editor@sikharchives.org

ਗਿਆਨੀ ਜੀ ਨੂੰ ਚੁੱਕ ਕੇ ਲੈ ਗਏ

ਕੁਝ ਬਹੁਤ ਹੌਂਸਲੇ ਵਾਲ਼ੇ ਸੱਜਣ ਪਾਰਟੀ ਦੇ ਦਫ਼ਤਰ ਦਾ ਬਾਹਰ ਬਾਹਰ ਚੱਕਰ ਵੀ ਲਾ ਆਏ ਪਰ ਅੰਦਰ ਜਾਣ ਦਾ ਕਿਸੇ ਦਾ ਹੌਸਲਾ ਨਾ ਪਿਆ। ਉਹਨੀਂ ਦਿਨੀਂ ਉਸ ਮਨਿਸਟਰ ਦੀ ਏਸ਼ੀਅਨ ਭਾਈਚਾਰੇ ਵਿਚ ਦਹਿਸ਼ਤ ਹੀ ਏਨੀ ਸੀ ਕਿ ਕੋਈ ਡਰਦਾ ਉਸ ਦੇ ਸਾਹਮਣੇ ਜਾਣ ਦੀ ਜੁਰਅਤ ਨਹੀਂ ਸੀ ਕਰਦਾ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗੱਲ ਇਹ ਛੱਬੀ ਸਤੰਬਰ, 2021 ਵਾਲ਼ੇ ਦਿਨ ਹਰ ਐਤਵਾਰ ਵਾਂਗ, ਆਸਟ੍ਰੇਲੀਆ ਦੇ ਸਭ ਤੋਂ ਪਹਿਲੇ ਸੱਤੇ ਦਿਨ, ਚੌਵੀ ਘੰਟੇ ਚੱਲਣ ਵਾਲ਼ੇ ਸਿੱਖ ਧਾਰਮਿਕ ਰੁਖ ਵਾਲ਼ੇ ‘ਹਰਮਨ ਰੇਡੀਉ’ ਉਪਰ, ਇਸ ਦੇ ਸੰਚਾਲਕ, ਅਮਨਦੀਪ ਸਿੰਘ ਸਿੱਧੂ ਨਾਲ਼, ਵਰਤਾਲਾਪ ਵਿਚ ਚੇਤੇ ਆ ਗਈ। ਚੱਲਦੀ ਗੱਲ ਜਦੋਂ ਉਸ ਨੇ ਦੱਸਿਆ ਕਿ ਪੰਜਾਬ ਦੇ ਨਵੇਂ ਮੁਖ ਮੰਤਰੀ ਜੀ ਨੇ ਆਪਣੀ ਰੱਖਿਆ ਵਾਸਤੇ, ਨਾਲ਼ ਚੱਲਣ ਵਾਲ਼ੇ ਰੱਖਿਆ ਕਰਮਚਾਰੀਆਂ ਅਤੇ ਕਾਰਾਂ ਦੇ ਕਾਫ਼ਲੇ ਨੂੰ ਘਟਾਉਣ ਵਾਸਤੇ ਕਹਿ ਦਿਤਾ ਹੈ, ਤਾਂ ਮੈਨੂੰ 1973 ਵਿਚ ਅਫ੍ਰੀਕਾ ਦੇ ਮੁਲਕ ਮਲਾਵੀ ਦੀ ਇਕ ਘਟਨਾ ਚੇਤੇ ਆ ਗਈ।

ਉਸ ਤੋਂ ਪਹਿਲਾਂ ਅੰਮ੍ਰਿਤਸਰ ਵਾਲ਼ੀ ਘਟਨਾ ਦਾ ਜ਼ਿਕਰ ਵੀ ਕਰ ਹੀ ਲਵਾਂ। 1970 ਵਿਚ ਇਕ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੇ ਸੂਚਨਾ ਕੇਂਦਰ ਵਿਚ ਬੈਠਾ ਸਾਂ ਤਾਂ ਸ਼ੀਸ਼ੇ ਦੇ ਦਰਵਾਜੇ ਵਿਚੋਂ ਵੇਖਿਆ ਕਿ ਘੰਟਾ ਘਰ ਚੌਂਕ ਦੀਆਂ ਦੁਕਾਨਾਂ ਵਿਚ ਅਕਾਲੀ ਵਜ਼ੀਰ, ਜਥੇਦਾਰ ਕਰਮ ਸਿੰਘ ਜਾਗੀਰਦਾਰ ਫਿਰ ਰਹੇ ਹਨ। ਨਾ ਨਾਲ਼ ਕੋਈ ਗੰਨਮੈਨ ਤੇ ਨਾ ਹੀ ਕੋਈ ਸਟਾਫ਼ ਦਾ ਹੋਰ ਬੰਦਾ, ਤੇ ਵਜ਼ੀਰ ਇਕੱਲਾ ਹੀ ਦੁਕਾਨਾਂ ਵਿਚ ਤੁਰਿਆ ਫਿਰੇ! ਮੇਰੀ ਉਹਨਾਂ ਨਾਲ਼, ਬਾਕੀ ਆਗੂਆਂ ਵਾਂਗ ਹੀ, ਚੰਗੀ “ਘੂੰ-ਘਾਂ” ਸੀਗੀ, ਕਿਉਂਕਿ ਉਹਨੀਂ ਦਿਨੀਂ ਮੈਂ ਵੀ ਖ਼ੁਦ ਨੂੰ ਪੰਜਾਂ ਸਵਾਰਾਂ ਵਿਚੋਂ ਸਮਝਦਾ ਹੁੰਦਾ ਸੀ। ਮੈਂ ਉਠ ਕੇ ਜਥੇਦਾਰ ਜੀ ਕੋਲ਼ ਪਹੁੰਚਿਆ। ਫ਼ਤਿਹ ਉਪ੍ਰੰਤ ਮੈਂ ਉਹਨਾਂ ਦੇ ਇਕੱਲੇ ਫਿਰਨ ਬਾਰੇ ਆਪਣੀ ਹੈਰਾਨੀ ਪਰਗਟ ਕੀਤੀ ਤਾਂ ਜਥੇਦਾਰ ਜੀ ਕਹਿੰਦੇ, “ਮੇਰੀ ਕੇਹੜੀ ਕਿਸੇ ਨਾਲ਼ ਦੁਸ਼ਮਣੀ ਹੈ ਜਿਸ ਤੋਂ ਮੈਨੂੰ ਹਮਲੇ ਦਾ ਡਰ ਹੋਵੇ!

