editor@sikharchives.org

ਆਸਾ ਕਰਤਾ ਜਗੁ ਮੁਆ

ਤਨ ਵਿੱਚੋਂ ਦਮ ਨਿਕਲਦੇ ਸਮੇਂ ਤਨ ਤੇ ਮਨ ਦੀਆਂ ਉਭਰਦੀਆਂ ਖ਼ਾਹਿਸ਼ਾਂ ਨੂੰ ਪੂਰਿਆਂ ਕਰਨ ਵਾਸਤੇ ਆਪਣੀ ਆਸ/ਖ਼ਾਹਿਸ਼ ਮੁਤਾਬਿਕ ਵੱਖ-ਵੱਖ ਜੂਨਾਂ ਵਿਚ ਜਨਮ ਲੈਣਾ ਪੈਂਦਾ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਜਦ ਤਕ ਸਾਸ, ਤਦ ਤਕ ਆਸ। ਮਨੁੱਖ ਦੇ ਸਵਾਸਾਂ ਨਾਲੋਂ ਉਸ ਦੀਆਂ ਆਸਾਂ ਵਧੇਰੇ ਰਫ਼ਤਾਰ ਨਾਲ ਚੱਲਦੀਆਂ ਹਨ। ਹੈਰਾਨਗੀ ਵਾਲੀ ਗੱਲ ਹੈ ਕਿ ਮਨੁੱਖ ਦੇ ਸਵਾਸ ਮੁੱਕਣ ਨਾਲ ਵੀ ਉਸ ਦੀਆਂ ਆਸਾਂ ਨਹੀਂ ਮੁੱਕਦੀਆਂ। ਕਿਸੇ ਅਦੀਬ ਦੇ ਸੁੰਦਰ ਬਚਨ ਹਨ ਕਿ:

ਹਜ਼ਾਰੋਂ ਖ਼ਾਹਿਸ਼ੇਂ ਸਾਥ ਲੇਕਰ ਦਮ ਨਿਕਲਤਾ ਹੈ।

ਤਨ ਵਿੱਚੋਂ ਦਮ ਨਿਕਲਦੇ ਸਮੇਂ ਤਨ ਤੇ ਮਨ ਦੀਆਂ ਉਭਰਦੀਆਂ ਖ਼ਾਹਿਸ਼ਾਂ ਨੂੰ ਪੂਰਿਆਂ ਕਰਨ ਵਾਸਤੇ ਆਪਣੀ ਆਸ/ਖ਼ਾਹਿਸ਼ ਮੁਤਾਬਿਕ ਵੱਖ-ਵੱਖ ਜੂਨਾਂ ਵਿਚ ਜਨਮ ਲੈਣਾ ਪੈਂਦਾ ਹੈ। ਭਗਤ ਤ੍ਰਿਲੋਚਨ ਜੀ ਦੱਸਦੇ ਹਨ:

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਸਰਪ ਜੋਨਿ ਵਲਿ ਵਲਿ ਅਉਤਰੈ॥1॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਬੇਸਵਾ ਜੋਨਿ ਵਲਿ ਵਲਿ ਅਉਤਰੈ॥2॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਸੂਕਰ ਜੋਨਿ ਵਲਿ ਵਲਿ ਅਉਤਰੈ॥3॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਪ੍ਰੇਤ ਜੋਨਿ ਵਲਿ ਵਲਿ ਅਉਤਰੈ॥4॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ (ਪੰਨਾ 526)

ਜੀਵ ਕਈ ਤਰ੍ਹਾਂ ਦੀਆਂ ਆਸਾਂ ਲੈ ਕੇ ਜਨਮਦਾ ਹੈ। ਉਸ ਦੀ ਇਕ ਆਸ (ਇੱਛਾ) ਅਜੇ ਪੂਰੀ ਹੀ ਹੁੰਦੀ ਹੈ ਤਾਂ ਝੱਟ ਕਈ ਹੋਰ ਇੱਛਾਵਾਂ ਜਨਮ ਲੈ ਲੈਂਦੀਆਂ ਹਨ। ਇਸ ਤਰ੍ਹਾਂ ਆਸਾਂ ਰੂਪੀ ਬੰਧਨ ਵਿਚ ਬੱਝਿਆ ਜੀਵ ਤਨ ਤੇ ਮਨ ਦੀਆਂ (ਦੁਨਿਆਵੀ) ਆਸਾਂ ਨੂੰ ਪੂਰਿਆਂ ਕਰਨ ਵਾਸਤੇ ਕਈ ਤਰ੍ਹਾਂ ਦੇ ਠੇਡੇ-ਠੋਕਰਾਂ ਖਾਂਦਾ ਭਾਵ ਭਾਰੀ ਕਸ਼ਟ ਭੋਗਦਾ ਸਰੀਰ ਰੂਪ ਵਿਚ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਸਤਿਗੁਰੂ ਜੀ ਫ਼ਰਮਾਉਂਦੇ ਹਨ:

ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ॥
ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ॥  (ਪੰਨਾ 61)

ਮਨ ਵਿਚ ਉਭਰੀ ਆਸਾ ਪੂਰੀ ਹੋ ਜਾਣ ਤਕ ਹੀ ਦੁੱਖ ਨਹੀਂ ਦੇਂਦੀ ਬਲਕਿ ਆਸ ਪੂਰੀ ਹੋਣ ’ਤੇ ਵੀ ਦੁੱਖ ਦੀ ਪ੍ਰਾਪਤੀ ਹੀ ਹੁੰਦੀ ਹੈ ਜਿਵੇਂ ਕਿਸੇ ਨੇ ਪੁੱਤਰ ਪ੍ਰਾਪਤੀ ਦੀ ਆਸ ਰੱਖ ਕੇ ਮਾਂ ਦੇ ਗਰਭ ਵਿਚ ਹੀ ਮਾਦਾ-ਭਰੂਣ ਹੱਤਿਆ ਕਰ ਜਾਂ ਕਰਵਾ ਕੇ ਭਾਰੀ ਗੁਨਾਹ ਕੀਤਾ, ਪੁੱਤਰ ਤੋਂ ਸੁਖ ਮਿਲਣ ਦੀ ਆਸ ਸੀ, ਪਰ ਉਹ ਉਂਞ ਨਲਾਇਕ ਨਿਕਲ ਆਇਆ। ਇਸੇ ਤਰ੍ਹਾਂ ਕਿਸੇ ਨੇ ਛਲ-ਕਪਟ, ਚੋਰੀ-ਠੱਗੀ ਜਾਂ ਕਿਸੇ ਦਾ ਕਤਲ ਕਰ ਕੇ ਧਨ-ਪਦਾਰਥ ਇਕੱਠੇ ਕੀਤੇ ਕਿ ਮੈਂ ਸੁਖੀ ਜੀਵਨ ਬਤੀਤ ਕਰਾਂਗਾ ਪਰ ਹੋਇਆ ਉਸ ਦੇ ਉਲਟ। ਇਕ ਤਾਂ ਇਹ ਡਰ ਸਹਿਮ ਬਣਿਆ ਹੋਇਆ ਕਿ ਕਿਤੇ ਮੇਰਾ ਪਾਜ ਨਾ ਉੱਘੜ ਜਾਵੇ, ਮੇਰੇ ਕੋਲੋਂ ਮਾਰ/ਸਜ਼ਾ ਭੁਗਤੀ ਨਹੀਂ ਜਾਣੀ। ਦੂਸਰਾ ਬੱਚੇ ਪੈਸੇ ਦੀ ਨਜਾਇਜ਼ ਵਰਤੋਂ ਕਰਦੇ ਤੇ ਇਕ-ਦੂਸਰੇ ਨਾਲੋਂ ਵੱਧ ਪੈਸਾ, ਜ਼ਮੀਨ ਲੈਣ ਵਾਸਤੇ ਆਪਸ ਵਿਚ ਝਗੜਦੇ ਹਨ। ਇਸ ਤਰ੍ਹਾਂ ਮਨੁੱਖ ਦੀ ਆਸ ਪੂਰੀ ਹੋਣ ’ਤੇ ਵੀ ਸੁਖ ਨਹੀਂ ਮਿਲਦਾ। ਫਿਰ ਵੀ ਮੰਜੇ ’ਤੇ ਪਿਆ ਬਜ਼ੁਰਗ ਜਿਸ ਦਾ ਬਲ, ਬੁੱਧੀ ਨੇ ਵੀ ਸਾਥ ਛੱਡ ਦਿੱਤਾ ਹੋਵੇ, ਪਰਵਾਰ ਦੇ ਮੈਂਬਰ ਵੀ ਭੈੜਾ ਸਲੂਕ ਕਰਦੇ ਹੋਣ, ਪਰ ਉਸ ਨੂੰ ਹਾਲੇ ਵੀ ਚੰਗੇ ਦਿਨ ਆਉਣ ਦੀ ਆਸ ਹੈ ਇਸ ਕਰਕੇ ਹੋਰ ਵੀ ਜ਼ਿਆਦਾ ਉਮਰ ਭੋਗਣੀ ਚਾਹੁੰਦਾ ਹੈ। ਭਗਤ ਬੇਣੀ ਜੀ ਦੱਸਦੇ ਹਨ:

ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ॥
ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ॥

… ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ॥
ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ॥  (ਪੰਨਾ 93)

ਦੂਸਰੇ ਪਾਸੇ ਆਪਣੀ ਮੌਤ ਨੂੰ ਵਿਸਾਰ ਕੇ ਪਰਿਵਾਰਕ ਮੈਂਬਰ ਤੇ ਹੋਰ ਸਾਕ- ਸੰਬੰਧੀ ਦੂਸਰੇ ਦੀ ਮੌਤ ਨੂੰ ਜਲਦੀ-ਜਲਦੀ ਆਉਣ ਦੀ ਆਸ, ਉਡੀਕ ਵਿਚ ਬੈਠੇ ਹਨ ਕਿ ਉਹ ਕਦੋਂ ਮਰੇ ਤੇ ਕਦੋਂ ਉਸ ਦੀ ਮਾਇਆ (ਸੰਪਤੀ) ਵਿੱਚੋਂ ਸਾਨੂੰ ਹਿੱਸਾ ਮਿਲੇ:

ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ॥
ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ॥  (ਪੰਨਾ 93)

‘ਸੁਕਰਾਤ’ ਦਾ ਕਥਨ ਹੈ, “ਸਾਡੀਆਂ ਇੱਛਾਵਾਂ ਜਿਤਨੀਆਂ ਘੱਟ ਹੋਣ, ਉਤਨੇ ਹੀ ਅਸੀਂ ਦੇਵਤਿਆਂ ਦੇ ਨਜ਼ਦੀਕ ਹਾਂ।” ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਇਕ ਪਦਾਰਥਾਂ ਦੀ ਆਸ ਨੂੰ ਭਿਆਨਕ ਕੁੱਤੀ ਕਹਿੰਦੇ ਹਨ ਜੋ ਹਰ ਵੇਲੇ ਮਨੁੱਖ ਦੇ ਮਨ ਵਿਚ ਤਰ੍ਹਾਂ-ਤਰ੍ਹਾਂ ਦੇ ਪਦਾਰਥਾਂ ਲਈ ਭੌਂਕਦੀ ਰਹਿੰਦੀ ਹੈ:

ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ॥
ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ॥ (ਪੰਨਾ 502)

ਇਕ ਸ਼ਿਕਾਰੀ ਪੰਛੀ ਬਾਸ਼ੇ ਵਾਂਗ ਮਨ ਵੀ ਇਕ ਥਾਂ ਟਿਕ ਕੇ ਨਹੀਂ ਬੈਠਦਾ, ਮਨੁੱਖੀ ਮਨ ਵਿਚ ਉੱਠੀਆਂ ਆਸਾਂ ਸਾਰੀ ਜ਼ਿੰਦਗੀ ਦੁੱਖ ਹੀ ਦੁੱਖ ਦੇਂਦੀਆਂ ਹਨ। ਸ੍ਰੀ ਗੁਰੂ ਰਾਮਦਾਸ ਜੀ ਸਾਨੂੰ ਮਨ ਦੇ ਪਿੱਛੇ ਤੁਰਨ ਵਾਲਿਆਂ (ਮਨਮੁਖਾਂ) ਦੀ ਅੰਦਰਲੀ ਤੇ ਬਾਹਰਲੀ ਅਵਸਥਾ ਤੋਂ ਜਾਣੂ ਕਰਵਾਉਂਦਿਆਂ ਸਮਝਾਉਂਦੇ ਹਨ:

ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ॥
ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ॥
ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ॥
ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ॥ (ਪੰਨਾ 776)

ਐ ਮਨੁੱਖ! ਜੇਕਰ ਤੂੰ ਜਗਤ ਦੇ ਸਹਾਰੇ (ਪਰਮਾਤਮਾ) ਨੂੰ ਵਿਸਾਰ ਕੇ ਉਸ ਦੇ ਬੰਦਿਆਂ ਦੀਆਂ ਆਸਾਂ ਬਣਾਈ ਰੱਖੇਂਗਾ ਤਾਂ ਕੇਵਲ ਖੱਜਲ-ਖੁਆਰੀ ਹੀ ਪ੍ਰਾਪਤ ਕਰੇਂਗਾ, ਕਿਉਂਕਿ ਜਿਸ ਵੀ ਮਨੁੱਖ ਨੇ ਹੁਣ ਤਕ ਪਰਮਾਤਮਾ ਦੇ ਨਾਮ ਨੂੰ ਛੱਡ ਬੰਦੇ ਤੋਂ ਆਸ ਲਾਈ ਉਸ ਨੂੰ ਖੁਆਰ ਹੀ ਹੋਣਾ ਪਿਆ:

ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥  (ਪੰਨਾ 134)

ਆਸ (ਇੱਛਾ) ਦੀ ਏਨੀ ਤੇਜ਼ ਦੌੜ ਹੈ ਕਿ ਮਨੁੱਖ ਵਰਤਮਾਨ ਵਿਚ ਹੁੰਦਾ ਹੈ ਤਾਂ ਆਸ ਭਵਿੱਖ ਵਿਚ ਹੁੰਦੀ ਹੈ। ਆਸ ਦੀ ਵੇਲ ਵਧਦਿਆਂ ਦੀ ਵੀ ਦੁੱਖ ਹੁੰਦਾ ਹੈ ਤੇ ਟੁੱਟਦਿਆਂ ਵੀ ਦੁੱਖ ਹੁੰਦਾ ਹੈ। ਇਸ ਵਾਸਤੇ ਗੁਰੂ ਸਾਹਿਬ ਸੇਧ ਬਖਸ਼ਦੇ ਹਨ:

ਆਸ ਅਨਿਤ ਤਿਆਗਹੁ ਤਰੰਗ॥
ਸੰਤ ਜਨਾ ਕੀ ਧੂਰਿ ਮਨ ਮੰਗ॥ (ਪੰਨਾ 295)

ਆਸਾ ਰੂਪ ਨਦੀ ਵਿਚ ਜਦੋਂ ਸੰਕਲਪ ਰੂਪ ਜਲ ਦਾ ਤੀਖਣ ਵੇਗ ਚੱਲਦਾ ਹੈ, ਤਾਂ ਤ੍ਰਿਸ਼ਨਾ ਜਨਮ ਲੈਂਦੀ ਹੈ। ਜਿੰਨਾ ਤ੍ਰਿਸ਼ਨਾ ਦੀਆਂ ਲਹਿਰਾਂ ਦਾ ਉਛਾਲ ਉੱਠਦਾ ਹੈ, ਓਨੀ ਹੀ ਵਿਆਕੁਲਤਾ ਦੀ ਗਹਿਰਾਈ ਵਧਦੀ ਹੈ। ਇਸ ਆਸ ਰੂਪੀ ਨਦੀ ਦੇ ਕਿਨਾਰੇ ਖੜ੍ਹਾ ਧੀਰਜ ਰੂਪੀ ਰੁੱਖ ਵੀ ਇਸ ਵਿਚ ਵਹਿ ਜਾਂਦਾ ਹੈ। ਆਪਣੀ ਬੁੱਧੀ ਰੂਪੀ ਬੇੜੀ ’ਤੇ ਸਵਾਰ ਹੋ ਕੇ ਇਸ ਆਸਾ ਨਦੀ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਵਿਚ ਚੱਲਦੀਆਂ ਬੇਅੰਤ ਤੇਜ਼ ਘੁੰਮਣਘੇਰੀਆਂ ਬੁੱਧੀ ਰੂਪੀ ਬੇੜੀ ਨੂੰ ਵੀ ਗਰਕ ਕਰ ਦੇਂਦੀਆਂ ਹਨ। ਕੋਈ ਵਿਰਲਾ ਹੀ ਗੁਰਮੁਖ ਹੁੰਦਾ ਹੈ ਜੋ ਗੁਰਮਤਿ ਦੇ ਮਾਰਗ ’ਤੇ ਚੱਲ ਕੇ ਇਸ ਆਸਾ ਰੂਪੀ ਨਦੀ ਤੋਂ ਪਾਰ ਹੋ ਕੇ ਆਪਣੇ ਪਿਆਰੇ ਪ੍ਰਭੂ ਦੇ ਪ੍ਰੇਮ/ਮਿਲਾਪ ਦਾ ਅਨੰਦ ਮਾਣਦਾ ਹੋਵੇ। ਰਾਜ-ਯੋਗੀ ਭਰਥਰੀ ਜੀ ਕਹਿੰਦੇ ਹਨ:

ਆਸਾ ਨਾਮ ਸਰੀ ਮਨੋਰਾਜ ਨੀਰ ਭਰੀ,
ਤ੍ਰਿਸ਼ਨਾ ਤਰੰਗੋ ਖਰੀ ਵਿਆਕੁਲੀ ਗੰਭੀਰ ਹੈ।
ਧੀਰਜ ਕੇ ਤਰੁ ਹਾਰੀ ਬੁਧਿ ਨਾਵ ਕੋ ਨਿਵਾਰੀ,
ਭਵਸਿੰਧ ਗਤਿ ਵਾਰੀ ਬਿਪਤਾ ਸਮੀਰ ਹੈ।
ਮਦਨਾਦਿ ਖਗ ਭੀਰ ਰਾਗ ਦ੍ਵੈਖ ਗ੍ਰਾਹਿ ਗੀਰ,
ਮੋਹ ਚੱਕ੍ਰ ਯਾਂਕੋ ਨੀਰਜਾਰੇ ਵਾਂਕੋ ਸੀਰ ਹੈ।
ਊਚੇ ਚਿੰਤਾ ਤਟਜਾਂਤੇ ਤਰਣੀ ਕਠਨ ਤਾਂਤੇ,
ਭੋਗੀ ਤਾਮੋਂ ਬਹੇ ਪਾਰ ਤੀਰ ਹੈ॥20॥ (ਵੈਰਾਗ ਸ਼ਤਕ, ਅਧਯਾਯ 6)

ਇਕ ਪ੍ਰਾਚੀਨ ਗ੍ਰੰਥਕਾਰ ਦਾ ਕਹਿਣਾ ਹੈ ਕਿ “ਇਸ ਸੰਸਾਰ ਵਿਚ ਬਿਨਾਂ ਇੱਛਾ ਦੇ ਕੋਈ ਕੰਮ ਹੁੰਦਾ ਨਹੀਂ ਵੇਖਿਆ ਜਾਂਦਾ। ਮਨੁੱਖ ਜੋ ਕੁਝ ਵੀ ਕਰਦਾ ਹੈ, ਇੱਛਾ ਤੋਂ ਪ੍ਰੇਰਿਤ ਹੋ ਕੇ ਹੀ ਕਰਦਾ ਹੈ।” “ਕਰਮ ਫਲ ਦੀ ਇੱਛਾ ਕਰਨੀ ਠੀਕ ਨਹੀਂ, ਪਰ ਇੱਛਾ ਦਾ ਤਿਆਗ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਵੇਦਾਂ ਦਾ ਅਧਿਐਨ ਅਤੇ ਵੇਦਾਂ ਵਿਚ ਦੱਸੇ ਗਏ ਕਰਮ ਇੱਛਾ ਹੋਣ ’ਤੇ ਹੀ ਕੀਤੇ ਜਾਂਦੇ ਹਨ।” ਹੀਰਾ ਲੱਭਣ ਦੀ ਆਸ ਰੱਖ ਕੇ ਮਿੱਟੀ ਛਾਣਨੀ ਸਿਆਣਪ ਨਹੀਂ ਹੈ। ਆਸਾ (ਕੌਡੀਆਂ) ਦੇ ਵੱਡੇ ਢੇਰ ਖ਼ਾਕ ਸਮਾਨ ਹਨ ਅਤੇ ਪ੍ਰਭੂ ਦਾ ਨਾਮ-ਹੀਰਾ ਅਨਮੋਲ ਹੈ। ਭਗਤ ਰਵਿਦਾਸ ਜੀ ਫ਼ਰਮਾਉਂਦੇ ਹਨ:

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ॥
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ॥  (ਪੰਨਾ 1377)

ਜਿਸ ਵਿਅਕਤੀ ਨੇ ਸਾਧਸੰਗਤਿ ਵਿਚ ਜਾ ਕੇ ਇਕ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿਚ ਪੱਕੇ ਤੌਰ ’ਤੇ ਟਿਕਾ ਲਿਆ, ਉਸ ਦੇ ਹੀ ਮਨ ਨੂੰ ਠੌਰ ਭਾਵ ਸ਼ਾਂਤੀ ਮਿਲ ਗਈ ਅਤੇ ਉਸ ਨੇ ਦੀਨ-ਦੁਨੀਆਂ ਦੇ ਕਾਰਜ (ਮਨੁੱਖੀ ਜੀਵਨ ਦੀ ਸਫ਼ਲਤਾ) ਨੂੰ ਪੂਰਿਆਂ ਕਰ ਲਿਆ, ਪਰ ਜੋ ਵਿਅਕਤੀ ਪ੍ਰਭੂ ਦੀ ਯਾਦ ਵੱਲੋਂ ਪਾਸਾ ਵੱਟ ਕੇ ਕੇਵਲ ਮਨ ਦੀਆਂ ਆਸਾਂ ਪੂਰੀਆਂ ਕਰਨ ਵਿਚ ਲੱਗ ਗਿਆ ਉਸ ਨੂੰ ਕੇਵਲ ਭਾਰੀ ਨਰਕ (ਦੁੱਖ-ਕਸ਼ਟ) ਭੋਗਣੇ ਪਏ। ਭਗਤ ਕਬੀਰ ਜੀ ਸਮਝਾਉਂਦੇ ਹਨ:

ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ॥
ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ॥  (ਪੰਨਾ 1369)

ਜਿਹੜਾ ਮਨੁੱਖ ਆਪਣੀ ਆਸ ਨਹੀਂ ਪੂਰੀ ਕਰ ਸਕਦਾ, ਭਲਾ ਉਹ ਦੂਸਰੇ  ਦੀ ਆਸ ਕਿਵੇਂ ਪੂਰੀ ਕਰ ਸਕਦਾ ਹੈ? ਸਤਿਗੁਰੂ ਜੀ ਫ਼ਰਮਾਉਂਦੇ ਹਨ:

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥
ਦੇਵਨ ਕਉ ਏਕੈ ਭਗਵਾਨੁ॥  (ਪੰਨਾ 281)

ਪਰ ਫਿਰ ਵੀ ਤਕਰੀਬਨ ਹਰ ਮਨੁੱਖ ਦੂਸਰੇ ਮਨੁੱਖ ਪਾਸੋਂ ਆਪਣੀ ਇੱਛਾ ਪੂਰੀ ਹੋਣ ਦੇ ਭਰਮ ਵਿਚ ਭਟਕ ਰਿਹਾ ਹੈ। ਕਹਿੰਦੇ ਹਨ, “ਦੋਂਹ ਪਹਾੜੀਆਂ ਦੇ ਵਿਚਕਾਰ ਇਕ ਖਾਈ ਵਹਿੰਦੀ ਸੀ। ਇਕ ਭਿਖਾਰੀ ਚੜ੍ਹਦੇ ਵਾਲੀ ਪਹਾੜੀ ਤੇ ਦੂਜਾ ਭਿਖਾਰੀ ਲਹਿੰਦੇ ਵਾਲੀ ਪਹਾੜੀ ’ਤੇ ਰਹਿੰਦਾ ਸੀ। ਜਦੋਂ ਸੂਰਜ ਚੜ੍ਹਨ ਵੇਲੇ ਉਸ ਦੀਆਂ ਸਿੱਧੀਆਂ ਕਿਰਨਾਂ ਲਹਿੰਦੇ ਵਾਲੇ ਪਾਸੇ ਪੈਂਦੀਆਂ ਤਾਂ ਚੜ੍ਹਦੇ ਪਾਸੇ ਰਹਿਣ ਵਾਲੇ ਭਿਖਾਰੀ ਨੂੰ ਲਹਿੰਦੇ ਪਾਸੇ ਇਕ ਚਮਕਦੇ ਹੋਏ ਸ਼ੀਸ਼ਮਹੱਲ ਦਾ ਭਰਮ ਪੈਂਦਾ ਤਾਂ ਉਸ ਦੇ ਮਨ ਵਿਚ ਰੋਜ਼ਾਨਾ ਆਸ ਉਪਜਦੀ ਕਿ ਜੇ ਕਿਤੇ ਮੈਂ ਇਸ ਸ਼ੀਸ਼ ਮਹੱਲ ਵਿਖੇ ਮੰਗਣ ਜਾਵਾਂ ਤਾਂ ਮੇਰੀ ਸਦਾ ਦੀ ਗਰੀਬੀ ਨਿਕਲ ਸਕਦੀ ਹੈ।

ਇਸੇ ਤਰ੍ਹਾਂ ਸੂਰਜ ਦੇ ਲਹਿੰਦੇ ਪਾਸੇ ਜਾਣ ’ਤੇ ਚੜ੍ਹਦੇ ਪਾਸੇ ਵੀ ਇਕ ਚਮਕਦੇ ਹੋਏ ਸ਼ੀਸ਼ ਮਹੱਲ ਦਾ ਭਰਮ ਲਹਿੰਦੇ ਪਾਸੇ ਵਾਲੀ ਪਹਾੜੀ ’ਤੇ ਰਹਿੰਦੇ ਭਿਖਾਰੀ ਦੇ ਮਨ ਵਿਚ ਪੈਦਾ ਹੁੰਦਾ। ਉਹ ਵੀ ਬੜੇ ਚਿਰ ਤੋਂ ਸੋਚਦਾ ਕਿ ਜੇ ਕਿਤੇ ਮੈਂ ਇਸ ਸ਼ੀਸ਼ ਮਹੱਲ ਵਿਚ ਮੰਗਣ ਜਾਵਾਂ ਤਾਂ ਮੇਰੀ ਗਰੀਬੀ ਮੁੱਕ ਸਕਦੀ ਹੈ ਤੇ ਮੇਰਾ ਮੰਗਣ ਤੋਂ ਛੁਟਕਾਰਾ ਹੋ ਸਕਦਾ ਹੈ।

