ਸਿੱਖ ਮਿਸਲਾਂ ਦੇ ਦੌਰ ਵਿਚ ਤੇ ਮੁਗ਼ਲਾਂ ਦੇ ਅਤਿਆਚਾਰੀ ਦੌਰ ਵਿਚ ਸਿੱਖਾਂ ਨੂੰ ਬੜੇ ਤਸੀਹੇ ਝੱਲਣੇ ਪਏ। ਉਸ ਸਮੇਂ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਉਦਾਸੀ ਸਿੱਖਾਂ ਨੇ ਕੀਤੀ। ਸਿੱਖ ਰਾਜ ਸਮੇਂ ਇਨ੍ਹਾਂ ਗੁਰ-ਅਸਥਾਨਾਂ ਦੇ ਨਾਮ ਵੱਡੀਆਂ-ਵੱਡੀਆਂ ਮਿਲਖਾਂ ਤੇ ਜਾਗੀਰਾਂ ਲਾ ਦਿੱਤੀਆਂ ਗਈਆਂ। ਅੰਗਰੇਜ਼ੀ ਰਾਜ ਵਿਚ ਨਹਿਰਾਂ ਨਿਕਲਣ ਕਾਰਨ ਇਨ੍ਹਾਂ ਜ਼ਮੀਨਾਂ ਵਿੱਚੋਂ ਆਮਦਨੀ ਬਹੁਤ ਜ਼ਿਆਦਾ ਹੋਣ ਲੱਗੀ ਤੇ ਇਕ ਕਾਨੂੰਨ ਅਨੁਸਾਰ 1859 ਈ. ਵਿਚ ਮਹੰਤਾਂ ਨੂੰ ਹੀ ਗੁਰਦੁਆਰਾ ਸਾਹਿਬਾਨ ਦੇ ਮਾਲਕ ਬਣਾ ਦਿੱਤਾ ਗਿਆ। ਬਹੁਤੀ ਦੌਲਤ ਨੇ ਮਹੰਤਾਂ ਨੂੰ ਅੱਯਾਸ਼ ਬਣਾ ਦਿੱਤਾ। ਉਹ ਚਰਿੱਤਰਹੀਣ ਹੋ ਗਏ ਤੇ ਗੁਰੂ-ਘਰਾਂ ਵਿਚ ਕੁਕਰਮ ਹੋਣ ਲੱਗੇ। ਇਨ੍ਹਾਂ ਕੁਕਰਮਾਂ ਨੂੰ ਦੇਖ ਕੇ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਵੱਡਾ ਧੱਕਾ ਲੱਗਾ ਤੇ ਸਿੱਖ ਸੰਗਤ ਤ੍ਰਾਹ-ਤ੍ਰਾਹ ਕਰਨ ਲੱਗੀ। ਸਿੱਖ ਜਗਤ ਹੋਰ ਗੁਰਦੁਆਰਾ ਸਾਹਿਬਾਨ ਵਾਂਗ ਸ੍ਰੀ ਨਨਕਾਣਾ ਸਾਹਿਬ ਦੇ ਪਾਵਨ ਅਸਥਾਨ ਦਾ ਪ੍ਰਬੰਧ ਵੀ ਆਪਣੇ ਹੱਥ ਵਿਚ ਲੈਣ ਦੀ ਤਿਆਰੀ ਕਰਨ ਲੱਗਾ। ਉਧਰ ਸਰਕਾਰ ਮਹੰਤਾਂ ਦੀ ਪਿੱਠ ’ਤੇ ਆ ਗਈ। ਮਹੰਤਾਂ ਨੇ ਗੁੰਡੇ, ਲੁਟੇਰੇ, ਅੱਯਾਸ਼ ਲੋਕ ਰੱਖਣੇ ਸ਼ੁਰੂ ਕਰ ਦਿੱਤੇ ਤੇ ਹਥਿਆਰਾਂ ਦੇ ਜ਼ਖੀਰੇ ਜਮ੍ਹਾਂ ਕਰ ਲਏ। ਮਹੰਤ ਸਿੱਖਾਂ ਨੂੰ ਅੱਖਾਂ ਵਿਖਾਉਣ ਲੱਗੇ। ਇਸ ਟਕਰਾਉ ਵਿੱਚੋਂ ਹੀ ‘ਨਨਕਾਣਾ ਸਾਹਿਬ ਦਾ ਸਾਕਾ’ ਖੂਨੀ ਕਾਂਡ ਦਾ ਜਨਮ ਹੋਇਆ।
ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਜਿਵੇਂ ਕਿਸ਼ਨ ਦਾਸ ਤੇ ਉਸ ਮਗਰੋਂ ਨਾਰਾਇਣ ਦਾਸ ਸ਼ਰਾਬੀ ਤੇ ਵਿਭਚਾਰੀ ਸਨ। ਗੁਰੂ ਕੇ ਸੱਚੇ ਸਿੱਖਾਂ ਨੇ ਉਸ ਨੂੰ ਸਮਝਾਉਣ ਦੀ ਪੂਰੀ ਵਾਹ ਲਾਈ। ਪਰੰਤੂ ਅਗਸਤ 1917 ਈ. ਵਿਚ ਜਦ ਮਹੰਤ ਨੇ ਜਨਮ ਅਸਥਾਨ ਦੇ ਕੋਲ ਕੰਜਰੀਆਂ ਦਾ ਨਾਚ ਨਚਾਇਆ ਸੀ ਤੇ ਸਿੱਖ ਅਖ਼ਬਾਰਾਂ ਨੇ ਵੀ ਇਸ ਵਿਰੁੱਧ ਲਿਖਿਆ ਤੇ ਸਿੰਘ ਸਭਾਵਾਂ ਨੇ ਗੁਰਮਤੇ ਪਾਸ ਕੀਤੇ ਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਮਹੰਤ ਨੂੰ ਹਟਾ ਦੇਵੇ। 