ਕੁਝ ਸਾਲ ਪਹਿਲਾਂ ਮੈਂ ਇਕ ਲੇਖ ਲਿਖਿਆ ਸੀ। ਸਿੱਖ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਦੇ ਸੱਦੇ ਉਪਰ ਮੈਂ ਐਡੀਲੇਡ ਗਿਆ ਸਾਂ। ਓਥੇ ਇਕ ਦਿਨ ਗੁਰਦੁਆਰਾ ਗੁਰੂ ਨਾਨਕ ਦਰਬਾਰ, ਐਲਨਬੀ ਗਾਰਡਨ ਵਿਚ, ਕੁਝ ਸਿੱਖ ਨੌਜਵਾਨ ਹਲਕੇ ਦੇ ਐਮ.ਪੀ. ਨੂੰ ਮਿਲਣ ਵਾਸਤੇ ਖਲੋਤੇ ਸਨ। ਸਿੱਖ ਹਾਕੀ ਦੀ ਟੀਮ ਨਾਲ਼ ਉਸ ਨੇ ਫ਼ੋਟੋ ਖਿਚਵਾਉਣ ਆਉਣਾ ਸੀ। ਮੈਂ ਵੇਖਿਆ ਕਿ ਇਕ ਪਤਲੇ ਜਿਹੇ ਸਰੀਰ ਅਤੇ ਲੰਮੇ ਕੱਦ ਦਾ ਬੰਦਾ ਆਇਆ। ਉਸ ਨੇ ਆਪਣਾ ਸਾਈਕਲ ਗੁਰਦੁਆਰੇ ਦੀ ਬਾਹਰਲੀ ਨਿੱਕੀ ਜਿਹੀ ਕੰਧ ਨਾਲ਼ ਖਲ੍ਹਿਆਰਿਆ ਤੇ ਕੰਧ ਤੋਂ ਅੰਦਰ ਆ ਕੇ ਨੌਜਵਾਨਾਂ ਨਾਲ਼ ਫੋਟੋ ਖਿਚਵਾਈ। ਇਹ ਤਸਵੀਰ ਮੈਂ ਉਸ ਲੇਖ ਦੇ ਨਾਲ਼ ਵੀ ਛਾਪੀ ਸੀ। ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਚ ਪ੍ਰਧਾਨ ਸ. ਮਹਾਂਬੀਰ ਸਿੰਘ ਗਰੇਵਾਲ਼ ਨੇ ਲੰਗਰ ਵਿਚੋਂ ਚਾਹ ਦਾ ਕੱਪ ਮੰਗਵਾ ਕੇ ਐਮ.ਪੀ. ਨੂੰ ਪਿਆਇਆ ਤੇ ਉਹ ਸਾਰਿਆਂ ਨਾਲ਼ ਹੱਥ ਮਿਲ਼ਾ ਕੇ ਤੁਰਦਾ ਹੋਇਆ।

ਯਾਦ ਰਹੇ ਕਿ ਆਸਟ੍ਰੇਲੀਆ ਵਿਚ ਹਰੇਕ ਸਟੇਟ ਦੀ ਲੈਜਿਸਲੇਚਰ ਨੂੰ ਪਾਰਲੀਮੈਂਟ ਹੀ ਕਿਹਾ ਜਾਂਦਾ ਹੈ। ਇਹ ਸੱਜਣ ਸਾਊਥ ਆਸਟ੍ਰੇਲੀਆ ਸਟੇਟ ਦੀ ਪਾਰਲੀਮੈਂਟ ਦਾ ਮੈਂਬਰ ਸੀ। ਕੁਝ ਸਮੇ ਬਾਅਦ ਉਹ ਫਿਰ ਮੁੜ ਆਇਆ। ਮੈਂ ਦਫ਼ਤਰ ਵਿਚ ਹੀ ਬੈਠਾ ਸਾਂ। ਉਹ ਆਪਣਾ ਬੈਗ ਭੁੱਲ ਗਿਆ ਸੀ ਤੇ ਚੱੁਕਣ ਆਇਆ ਸੀ। ਬੈਗ ਚੁੱਕ ਕੇ ਜਾਣ ਸਮੇ ਉਹ ਮੈਨੂੰ ਆਪਣਾ ਕਾਰਡ ਦੇ ਗਿਆ। ਮੈਂ ਉਸ ਦੇ ਕਾਰਡ ਉਪਰ ਨਜਰ ਮਾਰੀ ਤਾਂ ਪੜ੍ਹ ਕੇ ਹੈਰਾਨ ਹੀ ਰਹਿ ਗਿਆ, ਕਿਉਂਕਿ ਉਹ ਪਾਰਲੀਮੈਂਟ ਦਾ ਕੇਵਲ ਮੈਂਬਰ ਹੀ ਨਹੀਂ ਸਗੋਂ ਸਪੀਕਰ ਵੀ ਸੀ। ਪਰਲੀਮੈਂਟ ਦਾ ਸਪੀਕਰ, ਬਿਨਾ ਕਿਸੇ ਬਾਡੀਗਾਰਡ ਦੇ, ਆਪਣੇ ਸਾਧਾਰਨ ਜਿਹੇ ਸਾਈਕਲ ‘ਤੇ ਲੋਕਾਂ ਨਾਲ਼ ਫ਼ੋਟੋ ਖਿਚਵਾਉਂਦਾ ਫਿਰਦਾ ਸੀ।

