editor@sikharchives.org

ਆਪਾ ਪਹਿਚਾਨਣ ਦੇ ਕਦਮਾਂ ਨੂੰ ਤੋਰਨ ਦੀ ਗੱਲ ਕਰਦਿਆਂ

ਅਸੀ ਆਪਣੇ ਆਪ ਨੂੰ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਨਾ ਹੀ ਆਪਣੇ ਅੰਤਰੀਮ ਝਾਕਣ ਦਾ ਕੋਈ ਫਰਜ਼ ਪਹਿਚਾਣਦੇ ਹਾਂ।
ਬੁੱਕਮਾਰਕ ਕਰੋ (1)

No account yet? Register

ਪੜਨ ਦਾ ਸਮਾਂ: 1 ਮਿੰਟ

ਅਸੀ ਜੀਵੜੇ ਕਾਦਰ ਦੀ ਸੁਨੱਖੜੀ ਕੁਦਰਤ ਦਾ ਆਨੰਦ ਚੂਸਣ ਲਈ ਇਸ ਪਵਿੱਤਰ ਧਰਤ ਦੇ ਉੱਤੇ ਭੋਰੇ ਬਣ ਕੇ ਉਡਾਰੀਆ ਲਗਾ ਰਹੇ ਹਾਂ। ਬਹੁਤ ਕੁਝ ਕਰਤਾਰ ਨੇ ਸਾਨੂੰ ਬਖ਼ਸ਼ਿਸ਼ਾਂ ਦੇ ਰੂਪ ਵਿੱਚ ਦਿੱਤਾ ਹੈ। ਸਾਡੇ ਵਿਚੋਂ ਅਸੀਂ ਬਹੁਤੇ ਕਰਤਾਰ ਦੀਆਂ ਬਖ਼ਸ਼ਿਸ਼ਾਂ ਨੂੰ ਮਾਣਦੇ ਹੋਏ ਵੀ ਬਹੁਤੀ ਵਾਰੀ ਓਸ ਨੂੰ ਪੁਕਾਰਨਾ ਭੁੱਲਦੇ ਹਾਂ। ਹਰੇ ਭਰੇ ਰੁੱਖ, ਸੁਨੱਖੜੇ ਫੁੱਲ, ਮੀਂਹ ਦੇ ਵਿੱਚ ਭਿੱਜਣਾ, ਠੰਢੀ ਹਵਾ ਵਿੱਚ ਬਾਹਾਂ ਫਲਾਉਣੀਆਂ, ਧੁੱਪ ਦਾ ਸੇਕ ਪਿੰਡੇ ਤੇ ਪਵਾਉਣਾ, ਮਿੱਟੀ ਵਿੱਚ ਲਿਬੜਨਾ, ਪੰਛੀਆਂ ਦਾ ਚਹਿਕਾਉਣਾ, ਬੱਚਿਆਂ ਦੀਆਂ ਲਾਲਾਂ, ਬਾਬਿਆਂ ਦੇ ਬੋਲ ਹੋਰ ਪਤਾ ਨਹੀਂ ਕਿੰਨਾ ਕੁਝ ਅਸੀਂ ਕਰਤਾਰ ਕੋਲੋਂ ਆਪਣੀ ਝੋਲੀ ਦੇ ਵਿੱਚ ਪਵਾਈ ਬੈਠੇ ਹਾਂ। ਆਓ ਆਪਾਂ ਓਹਦੇ ਹੋ ਕੇ ਉਹਦੀਆਂ ਗੱਲਾਂ ਆਪਣੇ ਆਪ ਰਾਹੀ ਕਰਨ ਦਾ ਯਤਨ ਕਰਦੇ ਹਾਂ।

