editor@sikharchives.org

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਵਿਚ ਆਦਰਸ਼ ਰਾਜਨੇਤਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਦਸ਼ਾਹ ਨੂੰ ਰੱਬ ਵੱਲੋਂ ਥਾਪਿਆ ਮੰਨਿਆ ਜਾਂਦਾ ਸੀ ਤੇ ਪਰਜਾ ਉਸ ਦਾ ਹਰ ਹੁਕਮ ਮੰਨਦੀ ਸੀ। ਅਬੁਲ ਫਜ਼ਲ ਅਨੁਸਾਰ ਬਾਦਸ਼ਾਹ ਰੱਬ ਵੱਲੋਂ ਨਿਕਲਿਆ ਪ੍ਰਕਾਸ਼ ਤੇ ਸੂਰਜ ਦੀ ਕਿਰਨ ਹੈ।
ਬੁੱਕਮਾਰਕ ਕਰੋ (1)

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਧਰਮ ਰਾਜਨੀਤੀ ਤੋਂ ਉਪਰਾਮ ਨਹੀਂ ਸਗੋਂ ਰਾਜਨੀਤੀ ਦਾ ਮੰਥਨ ਕਰ ਕੇ ਲੋਕਾਂ ਅੰਦਰ ਚੇਤਨਾ ਦਾ ਪਸਾਰ ਕਰਦਾ ਹੈ। ਸਿੱਖ ਧਰਮ ਅਨੁਸਾਰ ਰਾਜਨੀਤੀ ਮਨਮਾਨੀਆਂ ਦਾ ਸਾਧਨ ਨਹੀਂ ਫ਼ਰਜ਼ਾਂ ਦਾ ਅਹਿਸਾਸ ਹੈ। ਜਨਤਾ ਨੂੰ ਵਧੀਆ ਰਾਜ ਪ੍ਰਬੰਧ ਦੇਣ ਦੀ ਪ੍ਰਤੀਬੱਧਤਾ ਹੈ। ਸਮਾਜ ਅੰਦਰ ਭੇਦ-ਭਾਵ ਦਾ ਖ਼ਾਤਮਾ ਤੇ ਮਿਲਵਰਤਨ ਦਾ ਅਗਾਜ਼ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਨਕਾਰਨ ਦੀ ਥਾਂ ਸੁਧਾਰਨ ਦਾ ਸੁਹਿਰਦ ਯਤਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਘਰ-ਬਾਰ ਛੱਡਣ ਦਾ ਨਹੀਂ ਸੰਸਾਰ ਨੂੰ ਮਿਲਣ ਤੇ ਮਾਨਵੀ ਸੰਬੰਧਾਂ ਨੂੰ ਸੁਹਾਵਣੇ ਬਣਾਉਣ ਦਾ ਮਹਾਨ ਕਾਰਨਾਮਾ ਹੈ।

ਗੁਰੂ ਸਾਹਿਬ ਨੇ ਮਨੁੱਖ ਦੀਆਂ ਸਮੱਸਿਆਵਾਂ ਦੇ ਕਾਰਨਾਂ ਨੂੰ ਸਮਝਿਆ ਤੇ ਇਨ੍ਹਾਂ ਦੇ ਨਿਵਾਰਨ ਦਾ ਹਰ ਸੰਭਵ ਯਤਨ ਕੀਤਾ। ਗੁਰੂ ਮਿਸ਼ਨ ਸੁੱਚੀ ਕਿਰਤ ਦਾ ਸਤਿਕਾਰ, ਮਾਨਵਤਾ ਨਾਲ ਪਿਆਰ ਤੇ ਕੁਰੀਤੀਆਂ ਦੇ ਸੁਧਾਰ ਦਾ ਇਕਰਾਰ ਹੈ। ਗੁਰੂ ਸਾਹਿਬ ਦੇ ਹੱਥ ਦੁਖੀਆਂ ਦੇ ਹੰਝੂ ਪੂੰਝਣ ਦੇ ਨਾਲ ਨਾਲ ਹਕੂਮਤ ਦੇ ਜ਼ੁਲਮ ਦੇ ਵਿਰੋਧ ਲਈ ਵੀ ‘ ਉੱਠਦੇ ਹਨ। ਮਨੁੱਖੀ ਸਮਾਜ ਤੇ ਜੀਵਨ-ਸ਼ੈਲੀ ’ਤੇ ਰਾਜਨੀਤੀ ਦਾ ਗਹਿਰਾ ਅਸਰ ਪੈਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਮਾਂ ਰਾਜਨੀਤੀ ਵਿਚ ਵੱਡੀ ਉਥਲ-ਪੁਥਲ ਦਾ ਸਮਾਂ ਸੀ। ਇਸਤਰੀ ਦਾ ਸਨਮਾਨ ਤੇ ਪੁਰਸ਼ ਦੀ ਜਾਨ ਸਲਾਮਤ ਨਹੀਂ ਸੀ। ਰਾਜਨੀਤਕ ਅਧੋਗਤੀ ਵਿਚ ਜਨਤਾ ਦਾ ਕਿਰਦਾਰ ਵੀ ਗਿਰ ਜਾਂਦਾ ਹੈ। ਰਾਜਾ ਤੇ ਪਰਜਾ ਸਭ ਭ੍ਰਿਸ਼ਟ ਹੋ ਜਾਂਦੇ ਹਨ। ਭੈੜੇ ਕੰਮ ਕਰਨ ਵਿਚ ਸ਼ਰਮ ਤੇ ਝਿਜਕ ਖ਼ਤਮ ਹੋ ਜਾਂਦੀ ਹੈ। ਸਭ ਪਾਸੇ ਕੂੜ ਪ੍ਰਧਾਨ ਹੋ ਜਾਂਦਾ ਹੈ;

ਸਰਮ ਧਰਮ ਕਾ ਡੇਰਾ ਦੂਰਿ॥
ਨਾਨਕ ਕੂੜੁ ਰਹਿਆ ਭਰਪੂਰਿ॥

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਆਦਰਸ਼ ਰਾਜਨੇਤਾ ਦੇ ਨਕਸ਼ ਤਲਾਸ਼ੇ ਜਾ ਸਕਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜਨੀਤੀ ਦੇ ਮਹੱਤਵ ਤੇ ਇਸ ਦੇ ਸਮਾਜ ‘ਤੇ ਪੈ ਰਹੇ ਭੈੜੇ ਪ੍ਰਭਾਵ ਨੂੰ ਦੇਖਦਿਆਂ ਸਿਆਸੀ ਨਿਘਾਰ ਵਿਰੁੱਧ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਸ਼ੋਸ਼ਣ ਦਾ ਸ਼ਿਕਾਰ ਬਣੇ ਲੋਕਾਂ ਨਾਲ ਧਿਰ ਬਣ ਕੇ ਖੜ੍ਹੇ ਹੋਏ। ਮਨੁੱਖ ਦੁਆਰਾ ਪੈਦਾ ਕੀਤੀਆਂ ਸਮੱਸਿਆਵਾਂ ਉਸ ਦੀ ਲਾਲਸਾ, ਵਾਸ਼ਨਾ, ਈਰਖਾ ਤੇ ਹੰਕਾਰ ਦਾ ਸਿੱਟਾ ਹੁੰਦੀਆਂ ਹਨ। ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ ਮਨੁੱਖ ਸਮੇਂ ਤੇ ਸਥਾਨ ਅਨੁਸਾਰ ਤਰੀਕੇ ਤੇ ਸਾਧਨ ਬਦਲਦਾ ਰਹਿੰਦਾ ਹੈ ਪਰ ਉਸ ਦੀ ਮਾਨਸਿਕਤਾ ਨਹੀਂ ਦਲਦੀ। ਇਹ ਸਮੱਸਿਆਵਾਂ ਮਾਰੂਥਲ ਦੇ ਤੂਫਾਨ ਵਾਂਗ ਹਰ ਯੁੱਗ ਵਿਚ ਉਭਰਦੀਆਂ ਰਹਿੰਦੀਆਂ ਹਨ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਰਾਜਨੀਤੀ ਪ੍ਰਤੀ ਦ੍ਰਿਸ਼ਟੀਕੋਣ ਨੂੰ ਸਮਕਾਲੀ ਮੱਧਕਾਲ ਤਕ ਸੀਮਤ ਕਰ ਕੇ ਦੇਖਣ ਦੀ ਥਾਂ ਮਨੁੱਖੀ ਸੁਭਾਅ ਦੀਆਂ ਸਦੀਵੀ ਬਿਰਤੀਆਂ ਨਾਲ ਜੋੜ ਕੇ ਦੇਖਣ ਦੀ ਕਿਤੇ ਵਧੇਰੇ ਲੋੜ ਹੈ। ਇਸ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਘੇਰਾ ਸਮੇਂ ਤੇ ਸਥਾਨ ਦੀ ਸੀਮਾ ਤੋਂ ਮੁਕਤ ਹੋ ਕੇ ਵਿਆਪਕ ਤੇ ਸਰਬਕਾਲੀ ਹੋ ਜਾਂਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਜ਼ਿੰਦਗੀ ਦਾ ਵਿਸ਼ਾਲ ਅਨੁਭਵ ਤੇ ਮਨੁੱਖਤਾ ਪ੍ਰਤੀ ਪ੍ਰੇਮ ਤੇ ਜ਼ਿੰਮੇਵਾਰੀ ਦੀ ਭਾਵਨਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਾਕਮ ਵਰਗ ਦੇ ਰੰਗ-ਤਮਾਸ਼ਿਆਂ ਵਿਚ ਗ਼ਲਤਾਨ ਹੋਣ ਤੇ ਪਦਾਰਥਾਂ ਦੇ ਭੰਡਾਰ ਇਕੱਠੇ ਕਰਨ ਦੀਆਂ ਬਿਰਤੀਆਂ ਨੂੰ ਨਕਾਰਿਆ। ਅਜਿਹੇ ਹਾਕਮਾਂ ਦੀ ਕਰਮ ਭੂਮੀ ਲੋਕ-ਕਲਿਆਣ ਦੀ ਥਾਂ ਵਿਲਾਸਤਾ ਤੇ ਰਣ ਖੇਤਰ ਵਿਚ ਤਬਦੀਲ ਹੋ ਜਾਂਦੀ ਹੈ। ਲੁੱਟਮਾਰ ਪ੍ਰਧਾਨ ਹੋ ਜਾਂਦੀ ਹੈ। ਰਾਜੇ ਕਸਾਈ ਦਾ ਰੂਪ ਧਾਰ ਲੈਂਦੇ ਹਨ। ਮਨੁੱਖਤਾ ਦੇ ਉੱਚੇ ਮਿਆਰ ਖੰਭ ਲਾ ਕੇ ਉੱਡ ਜਾਂਦੇ ਹਨ। ਸਚਾਈ ਤੇ ਨੇਕੀ ਦਾ ਚੰਦ ਇਸ ਅਰਾਜਕਤਾ ਵਿਚ ਅਲੋਪ ਹੋ ਜਾਂਦਾ ਹੈ। ਜਨਤਾ ਨੂੰ ਇਸ ਅੰਧਕਾਰ ਵਿੱਚੋਂ ਬਾਹਰ ਆਉਣ ਦਾ ਮਾਰਗ ਨਹੀਂ ਲੱਭਦਾ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ (ਸ੍ਰੀ ਗੁਰੂ ਗ੍ਰੰਥ ਸਾਹਿਬ, 145)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਦਸ਼ਾਹ ਨੂੰ ਰੱਬ ਵੱਲੋਂ ਥਾਪਿਆ ਮੰਨਿਆ ਜਾਂਦਾ ਸੀ ਤੇ ਪਰਜਾ ਉਸ ਦਾ ਹਰ ਹੁਕਮ ਮੰਨਦੀ ਸੀ। ਅਬੁਲ ਫਜ਼ਲ ਅਨੁਸਾਰ ਬਾਦਸ਼ਾਹ ਰੱਬ ਵੱਲੋਂ ਨਿਕਲਿਆ ਪ੍ਰਕਾਸ਼ ਤੇ ਸੂਰਜ ਦੀ ਕਿਰਨ ਹੈ। ਉਸ ਵਿਚ ਸਧਾਰਨ ਮਨੁੱਖ ਨਾਲੋਂ ਹਜ਼ਾਰਾਂ ਗੁਣ ਵੱਧ ਕੇ ਹੁੰਦੇ ਹਨ। ਰਾਜੇ ਅੰਦਰ ਫ਼ਰਜ਼ਾਂ ਦਾ ਅਹਿਸਾਸ, ਹੌਸਲਾ, ਦਇਆ ਮਨੁੱਖਾਂ ਨਾਲ ਸਮਾਨ ਵਿਵਹਾਰ ਦਾ ਵਿਸ਼ੇਸ਼ ਗੁਣ ਹੋਣਾ ਜ਼ਰੂਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਬਾਦਸ਼ਾਹ ਨੂੰ ਰੱਬ ਵੱਲੋਂ ਲੋਕਾਂ ’ਤੇ ਰਾਜ ਕਰਨ ਲਈ ਥਾਪਿਆ ਵਿਸ਼ੇਸ਼ ਮਨੁੱਖ ਨਹੀਂ ਮੰਨਦੇ। ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਹਰ ਮਨੁੱਖ ਅੰਦਰ ਰੱਬੀ ਜੋਤ ਦਾ ਵਿਗਾਸ ਹੈ। ਗੁਰੂ ਨਾਨਕ ਸਾਹਿਬ ਕੋਲ “ਰਾਣਾ ਰੰਕ ਬਰਾਬਰੀ” ਦੀ ਸਮਦ੍ਰਿਸ਼ਟੀ ਸੀ। ਗੁਰੂ ਸਾਹਿਬ ਫ਼ਰਜ਼ਾਂ ਤੋਂ ਬੇਮੁਖ ਹੋ ਕੇ ਐਸ਼-ਪ੍ਰਸਤੀ ਜਾਂ ਤਾਨਾਸ਼ਾਹੀ ਦੇ ਰਾਹ ਤੁਰੇ ਬਾਦਸ਼ਾਹ ਤੇ ਉਸ ਦੇ ਭ੍ਰਿਸ਼ਟ ਅਹਿਲਕਾਰਾਂ ਦੀ ਖੁੱਲ੍ਹ ਕੇ ਅਲੋਚਨਾ ਕਰਦੇ ਹਨ। ਗੁਰੂ ਸਾਹਿਬ ਨੇ ਰਾਜਿਆਂ ਨੂੰ ਲੋਕਾਂ ਦੀ ਰੱਤ ਪੀਣ ਵਾਲੇ ਤੇ ਅਹਿਲਕਾਰਾਂ ਨੂੰ ਕੁੱਤੇ ਆਖ ਕੇ ਝੰਜੋੜਿਆ।

ਗੁਰੂ ਸਾਹਿਬ ਦੀ ਨਜ਼ਰ ਵਿਚ ਕੋਈ ਜਾਤ ਜਾਂ ਰੁਤਬੇ ਕਾਰਨ ਵੱਡਾ ਨਹੀਂ। “ਸਭਨਾ ਜੀਆ ਕਾ ਇਕੁ ਦਾਤਾ” ਦੇ ਸੱਚ ਨੂੰ ਸਵੀਕਾਰ ਕਰ ਕੇ, ਸਭ ਨਾਲ ਪਿਆਰ ਤੇ ਇਕ ਸਮਾਨ ਵਿਵਹਾਰ ਕਰਨ ਦੀ ਲੋੜ ਹੈ। ਰਾਜੇ ਅਕਸਰ ਸ਼ਕ ‘ ਤੇ ਧਨ-ਦੌਲਤ ਦੇ ਗੁਮਾਨ ਵਿਚ ਡੁੱਬ ਜਾਂਦੇ ਹਨ। ਗੁਰੂ ਸਾਹਿਬ ਅਨੁਸਾਰ ਮੋਤੀਆਂ ਨਾਲ ਬਣੇ ਭਵਨ, ਹੀਰੇ ਨਾਲ ਜੁੜੇ ਫਰਸ਼, ਕੀਮਤੀ ਲਾਲਾਂ ਨਾਲ ਸ਼ਿੰਗਾਰੇ ਪਲੰਘ ’ਤੇ ਮਣੀ ਵਾਂਗ ਚਮਕਦੇ ਮੁਖ ਵਾਲੀ ਬੇਹੱਦ ਖ਼ੂਬਸੂਰਤ ਇਸਤਰੀ ਦਾ ਸਾਥ ਸਭ ਅਕਾਲ ਪੁਰਖ ਨਾਲ ਮਿਲਾਪ ਦੇ ਮਹਾਂ ਅਨੰਦ ਦੀ ਤੁਲਨਾ ਵਿਚ ਨੀਵੀਂ ਪੱਧਰ ਦੇ ਆਕਰਸ਼ਣ ਹਨ। ਵਿਲਾਸਤਾ ਪਤਨ ਵੱਲ ਤੇ ਰੂਹਾਨੀ ਅਨੰਦ ਉਥਾਨ ਵੱਲ ਲੈ ਕੇ ਜਾਂਦਾ ਹੈ। ਇਹ ਮਨੁੱਖੀ ਸੋਚ ਨੂੰ ਉਦਾਰਤਾ, ਸਮਾਨਤਾ ਤੇ ਪਰਉਪਕਾਰ ਦੀ ਸੁੰਦਰਤਾ ਨਾਲ ਭਰ ਦਿੰਦਾ ਹੈ। ਬਾਦਸ਼ਾਹ ਨੂੰ ਰੰਗ-ਤਮਾਸ਼ਿਆਂ ਦੀ ਥਾਂ ਫ਼ਰਜ਼ ਪਛਾਣਨ ਦੀ ਲੋੜ ਹੈ। ਤਖਤ ਦਾ ਅਧਿਕਾਰ ਜੱਦੀ ਨਹੀਂ ਯੋਗਤਾ ਅਨੁਸਾਰ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਦੀ ਥਾਂ ਭਾਈ ਲਹਿਣਾ ਜੀ ਵਿਚ ਸਦਗੁਣਾਂ ਦੇ ਹੁਸਨ ਨੂੰ ਨਿਹਾਰਦਿਆਂ ਗੁਰਿਆਈ ਦੇ ਕੇ ਮਹਾਨ ਪਰੰਪਰਾ ਦਾ ਅਗਾਜ਼ ਕੀਤਾ। ਇੱਥੇ ਯੋਗਤਾ ਰਿਸ਼ਤਿਆਂ ਤੋਂ ਵੱਡੀ ਹੈ ਤੇ ਰੁਤਬਾ ਜ਼ਿੰਮੇਵਾਰੀ ਨਾਲ ਜੁੜਿਆ ਹੋਇਆ ਹੈ। ਮੈਂ ਤੋਂ ਸਰਬੱਤ ਵੱਲ ਯਾਤਰਾ ਸਿੱਖੀ ਦੀ ਪਛਾਣ ਤੇ ਸੁਹੱਪਣ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਲਈ ਧਰਮ ਦੇ ਚਿੰਨ੍ਹ, ਪਹਿਰਾਵਾ, ਰਸਮਾਂ ਜਾਂ ਰਾਜਨੀਤਕ ਅਹੁਦੇ ਮਹੱਤਵਪੂਰਨ ਨਹੀਂ ਹਨ। ਮਨੁੱਖ ਦੀ ਪ੍ਰਧਾਨਤਾ ਦਾ ਆਧਾਰ ਉਸ ਦਾ ਨਿਰਮਲ ਚਰਿੱਤਰ ਤੇ ਜੀਵਨ ਮੁੱਲ ਹਨ। “ਸੱਚ ਨੂੰ ਵਰਤ, ਸੰਤੋਖ ਨੂੰ ਤੀਰਥ, ਗਿਆਨ ਤੇ ਧਿਆਨ ਨੂੰ ਇਸ਼ਨਾਨ, ਦਇਆ ਨੂੰ ਦੇਵਤਾ ਤੇ ਖਿਮਾ ਕਰਨ ਨੂੰ ਮਾਲਾ ਜਪਣ ਸਮਾਨ ਸਮਝਣ ਵਾਲਾ ਮਨੁੱਖ ਸਹੀ ਅਰਥਾਂ ਵਿਚ ਪ੍ਰਧਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਵਿਚ ਜਨਤਾ ਦੇ ਦੁੱਖ-ਦਰਦ ਨੂੰ ਸਮਝਣ, ਜਾਤੀ ਤੇ ਮਜ਼੍ਹਬੀ ਭੇਦਭਾਵ ਤੋਂ ਮੁਕਤ ਹੋ ਕੇ ਜਨਤਾ ਦੇ ਕਲਿਆਣ ਲਈ ਕੰਮ ਕਰਨ ਵਾਲਾ ਆਗੂ ਸਮੇਂ ਦੀ ਲੋੜ ਹੈ। ਹਾਕਮ ਲਈ ਇਸਤਰੀ ਦਾ ਸਨਮਾਨ, ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਸਮਾਜਿਕ ਨਿਆਂ ਦੀ ਸਥਾਪਨਾ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਲੋਕਾਂ ਵਿਚ ਸਹਿਯੋਗ ਤੇ ਸਮਾਨਤਾ ਦੀ ਭਾਵਨਾ ਚੰਗੇ ਰਾਜ ਦੀ ਨਿਸ਼ਾਨੀ ਹੈ। ਸਿੱਖ ਰਾਜਨੀਤੀ ਦੇ ਆਦਰਸ਼ ਬਾਬਾ ਬੰਦਾ ਸਿੰਘ ਬਹਾਦਰ ਦੇ ਜ਼ੁਲਮ ਵਿਰੁੱਧ ਐਲਾਨ-ਏ-ਜੰਗ ਤੇ ਅਠਾਰ੍ਹਵੀਂ ਸਦੀ ਦੇ ਸਿੱਖ ਯੋਧਿਆਂ ਦੇ ਸੰਗਰਾਮ ਵਿੱਚੋਂ ਰੂਪਮਾਨ ਹੁੰਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਅਠਾਰ੍ਹਵੀਂ ਸਦੀ ਦੇ ਸਿੱਖ ਯੋਧਿਆਂ ਨੇ ਦੇਗ ਚਲਾਈ, ਤੇਗ ਵਾਹੀ ਅਤੇ ਸਿਰਧੜ ਦੀ ਬਾਜ਼ੀ ਲਾ ਕੇ ਲੁੱਟਮਾਰ ਤੇ ਚੁੰਨੀਆਂ ਦੀ ਬੇਪਤੀ ਕਰਨ ਵਾਲੇ ਧਾੜਵੀਆਂ ਦਾ ਮੂੰਹ ਮੋੜਿਆ। ਆਪਣੇ ਖ਼ੂਨ ਦੇ ਪਿਆਸੇ ਦੁਸ਼ਮਣਾਂ ਦੀਆਂ ਇਸਤਰੀਆਂ ਦਾ ਭੈਣਾਂ ਵਾਂਗ ਸਤਿਕਾਰ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜਪ੍ਰਬੰਧ ਯਾਦਗਾਰੀ ਸੀ। ਉਨ੍ਹਾਂ ਨੇ ਗੁਰੂ-ਚਰਨਾਂ ਦਾ ਓਟ ਆਸਰਾ ਤੱਕਦਿਆਂ ਦੁਖੀਆਂ ਦੇ ਦੁੱਖ ਦੂਰ ਕਰਨ ਦਾ ਹਰ ਸੰਭਵ ਯਤਨ ਕੀਤਾ। ਹਾਰੇ ਹੋਏ ਦੁਸ਼ਮਣਾਂ ਨਾਲ ਵੀ ਉਦਾਰਤਾ ਭਰਿਆ ਵਿਵਹਾਰ ਕੀਤਾ। ਭੇੜੀਏ ਸਮਾਨ ਖ਼ਤਰਨਾਕ ਵਿਦੇਸ਼ੀ ਹਮਲਾਵਰ ਪੰਜਾਬ ਵਿਚ ਵੜਨ ਤੋਂ ਕੰਬਣ ਲੱਗੇ। ਅੰਗਰੇਜ਼ਾਂ ਦੇ ਸਾਮਰਾਜ ਨੂੰ ਅੱਗੇ ਵੱਧਣ ਤੋਂ ਰੋਕ ਲਾਈ ਤੇ ਰਾਜ ਵਿਚ ਵਿਕਾਸ ਤੇ ਵਿੱਦਿਆ ਦਾ ਪਸਾਰ ਕੀਤਾ। ਸਮਾਜ ਵਿਚ ਸਾਂਝੀਵਾਲਤਾ ਦਾ ਵਾਤਾਵਰਨ ਉਸਾਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ। ਉਹ ਜ਼ਮੀਨਾਂ ਦਾ ਨਹੀਂ ਲੋਕਾਂ ਦੇ ਦਿਲਾਂ ਦੇ ਮਹਾਰਾਜਾ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨੂੰ ਸੱਚੇ ਪਾਤਸ਼ਾਹ ਵਜੋਂ ਰੂਪਮਾਨ ਕਰ ਕੇ ਵਿਸਮਾਦੀ ਰਾਜ ਦਾ ਸੰਕਲਪ ਸਾਹਮਣੇ ਰੱਖਦੇ ਹਨ। ਇਸ ਨਿਰਭਉ ਨਿਰਵੈਰੁ ਰਾਜ ਵਿਚ ਪਦਾਰਥ ਨਹੀਂ ਪ੍ਰੇਮ ਵਡਮੁੱਲਾ ਹੈ। ਚੰਦ, ਸੂਰਜ, ਤਾਰੇ, ਖੰਡ-ਬ੍ਰਹਿਮੰਡ, ਹਵਾ, ਪਾਣੀ, ਅਗਨੀ ਜਿਹੇ ਦੇਵਤੇ, ਸੁੰਦਰ ਨਾਰੀਆਂ, ਸਿਧ, ਬੁੱਧ, ਨਾਥ ਤੇ ਮਹਾਂਬਲੀ ਸੂਰਮੇ ਅਕਾਲ ਪੁਰਖ ਦੀ ਕੀਰਤੀ ਗਾ ਰਹੇ ਹਨ। ਅਕਾਲ ਪੁਰਖ ਦੀ ਅਸੀਮ ਸ਼ਕਤੀ ਅੱਗੇ ਦੁਨਿਆਵੀ ਬਾਦਸ਼ਾਹ ਦੀ ਸ਼ਕਤੀ ਤੁੱਛ ਤੇ ਕਾਲ ਦੇ ਦਾਇਰੇ ਦੀ ਮੁਥਾਜ ਹੈ। ਸਰਬਸ਼ਕਤੀਮਾਨ ਅਕਾਲ ਪੁਰਖ ਦੀ ਵਿਰਾਟਤਾ ਤੇ ਸਦੀਵਤਾ ਦਾ ਅਹਿਸਾਸ ਕਰਵਾ वे ਗੁਰੂ ਸਾਹਿਬ ਨੇ ਲੋਕਾਂ ਨੂੰ ਜ਼ਾਲਮ ਨਿਜ਼ਾਮ ਦੀ ਦਹਿਸ਼ਤ ਤੋਂ ਮੁਕਤ ਕਰਵਾਉਣ ਦਾ ਇਤਿਹਾਸਿਕ ਕਾਰਨਾਮਾ ਕੀਤਾ। ਇਸ ਨਾਲ ਸਿੱਖ ਧਰਮ ਰਬਾਬ ਤੋਂ ਨਗਾਰੇ ਤਕ ਸਫਰ ਕਰਦਾ ਹੈ। ਜ਼ੁਲਮੀ ਹਕੂਮਤ ਦਾ ਤਖਤਾ ਪਲਟਦਾ ਹੈ।

ਸ੍ਰੀ ਗੁਰੂ ਨਾਨਕ ਸਾਹਿਬ ਧਰਮ ਦੇ ਉੱਚੇ ਸਿਧਾਂਤਾਂ ਅਨੁਸਾਰ ਰਾਜਨੀਤੀ ਚਲਾਉਣ ਦੇ ਹਾਮੀ ਸਨ। ਧਰਮ ਨੂੰ ਰਾਜਨੀਤੀ ਲਈ ਵਰਤਣ ਦੇ ਉਹ ਸਖਤ ਵਿਰੋਧੀ ਸਨ। ਗੁਰੂ ਸਾਹਿਬ ਨੇ ਸਮੇਂ ਦੇ ਹਾਕਮ ਮੁਸਲਮਾਨਾਂ ਨੂੰ ਇਸਲਾਮ ਦੇ ਗੁਣਾਂ ਦੀ ਯਾਦ ਤਾਜ਼ਾ ਕਰਵਾਈ ਤੇ ਆਪਣੇ ਜਨਤਾ ਪ੍ਰਤੀ ਫ਼ਰਜ਼ਾਂ ਦਾ ਅਹਿਸਾਸ ਕਰਵਾਇਆ। “ਮਿਹਰ (ਦੂਜਿਆਂ ਪ੍ਰਤੀ ਰਹਿਮ) ਦੀ ਮਸੀਤ, ਰੱਬੀ ਹੋਂਦ ਦੇ ਯਕੀਨ ਦਾ ਮੁਸੱਲਾ, ਇਮਾਨਦਾਰੀ ਦੀ ਕਮਾਈ ਨੂੰ ਕੁਰਆਨ ਬਣਾਉਣ, ਜ਼ੁਲਮ, ਸ਼ੋਸ਼ਣ ਤੇ ਵਿਭਚਾਰ ਜਿਹੇ ਭੈੜੇ ਕੰਮਾਂ ਤੋਂ ਸ਼ਰਮ ਮਹਿਸੂਸ ਕਰਨ ਨੂੰ ਸੁੰਨਤ ਤੇ ਸੁਚੱਜੇ ਵਿਵਹਾਰ ਨੂੰ ਰੋਜਾ ਬਣਾਉਣ ਵਾਲਾ ਸੱਚਾ-ਸੁੱਚਾ ਮੁਸਲਮਾਨ ਹੈ। ,,

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਾਕਮਾਂ ਲਈ ਅਕਾਲ ਪੁਰਖ ਦੀ ਸੱਚੀ ਤੇ ਸਦੀਵੀ ਪਾਤਸ਼ਾਹੀ ਦਾ ਆਦਰਸ਼ ਰੂਪਮਾਨ ਕੀਤਾ। ਅਕਾਲ ਪੁਰਖ ਨਿਰਭਉ, ਨਿਰਵੈਰੁ ਤੇ ਨਿਰਪੱਖ ਹੈ। ਨੇਕ ਇਨਸਾਨਾਂ ‘ਤੇ ਉਸ ਦੀ ਕਿਰਪਾ ਵਰਸਦੀ ਹੈ। ਭੈੜੇ ਕੰਮ ਕਰਨ ਵਾਲਿਆਂ ਲਈ ਅੰਤਮ ਨਿਆਂ ਦੀ ਚਿਤਾਵਨੀ ਹੈ। ਹਰ ਮਨੁੱਖ ਨੂੰ ਆਪਣਾ ਬੀਜਿਆ ਵੱਢਣਾ ਪੈਂਦਾ ਹੈ। ਅਕਾਲ ਪੁਰਖ ਦਾਤਾਂ ਦਿੰਦਾ ਥੱਕਦਾ ਨਹੀਂ ਪਰੰਤੂ ਲੈਣ ਵਾਲੇ ਹੱਥ ਥੱਕ ਜਾਂਦੇ ਹਨ। ਰੱਬ ਦੀ ਉਦਾਰਤਾ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ।