ਹੁਣ ਮੈਂ “ਗਿਆਨੀ ਜੀ ਚੁੱਕੇ ਗਏ” ਵਾਲ਼ੀ ਗੱਲ ਦੱਸਣ ਵੱਲ ਆਉਂਦਾ ਹਾਂ। ਅਫ਼੍ਰੀਕਾ ਦੇ ਮਲਾਵੀ ਨਾਮੀ ਇਕ ਆਕਾਰ ਵਿਚ ਛੋਟੇ ਜਿਹੇ ਮੁਲਕ ਵਿਚਲੀ, ‘ਸਿੱਖ ਐਸੋਸੀਏਸ਼ਨ ਆਫ਼ ਮਲਾਵੀ’ ਦੇ ਸੱਦੇ ਉਪਰ, ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ਼ੋਂ, ਬਿਨਾ ਤਨਖਾਹ ਛੁੱਟੀ ਲੈ ਕੇ ਦੋ ਸਾਲਾਂ ਦੇ ਵਰਕ ਪਰਮਿਟ ਉਪਰ ਓਥੇ ਚਲਿਆ ਗਿਆ। ਓਥੇ ਓਦੋਂ ਡਾਕ ਦੀ ਵੰਡ ਦਾ ਪ੍ਰਬੰਧ ਤਸੱਲੀਬਖ਼ਸ਼ ਨਾ ਹੋਣ ਕਰਕੇ, ਹਰੇਕ ਵਿਅਕਤੀ ਵੱਡੇ ਡਾਕਖਾਨੇ ਵਿਚ ਆਪਣਾ ਬਾਕਸ ਕਰਾਏ ‘ਤੇ ਲੈ ਕੇ ਰੱਖਦਾ ਸੀ। ਮੈਂ ਮਲਾਵੀ ਦੇ ਨਿੱਕੇ ਜਿਹੇ ਸ਼ਹਿਰ ਲੰਿਬੀ ਵਿਚ ਰਹਿੰਦਾ ਸਾਂ। ਏਥੇ ਮਲਾਵੀ ਦੀ ਰੇਲਵੇ ਦਾ ਹੈਡ ਕੁਆਰਟਰ ਸੀ ਤੇ ਕੁਝ ਸਿੱਖ ਪਰਵਾਰ ਏਥੇ ਰਹਿੰਦੇ ਸਨ ਜੇਹੜੇ ਰੇਲਵੇ ਵਿਚ ਉਚ ਅਹੁਦਿਆਂ ਉਪਰ ਕੰਮ ਕਰਦੇ ਸਨ। ਏਥੇ ਹੀ ਹਿੰਦੁਸਤਾਨੀ ਸਮਾਜ ਦੀਆਂ ਤਕਰੀਬਨ ਸਾਰੀਆਂ ਸਰਗਰਮੀਆਂ ਹੋਇਆ ਕਰਦੀਆਂ ਸਨ। ਅੰਗ੍ਰੇਜ਼ਾਂ ਦੇ ਰਾਜ ਸਮੇ ਰੇਲਵੇ ਵਿਚ ਕੰਮ ਕਰਦੇ ਸਿੱਖਾਂ ਨੂੰ ਗੁਰਦੁਆਰਾ ਬਣਾਉਣ ਵਾਸਤੇ ਵਾਹਵਾ ਸਾਰੀ ਜ਼ਮੀਨ ਦਿਤੀ ਗਈ ਸੀ। ਉਸ ਜ਼ਮੀਨ ਦੀ ਵੰਡ ਕਰਕੇ, 1928 ਵਿਚ ਇਕ ਗੁਰਦੁਆਰਾ, ਇਕ ਕਲੱਬ ਅਤੇ ਇਕ ਸ਼ਮਸ਼ਾਨ ਘਾਟ ਦੀਆਂ ਵੱਖ ਵੱਖ ਸੰਸਥਾਵਾਂ ਬਣਾ ਦਿਤੀਆਂ ਗਈਆਂ ਸਨ। ਲੰਿਬੀ ਤੋਂ ਪੰਜ ਮੀਲ ਉਪਰ ਬਲੈਂਟਾਇਰ ਨਾਮੀ ਕੁਝ ਵੱਡੇ ਸ਼ਹਿਰ ਵਿਚ ਭਾਰਤੀ ਹਾਈ ਕਮਿਸ਼ਨ ਅਤੇ ਇਕ ਮੰਦਰ ਸੀ। ਰਾਜਧਾਨੀ ਦੇਸ ਦੀ ਓਦੋਂ ਜ਼ੋਮਬਾ ਨਾਮੀ ਸ਼ਹਿਰ ਵਿਚ ਹੁੰਦੀ ਸੀ ਜੋ ਬਾਅਦ ਵਿਚ ਲਿਲੌਂਗਵੇ ਸ਼ਹਿਰ ਵਿਚ ਚਲੀ ਗਈ ਸੀ।

ਮੁੱਕਦੀ ਗੱਲ, ਇਕ ਸ਼ਾਮ ਦੇ ਘੁਸਮੁਸੇ ਜਿਹੇ ਵਿਚ ਮੈਂ ਆਪਣੇ ਮੇਲ ਬਾਕਸ ਦੀ ਮੋਰੀ ਵਿਚ ਕੁੰਜੀ ਫਸਾ ਕੇ, ਉਸ ਨੂੰ ਖੋਹਲ ਰਿਹਾ ਸਾਂ। ਕੀ ਵੇਖਦਾ ਹਾਂ ਕਿ ਮੇਰੇ ਸੱਜੇ ਪਾਸੇ ਕੁਝ ਬਾਕਸ ਛੱਡ ਕੇ, ਇਕ ਉਹ ਸੱਜਣ ਆਪਣਾ ਬਾਕਸ ਖੋਹਲ ਰਿਹਾ ਹੈ, ਜੇਹੜਾ ਮਲਾਵੀ ਦੀ ਸਰਕਾਰ ਵਿਚ, ਓਥੋਂ ਦੇ ਪ੍ਰੈਜ਼ੀਡੈਂਟ ਤੋਂ ਦੂਜੇ ਨੰਬਰ ਉਪਰ ਸੀ। ਉਸ ਦਾ ਨਾਂ ਸੀ ਮਵਾਲੋ ਨਮਾਇਓ। ਇਹ ਸੱਜਣ ਪ੍ਰੈਜ਼ੀਡੈਂਟ ਦੇ ਆਫ਼ਿਸ ਵਿਚ ਮਨਿਸਟਰ ਹੋਣ ਦੇ ਨਾਲ਼ ਨਾਲ਼ ਰਾਜ ਕਰ ਰਹੀ ਪਾਰਟੀ ਦਾ ਜਨਰਲ ਸੈਕਟਰੀ ਅਤੇ ਐਡਮਨਿਟ੍ਰੇਟਿਵ ਸੈਕਟਰੀ ਵੀ ਸੀ। ਏਸ਼ੀਅਨ ਕਮਿਊਨਿਟੀ ਵਿਚ ਇਸ ਨੂੰ ਓਥੇ ਓਦੋਂ ਐਂਟੀ ਏਸ਼ੀਅਨ ਸਮਝਿਆ ਜਾਂਦਾ ਸੀ। ਇਸ ਨਾਲ਼ ਕੋਈ ਵੀ ਹੋਰ ਬੰਦਾ ਨਹੀਂ ਸੀ; ਨਾ ਬਾਡੀਗਾਰਡ, ਨਾ ਪੀ.ਏ. ਤੇ ਨਾ ਹੀ ਕੋਈ ਸੇਵਾਦਾਰ। ਖ਼ੁਦ ਹੀ ਕਾਰ ਚਲਾ ਕੇ ਆਇਆ, ਬਾਕਸ ਖੋਹਲ ਕੇ ਆਪਣੀ ਡਾਕ ਕੱਢੀ ਅਤੇ ਕਾਰ ਚਲਾ ਕੇ ਚਲਿਆ ਗਿਆ।

