ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਅਤੇ ਸ਼ਹੀਦੀਆਂ ਦਾ ਇਤਿਹਾਸ ਹੈ। ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਰਬੰਸ-ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਅਤੇ ਲਾਸਾਨੀ ਕੁਰਬਾਨੀ ਆਪਣੀ ਮਿਸਾਲ ਆਪ ਹੈ। ਸਮੇਂ-ਸਮੇਂ ’ਤੇ ਸਿਰੜੀ ਸਿੰਘਾਂ ਨੇ ਸ਼ਹੀਦੀ-ਪਰੰਪਰਾ ਨੂੰ ਅੱਗੇ ਤੋਰਿਆ ਹੈ। ਬਹਾਦਰ ਸਿੰਘ ਆਰਿਆਂ ਨਾਲ ਚਿਰਵਾਏ ਗਏ, ਉਬਲਦੀਆਂ ਦੇਗਾਂ ਵਿਚ ਉਬਾਲੇ ਗਏ, ਉਹ ਬੰਦ-ਬੰਦ ਕਟਵਾ ਗਏ, ਚਰਖੜ੍ਹੀਆਂ ’ਤੇ ਚੜ੍ਹੇ, ਪਰ ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ। ਸਮੇਂ ਦੇ ਹਾਕਮਾਂ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਘੱਲੂਘਾਰਿਆਂ ਦਾ ਦੌਰ ਚਲਾਇਆ, ਪਰ ਸਿੱਖ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੇ। ਆਪਣੇ ਧਾਰਮਿਕ ਅਸਥਾਨਾਂ ਦੀ ਆਨ-ਸ਼ਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਰ-ਸਤਿਕਾਰ ਪ੍ਰਤੀ ਸਿੱਖ ਹਮੇਸ਼ਾਂ ਚੇਤੰਨ ਰਹਿੰਦੇ ਹਨ ਅਤੇ ਇਸ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਹਨ। 1920-25 ਦੌਰਾਨ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਅਤੇ ਇਨ੍ਹਾਂ ਨੂੰ ਦੁਰਾਚਾਰੀ ਅਤੇ ਅੰਗਰੇਜ਼ ਪਿੱਠੂ ਮਹੰਤਾਂ ਦੇ ਕਬਜ਼ਿਆਂ ਵਿੱਚੋਂ ਮੁਕਤ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਚੱਲੀ। ਗੁਰਦੁਆਰਾ ਸੁਧਾਰ ਲਹਿਰ ਤਹਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਪੰਥਕ ਪ੍ਰਬੰਧ ਹੇਠ ਲਿਆਂਦਾ ਗਿਆ, ਪਰ ਇਸ ਸਮੇਂ ਲੱਗੇ ਮੋਰਚਿਆਂ ਦੌਰਾਨ, ਜੈਤੋ ਦਾ ਇਤਿਹਾਸਕ ਮੋਰਚਾ ਸਭ ਤੋਂ ਲੰਬਾ ਸਮਾਂ ਚੱਲਿਆ।
ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਆਪਣੀ ਤਾਜਪੋਸ਼ੀ ਸਮੇਂ ਸਿੱਖ ਰੀਤੀ-ਰਿਵਾਜਾਂ ਨੂੰ ਅਪਣਾਇਆ, ਜੋ ਕਿ ਅੰਗਰੇਜ਼ ਸਰਕਾਰ ਨੂੰ ਚੰਗਾ ਨਹੀਂ ਲੱਗਾ। ਉਹ ਮਹਾਰਾਜੇ ਨੂੰ ਬਾਗ਼ੀ ਸਮਝਣ ਲੱਗ ਪਈ। 