ਸੰਸਾਰ ਵਿਚ ਜਿੰਨੇ ਵੀ ਮੁੱਖ ਧਰਮ ਹਨ ਉਨ੍ਹਾਂ ਦਾ ਆਪੋ-ਆਪਣਾ ਧਰਮ ਗ੍ਰੰਥ ਹੈ। ਇਸ ਗ੍ਰੰਥ ਉੱਤੇ ਉਸ ਧਰਮ ਦੇ ਸਿਧਾਂਤ ਤੇ ਨਿਯਮ ਆਦਿ ਆਧਾਰਿਤ ਹੁੰਦੇ ਹਨ। ਸਿੱਖ ਧਰਮ ਦਾ ਮੂਲ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਕਈ ਵਿਸ਼ੇਸ਼ਤਾਈਆਂ ਕਾਰਨ ਦੂਜੇ ਧਰਮ ਗ੍ਰੰਥਾਂ ਨਾਲੋਂ ਵਿਲੱਖਣ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਧਰਮ ਗ੍ਰੰਥ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ ਆਪ ਤਿਆਰ ਕਰਵਾਇਆ ਹੈ। ਹੋਰ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਇਹ ਉਸ ਧਰਮ ਦੇ ਬਾਨੀਆਂ ਨੇ ਆਪਣੀ ਮੌਜੂਦਗੀ ਵਿਚ ਤਿਆਰ ਨਹੀਂ ਕਰਵਾਏ। ਵੇਦਾਂ, ਉਪਨਿਸ਼ਦਾਂ ਦੇ ਰਚਨਾਕਾਰਾਂ ਦੀ ਕੋਈ ਜਾਣਕਾਰੀ ਵੀ ਪ੍ਰਾਪਤ ਨਹੀਂ ਹੈ। ਚਾਰੇ ਕਤੇਬਾਂ ਤੌਰੇਤ, ਜੰਬੂਰ, ਇੰਜੀਲ ਤੇ ਕੁਰਾਨ, ਬੁੱਧ ਧਰਮ ਦਾ ਗ੍ਰੰਥ ਧਮਪਦ ਅਤੇ ਜੈਨ ਧਰਮ ਦੇ ਗ੍ਰੰਥ ਇਨ੍ਹਾਂ ਧਰਮਾਂ ਦੇ ਬਾਨੀਆਂ ਤੋਂ ਪਿੱਛੋਂ ਇਨ੍ਹਾਂ ਦੇ ਪੈਰੋਕਾਰਾਂ ਵੱਲੋਂ ਤਿਆਰ ਕਰਵਾਏ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸੇ ਮੂਲ ਰੂਪ ਵਿਚ ਕਾਇਮ ਰੱਖਿਆ ਗਿਆ ਹੈ। ਸਿੱਖਾਂ ਨੂੰ ਇਸ ਦੀ ਲਗ-ਮਾਤਰ ਵਿਚ ਵੀ ਕੋਈ ਤਬਦੀਲੀ ਕਰਨ ਦਾ ਅਧਿਕਾਰ ਨਹੀਂ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਅਜਿਹਾ ਪ੍ਰਮਾਣਿਕ ਗ੍ਰੰਥ ਹੈ ਜਿਸ ਵਿਚ ਗੁਰੂ ਸਾਹਿਬਾਨ ਅਤੇ ਹੋਰ ਭਗਤ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿਚ ਦਰਜ ਹੈ। ਇਹ ਪੂਰਨ ਗੁਰੂ ਸਾਹਿਬਾਨ ਦੀ ਪੂਰਨ ਕ੍ਰਿਤ ਹੈ। ਇਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:
ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਠਾਟੁ ਬਣਾਇਆ।
ਪੂਰੇ ਪੂਰਾ ਤੋਲੁ ਹੈ ਘਟੈ ਨ ਵਧੈ ਘਟਾਇ ਵਧਾਇਆ। (ਵਾਰ 26 : 16)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟਾਂ ਅਤੇ 4 ਸਿੱਖਾਂ ਦੀ ਬਾਣੀ ਦਰਜ ਹੈ। 1430 ਪੰਨਿਆਂ ਦਾ ਵੱਡੇ ਆਕਾਰ ਦਾ ਇਹ ਗ੍ਰੰਥ ਹੈ। ਇਸ ਦੇ ਲੱਗਭਗ 5766 ਸਲੋਕ ਹਨ। ਇਹ ਸਾਰੀ ਬਾਣੀ 31 ਰਾਗਾਂ ਵਿਚ ਹੈ। ਇਸ ਪਵਿੱਤਰ ਗ੍ਰੰਥ ਦਾ ਸੰਪਾਦਨ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਇਸ ਵਿਚ ਆਪਣੇ ਸਮੇਤ 5 ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ। ਹਿੰਦੁਸਤਾਨ ਦੇ ਉਨ੍ਹਾਂ ਸੰਤਾਂ-ਭਗਤਾਂ ਦੀ ਬਾਣੀ ਵੀ ਸ਼ਾਮਿਲ ਕੀਤੀ ਗਈ ਜਿਨ੍ਹਾਂ ਦੀ ਬਾਣੀ ਦਾ ਸਿਧਾਂਤ ਅਤੇ ਪੱਧਰ ਗੁਰਬਾਣੀ ਨਾਲ ਮਿਲਦਾ-ਜੁਲਦਾ ਸੀ। ਇਨ੍ਹਾਂ ਦੀ ਬਾਣੀ ਵਿਚ ਵੀ ਨਿਰੰਕਾਰ ਦੀ ਪੂਜਾ ਅਤੇ ਸਮਾਜਿਕ ਬਰਾਬਰੀ ਦਾ ਉਪਦੇਸ਼ ਦਿੱਤਾ ਗਿਆ ਹੈ। ਇਸ ਗ੍ਰੰਥ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਏਕਮ ਸੰਮਤ 1661 ਨੂੰ ਕੀਤਾ ਗਿਆ।
ਲਿਯ ਸੰਗ ਸੁ ਗ੍ਰੰਥਹਿ ਆਪਨ ਕੈ।
ਹਰਿ ਮੰਦਰ ਮੈ ਥਿਰ ਥਾਪਨ ਕੈ।
ਹੁਇ ਪੂਜ ਸਦਾ ਇਸ ਥਾਨ ਬਿਖੈ।
ਬਹੁਰੋ ਸਮੁਦਾਇ ਪਠੈ ਸੁ ਲਿਖੈ। (ਗੁਰ ਪ੍ਰਤਾਪ ਸੂਰਜ ਗ੍ਰੰਥ)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਦੇ ਸਰੋਵਰ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਸੀ। ਇਹ ਸੁੰਦਰ ਭਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਪਰੰਤ ਸ੍ਰੀ ਹਰਿਮੰਦਿਰ ਸਾਹਿਬ ਵਜੋਂ ਜੱਗ ਅੰਦਰ ਜਾਣਿਆ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਤੇ ਸੁਖਾਸਣ ਕਰਨ ਦੀ ਮਰਯਾਦਾ ਬੰਨ੍ਹੀ। ਬ੍ਰਹਮ ਗਿਆਨੀ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ। ਗੁਰਮਤਿ ਵਿਚ ਗੁਰਬਾਣੀ ਦਾ ਬਹੁਤ ਉੱਚਾ ਮਹੱਤਵ ਮੰਨਿਆ ਗਿਆ। ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਵਿਚ ਸ਼ਬਦ ਨੂੰ ਹੀ ਗੁਰੂ ਕਿਹਾ ਗਿਆ ਹੈ। ਇਹ ਪਾਵਨ ਪਵਿੱਤਰ ਸਥਾਨ ਗੁਰੂ ਅਤੇ ਸਿੱਖਾਂ ਦੀ ਪੂਜਾ ਦਾ ਕੇਂਦਰ ਬਣ ਗਿਆ ਸੀ। ਇਸ ਤਰ੍ਹਾਂ ਦਾ ਅਦਬ-ਸਤਿਕਾਰ ਕਿਸੇ ਧਰਮ ਵਿਚ ਕਿਸੇ ਗ੍ਰੰਥ ਨੂੰ ਨਹੀਂ ਦਿੱਤਾ ਗਿਆ। ਇਹ ਗੁਰਮਤਿ ਹੀ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਰਮਾਤਮਾ ਦਾ ਰੂਪ ਮੰਨਿਆ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਪੋਥੀ ਨੂੰ ‘ਪਰਮੇਸਰ ਕਾ ਥਾਨੁ’ ਕਿਹਾ ਗਿਆ ਹੈ:
ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ (ਪੰਨਾ 1226)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਦਾ ਆਪ ਸੰਪਾਦਨ ਕੀਤਾ ਹੈ। ਸਾਰੀ ਬਾਣੀ ਵਿਚ ਵਿਆਕਰਨ ਦੇ ਪੱਖੋਂ ਲਗਾਂ-ਮਾਤਰਾਂ ਦੀ ਇਕਸਾਰਤਾ ਲਿਆਂਦੀ ਗਈ ਹੈ। ਗੁਰਬਾਣੀ ਦੀ ਰਾਗਾਂ ਅਨੁਸਾਰ ਵੰਡ ਕੀਤੀ ਗਈ ਹੈ। ਰਾਗਾਂ ਵਿਚ ਗੁਰੂ ਸਾਹਿਬਾਨ ਅਤੇ ਸਭ ਭਗਤ ਸਾਹਿਬਾਨ ਦੀ ਬਾਣੀ ਵੱਖਰੇ ਸਿਰਲੇਖਾਂ ਹੇਠ ਤਰਤੀਬਵਾਰ ਦਰਜ ਕੀਤੀ ਗਈ ਹੈ। ਸਿਧਾਂਤਕ ਪੱਖ ਤੋਂ ਜਿੱਥੇ ਸਪੱਸ਼ਟਤਾ ਦੀ ਲੋੜ ਸੀ ਉਥੇ ਵੀ ਗੁਰੂ ਸਾਹਿਬਾਨ ਨੇ ਬਾਣੀ ਦੇ ਰੂਪ ਵਿਚ ਹੀ ਟਿੱਪਣੀਆਂ ਦਿੱਤੀਆਂ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ ਭਗਤ ਕਬੀਰ ਸਾਹਿਬ ਦੇ ਸਲੋਕ ਦੇ ਨਾਲ ਆਪਣਾ ਸਲੋਕ ਦੇ ਕੇ ਭਾਵ ਨੂੰ ਪੂਰੀ ਤਰ੍ਹ੍ਹਾਂ ਸਪੱਸ਼ਟ ਕੀਤਾ ਹੈ:
ਸਲੋਕ॥
ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ॥
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ॥
ਮ : 3॥
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ॥
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ॥
ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ॥
ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ॥
ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ॥ (ਪੰਨਾ 555)
ਗੁਰੂ ਸਾਹਿਬ ਘਰ-ਬਾਰ ਤਿਆਗ ਕੇ ਫ਼ਕੀਰ ਬਣਨ ਦੀ ਪ੍ਰੇਰਨਾ ਨਹੀਂ ਸੀ ਦੇਣਾ ਚਾਹੁੰਦੇ। ਇਸ ਲਈ ਸ਼ੇਖ ਫਰੀਦ ਜੀ ਦੇ ਸਲੋਕ ਦੇ ਨਾਲ ਹੀ ਟਿੱਪਣੀ ਦੇ ਰੂਪ ਵਿਚ ਸਲੋਕ ਦਰਜ ਕੀਤਾ ਹੈ:
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥
ਜਿਨੀ੍ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ॥103॥
ਮ: 3॥
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ॥
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ॥ (ਪੰਨਾ 1383)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸ਼ਬਦ-ਗੁਰੂ ਦਾ ਮਹੱਤਵ ਸਭ ਤੋਂ ਉੱਪਰ ਮੰਨਿਆ ਗਿਆ ਹੈ। ਸਾਰੇ ਗੁਰੂ ਸਾਹਿਬਾਨ ਦੀ ਬਾਣੀ ਇਸ ਦੀ ਪੁਸ਼ਟੀ ਕਰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਜੋ ਪਰੰਪਰਾ ਕਾਇਮ ਕੀਤੀ ਉਹ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਵਿਚ ਉਸੇ ਤਰ੍ਹਾਂ ਕਾਇਮ ਹੈ। ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਤੇ ਸ਼ਾਮ ਨੂੰ ਸੁਖਾਸਣ ਸਮੇਂ ਕਿਵੇਂ ਸੰਗਤਾਂ ਜੁੜਦੀਆਂ ਹਨ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਸੰਗਤਾਂ ਵੱਲੋਂ ਪੂਰੇ ਧਿਆਨ ਨਾਲ ਸ੍ਰਵਣ ਕੀਤਾ ਜਾਂਦਾ ਹੈ। ਸੰਗਤਾਂ ਦਾ ਇਹ ਉਮਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਲੌਕਿਕਤਾ ਦਾ ਪ੍ਰਤੱਖ ਪ੍ਰਮਾਣ ਹੈ ਜੋ ਬੇਮਿਸਾਲ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਿੱਖਾਂ ਦੀ ਸ਼ਰਧਾ ਤੇ ਸਤਿਕਾਰ ਦਾ ਕੇਂਦਰ ਰਿਹਾ ਹੈ। ਗੁਰੂ ਸਾਹਿਬਾਨ ਨੇ ਸ਼ਬਦ-ਗੁਰੂ ਦੀ ਸ੍ਰੇਸ਼ਟਤਾ ਨੂੰ ਸਵੀਕਾਰ ਕੀਤਾ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਸਰੂਪ ਤਿਆਰ ਕਰਵਾਇਆ। ਇਸ ਦੇ ਲਿਖਾਰੀ ਭਾਈ ਮਨੀ ਸਿੰਘ ਜੀ ਸਨ। ਗੁਰੂ ਜੀ ਨੇ ਇਸ ਦੇ ਮੂਲ ਪ੍ਰਬੰਧ ਵਿਚ ਤੇ ਬਾਣੀ ਵਿਚ ਕੋਈ ਤਬਦੀਲੀ ਨਹੀਂ ਕੀਤੀ। ਉਨ੍ਹਾਂ ਨੇ ਇਸ ਵਿਚ ਸਿਰਫ਼ ਵਾਧਾ ਕੀਤਾ ਹੈ। ਆਪਣੇ ਪਿਤਾ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜੋ ਉਨ੍ਹਾਂ ਕੋਲ ਮੌਜੂਦ ਸੀ ਉਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਸ਼ਾਮਲ ਕਰ ਦਿੱਤਾ। ਜੋਤੀ-ਜੋਤਿ ਸਮਾਉਣ ਤੋਂ 2 ਦਿਨ ਪਹਿਲਾਂ ਕੱਤਕ ਸੁਦੀ 3 ਸੰਮਤ 1765 (5 ਅਕਤੂਬਰ, 1708) ਨੂੰ ਉਨ੍ਹਾਂ ਨੇ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪ ਦਿੱਤਾ। ਉਨ੍ਹਾਂ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਖਾਲਸੇ ਨੂੰ ਬਚਨ ਕੀਤਾ ਕਿ ਅੱਜ ਤੋਂ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਇਆ। ਇਸ ਤਰ੍ਹਾਂ ਉਨ੍ਹਾਂ ਨੇ ਅੱਗੋਂ ਸਰੀਰਿਕ ਰੂਪ ਵਿਚ ਗੁਰਗੱਦੀ ਦੀ ਪਰੰਪਰਾ ਨੂੰ ਸਮਾਪਤ ਕਰ ਦਿੱਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ੇ ‘ਸ਼ਬਦ-ਗੁਰੂ’ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਦਿੱਤਾ:
ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀਓਂ ਗ੍ਰੰਥ।
ਇਹ ਮਹਾਨ ਗ੍ਰੰਥ ਆਪਣੀ ਸੰਰਚਨਾ ਅਤੇ ਪਦਵੀ ਕਰਕੇ ਤਾਂ ਵਿਲੱਖਣ ਹੈ ਹੀ ਇਸ ਦਾ ਵਿਸ਼ਾ-ਵਸਤੂ ਵੀ ਦੂਜੇ ਧਰਮ ਗ੍ਰੰਥਾਂ ਤੋਂ ਨਿਆਰਾ ਹੈ। ਇਸ ਵਿਚ ਪਰਮਾਤਮਾ ਨੂੰ ਨਿਰੰਕਾਰ ਅਤੇ ਸਰਬ-ਵਿਆਪਕ ਮੰਨਿਆ ਗਿਆ ਹੈ। ਉਹ ਕੁਦਰਤ ਵਿਚ ਓਤਪੋਤ ਹੈ। ਉਹ ਦੂਰ-ਦੁਰਾਡੇ ਨਹੀਂ, ਸਦਾ ਮਨੁੱਖ ਦੇ ਅੰਗ-ਸੰਗ ਹੈ। ਉਹ ਕਿਤੇ ਬਾਹਰ ਨਹੀਂ, ਉਸ ਦੇ ਅੰਦਰ ਹੀ ਹੈ। ਉਸ ਨੂੰ ਪ੍ਰਸੰਨ ਕਰਨ ਦੀ ਲੋੜ ਨਹੀਂ, ਉਸ ਦੀ ਪਛਾਣ ਹੀ ਕਰਨੀ ਹੈ। ਉਸ ਦੀ ਪ੍ਰਾਪਤੀ ਲਈ ਬਾਹਰੀ ਕਰਮਕਾਂਡ ਤੇ ਭੇਖਾਂ ਦੀ ਕੋਈ ਲੋੜ ਨਹੀਂ। ਸਭਨਾਂ ਮਨੁੱਖਾਂ ਦੇ ਅੰਦਰ ਉਸ ਦਾ ਨਿਵਾਸ ਹੈ। ਹਰ ਕੋਈ ਉਸ ਜੋਤ ਰੂਪੀ ਹਰੀ ਨੂੰ ਪ੍ਰਾਪਤ ਕਰ ਸਕਦਾ ਹੈ:
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ॥12॥ (ਪੰਨਾ 1427)
ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇਕ ਅਜਿਹਾ ਸਰਬ-ਸਾਂਝਾ ਗ੍ਰੰਥ ਹੈ ਜਿਸ ਵਿਚ ਸਿੱਖ ਧਰਮ ਦੇ ਬਾਨੀਆਂ ਦੀ ਬਾਣੀ ਦੇ ਨਾਲ ਹੋਰ ਸੰਤਾਂ-ਭਗਤਾਂ ਦੀ ਬਾਣੀ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਇਸ ਦੇ ਬਾਣੀਕਾਰਾਂ ਦਾ ਘੇਰਾ ਸਮੇਂ ਤੇ ਸਥਾਨ ਕਰਕੇ ਵਿਆਪਕ ਹੈ। ਇਹ ਅਨੇਕ ਪੰਥਾਂ, ਖਿੱਤਿਆਂ ਅਤੇ ਵੱਖ-ਵੱਖ ਧਰਮਾਂ, ਵਰਗਾਂ ਅਤੇ ਜਾਤਾਂ ਦੇ ਸੰਤਾਂ-ਭਗਤਾਂ ਦੀ ਪ੍ਰਤੀਨਿਧਤਾ ਕਰਦਾ ਹੈ। ਗੁਰਬਾਣੀ ਵਿਚ ਜਾਤ-ਪਾਤ, ਵਰਨ-ਵੰਡ ਤੇ ਊਚ-ਨੀਚ ਦਾ ਖੰਡਨ ਕਰ ਕੇ ਮਨੁੱਖ ਨੂੰ ਇੱਕੋ ਭਾਈਚਾਰੇ ਦਾ ਵਿਅਕਤੀ ਅਤੇ ਇੱਕੋ ਜੋਤ ਤੋਂ ਪੈਦਾ ਹੋਏ ਮੰਨਿਆ ਗਿਆ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1349)
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (ਪੰਨਾ 611)
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਗੁਰਬਾਣੀ ਵਿਚ ਸਹਿਜ ਜੋਗ ਦਾ ਇਕ ਮੱਧ ਮਾਰਗ ਦਰਸਾਇਆ ਗਿਆ ਹੈ। ਮਾਇਆ ਤੋਂ ਦੂਰ ਭੱਜਣ ਦੀ ਥਾਂ ਮਾਇਆ ਵਿਚ ਰਹਿੰਦਿਆਂ ਸੁਰਤ ਕਰਕੇ ਨਿਰਲੇਪ ਰਹਿਣ ਦਾ ਸਿਧਾਂਤ ਪੇਸ਼ ਕੀਤਾ ਗਿਆ ਹੈ। ਗੁਰਸਿੱਖਾਂ ਨੇ ਗ੍ਰਿਹਸਤੀ ਹੋਣਾ ਹੈ ਪਰ ਰਸਾਂ-ਭੋਗਾਂ ਤੋਂ ਆਪਣੇ ਮਨ ਨੂੰ ਨਿਰਮਲ ਵੀ ਕਰਨਾ ਹੈ। ਉਸ ਨੇ ਸਾਧਾਰਨ ਜੀਵਾਂ ਵਾਂਗ ਵਿਚਰਦਿਆਂ ਆਪਣੀ ਸੁਰਤ ਨੂੰ ਉੱਚਾ ਕਰਨਾ ਹੈ:
ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ॥ (ਪੰਨਾ 1070)
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ॥
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ॥ (ਪੰਨਾ 1421)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮੁਕਤੀ ਨੂੰ ਇਸ ਜੀਵਨ ਤੋਂ ਬਾਅਦ ਦਾ ਅਨੁਭਵ ਨਹੀਂ ਸਗੋਂ ਇਸ ਜੀਵਨ ਦੀ ਪ੍ਰਾਪਤੀ ਮੰਨਿਆ ਗਿਆ ਹੈ। ਗੁਰਸਿੱਖ ਨੇ ਇਸੇ ਜੀਵਨ ਵਿਚ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ ਤੇ ਜੰਮਣ-ਮਰਨ ਤੋਂ ਰਹਿਤ ਹੋਣਾ ਹੈ:
ਜੰਮਣੁ ਮਰਣੁ ਨ ਤਿਨ੍ ਕਉ ਜੋ ਹਰਿ ਲੜਿ ਲਾਗੇ॥
ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ॥ (ਪੰਨਾ 322)
ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ॥ (ਪੰਨਾ 1324)
ਵਿਗਿਆਨ ਦੇ ਪੱਖੋਂ ਵੀ ਗੁਰਬਾਣੀ ਦਾ ਗਿਆਨ ਸਹੀ ਹੈ। ਇਹ ਪਹਿਲਾ ਗ੍ਰੰਥ ਹੈ ਜਿਸ ਵਿਚ ਸ੍ਰਿਸ਼ਟੀ ਦੀ ਵਿਸ਼ਾਲਤਾ ਨੂੰ ਬੇਅੰਤ ਦੱਸਿਆ ਗਿਆ ਹੈ। ਲੱਖਾਂ ਹੀ ਪਤਾਲਾਂ ਅਕਾਸ਼ਾਂ ਦਾ ਵਰਣਨ ਇਸ ਵਿਚ ਮਿਲਦਾ ਹੈ। ਵਿਗਿਆਨ ਦੀ ਤਰੱਕੀ ਨਾਲ ਗੁਰਬਾਣੀ ਦੇ ਵਾਕਾਂ ਦੀ ਸੱਚਾਈ ਸਿੱਧ ਹੋ ਰਹੀ ਹੈ। ਕੇਵਲ ਇਸ ਧਰਤੀ ਦਾ ਹੀ ਨਹੀਂ, ਪਰਮਾਤਮਾ ਕਰੋੜਾਂ ਬ੍ਰਹਿਮੰਡਾਂ ਦਾ ਸੁਆਮੀ ਹੈ:
ਕੋਟਿ ਬਿਸਨ ਕੀਨੇ ਅਵਤਾਰ॥
ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ॥ (ਪੰਨਾ 1156)
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ (ਪੰਨਾ 5)
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥ (ਪੰਨਾ 695)
ਸ੍ਰਿਸ਼ਟੀ ਦੀ ਰਚਨਾ ਸਬੰਧੀ ਗੁਰਬਾਣੀ ਕੋਈ ਕਲਪਿਤ ਕਹਾਣੀਆਂ ਨਹੀਂ ਬਣਾਉਂਦੀ। ਇਸ ਬਾਰੇ ਤੱਥਾਂ ਦੇ ਆਧਾਰ ‘ਤੇ ਗਿਆਨ ਦਿੰਦੀ ਹੈ ਜੋ ਵਿਗਿਆਨ ਦੀ ਕਸਵੱਟੀ ‘ਤੇ ਪੂਰਾ ਉਤਰਦਾ ਹੈ। ਗੁਰਬਾਣੀ ਅਨੁਸਾਰ ਪਰਮਾਤਮਾ ਦੇ ਹੁਕਮ ਤੋਂ ਗੈਸਾਂ ਪੈਦਾ ਹੋਈਆਂ; ਫੇਰ ਜਲ ਅਤੇ ਜਲ ਤੋਂ ਸਾਰੀ ਬਨਸਪਤੀ ਤੇ ਜੀਵ-ਜੰਤੂ ਪੈਦਾ ਹੋਏ। ਇਹ ਇਕ ਵਿਗਿਆਨਕ ਸੱਚ ਹੈ ਕਿ ਜਿੱਥੇ ਜਲ ਹੈ ਉਥੇ ਹੀ ਜੀਵਨ ਹੈ। ਗੁਰਵਾਕ ਹੈ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਪੰਨਾ 19)
ਸਿਹਤ ਵਿਗਿਆਨ ਦੇ ਖੇਤਰ ਵਿਚ ਵੀ ਗੁਰਬਾਣੀ ਮਨੁੱਖ ਨੂੰ ਸਹੀ ਸੇਧ ਦਿੰਦੀ ਹੈ। ਸਰੀਰ ਦੇ ਬਹੁਤੇ ਰੋਗ ਕਾਮ ਅਤੇ ਕ੍ਰੋਧ ਆਦਿ ਵਿਕਾਰਾਂ ਤੋਂ ਹੀ ਉਤਪੰਨ ਹੁੰਦੇ ਹਨ। ਗੁਰਬਾਣੀ ਵਿਚ ਇਨ੍ਹਾਂ ਦੋਵਾਂ ਵਿਕਾਰਾਂ ਨੂੰ ਸਿਹਤ ਲਈ ਨੁਕਸਾਨਦੇਹ ਦੱਸਿਆ ਗਿਆ ਹੈ:
ਕਾਮੁ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥ (ਪੰਨਾ 932)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਕ ਕ੍ਰਾਂਤੀਕਾਰੀ ਵਿਚਾਰਧਾਰਾ ਹੈ ਜੋ ਸਮਾਜ ਵਿੱਚੋਂ ਊਚ-ਨੀਚ ਅਤੇ ਬੇਇਨਸਾਫ਼ੀਆਂ ਦੂਰ ਕਰ ਕੇ ਇਕ ਸਮਾਜਿਕ ਭਾਈਚਾਰਾ ਸਥਾਪਤ ਕਰਨ ਦਾ ਮਾਰਗ ਦਿਖਾਉਂਦੀ ਹੈ। ਇਸ ਵਿਚ ਵਰਨ-ਵੰਡ, ਜਾਤ-ਪਾਤ, ਛੂਤ-ਛਾਤ, ਆਰਥਿਕ ਕਾਣੀ ਵੰਡ ਤੇ ਪੈਸੇ ਦੀ ਲੁੱਟ-ਖਸੁੱਟ ਦਾ ਸਖ਼ਤ ਖੰਡਨ ਕੀਤਾ ਗਿਆ ਹੈ। ਗੁਰੂ ਜੀ ਨੇ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਨਾ ਅਤੇ ਵੰਡ ਕੇ ਛਕਣਾ ਉਤਮ ਮੰਨਿਆ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਰਾਜਨੀਤਿਕ ਖੇਤਰ ਵਿਚ ਵੀ ਗੁਰਬਾਣੀ ਮਨੁੱਖਤਾ ਦੀ ਸਹੀ ਅਗਵਾਈ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕ ਹਲੇਮੀ ਰਾਜ ਦੀ ਸਥਾਪਤੀ ਦਾ ਸੰਕਲਪ ਦਿੱਤਾ ਗਿਆ ਹੈ। ਇਸ ਵਿਚ ਚੰਗਾ ਰਾਜਾ ਉਸੇ ਨੂੰ ਪ੍ਰਵਾਨ ਕੀਤਾ ਗਿਆ ਹੈ ਜੋ ਆਪ-ਹੁਦਰਾ ਨਹੀਂ ਤੇ ਲੋਕਾਂ ਦੀ ਸੰਮਤੀ ਨਾਲ ਰਾਜ ਚਲਾਉਂਦਾ ਹੈ ਤੇ ਗੁਣਾਂ ਨਾਲ ਭਰਪੂਰ ਹੈ:
ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥ (ਪੰਨਾ 992)
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥ (ਪੰਨਾ 1088)
ਇਸ ਤੋਂ ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫ਼ਿਲਾਸਫੀ ਇਕ ਮੁਕੰਮਲ ਵਿਚਾਰਧਾਰਾ ਹੈ। ਇਹ ਮਨੁੱਖੀ ਸ਼ਖ਼ਸੀਅਤ ਦੀ ਸਮੁੱਚੀ ਉਸਾਰੀ ਤੇ ਪ੍ਰਫੁੱਲਤਾ ਦਾ ਇਕ ਅਦੁੱਤੀ ਸਿਧਾਂਤ ਹੈ। ਇਸ ਵਿਚ ਆਮ ਮਨੁੱਖ ਦੀ ਭਲਾਈ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਨੂੰ ਧਰਮ ਦੇ ਨਾਂ ‘ਤੇ ਵੰਡਣ ਦੀ, ਵਿਤਕਰਾ ਕਰਨ ਦੀ ਆਗਿਆ ਨਹੀਂ ਦਿੰਦਾ। ਇਸ ਵਿਚ ਸਭ ਸੰਸਾਰ ਤੇ ਸਮੁੱਚੀ ਮਨੁੱਖਤਾ ਨੂੰ ਇਕ ਸਮਾਜਿਕ ਭਾਈਚਾਰਾ ਸਮਝਿਆ ਗਿਆ ਹੈ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ਹੈ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ॥
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ॥ (ਪੰਨਾ 1251)
ਆਮ ਤੌਰ ‘ਤੇ ਧਰਮ-ਗ੍ਰੰਥਾਂ ਵਿਚ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇੱਕੋ ਇੱਕ ਗ੍ਰੰਥ ਹੈ ਜੋ ਇਸ ਪੱਖ ਤੋਂ ਵੀ ਮਹੱਤਵ ਰੱਖਦਾ ਹੈ। ਇਸ ਵਿਚ ਸਿਕੰਦਰ ਲੋਧੀ ਦੇ ਜ਼ੁਲਮਾਂ ਅਤੇ ਬਾਬਰ ਦੇ ਹਮਲੇ ਵਿਚ ਹੋਏ ਕਤਲੇਆਮ ਦਾ ਵਿਸਤ੍ਰਿਤ ਵਰਣਨ ਹੋਇਆ ਹੈ। ਕੋਈ ਇਤਿਹਾਸਕਾਰ ਵੀ ਇਸ ਤਰ੍ਹਾਂ ਬਾਰੀਕੀ ਨਾਲ ਇਤਿਹਾਸਕ ਘਟਨਾਵਾਂ ਦਾ ਵਰਣਨ ਨਹੀਂ ਕਰ ਸਕਦਾ ਜਿਸ ਤਰ੍ਹਾਂ ਗੁਰਬਾਣੀ ਵਿਚ ਪ੍ਰਾਪਤ ਹੈ। ਬਾਬਰ ਦੇ ਹਮਲੇ ਦਾ ਚਿਤਰ ਇਸ ਤਰ੍ਹਾਂ ਖਿੱਚਿਆ ਗਿਆ ਹੈ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ (ਪੰਨਾ 360)