ਗਿਆਨੀ ਜੀ ਕਿਵੇਂ ਚੁੱਕੇ ਗਏ?

ਘਰੇਲੂ ਕੰਮ ਲਈ ਇਕ ਨੌਕਰ ਤੇ ਐਸੋਸੀਏਸ਼ਨ ਵੱਲੋਂ ਮੈਨੂੰ ਦਿਤਾ ਹੋਇਆ ਸੀ ਪਰ ਘਰ ਵਾਲ਼ੀ ਉਸ ਦੇ ਕੰਮ ਕਰਨ ਦੇ ਤਰੀਕੇ ਤੋਂ ਸੰਤੁਸ਼ਟ ਨਾ ਹੋਣ ਕਰਕੇ, ਇਕ ਆਪਣੇ ਪੱਲਿਉਂ ਤਨਖਾਹ ਦੇਣੀ ਕਰਕੇ ਅਸੀਂ ਹੋਰ ਰੱਖ ਲਿਆ। ਉਹ ਬਿਨਾ ਦੱਸਿਆਂ ਹੀ ਕਦੀ ਆਇਆ ਕਰੇ ਤੇ ਕਦੀ ਨਾ ਆਇਆ ਕਰੇ। ਮਰਜੀ ਦਾ ਮਾਲਕ! ਇਕ ਵਾਰੀ ਉਹ ਇਕੱਠਾ ਹੀ ਤਿੰਨ ਦਿਨ ਨਾ ਆਇਆ। ਜਦੋਂ ਆਇਆ ਤਾਂ ਮੈਂ ਗੁੱਸੇ ਵਿਚ ਉਸ ਨੂੰ ਚਲੇ ਜਾਣ ਲਈ ਆਖ ਦਿਤਾ। ਦੋ ਕੁ ਦਿਨਾਂ ਬਾਅਦ ਇਕ ਕਾਲ਼ੇ ਰੰਗ ਦੀ ਵੱਡੀ ਸਾਰੀ ਕਾਰ ਗੁਰਦੁਆਰੇ ਦੇ ਬੂਹੇ ਅੱਗੇ ਆ ਖਲੋਤੀ। ਜਿੱਡੀ ਵੱਡੀ ਕਾਰ ਸੀ ਓਸੇ ਹਿਸਾਬ ਨਾਲ਼ ਉਸ ਉਪਰ ਵੱਡਾ ਸਾਰਾ ਮਲਾਵੀ ਕਾਂਗਰਸ ਪਾਰਟੀ ਦਾ ਝੰਡਾ ਝੂਲ ਰਿਹਾ ਸੀ। ਮੈਨੂੰ ਸੱਦ ਲਿਆ ਗਿਆ ਕਿ ਮਵਾਲੋ ਨਮਾਇਓ ਨੇ ਬੁਲਾਇਆ ਹੈ। ਉਹਨਾਂ ਦਿਨਾਂ ਵਿਚ ਮੈਂ ਸ਼ਂੌਕ ਨਾਲ਼ ਸਫ਼ਾਰੀ ਸੂਟ ਪਾਇਆ ਕਰਦਾ ਸਾਂ। ਤੁਰਨ ਤੋਂ ਪਹਿਲਾਂ ਮੈਂ ਆਪਣੇ ਗ੍ਹੀਸੇ ਵਿਚ ਧਿਆਨ ਨਾਲ਼ ਐਨਕ ਜਰੂਰ ਪਾ ਲਈ। ਪਤਾ ਸੀ ਕਿ ਚਾਹੇ ਸੱਚੀ ਤੇ ਚਾਹੇ ਝੂਠੀ, ਕੋਈ ਓਥੋਂ ਦਾ ਵਾਸੀ ਕਿਸੇ ਏਸ਼ੀਅਨ ਬਾਰੇ ਸ਼ਿਕਾਇਤ ਕਰ ਦਏ ਤਾਂ ਸਰਕਾਰ ਤੇ ਬਹਾਨਾ ਹੀ ਲਭਦੀ ਹੁੰਦੀ ਸੀ ਜੇਹਲ ਵਿਚ ਭੇਜਣ ਜਾਂ ਡਿਪੋਰਟ ਜਾਂ ਦੋਵੇਂ ਕਾਰਜ ਕਰਨ ਦਾ। ਐਨਕ ਮੈਂ ਇਸ ਲਈ, ਲਈ ਕਿ ਜੇ ਜੇਹਲ ਜਾਣਾ ਪਿਆ ਤਾਂ ਓਥੇ ਕੁਝ ਪੜ੍ਹ ਤੇ ਸਕਾਂਗਾ ਨਾ! ਕਾਰ ਮੈਨੂੰ ਮਲਾਵੀ ਕਾਂਗਰਸ ਪਾਰਟੀ ਦੇ ਦਫ਼ਤਰ ਵਿਚ ਲੈ ਗਈ। ਇਹ ਦਫ਼ਤਰ ਇਕੋ ਇਕ ਅਤੇ ਰਾਜ ਕਰ ਰਹੀ ਪਾਰਟੀ ਦਾ ਦਫ਼ਤਰ ਸੀ। ਲੰਿਬੀ ਅਤੇ ਬਲੈਂਟਾਇਰ, ਦੋਹਾਂ ਸ਼ਹਿਰਾਂ ਦੇ ਤਕਰੀਬਨ ਵਿਚਕਾਹੇ ਜਿਹੇ, ਜ਼ਮੀਨ ਦੇ ਬੜੇ ਵਿਸ਼ਾਲ ਟੁਕੜੇ ਵਿਚ ਵਾਕਿਆ ਸੀ। ਮੈਨੂੰ ਜਨਰਲ ਅਤੇ ਐਡਮਨਿਸਟ੍ਰੇਟਿਵ ਸਕੱਤਰ ਦੇ ਕਮਰੇ ਵਿਚ ਲਿਜਾਇਆ ਗਿਆ। ਅੰਦਰ ਵੜਿਆ ਤਾਂ ਓਥੇ ਤਿੰਨ ਵਿਅਕਤੀ ਕੁਰਸੀਆਂ ਉਪਰ ਬੈਠੇ ਹੋਏ ਦਿਸੇ। ਮਵਾਲੋ ਨਮਾਇਓ ਖ਼ੁਦ ਅਤੇ ਦੂਜੇ ਦੋਹਾਂ ਵਿਚੋਂ ਇਕ ਅਸਿਸਟੈਂਟ ਜਨਰਲ ਸਕੱਤਰ ਅਤੇ ਦੂਜਾ ਅਸਿਟੈਂਟ ਐਡਮਨਿਸਟ੍ਰੇਟਿਵ ਸਕੱਤਰ।