ਇਕ ਦਿਨ ਦੋਵੇਂ ਭਿਖਾਰੀ ਆਪਣੀ-ਆਪਣੀ ਆਸ ਪੂਰੀ ਕਰਨ ਵਾਸਤੇ ਨਿਕਲ ਤੁਰੇ। ਚੜ੍ਹਦੇ ਪਾਸੇ ਵਾਲੇ ਭਿਖਾਰੀ ਨੇ ਬਹੁਤ ਔਖੇ ਹੋ ਕੇ ਜਦੋਂ ਖਾਈ ਪਾਰ ਕੀਤੀ ਤਾਂ ਲਹਿੰਦੇ ਵਾਲੇ ਭਿਖਾਰੀ ਨੇ ਉਸ ਨੂੰ ਪੁੱਛਿਆ, “ਭਰਾ ਜੀ ਕਿੱਥੇ ਜਾ ਰਹੇ ਹੋ?” ਤਾਂ ਅੱਗੋਂ ਉਸ ਨੇ ਦੱਸਿਆ ਕਿ ਮੈਨੂੰ ਇਸ ਪਾਸੇ ਪਹਾੜੀ ਉੱਪਰ ਸ਼ੀਸ਼ ਮਹੱਲ ਦਾ ਭੁਲੇਖਾ ਪੈਂਦਾ ਸੀ, ਸੋਚਿਆ ਅੱਜ ਉਥੋਂ ਚੰਗਾ ਮੰਗ ਲਿਆਉਨਾਂ।” ਇਹ ਸੁਣ ਕੇ ਦੂਸਰੇ ਭਿਖਾਰੀ ਨੇ ਹੱਸਦਿਆਂ ਹੋਇਆਂ ਕਿਹਾ, “ਭਰਾ ਜੀ! ਇਸ ਪਾਸੇ ਕੋਈ ਸ਼ੀਸ਼ ਮਹੱਲ ਨਹੀਂ ਏ, ਹੋ ਸਕਦਾ ਮੇਰੀ ਝੁੱਗੀ ਉੱਪਰ ਲੱਗਾ ਲੋਹੇ ਦਾ ਪੱਤਰਾ ਚਮਕਦਾ ਵੇਖ ਕੇ ਤੁਹਾਡੇ ਮਨ ਵਿਚ ਸ਼ੀਸ਼ ਮਹੱਲ ਦਾ ਭਰਮ ਪਿਆ ਹੋਵੇ।” ਚੜ੍ਹਦੇ ਪਾਸੇ ਵਾਲੇ ਭਿਖਾਰੀ ਨੇ ਲਹਿੰਦੇ ਪਾਸੇ ਵਾਲੇ ਭਿਖਾਰੀ ਨੂੰ ਕਿਹਾ, “ਅੱਛਾ ਮਿੱਤਰ! ਤੁਹਾਡੀ ਕਿਹੜੇ ਪਾਸੇ ਦੀ ਤਿਆਰੀ ਹੈ?” ਤਾਂ ਲਹਿੰਦੇ ਪਾਸੇ ਵਾਲੇ ਭਿਖਾਰੀ ਨੇ ਕਿਹਾ, “ਮੈਨੂੰ ਚੜ੍ਹਦੇ ਪਾਸੇ ਰੋਜ਼ਾਨਾ ਸ਼ੀਸ਼ ਮਹੱਲ ਚਮਕਦਾ ਨਜ਼ਰ ਆਉਂਦਾ ਹੈ। ਅੱਜ ਮੈਂ ਉਥੋਂ ਮੰਗਣ ਜਾ ਰਿਹਾ ਹਾਂ।” ਇਹ ਸੁਣ ਕੇ ਚੜ੍ਹਦੇ ਪਾਸੇ ਵਾਲੇ ਭਿਖਾਰੀ ਨੇ ਹੱਸਦਿਆਂ ਕਿਹਾ, “ਮਿੱਤਰਾ! ਸ਼ੀਸ਼ ਮਹੱਲ ਇਸ ਪਾਸੇ ਵੀ ਕੋਈ ਨਹੀਂ, ਸ਼ਾਇਦ! ਤੈਨੂੰ ਵੀ ਮੇਰੀ ਝੁੱਗੀ ਉੱਪਰ ਲੱਗਾ ਲੋਹੇ ਦਾ ਪੱਤਰਾ ਹੀ ਚਮਕਦਾ ਨਜ਼ਰੀਂ ਪੈਂਦਾ ਹੋਵੇਗਾ।”

ਵੇਖਿਆ ਜਾਵੇ ਤਾਂ ਲੱਗਭਗ ਹਰ ਮਨੁੱਖ ਦੀ ਹਾਲਤ ਉਕਤ ਭਿਖਾਰੀਆਂ ਵਾਲੀ ਹੈ, ਹਰ ਮਨੁੱਖ ਦੂਸਰੇ ਦੇ ਘਰ, ਆਪਣੀ ਆਸ ਪੂਰੀ ਹੋਣ ਦਾ ਭਰਮ ਲੈ ਕੇ ਜਾਂਦਾ ਹੈ, ਲੇਕਿਨ ਪੱਲੇ ਨਿਰਾਸ਼ਤਾ ਹੀ ਪੈਂਦੀ ਹੈ ਜੋ ਅਤਿ ਦੁੱਖ ਦਿੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਹਨ:

ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ॥
ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ॥  (ਪੰਨਾ 1097)

ਪ੍ਰਸਿੱਧ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਦੇ ਬੋਲ ਹਨ:

ਆਸਾਂ ਦੀਆਂ ਡੋਰੀਆਂ ਖਿਲਾਰੀ ਰੱਖ ਲੰਮੀਆਂ,
ਬੱਝਾ ਰਹੇ ਹੌਸਲਾ ਅਡੋਲ ਵੀ ਪਪੀਹਾ।

ਆਮ ਕਹਾਵਤ ਹੈ ਕਿ “ਜਿੰਨਾ ਸਿਰ ਵੱਡਾ, ਓਨੀ ਸਿਰ ਪੀੜ ਵੱਡੀ” ਇਸੇ ਤਰ੍ਹਾਂ ਜਿੰਨੀਆਂ ਆਸਾਂ ਓਨੇ ਹੀ ਦੁੱਖ ਹਨ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਆਸ ਰੱਖਣੀ ਵਿਅਰਥ ਜਾਂਦੀ ਹੈ। ਪਰਵਾਰ ਜਾਂ ਸੰਬੰਧੀਆਂ ਦੀ ਆਸ ਰੱਖਣੀ ਵਿਅਰਥ ਹੈ, ਸਗੋਂ ਜਿੱਥੇ ਪ੍ਰਭੂ-ਪਿਆਰੇ ਦੀ ਆਸ ਰੱਖਣ ਨਾਲ ਆਪ ਭਵਜਲ ਸੰਸਾਰ ਤੋਂ ਪਾਰ ਹੋ ਸਕੀਦਾ ਹੈ, ਉੱਥੇ ਆਪਣੇ ਪਰਵਾਰ ਨੂੰ ਵੀ ਪ੍ਰਭੂ ਦੇ ਲੜ ਲਾ ਕੇ ਹਰੇਕ ਬਿਪਤਾ ਤੋਂ ਮੁਕਤ ਕਰਾ ਸਕੀਦਾ ਹੈ। ਮਾਇਆ ਆਦਿਕ ਦੀ ਆਸ ਤਾਂ ਬਣਾਈਏ ਜੇ ਉਸ ਨੇ ਸਾਡੇ ਨਾਲ ਜਾਣਾ ਹੋਵੇ। ਹਾਂ ‘ਜੀਵੇ ਆਸਾ, ਮਰੇ ਨਿਰਾਸਾ’ ਦੀ ਭਾਵਨਾ ਨੂੰ ਨਾਲ ਲੈ ਕੇ ਸਾਨੂੰ ਕੇਵਲ ਜਗਤ ਦੇ ਮਾਲਕ ਪ੍ਰਭੂ-ਪਰਮਾਤਮਾ ਦੀ ਆਸ ਰੱਖਣੀ ਚਾਹੀਦੀ ਹੈ। ਮੇਰੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸਮਝਾਉਂਦੇ ਹਨ:

ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ॥
ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ॥
ਹਰਿ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ॥1॥
ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ॥
ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ॥1॥
ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ॥
ਇਨ੍‍ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ੍‍ ਕਾ ਵਾਹਿਆ ਕਛੁ ਨ ਵਸਾਈ॥
ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝੁ ਤਾਰੈ ਤੇਰਾ ਕੁਟੰਬੁ ਸਭੁ ਛਡਾਈ॥2॥
ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ॥
ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ ਖਿਨ ਮਹਿ ਝੂਠੁ ਬਿਨਸਿ ਸਭ ਜਾਈ॥
ਮੇਰੇ ਮਨ ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭੁ ਥਾਇ ਪਾਈ॥3॥
ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂ ਆਸ ਕਰਾਵਹਿ ਤੈਸੀ ਕੋ ਆਸ ਕਰਾਈ॥
ਕਿਛੁ ਕਿਸੀ ਕੈ ਹਥਿ ਨਾਹੀ ਮੇਰੇ ਸੁਆਮੀ ਐਸੀ ਮੇਰੈ ਸਤਿਗੁਰਿ ਬੂਝ ਬੁਝਾਈ॥
ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ ਦੇਖਿ ਹਰਿ ਦਰਸਨਿ ਤ੍ਰਿਪਤਾਈ॥ (ਪੰਨਾ 859-60)

ਮਾਇਕ ਪਦਾਰਥਾਂ ਦੀ ਆਸ ਪੂਰੀ ਕਰਨ ਵਾਸਤੇ ਕਈ ਮਨੁੱਖ ਆਪਣੇ ਪਰਵਾਰ ਦੇ ਮੈਂਬਰ (ਬੱਚੇ) ਦੀ ਜਾਂ ਕਿਸੇ ਹੋਰ ਪਰਵਾਰ ਦੇ ਮੈਂਬਰ (ਬੱਚੇ) ਦੀ ਬਲੀ ਦੇਣ/ਦਿਵਾਉਣ ਤੋਂ ਵੀ ਸੰਕੋਚ ਨਹੀਂ ਕਰਦੇ। ਕਹਿੰਦੇ ਹਨ ਕਿ ਇਕ ਵਾਰ ਕਿਸੇ ਬ੍ਰਾਹਮਣ (ਜੋਤਸ਼ੀ) ਨੇ ਰਾਜੇ ਨੂੰ ਦੱਸਿਆ ਕਿ ਜੇਕਰ ਤੁਸੀਂ ਕਿਸੇ ਬੱਚੇ ਦੀ ਬਲੀ ਦੇਵੀ ਨੂੰ ਪ੍ਰਸੰਨ ਕਰਨ ਵਾਸਤੇ ਦੇਵੋ ਤਾਂ ਤੁਹਾਡੇ ਘਰ ਸੰਤਾਨ ਪੈਦਾ ਹੋ ਸਕਦੀ ਹੈ। ਰਾਜੇ ਨੇ ਸੰਤਾਨ ਪ੍ਰਾਪਤੀ ਦੀ ਆਸ ਨੂੰ ਪੂਰਿਆਂ ਕਰਨ ਲਈ ਆਪਣੇ ਰਾਜ ਵਿਚ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਵਿਅਕਤੀ ਮੈਨੂੰ ਆਪਣੇ ਪੁੱਤਰ ਦੀ ਬਲੀ ਦੇਣ ਲਈ ਭੇਂਟ ਕਰੇਗਾ, ਮੈਂ ਉਸ ਨੂੰ ਮੂੰਹੋਂ ਮੰਗਿਆ ਇਨਾਮ ਦੇਵਾਂਗਾ।

ਜਦੋਂ ਇਹ ਆਵਾਜ਼ ਇਕ ਤ੍ਰਿਸ਼ਨਾਲੂ ਪਤੀ-ਪਤਨੀ ਦੇ ਕੰਨਾਂ ਵਿਚ ਪਈ ਤਾਂ ਉਨ੍ਹਾਂ ਆਪਸ ਵਿਚ ਵਿਚਾਰ ਕੀਤੀ ਕਿ ਆਪਾਂ ਆਪਣੇ ਛੋਟੇ ਪੁੱਤਰ ਨੂੰ ਭੇਂਟ ਕਰ ਦਈਏ ਜੋ ਸੱਚ/ਧਰਮ ਦੀਆਂ ਗੱਲਾਂ ਕਰਦਾ ਹੈ। ਜੇਕਰ ਪੁੱਤਰ ਦੀ ਬਲੀ ਦੇਣ/ ਦਿਵਾਉਣ ਨਾਲ ਅਸੀਂ ਸ਼ਾਹੂਕਾਰ/ਧਨਵਾਨ ਬਣਨ ਦੀ ਆਸ ਪੂਰੀ ਕਰ ਲਈਏ ਤਾਂ ਇਸ ਨਾਲੋਂ ਹੋਰ ਕੀ ਚੰਗਾ ਹੋ ਸਕਦਾ ਹੈ?

