editor@sikharchives.org

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਭਿਆਚਾਰ ਜੁਗਤਿ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਾਣੀ-ਮਾਤਰ ਲਈ ਅਜਿਹੇ ਪਵਿੱਤਰ ਸੋਮੇ ਹਨ, ਜਿੱਥੇ ਉਸ ਨੂੰ ਹਰ ਤਰ੍ਹਾਂ ਦੇ ਦੁੱਖ ਦਾ ਦਾਰੂ, ਭਟਕਣਾ ਲਈ ਸਥਿਰਤਾ, ਆਤਮਿਕ ਤੇ ਸਰੀਰਕ ਭੁੱਖ ਲਈ ਅੰਮ੍ਰਿਤਮਈ ਤ੍ਰਿਪਤੀ ਪ੍ਰਾਪਤ ਹੁੰਦੀ ਹੈ, ਲੋਕ ਤੇ ਪਰਲੋਕ ਦੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਦਾ ਆਸ਼ਾ ਮਨੁੱਖੀ ਜ਼ਿੰਦਗੀ ਦੀ ਬਿਹਤਰੀ ਲਈ ਸੋਧ ਦੇਣਾ ਹੈ। ਵਿਸ਼ੇ ਸਰੂਪ, ਕਾਰਜ ਖੇਤਰ ਤੇ ਕਾਰਜ ਕਰਨ ਦੀਆਂ ਵਿਧੀਆਂ, ਸੀਮਾਵਾਂ, ਰਾਹਾਂ ਏਨੀਆਂ ਵਿਸ਼ਾਲ ਹਨ ਕਿ ਉਨ੍ਹਾਂ ਦੀ ਥਹੁ ਪਾਉਣ ਲਈ ਇਕ ਲੰਮੀ ਘਾਲਣਾ, ਸਿਰੜ ਤੇ ਪਿਆਰ ਆਵੱਸ਼ਕ ਹੈ। ਵਿਸ਼ੇ ਸਰੂਪ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਸੂਖਮ ਤੋਂ ਸਥੂਲ, ਭੌਤਿਕ ਤੋਂ ਪਰਾਭੌਤਿਕ, ਆਤਮਾ ਤੋਂ ਪਰਮਾਤਮਾ ਤਕ ਅਤੇ ਇਸ ਵਿਚਕਾਰ ਆਉਂਦੇ ਹਰ ਤਰ੍ਹਾਂ ਦੇ ਵਿਸ਼ੇ ਨੂੰ ਛੂਹਿਆ, ਦਰਸਾਇਆ ਅਤੇ ਪਕਿਆਇਆ ਗਿਆ ਹੈ। ਵਿਸ਼ੇ ਜਿੰਨੇ ਅਣਗਿਣਤ ਹਨ, ਓਨੇ ਹੀ ਉਨ੍ਹਾਂ ਵਿਸ਼ਿਆਂ ਦੇ ਕਾਰਜ-ਖੇਤਰ ਵੀ ਵਿਸ਼ਾਲ ਹਨ। ਇਨ੍ਹਾਂ ਵਿਸ਼ਿਆਂ ਦੇ ਕਾਰਜ-ਖੇਤਰ ਦੀ ਥਹੁ ਲਈ ਅੱਗੋਂ ਅਨੇਕਾਂ ਰਸਤੇ ਦੱਸੇ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਾਣੀ-ਮਾਤਰ ਲਈ ਅਜਿਹੇ ਪਵਿੱਤਰ ਸੋਮੇ ਹਨ, ਜਿੱਥੇ ਉਸ ਨੂੰ ਹਰ ਤਰ੍ਹਾਂ ਦੇ ਦੁੱਖ ਦਾ ਦਾਰੂ, ਭਟਕਣਾ ਲਈ ਸਥਿਰਤਾ, ਆਤਮਿਕ ਤੇ ਸਰੀਰਕ ਭੁੱਖ ਲਈ ਅੰਮ੍ਰਿਤਮਈ ਤ੍ਰਿਪਤੀ ਪ੍ਰਾਪਤ ਹੁੰਦੀ ਹੈ, ਲੋਕ ਤੇ ਪਰਲੋਕ ਦੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਨਾਲ ਸੰਬੰਧਿਤ ਹਰੇਕ ਸਮਾਜਿਕ ਵਿਗਿਆਨ ਭਾਵੇਂ ਉਹ ਸਮਾਜ ਵਿਗਿਆਨ, ਮਾਨਵ ਵਿਗਿਆਨ, ਦਰਸ਼ਨ, ਧਰਮ, ਮੀਮਾਂਸਾ, ਨੈਤਿਕ ਵਿਗਿਆਨ, ਇਤਿਹਾਸ ਆਦਿ ਦੇ ਨਜ਼ਰੀਏ ਤੋਂ ਹੋਣ, ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਾਂ ਤਾਂ ਸਾਹਿਬ ਹਰ ਪੱਖ ਤੋਂ ਸਾਡੀ ਅਗਵਾਈ ਕਰਦੇ ਹਨ, ਸਾਨੂੰ ਰਸਤੇ ਦਿੰਦੇ ਚਲੇ ਜਾਂਦੇ ਹਨ। ਗਿਆਨ ਰੂਪੀ ਰੌਸ਼ਨੀ ਰਾਹੀਂ ਪੈੜ ਵਿਖਾਉਂਦੇ ਚਲੇ ਜਾਂਦੇ ਹਨ। ਇਸ ਲਈ ਬਸ ਲੋੜ ਹੈ ਇਕ ਸਿਰੜ ਦੀ, ਘਾਲਣਾ ਦੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ-ਸਾਂਝ ਪਾਉਣ ਦੀ।

ਇਸ ਲੇਖ ਦੀ ਮੂਲ ਅਧਿਐਨ ਭਾਵਨਾ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ-ਸਰੂਪ ਹੋ ਕੇ ‘ਸੱਭਿਆਚਾਰ’ ਬਾਰੇ ਜੋ ਆਪਣਾ ਨਜ਼ਰੀਆ ਦੱਸਦੇ ਹਨ, ਉਸ ਬਾਰੇ ਜਾਣਨ ਦਾ ਇਕ ਛੋਟਾ ਜਿਹਾ ਯਤਨ ਸਾਡਾ ਕਾਰਜ-ਖੇਤਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਸੱਭਿਆਚਾਰ ਦੇਖਣ ਤੋਂ ਪਹਿਲਾਂ ‘ਸੱਭਿਆਚਾਰ ਕੀ ਹੈ’, ਬਾਰੇ ਜਾਣਨਾ ਆਵੱਸ਼ਕ ਹੈ।