ਮੈਨੂੰ ਕੁਰਸੀ ਉਪਰ ਬੈਠਾ ਕੇ, ਮਵਾਲੋ ਨਮਾਇਓ ਨੇ ਪਹਿਲਾਂ ਇਹ ਗੱਲ ਪੁੱਛੀ ਕਿ ਕੀ ਮੈਨੂੰ ਚਿਚੇਵਾ (ਓਥੋਂ ਦੀ ਬੋਲੀ) ਆਉਂਦੀ ਹੈ? ਮੇਰੇ ਵੱਲੋਂ ਨਹੀਂ ਦਾ ਉਤਰ ਸੁਣ ਕੇ, ਉਸ ਨੇ ਹੈਰਾਨੀ ਨਾਲ਼ ਪੁੱਛਿਆ ਕਿ ਤੈਨੂੰ ਚਿਚੇਵਾ ਨਹੀਂ ਆਉਂਦੀ ਤੇ ਇਸ ਨੂੰ ਅੰਗ੍ਰੇਜ਼ੀ ਨਹੀਂ ਆਉਂਦੀ, ਫਿਰ ਤੁਹਾਡਾ ਕੰਮ ਕਿਵੇਂ ਚੱਲਦਾ ਹੈ! ਮੈਂ ਦੱਸਿਆ ਕਿ ਇਹ ਛੋਟੀ ਉਮਰ ਤੋਂ ਹੀ ਪੰਜਾਬੀਆਂ ਦੇ ਘਰਾਂ ਵਿਚ ਨੌਕਰ ਰਹਿੰਦਾ ਆ ਰਿਹਾ ਹੋਣ ਕਰਕੇ, ਪੰਜਾਬੀ ਥੋਹੜੀ ਕੁ ਸਮਝ ਲੈਂਦਾ ਹੈ। ਫਿਰ ਉਸ ਨੇ ਪੁੱਛਿਆ ਕਿ ਮੈਂ ਇਸ ਨੂੰ ਨੌਕਰੀ ਤੋਂ ਕਿਉਂ ਹਟਾਇਆ ਹੈ! ਸਾਰੀ ਗੱਲ ਦੱਸ ਕੇ ਨਾਲ਼ ਹੀ ਮੈ ਕਿਹਾ ਕਿ ਇਸ ਦੀ ਦੋ ਦਿਨ ਦੀ ਤਨਖਾਹ ਮੇਰੇ ਵੱਲ ਰਹਿੰਦੀ ਹੈ। ਮੈਂ ਉਹ ਦੇਣ ਲਈ ਤਿਆਰ ਹਾਂ। ਫਿਰ ਮਨਿਸਟਰ ਨੇ ਉਸ ਮੁੰਡੇ ਨਾਲ਼ ਚਿਚੇਵਾ ਵਿਚ ਵਾਹਵਾ ਰੋਹਬ ਵਾਲ਼ੀ ਟੋਨ ਵਿਚ, ਬਹੁਤ ਲੰਮੀ ਗੱਲ ਕਰਨ ਪਿੱਛੋਂ ਮੈਨੂੰ ਪੁੱਛਿਆ ਕਿ ਕੀ ਉਸ ਨੇ ਜੋ ਮੁੰਡੇ ਨੂੰ ਕਿਹਾ ਹੈ, ਉਹ ਮੇਰੀ ਸਮਝ ਵਿਚ ਆ ਗਿਆ ਹੈ। ਮੈਂ ਕਿਹਾ ਕਿ ਗੱਲ ਦੀ ਸਮਝ ਤੇ ਮੈਨੂੰ ਨਹੀਂ ਆਈ ਪਰ ਗੱਲ ਕਰਨ ਦੇ ਢੰਗ ਤੋਂ ਮੈਂ ਸਮਝ ਲਿਆ ਹੈ ਕਿ ਤੁਸੀਂ ਉਸ ਨੂੰ ਗ਼ਲਤ ਕਿਹਾ ਹੈ। ਫਿਰ ਉਸ ਨੇ ਉਸ ਦੇ ਦੋ ਦਿਨ ਬਣਦੇ ਪੈਸੇ ਦੇ ਦੇਣ ਲਈ ਕਿਹਾ ਤੇ ਮੈਂ ਉਸ ਦੇ ਦਿਤੇ। ਸਾਡੀ ਗੱਲ ਮੁੱਕ ਗਈ।

