editor@sikharchives.org
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਮਨੁੱਖੀ ਹਸਤੀ ਦੇ ਸੰਕਟ ਦਾ ਹੱਲ

ਵਿਅਕਤੀ ਦੀ ਨਿੱਜੀ ਚੇਤਨਾ ਅਥਵਾ ਹਉਮੈ ਵੀ ਵਿਅਕਤੀ ਦੀ ਮਾਨਸਿਕ ਖਿੱਚੋਤਾਣ ਦਾ ਕਾਰਨ ਬਣਦੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਮਤਿ ਜਿੱਥੇ ਮਨੁੱਖੀ ਹਸਤੀ ਦੇ ਸੰਕਟ ਨੂੰ ਬਿਆਨ ਕਰਦੀ ਹੈ, ਉਥੇ ਨਾਲ ਹੀ ਇਸ ਦਾ ਹੱਲ ਵੀ ਪੇਸ਼ ਕਰਦੀ ਹੈ। ਮਨੁੱਖੀ ਜੀਵਨ ਦੇ ਦੋ ਤੱਥ ਸਪੱਸ਼ਟ ਹਨ। ਇਕ ਇਹ ਹੈ ਕਿ ਜੀਵਨ ਨਾਸ਼ਵਾਨ ਹੈ ਤੇ ਦੂਜਾ ਇਹ ਕਿ ਮਾਨਵੀ ਰਿਸ਼ਤੇ ਵੀ ਬਹੁਤੇ ਪੱਕੇ ਨਹੀਂ, ਅਸਥਿਰ ਹਨ। ਇਹ ਦੋਵੇਂ ਤੱਥ ਮਨੁੱਖੀ ਹਸਤੀ ਲਈ ਸੰਕਟ ਪੈਦਾ ਕਰਦੇ ਹਨ ਤੇ ਜੀਵਨ ਵਿਚ ਨਿਰਾਸ਼ਤਾ ਅਥਵਾ ਅਰਥ-ਵਿਹੂਣਤਾ ਪੈਦਾ ਕਰਦੇ ਹਨ। ਗੁਰਮਤਿ ਵਿਅਕਤੀ ਦੇ ਸਾਹਮਣੇ ਉਸ ਦੀ ਦਿੱਵਤਾ ਨੂੰ ਸਿਰਜਦੀ ਹੈ, ਉਸ ਦੀ ਆਤਮਿਕ ਹਸਤੀ ਦੀ ਭਾਵਨਾ ਨੂੰ ਜਗਾਉਂਦੀ ਹੈ ਤੇ ਉਸ ਦੇ ਮਾਨਵੀ ਤਣਾਉ ਨੂੰ ਹੱਲ ਕਰਦੀ ਹੈ। ਭਗਤ ਕਬੀਰ ਜੀ ਅਨੁਸਾਰ ਸਰੀਰਿਕ ਮੌਤ ਵੀ ਡਰ ਵਾਲੀ ਵਸਤੂ ਨਹੀਂ ਰਹਿੰਦੀ ਸਗੋਂ ਪ੍ਰਭੂ-ਮੇਲ ਦਾ ਸਾਧਨ ਬਣਦੀ ਹੈ। ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪ੍ਰਭੂ ਸਦੀਵ ਰਹਿਣ ਵਾਲਾ ਹੈ ਅਤੇ ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ, ਜਿਵੇਂ:

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ (ਪੰਨਾ 1365)

ਹਉ ਨ ਮੂਆ ਮੇਰੀ ਮੁਈ ਬਲਾਇ॥
ਓਹੁ ਨ ਮੂਆ ਜੋ ਰਹਿਆ ਸਮਾਇ॥ (ਪੰਨਾ 152)

