ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਣੀ ਦਾ ਭੰਡਾਰ ਰੱਬੀ,
ਅੱਖਰਾਂ ਦੇ ਰੂਪ ਵਿਚ ਜੋਤਿ ਹੈ ਅਕਾਲ ਦੀ।
ਇਸੇ ਜੋਤਿ ਵਿਚ ਸਾਨੂੰ ਦਸੇ ਗੁਰੂ ਨਜ਼ਰ ਆਉਣ,
ਇਹੋ ਸਾਨੂੰ ਰਾਹ ਹੈ ਗਿਆਨ ਦਾ ਵਿਖਾਲਦੀ।
ਇਸੇ ਦਰ ਉੱਤੇ ਮਿਲੇ ਮਾਣ ਨਿਮਾਣਿਆਂ ਨੂੰ,
ਅਤੇ ਅਭਿਮਾਨੀਆਂ ਦਾ ਟੁੱਟਦਾ ਗ਼ਰੂਰ ਏ।
ਜਿਹੜਾ ਦਿਲ ਸਾਫ਼ ਲੈ ਕੇ ਸ਼ਰਧਾ ਦੇ ਨਾਲ ਆਵੇ,
ਦੀਵੇ ਵਾਂਗ ਜਗ ਪੈਂਦਾ, ਹੁੰਦਾ ਨੂਰੋ ਨੂਰ ਏ।
ਗੁਰਬਾਣੀ ਗੁਰੂ ਹੈ, ਤੇ ਗੁਰੂ ਗੁਰਬਾਣੀ ਏ,
ਇਸੇ ਵਿੱਚੋਂ ਮਿਲ ਜਾਂਦਾ, ਅੰਮ੍ਰਿਤ ਦਾ ਸਰ ਹੈ।
ਇਸੇ ਸਰ ਵਿਚ ਚੁੱਭੀ ਲਾਈ ਜਿਦ੍ਹੀ ਆਤਮਾ ਨੇ,
ਲੱਭ ਲਿਆ ਜਾਣੋ ਉਹਨੇ ਮੁਕਤੀ ਦਾ ਦਰ ਹੈ।
ਸਮਝਦੇ ਨੇ ਉਹੋ ਜਿਹੜੇ ਜਪਦੇ ਸਵਾਸਾਂ ਨਾਲ,
ਮਸਤੀ ਵਿਚ ਕਿੰਞ ਲੋਹਾਂ ਤੱਤੀਆਂ ’ਤੇ ਗਾਈਦਾ।
ਹੱਸ ਹੱਸ ਖੋਪਰੀ ਲੁਹਾਉਣ ’ਚ ਸੁਆਦ ਕਿੰਨਾ,
ਆਰੇ ਥੱਲੇ ਬਹਿ ਕੇ ਕਿਵੇਂ ਤਨ ਚਿਰਵਾਈਦਾ।
ਚੰਨ ਕੋਲੋਂ ਸੀਤਲ ਅਨੰਤ ਪ੍ਰਕਾਸ਼ ਇਹਦਾ,
ਤਪਦਿਆਂ ਦਿਲਾਂ ਨੂੰ ਜਾਵੇ ਪਲਾਂ ਵਿਚ ਠਾਰਦਾ।
ਕੱਲਰ ਵਾਂਗੂੰ ਉੱਜੜੇ ਹੋਏ ਦਿਲਾਂ ਵਿਚ ਉੱਗ ਪੈਂਦਾ,
ਬੂਟਾ ਜੇ ਕੋਈ ਲਾਵੇ ਨਾਮ ਬਾਣੀ ਦੇ ਪਿਆਰ ਦਾ।
ਰਿਦ੍ਹੇ ਵਿਚ ਜਿਸ ਨੇ ਵਸਾ ਲਿਆ ਏ ਇਹਦਾ ਨਾਂ,
ਸਮਝ ਲਿਆ ਭਾਵ ਉਹਨੇ ਇਕ ੴਦਾ।
‘ਮੈਂ’ ਕੋਲੋਂ ‘ਤੂੰ’ ਹੋਇਆ, ‘ਤੂੰ’ ਕੋਲੋਂ ‘ਆਪੇ ਆਪ’,
‘ਆਪੇ ਆਪ’ ਬਣ ਗਿਆ ਉਹ ਰੂਪ ਨਿਰੰਕਾਰ ਦਾ।
ਲੇਖਕ ਬਾਰੇ
455-ਜੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ
- ਸ. ਦਾਨ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%a6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/August 1, 2009