ਉਹਨੂੰ ਯਾਦ ਕਰਨ ਦੇ ਲਈ ਅਸੀਂ ਆਪਣੇ ਆਪ ਨੂੰ ਓਸ ਦੀ ਅੰਸ਼ ਸਵਿਕਾਰ ਕਰਦੇ ਹੋਏ ਵੀ, ਨਾ ਤਾਂ ਆਪਣਾ ਖਿਆਲ ਰੱਖਦੇ ਹਾਂ, ਨਾ ਹੀ ਕਦੇ ਆਪਣੇ ਆਪ ਬਾਰੇ ਸੋਚਦੇ ਹਾਂ। ਸਾਰਿਆਂ ਦੀ ਗੱਲ ਨਹੀਂ ਕਰਨੀ ਕਿਉਂਕਿ ਵਿਰਲੇ ਹੈਣ ਜਿਹੜੇ ਇਸ ਅਵਸਥਾ ਵਿੱਚ ਪੂਰੀ ਤਰ੍ਹਾਂ ਰਸੇ ਹੋਏ ਹਨ। ਇਨ੍ਹਾਂ ਵਿਰਲਿਆਂ ਤੋਂ ਛੁੱਟ ਆਪਾਂ ਬਹੁਤੇ ਆਪਣੇ ਆਪ ਨੂੰ ਖੋਜਣ ਦੀ ਬਜਾਏ ਦੂਜਿਆਂ ਦੇ ਪਾਜ ਉਧੇੜਨ ਦੀ ਰਫ਼ਤਾਰ ਵਿੱਚ ਅੱਖਾਂ ਮੀਚ-ਮੀਚ ਭੱਜੇ ਜਾ ਰਹੇ ਹਾਂ, ਜਿਵੇਂ ਕੋਈ ਮੁਕਾਬਲਾ ਹੋਵੇ ਤੇ ਸਾਨੂੰ ਸੋਨ-ਤਗਮੇ ਦੀ ਹੋੜ ਲੱਗੀ ਹੋਵੇ। ਅਸੀਂ ਸੱਚੀਂ ਭੁੱਲ ਗਏ ਹਾਂ ਅਸੀਂ ਇਸ ਧਰਤ ’ਤੇ ਕਰਨ ਕੀ ਆਏ ਹਾਂ। ਅਸੀਂ ਕੇਵਲ ਇੱਥੇ ਗੰਦੇ ਮੰਦੇ ਗੀਤਾਂ ਤੇ ਨੱਚਣ, ਗਲ੍ਹੀਆਂ ਸੜ੍ਹੀਆਂ ਜਹੀਆਂ ਸ਼ਰਾਬਾਂ ਪੀ ਕੇ ਲਲਕਾਰੇ ਮਾਰ ਰਹੇ ਹਾਂ। ਅਸੀਂ ਕਦੇ ਕਿਸੇ ਦੀ ਲੱਤ ਖਿੱਚ ਰਹੇ ਹਾਂ, ਕਦੇ ਕਿਸੇ ਦੀ ਬਾਂਹ ਖਿੱਚ ਰਹੇ ਹਾਂ। ਭਰਾ-ਭਰਾ ਆਪਸ ਵਿੱਚ ਲੜੀ ਜਾਂਦੇ ਨੇ, ਸਾਡੇ ਵਰਗੇ ਮੂਰਖ਼ ਲੋਕ ਉਨ੍ਹਾਂ ਦੀ ਸੁਲਾਹ ਕਰਾਉਣ ਦੀ ਬਜਾਏ ਉਨ੍ਹਾਂ ਦੇ ਹੱਕੀ ਧੜੇ ਬਣ-ਬਣ …………ਪਤਾ ਨਹੀ ਕੀ ਕੁਝ ਮੂੰਹੋਂ ਬੋਲੀ ਜਾਂਦੇ ਹਾਂ ਤੇ ਇੱਕ ਓਅੰਕਾਰ ਨੂੰ ਪੁਕਾਰਨ ਆਲੀ ਜਿਹਵਾ ਨੂੰ ਸਾੜ੍ਹੀ ਫੂਕੀ ਜਾਂਦੇ ਹਾਂ। ਉਹ ਐਸ ਤਰ੍ਹਾਂ ਕਰਦਾ, ਇਹ ਓਸ ਤਰ੍ਹਾਂ ਕਰਦਾ …..ਬਸ .. !! ਮੈਨੂੰ ਪਤਾ ਹੀ ਨਹੀਂ, ਚੇਤਾ ਹੀ ਨਹੀ, …… ਮੈਂ ਕਿਵੇਂ ਕਰਦਾ!