ਸਿੱਖ ਧਰਮ ਵਿਚ ਮਨੁੱਖੀ ਵਿਅਕਤਿੱਤਵ ਦੇ ਏਕੀਕਰਣ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਉਸ ਦੀ ਪ੍ਰਕਿਰਤੀ ਦਾ ਡੂੰਘੇਰਾ ਗਿਆਨ ਦੇ ਕੇ ਇਸ ਸਮੱਸਿਆ ਨੂੰ ਸੁਲਝਾਉਂਦੇ ਹਨ। ਉਨ੍ਹਾਂ ਅਨੁਸਾਰ ਮਨੁੱਖ ਨਿਰਾ ਨੀਵੇਂ ਆਪੇ ਦਾ ਮਾਲਕ ਨਹੀਂ, ਸਗੋਂ ਉੱਤਮ ਆਪੇ ਤੇ ਨੀਵੇਂ ਆਪੇ ਦਾ ਸੰਗਮ ਹੈ। ਜਿੱਥੇ ਉਸ ਵਿਚ ਘਟੀਆ ਤੱਤ ਹਨ, ਉਥੇ ਵਧੀਆ ਤੱਤ ਵੀ ਹਨ। ਉਸ ਵਿਚ ਜਿੱਥੇ ਵਿਕਾਰਾਂ ਦੀ ਅੱਗ ਹੈ, ਉਥੇ ਸ਼ਾਂਤ ਸੁਭਾਅ ਦੀ ਬਨਸਪਤੀ ਵੀ ਹੈ। ਕਦੀ ਮਨੁੱਖ ਵਿੱਦਿਆ (ਗਿਆਨ) ਤੇ ਕਦੀ ਅਵਿੱਦਿਆ (ਅਗਿਆਨ) ਦੀ ਅਗਵਾਈ ਅਧੀਨ ਜੀਵਨ ਦਾ ਸਫਰ ਕਰਦਾ ਹੈ। ਇਉਂ ਸਮਝੋ ਕਿ ਵਿੱਦਿਆ ਅਤੇ ਅਵਿੱਦਿਆ ਉਸ ਨੂੰ ਅਗਵਾਈ ਦੇਣ ਵਾਲੀਆਂ ਦੋ ਮਾਵਾਂ ਸਮਾਨ ਹਨ। ਮਨੁੱਖ ਦਾ ਏਕੀਕਰਣ ਉਦੋਂ ਹੀ ਸੰਭਵ ਬਣਦਾ ਹੈ ਜਦੋਂ ਵਿੱਦਿਆ ਅਵਿੱਦਿਆ ਨੂੰ ਖਾ ਜਾਵੇ। ਪਹਿਲੇ ਪਾਤਸ਼ਾਹ ਬਸੰਤ ਰਾਗ ’ਚ ਫ਼ਰਮਾਨ ਕਰਦੇ ਹਨ:

ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ॥
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ॥ (ਪੰਨਾ 1171)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਰੋਕਤ ਵਿਚਾਰਾਂ ਦੀ ਪੁਸ਼ਟੀ ਪ੍ਰਸਿੱਧ ਮਨੋਵਿਗਿਆਨੀ ਛ.ਘ. ਝੁਨਗ ਦੇ ਵਿਚਾਰਾਂ ਨਾਲ ਵੀ ਹੁੰਦੀ ਹੈ। ਉਹ ਆਪਣੀ ਪੁਸਤਕ Psychology and Religion ਦੇ ਪੰਨਾ ਨੰ: 147 ’ਤੇ ਆਖਦਾ ਹੈ ਕਿ ਮਨੁੱਖ ਦੇ ਮਾਨਸਿਕ ਮੰਡਲ ਦੀਆਂ ਡੂੰਘੀਆਂ ਤਹਿਆਂ ਵਿਚ ਜੇ ਨਾਸ਼ ਕਰਨ ਵਾਲੀਆਂ ਸ਼ਕਤੀਆਂ ਹਨ ਤਾਂ ਇਸ ਵਿਚ ਬਚਾਉਣ ਵਾਲੀਆਂ ਸ਼ਕਤੀਆਂ ਵੀ ਹਨ।