‘ਸੱਭਿਆਚਾਰ’ ਦੀ ਕੋਈ ਇਕ ਪਰਿਭਾਸ਼ਾ ਨਿਸ਼ਚਿਤ ਕਰਨੀ ਔਖੀ ਹੈ। ‘ਸੱਭਿਆਚਾਰ’ ਆਪਣੇ ਆਪ ਵਿਚ ਇਕ ਅਤਿ ਵਿਸ਼ਾਲ ਸੰਕਲਪ ਅਤੇ ਦਿਸ਼ਾ ਹੈ, ਜਿਸ ਵਿਚ ਕਿਸੇ ਵੀ ਜਨ-ਸਮੂਹ ਜਾਂ ਮਨੁੱਖੀ ਸਮਾਜ ਦੇ ਜੀਵਨ ਦੇ ਹਰ ਖੇਤਰ ਵਿਚਲੀਆਂ ਕਿਰਿਆਵਾਂ ਅਤੇ ਉਨ੍ਹਾਂ ਨੂੰ ਕਰਨ ਦੇ ਢੰਗ ਆ ਜਾਂਦੇ ਹਨ। ਸੱਭਿਆਚਾਰ ਦੇ ਕਲਾਵੇ ਵਿਚ ਜੀਵਨ ਦੇ ਸਾਰੇ ਖੇਤਰ ਆ ਜਾਂਦੇ ਹਨ। ਆਪਣੇ ਵਿਸ਼ਾਲ ਘੇਰੇ ਕਰਕੇ ‘ਸੱਭਿਆਚਾਰ’ ਬਹੁ-ਅਰਥਕ ਵੀ ਹੈ। ਇਸ ਵਿਚ ਨਿਸ਼ਚਿਤ ਠੋਸ ਪਦਾਰਥਾਂ ਅਤੇ ਸਮਾਜਿਕ ਵਰਤਾਰਿਆਂ ਤੋਂ ਲੈ ਕੇ ਨਿਰੋਲ ਭਾਵ-ਵਾਚਕ ਸੰਕਲਪਾਂ ਤਕ ਕਈ ਕੁਝ ਆ ਜਾਂਦਾ ਹੈ, ਜੋ ਵੱਖ-ਵੱਖ ਵਿਚਾਰਧਾਰਕ ਪ੍ਰਣਾਲੀਆਂ ਅਨੁਸਾਰ ਵੱਖ-ਵੱਖ ਅਰਥ ਵਸਤੂ ਦਾ ਸੂਚਕ ਹੁੰਦਾ ਹੈ।

ਮਨੁੱਖ ਜਿਵੇਂ-ਜਿਵੇਂ ਸਮਾਜ ਵਿਚ ਵਿਚਰਦਾ ਹੈ, ਉਹ ਕਈ ਕਦਰਾਂ-ਕੀਮਤਾਂ, ਆਲੇ-ਦੁਆਲੇ ਦੇ ਸਮਾਜਿਕ ਵਾਤਾਵਰਨ ਤੇ ਚਲਨ ਨੂੰ ਵੇਖਦਾ ਹੈ, ਉਸ ਨੂੰ ਗ੍ਰਹਿਣ ਕਰਦਾ ਹੈ, ਉਨ੍ਹਾਂ ਕਦਰਾਂ-ਕੀਮਤਾਂ ਅਨੁਸਾਰ ਆਪੇ ਨੂੰ ਢਾਲਦਾ ਜਾਂ ਉਨ੍ਹਾਂ ਕਦਰਾਂ-ਕੀਮਤਾਂ ਵਿਚ ਕੁਝ ਉਸਾਰੂ ਸੋਧਾਂ ਕਰ ਕੇ ਚੱਲਦਾ ਹੈ ਅਤੇ ਹੋਰਨਾਂ ਨੂੰ ਅਗਵਾਈ ਜਾਂ ਸੇਧ ਦਿੰਦਾ ਹੈ, ਉਹ ਉਸ ਦਾ ਸੱਭਿਆਚਾਰ ਹੈ।

‘ਸੱਭਿਆਚਾਰ’ ਦਾ ਘੇਰਾ ਬੜਾ ਵਿਸ਼ਾਲ ਹੈ। ਇਸ ਵਿਚ ਸਮਾਜ ਅੰਦਰ ਵਿਚਰਦਿਆਂ ਮਨੁੱਖ ਦੀਆਂ ਆਦਤਾਂ, ਉਸ ਦਾ ਪਹਿਰਾਵਾ, ਭੋਜਨ, ਰਹਿਣ-ਸਹਿਣ, ਜਨਮ-ਮਰਨ, ਵਿਆਹ ਆਦਿ ਖੁਸ਼ੀ-ਗ਼ਮੀ ਨਾਲ ਸੰਬੰਧਿਤ ਰੀਤੀ-ਰਿਵਾਜ, ਮਨੋਰੰਜਨ, ਢੰਗ, ਸੁਹਜ ਕਲਾਵਾਂ, ਧਾਰਮਿਕ ਜੀਵਨ-ਜਾਚ ਆਦਿ ਸਭ ਕੁਝ ਆ ਜਾਂਦਾ ਹੈ। ‘ਸੱਭਿਆਚਾਰ’ ਤੇ ‘ਧਰਮ’ ਦਾ ਆਪਸੀ ਰਿਸ਼ਤਾ ਬਹੁਤ ਗੂੜ੍ਹਾ ਹੈ। ਧਰਮ ਵਿਅਕਤੀ ਨਾਲ ਸੰਬੰਧਿਤ ਹੁੰਦਾ ਹੈ ਅਤੇ ਵਿਅਕਤੀ ਸਮਾਜ ਵਿਚ ਵਿਚਰਦਾ ਹੈ। ਧਰਮ ਦਾ ਮਨੋਰਥ ਸਦਾ ਕਲਿਆਣਕਾਰੀ ਹੁੰਦਾ ਹੈ। ਇਹ ਕਲਿਆਣ ਵਿਅਕਤੀ ਤੇ ਸਮਾਜ ਦੋਹਾਂ ਲਈ ਜ਼ਰੂਰੀ ਹੈ। ਧਰਮ ਦੀਆਂ ਸਿਖਿਆਵਾਂ ਨੂੰ ਗ੍ਰਹਿਣ ਕਰ ਕੇ ਵਿਅਕਤੀ ਜਦੋਂ ਸਮਾਜ ਵਿਚ ਆਪਣਾ ਜੀਵਨ ਜਿਊਂਦਾ ਹੈ ਤਾਂ ਇਕ ਨਵੀਂ ਤਰ੍ਹਾਂ ਦਾ ਵਾਤਾਵਰਨ, ਚਲਨ ਬਣਦਾ ਹੈ। ਇਹ ਚਲਨ ਤੇ ਵਾਤਾਵਰਨ ਉਸ ਦਾ ਸੱਭਿਆਚਾਰ ਬਣ ਜਾਂਦਾ ਹੈ। ਇਸ ਨੂੰ ਗ੍ਰਹਿਣ ਕਰਨ, ਸਿੱਖਿਆਵਾਂ ਉੱਤੇ ਚੱਲਣ ਦਾ ਵਿਧੀ ਢੰਗ ਜਦ ਕਰਮਕਾਂਡੀ ਹੋ ਜਾਏ ਤਾਂ ਉਹੀ ਸੱਭਿਆਚਾਰ ਦੇ ਵਿਘਟਨ ਦਾ ਕਾਰਨ ਵੀ ਬਣਦਾ ਹੈ। ਪਰੰਤੂ ਧਰਮ ਰੂਪੀ ਕੁੰਡ ਤੋਂ ਪਰ੍ਹੇ ਹਟ, ਮਨੁੱਖੀ ਜੀਵਨ ਜਿਊਣ, ਹੰਢਾਉਣ ਦੀ ਆਜ਼ਾਦੀ ਦੀ ਆੜ ਵਿਚ ਸੱਭਿਆਚਾਰ ਦਾ ਜੋ ਕਰੂਪ ਰੂਪ ਸਾਹਮਣੇ ਆਉਂਦਾ ਹੈ, ਉਸ ਵਿਚ ਨਸ਼ੇ, ਭ੍ਰਿਸ਼ਟਾਚਾਰ ਆਦਿ ਜਦੋਂ ਸਮਾਜ ਦਾ ਅੰਗ ਬਣ ਜਾਂਦੇ ਹਨ ਤਾਂ ਇਹ ਕਿਸੇ ਸਮਾਜ ਦਾ ਕਲਿਆਣਕਾਰੀ ਸੱਭਿਆਚਾਰ ਨਾ ਹੋ ਕੇ ਉਸ ਸਮਾਜ ਲਈ ‘ਨਾਸੂਰ’ ਬਣ ਜਾਂਦਾ ਹੈ। ਕਿਸੇ ਸੱਭਿਆਚਾਰ ਨੂੰ ਸਿਰਜਣ ਲਈ ਉਸ ਦੇ ਅੱਗੋਂ ਪ੍ਰਤੀਨਿਧ ਅੰਗ ਜਾਂ ਸੰਸਥਾਵਾਂ ਹੁੰਦੀਆਂ ਹਨ। ਇਹ ਸੰਸਥਾਵਾਂ ਜਾਂ ਅੰਗ ਹੀ ਕਿਸੇ ਚੰਗੇ ਜਾਂ ਮਾੜੇ ਸੱਭਿਆਚਾਰ ਦਾ ਨਿਰਮਾਣ ਕਰਦੇ ਹਨ। ਇਨ੍ਹਾਂ ਅੰਗਾਂ ਜਾਂ ਸੰਸਥਾਵਾਂ ਵਿਚ ਭਾਸ਼ਾ, ਕਲਾ, ਧਰਮ, ਜਾਦੂ-ਟੂਣਾ, ਵਿਆਹ ਸੰਸਥਾ, ਪਰਵਾਰ ਅਤੇ ਸ਼ਖ਼ਸੀਅਤ ਆਦਿ ਸ਼ਾਮਲ ਹਨ।