1918 ਈ. ਵਿਚ ਇਕ ਰੀਟਾਇਰਡ ਸਿੰਧੀ ਏ.ਈ.ਸੀ. ਦੀ 13 ਸਾਲਾ ਲੜਕੀ ਮਹੰਤ ਦੇ ਗੁੰਡਿਆਂ ਨੇ ਚੁੱਕ ਲਈ। ਉਸੇ ਸਾਲ ਇਲਾਕਾ ਜੜ੍ਹਾਂ ਵਾਲੇ ਦੀਆਂ ਛੇ ਇਸਤਰੀਆਂ ਉਠਾ ਕੇ ਉਨ੍ਹਾਂ ਨਾਲ ਕੁਕਰਮ ਕੀਤਾ ਗਿਆ। ਇਸ ਤਰ੍ਹਾਂ ਮਹੰਤ ਤੇ ਉਹਦੇ ਗੁੰਡਿਆਂ ਦੇ ਉਪੱਦਰ ਵਧਦੇ ਗਏ। ਅਕਤੂਬਰ 1920 ਵਿਚ ਪਿੰਡ ਧਾਰੋਵਾਲੀ, ਜ਼ਿਲ੍ਹਾ ਸ਼ੇਖੂਪੁਰਾ ਵਿਚ ਦੀਵਾਨ ਹੋਇਆ ਤੇ ਉਸ ਵਿਚ ਸ੍ਰੀ ਨਨਕਾਣਾ ਸਾਹਿਬ ਦੇ ਸੁਧਾਰ ਲਈ ਗੁਰਮਤਾ ਪਾਸ ਕੀਤਾ ਗਿਆ। ਮਹੰਤ ਨੇ ਸੁਧਰਨ ਦੀ ਥਾਂ ਆਪਣੇ ਚਾਰ ਪੰਜ ਸੌ ਆਦਮੀਆਂ ਨਾਲ ਮੁਜ਼ਾਹਰਾ ਕੀਤਾ। ਅਕਾਲੀਆਂ ਨੂੰ ਗੁਰਦੁਆਰਾ ਜਨਮ ਅਸਥਾਨ ਜਾਣ ਤੋਂ ਵੀ ਰੋਕ ਦਿੱਤਾ।
23 ਜਨਵਰੀ ਤੇ 6 ਫਰਵਰੀ 1921 ਨੂੰ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਮਾਗਮ ਹੋਏ ਜਿਨ੍ਹਾਂ ਵਿਚ ਸ੍ਰੀ ਨਨਕਾਣਾ ਸਾਹਿਬ ਦੇ ਸੁਧਾਰ ਬਾਰੇ ਵਿਚਾਰ ਹੋਈ। ਮਹੰਤ ਦੇ ਨਾਮ ਖੁੱਲ੍ਹੀ ਚਿੱਠੀ ਲਿਖੀ ਗਈ ਕਿ ਉਹ ਆਪਣਾ ਆਚਰਨ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦਾ ਸੁਧਾਰ ਕਰੇ। ਸ. ਲਛਮਣ ਸਿੰਘ, ਸ. ਦਲੀਪ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ. ਕਰਤਾਰ ਸਿੰਘ ਝੱਬਰ ਤੇ ਸ. ਬਖਸ਼ੀਸ਼ ਸਿੰਘ ’ਤੇ ਆਧਾਰਿਤ ਇਕ ਕਮੇਟੀ ਬਣਾਈ ਗਈ ਕਿ ਉਹ ਸ੍ਰੀ ਨਨਕਾਣਾ ਸਾਹਿਬ ਵਿਚ ਦੀਵਾਨ ਤੇ ਲੰਗਰ ਦਾ ਪ੍ਰਬੰਧ ਕਰੇ।