ਵਿਅਕਤੀ ਦੀ ਨਿੱਜੀ ਚੇਤਨਾ ਅਥਵਾ ਹਉਮੈ ਵੀ ਵਿਅਕਤੀ ਦੀ ਮਾਨਸਿਕ ਖਿੱਚੋਤਾਣ ਦਾ ਕਾਰਨ ਬਣਦੀ ਹੈ। ਇਹ ਭਾਵਨਾ ਆਪਣੇ ਆਪ ਨੂੰ ਪਰਮਾਤਮਾ ਨਾਲੋਂ ਵੱਖ ਸਮਝਣ ਦੀ ਭਾਵਨਾ ਹੈ ਤੇ ਨਿੱਜ ਭਰਮ, ਅਗਿਆਨ ਅਤੇ ਸੰਸੇ ਦਾ ਮੂਲ ਹੈ। ਪਰ ਹਉਮੈ ਨੂੰ ਗੌਰਵ ਵਿਚ ਬਦਲ ਕੇ ਇਸ ਨੂੰ ਉਚੇਰੀ ਸੇਧ ਦਿੱਤੀ ਜਾ ਸਕਦੀ ਹੈ। ਹਉਮੈ ਮਨੁੱਖ ਨੂੰ ਪਰਮਾਤਮਾ ਨਾਲੋਂ ਵਿਛੋੜਦੀ ਹੈ ਪਰ ਸਵੈ ਦੀ ਪਛਾਣ ਹੋ ਜਾਵੇ ਤਾਂ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਸੰਭਵ ਹੈ। ਗੁਰੂ ਜੀ ਨੇ ਮਨੁੱਖੀ ਹਉਮੈ ਨੂੰ ਨਰਕ ਤੇ ਸਵਰਗ; ਭ੍ਰਿਸ਼ਟਤਾ ਤੇ ਸ੍ਰੇਸ਼ਟਤਾ, ਦੋਹਾਂ ਕਿਸਮਾਂ ਦੀਆਂ ਵਿਸ਼ੇਸ਼ਤਾਵਾਂ ਵਾਲਾ ਦੱਸਿਆ।

ਮਾਨਸਿਕ ਖਿੱਚੋਤਾਣ ਦਾ ਇਕ ਹੋਰ ਕਾਰਨ ਦੂਈ-ਦਵੈਤ ਦੀ ਭਾਵਨਾ ਹੈ ਜਿਸ ਅਧੀਨ ਵਿਅਕਤੀ ਵਿਚ ਦੂਜੇ ’ਤੇ ਜ਼ੁਲਮ ਤੇ ਵਧੀਕੀ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਉਹ ਦੂਜੇ ਬੰਦਿਆਂ ਨੂੰ ਨਿੱਜੀ ਹਿੱਤਾਂ ਲਈ ਵਰਤਦਾ ਹੈ। ਗੁਰਮਤਿ ਨੇ ਮਨੁੱਖ ਨੂੰ ਦਿਬ-ਦ੍ਰਿਸ਼ਟੀ ਦੀ ਭਾਵਨਾ ਪੈਦਾ ਕਰਨ ਦੀ ਪ੍ਰੇਰਨਾ ਕੀਤੀ ਜਿਸ ਦਾ ਇਕ ਭੇਦ, ਸ. ਸਰਦੂਲ ਸਿੰਘ ਕਵੀਸ਼ਰ (ਸਿੱਖ ਧਰਮ ਦਰਸ਼ਨ, ਪੰਨਾ 262) ਅਨੁਸਾਰ ਇਹ ਹੈ ਕਿ ਮਨੁੱਖ ਆਪਣੇ ਸੰਸਾਰ ਨੂੰ ਆਪਣੇ ਸੁਆਰਥ ਤੇ ਨਿਰੇ ਪਦਾਰਥਕ ਵਿਕਾਸ ਦਾ ਹੀ ਸਾਧਨ ਨਾ ਸਮਝੇ ਸਗੋਂ ਆਪਣੀ ਪ੍ਰੀਖਿਆ ਤੇ ਤਜਰਬੇ ਦੀ ਥਾਂ ਮੰਨੇ ਤੇ ਸੰਸਾਰਿਕ ਲਾਭ ਤੋਂ ਪਰ੍ਹੇ ਉੱਚੀ ਪੌੜੀ ’ਤੇ ਚੜ੍ਹਨ ਦਾ ਵਸੀਲਾ ਕਰਕੇ ਜਾਣੇ। ਇਸ ਤਰ੍ਹਾਂ ਉਹ ਇਕ ਪ੍ਰਸਿੱਧ ਜੀਵਨ-ਵਿਗਿਆਨੀ ਵੈਲਜ਼ ਦੇ ਜੀਵਨ-ਵਿੱਦਿਆ ਦੇ ਸਿਧਾਂਤ ਅਨੁਸਾਰ ਇਕੱਲੀ ਸ਼ਖ਼ਸੀਅਤ ਦੇ ਵਿਚਾਰ ਨੂੰ ਢਹਿ-ਢੇਰੀ ਕਰ ਸਕਦਾ ਹੈ ਤੇ ਬ੍ਰਹਿਮੰਡ ਵਿਚਲੇ ਇੱਕੋ ਜਨਮ ਦੇ ਪਸਾਰੇ ਨਾਲ ਇਕਮਿਕ ਹੋ ਸਕਦਾ ਹੈ।

ਵਿਅਕਤੀਆਂ ਦੇ ਮਾਨਸਿਕ ਖਿੰਡਾਅ ਦਾ ਕਾਰਨ ਉਨ੍ਹਾਂ ਦੀਆਂ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਆਦਿ ਪ੍ਰਵਿਰਤੀਆਂ ਹਨ ਜੋ ਸੰਸਾਰਿਕ ਖਿੱਚ ਦਾ ਕਾਰਨ ਹੋਣ ਕਰਕੇ ਵਿਅਕਤੀ ਨੂੰ ਇੱਧਰ-ਉੱਧਰ ਧਕੇਲਦੀਆਂ ਹਨ। ਪਰ ਜੇ ਬੰਦਾ ਵਿਵੇਕ ਬੁੱਧ ਨਾਲ ਸੋਚੇ ਕਿ ਇਨ੍ਹਾਂ ਪ੍ਰਾਪਤੀਆਂ ਦੇ ਪ੍ਰਭਾਵ ਵਿਨਾਸ਼ਕਾਰੀ ਹਨ ਅਤੇ ਇਹ ਅਖੌਤੀ ਪ੍ਰਾਪਤੀਆਂ ਮਨੁੱਖ ਨੂੰ ਕਈ ਕਿਸਮ ਦੇ ਸੰਕਟਾਂ ਵਿਚ ਉਲਝਾਉਣ ਦਾ ਕਾਰਨ ਬਣਦੀਆਂ ਹਨ। ਇਸ ਤਰ੍ਹਾਂ ਦੀ ਡੂੰਘੀ ਸੋਚ-ਵਿਚਾਰ ਨਾਲ ਇਨ੍ਹਾਂ ਪ੍ਰਵਿਰਤੀਆਂ ਨੂੰ ਵੀ ਉਸਾਰੂ ਸੇਧ ਦਿੱਤੀ ਜਾ ਸਕਦੀ ਹੈ। ਇਸ ਸਬੰਧ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੀਵਨ ਪ੍ਰਤੀ ਸੂਝ-ਬੂਝ ਭਰਿਆ ਵਤੀਰਾ ਅਪਣਾਉਣ ’ਤੇ ਜ਼ੋਰ ਦਿੱਤਾ ਹੈ ਅਤੇ ਅਣਘੋਖੇ ਜੀਵਨ ਨੂੰ ਆਦਰਸ਼ਹੀਣ ਤੇ ਆਦਰਹੀਣ ਆਖਿਆ ਹੈ। ਗੁਰੂ ਜੀ ਟੋਡੀ ਰਾਗ ’ਚ ਕਥਨ ਕਰਦੇ ਹਨ:

ਮਾਨੁਖੁ ਬਿਨੁ ਬੂਝੇ ਬਿਰਥਾ ਆਇਆ॥
ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ॥…
ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ॥3॥ (ਪੰਨਾ 712)

ਸੰਸਾਰਿਕ ਵਸਤਾਂ ਵਿਅਕਤੀ ਦੀ ਇਕਸੁਰਤਾ ਨੂੰ ਭੰਗ ਕਰਦੀਆਂ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਅਨੁਸਾਰ ਮਨੁੱਖ ਵਸਤਾਂ ਦੇ ਸੰਸਾਰ ਪ੍ਰਤੀ ਮੁਰਦਾ ਹੋ ਕੇ ਜੀਵੇ ਤੇ ਫਿਰ ਨਵੇਂ ਸਿਰੇ ਤੋਂ ਪਰਮਾਤਮਾ ਦੀ ਯਾਦ ਵਿਚ ਸੁਰਜੀਤ ਹੋਵੇ ਤਾਂ ਉਹ ਮੁਕਤੀ ਦਾ ਭੇਦ ਲੱਭ ਸਕਦਾ ਹੈ, ਜਿਵੇਂ:

ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ॥ (ਪੰਨਾ 549)

ਹਰ ਮਨੁੱਖ ਨੇ ਇਸ ਲੋਕ ਤੋਂ ਪਰਲੋਕ ਵੱਲ ਜਾਣਾ ਤਾਂ ਹੈ ਹੀ ਪਰ ਜੇ ਜੀਂਦੇ-ਜੀਅ ਜੇ ਮਨ ਵਿਚ ਪਰਲੋਕ ਦਾ ਅਹਿਸਾਸ ਪੈਦਾ ਕਰ ਲਿਆ ਜਾਵੇ ਤਾਂ ਮਨ ਦੀ ਨੀਅਤ ਤੇ ਜੀਵਨ ਦੀਆਂ ਵਸਤਾਂ ਪ੍ਰਤੀ ਦ੍ਰਿਸ਼ਟੀਕੋਣ ਵਿਚ ਇਨਕਲਾਬੀ ਤਬਦੀਲੀ ਪੈਦਾ ਕੀਤੀ ਜਾ ਸਕਦੀ ਹੈ ਤੇ ਮਨੋਵਿਗਿਆਨਕ ਇਕਸੁਰਤਾ ਦਾ ਆਦਰਸ਼ ਪ੍ਰਾਪਤ ਕੀਤਾ ਜਾ ਸਕਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਆਪੇ ਦੀ ਸਮੁੱਚਤਾ ਦਾ ਅਹਿਸਾਸ ਜਗਾਇਆ ਅਥਵਾ ਵਿਅਕਤੀ ਨੂੰ ਚੇਤੰਨ ਤੇ ਅਚੇਤ ਮਨ ਦਾ ਸੰਤੁਲਨ ਲੱਭਣ ਲਈ ਜਾਗਰੂਕ ਕੀਤਾ। ਵਿਅਕਤੀ ਦੇ ਅਚੇਤ ਮਨ ਦਾ ਅੰਧੇਰਾ ਉਸ ਦੀ ਸੰਪੂਰਨਤਾ ਵਿਚ ਰੁਕਾਵਟ ਹੈ। ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਮਨੁੱਖ ਦਾ ਦਿਲ ਤੇ ਰੱਬ ਦੋ ਵੱਖ-ਵੱਖ ਹਸਤੀਆਂ ਨਹੀਂ। ਇਨ੍ਹਾਂ ਦੀ ਸਥਿਤੀ ਸੀਮਾਵਰਤੀ ਸੰਕਲਪਾਂ ਵਾਲੀ ਹੈ, ਜਿਵੇਂ:

ਘਰ ਹੀ ਮਾਹਿ ਦੂਜੈ ਭਾਇ ਅਨੇਰਾ॥
ਚਾਨਣੁ ਹੋਵੈ ਛੋਡੈ ਹਉਮੈ ਮੇਰਾ॥ (ਪੰਨਾ 126)

ਗੁਰੂ ਜੀ ਅਨੁਸਾਰ ਅਚੇਤ ਮਨ ਦਾ ਅੰਧੇਰਾ ਮਾਇਆ ਦੇ ਪਿਆਰ ਤੇ ਅਗਿਆਨ ਦਾ ਅੰਧੇਰਾ ਹੈ ਪਰ ਜਿਹੜਾ ਵਿਅਕਤੀ ਹਉਮੈ ਨੂੰ ਦੂਰ ਕਰ ਲੈਂਦਾ ਹੈ ਉਸ ਦੇ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ ਤੇ ਚੇਤੰਨਤਾ ਖੇਤਰ ਤੇ ਦ੍ਰਿਸ਼ਟੀ ਵਿਚ ਵਿਕਾਸ ਕਰ ਜਾਂਦੀ ਹੈ, ਜਿਵੇਂ:

ਅੰਤਰਿ ਜੋਤਿ ਪਰਗਟੁ ਪਾਸਾਰਾ॥
ਗੁਰ ਸਾਖੀ ਮਿਟਿਆ ਅੰਧਿਆਰਾ॥
ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ॥ (ਪੰਨਾ 126)

ਗੁਰਬਾਣੀ ਨੇ ਮਨੁੱਖ ਦੇ ਆਤਮਿਕ ਸੰਸਾਰ ਨੂੰ ‘ਰਾਮ ਕੀ ਅੰਸ’ ਕਰਾਰ ਦਿੱਤਾ ਹੈ ਤੇ ਮਨੁੱਖ ਨੂੰ ਆਪਣੀ ਪ੍ਰਕਿਰਤੀ ਬਾਰੇ ਸੰਪੂਰਨ ਤੇ ਸਹੀ ਜਾਣਕਾਰੀ ਦਿੱਤੀ। ਸਿੱਖ ਗੁਰੂ ਸਾਹਿਬਾਨ ਅਨੁਸਾਰ ਮਨੁੱਖ ਦੀ ਚੇਤਨਾ ਉੱਚੇ ਪੱਧਰ ’ਤੇ ਜਾ ਸਕਦੀ ਹੈ ਤੇ ਆਪਣੀ ਹੋਂਦ ਨੂੰ ਕਾਇਮ ਰੱਖਦੇ ਹੋਏ ਮਨੁੱਖ ਦੇਵਤਾ ਜਾਂ ਪਰਮਾਤਮਾ ਵਰਗਾ ਬਣ ਸਕਦਾ ਹੈ। ਉਸ ਦਾ ਆਦਰਸ਼ ਸੂਫੀਆਂ ਵਾਂਗ ਜਾਂ ਜੋਗੀਆਂ ਵਾਂਗ ਆਪਣੀ ਹਸਤੀ ਨੂੰ ਰੱਬ ਵਿਚ ਵਿਨਾਸ਼ ਕਰਨਾ ਨਹੀਂ ਸਗੋਂ ਆਪਣੇ ਅੰਦਰ ਰੱਬ ਨੂੰ ਜਾਗਰੂਕ ਕਰਨਾ ਹੈ। ਇਸ ਤਰ੍ਹਾਂ ਗੁਰਮਤਿ ਮਨੁੱਖੀ ਵਿਅਕਤਿੱਤਵ ਦੇ ਵਿਘਟਨ ਨੂੰ ਸੰਘਟਨ ਵਿਚ ਬਦਲਦਾ ਹੈ ਤੇ ਉਸ ਦੀ ਸ਼ਖ਼ਸੀਅਤ ਨੂੰ ਅਖੰਡਤਾ ਅਥਵਾ ਇਕਸੁਰਤਾ ਪ੍ਰਦਾਨ ਕਰਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)