂ ਮਿਲੀ ਜੋ ਆਦਿ ਗ੍ਰੰਥ ਵਿਚ ਮਿਲੀ ਹੈ। ਇਹ ਮੈਨੂੰ ਜੀਵਨ ਅਤੇ ਮੌਤ ਸਮੇਂ ਤੇ ਅੰਨਨਤਾ, ਸੰਸਾਰੀ ਮਨੁੱਖਾਂ ਅਤੇ ਇਸ ਦੀਆਂ ਲੋੜਾਂ, ਰਹੱਸਵਾਦੀ ਮਨੁੱਖੀ ਆਤਮਾ ਅਤੇ ਇਸ ਦੀ ਸਿੱਕ, ਰੱਬ ਅਤੇ ਦੋਨਾਂ ਵਿਚਾਲੇ ਅਤੁੱਟ ਸੰਧੀ ਨੂੰ ਰੂਪਮਾਨ ਕਰਦੀ ਹੈ।’
ਐੱਚ.ਐੱਲ. ਬਰੈਡਸ਼ਾ ਨੇ ਸਿੱਖ ਧਰਮ ਨੂੰ ਵਰਤਮਾਨ ਸਾਇੰਸ ਤੇ ਸਪੇਸ ਯੁੱਗ ਦਾ ਧਰਮ ਮੰਨਦਿਆਂ ਹੋਇਆਂ ਇਸ ਵਿਚ ਹੀ ਸਮਸਤ ਸੰਸਾਰ ਦਾ ਕਲਿਆਣ ਵੇਖਦਿਆਂ ਲਿਖਿਆ ਹੈ ਕਿ “…ਦੂਜੇ ਮੱਤ ਸੱਚਾਈ ਰੱਖਦੇ ਹਨ, ਪਰੰਤੂ ਸਿੱਖ ਮੱਤ ਭਰਪੂਰ ਸੱਚਾਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਹੀ ਇਕ ਐਸੀ ਵਿਸ਼ੇਸ਼ ਹਸਤੀ ਹਨ, ਜੋ ਇਹ ਦੱਸਦੇ ਹਨ ਕਿ ਸਾਡੀ ਧਰਤੀ ਤੋਂ ਬਿਨਾਂ ਹੋਰ ਵੀ ਧਰਤੀਆਂ ਤੇ ਮੰਡਲ ਆਦਿ ਹਨ… ਸੱਚਾਈ ਇਹ ਹੈ ਕਿ ਸਿੱਖ ਧਰਮ ਵਰਤਮਾਨ ਮਨੁੱਖ ਦੀਆਂ ਉਲਝਣਾਂ ਦਾ ਵਾਹਿਦ ਹੱਲ ਤੇ ਉਪਜੇ ਪ੍ਰਸ਼ਨਾਂ ਦਾ ਉੱਤਰ ਹੈ।”3
ਸਾਧੂ ਟੀ. ਐੱਲ. ਵਾਸਵਾਨੀ ਦੇ ਸ਼ਬਦਾਂ ਵਿਚ: ‘ਇਹ ‘ਜਗਤ ਗ੍ਰੰਥ’ ਹਨ ਜੋ ਜਗਤ ਆਤਮਾ ਵਿੱਚੋਂ ਫੁਟ ਵਹਿ ਨਿਕਲੇ ਹਨ । ਇਹ ਠੀਕ ਅਰਥਾਂ ਵਿਚ, ਸਮੂਹ ਮਨੁੱਖਤਾ ਦਾ ਇੱਕੋ-ਇੱਕ ਅਜਿਹਾ ਸਰਬ-ਸਾਂਝਾ ਤੇ ਸਰਬ-ਹਿਤਕਾਰੀ ਧਰਮ- ਗ੍ਰੰਥ ਹੈ। ਇਹ ਇਸ ਲਈ ਵੀ ਕਿ ਇਨ੍ਹਾਂ ਵਿਚ ਸੰਚਿਤ ਬਾਣੀ ਦਾ ਵਿਸ਼ਾ-ਵਸਤੂ ਵਿਸ਼ਵਾਰਥੀ, ਇਸ ਦਾ ਸੰਦੇਸ਼ ਸਰਬ-ਦੇਸੀ ਅਤੇ ਉਪਦੇਸ਼ ਸਰਬ-ਕਾਲੀ ਹੋਣ ਤੋਂ ਛੁੱਟ, ਸਰਬ-ਹਿਤਕਾਰੀ ਤੇ ਸਰਬ-ਕਲਿਆਣਕਾਰੀ ਵੀ ਹੈ।’4
ਪ੍ਰੋ. ਟਾਇਨਬੀ ਲਿਖਦੇ ਹਨ ਕਿ ‘ਆਦਿ ਗ੍ਰੰਥ ਮਨੁੱਖਤਾ ਦੇ ਸਾਂਝੇ ਅਧਿਆਤਮਿਕ ਖਜ਼ਾਨੇ ਦਾ ਭਾਗ ਹੈ । ਇਹ ਬੜੀ ਮਹੱਤਵਪੂਰਣ ਗੱਲ ਹੈ ਕਿ ਇਸ ਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਵੱਧ ਤੋਂ ਵੱਧ ਲੋਕਾਂ ਦੀ ਸਿੱਧੀ ਪਹੁੰਚ ਵਿਚ ਲਿਆਂਦਾ ਜਾਵੇ……ਆਉਣ ਵਾਲੇ ਧਾਰਮਿਕ ਵਾਦ-ਵਿਵਾਦਾਂ ਵਿਚ, ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਕੀ ਸੰਸਾਰ ਨੂੰ ਪ੍ਰਦਾਨ ਕਰਨ ਲਈ ਕੁਝ ਵਿਸ਼ੇਸ਼ ਗੱਲਾਂ ਪ੍ਰਾਪਤ ਹੋਣਗੀਆਂ।’5