5 ਅਪ੍ਰੈਲ 1921 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸਿਰ ’ਤੇ ਕਾਲੀਆਂ ਦਸਤਾਰਾਂ ਅਤੇ ਦੁਪੱਟੇ ਸਜਾਉਣ ਅਤੇ ਥਾਂ-ਥਾਂ ਦੀਵਾਨ ਕੀਤੇ ਜਾਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣ ਦੀ ਅਪੀਲ ਕੀਤੀ। ਸਿੱਖ ਮਹਾਰਾਜਿਆਂ ਵਿੱਚੋਂ ਮਹਾਰਾਜਾ ਰਿਪੁਦਮਨ ਸਿੰਘ ਨੇ ਹੀ ਇਸ ਅਪੀਲ ’ਤੇ ਪੂਰੀ ਸੁਹਿਰਦਤਾ ਤੇ ਸਮਰਪਣ ਨਾਲ ਅਮਲ ਕੀਤਾ। ਅੰਗਰੇਜ਼ ਸਰਕਾਰ ਪਹਿਲਾਂ ਹੀ ਮਹਾਰਾਜੇ ਦੇ ਵਿਰੁੱਧ ਸੀ। ਨਾਭਾ ਅਤੇ ਪਟਿਆਲਾ ਦੇ ਮਹਾਰਾਜੇ ਦੇ ਅਕਸਰ ਘਰੋਗੀ ਝਗੜੇ ਚੱਲਦੇ ਰਹਿੰਦੇ ਸਨ। ਅੰਗਰੇਜ਼ ਸਰਕਾਰ ਨੇ ਨਾਭਾ ਅਤੇ ਪਟਿਆਲਾ ਦੇ ਰਾਜਿਆਂ ਕੋਲੋਂ ਫੈਸਲਾ ਕਰਨ ਦੇ ਹੱਕ ਪ੍ਰਾਪਤ ਕਰ ਲਏ। 1922 ਈ. ਦੇ ਅੰਤ ਵਿਚ ਇਲਾਹਾਬਾਦ ਹਾਈਕੋਰਟ ਦੇ ਇਕ ਜੱਜ ਨੇ ਪੜਤਾਲ ਕਰ ਕੇ ਮਹਾਰਾਜਾ ਨਾਭਾ ਦੇ ਵਿਰੁੱਧ ਫੈਸਲਾ ਦੇ ਦਿੱਤਾ। ਅੰਗਰੇਜ਼ ਸਰਕਾਰ ਨੇ 8 ਜੂਨ, 1923 ਈ. ਨੂੰ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਲਾਹ ਦਿੱਤਾ। ਸਰਕਾਰ ਦੀ ਇਸ ਕਾਰਵਾਈ ਨਾਲ ਸਿੱਖ ਪੰਥ ਵਿਚ ਭਾਰੀ ਰੋਸ ਫੈਲ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜੇ ਨਾਲ ਹਮਦਰਦੀ ਪ੍ਰਗਟਾਈ ਅਤੇ 5 ਅਗਸਤ ਨੂੰ ਇਕੱਤਰਤਾ ਕਰ ਕੇ 9 ਸਤੰਬਰ ਨੂੰ ਸਭ ਥਾਵਾਂ ’ਤੇ ‘ਨਾਭਾ ਦਿਵਸ’ ਮਨਾਉਣ ਦੀ ਅਪੀਲ ਕੀਤੀ।
25, 26 ਅਤੇ 27 ਅਗਸਤ ਨੂੰ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਦੀਵਾਨ ਸਜਾਇਆ ਗਿਆ ਅਤੇ ਮਹਾਰਾਜੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ। 27 ਅਗਸਤ ਨੂੰ ਭਰੇ ਦੀਵਾਨ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗਿਆਨੀ ਇੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਮੇਂ ਨਾਭਾ ਰਿਆਸਤ ਦਾ ਪ੍ਰਬੰਧ ਅੰਗਰੇਜ਼ ਸਰਕਾਰ ਵੱਲੋਂ ਨਿਯੁਕਤ ਮਿਸਟਰ ਵਿਲੀਅਮ ਜਾਨਸਟਨ ਦੇ ਹੱਥਾਂ ਵਿਚ ਸੀ। 9 ਸਤੰਬਰ ਨੂੰ ਹੋਰਨਾਂ ਥਾਵਾਂ ਵਾਂਗ ਜੈਤੋ ਮੰਡੀ ਵਿਚ ਵੀ ਜਲੂਸ ਕੱਢਿਆ ਗਿਆ ਅਤੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ। 9 ਸਤੰਬਰ ਦੇ ਜਲੂਸ ਵਿਚ ਸ਼ਾਮਲ ਅਕਾਲੀ ਗ੍ਰਿਫ਼ਤਾਰ ਕਰ ਲਏ ਗਏ। 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਅੰਦਰ ਦੀਵਾਨ ਸਜਿਆ ਹੋਇਆ ਸੀ ਅਤੇ ਸੰਗਤਾਂ ਗੁਰਬਾਣੀ ਸਰਵਣ ਕਰ ਰਹੀਆਂ ਸਨ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਬਾਵਰਦੀ ਸਿਪਾਹੀਆਂ ਨੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਸੰਗਤਾਂ ਅਤੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਹੜਾ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਪਾਠ ਕਰ ਰਿਹਾ ਸੀ, ਉਸ ਨੂੰ ਧੂਹ ਲਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰ ਦਿੱਤਾ। ਇਸ ਘਟਨਾ ਤੋਂ ਬਾਅਦ 14 ਸਤੰਬਰ 1923 ਤੋਂ ਗੁਰਦੁਆਰਾ ਸੁਧਾਰ ਲਹਿਰ ਦਾ ਸਭ ਤੋਂ ਵੱਡਾ ਜੈਤੋ ਦਾ ਮੋਰਚਾ ਬਾਕਾਇਦਾ ਸ਼ੁਰੂ ਹੋ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 25-25 ਸਿੰਘਾਂ ਦਾ ਜਥਾ ਰੋਜ਼ਾਨਾ ਜੈਤੋ ਭੇਜਣ ਦਾ ਫੈਸਲਾ ਕਰ ਲਿਆ। ਪਹਿਲਾ ਜਥਾ 15 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੈਦਲ ਰਵਾਨਾ ਹੋਇਆ। ਇਸ ਜਥੇ ਨੇ ਤੁਰਨ ਤੋਂ ਪਹਿਲਾਂ ਹੀ ਸ਼ਾਂਤਮਈ ਰਹਿਣ ਦਾ ਪ੍ਰਣ ਲਿਆ ਹੋਇਆ ਸੀ। ਜਥਾ ਵੱਖ-ਵੱਖ ਥਾਈਂ ਪੜਾਅ ਕਰਦਾ ਹੋਇਆ ਜੈਤੋ ਪਹੁੰਚਿਆ, ਪਰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਜਥੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 25 ਸਿੰਘਾਂ ਦਾ ਇਕ ਜਥਾ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਾਂਤਮਈ ਰਵਾਨਾ ਹੁੰਦਾ ਅਤੇ ਜੈਤੋ ਪਹੁੰਚ ਕੇ ਸ਼ਾਂਤਮਈ ਗ੍ਰਿਫ਼ਤਾਰੀ ਦਿੰਦਾ ਰਿਹਾ। ਇਨ੍ਹਾਂ ਗ੍ਰਿਫ਼ਤਾਰੀਆਂ ਦੀ ਚਰਚਾ ਸਮੁੱਚੇ ਦੇਸ਼ ਅੰਦਰ ਫੈਲ ਗਈ ਅਤੇ ਜੈਤੋ ਦਾ ਮੋਰਚਾ ਸਮੁੱਚੇ ਭਾਰਤ ਦੀ ਨਜ਼ਰੇ ਚੜ੍ਹ ਗਿਆ।
29 ਸਤੰਬਰ, 1923 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਭਾ ਦੇ ਅਧਿਕਾਰੀਆਂ ਵੱਲੋਂ 14 ਸਤੰਬਰ ਨੂੰ ਗੁਰਦੁਆਰਾ ਗੰਗਸਰ ਸਾਹਿਬ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕਰਨ ਦੀ ਕਾਰਵਾਈ ਅਤੇ ਅਕਾਲੀਆਂ ਨਾਲ ਕੀਤੇ ਜਾ ਰਹੇ ਵਰਤਾਉ ਦੀ ਕਰੜੀ ਨਿਖੇਧੀ ਕੀਤੀ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਅੰਗਰੇਜ਼ੀ ਹਕੂਮਤ ਦੇ ਦਖ਼ਲ ਨੂੰ ਬਰਦਾਸ਼ਤ ਨਾ ਕਰਨ ਲਈ ਮਤਾ ਪਾਸ ਕੀਤਾ। ਅੰਗਰੇਜ਼ੀ ਸਰਕਾਰ ਨੇ 13 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੋਨਾਂ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ। ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਮੈਂਬਰਾਂ ਅਤੇ ਸਰਗਰਮ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਹੁਣ ਫੈਸਲਾ ਹੋਇਆ ਕਿ 500-500 ਸਿੰਘਾਂ ਦੇ ਜਥੇ ਭੇਜੇ ਜਾਣ ਅਤੇ ਪਹਿਲਾ ਜਥਾ 21 ਫਰਵਰੀ, 1924 ਈ. ਨੂੰ ਜੈਤੋ ਪਹੁੰਚੇ। 