ਸਭਿਆਚਾਰਕ ਰੰਗ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਭਰਪੂਰ ਵੇਖਿਆ ਜਾ ਸਕਦਾ ਹੈ। ਉਸ ਸਮੇਂ ਦੇ ਸਮਾਜ ਵਿਚ ਇਸਤਰੀ ਜਾਤੀ ਦਾ ਕੋਈ ਸਤਿਕਾਰ ਨਹੀਂ ਸੀ। ਦੇਸ਼ ਦੇ ਹਾਕਮਾਂ ਤੋਂ ਇਲਾਵਾ ਬਦੇਸ਼ੀ ਹਮਲਾਵਰ ਵੀ ਇਸਤਰੀਆਂ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾਉਂਦੇ ਸਨ। ਸਮਾਜ ਵਿਚ ਵੀ ਇਸਤਰੀਆਂ ਨੂੰ ਕੋਈ ਸਨਮਾਨਯੋਗ ਦਰਜਾ ਨਹੀਂ ਸੀ ਦਿੱਤਾ ਜਾਂਦਾ। ਉਸ ਨੂੰ ਧਰਮ-ਕਰਮ ਤੋਂ ਵੀ ਪਰ੍ਹੇ ਰੱਖਿਆ ਜਾਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸਤਰੀਆਂ ਨੂੰ ਮਰਦ ਦੇ ਬਰਾਬਰ ਸਮਝਿਆ ਗਿਆ ਹੈ। ਇਸਤਰੀ-ਪੁਰਸ਼ ਦੋਨੋਂ ਹੀ ਇਕ ਦੂਸਰੇ ਦੇ ਪੂਰਕ ਹਨ ਦੋਵੇਂ ਰਲ਼ ਕੇ ਸਮਾਜ ਦੀ ਉਤਪਤੀ ਤੇ ਵਿਕਾਸ ਕਰਦੇ ਹਨ :
ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ॥ (ਪੰਨਾ 1252)
ਗੁਰੂ ਸਾਹਿਬ ਨੇ ਇਸਤਰੀ ਰੂਪ ਵਿਚ ਬਾਣੀ ਰਚ ਕੇ ਇਸਤਰੀ ਦੇ ਜਾਮੇ ਨੂੰ ਸਤਿਕਾਰ ਦਿੱਤਾ ਹੈ। ਗੁਰੂ ਜੀ ਨੇ ਆਪਣੇ ਸਮੇਂ ਦੇ ਲੋਕਾਂ ਨੂੰ ਸਪੱਸ਼ਟ ਆਖਿਆ ਹੈ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)
ਹਿੰਦੁਸਤਾਨ ਦੀ ਜਨਤਾ ਮਰਨ ਤੋਂ ਬਹੁਤ ਡਰਦੀ ਸੀ। ਇਸ ਕਰਕੇ ਇਹ ਬਦੇਸ਼ੀ ਹਮਲਾਵਰਾਂ ਦਾ ਤੇ ਜ਼ੁਲਮ ਦਾ ਕੋਈ ਟਾਕਰਾ ਦਲੇਰੀ ਨਾਲ ਨਹੀਂ ਕਰ ਸਕਦੀ ਸੀ। ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਨੇ ਇਨ੍ਹਾਂ ਨੂੰ ਜੀਵਤ ਮਰਨ ਦਾ ਉਪਦੇਸ਼ ਕਰ ਕੇ ਇਨ੍ਹਾਂ ਦੇ ਮਨ ਵਿੱਚੋਂ ਮਰਨ ਦਾ ਡਰ ਦੂਰ ਕੀਤਾ। ਇਹ ਅਧਿਆਤਮ ਮਾਰਗ ਇਕ ਸੂਰਮਗਤੀ ਦਾ ਕਾਰਜ ਮੰਨਿਆ ਗਿਆ ਹੈ। ਇਸ ਮਾਰਗ ‘ਤੇ ਦ੍ਰਿੜ੍ਹ ਰਹਿਣ ਦਾ ਉਪਦੇਸ਼ ਕੀਤਾ ਗਿਆ ਹੈ। ਗੁਰਬਾਣੀ ਵਿਚ ਭਗਤੀ ਸਾਧਨਾ ਦੇ ਨਾਲ-ਨਾਲ ਸੱਚੇ ਤਖ਼ਤ ਦਾ ਸੰਕਲਪ ਵੀ ਪੇਸ਼ ਕੀਤਾ ਗਿਆ ਹੈ। ਗੁਰਸਿੱਖ ਨੇ ਸੰਤ ਦੇ ਨਾਲ-ਨਾਲ ਸਿਪਾਹੀ ਵੀ ਹੋਣਾ ਹੈ। ਧਰਮ ਦੀ ਰਾਖੀ ਕਰਨੀ ਹੈ ਤੇ ਜ਼ੁਲਮ ਦਾ ਨਾਸ਼ ਵੀ ਕਰਨਾ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸੰਤ-ਸਿਪਾਹੀ ਦਾ, ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭਗਤੀ ਤੇ ਸ਼ਕਤੀ ਦਾ ਸੰਯੁਕਤ ਆਦਰਸ਼ ਦਰਸਾਇਆ ਗਿਆ ਹੈ। ਗੁਰਸਿੱਖ ਨੇ ਅਜਿਹਾ ਜੀਵਨ ਜਿਊਣਾ ਹੈ ਕਿ ਉਸ ਨੇ ਕਿਸੇ ਨੂੰ ਡਰ ਦੇਣਾ ਨਹੀਂ ਤੇ ਕਿਸੇ ਦੇ ਡਰ ਵਿਚ ਰਹਿਣਾ ਨਹੀਂ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ (ਪੰਨਾ 1427)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਸਾਰਾ ਉਪਦੇਸ਼ ਉੱਚੇ ਕਾਵਿਕ ਗੁਣਾਂ ਨਾਲ ਭਰਪੂਰ ਹੈ। ਇਸ ਦੀ ਢੁਕਵੀਂ ਸ਼ਬਦਾਵਲੀ ਕਾਵਿ ਰੂਪ, ਛੰਦ, ਅਲੰਕਾਰ ਪਾਠਕ ਦੀ ਬੁੱਧੀ ਨੂੰ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਦਾ ਸੁਹਜ ਅਤੇ ਸੁੰਦਰਤਾ ਕੀਲ ਲੈਣ ਵਾਲੀ ਹੈ। ਇਹ ਸਾਰੇ ਪੱਖ ਇਸ ਗੱਲ ਦਾ ਸਬੂਤ ਹਨ ਕਿ ਇਹ ਧੁਰ ਕੀ ਬਾਣੀ ਹੈ। 