ਸਿਰੀ ਸਿਰੀ ਰਵੀ ਸ਼ੰਕਰ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਵ- ਵਿਆਪਕ ਸਿੱਖਿਆ ਨੂੰ ਪ੍ਰਵਾਨ ਕਰਦਿਆਂ ਰਾਇ ਦਿੱਤੀ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਨਾ ਕੇਵਲ ਭਾਰਤ ਦੇਸ਼ ਸਗੋਂ ਸੰਸਾਰ-ਭਰ ਦੇ ਬੱਚਿਆਂ ਨੂੰ ਕਰਾਉਣਾ ਚਾਹੀਦਾ ਹੈ।’
ਸੱਚ ਤਾਂ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨਵ-ਪਿਆਰ ਦਾ ਅਜਿਹਾ ਮੁਜੱਸਮਾ ਹਨ ਜਿਸ ਦੇ ਕੰਨਾਂ ਵਿਚ ਗੁਰਬਾਣੀ ਦੀ ਆਵਾਜ਼ ਪੈ ਜਾਂਦੀ ਹੈ, ਉਹ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ ਤੇ ਇਸ ਦਾ ਸ਼ਰਧਾਲੂ ਬਣ ਜਾਂਦਾ ਹੈ।
ਉਦਾਹਰਣ ਦੇ ਤੌਰ ’ਤੇ ਕਈ ਸਾਲ ਹੋਏ ਮਿਸਰ ਦੇ ਪ੍ਰਧਾਨ ‘ਨਾਸਰ’ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਤਾਂ ਉਨ੍ਹਾਂ ਦੇ ਕੰਨਾਂ ਵਿਚ ‘ਮਿਹਰ ਮਸੀਤਿ ਸਿਦਕ ਮੁਸਲਾ ਹਕੁ ਹਲਾਲੁ ਕੁਰਾਣੁ’ ਦੀ ਰਸ-ਭਿੰਨੀ ਗੁਰਬਾਣੀ ਦੀ ਸੱਦ ਪਈ ਤਾਂ ਉਨ੍ਹਾਂ ਦੀ ਜ਼ੁਬਾਨ ਤੋਂ ਇਕਦਮ ਨਿਕਲਿਆ, “ਯੇਹ ਤੋ ਹਮਾਰੇ ਰਸੂਲ ਕਾ ਪੈਗ਼ਾਮ ਹੈ।” ਉਸ ਨੇ ਬੜੇ ਅਦਬ ਨਾਲ ਸਿਜਦਾ ਕੀਤਾ ਤੇ ਜੋ ਕੁਝ ਵੀ ਉਸ ਦੇ ਕੋਲ ਸੀ, ਗੁਰੂ ਸਾਹਿਬ ਦੇ ਦਰਬਾਰ ਵਿਚ ਭੇਟ ਕਰ ਦਿੱਤਾ।
ਮਾਸਕੋ ਤੋਂ ਆਈ ਰੂਸੀ ਟੋਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਕੀਤੀ ਤਾਂ ‘ਸਲੈਵਿਕ ਵਰਲਡ’ ਦੀ ਸੰਪਾਦਕ ਸ੍ਰੀਮਤੀ ਤਾਇਸਾ ਨੇ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਅਜਿਹਾ ਗ੍ਰੰਥ ਹੈ, ਜੋ ਸਾਰੇ ਧਰਮਾਂ ਦੀ ਗੱਲ ਕਰਦਾ ਹੈ ਅਤੇ ਸਾਰੇ ਧਰਮਾਂ ਨੂੰ ਜੋੜਦਾ ਹੈ, ਜਿਸ ਦੀ ਅੱਜ ਵਿਸ਼ਵ ਨੂੰ ਬਹੁਤ ਜ਼ਰੂਰਤ ਵੀ ਹੈ।”6
ਭੌਤਿਕ ਵਿਗਿਆਨ ਦੇ ਵਿਦਵਾਨ ਡਾ. ਹਰਦੇਵ ਸਿੰਘ (ਵਿਰਕ) ਨੇ ਆਪਣੇ ਪੇਪਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਅਧਾਰਿਤ ਸਿੱਖ ਫ਼ਿਲਾਸਫ਼ੀ ਦੀ ਗਿਆਨ-ਮੀਮਾਂਸਾ (epistemology) ਦੇ ਖੇਤਰ ਵਿਚ ਵਿਲੱਖਣਤਾ ਨੂੰ ਪ੍ਰਵਾਨ ਕਰਦਿਆਂ ਵਿਚਾਰ ਦਿੱਤਾ ਹੈ ਕਿ ‘ਇਹ ਮਿਥਿਹਾਸ, ਕਰਮਕਾਂਡ, ਰੂੜ੍ਹੀਵਾਦ (myths, rituals, dogma) ਆਦਿ ਨੂੰ, ਬਿਨਾਂ ਕਿਸੇ ਧਾਰਮਿਕ ਅਤੇ ਸਭਿਆਚਾਰਕ ਸੰਬੰਧਾਂ ਦੇ (irrespective of its religious and cultural affiliations),ਨਿਕਾਰਦੀ ਹੈ ਜਿਸ ਦੇ ਸਿੱਟੇ ਵਜੋਂ ਇਸ ਦੀ ਅਪੀਲ ਸਮੁੱਚੀ ਮਨੁੱਖਤਾ ਲਈ ਹੈ।’ ਰੇਨੂਕਾ ਸਰਬਜੀਤ ਸਿੰਘ ਨੇ, ਦਸੰਬਰ, 2004 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਕਰਵਾਈ ਚੌਥੀ ਇੰਟਰਨੈਸ਼ਨਲ ਕਾਨਫਰੰਸ ਵਿਚ ਆਪਣਾ ਪੇਪਰ, “Guru Granth Sahib: Challenges and Response in the New Millennium” ਪੜ੍ਹਦਿਆਂ ਕਿਹਾ ਸੀ ਕਿ ‘ਬੇਸ਼ੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬਾਨ ਵਿਚ ਕੀਤਾ ਜਾਂਦਾ ਹੈ ਅਤੇ ਇਸ ਦੀ ਰੋਜ਼ਾਨਾ ਸੇਵਾ ਵਿਚ ਵਿਸ਼ੇਸ਼ ਤੌਰ ’ਤੇ ਸਿੱਖ ਹਿੱਸਾ ਲੈਂਦੇ ਹਨ ਪਰ ਇਹ ਪਵਿੱਤਰ ਧਾਰਮਿਕ ਗ੍ਰੰਥ ਸਮੁੱਚੀ ਮਨੁੱਖਤਾ ਦਾ ਸਾਂਝਾ ਖਜ਼ਾਨਾ ਹੈ।’
ਕੁਝ ਸਮਾਂ ਪਹਿਲਾਂ, ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੋਰਾਂ ਨੇ ਇਕ ਅੰਤਰਰਾਸ਼ਟਰੀ ਸੈਮੀਨਾਰ ਦਾ ਉਦਘਾਟਨ ਕਰਦਿਆਂ ਨਵੀਂ ਦਿੱਲੀ ਵਿਚ ਕਿਹਾ ਸੀ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬੇਜੋੜ ਲਿਖਤਾਂ ਅਗਾਂਹਵਧੂ ਸਿੱਖਿਆਵਾਂ ਹਨ ਜਿਨ੍ਹਾਂ ਦਾ ਮੰਤਵ ਇਕ ‘ਆਦਰਸ਼ ਸੰਸਾਰ’ ਦੀ ਸਥਾਪਨਾ ਕਰਨਾ ਹੈ ਜਿਸ ਵਿਚ ਕੋਈ ਸਰਹੱਦ ਨਾ ਹੋਵੇ ਅਤੇ ਉਹ ਜਾਤ-ਪਾਤ ਤੇ ਊਚ-ਨੀਚ ਦੇ ਵਖਰੇਵਿਆਂ ਤੋਂ ਮੁਕਤ ਹੋਵੇ।’
ਉਪਰੋਕਤ ਵਿਚਾਰਾਂ ਦੇ ਆਧਾਰ ’ਤੇ ਇਹ ਸਪੱਸ਼ਟ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਸੱਚ ਤੇ ਵਿਸ਼ਵ-ਭਾਈਚਾਰੇ ਦਾ ਸੁਨੇਹਾ (message of universal brotherhood) ਕਿਸੇ ਇਕ ਕੌਮ, ਦੇਸ਼ ਜਾਂ ਧਰਮ ਤਕ ਸੀਮਿਤ ਨਹੀਂ ਹੈ। ਅੱਜ ਜਦੋਂ ਕਿ ਵਿਸ਼ਵ ਵਿੱਚੋਂ ਆਪਸੀ ਭਾਈਚਾਰਾ, ਸਦਭਾਵਨਾ, ਹਮਦਰਦੀ ਅਤੇ ਪ੍ਰਸਪਰ ਪ੍ਰੇਮ ਦਾ ਵਾਤਾਵਰਨ ਖ਼ਤਮ ਹੋ ਰਿਹਾ ਹੈ, ਸਾਰਾ ਮਾਨਵ-ਜਗਤ ਮਾਨਸਿਕ ਤੌਰ ’ਤੇ ਅਸ਼ਾਂਤ ਹੈ ਅਤੇ ਮਨੁੱਖੀ ਹਿਰਦੇ ਆਪਸੀ ਈਰਖਾ ਤੇ ਦੁਸ਼ਮਣੀ ਦੀ ਅੱਗ ਵਿਚ ਸੜ ਰਹੇ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਮੁੱਚੀ ਮਾਨਵਤਾ ਨੂੰ ਅਮਨ-ਸ਼ਾਂਤੀ ਤੇ ਆਪਸੀ ਮਿਲਵਰਤਨ (co-operation) ਦੀ ਪ੍ਰੇਰਨਾ ਮਿਲ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਦੀ ਪ੍ਰਸੰਗਿਕਤਾ ਤੇ ਮਹਤੱਤਾ ਵਰਤਮਾਨ ਸਮੇਂ ਵਿਚ ਵੀ ਓਨੀ ਹੀ ਹੈ ਜਿੰਨੀ ਅੱਜ ਤੋਂ ਚਾਰ ਸੌ ਵਰ੍ਹੇ ਪਹਿਲਾਂ ਸੀ ਕਿਉਂਕਿ ਇਸ ਦੀ ਅਧਿਆਤਮਿਕ ਵਿਚਾਰਧਾਰਾ ਦੁਨੀਆਂ ਦੇ ਹਰ ਮਨੁੱਖ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਆਪਣੀ ਗਲਵੱਕੜੀ ਵਿਚ ਲੈਂਦੀ ਹੈ।
ਅਸੀਂ ਭਾਗਸ਼ਾਲ਼ੀ ਹਾਂ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੀਸਰੀ ਗੁਰਤਾਗੱਦੀ ਸ਼ਤਾਬਦੀ ਮਨਾਉਣ ਦਾ ਮੌਕਾ ਮਿਲਿਆ ਹੈ। ਇਸ ਪਾਵਨ ਅਵਸਰ ’ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਮਾਜਿਕ ਵਿਤਕਰਿਆਂ ਤੋਂ ਉੱਪਰ ਉੱਠ ਕੇ ‘ਘਟਿ ਘਟਿ ਮਹਿ ਹਰਿ ਜੀ ਵਸੈ’, ‘ਕੁਦਰਤਿ ਕੇ ਸਭ ਬੰਦੇ’ ਦੇ ਵਿਸ਼ਵ ਭਾਈਚਾਰੇ ਦੀ ਏਕਤਾ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿਚ ਅਪਣਾਈਏ ਤੇ ਦੂਜਿਆਂ ਨੂੰ ਵੀ ਇਸ ਤੋਂ ਜਾਣੂ ਕਰਵਾਈਏ!
ਲੇਖਕ ਬਾਰੇ
ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/December 1, 2007
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/April 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/May 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/June 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/July 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/September 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/October 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/February 1, 2009