9 ਫ਼ਰਵਰੀ 1924 ਨੂੰ 500 ਸਿੰਘਾਂ ਦਾ ਪਹਿਲਾ ਜਥਾ ਸ਼ਾਂਤਮਈ ਰਹਿਣ ਦਾ ਪ੍ਰਣ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸਾ ਸੋਧ ਕੇ ਤੁਰਿਆ। ਰਸਤੇ ਵਿਚ ਵੱਖ-ਵੱਖ ਥਾਈਂ ਪੜਾਅ ਕਰਦਾ ਹੋਇਆ ਇਹ ਜਥਾ 20 ਫਰਵਰੀ ਨੂੰ ਫ਼ਰੀਦਕੋਟ ਦੇ ਪਿੰਡ ਬਰਗਾੜੀ ਪੁੱਜ ਗਿਆ। 21 ਫਰਵਰੀ ਨੂੰ ਜਥਾ ਸਵੇਰੇ ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਜੈਤੋ ਵੱਲ ਰਵਾਨਾ ਹੋਇਆ। ਜਥੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬੀਬੀਆਂ ਸਹਿਤ ਅਣਗਿਣਤ ਸੰਗਤਾਂ ਸ਼ਾਮਲ ਸਨ। ਨਾਭਾ ਰਾਜ ਦੀ ਹੱਦ ਅੰਦਰ ਦਾਖਲ ਹੋਣ ’ਤੇ ਜਥੇ ਨੂੰ ਉਥੇ ਰੋਕ ਲਿਆ ਗਿਆ। ਜਥੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਉਠਾ ਕੇ ਚੱਲ ਰਹੇ ਸਨ ਅਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸੀ। ਗੁਰਦੁਆਰਾ ਗੰਗਸਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ ਤਾਰਾਂ ਲੱਗੀਆਂ ਹੋਈਆਂ ਸਨ ਅਤੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਸਨ। ਵਿਲਸਨ ਜਾਨਸਟਨ ਵੱਲੋਂ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਗਿਆ। ਗੋਲੀ ਬੰਦ ਹੋਣ ਤਕ ਸਾਰੀ ਸੰਗਤ ਗੁਰਦੁਆਰਾ ਟਿੱਬੀ ਸਾਹਿਬ ਪੁੱਜ ਚੁੱਕੀ ਸੀ। ਜਥੇ ਦੇ ਸੈਂਕੜੇ ਸਿੰਘ ਅਤੇ ਨਾਲ ਜਾ ਰਹੀ ਸੰਗਤ ਵੱਡੀ ਗਿਣਤੀ ਵਿਚ ਸ਼ਹੀਦ ਜਾਂ ਜ਼ਖਮੀ ਹੋ ਚੁੱਕੀ ਸੀ। ਜਥੇ ਦੇ ਬਚੇ ਹੋਏ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਤੋਂ ਗੁਰਦੁਆਰਾ ਗੰਗਸਰ ਸਾਹਿਬ ਵੱਲ ਨੂੰ ਵਧੇ, ਪਰ ਘੋੜ-ਸਵਾਰ ਫੌਜੀ ਦਸਤੇ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਬਚੀ ਹੋਈ ਸੰਗਤ ਅਤੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੈਤੋ ਵਿਚ ਵਾਪਰੇ ਇਸ ਦੁਖਦਾਈ ਕਾਂਡ ਦੀ ਖ਼ਬਰ ਚਾਰੇ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ।
ਜੈਤੋ ਦੇ ਮੋਰਚੇ ਦੌਰਾਨ ਵਾਪਰੀ ਇਸ ਭਿਆਨਕ ਘਟਨਾ ਨੇ ਸਿੱਖਾਂ ਦੇ ਮਨਾਂ ਵਿਚ ਜੋਸ਼ ਨੂੰ ਹੋਰ ਪ੍ਰਚੰਡ ਕੀਤਾ। 