10 ਜਾਮਿਆਂ ਵਿਚ ਜੋਤ ਉਹੀ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਇਕ ਸਦੀਵੀ ਰਹਿਬਰ ਮਨੁੱਖਤਾ ਨੂੰ ਪ੍ਰਾਪਤ ਹੈ ਜੋ ਸਦਾ ਸਭ ਦੇ ਸਾਹਮਣੇ ਹੈ। ਇਸ ਨਾਲ ਕੋਈ ਵੀ ਆਪਣਾ ਸਿੱਧਾ ਸੰਬੰਧ ਜੋੜ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਲਈ ਸਾਰੀ ਮਨੁੱਖਤਾ ਨੂੰ ਖੁੱਲ੍ਹ ਹੈ। ਇਥੇ ਕਿਸੇ ਲਈ ਰੋਕ-ਟੋਕ ਨਹੀਂ ਹੈ ਜਿਵੇਂ ਕਿ ਭਗਤ ਕਬੀਰ ਸਾਹਿਬ ਨੇ ਪਰਮਾਤਮਾ ਬਾਰੇ ਲਿਖਿਆ ਹੈ:
ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ॥
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ॥66॥ (ਪੰਨਾ 1367)
ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ-ਗੁਣ ਸੰਪੰਨ, ਹਰ ਪੱਖੋਂ ਸੰਪੂਰਨ, ਅਲੌਕਿਕ ਤੇ ਸਰਬ-ਸਮਰੱਥ ਹੈ। ਇਹ ਸਿੱਖ ਧਰਮ ਦਾ ਆਧਾਰ ਸਰੂਪ, ਸਿੱਖ ਸਭਿਆਚਾਰ ਦਾ ਮੂਲ ਸੋਮਾ, ਖਾਲਸਾ ਪੰਥ ਦੀ ਸੰਚਾਲਨ ਸ਼ਕਤੀ, ਖਾਲਸੇ ਦੇ ਦਲੇਰੀ ਤੇ ਚੜ੍ਹਦੀ ਕਲਾ ਦੇ ਜਜ਼ਬੇ ਦਾ ਆਧਾਰ, ਸਰਬ ਲੋਕਾਈ ਦਾ ਓਟ-ਆਸਰਾ ਅਤੇ ਸੰਪੂਰਨ ਜੀਵਨ-ਸਿਧਾਂਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਦੇ ਜੀਵਨ ਦਾ ਕੇਂਦਰ-ਬਿੰਦੂ ਹੈ ਜੋ ਅਧਿਆਤਮਕ ਅਤੇ ਸਮਾਜਿਕ ਅਗਵਾਈ ਦੇ ਨਾਲ-ਨਾਲ ਵਿਸ਼ਵ-ਭਾਈਚਾਰੇ, ਅਮਨ- ਸ਼ਾਂਤੀ, ਸਾਂਝੀਵਾਲਤਾ, ਸਦਭਾਵਨਾ ਤੇ ਸਹਿਨਸ਼ੀਲਤਾ ਦਾ ਸ੍ਰੇਸ਼ਟ ਉਪਦੇਸ਼ ਦਿੰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਧੁਰ ਕੀ ਬਾਣੀ ਦਾ ਪ੍ਰਤੱਖ ਸਰੂਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ-ਪਰਮੇਸਰ ਜੋਤਿ ਸਰੂਪ ਵਿਚ ਅਤੇ ਅੰਮ੍ਰਿਤ ਬਾਣੀ (ਸ਼ਬਦ) ਦੇ ਰੂਪ ਵਿਚ ਸਰਗੁਣ ਸਰੂਪ ਵਿਚ ਬਿਰਾਜਮਾਨ ਹੈ ਤੇ ਜ਼ਾਹਿਰਾ-ਜ਼ਹੂਰ, ਦਰਸ਼ਨ-ਦੀਦਾਰੇ ਤੇ ਨਿਰਮਲ ਉਪਦੇਸ਼ ਬਖਸ਼ ਕੇ ਜਗਿਆਸੂਆਂ ਨੂੰ ਨਿਹਾਲ ਕਰ ਰਿਹਾ ਹੈ।
ਅੱਜ ਲੋੜ ਹੈ ਕਿ ਗੁਰਮਤਿ ਵਿਚਾਰਧਾਰਾ ਨੂੰ ਗ੍ਰਹਿਣ ਕਰੀਏ, ਆਪਣੇ ਅਨੁਭਵ ਵਿਚ ਲਿਆ ਕੇ ਆਪਣਾ ਜੀਵਨ ਇਸ ਅਨੁਸਾਰ ਢਾਲੀਏ ਅਤੇ ਗੁਰਮਤਿ ਮਾਰਗ ਦੇ ਪਾਂਧੀ ਬਣੀਏ ਅਤੇ ਜਗਤ-ਜਲੰਦੇ ਤੋਂ ਜੀਵਨ-ਮੁਕਤ ਹੋਈਏ। ਸੰਸਾਰੀਕਰਨ ਦੇ ਅਜੋਕੇ ਯੁੱਗ ਵਿਚ ਜਦੋਂ ਮਨੁੱਖ ਇਕੱਲਾ ਰਹਿ ਗਿਆ ਤੇ ਤਣਾਅ ਭਰਪੂਰ ਜ਼ਿੰਦਗੀ ਬਤੀਤ ਕਰ ਰਿਹਾ ਹੈ, ਉਸ ਸਮੇਂ ਗੁਰਬਾਣੀ ਹੀ ਸੰਸਾਰ ਦੇ ਉਧਾਰ ਲਈ ਸਾਰੇ ਸੰਕਟਾਂ-ਕਲੇਸ਼ਾਂ ਦੇ ਹੱਲ ਲਈ ਇੱਕੋ-ਇੱਕ ਸਾਰਥਿਕ ਅਤੇ ਸੰਪੂਰਨ ਸਾਧਨ ਹੈ। ਆਓ! “ਗੁਰਬਾਣੀ ਇਸੁ ਜਗ ਮਹਿ ਚਾਨਣੁ” ਨਾਲ ਆਪਣੀਆਂ ਜ਼ਿੰਦਗੀਆਂ ਰੌਸ਼ਨ ਕਰੀਏ ਅਤੇ “ਇਹੁ ਲੋਕ ਸੁਖੀਏ ਪਰਲੋਕ ਸੁਹੇਲੇ” ਹੋ ਨਿੱਬੜੀਏ।
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2008