ਸ੍ਰੀ ਗੁਰੂ ਗ੍ਰੰਥ ਸਹਿਬ ਵਿਚ ਦਰਸਾਏ ‘ਸੱਭਿਆਚਾਰ’ ਦਾ ਜਦੋਂ ਅਸੀਂ ਪਠਨ-ਪਾਠਨ ਕਰਦੇ ਹਾਂ ਤਾਂ ਬੜੀਆਂ ਵਿਲੱਖਣ ਲੱਭਤਾਂ ਮਿਲਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਖੇਤਰ ਵਿਚ ਵੱਖਰੀ ਤੇ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਇਸ ਵਿੱਚੋਂ ਸਾਨੂੰ ਸਮਕਾਲੀ ਸੱਭਿਆਚਾਰ ਦੀਆਂ ਝਲਕੀਆਂ ਮਿਲਦੀਆਂ ਹਨ, ਉਥੇ ਇਕ ਚੰਗੇ ਮਨੁੱਖ ਅਤੇ ਚੰਗੇ ਸਮਾਜ ਦਾ ਕਿਹੋ ਜਿਹਾ ਸੱਭਿਆਚਾਰ ਹੋਣਾ ਚਾਹੀਦਾ ਹੈ, ਉਸ ਬਾਰੇ ਵੀ ਸਿੱਖਿਆਦਾਇਕ ਦਿਸ਼ਾ-ਨਿਰਦੇਸ਼ ਮਿਲਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਰਚਣਹਾਰਿਆਂ ਦੇ ਸਾਹਮਣੇ ਮੁੱਖ-ਚਿੰਤਨ ਤੇ ਚੇਤਨ ਬਿੰਦੂ ਮਨੁੱਖ ਹੈ। ਮਨੁੱਖ ਦਾ ਚੱਜ-ਆਚਾਰ, ਰਹਿਣ-ਸਹਿਣ, ਖਾਣ-ਪੀਣ, ਬੋਲਣ-ਸੁਣਨ ਤੇ ਵੇਖਣ, ਮਨੁੱਖ ਦੀ ਸਮਾਜ ਨਾਲ ਸਾਂਝ ਦਾ ਸਰੂਪ, ਮਨੋਰੰਜਕ ਕਲਾਵਾਂ, ਸੰਸਕਾਰ (ਜਨਮ ਤੋਂ ਮੌਤ ਤਕ ਦੇ) ਆਦਿ ਸਭ ਕੁਝ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਰਪੂਰ ਚਿੰਤਨ ਤੇ ਵਿਆਖਿਆ ਹੋਈ ਹੈ।

ਸਮਕਾਲੀ ਸੱਭਿਆਚਾਰ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗਿਆਨ ਹਾਸਲ ਕਰਦਿਆਂ ਇਹ ਪਤਾ ਲੱਗਦਾ ਹੈ ਕਿ ਉਸ ਸਮੇਂ ਭਾਰਤ ਵਿਚ ਇਕ ਨਹੀਂ, ਕਈ ਤਰ੍ਹਾਂ ਦੇ ਸੱਭਿਆਚਾਰ ਪ੍ਰਚੱਲਤ ਸਨ। ਇਹ ਸੱਭਿਆਚਾਰਕ ਵੱਖਰਤਾ ਲੋਕਾਂ ਦੇ ਧਰਮਾਂ ਅਤੇ ਇਲਾਕਿਆਂ ਕਰਕੇ ਸੀ। ਧਰਮ ਦੇ ਨਜ਼ਰੀਏ ਤੋਂ ਹਿੰਦੂ, ਬੋਧੀ, ਜੈਨੀ, ਮੁਸਲਮਾਨ ਆਦਿ ਵੱਖੋ-ਵੱਖਰੇ ਸੱਭਿਆਚਾਰ ਪ੍ਰਚੱਲਤ ਸਨ। ਭਾਰਤੀ ਧਰਮਾਂ ਦਾ ਸੱਭਿਆਚਾਰ ਭਾਵੇਂ ਇਕ ਸੀ ਪਰ ਸੱਭਿਆਚਾਰ ਵਿਚ ਪ੍ਰਚੱਲਤ ਕਾਰਜ ਢੰਗ ਵੱਖਰੇ-ਵੱਖਰੇ ਸਨ। ਮੁਸਲਮਾਨੀ ਸੱਭਿਆਚਾਰ ਵਿਚ ਭਾਰਤੀ ਪ੍ਰਭਾਵ ਤਾਂ ਸੀ ਪਰ ਫਿਰ ਵੀ ਭਿੰਨਤਾ ਜ਼ਰੂਰ ਸੀ। ਹਿੰਦੂ ਧਰਮ ਦੇ ਸਰੂਪ ਵਾਂਗ ਇਸ ਦੇ ਸੱਭਿਆਚਾਰ ਦੀਆਂ ਧਾਰਮਿਕ ਮਾਨਤਾਵਾਂ ਵੀ ਬੜੀਆਂ ਅਸਪੱਸ਼ਟ ਅਤੇ ਧੁੰਦਲੀਆਂ ਸਨ।