ਸਾਡੇ ਗੁਰੂਆਂ ਦੀ ਪਵਿੱਤਰ ਗੁਰਬਾਣੀ ਸਾਨੂੰ ਉਪਦੇਸ਼ ਕੀ ਦੇ ਰਹੀ ਹੈ? ਪਤਾ ਨਹੀਂ ਜੀ ਹਰਲ-ਹਰਲ ਕਰਦਿਆਂ ਗੁਰੂ ਘਰ ਜਾਈ ਦਾ ਵਗਾਹ ਕੇ ਮਾਰੀ ਦਾ ਮੱਥਾ, ਪਰਿਕਰਮਾ ਕਰਦਿਆਂ ਸਾਰੇ ਪਾਸੇ ਹੀ ਰਗੜ ਦਈ ਦਾ ਮੱਥੇ ਨੂੰ, ਫੁਰਰ ਕਰਕੇ ਬਾਹਰ ਆ ਜਾਈਦਾ, ਬਾਬੇ ਪੜ੍ਹੀ ਜਾਂਦੇ ਆ ਪਾਠ-ਕੀਰਤਨ…… ਅਸੀਂ ਕੀ ਕਰਨਾ ਸੁਣਕੇ…!! ਅਸੀਂ ਅਹਿਸਾਨ ਕਰਤਾ ਮੱਥਾ ਟੇਕ ਕੇ ਰੋਜ਼ਦਾ …….. !! ਇਹੋ ਕੁਝ ਹੋਈ ਜਾਂਦੈ, ਸੱਚੀਂ, ਅਸੀ ਆਪਣੇ ਆਪ ਨੂੰ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਨਾ ਹੀ ਆਪਣੇ ਅੰਤਰੀਮ ਝਾਕਣ ਦਾ ਕੋਈ ਫਰਜ਼ ਪਹਿਚਾਣਦੇ ਹਾਂ। ਗੁਰੂ ਅਮਰਦਾਸ ਜੀ ਦੀ ਮਿੱਠਬੋਲੜੀ ਰਸਨਾ ਉਚਾਰ ਕੇ ਸੰਬੋਧਨ ਕਰ ਰਹੀ ਹੈ –

ਆਪ ਪਛਾਣੈ ਸੋ ਸਭਿ ਗੁਣ ਜਾਣੈ॥

ਹੇ ਭਾਈ ਜਿਹੜਾ ਆਪਣੇ ਆਪ ਨੂੰ ਪਛਾਣਦਾ ਹੈ, ਸਿਆਣਦਾ ਹੈ, ਪੜਤਾਲਦਾ ਹੈ ਉਹ ਸਭ ਸਦਗੁਣਾਂ ਦੇ, ਨੇਕੀਆਂ ਦੇ ਹਾਣ ਦਾ ਹੋ ਜਾਂਦਾ ਹੈ, ਗੁਣਾਂ ਨੂੰ ਸਮਝ ਕੇ ਉਨ੍ਹਾਂ ਨਾਲ ਸਾਂਝ ਪਾ ਲੈਦਾ ਹੈ। ਦੇਖੋ  ਗੁਰੂ ਬਾਬਾ ਜੀ ਦੀ ਗੱਲ ਮੰਨ ਕੇ, ਆਪਣੇ ਆਪੇ ਨੂੰ, ਆਪਣੇ ਆਤਮਿਕ ਜੀਵਨ ਨੂੰ ਪੜ੍ਹ ਕੇ ਹੁੰਦਾ ਕੀ ਹੈ। ਬਾਬਾ ਫਰੀਦ ਜੀ ਵੀ ਕਹਿ ਰਹੇ ਨੇ ਵਿਦਵਾਨ ਬੰਦਿਆਂ ਹੋਰਾਂ ਦੇ ਖ਼ਿਲਾਫ ਨਾ ਲਿਖ, ਸਵੈਪੜਚੋਲ ਕਰ –

ਫਰੀਦਾ ਜੇ ਤੂੰ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾ ਕਰਿ ਦੇਖੁ॥

ਪਰ ਨਹੀਂ ਅਸੀਂ ਜੋ ਛੋਟੀਆਂ ਮੋਟੀਆਂ ਗਲਤੀਆਂ ਵੀ ਨੇ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਵਾਰ-ਵਾਰ ਕਰਦੇ ਹਾਂ, ਆਪਣੇ ਅੰਦਰ ਝਾਤੀ ਮਾਰਨ ਦੀ ਹਿੰਮਤ ਕਿਵੇਂ ਕਰਾਂਗੇ? ਸਾਨੂੰ ਇਸ ਕਲਯੁੱਗ ਦੇ ਵਿੱਚ ਬਹੁਤ ਲੋੜ ਹੈ ਹੋਰਾਂ ਦੀ ਨਿੰਦਿਆਂ ਚੁਗਲੀ ਕਰਨ ਦੀ ਬਜਾਏ ਆਪਣੇ ਆਪ ਨੂੰ ਘੋਖਣ ਦੀ। ਮੈਂ/ਤੁਸੀਂ ਪਤਾ ਨਹੀਂ ਕਿਉ ਆਪਣੇ ਆਪ ਦੇ ਲਈ ਵੀ ਗੈਰਜ਼ਿੰਮੇਦਾਰ ਹਾਂ।

ਜੋ ਗੱਲਾਂ ਸਭ ਤੋਂ ਪਹਿਲਾਂ ਸਾਂਝੀਆਂ ਕੀਤੀਆਂ ਨੇ ਆਓ ਉਹਨਾਂ ਦਾ ਆਨੰਦ ਮਾਣਦੇ ਹੋਏ ਇਸ ਜਗਤ ਵਿੱਚ ਸੁਚੱਜੜੀ ਜੀਵਨ-ਜਾਚ ਦੇ ਧਾਰਨੀ ਹੋਈਏ। ਕਹਾਵਤ ਬਹੁਤ ਪ੍ਰਚਲਿਤ ਹੈ, “ਮਨੁੱਖ ਗਲਤੀਆਂ ਦਾ ਪੁਤਲਾ ਹੈ” ਹੁੰਦਾ ਹੋਵੇਗਾ ਪਰ ਨਾਲ-ਨਾਲ ਇਸ ਪੁਤਲੇ ਨਾਲੋਂ ਵੱਧ ਬੀਰਤਾ ਆਪਣੀਆਂ ਗਲਤੀਆਂ ਸੁਧਾਰਨ ਵਿੱਚ ਦਿਖਾ ਸਕਦਾ ਹੈ। ਜੇ ਅਸੀਂ ਗਲਤੀਆਂ ਦੇ ਸੱਚ-ਮੁੱਚ ਪੁਤਲੇ ਹਾਂ, ਤਾਂ ਆਪਾਂ ਇਨ੍ਹਾਂ ਗਲਤੀਆਂ ਦੇ ਜ਼ੁਲਮ ਨੂੰ ਖਤਮ ਵੀ ਕਰ ਸਕਦੇ ਹਾਂ। ਪੁਤਲੇ ਤੋਂ ਉਤਾਂਹ ਉੱਠ ਕੇ ਆਪਾਂ ਪੂਰਨਤਾ ਦਾ ਤਾਜ ਪਹਿਨਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਆਪਾਂ ਵੀ ਸਿਰਜਣਹਾਰ ਕਰਤੇ ਦੇ ਬੰਦੇ ਹਾਂ, ਆਪਾਂ ਵੀ ਪੂਰਨ ਇਨਸਾਨ ਬਣ ਸਕਦੇ ਹਾਂ, ਸੰਤ ਬਣ ਸਕਦੇ ਹਾਂ। ਅਸੀਂ ਕਰਤਾਰ ਦੀ ਅੰਸ਼ ਹਾਂ, ਅਸੀਂ ਓਹਦੇ ਅੱਗੇ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਸਾਨੂੰ ਆਪਾ ਪਛਾਣਨ ਦੀ ਜਾਚ ਸਕਾ ਦੇਵੇ। ਗੁਰੂ ਅਮਰਦਾਸ ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ-