ਸਮੇਂ ਦੇ ਧਾਰਮਿਕ ਆਗੂ ਰਾਜਸੀ ਆਗੂਆਂ ਨਾਲ ਗੱਠਜੋੜ ਕਰ ਕੇ ਜਾਇਦਾਦਾਂ ਤੇ ਸਹੂਲਤਾਂ ਮਾਣਦੇ ਰਹੇ ਹਨ। ਇਹ ਵਰਤਾਰਾ ਹੁਣ ਵੀ ਜਾਰੀ ਹੈ। ਗੁਰੂ ਸਾਹਿਬ ਨੇ ਹਾਕਮ ਜਮਾਤ ਤੋਂ ਸਹੂਲਤਾਂ ਹਾਸਲ ਕਰਨ ਦੀ ਥਾਂ ਸ਼ੋਸ਼ਣ ਦਾ ਸ਼ਿਕਾਰ ਬਣੀ ਜਨਤਾ ਦੀ ਬਾਂਹ ਫੜੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਮਹਾਨ ਕੁਰਬਾਨੀਆਂ ਦਿੱਤੀਆਂ। ਬਾਬਰ ਤੋਂ ਧਨ-ਦੌਲਤ ਲੈਣ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦੀ ਕੈਦ ਤੋਂ ਨਿਰਦੋਸ਼ ਇਸਤਰੀ ਪੁਰਸ਼ਾਂ ਨੂੰ ਰਿਹਾਅ ਕਰਵਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਰਾਜਨੀਤੀ ਨੂੰ ਭੋਗ ਦੀ ਥਾਂ ਉਪਯੋਗ ਵੱਲ ਮੋੜਦੇ ਹਨ। ਵਰਗ ਵੰਡ ਦੀ ਥਾਂ ਸਮਾਜ ਦੇ ਸਭ ਵਰਗਾਂ ਦੇ ਇਸਤਰੀ ਪੁਰਸ਼ਾਂ ਲਈ ਆਤਮ ਸਨਮਾਨ ਨਾਲ ਜਿਊਣ ਦਾ ਮਾਹੌਲ ਸਿਰਜਣਾ ਤੇ ਸੁੱਚੀ ਕਿਰਤ ਦਾ ਸਤਿਕਾਰ ਇਸ ਦੀ ਵਿਸ਼ੇਸ਼ਤਾ ਹੈ। ਬਾਦਸ਼ਾਹ ਨੂੰ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਂਗ ਉਦਾਰਤਾ ਤੇ ਸਮਾਨਤਾ ਨਾਲ ਜਨਤਾ ਦੇ ਕਲਿਆਣ ਲਈ ਸਮਰਪਿਤ ਹੋਣ ਦੀ ਲੋੜ ਹੈ। ਸਮਾਜਿਕ ਨਿਆਂ ਦੀ ਸਥਾਪਨਾ, ਦੁਸ਼ਟਾਂ ਨੂੰ ਗਾਲਣਾ ਤੇ ਨਿਰਧਨ ਨੂੰ ਪਾਲਣਾ ਰਾਜੇ ਦਾ ਕਰਤੱਵ ਹੈ। ਪਰਿਵਾਰਵਾਦ ਦੀ ਥਾਂ ਯੋਗਤਾ ਤਖ਼ਤ ਦੀ ਅਧਿਕਾਰੀ ਹੈ। ਰਾਜ ਦਾ ਉਦੇਸ਼ ਨੈਤਿਕਤਾ, ਕੁਦਰਤ ਨਾਲ ਇਕਸੁਰਤਾ ਤੇ ਸਰਬੱਤ ਦੇ ਭਲੇ ਨਾਲ ਅਭੇਦ ਹੈ।

ਬੁੱਕਮਾਰਕ ਕਰੋ (1)

No account yet? Register

ਲੇਖਕ ਬਾਰੇ

ਵਾਰਡ ਨੰ: 7, ਟੀਚਰ ਕਾਲੋਨੀ, ਕੁਰਾਲੀ (ਰੋਪੜ)-140103

ਬੁੱਕਮਾਰਕ ਕਰੋ (1)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)