ਜੀਵਨ ਦੇ ਪਹਿਰਾਵੇ, ਰਹਿਣ-ਸਹਿਣ, ਖਾਣ-ਪੀਣ, ਬੋਲੀ, ਨੈਤਿਕ, ਕਦਰਾਂ-ਕੀਮਤਾਂ ਤੇ ਸੱਭਿਆਚਾਰ ਦੀ ਜਾਣਕਾਰੀ ਵੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦੀ ਹੈ। ਉਸ ਸਮੇਂ ਦੇ ਲੋਕਾਂ ਦੇ ਰਹਿਣ-ਸਹਿਣ ਵਿਚ ਵੀ ਫ਼ਰਕ ਸੀ। ਉੱਚ ਵਰਗ ਦੇ ਮੁਸਲਮਾਨਾਂ, ਕੁਲੀਨ ਬ੍ਰਾਹਮਣਾਂ ਤੇ ਖੱਤਰੀਆਂ ਆਦਿ ਦਾ ਰਹਿਣ-ਸਹਿਣ ਕਾਫ਼ੀ ਚੰਗਾ ਸੀ। ਨੀਵੇਂ ਵਰਗਾਂ ਦਾ ਹਾਲ ਬਹੁਤ ਮਾੜਾ ਸੀ। ਹਿੰਦੂ ਸੱਭਿਆਚਾਰ ਵਿਚ ਧੋਤੀ, ਕੁੜਤਾ, ਚੋਲਾ, ਚੋਲੀ, ਲਹਿੰਗਾ ਆਦਿ ਪਹਿਨਦੇ ਸਨ। ਇਨ੍ਹਾਂ ਦਾ ਰੰਗ ਆਮ ਕਰਕੇ ਚਿੱਟਾ, ਲਾਲ ਜਾਂ ਭਗਵਾਂ ਹੁੰਦਾ ਸੀ। ਮੁਸਲਮਾਨਾਂ ਵਿਚ ਪ੍ਰਵਾਨਿਤ ਪਹਿਰਾਵਾ ਨੀਲੇ ਰੰਗ ਦਾ ਸੀ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਬਹੁਤ ਸਾਰੇ ਹਿੰਦੂਆਂ ਨੇ ਵੀ ਮੁਸਲਮਾਨੀ ਪਹਿਰਾਵੇ ਦੇ ਸੱਭਿਆਚਾਰ ਨੂੰ ਪ੍ਰਵਾਨ ਕੀਤਾ ਹੋਇਆ ਸੀ। ਖਾਣ-ਪੀਣ ਦੇ ਸੰਬੰਧ ਵਿਚ ਉੱਚੀਆਂ ਜਾਤੀਆਂ ਦੇ ਲੋਕਾਂ ਵਿਚ ਹਰ ਤਰ੍ਹਾਂ ਦਾ ਭੋਜਨ ਖਾਧਾ ਜਾਂਦਾ ਸੀ। ਨਿਮਨ ਵਰਗ ਦੇ ਹਿੰਦੂਆਂ ਅਤੇ ਮੁਸਲਮਾਨਾਂ ਦਾ ਖਾਣਾ ਸਾਦਾ ਹੁੰਦਾ ਸੀ। ਹਿੰਦੂ ਸੰਸਕ੍ਰਿਤ ਭਾਸ਼ਾ ਨੂੰ ਉੱਤਮ ਮੰਨਦੇ ਸਨ। ਰਾਜਸੀ ਪ੍ਰਭਾਵ ਕਰਕੇ ਹਿੰਦੂ ਵੀ ਮੁਸਲਮਾਨ ਬੋਲੀ ਫ਼ਾਰਸੀ ਬੋਲਣ ਲੱਗ ਪਏ ਸਨ। ਇਸੇ ਤਰ੍ਹਾਂ ਨਿੱਜੀ ਜੀਵਨ ਵਿਚ ਉਸ ਸਮੇਂ ਦੇ ਸੱਭਿਆਚਾਰ ਵਿਚ ਜੋ ਸੰਸਕਾਰ ਨਿਭਾਏ ਜਾਂਦੇ ਸਨ, ਉਨ੍ਹਾਂ ਵਿਚ ਜਨਮ ਤੋਂ ਲੈ ਕੇ ਮੌਤ ਤਕ ਦੇ ਸੰਸਕਾਰ ਆਉਂਦੇ ਹਨ। ਹਿੰਦੂਆਂ ਵਿਚ ਬੱਚਿਆਂ ਦੇ ਜਨਮ ਵੇਲੇ ਸੂਤਕ ਦਾ ਭਰਮ ਕੀਤਾ ਜਾਂਦਾ ਸੀ। ਅੱਠ ਤੋਂ ਬਾਰ੍ਹਾਂ ਸਾਲ ਦੇ ਬੱਚੇ ਨੂੰ ਜੰਞੂ ਜਾਂ ਜਨੇਊ ਪਾਉਣ ਦੀ ਰਸਮ ਕੀਤੀ ਜਾਂਦੀ ਸੀ। ਪਰ ਸ਼ੂਦਰਾਂ ਤੇ ਇਸਤਰੀਆਂ ਨੂੰ ਜਨੇਊ ਪਾਉਣ ਦੀ ਮਨਾਹੀ ਸੀ। ਇਸ ਪਿੱਛੋਂ ਵਿਆਹ ਵਿਚ ਸਾਹਾ ਕਢਾਇਆ ਜਾਂਦਾ ਸੀ। ਜੰਞ ਲੈ ਕੇ ਲਾੜਾ ਸਹੁਰੇ ਘਰ ਜਾਂਦਾ ਸੀ। ਫਿਰ ਡੋਲੀ ਤੋਂ ਪਾਣੀ ਵਾਰਨ ਦਾ ਰਿਵਾਜ ਸੀ। ਵਿਆਹ ਤੋਂ ਉਪਰੰਤ ਮ੍ਰਿਤੂ ਸੰਸਕਾਰ ਸੀ। ਇਸ ਵਿਚ ਬਹੁਤ ਸਾਰੇ ਕਰਮਕਾਂਡ ਨਿਭਾਏ ਜਾਂਦੇ ਸਨ। ਇਨ੍ਹਾਂ ਵਿਚ ਦੀਵਾ-ਵੱਟੀ, ਪਿੰਡ-ਦਾਨ ਆਦਿ ਕਰਮ ਕੀਤੇ ਜਾਂਦੇ ਸਨ। ਮੜ੍ਹੀ-ਮਸਾਣਾਂ ਦੀ ਪੂਜਾ ਕੀਤੀ ਜਾਂਦੀ ਸੀ। ਮਰੇ ਹੋਏ ਪ੍ਰਾਣੀ ਦੇ ਸਰਾਧ ਕੀਤੇ ਜਾਂਦੇ ਸਨ। ਮੁਸਲਮਾਨਾਂ ਵਿਚ ਜਨਮ ਸੰਸਕਾਰ, ਸੁੰਨਤ, ਨਿਕਾਹ, ਮੁਰਦੇ ਨੂੰ ਦੱਬਣਾ ਅਤੇ ਕਬਰ ਬਣਾਉਣ ਆਦਿ ਦਾ ਰਿਵਾਜ ਪ੍ਰਚੱਲਤ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਕਾਲੀ ਸੱਭਿਆਚਾਰ ਬਾਰੇ ਵਿਆਪਕ ਜਾਣਕਾਰੀ ਮਿਲਦੀ ਹੈ। ਇਸ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਸ ਸਮੇਂ ਦੇ ਬਾਕੀ ਭਾਰਤੀ ਸੱਭਿਆਚਾਰ ਬਾਰੇ ਵੀ ਜਿਵੇਂ ਮਰਾਠੀ, ਗੁਜਰਾਤੀ, ਰਾਜਸਥਾਨੀ, ਬੰਗਾਲੀ ਅਤੇ ਉੱਤਰ ਭਾਰਤ ਦੇ ਉੱਪ-ਸੱਭਿਆਚਾਰ ਬਾਰੇ ਵੀ ਜਾਣਕਾਰੀ ਮਿਲਦੀ ਹੈ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਬਾਣੀਕਾਰ ਜਿਵੇਂ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਧੰਨਾ ਜੀ, ਭਗਤ ਤ੍ਰਿਲੋਚਨ ਜੀ, ਭਗਤ ਜੈਦੇਵ ਜੀ, ਭਗਤ ਰਾਮਾਨੰਦ ਜੀ ਆਦਿ ਵੱਖ-ਵੱਖ ਸੱਭਿਆਚਾਰਾਂ ਨਾਲ ਸੰਬੰਧਿਤ ਸਨ, ਜਿਸ ਨਾਲ ਉਨ੍ਹਾਂ ਦੀ ਬਾਣੀ ਰਾਹੀਂ ਉਨ੍ਹਾਂ ਦੇ ਜੀਵਨ ਦੇ ਸਮਕਾਲੀ ਸੱਭਿਆਚਾਰ ਦਾ ਪ੍ਰਗਟਾਵਾ ਸੁਤੇ-ਸਿਧ ਹੁੰਦਾ ਰਿਹਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਸਾਏ ਸੱਭਿਆਚਾਰ ਦੀ ਸਭ ਤੋਂ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਇਸ ਵਿਚ ਸਮਕਾਲੀ ਸੱਭਿਆਚਾਰ ਦੀ ਝਲਕ ਮਿਲਦੀ ਹੈ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਧਾਰਮਿਕ ਅਤੇ ਸਮਾਜਿਕ ਕਦਰਾਂ- ਕੀਮਤਾਂ ਵਾਲੇ ਨਵੀਨ ਸੱਭਿਆਚਾਰ ਦੀ ਸਥਾਪਨਾ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਦੇ ਕਲਿਆਣ ਲਈ ਹੈ ਜੋ ਉਸ ਦੇ ਲੋਕ ਅਤੇ ਪਰਲੋਕ ਦੋਹਾਂ ਲਈ ਹੈ। ਸੰਸਾਰ ਵਿਚ ਵਿਚਰਦਿਆਂ ਇਕ ਮਨੁੱਖ ਕਿਹੋ ਜਿਹਾ ਜੀਵਨ-ਚੱਜ ਅਪਣਾਵੇ, ਉੱਚ ਆਚਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਸ ਲਈ ਸਮਾਜਿਕ, ਧਾਰਮਿਕ ਤੇ ਆਰਥਿਕ ਤੌਰ ’ਤੇ ਸੱਭਿਆਚਾਰ ਜਾਂ ਵਾਤਾਵਰਨ ਕਿੰਞ ਦਾ ਹੋਵੇ, ਜਿਸ ਵਿਚ ਉਹ ਇਕ ਸਭਿਅਕ ਮਨੁੱਖ ਬਣ ਸਕੇ, ਇਸ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੇਧ ਮਿਲਦੀ ਹੈ। ਇਸ ਵਿਚ ਇਕ ਉੱਤਮ ਸੱਭਿਆਚਾਰ ਨੂੰ ਦਰਸਾਉਣ ਲਈ ਉਨ੍ਹਾਂ ਚਿੰਨ੍ਹਾਂ, ਪ੍ਰਤੀਕਾਂ, ਵੰਨਗੀਆਂ, ਲੋਕ-ਕਾਵਿ-ਰੂਪਾਂ ਜੋ ਲੋਕ ਸੱਭਿਆਚਾਰ ਦੇ ਨੇੜੇ ਸਨ, ਜਿਵੇਂ ਰਾਗ, ਲੋਕ-ਕਾਵਿ ਦੇ ਰੂਪਾਂ ਵਿਚ ਬਾਰਾਂਮਾਹ, ਵਾਰਾਂ, ਥਿਤੀਆਂ, ਸਦ, ਅਲਾਹੁਣੀਆਂ, ਕਰਹਲੇ, ਸੁਚਜੀ, ਕੁਚਜੀ ਆਦਿ ਦੀ ਬਾਖ਼ੂਬੀ ਵਰਤੋਂ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ-ਮਾਤਰ ਲਈ ਸਮੁੱਚੀ ਧਰਤੀ ਨੂੰ ਇਕ ਇਕਾਈ ਮੰਨ ਕੇ ਇਸ ਨੂੰ ‘ਧਰਮਸਾਲ’ ਕਿਹਾ ਹੈ, ਜਿਸ ਵਿਚ ਹਰੇਕ ਮਨੁੱਖ ਨੇ ਧਾਰਮਿਕ ਤੇ ਸਮਾਜਿਕ ਜੀਵਨ ਜਿਊਂਦਿਆਂ ਚੰਗੇ-ਮੰਦੇ ਕਰਮ ਘੜਨੇ ਹਨ, ਕਾਰਜ ਕਰਨੇ ਹਨ। ਇਸ ਸੰਬੰਧੀ ਗੁਰਵਾਕ ਹੈ:

ਰਾਤੀ ਰੁਤੀ ਥਿਤੀ ਵਾਰ॥
ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥ (ਪੰਨਾ 7)

ਧਰਤੀ ਧਰਮਸਾਲ ਵਿਚ ਅੱਗੇ ਇਕ ਹੋਰ ਧਰਮਸਾਲ ਹੈ, ਜਿੱਥੇ ਮਨੁੱਖ ਨੇ ਸੱਭਿਅਕ ਬਣਨ ਲਈ ਸਿੱਖਿਆ ਲੈਣੀ ਹੈ, ਇੱਥੋਂ ਹੀ ਉੱਤਮ ਸੱਭਿਆਚਾਰ ਵਿਕਸਤ ਹੋਣਾ ਹੈ:

ਮੈ ਬਧੀ ਸਚੁ ਧਰਮ ਸਾਲ ਹੈ॥
ਗੁਰਸਿਖਾ ਲਹਦਾ ਭਾਲਿ ਕੈ॥
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ॥ (ਪੰਨਾ 73)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੱਭਿਆਚਾਰਕ ਜਾਂ ਸਭਿਅਕ ਮਨੁੱਖ ਨੂੰ ‘ਸਚਿਆਰ’ ਕਿਹਾ ਗਿਆ ਹੈ। ਗੁਰਮੁਖ, ਸੰਤ, ਬ੍ਰਹਮ ਗਿਆਨੀ ਆਦਿ ਸ਼ਬਦ ਵੀ ਸੱਭਿਅਕ ਮਨੁੱਖ ਦੇ ਸਮਾਨ-ਅਰਥੀ ਹਨ। ਸਭਿਅਕ ਮਨੁੱਖ ਦੀ ਘਾੜਤ ਵੀ ਇਸੇ ਧਰਮਸਾਲ ਵਿਚ ਹੋਣੀ ਹੈ:

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ (ਪੰਨਾ 8)

ਧਾਰਮਿਕ ਸੱਭਿਆਚਾਰ ਵਿਚ ਸ੍ਰੀ ਗੁਰੂ ਗ੍ਰੰਥ ਸਹਿਬ ਵਿਚ ਇਕ ਪਰਮਾਤਮਾ ਵਿਚ ਵਿਸ਼ਵਾਸ ਪ੍ਰਗਟਾਇਆ ਗਿਆ ਹੈ ਜੋ ਸੰਸਾਰ ਦਾ ਕਰਤਾ ਹੈ, ਪਾਲਣ ਵਾਲਾ ਹੈ, ਤਾਰਨ ਵਾਲਾ ਹੈ, ਨਿਰਗੁਣ ਤੇ ਸਰਗੁਣ ਸਰੂਪ ਵਾਲਾ ਹੈ, ਨਿਰਭਉ ਤੇ ਨਿਰਵੈਰ ਸਰੂਪ ਹੈ ਅਤੇ ਸਰਬ-ਵਿਆਪਕ ਹੈ ਪਰ ਇਹ ਕੇਵਲ ਇੱਕ ਹੈ। ਇਥੇ ਬਹੁ-ਦੇਵ ਦੀ ਪੂਜਾ ਦੀ ਕੋਈ ਥਾਂ ਨਹੀਂ:

ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ॥ (ਪੰਨਾ 141)

ਪਰਮਾਤਮਾ ਦੀ ਪੂਜਾ-ਵਿਧੀ ਜਾਂ ਅਰਾਧਨਾ ਢੰਗ ਵਿਚ ਕਰਮਕਾਂਡ ਬੇਲੋੜੇ ਹਨ। ਕਰਮਕਾਂਡਾਂ ਨੂੰ ਪਾਖੰਡ ਕਿਹਾ ਹੈ:

ਕਰਮ ਕਾਂਡ ਬਹੁ ਕਰਹਿ ਅਚਾਰ॥
ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ॥ (ਪੰਨਾ 162)

ਧਾਰਮਿਕ ਸੱਭਿਆਚਾਰ ਤੋਂ ਅੱਗੇ ਸਮਾਜਿਕ ਸੱਭਿਆਚਾਰ ਵਿਚ ਇਕ ਅਜਿਹੇ ਸੱਭਿਆਚਾਰ ਭਰਪੂਰ ਸਮਾਜ ਦੀ ਲੋਚਨਾ ਕੀਤੀ ਹੈ, ਜਿਸ ਵਿਚ ਕੋਈ ਜਾਤ-ਪਾਤ ਨਹੀਂ। ਮਨੁੱਖ ਇਕ ਨੂਰ ਤੋਂ ਉਪਜੇ ਹੋਣ ਕਰਕੇ ਇਕ ਸਮਾਨ ਹਨ। ਗੁਰ ਫੁਰਮਾਨ ਹੈ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1349)

ਜੋਤ ਦੀ ਸਮਾਨਤਾ ਕਰਕੇ ਬਾਕੀ ਲੋਕਾਂ ਨੂੰ ਵੀ ਸਮਾਨ ਨਜ਼ਰ ਨਾਲ ਵੇਖਿਆ ਜਾਂਦਾ ਹੈ, ਸਤਿਕਾਰ ਦਿੱਤਾ ਜਾਂਦਾ ਹੈ:

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ (ਪੰਨਾ 349)

ਇਕ ਸੱਭਿਅਕ ਸਮਾਜ ਵਿਚ ਜਾਤ ਜਾਂ ਉੱਚੀ ਕੁਲ ਦੀ ਸਮਾਨਤਾ ਉਸ ਦੇ ਕਰਮਾਂ ਕਰਕੇ ਨਿਸ਼ਚਿਤ ਹੁੰਦੀ ਹੈ। ਅਗਰ ਮਨੁੱਖ ਚੰਗੇ ਕਰਮ ਕਰਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਉਹ ਉੱਚਾ ਹੈ, ਜੇਕਰ ਉਹ ਮਾੜੇ ਕਰਮ ਕਰਦਾ ਹੈ ਤਾਂ ਨੀਵਾਂ ਹੈ:

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥ (ਪੰਨਾ 1330)