ਪਾਰਟੀ ਦੇ ਉਸ ਵੱਡੇ ਸਕੱਤਰ ਨਾਲ਼ ਹੋਈ ਸਾਰੀ ਵਾਰਤਾਲਾਪ ਦੌਰਾਨ, ਪਾਰਟੀ ਦੇ ਦੋਵੇਂ ਛੋਟੇ ਸਕੱਤਰ ਚੁੱਪ ਚਾਪ ਬੈਠੇ ਰਹੇ ਤੇ ਸਾਰੀ ਵਾਰਤਾਲਾਪ ਦੌਰਾਨ ਕਿਸੇ ਨੇ ਕੁਰਸੀ ਤੋਂ ਪਾਸਾ ਵੀ ਨਹੀਂ ਸੀ ਵੱਟਿਆ। ਜਦੋਂ ਗੱਲ ਮੁੱਕ ਗਈ ਤੇ ਮੈਂ ਬਾਹਰ ਆ ਗਿਆ ਤਾਂ ਉਹ ਵੀ ਦੋਵੇਂ ਛੋਟੇ ਸਕੱਤਰ ਬਾਹਰ ਆ ਗਏ ਤੇ ਮੈਨੂੰ ਪੁੱਛਿਆ ਕਿ ਕੀ ਮੈਂ ਕਾਰ ਉਪਰ ਆਇਆ ਹਾਂ! ਮੇਰੇ ਇਹ ਦੱਸਣ ‘ਤੇ ਕਿ ਪਾਰਟੀ ਦੀ ਕਾਰ ਮੈਨੂੰ ਲਿਆਈ ਸੀ, ਉਹਨਾਂ ਨੇ ਮੈਨੂੰ ਕਾਰ ਵਿਚ ਬੈਠਾਇਆ ਅਤੇ ਗੁਰਦੁਆਰੇ ਉਤਾਰ ਕੇ ਮੁੜ ਗਏ।

ਵਾਪਸ ਆਉਣ ‘ਤੇ ਪਤਾ ਲੱਗਾ ਕਿ ਮੇਰੇ ਪਾਰੀ ਦੇ ਦਫ਼ਤਰ ਮਿਸਟਰ ਮੁਆਲੋ ਨਮਾਇਓ ਦੇ ਪੇਸ਼ ਹੋਣ ਦੀ ਖ਼ਬਰ ਸੁਣ ਕੇ, ਭਾਈਚਾਰੇ ਵਿਚ ਰੌਲ਼ਾ ਪਿਆ ਹੋਇਆ ਸੀ ਕਿ ਗਿਆਨੀ ਜੀ ਚੁੱਕੇ ਗਏ। ਕੁਝ ਬਹੁਤ ਹੌਂਸਲੇ ਵਾਲ਼ੇ ਸੱਜਣ ਪਾਰਟੀ ਦੇ ਦਫ਼ਤਰ ਦਾ ਬਾਹਰ ਬਾਹਰ ਚੱਕਰ ਵੀ ਲਾ ਆਏ ਪਰ ਅੰਦਰ ਜਾਣ ਦਾ ਕਿਸੇ ਦਾ ਹੌਸਲਾ ਨਾ ਪਿਆ। ਉਹਨੀਂ ਦਿਨੀਂ ਉਸ ਮਨਿਸਟਰ ਦੀ ਏਸ਼ੀਅਨ ਭਾਈਚਾਰੇ ਵਿਚ ਦਹਿਸ਼ਤ ਹੀ ਏਨੀ ਸੀ ਕਿ ਕੋਈ ਡਰਦਾ ਉਸ ਦੇ ਸਾਹਮਣੇ ਜਾਣ ਦੀ ਜੁਰਅਤ ਨਹੀਂ ਸੀ ਕਰਦਾ। ਮੈਨੂੰ ਸਾਬਤ ਵਾਪਸ ਆਇਆ ਵੇਖ ਕੇ ਸਾਰੇ ਸੱਜਣਾਂ ਨੇ ਸੁਖ ਦਾ ਸਾਹ ਲਿਆ ਤੇ ਨਾਲ਼ੇ ਪੁੱਛਿਆ ਕਿ ਕੀ ਕਾਰਨ ਹੋਇਆ ਸੀ ਜੋ ਮੈਂ ਸਹੀ ਸਹੀ ਸਾਰਿਆਂ ਨੂੰ ਦੱਸ ਦਿਤਾ।

ਜਦੋਂ ਚੱਲਦੇ ਪ੍ਰਸੰਗ ਵਿਚ ਮੈਂ ਅਮਨਦੀਪ ਸਿੰਘ ਸਿੱਧੂ ਰਾਹੀਂ ਸਰੋਤਿਆਂ ਨੂੰ ਸੰਖੇਪ ਵਿਚ ਇਹ ਗੱਲ ਸੁਣਾ ਰਿਹਾ ਸੀ ਤਾਂ ਉਸ ਨੇ ਇਸ ਘਟਨਾ ਨੂੰ ਲੇਖ ਦਾ ਰੂਪ ਦੇ ਕੇ ਪਾਠਕਾਂ ਨੂੰ ਪਰੋਸੇ ਜਾਣ ਦੀ ਸਲਾਹ ਦੇ ਮਾਰੀ। ਮੈਂ ਉਸ ਨੂੰ ਜਵਾਬ ਦਿਤਾ ਕਿ ਮੈਨੂੰ ਵੀ ਕੋਈ ਸੱਜਣ ਜਦੋਂ ਆਪਣੀਆਂ ਕਵਿਤਾਵਾਂ ਸੁਣਾਉਣੋ ਨਾ ਹਟੇ ਤਾਂ ਮੈਂ ਓਦੋਂ ਉਸ ਨੂੰ ਏਹੀ ਕਹਿ ਕੇ ਖਹਿੜਾ ਛੁਡਾਉਣ ਦਾ ਜਤਨ ਕਰਦਾ ਹਾਂ ਕਿ ਤੇਰੀਆਂ ਕਵਿਤਾਵਾਂ ਬਹੁਤ ਉਚ ਪਾਏ ਦੀਆਂ ਹਨ। ਤੂੰ ਸਾਰੀਆਂ ਇਕੱਠੀਆਂ ਕਰਕੇ, ਇਹਨਾਂ ਦੀ ਕਿਤਾਬ ਛਪਵਾ। ਕਿਤੇ ਤੂੰ ਵੀ ਤੇ ਮੇਰੇ ਤੋਂ ਖਹਿੜਾ ਛੁਡਾਉਣ ਲਈ ਇਹ ਫਾਰਮੂਲਾ ਤੇ ਨਹੀਂ ਵਰਤ ਰਿਹਾ! ਵੈਸੇ ਮੇਰੇ ਬਹੁਤੇ ਲੇਖ ਇਸ ਤਰ੍ਹਾਂ ਹੀ ਲਿਖੇ ਗਏ ਹਨ। ਮੈਂ ਕਿਸੇ ਨੂੰ ਆਪਣੇ ਨਾਲ਼ ਵਾਪਰੀ ਸੱੱਚੀ ਘਟਨਾ ਸੁਣਾਈ ਤੇ ਉਸ ਨੇ ਅੱਗੋਂ ਉਸ ਘਟਨਾ ਨੂੰ ਲੇਖ ਦਾ ਰੂਪ ਦੇਣ ਲਈ ਸੁਝਾਅ ਦੇ ਦਿਤਾ। ਸ਼ਾਇਦ ਮੇਰੇ ਤੋਂ ਖਹਿੜਾ ਛੁਡਉਣ ਲਈ ਹੀ ਅਗਲੇ ਅਜਿਹਾ ਸੁਝਾਅ ਦਿੰਦੇ ਹੋਣ, ਜਿਵੇਂ ਕਵੀਆਂ ਦੀਆਂ ਕਵਿਤਾਵਾਂ ਸੁਣਨ ਤੋਂ ਮੈਂ ਭੱਜਦਾ ਹਾਂ।