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥

ਸਾਨੂੰ ਉਹਨੇ ਹੀ ਤਾਕਤ ਦੇਣੀ ਹੈ। ਆਓ ਆਪਾਂ ਆਪਣੇ ਆਪ ਨੂੰ ਪੜ੍ਹਨ ਦੇ ਲਈ ਅਰਦਾਸ ਕਰੀਏ ਕਿਉਂਕਿ ਪੰਜਵੇ ਪਾਤਸ਼ਾਹ ਆਖਦੇ ਹਨ –

ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥

ਸੋ ਅਸੀਂ ਅਰਦਾਸ ਕਰਨੀ ਹੈ। ਕਾਹਲੀ ਨਹੀਂ ਕਰਨੀ, ਖਿਝਣਾ ਨਹੀਂ, ਕੋਈ ਵੀ ਕਾਰਜ ਹੋਵੇ ਸਦਾ ਹੀ ਚੜ੍ਹਦੀਕਲਾ ਵਿੱਚ ਕਰਨਾ, ਸਹਿਜ ਨਾਲ, ਸਬਰ-ਸੰਤੋਖ ਨਾਲ ਸਭ ਕਾਰਜ ਰਾਸ ਹੁੰਦੇ ਹਨ। ਹੁਣ ਤੋਂ ਹੀ ਮੈਂ/ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਆਪਣੀਆਂ ਗਲਤੀਆਂ ਭਾਲਣ ਲੱਗਦੇ ਹਾਂ। ਸੱਚਾ ਪਾਤਸ਼ਾਹ ਕਿਸੇ ਨੂੰ ਵੀ ਡੋਲਣ ਨਾ ਦੇਵੇ, ਉਹਦੇ ਤੇ ਭਰੋਸਾ ਰੱਖ ਕੇ ਸਹਿਜੇ-ਸਹਿਜੇ ਤੁਰਦੇ ਚੱਲੀਏ। ਫਿਰ ਆਪਣੇ ਆਪ ਨੂੰ ਪੜ੍ਹ ਕੇ ਅਸੀਂ ਕਿਸ ਆਨੰਦਕ ਮੰਡਲਾਂ ਵਿੱਚ ਉਡਾਰੀਆਂ ਲਗਾਉਦੇ ਹਾਂ, ਉਹ ਪੜ੍ਹਨ ਤੋਂ ਬਾਅਦ ਹੀ ਪਤਾ ਲੱਗੇਗਾ। ਸੱਚਮੁੱਚ ਪੂਰੇ ਹੋਈਏ, ਨਹੀਂ ਤਾਂ ਦੁਨੀਆਦਾਰੀ ਰੋਜ਼ ਵਾਂਗ ਕਿਸੇ ਨਾ ਕਿਸੇ ਨੂੰ ਪੂਰਾ ਹੋ ਗਿਆ ਕਹਿ ਸਾੜ ਦਿੰਦੀ ਹੈ। ਆਪਾਂ ਸੱਚਮੁੱਚ ਵਾਲੇ ਪੂਰੇ ਹੋਣਾ, ਉਹ ਵਾਲੇ ਪੂਰੇ ਜਿਹੜੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ ਅਮਰ ਰਹਿੰਦੇ ਹਨ।

ਨਾਨਕੁ ਨਾਮੁ ਚੜਦੀਕਲਾ॥
ਤੇਰੇ ਭਾਣੇ ਸਰਬੱਤ ਦਾ ਭਲਾ॥

ਬੁੱਕਮਾਰਕ ਕਰੋ (1)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (1)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)