ਦੂਜਾ, ਇਕ ਵਿਕਾਸ ਤੇ ਸਥਾਈ ਸਮਾਜਿਕ ਸੱਭਿਆਚਾਰ ਵਿਚ ਘਰ-ਬਾਰ ਛੱਡ ਕੇ ਭੱਜਣ ਦੀ ਨਿਖੇਧੀ ਕੀਤੀ ਹੈ। ਪਰਵਾਰ ਦੀ ਲੋੜ-ਪੂਰਤੀ ਤੇ ਪਰਵਾਰ ਦੀ ਬਿਹਤਰੀ ਲਈ ਕੁਝ ਸਾਰਥਕ ਕਰਨ ਦੀ ਸੰਭਾਵਨਾ ਸਮਾਜ ਵਿਚ ਰਹਿ ਕੇ ਗ੍ਰਿਹਸਤ ਧਰਮ ਧਾਰਨ ਕਰ ਕੇ ਹੀ ਸੰਭਵ ਹੁੰਦੀ ਹੈ। ਇਸ ਲਈ ਗ੍ਰਿਹਸਤ ਧਰਮ ਧਾਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਇਕ ਚੰਗਾ ਸਮਾਜ ਸਿਰਜਨ ਵਿਚ ਇਸਤਰੀ ਦਾ ਬੜਾ ਮਹੱਤਵਪੂਰਨ ਸਥਾਨ ਹੁੰਦਾ ਹੈ। ਇਕ ਸੁਚੱਜੀ ਗ੍ਰਹਿਣੀ ਪਰਵਾਰ ਤੇ ਸਮਾਜ ਨੂੰ ਸੱਭਿਅਕ ਬਣਾ ਸਕਦੀ ਹੈ ਅਤੇ ਇਕ ਕੁਚੱਜੀ ਇਸਤਰੀ ਸੱਭਿਆਚਾਰ ਦਾ ਚੀਰ- ਹਰਣ ਵੀ ਕਰ ਸਕਦੀ ਹੈ, ਜਿਵੇਂ ਕਿ ਵਰਤਮਾਨ ਸਮੇਂ ਵਿਚ ਵੇਖ ਰਹੇ ਹਾਂ। ਇਹ ਸਭ ਕੁਝ ਸਮਾਜ ਵਿਚ ਇਸਤਰੀ ਦੇ ਸਥਾਨ ’ਤੇ ਨਿਰਭਰ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸਤਰੀਆਂ ਦੀ ਮਹੱਤਤਾ ਸਵੀਕਾਰ ਕਰ ਕੇ ਉਸ ਨੂੰ ਉੱਚਾ ਚੁੱਕਿਆ ਗਿਆ ਹੈ। ਘਰ-ਪਰਵਾਰ ਦੀਆਂ ਕਦਰਾਂ-ਕੀਮਤਾਂ ਵਿਚ ਰਹਿ ਕੇ ਇਸਤਰੀ ਇਕ ਚੰਗੀ ਅਗਵਾਈ ਦੇ ਸਕਦੀ ਹੈ। ਗੁਰਵਾਕ ਹੈ:

ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ੍‍ ਜਾਣਹੁ ਨਾਰੀ॥
ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ॥ (ਪੰਨਾ 1171)

ਇਸਤਰੀਆਂ ਲਈ ਵੀ ਅੱਗੇ ਦਿਸ਼ਾ-ਨਿਰਦੇਸ਼ ਹਨ। ਚੱਜ ਆਚਾਰ ਵਾਲੀ ਇਸਤਰੀ ਜੋ ਸਮਾਜ ਦੀ ਸੱਭਿਆਚਾਰਕ ਬਿਹਤਰੀ ਕਰਦੀ ਹੈ, ਨੂੰ ਸੁਚੱਜੀ ਸੁਹਾਗਣ ਕਿਹਾ ਹੈ। ਸੁਹਾਗਣ ਹਮੇਸ਼ਾਂ ਸੰਤੋਖੀ, ਮਿੱਠ-ਬੋਲੜੀ ਅਤੇ ਸਹਿਜ ਵਿਚ ਜੀਵਨ ਬਤੀਤ ਕਰਨ ਵਾਲੀ ਹੁੰਦੀ ਹੈ:

ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ॥
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥ (ਪੰਨਾ 17)

ਦੂਜੇ ਪਾਸੇ ਕੁਚੱਜੀ ਇਸਤਰੀ ਦਾ ਵੀ ਜ਼ਿਕਰ ਹੈ, ਜੋ ਬੁਰੇ ਆਚਾਰ ਦੀ ਹੁੰਦੀ ਹੈ। ਉਸ ਨੂੰ ਦੁਹਾਗਣ ਵੀ ਕਿਹਾ ਹੈ। ਸਮਾਜਿਕ ਤੌਰ ’ਤੇ ਜੀਵਨ ਵਿਚ ਜਨਮ ਤੋਂ ਮੌਤ ਤਕ ਜੋ ਸੰਸਕਾਰ ਨਿਭਾਏ ਜਾਂਦੇ ਹਨ, ਉਨ੍ਹਾਂ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਪਦੇਸ਼ ਕੀਤੇ ਗਏ ਹਨ। ਵਿਅਰਥ ਦੇ ਕਰਮਕਾਂਡੀ ਸੰਸਕਾਰਾਂ ਨੂੰ ਨਿੰਦਿਆ ਗਿਆ ਹੈ, ਕਿਉਂਕਿ ਇਕ ਤਾਂ ਇਹ ਭਰਮ ਪੈਦਾ ਕਰਦੇ ਹਨ, ਦੂਜੇ ਫਜ਼ੂਲ ਖ਼ਰਚੀ ਦਾ ਵੱਡਾ ਕਾਰਨ ਹਨ। ਵਿਅਕਤੀ ਇਨ੍ਹਾਂ ਸੰਸਕਾਰਾਂ ਵਿਚ ਫਸ ਕੇ ਜਿੱਥੇ ਮਾਨਸਿਕ ਤੇ ਸਰੀਰਕ ਤੌਰ ’ਤੇ ਕਈ ਦੁੱਖ ਹੰਢਾਉਂਦਾ ਹੈ, ਉਥੇ ਬ੍ਰਾਹਮਣਾਂ, ਭਾਈਆਂ ਤੇ ਮੁੱਲਾਂ- ਮੁਲਾਣਿਆਂ ਦੀ ਲੁੱਟ ਦਾ ਸ਼ਿਕਾਰ ਵੀ ਹੁੰਦਾ ਹੈ। ਪ੍ਰੀਤ ਤੋਂ ਸੱਖਣੀਆਂ ਰੀਤਾਂ ਨੂੰ ਜਲਾ ਦੇਣ ਲਈ ਕਿਹਾ ਹੈ। ਗੁਰੂ-ਹੁਕਮ ਹੈ:

ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ॥ (ਪੰਨਾ 590)