ਇਸ ਤਰ੍ਹਾਂ ਤ੍ਰਿਸ਼ਨਾਲੂ ਮਾਪਿਆਂ ਨੇ ਆਪਣਾ ਪੁੱਤਰ ਰਾਜੇ ਨੂੰ ਭੇਂਟ ਕਰ ਦਿੱਤਾ। ਦੇਵੀ ਦੇ ਮੰਦਰ ਵਿਚ ਬੱਚੇ ਦੀ ਬਲੀ ਦੇਣ ਤੋਂ ਪਹਿਲਾਂ ਰਾਜੇ ਦੇ ਹੁਕਮ ਅਨੁਸਾਰ ਅਹਿਲਕਾਰਾਂ ਨੇ ਜਦੋਂ ਬੱਚੇ ਨੂੰ ਉਸ ਦੀ ਆਖਰੀ ਖਾਹਿਸ਼ ਪੁੱਛੀ ਤਾਂ ਉਸ ਨੇ ਲਾਗੇ ਵਗਦੀ ਨਦੀ ਵਿਚ ਇਸ਼ਨਾਨ ਕਰਨ ਦੀ ਇੱਛਾ ਜ਼ਾਹਰ ਕੀਤੀ, ਜੋ ਮੰਨੀ ਗਈ।

ਬੱਚੇ ਨੇ ਇਸ਼ਨਾਨ ਕਰਨ ਤੋਂ ਪਹਿਲਾਂ ਨਦੀ ਦੇ ਕਿਨਾਰੇ ਚਾਰ ਢੇਰੀਆਂ ਬਣਾਈਆਂ। ਫਿਰ ਬੱਚਾ ਪਾਣੀ ਵਿਚ ਚੁੱਭੀ ਲਗਾਵੇ ਤੇ ਬਾਹਰ ਆ ਕੇ ਇਕ ਢੇਰੀ ਢਾਹ ਦੇਵੇ। ਇਸ ਤਰ੍ਹਾਂ ਉਸ ਨੇ ਤਿੰਨ ਢੇਰੀਆਂ ਢਾਹ ਦਿੱਤੀਆਂ ਤੇ ਚੌਥੀ ਢੇਰੀ ਦੀਆਂ ਪ੍ਰਕਰਮਾ ਕਰ ਕੇ ਉਸ ਨੂੰ ਨਮਸਕਾਰ ਕਰ ਕੇ ਰਾਜੇ ਪਾਸ ਆ ਗਿਆ। ਰਾਜੇ ਨੇ ਜਦੋਂ ਬੱਚੇ ਨੂੰ ਇਸ ਕੌਤਕ ਬਾਰੇ ਪੁੱਛਿਆ ਤਾਂ ਬੱਚਾ ਕਹਿਣ ਲੱਗਾ, “ਰਾਜਨ! ਤੂੰ ਕੀ ਲੈਣਾ ਏਂ ਪੁੱਛ ਕੇ? ਤੂੰ ਜਲਦੀ-ਜਲਦੀ ਮੇਰੀ ਬਲੀ ਦੇ ਕੇ ਆਪਣੀ ਸੰਤਾਨ ਪ੍ਰਾਪਤੀ ਦੀ ਇੱਛਾ/ਸੱਧਰ ਨੂੰ ਪੂਰੀ ਕਰ। ਹਾਂ! ਜੇ ਤੂੰ ਜ਼ਰੂਰੀ ਪੁੱਛਣਾ ਈ ਏਂ ਤਾਂ ਸੁਣ, ਪਹਿਲੀ ਢੇਰੀ ਮੇਰੀ ਮਾਪਿਆਂ ਦੇ ਨਾਂ ਦੀ ਸੀ। ਕਹਿੰਦੇ ਹਨ ਮਾਪੇ ਮਾਰ ਲੈਂਦੇ ਹਨ, ਪਰ ਕਿਸੇ ਨੂੰ ਮਾਰਨ ਨਹੀਂ ਦਿੰਦੇ, ਪਰ ਮੇਰੇ ਮਾਪਿਆਂ ਨੇ ਲਾਲਚ-ਵੱਸ ਹੋ ਕੇ ਮੇਰੀ ਬਲੀ ਦੇਣ ਵਾਸਤੇ ਤੈਨੂੰ ਭੇਟ ਕੀਤਾ ਹੈ। ਇਸ ਕਰਕੇ ਮੈਂ ਉਨ੍ਹਾਂ ਦੀ ਆਸ (ਢੇਰੀ) ਢਾਹ ਦਿੱਤੀ।”

“ਦੂਸਰੀ ਢੇਰੀ ਸੀ ਰਾਜੇ ਦੇ ਨਾਮ ਦੀ ਕਿ ਰਾਜੇ ਧਰਮੀ ਤੇ ਇਨਸਾਫ਼ ਕਰਨ ਵਾਲੇ ਹੁੰਦੇ ਹਨ, ਪਰ ਜਦੋਂ ਮੈਂ ਇਹ ਵੇਖਿਆ ਕਿ ਇਸ ਰਾਜੇ ਨੇ ਮੈਨੂੰ ਇਨਸਾਫ਼ ਕੀ ਦੇਣਾ-ਦਿਵਾਉਣਾ, ਜਿਹੜਾ ਖ਼ੁਦ ਦੇਵੀ ਦੇ ਮੰਦਰ ’ਤੇ ਮੇਰਾ ਖੂਨ ਕਰਨਾ ਚਾਹੁੰਦਾ ਹੈ। ਇਹ ਸੋਚ ਕੇ ਮੈਂ ਦੂਸਰੀ ਤੇਰੀ ਢੇਰੀ (ਆਸ) ਵੀ ਢਾਹ ਦਿੱਤੀ।”

“ਤੀਸਰੀ ਢੇਰੀ ਸੀ ਦੇਵੀ ਦੇ ਨਾਮ ਦੀ, ਜਦੋਂ ਮੈਂ ਸੋਚਿਆ ਕਿ ਇਹ ਦੇਵੀ ਮੈਨੂੰ ਮੌਤ ਤੋਂ ਕਿਵੇਂ ਬਚਾ ਸਕਦੀ ਹੈ? ਜਿਸ ਨੇ ਖੁਦ ਮੇਰਾ ਖੂਨ ਪੀ ਕੇ ਪ੍ਰਸੰਨ ਹੋਣਾ ਹੋਵੇ। ਬਸ, ਫਿਰ ਮੈਂ ਦੇਵੀ ਦੀ ਆਸ (ਢੇਰੀ) ਵੀ ਢਾਹ ਦਿੱਤੀ।”

“ਚੌਥੀ ਢੇਰੀ ਸੀ ਸਰਬ-ਵਿਆਪਕ ਪਰਮਾਤਮਾ ਦੇ ਨਾਮ ਦੀ, ਜਿਸ ਨੂੰ ਮੈਂ ਢਾਹੁਣ ਦੀ ਬਜਾਏ ਨਮਸਕਾਰ ਕੀਤੀ, ਮੈਨੂੰ ਆਸ ਹੀ ਨਹੀਂ ਬਲਕਿ ਵਿਸ਼ਵਾਸ ਹੈ ਕਿ ਪਰਮਾਤਮਾ ਮੇਰੇ ਨਾਲ ਜ਼ੁਲਮ (ਵਧੀਕੀ) ਨਹੀਂ ਹੋਣ ਦੇਵੇਗਾ।” ਸਤਿਗੁਰਾਂ ਦੇ ਬਚਨ ਹਨ:

ਮੇਰੇ ਮਨ ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭੁ ਥਾਇ ਪਾਈ॥  (ਪੰਨਾ 859)

ਇਹ ਸੁਣ ਕੇ ਰਾਜੇ ਦੇ ਮਨ ਵਿਚ ਵੈਰਾਗ ਪੈਦਾ ਹੋ ਗਿਆ ਕਿ ਹੋ ਸਕਦਾ ਹੈ ਕਿ ਇਸ ਹੋਣਹਾਰ ਧਰਮ-ਵਿਸ਼ਵਾਸੀ ਬੱਚੇ ਦੀ ਬਲੀ ਦੇਣ ਨਾਲ ਵੀ ਸੰਤਾਨ ਦੀ ਪ੍ਰਾਪਤੀ ਨਾ ਹੋਵੇ, ਸਗੋਂ ਉਲਟਾ ਹੋਰ ਦੁੱਖ/ਕਸ਼ਟ ਭੋਗਣੇ ਪੈਣ, ਕਿਉਂ ਨਾ ਮੈਂ ਇਸ ਬੱਚੇ ਨੂੰ ਹੀ ਪੁੱਤਰ ਮੰਨ ਲਵਾਂ? ਕਹਿੰਦੇ ਹਨ ਰਾਜੇ ਨੇ ਸੱਚਮੁਚ ਉਸ ਬੱਚੇ ਨੂੰ ਆਪਣਾ ਪੁੱਤਰ ਮੰਨ ਕੇ ਆਪਣੇ ਰਾਜ-ਭਾਗ ਦਾ ਵਾਰਸ ਥਾਪ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਦੇ ਅਟੱਲ ਬਚਨ ਹਨ:

ਏਕ ਊਪਰਿ ਜਿਸੁ ਜਨ ਕੀ ਆਸਾ॥
ਤਿਸ ਕੀ ਕਟੀਐ ਜਮ ਕੀ ਫਾਸਾ॥ (ਪੰਨਾ 281)

ਘਰ-ਪਰਵਾਰ ਨੂੰ ਛੱਡ ਕੇ ਸੰਨਿਆਸੀ ਬਣਿਆਂ ਜਾਂ ਜੰਗਲਾਂ, ਪਹਾੜਾਂ ਵਿਚ ਇਕਾਂਤ ਥਾਂ ਜਾ ਬੈਠਣ ਨਾਲ ਵੀ ਆਸਾਂ ਤੋਂ ਛੁਟਕਾਰਾ ਨਹੀਂ ਮਿਲਦਾ। ਸ੍ਰੀ ਗੁਰੂ ਰਾਮਦਾਸ ਜੀ ਫ਼ਰਮਾਉਂਦੇ ਹਨ:

ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ॥
ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ॥  (ਪੰਨਾ 835)

ਪਰਮਾਤਮਾ ਦੇ ਨਾਮ ਨੂੰ ਵਿਸਾਰ ਮਾਇਕ ਪਦਾਰਥਾਂ ਨਾਲ ਮੋਹ/ਪਿਆਰ ਕਰਨ ਵਾਲੇ ਦੇ ਇਕ ਤਾਂ ਪੱਲੇ ਕੁਝ ਨਹੀਂ ਪੈਂਦਾ, ਦੂਸਰਾ ਉਸ ਨੂੰ ਉਂਞ ਫਿਟਕਾਰਾਂ ਪੈਂਦੀਆਂ ਹਨ:

ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ॥
ਹਰਿ ਸੁਖੁ ਪਲ੍‍ਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ॥ (ਪੰਨਾ 850)

ਰੱਬ ਦਾ ਪਿਆਰਾ/ਪ੍ਰੇਮੀ ਦੁਨੀਆਂ ਦੀਆਂ ਸਾਰੀਆਂ ਆਸਾਂ ਮਨ ਵਿੱਚੋਂ ਦੂਰ ਕਰ ਕੇ, ਕੇਵਲ ਆਪਣੇ ਹਿਰਦੇ/ਚਿੱਤ ਵਿਚ ਪਰਮਾਤਮਾ ਦੀ ਆਸ ਟਿਕਾਉਂਦਾ ਹੈ; ਜਿਸ ਕਰਕੇ ਉਹ ਆਸਾਂ ਦੀ ਫਾਹੀ ਤੋਂ ਮੁਕਤ ਹੋ ਜਾਂਦਾ ਹੈ:

ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ॥
ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ॥ (ਪੰਨਾ 1100)

ਆਓ! ਆਪਾਂ ਵੀ ਆਪਣੇ ਹਿਰਦੇ/ਚਿੱਤ ਵਿਚ ਸਤਿਗੁਰਾਂ ਦੇ ਬਚਨ ਦ੍ਰਿੜ੍ਹ ਕਰੀਏ:

ਅਪਨਾ ਮੀਤੁ ਸੁਆਮੀ ਗਾਈਐ॥
ਆਸ ਨ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭੁ ਧਿਆਈਐ॥1॥ ਰਹਾਉ॥
ਸੂਖ ਮੰਗਲ ਕਲਿਆਣ ਜਿਸਹਿ ਘਰਿ ਤਿਸ ਹੀ ਸਰਣੀ ਪਾਈਐ॥
ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ॥1॥
ਏਕ ਓਟ ਪਕਰੀ ਠਾਕੁਰ ਕੀ ਗੁਰ ਮਿਲਿ ਮਤਿ ਬੁਧਿ ਪਾਈਐ॥
ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ ਸਗਲ ਚੁਕੀ ਮੁਹਤਾਈਐ॥ (ਪੰਨਾ 1214)

ਮਨੁੱਖ ਆਸਾਂ ਬਣਾ-ਬਣਾ ਕੇ ਮਰ-ਖਪ ਜਾਂਦਾ ਹੈ, ਪਰ ਆਸਾਂ ਨਾ ਮਰਦੀਆਂ ਹਨ ਤੇ ਨਾ ਹੀ ਮੁੱਕਦੀਆਂ ਹਨ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੱਸਦੇ ਹਨ ਕਿ ਮਨੁੱਖ ਦੀਆਂ ਆਸਾਂ ਪ੍ਰਭੂ ਨਾਲ ਚਿੱਤ ਜੋੜਿਆਂ ਪੂਰੀਆਂ ਹੋ ਜਾਂਦੀਆਂ ਹਨ:

ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ॥
ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ॥ (ਪੰਨਾ 517)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Nishan Singh Gandivind
ਗ੍ਰੰਥੀ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ -ਵਿਖੇ: ਠੱਠਾ ਤਰਨਤਾਰਨ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)