ਸਿੱਧੂ ਜੀ ਨੂੰ ਫਿਰ ਮੈਂ ਆਪਣੇ ਨਾਲ਼ ਵਾਪਰਨ ਵਾਲ਼ੀ, ਏਸੇ ਤਰ੍ਹਾਂ ਦੀ ਇਕ ਹੋਰ ਸੱਚੀ ਘਟਨਾ ਸੁਣਾਈ। ਉਹ ਗੱਲ ਇਉਂ ਸੀ ਕਿ ਕੈਨੇਡਾ ਦੀ ਸਭ ਤੋਂ ਪੁਰਾਣੀ ਅਤੇ ਵੱਡੀ ਜਥੇਬੰਦੀ ‘ਖ਼ਾਲਸਾ ਦੀਵਾਨ ਸੋਸਾਇਟੀ’ ਨੇ ਮੈਨੂੰ 1996 ਦੇ ਸਤੰਬਰ ਮਹੀਨੇ ਵਿਚ ਇਕ ਸਾਲ ਲਈ ਕਥਾ/ਵਿਖਿਆਨਾਂ ਵਾਸਤੇ ਵੈਨਕੂਵਰ ਸੱਦ ਲਿਆ। ਓਥੇ ਇਕ ਉਹ ਸੱਜਣ ਵੀ ਮੇਰੇ ਤੋਂ ਪਹਿਲਾਂ ਆਏ ਹੋਏ ਸਨ ਜਿਨ੍ਹਾਂ ਨਾਲ਼ ਮੈਂ ਸੱਠਵੇਂ ਦਹਾਕੇ ਦੇ ਵਿਚਾਲੜੇ ਸਾਲਾਂ (1964 ਤੋਂ 1966) ਵਿਚ ਵਿਚਰਿਆ ਸਾਂ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਚ ਸਾਡਾ ਰਾਗੀ ਜਥਾ ਵੀ ਇਕੱਠਾ ਹੁੰਦਾ ਸੀ ਤੇ ਅਸੀਂ ਵਿਦਵਾਨੀ ਤੇ ਗਿਆਨੀ ਕਲਾਸਾਂ ਵੀ ਇਕੋ ਸੰਸਥਾ ਵਿਚੋਂ ਇਕੋ ਸਮੇ ਪੜ੍ਹ ਕੇ ਪਾਸ ਕੀਤੀਆਂ ਸਨ। ਵੈਨਕੂਵਰ ਵਿਚ ਉਹ ਮਿੱਤਰ ਕਵੀ ਹਰ ਰੋਜ ਮੈਨੂੰ ਆਪਣੀਆਂ ਕਵਿਤਾਵਾਂ ਸੁਣਾਉਣੋ ਨਾ ਹਟਿਆ ਕਰੇ। ਭਾਈ ਵੀਰ ਸਿੰਘ ਜੀ ਦੀਆਂ ਰੁਬਾਈਆਂ ਉਪਰ ਆਧਾਰਤ ਉਸ ਦੀਆਂ ਕਵਿਤਾਵਾਂ ਹੁੰਦੀਆਂ ਸਨ। ਮੈਨੂੰ ਸਮਝ ਨਾ ਆਵੇ ਕਿ ਬਿਨਾ ਇਸ ਦੀ ਨਾਰਾਜ਼ਗੀ ਸਹੇੜਨ ਤੋਂ, ਮੈਂ ਕਿਵੇਂ ਇਹਨਾਂ ਦੀਆਂ ਕਵਿਤਾਵਾਂ ਦੀ ਬੁਛਾੜ ਤੋਂ ਖਹਿੜਾ ਛੁਡਾਵਾਂ!

ਇਕ ਦਿਨ ਮੈਨੂੰ, ਅੰਧੇ ਕੋ ਹਨੇਰੇ ਵਾਂਗ ਤੇ ਨਹੀਂ ਪਰ ਦਿਨ ਦੇ ਉਜਾਲੇ ਵਿਚ ਹੀ ਸੁੱਝ ਗਈ ਤੇ ਮੈਂ ਉਸ ਕਵੀ ਮਿੱਤਰ ਨੂੰ ਇਉਂ ਆਖਿਆ, “ਵਾਹ ਜੀ ਵਾਹ! ਤੁਹਾਡੀ ਕਵਿਤਾ ਬਹੁਤ ਉਚ ਪਾਏ ਦੀ ਹੈ। ਜਾਂ ਤੇ ਭਾਈ ਵੀਰ ਸਿੰਘ ਜੀ ਨੇ ਅਜਿਹੀ ਕਵਿਤਾ ਲਿਖੀ ਹੈ ਤੇ ਜਾਂ ਉਹਨਾਂ ਤੋਂ ਦੂਜੇ ਨੰਬਰ ‘ਤੇ ਤੁਹਾਡੀ ਕਵਿਤਾ ਹੈ। ਤੁਸੀਂ ਇਉਂ ਕਰੋ ਕਿ ਇਹਨਾਂ ਸਾਰੀਆਂ ਕਵਿਤਾਵਾਂ ਨੂੰ ਇਕ ਥਾਂ ਇਕੱਤਰ ਕਰਕੇ, ਕਿਤਾਬੀ ਰੂਪ ਦਿਓ। ਪਾਠਕ ਪੜ੍ਹ ਕੇ ਬੜੀ ਪ੍ਰਸੰਨਤਾ ਪ੍ਰਾਪਤ ਕਰਨਗੇ।“ ਇਉਂ ਉਸ ਕਵੀ ਮਿੱਤਰ ਨੂੰ ਹੱਤਕ ਦਾ ਅਹਿਸਾਸ ਕਰਵਾਏ ਬਿਨਾ ਮੈਂ, ਉਸ ਦੀਆਂ ਕਵਿਤਾਵਾਂ ਸੁਣਨ ਵਾਲ਼ੇ ਕਾਰਜ ਤੋਂ ਪੱਲਾ ਝਾੜ ਲਿਆ।