ਸਾਰੇ ਪੰਥ ਵਿਚ ਸ੍ਰੀ ਨਨਕਾਣਾ ਸਾਹਿਬ ਦੇ ਸੁਧਾਰ ਲਈ ਜੋਸ਼ ਸੀ। ਭਾਈ ਲਛਮਣ ਸਿੰਘ ਧਾਰੋਵਾਲੀ ਨੇ ਜਥਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਓਧਰ ਮਹੰਤ ਨਰਾਇਣ ਦਾਸ ਨੇ 7 ਫਰਵਰੀ ਨੂੰ ਆਪਣੇ ਸਾਰੇ ਹਿਮਾਇਤੀਆਂ ਦੀ ਇਕੱਤਰਤਾ ਬੁਲਾਈ। ਸਿੰਘਾਂ ਨੇ 19 ਫਰਵਰੀ ਨੂੰ ਸ੍ਰੀ ਨਨਕਾਣਾ ਸਾਹਿਬ ਪੁੱਜਣ ਦਾ ਫੈਸਲਾ ਕੀਤਾ। ਓਧਰ ਮਹੰਤ ਨੇ ਬਾਬਾ ਕਰਤਾਰ ਸਿੰਘ ਦੀ ਪ੍ਰਧਾਨਗੀ ਹੇਠ ਲਾਹੌਰ ਵਿਚ ਕਾਨਫਰੰਸ ਬੁਲਾਈ। ਉਹ ਸਿੰਘਾਂ ਦੇ ਕਤਲੇਆਮ ਦੀ ਤਿਆਰੀ ਕਰਨ ਲੱਗਾ। ਉਸ ਨੇ 14 ਪੀਪੇ ਮਿੱਟੀ ਦੇ ਤੇਲ ਦੇ ਅਤੇ ਪੰਜਾਹ ਮਣ ਲੱਕੜਾਂ ਗੁਰਦੁਆਰਾ ਜਨਮ ਅਸਥਾਨ ਵਿਚ ਰਖਵਾ ਲਈਆਂ। ਹਾਲਾਤ ਦੀ ਨਜ਼ਾਕਤ ਵੇਖਦਿਆਂ ‘ਅਕਾਲੀ’ ਅਖ਼ਬਾਰ ਦੇ ਦਫ਼ਤਰ ਵਿਚ ਲਾਹੌਰ ਇਕ ਇਕੱਤਰਤਾ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਅੰਤਮ ਦਿਨ ਨੀਯਤ ਕੀਤੇ ਬਿਨਾਂ ਕੋਈ ਜਥਾ ਨਨਕਾਣਾ ਸਾਹਿਬ ਨਾ ਭੇਜਿਆ ਜਾਵੇ।
ਸ. ਕਰਤਾਰ ਸਿੰਘ ਝੱਬਰ ਤੇ ਸ. ਲਛਮਣ ਸਿੰਘ ਧਾਰੋਵਾਲੀ ਆਪੋ-ਆਪਣੇ ਜਥੇ ਲੈ ਕੇ ਸ੍ਰੀ ਨਨਕਾਣਾ ਸਾਹਿਬ ਪੁੱਜਣਾ ਚਾਹੁੰਦੇ ਸਨ। ਸ. ਕਰਤਾਰ ਸਿੰਘ ਝੱਬਰ ਨੂੰ ਤਾਂ ਸੰਦੇਸ਼ਾ ਪਹੁੰਚਾ ਕੇ ਰੋਕ ਦਿੱਤਾ ਗਿਆ। ਪਰ ਸ. ਲਛਮਣ ਸਿੰਘ ਧਾਰੋਵਾਲੀ 19 ਫਰਵਰੀ ਨੂੰ ਜਥਾ ਲੈ ਕੇ ਆਪਣੇ ਪਿੰਡੋਂ ਚੱਲ ਪਏ। ਇਹ 20 ਦੀ ਸਵੇਰ ਨੂੰ 200 ਸਿੰਘਾਂ ਨਾਲ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਏ। ਸ. ਲਛਮਣ ਸਿੰਘ ਨੂੰ ਰੋਕਣ ਲਈ ਸਿੰਘ ਉਸ ਸਮੇਂ ਪਹੁੰਚੇ ਜਦੋਂ ਉਹ ਅਰਦਾਸਾ ਕਰ ਚੁਕੇ ਸਨ। ਉਹ ਦਰਸ਼ਨ ਕਰਨ ਲਈ ਜਨਮ ਅਸਥਾਨ ਪਹੁੰਚ ਗਏ। ਸ. ਲਛਮਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ।
ਮਹੰਤ ਨਰਾਇਣ ਦਾਸ ਨੇ ਕਤਲੇਆਮ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਲਾਹੌਰ ਕਮਿਸ਼ਨਰ ਵੱਲੋਂ ਲਿਖੇ ਇਕ ਚਰਚਿਤ ਪੱਤਰ ਵਿਚ ਮਹੰਤ ਨੂੰ ਆਪਣੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਖੁੱਲ੍ਹੀ ਛੁੱਟੀ ਮਿਲ ਗਈ ਸੀ। ਉਸ ਨਾਲ ਉਸ ਦਾ ਵਤੀਰਾ ਹਠੀਲਾ ਹੋ ਗਿਆ। ਉਨ੍ਹਾਂ ਨੇ ਗੁਰਦੁਆਰਾ ਜਨਮ ਅਸਥਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ। ਨਰਾਇਣ ਦਾਸ ਦੇ ਗੁੰਡੇ ਤਲਵਾਰਾਂ, ਕੁਹਾੜੀਆਂ ਤੇ ਬੰਦੂਕਾਂ ਨਾਲ ਜ਼ੁਲਮ ਢਾਹਣ ਲੱਗੇ। ਛੱਤ ਦੇ ਉੱਤੋਂ ਵੀ ਗੋਲੀਆਂ ਚਲਾਈਆਂ ਗਈਆਂ। ਹਰੀ ਦਾਸ ਜੋਗੀ, ਗੁਰਮੁਖ ਦਾਸ, ਲੱਧਾ, ਰਾਂਝਾ, ਸ਼ੇਰ ਦਾਸ ਆਦਿ ਕਾਤਲਾਂ ਨੇ ਕਹਿਰ ਵਰਤਾ ਦਿੱਤਾ। ਸ. ਲਛਮਣ ਸਿੰਘ ਜੀ ਜਥੇਦਾਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ, ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕਈ ਗੋਲੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਵੀ ਲੱਗੀਆਂ। ਗੁਰਦੁਆਰਾ ਜਨਮ ਅਸਥਾਨ ਦੀ ਚੁਖੰਡੀ ਦੇ ਦਰਵਾਜ਼ਿਆਂ ਨੂੰ ਕੱਟਿਆ ਗਿਆ। ਸ਼ਹੀਦ ਹੋਏ ਤੇ ਹੋ ਰਹੇ ਸਿੰਘਾਂ ਨੂੰ ਧੂਹ-ਧੂਹ ਕੇ ਲੱਕੜਾਂ ਦੇ ਢੇਰ ’ਤੇ ਸੁੱਟ ਦਿੱਤਾ ਗਿਆ ਤੇ ਤੇਲ ਪਾ ਕੇ ਸਾੜ ਦਿੱਤਾ ਗਿਆ। ਇਹ ਸਾਕਾ 20 ਫਰਵਰੀ 1921 ਨੂੰ ਹੋਇਆ।
ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੀ ਖ਼ਬਰ ਨੇ ਸਾਰੇ ਪੰਥ ਤੇ ਦੇਸ਼ ਵਿਚ ਹਾਹਾਕਾਰ ਮਚਾ ਦਿੱਤੀ। ਸਰਦਾਰ ਉੱਤਮ ਸਿੰਘ ਕਾਰਖਾਨੇ ਵਾਲੇ ਨੇ ਇਸ ਸਾਕੇ ਸੰਬੰਧੀ ਪੰਥਕ ਜਥੇਬੰਦੀਆਂ ਤੇ ਸਰਕਾਰੀ ਅਫ਼ਸਰਾਂ ਨੂੰ ਤਾਰਾਂ ਦਿੱਤੀਆਂ। 20 ਫਰਵਰੀ ਨੂੰ ਡਿਪਟੀ ਕਮਿਸ਼ਨਰ ਸ਼ੇਖੂਪੁਰਾ, ਸ੍ਰੀ ਨਨਕਾਣਾ ਸਾਹਿਬ ਪਹੁੰਚ ਗਿਆ। 21 ਤਾਰੀਕ ਨੂੰ ਸ. ਹਰਬੰਸ ਸਿੰਘ ਅਟਾਰੀ, ਪ੍ਰੋ. ਜੋਧ ਸਿੰਘ, ਸ. ਮਹਿਤਾਬ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ ਤੇ ਬਾਬਾ ਕੇਹਰ ਸਿੰਘ ਪੱਟੀ ਵੀ ਪਹੁੰਚ ਗਏ। ਸ. ਕਰਤਾਰ ਸਿੰਘ ਝੱਬਰ 2200 ਸਿੰਘਾਂ ਦੇ ਜਥੇ ਨਾਲ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਏ। ਸਰਕਾਰੀ ਵਿਰੋਧ ਠੁੱਸ ਹੋ ਗਿਆ। ਲਾਹੌਰ ਦਾ ਕਮਿਸ਼ਨਰ ਕਿੰਗ ਵੀ ਪਹੁੰਚ ਗਿਆ। ਉਸ ਨੇ ਸ. ਕਰਤਾਰ ਸਿੰਘ ਝੱਬਰ ਤੇ ਸਰਦਾਰ ਮਹਿਤਾਬ ਸਿੰਘ ਨੂੰ ਇਕ ਕਮੇਟੀ ਬਣਾਉਣ ਲਈ ਕਿਹਾ। ਉਸ ਕਮੇਟੀ ਦਾ ਪ੍ਰਧਾਨ ਸ. ਹਰਬੰਸ ਸਿੰਘ ਅਟਾਰੀ ਸੀ। ਕਿੰਗ ਨੇ ਗੁਰਦੁਆਰੇ ਦੀਆਂ ਚਾਬੀਆਂ ਸ. ਹਰਬੰਸ ਸਿੰਘ ਅਟਾਰੀ ਦੇ ਹਵਾਲੇ ਕਰ ਦਿੱਤੀਆਂ।
ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਨੇ ਸਿੱਖ ਸਮਾਜ, ਰਾਜਨੀਤੀ ਤੇ ਭਾਰਤੀ ਰਾਜਨੀਤੀ ’ਤੇ ਡੂੰਘਾ ਪ੍ਰਭਾਵ ਪਾਇਆ। ਇਸ ਸਾਕੇ ਪਿੱਛੋਂ ਹਜ਼ਾਰਾਂ ਸਿੱਖ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਚੱਲ ਪਏ। ਇਸ ਨੇ ਸਿੱਖਾਂ ਵਿਚ ਜੋਸ਼ ਦੀ ਅਗਨੀ ਪ੍ਰਚੰਡ ਕਰ ਦਿੱਤੀ। 5 ਅਪ੍ਰੈਲ 1921 ਨੂੰ ਸਿੱਖਾਂ ਨੇ ਸ਼ਹੀਦੀ ਦਿਵਸ ਮਨਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਨੂੰ ਕਿਹਾ ਕਿ 15 ਨਵੰਬਰ 1921 ਤਕ ਸ਼ਹੀਦਾਂ ਦੀ ਯਾਦ ਵਿਚ ‘ਕਾਲੀਆਂ ਦਸਤਾਰਾਂ’ ਸਜਾਉਣ। ਉਸ ਸਮੇਂ ਤੋਂ ਕਾਲੀ ਦਸਤਾਰ ‘ਅਕਾਲੀਆਂ ਦਾ ਚਿੰਨ੍ਹ’ ਬਣ ਗਈ।
ਮਹੰਤ ਤੇ ਉਸ ਦੇ ਗੁੰਡਿਆਂ ਨੂੰ 12 ਅਕਤੂਬਰ 1921 ਨੂੰ ਸੈਸ਼ਨ ਕੋਰਟ ਨੇ ਸਜ਼ਾ ਦਿੱਤੀ। ਅੱਠਾਂ ਨੂੰ ਮੌਤ ਦੀ ਸਜ਼ਾ ਤੇ ਅੱਠਾਂ ਨੂੰ ਉਮਰ ਕੈਦ ਹੋਈ। ਪਰ ਹਾਈਕੋਰਟ ’ਚੋਂ ਨਰਾਇਣ ਦਾਸ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਗਈ ਤੇ ਉਹਦੇ ਤਿੰਨ ਸਾਥੀ ਫਾਹੇ ਲਾਏ ਗਏ। 3 ਮਾਰਚ 1922 ਨੂੰ ਇਸ ਫੈਸਲੇ ’ਚੋਂ ਬਾਕੀ ਬਰੀ ਕਰ ਦਿੱਤੇ ਗਏ।
ਲੇਖਕ ਬਾਰੇ
# 66, ਚੰਦਰ ਨਗਰ, ਜਨਕਪੁਰੀ, ਨਵੀਂ ਦਿੱਲੀ-110058
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/July 1, 2007
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/April 1, 2010