21 ਫ਼ਰਵਰੀ ਦੇ ਸਾਕੇ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੂਸਰਾ 500 ਸਿੰਘਾਂ ਦਾ ਜਥਾ ਭੇਜਣ ਦਾ ਐਲਾਨ ਕੀਤਾ ਗਿਆ। ਦੂਸਰਾ ਜਥਾ 25 ਫ਼ਰਵਰੀ 1924 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੈਦਲ ਰਵਾਨਾ ਹੋਇਆ ਅਤੇ 13 ਮਾਰਚ ਨੂੰ ਜੈਤੋ ਦੇ ਨੇੜੇ ਪੁੱਜ ਗਿਆ। ਇਸ ਜਥੇ ਨੇ 14 ਮਾਰਚ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣਾ ਸੀ। ਇਸ ਜਥੇ ਉੱਪਰ ਪਹਿਲਾਂ ਦੀ ਤਰ੍ਹਾਂ ਗੋਲੀਆਂ ਦਾ ਮੀਂਹ ਨਹੀਂ ਵਰ੍ਹਾਇਆ ਗਿਆ। ਜਥੇ ਦੀ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ ਗਿਆ। ਸਾਰੇ ਸਿੰਘਾਂ ਨੇ ਸ਼ਾਂਤਮਈ ਢੰਗ ਨਾਲ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ। ਤੀਸਰਾ 500 ਸਿੰਘਾਂ ਦਾ ਜਥਾ 22 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ ਅਤੇ 7 ਅਪ੍ਰੈਲ, 1924 ਨੂੰ ਜੈਤੋ ਪਹੁੰਚਿਆ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਿਲ੍ਹੇ ਅੰਦਰ ਡੱਕ ਦਿੱਤਾ ਗਿਆ। ਇਸ ਤਰ੍ਹਾਂ 500-500 ਸਿੰਘਾਂ ਦੇ ਜਥੇ ਉਦੋਂ ਤਕ ਜੈਤੋ ਵੱਲ ਰਵਾਨਾ ਹੁੰਦੇ ਰਹੇ, ਜਦੋਂ ਤਕ ਸਰਕਾਰ ਨੇ ਸਿੰਘਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਨ ਦੀ ਇਜਾਜ਼ਤ ਨਾ ਦੇ ਦਿੱਤੀ। ਜੈਤੋ ਦਾ ਮੋਰਚਾ 14 ਜੁਲਾਈ, 1923 ਈ. ਤੋਂ ਸ਼ੁਰੂ ਹੋ ਕੇ 21 ਜੁਲਾਈ, 1925 ਤਕ ਚੱਲਦਾ ਰਿਹਾ। ਅੰਤ ਸਰਕਾਰ ਨੂੰ ਝੁਕਣਾ ਪਿਆ, ਖਾਲਸੇ ਦੀ ਜਿੱਤ ਹੋਈ। ਜਦੋਂ ਸਰਕਾਰ ਨੂੰ ਦ੍ਰਿੜ੍ਹ ਵਿਸ਼ਵਾਸ ਹੋ ਗਿਆ ਕਿ ਸਿੱਖੀ ਸਿਰੜ ਨੂੰ ਕੋਈ ਦਬਾਅ ਨਹੀਂ ਸਕਦਾ ਤਾਂ ਉਸ ਨੇ 7 ਜੁਲਾਈ, 1925 ਈ. ਨੂੰ ਗੁਰਦੁਆਰਾ ਐਕਟ ਪਾਸ ਕਰਕੇ ਪਹਿਲੀ ਨਵੰਬਰ ਤੋਂ ਇਸ ਨੂੰ ਲਾਗੂ ਕਰ ਦਿੱਤਾ ਅਤੇ ਇਸ ਅਧੀਨ ਸਾਰੇ ਗੁਰਦੁਆਰਾ ਸਾਹਿਬਾਨ ਉੱਪਰ ਪੰਥਕ ਪ੍ਰਬੰਧ ਨੂੰ ਪ੍ਰਵਾਨ ਕਰ ਲਿਆ ਗਿਆ।
ਲੇਖਕ ਬਾਰੇ
Freelance Author
Medical Lab. Tech at Health Department Punjab
MA, Punjabi and History
ਸਿਵਲ ਹਸਪਤਾਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ
- ਦਲਜੀਤ ਰਾਏ ਕਾਲੀਆhttps://sikharchives.org/kosh/author/%e0%a8%a6%e0%a8%b2%e0%a8%9c%e0%a9%80%e0%a8%a4-%e0%a8%b0%e0%a8%be%e0%a8%8f-%e0%a8%95%e0%a8%be%e0%a8%b2%e0%a9%80%e0%a8%86/August 1, 2007
- ਦਲਜੀਤ ਰਾਏ ਕਾਲੀਆhttps://sikharchives.org/kosh/author/%e0%a8%a6%e0%a8%b2%e0%a8%9c%e0%a9%80%e0%a8%a4-%e0%a8%b0%e0%a8%be%e0%a8%8f-%e0%a8%95%e0%a8%be%e0%a8%b2%e0%a9%80%e0%a8%86/November 1, 2007