ਗੱਲ ਆਈ ਗਈ ਹੋ ਗਈ। ਮੈਂ ਮਹੀਨੇ ਪਿੱਛੋਂ ਵਾਪਸ ਸਿਡਨੀ ਆ ਗਿਆ; ਸੱਦਿਆ ਭਾਵੇਂ ਉਹਨਾਂ ਨੇ ਇਕ ਸਾਲ ਲਈ ਸੀ।

ਅਗਲੇ ਸਾਲ 1997 ਵਿਚ ਪਟਿਆਲੇ ਤੋਂ ਇਕ ਬੰਡਲ ਆਇਆ। ਖੋਹਲਿਆ ਤਾਂ ਵਿਚੋਂ ਕਵਿਤਾਵਾਂ ਦੀ ਕਿਤਾਬ ਦੀਆਂ ਪੰਝੀ ਕਾਪੀਆਂ ਮਿਲ਼ੀਆਂ। ਨਾਲ਼ ਇਕ ਚਿੱਠੀ ਵੀ ਸੀ। ਉਸ ਵਿਚ ਲਿਖਿਆ ਸੀ ਕਿ ਤੁਹਾਡੀ ਪ੍ਰ੍ਰੇਰਨਾ ਨਾਲ਼ ਮੈਂ ਇਹ ਕਿਤਾਬ ਛਪਵਾ ਲਈ ਹੈ। ਇਹਨਾਂ ਵਿਚੋਂ ਇਕ ਤੁਹਾਡੇ ਵਾਸਤੇ ਮੁਫ਼ਤ ਹੈ। ਬਾਕੀ ਚੌਵੀ ਕਾਪੀਆਂ, ਦਸ ਰੁਪਏ ਦੇ ਹਿਸਾਬ ਨਾਲ਼ ਵੇਚ ਕੇ, ਛੇਤੀ ਤੋਂ ਛੇਤੀ ਬਣਦੇ 240 ਡਾਲਰ ਮੈਨੂੰ ਭੇਜ ਦਿਓ, ਮੈਂ ਗੋਡੇ ਦਾ ਓਪ੍ਰੇਸ਼ਨ ਕਰਵਾਉਣਾ ਹੈ। ਅਮਨਦੀਪ ਸਿੰਘ ਜੀ, ਤੁਸੀਂ ਮੈਨੂੰ ਇਸ ਬਾਰੇ ਲੇਖ ਲਿਖਣ ਦਾ ਸੁਝਾਅ ਦਿਤਾ ਹੈ। ਮੈਂ ਵੀ ਇਹ ਲੇਖ ਲਿਖ ਕੇ ਆਪਣੀ ਅਗਲੀ ਕਿਤਾਬ ਵਿਚ ਛਪਵਾ ਕੇ ਉਸ ਕਿਤਾਬ ਦੀਆਂ ਪੰਝੀ ਕਾਪੀਆਂ ਤੁਹਾਨੂੰ ਭੇਜ ਦੇਣੀਆਂ ਜੇ! ਫੇਰ ਨਾ ਆਖਿਓ ਇਹ ਕੀ ਕੀਤਾ? ਉਸ ਮਿੱਤਰ ਕਵੀ ਨੇ ਤਾਂ ਮੇਰੇ ਕੋਲ਼ੋਂ ਦੋ ਸੌ ਚਾਲ਼ੀ ਮੰਗੇ ਸਨ ਪਰ ਮੈਂ ਪੂਰੇ ਦੋ ਸੌ ਪੰਜਾਹ ਦਾ ਬਿੱਲ ਭੇਜ ਦੇਣਾ ਜੇ। ਫੇਰ ਨਾ ਬੁੜ ਬੁੜ ਕਰਿਓ।
ਇਉਂ ਸੁਣ ਕੇ ਉਹ ਅੱਗੋਂ ਕਹਿੰਦਾ, “ਨਾ ਤਾਇਆ ਨਾ! ਮੈਂ ਆਪਣਾ ਸੁਝਾਅ ਵਾਪਸ ਲੈਂਦਾ ਹਾਂ।”

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਾਬਕਾ ਪੀਏ, ਪ੍ਰਚਾਰਕ -ਵਿਖੇ: ਐਸ.ਜੀ.ਪੀ.ਸੀ

ਗਿਆਨੀ ਜੀ ਸਿਡਨੀ, ਆਸਟ੍ਰੇਲੀਆ ਦੇ ਰਹਿਣ ਵਾਲੇ ਬਹੁਤ ਹੀ ਮੰਨੇ ਪ੍ਰਮੰਨੇ ਸਿੱਖ ਪ੍ਰਚਾਰਕ ਅਤੇ ਸਖਸ਼ਿਅਤ ਹਨ। ਐਸ.ਜੀ.ਪੀ.ਸੀ ਅਤੇ ਸੰਤ ਫਤਿਹ ਸਿੰਘ ਦੇ ਸਾਬਕਾ ਪੀ.ਏ. ਰਹਿਣ ਕਾਰਨ, ਸਿੱਖ ਜਗਤ ਅਤੇ ਹਿੰਦ ਮਹਾਦੀਪ ਦੀ ਸਿਆਸਤ ਅਤੇ ਕਾਰਜ ਸ਼ੈਲੀ ਦੇ ਡੂੰਘੇ ਜਾਣਕਾਰ ਹਨ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)