ਦਇਆ, ਸੰਤੋਖ, ਜਤ-ਸਤ ਆਦਿ ਦਾ ਧਰਮ ਧਾਰਨ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਵਿਆਹ ਦੀ ਪ੍ਰਕਿਰਿਆ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੂਹੀ ਛੰਤ ਵਿਚ ਆਤਮਾ ਤੇ ਪਰਮਾਤਮਾ, ਜੀਵ ਅਤੇ ਈਸ਼ਵਰ ਦੇ ਮੇਲ ਦੀ ਤਰ੍ਹਾਂ ਵਰਣਨ ਕੀਤਾ ਗਿਆ ਹੈ। ਮ੍ਰਿਤਕ ਪ੍ਰਾਣੀ ਲਈ ਕੀਤੀਆਂ ਜਾਂਦੀਆਂ ਰਸਮਾਂ ਵਿਚ ਰੋਣ- ਪਿੱਟਣ, ਦੀਵਾ-ਵੱਟੀ, ਪਿੰਡ-ਦਾਨ, ਮੜ੍ਹੀ-ਮਸਾਣ ਦੀ ਪੂਜਾ, ਸਰਾਧ ਆਦਿ ਦੀ ਥਾਂ ਕੇਵਲ ਪਰਮਾਤਮਾ ਦਾ ਨਾਮ ਜਪਣਾ ਤੇ ਭਾਣਾ ਮੰਨਣ ਲਈ ਉਪਦੇਸ਼ ਹੈ। ਅਲਾਹੁਣੀਆਂ ਤੇ ਰਾਮਕਲੀ ਸਦੁ ਦੋ ਵਿਸ਼ੇਸ਼ ਬਾਣੀਆਂ ਇਸੇ ਪ੍ਰਥਾਇ ਸਿੱਖਿਆ ਦਿੰਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਖਾਣ-ਪੀਣ, ਪਹਿਨਣ, ਨੱਚਣ-ਕੁੱਦਣ, ਖੇਡਣ- ਮੱਲਣ ਬਾਰੇ ਵੀ ਜ਼ਿਕਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜੋ ਭੋਜਨ ਸੁਸਤੀ ਪੈਦਾ ਕਰੇ, ਵਿਕਾਰਾਂ ਦਾ ਕਾਰਨ ਬਣੇ, ਉਹ ਨਹੀਂ ਛਕਣਾ। ਲੋੜ ਤੋਂ ਵੱਧ ਖਾਧਾ ਭੋਜਨ ਤੇ ਬੇਲੋੜੇ ਸੁਆਦ ਸਰੀਰ ਵਿਚ ਰੋਗ ਪੈਦਾ ਕਰਦੇ ਹਨ। ਗੁਰ-ਫ਼ਰਮਾਨ ਹੈ:

ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥ (ਪੰਨਾ 790)

ਅਧਿਕ ਸੁਆਦ ਰੋਗ ਅਧਿਕਾਈ ਬਿਨੁ ਗੁਰ ਸਹਜੁ ਨ ਪਾਇਆ॥(ਪੰਨਾ 1255)

ਇਸ ਲਈ ‘ਰਸੁ ਅੰਮ੍ਰਿਤੁ ਖੀਰਿ ਘਿਆਲੀ’ ਵਰਗਾ ਸਾਦਾ ਭੋਜਨ, ਜਿਸ ਦੀ ਮਿਕਦਾਰ ਥੋੜ੍ਹੀ ਹੋਵੇ, ਹੀ ਖਾਣ ਬਾਰੇ ਦੱਸਿਆ ਹੈ। ਪੀਣ ਯੋਗ ਪਦਾਰਥਾਂ ਵਿਚ ਸ਼ਰਾਬ ਆਦਿ ਨਸ਼ਿਆਂ ਤੋਂ ਰੋਕਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਪਹਿਰਾਵਾ ਉਹ ਹੀ ਪਹਿਨਣਾ ਚਾਹੀਦਾ ਹੈ, ਜਿਸ ਤੋਂ ਮਨ ਅੰਦਰ ਵਿਕਾਰ ਨਾ ਪੈਦਾ ਹੋਣ। ਪਹਿਰਾਵੇ ਤੇ ਵੇਸ ਪਹਿਨਣ ਦੇ ਨਾਲ-ਨਾਲ ਜੇਕਰ ਆਪਣੇ ਅੰਦਰ ਗੁਣ ਪੈਦਾ ਨਾ ਕੀਤੇ ਜਾਣ ਤਾਂ ਫਿਰ ਸਰੀਰ ਵਿਚ ਵਿਕਾਰਾਂ ਦਾ ਵਾਸਾ ਹੋ ਜਾਂਦਾ ਹੈ। ਇਸ ਲਈ ਸਾਦੇ ਲਿਬਾਸ ਦੀ ਸਿੱਖਿਆ ਦਿੱਤੀ ਹੈ। ਖਾਣ-ਪੀਣ ਤੇ ਪਹਿਨਣ ਸੰਬੰਧੀ ਇਕ ਸ਼ਰਤ ਜੋ ਜ਼ਰੂਰੀ ਹੈ ਕਿ ਖਾਂਦੇ ਤੇ ਪਹਿਨਦੇ ਸਮੇਂ ਪਰਮਾਤਮਾ ਨੂੰ ਚੇਤੇ ਰੱਖਣਾ ਹੈ, ਵਿਸਾਰਨਾ ਨਹੀਂ। ਗੁਰਬਾਣੀ ਵਿਚ ਤਾਂ ਇਥੋਂ ਤਕ ਨਸੀਹਤ ਹੈ:

ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ॥ (ਪੰਨਾ 306)

ਖੇਡਾਂ ਆਦਿ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਕਿ ਖੇਡਣਾ ਮਨ ਦਾ ਚਾਉ ਹੈ। ਸਰੀਰਕ ਤੰਦਰੁਸਤੀ ਲਈ ਮੱਲ ਅਖਾੜਿਆਂ ਦੇ ਸੰਕੇਤ ਹਨ। ਇਸ ਤੋਂ ਬਿਨਾਂ ਸੱਭਿਆਚਾਰ ਨਾਲ ਸੰਬੰਧਿਤ ਕਿੱਤਿਆਂ, ਧੰਦਿਆਂ ਆਦਿ ਦਾ ਵੀ ਜ਼ਿਕਰ ਹੈ। ਉਪਰੋਕਤ ਦਾ ਤੱਤ-ਸਾਰ ਇਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਨੁੱਖ ਨੂੰ ਸੱਭਿਅਕ ਬਣਨ ਲਈ ਪ੍ਰੇਰਨਾ ਕੀਤੀ ਗਈ ਹੈ। ਸੱਭਿਅਕ ਮਨੁੱਖ ਹੀ ਸੱਭਿਅਕ ਸਮਾਜ ਸਿਰਜ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਅਨੁਸਾਰ ਸਿਰਜੇ ਸਮਾਜ ਵਿਚ ਧਾਰਮਿਕ, ਸਮਾਜਿਕ ਤੌਰ ’ਤੇ ਜਿੱਥੇ ਸਮਾਨਤਾ ਹੋਵੇਗੀ, ਉਥੇ ਕਰਮਕਾਂਡਾਂ ਦੀ ਕੋਈ ਥਾਂ ਨਹੀਂ ਹੋਵੇਗੀ। ਮਨੁੱਖ ਸਚਿਆਰ ਜਾਂ ਗੁਰਮੁਖ ਬਣ ਕੇ ਜਿੱਥੇ ਆਪਣਾ ਕਲਿਆਣ ਕਰੇਗਾ, ਉਥੇ ਸਮਾਜ ਦੇ ਕਲਿਆਣ ਲਈ ਵੀ ਯਤਨਸ਼ੀਲ ਹੋਵੇਗਾ। ਸਮਾਜ ਦਾ ਕਲਿਆਣ ਹੀ ਸਚਿਆਰ ਤੇ ਚੱਜ-ਆਚਾਰ ਹੋਵੇਗਾ ਤਾਂ ਫਿਰ ‘ਬੇਗਮਪੁਰੇ’ ਵਰਗਾ ਸੱਭਿਆਚਾਰ ਆਪਣੇ ਆਪ ਉਸਰਿਆ ਦਿਖਾਈ ਦੇਵੇਗਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)